Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਕਹਾਣੀਆਂ
Viewing all 80 articles
Browse latest View live

ਇਹ ਛੋਹ, ਓਹ ਛੋਹ

$
0
0

( dedicated to Late Dr. Syam Chadda Ph.D )

ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ ਵਿੱਚ ਇੱਕ ਕੰਪਯੁਟਰ, ਕਰੈਡੈਂਜ਼ਾ, ਲਵ ਸੀਟ ਅਤੇ ਕਈ ਮਹਿੰਗੀਆਂ ਕੁਰਸੀਆਂ ਵੀ ਸੁਸ਼ੋਬਿਤ ਸਨ। ਸੰਜੀਵ ਨੂੰ ਨਾਮ ਮਾਤਰ ਹੀ ਅਦਲਾ ਬਦਲੀ ਕਰਨੀ ਪਈ। ਉਹ ਥੋੜ੍ਹੇ ਮਹੀਨਿਆਂ ਵਿੱਚ ਹੀ ਕਾਫੀ ਹਰਮਨ ਪਿਆਰਾ ਪ੍ਰੋਫੈਸਰ ਬਣ ਗਿਆ। ਵਿਦਿਆਰਥੀ ਕਮਰੇ ਵਿੱਚ ਆ ਕੇ ਅਪਣੀਆਂ ਉਲਝਣਾ ਸੁਲਝਾ ਜਾਂਦੇ ਸਨ। ਉੱਚ ਵਿਦਿਆ ਦੇ ਮੈਥ ਵਿੱਚ ਕਈ ਅੜਿਕੇ ਅੜ ਜਾਂਦੇ ਨੇ ਪਰ ਸੰਜੀਵ ਪਿਆਰ ਨਾਲ ਹਰ ਆਏ ਵਿਦਿਆਰਥੀ ਦੀਆਂ ਗੁੰਝਲਾਂ ਸੁਧਾਸਰ ਦੇਂਦੇ। ਉਸ ਦੀ ਓਪਨ ਡੋਰ ਪੌਲਿਸੀ ਵਿਦਿਆਰਥੀਆਂ ਦੇ ਮਨ ਭਾਉਂਦੀ ਸੀ। ਦੇਖਣ ਪਾਖਣ ਵਿੱਚ ਅਜੇ ਜੁਅਨੀ ਦੀ ਚਮਕ ਮੱਠੀ ਨਹੀਂ ਸੀ ਪਈ ਭਾਵੇਂ ਉਹ ਇੱਕ ਬੱਚੇ ਦਾ ਪਿਤਾ ਵੀ ਸੀ।

ਅੱਜ, ਸੰਜੀਵ, ਕਲਾਸ ਨਿਪਟਾ ਕੇ ਜਦੋਂ ਕਮਰੇ ਵਿੱਚ ਪਹੁੰਚਿਆ ਤਾਂ ਡਾ: ਸਿੰਨਥੀਆ ਅਚਾਨਕ ਆਈ, ਓਸ ਨੇ ਹੈਲੋ ਸਾਂਝੀ ਕੀਤੀ। ਉਸ ਨੇ ਕੁੱਝ ਗੱਲਾਂ ਕੀਤੀਆਂ, ਦੋਵੇਂ ਹੱਸੇ ਅਤੇ ਸਿੰਥੀਆ ਚਲੀ ਗਈ। ਸੰਜੀਵ ਸੋਚੀਂ ਪੈ ਗਿਆ। ਬੜੀ ਹੁਸੀਨ ਚੀਜ਼ ਆ ਵੜੀ ਸੀ ਕਮਰੇ ‘ਚ। ਇਹ ਮੈਨੂੰ ਜਾਣਦੀ ਤੇ ਨਹੀਂ ਸੀ ਪਰ ਮੁਲਾਕਾਤ ਸਹੀ ਹੋਈ। ਪਤਾ ਨਹੀਂ ਹੁਣ ਮੁੜ ਗੇੜਾ ਮਾਰੇਗੀ ਵੀ ਕਿ ਨਹੀਂ। ਹੋਰ ਨਹੀਂ ਤਾਂ ਪਰੀ ਦੇ ਦਰਸ਼ਨ ਹੀ ਹੁੰਦੇ ਰਹਿਣ ਤਾਂ ਕੀ ਹਰਜ਼ ਹੈ।

ਕਈ ਦਿਨਾਂ ਬਾਅਦ  ਪ੍ਰੋਫੈਸਰ ਸਿੰਥੀਆ ਨੇ ਆ ਕੇ ਹੈਲੋ ਕੀਤੀ ਅਤੇ ਗੱਲਾਂ ਕਰਨ ਲਗ ਪਈ। ਦੋਵੇਂ ਡਿਪਾਰਟਮੈਂਟ ਦੀ ਹੋਈ ਮੀਟਿੰਗ ਵਾਰੇ ਆਪੋ ਅਪਣੇ ਵਿਚਾਰ ਸਾਂਝੇ ਕਰਦੇ ਰਹੇ। ਓਹ ਚਲੀ ਗਈ। ਸੰਜੀਵ ਸੋਚੇ, ਕੀ ਕੁੜੀ ਐ ਇਹ! ਸਿਰ ਦੇ ਘਣੇ ਵਾਲ਼ ਕਦੇ ਹੱਥ ਨਾਲ ਛਟਕਦੀ ਅਤੇ ਕਦੇ ਸ਼ਰੀਰ ਦੀ ਹਲ ਚਲ ਨਾਲ਼ ਹੀ ਇੰਝ ਘੁਮਾ ਘੁਮਾ ਰੱਖਦੀ ਜਿਵੇਂ ਮਧਮ ਹਵਾ ਦੇ ਬੁਲੇ ਖੇਤ ਵਿੱਚੋਂ ਸਰ੍ਹੋਂ ਦੇ  ਫੁੱਲਾਂ ਨੂੰ ਲਹਿਰਾਉਂਦੇ ਨੇ। ਉਸ ਦੀ ਅੱਖ ਤੱਕਣੀ, ਦਿਲ ਧੜਕਣ, ਮੱਲੋ ਮੱਲੀ ਵਧਾ ਦੇਣ ਵਾਲੀ ਸੀ। ਫੇਰ ਮਨ ਵਿੱਚ ਇੱਕ ਹੋਰ ਵਿਚਾਰ ਨੇ ਧਾਵਾ ਬੋਲ ਦਿੱਤਾ। ਖਿ਼ਆਲ ਆਇਆ ਕਿ ਮਨ ਤੇ ਕਾਬੂ ਰੱਖਣਾ ਜ਼ਰੂਰੀ ਐ। ਭਾਵੇਂ ਕੁੜੀ ਦਿਲ ਖਿਚਵੀਂ ਹੈ ਪਰ ਮਨ ਵਿੱਚ ਗਲਤ ਭਾਵਨਾ ਨਹੀਂ ਸੀ ਆਉਣੀ ਚਾਹੀਦੀ। ਉਹ ਥੋਹੜਾ ਭਗਵਾਨ ਤੋਂ ਡਰਿਆ। ਫੇਰ ਦੂਜੀ ਕੁਰਸੀ ਤੇ ਬੈਠ ਅਗਲੀ ਕਲਾਸ ਦੀ ਤਿਆਰੀ ਵਿੱਚ ਮਗਨ ਹੋ ਗਿਆ।

ਲਗ ਭਗ ਹਰ ਰੋਜ਼ ਹੀ, ਸਿੰਥੀਆ, ਹੁਣ ਸੰਜੀਵ ਦੇ ਦਰਸ਼ਨ ਕਰਨ ਲਗ ਪਈ। ਕਦੇ ਕਮਰੇ ਦੇ ਅੰਦਰ ਆਉਂਦੀ ਅਤੇ ਕਦੇ ਬਾਹਰੋਂ ਹੀ ਹਾਏ, ਬਾਈ ਕਰ ਅੱਗੇ ਨਿਕਲ ਜਾਂਦੀ। ਸੰਜੀਵ ਕਾਫੀ ਸਮਾਂ ਮਨ ਦੀਆਂ ਤਰੰਗਾਂ ਇਸ ਮੋਮੀ ਮਣਕੇ ਵਰਗੀ ਗੋਰੀ ਦੇ ਅੱਗੇ ਪਿੱਛੇ ਘੁਮਾਈ ਜਾਂਦਾ। ਫੇਰ ਅਚਾਨਕ ਮਨ ਨੂੰ ਕੋਸਦਾ ਅਤੇ ਸੋਚਦਾ ਕਿ ਪੰਜ ਦਸ ਮਿੰਨਟ ਵਿਅਰਥ ਹੀ ਲੰਘਾ ਦਿੱਤੇ। ਕੋਈ ਕਰੇ ਵੀ ਕੀ ਮਨ ਤਾਂ ਐਨੇ ਵਿੱਚ ਹੁਸੀਨਾ ਦੇ, ਅੰਗ, ਢੰਗ ਸੱਭੇ ਕਿਆਸ ਲੈਂਦਾ ਹੈ। ਉਹ ਮੁੜ, ਕੁੱਝ ਅਫਸੋਸ ਅਤੇ ਕੁੱਝ ਚਾਅ ਦੇ ਮੇਲ ਜੋਲ ਤੋਂ ਛੁਟਕਾਰਾ ਪਾ ਅਪਣੇ ਕੰਮ ਲਗ ਜਾਂਦਾ। ਫੇਰ ਘਰ ਪਹੁੰਚ ਕੇ ਅਪਣੇ ਨਿੱਕੇ ਪੁੱਤਰ ਨਾਲ ਬਾਲੜੀਆਂ ਖੇਡਾਂ ਖੇਡਦਾ ਅਤੇ ਅਪਣਾ ਚੰਚਲ ਮਨ ਅਪਣੇ ਘਰੋਗੀ ਵਾਤਾਵਰਣ ਵਿੱਚ ਰੁਝਾ ਲੈਂਦਾ।

ਯੁਨੀਵਰਸਟੀ ਵਿੱਚ ਹੁਣ ਛੇ ਮਹੀਨੇ ਤੋਂ ਉੱਤੇ ਸਮਾਂ, ਹਸਦਿਆਂ ਖੇਡਦਿਆਂ ਹੀ, ਬੀਤ ਗਿਆ। ਅੱਜ ਸੰਜੀਵ ਕੰਮ ਨਿਪਟਾ ਕੇ ਲਵ ਸੀਟ ਤੇ ਲੰਮਾ ਪਿਆ ਸੀ। ਅਚਾਨਕ ਹੈਲੋ ਦੀ ਮਧੁਰ ਆਵਾਜ਼ ਸੁਣਕੇ, ਸੁਚੇਤ ਹੋ, ਬੈਠ ਗਿਆ। ਸਿੰਥੀਆ ਆਈ ਅਤੇ ਸੰਜੀਵ ਦੇ ਬਰਾਬਰ ਲਵ ਸੀਟ ਤੇ ਬੈਠਣ ਲਗੀ ਨੇ ਅਪਣਾ ਹੱਥ ਸੰਜੀਵ ਦੇ ਹੱਥ ਨਾਲ ਮਿਲਾਉਣ ਦੀ ਕੋਸਿ਼ਸ਼ ਵਿੱਚ, ਬੇਵਸ ਹੋ ਕੇ, ਅੱਧੀ ਕੁ ਸੰਜੀਵ ਤੇ ਡਿਗ ਪਈ ਅਤੇ ਅੱਧੀ  ਕੁ ਲਵ ਸੀਟ ਤੇ। ਸੌਰੀ ਬੋਲੀ ਅਤੇ ਸਹੀ ਹੋ ਕੇ ਨਾਲ ਬਿਰਾਜਮਾਨ ਹੋ ਗਈ। ਗੱਲਾਂ ਕਰਦਿਆਂ ਉਸ ਨੇ ਅਪਣੀ ਜੀਵਨ ਗਾਥਾ ਸੁਣਾਈ ਅਤੇ ਕੁੱਝ ਸੰਜੀਵ ਦਾ ਅੱਗਾ ਪਿੱਛਾ ਭਾਪਿਆ। ਵਿਛੜਨ ਵੇਲੇ ਅਗਲੇ ਦਿਨ ਲੰਚ ਇਕੱਟੇ ਕਰਨ ਦਾ ਫੈਸਲਾ ਵੀ ਸੰਜੀਵ ਤੇ ਥੋਪ ਗਈ। ਸੰਦੀਪ ਦਾ ਮਨ ਬੇਚੈਨ ਹੋਇਆ ਸੋਚੇ, ਸੁਣਿਆ ਸੀ ਕਿ ਅਮਰੀਕਨ ਕੁੜੀਆਂ ਜਿਸ ਤੇ ਫਿਦਾ ਹੋ ਜਾਣ ਉਸ ਨੂੰ ਮੱਲੋ ਮੱਲੀ ਅਪਣੇ ਵੱਲ ਖਿਚ ਲੈਂਦੀਆਂ ਨੇ। ਕਿਤੇ ਜਾਦੂ ਤਾਂ ਨਹੀਂ ਚਲ ਰਿਹਾ। ਨਹੀਂ ਨਹੀਂ, ਗਲਤ ਨਹੀਂ ਸੋਚਣਾ ਚਾਹੀਦਾ।

ਲੰਚ ਤੇ ਇਕੱਠੇ ਜਾਣ ਦਾ ਦਿਨ ਵੀ ਪਹੁੰਚ ਗਿਆ। ਦੋਵੇਂ ਸਿੰਥੀਆ ਦੀ  ਕਾਰ ਵਿੱਚ, ਮਿੱਥੇ ਰੈਸਟੋਰੈਂਟ ਵੱਲ, ਕੂਚ ਕਰ ਗਏ। ਸਿੰਥੀਆ ਨੇ ਕਈ ਵੇਰ ਮਹਿਮਾਨ ਨੂੰ ਛੁਹਿਆ ਅਤੇ ਰਾਹ ਵਿੱਚ ਪੈਂਦੇ ਦਿਲਕਸ਼ ਮਕਾਨਾ ਅਤੇ ਹੋਰ ਨਜ਼ਾਰਿਆਂ ਦਾ ਵੇਰਵਾ ਸੁਣਾਇਆ। ਸੰਜੀਵ ਵਿਚਾਰੇ ਦੇ ਮਨ ਵਿੱਚ ਇੱਕ ਹੋਰ ਹਲ ਚਲ ਘਰ ਕਰ ਗਈ। ਸੋਚੇ, ਇੱਕ ਇਸ ਕੁੜੀ ਦੀ ਛੋਹ ਅਤੇ ਇੱਕ ਕਦੇ ਸੀ ਉਸ ਕੁਆਰ ਗੰਦਲ ਕੁੜੀ ਦੀ ਛੋਹ, ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਛੋਹ ਨੇ ਤਾਂ ਦਿੱਲੀ ਨਾਲ ਵੀ ਮੋਹ ਪਾ ਦਿੱਤਾ ਸੀ। ਕਮਾਲ ਸੀ ਉਹ ਦਿੱਲੀ ਦੀ ਕੁੜੀ। ਸੰਜੀਵ ਪੁਰਾਣੀਆਂ ਯਾਦਾਂ ਵਿੱਚ ਡੁੱਬਦਾ ਜਾ ਰਿਹਾ ਸੀ ਜਦੋਂ ਸਿੰਥੀਆ ਨੇ ਕਾਰ ਪਾਰਕ ਕਰ ਕੇ ਰੈਸਟੋਰੈਂਟ ਵਿੱਚ ਜਾਣ ਦਾ ਸੰਕੇਤ ਦਿੱਤਾ। ਸੰਜੀਵ ਓਹ ਛੋਹ ਭੁੱਲ ਇਸ ਛੋਹ ਵੱਲ ਮੁੜ ਆਇਆ। ਲੰਚ ਮੁੱਕਿਆ ਅਤੇ ਦੋਵੇਂ ਯੂਨੀਵਰਸਟੀ ਪਹੁੰਚ ਆਪੋ ਅਪਣੇ ਕਮਰਿਆਂ ਵਿੱਚ ਜਾ ਵੜੇ।

ਸੰਜੀਵ ਹੁਣ ਦੋ ਕਲਾਸਾਂ ਪੜ੍ਹਾ ਕੇ, ਕਮਰੇ ਵਿੱਚ ਆ ਬੈਠਾ। ਅੱਖਾਂ ਮੀਟੀਆਂ ਤਾਂ ਵਿਚਾਰਾਂ ਦੀ ਲੜੀ ਨੇ ਧਾਵਾ ਬੋਲ ਦਿੱਤਾ। ਮਨ ਨੇ ਇਹ ਛੋਹ ਅਤੇ ਉਹ ਛੋਹ ਦੇ ਚੱਕਰ ਲਗਾਉਣੇ ਅਰੰਭ ਕਰ ਦਿੱਤੇ। ਸੋਚੇ, ਰਜਨੀ ਵੀ ਲੈਕਚਰਰ ਭਰਤੀ ਹੋਈ ਸੀ, ਉਸੇ ਯੁਨੀਵਰਸਟੀ ਵਿੱਚ ਜਿਥੇ ਮੈਂ ਪਹਿਲੋਂ ਹੀ ਪੜ੍ਹਾਉਂਦਾ ਸਾਂ। ਥੋੜ੍ਹੀ ਜਿਹੀ ਰਜਨੀ ਨਾਲ਼ ਪਰਿਵਾਰਕ ਜਾਣ ਪਹਿਚਾਣ ਸੀ।  ਕਦੇ ਕਦਾਈਂ ਮੁਲਾਕਾਤ ਹੁੰਦੀ ਤਾਂ ਗੱਲ ਬਾਤ ਨਮਸਤੇ ਤੱਕ ਹੀ ਸੀਮਤ ਰਹਿੰਦੀ। ਯੁਨੀਵਰਸਟੀ ਵਿੱਚ ਤਾਂ ਹਰ ਰੋਜ਼ ਹੀ ਮੁਲਾਕਾਤ ਹੋਣ ਲਗ ਪਈ। ਇਹ ਕੁਆਰ ਨੱਢੀ, ਕਮਲ ਫੁੱਲ, ਸੁਚੱਜੀ, ਹੋਣ ਦੇ ਨਾਲ ਨਾਲ ਚੰਚਲ ਸੁਭਾ ਦੀ ਵੀ ਸੀ। ਉਹ ਸਿ਼ੰਗਾਰ ਨਹੀਂ ਸੀ ਕਰਦੀ ਪਰ ਤਾਂ ਵੀ ਉਸ ਤੇ ਨਿਗਾਹ ਟਿਕ ਹੀ ਜਾਂਦੀ, ਟਿਕੀ ਹੀ ਰਹਿੰਦੀ। ਵਾਲਾਂ ਦੀ ਕੋਈ ਖਾਸ ਬੰਨ੍ਹ ਖੋਹਲ ਨਹੀਂ ਸੀ ਕਰਦੀ ਪਰ ਪਿੱਛੇ ਮਨ ਮਰਜ਼ੀ ਨਾਲ ਲਟਕਦੇ ਲੰਬੇ ਵਾਲਾਂ ਦੀ ਲਿਸ਼ਕ ਅੱਖਾਂ ਚੁੰਧਿਆਉਣ ਦਾ ਕ੍ਰਿਸ਼ਮਾ ਰੱਖਦੀੇ ਸੀ। ਪਹਿਲਾਂ ਥੋੜ੍ਹਾ ਸ਼ਰਮਾ ਕੇ, ਝਿਜਕ ਨਾਲ ਹੀ ਕਮਰੇ ਵਿੱਚ ਵੜਦੀ ਸੀ ਪਰ ਫੇਰ ਕੁੱਝ ਹੀ ਮਹੀਨਿਆਂ ਵਿੱਚ ਨਿਧੜਕ ਗੱਲਾਂ ਹੋਣ ਲਗ ਪੱਈਆ। ਆਪਸ ਵਿੱਚ ਅਕਰਖਣ ਵੀ ਜਨਮ ਲੈਣ ਲਗ ਪਈ।

ਉਸ ਦਿਨ ਜਦੋਂ ਅਸੀਂ ਇਕੱਠੇ ਬੱਸ ਵਿੱਚ ਚੜ੍ਹੇ, ਮੈਂ ਇੱਕ ਖਾਲੀ ਸੀਟ ਕੋਲ ਜਾ ਖਲੋਆਿ ਅਤੇ ਰਜਨੀ ਨੂੰ ਬੈਠਣ ਲਈ ਕਿਹਾ। ਦੂਜੀ ਸੀਟ ਵਿਹਲੀ ਹੋਈ ਤਾਂ ਰਜਨੀ ਨੇ ਮੈਨੂੰ ਬੈਠਣ ਲਈ ਕਿਹਾ। ਬੱਸ ਦੇ ਹਚਕੋਲੇ ਨਾਲ ਉਸ ਦਾ ਹੱਥ ਮੇਰੇ ਪੁੜੇ ਤੇ ਜ਼ੋਰ ਦੀ ਆ ਟਿਕਿਆ। ਫੇਰ ਇੱਕ ਹੋਰ ਹਲ ਚਲ ਨਾਲ ਉਸਦੀ ਬਾਂਹ ਮੇਰੀ ਬਾਂਹ ਨਾਲ ਅਤੇ ਹੱਥ ਹੱਥ ਨਾਲ ਘਿਸਰੇ। ਕੁੱਝ ਬੱਸ ਦਾ ਕਸੂਰ ਪਰ ਜਿ਼ਆਦਾ ਕੁੜੀ ਦੀ ਚੰਚਲਤਾ ਲਗਦੀ ਸੀ। ਸਪਰਸ਼ ਹੁੰਦਿਆਂ ਹੀ ਜਿਵੇਂ ਸ਼ਰੀਰ ਦੀਆਂ ਰਗਾਂ ਵਿੱਚ ਬਿਜਲੀ ਦਾ ਸੰਚਾਰ ਹੋ ਰਿਹਾ ਹੋਵੇ ਦਿਲ ਦੀ ਧੜਕਣ ਵੱਧ ਗਈ। ਛੋਹ ਬਹੁਤ ਅਨੰਦਮਈ ਸੀ। ਸਾਂਤ ਦਿਲ ਭੜਕ ਉੱਠਿਆ। ਉਹ ਛੋਹ ਐਦਾਂ ਲਗੀ ਜਿਵੇਂ ਕਿਸੇ ਅਪਸਰਾ ਨੇ ਪਿਆਰ ਦਾ ਦਰਸ਼ਾਵਾ ਕੀਤਾ ਹੋਵੇ। ਰਜਨੀ ਨਾਲ਼ ਕੀ ਬੀਤੀ ਕਹਿਣਾ ਔਖਾ ਹੈ ਪਰ ਉਸਦਾ ਗੋਹੜੇ ਵਰਗਾ ਚਿੱਟਾ ਰੰਗ ਲਾਲ ਭਾ ਮਾਰ ਰਿਹਾ ਸੀ। ਅਸੀਿਂ ਕੁੱਝ ਸਮਾਂ ਇੱਕ ਦੂਜੇ ਵੱਲ, ਚੁੱਪ ਚਾਪ ਹੀ ਝਾਕਦੇ ਰਹੇ। ਕੋਈ ਗੱਲ ਨਾ ਹੋ ਸਕੀ। ਬੋਲ ਹੀ ਜਿਵੇਂ ਖੁਸ਼ਕ ਹੋ ਗਏ। ਸਪਰਸ਼ ਨੇ ਜਿਵੇਂ ਹੋਂਠ ਹੀ ਠੋਸ ਬਣਾ ਦਿੱਤੇ ਹੋਣ।  ਦਿੱਲੀ ਦੇ ਨਾਲ ਹੁਣ ਦਿੱਲੀ ਦੀਆਂ ਬੱਸਾਂ ਵੀ ਪਿਆਰੀਆਂ ਲਗਣ ਲਗ ਪੱਈਆਂ। ਹੁਣ ਹਰ ਰੋਜ਼ ਹੀ ਮੁਲਾਕਾਤ ਹੁੰਦੀ , ਇੱਕੋ ਬੱਸ ਫੜਦੇ। ਵਿਆਹ ਕਰਵਾਉਣ ਦੀ ਮੰਨ ਮਨੌਤੀ ਤੋਂ ਗੱਲ ਕਾਫੀ ਅਗੇ ਜਾ ਚੁਕੀ ਸੀ। ਉਹ ਛੋਹ ਅਤੇ ਇੱਕ ਇਹ ਛੋਹ ਕੋਈ ਮੁਕਾਬਲਾ ਨਹੀਂ।
ਉਸ ਦਿਨ ਜਦੋਂ ਰਜਨੀ ਨੇ ਦੱਸਿਆ ਕਿ ਉਸ ਨੇ ਮਾਂ ਨਾਲ ਅਪਣੇ ਵਿਆਹ ਦੀ ਗੱਲ ਕੀਤੀ ਹੈ,ਕਿੰਨਾ ਖੁਸ਼ਗਵਾਰ ਸੀ, ਉਹ ਦਿਨ।  ਮਨ ਚਾਅ ਨਾਲ ਨੱਚਦਾ ਫਿਰਦਾ ਸੀ। ਇਕੱਠੇ ਰਹਿਣ ਦਾ ਖਿ਼ਆਲ ਠੋਸ ਹੁੰਦਾ ਨਜ਼ਰ ਆ ਰਿਹਾ ਸੀ। ਉਸ ਨੇ ਅਪਣੀ ਮਾਂ ਨੂੰ ਮੇਰੇ ਮਾਪਿਆਂ ਕੋਲ ਰਿਸ਼ਤੇ ਦੀ ਗੱਲ ਚਲਾਉਣ ਲਈ ਕਹਿ ਦਿੱਤਾ। ਹੁਣ ਕੇਵਲ ਇੰਤਜ਼ਾਰ ਕਰਨ ਦੀ ਹੀ ਲੋੜ ਸੀ। ਕਈ ਦਿਨ ਮਨ ਉਤਸੁਕ ਰਿਹਾ। ਫੇਰ ਕਈ ਮਹੀਨੇ ਕੋਈ ਗੱਲ ਬਾਤ ਨਾਂ ਚਲੀ। ਮੈਂ ਸੋਚਦਾ ਸਾਂ ਕਿ ਸ਼ੁਭ ਕੰਮ ਵਿੱਚ ਦੇਰ ਕਰਨੀ ਸਹੀ ਨਹੀਂ। ਰਜਨੀ ਵੀ ਚੁੱਪ ਹੀ ਹੋ ਗਈ ਸੀ। ਮੈਂ ਅਪਣੀ ਮਾਂ ਨੂੰ ਰਜਨੀ ਦੇ ਘਰ ਜਾਣ ਲਈ ਕਿਹਾ। ਉਹ ਮੰਨ ਤੇ ਗਈ ਪਰ ਮੈਨੂੰ ਇੱਕ ਮਹੀਨੇ ਤੱਕ ਕੋਈ ਉਘ ਸੁਘ ਨਾ ਮਿਲੀ, ਸ਼ਾਇਦ ਨਹੀਂ ਗਈ। ਮਾਂ ਨਾਲ ਗੱਲ ਬਾਤ ਵਿੱਚ ਬਹੁਤ ਘਾਟ ਹੋਣ ਕਾਰਨ ਮਾਂ ਸਮਝ ਗਈ ਮੇਰੀ ਨਰਾਜ਼ਗੀ ਦਾ ਕਾਰਨ।

ਇੱਕ ਦਿਨ ਸਮਾਂ ਕੱਢ ਕੇ ਮਾਂ ਰਜਨੀ ਦੇ ਘਰ ਗਈ। ਗੱਲਾਂ ਬਾਤਾਂ ਵਿੱਚ ਹੀ ਮਾਵਾਂ ਦੇ ਦਿਲਾਂ ਵਿੱਚ ਵੱਡਾ ਦਰਾੜ ਪੈ ਗਿਆ। ਮੇਰੀ ਮਾ ਨੇ ਕਿਹਾ, “ ਭੈਣਾ ਅਸੀਂ ਪਿਛਲੇ ਮਹੀਨੇ ਹੀ ਸੰਜੀਵ ਦੀ ਭੈਣ ਦਾ ਰਿਸ਼ਤਾ ਪੱਕਾ ਕੀਤਾ ਐ। ਅਸੀਂ ਸੋਚਦੇ ਆਂ ਹੁਣ ਸੰਜੀਵ ਦਾ ਵਿਆਹ ਵੀ ਕਰ ਦੱਈਏ। ਆਪ ਦੀ ਧੀ ਦਾ ਰਿਸ਼ਤਾ ਮੰਗਣ ਆਈ ਹਾਂ। ਅਸੀਂ ਕੁੜੀ ਦੀ ਸਗਾਈ ਪੰਜ ਹਜ਼ਾਰ ਦਮੜੇ ਅਤੇ ਪੰਜ ਸਵਰਨ ਮੋਹਰਾਂ ਨਾਲ ਕਰਕੇ ਆਏ ਸਾਂ। ਮੁੰਡੇ ਵਾਲੇ ਬਹੁਤ ਪ੍ਰਸੰਨ ਹੋਏ।” ਮਾਂ ਨੇ ਹੋਰ ਵੀ ਕੁਝ ਕਿਹਾ ਤੇ ਹੋਣਾ ਐ ਪਰ ਜੋ ਕਿਹਾ ਸੱਚ ਹੀ ਕਿਹਾ ਹੋਵੇਗਾ।

ਅਗਲੇ ਦਿਨ ਰਜਨੀ ਨੇ ਆ ਕੇ ਅਫਸੋਸ ਨਾਲ ਫੈਸਲਾ ਸੁਣਾਇਆ। “ ਮੇਰੀ ਮਾਂ ਇਸ ਰਿਸ਼ਤੇ ਨਾਲ ਸਹਿਮਤ ਨਹੀਂ। ਉਸ ਨੇ ਤਾਂ ਕੋਰੀ ਨਾਂਹ ਕਰ ਦਿੱਤੀ ਐ। ਕਹਿੰਦੀ ਸੀ ਅਸੀਂ ਗ਼ਰੀਬ ਇਹਨਾਂ ਅਮੀਰਾਂ ਨਾਲ ਪੁਗਾ ਨਹੀਂ ਸਕਦੇ। ਭੁੱਲ ਜਾ ਕੁੜੀਏ।  ਮੈਨੂੰ ਤਕਲੀਫ ਤੇ ਹੋਈ ਪਰ ਅਸਿਹ ਵੀ ਸਹਿਣਾ ਪਿਆ। ਮੇਰੀ ਦਹੇਜ਼ ਦੀ ਕੋਈ ਵੀ ਇੱਛਾ ਨਹੀਂ ਸੀ। ਰਜਨੀ ਦੀ ਮਾਂ ਸ਼ਾਇਦ ਡਰ ਗਈ। ਦਹੇਜ਼ ਨਾਲੋਂ ਦਹੇਜ਼ ਦਾ ਡਰ ਹੀ ਭਾਰੂ ਹੋ ਗਿਆ। ਰਜਨੀ ਨੂੰ ਬਹੁਤ ਸਮਝਾਇਆ ਪਰ ਉਹਨੀਂ ਦਿਨਂੀਂ ਮਾਪਿਆਂ ਦੀ ਗੱਲ ਦਾ ਉਲੰਘਣ ਕਰਨ ਦਾ ਸੁਆਲ ਨਹੀਂ ਸੀ ਪੈਦਾ ਹੁੰਦਾ। ਰਜਨੀ ਮਜਬੂਰ ਸੀ। ਆਖਿਰ ਮੇਰਾ ਵਿਆਹ ਅਮੀਰ ਘਰਾਣੇ ਵਿੱਚ, ਰਜਨੀ ਦੀ ਮਿੱਤਰ ਕੁੜੀ ਨਾਲ ਹੋ ਗਿਆ। ਰਜਨੀ ਵਿਆਹ ਤੇ ਮਿਲੀ ਪਰ ਉਸਤੌ ਮਗਰੋਂ ਕਦੇ ਨਹੀਂ।  ਸੰਜੀਵ ਦੇ ਮਨ ਵਿੱਚ ਚਲ ਰਿਹਾ ਇਹ ਪਿਛਲ਼ ਪਲਾਂ ਦਾ ਚਲ ਚਿੱਤਰ ਇੱਕ ਦਮ ਹਵਾ ਹੋ ਗਿਆ ਜਦੋਂ ਇੱਕ ਵਿਦਿਆਰਥੀ ਨੇ ਆ ਕੇ ਦਰ ਖੋਹਲਿਆ ਅਤੇ ਹੈਲੋ ਆਖੀ। ਵਿਦਿਆਰਥੀ ਅਪਣੀ ਗੱਲ ਪੂਰੀ ਕਰ ਚਲਾ ਗਿਆ। ਸੰਜੀਵ ਕੰਮ ਲਗ ਪਿਆ।

ਛੁੱਟੀ ਹੋਈ। ਸੰਜੀਵ ਘਰ ਪਹੁੰਚ, ਨਿੱਤ ਵਾਂਗ, ਅਪਣੇ ਲਾਡਲੇ ਨਾਲ ਖੇਡਣ ਲਗ ਪਿਆ। ਪੁੱਤਰ ਛਾਤੀ ਤੇ ਖੇਡਦਾ ਰਿਹਾ ਪਰ ਸੰਜੀਵ ਵੀ ਉਂਘਣ ਲਗ ਪਿਆ। ਪਤਨੀ ਚਾਹ ਤੇ ਕੁੱਝ ਸਨੈਕਸ ਦਾ ਇੰਤਜ਼ਾਮ ਕਰਨ ਕਿਚਨ ਦੇ ਅੰਦਰ ਚਲੀ ਗਈ। ਅੱਧ ਸੁੱਤਾ ਸੰ਼ਜੀਵ ਸੋਚੇ – ਕੀ ਰਜਨੀ ਵੀ ਮੇਰੀ ਵਹੁਟੀ ਵਾਂਗ ਕਿਚਨ ਸੰਭਾਲਦੀ? ਸ਼ਾਇਦ ਨਹੀਂ, ਪ੍ਰੋਫੈਸਰ ਜੋ ਸੀ। ਸੰਜੀਵ ਫੇਰ ਦਿੱਲੀ ਦੀ ਬੱਸ ਵਿੱਚ, ਬੱਸ ਵਿੱਚ ਰਜਨੀ ਦੇ ਸ਼ਰੀਰ ਦੀ ਛੋਹ ਦੀ ਕਰਾਮਾਤ ਵਿਚ ਮਸਤ ਹੋ ਗਿਆ। ਵਾਹ – ਸੋਚੇ, ਇੱਕ ਸੀ ਓਹ ਛੋਹ ਤੇ ਇੱਕ ਇਹ ਸਪਰਸ਼, ਧਰਤ ਗਗਨ ਦੀ ਵਿੱਥ! ਦਿਨ- ਸੁਪਨੇ ਮੁੱਕੇ ਜਦੋਂ ਵਹੁਟੀ ਨੇ ਚਾਹ ਦਾ ਸੱਦਾ ਦਿੱਤਾ। ਸੰਦੀਪ ਸੁਚੇਤ ਹੋ ਬੋਲਿਆ – ਆਹ ਕਾਕੇ ਨੂੰ ਕਰਿਬ ਵਿੱਚ ਸੁਲਾ ਦਿਓ।

ਪਤਨੀ ਮੁਸਕੁਰਾਈ ਤੇ ਬੋਲੀ,“ ਮੁੰਡਾ ਵੀਹ ਮਿੰਟ ਤੋਂ ਸੁੱਤਾ ਪਿਆ ਐ। ਕਿੱਥੇ ਘੁਮ ਰਹੇ ਸੀ, ਜਨਾਬ? ਕਿਤੇ, ਦਿੱਲੀ  ਦੀ ਬੱਸ ਦੀ ਸਵਾਰੀ ਤਾਂ ਨਹੀਂ ਸੀ ਕਰ ਰਹੇ।” ਪਤਨੀ ਨੇ ਪਹਿਲਾਂ ਵਾਂਗ ਵਿਅੰਗ ਕਸਿਆ। ਪਿਆਰ ਦਾ ਇਜ਼ਹਾਰ ਕੀਤਾ ਤੇ ਮੁੰਡਾ ਚੁੱਕ ਲਿਆ।

“ਜੇ ਕਹਾਂ ਹਾਂ, ਤੂੰ ਖਿਝੇਂਗੀ। ਜੇ ਕਹਾਂ ਨਾਂ ਤੂੰ ਯਕੀਨ ਨਹੀਂ ਕਰੇਂਗੀ।” ਸੰਜੀਵ ਬੋਲ ਕੇ ਚਾਹ ਪੀਣ ਲਗ ਪਿਆ।
ਹੁਣ ਸੰਜੀਵ ਨੂੰ ਮੋਮੀ ਮਣਕਾ ਵੀ ਜਿ਼ਆਦਾ ਨਜ਼ਰ ਨਹੀਂ ਆਉਂਦਾ, ਸ਼ਾਇਦ ਉਹ ਸਮਝ ਗਈ ਕਿ ਇਹਨਾਂ ਤਿਲਾਂ ਵਿੱਚ ਤੇਲ ਦੀ ਘਾਟ ਹੋ ਗਈ ਐ।


ਪੌਸ਼ ਕਲੋਨੀ

$
0
0

ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ ਮਿਲੀ। ਉਸ ਦੀਆਂ ਅੱਖਾਂ ਵਿੱਚ ਨਵੀਂ ਕੋਠੀ ਵਿੱਚ ਜਾਣ ਦੀ ਖੁਸ਼ੀ ਵੀ ਸੀ ਤੇ ਮੁਹੱਲਾ ਛੱਡਣ ਦੀ ਉਦਾਸੀ ਵੀ। ਉਸ ਦੀਆਂ ਅੱਖਾਂ ‘ਚ ਲੁਕੇ ਹੰਝੂਆਂ ਨੂੰ ਤੱਕ ਕੇ, ਉਸ ਦੀ ਕਰੀਬੀ ਸਹੇਲੀ  ਸੁਰਜੀਤ ਕਹਿ ਰਹੀ ਸੀ-

“ਲੈ ਤੁਸੀਂ ਕਿਉਂ ਉਦਾਸ ਹੁੰਦੇ ਹੋ..ਤੁਹਾਡਾ ਤਾਂ ਸੁਭਾਉੇ ਹੀ ਇੰਨਾ ਮਿਲਾਪੜਾ ਹੈ ਕਿ ਤੁਹਾਡਾ ਉਥੇ ਵੀ ਸਰਕਲ ਬਥੇਰਾ ਬਣ ਜਾਣਾ..”

ਖੈਰ ਦੂਸਰੇ ਦਿਨ ਉਹਨਾਂ ਸ਼ਿਫਟ ਕਰਨਾ ਸੀ, ਪਰ ਉਸ ਰਾਤ ਉਹ ਸੌਂ ਨਾ ਸਕੀ। ਭਰ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ, ਉਸ ਨੇ ਇਸ 200 ਗਜ਼ ਦੇ ਘਰ ਵਿੱਚ ਪੂਰਾ ਕੀਤਾ ਸੀ। ਬੀਤਿਆ ਸਮਾਂ ਉਸ ਦੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਘੁੰਮਣ ਲੱਗਾ। ਇਹ ਘਰ ਉਹਨਾਂ ਦੋਹਾਂ ਨੇ ਕਿਵੇਂ ਤਨਖਾਹ ਵਿੱਚੋਂ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ। ਬੱਚਿਆਂ ਦੀ ਪੜ੍ਹਾਈ ਖਾਤਿਰ ਉਹ ਪਿੰਡ ਤੋਂ ਸ਼ਹਿਰ ਆ ਵਸੇ ਸਨ। ਕੁੱਝ ਦੇਰ ਕਿਰਾਏ ਤੇ ਰਹਿਣ ਮਗਰੋਂ ਉਹਨਾਂ ਇਸ ਮੁਹੱਲੇ ਪਲਾਟ ਖਰੀਦਿਆ ਤੇ ਲੋਨ ਲੈ ਕੇ ਘਰ ਬਣਾਇਆ। ਹੁਣ ਉਸ ਨੂੰ ਪੂਰੇ ਮੁਹੱਲੇ ਬਾਬਤ ਪਤਾ ਸੀ ਕਿ- ਕਿਹੜਾ ਪਲਾਟ ਕਦੋਂ ਵਿਕਿਆ ਤੇ ਕਦ ਕਿਹੜਾ ਘਰ ਬਣਿਆਂ। ਆਪਣੇ ਸੁਭਾਉੇ ਕਾਰਨ ਉਹ ਆਪਣੀ ਗਲੀ ਹੀ ਨਹੀਂ ਸਗੋਂ ਪੂਰੇ ਮੁਹੱਲੇ ਵਿੱਚ ਰਚ ਮਿਚ ਗਈ ਸੀ। ਕਿਸੇ ਦੇ ਕੀਰਤਨ ਹੋਵੇ ਜਾਂ ਪਾਠ ਹੋਵੇ ਉਹ ਪਹਿਲਾਂ ਪਹੁੰਚ ਕੇ ਕੰਮ ਵਿੱਚ ਹੱਥ ਵਟਾਉਂਦੀ। ਗਲੀ ਵਿੱਚ ਵੱਸਦੇ ਹਰ ਪਰਿਵਾਰ ਬਾਰੇ ਉਸ ਨੂੰ ਜਾਣਕਾਰੀ ਸੀ। ਦੁੱਖ ਸੁੱਖ ਵਿੱਚ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ। ਸੋ ਅੰਤਾਂ ਦਾ ਮੋਹ ਸੀ ਉਸ ਨੂੰ ਆਪਣੇ ਹੱਥੀਂ ਬਣਾਏ ਇਸ ਘਰ ਨਾਲ ਤੇ ਗਲੀ ਮੁਹੱਲੇ ਨਾਲ।

“ਤੇਰਾ ਨੂੰਹ ਪੁੱਤਰ ਕਲਾਸ ਵੰਨ ਅਫਸਰ ਨੇ..ਉਹਨਾਂ ਕੋਲ ਵੱਡੀਆਂ ਗੱਡੀਆਂ ਹਨ..ਇੱਕ ਸਰਕਾਰੀ ਵੀ ਹੈ..ਉਹਨਾਂ ਦਾ ਸਰਕਲ ਵੱਡੇ ਲੋਕਾਂ ਨਾਲ ਹੈ..ਤੈਂਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਸ਼ਹਿਰ ਦੀ ਇੱਕ ਸਾਫ ਸੁਥਰੀ ਤੇ ਵਧੀਆ ਕਲੋਨੀ ‘ਚ ਵੱਡੀ ਕੋਠੀ ਬਣਾਈ ਹੈ..ਉਥੇ ਤਾਂ ਬਹੁਤ ਸੁਲਝੇ ਹੋਏ ਲੋਕ ਰਹਿੰਦੇ ਹੋਣਗੇ..” ਉਸ ਆਪਣੇ ਮਨ ਨੂੰ ਸਮਝਾਇਆ।

ਪਰ ਅੱਜ ਉਸ ਨੂੰ ਛੇ ਮਹੀਨੇ ਤੋਂ ਉਪਰ ਹੋ ਗਏ ਇਸ ਪੱਥਰ-ਸ਼ੀਸ਼ੇ ਦੇ ਮਹੱਲ ਵਿੱਚ ਆਇਆਂ..ਉਹ ਬੰਦੇ ਦੀ ਸ਼ਕਲ ਦੇਖਣ ਨੂੰ ਤਰਸ ਗਈ..ਕੋਈ ਗਲੀ ‘ਚ ਦਿਖਾਈ ਨਹੀਂ ਦਿੰਦਾ। ਸਾਰੇ ਲੋਕ ਵੱਡੀਆਂ ਕੋਠੀਆਂ ਦੇ ਮਾਲਕ ਹਨ। ਜੇਲ੍ਹਾਂ ਵਾਂਗ ਉਚੀਆਂ ਉਚੀਆਂ ਕੰਧਾਂ..ਵੱਡੇ ਵੱਡੇ ਗੇਟ..ਵੱਡੇ ਵੱਡੇ ਗੈਰਜ..ਅੰਦਰੋਂ ਹੀ ਗੱਡੀ ‘ਚ ਚੜ੍ਹਦੇ ਤੇ ਅੰਦਰੀਂ ਜਾ ਉਤਰਦੇ। ਬੰਦ ਘਰਾਂ ਦੇ ਵਾਸੀ.. ਕਿਸੇ ਨੂੰ ਕੋਈ ਪਤਾ ਨਹੀਂ ਉਸ ਦੇ ਗੁਆਂਢ ਵਿੱਚ ਕੌਣ ਵੱਸਦਾ ਹੈ..ਬਿਨਾਂ ਮਤਲਬ ਕੋਈ ਕਿਸੇ ਨਾਲ ਬੋਲਦਾ ਨਹੀਂ। ਸਭ ਦੀਆਂ ਕੋਠੀਆਂ ਵਿੱਚ ਤੀਸਰੀ ਮੰਜਿਲ ਤੇ ਸਰਵੈਂਟ ਕੁਆਟਰ ਹਨ..ਜੋ ਘਰ ਦੀ ਸਾਂਭ ਸਫਾਈ ਤੋਂ ਲੈ ਕੇ ਖਾਣਾ ਬਨਾਉਣ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ। ਕੋਈ ਗੇਟ ਖੋਹਲ ਕੇ ਧੁੱਪ ਸੇਕਣ ਲਈ ਨਹੀਂ ਬੈਠਦਾ। ਕਿਸੇ ਦੇ ਘਰ ‘ਚੋਂ ਬੱਚਿਆਂ ਦੇ ਰੋਣ ਜਾਂ ਹੱਸਣ ਦੀ ਆਵਾਜ਼ ਨਹੀਂ ਆਉਂਦੀ। ਕੋਈ ਗੁਆਂਢਣ ਛੱਤ ਤੇ ਕੱਪੜੇ ਸੁੱਕਣੇ ਪਾਉਣ ਨਹੀਂ ਆਉਂਦੀ। ਹਾਂ- ਸ਼ਾਮ ਨੂੰ ਕਿਸੇ ਕਿਸੇ ਦਾ ਨੌਕਰ ਮਾਲਕ ਦੇ ਕੁੱਤੇ ਨੂੰ ਸੈਰ ਕਰਾਣ ਜਰੂਰ ਲਿਜਾਂਦਾ ਦਿਸਦਾ।

ਉਸ ਨੂੰ ਆਪਣੇ ਮੁਹੱਲੇ ਦੀ ਰਹਿ ਰਹਿ ਕੇ ਯਾਦ ਸਤਾਉਂਦੀ..ਜਿਥੇ ਸਾਰਾ ਦਿਨ ਰੌਣਕ ਰਹਿੰਦੀ ਸੀ। ਰਲ਼ ਕੇ ਗੁਰਦੁਆਰੇ ਜਾਣਾ..ਸ਼ਾਮ ਨੂੰ ਪਾਰਕ ‘ਚ ਸੈਰ ਕਰਨਾ। ਜੇ ਕਿਸੇ ਦੇ ਘਰ ਦੁੱਖ ਸੁੱਖ ਤੇ ਜਾਣਾ ਤਾਂ ਇੱਕ ਦੂਜੇ ਨੂ ਵਾਜਾਂ ਮਾਰ ਲੈਣੀਆਂ। ਸਬਜ਼ੀ ਵਾਲੇ ਜਾਂ ਫਰੂਟ ਵਾਲੇ ਦੀ ਰੇਹੜੀ ਆਉਂਦੀ ਤਾਂ ਇੱਕ ਜਣੀ ਖੜਾ ਲੈਂਦੀ ਤੇ ਆਸ ਪੜੋਸ ਦੀਆਂ ਸਭ ਸੁਆਣੀਆਂ ਸਬਜ਼ੀ ਫਰੂਟ ਲੈਣ ਦੇ ਬਹਾਨੇ ਸਭ ਦਾ ਹਾਲ ਚਾਲ ਵੀ ਪੁੱਛ ਲੈਂਦੀਆਂ। ਉਥੇ ਤਾਂ ਇਹ ਵੀ ਪਤਾ ਹੁੰਦਾ ਕਿ ਅੱਜ ਕਿਸ ਘਰ ਸਾਗ ਬਣਿਆਂ ਹੈ ਤੇ ਕਿਸ ਦੇ ਕੜ੍ਹੀ। ਕਦੇ ਰੱਦੀ ਵਾਲਾ..ਕਦੇ ਕੁੱਕਰ ਗੈਸ ਠੀਕ ਕਰਨ ਵਾਲਾ..ਗੱਲ ਕੀ ਕੋਈ ਨਾ ਕੋਈ ਹੋਕਾ ਸੁਣਦਾ ਹੀ ਰਹਿੰਦਾ। ਨੂੰਹ ਪੁੱਤਰ ਦੇ ਆਉਣ ਤੱਕ ਉਹ ਸਬਜ਼ੀ ਲੈ ਕੇ ਬਣਾ ਵੀ ਛੱਡਦੀ। ਆਂਢ ਗੁਆਂਢ ਲੋੜ ਵੇਲੇ ਗੈਸ ਸਲੰਡਰ ਦੇ ਵੀ ਦਿੰਦੀ ਤੇ ਲੈ ਵੀ ਲੈਂਦੀ। ਮਿਸਜ਼ ਗੁਪਤਾ, ਮਿਸਜ਼ ਚਾਵਲਾ, ਮਿਸਜ਼ ਸ਼ਰਮਾ ਨਾਲ ਤਾਂ ਉਹ ਬਨੇਰੇ ਤੋਂ ਹੀ ਗੱਲਬਾਤ ਕਰ ਲੈਂਦੀ। ਦੁਪਹਿਰੇ ਕੰਮ ਵਾਲੀ ਕੰਮ ਕਰਨ ਆਉਂਦੀ ਤਾਂ ਕਈ ਘਰਾਂ ਦਾ ਹਾਲ ਸੁਣਾ ਜਾਂਦੀ। ਨਾਲ ਹੀ ਪੁਰਾਣੀ ਹੋਣ ਕਾਰਨ, ਸਾਰਾ ਦੁੱਖ ਸੁੱਖ ਸੁਣ ਲੈਂਦੀ। ਕਦੇ ਪਿੱਠ ਤੇ ਦੁਆਈ ਮਲ ਦਿੰਦੀ ਕਦੇ ਲੱਤਾਂ ਨੂੰ ਮਾਲਿਸ਼ ਵੀ ਕਰ ਦਿੰਦੀ।

ਪਰ ਇੱਧਰ ਤਾਂ ਸੜਕ ਤੇ ਸਿਰਫ ਗੱਡੀਆਂ ਹੀ ਆਉਂਦੀਆਂ ਜਾਂਦੀਆਂ ਦਿਸਦੀਆਂ..ਕੋਈ ਰੇਹੜੀ ਤਾਂ ਕੀ.. ਕੋਈ ਪੈਦਲ ਜਾਂਦਾ ਬੰਦਾ ਹੀ ਨਹੀਂ ਦਿਸਿਆ ਕਦੇ ਕੋਈ ਸੜਕ ਤੇ। ਨੂੰਹ ਪੁੱਤਰ ਵੀ ਸਾਰਾ ਦਿਨ ਕੰਮਾਂ ਤੇ ਚਲੇ ਜਾਂਦੇ..ਪੋਤਾ ਪੋਤੀ ਹੋਸਟਲ ‘ਚ ਪੜ੍ਹਦੇ..। ਉਦਾਸ ਹੋ ਕੇ ਉਹ ਆਪਣੀਆਂ ਸਹੇਲੀਆਂ ਨੂੰ ਫੋਨ ਕਰਦੀ..ਤਾਂ ਉਹ ਅੱਗੋਂ ਕਹਿੰਦੀਆਂ-

“ਤੁਸੀਂ ਤਾਂ ਹੁਣ ਪੌਸ਼ ਕਲੋਨੀ ‘ਚ ਚਲੇ ਗਏ ਹੋ..ਕਿੰਨਾ ਕੁ ਸਰਕਲ ਬਣ ਗਿਆ ਨਵਾਂ..ਸਾਨੂੰ ਭੁੱਲ ਨਾ ਜਾਇਓ..”

“ਲੈ ਤੁਹਾਨੂੰ ਕਿਵੇਂ ਭੁੱਲ ਸਕਦੀ ਹਾਂ..” ਕਹਿ ਉਹ ਫੋਨ ਕੱਟ ਦਿੰਦੀ ਪਰ ਉਸਦਾ ਅੰਦਰ ਰੋ ਰਿਹਾ ਹੁੰਦਾ।

ਇੱਕ ਦਿਨ ਉਹ ਬੇਟੇ ਨੂੰ ਪੁੱਛਣ ਲੱਗੀ-“ਆਪਣੇ ਆਸ ਪਾਸ ਵਾਲੇ ਕਦੇ ਦਿਖਾਈ ਨਹੀਂ ਦਿੱਤੇ?”

“ਮੰਮੀ.. ਇਹ ਪੌਸ਼ ਕਲੋਨੀ ਹੈ ਮੁਹੱਲਾ ਨਹੀਂ..ਇਥੇ ਵੱਡੇ ਲੋਕ ਰਹਿੰਦੇ ਨੇ..ਐਰੇ ਗੈਰੇ ਨਹੀਂ..ਸਭ ਬਿਜ਼ੀ ਨੇ ਆਪਣੇ ਕਾਰੋਬਾਰਾਂ ਵਿੱਚ..” ਤੇ ਫਿਰ ਕੁੱਝ ਰੁਕ ਕੇ ਕਹਿੰਦਾ-“ਤੁਸੀਂ ਸਾਰੀ ਉਮਰ ਬੜਾ ਕੰਮ ਕੀਤਾ ਮੰਮੀ..ਬੱਸ ਹੁਣ ਆਰਾਮ ਕਰੋ ਪੁੱਤਰ ਦੇ ਸਿਰ ਤੇ..ਨੌਕਰ ਚਾਕਰ ਆਪੇ ਸਾਰੇ ਕੰਮ ਕਰਨਗੇ..ਪਰ ਤੁਸੀਂ ਟੋਕਾ ਟਾਕੀ ਨਾ ਕਰਿਓ..ਨੌਕਰ ਮਿਲਦੇ ਨਹੀਂ ਸਹਿਜੇ ਕੀਤੇ..” ਕਹਿੰਦਿਆਂ ਹੋਇਆਂ ਉਹ ਬਾਹਰ ਚਲਾ ਗਿਆ।

“ਪੌਸ਼ ਕਲੋਨੀ..???” ਸੋਚ ਕੇ ਉਸ ਦਾ ਦਮ ਘੁੱਟਣ ਲੱਗਾ।

ਮੋਹ ਦੀਆਂ ਤੰਦਾਂ

$
0
0

ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। ਸ਼ਾਮੇ ਨੇ ਆਪਣੀ ਘਰਵਾਲੀ ਗੁਲਾਬੋ ਨੂੰ ਆਵਾਜ਼ ਮਾਰ ਕੇ ਕਿਹਾ , “ਕੱਲ੍ਹ ਭੈਣਾਂ ਨੇ ਆਉਣਾ ਹੈ, ਤੂੰ ਐਂ ਕਰੀਂ ਗੁੜ ਵਾਲੇ ਚੋਲ ਬਣਾ ਲਵੀਂ, ਭੰਤੀ ਨੂੰ ਤੇਰੇ ਦੇ ਚੋਲ ਬਹੁਤ ਪਸੰਦ ਨੇ ਤੇ ਮੈਂ ਆੜਤੀਏ ਤੋਂ ਪੈਸੇ ਲੈ ਕੇ ਸ਼ਹਿਰੋਂ ਕੁੱਝ ਖਾਣ-ਪੀਣ ਦਾ ਸਮਾਨ ਲੈ ਆਈ, ਪਿੰਡ ਥਾਂ ਹੈ ਕਿਤੇ ਕੱਲ ਕੁੱਝ ਮਿਲੇ ਜਾਂ ਨਾ”।

ਆੜਤੀਏ ਕੋਲ ਜਾ ਸ਼ਾਮੇ ਨੇ ਸਾਰਾ ਹਿਸਾਬ ਕੀਤਾ ਤੇ ਕਿਹਾ, “ਸ਼ਾਹ ਜੀ ਪੰਜਾਹ-ਪੰਜਾਹ ਦੇ ਨਹੀਂ ਸੋ-ਸੋ ਦੇ ਕੜਕਣੇ ਨੋਟ ਦੇ ਦਿਓ, ਕੱਲ੍ਹ ਰੱਖੜੀ ਹੈ ਇਸ ਵਾਰ ਮੀਂਹ ਵਧੀਆ ਪੈਣ ਤੇ ਫਸਲ ਵਧੀਆ ਹੋਈ ਹੈ ਤੇ ਸੋਚਦਾ ਹਾਂ, ਭੈਣਾਂ ਨੂੰ 50 ਨਹੀਂ 100-100 ਰੁਪਏ ਦੇਵਾਂ”।

ਸਵੇਰ ਤੋਂ ਤਰਕਾਲਾ ਵੇਲਾ ਆ ਗਿਆ ਪਰ ਸ਼ਾਮੇ ਦੀਆਂ ਭੈਣਾਂ ਰੱਖੜੀ ਲੈ ਕੇ ਨਾ ਆਈਆਂ। ਆਪਣੀ ਬੇਚੈਨੀ ਦੂਰ ਕਰਨ ਲਈ ਸ਼ਾਮੇ ਨੇ ਵੱਡੀ ਭੈਣ ਬੰਤੋ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁਕਿਆ। “ਵੱਡੇ ਵੀਰ ਨੂੰ ਹੀ ਪੁੱਛ ਲਵਾਂ”, ਸ਼ਾਮੇ ਨੇ ਮਨ ਵਿੱਚ ਸੋਚਿਆ ਤੇ ਆਪਣੇ ਵੱਡੇ ਵੀਰ ਬਲਰਾਜ ਨੂੰ ਫੋਨ ਕੀਤਾ ਜੋ ਕਿਸੇ ਮਹਾਨਗਰ ਵਿੱਚ ਵਕੀਲ ਸੀ। “ਵੀਰ ਭੈਣਾਂ ਨੇ ਆਉਣਾ ਸੀ ਅੱਜ, ਹਲੇ ਤੀਕ ਆਈਆਂ ਨਹੀਂ, ਤੇਰੇ ਨਾਲ ਗੱਲ ਤਾਂ ਨਹੀਂ ਹੋਈ ਉਨ੍ਹਾਂ ਦੀ”, ਸ਼ਾਮੇ ਨੇ ਝਿਜਕਦੇ ਹੋਏ ਪੁੱਛਿਆ। “ਉਹ ਹਾਂ ਆਹੋ ਤੇਰੀ ਭਰਜਾਈ ਨਾਲ ਰੱਖਦੀ ਦਾ ਸੂਟ ਲੈਣ ਬਜ਼ਾਰ ਗਈਆਂ ਨੇ, ਆਹ ਭੰਤੀ ਘਰੇ ਹੀ ਆ ਗਲ ਕਰ ਲੈ”, ਬਲਰਾਜ ਨੇ ਭੰਤੀ ਨੂੰ ਫੋਨ ਫੜਾ ਦਿੱਤਾ।

“ਸਤਿ ਸ਼੍ਰੀ ਅਕਾਲ ਵੀਰ”, ਭੰਤੀ ਨੇ ਕਿਹਾ।

“ਭੰਤੀ ਤੁਸੀਂ ਆਈਆ ਨਹੀਂ ਅਸੀਂ ਸਵੇਰ ਦੇ ਉਡੀਕਦੇ ਸੀ”, ਸ਼ਾਮੇ ਨੇ ਗੁੱਸਾ ਜਤਾਉਂਦੇ ਹੋਏ ਕਿਹਾ।

“ਓ ਵੀਰ ਅਸੀਂ ਸ਼ਾਪਿੰਗ ਕਰਨੀ ਸੀ ਤੇ ਪਿੰਡ ਔਖਾ ਹੋ ਜਾਂਦਾ”, ਭੰਤੀ ਨੇ ਕਿਨਾਰਾ ਕਰਦੇ ਹੋਏ ਕਿਹਾ।

ਸ਼ਾਮਾ ਚੁੱਪ ਸੀ, ਬਿਲਕੁਲ ਚੁੱਪ ਤੇ ਆਪਣੀ ਸੁੰਨੀ ਕਲਾਈ ਵਲੋਂ ਵੇਖਦਾ ਹੋਇਆ ਆਪਣੇ ਹਾਲਾਤ ਤੇ ਔਕਾਤ ਬਾਰੇ ਸੋਚਣ ਲੱਗ ਪਿਆ।

ਪਹਿਲੀ ਤੋਂ ਅਗਲੀ ਝਾਕੀ

$
0
0

ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।
ਹਾਲ ਕਮਰੇ ਦੇ ਉੱਚੇ ਥੜ੍ਹੇ ‘ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ ।
ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ।
“ ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ? “ ਵੱਡੀ ਆਖਦੀ ਹੈ ।
“ ਜੀ ……..ਈ ਮਾਈ ਬਾਪ , ਹਾਂ ….ਹਾਂ ਮਾਈ ਬਾਪ । “
“ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ । “
“ ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? “ ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ ।
ਪਿਛਲੀ ਕੰਧ ਨੇ ਹੱਥਾਂ ‘ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ ,ਬੋਲੀ ਕੁਝ ਨਹੀਂ । ਸੱਜੇ –ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ ।
ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ । …..ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ ।
ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ‘ਤੇ ਧਰੇ ਹਥਿਆਰਾਂ ਦੇ ਬੱਟ ‘ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ ।
“ ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ? “ ਵੱਡੀ ਕੁਰਸੀ ਦੇ ਚਿਹਰੇ ‘ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ ।
ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ ।
ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ ।
ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ ।
ਛੱਤ, ਹੱਸ ਛੱਡਦੀ ਹੈ ।
ਵੱਡੀ ਕੁਰਸੀ ਦੇ ਚਿਹਰੇ ‘ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ ।
ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ –ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ ।
ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ‘ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ……..ਦੇਖਦਾ ਰਹਿੰਦਾ ਹੈ ।
ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ ।
ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ‘ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ……..ਟਿਕੀ ਰਹਿੰਦੀ ਹੈ ।
“ ਇਹ ਕੀ ਬਕਵਾਸ ਹੈ ? “ ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ ।
ਫ਼ਰਸ਼ ‘ਤੇ ਕੋਈ ਅਸਰ ਨਹੀਂ ਹੁੰਦਾ ।
ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ‘ਵਾਹਿਯਾਤ ’ ਫ਼ਰਸ਼ ਨੂੰ ਤਹਿਸ –ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।
ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ……..ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ ।
ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ‘ਤੇ ਡਿੱਗਦਾ ਹੈ ।
“ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ । ”
“ ਨਹੀਂ ……….ਮਾਈ-ਬਾਪ , ਸਾਡੀ ਰਾਏ………।“
“ ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ । “
“ਸਾਡੀ ਗੱਲ ਤਾਂ ਸੁਣ ਲਈ ਜਾਏ , “ ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ ।
“ ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ । “
“ ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ ………। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ……..,”
ਸ਼ਬਦ ‘ਡਿਕਟੇਟਰ ’ ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ‘ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ ।
ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।
ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ‘ਤੇ ਵਿਛਾ ਦਿੱਤਾ ਹੈ ।
ਵੱਡੀ ਕੁਰਸੀ ਨੇ ‘ਫ਼ਸਾਦ ਦੀ ਜੜ੍ਹ ‘ ਫ਼ਰਸ਼ ਨੂੰ ‘ਬੰਦੇ ਦਾ ਪੁੱਤ ’ ਬਣਾਉਣ ਦਾ ਹੁਕਮ ਦਿੱਤਾ ਹੈ ।
ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ ।
ਜ਼ਖਮੀ ਹੋਏ  ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।
ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ ।
ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ‘ਫਾਇਰ-ਦੀ-ਪੁਜ਼ੀਸਨ ’ ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ………ਕਿ………ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ ।
ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ …..ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ ।
ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ‘ਐਕਸ਼ਨ ’ ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ ।
ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।
ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ….ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ‘ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ ………ਹੱਸਣ ਵਿੱਚ ਸਫ਼ਲ ਹੁੰਦਾ ਹੈ ……..ਹੱਸਦਾ ਰਹਿੰਦਾ ਹੈ …….ਅਤੇ ਹੱਸਦਾ ……….ਹੀ……….ਰਹਿੰਦਾ ……..ਹੈ ।……….
ਪਰਦਾ ।
———————————-

ਸਫਲਤਾ

$
0
0

ਕਈ ਦਿਨ ਹੋ ਗਏ ਉਸ ਨੂੰ ਸੋਚਦਿਆਂ ਕਿ ਅੱਜ ਗੁਰਦੁਆਰੇ ਜਾਂਦੇ ਹਾਂ, ਕੱਲ ਜਾਂਦੇ, ਇਸ ਤਰਾਂ ਕਰਦਿਆਂ ਕਾਫੀ ਦਿਨ ਨਿਕਲ ਗਏ।ਅੱਜ ਸਵੇਰੇ ਅਜੇ ਉਹ ਉੱਠੀ ਸੀ ਕਿ ਗਵਾਢੋਂ ਮਾਤਾ ਜੀ ਦਾ ਫੋਨ ਆ ਗਿਆ,
“ ਮਨਦੀਪ ਪੁੱਤ, ਕਿਦਾਂ ਉੱਠ ਖੜੇ।”
“ ਹਾਂ ਜੀ, ਮਾਤਾ ਜੀ ਹੁਣੇ ਹੀ ਉੱਠੀ ਹਾਂ।”  ਮਨਦੀਪ ਨੇ ਅਵਾਸੀ ਲੈਂਦੇ ਕਿਹਾ, “ ਅੱਜ ਸ਼ਨੀਵਾਰ ਕਰਕੇ ਸੌਣ ਦਾ ਲਾਲਚ ਕਰ ਲਿਆ।
“ ਇਸ ਲਈ ਮੈ ਪਹਿਲਾਂ ਫੋਨ ਨਹੀ ਕੀਤਾ ਕਿ ਇਕ –ਅੱਧਾ ਦਿਨ ਹੀ ਨਿਆਣਿਆਂ ਨੇ ਘੜੀ ਸੌਣਾ ਹੁੰਦਾ, ਉਦਾ ਤਾਂ ਸਾਰਾ ਹਫਤਾ ਤੜਕੇ ਤੋਂ ਚਲ ਸੋ ਚਲ।”
“ ਹੈ ਤਾਂ ਏਦਾ ਈ ਮਾਤਾ ਜੀ, ਇਹਨੂੰ ਹੀ ਕਨੈਡਾ ਕਹਿੰਦੇ ਨੇ।”
“ ਮੈ ਹੋਰ ਹੀ ਗੱਲਾਂ ਲੈ ਤੁਰੀ, ਮੈ ਤਾਂ ਫੋਨ ਕੀਤਾ ਸੀ ਕਿ ਜੇ ਅੱਜ ਤੁਸੀਂ ਗੁਰਦੁਆਰੇ ਜਾਣਾ ਹੋਵੇ ਤਾਂ ਮੈਨੂੰ ਲੈ ਚੱਲਿਉ।” ਮਾਤਾ ਜੀ ਨੇ ਫੋਨ ਕਰਨ ਦਾ ਕਾਰਣ ਦੱਸਿਆ, “ ਅੱਗੇ ਤਾਂ ਕਾਕਾ ਹਰ ਐਤਵਾਰ ਗੁਰੂ ਦੇ ਦਰਸ਼ਨ ਕਰਵਾ ਦਿੰਦਾ ਸੀ, ਹੁਣ ਉਹਦੀ ਸ਼ਿਫਟ ਬਦਲ ਗਈ, ਤੜਕੇ ਆ ਕੇ ਕਿਤੇ ਸੁੱਤਾ।”
“ ਤੁਸੀ ਤਿਆਰ ਹੋਵੋ, ਮੈ ਨਹਾ ਕੇ ਹੁਣੇ ਤਹਾਨੂੰ ਚੁੱਕਦੀ ਹਾਂ। ਬੱਚਿਆਂ ਦੇ ਸੁੱਤੇ ਸੁੱਤੇ ਆਪਾਂ ਮੁੜ ਵੀ ਆਉਣਾ ਆ।”
“ ਗੁਰੂ ਤੇਰਾ ਭਲਾ ਕਰੇ।”
ਮਨਦੀਪ ਜਲਦੀ ਜਲਦੀ ਨਾਹਉਣ ਲੱਗ ਪਈ, ਨਾਲ ਹੀ ਉਸ ਨੇ ‘ਜੁਪਜੀ ਸਾਹਿਬ’ ਦਾ ਪਾਠ ਸ਼ੁਰੂ ਕਰ ਲਿਆ ਜੋ ਨਹਾਉਣ ਤੱਕ ਪੂਰਾ ਹੋ ਗਿਆ। ਕਾਰ ਵਿਚ ਸ਼ਬਦਾਂ ਦੀ ਟੇਪ ਲਾ ਕੇ ਅਤੇ ਮਾਤਾ ਜੀ ਨੂੰ ਨਾਲ ਲੈ ਕੇ ਗੁਰਦੁਆਰੇ ਵੱਲ ਨੂੰ ਚੱਲ ਪਈ।
ਪਾਰਕਿੰਗ ਲਾਟ ਵਿਚ ਹੀ ਸਵਰਨ ਕੌਰ ਆਂਟੀ ਮਿਲ ਗਈ। ਮਨਦੀਪ ਨੂੰ ਦੇਖ ਕੇ ਬਹੁਤ ਖੁਸ਼ ਹੋਈ ਜੱਫੀ ਵਿਚ ਲੈਂਦੀ ਕਹਿਣ ਲੱਗੀ,
“ ਕੁੜੇ, ਮਨਦੀਪ ਤੈਨੂੰ ਦੇਖਿਆਂ ਕਿਤੇ ਜੁਗੜੇ ਹੀ ਹੋ ਗਏ। ਗੁਰਦੁਆਰੇ ਵੀ ਤੈਨੂੰ ਘੱਟ ਹੀ ਦੇਖਿਆ।”।
“ ਹਾਂ ਜੀ, ਗੁਰਦੁਆਰੇ ਆਉਣ ਨੂੰ ਟਾਈਮ ਹੀ ਨਹੀ ਰਹਿੰਦਾ, ਇਕ –ਅੱਧੀ ਛੁੱਟੀ ਹੁੰਦੀ ਆ ਉਹ ਸਫਾਈ ਕਰਨ, ਕੱਪੜੇ ਧੋਣ ਅਤੇ ਗਰਾਉਸਰੀ ਲਿਆਉਣ ਵਿਚ ਹੀ ਨਿਕਲ ਜਾਂਦੀ ਆ।”
“ ਭਾਈ, ਗੁਰੂ ਘਰ ਲਈ ਟੈਮ ਕੱਢਿਆ ਕਰੋ, ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ।”
“ ਭੈਣ ਜੀ, ਵੈਸੇ ਤਾਂ ਘਰ ਵਿਚ ਵੀ ਬਜ਼ੁਰਗਾਂ ਦੀ ਦੇਖ-ਭਾਲ ਕਰ ਲਵੇ ਤਾਂ ਉਹ ਵੀ ਗੁਰਦੁਆਰੇ ਆਉਣ ਤੋਂ ਘੱਟ ਨਹੀ।” ਮਾਤਾ ਜੀ ਨੇ ਕਿਹਾ।

ਸਵੇਰਾ ਸਵੇਰਾ ਹੋਣ ਕਾਰਣ ਗੁਰਦੁਆਰੇ ਵਿਚ ਸੰਗਤ ਅਜੇ ਘੱਟ ਹੀ ਸੀ। ਪਰ ਰਾਗੀ ਸਿੰਘ ਕੀਰਤਨ ਕਰਨ ਲੱਗ ਪਏ । ਕੀਰਤਨ ਕਰਦੇ ਨਾਲ ਨਾਲ ਵਿਆਖਿਆ ਵੀ ਕਰੀ ਜਾਂਦੇ। ਕਥਾ ਕਰਦੇ ਕਹਿਣ ਲੱਗੇ,
“ ਅਸੀ ਇੱਥੇ ਇਕ ਗੱਲ ਦੇਖੀ ਹੈ ਕਿ ਬੱਚੇ ਵੱਡਿਆਂ ਦੀ ਕਦਰ ਨਹੀ ਕਰਦੇ, ਮਾਂ-ਬਾਪ ਦੀ ਸੇਵਾ ਗੁਰੂ ਦੀ ਸੇਵਾ ਬਰਾਬਰ ਹੈ, ਨੂੰਹ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਸ-ਸਹੁਰੇ ਦੀ ਸੇਵਾ ਆਪਣੇ ਮਾਂ- ਬਾਪ ਸਮਝ ਕੇ ਕਰੇ।”
ਜਦੋਂ ਰਾਗੀ ਸਿੰਘਾ ਦੀ ਇਹ ਗੱਲ ਮਨਦੀਪ ਨੇ ਸੁਣੀ ਤਾਂ ਉਸ ਦਾ ਸਾਰਾ ਧਿਆਨ ਆਪਣੇ ਘਰ ਵੱਲ ਚਲਾ ਗਿਆ, ਜੋ ਪਿੱਛੋਂ ਤੋਂ ਲੈ ਕੇ ਹੁਣ ਤੱਕ ਹੋ ਰਿਹਾ ਹੈ ਸਭ ਕੁੱਝ ਮਨਦੀਪ ਦੇ ਮੱਥੇ ਵਿਚ ਚਲਣ ਲੱਗਾ। ਮਨਦੀਪ ਨੇ ਆਪਣੇ ਸੱਸ-ਸਹੁਰੇ ਨੂੰ ਮਾਂ-ਬਾਪ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ,ਪਰ ਉਸ ਨੂੰ ਲੱਗਿਆ ਕਿ ਉਹ ਸਫਲ ਨਹੀ ਹੋ ਸਕੀ।
“ ਤੁਸੀ ਤਰੱਕੀ ਵਾਲੇ ਦੇਸ਼ਾਂ ਵਿਚ ਹੋ।” ਪੰਥ ਦੇ ਮਸ਼ਹੂਰ ਰਾਗੀ ਸਿੰਘ ਨੇ ਅਗਾਂਹ ਗੱਲ ਕਰਦੇ ਕਿਹਾ, “ ਜਿੱਥੇ ਖਾਣ-ਪੀਣ ਅਤੇ ਪਹਿਨਣ ਪਚਰਣਿ ਦੀ ਕੋਈ ਕਮੀ ਨਹੀ, ਪਰ ਇੱਥੇ ਵੀ ਮਾਤਾ ਪਿਤਾ ਨੂੰ ਪੂਰਾ ਸਤਿਕਾਰ ਨਹੀ ਦਿੱਤਾ ਜਾਂਦਾ।”
ਇਹ ਗੱਲ ਸੁਣਦਿਆਂ ਹੀ ਮਨਦੀਪ ਨੇ ਆਪਣੇ ਮਨ ਨਾਲ ਫੈਂਸਲਾ ਕੀਤਾ ਕਿ ਕੀਰਤਨ ਤੋਂ ਬਾਅਦ ਉਹ ਰਾਗੀ ਸਿੰਘ ਨਾਲ ਇਸ ਬਾਰੇ ਜ਼ਰੂਰ ਵਿਚਾਰ ਕਰੇਗੀ। ਅਰਦਾਸ ਤੋਂ ਬਾਅਦ ਰਾਗੀ ਸਿੰਘ ਲੰਗਰ ਹਾਲ ਵੱਲ ਗਏ ਤਾਂ ਮਨਦੀਪ ਨੇ ਮਾਤਾ ਜੀ ਨੂੰ ਪੁੱਛਿਆ, “ ਮਾਤਾ ਜੀ, ਮੈ ਲੰਗਰ ਹਾਲ ਵਿਚ ਜਾ ਰਹੀ, ਰਾਗੀ ਸਿੰਘ ਨਾਲ ਕੋਈ ਵਿਚਾਰ-ਵਟਾਂਦਰਾ ਕਰਨਾ ਆ।”
“ ਮੈ ਵੀ ਤੇਰੇ ਨਾਲ ਹੀ ਚੱਲਦੀ ਹਾਂ।” ਮਾਤਾ ਜੀ ਨੇ ਆਪਣੀ ਸ਼ਾਲ ਚੁੱਕਦਿਆਂ ਕਿਹਾ, “ ਮੈ ਵੀ ਉਹਨਾਂ ਨਾਲ ਗੱਲ ਕਰਨੀ ਆ, ਤੇਰੀ ਮੇਰੀ ਇਕੋ ਕਹਾਣੀ ਲੱਗਦੀ ਆ।”
ਮਨਦੀਪ ਨੇ ਆਪਣੇ ਮਨ ਵਿਚ ਸੋਚਿਆ ਮਾਤਾ ਜੀ ਬਜ਼ੁਰਗ ਨੇ ਉਹਨਾਂ ਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ, ਇਸ ਲਈ ਉਹ ਤਾਂ ਰਾਗੀ ਸਿੰਘਾਂ ਦਾ ਧੰਨਵਾਦ ਹੀ ਕਰਨਗੇ।
ਲੰਗਰ ਹਾਲ ਵਿਚ ਜਾ ਕੇ ਦੇਖਿਆ ਕਿ ਅਜੇ ਰਾਗੀ ਸਿੰਘ ਪਰਸ਼ਾਦਾ ਛੱਕ ਰਹੇ ਨੇ। ਦੋਨੋ ਇਕ ਖੂੰਜੇ  ਉਹਨਾਂ ਦੀ ਉਡੀਕ ਵਿਚ ਬੈਠ ਗਈਆਂ।
ਜਿਉਂ ਹੀ ਰਾਗੀ ਸਿੰਘ ਹੱਥ ਧੋਣ ਲਈ ਸਿੰਕ ਵੱਲ ਵਧੇ, ਮਨਦੀਪ ਉੱਠ ਕੇ ਉਹਨਾਂ ਕੋਲ ਚਲੀ ਗਈ।
“ ਸਤਿ ਸ੍ਰੀ ਅਕਾਲ, ਭਾਈ ਸਾਹਿਬ ਜੀ।” ਮਨਦੀਪ ਨੇ ਹੱਥ ਜੋੜਦਿਆਂ ਕਿਹਾ, “ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਹਾਡੇ ਨਾਲ ਕੁੱਝ ਵਿਚਾਰਾਂ ਕਰਨੀਆਂ ਚਾਹੁੰਦੀ ਹਾਂ।”
“ ਦੱਸੋ ਜੀ।” ਰਾਗੀ ਜੀ ਨੇ ਨਿਮਰਤਾ ਸਹਿਤ ਕਿਹਾ, “ ਅਸੀ ਸੰਗਤ ਦੇ ਸੇਵਾਦਾਰ ਹਾਂ, ਤੁਸੀ ਹੁਕਮ ਕਰੋ।”
ਮਨਦੀਪ ਰਾਗੀ ਸਿੰਘ ਨੂੰ ਉੱਥੇ ਹੀ ਲੈ ਆਈ ਜਿੱਥੇ ਮਾਤਾ ਜੀ ਬੈਠੇ ਸਨ। ਫਤਿਹ ਬਲਾਉਣ ਤੋਂ ਬਾਅਦ ਮਾਤਾ ਜੀ ਨੇ ਗੱਲ ਸ਼ੁਰੂ ਕੀਤੀ, “ ਜਿੱਥੇ ਤੁਸੀਂ ਸੁਹਣਾ ਕੀਰਤਨ ਕਰਦੇ ਹੋ ਉੱਥੇ ਕਥਾ ਵੀ ਵਧੀਆ ਕਰਦੇ ਹੋ।”
“ ਧੰਨਵਾਦ ਜੀ।” ਰਾਗੀ ਸਿੰਘ ਨੇ ਕਿਹਾ, “ ਕੀਰਤਨ ਕਥਾ ਸਭ ਪਰਮਾਤਮਾ ਦੀ ਹੀ ਦੇਣ ਹੈ।”
“ ਬਹੁਤ ਸਾਰੇ ਕਥਾ ਵਾਚਕ, ਰਾਗੀ ਸਿੰਘ ਜਾਂ ਪਰਚਾਰਕ ਇਹ ਗੱਲ ਤਾਂ ਵਾਰ ਵਾਰ ਕਹਿੰਦੇ ਨੇ ਕਿ ਬੱਚਿਆਂ ਨੂੰ ਆਪਣੇ ਮਾਂ- ਬਾਪ ਦੀ ਦੇਖਭਾਲ ਚੰਗੀ ਤਰਾਂ ਕਰਨੀ ਚਾਹੀਦੀ ਆ।” ਮਾਤਾ ਜੀ ਨੇ ਅਗਾਂਹ ਗੱਲ ਤੋਰੀ, “ ਉੱਥੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਮਾਤਾ ਪਿਤਾ  ਨੂੰ ਵੀ ਆਪਣੇ  ਬੱਚਿਆਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ।”
ਮਾਤਾ ਜੀ ਦੀ ਇਹ ਗੱਲ ਸੁਣ ਕੇ ਮਨਦੀਪ ਨੂੰ ਹੈਰਾਨੀ ਹੋਈ ਕਿ ਮਾਤਾ ਜੀ ਨੇ ਤਾਂ ਉਸ ਦੇ ਦਿਲ ਦੀ ਗੱਲ ਬੁੱਝ ਲਈ, ਪਰ ਨਾਲ ਹੀ ਉਸ ਨੂੰ ਚੇਤਾ ਆ ਗਿਆ, ਗੁਵਾਂਢ ਵਿਚ ਰਹਿੰਦੇ ਹੋਣ ਕਾਰਣ ਮਾਤਾ ਜੀ ਉਹਨਾਂ ਦੇ ਘਰ ਦੇ ਵੀ ਭੇਤੀ ਨੇ,ਹੋ ਸਕਦਾ ਹੈ ਮਾਤਾ ਜੀ ਇਸ ਕਰਕੇ ਰਾਗੀ ਸਿੰਘ  ਨੂੰ ਕਹਿ ਰਹੇ ਨੇ, “ ਪੁੱਤਰ ਜੀ ਅੱਜਕਲ ਕੱਲਯੁਗ ਦਾ ਪਹਿਰਾ ਹੈ, ਜਿੱਥੇ ਬੱਚੇ ਮਾਂ-ਬਾਪ ਨਾਲ ਮਾੜਾ ਵਰਤਾਉ ਕਰਦੇ ਨੇ, ਉੱਥੇ ਮਾਂ ਬਾਪ ਵੀ ਘੱਟ ਨਹੀ।”
“ਮਾਤਾ ਜੀ, ਗੱਲ ਤਾਂ ਤੁਹਾਡੀ ਠੀਕ ਹੈ ।” ਰਾਗੀ ਸਿੰਘ ਨੇ ਕਿਹਾ, “ ਆਪਾਂ ਸਾਰੇ ਹੀ ਬਹੁਤ ਖੁਦਗਰਜ਼ ਹੋ ਗਏ ਹਾਂ,ਦੂਜੇ ਦਾ ਸੁੱਖ ਘੱਟ ਹੀ ਸੋਚਦੇ ਹਾਂ।”
“ ਆਪਣਾ ਸੁੱਖ ਤਿਆਗ ਕੇ ਹੀ ਦੂਜੇ ਨੂੰ ਸੁੱਖ ਦੇ ਹੁੰਦਾ ਆ।” ਮਾਤਾ ਜੀ ਨੇ ਕਿਹਾ, “ ਪਰ ਹੁਣ ਤਾਂ ਇਹ ਗੱਲ ਕੋਈ ਘੱਟ ਹੀ ਸੋਚਦਾ ਆ।
“ ਜੇ ਇਕ ਪਾਸਾ ਆਪਣਾ ਸੁੱਖ ਤਿਆਗ ਵੀ ਦੇਵੇ ਤਾਂ ਦੂਜਾ ਆਪਣਾ ਸੁੱਖ ਤਿਆਗਣ ਦੀ ਥਾਂ ਇਹ ਸੋਚੇਗਾ ਕਿ ਇਹ ਤਾਂ ਕਮਲਾ ਆ। ਇਹਦਾ ਫਾਇਦਾ ਉਠਾਈ ਜਾਵੋ।” ਮਨਦੀਪ ਨੇ ਆਪਣੇ ਘਰ ਵਿਚ ਹੋ ਰਹੇ ਵਰਤਾਰੇ ਦੀ ਗੱਲ ਕੀਤੀ, “ ਜੇ ਮਾਂ-ਬਾਪ ਆਪਣੇ ਬੱਚਿਆਂ ਦੇ ਸੁੱਖ-ਦੁੱਖ ਦਾ ਅਹਿਸਾਸ ਨਹੀ ਰੱਖਦੇ ਤਾਂ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਿਵੇ ਕਰਨਗੇ?”
“ ਬੀਬੀ ਜੀ,  ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ।” ਕਿਸਨੇ ਜਿੰਨਾ ਗੁੜ ਪਾਉਣਾ ਮਿੱਠਾ ਤਾਂ ਉਹਨਾਂ ਨੂੰ ਉਨਾ ਹੀ ਮਿਲਣਾ।” ਰਾਗੀ ਸਿੰਘ ਨੇ ਕਿਹਾ, “ਘਰਾਂ ਵਿਚ ਬਹੁਤੀਆਂ ਪਰੇਸ਼ਾਨੀਆਂ ਇਨਸਾਨਾ ਦੇ ਸੁਭਾਵਾਂ ਕਰ ਕੇ ਪੈਦਾ ਹੁੰਦੀਆਂ ਨੇ।”
ਰਾਗੀ ਸਿੰਘ ਨੂੰ ਗੱਲ-ਬਾਤ ਕਰਦਿਆਂ ਦੇਖ ਹੋਰ ਵੀ ਜ਼ਨਾਨੀਆਂ ਇਕੱਠੀਆਂ ਹੋ ਗਈਆਂ।
“ ਗਿਆਨੀ ਜੀ, ਮੇਰੀ ਨਹੂੰ ਘਰ ਦਾ ਕੋਈ ਕੰਮ ਨਹੀ ਕਰਦੀ।” ਵਿਚੋਂ ਹੀ ਇਕ ਮੱਧਰੇ ਜਿਹੇ ਕੱਦ ਦੀ ਜ਼ਨਾਨੀ ਕਹਿਣ ਲੱਗੀ, “ ਉਹਦੇ ਬੱਚੇ ਵੀ ਸਾਂਭਦੀ ਹਾਂ, ਪਰ ਜਦੋਂ ਮੈ ਉਸ ਨੂੰ ਬੁਲਾਉਂਦੀ ਹਾਂ ਬੋਲਦੀ ਨਹੀ।”
ਰਾਗੀ ਸਿੰਘ ਦੇ ਜ਼ਵਾਬ ਦੇਣ ਤੋਂ ਪਹਿਲਾਂ ਹੀ ਇਕ ਜ਼ਵਾਨ ਔਰਤ ਬੋਲ ਉੱਠੀ, “ ਮੇਰੀ ਸੱਸ ਗੁਰਦੁਆਰੇ ਜਾਣ ਤੋਂ ਕਦੀ ਨਾਗਾ ਤਾਂ ਨਹੀਂ ਪਾਉਂਦੀ ਇੱਥੇ ਆ ਕੇ ਦੂਸਰੀਆਂ ਜ਼ਨਾਨੀਆਂ ਦੇ ਹੱਥਾਂ ਵਿਚੋਂ ਵੀ ਭਾਂਡੇ ਖੋਈ ਜਾਊ ਕਿ ਸੇਵਾ ਮੈ ਹੀ ਕਰਨੀ ਆ, ਘਰੇ ਭਾਂਵੇ ਮੈਨੂੰ  ਤਾਪ ਚੜਿਆ ਹੋਵੇ,ਉਥੇ ਕੰਮ ਕਰਨਾ ਤਾਂ ਇਕ ਪਾਸੇ ਕਦੇ ਜੁਆਕ ਨੂੰ ਵੀ ਘੰਟੇ ਲਈ ਨਹੀ ਫੜਿਆ ਕਿ ਕਿਤੇ ਨਹੂੰ ਨੂੰ ਅਰਾਮ ਨਾ ਮਿਲ ਜਾਵੇ, ਗੁਰਦੁਆਰੇ ਫਿਰ ਵੀ ਜ਼ਰੂਰ ਜਾਣਾ।”
“ ਮੇਰੀ ਸੱਸ ਸਵੇਰੇ ਹੀ ਡਰਾਮੇ ਦੇਖਣ ਟੀ.ਵੀ ਦੇ ਅੱਗੇ ਬੈਠ ਜਾਂਦੀ ਹੈ।” ਇਕ ਹੋਰ ਬੋਲੀ, “ ਜਦੋਂ ਮੈ ਕੰਮ ਤੋਂ ਵਾਪਸ ਆਉਂਦੀ ਹਾਂ, ਫਿਰ ਵੀ ਟੀ.ਵੀ ਦੇ ਅੱਗੇ ਹੀ ਬੈਠੀ ਹੁੰਦੀ ਹੈ, ਸਿੰਕ ਭਾਂਡਿਆਂ ਨਾਲ ਭਰਿਆ ਹੁੰਦਾ ਆ, ਕੰਮ ਤੇ ਅੱਠ ਘੰਟੇ ਲਾ ਕੇ ਫਿਰ ਘਰ ਦਾ ਸਾਰਾ ਕੰਮ ਆ ਕੇ ਕਰਦੀ ਹਾਂ, ਭਾਈ ਜੀ ਹੁਣ ਤੁਸੀ ਦੱਸੋ ਉਸ ਸੱਸ ਦੀ ਸੇਵਾ ਕਰਿਆਂ ਕਰਾਂ?
ਰਾਗੀ ਸਿੰਘ ਅਜੇ ਇਹਨਾਂ ਗੱਲਾਂ ਦਾ ਜ਼ਵਾਬ ਦੇਣ ਦਾ ਸੋਚ ਹੀ ਰਹੇ ਸਨ ਕਿ ਇਕ ਬਜ਼ੁਰਗ ਔਰਤ ਬੋਲ ਪਈ, “ ਮੇਰੀ ਨੂੰਹ ਦਾ ਕੋਈ ਪੇਕਿਆਂ ਦਾ ਆ ਜਾਵੇ ਤਾਂ , ਉਹਨਾਂ ਦੇ ਅੱਗੇ-ਪਿੱਛੇ ਸੇਵਾ ਕਰਦੀ ਦੌੜੀ ਫਿਰੂ, ਮੇਰਾ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਚਾਹ ਦਾ ਕੱਪ ਪਿਲਾ ਕੇ ਵੀ ਰਾਜ਼ੀ ਨਹੀ ਹੁੰਦੀ॥”
“ ਮੇਰੀ ਸੱਸ ਵੀ ਇਦਾ ਕਰਦੀ ਆ।” ਬੱਚੇ ਨੂੰ ਗੋਦੀ  ਚੁੱਕੀ ਪਰੇ ਖੜੋਤੀ ਇੱਕ ਹੋਰ ਬੋਲੀ, “ ਉਹਦੀ ਧੀ ਹੀ ਉਹਦੇ ਲਈ ਸਭ ਕੁੱਝ ਆ, ਮੈ ਜਿੰਨਾ ਮਰਜ਼ੀ  ਉਸ ਦਾ ਅੱਗਾ-ਤਗਾ ਕਰੀ ਜਾਵਾਂ,ਉਸ ਨੂੰ ਕੰਮ ਨੂੰ ਹੱਥ ਨਹੀ ਲਾਉਣ ਦਿੱਤਾ, ਪਰ ਉਸ ਨੇ ਫੋਨ ਉੱਪਰ ਲੋਕਾਂ ਨਾਲ ਧੀ ਦੀਆਂ ਅਤੇ ਉਸ ਦੇ ਜੁਆਕਾਂ ਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਣੇ ਅਤੇ ਮੈਂਨੂੰ ਨਿੰਦੀ ਜਾਣਾ ਆ, ਮੇਰਾ  ਫਿਰ ਦਿਲ ਕਿਸ ਤਰਾਂ ਉਸ ਦੀ ਸੇਵਾ ਕਰਨ ਨੂੰ ਮੰਨੇ?”
“ ਮੇਰੇ ਸੱਸ-ਸਹੁਰੇ ਨੂੰ ਪੈਨਸ਼ਨ ਲੱਗੀ ਆ, ਉਹਨਾਂ ਦਾ ਖਰਚਾ ਸਾਰਾ ਅਸੀ ਕਰਦੇ ਹਾਂ।” ਇਕ ਹੋਰ ਨੇ ਦੱਸਿਆ, “ ਉਹਨਾਂ ਕਦੀ ਸਾਡੀ ਕੋਈ ਹੈਲਪ ਨਹੀ ਕੀਤੀ , ਕਦੀ ਨਿਆਣੇ ਨੂੰ ਸਕੂਲ ਤੱਕ ਵੀ ਛੱਡਣ ਨਹੀ ਗਏ, ਹੁਣ ਤੁਸੀ ਦੱਸੋ ਹੋਰ ਕੀ ਉਹਨਾਂ ਦੀ ਸੇਵਾ ਕਰੀਏ।”
“ ਮੇਰੀ ਨੂੰਹ ਜੁਆਕਾਂ ਨੂੰ ਚੁੱਕਣ ਹੀ ਨਹੀ ਦਿੰਦੀ।” ਕਿਸੇ ਹੋਰ ਨੇ ਦੱਸਿਆ, “ ਕਹਿੰਦੀ ਮੇਰੀ ਮਾਂ ਤੁਹਾਡੇ  ਨਾਲੋਂ ਮੇਰੇ ਬੱਚੇ ਵਧੀਆ ਸਾਂਭਦੀ ਆ।”
ਹਰ ਔਰਤ ਇਕ ਦੂਜੀ ਤੋਂ ਅੱਗੇ ਹੋ ਕੇ ਆਪਣੀ ਘਰੇਲੂ ਮੁਸ਼ਕਿਲ  ਦੱਸਣ ਦਾ ਯਤਨ ਕਰ ਰਹੀ ਸੀ। ਪਤਾ ਨਹੀ ਕਦੋਂ ਤਕ ਇਹ ਸਿਲਸਲਾ ਲਗਾਤਾਰ  ਚਲੱਦਾ ਰਹਿੰਦਾ, ਪਰ ਰਾਗੀ ਸਿੰਘ ਨੇ ਛੇਤੀ ਹੀ ਮੌਕਾ ਸੰਭਾਲਦੇ ਕਿਹਾ, “ ਮੇਰੀਉ ਭੈਣੋ ਅਤੇ ਮਤਾਵੋ, ਜੋ ਵੀ ਤੁਸੀਂ ਕਿਹਾ ਮੈ ਤੁਹਾਡੇ ਨਾਲ ਸਹਿਮਤ ਹਾਂ, ਜ਼ਿਆਦਾ ਭੈਣਾਂ ਦੀ ਸ਼ਕਾਇਤ ਇਹ ਹੀ ਹੈ ਕਿ ਅਸੀ ਪ੍ਰਚਾਰਕ ਲੋਕ ਇਸ ਗੱਲ ਤੇ ਹੀ ਜ਼ੋਰ ਦਿੰਦੇ ਰਹਿੰਦੇ ਹਾਂ ਕਿ ਮਾ-ਬਾਪ ਦੀ ਸੇਵਾ ਕਰੋ, ਮੈ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅੱਗੋ ਤੋਂ ਜਿੱਥੇ ਮਾਪਿਆਂ ਦੀ ਸੇਵਾ ਨੂੰ ਮਹੱਤਵ ਦੇਵਾਂਗਾ, ਉੱਥੇ ਮਾਪਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਬੱਚਿਆਂ ਦੀ ਸੁੱਖ- ਸਹੂਲਤ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਸਹਾਈ ਹੋਣ, ਕੱਲ੍ਹ ਦੇ ਕੀਰਤਨ ਦੀਵਾਨ ਵਿਚ ਇਹ ਗੱਲ ਸਾਹਮਣੇ ਆ ਜਾਵੇਗੀ।” ਇਹ ਕਹਿ ਕੇ ਰਾਗੀ ਸਿੰਘ ਜ਼ਨਾਨੀਆਂ ਦੇ ਝੁੰਡ ਵਿਚੋਂ ਨਿਕਲਨ ਹੀ ਲੱਗੇ ਸਨ ਕਿ ਇਕ ਹੋਰ ਬੋਲ ਪਈ,“ ਭਾਈ ਸਾਹਿਬ, ਅਸੀ ਛੁੱਟੀ ਵਾਲੇ ਦਿਨ ਹੀ ਸੌਣਾ ਹੁੰਦਾ ਆ। ਮੇਰੇ ਸਹੁਰਾ ਸਾਹਿਬ ਤੜਕੇ ਹੀ ਤੁਹਾਡੇ ਸ਼ਬਦਾਂ ਦੀ ਸੀ.ਡੀ ਉੱਚੀ ਉੱਚੀ ਲਾ ਲੈਣਗੇ।” ਇਹ ਗੱਲ ਸੁਣ ਕੇ ਰਾਗੀ ਸਿੰਘ ਨੇ ਹੱਸਦੇ ਹੋਏ ਕਿਹਾ, “ ਤੁਹਾਡੇ ਸਹੁਰਾ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਸਾਡੇ ਸ਼ਬਦਾਂ ਦੀ ਸੀ.ਡੀ ਹੌਲੀ ਲਾ ਕੇ ਸੁਣ ਲਿਆ ਕਰਨ ਜਾਂ ਜਦੋਂ ਤੁਸੀ ਸਭ ਜਾਗਦੇ ਹੋਵੋਂ ੳਦੋਂ ਸੁਣਿਆ ਕਰਨ।”
ਇਕ ਹੋਰ ਬਜ਼ੁਰਗ ਜ਼ਨਾਨੀ ਬੋਲਣ ਲੱਗੀ ਤਾਂ ਮਾਤਾ ਜੀ ਨੇ ਕਿਹਾ, “ ਭਾਈ ਸਾਹਿਬ ਨੂੰ ਜਾ ਲੈਣ ਦਿਉ ਜਾ ਕੇ ਅਰਾਮ ਕਰਨ, ਤੁਸੀਂ ਸਾਰੀਆਂ ਕੱਲ ਨੂੰ ਹੋਣ ਵਾਲੇ ਦੀਵਾਨ ਵਿਚ ਜ਼ਰੂਰ ਪਹੁੰਚਿਉ, ਨਾਲ ਆਪਣੇ ਪਰਿਵਾਰਾਂ ਨੂੰ ਵੀ ਲੈ ਕੇ ਆਉਣਾ।”
“ ਮਾਤਾ ਜੀ ਦੀ ਬੇਨਤੀ ਜ਼ਰੂਰ ਪਰਵਾਨ ਕਰਨੀ।” ਜਾਂਦੇ ਹੋਏ ਰਾਗੀ ਸਿੰਘ ਨੇ ਕਿਹਾ, “ ਕੱਲ੍ਹ ਨੂੰ ਸਮੇਂ ਸਿਰ ਕੀਰਤਨ-ਕਥਾ ਸੁੱਨਣ ਲਈ ਪਰਿਵਾਰਾਂ ਸਮੇਤ ਪਹੁੰਚਣਾ।”
ਮਨਦੀਪ ਨੇ ਘਰ ਜਾ ਕੇ ਆਪਣੇ ਸੱਸ- ਸਹੁਰੇ ਨੂੰ ਦੱਸ ਦਿੱਤਾ, “ ਪਿਤਾ ਜੀ, ਕੱਲ੍ਹ ਨੂੰ ਸਵੇਰੇ ਹੀ ਤਿਆਰ ਹੋ ਜਾਇਉ, ਗੁਰੂ ਘਰ ਨੂੰ ਚੱਲਣਾ ਹੈ।”
“ ਕੋਈ ਸਪੈਸ਼ਲ ਪ੍ਰੋਗਰਾਮ ਹੈ।” ਕੋਲ ਬੈਠੇ ਉਸ ਦੇ ਪਤੀ ਨੇ ਪੁੱਛਿਆ, “ ਕਿਸੇ ਰਿਸ਼ਤੇਦਾਰ ਵਲੋਂ ਲੰਗਰ ਆ?”
“ ਰਾਗੀ ਸਿੰਘ ਬਹੁਤ ਸੁਹਣਾ ਕੀਰਤਨ ਕਰਦੇ ਨੇ।” ਸਾਰੀ ਗੱਲ ਦੱਸਣ ਦੀ ਥਾਂ ਮਨਦੀਪ ਨੇ ਇੰਨਾ ਹੀ ਕਿਹਾ, “ ਉਹਨਾਂ ਬੇਨਤੀ ਕੀਤੀ ਕਿ ਸਾਰੇ ਪ੍ਰੀਵਾਰ ਐਤਵਾਰ ਨੂੰ ਤਾਂ ਗੁਰਦੁਆਰੇ ਜ਼ਰੂਰ ਆਉਣ।”
“ ਮਾਤਾ ਜੀ ਨੇ ਵੀ ਆਪਣੇ ਨਾਲ ਹੀ ਜਾਣਾ ਹੈ।” ਪਤੀ ਨੇ ਪੁੱਛਿਆ, “ ਜੇ ਉਹਨੀ ਜਾਣਾ ਹੈ ਤਾਂ ਵੈਨ ਹੀ ਲੈ ਚੱਲਾਂਗੇ।”

“ ਮਾਤਾ ਜੀ ਵੀ ਸਾਡੇ ਨਾਲ ਹੀ ਜਾਣਗੇ।” ਮਨਦੀਪ ਨੇ ਕਿਹਾ, “ ਉਹਨਾ ਦੇ ਪੁੱਤਰ ਦੀ ਗਰੇਵ ਜਾਰਡ ਸ਼ਿਫਟ ਹੋ ਗਈ ਆ।”
“ ਆਹੋ ਕਾਕਾ, ਵੈਨ ਹੀ ਲੈ ਚੱਲੀ।” ਪਿਤਾ ਜੀ ਨੇ ਗੁਰੂ ਘਰ ਜਾਣ ਲਈ ਹਾਮੀ ਭਰਦੇ ਕਿਹਾ, “ਬੱਚਿਆਂ ਨੂੰ ਵੀ ਉਠਾਲ ਲਿਉ।”
ਮਨਦੀਪ ਨੇ ਆਪਣੇ ਨੇਮ ਅਨੁਸਾਰ ਸਵੇਰੇ ਹੀ ਉੱਠ ਕੇ ਘਰ ਦਾ ਕੰਮ ਮੁਕਾ ਲਿਆ ਨਾਲ ਬੱਚਿਆਂ ਨੂੰ ਵੀ ਤਿਆਰ ਕਰ ਲਿਆ। ਮਾਤਾ ਜੀ ਨੂੰ ਨਾਲ ਲੈ ਸਾਰਾ ਪ੍ਰੀਵਾਰ ਗੁਰਦੁਆਰੇ ਨੂੰ ਰਵਾਨਾ ਹੋ ਗਿਆ।

ਗੁਰਦੁਆਰੇ ਦੀ ਡਿਊੜੀ ਵਿਚ ਬਣੇ ਜੋੜੇ ਘਰ ਤੋਂ ਹੀ ਮਨਦੀਪ ਨੇ ਅੰਦਾਜ਼ਾ ਲਾ ਲਿਆ ਕਿ ਸੰਗਤ ਦਾ ਵਾਹਵਾ ਇਕੱਠ ਲੱਗਦਾ ਹੈ। ਸੰਗਤ ਨਾਲ ਭਰੇ ਦਰਬਾਰ ਵਿਚ ਮਨਦੀਪ ਆਪਣੀ ਸੱਸ ਅਤੇ ਮਾਤਾ ਜੀ ਨਾਲ ਬੈਠੀ ਹੀ ਸੀ ਕਿ ਰਾਗੀ ਸਿੰਘ ਵੀ ਸਟੇਜ਼ ਤੇ ਬਿਰਾਜ਼ਮਾਨ ਹੋਏ ਅਤੇ ਕੀਰਤਨ ਕਰਨਾ ਸ਼ੁਰੂ ਕੀਤਾ ‘ ਹਰਿ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ’ ਛੇਤੀ ਹੀ ਕੀਰਤਨ ਵਿਚ ਕਥਾ ਕਰਨੀ ਸ਼ੁਰੂ ਕਰ ਦਿੱਤੀ, “ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ, ਉਸ ਦੇ ਗੁਣ ਗਾਉਣ ਨਾਲ ਸੁੱਖਾ ਦੀ ਪ੍ਰਾਪਤੀ ਹੁੰਦੀ ਆ, ਗ੍ਰਹਿ ਮੰਦਰ ਬਣ ਜਾਂਦਾ ਹੈ। ਘਰ ਵਿਚ ਰਹਿਣ ਵਾਲੇ ਜੀਅ ਆਪਣੇ ਸੁਹਣੇ ਸੁਭਾਵਾਂ ਨਾਲ ਘਰ ਦਾ ਮਾਹੌਲ ਵਧੀਆ ਉਸਾਰ ਸਕਦੇ ਨੇ।
ਪਿਆਰੀ ਸਾਧ-ਸੰਗਤ ਜੀਉ, ਅਸੀਂ ਹਮੇਸ਼ਾਂ ਹੀ  ਬੇਨਤੀ ਕਰਦੇ ਹਾਂ ਕਿ ਘਰਾਂ ਵਿਚ ਸਤ-ਸੰਤੋਖ ਨਾਲ ਜੀਵਨ ਬਸਰ ਕਰੋ, ਭਾਵ ਪ੍ਰੀਵਾਰ ਮਿਲ-ਜੁਲ ਕੇ,ਪ੍ਰਮਾਤਮਾ ਵਲੋਂ ਮਿਲੀ ਜ਼ਿੰਦਗੀ ਦਾ ਅਨੰਦ ਉਠਾਵੇ, ਜਿੱਥੇ ਛੋਟੇ ਵੱਡਿਆਂ ਦਾ ਸਤਿਕਾਰ ਕਰਨ, ਉੱਥੇ ਵੱਡੇ ਵੀ ਆਪਣੇ ਵੱਡੇ ਹੋਣ ਦੀ ਹਊਮੇ ਨੂੰ ਤਿਆਗ ਕੇ ਛੋਟਿਆਂ ਨੂੰ ਪਿਆਰ ਕਰਨ, ਸੁਭਾਵਾਂ ਵਿਚ ਫਰਕ ਜ਼ਰੂਰ ਹੁੰਦਾ ਹੈ,  ‘ ਮੇਰੇ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸੀ ਜੇਹਾ ਉਪਾਇਆ॥ ਪਰ ਪਿਆਰ ਨਾਲ ਰਹੋਗੇ  ਤਾਂ ਸਭ ਦੇ ਸੁਭਾਅ ਸੁਹਣੇ ਲੱਗਣਗੇ । ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਵਿਆਹ ਕੇ ਲਿਆਂਦੀ ਨੂੰਹ ਨੂੰ ਧੀ ਸਮਝਣ, ਜਦੋਂ ਤੁਸੀ ਢਿੱਲੇ-ਮੱਠੇ ਹੁੰਦੇ ਹੋ ਤਾਂ ਨੂੰਹ ਹੀ ਤੁਹਾਡੇ ਕੋਲ ਹੁੰਦੀ ਹੈ, ਧੀ ਤਾਂ ਆਪਣੇ ਘਰ ਹੁੰਦੀ ਆ, ਜੇ ਤੁਸੀ ਨੂੰਹ ਨੂੰ ਧੀਆਂ ਵਰਗਾ ਪਿਆਰ ਦੇਵੋਗੇ ਤਾਂ ਉਹ ਵੀ ਤੁਹਾਨੂੰ ਆਪਣੇ ਮਾਪੇ ਜਾਣੇਗੀ, ਗੁਰੂ ਪਿਆਰੀ ਸਾਧ-ਸੰਗਤ ਜੀ, ਗ੍ਰਹਿਸਥੀ ਧਰਮ ਸਿੱਖਾਂ ਲਈ ਵੱਡਾ ਧਰਮ ਹੈ, ਜੇ ਘਰ ਵਿਚ ਕੋਈ ਬਿਮਾਰ- ਠੁਮਾਰ ਹੋ ਜਾਂਦਾ ਹੈ ਤਾਂ ਦੋਹਾਂ ਪਾਸਿਆਂ ਦਾ ਫਰਜ਼ ਹੈ ਇਕ-ਦੂਜੇ ਦੀ ਦੇਖ-ਭਾਲ ਕਰਨ,  ਹਮੇਸ਼ਾ ਹੀ ਇਕ- ਦੂਜੇ ਨੂੰ ਸੁੱਖ ਦੇਣ ਦਾ ਸੋਚੋਂਗੇ ਤਾਂ ਘਰ ਵਿਚ ਬਹਾਰਾਂ ਆਪਣੇ- ਆਪ ਆ ਜਾਣਗੀਆਂ। ਕਥਾ ਵਾਚਕ, ਅਖਬਾਰਾਂ ਵਿਚਲੇ ਲੇਖ ਆਮ ਹੀ ਗੱਲ ਕਰਦੇ ਨੇ ਬੱਚਿਆਂ ਦੇ ਮਾਪਿਆਂ ਪ੍ਰਤੀ ਕੀ ਫਰਜ਼ ਹਨ। ਮਾਪਿਆਂ ਨੂੰ ਬੱਚਿਆਂ ਪ੍ਰਤੀ ਕਿਹੋ ਜਿਹਾ ਰੱਵਈਆ ਅਪਨਾਉਣਾ ਚਾਹੀਦਾ ਹੈ, ਉਸ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ। ਘਰ ਵਿਚ ਮਹਿਮਾਨ ਆ ਜਾਵੇ ਚਾਹੇ ਉਹ ਸੱਸ ਦਾ ਰਿਸ਼ਤੇਦਾਰ ਹੈ ਜਾਂ ਨੂੰਹ ਦਾ ਉਸ ਦੀ ਸੇਵਾ ਵਿਚ ਭੇਦ-ਭਾਵ ਨਹੀ ਹੋਣਾ ਚਾਹੀਦਾ। ਘਰ ਦੇ ਖਰਚੇ ਮਿਲ-ਜੁਲ ਕੇ ਉਠਾਉ, ਇਕ ਦੇ ਸਿਰ ਤੇ ਭਾਰ ਪਵੇਗਾ ਤਾਂ ਉਹ ਭਾਰ ਥੱਲੇ ਹੀ ਦੱਬ ਕੇ ਰਹਿ ਜਾਵੇਗਾ।
ਰਾਗੀ ਸਿੰਘ ਨੇ ਹੋਰ ਵੀ ਬਹੁਤ ਇਸ ਤਰਾਂ ਦੀਆਂ ਗੱਲਾਂ ਕੀਤੀਆਂ ਜੋ ਸਾਰੀ ਸੰਗਤ ਨੇ ਧਿਆਨ ਨਾਲ ਸੁਣੀਆਂ। ਬੀਬੀਆਂ ਦੇ ਮੁਸਕ੍ਰਾਉਂਦੇ ਚਿਹਰੇ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ ਉਹਨਾਂ ਨੇ ਕਥਾ ਦਾ ਅਨੰਦ ੳਠਾਇਆ। ਬਹੁਤ ਸਾਰੀ ਸੰਗਤ ਨੇ ਪਿਆਰ ਨਾਲ ਰਾਗੀ ਸਿੰਘ ਨੂੰ ਕੀਰਤਨ ਭੇਟਾ ਅਰਪਣ ਕੀਤੀ।
ਮਨਦੀਪ ਨੂੰ ਲੰਗਰ ਹਾਲ ਵਿਚ ਜਿੱਥੇ  ਸਭ ਸੰਗਤਾਂ ਖਿੜੇ ਚਿਹਰਿਆਂ ਵਿਚ ਸ਼ਰਧਾ ਨਾਲ ਲੰਗਰ ਛੱਕਦੀਆਂ ਨਜ਼ਰ ਆਈਆਂ, ਉੱਥੇ ਉਸ ਨੂੰ ਆਪਣੀ ਸੱਸ ਦਾ ਚਿਹਰਾ ਮੁਸਕ੍ਰਾਟ ਤੋਂ ਬਿਨਾਂ ਦਿਸਿਆ।
ਲੰਗਰ ਛੱਕ ਕੇ ਘਰ ਨੂੰ ਜਾਣ ਲਈ ਮਨਦੀਪ ਦਾ ਪ੍ਰੀਵਾਰ ਅਜੇ ਵੈਨ ਵਿਚ ਬੈਠਿਆ ਹੀ ਸੀ ਕਿ ਉਸ ਦੀ ਸੱਸ ਨੇ ਗੱਲ ਛੇੜ ਲਈ, “ ਰਾਗੀ ਸਿੰਘ ਦਾ ਭਾਸ਼ਨ ਸਨਾਉਣ ਲਈ ਹੀ ਸਾਨੂੰ ਗੁਰਦੁਆਰੇ ਲੈ ਕੇ ਆਈ ਸੀ।” ਮਨਦੀਪ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੇ ਸਹੁਰੇ ਨੇ ਜ਼ਵਾਬ ਦਿੱਤਾ, “ ਪਿੱਛਲੀ ਵਾਰੀ ਜਦੋਂ ਆਪਾਂ ਗੁਰਦੁਆਰੇ ਆਏ ਸੀ ਤਾਂ ਕਥਾ ਵਾਚਕ ਭਾਈ ਅਵਤਾਰ ਸਿੰਘ ਨੇ ਸਾਰੀ ਕਥਾ ਨੂੰਹਾਂ ਪੁੱਤਾਂ ਤੇ ਹੀ ਕੀਤੀ ਸੀ। ਉਸ ਦਿਨ ਗੁਰੂ ਘਰ ਜਾਣ ਨੂੰ ਕਿਹਾ ਵੀ ਤੂੰ ਹੀ ਸੀ, ਪਰ ਮਨਦੀਪ ਪੁੱਤਰ ਨੇ ਤੈਨੂੰ ਪੁੱਛਿਆ ਨਹੀ ਸੀ ਕਿ ਤੂੰ ਉਸ ਨੂੰ ਜਾਣ ਕੇ ਲਿਆਈ ਆ। ਉਹ ਵੀ ਇਤਫਾਕ ਸੀ ਅਤੇ ਇਹ ਵੀ ਇਤਫਾਕ ਆ,ਰਾਗੀ ਸਿੰਘ ਦੀਆਂ ਗੱਲਾਂ ਨੂੰ ਪੱਲੇ ਬੰਨ, ਆ ਨੀ ਲੜਾਈਏ ਮੇਰੇ ਵਿਹੜੇ ਵਿਚ ਦੀ ਲੰਘ ਕੇ ਜਾਹ, ਵਾਲੀਆਂ ਗੱਲਾਂ ਛੱਡ ਦੇਹ।”
ਆਪਣੇ ਸਹੁਰੇ ਸਾਹਿਬ ਦੇ ਮੂੰਹ ਵਿੱਚੋਂ ਪਹਿਲੀ ਵਾਰੀ ਆਪਣੇ ਆਪ ਨੂੰ ਪੁੱਤ ਸੁਣ ਕੇ ਮਨਦੀਪ ਨੂੰ ਚਾਅ ਚੜ੍ਹ ਗਿਆ।
“ ਵੀਰਾ, ਤੇਰੀ ਗੱਲ ਸੋਲਾਂ ਆਨੇ ਠੀਕ ਆ।” ਮਾਤਾ ਜੀ ਨੇ ਪਹਿਲੇ ਦਿਨ ਵਾਲੀ ਗੱਲ-ਬਾਤ ਨੂੰ ਲੁਕੋਉਂਦਿਆਂ ਆਖਿਆ, “ ਜੋ ਕੁੱਝ ਵੀ ਹੋਇਆ ਸਭ ਰੱਬ ਦੇ ਹੁਕਮ ਵਿਚ ਹੀ ਹੋਇਆ।”
“ ਪਿਤਾ ਜੀ ਤੁਸੀ ਅੱਜ ਪਹਿਲੀ ਵਾਰੀ ਮੇਰੇ ਵੱਲ ਦੀ ਗੱਲ ਇੰਨੇ ਪਿਆਰ ਨਾਲ ਕੀਤੀ, ਮੈਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ।” ਮਨਦੀਪ ਨੇ ਕਿਹਾ, “ ਉਮੀਦ ਹੈ ਹੌਲੀ ਹੌਲੀ ਤੁਸੀ ਬੀਬੀ ਜੀ ਨੂੰ ਬਦਲ ਲਉਗੇਂ।”
“ ਨਾਲੇ ਚੋਪੜੀਆਂ ਨਾਲੇ ਦੋ ਦੋ ਭਾਲਦੀ ਏ।” ਮਨਦੀਪ ਦੇ ਪਤੀ ਨੇ ਹੱਸਦੇ ਹੋਏ ਕਿਹਾ, “ ਵੈਸੇ ਬੀਬੀ ਵੀ ਬਦਲ ਗਈ ਲੱਗਦੀ ਆ, ਜਿਹੜੀ ਅਜੇ ਤੱਕ ਕੁੱਝ ਬੋਲੀ ਨਹੀ, ਨਹੀ ਤਾਂ ਹੁਣ ਨੂੰ…।”
ਮਨਦੀਪ ਦੀ ਗੱਲ ਸੁਣ ਕੇ ਜਿੱਥੇ ਬਾਕੀ ਹੱਸੇ ਉੱਥੇ ਉਸ ਦੀ ਸੱਸ ਵੀ ਨਾਲ ਹੀ ਹੱਸੀ। ਉਸ ਨੂੰ ਹੱਸਦੇ ਦੇਖ ਕੇ ਮਨਦੀਪ ਨੂੰ ਲੱਗਾ ਜਿਸ ਮੰਤਵ ਵਿਚ ਉਹ ਇੰਨੇ ਸਾਲਾਂ ਵਿਚ ਅਸਫਲ ਰਹੀ ਅੱਜ ਉਸੇ ਹੀ ਮਾਮਲੇ ਵਿਚ ਉਸ ਨੂੰ ਸਫਲਤਾ ਮਿਲ ਗਈ ਹੋਵੇ।

ਆਦਤਾਂ ਨਹੀਂ ਜਾਂਦੀਆਂ

$
0
0

“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਪਈ ਹੋਈ ਹੈ। ਦੇਸ਼ ਵਿੱਚ ਕੰਮ ਤੋਂ ਘਰ ਆਉਂਦਾ ਸੀ ਤਾਂ ਸ਼ਰਾਬ ਨਾਲ ਰੱਜਿਆ ਹੀ ਆਉਂਦਾ ਸੀ। ਮਾਤਾ ਇਸੇ ਦੇ ਦੁੱਖਾਂ ਤੋਂ ਤੰਗ ਆ ਗਈ ਸੀ।” ਜਗਦੀਪ ਨੇ ਅਪਣੀ ਪਤਨੀ, ਪ੍ਰਭਰੀਤ ਨੂੰ ਅਪਣੇ ਕੋਲ ਬੈਠਾ ਕੇ ਯਾਦ ਕਰਵਾਇਆ।

“ ਮੈਨੂੰ ਕੀ ਪਤਾ ਸੀ ਕਿ ਡੈਡੀ ਸਟੋਰ ਵਿੱਚ ਹੀ ਬੋਤਲਾਂ ਖੋਹਲ ਖੋਹਲ ਪੀਣ ਲਗ ਪਵੇਗਾ। ਉਸ ਨੂੰ ਮੈਂ ਕੁੱਝ ਕਹਿ ਵੀ ਨਹੀਂ ਸਕਦੀ। ਬਹੁਤ ਅੱਖੜ ਸੁਭਾ ਦਾ ਹੈ।” ਪ੍ਰਭਰੀਤ ਨੇ ਅਪਣੀ ਮਜਬੂਰੀ ਪ੍ਰਗਟ ਕੀਤੀ।

“ ਮੈਂ ਸੋਚ ਰਿਹਾ ਹਾਂ ਕਿ ਅੱਜ ਉਸ ਨੂੰ ਨੌਕਰੀ ਤੋਂ ਹਟਾ ਹੀ ਦਿਆਂ।”

“ ਫੇਰ ਉਹ ਕਿੱਥੇ ਜਾਵੇਗਾ? ਅੰਗ੍ਰੇਜ਼ੀ ਚੰਗੀ ਤਰ੍ਹਾਂ ਤਾਂ ਬੋਲ ਨਹੀਂ ਸਕਦਾ ਅਜੇ। ਲਿੱਕਰ ਸਟੋਰ ਤੇ ਤਾਂ ਕਾਉਂਟਰ ਤੇ ਕੁੜੀ ਖਲੋਤੀ ਐ। ਬੋਲਣ ਦਾ ਕੰਮ ਉਹ ਸੰਭਾਲ ਲੈਂਦੀ ਐ। ਇਹ ਬਕਸੇ ਖੋਹਲਣ ਦਾ ਅਤੇ ਹੋਰ ਬੋਝ ਭਾਰ ਦਾ ਕੰਮ ਕਰ ਲੈਂਦਾ ਹੈ।” ਵਹੁਟੀ ਦੀ ਮਜਬੂਰੀ ਜਗਦੀਪ ਸਮਝਦਾ ਸੀ।

“ ਤੂੰ ਇੱਕ ਭਲਾ ਕੰਮ ਤੇ ਕਰ ਸਕਦੀ ਏਂ। ਉਸ ਨੂੰ ਸਮਝਾ ਕਿ ਜਿੰਨੀ ਪੀਣੀ ਐਂ ਘਰ ਬੈਠ ਕੇ ਪੀਆ ਕਰੇ। ਸਟੋਰ ਵਿੱਚਲੇ ਸਟਾਕ ਵਿੱਚ ਕੋਈ ਹੇਰਾ ਫੇਰੀ ਨਾ ਕਰੇ। ਘਰ ਪੀਏਗਾ ਤਾਂ ਸਸਤਾ ਵੀ ਪਵੇਗਾ।” ਜਗਦੀਪ ਨੇ ਪਿਆਰ ਨਾਲ ਸੁਝਾਵ ਦਿੱਤਾ। ਜਗਦੀਪ ਪਿਓ ਧੀ ਦੀ ਆਹਮੋ ਸਾਹਮਣੇ ਗੱਲ ਬਾਤ ਕਰਵਾਉਣ ਦਾ ਚਾਹਵਾਨ ਸੀ।

ਹੁਣ ਜਗਦੀਪ ਨੇ ਸਟੋਰ ਤੇ ਨਿਗਾਹ ਵਧਾ ਦਿੱਤੀ। ਵੇਲੇ ਕੁਵੇਲੇ ਆ ਕੇ ਟਰੱਕ ਪਾਰਕ ਕਰਕੇ ਸਟੋਰ ਵਿੱਚ ਆ ਖਲੋਂਦਾ। ਅੱਜ ਬੜਾ ਅਚੰਬਿਤ ਨਜ਼ਾਰਾ ਨਜ਼ਰ ਪਿਆ। ਕੁੜੀ ਜੋ ਕਾਉਂਟਰ ਤੇ ਹੋਣੀ ਚਾਹੀਦੀ ਸੀ, ਸਟੋਰ ਦੀ ਪਿਛਲੀ ਲੇਨ ਵਿੱਚ, ਡੈਡੀ ਨਾਲ ਲਿਪਟੀ ਹੋਈ ਸੀ। ਡੈਡੀ ਸੁਨੱਖਾ ਸੀ, ਸੁਡੌਲ ਸੀ, ਪਚਵੰਜਾ ਦਾ ਤਾਂ ਹੋਣਾ ਈ ਐਂ ਪਰ ਲਗਦਾ ਪੰਤਾਲੀਆਂ ਦੇ ਗੇੜ ਦਾ ਹੀ ਸੀ। ਕੁੜੀ ਦਾ ਦਿਲ ਆ ਗਿਆ ਹੋਣਾ ਐਂ, ਸੁਭਾਵਕ ਹੀ ਸੀ। ਕੁੜੀ ਵੇਖ ਕੇ ਕਾਉਂਟਰ ਤੇ ਆ ਗਈ। ਪਰ ਡੈਡੀ ਕਿਤੇ ਪਿੱਛੇ ਹੀ ਛਾਈਂ ਮਾਂਈਂ ਹੋ ਗਿਆ। ਜਗਦੀਪ ਵੀ ਪਾਸਾ ਵੱਟ ਗਿਆ। ਉਸ ਦੀ ਡੈਡੀ ਨੂੰ ਪ੍ਰੇਸ਼ਾਨ ਕਰਨ ਦੀ ਇੱਛਾ ਨਹੀਂ ਸੀ।

ਕੁੜੀ ਨੇ ਹੈਲੋ ਆਖੀ ਤੇ ਕਿਹਾ,“ ਤੇਰਾ ਡੈਡੀ ਵਧੀਆ ਬੰਦਾ ਹੈ।”

ਜਗਦੀਪ ਨੇ ਵੀ ਰਸਮ ਪੂਰੀ ਕੀਤੀ ਅਤੇ ਜੁਆਬ ਦਿੱਤਾ,“ ਹਾਂ, ਬਹੁਤ ਵਧੀਆ ਨੇ ਡੈਡੀ।”

ਡੈਡੀ ਵੀ ਸਮਝ ਗਿਆ। ਹੁਣ ਸ਼ਰਾਬ ਪੀਣੀ ਘਟ ਗਈ। ਸ਼ਾਇਦ ਧੀ ਨਾਲ ਗੱਲ ਹੋਈ ਹੋਵੇ। ਇੱਕ ਦਿਨ ਅਚਾਨਕ ਪਹੁੰਚਿਆਂ ਜਗਦੀਪ ਨੂੰ ਡੈਡੀ ਬੀਅਰ ਪੀਂਦਾ ਨਜ਼ਰ ਆਇਆ। ਜਗਦੀਪ ਨੇ ਅਰਜ਼ ਕੀਤੀ,“ ਡੈਡੀ ਸਟੋਰ ਵਿੱਚ ਸ਼ਰਾਬ ਨਹੀਂ ਪੀਣੀ ਚਾਹੀਦੀ। ਜੇ ਕਦੇ ਆਉਟ ਹੋ ਗਿਆ ਤਾ ਪੁਲਿਸ ਹੀ ਨਾ ਕੋਈ ਕਾਰਾ ਕਰ ਦਵੇ।”

“ ਹਾਂ ਪੁੱਤਰ ਤੇਰਾ ਵਿਚਾਰ ਠੀਕ ਹੈ। ਅੱਜ ਮੈਂ ਅਜੇ ਕੁੱਝ ਖਾਧਾ ਨਹੀਂ। ਖੋਹ ਜਿਹੀ ਲਗੀ ਹੋਈ ਸੀ। ਬੱਸ ਇੱਕ ਨਿੱਕੀ ਜਿਹੀ ਬੀਅਰ ਨਾਲ ਪੇਟ ਠੀਕ ਹੋ ਜਾਂਦਾ ਹੈ। ਹੁਣ ਘੜੀ ਕੰਮ ਤੇ ਸਹੀ ਬੀਤੇਗੀ।” ਡੈਡੀ ਬੋਲਿਆ।

ਜਗਦੀਪ ਕੁੜੀ ਨੂੰ ਬਾਈ ਬਾਈ ਬੋਲ ਚਲਾ ਗਿਆ।

ਇੱਕ ਦਿਨ ਜਦੋਂ ਜਗਦੀਪ ਸਟੋਰ ਦੇ ਅੰਦਰ ਜਾ ਰਿਹਾ ਸੀ, ਕਾਉਂਟਰ ਗਰਲ ਸਟੋਰ ਤੋਂ ਬਾਹਰ ਆ ਰਹੀ ਸੀ।  ਹੱਥ ਵਿੱਚ ਵਿਸਕੀ ਦੀ ਬੋਤਲ, ਕੋਕ ਦੀ ਕਰੇਟ ਅਤੇ ਥੌੜ੍ਹੇ ਚਿਪਸ ਚੁੱਕੇ ਹੋਏ ਸਨ। ਜਗਦੀਪ ਨੇ ਹੈਲੋ ਕੀਤੀ। ਕੁੜੀ ਖਲੋ ਗਈ ਅਤੇ ਬੋਲੀ,“ ਤੇਰੇ ਡੈਡੀ ਨੇ ਤੋਹਫਾ ਦਿੱਤਾ ਹੈ। ਮੇਰਾ ਬਰਥ ਡੇ ਹੈ ਕੱਲ੍ਹ ਨੂੰ। ਕਿੰਨਾ ਚੰਗਾ ਐ ਤੇਰਾ ਡੈਡੀ। ਕਾਰ ‘ਚ ਰੱਖ ਕੇ ਵਾਪਸ ਆਉਂਦੀ ਆਂ।”

ਬੋਤਲ ਪੱਚੀ ਡਾਲਰ ਦੀ, ਕੋਕ ਦੇ ਬਾਰਾਂ ਕੈਨ ਅੱਠ ਦੇ ਅਤੇ ਚਿੱਪਸ ਪੰਜ ਦੇ। ਡੈਡੀ ਨੇ  ਲਗ ਭਗ ਚਾਲੀਆਂ ਨੂੰ ਥੁੱਕ ਲਗਾ ਦਿੱਤਾ। ਡੈਡੀ ਦਾ ਇਸ਼ਕ ਕਿਵੇਂ ਟਿਕਣ ਦੇਵੇ। ਕਾਰ ਚਲਾਉਣ ਦਾ ਤਾਂ ਮਾਹਰ ਹੋ ਗਿਆ। ਕਿਤੇ ਕੁੜੀ ਦੇ ਘਰ ਵੀ ਗੇੜਾ ਨਾ ਮਾਰਦਾ ਹੋਵੇ। ਮਨ ਵਿੱਚ ਕਈ ਹੋਰ ਖਿਆਲ ਵਸਾ ਸਟੋਰ ਵਿੱਚ ਚਲਾ ਗਿਆ ਅਤੇ ਕਾਉਂਟਰ ਤੇ ਖਲੋ ਗਿਆ। ਡੈਡੀ ਨਾਲ ਗੱਲਾਂ ਕਰਨ ਲਗ ਪਿਆ।

“ ਪੁੱਤਰ ਤੂੰ ਘਰ ਜਾ ਕੇ ਆਰਾਮ ਕਰ ਲੈਣਾ ਸੀ। ਕਾਉਂਟਰ ਤੇ ਮੈਂ ਖਲੋ ਜਾਵਾਂਗਾ। ਕੁੜੀ ਨੇ ਮੈਨੂੰ ਵੀ ਸਿਖਾ ਦਿੱਤੀ ਐ ਪੈਸੇ ਲੈਣ ਦੀ ਵਿਧੀ।” ਡੈਡੀ ਨੇ ਕਿਹਾ।

“ ਹਾਂ ਡੈਡੀ ਮੈਂ ਜਾ ਹੀ ਰਿਹਾ ਹਾਂ। ਖਿਆਲ ਰੱਖਣਾ। ਅਸੀਂ ਅੱਜ ਕਿਸੇ ਦੇ ਘਰ ਜਾ ਰਹੇ ਹਾਂ।”  ਬੋਲ ਕੇ ਜਾਣ ਲਗਿਆ, ਅਾਪਣੇ ਹੱਥ ਵਿੱਚ ਫੜਿਆ ਪੇਪਰ ਟਰੈਸ਼ ਕੈਨ ਵਿੱਚ ਸੁੱਟਣ ਲਈ, ਜ਼ਰਾ ਝੁਕਿਆ। ਨਿਗਾਹ ਕੈਨ ਵਿੱਚ ਪਏ ਲੌਟਰੀ ਦੇ ਸਕ੍ਰੈਚ ਕਰੇ ਹੋਏ ਕਈ ਟਿਕਟਾਂ ਤੇ ਪਈ। ਪਹਿਲਾ ਸ਼ੱਕ ਡੈਡੀ ਤੇ ਹੀ ਪਿਆ।  ਸੋਚਿਆ ਕਿ ਕੱਲ੍ਹ ਕਾਉਂਟਰ ਕੁੜੀ ਨੂੰ ਹੀ ਪੁੱਛਣਾ ਸਹੀ ਹੋਵੇਗਾ। ਡੈਡੀ ਤੋਂ ਪੁੱਛਣਾ ਠੀਕ ਨਹੀਂ। ਆਮ ਤੌਰ ਤੇ ਕੈਨ ਵਿੱਚ ਐਨੇ ਟਿਕਟ ਨਹੀਂ ਹੁੰਦੇ।

ਅਗਲੇ ਦਿਨ ਕੁੜੀ ਨੇ ਦੱਸਿਆ,“ ਤੇਰੇ ਡੈਡੀ ਨੂੰ ਇਹ ਖੇਡ ਬਹੁਤ ਪਸੰਦ ਹੈ। ਦਿਨ ਵਿੱਚ ਚਾਰ ਪੰਜ ਟਿਕਟ ਰਗੜ ਦਿੰਦਾ ਹੈ। ਜਿੱਤ ਦੇ ਡਾਲਰ ਖੁਸ਼ ਹੋ ਕੇ ਮੰਗਦਾ ਹੈ।” ਕੁੜੀ ਨੂੰ ਝੂਠ ਬੋਲਣ ਦੀ ਲੋੜ ਨਹੀਂ ਪਈ।

ਜਗਦੀਪ ਨੇ ਪਿਛਲੇ ਕਈ ਮਹੀਨਿਆਂ ਦਾ ਹਿਸਾਬ ਚੈਕ ਕੀਤਾ। ਬਹੁਤ ਘਾਟਾ ਨਜ਼ਰ ਆਇਆ। ਪਤਾ ਨਹੀਂ ਕਿੰਨੇ ਕੁ ਟਿਕਟ ਸਕ੍ਰੈਚ ਕੀਤੇ ਹੋਣਗੇ। ਨੌਕਰੀ ਤੋਂ ਤਾਂ ਹਟਾਉਣਾ ਹੀ ਪਵੇਗਾ।

ਘਰ ਆ ਕੇ ਜਗਦੀਪ ਨੇ ਪ੍ਰਭਰੀਤ ਨੂੰ ਕਿਹਾ,“ ਡੈਡੀ ਨੇ ਤਾਂ ਇੱਕ ਨਵਾਂ ਹੀ ਚੰਨ ਚੜ੍ਹਾਇਆ ਹੋਇਆ ਹੈ। ਲੌਟਰੀ ਦੀਆਂ ਟਿਕਟਾਂ ਰਗੜ ਰਗੜ ਕੇ ਟਰੈਸ਼ ਕੈਨ ਵਿੱਚ ਸੁਟੀ ਜਾਂਦਾ ਹੈ। ਜਿੱਤੇ ਹੋਏ ਡਾਲਰ ਵੀ ਖਪਤ ਕਰੀ ਜਾਂਦਾ ਐ। ਹੁਣ ਨੌਕਰੀ ਤੋਂ ਹੀ ਕੱਢ ਦੇਣਾ ਐ। ਤੇਰੇ ਭਰਾ ਨੂੰ ਵਧੀਆ ਨੌਕਰੀ ਮਿਲ ਗਈ ਐ ਓਥੇ ਹੀ ਭੇਜ ਦੇਂਦੇ ਆਂ। ਟਰੱਕ ਤਾਂ ਚਲਾ ਹੀ ਲੈਂਦਾ ਹੈ। ਹਜ਼ਾਰ ਡਾਲਰ ਡਾਉਨ ਪੇਮੈਂਟ ਦੇ ਕੇ ਤੋਰਾਂਗੇ। ਟਰੱਕ ਖਰੀਦ ਲਵੇਗਾ। ਚਲਾਏਗਾ ਖੁਸ਼ ਰਹੇਗਾ। ਸੱਤਰ ਮੀਲ ਹੀ ਤਾਂ ਦੂਰ ਹੈ। ਮਿਲ ਆਇਆ ਕਰਾਂਗੇ ਜਦੋਂ ਤੇਰਾ ਦਿਲ ਕਰੂ।”

“ ਫੈਸਲਾ ਤਾਂ ਠੀਕ ਹੀ ਹੈ। ਡੈਡੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਟਿਕਟਾਂ ਦਾ ਹਿਸਾਬ ਵੀ ਸਾਨੂੰ ਦੇਣਾ ਪੈਂਦਾ ਐ। ਐਦਾਂ ਤਾਂ ਅਸਂ ਵੀ ਲੁਟੇ ਜਾਵਾਂਗੇ।” ਪ੍ਰਭਰੀਤ ਉਦਾਸ ਹੋ ਗਈ।

“ ਉਸ ਨੂੰ ਸਭ ਪਤਾ ਐ। ਦਸਵੀਂ ਪਾਸ ਐ। ਅਨਪੜ੍ਹ ਨਹੀਂ।”

“ ਕੱਲ੍ਹ ਗੱਲ ਕਰ ਲੈਂਦੇ ਆਂ।”

“ ਨਹੀਂ ਪਹਿਲਾਂ ਤੇਰੇ ਭਰਾ ਨੂੰ ਸੱਦ ਲੈਂਦੇ ਆਂ। ਇਕੱਠੇ ਬੈਠ ਕੇ ਗੱਲ ਸੁਲਝਾ ਲਵਾਂਗੇ। ਫੇਰ ਪਿਉ ਪੁੱਤਰ ਇਕੱਠੇ ਹੀ ਚਲੇ ਜਾਣਗੇ।”

ਇੱਕ ਦਿਨ ਪਰਿਵਾਰ ਦੀ ਮੀਟਿੰਗ ਹੋਈ। ਪੁੱਤਰ ਨੇ ਪਿਉ ਨੂੰ ਅਪਣੇ ਨਾਲ ਲੈ ਜਾਣਾ ਮੰਨ ਲਿਆ। ਹਜ਼ਾਰ ਡਾਲਰ ਦਾ ਚੈਕ ਲੈ ਕੇ ਪਿਉ ਪੁੱਤਰ ਅਲਵਿਦਾ ਕਹਿ,  ਖੁਸੀ ਖੁਸ਼ੀ ਚਲੇ ਗਏ। ਪ੍ਰਭਰੀਤ ਕਈ ਦਿਨ ਉਦਾਸ ਰਹੀ ਪਰ ਛੇਤੀ ਹੀ ਠੀਕ ਵੀ ਹੋ ਗਈ।

ਮਹੀਨੇ ਕੁ ਬਾਦ ਭੈਣ ਦੇ ਭਰਾ ਦਾ ਫੋਨ ਆਇਆ। ਜਗਦੀਪ ਨੇ ਚੁੱਕਿਆ। ਉਸ ਦੀ ਗੱਲ ਸੁਣੀ। ਕਹਿ ਰਿਹਾ ਸੀ,“ ਜੀਜਾ ਜੀ, ਟਰੱਕ ਦਾ ਸੌਦਾ ਤਾਂ ਕਰ ਲਿਆ ਪਰ ਕਿਸੇ ਇੱਕ ਹੋਰ ਬੰਦੇ ਦੀ ਜਾਮਨੀ ਚਾਹੀਦੀ ਹੈ। ਤੁਸੀਂ ਮਿਹਰਬਾਨੀ ਕਰ ਦਿਓ ਵਧੀਆ ਹੋਵੇਗਾ ਅਤੇ ਡੈਡੀ ਟਰੱਕ ਚਲਾਉਣ ਲਗ ਪੈਣਗੇ। ਮੇਰੇ ਕੋਲ ਅਜੇ ਵਧੀਆ ਕ੍ਰੈਡਿਟ ਰਿਕੌਰਡ ਨਹੀਂ।”

“ ਇੱਕ ਹੋਰ ਮੁਸੀਬਤ। ਜਾਮਨ ਵੀ ਕਈ ਵੇਰ ਰਗੜੇ ਜਾਂਦੇ ਨੇ। ਪ੍ਰਭਰੀਤ ਨਾਲ ਗੱਲ ਕਰ ਲੈਣੀ ਚਾਹੀਦੀ ਹੈ।” ਮਨ ਹੀ ਮਨ ਕਈ ਵਿਚਾਰ ਆਏ।

ਨਾਸ਼ਤਾ ਕਰਨ ਵੇਲੇ ਪ੍ਰਭਰੀਤ ਨੇ ਆਪ ਹੀ ਪੁੱਛ ਲਿਆ। “ ਵੀਰੇ ਨੇ ਕੀ ਕਿਹਾ ਸੀ? ਤੁਸੀਂ ਦੱਸਿਆ ਨਹੀਂ।”

“ ਟਰੱਕ ਦਾ ਸੌਦਾ ਕਰ ਲਿਆ ਹੈ। ਜਾਮਨ ਚਾਹੀਦਾ ਹੈ। ਮੈਨੂੰ ਇਹ ਜਿ਼ਮੇਵਾਰੀ ਦੇ ਰਿਹਾ ਸੀ।”

“ ਕਾਉਂਟਰ ਸਾਈਨ ਤਾਂ ਅਸੀਂ ਕਰ ਹੀ ਸਕਦੇ ਆਂ। ਉਧਾਰ ਤਾਂ ਡੈਡੀ ਲਾਹ ਹੀ ਦੇਣਗੇ।”

“ ਠੀਕ ਐ।” ਜਗਦੀਪ ਨੇ ਕਿਹਾ।

ਅਗਲੇ ਦਿਨ ਕਾਰ ਵਿੱਚ ਗੈਸ ਭਰਵਾ ਕੇ, ਡੈਡੀ ਦਾ ਬਿਜ਼ਨਸ ਚਾਲੂ ਕਰਨ ਦੇ ਸ਼ੁਭ ਇਰਾਦੇ ਨਾਲ, ਚਲ ਪਏ। ਥੋੜ੍ਹੀ ਦੇਰ ਕਾਰ ਵਿੱਚ ਚੁਪ ਬਣੀ ਰਹੀ, ਜਿਵੇਂ ਅਕਸਰ ਹੁੰਦਾ ਐ ਜਦੋਂ ਕਿਸੇ ਵਿਸ਼ੇ ਤੇ ਮੀਆਂ ਬੀਵੀ ਦੇ ਵਿਚਾਰ ਮਿਲਦੇ ਨਾ ਹੋਣ।

“ ਪ੍ਰਭਰੀਤ, ਮੈਂ ਸੋਚ ਰਿਹਾ ਹਾਂ ਕਿ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ। ਜੇਕਰ ਡੈਡੀ ਅਪਣੀ ਕਮਾਈ ਨਾਲ ਦੀ ਨਾਲ ਪੀ ਗਏ ਤਾ ਟਰੱਕ ਦਾ ਉਧਾਰ ਸਾਡੇ ਗਲ ਵੀ ਪੈ ਸਕਦਾ ਹੈ।” ਜਗਦੀਪ ਨੇ ਅਪਣੇ ਫਿਕਰ ਨੂੰ ਸ਼ਬਦ ਦਿੱਤੇ।

“ ਤੁਸੀਂ ਵੀ ਨਾ, ਹਰ ਚੀਜ਼ ਨੂੰ ਨਾਹ ਪੱਖੀ ਨਿਗਾਹ ਨਾਲ ਹੀ ਪਰਖਦੇ ਹੋ। ਡੈਡੀ ਪੰਜਾਬ ਵਿੱਚ ਟਰੱਕ ਦੇ ਸਹਾਰੇ ਹੀ ਤੇ ਚਲਾਉਂਦੇ ਸੀ ਟੱਬਰ ਦਾ ਖਰਚਾ। ਅਸੀਂ ਕਿਉਂ ਲਾਹਾਂਗੇ ਕਰਜ਼ਾ। ਮੇਰਾ ਭਰਾ ਵੀ ਤੇ ਹੈ।” ਪ੍ਰਭਰੀਤ ਬੋਲ ਕੇ ਬਾਹਰ ਖਿੜਕੀ ਵੱਲ ਝਾਕਣ ਲਗ ਪਈ ਜਿਵੇਂ ਰੁੱਸ ਗਈ ਹੋਵੇ।

“ ਮੇਰਾ ਮਤਲਬ ਸਮਝਣ ਦੀ ਕੋਸਿ਼ਸ ਕਰੋ, ਪਤਨੀ ਜੀ।”

ਕਾਰ ਵਿੱਚ ਕਾਫੀ ਦੇਰ ਸੱਨਾਟਾ ਛਾਇਆ ਰਿਹਾ। ਫੇਰ ਪ੍ਰਭਰੀਤ ਨੇ ਮੂੰਹ ਘੁਮਾਇਆ ਅਤੇ ਬੋਲੀ,“ ਮੈਂ ਸਭ ਸਮਝਦੀ ਆਂ ਤੁਸੀਂ ਕੀ ਕਹਿ ਰਹੇ ਹੋ।”

ਭਰਾ ਦਾ ਘਰ ਪਹੁੰਚ ਗਿਆ। ਕੁਝ ਖਾ ਪੀ ਕੇ ਕਾਰ ਡੀਲਰ ਕੋਲ ਚਲੇ ਗਏ। ਜਾਮਨ ਨੇ ਦਸਤਖ਼ਤ ਕਰਕੇ ਟਰੱਕ ਡੈਡੀ ਦੇ ਹੱਥ ਫੜਾਇਆ। ਘਰ ਆ ਕੇ ਵਿਚਾਰ ਵਟਾਂਦਰੇ ਵਿੱਚ ਕੁਝ ਸਮਾਂ ਬੀਤਿਆ। ਘਰ ਵਾਪਸੀ ਹੋਈ। ਪੂਰੇ ਦੋ ਸਾਲ ਕੋਈ ਮੁਸੀਬਤ ਗਲੇ ਨਾਂ ਪਈ। ਟਰੱਕ ਡੈਡੀ ਨੇ ਪੁਰਾ ਕਰਜ਼ ਲਾਹ ਕੇ ਅਪਣੇ ਨਾਂ ਕਰਵਾ ਲਿਆ। ਦੋ ਸਾਲ ਤੋਂ ਸਭ ਠੀਕ ਚਲ ਰਿਹਾ ਸੀ।

“ ਮੈਂ ਤੁਹਾਨੂੰ ਕਿਹਾ ਸੀ ਕਿ ਡੈਡੀ ਵਧੀਆ ਬੰਦਾ ਹੈ। ਡੈਡੀ ਕਹਿੰਦੇ ਸੀ ਕਿ ਵੀਰੇ ਦਾ ਵਿਆਹ ਵੀ ਕਰਨਾ ਹੈ। ਪੰਜਾਬ ਵਿੱਚ ਕੋਈ ਕੁੜੀ ਲੱਭੀ ਐ।” ਪ੍ਰਭਰੀਤ ਨੇ ਇੱਕ ਦਿਨ  ਦੱਸਿਆ।

“ ਇਹ ਭਲਾ ਕੰਮ ਵੀ ਛੇਤੀ ਕਰ ਦੇਣਾ ਚਾਹੀਦਾ ਹੈ।”

ਪ੍ਰਭਰੀਤ ਕਿਚਨ ਵਿੱਚ ਕੰਮ ਕਰਨ ਲਗ ਪਈ। ਜਗਦੀਪ ਕੰਮ ਤੇ ਜਾਣ ਲਈ ਤਿਆਰ ਹੋਣ ਲਗ ਪਿਆ। ਅਚਾਨਕ ਫੋਨ ਦੀ ਘੰਟੀ ਵੱਜੀ। ਜਗਦੀਪ ਨੇ ਕਿਹਾ,“ ਆਹ ਫੋਨ ਚੁੱਕੀਂ। ਮੈਂ ਬਾਥਰੂਮ ਵਿੱਚ ਹਾਂ।”

ਪ੍ਰਭਰੀਤ ਨੇ ਫੋਨ ਚੁੱਕਿਆ। ਭਰਾ ਕਹਿ ਰਿਹਾ ਸੀ,”  ਭੈਣ ਤੁਸੀਂ ਜਲਦੀ ਐਥੇ ਆ ਜਾਓ। ਡੈਡੀ ਦਾ ਬਹੁਤ ਖਤਰਨਾਕ ਹਾਦਸਾ ਹੋ ਗਿਆ ਹੈ। ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ। ਅਜੇ ਬੇਹੋਸ਼ ਹੀ ਪਿਆ ਹੈ।”

ਪ੍ਰਭਰੀਤ ਨੂੰ ਰੋਂਦਿਆਂ ਸੁਣ, ਜਗਦੀਪ ਝੱਟ ਗੁਸਲਖਾਨੇ ਤੋਂ ਬਾਹਰ ਆ ਗਿਆ। ਗੱਲ ਸੁਣੀ ਅਤੇ ਤਿਆਰ ਹੋ ਕਾਰ ਲੈ ਤੁਰੇ। ਸਿੱਧੇ ਹਸਪਤਾਲ ਪਹੁੰਚੇ। ਪ੍ਰਭਰੀਤ ਦਾ ਭਰਾ ਓਥੇ ਹੀ ਖਲੋਤਾ ਸੀ। ਡੈਡੀ ਅਹਿਲ ਪਿਆ ਸੀ। ਥਾਂ ਥਾਂ ਟਿਯੂਬਾਂ ਬੰਨ੍ਹੀਆਂ ਹੋਈਆਂ ਸਨ। ਥੋੜ੍ਹੀ ਥੋੜ੍ਹੀ ਦੇਰ ਬਾਦ ਨਰਸ ਆ ਕੇ ਅਪਣੀ ਡਿਊਟੀ ਨਿਭਾ ਜਾਂਦੀ।

ਜਗਦੀਪ ਖਲੋਤਾ ਸੋਚ ਰਿਹਾ ਸੀ,“ ਡੈਡੀ ਸ਼ਰਾਬ ਦੀ ਆਦਤ ਨੇ ਤੈਨੂੰ ਅੱਜ ਮੌਤ ਦੇ ਦਰ ਤੇ ਖੜ੍ਹਾ ਕਰ ਦਿੱਤਾ ਹੈ। ਮੌਤ ਮੰਡਰਾ ਰਹੀ ਹੈ। ਤੁਹਾਨੂੰ ਕੋਈ ਖਬਰ ਤੱਕ ਨਹੀਂ। ਟਰੱਕ ਪੂਰਾ ਟੁੱਟ ਚੁਕਿਆ ਹੈ। ਰੱਬ ਰਾਖਾ।”

ਡਾਕਟਰ ਆਇਆ, ਸ਼ਾਇਦ ਨਰਸ ਨੇ ਬੁਲਾਇਆ।

ਪ੍ਰਭਰੀਤ ਨੇ ਪੁਛਿਆ,“ ਡੈਡੀ ਠੀਕ ਤੇ ਹੋ ਜਾਣਗੇ?”

“ ਨਹੀਂ। ਇਹ ਸਫਰ ਪੂਰਾ ਕਰ ਗਿਆ ਹੈ।” ਡਾਕਟਰ ਉਦਾਸ ਹੋ ਚਲਾ ਗਿਆ।

ਸਕੀਮੀ ਤਾਇਆ

$
0
0

ਅੱਜ-ਕੱਲ੍ਹ ਮੀਡੀਆ ਕਾਰਨ ਘਰਾਂ ਵਿੱਚ ਮਨੋਰੰਜਨ ਦੇ ਸਾਧਨ ਕਾਫ਼ੀ ਹੋ ਗਏ ਨੇ ਪਰ ਪਿੰਡਾਂ ਵਿੱਚ ਅੱਜ ਵੀ ਲੋਕ ਸਾਂਝੀ ਥਾਵੀਂ ਜਾਂ ਸੱਥਾਂ ‘ਚ ਬੈਠ ਕੇ ਗੱਲਾਂ ਕਰਕੇ ਟਾਇਮ ਪਾਸ ਕਰਦੇ ਹਨ। ਸਾਡੇ ਪਿੰਡ ਦੇ ਚੌਂਕ ‘ਚ ਬਹੁਤ ਵੱਡਾ ਪਿੱਪਲ ਹੋ। ਪਿੰਡ ਦੇ ਬਜ਼ੁਰਗ ਬੈਠ ਕੇ ਗੱਪਾਂ ਮਾਰਦੇ ਹਨ। ਪਰ ਸਭ ਤੋਂ ਵੱਧ ਗੱਲਾਂ ਤਾਇਆ ਬਖ਼ਤੋਰ ਸਿੰਓ ਦੀਆਂ ਹੀ ਸੁਣੀਆਂ ਜਾਂਦੀਆਂ ਨੇ। ਜਿਸ ਨੂੰ ਸਾਰਾ ਪਿੰਡ ਸਕੀਮੀ ਤਾਇਆ ਕਹਿ ਕੇ ਬੁਲਾਉਂਦਾ ਏ। ਪਿੰਡ ਦੇ ਲੋਕ ਤਾਏ ਤੋਂ ਹੀ ਸਲਾਹਾਂ ਲੈਂਦੇ ਨੇ। ਸਕੀਮੀ ਤਾਏ ਦੀ ਗੱਲ ਵਿੱਚ ਤੰਤ ਹੁੰਦਾ ਤੇ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਏ।

ਇੱਕ ਦਿਨ ਅਸੀਂ ਸਾਰੇ ਮੁੰਡਿਆਂ ਨੇ ਪੁੱਛਿਆ, “ਤਾਇਆ ਤੈਨੂੰ ਸਕੀਮੀ ਤਾਇਆ ਕਿਉਂ ਕਹਿੰਦੇ ਨੇ?” ਅੱਗੋਂ ਤਾਇਆ ਬੋਲਿਆ, “ਇਸ ਵਿੱਚ ਇੱਕ ਰਾਜ ਹੈ”। ਅਸੀਂ ਤਾਏ ਤੋਂ ਰਾਜ ਜਾਨਣਾ ਚਾਹਿਆ। ਤਾਇਆ ਕਹਿੰਦਾ, “ਮੁੰਡਿਓ, ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਐ। ਗਰਮੀਆਂ ਦੇ ਦਿਨਾਂ ‘ਚ ਅੱਤ ਦੀ ਗਰਮੀ ਪੈ ਰਹੀ ਸੀ। ਕਣਕ ਕੱਢਦਿਆਂ ਚਲਦੀ-ਚਲਦੀ ਡਰਮੀ ਖਰਾਬ ਹੋ ਗਈ। ਮੈਂ ਸੋਚਿਆ ਸਿਖਰ ਦੁਪਹਿਰੇ ਘਰ ਜਾਵਾਂ ਤੇ ਪਸ਼ੂਆਂ ਲਈ ਹਰਾ ਲੈ ਜਾਵਾਂ। ਮਿਸਤਰੀ ਨੂੰ ਲਿਆ ਕੇ ਡਰਮੀ ਠੀਕ ਕਰਵਾ ਕੇ ਕੰਮ ਨਬੇੜੀਏ। ਪਰ ਹੋਣੀ ਨੂੰ ਮਨਜ਼ੂਰ ਗਰਮੀ ਕਰਕੇ ਆਥਣ ਨੂੰ ਬਲਦ ਬਿਮਾਰ ਹੋ ਗਿਆ। ਉਦੋਂ ਕਿਹੜਾ ਕੋਈ ਡਾਕਟਰ ਹੁੰਦਾ ਸੀ। ਬਲਦ ਮਰ ਗਿਆ। ਕੁੱਝ ਦਿਨ ਪਹਿਲਾਂ ਸਾਡੀ ਇੱਕ ਮੱਝ ਗਈ ਸੀ, ਫਿਰ ਸਾਡੀ ਬੇਬੇ ਰੌ-ਰੌ ਬੁਰਾ ਗਲ ਕਰ ਲਿਆ। ਪਿੰਡ ਦੀਆਂ ਬੁੜੀਆਂ-ਤੀਵੀਆਂ ਪਤਾ ਲੈਣ ਆਉਂਦੀਆਂ, ਉਹ ਬੇਬੇ ਨੂੰ ਦਿਲਸਾ ਘੱਟ ਤੇ ਸਲਾਹ ਜ਼ਿਆਦਾ ਦਿੰਦੀਆਂ। ਉਹ ਬੇਬੇ ਨੂੰ ਪਿੰਡ ਦੀਆਂ ਕਹਿੰਦੀਆਂ ਘਰ ਕਿਸੇ ਨੇ ਕੁੱਝ ਕਰਾ ਨਾ ਦਿੱਤਾ ਹੋਵੇ ਤੇ ਕੋਈ ਕਹਿੰਦੀ ਵੱਡ-ਵੱਡੇਰਿਆਂ ਦੀ ਨਾ ਹੋਵੇ, ਉਹ ਕਹਿ ਕੇ ਚਲੀਆਂ ਜਾਂਦੀਆਂ ਪਰ ਮੇਰੀ ਜਾਨ ਨੂੰ ਕੜੀਆਂ ਬਣ ਗਿਆ। ਬੇਬੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਕਿ ਪਿੰਡ ਜਾ ਕੇ ਪੁੱਛਾਂ ਲੈ ਕੇ ਆਵਾਂ ਤੇ ਉਪਰੋਂ ਤੇਰੀ ਤਾਈ ਵੀ ਕਹਿਣ ਲੱਗੀ ਕਿਉਂਕਿ ਵੱਡੇ ਮੁੰਡੇ ਨੂੰ ਬੁਖਾਰ ਰਹਿੰਦਾ ਸੀ। ਉਸ ਨੂੰ ਵਹਿਮ ਹੋ ਗਿਆ ਮੁੰਡਾ ਗੁੰਮ ਕਿਉਂ ਹੋ ਜਾਂਦਾ ਏ। ਸੱਚੀ ਕਿਸੇ ਨੇ ਕੁੱਝ ਕਰਾ ਨਾ ਕਰ ਦਿੱਤਾ ਹੋਵੇ। ਮੈਂ ਬੇ-ਮਨ ਤੁਰ ਪਿਆ। ਜਦੋਂ ਉੱਥੇ ਪਹੁੰਚਿਆ ਤਾਂ ਪਹਿਲਾਂ ਹੀ ਬਹੁਤ ਲੋਕ ਬੈਠੇ ਸੀ। ਜਦੋਂ ਮੇਰੀ ਵਾਰੀ ਆਈ ਤਾਂ ਬਾਬਾ ਸਿਰ ਹਿਲਾ ਕੇ ਕਹਿਣ ਲੱਗਾ, “ਭਗਤਾ ਤੁਹਾਡੇ ਤਾਂ ਘਰ ਵੱਡ-ਵਡੇਰਿਆਂ ਦੀ ਰੂਹ ਐ। ਉਹ ਰੁੱਸੇ ਹੋਏ ਨੇ”। ਮੈਂ ਪੁੱਛਿਆ, “ਬਾਬਾ ਜੀ ਕਿਵੇਂ ਮਨਾਈਏ”। ਬਾਬਾ ਕਹਿੰਦਾ, “ਇਹ ਬਹੁਤ ਗੁੱਸੇ ਨੇ, ਨਹੀਂ ਮੰਨਦੇ। ਮੈਂ ਕਿਹਾ ਬਾਬਾ ਕੋਈ ਤਰੀਕਾ ਦੱਸੋ ਮੁੱਧੈ ਪੈ-ਪੈ ਮੰਨਾਂਗੇ ਪਰ ਬਾਬਾ ਜੀ ਦਾ ਸਿਰ ਨਾਂਹ ਵਿੱਚ ਢੋਲ ਵਾਂਗ ਹਿਲਦਾ ਰਿਹਾ, ਇਹ ਨਹੀਂ ਮੰਨਦੇ। ਮੈਨੂੰ ਚੜਿਆ ਗੁੱਸਾ, ਮੈਂ ਬਾਬੇ ਤੇ ਵੱਡ-ਵੱਡਰਿਆਂ ਨੂੰ ਕੱਢੀ ਕਰਾਰੀ ਜਿਹੀ ਗਾਲ਼ ਕਿ ਨਾ ਮੰਨਣ ਜੇ ਨਹੀਂ ਮੰਨਦੇ। ਬਾਬਾ ਵੀ ਭਮੰਤਰ ਗਿਆ ਤੇ ਸਿਰ ਹਿਲਣਾ ਬੰਦ ਹੋ ਗਿਆ। ਮੈਂ ਚੱਕੇ ਉਹ ਪੈਸੇ ਘਰ ਬੱਚਿਆਂ ਲਈ ਦਰਜਨ ਕੇਲਿਆਂ ਦੀ ਲੈ ਆਇਆ ਤੇ ਘਰ ਤੇਰੀ ਅੰਮਾ ਤੇ ਤੇਰੀ ਤਾਈ ਦਾ ਮਨ ਖੜਾਉਣ ਲਈ ਕਹਿ ਦਿੱਤਾ ਕਿ ਖੇਤ ਵਾਲੇ ਬਾਬੇ ਦਾ ਨਾਂ ਲੈ ਕੇ ਘਰ ਪੰਜ ਦਿਨ ਜੋਤ ਲਾ ਦਿਉ ਤੇ ਉਹਨਾਂ ਦਾ ਮਨ ਖੜ੍ਹ ਗਿਆ।

ਜਦੋਂ ਸਭ ਕੁੱਝ ਠੀਕ ਹੋ ਗਿਆ ਫਿਰ ਮੈਂ ਘਰਦਿਆਂ ਨੂੰ ਇਹ ਗੱਲ ਦੱਸੀ। ਉਹ ਦਿਨ ਤੇ ਆਹ ਦਿਨ ਫਿਰ ਨਹੀਂ ਘਰ ਵਿੱਚ ਕਦੇ ਨੇ ਬਾਬੇ ਦਾ ਨਾਂ ਨਹੀਂ ਆ ਕੇ ਲਿਆ।

ਮੈਂ ਕਿਹਾ ਵਾਹ ਤਾਇਆ ਚੰਗੀ ਸਕਮੀ ਘੜੀ। ਮੈਂ ਸੋਚਣ ਲੱਗਿਆ ਕਿ ਅਨਪੜ੍ਹ ਤਾਏ ਨੇ ਤਾਂ ਆਪਣੇ ਪਰਿਵਾਰ ਨੂੰ ਸਮਝਾ ਲਿਆ। ਪਰ ਅਸੀਂ ਪੜ੍ਹੇ-ਲਿਖੇ ਨੂੰ ਕਿਵੇਂ ਸਮਝਾਈਏ ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ‘ਚ ਆਪਣੀ ਰਾਸ਼ੀ ਦੇਖਦੇ ਆ। ਮੈਨੂੰ ਲੱਗਦਾ ਕਿ ਅਸੀਂ ਅੱਜ ਬਹੁਤ ਪਿੱਛੇ ਆਂ ਸਾਨੂੰ ਵੀ ਤਾਏ ਵਾਂਗੂ ਆਪਣੀ ਸੋਚ ਬਦਲਣ ਦੀ ਲੋੜ ਆ।

ਮੋਹ ਦੀਆਂ ਤੰਦਾਂ

$
0
0

ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। ਸ਼ਾਮੇ ਨੇ ਆਪਣੀ ਘਰਵਾਲੀ ਗੁਲਾਬੋ ਨੂੰ ਆਵਾਜ਼ ਮਾਰ ਕੇ ਕਿਹਾ , “ਕੱਲ੍ਹ ਭੈਣਾਂ ਨੇ ਆਉਣਾ ਹੈ, ਤੂੰ ਐਂ ਕਰੀਂ ਗੁੜ ਵਾਲੇ ਚੋਲ ਬਣਾ ਲਵੀਂ, ਭੰਤੀ ਨੂੰ ਤੇਰੇ ਦੇ ਚੋਲ ਬਹੁਤ ਪਸੰਦ ਨੇ ਤੇ ਮੈਂ ਆੜਤੀਏ ਤੋਂ ਪੈਸੇ ਲੈ ਕੇ ਸ਼ਹਿਰੋਂ ਕੁੱਝ ਖਾਣ-ਪੀਣ ਦਾ ਸਮਾਨ ਲੈ ਆਈ, ਪਿੰਡ ਥਾਂ ਹੈ ਕਿਤੇ ਕੱਲ ਕੁੱਝ ਮਿਲੇ ਜਾਂ ਨਾ”।

ਆੜਤੀਏ ਕੋਲ ਜਾ ਸ਼ਾਮੇ ਨੇ ਸਾਰਾ ਹਿਸਾਬ ਕੀਤਾ ਤੇ ਕਿਹਾ, “ਸ਼ਾਹ ਜੀ ਪੰਜਾਹ-ਪੰਜਾਹ ਦੇ ਨਹੀਂ ਸੋ-ਸੋ ਦੇ ਕੜਕਣੇ ਨੋਟ ਦੇ ਦਿਓ, ਕੱਲ੍ਹ ਰੱਖੜੀ ਹੈ ਇਸ ਵਾਰ ਮੀਂਹ ਵਧੀਆ ਪੈਣ ਤੇ ਫਸਲ ਵਧੀਆ ਹੋਈ ਹੈ ਤੇ ਸੋਚਦਾ ਹਾਂ, ਭੈਣਾਂ ਨੂੰ 50 ਨਹੀਂ 100-100 ਰੁਪਏ ਦੇਵਾਂ”।

ਸਵੇਰ ਤੋਂ ਤਰਕਾਲਾ ਵੇਲਾ ਆ ਗਿਆ ਪਰ ਸ਼ਾਮੇ ਦੀਆਂ ਭੈਣਾਂ ਰੱਖੜੀ ਲੈ ਕੇ ਨਾ ਆਈਆਂ। ਆਪਣੀ ਬੇਚੈਨੀ ਦੂਰ ਕਰਨ ਲਈ ਸ਼ਾਮੇ ਨੇ ਵੱਡੀ ਭੈਣ ਬੰਤੋ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁਕਿਆ। “ਵੱਡੇ ਵੀਰ ਨੂੰ ਹੀ ਪੁੱਛ ਲਵਾਂ”, ਸ਼ਾਮੇ ਨੇ ਮਨ ਵਿੱਚ ਸੋਚਿਆ ਤੇ ਆਪਣੇ ਵੱਡੇ ਵੀਰ ਬਲਰਾਜ ਨੂੰ ਫੋਨ ਕੀਤਾ ਜੋ ਕਿਸੇ ਮਹਾਨਗਰ ਵਿੱਚ ਵਕੀਲ ਸੀ। “ਵੀਰ ਭੈਣਾਂ ਨੇ ਆਉਣਾ ਸੀ ਅੱਜ, ਹਲੇ ਤੀਕ ਆਈਆਂ ਨਹੀਂ, ਤੇਰੇ ਨਾਲ ਗੱਲ ਤਾਂ ਨਹੀਂ ਹੋਈ ਉਨ੍ਹਾਂ ਦੀ”, ਸ਼ਾਮੇ ਨੇ ਝਿਜਕਦੇ ਹੋਏ ਪੁੱਛਿਆ। “ਉਹ ਹਾਂ ਆਹੋ ਤੇਰੀ ਭਰਜਾਈ ਨਾਲ ਰੱਖਦੀ ਦਾ ਸੂਟ ਲੈਣ ਬਜ਼ਾਰ ਗਈਆਂ ਨੇ, ਆਹ ਭੰਤੀ ਘਰੇ ਹੀ ਆ ਗਲ ਕਰ ਲੈ”, ਬਲਰਾਜ ਨੇ ਭੰਤੀ ਨੂੰ ਫੋਨ ਫੜਾ ਦਿੱਤਾ।

“ਸਤਿ ਸ਼੍ਰੀ ਅਕਾਲ ਵੀਰ”, ਭੰਤੀ ਨੇ ਕਿਹਾ।

“ਭੰਤੀ ਤੁਸੀਂ ਆਈਆ ਨਹੀਂ ਅਸੀਂ ਸਵੇਰ ਦੇ ਉਡੀਕਦੇ ਸੀ”, ਸ਼ਾਮੇ ਨੇ ਗੁੱਸਾ ਜਤਾਉਂਦੇ ਹੋਏ ਕਿਹਾ।

“ਓ ਵੀਰ ਅਸੀਂ ਸ਼ਾਪਿੰਗ ਕਰਨੀ ਸੀ ਤੇ ਪਿੰਡ ਔਖਾ ਹੋ ਜਾਂਦਾ”, ਭੰਤੀ ਨੇ ਕਿਨਾਰਾ ਕਰਦੇ ਹੋਏ ਕਿਹਾ।

ਸ਼ਾਮਾ ਚੁੱਪ ਸੀ, ਬਿਲਕੁਲ ਚੁੱਪ ਤੇ ਆਪਣੀ ਸੁੰਨੀ ਕਲਾਈ ਵਲੋਂ ਵੇਖਦਾ ਹੋਇਆ ਆਪਣੇ ਹਾਲਾਤ ਤੇ ਔਕਾਤ ਬਾਰੇ ਸੋਚਣ ਲੱਗ ਪਿਆ।

 


ਨਿਮੌਂਲੀਆਂ

$
0
0

ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ ਸੀ ਰਹੀ। ਨੇੜਲੇ ਸ਼ਹਿਰ ਵਿੱਚ ਰਿਹਾਇਸ਼ ਦਾ ਇੰਤਜ਼ਾਮ ਕਰ ਕੇ ਰਾਤੀਂ ਸ਼ਹਿਰ ਅਤੇ ਦਿਨੇਂ ਪਿੰਡ ਦਾ ਚੱਕਰ ਲਗਾਉਂਦਾ।

ਅੱਜ ਉਹ ਅਪਣੇ ਗਾਈਆਂ ਬੰਨ੍ਹਣ ਵਾਲੇ ਘਰ ਦੀ ਦਿਵਾਰ ਦੇ ਨਾਲ਼ ਨਾਲ਼ ਬਣੀ ਖੁਰ੍ਹਲੀ ਦੇ ਇੱਕ ਕੋਣੇ ਤੇ ਬੈਠਾ ਚੁਫੇਰੇ ਨਿਗਾਹਾਂ ਘੁਮਾ ਰਿਹਾ ਸੀ। ਕੁੱਝ ਦੂਰੀ ਤੇ ਉਹਨਾਂ ਦੀ ਕਿੱਕਰ ਖਲੋਤੀ ਸੀ। ਕਦੇ ਸਮਾਂ ਸੀ ਜਦੋਂ ਬਾਬਾ ਜੀ ਦੀ ਬੱਕਰੀ ਮੂੰਹ ਵਿੱਚ ਤੁੱਕੇ ਫਸਾਈ ਹੀ ਰੱਖਦੀ ਸੀ। ਓਥੇ ਹੁਣ ਬਾਬਾ ਨਹੀਂ, ਬੱਕਰੀ ਨਹੀਂ ਅਤੇ ਕਿੱਕਰ ਸੁੱਕੀ ਹੋਈ ਖਲੋਤੀ ਸੀ। ਗਵਾਂਢੀਆਂ ਦੇ ਡੰਗਰਾਂ ਵਾਲੇ ਘਰ ਦੇ ਵਿਹੜੇ ਵਿੱਚ  ਘਣੀ ਛਾਂ ਵਾਲੀਆਂ ਦੋ ਨਿੰਮਾਂ, ਟਹਿਣੀਆਂ ਵਿੱਚ ਟਹਿਣੀਆਂ ਫਸਾਈਂ ਸੁਸ਼ੋਭਿਤ ਸਨ। ਬਹੁਤ ਕੁੱਝ ਬਦਲ ਗਿਆ। ਨਿੰਮ ਕੋਈ ਨਜ਼ਰ ਨਹੀਂ ਆਈ। ਬੁਢਾ ਹੋਇਆ ਸ਼ਰੀਰ ਵੀ ਕਿਸੇ ਦਿਨ ਨਿੰਮ ਦੇ ਪੇੜਾਂ ਵਾਂਗ ਅਲ਼ੋਪ ਹੋ ਸਕਦਾ ਹੈ। ਕਿੱਕਰ ਵਾਂਗ ਬੇਜਾਨ ਹੋ ਸਕਦਾ ਹੈ। ਖਿਆਲ ਆਇਆ ਪਰ ਛੇਤੀ ਹੀ ਚਲਾ ਵੀ ਗਿਆ ਜਦੋਂ ਉਸ ਦੇ ਮਨ ਨੇ ਨਿੰਮ ਨਾਲ ਜੁੜੇ ਇੱਕ ਘਟਨਾ ਕਰਮ ਨੂੰ ਚਿਤਵਿਆ। ਸੋਚਿਆ ਮਿੱਤਰ ਹੁਣ ਤੱਕ ਨਹੀਂ ਮਿਲਿਆ। ਹੁਣ ਕੀ ਲੈਣਾਂ ਅਜੇਹੀਆਂ ਘਟਨਾ ਕਰਮਾਂ ਤੋਂ।

ਸ਼ਹਿਰ ਵਿੱਚ, ਮੰਜੇ ਤੇ ਲੇਟਿਆ, ਸੁਖਦੇਵ ਅਪਣੇ ਮਿੱਤਰ ਨੂੰ ਯਾਦ ਕਰਨ ਲਗਾ। ਜਮਾਤੀ ਸੀ। ਪ੍ਰੇਮ ਸੀ। ਨਿੰਮ ਦੀ ਦੂਜੀ ਜਾਂ ਤੀਜੀ ਉਚੀ ਟਹਿਣੀ ਤੇ ਉਹ ਦੂਰ ਝਾਕਦਾ ਅਕਸਰ ਨਜ਼ਰ ਆ ਜਾਂਦਾ ਸੀ। ਦਿਨ ਯਾਦ ਆਇਆ ਜਦੋਂ ਸੁਖਦੇਵ ਨੇ ਉਤਸੁਕ ਹੋ ਕੇ ਕਾਰਨ ਪੁੱਛ ਲਿਆ।

“ ਓਏ, ਨਿੰਮ ਤੋਂ ਡਿੱਗੇਂਗਾ ਤਾਂ ਮਰੇਂਗਾ। ਤੂੰ ਕੀ ਕਰਨ ਚੜ੍ਹਦਾ ਏਂ। ਨਿਮੌਲੀਆਂ ਖਾਂਦਾ ਏਂ?”

“ ਨਹੀਂ ਓਏ ਬੁਧੂਆ। ਉਹ ਪਰੇ ਵੇਖ ਆ ਕੇ। ਐਸ ਵੇਲ਼ੇ ਬਹੁਤ ਸੁੰਦਰ ਕੁੜੀਆਂ ਆਉਂਦੀਆਂ ਨੇ ਵੇਖ ਕੇ ਮਜ਼ਾ ਆ ਜਾਂਦਾ ਐ। ਪੜ੍ਹਾਕੁਆ ਤੂੰ ਕੀ ਜਾਣੇ ਅਜੇਹੇ ਸੁਆਦ।” ਦੋਸਤ ਬੋਲਿਆ। ਮਿੱਤਰ ਦਾ ਜੁਆਬ ਪਸੰਦ ਨਹੀਂ ਸੀ ਆਇਆ, ਯਕੀਨਨ ਝੂਠਾ ਲਗਿਆ।

“ ਸਾਲਿਆ ਬਕਦਾ ਏਂ। ਹਗਣਗਾਹ ਵੱਲੋਂ ਤਾਂ ਮੂੰਹ ਪਰੇ ਕਰਕੇ ਵੀ ਨਹੀਂ ਤੁਰਿਆ ਜਾਂਦਾ ਤੂੰ ਉੱਚੇ ਚੜ੍ਹ ਕੇ ਝਾਕਦਾ ਏਂ। ਸੱਚ ਦੱਸ ਸਹੀ ਕੀ ਐ?” ਉਸ ਨੇ ਉੱਤਰ ਨਾਂ ਸੀ ਦਿੱਤਾ।

ਸੁਖਦੇਵ ਨੂੰ ਯਾਦ ਆਇਆ ਕਿ ਉਹ, ਅਪਣੀ ਚਾਰਾ ਕੱਟਣ ਵਾਲੀ ਮਸ਼ੀਨ ਦੇ ਓਹਲੇ ਖਲੋ ਕੇ, ਵੇਖਦਾ ਰਿਹਾ, ਮਿੱਤਰ ਦੀ ਇਹ ਖੇਢ ਕਲਾ। ਉਹ ਹੱਥਾਂ ਬਾਹਾਂ ਨਾਲ ਕਿਸੇ ਨੂੰ ਇਸ਼ਾਰੇ ਕਰਦਾ, ਫੇਰ ਨਿੰਮ ਤੋਂ ਉਤਰ , ਫੌਜੀ ਦੇ ਘਰ ਜਾ ਵੜਦਾ। ਫੌਜੀ ਦੀ ਧੀ ਨੂੰ ਪੰਜਾਬੀ ਵੀ ਪੜ੍ਹਾਉਂਦਾ ਸੀ, ਅਜੇਹਾ ਉਸ ਦੀ ਬੇਬੇ ਕਹਿੰਦੀ ਹੁੰਦੀ ਸੀ। ਪੜ੍ਹਾਉਣ ਲਈ ਜਾਣ ਵਾਸਤੇ ਨਿੰਮ ਤੇ ਲਟਕਣ ਦਾ ਕੋਈ ਤੁਕ ਨਹੀਂ ਸੀ। ਯਕੀਨ ਕਿਵੇਂ ਹੋ ਸਕਦਾ ਸੀ, ਨਹੀਂ ਸੀ ਹੋਇਆ।

ਇੱਕ ਦਿਨ ਇਸ਼ਾਰਿਆਂ ਵਿੱਚ ਨਵਾਂ ਇਸ਼ਾਰਾ ਆ ਵੜਿਆ। ਇਸ਼ਾਰੇ ਅਜੀਬ ਜਿਹੇ ਲਗੇ। ਥੋੜ੍ਹੀ ਥ੍ਹੋੜੀ ਦੇਰ ਬਾਦ ਉਹ ਘਸੁੱਨ ਵਿਖਾ ਦਿੰਦਾ। ਉਤਸੁਕ ਮਨ ਜਾਣਨਾ ਚਾਹੁੰਦਾ ਸੀ ।  ਜਾ ਕੇ ਮਿੱਤਰ ਨੂੰ ਆਵਾਜ ਦੇ ਪੇੜੋਂ ਥੱਲੇ ਲਾਹ ਲਿਆ।

ਪੁੱਛਿਆ,“ ਅੱਜ ਕੁਟਾਪਾ ਕਿਸ ਤੇ ਚੜ੍ਹਾਇਆ ਜਾ ਰਿਹਾ ਸੀ। ਫੌਜੀ ਦੀ ਧੀ ਤਾਂ ਲਾਲਿਆਂ ਦੇ ਘਰੇ ਖੇਡ ਰਹੀ ਐ। ਪੰਜਾਬੀ ਪੜ੍ਹਨ ਵਾਲੀ ਤਾਂ ਘਰ ਹੈ ਨਹੀਂ।”

ਯਾਰ ਤੂੰ ਮੇਰਾ ਖਹਿੜਾ ਨਹੀਂ ਛੱਡਣਾ। ਦਸਣਾ ਹੀ ਪਵੇਗਾ। “ਕੀ ਦੱਸਾਂ। ਫੌਜੀ ਦੀ ਭੱਈਅਣ, ਜਿਸ ਨੂੰ ਬੇਬੇ ਬਾਗੜਨੀ ਵੀ ਕਹਿੰਦੀ  ਐ, ਵਧੀਆ ਪਰੌਂਠੇ ਖੁਆ ਦਿੰਦੀ ਐ। ਅੱਜ ਦਿਲ ਕਰਦਾ ਸੀ ਪਰ ਤਰਖਾਣਾਂ ਦਾ ਮੁੰਡਾ ਬੈਠਾ ਛਕ ਰਿਹਾ ਐ। ਬਹੁਤ ਦਿਲ ਕਰਦਾ ਸੀ। ਸੁਆਦ ਆ ਜਾਂਦਾ ਐ। ਕਦੇ ਖਾ ਕੇ ਤਾਂ ਵੇਖੀਂ। ਪਹਿਲਾਂ ਤਾਂ ਇਸ਼ਾਰਾ ਕਰਕੇ ਬੁਲਾ ਲੈਂਦੀ ਸੀ ਪਰ ਅੱਜ ਮੇਰੇ ਵੱਲ ਘੂਰ ਘੂਰ ਕੇ ਵੇਖਦੀ ਐ।”

“ਤਦ ਕੀ ਹੋਇਆ। ਦਿਹਾੜੀਆ ਬੰਦਾ ਐੈ ਕੋਈ ਚੀਜ਼ ਠੀਕ ਕਰਵਾਉਣੀ ਹੋਵੇਗੀ। ਉਸ ਦਾ ਹੱਕ ਤਾਂ ਭਾਈ ਪਹਿਲਾਂ ਬਣਦਾ ਹੈ। ਦਿਹਾੜੀਏ ਭੁੱਖੇ ਕਿੱਥੇ ਕਰਦੇ ਨੇ ਕੰਮ। ਅਸੀਂ ਦਿਹਾੜੀਆਂ ਦੀਆਂ ਰੋਟੀਆ ਢੋਂਹੰਦੇ ਥੱਕ ਜਾਂਦੇ ਆਂ, ਜਦੋਂ ਖੇਤਾਂ ਵਿੱਚ ਕੰਮਾ ਦਾ ਤਾੜ ਹੁੰਦਾ ਐ।”

“ ਤੂੰ ਨਹੀਂ ਸਮਝੇਂਗਾ।” ਮਿੱਤਰ ਬੋਲਿਆ ਸੀ।

“ ਜਾ ਕੇ ਨੇੜੇ ਬਹਿ ਜਾ। ਇੱਕ ਪਰੌਂਠਾ ਤੇਰੇ ਹੱਥ ਵੀ ਟਿਕਾ ਦੇਵੇਗੀ।”

“ ਨਹੀਂ ਤੂੰ ਨਹੀਂ ਸਮਝ ਸਕਦਾ। ਇਹ ਖਾਸ ਕਿਸਮ ਦੇ ਅਨੰਦਮਈ ਪਰੌਂਠੇ ਨੇ। ਤੂੰ ਕਿਤੇ ਸਮਾਂ ਪਾ ਕੇ ਮੰਗ ਖਾਈਂ। ਤਦੇ ਆਏਗਾ ਯਕੀਨ।” ਮਿੱਤਰ ਨੇ ਬੁਝਾਰਤ ਜਿਹੀ ਪਾ ਦਿੱਤੀ। ਉਹ ਅਜੀਬ ਜਿਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ।  ਜਿ਼ੱਦ ਕਰਨ ਨਾਲ ਪਰੌਂਠਿਆਂ ਦਾ ਵੇਰਵਾ ਥੋੜ੍ਹਾ ਅਗਾਹਾਂ ਵਧਿਆ।

“ ਕੇਵਲ ਦੋ ਪਰੌਂਠੇ ਖਾਣ ਨਾਲ ਹੀ ਘੁਮੇਰ ਆਉਣ ਲਗ ਪੈਂਦੀ ਐ। ਉਹ ਮੈਨੂੰ ਅੰਦਰ ਪਈ ਪੁਰਾਣੀ ਮੰਜੀ ਤੇ ਲੇਟ ਜਾਣ ਲਈ ਆਖਦੀ ਐ। ਫੇਰ ਦਰਵਾਜ਼ਾ ਬੰਦ ਕਰਦੀ ਐ ਅਤੇ ਆਪ ਵੀ ਮੇਰੇ ਨਾਲ ਹੀ ਆ ਕੇ ਆਰਾਮ ਨਾਲ ਲੇਟ ਜਾਂਦੀ ਐ। ਮੇਰੇ ਪਿੰਡੇ ਦੇ ਹਰ ਅੰਗ ਨੂੰ ਛੋਹੰਦੀ ਐ। ਹਰ ਅੰਗ ਹਰਕਤ ਵਿੱਚ ਆ ਜਾਂਦਾ ਹੈ। ਅਜੀਬ ਖੇਡ ਖੇਡਦੀ ਐ। ਨਸ਼ਾ ਹੋਰ ਅਸਰ ਕਰ ਜਾਂਦਾ ਐ। ਕੀ ਦੱਸਾਂ, ਸੁਆਦ ਕਹਾਂ ਜਾਂ ਘੁਮੇਰ। ਨੀਂਦ ਪਤਾ ਨਹੀਂ ਕਿਉਂ ਆ ਜਾਂਦੀ ਐ। ਥੋਹੜੀ ਦੇਰ ਮਗਰੋਂ ਜਗਾ ਕੇ ਜਾਣ ਲਈ ਹਦਾਇਤ ਦੇਂਦੀ ਐ। ਤੂੰ ਕਿਸੇਹੋਰ  ਨੂੰ ਦੱਸ ਨਾ ਦੇਵੀਂ ਮਿੱਤਰਾ। ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੀ ਐ। ਮੈਂ ਜੀਣਾ ਚਾਹੁੰਦਾ ਹਾਂ।” ਮਿੱਤਰ ਨੇ ਦਿਲ ਦੀ ਗੁੰਝਲ ਫਰੋਲ ਦਿੱਤੀ।

ਜਿਸ ਖੁਰਲ੍ਹੀ ਤੇ ਅੱਜ ਬੈਠਾ ਹਾਂ ਉਸ ਦਿਨ ਵੀ ਇਸੇ ਤੇ ਬੈਠਾ ਸਾਂ। ਮਿੱਤਰ ਭੱਜਿਆ ਆ ਰਿਹਾ ਸੀ। ਪਸੀਨੇ ਨਾਲ਼ ਮੂੰਹ ਨੁੱਚੜ ਰਿਹਾ ਸੀ। ਕਮੀਜ਼ ਅੱਗਿਓਂ, ਪਿਛਿਓਂ ਭਿੱਜਿਆ ਹੋਇਆ ਸੀ।

ਪੁੱਛਣ ਤੇ ਉਹ ਬੋਲਿਆ,“ ਅੱਜ ਤਾਂ ਬਹੁਤ ਬੁਰੀ ਬੀਤੀ। ਮੈਂ ਮੰਜੀ ਤੇ ਲੇਟਿਆ ਹੀ ਸੀ ਕਿ ਫੌਜੀ ਦੇ ਆ ਜਾਣ ਦੀ ਹਲ ਚਲ ਨੇ ਘਬਰਾਹਟ ਪੈਦਾ ਕਰ ਦਿੱਤੀ। ਬਾਗੜਨੀ ਨੇ ਮੈਨੂੰ ਉਠਾ, ਧੱਕਾ ਦੇ ਕੇ ਸੰਦੂਖ ਵਿੱਚ ਹੜੁਬ ਦਿੱਤਾ ਤੇ ਕਿਹਾ ਕੁਸਕਣਾ ਨਹੀਂ ਜਦੋਂ ਤੀਕ ਮੈਂ ਆ ਕੇ ਬਾਹਰ ਨਾ ਕੱਢਾਂ ਨਹੀਂ ਤਾਂ ਫੋਜੀ ਤੇਰੀ ਜਾਨ ਲੈ ਲਵੇਗਾ। ਚੁੱਪ ਚਾਪ ਰਹਿਣ ਦੀ ਸਖ਼ਤ ਹਦਾਇਤ ਸੀ। ਗਰਮੀ, ਹੁੱਸੜ, ਡਰ, ਘਬਰਾਹਟ ਸਾਰਾ ਇਕੱਠਾ ਹੀ ਚਿੰਬੜ ਗਿਆ।”

“ ਫੇਰ ਫੌਜੀ ਮੰਜੀ ਤੇ ਜ਼ਰੂਰ ਆ ਲੇਟਿਆ ਹੋਣਾ ਐ।”

“ ਨਹੀਂ ਓਏ। ਫੌਜੀ ਨੂੰ ਚਾਹ ਪਿਲਾਈ ਅਤੇ ਪੰਜ ਸੱਤ ਗਾਲਾਂ ਕੱਢ ਘਰੋਂ ਬਾਹਰ ਤੋਰ ਦਿੱਤਾ। ਸ਼ਾਇਦ ਚਾਹ ਪੀਣ ਹੀ ਆਇਆ ਹੋਵੇ।” ਮਿੱਤਰ ਨੇ ਬੋਲ ਕੇ ਸੁਖ ਦਾ ਸਾਹ ਲਿਆ।

“ ਤਦ ਜਾ ਕੇ ਸੰਦੂਖ ਦਾ ਮੂੰਹ ਖੁਹਲਿਆ!”

“ ਹੁਣ ਮੈਂ ਜਲਦੀ ਜਾ ਕੇ ਇਸ਼ਨਾਨ ਕਰਨਾ ਹੈ। ਕਿਤੇ ਹੋਰ ਦਿਨ ਕਰਾਂਗੇ ਬਾਕੀ ਦੀਆਂ ਗੱਲਾਂ।” ਮਿੱਤਰ ਬੋਲ ਕੇ ਫੇਰ ਭੱਜ ਲਿਆ।

ਸੁਖਦੇਵ ਦੇ ਸਾਹਮਣੇ ਮਿੱਤਰ ਦਾ ਚਿਹਰਾ, ਪੂਰੇ ਦਾ ਪੂਰਾ, ਭੂਤ ਬਣ ਕੇ ਆ ਖਲੋਤਾ। ਸੁਖਦੇਵ ਚਲ ਰਹੇ ਵਿਚਾਰਾਂ ਚੋਂ ਫਾਰਗ ਹੋ ਖਲੋ ਗਿਆ। ਹਵਾ ਵਿੱਚ ਘਸੁੱਨ ਘੁਮਾਏ ਅਤੇ ਬੋਲਿਆ “ ਸਾਲੀ ਹਰਾਮਜ਼ਾਦੀ ਬਲਾਤਕਾਰ! ਡੈਮ ਬਿੱਚ। ਕੁਤੀ ਬਦਤਮੀਜ਼ ਰੇਪਿਸਟ! ਬਹੁਤ ਅੰਡ ਸੰਡ ਉਸ ਦੇ ਮੂੰਹੋਂ ਆਪ ਮੁਹਾਰਾ ਨਿੱਕਲਿਆ। ਅਫਸੋਸ ਜੋ ਅੱਜ ਪਤਾ ਹੈ ਓਦੋਂ ਕਿਉਂ ਨਹੀਂ ਸੀ। ਸ਼ਾਇਦ ਬਾਲ ਅਵਸਥਾ ਅਜੇ ਪੂਰੀ ਤਰਹਾਂ ਨਹੀਂ ਸੀ ਛੱਡੀ।”

ਅਚਾਨਕ ਸੁਖਦੇਵ ਦਾ ਦੋਸਤ ਆ ਟਪਕਿਆ। ਦੂਰੋਂ ਹੀ ਬੋਲਿਆ,“ ਬਾਈ ਏਸ ਉਜਾੜ ਚੋਂ ਕੀ ਲੱਭ ਰਿਹਾ ਏਂ? ”

ਉਜਾੜ ਸ਼ਬਦ ਸੁਣ ਕੇ ਸੁਖਦੇਵ ਦਾ ਦਿਲ ਹਿੱਲ ਗਿਆ ਪਰ ਸਚਾਈ ਕਿਵੇਂ ਲੁਕਦੀ। ਘਰ ਖੰਡਰ ਤਾਂ ਹੋ ਹੀ ਗਿਆ ਸੀ। ਮਿੱਤਰ ਨੇੜੇ ਆਇਆ, ਹੱਥ ਮਿਲਾ ਗਲ ਵੱਕੜੀ ਪਾਈ ਅਤੇ ਬੋਲਿਆ,“ ਬਾਈ, ਕੀ ਸੋਚ ਰਿਹਾ ਏਂ? ਥੋੜ੍ਹਾ ਪ੍ਰੇਸ਼ਾਨ ਵੀ ਲਗ ਰਿਹਾ ਏਂ।”

“ ਯਾਰਾ ਫੌਜੀ ਦੀ ਭੱਈਅਣ ਦਾ ਕੀ ਹਾਲ ਐ। ਕਿਤੇ ਨਜ਼ਰ ਨਹੀਂ ਆਈ।” ਸੁਖਦੇਵ ਨੇ ਝੱਟ ਸਿੱਧਾ ਸਵਾਲ ਪੁੱਛ ਲਿਆ।

“ ਉਹ ਤਾਂ ਤਿੰਨ ਚਾਰ ਸਾਲ ਪਹਿਲਾਂ ਕਿਸੇ ਹੋਰ ਯਾਰ ਨਾਲ, ਕਿਸੇ ਹੋਰ ਪਿੰਡ ਚਲੀ ਗਈ। ਫੌਜੀ ਰੱਬ ਨੂੰ ਪਿਆਰਾ ਹੋ ਗਿਆ।”

“ ਬਾਈ ਸਾਡੇ ਗਵਾਂਢੀਆ ਦਾ ਮੁੰਡਾ ਅੱਜ ਕੱਲ੍ਹ ਕੀ ਕਰਦਾ ਐ, ਉਹੀ ਜਿਹੜਾ ਭੱਈਅਣ ਦੇ ਆਲੇ ਦੁਆਲੇ ਘੁੰਮਣ ਲਗ ਪਿਆ ਸੀ। ਜਨਾਨੀ ਨੇ ਬਹੁਤ ਗਾਲਾਂ ਕੱਢੀਆਂ ਸਨ।”

“ ਉਸ ਦੇ ਸਹੁਰਾ ਸਾਹਿਬ ਦੀ ਮੌਤ ਤੋਂ ਬਾਦ, ਉਹਦੀ ਵਹੁਟੀ ਅਪਣੇ ਪਿੰਡ ਲੈ ਗਈ ਸੀ। ਓਥੇ ਖੇਤੀ ਕਰਦਾ ਸੀ। ਪੁੱਤਰ ਨਾਲ ਝਗੜਾ ਹੋ ਗਿਆ ਸੀ। ਖੂਹ ਵਿੱਚ ਛਾਲ ਮਾਰ ਮਰ ਗਿਆ। ਕਹਿੰਦੇ ਸ਼ਰਾਬ ਬਹੁਤ ਪੀਣ ਲਗ ਪਿਆ ਸੀ।”

ਸੁਖਦੇਵ ਦੇ ਨੇਤਰ ਭਿੱਜ ਗਏ। ਬੋਲਿਆ,“ ਵੀਰਾ, ਜੀਵਨ ਬੱਤੀ ਕਦੋਂ ਤੇ ਕਿਵੇਂ ਬੁਝੇਗੀ, ਕਿਸੇ ਨੂੰ ਨਹੀਂ ਪਤਾ।”

ਗੁਲਾਮਾਂ ਦਾ ਸਰਦਾਰ

$
0
0

ਥਾਣੇਦਾਰ ਹਾਕਮ ਸਿੰਘ ਦੀ ਡਿਊਟੀ ਉਸ ਦੇ ਸ਼ਹਿਰ ਵਿਚ ਪੈਂਦੇ ਪਿੰਡ ਮਾਜਰੀ ਦੇ ਅਗਾਹਵਧੂ ਤੇ ਸਬਜੀਆਂ ਦੀ ਕਾਸ਼ਤ ਵਿੱਚ ਪਹਿਲੇ ਨੰਬਰ ਤੇ ਆਏ ਕਿਸਾਨ ਜੈਮਲ ਸਿੰਘ ਦਾ ਆਜ਼ਾਦੀ ਦਿਹਾੜੇ ‘ਤੇ ਮੁੱਖ ਮੰਤਰੀ ਵਲੋਂ ਸਨਮਾਨ ਕੀਤੇ ਜਾਣ ਦੀ ਸੂਚਨਾ ਪਹਿਚਾਉਣ ਦੀ ਲਾਈ ਗਈ ਸੀ। ਥਾਣੇਦਾਰ ਪਿੰਡ ਮਾਜਰੀ ਪਹੁੰਚਿਆ। ਕਿਸੇ ਤੋਂ ਉਸਨੇ ਕਿਸਾਨ ਜੈਮਲ ਸਿੰਘ ਦਾ ਘਰ ਪੁੱਛਿਆ। ਪਤਾ ਦੱਸਣ ਵਾਲੇ ਨੇ ਚਿੱਟੀ ਤਿੰਨ ਮੰਜਲੀ ਕੋਠੀ ਵੱਲ ਇਸ਼ਾਰਾ ਕੀਤਾ। ਥਾਣੇਦਾਰ ਹੈਰਾਨ ਸੀ ਕਿ ਇੱਕ ਕਿਸਾਨ ਇੰਨਾ ਅਮੀਰ…! ਸੋਚਦਿਆਂ-ਸੋਚਦਿਆਂ ਗੱਡੀ ਗੇਟ ਅੱਗੇ ਜਾ ਖੜੀ ਕੀਤੀ। ਅੰਦਰ ਏ.ਸੀ. ਰੂਮ ‘ਚ ਮਹਿੰਗੇ ਸੋਫ਼ੇ ‘ਤੇ ਕਿਸਾਨ ਜੈਮਲ ਸਿੰਘ ਅਖ਼ਬਾਰ ਪੜ੍ਹ ਰਿਹਾ ਸੀ। ਥਾਣੇਦਾਰ ਨੇ ਸ਼ਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਜੈਮਲ ਸਿੰਘ ਨੂੰ ਦਿੱਤੀ। ਜੈਮਲ ਸਿੰਘ ਖੁਸ਼ ਹੋ ਗਿਆ।

“ਜੈਮਲ ਸਿੰਘ ਜੀ ਕੁੱਝ ਸਾਲ ਪਹਿਲਾਂ ਤਾਂ ਇਹ ਕੋਠੀ ‘ਤੇ ਸ਼ਾਨੋ-ਸ਼ੌਕਤ ਨਹੀਂ ਸੀ। ਫਿਰ ਕੀ ਚਮਤਕਾਰ ਹੋਇਆ?”, ਥਾਣੇਦਾਰ ਨੇ ਹੈਰਾਨੀ ਨਾਲ ਪੁੱਛਿਆ।

“ਆਓ ਦਿਖਾਵਾਂ”, ਕਹਿ ਕੇ ਕਿਸਾਨ ਜੈਮਲ ਸਿੰਘ ਥਾਣੇਦਾਰ ਨੂੰ ਖੇਤ ਵੱਲ ਲੈ ਤੁਰਿਆ। ਖੇਤ ਵਿੱਚ 40-50 ਦੇ ਕਰੀਬ ਮਜ਼ਦੂਰ ਸਿਰ ਸੁੱਟ ਕੇ ਕੰਮ ਕਰ ਰਹੇ ਸਨ। ਕੋਈ ਸਬਜੀਆਂ ਤੋੜ ਰਿਹਾ ਸੀ, ਕੋਈ ਛਾਂਟ ਰਿਹਾ ਸੀ ਤੇ ਕੋਈ ਸਬਜੀਆਂ ਥੈਲਿਆਂ ‘ਚ ਭਰ ਰਿਹਾ ਸੀ।

“ਜੈਮਲ ਸਿੰਘ ਜੀ ਆਮਦਨ ਦੇ ਨਾਲ-ਨਾਲ ਖ਼ਰਚ ਵੀ ਤਾਂ ਕਾਫ਼ੀ ਆ ਜਾਂਦਾ ਹੋਵੇਗਾ, ਮਜ਼ਦੂਰਾਂ ਦੀ ਦਿਹਾੜੀ ਵੀ ਤਾਂ ਮਹਿੰਗੀ ਐ”, ਥਾਣੇਦਾਰ ਨੇ ਕਿਹਾ।

“ਨਹੀਂ…ਨਹੀਂ ਥਾਣੇਦਾਰ ਜੀ, ਇਹੀ ਤਾਂ ਮੇਰੀ ਤਰੱਕੀ ਦਾ ਭੇਤ ਐ। ਜੇਕਰ ਖ਼ਰਚਾ ਦੇਣਾ ਹੁੰਦਾ ਤਾਂ ਫਿਰ ਕਿੰਨੀ ਕੁ ਆਮਦਨੀ ਹੁੰਦੀ । ਆਪਣੀ ਪਹੁੰਚ ਵਧਿਆ ਹੈ। ਨਸ਼ੇ-ਪਤੇ ਤੇ ਸਾਰੇ ਗੁਲਾਮ ਬਣਾਏ ਹੋਏ ਐ। ਜੇਕਰ ਕੰਮ ਕਰਨਗੇ ਤਾਂ ਹੀ ਨਸ਼ਾ ਮਿਲੂ। ਨਸ਼ਾ ਕਿਹੜਾ ਆਪਾਂ ਪੈਸੇ ਲਾ ਕੇ ਖ੍ਰੀਦਣਾ ਐ, ਮੰਤਰੀ ਜੀ ਨਾਲ ਚੰਗੀ ਉਠਣੀ ਬੈਠਣੀ ਐ। ਵੋਟਾਂ ਵੇਲੇ ਆਪਾਂ ਉਹਨਾਂ ਦਾ ਕੰਮ ਸਾਰ ਦਿੰਨੇ ਆਂ, ਬਦਲੇ ਵਿੱਚ ਉਹ ਮੇਰੇ ਤੇ ਕਿਰਪਾ ਕਰਦੇ ਹਨ”, ਜੈਮਲ ਸਿੰਘ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ। ਥਾਣੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਜ਼ਾਦੀ ਦੇ ਦਿਹਾੜੇ ‘ਤੇ ਸਨਮਾਨ ਕਿਸਦਾ ਹੋ ਰਿਹਾ ਹੈ ਇੱਕ ਅਗਾਹਵਧੂ ਕਿਸਾਨ ਦਾ……ਜਾਂ ਗੁਲਾਮਾਂ ਦੇ ਸਰਦਾਰ ਦਾ! ਥਾਣੇਦਾਰ ਮਜ਼ਦੂਰਾਂ ਦੇ ਚਿਹਰਿਆਂ ਵੱਲ ਗਹੁ ਨਾਲ ਤੱਕਣ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੇ ਸਵਾਲ ਦਾ ਜਵਾਬ ਭਾਲ ਰਿਹਾ ਹੋਵੇ।

ਮੈਂ ਹੈ ਤਾਂ ਹੈਗੀ…!

$
0
0

ਜਦ ਵੀ ਪ੍ਰੀਤ ਜੈਲਦਾਰਾਂ ਦੇ ‘ਕਾਕਿਆਂ’ ਨੂੰ ਜਿਪਸੀਆਂ ਅਤੇ ਬੁਲਿਟ ਮੋਟਰ ਸਾਈਕਲਾਂ ‘ਤੇ ਘੁੰਮਦੇ ਦੇਖਦਾ, ਤਾਂ ਉਸ ਦੇ ਅੰਦਰੋਂ ਹਾਉਕੇ ਦੇ ਨਾਲ਼-ਨਾਲ਼ ਇੱਕ ਚੀਸ ਵੀ ਉਠਦੀ, “ਹਾਏ ਰੱਬਾ! ਜੇ ਮੇਰਾ ਬਾਪੂ ਵੀ ਇਹਨਾਂ ਦੇ ਪਿਉ ਵਾਂਗੂੰ ਅਮੀਰ ਹੁੰਦਾ, ਮੈਂ ਵੀ ਇਹਨਾਂ ਲਗਾੜਿਆਂ ਵਾਂਗੂੰ ਐਸ਼ ਕਰਦਾ…!”  ਉਹ ਪੱਠੇ ਵੱਢਦਾ ਹੱਥ ਵਾਲ਼ੀ ਦਾਤੀ ਖੇਤ ਵਿੱਚ ਗੱਡ ਕੇ ਸੜਕ ਵੱਲ ਦੇਖਣ ਲੱਗ ਜਾਂਦਾ। ਜੈਲਦਾਰ ਦੇ ਅਮੀਰ ‘ਕਾਕੇ’ ਨਿੱਤ ਨਵਾਂ ਕੋਈ ‘ਸ਼ੋਸ਼ਾ’ ਕਰਦੇ। ਕਦੇ ਕੋਈ ਨਵਾਂ ਹਥਿਆਰ ਲਿਆ ਕੇ ਉਸ ਦੀ ਪ੍ਰਦਸ਼ਨੀ ਕਰਦੇ ਅਤੇ ਕਦੇ ਕੋਈ ਨਵਾਂ ਟਰੈਕਟਰ ਲਿਆ ਕੇ, ਟਰੈਕਟਰ ਉਪਰ ਲੱਗੀ ਟੇਪ ਰਿਕਾਰਡਰ ਦੀ ਅਵਾਜ਼ ‘ਫ਼ੁੱਲ’ ਛੱਡ ਕੇ ਪਿੰਡ ਵਿੱਚ ਭਲਵਾਨੀ ਗੇੜਾ ਦਿੰਦੇ। ਕੋਈ ਉਹਨਾਂ ਅੱਗੇ ਕੁਸਕਦਾ ਤੱਕ ਨਹੀਂ ਸੀ, ਉਹਨਾਂ ਦੀਆਂ ਸ਼ੋਸ਼ੇਬਾਜ਼ੀਆਂ ਦੇਖ ਕੇ ਪਿੰਡ ਦੀ ਮੁੰਡੀਹਰ ਝੁਰਦੀ ਅਤੇ ਖਿਝਦੀ ਰਹਿੰਦੀ।
-”ਚੋਰ ਨੂੰ ਖਾਂਦੇ ਨੂੰ ਨਾ ਦੇਖੀਏ ਪੁੱਤ…! ਚੋਰ ਦੇ ਟੋਟਣ ‘ਚ ਲਿਵਤਰੇ ਪੈਂਦੇ ਦੇਖੀਏ…!! ਚੋਰਾਂ ਦੇ ਸੌ ਦਿਨਾਂ ਬਾਅਦ ਇੱਕ ਦਿਨ ਸਾਧ ਦਾ ਵੀ ਜ਼ਰੂਰ ਆਉਣਾ ਹੁੰਦੈ…!” ਤਜ਼ਰਬਿਆਂ ਦੀ ਮੂਰਤ ਬਾਪੂ ਅਸਮਾਨੀਂ ਸੁਪਨਿਆਂ ਵਿੱਚ ਉਲ਼ਝਦੇ ਜਾਂਦੇ ਪੁੱਤ ਨੂੰ ਬੰਨ੍ਹ ਮਾਰ ਕੇ ਰੋਕਣ ਦਾ ਯਤਨ ਕਰਦਾ।
-”ਯਾਦ ਰੱਖੀਂ ਬਾਪੂ…! ਆ ਲੈਣ ਦੇ ਸਾਡੇ ਵੀ ਦਿਨ, ਜੇ ਸੱਚੇ ਪਾਤਿਸ਼ਾਹ ਨੇ ਦਿਨ ਫ਼ੇਰੇ, ਸਾਰੇ ਪਿੰਡ ਨਾਲ਼ੋਂ ਉਚੀ ਕੋਠੀ ਪਾ ਕੇ ਦਿਖਾਊਂਗਾ…!”
-”ਦਸਾਂ ਨਹੁੰਆਂ ਦੀ ਕਿਰਤ ਕਮਾਈ ਅਰਗੀ ਰੀਸ ਨੀ ਹੁੰਦੀ ਪੁੱਤ, ਨੀਂਦ ਬੜੀ ਸੋਹਣੀ ਆਉਂਦੀ ਐ…! ਆਪਣੇ ਗੁਰੂ ਆਪਾਂ ਨੂੰ ਐਵੇਂ ਨੀ ਸਿੱਖਿਆ ਦੇ ਗਏ; ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥ ਨ ਜਾਈ।। ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ।।” ਪਰ ਬੱਗੀ ਦਾੜ੍ਹੀ ਵਾਲ਼ੇ ਗੁਣੀ-ਗਿਆਨੀ ਬਾਪੂ ਦੀ ਸਿੱਖਿਆ ਜੁਆਨ ਹੁੰਦੇ ਆ ਰਹੇ ਪ੍ਰੀਤ ਦੇ ਪੱਲੇ ਘੱਟ ਹੀ ਪੈਂਦੀ। ਉਹ ਦਿਮਾਗ ‘ਤੇ ਚੜ੍ਹੇ ਸੁਪਨਿਆਂ ਨਾਲ਼ ਹੀ ਘੋਲ਼ ਕਰਦਾ ਰਹਿੰਦਾ।
ਇੱਕ ਦਿਨ ਪ੍ਰੀਤ ਅਤੇ ਸੀਰੀ ਜੈਬਾ ਗੋਡੇ-ਗੋਡੇ ਖੜ੍ਹੀ ਕਣਕ ਨੂੰ ਪਾਣੀ ਲਾ ਰਹੇ ਸਨ।
-”ਪਾੜ੍ਹਿਆ, ਵਿਆਹ-ਵੂਹ ਕਦੋਂ ਦਿਖਾਉਣੈਂ..?” ਨੱਕਾ ਮੋੜਦੇ ਜੈਬੇ ਨੇ ਪ੍ਰੀਤ ਨੂੰ ਚਾਣਚੱਕ ਛੇੜਿਆ।
-”ਵੇਲ਼ਾ ਤਾਂ ਆਬਦਾ ਨੀ ਪੂਰਾ ਹੁੰਦਾ ਬਾਈ ਜੈਬਿਆ, ਅਗਲੀ ਨੂੰ ਕੀ ਚੰਡੋਲ ਝੁਟਾ ਦਿਆਂਗੇ…?”
-”ਜਿਵੇਂ ਬਾਣੀਏਂ ਨੀ ਗੱਲੀਂ ਬਾਤੀਂ ਅਗਲੇ ਤੋਂ ਹੱਟੀ ਵਾਰਨ ਤੱਕ ਜਾਂਦੇ..? ਅਸੀਂ ਤੇਰੇ ਤੋਂ ਆਪਣਾ ‘ਸੀਰ’ ਵਾਰ ਦਿਆਂਗੇ ਪਾੜ੍ਹਿਆ, ਜਿੱਥੇ ਮਰਜੀ ਐ ਝੋਕ ਕੇ ਦੇਖ ਲਈਂ, ਆਪਾਂ ਕਿਹੜਾ ਭਾਨੋਂ ਨੂੰ ਤੁੰਗਲ਼ ਕਰਵਾ ਕੇ ਦੇਣੇ ਐਂææ?”
-”…………..।” ਪ੍ਰੀਤ ਉਚੀ-ਉਚੀ ਹੱਸ ਪਿਆ।
-”ਯਾਰ ਦੀ ਗੱਲ ਨੂੰ ਲੱਲੂ-ਪੰਜੂ ਨਾ ਸਮਝ…! ਤੇਰੇ ਘਰ ਦਾ ਨੂਣ ਖਾਧੈ, ਤੂੰ ਵਿਆਹ ਕਰਵਾ, ਜਾਹ ਮੈਂ ਪੂਰੇ ਸਾਲ ਦੇ ਸੀਰ ਦੇ ਪੈਸੇ ਨੀ ਲੈਂਦਾ…!”
-”……………।” ਪ੍ਰੀਤ ਹੱਸੀ ਜਾ ਰਿਹਾ ਸੀ। ਉਹ ਜੈਬੇ ਦੀ ਦਰਿਆ-ਦਿਲੀ ਦਾ ਵੀ ਕਾਇਲ ਸੀ। ਜੈਬਾ ਦੁਨੀਆਂ ਵਿੱਚ ‘ਕੱਲੀ ਜਾਨ ਸੀ। ਉਸ ਦੇ ਮਾਂ-ਬਾਪ ਛੋਟੇ ਹੁੰਦੇ ਦੇ ਹੀ ਸਵਰਗ ਸਿਧਾਰ ਗਏ ਸਨ। ਉਹ ਨਿੱਕਾ ਹੁੰਦਾ ਹੀ ਪ੍ਰੀਤ ਕਿਆਂ ਨਾਲ਼ ਸੀਰੀ ਆ ਰਲ਼ਿਆ ਸੀ, ਅਤੇ ਹੁਣ ਤੱਕ ਨਾਲ਼ ਨਿਭਦਾ ਆ ਰਿਹਾ ਸੀ।
-”ਜੇ ਜੇਬੋਂ ਨੰਗ ਐਂ, ਤਾਂ ਨੀਤ ਦੇ ਨੰਗ ਨੀ ਛੋਟੇ ਭਾਈ…! ਯਾਰ ਨੂੰ ਭਾਂਵੇਂ ਸੁਹਾਗੇ ਦੀ ਥਾਂ ਸਿੱਟਲੀਂ, ਸੀਅ ਨੀ ਕਰੂੰਗਾ…!” ਉਸ ਨੇ ਵੱਡਾ ਸਾਰਾ ਹੱਥ ਛਾਤੀ ‘ਤੇ ਮਾਰਿਆ। ਛਾਤੀ ਛੱਜ ਵਾਂਗ ਖੜਕੀ।
-”ਮੇਰਾ ਇੱਕ ਕੰਮ ਕਰ ਬਾਈ ਜੈਬਿਆ…!”
-”ਬੋਲ਼…?”
-”ਮੈਂ ਜਾਣਾ ਚਾਹੁੰਨੈ ਬਾਹਰ, ਤੂੰ ਕਿਵੇਂ ਨਾ ਕਿਵੇਂ ਬਾਪੂ ਨੂੰ ਮਨਾ…!”
-”ਛੋਟੇ ਭਾਈ ਸਿਆਣੇ ਕਹਿੰਦੇ ਹੁੰਦੇ ਐ, ਬਾਹਰ ਦੀ ਝਾਕ ਨਾ ਰੱਖੀਏ, ਘਰ ਅੱਧੀ ਚੰਗੀ…!”
-”ਮੈਂ ਤੈਨੂੰ ਕੀ ਕੰਮ ਕਿਹੈ, ਤੂੰ ਤਾਂ ਕਵੀਸ਼ਰੀ ਕਰਨ ਲੱਗ ਪਿਆ ਬਾਈ…?”
-”ਆਬਦੀ ਪੜ੍ਹਾਈ ਤਾਂ ਪੂਰੀ ਕਰ ਲੈ, ਫ਼ੇਰ ਤਾਏ ਨੂੰ ਬਾਹਰ ਵਾਸਤੇ ਵੀ ਮਨਾਲਾਂਗੇ…!”
-”ਪੜ੍ਹ ਕੇ ਕਿਹੜਾ ਤਸੀਲਦਾਰ ਲੱਗ ਜਾਣੈ ਬਾਈ…? ਖੇਤਾਂ ‘ਚ ਈ ਨੱਕੇ ਮੋੜਨੇ ਐਂ…!”
-”…………….।” ਸਿਰੇ ਦੀ ਸੱਚਾਈ ਸੁਣ ਕੇ ਜੈਬਾ ਚੁੱਪ ਵੱਟ ਗਿਆ।
ਪ੍ਰੀਤ ਚੱਲਦੀ ਮੋਟਰ ਵੱਲ ਚਲਿਆ ਗਿਆ। ਜੈਬਾ ਕਿਆਰੇ ਦਾ ਸਿਰਾ ਦੇਖਣ ਤੁਰਾ ਪਿਆ।
-”ਓਏ ਤੂੰ ਕਿੱਧਰੋਂ ਭੱਜਿਆ ਆਉਨੈਂ ਬਰੀ ਦਿਆ ਤਿਔਰਾ…?” ਜੈਬੇ ਨੇ ਗੁਆਂਢੀਆਂ ਦੇ ਮੁੰਡੇ ਨੂੰ ਪੁੱਛਿਆ। ਉਹ ਕਿਆਰੋ-ਕਿਆਰੀ ਭੱਜਿਆ ਆ ਰਿਹਾ ਸੀ।
-”ਪ੍ਰੀਤ ਚਾਚੇ ਨੂੰ ਦੇਖਣ ਆਲ਼ੇ ਆਏ ਐ, ਉਹਨੂੰ ਘਰੇ ਸੱਦਿਐ…!”
-”ਓਹ ਬੱਲੇ ਭਤੀਜ਼…! ਕਿੱਡੀ ਖੁਸ਼ੀ ਦੀ ਖ਼ਬਰ ਸੁਣਾਈ ਐ, ਆ ਤੈਨੂੰ ਗੁੜ ਖੁਆਵਾਂ…!” ਜੈਬਾ ਜੁਆਕ ਨੂੰ ਮੋਟਰ ਵਾਲ਼ੀ ਕੋਠੜੀ ਵੱਲ ਨੂੰ ਲੈ ਤੁਰਿਆ।
ਤੌੜੇ ਵਿੱਚੋਂ ਘੁਲ੍ਹਾੜੀ ਵਾਲ਼ਾ ਗੁੜ ਕੱਢ ਕੇ ਜੈਬੇ ਨੇ ਮੁੰਡੇ ਅੱਗੇ ਕੀਤਾ।
-”ਲੈ ਕਰ ਮੂੰਹ ਮਿੱਠਾ, ਕਿੱਡੀ ਵਧੀਆ ਖ਼ਬਰ ਦਿੱਤੀ ਐ ਭਤੀਜ ਤੂੰ…!”
-”ਘਰ ਦਾ ਗੁੜ ਖੁਆ ਕੇ ਜੁਆਕ ਨੂੰ ਮੋਕ ਨਾ ਲਾਅਦੀਂ, ਬਾਈ…!”
-”ਓਏ ਕੁਛ ਨੀ ਹੁੰਦਾ ਜੱਟ ਦੇ ਪੁੱਤ ਨੂੰ, ਕਿੱਧਰੇ ਨੀ ਲੱਗਦੀ ਇਹਨੂੰ ਮੋਕ…! ਇਹਨੇ ਤਾਂ ਖ਼ਬਰ ਈ ਬੱਤੀ ਸੁਲੱਖਣੀ ਦਿੱਤੀ ਐ, ਚੱਕ ਪੁੱਤ, ਖਾਅ ਤੇ ਕੱਢ ਕੁੱਖਾਂ…!”
-”ਸਾਨੂੰ ਵੀ ਦੱਸ ਦੇ ਬਾਈ…? ਅਸੀਂ ਵੀ ਭੋਰਾ ਖ਼ੁਸ਼ ਹੋ ਲਈਏ…!” ਪ੍ਰੀਤ ਬੋਲਿਆ।
-”ਤੂੰ ਮੂੰਹ ਹੱਥ ਧੋ ਤੇ ਘਰੇ ਚੱਲ, ਤੈਨੂੰ ਦੇਖਣ ਆਲ਼ੇ ਆਏ ਐ…! ਅਸੀਂ ਤਾਂ ਰਹਿਗੇ, ਜਿਹੋ ਜੇ ਸੀਗੇ, ਤੂੰ ਤਾਂ ਕਬੀਲਦਾਰਾਂ ‘ਚ ਬਹਿੰਦਾ ਹੋ…!” ਸੁਣ ਕੇ ਪ੍ਰੀਤ ਨੇ ਜੈਬੇ ਦੇ ਗੋਡੇ ਫ਼ੜ ਲਏ, “ਬਾਈ ਜੈਬਿਆ, ਮੈਨੂੰ ਬਚਾਅ…! ਮੈਂ ਨੀ ਅਜੇ ਵਿਆਹ ਕਰਵਾਉਣਾ…!”
-”ਤੂੰ ਕਮਲ਼ ਨਾ ਮਾਰ…! ਜਾਹ ਮੂੰਹ ਹੱਥ ਧੋ, ਤੇ ਚੱਲ਼..!” ਜੈਬੇ ਨੇ ਪ੍ਰੀਤ ਵਾਲ਼ੀ ਕਹੀ ਫ਼ੜ ਕੇ ਇੱਕ ਪਾਸੇ ਰੱਖ ਦਿੱਤੀ, “ਵਿਹੜੇ ਆਇਆ ਚਾਨਣ ਨੀ ਧੱਕੀਦਾ…!”
-”ਯਾਰ ਬਾਈ, ਆਪ ਤਾਂ ਕਿਸੇ ਤਣ-ਪੱਤਣ ਲੱਗੇ ਨੀ, ਅਗਲੀ ਨੂੰ ਵੀ ਪਰੁੰਨ੍ਹ ਕੇ ਧਰ ਦਿਆਂਗੇ…!”
-”ਸੋਚੀਂ ਪਿਆ, ਤੇ ਬੰਦਾ ਗਿਆ…! ਸੱਜੇ ਨੂੰ ਖੱਬਾ ਨਾ ਦੇਖ, ਚੱਲ਼…! ਬਥੇਰੀਆਂ ਸੁਣ ਲਈਆਂ ਮੈਂ ਤੇਰੀਆਂ ਅਵਲ਼ੀਆਂ ਸਵਲ਼ੀਆਂ…!” ਜੈਬੇ ਨੇ ਮੋਟਰ ਬੰਦ ਕਰ ਦਿੱਤੀ ਅਤੇ ਪ੍ਰੀਤ ਨੂੰ ਖਿੱਚ ਕੇ ਘਰ ਲੈ ਗਿਆ।
ਧੀ ਦੇ ਮਾਪੇ ਸੋਹਣੇ ਸੁਣੱਖੇ ਪ੍ਰੀਤ ਨੂੰ ਦੇਖਣ ਸਾਰ ਹੀ ਕਾਇਲ ਹੋ ਗਏ ਅਤੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਪ੍ਰੀਤ ਇਸ ਰਿਸ਼ਤੇ ਤੋਂ ਮੁਨੱਕਰ ਸੀ। ਉਸ ਨੇ ਘਰ ਵਿੱਚ ਕਲੇਸ਼ ਖੜ੍ਹਾ ਕਰ ਲਿਆ।
-”ਮੈਂ ਵਿਆਹ-ਵੂਹ ਕੋਈ ਨੀ ਕਰਵਾਉਣਾ, ਮੈਂ ਤਾਂ ਬਾਹਰ ਜਾਣੈਂ…!” ਉਸ ਨੇ ਲਕੀਰ ਖਿੱਚ ਦਿੱਤੀ। ਸਭ ਨੂੰ ਸੱਪ ਸੁੰਘ ਗਿਆ। ਕਈ ਦਿਨ “ਘੈਂਸ-ਘੈਂਸ” ਹੁੰਦੀ ਰਹੀ। ਅਖੀਰ ਉਸ ਦੀ ਮਾਂ ਨੇ ਪੁੱਤ ਅੱਗੇ ਹੱਥ ਜੋੜੇ, “ਤੂੰ ਇੱਕ ਆਰੀ ਵਿਆਹ ਕਰਵਾ ਲੈ ਪੁੱਤ, ਤੇਰੇ ਪਿਉ ਨੂੰ ਮਨਾਉਣਾ ਮੇਰਾ ਕੰਮ, ਮੈਂ ਤੋਰੂੰ ਤੈਨੂੰ ਬਾਹਰ…!”
-”…………..।” ਪ੍ਰੀਤ ਚੁੱਪ ਸੀ।
-”ਨਾਲ਼ੇ ਤੇਰਾ ਸਹੁਰਾ ਕਹਿੰਦਾ ਸੀ, ਉਹਨਾਂ ਦੇ ਪੰਜਾਹ ਜੀਅ ਕਨੇਡੇ ਐ, ਉਹ ਤੇਰੀ ਮੱਦਤ ਵੀ ਕਰ ਦੇਣਗੇ…!” ਆਖਣ ‘ਤੇ ਸੁੱਕੀ ਵੇਲ ਨੂੰ ਪਾਣੀ ਮਿਲਣ ਵਾਂਗ ਪ੍ਰੀਤ ਨੇ ਸਿਰ ਉਚਾ ਚੁੱਕਿਆ ਅਤੇ ਨਜ਼ਰਾਂ ਰਾਹੀਂ ਸਹਿਮਤੀ ਹੋ ਗਈ।
ਗਿਣਤੀ ਦੇ ਹਫ਼ਤਿਆਂ ਵਿੱਚ ਪ੍ਰੀਤ ਦਾ ਵਿਆਹ ਹੋ ਗਿਆ।
ਲਗਰ ਵਰਗੀ ਸੋਹਣੀ ਕੁੜੀ ਪੁਨੀਤ, ਪ੍ਰੀਤ ਦੀ ਹਮਸਫ਼ਰ ਬਣ ਘਰ ਆ ਗਈ। ਸੁੰਨਾਂ ਅਤੇ ਧੁਆਂਖਿਆ ਵਿਹੜਾ ਜਿਵੇਂ ਚਾਨਣ ਅਤੇ ਖੇੜਿਆਂ ਨਾਲ਼ ਭਰ ਗਿਆ ਸੀ। ਪ੍ਰੀਤ ਦੇ ਮਾਂ-ਬਾਪ ਦੇ ਵੀ ਧਰਤੀ ਪੈਰ ਨਹੀਂ ਲੱਗਦੇ ਸਨ। ਕਮਲ਼ਾ ਹੋਇਆ ਜੈਬਾ ਗਈ ਰਾਤ ਤੱਕ ਲਾਹਣ ਪੀਂਦਾ ਅਤੇ ਬੱਕਰੇ ਦੀਆਂ ਸੈਂਖੀਆਂ ਚੂੰਡਦਾ ਰਿਹਾ ਸੀ।
ਤਿੰਨ ਕੁ ਮਹੀਨੇ ਤਾਂ ਸੁੱਖ ਸਾਂਦ ਨਾਲ਼ ਬੀਤ ਗਏ। ਪਰ ਤੀਜੇ ਮਹੀਨੇ ਬਾਅਦ ਹੀ ਪ੍ਰੀਤ ਨੂੰ ਬਾਹਰ ਜਾਣ ਵਾਲ਼ਾ ਹੀਂਗਣਾ ਫ਼ਿਰ ਛੁੱਟ ਪਿਆ। ਮਾਂ ਨੇ ਫ਼ਿਰ ਹਾੜ੍ਹੇ ਕੱਢੇ, ਨਵੀਂ ਵਿਆਹੀ ਪੁਨੀਤ ਦਾ ਵੇਰਵਾ ਦੇ ਕੇ ਵਾਸਤੇ ਪਾਏ। ਪਰ ਪ੍ਰੀਤ ਇੱਕੋ ਗੱਲ ‘ਤੇ ਅੜਿਆ ਰਿਹਾ, “ਥੋਡੇ ਕਹਿਣ ‘ਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ, ਹੁਣ ਤੁਸੀਂ ਆਪਣਾ ਵਾਅਦਾ ਪੂਰਾ ਕਰੋ…!” ਪ੍ਰੀਤ ਦੀ ਅੜੀ ‘ਤੇ ਸਾਰਾ ਟੱਬਰ ਦੁਖੀ ਸੀ। ਪ੍ਰੀਤ ਦੀ ਮਾਂ ਨੇ ਆਪਣੀ ਨੂੰਹ ਨੂੰ ਝੰਜੋੜਿਆ, “ਪੁਨੀਤ, ਤੂੰ ਈ ਕੁਛ ਕਹਿ ਕੇ ਦੇਖ’ਲਾ ਪੁੱਤ, ਸਾਡੀ ਆਖੀ ਤਾਂ ਹੁਣ ਉਹ ਮੰਨਦਾ ਨੀ…!” ਪਰ ਨੂੰਹ ਨੇ ਵੀ ਹੱਥ ਖੜ੍ਹੇ ਕਰ ਦਿੱਤੇ, “ਬੀਜੀ, ਮੈਂ ਤਾਂ ਪਹਿਲਾਂ ਈ ਕਹਿ ਕੇ ਦੇਖ ਚੁੱਕੀ ਐਂ, ਗੱਲ ਈ ਨੀ ਸੁਣਦੇ…!” ਸੱਜ ਵਿਆਹੀ ਦੇ ਅੰਦਰੋਂ ਵੀ ਧੁਖਦੀਆਂ ਰੀਝਾਂ ਦਾ ਧੂੰਆਂ ਨਿਕਲ਼ਿਆ। ਉਸ ਨੇ ਬਲ਼ਦੀ ਚਿਖ਼ਾ ਵਾਂਗ ਹਾਉਕਾ ਲਿਆ। ਬੇਵੱਸ ਨੂੰਹ ਦੀਆਂ ਭਰੀਆਂ ਅੱਖਾਂ ਦੇਖ, ਸੱਸ ਚੁੱਪ ਕਰ ਗਈ।
ਤਣਾਓ ਭਰੇ ਮਾਹੌਲ ਵਿੱਚ ਹਫ਼ਤਾ ਹੋਰ ਲੰਘ ਗਿਆ।
ਇੱਕ ਦਿਨ ਆਥਣੇ ਜਿਹੇ ਜੈਬਾ ਪੱਠੇ ਵੱਢ ਰਿਹਾ ਸੀ। ਪ੍ਰੀਤ ਮੋਰਨੀਆਂ ਵਾਲ਼ਾ ਝੋਲ਼ਾ ਹੱਥ ਵਿੱਚ ਫ਼ੜੀ ਡਿੱਕਡੋਲੇ ਜਿਹੇ ਖਾਂਦਾ ਤੁਰਿਆ ਆ ਰਿਹਾ ਸੀ। ਜੈਬੇ ਨੇ ਦਾਤੀ ਸੁੱਟ, ਡੰਡੀ ‘ਤੇ ਤੁਰੇ ਆ ਰਹੇ ਪ੍ਰੀਤ ਨੂੰ ਗਹੁ ਨਾਲ਼ ਤੱਕਿਆ ਤਾਂ ਪ੍ਰੀਤ ਦੀ ਤੋਰ ਵਿੱਚ ਕੋਈ ਨਸ਼ਾ ਝੂਲ ਰਿਹਾ ਸੀ। ਹੈਰਾਨੀ ਨਾਲ਼ ਜੈਬੇ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪ੍ਰੀਤ ਨੇ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੋਚਾਂ ਵਿੱਚ ਬੌਂਦਲ਼ਿਆ ਜੈਬਾ ਬੁਲਡੋਜਰ ਵਾਂਗ ਉਸ ਦੇ ਅੱਗੇ ਜਾ ਖੜ੍ਹਾ, “ਛੋਟੇ ਭਾਈ, ਕੁਛ ਖਾਧਾ ਪੀਤੈ ਅੱਜ਼…?” ਉਸ ਨੇ ਪ੍ਰੀਤ ਦਾ ਮੋਢਾ ਫ਼ੜ ਕੇ, ਝੰਜੋੜ ਕੇ ਪੁੱਛਿਆ।
-”ਆਪਾਂ ਬੈਲੀਆਂ ਨੇ ਬੈਲ ਕਮਾਉਣੇ ਬਾਈ ਜੈਬਿਆ…!” ਉਸ ਨੇ ਬੱਕਰਾ ਬੁਲਾ ਕੇ ਬਾਂਹ ਉਪਰ ਚੁੱਕੀ ਤਾਂ ਪ੍ਰੀਤ ਦਾ ਸਰੀਰ ਡੋਲ ਗਿਆ। ਜੈਬੇ ਨੇ ਉਸ ਨੂੰ ਸੰਭਾਲ਼ ਲਿਆ, “ਓਏ ਇਹ ਕੀ ਕਰਨ ਲੱਗ ਪਿਆ ਖਸਮਾਂ ਨੂੰ ਖਾਣਿਆਂ? ਤਾਏ ਹੋਰੀਂ ਸਾਰੇ ਅੰਬਰਤਧਾਰੀ, ਤੇ ਤੂੰ ਆਹ ਕੀ ਲੱਛਣ ਕਰਨ ਲੱਗ ਪਿਆ…? ਤਾਇਆ ਤਾਈ ਤਾਂ ਦੇਖ ਕੇ ਸਾਹ ਖਿੱਚ ਜਾਣਗੇ…!”
-”ਅਜੇ ਤਾਂ ਆਹ ਪੀਣੀ ਐਂ ਬਾਈ…!” ਉਸ ਨੇ ਮੋਰਨੀਆਂ ਵਾਲ਼ੇ ਝੋਲ਼ੇ ਵਿੱਚੋਂ ਸਪਰੇਅ ਵਾਲ਼ੀ ਦੁਆਈ ਦੀ ਬੋਤਲ ਕੱਢ ਕੇ ਦਿਖਾਈ ਤਾਂ ਭੈਅ ਨਾਲ਼ ਜੈਬੇ ਦਾ ਅੰਦਰ ਹਿੱਲ ਗਿਆ, “ਓਏ ਗਵੱਜੀਆ, ਆਹ ਕੀ ਚੰਦ ਚਾੜ੍ਹਨ ਲੱਗਿਐਂ…? ‘ਕੱਲਾ-’ਕੱਲਾ ਪੁੱਤ ਐਂ, ਹੁਣ ਬੁੱਢੇ ਵਾਰੇ ਮਾਪਿਆਂ ਨੂੰ ਆਹ ਫੱਟ ਦੇਵੇਂਗਾ…?” ਜੈਬੇ ਨੂੰ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।
-”ਬੱਸ ਬਾਈ ਜੈਬਿਆ, ਹੁਣ ਯਾਰ ਗੱਡੀ ਚੜ੍ਹ ਜਾਣਗੇ, ਤੂੰ ਬੈਠੀ ਰੋਵੇਂਗੀ ਵਣਾਂ ਦੀ ਛਾਂਵੇਂ…!” ਉਹ ਨਸ਼ੇ ਵਿੱਚ ਕਵੀਸ਼ਰੀ ਕਰੀ ਜਾ ਰਿਹਾ ਸੀ। ਜੈਬੇ ਨੇ ਧੱਕਾ ਮਾਰ ਕੇ ਪ੍ਰੀਤ ਨੂੰ ਬਰਸੀਨ ਦੀ ਭਰੀ ‘ਤੇ ਸੁੱਟ ਲਿਆ ਅਤੇ ਹੱਥੋਂ ਦੁਆਈ ਵਾਲ਼ੀ ਬੋਤਲ ਖੋਹ ਲਈ। ਪ੍ਰੀਤ ਬੋਤਲ ਖੋਹਣ ਪਿਆ ਤਾਂ ਜੈਬੇ ਨੇ ਗੁਆਂਢੀ ਖੇਤਾਂ ਵਾਲ਼ਿਆਂ ਨੂੰ ਅਵਾਜ਼ ਮਾਰ ਕੇ ਲੋਕ ਇਕੱਠੇ ਕਰ ਲਏ ਅਤੇ ਪ੍ਰੀਤ ਨੂੰ ਖਿੱਚ ਧੂਹ ਕੇ ਘਰ ਲੈ ਆਂਦਾ। ਨਸ਼ੇ ਵਿੱਚ ਉਹ ਆਪਣਾ ਆਪ ਛੁਡਾ-ਛੁਡਾ ਕੇ ਭੱਜਦਾ ਸੀ। ਇਕਲੌਤੇ ਪੁੱਤ ਦੀ ਨਸ਼ਈ ਹਾਲਤ ਦੇਖ ਕੇ ਮਾਂ ਨੂੰ ਗਸ਼ ਪੈਣ ਵਾਲ਼ੀ ਹੋ ਗਈ ਅਤੇ ਸੱਜ ਵਿਆਹੀ ਪੁਨੀਤ ਢਿੱਡ ‘ਚ ਮੁੱਕੀਆਂ ਦੇ ਕੇ ਬੈਠ ਗਈ।
-”ਤਾਇਆ, ਇਹਦਾ ਬਾਹਰਲਾ ਜੁਗਾੜ ਕਰੋ, ਪਿੱਛਾ ਆਪਾਂ ਰਲ਼ ਮਿਲ਼ ਕੇ ਸਾਭ ਲਵਾਂਗੇææ!” ਹਾਲਾਤਾਂ ਤੋਂ ਹਾਰ ਕੇ ਜੈਬੇ ਨੇ ਮਿੱਤ ਸਿੰਘ ਨੂੰ ਕਿਹਾ, “ਗਿਆ ਵੇਲ਼ਾ ਹੱਥ ਨੀ ਆਉਂਦਾ, ਪਿੱਛੋਂ ਅੱਕਾਂ ‘ਚ ਡਾਂਗਾਂ ਮਾਰਨ ਨਾਲ਼ ਕੁਛ ਨੀ ਹੋਣਾ, ਵੇਲ਼ਾ ਸਾਂਭ ਤਾਇਆ…!”
-”……………..।” ਥਮਲ੍ਹੇ ਵਰਗੇ ਜਿਗਰੇ ਵਾਲ਼ਾ ਮਿੱਤ ਸਿੰਘ ਚੁੱਪ ਸੀ।
-”ਹਰਖ ਦਾ ਮਾਰਿਆ ਧੀ ਪੁੱਤ ਨਰਕ ‘ਚ ਪੈ ਜਾਂਦੈ…! ਆਪਾਂ ਜਿਹੜੇ ਠੂਠੇ ਖਾਣੈ, ਓਸੇ ਈ ਖਾਣੈ ਤਾਇਆ, ਤੂੰ ਇਹਦਾ ਬੰਨ੍ਹ-ਸੁੱਬ ਕਰ, ਮੇਰਾ ਚਾਹੇ ਸਾਲ ਦਾ ਸੀਰ ਨਾ ਦੇਈਂ, ਮੇਰੇ ਕਿਹੜਾ ਕਾਕੂ ਹੋਰੀਂ ਰੋਂਦੇ ਐ…!”
ਭਲੇ ਵੇਲ਼ਿਆਂ ਵਿੱਚ ਮਿੱਤ ਸਿੰਘ ਨੇ ਪ੍ਰੀਤ ਨੂੰ “ਚੋਰ-ਮੋਰੀਆਂ” ਰਾਹੀਂ ਕੈਨੇਡਾ ਵੜਦਾ ਕਰ ਦਿੱਤਾ।
-”ਲੈ ਮੈਂ ਆਬਦਾ ਫ਼ਰਜ਼ ਨਿਭਾਅ ਦਿੱਤਾ, ਹੁਣ ਤੂੰ ਆਬਦੇ ਫ਼ਰਜ ਨਾ ਭੁੱਲਜੀਂ, ਜਿਉਣ ਜੋਕਰਿਆ…!” ਤੁਰਦੇ ਪੁੱਤ ਨੂੰ ਮਿੱਤ ਸਿੰਘ ਨੇ ਹਿੱਕ ‘ਤੇ ਪੱਥਰ ਰੱਖ ਕੇ ਆਖਿਆ ਸੀ। ਮਨ ਪ੍ਰੀਤ ਦਾ ਵੀ ਭਰਿਆ ਹੋਇਆ ਸੀ।
-”ਇੱਕ ਗੱਲ ਯਾਦ ਰੱਖੀਂ…! ਰਾਤ ਨੂੰ ਖਾਣਾ, ਤੇ ਸਵੇਰ ਨੂੰ ਗੰਦ ਬਣ ਜਾਣਾææ! ਵਿਗੜਦਾ ਆਬਦਾ ਹੁੰਦੈ, ਤੇ ਮੂੰਹ ਕਾਲ਼ਸ ਲੋਕ ਦਿੰਦੇ ਐ, ਤੇ ਦੂਜੇ ਪਾਸੇ ਬਣਦਾ ਆਬਦਾ ਹੁੰਦੈ, ਤੇ ਬੱਲੇ-ਬੱਲੇ ਲੋਕ ਕਰਦੇ ਐ, ਇਹ ਦੇਖ ਲਈਂ ਬਈ ਤੂੰ ਕਿਹੜੇ ਪਾਸੇ ਤੁਰਨੈ ਸ਼ੇਰ ਬੱਗਿਆ…!”
ਦੋ ਮਹੀਨੇ ਰੁਲ਼ਦਾ-ਖੁਲ਼ਦਾ ਪ੍ਰੀਤ ਕੈਨੇਡਾ ਦੇ ਸ਼ਹਿਰ ‘ਸਰੀ’ ਪਹੁੰਚ ਗਿਆ। ਬਿਗਾਨਾ ਮੁਲਕ ਅਤੇ ਬਿਗਾਨੇ ਲੋਕ! ਉਹ ਧਰਤੀ, ਜਿੱਥੇ ਲੋਕ ਅੱਤ ਦੇ ਨਜ਼ਦੀਕੀਆਂ ਦੇ ਸਸਕਾਰ ਵੀ ਛੁੱਟੀ ਵਾਲ਼ੇ ਦਿਨ ਕਰਦੇ ਸਨ। ਮਸ਼ੀਨਾਂ ਨਾਲ਼ ਮਸ਼ੀਨ ਹੋਈ ਦੁਨੀਆਂ। ਤੇਜ਼ ਰੌਸ਼ਨੀਆਂ ਵਿੱਚ ਚੁੰਧਿਆਈਆਂ ਨਜ਼ਰਾਂ, ਕੰਮਾਂ-ਕਾਰਾਂ ਅਤੇ ਮੌਰਗੇਜਾਂ ਦੇ ਖੋਖਲ਼ੇ ਕੀਤੇ ਹੋਏ ਦਿਮਾਗ! ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਹਰਫ਼ਲ਼ੇ ਹੋਏ ਲੋਕ! ਪ੍ਰੀਤ ਦੀ ਕਦੇ ਦਿਹਾੜੀ ਲੱਗ ਜਾਂਦੀ, ਕਦੇ ਉਹ ਵਿਹਲਾ ਮੱਖੀਆਂ ਮਾਰਦਾ। ਜਦ ਉਸ ਨੂੰ ਨਾ ਕੋਈ ਕੰਮ ਮਿਲ਼ਦਾ ਤਾਂ ਉਹ ਗੁਰੂ ਘਰ ਜਾ ਕੇ ਹਾਜ਼ਰੀ ਦੇ ਨਾਲ਼-ਨਾਲ਼ ਢਿੱਡ ਵੀ ਭਰ ਆਉਂਦਾ। ਉਸ ਦੇ ਨਾਲ਼ ਦੇ ਮੁੰਡੇ ਛੁੱਟੀ ਵਾਲ਼ੇ ਦਿਨ ਬੋਤਲਾਂ ਲਿਆ ਕੇ ਖ਼ੂਬ ਦਾਰੂ ਪੀਂਦੇ, ਮੁਰਗੇ ਰਾੜ੍ਹਦੇ, ਪਰ ਪ੍ਰੀਤ ਡਬਲਰੋਟੀ ਅਤੇ ਦਾਲ਼ ਨਾਲ਼ ਕਾਲ਼ਜਾ ਧਾਫ਼ੜ ਕੇ ਚੁੱਪ-ਚਾਪ ਸੌਂ ਜਾਂਦਾ। ਨਾਲ਼ ਦੇ ਮੁੰਡੇ ਉਸ ਦੀ ਖਿੱਲੀ ਉਡਾਉਂਦੇ, “ਇਹ ਤਾਂ ਹੱਥ ਘੁੱਟ ਬੰਦੈ…! ਸਿਰੇ ਦਾ ਸੂਮ…!”
-”ਕਿਉਂ ਮਗਜਮਾਰੀ ਕਰਦੇ ਐਂ, ਅਗਲੇ ਨੇ ਹਿੱਕ ‘ਤੇ ਧਰ ਕੇ ਲਿਜਾਣਾ ਹੋਊ…?” ਨਾਲ਼ ਦੇ ਮੁੰਡੇ ਉਸ ‘ਤੇ ਅਵਾਜ਼ੇ ਕਸਦੇ। ਚੋਭਾਂ ਲਾਉਂਦੇ। ਪਰ ਪ੍ਰੀਤ ਚੁੱਪ ਹੀ ਰਹਿੰਦਾ।
ਤਿੰਨ ਦਿਨ ਤੋਂ ਪ੍ਰੀਤ ਨੂੰ ਕੋਈ ਕੰਮ ਨਹੀਂ ਮਿਲ਼ਿਆ ਸੀ। ਉਹ ਗੁਰੂ ਘਰ ਤੋਂ ਲੰਗਰ ਛਕ ਕੇ ਘੋਰ ਉਦਾਸ ਤੁਰਿਆ ਆ ਰਿਹਾ ਸੀ। ਸਾਹਮਣਿਓਂ ਉਸ ਨੂੰ ਅੰਗਰੇਜ਼ੀ ਮਾਹੌਲ ਦੀ ਪੁੱਠ ਚੜ੍ਹੀ ਵਾਲ਼ਾ ਪੰਜਾਬੀ ਮੁੰਡਾ ਮਿਲ਼ ਪਿਆ। ਕੰਨਾਂ ਉਪਰੋਂ ਵਾਲ਼ਾਂ ਦੀ ਉਸਤਰੇ ਨਾਲ਼ ਮੁਰੱਬੇਬੰਦੀ ਜਿਹੀ ਕਰਵਾ ਕੇ ਉਪਰਲੇ ਵਾਲ਼ ਉਸ ਨੇ ਕੁੱਕੜ ਦੀ ਕਲਗੀ ਵਾਂਗ ਖੜ੍ਹੇ ਕੀਤੇ ਹੋਏ ਸਨ ਅਤੇ ਹੱਥਾਂ ਦੀਆਂ ਤਕਰੀਬਨ ਸਾਰੀਆਂ ਉਂਗਲ਼ਾਂ ਵਿੱਚ ਛਾਪਾਂ ਪਾਈਆਂ ਹੋਈਆਂ ਸਨ। ਗਲ਼ ਵਿੱਚ ਸੋਨੇ ਦੀ ਮੋਟੀ ਸੰਗਲ਼ੀ ਅਤੇ ਹਿੱਕ ਉਪਰ ਸ਼ੇਰ ਖੁਣਵਾਇਆ ਹੋਇਆ ਸੀ।
-”ਕੀ ਹਾਲ ਨੇ ਬਰੱਦਰææ?” ਉਹ ਪ੍ਰੀਤ ਨੂੰ ਬੜੀ ਅਪਣੱਤ ਨਾਲ਼ ਮਿਲ਼ਿਆ। ਪਰ ਪ੍ਰੀਤ ਸੋਚਾਂ ਵਿੱਚ ਡੁੱਬਿਆ ਕੋਲ਼ ਦੀ ਲੰਘ ਚੱਲਿਆ। ਉਸ ਨੇ ਇਸ ਲੜਕੇ ਨੂੰ ਕਦੇ ਦੇਖਿਆ ਤੱਕ ਨਹੀਂ ਸੀ।
-”ਗੱਲ ਤਾਂ ਸੁਣ’ਜਾ ਭਰਾਵਾ…!” ਉਸ ਦੇ ਕਹਿਣ ‘ਤੇ ਪ੍ਰੀਤ ਰੁਕ ਗਿਆ।
-”ਕੰਮ ਚਾਹੀਦੈ…?” ਉਹ ਸੋਨੇ ਦੀ ਮੋਟੀ ਮੁੰਦਰੀ ਨੂੰ ਉਂਗਲ਼ ਵਿੱਚ ਘੁੰਮਾਉਂਦਾ ਬੋਲਿਆ।
-”…………….।” ਪ੍ਰੀਤ ਅਜੇ ਵੀ ਚੁੱਪ ਸੀ।
-”ਮੇਰਾ ਨਾਂ ਡੈਬੀ ਆ! ਸੱਤੇ ਦਿਨ ਕੰਮ, ਤੇ ਸਾਡੀ ਕੰਪਨੀ ਪੱਕਾ ਵੀ ਕਰਵਾਊ…!” ਉਸ ਨੇ ਪ੍ਰੀਤ ਵੱਲ ਹੱਥ ਵਧਾਇਆ।
-”……………।” ਪ੍ਰੀਤ ਰੱਬ ਦੇ ਸ਼ੁਕਰਾਨੇ ਵਜੋਂ ਅਸਮਾਨ ਵੱਲ ਝਾਕ ਰਿਹਾ ਸੀ। ਉਸ ਨੂੰ ਆਸ ਨਹੀਂ ਸੀ ਕਿ ਰੱਬ ਛੱਪਰ ਪਾੜ ਕੇ ਦੇ ਦੇਵੇਗਾ।
ਉਸ ਦਿਨ ਤੋਂ ਪ੍ਰੀਤ ਦਾ ਕੰਮ ਖੁੱਲ੍ਹਾ-ਡੁੱਲ੍ਹਾ ਸ਼ੁਰੂ ਹੋ ਗਿਆ। ਡੈਬੀ ਪ੍ਰੀਤ ਦੀ ਜ਼ਿੰਦਗੀ ਵਿੱਚ ਕੀ ਆਇਆ, ਦਿਨ-ਬ-ਦਿਨ ਪ੍ਰੀਤ ਦੀਆਂ ਲਹਿਰਾਂ-ਬਹਿਰਾਂ ਹੁੰਦੀਆਂ ਤੁਰੀਆਂ ਜਾ ਰਹੀਆਂ ਸਨ। ਕੀਮਤੀ ਘਰ ਅਤੇ ਮਹਿੰਗੀਆਂ ਕਾਰਾਂ ਘਰੇ ਆ ਖੜ੍ਹੀਆਂ। ਪਤਾ ਨਹੀਂ ਪ੍ਰੀਤ ਦੇ ਹੱਥ ਕਿਹੜੀ ਗਿੱਦੜਸਿੰਗੀ ਆ ਗਈ ਸੀ, ਉਹ ਪੈਸੇ ਵਿੱਚ ਖੇਡਣ ਲੱਗ ਪਿਆ ਸੀ। ਉਸ ਦੇ ਨਾਲ਼ ਦੇ ਮੁੰਡੇ ਹੈਰਾਨ ਸਨ। ਉਹ ਰਾਤ ਨੂੰ ਦਾਰੂ ਪੀਂਦੇ ਗੱਲਾਂ ਸਾਂਝੀਆਂ ਕਰਦੇ, “ਪ੍ਰੀਤ ਕੰਜਰ ਡਰੱਗ ਡੀਲਰਾਂ ਨਾਲ਼ ਰਲ਼ ਗਿਆ…!”
-”ਫ਼ੇਰ ਤੈਨੂੰ ਕੀ? ਜੀਹਦਾ ਸਿਰ ਦੁਖੂ, ਆਪੇ ਪੱਟੀ ਬੰਨੂ…! ਅਖੇ ਤੂੰ ਕੌਣ, ਕਹਿੰਦਾ ਮੈਂ ਖਾਹ-ਮਖਾਹ…!”
ਮੁੰਡੇ ਉਸ ਨੂੰ ਲੈ ਕੇ ਕਚ੍ਹੀਰਾ ਕਰਦੇ।
-”ਬਾਪੂ, ਮਾਰ ਜਿਹੜੀ ਪੈਲ਼ੀ ਦਾ ਸੌਦਾ ਮਾਰਦੈਂ, ਪੈਸੇ ਮੈਂ ਭੇਜੂੰ…!” ਰਾਤ ਨੂੰ ਪੈੱਗ ਲਾ ਕੇ ਪ੍ਰੀਤ ਨੇ ਬਾਪੂ ਨੂੰ ਫ਼ੋਨ ‘ਤੇ ਕਿਹਾ।
-”ਪੁੱਤ, ਕੜਬਚੱਬਾਂ ਦਾ ਮੁੰਡਾ ਪੰਜ ਸਾਲ ਹੋਗੇ ਬਾਹਰ ਗਏ ਨੂੰ, ਉਹਦੇ ਅਜੇ ਤੱਕ ਪੈਰ ਨੀ ਲੱਗੇ, ਆਨਾਂ ਨੀ ਭੇਜਿਆ ਘਰਦਿਆਂ ਨੂੰ, ਪੱਚੀ ਲੱਖ ਲਾ ਕੇ ਭੇਜਿਐ ਵਿਚਾਰਿਆਂ ਨੇ…!”
-”ਆਬਦੀ-ਆਬਦੀ ਕਿਸਮਤ ਹੁੰਦੀ ਐ, ਬਾਪੂ…!”
-”ਤੂੰ ਕਿਤੇ ਕੋਈ ਐਰਾ-ਗੈਰਾ ਕੰਮ ਤਾਂ ਨੀ ਕਰਨ ਲੱਗ ਪਿਆ…?” ਬਾਪੂ ਨੇ ਅੰਦਰਲਾ ਡਰ ਉਜਾਗਰ ਕੀਤਾ।
-”ਨਹੀਂ ਬਾਪੂ…! ਕੋਈ ਨੀ ਕਰਦਾ, ਤੁਸੀਂ ਆਪ ਈ ਕਹਿੰਦੇ ਹੁੰਦੇ ਸੀ ਕਿ ਕੰਮ ਕੋਈ ਵੀ ਮਾੜਾ ਨੀ ਹੁੰਦਾ…!”
-”ਫ਼ਰਕ ਤਾਂ ਕੋਈ ਬਾਪੂ, ਤੇ ਮਾਂ ਦੇ ਖਸਮ ‘ਚ ਵੀ ਨੀ ਹੁੰਦਾ, ਪਰ ਬੋਲਣ ਵਾਲ਼ਾ ਸੰਕੋਚ ਕਰਦੈ…!”
-”……………..।” ਪ੍ਰੀਤ ਨਿਰੁੱਤਰ ਹੋ ਗਿਆ।
-”ਪੁੱਤ, ਦਸਾਂ ਨਹੁੰਆਂ ਦੀ ਕਿਰਤ ‘ਚ ਬਰਕਤ ਹੁੰਦੀ ਐ, ਤੇ ਨਾਲ਼ੇ ਜੱਗ ਸਲ਼ਾਹੁਤਾ ਕਰਦੈ…!”
-”ਤੁਸੀਂ ਫ਼ਿਕਰ ਨਾ ਕਰੋ ਬਾਪੂ ਜੀ…! ਥੋਨੂੰ ਕੋਈ ਉਲਾਂਭਾ ਨੀ ਆਊ, ਬੀਜੀ ਨਾਲ਼ ਗੱਲ ਕਰਵਾ ਦਿਓ…!”
ਬਾਪੂ ਨੇ ਫ਼ੋਨ ਅੱਗੇ ਫ਼ੜਾ ਦਿੱਤਾ।
-”ਪੁੱਤ, ਕੋਈ ਮਾੜਾ ਧੰਦਾ ਨਾ ਵਿੱਢਲੀਂ, ਪੁਨੀਤ ਬਾਰੇ ਵੀ ਸੋਚੀਂ, ਉਹਦਾ ਪੈਰ ਭਾਰੈ…!”
-”ਓਹ ਬੱਲੇ…! ਫ਼ੇਰ ਤਾਂ ਵਧਾਈਆਂ ਬੀਜੀ…!” ਖ਼ੁਸ਼ੀ ਨਾਲ਼ ਲੱਟੂ ਹੋਏ ਪ੍ਰੀਤ ਨੇ ਬੋਤਲ ਮੂੰਹ ਨੂੰ ਲਾ ਲਈ।
ਪੁਨੀਤ ਦੇ ਦਿਨ ਪੂਰੇ ਹੋਣ ‘ਤੇ ਉਸ ਨੇ ਇੱਕ ਸੋਹਣੀ ਸੁਣੱਖੀ ਬੱਚੀ ਨੂੰ ਜਨਮ ਦਿੱਤਾ। ਹਰੇ ਕਾਗਜ਼ ‘ਤੇ ਜਿਵੇਂ ਸੋਨੇ ਦੀ ਡਲ਼ੀ ਪਈ ਸੀ। ਬੱਚੀ ਦਾ ਨਾਂ “ਗੁਰਅੰਮ੍ਰਿਤ” ਰੱਖਿਆ ਗਿਆ। ਸੁੰਨੇ ਪਏ ਘਰ ਵਿੱਚ ਕਿਲਕਾਰੀਆਂ ਵੱਜਣ ਲੱਗ ਪਈਆਂ ਅਤੇ ਘਰ ਦੀਆਂ ਕੁਮਲ਼ਾਈਆਂ ਵੇਲਾਂ ਖ਼ੁਸ਼ੀਆਂ ਨਾਲ਼ ਟਹਿਕ ਪਈਆਂ। ਘਰ ਦੇ ਮੱਥੇ ‘ਤੇ ਲੱਗੀ ਮੋਰਨੀ ਘੁਕਣ ਲੱਗ ਪਈ।
ਪ੍ਰੀਤ ਨੇ ਪੰਜਾਂ ਸਾਲਾਂ ਵਿੱਚ ਪੱਚੀ ਏਕੜ ਦਾ ਟੱਕ ਖਰੀਦ ਮਾਰਿਆ ਅਤੇ ਅਸਮਾਨ ਛੂੰਹਦੀ ਕੋਠੀ ਖੜ੍ਹੀ ਕਰ ਲਈ। ਇਲਾਕੇ ਵਿੱਚ ਗੱਲਾਂ ਹੋਣ ਲੱਗ ਪਈਆਂ। ਪਰ ਸੰਤ ਕੌਰ ਅਤੇ ਮਿੱਤ ਸਿੰਘ ਵਿੱਚ ਕੋਈ ਮੜਕ ਨਾ ਆਈ। ਉਹ ਸਾਧੂ ਸੁਭਾਅ ਵਿੱਚ ਹੀ ਵਿਚਰਦੇ ਰਹੇ। ਗੁਰਅੰਮ੍ਰਿਤ ਦੀ ਉਮਰ ਪੰਜ ਸਾਲ ਤੋਂ ਉਪਰ ਹੋ ਗਈ ਸੀ। ਹੁਣ ਉਹ ‘ਪਾਪਾ’ ਨੂੰ ਯਾਦ ਕਰਦੀ। ਪੁਨੀਤ ਉਸ ਨੂੰ ਮੋਬਾਇਲ ਫ਼ੋਨ ‘ਤੇ ਫ਼ੋਟੋ ਲਾਹ-ਲਾਹ ਕੇ ਦਿੰਦੀ, “ਆਹ ਕਮਰਾ ਤੇਰੇ ਪਾਪਾ ਜੀ ਦਾ ਪੁੱਤ, ਤੇ ਆਹ ਕਮਰਾ ਮੇਰੀ ਗੁਰਅੰਮ੍ਰਿਤ ਦਾ…!” ਉਹ ਮੋਬਾਇਲ ‘ਤੇ ਫ਼ੋਟੋ ਦਿਖਾ-ਦਿਖਾ ਕੇ ਆਖਦੀ।
-”ਨਹੀਂ ਮਾਂ…! ਮੈਂ ਤਾਂ ਪਾਪਾ ਵਾਲ਼ੇ ਕਮਰੇ ‘ਚ ਪਾਪਾ ਕੋਲ਼ ਹੀ ਪਊਂਗੀ…!”
-”ਚੰਗਾ ਮੇਰੀ ਪਟਰਾਣੀ…! ਪਾਪਾ ਕੋਲ਼ ਪੈ ਜਾਇਆ ਕਰੀਂ…! ਹੋਰ ਦੱਸੋ ਪਟਰਾਣੀ ਜੀ…? ਹੋਰ ਕੋਈ ਸੇਵਾ…??” ਪੁਨੀਤ ਨੇ ਕਿਹਾ ਤਾਂ ਗੁਰਅੰਮ੍ਰਿਤ ਚੁੱਪ ਕਰ ਗਈ। ਮਾਸੂਮ ਚਿਹਰੇ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।
-”ਆਬਦੇ ਪਾਪਾ ਜੀ ਨੂੰ ਕਹਿ ਕੇ ਹੁਣ ਸਾਨੂੰ ਮਿਲ਼ ਜਾਣ ਤੇ ਤੈਨੂੰ ਤੇ ਪੁਨੀਤ ਨੂੰ ਨਾਲ਼ ਲੈ ਜਾਣ…!” ਦਾਦੀ ਸੰਤ ਕੌਰ ਨੇ ਕਿਹਾ।
-”ਅੱਜ ਕਹੇਂਗਾ ਨ੍ਹਾ ਪੁੱਤ…?” ਰੋਟੀ ਖਾਂਦਾ ਮਿੱਤ ਸਿੰਘ ਬੋਲਿਆ, ਤਾਂ ਗੁਰਅੰਮ੍ਰਿਤ ਨੇ ‘ਹਾਂ’ ਵਿੱਚ ਸਿਰ ਹਿਲਾਇਆ।
ਹੁਣ ਘਰ ਵਾਲ਼ਾ ਫ਼ੋਨ ਤਕਰੀਬਨ ਗੁਰਅੰਮ੍ਰਿਤ ਹੀ ਚੁੱਕਦੀ। ਜਦ ਫ਼ੋਨ ਵੱਜਦਾ ਤਾਂ ਉਹ ਭੱਜੀ ਜਾਂਦੀ ਅਤੇ ਫ਼ੋਨ ਜਾ ਚੁੱਕਦੀ।
-”ਪਾਪਾ, ਹੁਣ ਤੁਸੀਂ ਆਜੋ…!” ਅਗਲੇ ਦਿਨ ਗੁਰਅੰਮ੍ਰਿਤ ਨੇ ਪਾਪਾ ਨੂੰ ਫ਼ੋਨ ‘ਤੇ ਕਿਹਾ।
-”ਲੈ ਆ ਗਿਆ ਪੁੱਤ ਫ਼ੇਰ, ਕੱਲ੍ਹ ਨੂੰ ਟਿਕਟ ਕਰਵਾਉਨੈਂ, ਮੇਰੇ ਪੁੱਤੂ ਨੇ ਕਿਤੇ ਨਿੱਤ-ਨਿੱਤ ਕਹਿਣੈ? ਲਿਆ ਬਾਬਾ ਜੀ ਨਾਲ਼ ਗੱਲ ਕਰਵਾ…!” ਗੁਰਅੰਮ੍ਰਿਤ ਨੇ ਫ਼ੋਨ ਬਾਬਾ ਜੀ ਨੂੰ ਫ਼ੜਾ ਦਿੱਤਾ।
-”ਹਾਂ ਪੁੱਤ…?” ਮਿੱਤ ਸਿੰਘ ਫ਼ੋਨ ਫ਼ੜ ਕੇ ਬੋਲਿਆ।
-”ਬਾਪੂ ਜੀ, ਕੱਲ੍ਹ ਨੂੰ ਤੁਸੀਂ ਖੁੱਲ੍ਹੀ-ਡੁੱਲ੍ਹੀ ਨਵੀਂ ਗੱਡੀ ਕਢਵਾਓ, ਮੈਂ ਥੋਨੂੰ ਆਉਣ ਦਾ ਦਿਨ ਦੱਸਦੈਂ…! ਤੇ ਜਦੋਂ ਮੈਂ ਆਵਾਂ, ਏਅਰਪੋਰਟ ‘ਤੇ ਬਾਈ ਜੈਬੇ ਨੂੰ ਨਾਲ਼ ਜ਼ਰੂਰ ਲੈ ਕੇ ਆਇਓ…!”
-”ਚੰਗਾ ਪੁੱਤ…! ਫ਼ੇਰ ਡਰੈਵਰ ਨਾਲ਼ ‘ਕੱਲਾ ਜੈਬਾ ਈ ਆ ਜਾਊਗਾ, ਮੈਂ ਕੀ ਕਰਨੈਂ, ਵਾਧੂ ਲੰਮੇ ਸਫ਼ਰ ‘ਚ ਔਖਾ ਹੋਊਂਗਾ…!”
-”ਜਿਵੇਂ ਚੰਗਾ ਲੱਗੇ, ਕਰ ਲਿਓ ਬਾਪੂ…! ਜੈਬਾ ਮੈਨੂੰ ਆਪਣਾ ਸੀਰੀ ਨੀ, ਆਪਣੇ ਘਰ ਦਾ ਮੈਂਬਰ ਤੇ ਵੱਡਾ ਭਰਾ ਈ ਲੱਗਦੈ…!”
-”ਅਸੀਂ ਕਿਹੜਾ ਉਹਨੂੰ ਓਪਰਾ ਸਮਝਦੇ ਐਂ ਪੁੱਤ…? ਜੈਬਾ ਤਾਂ ਸਾਨੂੰ ਕਦੇ ਬਿਗਾਨਾ ਲੱਗਿਆ ਈ ਨੀ…! ਬਥੇਰਾ ਦੁਖਦੇ ਸੁਖਦੇ ਕੰਮ ਆਇਐ ਜਿਉਣ ਜੋਕਰਾ…!”
ਤੀਜੇ ਦਿਨ ਨਵੀਂ ਨਕੋਰ ਗੱਡੀ ਘਰ ਆ ਗਈ।
ਹਫ਼ਤੇ ਬਾਅਦ ਪ੍ਰੀਤ ਨੇ ਦਿੱਲੀ ਆ ਉਤਰਨਾ ਸੀ।
ਮਿਥੇ ਦਿਨ ‘ਤੇ ਪ੍ਰੀਤ ਦਿੱਲੀ ਆ ਉਤਰਿਆ। ਇੱਧਰੋਂ ਜੈਬਾ ਅਤੇ ਡਰਾਈਵਰ ਪਹੁੰਚੇ ਹੋਏ ਸਨ। ਪ੍ਰੀਤ ਖਾ ਪੀ ਕੇ ਪੂਰਾ ਦੁੜਕ ਗਿਆ ਸੀ। ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਰਗੀ ਹੋ ਗਈ ਸੀ। ਸਰੀਰ ਪੂਰਾ ਭਰ ਗਿਆ ਸੀ। ਆਉਣ ਸਾਰ ਉਸ ਨੇ ਜੈਬੇ ਨੂੰ ਗਲਵਕੜੀ ਪਾ ਲਈ। ਜੈਬਾ ਪ੍ਰੀਤ ਅੱਗੇ ਛਿਲਕਾਂ ਦਾ ਘੋੜ੍ਹਾ ਜਿਹਾ ਹੀ ਲੱਗਦਾ ਸੀ।
-”ਜੱਟ ਦੀ ਕੁਤਕੁਤੀ ਆਲ਼ੀ ਗੱਲ ਨਾ ਕਰੀਂ, ਨਿੱਕੇ ਭਾਈ…!” ਜੈਬਾ ਪ੍ਰੀਤ ਦੀ ਗਲਵਕੜੀ ‘ਚ ਘੁੱਟਿਆ ਬੋਲ ਰਿਹਾ ਸੀ।
-”……………..।” ਪ੍ਰੀਤ ਉਚੀ-ਉਚੀ ਹੱਸ ਪਿਆ।
-”ਕੀੜੀ ਨੂੰ ਤਾਂ ਤੱਕਲ਼ੇ ਦਾ ਦਾਗ ਈ ਬਥੇਰਾ ਹੁੰਦੈ…!” ਜੈਬੇ ਦੇ ਕਹਿਣ ‘ਤੇ ਡਰਾਈਵਰ ਵੀ ਹੱਸ ਪਿਆ।
-”ਇਹ ਮੇਰਾ ਵੱਡਾ ਬਾਈ, ਸਰਦਾਰ ਅਜੈਬ ਸਿੰਘ…! ਆਪਣੇ ਖੇਤਾਂ ਦਾ ਮਹਾਰਾਜਾ ਤੇ ਸਾਰੇ ਕਾਰੋਬਾਰ ਦਾ ਕਰਤਾ ਧਰਤਾ…!” ਪ੍ਰੀਤ ਅਜੇ ਵੀ ਜੈਬੇ ਨੂੰ ਗਲਵਕੜੀ ਵਿੱਚ ਘੁੱਟੀ ਖੜ੍ਹਾ ਸੀ।
-”ਐਨਾਂ ਭਾਰ ਨਾ ਚੜ੍ਹਾ ਛੋਟੇ ਭਾਈ, ਜੈਬੇ ਨੂੰ ਜੈਬਾ ਈ ਰਹਿਣ ਦੇ…! ਮੈਨੂੰ ਆਬਦਾ ਸੀਰੀ ਈ ਰਹਿਣ ਦੇ…!”
-”ਇਹ ਗੱਲ ਆਖ ਕੇ ਸਾਨੂੰ ਨੀਂਵਾਂ ਨਾ ਕਰ ਬਾਈ ਜੈਬਿਆ…! ਤੂੰ ਮੇਰੀ ਹਿੱਕ ਦਾ ਵਾਲ਼ ਤੇ ਦੁਖ ਸੁਖ ਦਾ ਸਾਂਝੀ…!”
-”ਚੱਲ, ਕੁਵੇਲ਼ਾ ਨਾ ਕਰ, ਬੈਠ ਗੱਡੀ ‘ਚ…!” ਜੈਬੇ ਨੇ ਕਿਹਾ।
-”ਹੁਣ ਤਾਂ ਦਿਨ ਚੜ੍ਹਨੈਂ ਬਾਈ…! ਕੁਵੇਲ਼ਾ ਨੀ, ਹੁਣ ਤਾਂ ਸਵੇਰਾ ਈ ਹੋਊ…!” ਪ੍ਰੀਤ ਹੱਸ ਪਿਆ।
ਸਮਾਨ ਗੱਡੀ ਵਿੱਚ ਰੱਖ ਸਾਰੇ ਗੱਡੀ ਵਿੱਚ ਬੈਠ ਤੁਰ ਪਏ।
-”ਨੱਪ ਦੇ ਕਿੱਲੀ ਬਾਈ, ਜਾਗਰਾ…!” ਪ੍ਰੀਤ ਨੇ ਪਿੰਡ ਦੇ ਡਰਾਈਵਰ ਨੂੰ ਕਿਹਾ।
-”ਹੌਲ਼ੀ ਰੱਖੀਂ, ਮ੍ਹਾਤੜ ਦੇ ਤਾਂ ਐਸ ਉਮਰ ਹੱਡ ਵੀ ਨੀ ਜੁੜਨੇ…!” ਜੈਬਾ ਬੋਲਿਆ।
-”ਆਹ ਚੱਕ ਡਰ ਚੱਕ ਦੁਆਈ ਯਾਰ…! ਪਹਿਲਾਂ ਜੈਬੇ ਬਾਈ ਦਾ ਡਰ ਲਾਹੀਏ…!” ਪ੍ਰੀਤ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ ਅਤੇ ਲੰਡਾ ਪੈੱਗ ਪਾ ਕੇ ਜੈਬੇ ਨੂੰ ਫ਼ੜਾ ਦਿੱਤਾ।
-”ਆਹ ਤਾਂ ਬਾਹਲ਼ਾ ਬਾਈ, ਮੈਂ ਊਂ ਨਾ ਲੜਾਕੇ ਜਹਾਜ ਮਾਂਗੂੰ ਮੂਧੇ ਮੂੰਹ ਜਾ ਡਿੱਗਾਂ…!”
-”ਇਹ ਬਾਹਰਲੀ ਐ ਬਾਈ ਜੈਬਿਆ, ਖਰਾਬ ਨੀ ਕਰਦੀ…! ਚੱਕ ਦੇ ਕਸੀਸ ਵੱਟ ਕੇ…!”
ਜੈਬੇ ਨੇ ਜਾੜ੍ਹ ਘੁੱਟ ਕੇ ਪੈੱਗ ਖਾਲੀ ਕਰ ਦਿੱਤਾ।
ਸੂਰਜ ਵਾਹਵਾ ਚੜ੍ਹ ਆਇਆ ਸੀ। ਉਹ ਖਾਂਦੇ-ਪੀਂਦੇ ਅਤੇ ਹਾਸਾ-ਠੱਠਾ ਕਰਦੇ ਰਾਜਪੁਰੇ ਆ ਗਏ। ਰਾਜਪੁਰੇ ਆ ਕੇ ਉਹਨਾਂ ਨੇ ਰੋਟੀ ਖਾਧੀ ਅਤੇ ਅੱਗੇ ਚਾਲੇ ਪਾ ਦਿੱਤੇ। ਹੁਣ ਉਹ ਸਰੂਰ ਵਿੱਚ ਹੋਏ ਹੁਣ ਟੇਪ ਰਿਕਾਰਡਰ ਦੇ ਨਾਲ਼ ਗਾ ਰਹੇ ਸਨ। ਜੈਬਾ ਵੀ ਲੋਰ ਵਿੱਚ ਸਿਰ ਹਿਲਾ ਰਿਹਾ ਸੀ।
-”ਬਾਈ ਜੈਬਿਆ, ਗੱਡੀ ਤੂੰ ਚਲਾ…!” ਸ਼ਰਾਬੀ ਪ੍ਰੀਤ ਨੇ ਕਿਹਾ।
-”ਓਏ ਅਸੀਂ ਟਰੈਗਟ ਚਲਾਉਣ ਆਲ਼ੇ ਵਲੈਤੀ ਗੱਡੀਆਂ ਕਿੱਥੋਂ ਚਲਾ ਲਵਾਂਗੇ…? ਤੂੰ ਜਾਗਰ ਨੂੰ ਈ ਦੱਬੀ ਜਾਣ ਦੇ…!”
-”ਨਹੀਂ ਬਾਈ ਜੈਬਿਆ, ਤੂੰ ਚਲਾ…!” ਉਹ ਨਸ਼ੇ ਦੀ ਲੋਰ ‘ਚ ਇੱਕੋ ਰਟ ਲਾਈ ਜਾ ਰਿਹਾ ਸੀ।
-”ਪਿੰਡ ਕੋਲ਼ੇ ਜਾ ਕੇ ਫ਼ੜਾ ਦਿਆਂਗੇ ਪ੍ਰੀਤ, ਬੱਸ ਥੋੜ੍ਹੀ ਵਾਟ ਈ ਰਹਿਗੀ…!”
ਉਹ ਦਾਰੂ ਪੀਂਦੇ ਤੁਰੇ ਆਏ।
ਪਿੰਡ ਦੀ ਜੂਹ ਕੋਲ਼ ਆ ਕੇ ਪ੍ਰੀਤ ਖਹਿੜ੍ਹੇ ਪੈ ਗਿਆ, “ਜਾਗਰਾ, ਗੱਡੀ ਜੈਬੇ ਬਾਈ ਨੂੰ ਫ਼ੜਾ, ਹੁਣ ਤਾਂ ਪਿੰਡ ਦੀ ਜੂਹ ਵੀ ਆਉਣ ਵਾਲ਼ੀ ਐ…!”
ਜਾਗਰ ਨੇ ਗੱਡੀ ਰੋਕ ਲਈ।
ਸਾਰਿਆਂ ਨੇ ਸੜਕ ਦੇ ਕੰਢੇ ਖੜ੍ਹ ਇੱਕ-ਇੱਕ ਪੈੱਗ ਹੋਰ ਲਾਇਆ ਅਤੇ ਜਾਗਰ ਨੂੰ ਵੀ ਲੁਆ ਦਿੱਤਾ।
-”ਚੱਲ ਬਾਈ ਜੈਬਿਆ, ਫ਼ੜ ਗੱਡੀ…! ਚਲਾਉਣ ਦਾ ਢੰਗ ਤੈਨੂੰ ਜਾਗਰ ਬਾਈ ਦੱਸੀ ਚੱਲੂ…!”  ਪੈੱਗ ਪੀ ਕੇ ਪ੍ਰੀਤ ਅਮਰੂਦ ਦੀ ਫ਼ਾੜੀ ਮੂੰਹ ਵਿੱਚ ਪਾਉਂਦਾ ਬੋਲਿਆ। ਸਾਰੇ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਤੁਰ ਪਈ।
ਜੈਬਾ ਸਟੇਅਰਿੰਗ ‘ਤੇ ਬੈਠਾ ਸੀ। ਜਾਗਰ ਉਸ ਨੂੰ ਚਲਾਉਣ ਦਾ ਢੰਗ ਦੱਸ ਰਿਹਾ ਸੀ। ਫ਼ੁੱਲ ਅਵਾਜ਼ ਵਿੱਚ ਟੇਪ ਵੱਜ ਰਹੀ ਸੀ। ਪ੍ਰੀਤ ਸੀਟ ‘ਤੇ ਬੈਠਾ ਹੀ ਨਾਚ ਕਰ ਰਿਹਾ ਸੀ। ਨਸ਼ੇ ਨਾਲ਼ ਉਸ ਦਾ ਚਿਹਰਾ ਭੰਗਰੂੰਣਾ ਜਿਹਾ ਹੋ ਗਿਆ ਸੀ। ਜ਼ੁਬਾਨ ਥਿੜਕਣ ਲੱਗ ਪਈ ਸੀ।
-”ਆ ਗਈ ਮਿੱਤਰਾਂ ਦੇ ਪਿੰਡ ਦੀ ਜੂਹ…!” ਆਪਣੇ ਪਿੰਡ ਦੇ ਨਾਮ ਦਾ ਬੋਰਡ ਪੜ੍ਹ ਕੇ ਪ੍ਰੀਤ ਬੋਲਿਆ ਤਾਂ ਜਾਗਰ ਨੇ “ਬਚੀਂ ਬਾਈ – ਬਚੀਂ ਬਾਈ” ਦਾ  ਰੌਲ਼ਾ ਮਚਾਇਆ। ਪੱਥਰ ਲੱਦੀ ਆ ਰਿਹਾ ਟਰੱਕ ਸਿੱਧਾ ਪ੍ਰੀਤ ਹੋਰਾਂ ਦੀ ਗੱਡੀ ਵਿੱਚ ਆ ਵੱਜਿਆ ਅਤੇ ਤਕਰੀਬਨ ਅੱਧਾ ਕਿੱਲਾ ਗੱਡੀ ਨੂੰ ਸੜਕ ‘ਤੇ ਧੱਕੀ ਗਿਆ। ਗੱਡੀ ਸੜਕ ਕਿਨਾਰੇ ਲੱਗੇ ਵੱਡੇ ਬੋਹੜ ਨਾਲ਼ ਜਾ ਟਕਰਾਈ। ਭਾਰਾ ਪੱਥਰ ਲੱਦਿਆ ਹੋਣ ਕਾਰਨ ਟਰੱਕ ਦੇ ਵੀ ਬਰੇਕ ਨਹੀਂ ਲੱਗ ਰਹੇ ਸਨ। ਪ੍ਰੀਤ ਹੋਰਾਂ ਦੀ ਗੱਡੀ ਵਿੱਚ ਚੀਕ ਚਿਹਾੜਾ ਮੱਚ ਗਿਆ ਸੀ। ਜਦ ਟਰੱਕ ਰੁਕਿਆ ਤਾਂ ਘਬਰਾਏ ਡਰਾਈਵਰ ਨੇ ਕਾਹਲ਼ੀ ਨਾਲ਼ ਉੱਤਰ ਕੇ ਹਾਲਾਤਾਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਚੀਕਾਂ-ਰੌਲ਼ੀ ਬੰਦ ਹੋ ਗਈ ਸੀ, ਜੈਬਾ ਅਤੇ ਪ੍ਰੀਤ ਮਰ ਚੁੱਕੇ ਸਨ, ਜਦ ਕਿ ਡਰਾਈਵਰ ਅਜੇ ਸਹਿਕ ਰਿਹਾ ਸੀ। ਟਰੱਕ ਚਾਲਕ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਉਹ ਹਨ੍ਹੇਰੀ ਵਾਂਗ ਟਰੱਕ ਵੱਲ ਨੂੰ ਦੌੜਿਆ, ਟਰੱਕ ਬੈਕ ਕੀਤਾ ਅਤੇ ਪੱਤੇ ਤੋੜ ਗਿਆ।
ਸੜਕ ਉਪਰ ਲੰਘਦੇ ਲੋਕ ਹੌਲ਼ੀ-ਹੌਲ਼ੀ ਰੁਕਣ ਲੱਗ ਪਏ ਅਤੇ ਇਕੱਠ ਬੱਝ ਗਿਆ।
ਕਿਸੇ ਦੇ ਖ਼ਬਰ ਕਰਨ ‘ਤੇ ਪੁਲੀਸ ਵੀ ਪਹੁੰਚ ਗਈ। ਡਰਾਈਵਰ ਨੂੰ ਹਸਪਤਾਲ਼ ਪਹੁੰਚਾਇਆ ਗਿਆ ਅਤੇ ਪਹਿਚਾਣ ਹੋਣ ‘ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਬੁਲਾ ਲਿਆ। ਸ਼ਨਾਖ਼ਤ ਕਰਵਾ ਕੇ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ਼ ਨੂੰ ਤੋਰ ਦਿੱਤੀਆਂ ਗਈਆਂ।
ਜਿਉਂ-ਜਿਉਂ ਪਿੰਡ ਵਿੱਚ ਦੁਖਦਾਈ ਖ਼ਬਰ ਫ਼ੈਲਦੀ ਗਈ, ਤਿਉਂ-ਤਿਉਂ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੁੰਦੇ ਗਏ। ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ। ਜਿਵੇਂ ਪਿੰਡ ਵਿੱਚ ਕੋਈ ‘ਦੈਂਤ’ ਫ਼ਿਰ ਗਿਆ ਸੀ, ਜਿਸ ਨੇ ਪਿੰਡ ਉਜਾੜ ਦਿੱਤਾ ਸੀ। ਪਿੰਡ ਦੇ ਲੋਕ ਜਿਵੇਂ ‘ਗੂੰਗੇ-ਬੋਲ਼ੇ’ ਸਨ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ।
ਪੋਸਟ ਮਾਰਟਮ ਤੋਂ ਬਾਅਦ ਜਦ ਲਾਸ਼ਾਂ ਪਿੰਡ ਪਹੁੰਚੀਆਂ ਤਾਂ ਪਹਿਲਾਂ ਹੁਬਕੀਆਂ, ਫ਼ੇਰ ਧਾਹਾਂ ਅਤੇ ਫ਼ਿਰ ਕੀਰਨੇ ਉਚੇ ਉਠੇ। ਆਪਣੀ ਮਾਂ ਪੁਨੀਤ ਕੌਰ ਕੋਲ਼ ਗੁਰਅੰਮ੍ਰਿਤ ਚੁੱਪ-ਚਾਪ ਮੂਕ ਦਰਸ਼ਕ ਬਣੀ ਬੈਠੀ ਸੀ। ਉਸ ਦੇ ਹੱਥ ਵਿੱਚ ਕੁਝ ਫ਼ੋਟੋਆਂ ਫ਼ੜੀਆਂ ਹੋਈਆਂ ਸਨ, ਜੋ ਉਸ ਨੇ ਆਪਣੇ ਪਾਪਾ ਜੀ ਨੂੰ ਦਿਖਾਉਣੀਆਂ ਸਨ। ਪਰ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਉਸ ਦੇ ਪਾਪਾ ਤਾਂ ਉਸ ਦੁਨੀਆਂ ਵਿੱਚ ਜਾ ਬਿਰਾਜੇ ਸਨ, ਜਿੱਥੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ।
ਪ੍ਰੀਤ ਅਤੇ ਜੈਬੇ ਦੀਆਂ ਲਾਸ਼ਾਂ ਵਿਹੜੇ ਵਿੱਚ ਪਈਆਂ ਸਨ। ਪ੍ਰੀਤ ਦੀ ਮਾਂ ਅਤੇ ਪੁਨੀਤ ਵਿਰਲਾਪ ਕਰ ਰਹੀਆਂ ਸਨ। ਬੱਚੀ ਗੁਰਅੰਮ੍ਰਿਤ ਇੱਕ ਪਾਸੇ ਖੜ੍ਹੀ ਫ਼ੋਟੋ ਦਿਖਾਉਣ ਦੀ ਆਸ ਨਾਲ਼ ਖੜ੍ਹੀ ਸੀ। ਪਰ ਉਸ ਦਾ ਮੌਕਾ ਨਹੀਂ ਲੱਗ ਰਿਹਾ ਸੀ, ਅਤੇ ਨਾ ਹੀ ਉਸ ਦੀ ਕੋਈ ਸੁਣ ਰਿਹਾ ਸੀ। ਉਹ ਕਦੇ ਮਾਂ, ਕਦੇ ਦਾਦੀ ਅਤੇ ਕਦੇ ਦਾਦੇ ਦੇ ਅੱਗੇ ਜਾ ਕੇ ਪਾਪਾ ਦੇ ਕਮਰੇ ਦੀਆਂ ਫ਼ੋਟੋ ਲਹਿਰਾ ਰਹੀ ਸੀ।
ਜੈਬੇ ਦੇ ਤਾਏ ਦਾ ਮੁੰਡਾ ਜੈਬੇ ਦੀ ਲਾਸ਼ ਲੈਣ ਆਇਆ ਤਾਂ ਮਿੱਤ ਸਿੰਘ ਨੇ ਮਨ ਭਰ ਕੇ ਕਿਹਾ, “ਜੈਬਾ ਸਾਡੇ ਘਰ ਦਾ ਜੀਅ ਸੀ ਪੁੱਤ, ਮੈਂ ਆਪਣੇ ਹੱਥੀਂ ਉਹਦਾ ਸਸਕਾਰ ਕਰੂੰਗਾ…!” ਸੁਣ ਕੇ ਜੈਬੇ ਦੇ ਤਾਏ ਦਾ ਮੁੰਡਾ ਹੱਥ ਜੋੜ ਕੇ ਖੜ੍ਹ ਗਿਆ, “ਸ਼ਾਬਾਸ਼ੇ ਸਰਦਾਰਾ…! ਮੈਨੂੰ ਤਾਂ ਇਹਦੀ ਚਿੰਤਾ ਖਾਈ ਜਾਂਦੀ ਸੀ, ਬਈ ‘ਕੱਲੀ ਜਾਨ ਦਾ ਸਸਕਾਰ ਕੌਣ ਕਰੂ…?”
-”ਜੈਬਾ ਕਦੇ ‘ਕੱਲੀ ਜਾਨ ਨੀ ਸੀ ਸ਼ੇਰਾ, ਜੈਬਾ ਸਾਡੇ ਟੱਬਰ ਦਾ ਜੀਅ ਸੀ…! ਕੀ ਹੋ ਗਿਆ ਐਡਾ ਭਾਣਾ ਵਾਪਰ ਗਿਆ, ਬਥੇਰਾ ਦੁੱਖਾਂ ਸੰਕਟਾਂ ‘ਚ ਸਾਡੇ ਨਾਲ਼ ਵਗਿਐ ਜਿਉਣ ਜੋਕਰਾ, ਕਿੰਨਾ ਮੋਹ ਸੀ ਇਹਦਾ ਤੇ ਆਪਣੇ ਪ੍ਰੀਤ ਦਾ, ਔਹ ਦੇਖ’ਲਾ, ਮੌਤ ਵੀ ‘ਕੱਠੇ ਈ ਲਿਖਾ ਕੇ ਲਿਆਏ ਸੀ…!” ਮਿੱਤ ਸਿਉਂ ਉਚੀ-ਉਚੀ ਰੋ ਪਿਆ। ਰੋਂਦਾ ਦਾਦਾ ਗੁਰਅੰਮ੍ਰਿਤ ਤੋਂ ਸਹਾਰਿਆ ਨਾ ਗਿਆ, ਉਸ ਨੇ ਮਿੱਤ ਸਿਉਂ ਦਾ ਮੋਢਾ ਆ ਨੱਪਿਆ। ਭਿੱਜੀਆਂ ਅੱਖਾਂ ਮਿੱਤ ਸਿਉਂ ਨੇ ਉਪਰ ਚੁੱਕੀਆਂ ਤਾਂ ਪੋਤਰੀ ਹੱਥ ਵਿੱਚ ਪ੍ਰੀਤ ਵਾਲ਼ੇ ਕਮਰੇ ਦੀਆਂ ਫ਼ੋਟੋ ਚੁੱਕੀ ਖੜ੍ਹੀ ਸੀ। ਫ਼ੋਟੋ ਦੇਖ ਕੇ ਮਿੱਤ ਸਿਉਂ ਹੋਰ ਭਾਵੁਕ ਹੋ ਗਿਆ। ਉਸ ਨੇ ਹੰਝੂਆਂ ਨਾਲ਼ ਚੋਂਦੀਆਂ ਅੱਖਾਂ ਦੱਬ ਲਈਆਂ।
-”ਬਾਬਾ ਜੀ…!” ਗੁਰਅੰਮ੍ਰਿਤ ਨੇ ਦਾਦੇ ਦੇ ਗਲ਼ ਦੁਆਲ਼ੇ ਬਾਂਹਾਂ ਵਲ਼ ਲਈਆਂ।
-”ਹਾਂ ਪੁੱਤ…?”
-”ਤੁਸੀਂ ਰੋਨੇ ਕਿਉਂ ਆਂ…?”
-”ਦੇਖ ਪੁੱਤ, ਤੇਰਾ ਜੈਬਾ ਤਾਇਆ, ਤੇ ਤੇਰਾ ਪਾਪਾ ਛੱਡ ਕੇ ਤੁਰ ਗਏ…!” ਤੇ ਉਹ ਪੋਤਰੀ ਨੂੰ ਘੁੱਟ ਕੇ ਭੁੱਬੀਂ ਰੋ ਪਿਆ।
-”ਤੇ ਫ਼ੇਰ ਕੀ ਹੋ ਗਿਆ…?” ਪੋਤਰੀ ਨੇ ਭੋਲ਼ੇ-ਭਾਅ ਹੀ ਕਿਹਾ ਤਾਂ ਮਿੱਤ ਸਿੰਘ ਨੇ ਭਿੱਜੀਆਂ ਅੱਖਾਂ ਉਪਰ ਚੁੱਕੀਆਂ।
-”ਮੈਂ ਹੈ ਤਾਂ ਹੈਗੀ…!” ਉਸ ਨੇ ਦਾਦੇ ਦੇ ਹੰਝੂ ਪੂੰਝੇ ਤਾਂ ਬਲ਼ਦੀ ਹਿੱਕ ‘ਤੇ ਜਿਵੇਂ ਸੀਤ ਪਾਣੀ ਦਾ ਛਿੜਕਾਅ ਹੋ ਗਿਆ ਸੀ। ਮਾਸੂਮ ਪੋਤਰੀ ਦੇ ਦੋ ਮਿੱਠੇ ਬੋਲਾਂ ਨੇ ਹਿਰਦੇ ਦੀ ਪੀੜ ਕਾਫ਼ੀ ਹੱਦ ਤੱਕ ਚੂਸ ਲਈ ਸੀ। ਨਿਰਬਲ ਜਿਹਾ ਬੈਠਾ ਮਿੱਤ ਸਿੰਘ ਪੋਤਰੀ ਨੂੰ ਚੁੱਕ ਕੇ ਖੜ੍ਹਾ ਹੋ ਗਿਆ, “ਚਲੋ ਬਈ, ਸਸਕਾਰ ਦਾ ਪ੍ਰਬੰਧ ਕਰੀਏ…! ਕੁਵੇਲ਼ਾ ਨਾ ਕਰੋ…!” ਮਿੱਤ ਸਿੰਘ ਦੇ ਬੋਲਾਂ ਵਿੱਚ ਹੁਣ ਥਿੜਕਾਅ ਨਹੀਂ, ਸਹਿਜ ਸੀ।
-”ਐਵੇਂ ਦੁਨੀਆਂ ਧੀਆਂ ਨੂੰ ਕੁੱਖਾਂ ‘ਚ ਮਾਰੀ ਤੁਰੀ ਜਾਂਦੀ ਐ, ਇਹਨਾਂ ਅਰਗਾ ਆਸਰਾ ਕਿਹੜੈ…?” ਉਹ ਪੋਤਰੀ ਨੂੰ ਹਿੱਕ ਨਾਲ਼ ਲਾਈ ਸਸਕਾਰ ਦੀ ਤਿਆਰੀ ਕਰਦੇ ਮੁੰਡਿਆਂ ਦੇ ਅੱਗੇ ਲੱਗ ਤੁਰਿਆ।

ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ ।।

$
0
0

ਕੜ੍ਹਾਕੇ ਦੀ ਸਰਦੀ ਵਾਲੀ ਠੰਡੀ ਸਵੇਰ ਸੀ।ਝੁਰੜ੍ਹੀਆ ਭਰੇ ਗ਼ਮਗ਼ੀਨ ਚੇਹਰੇ ਵਿੱਚੋਂ ਥੱਕੀਆਂ ਅੱਖਾਂ ਨਾਲ ਵੇਖਦੀ ਬਜ਼ੁਰਗ ਗੋਰੀ ਔਰਤ ਲੇਡੀਜ਼ ਕਪੜ੍ਹਿਆਂ ਦੀ ਦੁਕਾਨ ਅੰਦਰ ਵੜ੍ਹਦਿਆਂ ਬੋਲੀ, ” ਬੇਟਾ ਕੋਈ ਮੇਰੇ ਲਈ ਸਰਦੀ ‘ਚ ਪਾਉਣ ਵਾਲਾ ਕੋਟ ਹੈ” ? ਉਮਰ ਦੇ ਤਕਾਜ਼ੇ ਨੂੰ ਭਾਂਪਦਿਆਂ ਜਰਨੈਲ ਤੋਂ ਜੈਲੀ ਬਣਿਆ ਦੁਕਾਨਦਾਰ ਕੋਟ ਵਖਾਉਦਾ ਬੋਲਿਆ,ਮੈਡਮ ,”ਇਹ ਟਰਾਈ ਕਰੋ” ਚਾਲੀ ੲੈਰੋ ਪ੍ਰਾਈਸ ਹੈ।ਬਜ਼ੁਰਗ ਮਾਈ ਟੁੱਟੀ ਤਣੀ ਵਾਲੇ ਥੇਲੇ ਵਿੱਚੋਂ ਘਸਿਆ ਪਟਿਆ ਪਰਸ ਕੱਢ ਕੇ ਭਾਨ ਗਿਣਨ ਲੱਗ ਪਈ। ਜਿਹੜੀ ਪੰਦਰਾਂ ੲੈਰੋ ਦੇ ਕਰੀਬ ਸੀ।” ਮੈਂ ਫੇਰ ਕਦੇ ਲੈ ਜਾਉਗੀ ਬੇਟਾ” ਕਹਿੰਦੀ ਹੋਈ ਪੋਲੇ ਪੈਰੀਂ ਬਾਹਰ ਵੱਲ ਨੂੰ ਚੱਲ ਪਈ।

”ਮਾਤਾ ਜੀ ਲੈ ਜਾਓ”,ਤੁਸੀ ਮੇਰੀ ਮਾਂ ਦੇ ਸਮਾਨ ਹੋ, ਬਾਹਰ ਬਹੁਤ ਸਰਦੀ ਹੈ, ਪੈਸਿਆ ਦੀ ਕੋਈ ਗੱਲ ਨਹੀ!ਪੁੱਤ, ਮੈਂ ਕਦੇ ਨਾ ਉਧਾਰ ਨਾ ਕੋਈ ਮੁਫਤ ਦੀ ਚੀਜ਼ ਲਈ ਏ!”ਸ਼ੁਕਰੀਆਂ”।”ਤੁਸੀ ਮੇਰੇ ਵਲੋਂ ਮਾਂ ਨੂੰ ਦਿੱਤਾ ਤੋਹਫਾ ਸਮਝ ਕੇ ਰੱਖ ਲੈਣਾ”! ਮਾਂ ਦਾ ਲਫ਼ਜ਼ ਸੁਣਦਿਆਂ ਹੀ, ਬਜ਼ੁਰਗ ਔਰਤ ਦੀਆਂ ਅੱਖਾਂ ਵਿੱਚ ਚਮਕ ਆ ਗਈ।ਉਹ ਜੈਲੀ ਵੱਲ ਗਹੁ ਨਾਲ ਵੇਖਦਿਆ ਬੋਲੀ, ”ਅੱਜ ਮੈਨੂੰ ਕਿਸੇ ਨੇ ਤੀਹ ਸਾਲ ਬਾਅਦ ਮਾਂ ਕਿਹਾ ਹੈ ਬੇਟਾ”।

ਹੁਣ ਤਾਂ ਮੈਂ ਲੈ ਈ ਜਾਵਾਂਗੀ, ਕਹਿ ਕੇ, ਪਰਸ  ਵਿੱਚਲੀ ਕਾਲੀ ਸਫੇਦ ਫੋਟੋ ਵਖਾਉਦੀ ਹੋਈ ਬੋਲੀ, ”ਇਹ ਮੇਰਾ ਪੁੱਤਰ ਏ,ਇੱਕ ਦਿੱਨ ਘਰ ਤੋਂ ਨਰਾਜ਼ ਹੋ ਕੇ ਗਿਆ ਮੁੜ ਨਹੀ ਬਹੁੜਿਆ,ਉਸ ਦੇ ਵਿਛੋੜੇ ਨੇ ਪਿਉ ਨੂੰ ਲੈ ਲਿਆ।”ਮੇਰੀ ਤਾਂ ਰੱਬ ਨੂੰ ਵੀ ਲੋੜ ਨਹੀ,ਉਹ ਵੀ ਸੱਚਾ ਏ,ਉਸ ਨੇ ਬੁਰਿਆਂ ਲੋਕਾਂ ਤੋਂ ਉਥੇ ਕੀ ਕਰਾੳਣਾ”!ਅੱਜ ਮੈ. ਕਈ ਮਹਨਿਆ ਬਾਅਦ ਬਿਰਧ ਆਸ਼ਰਮ ਚੋਂ ਬਾਹਰ ਨਿਕਲੀ ਸੀ।ਉਹ ਸਾਹਮਣੀ ਬਿਲਡਿੰਗ ਦੇ ਅਪਾਰਟਮੈਂਟ ਵਿੱਚ ਅਸੀ ਸਾਰੇ ਰਹਿੰਦੇ ਸੀ।ਮੈਂ ਸੋਚਿਆ ਉਸ ਨੂੰ ਵੇਖਦੀ ਚੱਲਾਂ ਕਿਤੇ..!!ਅੱਜ ਉਸ ਦੀ ਬਹੁਤ ਯਾਦ ਸਤਾ ਰਹੀ ਸੀ।ਮੈਂ ਤਾਂ ਆਪਣੇ ਦੁੱਖ  ਲੈਕੇ ਬੈਠ ਗਈ ਪੁੱਤ,ਮੈਨੂੰ ਲਗਦਾ ਤੇਰੀ ਮਾਂ ਤਾਂ ਬਹੁਤ ਭਾਗਾਂ ਵਾਲੀ ਆ!ਜਿਸ ਨੂੰ ਇਨਸਾਨੀਅਤ ਭਰਪੂਰ ਆਗਿਆਕਾਰ ਪੁੱਤਰ ਮਿਲਿਆ, ਭਲੇ ਸੰਸਕਾਰ ਦਿੱਤੇ ਨੇ, ਮੈਂ ਤਾਂ ਇਹ ਵੀ ਨਾਂ ਦੇ ਸਕੀ!”ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ”।ਉਹ ਨਮ ਹੋਈਆਂ ਅੱਖਾਂ ਪੁੰਝਦੀ ਦੁਕਾਨ ਦਾ ਦਰਵਾਜ਼ਾ ਫੜ੍ਹਦੀ ਬਾਹਰ ਨਿੱਕਲ ਗਈ।

ਜੈਲੀ ਆਪਣੀ ਮਾਂ ਦੀ ਫੋਟੋ ਨੂੰ ਜੇਬ ਵਿੱਚੋਂ ਕੱਢ ਕੇ ਵੇਖਣ ਲੱਗ ਪਿਆ।ਉਹ ਪਿਛਲੇ ਵੀਹ ਸਾਲਾਂ ਤੋਂ ਪ੍ਰਦੇਸੀ ਹੋਇਆ ਮਾਪਿਆਂ ਤੋਂ ਦੂਰ ਗੋਰਿਆ ਦੇ ਦੇਸ਼ ਵਿੱਚ ਮੇਮ ਨਾਲ ਸ਼ਾਦੀ ਕਰਕੇ ਗੋਰਾ ਬਣ ਗਿਆ ਸੀ।”ਪੁੱਤ ਕਦੇ ਮਿਲ ਜਾ ਆਕੇ,ਹੁਣ ਤਾ ਸਰਦੀ ਵੀ ਗੂੜ੍ਹੀ ਪੈਂਦੀ ਆ, ਬੁੰਢਿਆਂ ਹੱਡਾਂ ਦਾ ਤੇ ਮੰਗਵੇ ਸਾਹਾਂ ਦਾ ਕੀ ਭਰੋਸਾ,ਇੱਕ ਵਾਰੀ ਤੈਨੂੰ ਵੇਖਣ ਦੀ ਚਾਹਤ ਆ,! ਮਾਂ ਦੇ ਵਿਛੋੜੇ ਦੀਆਂ ਦਰਦਾਂ ਭਰੀਆਂ ਚਿੱਠੀਆਂ ਨਾਲ ਜੈਲੀ ਦੀ ਅਲਮਾਰੀ ਦਾ ਦਰਾਜ਼ ਭਰਿਆ ਪਿਆ ਸੀ।ਜੈਲੀ ਦੇ ਰਾਹਾਂ ਨੂੰ ਉਡੀਕ ਦੀ ਮਾਂ ਦੀ ਮਮਤਾ ਸਿਵੇ ਦੀ ਸੁਆਹ ਬਣ ਗਈ ਸੀ।ਜੈਲੀ ਦੇ ਪਿੰਡ ਵਿਚਲੇ ਘਰ ਨੂੰ ਲੱਗਿਆ ਹੋਇਆ ਤਾਲਾ ਜੰਗਾਲ ਫੜ੍ਹ ਗਿਆ ਸੀ।”ਇਹੋ ਜਿਹਾ ਪੁੱਤ ਰੱਬ ਸਭ ਨੂੰ ਦੇਵੇ”!ਬਜ਼ੁਰਗ ਗੋਰੀ ਔਰਤ ਦੇ ਕਹੇ ਹੋਏ ਬੋਲ ਜੈਲੀ ਨੂੰ ਮਾਂ ਦੀ ਚਪੇੜ ਵਰਗੇ ਲਗਦੇ ਸਨ।ਉਹ ਭਗਤ ਕਬੀਰ ਜੀ ਦਾ ਸਲੋਕ ਗੁਣ ਗਣਾਉਣ ਲੱਗ ਪਿਆ। ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।।ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ।।

ਕੰਨਿਆ- ਪੂਜਣ

$
0
0

ਨਿਹਾਲ ਕੌਰ ਅੱਜ ਜਦੋਂ ਸਵੇਰੇ- ਸਵੇਰੇ ਬੱਸ ਤੋਂ ਪਿੰਡ ਦੇ ਅੱਡੇ ਤੇ ਉੱਤਰੀ ਤਾਂ ਸਾਹਮਣੇ ਤੋਂ ਆਉਂਦੀ ਸੁਰਜੀਤ ਕੌਰ ਨੇ ਉਸਨੂੰ ਬੁਲਾਉਂਦਿਆਂ ਕਿਹਾ।

“ਮਾਸੀ ਜੀ, ਸਾਸਰੀ ਕਾਲ।”

“ਸਾਸਰੀ ਕਾਲ, ਪੁੱਤ।” ਨਿਹਾਲ ਕੌਰ ਨੇ ਸੁਰਜੀਤ ਕੌਰ ਦੇ ਨੇੜੇ ਆਉਂਦਿਆਂ ਕਿਹਾ।

“ਮਾਸੀ ਜੀ, ਅੱਜ ਸਵੇਰੇ – ਸਵੇਰੇ ਕਿੱਧਰੋਂ…?” ਸੁਰਜੀਤ ਨੇ ਨਿਹਾਲ ਕੌਰ ਤੋਂ ਸਵੇਰੇ ਹੀ ਆਉਣ ਦਾ ਕਾਰਨ ਪੁੱਛਿਆ।

ਨਿਹਾਲ ਕੌਰ ਨੇ ਆਪਣਾ ਬੈਗ ਠੀਕ ਕਰਦਿਆਂ ਕਿਹਾ, “ਕੀ ਦੱਸਾਂ ਸੁਰਜੀਤ ਪੁੱਤ… ਰਾਤੀਂ ਬਲਕਾਰ ਦੀ ਵਹੁਟੀ ਦੀ ਸਿਹਤ ਅਚਾਨਕ ਵਿਗੜ ਗਈ, ਉਸ ਨੂੰ ਸ਼ਹਿਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ, ਉੱਥੋਂ ਹੀ…!”

ਨਿਹਾਲ ਕੌਰ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਸੁਰਜੀਤ ਕੌਰ ਨੇ ਵਿੱਚੋਂ ਹੀ ਗੱਲ ਟੋਕਦਿਆਂ ਕਾਹਲੀ ਨਾਲ ਪੁੱਛਿਆ।

“ਕੀ ਹੋਇਆ ਬਲਕਾਰ ਦੀ ਵਹੁਟੀ ਨੂੰ…?”

“ਹੋਇਆ ਤਾਂ ਕੁਝ ਨਹੀਂ ਪੁੱਤ।”

ਕੱਲ੍ਹ ਤਾਂ ਆਥਣੇ ਮੇਰੇ ਕੋਲ ਠੀਕ- ਠਾਕ ਖੜ੍ਹੀ ਸੀ।”

ਨਿਹਾਲ ਕੌਰ ਨੇ ਸੁਰਜੀਤ ਕੌਰ ਦੇ ਨੇੜੇ ਹੁੰਦਿਆਂ ਕਿਹਾ, “ਗੱਲ ਤੇਰੇ ਤੱਕ ਹੀ ਰਹਿਣੀ ਚਾਹੀਦੀ ਹੈ ਸੁਰਜੀਤ ਪੁੱਤਰ, ਵੈਸੇ ਵੀ ਤੂੰ ਸਾਡੇ ਘਰ ਦੀ ਮੈਂਬਰ ਵਾਂਗ ਹੈਂ… ਇਸ ਲਈ ਤੈਨੂੰ ਦੱਸਦੀ ਹਾਂ।”

“ਮਾਸੀ ਮੈਂ ਕਦੇ ਘਰ ਦੀ ਗੱਲ ਬਾਹਰ ਕੱਢੀ ਐ…?” ਸੁਰਜੀਤ ਕੌਰ ਨੇ ਆਪਣੀ ਵਫ਼ਾਦਾਰੀ ਪ੍ਰਗਟ ਕਰਦਿਆਂ ਮਾਸੀ ਨਿਹਾਲ ਕੌਰ ਨੂੰ ਕਿਹਾ।

“ਤਾਂ ਹੀ ਤੇ ਤੈਥੋਂ ਕਦੇ ਕਿਸੇ ਗੱਲ ਦਾ ਲੁਕਾ ਨਹੀਂ ਰੱਖਿਆ ਕੁੜੇ।” ਨਿਹਾਲ ਕੌਰ ਨੂੰ ਸੁਰਜੀਤ ਤੇ ਪੂਰਾ ਯਕੀਨ ਜਾਪਦਾ ਸੀ।

“ਬਲਕਾਰ ਦੀ ਵਹੁਟੀ ਦਾ ਕੀ ਹਾਲ ਹੈ…?” ਸੁਰਜੀਤ ਮਾਸੀ ਨਿਹਾਲ ਕੌਰ ਤੋਂ ਜਲਦ ਹੀ ਅਸਲ ਗੱਲ ਜਾਣਨਾ ਚਾਹੁੰਦੀ ਸੀ।

“ਰਾਤੀਂ ਵਹੁਟੀ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਸ ਨੂੰ ਸ਼ਹਿਰ ਹਸਪਤਾਲ ਲੈ ਗਏ… ਡਾਕਟਰਾਂ ਨੇ ਚੈਕਅਪ ਕੀਤਾ ਤਾਂ ਇਸ ਵਾਰ ਫਿਰ…!!!”

‘ਫਿਰ…?” ਸੁਰਜੀਤ ਕੌਰ ਨੇ ਮੂੰਹ ਤੇ ਹੱਥ ਰੱਖਦਿਆਂ ਕਿਹਾ।

ਹਾਂ ਪੁੱਤ, ਇਸ ਵਾਰ ਫਿਰ ਕਲੈਣੀ ਦੀ ਕੁੱਖ ‘ਚ ਪੱਥਰ ਹੀ ਸੀ।” ਨਿਹਾਲ ਕੌਰ ਨੇ ਦੁੱਖੀ ਮਨ ਨਾਲ ਸੁਰਜੀਤ ਕੌਰ ਨੂੰ ਕਿਹਾ।
“ਫਿਰ…?”

“ਫਿਰ ਕੀ ਪੁੱਤ… ਅਸੀਂ ਤਾਂ ਡਾਕਟਰ ਨੂੰ ਕਹਿ ਕੇ ਰੋਗ ਹੀ ਖ਼ਤਮ ਕਰਵਾ ਦਿੱਤਾ…।” ਨਿਹਾਲ ਕੌਰ ਨੇ ਸੁਰਜੀਤ ਦੇ ਕੰਨ ਕੋਲ ਹੋ ਕੇ ਹੌਲੀ ਜਿਹੀ ਕਿਹਾ।

“ਅੱਛਾ…!”

“ਹਾਂ ਪੁੱਤ…।”

“ਪਰ…!” ਸੁਰਜੀਤ ਕੌਰ ਕੁਝ ਕਹਿਣਾ ਚਾਹੁੰਦੀ ਸੀ ਪਰ ਨਿਹਾਲ ਕੌਰ ਨੇ ਪਹਿਲਾਂ ਹੀ ਕਹਿ ਦਿੱਤਾ।

“ਪੁੱਤ, ਹੋਰ ਰਸਤਾ ਵੀ ਕੋਈ ਨਹੀਂ ਸੀ, ਮੇਰੇ ਪੁੱਤ ਦੇ ਤਾਂ ਪਹਿਲਾਂ ਦੀ ਭਾਗ ਮਾੜੇ ਆ। ਇਸ ਕਲਜੋਗਣ ਨੇ ਤਾਂ ਪਹਿਲਾਂ ਵੀ ਪੱਥਰ ਹੀ ਪੱਲੇ ਪਾਇਆ ਹੈ ਸਾਡੇ।”

“ਹੂੰ…!”

“ਤੂੰ ਹੀ ਦੱਸ… ਹੋਰ ਕੀ ਕਰਦੇ ਅਸੀਂ?” ਨਿਹਾਲ ਕੌਰ ਆਪਣੇ ਪੱਖ ਦੀ ਗੱਲ ਸੁਰਜੀਤ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ।

“ਹੁਣ ਵਹੁਟੀ ਦੀ ਹਾਲਤ ਕਿਵੇਂ ਆਂ…?” ਸੁਰਜੀਤ ਕੌਰ ਨੂੰ ਨਿਹਾਲ ਕੌਰ ਦੀ ਨੂੰਹ ਦਾ ਜਿਆਦਾ ਫ਼ਿਕਰ ਲੱਗਦਾ ਸੀ।

“ਉਹ ਤਾਂ ਠੀਕ ਹੈ… ਡਾਕਟਰ ਕਹਿੰਦਾ ਸ਼ਾਮ ਤੱਕ ਛੁੱਟੀ ਦੇ ਦੇਵਾਂਗਾ।” ਨਿਹਾਲ ਕੌਰ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ।
ਸੁਰਜੀਤ ਕੌਰ ਨੂੰ ਮਾਸੀ ਨਿਹਾਲ ਕੌਰ ਨਾਲ ਗੱਲਬਾਤ ਕਰਦਿਆਂ ਕੁਝ ਯਾਦ ਆਇਆ ਤਾਂ ਉਸਨੇ ਅਚਾਨਕ ਹੀ ਆਪਣੀ ਮਾਸੀ ਨਿਹਾਲ ਕੌਰ ਨੂੰ ਕਿਹਾ।

“ਮਾਸੀ ਅੱਜ ਤਾਂ ਕੰਜਕਾਂ ਪੂਜਨਣ ਦਾ ਦਿਨ ਆ… ਤੁਸੀਂ ਕੁੜੀਆਂ ਨੂੰ ਰੋਟੀ ਖਵਾ ਦਿੱਤੀ ਹੈ ਕਿ ਨਹੀਂ…?”

“ਨਾ ਪੁੱਤ… ਅਸੀਂ ਤਾਂ ਰਾਤ ਦੇ ਇਹਨਾਂ ਚੱਕਰਾਂ ‘ਚ ਹੀ ਫ਼ਿਰਦੇ ਪਏ ਹਾਂ… ਹੁਣ ਜਾ ਕੇ ਕਰਦੀ ਹਾਂ ਪਿੰਡ ਦੀਆਂ ਧੀਆਂ- ਧਿਆਣੀਆਂ ਨੂੰ ਕੱਠਿਆਂ… ਤੇ ਕਰਦੀ ਹਾਂ ਕੰਨਿਆ- ਪੂਜਣ।” ਨਿਹਾਲ ਕੌਰ ਨੇ ਫ਼ਿਰਕਮੰਦ ਹੁੰਦਿਆਂ ਕਿਹਾ।

“ਹਾਂ- ਹਾਂ, ਮਾਸੀ ਇਹ ਵੀ ਦਾਨ ਹੁੰਦੈ ਤੇ ਇਸ ਕੀਤੇ ਹੋਏ ਦਾਨ ਦਾ ਬਹੁਤ ਪੁੰਨ ਲੱਗਦੈ।” ਸੁਰਜੀਤ ਕੌਰ ਨੇ ਆਪਣੀ ਜਾਣਕਾਰੀ ਮਾਸੀ ਨਿਹਾਲ ਕੌਰ ਨਾਲ ਸਾਂਝੀ ਕਰਦਿਆਂ ਕਿਹਾ।

“ਹਾਂ ਪੁਤ… ਤੂੰ ਸੱਚ ਕਹਿਣੀ ਏਂ, ਕੁੜੀਆਂ ਨੂੰ ਦਿੱਤਾ ਦਾਨ ਤਾਂ ਹਜ਼ਾਰਾਂ ਗੁਣਾਂ ਵੱਧ ਕੇ ਮਿਲਦੈ ਬੰਦੇ ਨੂੰ…।” ਨਿਹਾਲ ਕੌਰ ਨੇ ਸੁਰਜੀਤ ਕੌਰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।

“ਨਾਲੇ ਮਾਸੀ ਵੱਸਦੇ ਘਰਾਂ ਚ, ਕੁੜੀਆਂ- ਚਿੜੀਆਂ ਨੂੰ ਦਾਨ ਕਰਦੇ ਰਹਿੰਦੇ ਰਹਿਣਾ ਚਾਹੀਦਾ ਹੈ।” ਸੁਰਜੀਤ ਨੇ ਕਿਹਾ।

“ਠੀਕ ਆਖਦੀ ਏਂ ਪੁੱਤ।”

“ਚੰਗਾ ਮਾਸੀ, ਮੈਂ ਚੱਲਦੀ ਹਾਂ… ਮੈਂ ਵੀ ਕੰਨਿਆ- ਪੂਜਣ ਕਰਨਾ ਹੈ ਅਜੇ।” ਸੁਰਜੀਤ ਕੌਰ ਨੇ ਜਾਂਦਿਆਂ ਕਿਹਾ।

“ਚੰਗਾ ਪੁੱਤ… ਮੈਂ ਵੀ ਕਰਦੀ ਹਾਂ ਬੰਦੋਬਸਤ ਕੰਨਿਆ- ਪੂਜਣ ਦਾ…।” ਇੰਨਾ ਕਹਿ ਕੇ ਨਿਹਾਲ ਕੌਰ ਆਪਣਾ ਬੈਗ ਚੁੱਕ ਕੇ ਘਰ ਵੱਲ ਨੂੰ ਤੁਰ ਪਈ।

 

-0-

ਖੁੱਲੀ ਬੋਲੀ (ਮਿੰਨੀ ਕਹਾਣੀ)

$
0
0

ਬੰਤੋ ਨੇ ਬੜੇ ਚਾਅ ਨਾਲ ਆਪਣੀ ਧੀ ਨੂੰ ਪੜ੍ਹਾਇਆ, ਗਰੀਬੀ ਦੀ ਮਾਰ ਵੀ ਉਸਨੇ ਔਖੀ-ਸੋਖੀ ਝੱਲ ਲਈ ਅੱਜ 23 ਵਰਿਆ ਦੀ ਮੁਟਿਆਰ ਚੰਨੋ ਦੇ ਵਿਆਹ ਬਾਰੇ ਚਿੰਤਾ ਸੀ। ਬੰਤੋ ਨੂੰ ਅਖ਼ਬਾਰ ਪੜ੍ਹਦੀ ਹੋਈ ਦੀ ਨਿਗਹਾ ਅਚਾਨਕ ਵਿਦੇਸ਼ੀ ਵਰ ਤੇ ਪਈ ਜਿਸਨੂੰ ਪੜ੍ਹੀ ਲਿਖੀ ਤੇ ਸੁੰਦਰ ਕੰਨਿਆ ਦੀ ਲੋੜ ਸੀ। ਬੰਤੋ ਨੇ ਆਪਣੀ ਧੀ ਦੇ ਸੁਖੀ ਜੀਵਨ ਲਈ ਡਰ ਤੇ ਖੁਸ਼ੀ ਵਿਚਕਾਰ ਦੋ ਚਿਤੀ ਹੋਈ ਨੇ ਫੋਨ ਤੇ ਗੱਲ ਕੀਤੀ।

ਅੱਗੋਂ ਮੁੰਡੇ ਦੇ ਰਿਸ਼ਤੇਦਾਰ ਨੇ ਬੰਤੋ ਦੀ ਗੱਲ ਸੁਣ ਕਿਹਾ ਬਾਕੀ ਤਾਂ ਸਭ ਠੀਕ ਹੈ ਬਸ ਦਹੇਜ ਪੂਰਾ ਦੇਣਾ ਪਵੇਗਾ।
ਮੁੰਡੇ ਦੇ ਪਿਓ ਦੀ ਇੱਕੋ ਮੰਗ ਹੈ।

ਆਪਣੇ ਡਰ ਨੂੰ ਦੂਰ ਕਰ ਬੰਤੋ ਨੇ ਬੜੀ ਖੁਸ਼ੀ ਨਾਲ ਕਿਹਾ, “ਭਾਜੀ ਫਿਰ ਅਖ਼ਬਾਰ ਵਿੱਚ ਲਿਖਵਾ ਦੇਣਾ ਸੀ ਸਾਡਾ ਪੁੱਤਰ ਦੀ ਖੁੱਲੀ ਬੋਲੀ ਲੱਗੀ ਹੈ”।

ਉਪਰਲੀ ਕਮਾਈ

$
0
0

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ।

ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ।

ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ ‘ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ ‘ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ ‘ਚ ਪੈ ਗਈ। ਉਹ ਸੋਚਣ ਲੱਗ ਪਈ ਕਿ ਉਸਦਾ ਘਰ ਵਾਲਾ ਕਿਤੇ ਗਲਤ ਸੰਗਤ ਵਿਚ ਨਾ ਪੈ ਗਿਆ ਹੋਵੇ ਕਿ ਕਿਤੇ ਉਹ ਜੂਆ ਖੇਡਣ ਲੱਗ ਪਿਆ ਹੋਵੇ ਅੱਤ ਤਾਂ ਉਸ ਦਿਨ ਜਦੋਂ ਬੀਰੋ ਦੇ ਘਰ ਵਾਲਾ ਦਾਰੂ ਪੀ ਕੇ ਘਰ ਆ ਗਿਆ। ਬੀਰੋ ਉਸ ਨਾਲ ਲੜਨ ਲੱਗੀ, ਕਹਿਣ ਲੱਗੀ ਕਿ ਤੂੰ ਬੱਚਿਆਂ ਬਾਰੇ ਕਿਉਂ ਨਹੀਂ ਸੋਚਦਾ। ਅੱਗੋਂ ਬੀਰੋ ਦੇ ਘਰ ਵਾਲਾ ਕਹਿਣ ਲੱਗਾ ਕਿ ਇਹ ਉਸ ਨੇ ਆਪਣੀ ਉਪਰਲੀ ਕਮਾਈ ਨਾਲ ਪੀਤੀ ਹੈ। ਬੀਰੋ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਖੁਸ਼ ਹੋ ਕੇ ਕਿਹਾ ਉਸ ਨੂੰ ਵੋਟਾਂ ਵਾਲੇ ਰੈਲੀ ਲਈ ਦਿਹਾੜੀ ਜਿੰਨੇ ਪੈਸੇ ਦੇ ਕੇ ਲੈ ਗਏ ਸਨ, ਤੇ ਦਾਰੂ ਮੁਫਤ ਪਿਆਈ ਹੈ। ਬੀਰੋ ਇਹ ਸੁਣ ਕੇ ਸੋਚਾਂ ਵਿਚ ਪੈ ਗਈ ਕਿ ਉਪਰਲੀ ਕਮਾਈ ਸ਼ਰਾਬ ਹੈ ਜਾਂ ਫਿਰ ਉਸਦੀ ਮਿਹਨਤ ਦੀ ਕਮਾਈ ਹੁਣ ਜਾਨ ਦਾ ਜ਼ਰੀਆ ਬਣ ਰਿਹਾ ਹੈ?


ਟੋਭਾ ਟੇਕ ਸਿੰਘ

$
0
0

ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।

ਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬ, ਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਿਕ ਇਧਰ-ਉਧਰ ਉੱਚੀ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇਕ ਦਿਨ ਨਿਸ਼ਚਿਤ ਹੋ ਗਿਆ।
ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ – ਉਹ ਮੁਸਲਮਾਨ ਪਾਗਲ, ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿਚ ਹੀ ਸਨ, ਉਥੇ ਹੀ ਰਹਿਣ ਦਿੱਤੇ ਗਏ, ਬਾਕੀ ਜਿਹੜੇ ਬਚੇ, ਉਨ੍ਹਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ।

ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ, ਜਿੰਨੇ ਹਿੰਦੂ, ਸਿੱਖ ਪਾਗਲ ਸਨ, ਸਾਰੇ ਦੇ ਸਾਰੇ ਬਾਰਡਰ ਉੱਤੇ ਪੁਚਾ ਦਿੱਤੇ ਗਏ।

ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ, ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ।

ਇੱਕ ਮੁਸਲਮਾਨ ਪਾਗਲ ਜੋ ਬਾਰ੍ਹਾਂ ਵਰ੍ਹਿਆਂ ਤੋਂ ਹਰ ਰੋਜ਼, ਬਕਾਇਦਾ ਦੇ ਨਾਲ ਜ਼ਿਮੀਂਦਾਰ ਪੜ੍ਹਦਾ ਸੀ, ਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ, “ਮੌਲਵੀ ਸਾਬ੍ਹ, ਇਹ ਪਾਕਿਸਤਾਨ ਕੀ ਹੁੰਦਾ ਹੈ?” ਤਾਂ ਉਹਨੇ ਬੜੇ ਸੋਚ ਵਿਚਾਰ ਪਿਛੋਂ ਜਵਾਬ ਦਿੱਤਾ, “ਹਿੰਦੁਸਤਾਨ ਵਿਚ ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ” ਇਹ ਜਵਾਬ ਸੁਣਕੇ ਉਸਦਾ ਮਿੱਤਰ ਸੰਤੁਸ਼ਟ ਹੋ ਗਿਆ।

ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, “ਸਰਦਾਰ ਜੀ, ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹੈ ਸਾਨੂੰ ਤਾਂ ਉਥੋਂ ਦੀ ਬੋਲੀ ਨੀ ਆਉਂਦੀ” ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋੜੋਂ ਦੀ ਬੋਲੀ ਆਉਂਦੀ ਐ, ਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ ਫਿਰਤੇ ਹੈ”।

ਇਕ ਦਿਨ ਨਹਾਉਂਦਿਆਂ-ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨ, ਉਨ੍ਹਾਂ ਵਿਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਕੁਝ ਦੇ ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਕਿ ਉਹ ਫਾਂਸੀ ਦੇ ਫੰਧੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ, ਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖ਼ਬਰ ਸਨ, ਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂਰਖ ਸਨ, ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਸਨ ।ਉਨ੍ਹਾਂ ਨੂੰ ਕੇਵਲ ਏਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾਹ ਹੈ ਜਿਸਨੂੰ ਕਾਇਦੇ-ਆਜ਼ਮ ਕਹਿੰਦੇ ਨੇ,ਉਹਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਹੈ, ਜਿਸਦਾ ਨਾਂ ਪਾਕਿਸਤਾਨ ਹੈ, ਇਹ ਕਿੱਥੇ ਹੈ, ਇਸਦੀ ਭੂਗੋਲਿਕ-ਸਥਿਤੀ ਕੀ ਹੈ, ਇਸਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ, ਇਹੀ ਵਜ੍ਹਾ ਹੈ ਕਿ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ, ਇਸ ਭੰਬਲਭੂਸੇ ਵਿਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿਚ ਨੇ ਜਾਂ ਹਿੰਦੁਸਤਾਨ ਵਿਚ, ਜੇ ਹਿੰਦੁਸਤਾਨ ਵਿਚ ਨੇ ਤਾਂ ਪਾਕਿਸਤਾਨ ਕਿੱਥੇ ਐ, ਜੇ ਪਾਕਿਸਤਾਨ ਵਿਚ ਨੇ ਤਾਂ ਇਹ ਕਿਵੇਂ ਹੋ ਸਕਦੈ ਕਿ ਉਹ ਕੁਝ ਅਰਸਾ ਪਹਿਲਾਂ ਇਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿਚ ਸਨ।

ਇਕ ਪਾਗਲ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਚੱਕਰ ਵਿਚ ਕੁਝ ਅਜਿਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ-ਦਿੰਦਿਆਂ ਉਹ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਉੱਤੇ ਬੈਠ ਕੇ ਦੋ ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ, ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਿਪਾਹੀਆਂ ਨੇ ਜਦ ਉਹਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ੍ਹ ਗਿਆ ਜਦ ਉਹਨੂੰ ਡਰਾਇਆ-ਧਮਕਾਇਆ ਗਿਆ ਤਾਂ ਉਹਨੇ ਕਿਹਾ, “ਮੈਂ ਨਾ ਹਿੰਦੁਸਤਾਨ ਵਿਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿਚ, ਮੈਂ ਇਸ ਰੁੱਖ ਉੱਤੇ ਹੀ ਰਹੂੰਗਾ” ਬੜੀ ਦੇਰ ਪਿਛੋਂ ਜਦੋ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ-ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ-ਮਿਲ ਕੇ ਰੋਣ ਲੱਗਿਆ– ਇਸ ਖ਼ਿਆਲ ਨਾਲ ਉਹਦਾ ਦਿਲ ਭਰ ਆਇਆ ਸੀ ਕਿ ਉਹ ਉਸਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ।

ਇਕ ਐਮ. ਐਸ. ਸੀ. ਪਾਸ ਰੇਡੀਓ ਇੰਜੀਨੀਅਰ, ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾ ਰਹਿੰਦਾ ਸੀ, ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ-ਧੜੰਗਾ ਹੋ ਕੇ ਸਾਰੇ ਬਾਗ ਵਿਚ ਤੁਰਨਾ-ਫਿਰਨਾ ਸ਼ੁਰੂ ਕਰ ਦਿੱਤਾ।

ਚਨਿਓਟ ਦੇ ਇਕ ਮੁਸਲਮਾਨ ਨੇ, ਜੋ ਮੁਸਲਿਮ ਲੀਗ ਦਾ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ‘ਚ ਪੰਦਰਾਂ-ਸੋਲਾਂ ਵੇਰਾਂ ਨਹਾਇਆ ਕਰਦਾ ਸੀ, ਇਕਦਮ ਇਹ ਆਦਤ ਛੱਡ ਦਿੱਤੀ, ਉਹਦਾ ਨਾਂ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿਚ ਐਲਾਨ ਕਰ ਦਿੱਤਾ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੈ, ਉਸ ਦੀ ਦੇਖਾ-ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ ਇਸ ਤੋਂ ਪਹਿਲਾਂ ਕਿ ਖੂਨ-ਖਰਾਬਾ ਹੋ ਜਾਵੇ, ਦੋਹਾਂ ਨੂੰ ਖ਼ਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਥਲੱਗ ਬੰਦ ਕਰ ਦਿੱਤਾ ਗਿਆ।

ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ, ਜਦੋਂ ਉਹਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿਚ ਚਲਿਆ ਗਿਆ ਹੈ ਤਾਂ ਉਹਨੂੰ ਬਹੁਤ ਦੁੱਖ ਹੋਇਆ ਅੰਮ੍ਰਿਤਸਰ ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਸੀ, ਜਿਸਨੇ ਉਹਨੂੰ ਠੁਕਰਾ ਦਿੱਤਾ ਪਰ ਦੀਵਾਨਗੀ ਦੀ ਹਾਲਤ ਵਿਚ ਵੀ ਉਹ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਉਨ੍ਹਾਂ ਸਾਰੇ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ-ਮਿਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਥੋੜ੍ਹਾ ਨਾ ਕਰੇ, ਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਸੇ ਹਿੰਦੁਸਤਾਨ ਵਿਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ – ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ, ਉਸਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਵਿਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ।

ਯੂਰਪੀਅਨ ਵਾਰਡ ਵਿਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ ਉਨ੍ਹਾਂ ਨੂੰ ਬੜਾ ਸਦਮਾ ਲੱਗਿਆ ਉਹ ਲੁਕ-ਲੁਕ ਕੇ ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿਚ ਹੁਣ ਉਨ੍ਹਾਂ ਦੀ ਹੈਸੀਅਤ ਕਿਸ ਕਿਸਮ ਦੀ ਹੋਵੇਗੀ ਯੂਰਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ,ਕੀ ਉਨ੍ਹਾਂ ਨੂੰ ਡਬਲ ਰੋਟੀ ਤਾਂ ਨਹੀਂ ਛੱਡਣੀ ਪਵੇਗੀ।
ਇੱਕ ਸਿੱਖ ਸੀ, ਜਿਸਨੂੰ ਪਾਗਲਖਾਨੇ ਵਿਚ ਦਾਖਲ ਹੋਇਆ ਪੰਦਰਾਂ ਵਰ੍ਹੇ ਹੋ ਚੁੱਕੇ ਸਨ ਹਰ ਵੇਲੇ ਉਹਦੇ ਮੂੰਹੋਂ ਇਹ ਅਜੀਬ ਲਫ਼ਜ ਸੁਣਾਈ ਦਿੰਦੇ ਸਨ, “ਔਪੜ ਦਿ ਗੜ ਗੜ ਅਨੈਕਸ ਦੀ ਬੇਧਿਆਨਾ ਦਿ ਮੂੰਗ ਕਿ ਦਾਲ ਆਫ ਦੀ ਲਾਲਟੈਨ” ਉਹ ਨਾ ਦਿਨ ‘ਚ ਸੌਂਦਾ ਸੀ ਨਾ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ ਪੰਦਰਾਂ ਵਰ੍ਹਿਆਂ ਦੇ ਲੰਬੇ ਅਰਸੇ ਵਿਚ ਉਹ ਇਕ ਪਲ ਵੀ ਨਹੀਂ ਸੁੱਤਾ ਸੀ, ਉਹ ਲੇਟਦਾ ਵੀ ਨਹੀਂ ਸੀ ਬਲਕਿ ਕਦੇ-ਕਦੇ ਕੰਧ ਨਾਲ ਟੇਕ ਲਾ ਲੈਂਦਾ ਸੀ, ਚੱਤੋ ਪਹਿਰ ਖੜ੍ਹਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ, ਮਗਰ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਕਰਦਾ।

ਹਿੰਦੁਸਤਾਨ, ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦ ਕਦੇ ਗੱਲਬਾਤ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸਦਾ ਕੀ ਖ਼ਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, “ਔਪੜ ਦੀ ਗੜ-ਗੜ ਦਿ ਅਨੈਕਸ ਕਿ ਬੇਧਿਆਨਾ ਕਿ ਮੂੰਗ ਦੀ ਦਾਲ ਆਫ ਪਾਕਿਸਤਾਨ ਗਵਰਨਮੈਂਟ” ਪਰੰਤੂ ਬਾਅਦ ਵਿਚ ‘ਆਫ਼ ਦੀ ਪਾਕਿਸਤਾਨ’ ਦੀ ਥਾਂ ‘ਆਫ਼ ਦੀ ਟੋਭਾ ਟੇਕ ਸਿੰਘ ਗਵਰਨਮੈਂਟ’ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ, ਜਿੱਥੇ ਦਾ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿਚ ਹੁੰਦਾ ਸੀ, ਪਰ ਹੁਣ ਸੁਣਿਐ ਕਿ ਪਾਕਿਸਤਾਨ ਵਿਚ ਹੈ ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿਚ ਹੈ, ਕੱਲ੍ਹ ਹਿੰਦੁਸਤਾਨ ਵਿਚ ਚਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਗਾਇਬ ਹੋ ਜਾਣ।

ਇਸ ਸਿੱਖ ਪਾਗਲ ਦੇ ਕੇਸ ਛਿਦਰੇ ਹੋ ਕੇ ਬਹੁਤ ਘੱਟ ਰਹਿ ਗਏ ਸਨ, ਕਿਉਂਕਿ ਉਹ ਨਹਾਉਂਦਾ ਕਦੇ ਕਦਾਈਂ ਸੀ, ਇਸ ਲਈ ਦਾੜ੍ਹੀ ਅਤੇ ਵਾਲ ਆਪਸ ਵਿਚ ਜੰਮ ਗਏ ਸਨ ਜਿਸਦੇ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ ਪਰ ਆਦਮੀ ਨਿਡਰ ਸੀ ਪੰਦਰਾਂ ਵਰ੍ਹਿਆਂ ਵਿਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ-ਫਸਾਦ ਨਹੀਂ ਕੀਤਾ ਸੀ ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ, ਉਹ ਉਹਦੇ ਬਾਰੇ ਏਨਾ ਕੁ ਜਾਣਦੇ ਸਨ ਕਿ ਟੋਭਾ ਟੇਕ ਸਿੰਘ ਵਿਚ ਉਹਦੀ ਕਾਫ਼ੀ ਜ਼ਮੀਨ ਸੀ ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ ਅਚਾਨਕ ਦਿਮਾਗ ਹਿਲ ਗਿਆ, ਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਮੋਟੇ-ਮੋਟੇ ਸੰਗਲਾਂ ਨਾਲ ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ।

ਮਹੀਨੇ ‘ਚ ਇੱਕ ਵੇਰਾਂ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਤੇ ਉਸਦੀ ਸੁੱਖ-ਸਾਂਦ ਦਾ ਪਤਾ ਕਰਕੇ ਚਲੇ ਜਾਂਦੇ ਸਨ, ਬੜੀ ਦੇਰ ਤੱਕ ਇਹ ਸਿਲਸਿਲਾ ਜਾਰੀ ਰਿਹਾ ਪਰ ਜਦੋਂ ਪਾਕਿਸਤਾਨ, ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਨ੍ਹਾਂ ਦਾ ਆਉਣਾ-ਜਾਣਾ ਬੰਦ ਹੋ ਗਿਆ।

ਉਹਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸਨੂੰ ਟੋਭਾ ਟੇਕ ਸਿੰਘ ਕਹਿੰਦੇ ਸਨ ਉਹਨੂੰ ਇਹ ਕਤਈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ ਪਰੰਤੂ ਹਰ ਮਹੀਨੇ ਜਦ ਉਸਦੇ ਸਕੇ-ਸਬੰਧੀ ਉਸਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਮਲ-ਮਲ ਕੇ ਨਹਾਉਂਦਾ,ਬਦਨ ਉੱਤੇ ਖ਼ੂਬ ਤੇਲ ਸਾਬਣ ਘਸਾਇਆ ਜਾਂਦਾ ਅਤੇ ਵਾਲਾਂ ‘ਚ ਤੇਲ ਲਾ ਕੇ ਕੰਘਾ ਕਰਦਾ, ਆਪਣੇ ਉਹ ਕੱਪੜੇ ਜੋ ਉਹ ਕਦੀਂ ਵਰਤਦਾ ਨਹੀਂ ਸੀ, ਕੱਢਵਾ ਕੇ ਪਾਉਂਦਾ ਅਤੇ ਇਉਂ ਬਣ-ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਹ ਉਸਨੂੰ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੇਂ-ਕਦਾਈਂ “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਲਾਲਟੈਨ” ਕਹਿ ਦਿੰਦਾ।

ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਧਦੀ-ਵਧਦੀ ਪੰਦਰਾਂ ਵਰ੍ਹਿਆਂ ‘ਚ ਮੁਟਿਆਰ ਹੋ ਗਈ ਸੀ ਬਿਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ, ਉਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀ, ਮੁਟਿਆਰ ਹੋਈ ਤਦ ਵੀ ਉਹਦੀਆਂ ਅੱਖਾਂ ਚੋਂ ਹੰਝੂ ਵਹਿੰਦੇ ਸਨ।

ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਜਦ ਉਹਨੂੰ ਤਸੱਲੀਬਖਸ਼ ਜਵਾਬ ਨਾ ਮਿਲਿਆ, ਉਹਦੀ ਟੋਹ ਦਿਨ ਪ੍ਰਤੀ ਦਿਨ ਵੱਧਦੀ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ ਵੀ ਨਹੀਂ ਆਉਂਦੀ ਸੀ, ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿਲ ਦੀ ਅਵਾਜ਼ ਵੀ ਬੰਦ ਹੋ ਗਈ ਸੀ ਜੋ ਉਹਨੂੰ ਉਨ੍ਹਾਂ ਦੇ ਆਉਣ-ਜਾਣ ਦੀ ਖ਼ਬਰ ਦੇ ਦਿਆ ਕਰਦੀ ਸੀ- ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲ, ਮਿਠਾਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਨ੍ਹਾਂ ਤੋਂ ਪੁੱਛੇ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਉਹ ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਉਹਦਾ ਖ਼ਿਆਲ ਸੀ ਕਿ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਨੇ, ਜਿੱਥੇ ਉਹਦੀਆਂ ਜ਼ਮੀਨਾਂ ਨੇ।

ਪਾਗਲਖਾਨੇ ਵਿਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ ਬਿਸ਼ਨ ਸਿੰਘ ਨੇ ਉਸ ਤੋਂ ਜਦੋਂ ਇਕ ਦਿਨ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਅਤੇ ਕਿਹਾ, “ਉਹ ਨਾ ਪਾਕਿਸਤਾਨ ਵਿਚ ਹੈ ਨਾ ਹਿੰਦੁਸਤਾਨ ਵਿਚ, ਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂ ਦਿੱਤਾ”।

ਬਿਸ਼ਨ ਸਿੰਘ ਨੇ ਉਸਨੂੰ ਖ਼ੁਦਾ ਨੂੰ ਕਈ ਵਾਰੀ ਬੜੀ ਮਿੰਨਤ ਅਤੇ ਆਜਜ਼ੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇ, ਪਰ ਖ਼ੁਦਾ ਬਹੁਤ ਰੁਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਸਨ।

ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖ਼ੁਦਾ ਨੂੰ ਟੁੱਟ ਕੇ ਪਿਆ, “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਦੀ ਫਤਹਿ” ਇਸਦਾ ਸ਼ਾਇਦ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ ਖ਼ੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ।

ਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਭਾ ਟੇਕ ਸਿੰਘ ਦਾ ਇਕ ਮੁਸਲਮਾਨ ਜੋ ਬਿਸ਼ਨ ਸਿੰਘ ਦਾ ਮਿੱਤਰ ਸੀ, ਮੁਲਾਕਾਤ ਲਈ ਆਇਆ, ਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਆਇਆ ਸੀ ਜਦੋਂ ਬਿਸ਼ਨ ਸਿੰਘ ਨੇ ਉਹਨੂੰ ਦੇਖਿਆ ਤਾਂ ਇਕ ਪਾਸੇ ਹੱਟ ਗਿਆ, ਫਿਰ ਵਾਪਸ ਜਾਣ ਲੱਗਾ ਪਰ ਸਿਪਾਹੀਆਂ ਨੇ ਉਹਨੂੰ ਰੋਕਿਆ, “ਇਹ ਤੈਨੂੰ ਮਿਲਣ ਆਇਐ, ਤੇਰਾ ਮਿੱਤਰ ਫਜ਼ਲਦੀਨ ਐ”।

ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਬੁੜਬੁੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ, “ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ ਪਰ ਵਿਹਲ ਹੀ ਨਾ ਮਿਲੀ, ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ ਮੈਥੋਂ ਜਿੰਨੀ ਮਦਦ ਹੋ ਸਕੀ, ਮੈਂ ਕੀਤੀ, ਤੇਰੀ ਧੀ ਰੂਪ ਕੌਰ[” ਉਹ ਬੋਲਦਿਆਂ ਬੋਲਦਿਆਂ ਰੁਕ ਗਿਆ।

ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਿਆ, “ਧੀ ਰੂਪ ਕੌਰ”

ਫਜ਼ਲਦੀਨ ਨੇ ਰੁਕ ਕੇ ਕਿਹਾ, “ਹਾਂ, ਉਹ, ਉਹ ਵੀ ਠੀਕ ਠਾਕ ਐ, ਉਨ੍ਹਾਂ ਨਾਲ ਹੀ ਚਲੀ ਗਈ ਸੀ।”
ਬਿਸ਼ਨ ਸਿੰਘ ਚੁੱਪ ਰਿਹਾ

ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖ਼ੈਰ ਖੈਰੀਅਤ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹੈਂ। ਭਾਈ ਬਲਵੀਰ ਸਿੰਘ ਅਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਾਈ ਬਲਵੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਐ। ਦੋ ਬੂਰੀਆਂ ਮੈਸਾਂ ਜੋ ਉਹ ਛੱਡ ਗਏ ਸੀ, ਉਨ੍ਹਾਂ ‘ਚੋਂ ਇੱਕ ਨੇ ਕੱਟਾ ਦਿੱਤਾ, ਦੂਜੀ ਦੇ ਕੱਟੀ ਹੋਈ ਸੀ ਪਰ ਉਹ ਛੇਦਿਨਾਂ ਦੀ ਹੋ ਕੇ ਮਰ ਗਈ। ਹੋਰ, ਮੇਰੇ ਲਾਇਕ ਜੋ ਖਿਦਮਤ ਹੋਵੇ, ਕਹੀਂ ਮੈਂ ਹਰ ਵਕਤ ਤਿਆਰ ਆਂ ਔਰ ਆਹ ਤੇਰੇ ਲਈ ਥੋੜ੍ਹੇ ਜਿਹੇ ਮਰੂੰਡੇ ਲਿਆਇਆਂ”।

ਬਿਸ਼ਨ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖੜ੍ਹੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ?

ਫਜ਼ਲਦੀਨ ਨੇ ਥੋੜ੍ਹਾ ਹੈਰਾਨ ਹੁੰਦਿਆ ਕਿਹਾ, “ਕਿੱਥੇ ਐ?”

“ਓਥੇ ਈ ਐ, ਜਿੱਥੇ ਸੀ”

ਬਿਸ਼ਨ ਸਿੰਘ ਨੇ ਫੇਰ ਪੁੱਛਿਆ, “ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ? ਹਿੰਦੁਸਤਾਨ ਵਿਚ, ਨਹੀਂ! ਨਹੀਂ!! ਪਾਕਿਸਤਾਨ ਵਿਚ…[” ਫਜ਼ਲਦੀਨ ਬੌਂਦਲ ਜਿਹਾ ਗਿਆ ਬਿਸ਼ਨ ਸਿੰਘ ਬੁੜਬੁੜਾਉਂਦਾ ਹੋਇਆ ਚਲਾ ਗਿਆ, “ਔਪੜ ਦਿ ਗੜ ਗੜ ਦਿ ਅਨੈਕਸ ਦੇ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ਼ ਦੀ ਦੁਰ ਫਿੱਟੇ ਮੂੰਹ…[“

ਤਬਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ, ਇਧਰੋਂ ਉਧਰ ਅਤੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ।

ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ ‘ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਸੁਰੱਖਿਆ ਵਿਚ ਰਵਾਨਾ ਹੋਈਆਂ, ਸਬੰਧਿਤ ਅਫ਼ਸਰ ਵੀ ਨਾਲ ਸਨ ਵਾਹਗਾ ਦੇ ਬਾਰਡਰ ਉੱਤੇ ਦੋਨਾਂ ਪਾਸੇ ਸੁਪਰਡੈਂਟ ਇਕ-ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਮੁੱਕਣ ਪਿੱਛੋਂ ਤਬਾਦਲਾ ਸ਼ੁਰੂ ਹੋ ਗਿਆ, ਜੋ ਰਾਤ ਭਰ ਜਾਰੀ ਰਿਹਾ।

ਪਾਗਲਾਂ ਨੂੰ ਲਾਰੀਆਂ ‘ਚੋਂ ਕੱਢਣਾ ਅਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸੀ, ਜੋ ਨਿਕਲਣ ਲਈ ਰਜ਼ਾਮੰਦ ਹੁੰਦੇ ਸਨ, ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਉਹ ਇਧਰ-ਉਧਰ ਭੱਜ ਉੱਠਦੇ ਸਨ, ਜੋ ਨੰਗੇ ਸਨ, ਉਨ੍ਹਾਂ ਨੂੰ ਕੱਪੜੇ ਪੁਆਏ ਜਾਂਦੇ ਤਾਂ ਉਹ ਉਨ੍ਹਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਸੁੱਟਦੇ-ਕੋਈ ਗਾਲ੍ਹਾਂ ਕੱਢ ਰਿਹਾ ਹੈ…[ ਕੋਈ ਗਾ ਰਿਹਾ ਹੈ… ਕੁਝ ਆਪਸ ਵਿਚ ਝਗੜ ਰਹੇ ਨੇ, ਵਿਲਕ ਰਹੇ ਨੇ-ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ- ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਅਲੱਗ ਸੀ ਅਤੇ ਠੰਡ ਏਨੀ ਸਖ਼ਤ ਸੀ ਕਿ ਦੰਦ ਵੱਜ ਰਹੇ ਸਨ।
ਪਾਗਲਾਂ ਦੀ ਬਹੁ-ਗਿਣਤੀ ਇਸ ਬਟਵਾਰੇ ਦੇ ਹੱਕ ਵਿਚ ਨਹੀਂ ਸੀ, ਇਸ ਵਾਸਤੇ ਕਿ ਉਨ੍ਹਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ, ਉਹ ਥੋੜ੍ਹੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ, “ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ” ਦੇ ਨਾਅਰੇ ਲਾ ਰਹੇ ਸਨ, ਦੋ ਤਿੰਨ ਵਾਰ ਫਸਾਦ ਹੁੰਦਾ-ਹੁੰਦਾ ਬਚਿਆ, ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ।

ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਹਗਾ ਦੇ ਉਸ ਪਾਰ ਸਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ? ਪਾਕਿਸਤਾਨ ਵਿਚ ਜਾਂ ਹਿੰਦੁਸਤਾਨ ਵਿਚ?”
ਸਬੰਧਤ ਅਫਸਰ ਹੱਸਿਆ, “ਪਾਕਿਸਤਾਨ ਵਿਚ”

ਇਹ ਸੁਣ ਕੇ ਬਿਸ਼ਨ ਸਿੰਘ ਉੱਛਲ ਕੇ ਇਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪੁੱਜ ਗਿਆ।
ਪਾਕਿਸਤਾਨੀ ਸਿਪਾਹੀਆਂ ਨੇ ਉਸਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ,

“ਟੋਭਾ ਟੇਕ ਸਿੰਘ ਇਥੇ ਐ” ਅਤੇ ਜ਼ੋਰ-ਜ਼ੋਰ ਨਾਲ ਚਿਲਾਉਣ ਲੱਗਿਆ, “ਔਪੜ ਦਿ ਗੜ-ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਟੋਭਾ ਟੇਕ ਸਿੰਘ ਐਂਡ ਪਾਕਿਸਤਾਨ”

ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ, ਹੁਣ ਟੋਭਾ ਟੇਕ ਸਿੰਘ ਹਿੰਦੁਸਤਾਨ ਵਿਚ ਚਲਿਆ ਗਿਆ ਹੈ, ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜ੍ਹਾ ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ ਹਿਲਾ ਸਕੇਗੀ। ਆਦਮੀ ਨਿਡਰ ਸੀ,ਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ, ਉਹਨੂੰ ਉੱਥੇ ਈ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ।

ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚੁਪੀਤੇ ਬਿਸ਼ਨ ਸਿੰਘ ਦੇ ਹਲਕ ਵਿਚੋਂ ਇੱਕ ਅਸਮਾਨ ਨੂੰ ਚੀਰਦੀ ਚੀਕ ਨਿਕਲੀ।
ਇਧਰ-ਉਧਰ ਕਈ ਅਫਸਰ ਭੱਜੇ ਆਏ ਅਤੇ ਉਨ੍ਹਾਂ ਨੇ ਦੇਖਿਆ ਕਿ ਉਹ ਆਦਮੀ ਜੋ ਪੰਦਰ੍ਹਾਂ ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜ੍ਹਾ ਰਿਹਾ ਸੀ, ਮੂਧੇ ਮੂੰਹ ਪਿਆ ਸੀ।

ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ, ਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ, ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸਦਾ ਕੋਈ ਨਾਂ ਨਹੀਂ ਸੀ ਟੋਭਾ ਟੇਕ ਸਿੰਘ ਪਿਆ ਸੀ।

ਉੱਚੇ ਰੁੱਖਾਂ ਦੀ ਛਾਂ

$
0
0

ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ ,ਨਾ ਇੱਟਾਂ , ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁਟੀ ਦੀ ਟੇਲੈਕਸ ਕੀਤੀ ਸੀ , ਮਨਜ਼ੂਰ ਇਕੋ ਦੀ ਹੋਈ ਸੀ ।

ਕੁਝ ਆਟਾ ਦਲੀਆ ਕਰ ਕੇ ਸੋਚਿਆ , ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ ’  ਨੇ ਰਾਤੀਂ ਰੋਕ ਲਿਆ ,ਉਨ੍ਹਾਂ ਨੂੰ ‘ਵੱਡੇ ਸੰਤਾਂ ‘ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।

ਅਗਲੇ ਦਿਨ ਸਵੇਰੇ-ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ – ਆਟਾ, ਚੌਲ , ਘਿਉ ,ਦਾਲਾਂ ,ਵੇਸਣ ,ਸਬਜ਼ੀਆਂ ,ਚਾਦਰਾਂ , ਪੱਗਾਂ ,ਤੌਲੀਏ ,ਤੇਲ ,ਸਾਬਣ ,ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ ।ਤੌਲੀਆਂ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ , ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ-ਵਿਆਹੀਆਂ ਸੰਤਾਂ ਦਾ ਦੁੱਧ-ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ , ਕਿਉਂਕੀ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ ,ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ-ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।

ਉਹਦੇ ਲੱਕੀ ਨੂੰ ਗੋਦੀ ਬਿਠਾ , ਵੱਡੇ ਸੰਤਾਂ ਨੇ ਕਈ ਵਾਰ ਉਹਨੂੰ ਦੱਸਿਆ ਸੀ ਕਿ ‘ਉਨ੍ਹਾਂ’ ਲੱਕੀ ਨੂੰ ਇੱਕ ਸ਼ੇਰਨੀ ਦੀ ਕੁੱਖੋਂ ਸੁਰਜੀਤ ਦੇ ਗਰਭ ਵਿਚ ਲਿਆਂਦਾ ਸੀ । ਵੱਡੇ ਸੰਤਾਂ ਨੇ ਮਹਾਰਾਜੇ ਪਟਿਆਲੇ ਨਾਲ ਪਿਛਲੇ ਜਨਮ ਵਿਚ ਕੀਤੀ ਤਪੱਸਿਆ ਦੀ ਕਥਾ ਵੀ ਕਈ ਵਾਰ ਉਹਨੂੰ ਸੁਣਾਈ ਸੀ , ਜਿਸ ਸਦਕਾ ‘ਉਸ ਨੂੰ ਰਾਜ ਤੇ ਸਾਨੂੰ ਸਾਧ ਮੱਤ’ ਆਪਣੇ ਮੂੰਹੋਂ ਮੰਗ ਕੇ ਮਿਲੇ ਸਨ । ਵਲੈਤ ਬੈਠੀ ਸੁਰਜੀਤ ਅਜਿਹੀਆਂ ਅਲੋਕਾਰ ਕਥਾਵਾਂ ਸੁਣਦੀ ਮੁਗਧ ਹੋ ਜਾਂਦੀ ਸੀ ਤੇ ਕਈ ਕਈ ਰਾਤਾਂ ‘ਵੱਡੇ ਸੰਤਾਂ’ ਦੇ ਘੁਰਾੜੇ ਮਾਰਨ ਤੱਕ ਮੁੱਠੀਆਂ ਭਰਦੀ ਰਹਿੰਦੀ ।

ਹੁਣ ਤਾਂ ਸੁਰਜੀਤ ਦੇ ਵੱਡੇ ਭਾਗ ਸਨ ,ਆਪਣਾ ਪਿੰਡ , ਆਪਣੀ ਕੋਠੀ ਦੀ ਚੱਠ ਕਰਨ ਲਈ ਉਨ੍ਹਾਂ ਹੀ ਸੰਤਾਂ ਦੇ ਚਰਨ ਪੁਆ , ਆਪਣਾ ਜਨਮ ਸਫਲਾ ਕਰ ਕੇ , ਉਨ੍ਹਾਂ ਹੋਰ ਕਈਆਂ ਦਾ ‘ਪਾਰਾ-ਉਤਾਰਾ’ ਕਰਨ ਦੀ ਵਿਧੀ ਬਣਾਈ ਸੀ ।

ਲੋਹੜੀਓਂ ਪਹਿਲੀ ਰਾਤ, ਵੱਡੇ ਸੰਤਾਂ ਦੀ ਸਟੇਸ਼ਨ ਵੈਗਨ ਸਮੇਤ ਅਮਲਾ ਫੈਲਾ ਪਿੰਡ ਪਹੁੰਚ ਗਿਆ। ਗੁਰਦੁਆਰੇ ਵਿੱਚ ਲੱਗੇ ਸਪੀਕਰ ‘ਤੇ ਭਾਈ ਹੋਰੀਂ ਸ਼ਿਵਚਰਨ ਸਿੰਘ ਦੇ ਘਰ ਸੰਤਾਂ ਦੇ ਪਹੁੰਚਣ ਦੀ ਖ਼ਬਰ “ਆਪ ਅਕਾਲ ਪੁਰਖ, ਲੋਕ ਪ੍ਰਲੋਕ ਦੇ ਸਹਾਈ, ਦੀਨ ਦੁਖੀ ਦੇ ਮਾਲਕ” ਆਦਿ ਵਿਸ਼ਲੇਸ਼ਣਾਂ ਨਾਲ, ਸਾਰੇ ਨਗਰ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਗਰਦਾਨ ਕੇ, ਨਸ਼ਰ ਕੀਤੀ। ਉਸ ਆਥਣ ਗੁਰਦਵਾਰਿਓਂ ਟੇਪ ਕੀਤਾ ਰਹਿਰਾਸ ਦਾ ਪਾਠ ਵੀ ਨਾ ਵਜਿਆ ।

ਸ਼ਿਵਚਰਨ ਦੀ ਨਵੀਂ ਕੋਠੀ ਵਿਚ ਦੀਵਾਨ ਸਜਿਆ। ਅਤਿ-ਵੈਰਾਗ ਭਰੀ ਸੁਰ ਵਿਚ ਵੱਡੇ ਸੰਤਾਂ ਨੇ ਕਥਾ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ। ਆਰਤੀ ਹੋਈ। ਆਟੇ ਦੇ ਤੇਰ੍ਹਾਂ ਦੀਵਿਆਂ ਵਾਲੀ ਥਾਲੀ ਘਿਉ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜਗਦੀ ਇੱਕ ਵੱਡੀ ਥਾਲੀ ਨੇ,ਵੱਡੇ ਸੰਤਾਂ ਦੇ ਸਿਰ ਉਪਰੋਂ ਦੀ ਘੁੰਮਣੀ ਨੇ, ਆਈਆਂ ਸੰਗਤਾਂ ਨੂੰ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਕਸ਼ਾਤ ਪ੍ਰਤੱਖ ਦਿਖਾਈ। ਅਰਦਾਸ ਪਿਛੋਂ ਸੰਤਾਂ ਨੂੰ , ਮੱਥਾਂ ਟੇਕ ਕੇ ਪੁੱਛਾਂ ਪੁੱਛਣ ਵਾਲਿਆਂ ਮਾਈਆਂ ਭਾਈਆਂ ਕੋਲੋਂ ਵਿਹਲ ਉਦੋਂ ਮਿਲੀ , ਜਦੋਂ ਡਾਈਨਿੰਗ ਰੂਮ ਵਿੱਚ ਪਰੋਸਿਆ ਪ੍ਰਸ਼ਾਦਾ ਇੱਕ ਵਾਰ ਠੰਡਾ ਹੋ ਕੇ ਮੁੜ ਰਸੋਈ ਵਿਚ ਨਾ ਚਲਾ ਗਿਆ ।

ਵੱਡੇ ਸੰਤਾਂ ਨੇ , ਵਿਸ਼ਰਾਮ ਕਮਰੇ ਵਿਚੋਂ ਇੱਕ ਸੇਵਾਦਾਰ ਤੋਂ ਬਿਨ੍ਹਾਂ ਸਭ ਚਲੇ ਜਾਣ ਪਿਛੋਂ ,ਸੁਰਜੀਤ ਨੂੰ ਆਪਣੀ ਹੁਣੇ ਮੁਕਾਈ ਵਲੈਤ ਫੇਰੀ ਦਾ ਸਾਰਾ ਹਾਲ ਦੱਸਿਆ ।ਡਬਲ-ਬੈਡ ਦੇ ਡਨਲੋਪਿੱਲੋ ਤੇ ਪੱਸਰੇ , ਉਪਰ ਨੂੰ ਉਭਰੇ ਘੜੇ ਵਰਗੇ ਢਿੱਡ ਨੂੰ ਹਲਕਾ ਕਰਦਿਆਂ ,ਵੱਡੇ ਸੰਤਾਂ ਨੇ ਸੰਖ ਵੱਜਣ ਵਰਗੀ ਉੱਚੀ ਤੇ ਲੰਮੀ ਗੰਦੀ ਹਵਾ ਸਰਕਾਈ ਤੇ ਘੁਰਾੜੇ ਮਾਰਨ ਲੱਗ ਪਏ ।

ਅਗਲੇ ਦਿਨ ਤੜਕਸਾਰ ਹੀ ਕੋਠੀ ਅੰਦਰ ਚਹਿਲ-ਪਹਿਲ ਸ਼ੁਰੂ ਹੋ ਗਈ । ਮੋਟਰ ਚਲਾ ਕੇ ਭਰੀ ਟੈਂਕੀ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਵਾਰੀ ਵੱਡੇ ਸੰਤਾਂ ਤੋਂ ਪਿਛੋਂ ਲੱਗੀ। ਸਵੇਰ ਦੀ ਦੀਵਾਨ ਪਿਛੋਂ ਅਖੰਡ-ਪਾਠ ਦਾ ਪਾਠ ਅਰੰਭ ਕੇ ‘ਵੱਡੇ ਸੰਤ’ ਡੇਰੇ ਕਾਹਦੇ ਮੁੜ ਗਏ , ਸਾਰਾ ਕੁਝ ਹੀ ਮੁਰਝਾ ਗਿਆ।

ਨਾ ਘਰ ਵਾਲਿਆਂ ਅੰਦਰ ਉਤਸ਼ਾਹ , ਨਾ ਰਸੋਈ ਵਿਚ ਚਹਿਲ-ਪਹਿਲ ,ਪਾਠੀ ਸਿੰਘ ਚਾਹ ਮੰਗ ਮੰਗ ਵਾਰੀਆਂ ਲਾਉਂਦੇ ਗਏ । ਇਕੋ ਇੱਕ ਬਿਰਧ ਬਾਬੇ ਤੋਂ ਬਿਨਾ ਸਾਰਾ ਦਿਨ ਕੋਈ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਨਾ ਵੜਿਆ । ਰਾਤ ਦੀ ਰੋਟੀ ਵੀ ‘ਛੋਟੇ ਸੰਤਾਂ’ ਨੂੰ ਖਿਝਦਿਆਂ ਕਰਿਝਦਿਆਂ ਹੀ ਮਿਲੀ । ਵਿਹੜੇ ਵਿਚ ਇੱਕ ਵੱਡੇ ਸਾਰੇ ਮੁੱਢ ਦੁਆਲੇ ਪਾਥੀਆਂ ਚਿਣ ਕੇ ਬਾਲੀ ਧੂਣੀ ਦੁਆਲੇ ਬੈਠੀਆਂ , ਰੇੜੀਆਂ-ਚਿੜਵੇ ਖਾਂਦੀਆਂ ਤੇ ਅੱਗ ਵਿਚ ਸੁੱਟਦੀਆਂ ਸੁਵਾਣੀਆਂ ਨੂੰ ਇਹ ਸ਼ਾਇਦ ਭੁਲ ਹੀ ਗਿਆ ਸੀ ਕਿ ਘਰ ਵਿਚ ਅਖੰਡ-ਪਾਠ ਵੀ ਰੱਖਿਆ ਹੋਇਆ ਹੈ ।

ਇਹੋ ਹਾਲ ਸ਼ਿਵਚਰਨ ਦਾ ਸੀ । ਪੰਦਰੀਂ ਸਾਲੀਂ ਯਾਰਾਂ-ਮਿਤਰਾਂ ਨੂੰ ਮਿਲਿਆ ਸੀ , ਫਿਰ ਅੱਠੀਂ ਸਾਲੀਂ ਕਾਕਾ ਹੋਇਆ ਸੀ ,ਫਿਰ ਲੱਕੀ ਪਹਿਲੀ ਲੋਹੜੀ ਇੰਡੀਆ ਆਇਆ ਸੀ , ਫਿਰ ਕੋਠੀ ਨਵੀਂ ਉਸਾਰੀ ਸੀ । ਇੰਝ ਗੱਲਾਂ ਕਈ ਇਕ ‘ਕੱਠੀਆਂ ਹੋ ਗਈਆਂ । ‘ਅਖੰਡ-ਪਾਠ’ ਦੇ ਭੋਗ ਪਿਛੋਂ ਵਰਤਣ ਲਈ ਮੰਗਵਾਈ ਰੰਮ ਦੀ ਪੇਟੀ ਚੋਂ ਇੱਕ ਸ਼ੀਸ਼ੀ ਨਿਕਲ ਗਈ । ਦੋ, ਚਾਰ,ਦਸ ਮਿਤਰ ਇਕੱਠੇ ਹੋ ਗਏ ।ਅੱਧੀ ਪੇਟੀ ਖੁਲ੍ਹ ਗਈ , ਚੀਕਾਂ ਬੁਲਬੁਲੀਆਂ ਦੀ ਉੱਚੀ ਆਵਾਜ਼ ਤਿੰਨ ਕਮਰੇ ਲੰਘ , ਚੌਥੇ ਕਮਰੇ ਵਿਚ ਹੁੰਦੇ ਪਾਠ ਦੀ ਮੱਧਮ ਆਵਾਜ਼ ‘ਤੇ ਛਾ ਗਈ ।

ਸ਼ਿਵਚਰਨ ਦੀ ਸੁਰਤ ਨੁੂੰ ਇਕ ਝਟਕਾ ਜਿਹਾ ਲੱਗਾ ਜਦ ਵਿਹੜੇ ਵਿਚ ਬਲਦੀ ਧੂਣੀ ਤੋਂ ਸੁਆਣੀਆਂ ਦੇ ਗੀਤਾਂ ਦੀ ਥਾਂ , ਠ ਹਾਅ……..ਆਹ ਲੈ….ਮੋਮਬੱਤੀ ਟੋਲ ਨੀ ਕੁੜੇ …..ੂ ਦੀਆਂ ਆਵਾਜ਼ਾਂ ਸੁਣੀਆਂ । ਉਸ ਨੂੰ ਜਾਪਿਆ ਉਸ ਦੀਆਂ ਅੱਖਾਂ ਦੀ ਲੋਅ ਚਲੀ ਗਈ ਹੋਵੇ। ਆਲੇ-ਦੁਆਲੇ ਦੀ ਚੀਕ-ਚਿਹਾੜਾ ਉਸ ਨੂੰ ਸੁਣਦਾ ਸੀ ਪਰ ਦਿਸਦਾ ਕੁਝ ਨਹੀਂ ਸੀ । ਉਸ ਦੇ ਜਮਾਤੀ ਸਰਪੰਚ ਕਿਸ਼ਨ ਲਾਲ ਨੇ ਸਿਰਗਟ ਲਾਉਣ ਲਈ ਤੀਲ੍ਹੀ ਬਾਲੀ ਤਾਂ ਉਸ ਨੂੰ ਹੌਸਲਾ ਹੋਇਆ ਕਿ ਉਹਦੀ ਨਿਗਾਹ ਤਾਂ ਠੀਕ ਸੀ । ਪਲ ਕੁ ਪਿਛੋਂ ਉਸ ਦੀ ਕੰਬਦੀ ਸੂਝ ਨੇ ਪੈਰ ਟਿਕਾਏ ਤਾਂ ਪਤਾ ਲੱਗਾ ਕਿ ਬਿਜਲੀ ਚਲੀ ਗਈ ਸੀ । ਵਾਰੀ ‘ਤੇ ਬੈਠੇ ਪਾਠੀ ਸਿੰਘਾਂ ਨੇ ਡੱਬੀ ਦੀਆਂ ਤੀਲਾਂ ਬਾਲ ਬਾਲ ਪਾਠ ਚਾਲੂ ਰਖਿਆ ਹੋਇਆ ਸੀ ਤੇ ਘਰ ਵਾਲਿਆਂ ਨੁੂੰ ਹਫ਼ੜਾ-ਦਫ਼ੜੀ ਵਿਚ ਅਗਾਊਂ ਖ਼ਰੀਦੀਆਂ ਮੋਮਬੱਤੀਆਂ ਨਹੀਂ ਸੀ ਲੱਭਦੀਆਂ ।

ਸ਼ਿਵਚਰਨ ਦੀ ਗੁਆਚੀ ਸਾਰੀ ਦੀ ਸਾਰੀ ਸੁਰਤੀ ‘ਚੋਂ ਬਹੁਤੀ ਪਰਤ ਆਈ । ਨੌਕਰਾਂ ਦੀ ਪ੍ਰਵਾਹ ਨਾ ਕੀਤੇ ਬਿਨਾਂ ਉਹ ਆਪਣੇ ਏਅਰ-ਬੈਗ ‘ਚੋਂ ਇਲੈਕਟਰਾਨਿਕ ਬੈਟਰੀ ਕੱਢ ਸਿੱਧਾ ਦਰਬਾਰ ਸਾਹਿਬ ਵਾਲੇ ਕਮਰੇ ਵਲ ਦੌੜਿਆ। ਅੰਦਰ ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਆਪਣੀ ਅਤਿ ਸ਼ਰਾਬੀ ਹਾਲਤ ਦਾ ਧਿਆਨ ਆਇਆ, ਪਰ ਤੀਲ੍ਹੀ ਮੁੱਕਣ ‘ਤੇ ਪੋਟਿਆਂ ਨੂੰ ਸੇਕ ਲੱਗਣ ਨਾਲ ਨਿਕਲੀ ਪਾਠੀ ਸਿੰਘ ਦੀ ਸੀਅ ….ਅ……ਦੀ ਆਵਾਜ਼ ਪਾਠ ਦੀ ਸੁਰ ਵਿਚ ਰਲਦੀ ਦੇਖ ਕੇ ,ਉਹ ਹਿੰਮਤ ਕਰ ਕੇ ਪ੍ਰਸ਼ਾਦ ਵਾਲੀ ਤਰਪਾਈ ਨਾਲ ਢੋਅ ਲਾ ਕੇ ਬੈਠ ਗਿਆ ਤੇ ਬੈਟਰੀ ਦੀ ਲੋਅ ਵਰਕਿਆਂ ਵੱਲ ਸਿੱਧੀ ਕਰ ਕੇ ਉਹਨੇ ਮੂੰਹ ਦੂਜੇ ਪਾਸੇ ਫੇਰ ਲਿਆ ।

ਕਮਰੇ ਅੰਦਰ ਦਿਨ ਵੇਲੇ ਧੁਖ਼ੀ ਧੂਫ ਦੀ ਸੁਗੰਧ ਵਿਚ ਰੰਮ ਪੀਤੇ ਸਾਹਾਂ ਦੇ ਸੇਕ ਨੂੰ ਇਕ-ਕਿਮ ਹੁੰਦੇ ਕੋਈ ਬਹੁਤੀ ਦੇਰ ਨਾ ਲੱਗੀ । ਬਿਜਲੀ ਨੇ ਪਹਿਲੀ ਜ਼ਲੌ ਵਿਚ ਮੁੜ ਆ ਕੇ ਕਮਰਾ ਚਿੱਟੇ ਦਿਨ ਵਾਂਗ ਚਮਕਾ ਦਿੱਤਾ ਸੀ । ਇਸ ਦਾ ਸ਼ਿਵਚਰਨ ਨੂੰ ਉਸ ਵੇਲੇ ਪਤਾ ਲੱਗਾ ਜਦ ਪਾਠੀ ਸਿੰਘ ਨੇ ਉਹਨੂੰ ਉਠਾਲਣ ਲਈ ਵਾਰੀ ਬਦਲਣ ਲਈ ਰੱਖੇ ਗਲਾਸ ਵਿਚ ਚਮਚੇ ਨੁੂੰ ਜ਼ੋਰ ਨਾਲ ਖੜਕਾਇਆ ।ਅਬੜਵਾਹੇ ਸ਼ਿਵਚਰਨ ਉੱਠ ਕੇ ਬਾਹਰ ਚਲਾ ਗਿਆ ਤੇ ਗੁਰਦੁਆਰੇ ਵਾਲੇ ਭਾਈ ਹੋਰਾਂ ਦੀ ਮਿੰਨਤ ਤਰਲਾ ਕਰ ਕੇ ਧੂਪੀਆ ਬਿਠਾ ,ਆਪ ਪਿਛਲੇ ਅੰਦਰ ਜਾ ਸੁੱਤਾ ।

ਅਗਲੇ ਦਿਨ ਸ਼ਿਵਚਰਨ ਤੜਕਸਾਰ ਉਠ ਕੇ ਇਸ਼ਨਾਨ ਕਰ ਦੇ ਫਿਰ ਪਾਠੀ ਸਿੰਘਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ । ਅੰਦਰੋਂ ਉਸ ਨੂੰ ਰਾਤ ਵਾਲੀ ਘਟਨਾ ਦਾ ਤੌਖਲਾ ਖਾਈ ਜਾ ਰਿਹਾ ਸੀ ਮਤੇ ਗੱਲ ‘ਵੱਡੇ ਸੰਤਾਂ’ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ । ਪਰ ‘ਵੱਡੇ ਸੰਤ’ ਏਨੇ ਨਿਆਣੇ ਨਹੀਂ ਸਨ ਕਿ ਵਰ੍ਹੇ ਦਿਨ੍ਹਾਂ ਦੇ ਦਿਨ ਉਹ ਆਪਣੇ ਸੇਵਕਾਂ ਦੇ ਅਨੰਦ-ਮੰਗਲਾਚਾਰ ਵਿਚ ਵਿਘਨ ਪਾਉਣ ਲਈ ਡੇਰਿਓਂ ਬਾਹਰ ਪੈਰ ਪਾਉਣ । ਉਂਝ ਅਖੰਡ-ਪਾਠਾਂ ਦੇ ਉਨ੍ਹਾਂ ਕੋਲ ਤਿੰਨ ਰੇਟ ਸਨ – ਗਿਆਰਾਂ ਸੌ ਵਾਲਾ , ਇੱਕੀ ਸੌ ਵਾਲਾ ਤੇ ਇਕੱਤੀ ਸੌ ਵਾਲਾ । ਇੱਕਤੀ ਸੌ ਵਾਲੇ ਪਾਠ ਵਿਚ ਉਹ ਆਪ ਸਾਰਾ ਸਮਾਂ ਉਸੇ ਘਰ ਰਹਿੰਦੇ ਸਨ ,ਭਾਵੇਂ ਕੋਈ ਦਿਨ ਹੋਵੇ ਭਾਵੇਂ ਤਿਉਹਾਰ ।

ਅਗਲੇ ਦਿਨ ‘ਛੋਟੇ ਸੰਤਾਂ’ ਦੀ ਬੜੀ ਸੇਵਾ ਹੋਈ । ਰਾਤ ਵਾਲੀ ਭੁੱਲ ਬਖ਼ਸ਼ਾਉਣ ਲਈ ਸ਼ਿਵਚਰਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਜ਼ੋ ਸ਼ਾਮ ਵੇਲੇ ‘ਵੱਡੇ ਸੰਤਾਂ’ ਦੇ ਆਉਣ ਤੋਂ ਪਹਿਲਾਂ ਪਹਿਲਾਂ ‘ਛੋਟੇ ਸੰਤਾਂ’ ਦੀ ਪ੍ਰ੍ਰਸੰਸਾ ਰੱਜ ਕੇ ਪ੍ਰਾਪਤ ਕੀਤੀ ਜਾ ਸਕੇ । ਪਰ ‘ਵੱਡੇ ਸੰਤ’ ਅਗਲੀ ਰਾਤ ਵੀ ਨਾ ਆਏ । ਮਾਘੀ ਵਾਲੇ ਦਿਨ ਡੇਰੇ ਆਈਆਂ ਸੰਗਤਾਂ ਨੂੰ ਉਹ ਕਿਵੇਂ ਨਾਰਾਜ਼ ਕਰਦੇ ? ਦਸਵੰਧ ਵਜੋਂ ਗੁੜ ਦੀਆਂ ਬੋਰੀਆਂ, ਬਾਸਮਤੀ,ਆਲੂ, ਸਬਜ਼ੀਆਂ,ਦਾਲਾਂ,ਆਟਾ,ਦੁੱਧ,ਦੇਸੀ ਘਿਓ ਆਦਿ ਦੇ ਚੜ੍ਹਾਵਿਆਂ ਨਾਲ ਨਵੀਂ ਫ਼ਸਲ ਨੂੰ ਭੋਗ ਲਾ ਕੇ ਸੰਗਤਾਂ ਵਿਚ ਵਰਤਾਉਣ ਦਾ ਕਾਰਜ ਤਿਆਗ ਕੇ ,ਇੱਕੀ ਸੌ ਵਾਲੇ ਅਖੰਡ-ਪਾਠ ‘ਤੇ ‘ਵੱਡੇ ਸੰਤਾਂ’ ਦਾ ਪੁੱਜਣਾ ਮੁਸ਼ਕਲ ਹੀ ਨਹੀਂ , ਅਸੰਭਵ ਸੀ ।

ਮਾਘੀਓਂ ਅਗਲੇ ਦਿਨ ਸਵੇਰੇ ਹੀ ‘ਵੱਡੇ ਸੰਤਾਂ’ ਦੀ ਸਟੇਸ਼ਨ ਵੈਗਨ ਫਿਰ ਸ਼ਿਵਚਰਨ ਦੀ ਕੋਠੀ ਆ ਰੁੱਕੀ । ਪਿੱਛੇ ਨੂੰ ਖੁਲ੍ਹਦੇ ਵੱਡੇ ਦਰਵਾਜ਼ੇ ‘ਚੋਂ ਛਾਲ ਮਾਰ ਕੇ ਸੇਵਾਦਾਰ ਨੇ ਉਤਰ ਕੇ ਅਗਲਾ ਦਰਵਾਜ਼ਾ ਖੋਲ੍ਹ ,ਆਸਰਾ ਦੇ ‘ਵੱਡੇ ਸੰਤਾਂ’ ਨੂੰ ਉਤਾਰਿਆ ਹੀ ਸੀ ਕਿ ਮੱਥੇ ਟੇਕਣ ਵਾਲਿਆਂ ਦੀ ਲਾਮਡੋਰੀ ਲੱਗ ਗਈ । ਕਿਸੇ ਤੋਂ ਚਰਨੀਂ ਹੱਥ ਲੁਆ , ਕਿਸੇ ਨੂੰ ਪਰ੍ਹਾਂ ਧੱਕ , ਕਿਸੇ ਨੂੰ ਲੱਤਾਂ ਨਾਲੋਂ ਛੰਡ ,’ਵੱਡੇ ਸੰਤ’ ਵਿਸ਼ਰਾਮ ਕਮਰੇ ਵਿਚ ਜਾ ਬਿਰਾਜੇ ਤਾਂ ਮਾਈਆਂ ਬੀਬੀਆਂ ‘ਧੰਨ ਹੋ………ਧੰਨ ਹੋ…………..’ ਕਰਦੀਆਂ ਠੰਡੇ ਫ਼ਰਸ਼ ‘ਤੇ ਹੀ ਜਾ ਬੈਠੀਆਂ ।

ਦੂਰੋਂ ਨੇੜਿਓਂ ਸੱਦੇ ਰਿਸ਼ਤੇਦਾਰਾਂ ਦੀ ਆਉਂਦਿਆਂ ਦੀ ਚਾਹ ਮਠਿਆਈ ਨਾਲ ਸੇਵਾ ਹੁੰਦੀ ਰਹੀ । ਲਾਊਡ ਸਪੀਕਰ ‘ਤੇ ਨਗਰ ਨਿਵਾਸੀਆਂ ਨੂੰ ਕਾਰਜ ਸੰਤੋਖ ਕੇ ਅਖੰਡ ਪਾਠ ਦੇ ਭੋਗ ਸੁਣਨ ਉਪਰੰਤ ‘ਵੱਡੇ ਸੰਤਾਂ’ ਦੇ ਖੁਲ੍ਹੇ ਦਰਸ਼ਨ ਕਰਨ ਦੀਆਂ ਕਈ ਵਾਰ ਅਪੀਲਾਂ ਕੀਤੀਆਂ ਗਈਆਂ ।

ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣ ਉਪਰੰਤ ‘ਵੱਡੇ ਸੰਤ’ ਗੁਰੂ ਗ੍ਰੁੰਥ ਸਾਹਿਬ ਦੇ ਬਿਲਕੁਲ ਬਰਾਬਰ ਰੇਸ਼ਮੀ ਤਲਾਈ ‘ਤੇ ਵਿਛੀ ਚਿੱਟੀ ਚਾਦਰ ‘ਤੇ ਆ ਪਧਾਰੇ । ਸੰਗਤਾਂ ਗੁਰੂ ਗ੍ਰੰਥ ਸਾਹਿਬ ਵਲ ਪੰਜੀ ਦਸੀ ਉਲਾਰ ਕੇ ਸੁਟਦੀਆਂ , ‘ਵੱਡੇ ਸੰਤਾਂ’ ਦੇ ਚਰਨੀਂ ਪੰਜਾਂ ਦੱਸਾਂ ਦਾ ਨੋਟ ਰੱਖ ,ਮੱਥਾ ਟੇਕ ਕੇ ਕੋਠੀ ਦੇ ਖੁਲ੍ਹੇ ਵਿਹੜੇ ਵਿਚ ਦਰੀਆਂ ‘ਤੇ ਪਸਰੀ ਗੁਲਾਬੀ ਧੁੱਪ ਵਿਚ ਜੁੜਦੀਆਂ ਗਈਆਂ ।

ਭੋਗ ਪਿਆ , ਪ੍ਰੇਮ ਪਟੋਲੇ ਦਾ ਸ਼ਬਦ ਰਾਗੀ ਸਿੰਘ ਨੇ ਮਧੁਰ ਸੁਰ ਵਿਚ ਗਾਇਆ । ਨੋਟਾਂ ਦੀ ਵਰਖਾ ਨਾਲ ਹਰਮੋਨੀਅਮ ਢੱਕਿਆ ਗਿਆ । ਆਰਤੀ ਹੋਈ ।ਤੇਰ੍ਹਾਂ ਦੀਵਿਆਂ ਵਾਲੀ ਗੋਕੇ ਘਿਓ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜੱਗਦੀ, ‘ਵੱਡੇ ਸੰਤਾਂ’ ਦੇ ਸਿਰ ਉਪਰੋਂ ਘੁੰਮਦੀ ਇਕ ਵੱਡੀ ਥਾਲੀ ਨੇ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਖ਼ਸ਼ਾਤ ਤਸਵੀਰ ਪ੍ਰਤੱਖ ਕਰ ਦਿਖਾਈ । ਅਰਦਾਸ ‘ਵੱਡੇ ਸੰਤਾਂ’ ਆਪ ਕੀਤੀ , ਨੇਤਰ ਮੂੰਦ ਕੇ । ਸ਼ਿਵਚਰਨ ਦਾ ਸਾਰਾ ਜੀਵਨ ਫਰੋਲ ਮਾਰਿਆ । ਗੁਰੂ ਦੀ ਹੋਈ ਅਪਾਰ ਕਿਰਪਾ ਦਾ ਇਤਿਹਾਸ ਸੁਣਾ ਘੱਤਿਆ । ਸੁਰਜੀਤ ,ਲੱਕੀ , ਕੋਠੀ , ਚੱਠ , ਕੜਾਹ , ਪ੍ਰਸ਼ਾਦ , ਲੰਗਰ , ਬਸਤਰ , ਮਾਇਆ ਦੇ ਗੱਫੇ , ਕੀ ਕੁਝ ਨਹੀਂ ਗਿਣਿਆਂ , ਅਰਦਾਸ ਵਿਚ । ਬੜ੍ਹਦੀਆਂ ਕਲਾਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਮੰਗ ਕਰ ਕੇ ਸਰਬੱਤ ਦਾ ਭਲਾ ਮੰਗਿਆ ਗਿਆ । ਜੈਕਾਰੇ ਤੇ ਜੈਕਾਰਾ ਗੱਜਿਆ । ‘ਬੋਲੋ…..ਸੋ….ਨਿਹਾਲ,ਸਾ……..ਸਰੀ……ਕਾਲ’ ਨਾਲ ਸਾਰੀ ਫ਼ਿਜ਼ਾ ਗੂੰਜ ਉੱਠੀ ।

ਵਾਕ ਲੈਣ ਬੈਠਣ ਲੱਗੀ ਸੰਗਤ ਵਿਚੋਂ , ਅੱਧੇ ਕੁ ਧੀਰੂ ਨਾਈ ਨੂੰ ਬਾਹਰਲੀ ਫਿਰਨੀ ‘ਤੇ ਬਿਠਾ ਬਣਾਈਆਂ ਦਾੜ੍ਹੀਆਂ ਵਾਲੇ ਤਾਂ ਤੰਬੇ ਸਮੇਤ ‘ਵਾਖਰੂ‘ ਬੋਲ ਕੇ ਬੈਠ ਗਏ ਤੇ ਅੱਧੇ ਕੁ ਮੈਕਸੀਆਂ,ਬੈਲਬਾਟਮਾਂ ਦੇ ਵਲ੍ਹ ਕੱਢਣ ਲਈ ਖੜੋਤੇ ਹੀ ਗੱਲਾਂ ਕਰਦੇ ਰਹੇ ।ਰਾਗੀ ਸਿੰਘਾਂ ਦੇ ਗਾਏ ਇਕ ਹੋਰ ਸ਼ਬਦ ਨੇ ਫਿਰ ਚੁੱਪ ਵਰਤਾਈ ।ਚਿੜੀ ਤੱਕ ਨਾ ਫਰਕੀ । ਪਰ ‘ਵੱਡੇ ਸੰਤਾਂ’ ਦਾ ਵਿਖਿਆਨ ਚਾਲੂ ਹੁੰਦਿਆਂ ਹੀ ਅਸ਼ਾਂਤੀ ਪੱਸਰ ਗਈ , ਉਂਝ ਚੜ੍ਹਾਵੇ ਵਿਚ ਕੋਈ ਕਸਰ ਨਾ ਰਹੀ । ਲੋਕ ਪ੍ਰਲੋਕ ਦੀ ਕਥਾ ਕਰਨ ਦੀ ਲੜੀ, ਮਾਇਆ ਦੇ ਗੱਫਿਆਂ ਦੀਆਂ ਅਰਦਾਸਾਂ ਕਰਨ ਵਿੱਚ ਕਈ ਕਈ ਚਿਰ ਗੁਆਚੀ ਰਹਿੰਦੀ ।

‘ਵੱਡੇ ਸੰਤਾਂ’ ਨੇ ਸਭ ਕੁਝ ਸੰਖੇਪ ਕਰ ਕੇ , ਸ਼ਿਵਚਰਨ ਕੋਲੋਂ ਵਿਦਾ ਹੋਣ ਲਈ ਜਾਂ ਸੁਰਜੀਤ ਤੇ ਲੱਕੀ ਨੂੰ ਬੁਲਾਇਆ ਤਾਂ ਸੇਵਾਦਾਰ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੋਟਾਂ ਤੇ ਬਸਤਰਾਂ ਦੀ ਪੰਡ ਗੱਡੀ ਦੀ ਅਗਲੀ ਸੀਟ ‘ਤੇ ਜਾ ਟਿਕਾਈ । ਅਸ਼ੀਰਵਾਦਾਂ ਤੇ ਨਿੱਕੀਆਂ ਲੈਚੀਆਂ ਦਾ ਪ੍ਰਸ਼ਾਦ ਵੰਡ , ਚੱਠ ਦਾ ਕੰਮ ਮੁਕਾ , ‘ਵੱਡੇ ਸੰਤਾਂ’ ਦੇ ਸਟੇਸ਼ਨ ਵੈਗਨ ਵਿਚ ਬੈਠਦਿਆਂ ਬੈਠਦਿਆਂ ਦੇ ਵੀ ਸੈਂਕੜੇ ਸੇਵਕਾਂ ਨੇ ਇਕ ਇਕ ਵਾਰ ਫਿਰ ਚਰਨੀਂ ਹੱਥ ਲਾ ‘ਜਨਮ ਸਫਲਾ’ ਕਰ ਹੀ ਲਿਆ ।

ਇੱਕ ਰਾਵਣ ਦਾ ਅੰਤ..!

$
0
0

ਕੁਲਦੀਪ ਤੇ ਜਗਦੀਪ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ ਜ਼ਿਆਦਾ ਨਾ ਪੜ੍ਹ ਸਕਿਆ ਤੇ ਪਿਤਾ ਪੁਰਖੇ ਖੇਤੀ ਬਾੜੀ ਦੇ ਕੰਮ ਵਿੱਚ ਜੁੱਟ ਪਿਆ। ਜਦ ਕਿ ਉਸ ਦਾ ਦੋਸਤ ਜਗਦੀਪ ਪੜ੍ਹ ਲਿਖ ਕੇ ਵਕੀਲ ਬਣ ਗਿਆ ਤੇ ਚੰਗੀ ਕਮਾਈ ਕਰਨ ਲੱਗਾ। ਵਕਾਲਤ ਕਰਨ ਲਈ, ਉਹ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ। ਹੁਣ ਕਿੰਨਾ ਕਿੰਨਾ ਸਮਾਂ ਦੋਹਾਂ ਦਾ ਮੇਲ ਮਿਲਾਪ ਨਾ ਹੁੰਦਾ। ਸਮਾਂ ਪਾ ਕੇ ਦੋਹਾਂ ਦੋਸਤਾਂ ਦੀ ਸ਼ਾਦੀ ਹੋ ਗਈ। ਜਗਦੀਪ ਤਾਂ ਹੁਣ ਸ਼ਹਿਰ ਦਾ ਹੀ ਪੱਕਾ ਬਸ਼ਿੰਦਾ ਬਣ ਗਿਆ। ਕੁਲਦੀਪ ਜਦ ਕਦੇ ਸ਼ਹਿਰ ਜਾਂਦਾ ਤਾਂ ਦੋਸਤ ਨੂੰ ਮਿਲਣ ਦੀ ਤਾਂਘ ਜਾਗਦੀ, ਪਰ ਵਕੀਲ ਦੋਸਤ ਕੋਲ ਹੁਣ ਮਿਲਣ ਦਾ ਵਿਹਲ ਕਿੱਥੇ? ਉਹ ਹੁਣ ਆਪਣੇ ਗਾਹਕਾਂ ਤੋਂ ਬਿਨਾ, ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਿਲ ਕੇ ਆਪਣਾ ਵਕਤ ਜ਼ਾਇਆ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦਾ।

ਹੁਣ ਕੁਲਦੀਪ ਵੀ ਕਬੀਲਦਾਰ ਹੋ ਗਿਆ ਸੀ। ਉਹ ਦੋ ਸੁੰਦਰ ਸੁਸ਼ੀਲ ਬੇਟੀਆਂ ਦਾ ਬਾਪ ਸੀ। ਵੱਡੀ ਰੋਜ਼ੀ ਹੁਣ ਵੀਹ ਸਾਲ ਦੀ ਹੋ ਗਈ ਸੀ ਜੋ ਗਰੈਜੂਏਟ ਕਰਕੇ ਮਾਸਟਰ ਦੀ ਤਿਆਰੀ ਕਰ ਰਹੀ ਸੀ। ਛੋਟੀ ਪਿੰਕੀ ਅਜੇ ਸਕੂਲ ਵਿੱਚ ਪੜ੍ਹਦੀ ਸੀ। ਭਾਵੇਂ ਉਸ ਦਾ ਖੇਤੀ ਵਿਚੋਂ ਮਸੀਂ ਗੁਜ਼ਾਰਾ ਹੁੰਦਾ ਸੀ, ਪਰ ਉਸ ਦੀ ਜੀਵਨ ਸਾਥਣ ਬਹੁਤ ਸਬਰ ਸ਼ੁਕਰ ਵਾਲੀ ਸੀ। ਦੋਵੇਂ ਜੀਅ ਹਰ ਹਾਲ ਆਪਣੀਆਂ ਧੀਆਂ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਸੀ। ਉੱਧਰ ਜਗਦੀਪ ਦੇ ਘਰ ਭਾਵੇਂ ਅੰਨ੍ਹਾਂ ਪੈਸਾ ਸੀ, ਪਰ ਉਸ ਦੀ ਬੀਵੀ ਹਮੇਸ਼ਾ ਕੋਈ ਨਾ ਕੋਈ ਸ਼ਿਕਾਇਤ ਕਰਦੀ ਹੀ ਰਹਿੰਦੀ। ਲੜਾਈ ਝਗੜੇ ਵਾਲੇ ਘਰੇਲੂ ਮਹੌਲ ਵਿੱਚ ਹੀ ਉਸ ਦੇ ਲੜਕਾ ਲੜਕੀ ਵੀ ਜਵਾਨ ਹੋ ਗਏ ਸਨ। ਲੜਕੇ ਨੇ ਤਾਂ ਆਪਣੀ ਮਰਜ਼ੀ ਨਾਲ ਲਵ- ਮੈਰਿਜ ਵੀ ਕਰਵਾ ਲਈ। ਲੜਕੀ ਅਜੇ ਕਾਲਜ ਪੜ੍ਹਦੀ ਸੀ।

ਕਹਿੰਦੇ ਹਨ ਕਿ- ਜ਼ਿੰਦਗੀ ਕਈ ਬਾਰ ਚੰਗੇ ਬੰਦਿਆਂ ਦੇ ਵੀ ਇਮਤਿਹਾਨ ਲੈਂਦੀ ਹੈ। ਇੱਕ ਦਿਨ ਕੁਲਦੀਪ ਸਿੰਘ ਦਾ, ਆਪਣੇ ਗੁਆਂਢੀ ਜ਼ਿਮੀਦਾਰ ਨਾਲ, ਪਾਣੀ ਦੀ ਵਾਰੀ ਤੋਂ ਝਗੜਾ ਹੋ  ਗਿਆ। ਗੁੱਸੇ ਵਿੱਚ ਆ ਕੇ ਇਸ ਤੋਂ ਕਹੀ ਉਸ ਦੇ ਨੌਕਰ ਦੇ ਮਾਰੀ ਗਈ। ਭਾਵੇਂ ਕੋਈ ਖਾਸ ਫੱਟ ਨਹੀਂ ਸੀ ਲੱਗਾ- ਪਰ ਅਗਲਿਆਂ ਨੇ ਕੇਸ ਕਰ ਦਿੱਤਾ। ਪੁਲਿਸ ਕੁਲਦੀਪ ਨੂੰ ਫੜ ਕੇ ਲੈ ਗਈ। ਮਸਾਂ ਜਮਾਨਤ ਹੋਈ ਪਰ ਕੇਸ ਚੱਲ ਪਿਆ। ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ। ਰੋਜ਼ੀ ਹੋਰ ਪੜ੍ਹਨ ਦਾ ਖਿਆਲ ਛੱਡ, ਨੌਕਰੀ ਲੱਭਣ ਲੱਗੀ। ਪਰ ਨੌਕਰੀ ਕਿਹੜਾ ਧਰੀ ਪਈ ਸੀ। ਬੇਵਸ ਹੋਏ ਕੁਲਦੀਪ ਸਿੰਘ ਨੂੰ ਆਪਣੇ ਵਕੀਲ ਦੋਸਤ ਦਾ ਖਿਆਲ ਆਇਆ। ਉਹ ਦੋਵੇਂ ਪਿਓ ਧੀ, ਸ਼ਹਿਰ ਉਸ ਕੋਲ ਮਦਦ ਲਈ ਗਏ। ਆਪਣੀ ਸਮੱਸਿਆ ਦੱਸੀ। ਰੋਜ਼ੀ ਦਾ ਗੋਰਾ ਨਿਸ਼ੋਹ ਰੰਗ, ਭਰਵਾਂ ਸਰੀਰ, ਸਰੂ ਵਰਗਾ ਕੱਦ, ਚਿਹਰੇ ਤੇ ਮਾਸੂਮੀਅਤ ਦੇਖ, ਵਕੀਲ ਸਾਹਿਬ ਦਾ ਦਿਲ ਬੇਈਮਾਨ ਹੋ ਗਿਆ। ਜਦ ਰੋਜ਼ੀ ਨੇ ਆਪਣੇ ਪਿਤਾ ਸਮਾਨ ਅੰਕਲ ਨੂੰ, ਆਪਣੇ ਪਿਤਾ ਦੇ ਕੇਸ ਦੀ ਪੈਰਵੀ ਕਰਨ ਲਈ ਵਾਸਤਾ ਪਾਇਆ ਤਾਂ ਉਸ ਨੇ ਰੋਜ਼ੀ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਕਿਹਾ-

‘ਕੋਈ ਫਿਕਰ ਨਾ ਕਰ, ਮੈਂ ਤੇਰੇ ਬਾਪ ਨੂੰ ਬਰੀ ਕਰਾਉਣ ਲਈ ਆਪਣਾ ਸਾਰਾ ਜ਼ੋਰ ਲਾ ਦਿਆਂਗਾ’।

‘ਜੇ ਕਿਤੇ ਇਸ ਨੂੰ ਛੋਟੀ ਮੋਟੀ ਨੌਕਰੀ ਮਿਲ ਜਾਵੇ ਤਾਂ..! ਪਰ ਜਵਾਨ ਬੇਟੀ ਨੂੰ ਸ਼ਹਿਰ ਭੇਜਣ ਤੋਂ ਵੀ ਡਰ ਲਗਦਾ..!’ ਗੱਲ ਅਜੇ ਕੁਲਦੀਪ ਦੇ ਮੂੰਹ ਵਿੱਚ ਹੀ ਸੀ ਕਿ ਵਕੀਲ ਸਾਹਿਬ ਬੋਲ ਪਏ-

‘ਓ ਯਾਰ ..ਇਹ ਤੇਰੀ ਧੀ ਮੇਰੀ ਵੀ ਕੁੱਝ ਲਗਦੀ ਆ..ਤੂੰ ਇਹ ਫਿਕਰ ਮੇਰੇ ਤੇ ਛੱਡ ਦੇਹ..ਇਹ ਹੁਣ ਮੇਰੇ ਕੋਲ ਕੰਮ ਕਰੇਗੀ..!’

ਕੁਲਦੀਪ ਆਪਣੇ ਇਸ ਰੱਬ ਬਣ ਕੇ ਬਹੁੜੇ ਦੋਸਤ ਦੇ ਅਹਿਸਾਨਾਂ ਥੱਲੇ ਦਬਦਾ ਜਾ ਰਿਹਾ ਸੀ। ਉਹ ਭੋਲਾ ਭਾਲਾ ਇਨਸਾਨ ਵਕੀਲ ਸਾਹਿਬ ਦੇ ਅੰਦਰੋਂ ਬੋਲ ਰਹੇ ਸ਼ੈਤਾਨ ਨੂੰ ਨਾ ਸਮਝ ਸਕਿਆ। ਉਸ ਨੂੰ ਲੱਗਾ ਕਿ ਇਹ ਮੇਰੀ ਧੀ ਨੂੰ, ਆਪਣੀ ਧੀ ਸਮਝ ਕੇ ਪਿਆਰ ਜਤਾ ਰਿਹਾ ਹੈ।

ਰੋਜ਼ੀ ਨੇ ਮਿਹਨਤ ਤੇ ਲਿਆਕਤ ਸਦਕਾ, ਛੇਤੀ ਹੀ ਵਕੀਲ ਸਾਹਿਬ ਦੇ ਕੈਬਿਨ ਦਾ ਸਾਰਾ ਕੰਮ ਸੰਭਾਲ ਲਿਆ। ਉਹ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਵਿੱਚ ਵਿਅਸਤ ਰਹਿੰਦੀ। ਹਰੇਕ ਕੇਸ ਦੀ ਫਾਈਲ ਤਿਆਰ ਕਰਨਾ, ਪਬਲਿਕ ਨੂੰ ਵੀ ਡੀਲ ਕਰਨਾ ਤੇ ਕਈ ਵਾਰੀ ਵਕੀਲ ਸਾਹਿਬ ਦੇ ਨਾਲ ਫਾਈਲਾਂ ਲੈ ਕੇ ਕੋਰਟ ਵੀ ਜਾਣਾ। ਉਸ ਦੇ ਮਿੱਠ-ਬੋਲੜੇ ਸੁਭਾਉ ਕਾਰਨ ਹੁਣ ਵਕੀਲ ਸਾਹਿਬ ਦੀ ਪ੍ਰੈਕਟਿਸ ਖੂਬ ਚਮਕ ਪਈ ਸੀ। ਉਸ ਦੇ ਨਾਲ ਕੰਮ ਕਰਦਾ ਇੱਕ ਹੋਰ ਨੌਜਵਾਨ ਲੜਕਾ, ਉਸ ਦੇ ਮਿਹਨਤੀ ਸੁਭਾਅ ਕਾਰਨ, ਉਸ ਦੀ ਬਹੁਤ ਇੱਜ਼ਤ ਕਰਦਾ। ਰੋਜ਼ੀ ਕੰਮ ਨੂੰ ਤਾਂ ਪੂਜਾ ਸਮਝ ਕੇ ਕਰਦੀ- ਪਰ ਉਸ ਨੂੰ ਵਕੀਲ ਸਾਹਿਬ ਦੀ ਸ਼ਰਾਰਤ ਭਰੀ ਤੱਕਣੀ ਅਤੇ ਬਾਰ ਬਾਰ ਜੱਫੀਆਂ ਪਾਉਣਾ.. ਹੱਥ ਫੜ ਲੈਣਾ..ਉੱਕਾ ਹੀ ਪਸੰਦ ਨਹੀਂ ਸੀ। ਪਰ ਉਹ ਆਪਣੇ ਪਿਤਾ ਜੀ ਦੇ ਬਰੀ ਹੋਣ ਤੱਕ ਸਭ ਕੁੱਝ ਬਰਦਾਸ਼ਤ ਕਰੀ ਗਈ।

ਅੱਜ ਉਸ ਦੇ ਪਿਤਾ ਜੀ ਬਰੀ ਹੋ ਗਏ ਸਨ। ਘਰ ਦਾ ਮਹੌਲ ਖੁਸ਼ਗਵਾਰ ਸੀ। ਪਿਤਾ ਨੇ  ਰੋਜ਼ੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ, ਰੱਬ ਦੇ ਨਾਲ ਹੀ, ਆਪਣੇ ਦੋਸਤ ਦਾ ਵੀ ਸ਼ੁਕਰਾਨਾ ਕੀਤਾ। ਉਸ ਦਾ ਦਿਲ ਕੀਤਾ ਕਿ ਪਿਤਾ ਨੂੰ ਸਾਫ ਸਾਫ ਉਸ ਦੀਆਂ ਕਰਤੂਤਾਂ ਦੱਸ ਦੇਵੇ, ਪਰ ਪਿਤਾ ਜੀ ਦੇ ਚਿਹਰੇ ਦੀ ਰੌਣਕ ਅੱਜ ਬੜੇ ਚਿਰਾਂ ਬਾਅਦ ਪਰਤੀ ਸੀ- ਜਿਸ ਨੂੰ ਉਹ ਇੰਨੀ ਛੇਤੀ ਗੁਆਉਣਾ ਨਹੀਂ ਸੀ ਚਾਹੁੰਦੀ। ਤਾਂ ਵੀ ਉਸ ਦੇ ਮੂੰਹੋਂ ਇੰਨਾ ਤਾਂ ਨਿਕਲ ਹੀ ਗਿਆ-

‘ਪਿਤਾ ਜੀ ਕਿਸੇ ਬੰਦੇ ਦੀ ਰੱਬ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ..ਬੰਦਿਆਂ ਵਿੱਚ ਸੌ ਔਗੁਣ ਹੁੰਦੇ ਨੇ.. ਪਰ ਰੱਬ ਤਾਂ ਇਸ ਸਭ ਕਾਸੇ ਤੋਂ ਨਿਰਲੇਪ ਹੈ’।

‘ਪੁੱਤਰ ਇਹਨਾਂ ਬੰਦਿਆਂ ਨੂੰ ਵੀ ਰੱਬ ਹੀ ਭੇਜਦਾ..ਸਾਡੇ ਵਰਗਿਆਂ ਦੀ ਮਦਦ ਲਈ..!’ ਸੁਣ ਉਹ ਚੁੱਪ ਹੋ ਗਈ।
ਭਾਵੇਂ ਰੋਜ਼ੀ ਨੂੰ ਆਪਣੇ ਕੰਮ ਦੀ ਵਧੀਆ ਤਨਖਾਹ ਮਿਲ ਜਾਂਦੀ ਸੀ, ਜਿਸ ਕਾਰਨ ਘਰ ਦੀ ਆਰਥਿਕ ਹਾਲਤ ਕੁੱਝ ਸੁਧਰ ਗਈ ਸੀ- ਪਰ ਉਹ ਕਿਸੇ ਤਰ੍ਹਾਂ ਹੁਣ ਉਸ ਦੇ ਚੁੰਗਲ ‘ਚੋਂ ਬਾਹਰ ਨਿਕਲਣ ਦੀ ਸੋਚ ਰਹੀ ਸੀ। ਇਸ ਲਈ ਪਹਿਲਾਂ ਮਾਪਿਆਂ ਨੂੰ ਰਾਜ਼ੀ ਕਰਨਾ ਜਰੂਰੀ ਸੀ। ਪਰ ਜਿਉਂ ਹੀ ਉਹ ਕਦੇ ਇਸ ਸਬੰਧ ਵਿੱਚ ਕੁੱਝ ਕਹਿਣ ਲਗਦੀ- ਮਾਪੇ ਝਿੜਕ ਕੇ ਚੁੱਪ ਕਰਾ ਦਿੰਦੇ ਕਿ- ‘ਤੈਂਨੂੰ ਗਲਤ ਫਹਿਮੀ ਹੋਈ ਹੈ..ਉਹ ਤੇਰੇ ਬਾਪ ਸਮਾਨ ਹੈ’।

‘ਇੱਕ ਲੜਕੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ-ਬਾਪ ਨਾਲ ਹੁੰਦਾ ਹੈ.. ਪਰ ਜੇ ਮੇਰੇ ਮਾਂ ਬਾਪ ਹੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਹੋਰ ਕਿਸੇ ਤੋਂ ਮੈਂ ਕੀ ਆਸ ਰੱਖਾਂ? ਜੇ ਕੱਲ੍ਹ ਨੂੰ ਕੋਈ ਮੰਦਭਾਗੀ ਘਟਨਾ ਮੇਰੇ ਨਾਲ ਵਾਪਰ ਗਈ.. ਤਾਂ ਕੀ ਇਹ ਸਮਾਜ ਮੇਰਾ ਸਾਥ ਦੇਵੇਗਾ..? ਕਦੇ ਨਹੀਂ..! ਇਸ ਨੇ ਤਾਂ ਹਮੇਸ਼ਾ ਔਰਤ ਨੂੰ ਹੀ ਬਦਨਾਮ ਕੀਤਾ ਹੈ..!’ ਉਹ ਮਨ ਹੀ ਮਨ ਉਬਲਦੀ ਰਹੀ।

ਉਸ ਦਾ ਦਿੱਲ ਕੀਤਾ ਕਿ- ਕਿਸੇ ਦੇ ਮੋਢੇ ਸਿਰ ਧਰ, ਦਿੱਲ ਹੌਲਾ ਕਰੇ..ਪਰ ਕਿਸ ਦੇ?..ਭੈਣ ਵੀ ਛੋਟੀ ਸੀ..ਵੈਸੇ ਉਹ ਉਸ ਨੂੰ ਕੁੱਝ ਦੱਸ ਕੇ ਡਿਸਟਰਬ ਵੀ ਨਹੀਂ ਸੀ ਕਰਨਾ ਚਾਹੁੰਦੀ, ਮਤੇ ਉਸ ਦੀ ਪੜ੍ਹਾਈ ਤੇ ਅਸਰ ਪਵੇ। ਕਿਸੇ ਸਹੇਲੀ ਨਾਲ ਗੱਲ ਕਰਕੇ, ਉਹ ਬਦਨਾਮ ਹੋਣਾ ਨਹੀਂ ਸੀ ਚਾਹੁੰਦੀ। ਆਖਿਰ ਉਹ ਕਰੇ ਤਾਂ ਕੀ ਕਰੇ..? ਇਸੇ ਕਸ਼ਮਕਸ਼ ਵਿੱਚ ਉਹ ਦਿਨ ਕਟੀ ਕਰ ਰਹੀ ਸੀ।

‘ਕੋਈ ਹੋਰ ਜੌਬ ਹੱਥ ‘ਚ ਕਰਕੇ, ਇਸ ਕਮੀਨੇ ਨੂੰ ਅਸਤੀਫਾ ਦੇ ਦਿਆਂਗੀ’ ਇਹ ਸੋਚ ਉਸ ਇੱਕ ਦੋ ਜੌਬ ਲਈ ਅਪਲਾਈ ਕਰ ਦਿੱਤਾ।

‘ਉਹ ਲਗਦੀ ਵਾਹ ਉਸ ਨੂੰ ਇਕੱਲਿਆਂ ਕਦੇ ਨਹੀਂ ਮਿਲੇਗੀ..’ ਉਸ ਆਪਣੇ ਮਨ ਨਾਲ  ਫੈਸਲਾ ਕੀਤਾ।

ਇੱਧਰ ਵਕੀਲ ਹੁਣ ਕੋਈ ਬਹਾਨਾ ਭਾਲਦਾ ਸੀ..ਉਸ ਨੂੰ ਇਕੱਲੇ ਮਿਲਣ ਦਾ। ਇੱਕ ਦਿਨ ਉਹ ਧੋਖੇ ਨਾਲ ਕੋਰਟ ਕੇਸ ਲਿਜਾਣ ਦੇ ਬਹਾਨੇ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ ਤੇ ਉਸ ਦਾ ਹੱਥ ਫੜ ਕੇ ਕਹਿਣ ਲੱਗਾ-

‘ਅੱਜ ਏਥੇ ਰੁਕਣਾ ਪਏਗਾ..ਕੱਲ ਕੇਸ ਦੀ ਸੁਣਵਾਈ ਹੈ!’ ਰੋਜ਼ੀ ਨੂੰ ਦਾਲ ਵਿੱਚ ਕੁੱਝ ਕਾਲਾ ਲੱਗਾ। ਉਹ ਥੱਕੀ ਹੋਣ ਦਾ ਬਹਾਨਾ ਕਰਕੇ, ਹੋਟਲ ਦੇ ਆਪਣੇ ਕਮਰੇ ਵਿੱਚ ਚਲੀ ਗਈ।

‘ਮੇਰਾ ਕਮਰਾ ਇਹ ਨਾਲ ਦਾ ਹੀ ਹੈ.. ਕਿਸੇ ਤਰ੍ਹਾਂ ਦੀ ਲੋੜ ਹੋਈ ਤਾਂ ਦੱਸ ਦੇਵੀਂ..ਝਿਜਕਣ ਦੀ ਲੋੜ ਨਹੀਂ..ਮੈਂ ਤੇਰਾ ਆਪਣਾ ਹਾਂ..’ ਉਹ ਬੋਲੀ ਜਾ ਰਿਹਾ ਸੀ- ਪਰ ਰੋਜ਼ੀ ਸਭ ਅਣਸੁਣਿਆਂ ਕਰ ਰਹੀ ਸੀ।

‘ਮੇਰਾ ਸਿਰ ਫਟ ਰਿਹਾ ਹੈ, ਕਿਰਪਾ ਕਰਕੇ ਮੈਂਨੂੰ ਸੌਂ ਜਾਣ ਦਿਓ ਸਰ..’ ਕਹਿ ਉਹ ਪਰਸ ਵਿਚੋਂ ਸਿਰ ਦਰਦ ਦੀ ਗੋਲੀ ਲੱਭਣ ਲੱਗੀ। ਉਸ ਦੀਆਂ ਹਰਕਤਾਂ ਦੇਖ, ਹੁਣ ਉਸ ਨੂੰ ਅੰਕਲ ਕਹਿਣ ਨੂੰ ਵੀ, ਉਸ ਦਾ ਜੀਅ ਨਹੀਂ ਸੀ ਕਰਦਾ। ਉਸ ਦੀ ਪਿੱਠ ਮੋੜਨ ਦੀ ਦੇਰ ਸੀ, ਕਿ ਵਕੀਲ ਸਾਹਿਬ ਨੇ ਪਾਣੀ ਵਿੱਚ ਕੁੱਝ ਮਿਲਾ ਦਿੱਤਾ। ਰੋਜ਼ੀ ਨੇ ਬੇ-ਧਿਆਨੇ ਵਿੱਚ ਹੀ ਗੋਲੀ ਖਾ ਲਈ ਤੇ ਕੁੰਡੀ ਬੰਦ ਕਰਨ ਲੱਗੀ। ਵਕੀਲ ਦੇ ਅੰਦਰ ਬੈਠੇ ਹੈਵਾਨ ਨੇ ਕਮਰੇ ਦੀ ਚਾਬੀ ਪਹਿਲਾਂ ਹੀ ਚੁੱਕ ਲਈ ਸੀ।

ਛੇਤੀ ਹੀ ਰੋਜ਼ੀ ਨੂੰ ਬੇਹੋਸ਼ੀ ਵਾਲੀ ਨੀਂਦ ਆ ਗਈ। ਉਸ ਤੋਂ ਬਾਅਦ ਉਸ ਨਾਲ ਕੀ ਹੋਇਆ- ਉਸ ਨੂੰ ਕੁੱਝ ਪਤਾ ਨਹੀਂ। ਸਵੇਰੇ ਜਦ ਉਹ ਹੋਸ਼ ਵਿੱਚ ਆਈ ਤਾਂ ਆਪਣਾ ਹੁਲੀਆ ਦੇਖ, ਉਹ ਘਬਰਾ ਗਈ। ਜਿਸ ਦਾ ਡਰ ਸੀ ਉਸ ਨੂੰ, ਉਹੀ ਭਾਣਾ ਵਾਪਰ ਗਿਆ ਸੀ ਉਸ ਨਾਲ!

‘ਕਿਹੜਾ ਮੂੰਹ ਲੈ ਕੇ ਘਰ ਜਾਵਾਂ..?’ ਉਹ ਧੁਰ ਅੰਦਰ ਤੱਕ ਕੰਬ ਗਈ।

‘ਕਮੀਨੇ ਤੈਨੂੰ ਵੀ ਹਿਸਾਬ ਭੁਗਤਣਾ ਪਏਗਾ..’ ਦੂਜੇ ਹੀ ਪਲ, ਬਦਲੇ ਦੀ ਭਾਵਨਾ ਨਾਲ ਉਸ ਦਾ ਅੰਦਰ ਉਬਾਲੇ ਖਾਣ ਲੱਗਾ।

“ਕਿਸੇ ਕੋਲ ਗੱਲ ਨਾ ਕਰੀਂ..ਮੇਰੇ ਤੇ ਤਾਂ ਕਿਸੇ ਨੇ ਸ਼ੱਕ ਨਹੀਂ ਕਰਨਾ..ਤੇਰੀ ਬਦਨਾਮੀ ਹੋਏਗੀ..” ਉਹ ਕੋਲ ਖੜਾ ਖਚਰੀ ਹਾਸੀ ਹੱਸ ਰਿਹਾ ਸੀ।

ਉਹ ਕੁੱਝ ਨਾ ਬੋਲੀ। ਬਾਥ ਰੂਮ ਗਈ..ਆਪਣੇ ਆਪ ਨੂੰ ਸੰਭਾਲਿਆ..ਪਰਸ ਵਿਚੋਂ ਫੇਰ ਗੋਲੀ ਲੱਭਣ ਦੀ ਕੋਸ਼ਿਸ਼ ਕਰਦੀ ਨੂੰ, ਰਸਤੇ ਵਿੱਚ ਸੇਬ ਕੱਟਣ ਲਈ ਰੱਖਿਆ ਚਾਕੂ ਹੱਥ ਲੱਗ ਗਿਆ।

‘ਸਿਰ ਦਰਦ ਦੀ ਦਵਾਈ ਲਿਆ ਦਿਆਂ..?’ ਕਹਿੰਦਿਆਂ ਹੋਇਆਂ ਜਿਉਂ ਹੀ ਉਹ ਨੇੜੇ ਹੋਇਆ.. ਤਾਂ ਉਸ ਫੁਰਤੀ ਨਾਲ ਚਾਕੂ ਉਸ ਦੀਆਂ ਰਗਾਂ ਤੇ ਇੰਨੀ ਜ਼ੋਰ ਦੀ ਫੇਰਿਆ ਕਿ ਉਹ ਉਥੇ ਹੀ ਢੇਰੀ ਹੋ ਗਿਆ।

ਹੋਟਲ ਵਿੱਚ ਰੌਲ਼ਾ ਪੈ ਗਿਆ..ਵਕੀਲ ਜਗਦੀਪ ਸਿੰਘ ਦਾ ਕਤਲ ਹੋ ਗਿਆ..ਪੁਲਿਸ ਆਈ.. ਰੋਜ਼ੀ ਨੇ ਗੁਨਾਹ ਕਬੂਲ ਕਰ ਲਿਆ। ਉਸ ਨੂੰ ਸਜ਼ਾ ਦਾ ਕੋਈ ਡਰ ਨਹੀਂ ਸੀ..ਸਗੋਂ ਉਸ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਸੀ ਤੇ ਉਸ ਦੇ ਮਨ ਨੂੰ ਤਸੱਲੀ ਸੀ ਕਿ- ਉਸ ਨੇ ਇੱਕ ਰਾਵਣ ਦਾ ਅੰਤ ਕੀਤਾ ਹੈ।

ਦੁਸਹਿਰੇ ਤੋਂ ਅਗਲੇ ਦਿਨ ਰੋਜ਼ੀ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਸ ਦੇ ਪਿਤਾ ਨੂੰ ਪਛਤਾਵਾ ਸੀ ਕਿ- ਉਸ ਨੇ ਧੀ ਦੀ ਗੱਲ ਅਣਸੁਣੀ ਕਿਊਂ ਕਰ ਛੱਡੀ? ਪਰ ਹੁਣ ਕੀ ਹੋ ਸਕਦਾ ਸੀ? ਉਸ ਨੇ ਧੀ ਨੂੰ ਬਰੀ ਕਰਾਉਣ ਲਈ ਪੂਰੀ ਵਾਹ ਲਾਈ। ਪਰ ਰੋਜ਼ੀ ਨੇ ਆਪਣੇ  ਬਿਆਨ ਵਿੱਚ ਕਿਹਾ-

“ਕਾਗਜ਼ਾਂ ਦੇ ਰਾਵਣ ਨੂੰ ਫੂਕਣ ਵਾਲਿਓ..ਮੈਂਨੂੰ ਪਤਾ ਸੀ ਕਿ ਇਸ ਰਾਵਣ ਨੂੰ ਕੋਈ ਸਜ਼ਾ ਨਹੀਂ ਹੋਣੀ..ਕਿਊਕਿ ਇਹ ਰਾਵਣ ਇੱਕ ਛਾਤਰ ਦਿਮਾਗ ਵਕੀਲ ਸੀ..ਸਿਆਸੀ ਬੰਦਿਆਂ ਤੱਕ ਇਸ ਦੀ ਪਹੁੰਚ ਸੀ..ਜੇ ਇਹ ਜਿਉਂਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੀਆਂ ਸੀਤਾ ਸਵਿੱਤਰੀਆਂ ਦੇ ਸਤ ਭੰਗ ਕਰਦਾ..ਇਹ ਦਸ ਸਿਰਾਂ ਵਾਲੇ ਰਾਵਣ ਤੋਂ ਵੀ ਵੱਧ ਖਤਰਨਾਕ ਸੀ..ਇਸੇ ਲਈ ਮੈਂ ਇਸ ਦਾ ਅੰਤ ਕੀਤਾ ਹੈ..ਹੁਣ ਤੁਸੀਂ ਮੈਂਨੂੰ ਇਸ ਗੁਨਾਹ ਬਦਲੇ ਜੋ ਵੀ ਸਜ਼ਾ ਦਿਓ..ਮੈਂ ਭੁਗਤਣ ਲਈ ਤਿਆਰ ਹਾਂ..”
ਉਸ ਦੇ ਪਿੰਡ ਦੇ ਲੋਕ ਮੂੰਹ ਵਿੱਚ ਉਂਗਲਾਂ ਪਾਈ, ਇੱਕ ਲੜਕੀ ਦੇ ਹੌਸਲੇ ਦੀ ਦਾਦ ਦੇ ਰਹੇ ਸਨ।

ਖਾਲਸੇ ਨੂੰ ਭੁਲਦੀ ਨਹੀਂ ਖੂਬਸੂਰਤ ਲੜਕੀ

$
0
0

ਪੰਜਾਬ ਸਰਕਾਰ ਦੇ ਹੁਕਮਾਂ ਨਾਲ,ਨਾ ਚਾਹੁੰਦੇ ਹੋਏ 56 ਸਾਲਾ ਪਰਮਵੀਰ ਸਿੰਘ ਖਾਲਸਾ ਵੀ.ਵੀ. ਗਿਰੀ ਲੇਬਰ ਇੰਸਟੀਚੂਟ ਨੋਇਡਾ ਪਹੁੰਚ ਗਿਆ। ਪਹਿਲਾਂ ਉਹ ਸਿੱਧਾ ਹੋਸਟਲ ਵਿੱਚ ਗਿਆ। ਹੋਸਟਲ ਪਹੁੰਚ ਕੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਕਿੳੁਕਿ ਉਸ ਦਾ ਕਮਰਾ ਸਾਫ-ਸੁਥਰਾ ਸੀ। ਉਹ ਏ.ਸੀ ਤੇ ਟੀ.ਵੀ. ਨਾਲ ਸਿੰਗਾਰਿਆ ਹੋਇਆ ਸੀ। ਸੋਨੇ ਉਤੇ ਸੁਹਾਗਾ ਇਹ, ਕਮਰੇ ਇਕੱਲੇ ਲਈ ਸੀ। ਉਸ ਨੇ ਕਮਰੇ ਵਿੱਚ ਅਪਣਾ ਸਮਾਨ ਟਿਕਾਇਆ। ਫਿਰ ਉਹ ਅਪਣੇ ਦੋਸਤ ਗੁਪਤਾ ਜੀ ਨਾਲ ਸੰਸਥਾ ਵੱਲ ਚਲਿਆ ਗਿਆ। ਉਹ ਟਰੇਨਿੰਗ ਵਾਲੇ ਕਮਰੇ ਵਿੱਚ ਗਏ ਤਾਂ ਥੋੜੀ ਦੇਰ ਬਾਅਦ ਦੁਪਹਿਰ ਦੇ ਖਾਣੇ ਦੀ ਛੁੱਟੀ ਹੋ ਗਈ। ਕਮਰੇ ਤੋਂ ਬਾਹਰ ਨਿਕਲਦਿਆਂ ਇਕ ਖੁਬਸੂਰਤ ਮੁਟਿਆਰ ਕੁੜੀ ਮਿਲੀ। ਜਿਸ ਨੇ ਮੁਸਕਰਉਂਦਿਆ ਸਿਰ ਹਿਲਾਕੇ ਗੁਡ ਆਫਟਰਨੂਨ ਕਿਹਾ। ਇਹ ਸਭਿਆਚਰਕ ਮਿਲਣੀ ਦਾ ਸਲੀਕਾ ਸੀ।

ਬਾਅਦ ਦੁਪਹਿਰ ਸਿਖਲਾਈ ਦਾ ਸੈਸ਼ਨ ਫਿਰ ਸ਼ੁਰੂ ਹੋਇਆ। ਸ਼ਾਮ ਦੇ ਵਿਸ਼ਾ ਮਾਹਿਰ ਨੇ ਜਾਣ-ਪਛਾਣ ਸ਼ੁਰੂ ਕੀਤੀ। ਤਾਂ ਅਪਣੀ ਵਾਰੀ ਉਤੇ 28 ਕੁ ਸਾਲ ਦੀ ਖੂਬਸੂਰਤ ਕੁੜੀ ਬੋਲੀ ਮੈਂ ਯੂਥੂੰਗਲੋ ਇਯੂੰਗ, ਜਿਲਾ ਰੋਜਗਾਰ ਅਫਸਰ, ਨਾਗਾਲੈਂਡ। ਖਾਲਸਾ ਜੀ ਇਹ ਅਣਜਾਣਾ ਜਿਹਾ ਨਾਮ ਯਾਦ ਨਾ ਰੱਖ ਸਕਿਆ। ਇਸ ਮਗਰੋਂ ਕੰਟੀਨ ਜਾਂ ਸੰਸਥਾ ਵਿੱਚ ਜਦੋਂ ਵੀ ਪਰਮਵੀਰ ਸਿੰਘ ਖਾਲਸਾ ਤੇ ਉਹ ਕੁੜੀ ਮਿਲਦੇ ਤਾਂ ਗੁਡ ਮੋਰਨਿੰਗ/ਈਵਨਿੰਗ ਆਖਦੇ। ਕਦੇ ਉਹ ਪਹਿਲ ਕਰ ਜਾਂਦੀ ਕਦੇ ਖਾਲਸਾ ਜੀ ਪਹਿਲ ਕਰ ਜਾਂਦੇ। ਇਹ ਇਕ ਸਤਿਕਾਰ ਭਰੇ ਸਭਿਅਕ ਸਲੀਕੇ ਤੋਂ ਜਿਆਦਾ ਕੁਝ ਨਹੀਂ ਸੀ। ਉਸ ਦਾ ਸੁੰਦਰ ਚਿਹਰਾ ਜਿਥੇ ਦੂਜਿਆਂ ਲਈ ਖਿੱਚ ਦਾ ਕੇਂਦਰ ਸੀ। ਉਥੇ ਖਾਲਸਾ ਜੀ ਨੂੰ ਵੀ ਪ੍ਰਭਾਵਿਤ ਕਰਦਾ ਸੀ। ਉਸ ਦੇ ਲੰਮੇ ਕਾਲੇ ਬਾਲਾਂ ਦੇ ਦੋ ਹਿੱਸੇ ਦੋਂਨਾਂ ਗੋਰੀਆਂ ਗੱਲ੍ਹਾਂ ਨੂੰ ਢੱਕ ਕੇ ਇੰਝ ਨਿਖਾਰ ਦਿੰਦੇ ਜਿਵੇਂ ਗੂੜ੍ਹੇ ਕਾਲੇ ਬੱਦਲਾਂ ਵਿੱਚੋਂ ਚੰਦ ਚਮਕਦਾ ਹੋਵੇ। ਉਹ ਅਸਲ ਵਿੱਚ ਨਾਗਾਲੈਂਡ ਦਾ ਰਾਜਸੀ ਫੁੱਲ ਰਹੋਡੋਡੈਂਡਰੋਨ ਸੀ। ਜਦੋਂ ਉਹ ਕਲਾਸ ਵਿੱਚ ਹੁੰਦੀ ਤਾਂ ਬਸੰਤ ਦੀਆਂ ਮਹਿਕਾਂ ਖਿਲਰ ਜਾਂਦੀਆਂ। ਉਸ ਦੀ ਗੈਰ ਹਾਜਰੀ ਪੱਤਝੜ ਦੀ ਉਦਾਸੀ ਬਣ ਜਾਂਦੀ।ਉਸ ਦਾ ਰਹਿਣ-ਸਹਿਣ,ਉਠਣ-ਬੈਠਣ, ਬੋਲ-ਚਾਲ ਦਾ ਢੰਗ ਤਰੀਕਾ ਉਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਉਂਦਾ ਸੀ। ਖਾਲਸਾ ਜੀ ਉਸ ਦੇ ਚੱਜ-ਅਚਾਰ  ਅਤੇ ਕਪੜਿਆਂ ਤੋਂ ਬਹੁੱਤ ਪ੍ਰਭਾਵਿਤ ਸਨ। ਉਸ ਦੇ ਕੱਪੜੇ ਨਵੇਂ ਫੈਸ਼ਨ ਦੇ ਸਨ। ਜਿਨ੍ਹਾਂ ਵਿੱਚ ਉਹ ਪਿਆਰੀ ਗੁੱਡੀ ਲਗਦੀ ਸੀ। ਕੱਪੜੇ ਸਰੀਰ ਢੱਕ ਕੇ ਰੱਖਦੇ ਸਨ। ਹਫਤੇ ਦੌਰਾਨ ਉਸ ਨੇ ਕਲਾਸ ਵਿੱਚ ਕਦੇ ਵੀ ਅੱਧ ਨੰਗੇ ‘ਤੇ ਬੇ-ਢੰਗੇ ਕੱਪੜੇ ਨਹੀਂ ਪਾਏ ਸਨ। ਉਦੋਂ ਪਰਮਵੀਰ ਸਿੰਘ ਨੂੰ ਪੰਜਾਬ ਵਿੱਚ ਫਿਰਦੀਆਂ ਅੱਧ ਨੰਗੀਆਂ ਪੰਜਾਬਣ ਮੁਟਿਆਰਾਂ ਨੂੰ ਯਾਦ ਕਰਕੇ ਸ਼ਿਰਮਿੰਦਗੀ ਮਹਿਸੂਸ ਹੁੰਦੀ ਸੀ। 5 ਦਿਨਾਂ ਵਿੱਚ ਉਸ ਨੂੰ ਕਿਧਰੇ ਵੀ ਕਿਸੇ ਮਰਦ ਕੋਲ ਗੈਰ ਸਭਿਅਕ ਤਰੀਕੇ ਨਾਲ ਖੜਾ ਜਾਂ ਗੱਲਾਂ ਕਰਦਿਆਂ ਨਹੀਂ ਦੇਖਿਆ ਗਿਆ ਸੀ। ਉਸ ਦੀ ਜੀਵਨਸ਼ੇੈਲੀ ਦੇ ਇਹ ਗੁਣ ਖਾਲਸਾ ਜੀ ਲਈ ਖਿੱਚ ਦਾ ਕੇਂਦਰ ਸਨ।

ਉਸ ਨੁੂੰ ਉਸ ਹਫਤੇ ਦੀ ” ਵੀ.ਵੀ.ਗਿਰੀ ਸੰਸਥਾ ਦੀ ਮਿਸ”ਕਹਿਣਾ ਅਤਿ ਕਥਨੀ ਨਹੀਂ ਸੀ। ਹਫਤੇ ਦਾ ਤੀਜਾ ਦਿਨ ਸੀ। ਖਾਲਸਾ ਜੀ ਦੇ ਦੋਸਤ ਗੁਪਤਾ ਜੀ ਨੇ ਉਸ ਲੜਕੀ ਤੋਂ ਪੁੱਛਿਆ

‘ਕੀ ਤੁਹਾਡੇ ਨਾਮ ਦੇ ਕੋਈ ਅਰਥ ਵੀ ਹਨ’।

ਹਾਂ ਯੂਥੂੰਗਲੋ ਬੋਲੀ ਉਸ ਨੇ ਅਰਥ ਵੀ ਦਸੇ। ਸਿੰਘ ਨੇ ਇਸ ਗੱਲਬਾਤ ਵਿੱਚ ਕੋਈ ਹਿੱਸਾ ਨਾ ਲਿਆ। ਪਰ ਉਹ ਕੁੜੀ ਖਾਲਸਾ ਜੀ ਨੂੰ ਸੰਬੋਧਤ ਹੋ ਕੇ ਹਿੰਦੀ ਵਿੱਚ ਬੋਲੀ “ਆਪ ਦੀ ਫੇਸਬੁੱਕ ਆਈ.ਡੀ ਕਿਆ ਹੈ”। ਦੋਹਾਂ ਨੇ ਇਕ ਦੂਜੇ ਨੂੰ ਫੇਸਬੁੱਕ ਆਈ.ਡੀ ਦੇ ਦਿੱਤੀ। ਇਸ ਤੋਂ ਵੱਧ ਦੋਨਾਂ ਵਿੱਚਕਾਰ ਕਦੇ ਕੋਈ ਗੱਲ ਨਹੀਂ ਹੋਈ ਸੀ। ਨਾਂ ਹੀ ਦੋਨਾਂ ਵੱਲੋਂ ਕਦੇ ਕੋਈ ਪਹੁੰਚ ਕੀਤੀ ਨਜ਼ਰ ਆਈ ਸੀ। ਸਾਰਾ ਦਿਨ ਉਹ ਫੇਸਬੁਕ ਉਤੇ ਇਕ ਦੂਜੇ ਨੂੰ ਲੱਭ ਨਾ ਸਕੇ।ਦੂਜੇ ਦਿਨ ਯੂਥੂੰਗਲੋ ਨੇ ਫੇਸਬੁੱਕ ਮਿੱਤਰਤਾ ਬੇਨਤੀ ਭੇਜੀ, ਸਿੰਘ ਨੇ ਸਵੀਕਾਰ ਕਰ ਲਈ। ਪਰ ਅੱਜ ਤੱਕ ਉਸ ਕੁੜੀ ਨੇ ਸਿੰਘ ਦੀ ਫੇਸਬੁੱਕ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਫਤੇ ਅਤੇ ਟਰੇਨਿੰਗ ਦਾ ਆਖਰੀ ਦਿਨ ਸੀ। ਸੰਸਥਾ ਵੱਲੋਂ ਬਾਅਦ ਦੁਪਹਿਰ ਨੋਇਡਾ ਸ਼ਹਿਰ ਦਾ ਵਿਦਿਆ ਦੌਰਾ ਰੱਖਿਆ ਗਿਆ ਸੀ। ਖਾਲਸਾ ਜੀ ਅਤੇ ਉਸ ਦਾ ਮਿੱਤਰ ਇਸ ਦੌਰੇ ਵਿੱਚ ਸ਼ਾਮਲ ਹੋਣ ਦੀ ਥਾਂਵੇਂ ਸ਼ਾਮ ਦੀ ਰੇਲ ਗੱਡੀ ਵਾਪਸ ਪੰਜਾਬ ਆ ਰਹੇ ਸਨ। ਦੁਪਹਿਰ ਵੇਲੇ ਸਾਰੇ ਕੰਟੀਨ ਵਿੱਚ ਗਏ। ਦੋਹਾਂ ਨੇ ਖਾਣਾ ਖਾਧਾ।ਫਿਰ ਪਰਮਵੀਰ ਸਿੰਘ ਰਸਮੀ ਵਿਦਾਇਗੀ ਲਈ ਉਸ ਟੇਬਲ ਕੋਲ ਗਿਆ। ਜਿਸ ਉਤੇ ਖੂਬਸੂਰਤ ਕੁੜੀ ਯੂਥੂੰਗਲੋ ਈਯੂੰਗ ਸਮੇਤ ਨਾਗਾਲੈਂਡ ਵਾਲੇ ਖਾਣਾ ਖਾ ਰਹੇ ਸਨ। ਉਸ ਨੇ ਕਿਹਾ “ਅੱਛਾ ਚੱਲਤੇ ਹੈਂ, ਕਭੀ ਪੰਜਾਬ ਆਨਾ” ਪਹਿਲੇ ਹੱਲੇ ਕੁੜੀ ਨੇ ਹੱਥ ਉਪਰ ਚੁੱਕ ਕੇ ਹਿਲਾਇਆ। ਫਿਰ ਉਸ ਨੇ ਦੇਖਿਆ ਕਿ ਖਾਲਸਾ ਜੀ ਨੇ ਹੱਥ ਜੋੜੇ ਹੋਏ ਹਨ। ਝੱਟ ਉਸੇ ਪੱਲ ਉਸ ਨੇ ਵੀ ਹੱਥ ਜੋੜ ਕੇ ਮੁਸ਼ਕਰਉਂਦਿਆਂ ਵਿਦਾਇਗੀ ਦਿਤੀ। ਇਹ ਉਸ ਕੁੜੀ ਦੇ ਸਾਊਪਣੇ, ਅਕਲਮੰਦੀ ਅਤੇ ਸਲੀਕੇ ਦਾ ਕਮਾਲ ਸੀ। ਖਾਲਸਾ ਜੀ ਅਤੇ ਉਸ ਕੁੜੀ ਦੀ ਇਹ ਆਖਰੀ ਮਿਲਣੀ ਸੀ।

ਖਾਲਸਾ ਜੀ ਦੀ ਉਸ ਕੁੜੀ ਬਾਰੇ ਇਹ ਰਾਇ ਸੀ ਕਿ ਉਹ ਜਿਥੇ ਪਿਆਰੀ ਪਰੀ,ਖੂਬਸੂਰਤ ਨਾਗਾਲੈਂਡ ਦਾ ਫੁੱਲ਼ ਹੈ। ਸਰਕਾਰੀ ਅਫਸਰ ਹੈ। ਉਥੇ ਕੁਆਰੀ ਹੋਣ ਦੇ ਬਾਵਜੂਦ ਉਹ ਅਤਿ ਦੀ ਸਿਆਣੀ, ਸਾਊ, ਜਿੰਮੇਂਵਾਰ, ਸਲੀਕੇ ਵਾਲੀ, ਖੁਦਦਾਰ, ਸਭਿਅਕ ਕੁੜੀ ਹੈ। ਅਜਿਹੀਆਂ ਲੜਕੀਆਂ ਦੀ ਪੰਜਾਬ ਵਿੱਚ ਘਾਟ ਰੱੜਕਦੀ ਹੈ। ਇਨ੍ਹਾਂ ਹਲਾਤਾਂ ਵਿੱਚ ਖਾਲਸਾ ਜੀ ਪੰਜਾਬ ਨੂੰ ਮੁੜ ਆਏ। ਸਾਰੇ ਟ੍ਰੇਨੀਜ ਨੇ ਇਕ ਵੱਟਸਐੱਪ ਗਰੁੱਪ ਬਣਾਇਆ ਸੀ। ਦੂਜੇ ਦਿਨ ਆ ਕੇ  ਖਾਲਸਾ ਜੀ ਨੇ ਗਰੁੱਪ ਵਿੱਚ ਲਿਖਿਆ ਕੀ ਸਾਰੇ ਆਪੋ ਅਪਣੇ ਪ੍ਰੀਵਾਰ ਵਿੱਚ ਠੀਕ ਠਾਕ ਪੁੱਜ ਗਏ ਹਨ। ਕਈਆਂ ਨੇ ਉੱਤਰ ਦਿੱਤਾ ਪਰ ਉਸ ਕੁੜੀ ਦਾ ਕੋਈ ਹੁੰਗਾਰਾ ਨਹੀ ਸੀ। ਅਗਲੇ ਦਿਨ ਪਰਮਵੀਰ ਨੇ ਉਸ ਦੇ ਨਿੱਜੀ ਵੱਟਸਐੱਪ ਉਤੇ ਪੁੱਛਿਆ। ਤਾਂ ਉਸ ਨੇ ਉੱਤਰ ਦਿੱਤਾ ਉਹ ਠੀਕ ਠਾਕ ਮਾਂ-ਬਾਪ ਕੋਲ ਪਹੁੰਚ ਗਈ ਸੀ। ਫਿਰ ਖਾਲਸਾ ਨੇ ਵੱਟਸਐਪ ਗੱਲਬਾਤ ਇਸ ਤਰ੍ਹਾਂ ਸ਼ੁਰੂ ਕੀਤੀ।

ਉਹ ਖੂਬਸੂਰਤ ਕੁੜੀ ਕੌਣ ਸੀ ਜੋ ਕਲਾਸ ਵਿੱਚ ਮਹਿਕ ਖਿਲਾਰਦੀ ਸੀ?

ਉਹ ਮੈਨੂੰ ਕਿਉ ਯਾਦ ਆ ਰਹੀ ਹੈ?

ਕੀ ਉਹ ਵੀ ਯਾਦ ਕਰਦੀ ਹੋ ਸਕਦੀ ਹੈ?

ਉਸ ਨੇ ਸਿਰਫ ਪਹਿਲੇ ਸਵਾਲ ਦਾ ਅੱਧਾ ਪਚੱਧਾ ਉੱਤਰ ਲਿਖਿਆ । “ਜੇ ਉਹ ਨਾ ਜਾਣਦੀ ਹੋਵੇ ਤਾਂ ਤੁਸੀਂ ਕੀ ਕਹਿੰਦੇ ਹੋ? ਗੱਪਸ਼ਪ ਦੇ ਲਹਿਜੇ ਵਿੱਚ ਸਿੰਘ ਨੇ ਗੱਲ ਗੋਲ ਮੋਲ ਕਰ ਦਿਤੀ।ਉਸ ਨੇ ਗੁੱਡ ਮੋਰਨਿੰਗ ਤੋਂ ਇਲਾਵਾ ਕਦੇ ਕੁਝ ਨਹੀਂ ਲਿਖਿਆ ਸੀ।ਨਾ ਹੀ ਕਦੇ ਦੋਨੋਂ ਜਣੇ ਨੋਇਡਾ ਵਿੱਚ ਇਸ ਤੋਂ ਅੱਗੇ ਵਧੇ ਸਨ। ਖਾਲਸਾ ਜੀ ਕਈ ਵਾਰ ਸੋਚਦੇ ਇਹ ਕੀ ਹੋ ਰਿਹਾ ਹੈ? ਉਹ ਕਿਉਂ ਉਸ ਦੀ ਗੁਡ ਮੋਰਨਿੰਗ ਮੈਸਜ ਦੀ ਉਡੀਕ ਵਿੱਚ ਰਹਿੰਦਾ ਹੈ? ਉਹ ਉਸ ਦਾ ਕੀ ਲੱਗਦਾ ਹੈ? ਨੋਇਡਾ ਵਿੱਚ ਜਦੋਂ ਉਹ, ਉਸ ਦੇ ਨੇੜੇ-ਤੇੜੇ ਹੁੰਦੀ ਸੀ। ਉਸ ਨੂੰ ਕਿਉਂ ਅੱਛਾ ਲੱਗਦਾ ਸੀ? ਹੁਣ ਉਹ ਕਿਉਂ ਯਾਦ ਆਉਂਦੀ ਹੈ? ਇਹ ਅਜਿਹੇ ਸਵਾਲ ਸਨ ਜੋ ਖਾਲਸਾ ਜੀ ਦੀ ਸ਼ਾਂਤੀ ਭੰਗ ਕਰ ਰਹੇ ਸਨ। ਇਸ ਖਿੱਚੋਤਾਣੀ ਵਿੱਚ ਦੋ ਹਫਤੇ ਲੰਘ ਗਏ।

ਖਾਲਸਾ ਜੀ ਅਪਣੀ ਪੋਤੀ ਹਰਕਿਰਨ ਕੌਰ ਨੂੰ ਪਿਛਲੇ ਤਿੰਨ ਮਹੀਨੇ ਤੋਂ ਬਹੁਤ ਯਾਦ ਕਰਦੇ ਸਨ। ਉਹ 8  ਸਾਲ ਦੀ ਉਮਰੇ ਤਿੰਨ ਮਹੀਨੇ ਪਹਿਲਾਂ ਅਪਣੇ ਮਾਤਾ ਪਿਤਾ ਕੋਲ ਪੱਕੇ ਤੌਰ ਤੇ ਆਸਟ੍ਰੇਲੀਆ ਚੱਲੀ ਗਈ।ਉਹ ਉਦੋਂ ਕੇਵਲ 2 ਮਹੀਨੇ ਦੀ ਬੱਚੀ ਸੀ। ਜਦੋਂ ਉਸ ਦੀ ਮਾਂ ਨੂੰ ਮਜਬੂਰੀ ਬੱਸ ਮਮਤਾ ਦਾ ਗਲ ਘੁੱਟ ਕੇ ਬ-ਦੇਸ਼ ਜਾਣਾ ਪਿਆ ਸੀ। ਉਹ ਅਪਣੇ ਦਾਦਾ ਪਰਮਵੀਰ ਸਿੰਘ  ਅਤੇ ਦਾਦੀ ਦੀ ਨਿੱਘੀ ਗੋਦ ਵਿੱਚ ਹੀ 2 ਮਹੀਨੇ ਤੋਂ 8ਸਾਲ ਦੀ ਖੂਬਸੂਰਤ ਕੁੜੀ ਬਣ ਗਈ ਸੀ। ਅਸਲ ਵਿੱਚ 3 ਮਹੀਨੇ ਤੋਂ ਉਸ ਦੀ ਯਾਦ ਖਾਲਸਾ ਜੀ ਨੂੰ ਪ੍ਰੇਸ਼ਾਨ ਕਰ ਰਹੀ ਸੀ। ਜਦੋਂ ਖਾਲਸਾ ਜੀ ਨੋਇਡਾ,ਅਪਣੀ ਕਲਾਸ ਵਿੱਚ ਨਾਗਾਲੈਂਡ ਦੇ ਫੁੱਲ ਯੂਥੂੰਗਲੋ ਈਯੂੰਗ ਅਫਸਰ ਕੁੜੀ ਨੂੰ ਮਿਲੇ। ਤਾਂ ਉਸ ਨੂੰ ਕੁੜੀ ਦੀ ਖੂਬਸੂਰਤੀ ਵਿੱਚ ਪਿਆਰੀ ਪੋਤੀ ਦਿੱਸਣ ਲੱਗ ਪਈ। ਖਾਲਸਾ ਜੀ ਦੇ ਸੁਪਨਿਆਂ ਦੀ ਪੂਰਤੀ ਯੂਥੂੰਗਲੋ ਈਯੂੰਗ ਦੀ ਸਖਸ਼ੀਅਤ ਸੀ। ਉਹ ਜਿਥੇ ਪਿਆਰੀ ਪਰੀ, ਖੂਬਸੂਰਤ ਨਾਗਾਲੈਂਡ ਦਾ ਫੁੱਲ਼ ਹੈ। ਸਰਕਾਰੀ ਅਫਸਰ ਹੈ। ਉਥੇ ਕੁਆਰੀ ਹੋਣ ਦੇ ਬਾਵਜੂਦ ਉਹ ਅਤਿ ਦੀ ਸਿਆਣੀ, ਸਾਊ, ਜਿੰਮੇਵਾਰ, ਸਲੀਕੇ ਵਾਲੀ, ਖੁਦਦਾਰ, ਸਭਿਅਕ ਕੁੜੀ ਹੈ। ਖਾਲਸਾ ਜੀ ਦਾ ਸੁਪਨਾ ਸੀ/ਹੈ ਕਿ ਉਸ ਦੀ ਪੋਤੀ ਵਿੱਚ ਇਹ ਸਭ ਗੁਣ ਹੋਣ। ਇਹ ਕਾਰਨ ਸਨ ਕਿ ਉਹ ਜਦੋਂ ਨੇੜੇ ਤੇੜੇ ਹੁੰਦੀ ਤਾਂ ਖਾਲਸਾ ਜੀ ਨੂੰ ਅੱਛਾ ਮਹਿਸੂਸ ਹੁੰਦਾ ਸੀ। ਅਸਲ ਵਿੱਚ ਯੂਥੂੰਗਲੋ ਨੇ ਪੋਤੀ ਦੀ ਖਾਲੀ ਥਾਂ ਨੂੰ ਕੁਝ ਹੱਦ ਤੱਕ ਘੱਟ ਕਰ ਦਿੱਤਾ ਸੀ। ਜਦੋਂ ਉਹ ਟ੍ਰੇਨਿੰਗ ਤੋਂ ਵਾਪਸ ਪੰਜਾਬ ਆਇਆ ਤਾਂ ਦੋਹਾਂ ਦੀ ਅਣਹੋਂਦ ਬੇ-ਚੈਨੀ ਦਾ ਕਾਰਨ ਸੀ। ਇਨ੍ਹਾਂ ਪ੍ਰਸਥਿਤੀਆਂ ਵਿੱਚ ਉਸ ਅੱਗੇ ਦੋ ਰਾਹ ਸਨ। ਪਹਿਲਾ ਕਿ ਉਹ ਕਦੇ ਸੋਸ਼ਲ ਮੀਡੀਏ ਰਾਹੀਂ ਉਸ ਕੁੜੀ ਨਾਲ ਗੱਪਸ਼ਪ ਨਾ ਕਰੇ ਕਿਉਂਕਿ ਉਹ ਗੁੱਡ ਮੋਰਨਿੰਗ ਤੋਂ ਇਲਾਵਾ ਕੁਝ ਨਹੀਂ ਲਿਖਦੀ ਸੀ। ਦੂਜਾ ਉਕਤ ਸੱਚੀ ਕਹਾਣੀ ਲਿੱਖ ਕੇ ਭੇਜ ਦੇਵੇ। ਖਾਲਸਾ ਜੀ ਨੇ ਕਹਾਣੀ ਲਿਖੀ ਭੇਜਣ ਲਈ ਉਸ ਦੀ ਨਿਜੀ ਈ-ਮੇਲ ਲਈ ਮੈਸਜ ਕੀਤਾ। ਪਰ ਯੂਥੂੰਗਲੋ ਨੇ ਨਿਜੀ ਈ-ਮੇਲ ਨਾ ਭੇਜ ਕੇ ਸਿਆਣਪ ਦਾ ਸਬੂਤ ਦਿੱਤਾ।ਖਾਲਸਾ ਜੀ ਨੇ ਕਹਾਣੀ ਵੱਟਐੱਪ ਉਤੇ ਭੇਜ ਦਿੱਤੀ। ਹੁਣ ਉਹ ਸ਼ਾਂਤ ਅਤੇ ਖੁਸ਼ ਸੀ। ਖਾਲਸਾ ਜੀ ਨੂੰ ਆਸ ਹੈ ਕਿ ਨਾਗਾਲੈਂਡ ਦੀ ਖੂਬਸੂਰਤ ਯੂਥੂੰਗਲੋ ਈਯੂੰਗ ਵਿਆਹ ਕਰਵਾ ਕੇ ਅਪਣੇ ਸੁੰਦਰ ਪਤੀ ਨਾਲ ਉਸ ਨੂੰ ਮਿਲਣ ਜਰੂਰ ਆਵੇਗੀ। ਜਦੋਂ ਆਵੇਗੀ ਤਾਂ ਉਹ ਉਸ ਨੂੰ ਉਸ ਦੀਆਂ ਦੋ ਮਾੜੀਆਂ ਆਦਤਾਂ ਦੱਸੇਗਾ ਤਾਂ ਜੋ ਚੰਦ ਨੂੰ ਗ੍ਰਹਿਣ ਨਾ ਲੱਗੇ। ਉਹ ਇਹ ਵੀ ਸੋਚਦਾ ਸੀ ਕੀ ਪਤਾ ਉਹ ਪੋਤੀ ਦੇ ਵਿਆਹ ਤੱਕ ਜਿਊਂਦਾ ਹੋਵੇਗਾ ਜਾਂ ਬਹੁਤ ਬੁੱਢਾ ਹੋਵੇਗਾ।

ਕਬਰਸਤਾਨ ਚੁੱਪ ਨਹੀਂ ਹੈ

$
0
0

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ ,ਫਿਰਦੇ-ਤੁਰਦੇ ਮਨੁੱਖ ਜਾਪਦੇ ਹੋ ।ਤੁਸੀਂ ਅੰਦਰ ਜਾਣ ਲਈ ਕਿਉਂ ਆਏ ਹੋ ? ਕੌਣ ਹੋ ਤੁਸੀ ?

… ਵਿਗਿਆਨੀ ! ਖੋਜੀ !! ਰੀਸਰਚ ਸਕਾਲਰ !!! ਕਿੱਸ ਕਿਸਮ ਦੀ ਰੀਸਰਚ ਕਰਦੋ ਹੋ ?’

‘….ਕਬਰਾਂ ਦੀ ! ਕਬਰਾਂ ਦੀ ਉਮਰ ਦੀ !! ‘ ਕਿਉਂ ? ਤੁਹਾਨੂੰ ਬੀਜੀ ਫ਼ਸਲ ਦੀ ਪਹਿਲੋਂ ਜਾਣਕਾਰੀ ਨਈਂ ? ਜ਼ਰੂਰ ਹੋਵੇਗੀ । ਹੁਣ ਤਾਂ ਸਗੋਂ ਉਸ ਦਾ ਸਰਵੇਖਣ ਕਰਨ ਆਏ ਹੋਵੋਗੇ  । ਨਵੇਂ ਬੀਜ ਲਿਆਏ ਹੋਵੋਗੇ , ਆਉਂਦੀ ਰੁੱਤ ਲਈ । ਚੰਗੀ ਭਰਵੀਂ ਫ਼ਸਲ ਲੈਣ ਲਈ । ਤੁਸੀ ਖੋਜੀ ਹੌ ਨਾ ,ਆਪਣੇ ਲਈ ਯੋਗ ਤੇ ਅਨੁਕੂਲ ਤਾਪਮਾਨ ਪੈਦਾ ਕਰ ਸਕਦੇ ਹੋ  । ਉਂਝ ਕੁਦਰਤੀ ਤਾਪਮਾਨ ਵੀ ਤੁਹਾਡੀ ਫ਼ਸਲ ਲਈ ਕਾਰਗਰ ਸਿੱਧ ਹੋ ਸਕਦਾ ਹੈ , ਪਰ ਤੁਸੀਂ – ਮੁਆਫ਼ ਕਰਨ ਵਿਗਿਆਨੀ ਵਾਤਾ-ਅਨੁਕੂਲਣ ਜੰਤਰ ਵਰਤ ਕੇ ਵੀ ਤਾਪਮਾਨ ਢੁਕਵਾ ਕਰ ਲੈਂਦੇ ਹੋ ਆਪਣੀ ਫ਼ਸਲ ਲਈ । ਪਰ , ਜੇ ਕਿਧਰੇ ਕੋਈ ਜੰਤਰ ਗੜਬੜ ਕਰਦਾ ਹੈ ਜਾਂ ਜਲਵਾਯੂ ਅੜੀ ਕਰਦਾ ਦਿਸੇ ਤਾਂ ਵੱਖਰੀ ਗੱਲ ਹੋਵੇਗੀ । ਉਂਝ ਪੂਰੀ ਉਮੀਦ ਹੈ , ਇੰਝ ਨਹੀਂ ਹੋਵੇਗਾ । ਵਿਗਿਆਨ ਦੀ ਉੱਨਤੀ ਹੈ ਨਾ , ਕੰਮਪਿਊਟਰ ਦਾ ਯੁੱਗ ਹੈ ਨਾ । ਇਨਸੈਟ ਤੁਹਾਡੀ ਸਹਾਇਤਾ ਲਈ ਆਨਸੈਟ ਹੈ । ਤੁਹਾਡੀਆਂ ਉਮੀਦਾਂ ਤੋਂ ਕਈ ਗੁਣਾਂ ਵੱਧ ਢੁਕਵੇਂ ਨਤੀਜੇ ਕੱਢੇਗਾ । ਮੌਸਮ ਦੀ ਕੀ ਮਜਾਲ , ਕੋਈ ਉਜ਼ਰ ਕਰ ਜਾਏ ਇਹਨਾਂ ਸਾਹਮਣੇ , ਇਨ੍ਹਾਂ ਸਾਹਮਣੇ ਨਈਂ ਤੁਹਾਡੇ ਸਾਹਮਣੇ । ਤੁਹਾਡੀ ਖੋਜ ਨਾ ਨਾਲ ਕਮਪਿਊਟੇਰਾਈਜ਼ ਕੀਤੇ ਜੰਤਰਾਂ ਸਾਹਮਣੇ, ਜਿਨ੍ਹਾਂ ਯੋਗ ਤੇ ਢੁਕਵਾਂ ਵਾਤਾਵਰਨ ਘੜਨਾ ਹੈ – ਤੁਹਾਡੀ ਉਪਜ ਲਈ , ਭਾਵ ਕਬਰਾਂ ਲਈ , ਕਬਰਾਂ ਬੀਜਣ ਵਾਲੇ ਫਾਰਮਾਂ ਲਈ , ਜਿਸ ਦੀ ਲੰਬਾਈ-ਚੌੜਾਈ ਇਸ ਧਰਤੀ ਤੋਂ ਕਈ ਗੁਣਾਂ ਵੱਧ ਗਈ ਹੈ । ਸਾਗਰ ਤੱਕ ਫੈਲ ਗਈ ਹੈ । ਪੁਲਾੜ ਤੱਕ ਪੱਸਰ ਗਈ ਹੈ ।

-ਔਹ ਸਾਹਮਣੇ ਦੇਖੋ , ਸਾਂਚੀ –ਸਤੁਪ ਵਰਗੀ ਉੱਚੀ ਗੁੰਬਦ । ਦਿਸਦੀ ਹੈ ਨਾ ? ਇਹ ਤੁਹਾਡੀ ‘ਕਿਰਤ ’ ਦੀ ਉਪਜ ਦਾ ਪਹਿਲਾ ਨਮੂਨਾ ਤਾਂ ਭਾਵੇਂ ਨਈਂ , ਪਰ ਆਧੁਨਿਕ ਬੀਜਾਂ ਤੋਂ ਮਿਲਣ ਵਾਲੇ ਭਰਵੇਂ ਝਾੜ ਦਾ ਖਾਸ ਨਮੂਨਾ ਜ਼ਰੂਰ ਹੈ ।

……….ਹੀਰੋਸ਼ੀਮਾ ਇਸ ਦਾ ਨਾਂ ਰੱਖ ਸਕਦੇ ਹੋ ਤੁਸੀ । ਨਾਗਾ-ਸਾਕੀ ਵੀ ਠੀਕ ਢੁੱਕਦਾ ਹੈ । ਇਸ ਨੂੰ ਕਰਬਲਾ ਵੀ  ਆਖ ਸਕਦੇ ਹੋ ਤੁਸੀਂ ਤੇ ਕਾਲਿੰਗਾ ਵੀ ,ਪਰ ਪਾਣੀਪਤ ਦਾ ਯੁੱਧ-ਖੇਤਰ ਨਈਂ । ਤੁਸੀ ਵਿਗਿਆਨੀ ਹੋ ਨਾ ! ਜ਼ਰੂਰ ਖੋਜ ਕਰੋਗੇ ਕਿ ਪਾਣੀਪਤ ਦੇ ਯੁੱਗ-ਖੇਤਰ ਵਿੱਚ ਕਾਲਿੰਗਾ-ਕਰਬਲਾ ਦੇ ਯੁੱਧ-ਖੰਡਰਾਂ ਨਾਲੋਂ ਕਿਹੜੇ-ਕਿਹੜੇ ਰਸਾਇਣਕ ਤੱਤਾਂ ਦੀ ਘਾਟ ਸੀ । ਤੁਹਾਡੀ ਖਰਖ਼-ਨਲੀ ਅੰਦਰਲਾ ਸੰਵਾਦ , ਇਕ ਤਾਂ ਤੁਹਾਨੂੰ ਲੋੜੀਂਦੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਬੈਚੇਨ ਕਰ ਦੇਵੇਗਾ ਅਤੇ ਦੂਜੇ ਵੱਧ ਤੋਂ ਵੱਧ ਭਰਵੀਂ ਫ਼ਸਲ ਲੈਣ ਦੇ ਢੰਗ ਤਰੀਕੇ ਸਮਝਾਏਗਾ । ਤਾਂ ਕਿ ਤੁਸੀਂ……ਭਾਵ ਖੋਜੀ , ਆਪਣੇ ਕਿੱਤੇ ਦੇ ਮਾਹਿਰ ਡਾਕਟਰ , ਹਰ ਸੰਭਵ-ਅਸੰਭਵ ਸਾਧਨਾਂ ਰਾਹੀਂ ‘ਅਪਨੀ ਜਨਮ ਭੂਮੀ ’ ਦੀ ਸ਼ਾਨ ਨੂੰ ਚਾਰ-ਚੰਦ ਲਾਉਂਦੇ ਹੋਏ ਅੰਬਾਰਾਂ ਦੇ ਅੰਬਾਰ ਖੜੇ ਕਰ ਸਕੋ-ਕੁਤਬੁ-ਮੀਨਾਰ ਜਿੰਨੇ ਉੱਚੇ ।ਉਂਝ ਕਬਰਸਤਾਨ ਅੰਦਰ ਇਸ ਦਾ ਨਾਂ ਮੀਨਾਰ ਨਹੀਂ ਮਕਬਰਾ ਹੁੰਦਾ ਹੈ ,ਜਿਸ ਦੇ ਮੱਥੇ ਤੇ ਲਿਖਿਆ ਦੋ-ਹਰਫੀ ਇਤਿਹਾਸ ਕਾਲਿੰਗਾ-ਕਰਬਲਾ ਦੇ ਸੁਭਾ ਦੀ ਹੀ ਗੱਲ ਤੋਰਦਾ ਹੈ , ਹੋਰ ਕੁਝ ਨਈਂ । ਇਹ ਬਿਲਕੁਲ ਠੀਕ ਦਸਦਾ ਹੈ ਕਿ ਸਿਆੜਾਂ ਅੰਦਰ ਉੱਗੀ ਫ਼ਸਲ ਦੇ ਪਿੰਡੇ ਤੇ ਕੀ ਅਤੇ ਕਿੱਦਾਂ ਬੀਤਦੀ ਹੈ । ਕਿੰਨੀਆਂ ਸਰਦ ਰਾਤਾਂ ਇਸ ਦੀਆਂ ਕਰੂੰਬਲਾਂ ਕੋਂਹਦੀਆਂ ਹਨ, ਕਿੰਨੇ ਤਿੱਖੜ ਦਿਨ ਇਸਦੇ ਪੱਤੇ ਛੇਕਦੇ ਹਨ । ਉਹ ਤਾਂ ਬੱਸ ਉੱਗਦੀ ਹੈ ,ਪੱਕਦੀ ਹੈ , ਤੇ ਵੱਢ ਹੁੰਦੀ ਹੈ – ਵਿਚਾਰੀ ਫ਼ਸਲ ਕਬਰਾਂ ਦੀ ਫ਼ਸਲ ।

ਤੇ ਜਦ ਫ਼ਸਲ ਨਿਰਮਾਤਾ ਅਪਣੀ ਪੈਲੀ-ਬੰਨੇ ਫੇਰਾ ਮਾਰਦਾ ਹੈ , ਘੋੜੀ ਤੇ ਚੜ੍ਹ ਕੇ ਰੱਥ ਤੇ ਬੈਠ ਕੇ ਜਾਂ ਉੱਡਣ-ਤਸ਼ੱਤਰੀ ਤੇ ਉੱਡ ਕੇ ਤਾਂ ਉਸ ਦਾ ਗੌਰਵ ਅਲਾਹੀ-ਸੰਦੇਸ਼ ਬਣ ਕੇ ਗੂੰਜ ਉਠਦਾ  ਹੈ ਈਥਰ ਅੰਦਰ , ਹਵਾ ਬਣ ਕੇ ਛਾਂ ਜਾਂਦਾ ਹੈ ਸਾਰੇ ਦੇ ਸਾਰੇ ਆਕਾਸ਼ ਤੇ – ‘ ਭਾਈਓ ਔਰ ਬਹਿਨੋ , ਹਮ ਕੋ ਅਪਨੇ ਪਰਾਨੋਂ ਸੇ ਪਿਆਰੇ ਦੇਸ਼ ਕੇ ਉਨ ਸਾਠ-ਸੱਤਰ ਪ੍ਰਤੀਸ਼ਤ ਲੋਗੋਂ ਕੀ ਬੇਹੱਦ ਫਿਕਰ ਹੈ ,ਜਿਨ ਕੋ ਦਿਨ ਮੇਂ ਏਕ ਬਾਰ ਭੀ ਪੇਟ ਭਰ ਖਾਨਾ ਨਹੀਂ ਮਿਲਤਾ । ਉਨ ਕੀ ਗਰੀਬੀ ਦੂਰ ਕਰਨੇ ਕੇ ਲੀਏ ਹਮ ਨੇ ਤੀਨ ਪੁਸ਼ਤੋਂ ਸੇ ਜੋ ਅਭਿਯਾਨ ਚਲਾ ਰਖਾ ਹੈ , ਕੁੱਛ ਬੇਸਮਝ ਕਿਸਮ ਦੇ ਲੋਕ ,ਖਾਹਮਖਾਹ ਉਸ ਮੇਂ ਬਾਧਾ ਡਾਲਨੇ ਕਾ ਪ੍ਰਯਾਸ ਕਰਤੇ ਹੈਂ । ਉਨ ਕੀ ਇਸ ਗੜਬੜੀ ਕੇ ਪੀਛੇ ਵਿਦੇਸ਼ੀ ਹਾਥ ਹੋਨੇ ਕਾ ਭੀ ਹਮੇਂ ਪੂਰਾ ਪੂਰਾ ਸ਼ੱਕ ਹੈ ………ਹਮ ਐਸੀ ਕਿਸੀ ਭੀ ਕਾਰਵਾਈ ਕੋ ਸਹਿਨ ਨਹੀਂ ਕਰੇਂਗੇ ਜੋ ਹਮਾਰੇ ਰਾਸ਼ਟਰ ਕੀ ਅਖੰਡਤਾ ਮੇਂ ਰੋਕ ਡਾਲੇ । ਹਮਾਰਾ ਆਪ ਸੇ ਨਿਵੇਦਨ ਹੈ ਕਿ ਯਦੀ ਆਪ ਉੱਨਤੀ ਕੇ ਰਾਸਤੇ ਪਰ ਔਰ ਆਗੇ ਬੜ੍ਹਨਾ ਚਾਹਤੇ ਹੈਂ , ਤੋ ਹਮਾਰੇ ਹਾਥ ਔਰ ਭੀ ਮਜ਼ਬੂਤ ਕਰੇਂ …..। ਜੈ ਹਿੰਦ…….ਜੈ……ਐ ਹਿੰਦ……ਜੈ ਐ…….।‘

-ਓਏ ਭਲੇ ਲੋਕੋ , ਤੁਸੀ ਇਹ ਕੀ ਕੀਤਾ । ਕੌਮੀ ਨਾਅਰੇ ਦਾ ਅਪਮਾਨ ਕੀਤਾ ਹੈ , ਸਾਵਧਾਨ ਨਹੀਂ ਹੋਏ । ਨਾਅਰੇ ਦਾ ਜਵਾਬ ਨਹੀ ਦਿੱਤਾ । ….ਚਲੋ ਛੱਡੋ , ਤੁਸੀਂ ਤਾਂ ਖੋਜੀ ਹੋ , ਗੰਭੀਰ ਸੋਚਵਾਨ, ਰੀਸਰਚ-ਸਕਾਲਰ । ਘੱਟ ਬੋਲਦੇ ਹੋ ,ਸ਼ਾਇਰ , ਅਧਿਆਪਕ ਜਾਂ ਵਕੀਲ ਨਹੀ ਹੋ  । ਭਾਵੁਕ ਨਹੀਂ ਹੁੰਦੇ । ਉਂਝ ਭਾਵੁਕਤਾ ਨਿਰਾ ਮੂਡ ਨਹੀਂ ਹੁੰਦੀ । ਪਿਆਰ ਹੁੰਦੀ ਹੈ , ਹਮਦਰਦੀ ਬਣਦੀ ਹੈ । ਇਤਿਹਾਸ ਘੜਦੀ ਹੈ ਇਹ ਲੋਕਾਈ ਦਾ ਯੁੱਗ ਹੈ ਰਾਜੇ-ਰਾਣਿਆਂ ਦਾ ਨਈਂ । ਉਨ੍ਹਾਂ ਨਾਲ ਇਸ ਕਿਸਮ ਦਾ ਸਰੋਕਾਰ ਨਹੀਂ । ਉਹ ਤਾਂ ਸਗੋਂ ਇਸ ਦੀ ਊਰਜਾ ਭਟਕਾ ਕੇ ਲਾਂਬੂ ਲਾਉਂਦੇ ਨੇ ਹਰ ਯੁੱਗ ਨੂੰ । ਤੇ ਤੁਸੀ ਵਿਗਿਆਨੀ , ਖੋਜ ਕਾਰਜ ਅੰਦਰ ਗ੍ਰਸਥ , ਭਾਵੁਕਤਾ-ਉਪਭਾਵੁਕਤਾ ਤੋਂ ਮੁਕਤ ਹੋਣ ਦੀ ਪ੍ਰਦਰਸ਼ਨੀ ਕਰਦੇ ਹੋ । ਕਵੀ-ਅਧਿਆਪਕ ਇੰਝ ਨਹੀਂ ਕਰਦੇ , ਆਲੋਚਕ-ਵਕੀਲ ਇੰਝ ਨਹੀਂ ਸੋਚਦੇ । ਉਹ ਤਾਂ ਸਗੋਂ ਵਿਆਕੁਲ ਹੁੰਦੇ ਨੇ , ਸੰਤਾਪ ਹੰਢਾਉਂਦੇ ਨੇ ਅਤੇ ਚੇਤੰਨ ਕਰਦੇ ਨੇ ਕਿ ਹਵਾ ਤੇ ਉਡਦਾ ਐਲਾਨ ਕੋਈ ਨਵੀਂ ਪ੍ਰਥਾ ਨਹੀਂ , ਪੁਰਾਣਾ ਦਾਅ ਪੇਚ ਹੈ ।ਇਹ ਐਲਾਨ ਕਦੀ ਡਮ…..ਡਮ……ਡਮ ਪਿਛੋਂ ਮੁਨਾਦੀ ਬਣਿਆ ਕਰਦਾ ਸੀ । ……..ਡਮ…….ਡਮ………ਡਮ , ਬਾ-ਅਦਬ ਬਾ-ਮੁਲਾਹਜ਼ਾ ,ਹੋਸ਼ਿਆਰ-ਖ਼ਬਰਦਾਰ-ਤਮਾਮ ਪਰਜਾ ਪੇ ਯੇਹ ਹੁਕਮ ਨਾਜ਼ਲ ਹੋਤਾ ਹੈ ਕਿ ਸ਼ਾਹਿਨਸ਼ਾਨੇ-ਆਲਮ,ਰੁਸਤਮੇਂ-ਦਰਬਾਰ, ਬਾਦਸ਼ਾਹੇ-ਸਲਾਮਤ ਸ਼ਾਮ ਕੋ ਸ਼ਹਿਰ ਕੇ ਬੜੇ ਦਰਵਾਜ਼ੇ ਸੇ ਹੋਤੇ ਹੂਏ , ਹਰਮ ਕੀ ਤਰਫ਼ ਜਾਏਂਗੇ ……ਏ………ਏ….।ਡਮ….ਡਮ…..ਡਮ, ਇਸ ਦੌਰਾਨ ਕੋਈ ਲੰਗੜਾ-ਲੂਲਾ,ਭੂਕਾ-ਪਿਆਸਾ ,ਬੂਢਾ-ਬੀਮਾਰ, ਖਲੀਫ਼ਾ_ਏ-ਜ਼ਮਾਨ ਕੇ ਰਾਸਤੇ ਸੇ ਲੇ ਗੁਜ਼ਰੇ ……ਏ……ਏ……..।‘

ਤੇ ਹਾਂ , ਵਿਗਿਆਨੀ ਸਾਹਿਬ ਜੀ , ਜੇ ਕੋਈ ਭੁੱਖਾ-ਪਿਆਸਾ , ਬੁੱਢਾ-ਬਿਮਾਰ ਮਨਾਦੀ-ਹੁਕਮ ਦੀ ਉਲੰਘਣਾ ਕਰਨ ਦੀ ਗੁਸਤਾਖ਼ੀ ਕਰਦਾ ਤਾਂ ਕਬਰਾਂ ਦੇ ਬੀਜ ਰੁਸਤਮੇਂ-ਹਰਮ ਦੇ ਰਾਹਾਂ ਦੇ ਇਸ ਢੰਗ ਨਾਲ ਖ਼ਿਲਾਰ ਦਿੱਤੇ ਜਾਂਦੇ ਸਨ ਕਿ ਮਹਾ-ਰਾਜ ਦੀ ਸਵਾਰੀ ਲਈ ਜਾਂਦਾ , ਹਾਥੀਆਂ ਦਾ ਕਾਫ਼ਲਾ ,ਉਨ੍ਹਾਂ ਬੀਜਾਂ ਨੂੰ ਦਰੜ ਕੇ ਨਕਾਰਾ ਨਾ ਕਰ ਦੇਵੇ , ਜਿਨ੍ਹਾਂ ਤੋਂ ਹਾਜੀਆਂ-ਕਾਜ਼ੀਆਂ ਤੇ ਅਹਿਲਕਾਰਾਂ ਨੂੰ ਆਉਂਦੀ ਰੁੱਤ ਲਈ ਲਾ-ਮਿਸਾਲ ਉਪਜ ਹੋਣ ਦੀ ਬੇ-ਮਿਸਾਲ ਉਮੀਦ ਨਜ਼ਰ ਆਉਂਦੀ ਸੀ ।

ਕੀ ਤੁਸੀਂ ਆਪਦੇ ਖੋਜ-ਕਾਰਜ ਦੀਆਂ ਲਭਤਾਂ ਦੇ ਆਧਾਰ ਤੇ ਇਹ ਦੱਸੋਗੇ ਕਿ ਬੰਜਰ ਬੀਆਬਾਨ ਖੇਤਾਂ-ਖੇਤਰਾਂ ਅੰਦਰ ਉਗਾਏ ਜਾਂਦੇ ਬੀਜਾਂ ਤੋਂ ਭਰਵੀਂ ਫ਼ਸਲ ਲੈਣ ਲਈ , ਪੁਰਾਣੇ ਅਜ਼ਮਾਇਸ਼ੀ ਅਭਿਆਸ ਨੂੰ ਤਿਆਗ ਕੇ ਤੁਹਾਨੂੰ ਆਧੁਨਿਕ ਜੰਤਰਾਂ ਅਤੇ ਰਸਾਣਿਕ ਖਾਦਾਂ ਦੀ ਵਰਤੋਂ ਕਰਨ ਦੀ ਕਿਉਂ ਲੋੜ ਪਈ । ਨਹੀਂ, ਤੁਸੀਂ ਨਹੀਂ ਦੱਸ ਸਕੋਗੇ । ਕਿਉਂ ਜੋ ਤੁਹਾਡਾ ਕਾਰਜ-ਖੇਤਰ ਖੋਜ ਹੈ , ਸਾਹਿਤ-ਕਾਰਤਾ ਨਹੀਂ  । ਇਤਿਹਾਸਕਾਰੀ ਵੀ ਨਹੀਂ । ਸਮਾਜਕ-ਸ਼ਾਸ਼ਤਰ ਦੀ ਵਾਕਫ਼ੀ ਵੀ ਤੁਹਾਡੇ ਸੋਚ-ਵਿਸ਼ੇ ਨੂੰ ਉਲਝਾ ਸਕਦੀ ਹੈ ।ਤੁਸੀਂ ਉਪ-ਭਾਵਕ ਹੋ ਸਕਦੇ ਹੋ ਤੇ ਉਪਭਾਵੁਕਤਾ ਤਰਕ-ਵਿਗਿਆਨ ਦੀ ਦਸ਼ਮਣ ਹੈ , ਸਾਰੇ ਤਰਕ-ਵਿਸ਼ਿਆਂ ਦੀ ਨਈਂ , ਕੇਵਲ ਤੁਹਾਡੇ ਵਿਸ਼ੇ ਦੀ , ਭਾਵ ਕਬਰਾਂ ਦੇ ਬੀਜਾਂ ਤੋਂ ਵੱਧ ਤੋਂ ਵੱਧ ਮਮਟੀ-ਝਾੜ ਲੈਣ ਦੇ ਵਿਸ਼ੇ ਦੀ ।

ਔਹ ਜਿਹੜੀ ਮੱਮਟੀ ਤੁਸੀਂ ਮਕਬਰੇ ਦੇ ਐਨ ਬਰਾਬਰ ਖੜੀ ਦੇਖ ਰਹੇ ਹੋ ਨਾ , ਉਸ ਉੱਤੇ ਉੱਕਰੀ ਤਸਵੀਰ ਕਿਸੇ ਨਾਚੀ ਦੀ ਨਈਂ , ਇਕ ਬੇਗਮ ਦੀ ਹੈ , ਜਿਹਦੀ ਖ਼ਾਤਰ ਇਹੋ ਜਿਹੇ ਕਈ ਕਬਰਸਤਾਨ ਬੀਜੇ ਗਏ । ਇਕ-ਦੋ-ਚਾਰ ਵਾਰ ਨਹੀਂ ਅਨੇਕਾਂ ਵਾਰ ਬੀਜੇ ਗਏ । ਤੁਸੀਂ ਉਸ ਤਸਵੀਰ ਨੂੰ ਪਦਮਨੀ ,ਰਜ਼ੀਆ ਜਾਂ ਕੀਲਰ ਵਰਗਾ ਕੋਈ ਨਾਂ ਦੇ ਸਕਦੇ ਹੋ ਕਿ ਜਿਹਦੇ ਨੈਣ-ਨਕਸ਼ਾਂ ਦੇ ਖੇਤਰਫਲ ਅੰਦਰ ਉੱਗੀ ਫਸਲ ਸਪੂਤਨਿਕ ਯੁੱਗ ਦੀ ਕਿਸੇ ਵੀ ਪ੍ਰਾਪਤੀ ਤੋਂ ਘੱਟ ਨਹੀਂ ।

- ਕੀ ਤੁਹਾਨੂੰ ਇਹ ਪਤਾ ਐ ਕਿ ਉਹ ਮੱਮਟੀ ਹੇਠ ਸਾਂਭੀ ਅਪਸਰਾ ਦਾ ਕੀ ਬਣਿਆ । ਹਾਂ ………ਹਾਂ, ਇਹ ਤਾਂ ਜ਼ਰੂਰ ਪਤਾ ਹੋਵੇਗਾ , ਕਿਉਂ ਜੋ ਇਹ ਵਿਗਿਆਨ ਦਾ ਖੇਤਰ ਨਈਂ ,ਦਿਮਾਗ ਦਾ ਬੋਝ ਨਈਂ ,ਦਿਲ ਦਾ ਰੋਗ ਹੈ । ਇਸ ਦੇ ਕਿਟਾਣੂ ਤਾਂ ਪਸ਼ੂ-ਪੰਛੀਆਂ ਅੰਦਰ ਵੀ ਜੀਉਂਦੇ-ਜਾਗਦੇ , ਰਸਦੇ-ਵਸਦੇ ਰਹਿੰਦੇ ਨੇ । ਫਿਰ ਤੁਸੀਂ ਤਾਂ ਹੋ ਈ ਪੰਜ-ਭੂਤਿਕ ਮਨੁੱਖੀ ਸਰੀਰ , ਜਿਨ੍ਹਾਂ ਅੰਦਰ ਵਿਗਸਦਾ ਭੂਤ-ਪ੍ਰਵਾਹ,ਸਮਾਂ-ਸੂਚੀ,ਥਾਂ-ਕੁਥਾਂ,ਯੋਗ-ਅਯੋਗ ਵੀ ਕਦੀ ਨਹੀਂ ਵਿਚਾਰਦਾ । ਅਤੇ ਜਿਸ ਨੂੰ ਸਿਰਫ਼ ਅਪਸਰਾ ਦੀ ਲੋੜ ਹੁੰਦੀ ਹੈ , ਪਦਮਨੀ ਦੀ ਲੋੜ ਹੁੰਦੀ ਹੈ , ਰਜ਼ੀਆ ਦੀ ਲੋੜ ਹੁੰਦੀ ਹੈ ਜਾਂ ਕ੍ਰਿਸਟਰ ਕੀਲਰ ਦੀ । ਇਸਤਰੀ ਦੀ ਨਈਂ , ਘਰ –ਗ੍ਰਹਿਣੀ ਦੀ ਨਈਂ ।

ਤੁਸੀਂ ਭਲਾ ਦਸੋਗੇ ਕਿ ਕਿਉਂ ਤੁਹਾਡੇ ਕਸਟਮ ਅਫ਼ਸਰ ਮਿੱਤਰ ਨੇ ਆਪਣੀ ਘਰ-ਗ੍ਰਹਿਣੀ ਨੂੰ ਗੋਲੀ ਮਾਰ ਕੇ ਹਸਪਤਾਲ ਪੁਜਦਾ ਕਰ ਦਿੱਤਾ ਸੀ ? ਸਿਰਫ਼ ਇਸ ਲਈ ਨਾ ਕਿ ਉਹ ਬੇਚਾਰੀ  ਅਪਣੇ ਮਾਲਕ ਦੇ ‘ਪ੍ਰਾਈਵੇਟ ’ ਕਮਰੇ ਅੰਦਰ ਬਿਨ-ਬੁਲਾਏ ਹੀ ਲੰਘ ਆਈ ਸੀ । ਨਹੀਂ……ਤੁਸੀਂ ਤਾਂ ਇਸ ਗੱਲ ਦਾ ਧੂੰਆਂ ਵੀ ਸੰਘੋਂ ਬਾਹਰ ਨਹੀਂ ਕਢੋਗੇ । ਤੁਸੀਂ ਤਾਂ ਇਸ ਨੂੰ ਆਪਣੀ ਸੁਪਰਮੇਸੀ ਦੀ ਹੱਤਕ ਗਿਣੋਗੇ ਜਾਂ ਅੰਦਰ ਬੈਠੀ ਅਪਸਰਾ ਦਾ ਅਪਮਾਨ । ਕਿਉਂਕਿ ਤੁਹਾਡੇ ਵਿਗਿਆਨ ਦੀਆਂ ਹੇਠਲੀਆਂ ਤੈਹਾਂ ਅੰਦਰ ਵੀ ਗਰਲ-ਫਰੈਂਡਜ਼ ਲਈ ਉਨ੍ਹਾਂ ਹੀ ਸਨੇਹ ਹੈ ਜਿੰਨਾ ਤੁਹਾਡੇ ਸਿਵਲ ਸਰਜਨ ਮਿੱਤਰ ਨੂੰ , ਜਿਸ ਨੇ ਲਹੂ ਨਾਲ ਲੱਥ-ਪੱਥ ਹੋਈ ਸਾੜ੍ਹੀ ਤੇ ਗਨ-ਫ਼ਾਇਰ ਦੀ ਥਾਂ ਅਕਸੈਸ ਯੂਟਰਸ ਫਲੋ ਦੇ ਹਮਲੇ ਦਾ ਸਰਟੀਫੀਕੇਟ ਚਿਪਕਾ ਕੇ ਕਬਰਸਤਾਨ ਦੀ ਜੂਹ ਨੂੰ ਜ਼ਰਖੇਜ਼ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ ।

ਉਂਝ ਤਾਂ ਤੁਹਾਡੇ ਕਾਫ਼ਲੇ ਨਾਲ ਤੁਰੇ ਕਈ ਕਿਸਮਾਂ ਦੇ ਖੋਜ-ਵਿਗਿਆਨੀਆਂ ਨੇ ਭੁਖ-ਮਰੀ ਦੀ ਰੇਖਾ ਤੋਂ ਹੇਠਲੀ ਪੱਧਰ ਤੇ ਸੱਠ-ਸੱਤਰ ਪ੍ਰਤੀਸ਼ਤ ਦੇਸ਼ ਵਾਸੀਆਂ ਖ਼ਾਤਰ ਐਫ.ਸੀ.ਆਈ. ਦੇ ਬਫ਼ਰ-ਸਟਾਕਾਂ ਤੋਂ ਵੀ ਉੱਚੇ-ਉੱਚੇ ਕਬਰ-ਸਟਾਕ ਉਸਾਰਨ ਲਈ ਲਗਾਤਾਰ ਸੰਘਰਸ਼ ਕੀਤਾ ਹੈ , ਪਰ ਚਕਿਤਸਾ ਵਿਗਿਆਨ ਦੇ ਕਨਡੀਸ਼ਨਡ ਅਮਲੇ ਨੇ ਆਪਣੇ ਖੇਤਰ ਵਿਚ ਕਮਾਲ ਦੀਆਂ ਟੀਸੀਆਂ ਸਰ ਕਰ ਦਿਖਾਇਆਂ ਹਨ ।……ਔਹ ਜਿਹੜਾ ਘੁਣ ਖਾਧਾ ਲਕੜ ਦਾ ਪੰਗੂੜਾ ਤੁਸੀਂ ਉੱਚੀ ਮਮਟੀ ਦੇ ਐਨ ਲਾਗੇ ਬੇਹਰਕਤ ਝੂਲਦਾ ਦੇਖ ਰਹੇ ਹੋ ਨਾ , ਉਸ ਮਿਸਤਰੀ ਫ਼ਜ਼ਲ ਮੁਹੰਮਦ ਦੀ ਵਿਧਵਾ ਨੂੰ ਮਿਲੇ ਮੌਰਨੀਆਂ-ਚੀਰਨੀਆਂ ਵਾਲੇ ਰਾਗਲੇ ਚਰਖੇ ਨਾਲ ਖਹਿੰਦਾ , ਦੋ ਊਠਾਂ ਦੀ ਘੁਨੇੜੀ ਚੜ੍ਹ ਕੇ , ਉਸ ਦੀ ਅਮੀਂ-ਘਰੋਂ ਆਇਆ ਸੀ । ਪੰਜਾਂ-ਪੀਰਾਂ ਲਈ ਖੀਰਾਂ , ਸਾਈਂ ਬੁੱਢਣ ਸ਼ਾਹ ਲਈ ਰੋਟ, ਕੰਬਲੀ-ਵਾਲੇ ਫੱਕਰਾਂ ਦੇ ਧਾਗੇ-ਤਬੀਤ ,ਦੇਸੀ-ਦਸੌਰੀ ਜੜੀਆਂ-ਬੂਟੀਆਂ ਤੇ ਅੰਗਰੇਜ਼ੀ-ਵਲੈਤੀ ਕੈਪਸੂਲ-ਗੋਲੀਆਂ ਦੀ ਜ਼ੋਰ –ਅਜ਼ਮਾਈ ਵੀ ਉਸ ਦੇ ਇਕਲੌਤੇ ਬੇਟੇ ਦੇ ਚੌਥੇ ਬੱਚੇ ਨੂੰ ਵੀ ਕਬਰਾਂ ਦੇ ਰੂ-ਬ-ਰੂ ਖੜਾ ਕਰਨ ਤੋਂ ਨਹੀਂ ਸੀ ਬਚਾ ਸਕੀ । ਤੇ ਹੁਣ, ਜਦ ਅਸਲਮ-ਅੱਮੀਂ ਅਤੇ ਉਸਦੀ ਅਲਕਾ ਨੌਂਹ-ਬੇਟੀ ਦੀਆਂ , ਚਾਰ ਬੰਜਰ ਦੁੱਧੀਆਂ ਵਰਗੀਆਂ ਚਾਰ ਨਿੱਕਿਆਂ-ਨਿੱਕਿਆਂ ਕਬਰਾਂ ਇਕ ਪੂਰੀ ਆਇਤਕਾਰ ਵਾਂਗ ਬਰਾਬਰ-ਬਰਾਬਰ ਉਂਗਰ ਆਈਆਂ ਹਨ ਤਾਂ ਬੜੀ-ਅਮਾਂ ਨੇ , ਬਚਦੇ ਪਲਾਂ ਦੀ ਉਮਰ ਦਾ ਸਾਰਾ ਜ਼ਖੀਰਾ ਕਬਰਸਤਾਨ ਦੀ ਭੇਟ ਕਰ ਦਿੱਤਾ ਸੀ । ਕਈਆਂ ਪਹਿਰਾਂ ਤੋਂ ਲਗਾਤਾਰ ਉਹ ਪੰਘੂੜੇ ਦਾ ਝੂਲਣਾ ਫੜੀ ਅਪਣੇ ਮੁਰਦਾ ਅੰਗਾਂ ਨੂੰ ਹਰਕਤ ਦੇਂਦੀ, ਕੁਝ ਪਲਾਂ ਅੰਦਰ ਹੀ ਇਕ ਹੋਰ ਕਬਰ ਬਣ ਜਾਏਗੀ । ਪਰ ,ਤੁਸੀਂ ਉਸ ‘ਮੋਈ ’ ਦੀ ਸ਼ਨਾਖ਼ਤ ਕਰਨ ਲੱਗੇ , ਆਤਮ-ਘਾਤ ਵਰਗਾ ਕੋਈ ਲੇਬਲ ਚਿਪਕਾ ਕੇ ਆਪਣੇ ਜ਼ਿਲਾ ਕੁਲੈਕਟਰ ਦੋਸਤ ਤੋਂ ਕਾਕਟੇਲ ਵਸੂਲਣ ਲਈ ਅਪੀਲ ਦਾਇਰ ਕਰੋਗੇ, ਜਿਸ ਨੇ ਇਸ ਵਰ੍ਹੇ ਦੇ ਨਵੇਂ ਕੋਟੇ ਅੰਦਰ ਕਈਆਂ ਰਸ਼ੀਦ-ਭਾਈਆਂ ਦੀ ਨਸਬੰਦੀ ਕਰਵਾ ਕੇ ਨਵੀਂ ਤਰੱਕੀ ਪ੍ਰਾਪਤ ਕੀਤੀ ਹੈ ।

ਤੇ…..ਹਾਂ , ਖੋਜ ਵਿਗਿਆਨੀ ਜੀ , ਕਬਰਾਂ ਦੀ ਉਮਰ ਦਾ ਕੈਲੰਡਰ ਬਣਾਉਣ ਲਈ ਭਰੇ ਮਿੱਟੀ ਦੇ ਸੈਂਮਪਲਾਂ ਦੀ ਨਿਰਖ-ਪਰਖ ਕਰਕੇ , ਤੁਸੀਂ ਇਹ ਤਾਂ ਦਸ ਹੀ ਸਕੋਗੇ ਕਿ ਸਦੀ ਭਰ ਦੇ ਹਉਕਿਆਂ ਨਾਲ ਗੋਈ ਅਸਲੱਮ ਅੱਮਾਂ ਦੀ ਜੀਉਂਦੀ ਕਬਰ ਅੰਦਰ ਬਹੁਤਾ ਹਨੇਰਾ ਹੈ ਜਾਂ ਚਾਰ ਮਾਸੂਮ ਬਾਲਾਂ ਦੀਆਂ ਨੰਨ੍ਹੀਆਂ-ਨੰਨ੍ਹੀਆਂ ਕਬਰਾਂ ਉੱਪਰ ਟਿਕਾਏ ਸਾਲਮ-ਸਬੂਤੇ ਖਾਲੀ ਪੰਗੂੜੇ ਅੰਦਰ ! ਨਹੀਂ , ਤੁਸੀਂ ਇਹ ਵੀ ਨਹੀਂ ਦਸ ਸਕਦੇ । ਤੁਹਾਡਾ ਸੰਬੰਧ ਤਾਂ ਸਿਰਫ਼ ਕਬਰਾਂ ਵਿਛਾਉਣ ਨਾਲ ਹੈ ,ਉਹਨਾਂ ਅੰਦਰਲੇ ਹਨੇਰੇ ਦੀ ਘਣਤਾ ਨੂੰ ਨਾਪਣਾ ਨਹੀਂ । ਕਾਸ਼, ਕਿ ਤੁਹਾਡੀ ਪ੍ਰਯੋਗਸ਼ਾਲਾ ਦੀ ਕਿਸੇ ਨੁਕਰੇ ਕੋਈ ਅਜਿਹਾ ਜੰਤਰ ਵੀ ਹੁੰਦਾ । ਜਿਹੜਾ ਜੀਉਂਦੀਆਂ ਕਬਰਾਂ ਦੀਆਂ ਅੱਖਾਂ ‘ਚੋਂ ਵਹਿੰਦੀ ਆਬਸ਼ਾਰ ਦੇ ਕਿਊਸਿਕਸ ਨਾਪ ਸਕਦਾ ।

ਉਂਝ ਜੇ ਤੁਹਾਥੋਂ ਅਜਿਹੀਆਂ ਬੇ-ਸ਼ੁਮਾਰ ਅੱਖਾਂ ਦੀਆਂ ਖੱਡਾਂ ਵਿਚੋਂ ਨਿਕਲਦੇ ਛੋਟੇ-ਮੋਟੇ ਨਦੀ-ਨਾਲ੍ਹਿਆਂ ਅਤੇ ਵੱਡੇ-ਛੋਟੇ ਹੰਝੂ-ਦਰਿਆਵਾਂ ਦੇ ਵਹਿਣ ਦਾ ਕਾਰਨ ਪੁੱਛਿਆ ਜਾਵੇ ਤਾਂ ਤੁਸੀਂ ਭੂਮੀ-ਵਿਗਿਆਨ ਦੀਆਂ ਧਾਰਨਾਵਾਂ ਦਾ ਵਾਸਤਾ ਪਾ ਕੇ ਆਖੋਗੇ – ਕਿ ਭੂ-ਮੱਧ ਰੇਖਾ ਵਰਗੇ ਦਿਲੋ-ਦਿਮਾਗ਼ ਉੱਤੇ ਪੈਂਦੀ ਗਮੇਂ-ਜਿਗਰ ਦੀ ਗਰਮੀ ਨਾਲ ਸਾਗਰ-ਸੀਨੇ ‘ਚੋਂ ਉਬਲਦਾ ਪਾਣੀ ਤਲਖ਼-ਹਉਕਿਆਂ ਦੀ ਘੁਨੇੜੀ ਚੜ੍ਹ ਕੇ ਆਲਮੇ-ਬੇਬਸੀ ਦੀ ਸਰਦ ਟੀਸੀ ਨਾਲ ਜਾ ਟਕਰਾਉਂਦਾ ਹੈ ਤੇ ਆਪਣੇ ਹੀ ਭਾਰ ਤੋਂ ਅੱਕਿਆ-ਥੱਕਿਆ , ਡਿਗਦਾ –ਢਹਿੰਦਾ , ਲੁੜਕਦਾ-ਤੁਰਦਾ ਮੁੜ ਆਪਣੇ ਖ਼ਾਰੇ ਸੋਮੇ ਕੋਲ ਜਾ ਪਹੁੰਚਦਾ ਹੈ ।

ਪਰ ਸ੍ਰੀਮਾਨ ਜੀ , ਖ਼ਾਰੇ ਸੋਮੇਂ ਅਤੇ ਤਿੱਖੇ-ਵਹਿਣਾਂ ਦੀ ਤਾਸੀਰ ਵਿਚਲੇ ਅੰਤਰ ਨੂੰ ਨਾਪਣ ਲਈ ਜਿਸ ਜੰਤਰ ਦੀ ਲੋੜ ਹੁੰਦੀ ਹੈ ਉਹ ਕਿਸੇ ਵੀ ਟੈਸਟ-ਕਿੱਟ ਦਾ ਸ਼ਿੰਗਾਰ ਨਹੀਂ ਬਣ ਸਕਦਾ । ਉਹ ਤਾਂ ਧੌਲ ਦੇ ਸਿੰਙਾਂ ਤੇ ਧਰੀ ਧਰਤੀ ਜਿੱਡੀ ਛਾਤੀ ਅੰਦਰਲਾ ਸਿਸਮੋਗਰਾਫ਼ ਹੁੰਦਾ ਹੈ , ਜਿਸ ਉੱਪਰ ਚੜ੍ਹੇ ਡੱਬੀਦਾਰ ਕਾਗ਼ਜ਼ ਉੱਤੇ ਝਰੀਟ ਹੁੰਦੀਆਂ ਲੀਕਾਂ ਏਨੀਆਂ ਗੁੰਝਲਦਾਰ ਓਦੋਂ ਹੁੰਦੀਆਂ ਹਨ , ਜਦੋਂ ਹਰ ਮੱਮਤਾ ਦੀਆਂ ਦੋ-ਦੋ ਨੱਕੋ-ਨੱਕ ਭਰੀਆਂ ਨਦੀਆਂ ਚੁੰਘਦੇ ਬਲੂਰ ਬਾਲ ਚੁਣ-ਚੁਣ ਕੇ , ਗੋਦੀਓਂ ਖੋਹ ਕੇ ਸੰਗੀਨ ਉੱਤੇ ਟੰਗ ਦਿੱਤੇ ਜਾਂਦੇ ਹਨ , ਜਾਂ ਮੰਨ-ਭਾਉਂਦੀਆਂ ਕੁਆਰ-ਕੰਜਕਾਂ ਦੀਆਂ ਸ਼ੀਰ ਨਦੀਆਂ ਕੋਂਹਦੀ ਬੰਦੂਕਾਂ ਦੀ ਪੈੜ-ਚਾਲ, ਬੂਟਾਂ ਦੀ ਦਗੜ-ਦਗੜ ਸਮੇਤ , ਦੂਜੇ ਧਰਮ ਦੇ ਸਰੀਰ-ਅਸਥਾਨਾਂ ਤੇ ਜਾ ਚੜ੍ਹਦੀ ਹੈ ਜਾਂ ਜੋਤ-ਰਹਿਤ ਬਿਰਧ ਹਿਕੜੀਆਂ ਅੰਦਰੋਂ ਨਿਕਲਣ ਵਾਲੀਆਂ ਮਿੱਠੀਆਂ ਅਸੀਸਾਂ, ਟੈਂਕਾਂ ਦੇ ਪਟਿਆਂ ਹੇਠ ਕਿਰਚ-ਕਿਰਚ ਟੁੱਟਦੀਆਂ ਸੰਗਮਰਮਰੀ ਹੱਡੀਆਂ ਵਾਂਗ ਚੂਰਾ-ਚੂਰਾ ਹੋ ਕੇ ਕਬਰਸਤਾਨ ਪਹੁੰਚ ਜਾਂਦੀਆਂ ਹਨ ।

ਵਿਗਿਆਨੀ ਜੀ , ਲੱਖ ਯਤਨ ਕਰੋ ਤੁਸੀਂ ਉਹਨਾਂ ਮਾਸੂਮ ਚੀਕਾਂ ਨੂੰ ਸ਼ਮਸ਼ਾਨ ਘਾਟ ਦੇ ਵਾਯੂ ਮੰਡਲ ‘ਚੋਂ ਕਿਸੇ ਵੀ ਐਨਟੀਨਾ ਤੇ ਕੈਚ ਨਹੀਂ ਕਰ ਸਕਦੇ , ਕਿਉਂਕਿ ਉਹਨਾਂ ਆਵੇਗ ਨਦੀਆਂ ਦਾ ਮੁੱਖ ਸੋਮਾ ਵੀ ਖ਼ਾਰਾ ਸਮੁੰਦਰ ਹੀ ਹੈ, ਜਿਥੋਂ ਉੱਠਣ ਵਾਲੀਆਂ ਝੱਖੜੀ ਪੌਣਾਂ ਨੂੰ ਕਦੀ ਤਾਂ ਆਪਣੇ ਭਾਰ ਤੋਂ ਭੌਝਲ ਹੋ ਕੇ ਹੀ ਵਰਖਾ ਕਰਨੀ ਪੈਂਦੀ ਹੈ , ਪਰ ਕਦੀ ਕਦੀ , ਜੱਖ-ਠੰਡੇ ਪਹਾੜਾਂ ਤੇ ਜੰਮੀ ਚਿੱਟੀ ਉੱਲੀ ਛਿੱਲਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ । ਤੇ ਇਉਂ ਠੰਢੇ-ਸੀਤ ਕੋਹਸਤਾਨ ਵਰਗੇ ਬੁਰਜਾਂ ਦ ਮੁਹੰਮਦੀ-ਇਸ਼ਨਾਨ ਕਰਾਕੇ ਇਹ ਸ਼ਾਂਤ-ਚਿੱਤ ਹਵਾਵਾਂ, ਜਦ ਮੁੜ ਆਪਣੇ ਘਰੀਂ ਪਰਤਣ ਲਗਦੀਆਂ ਹਨ ਤਾਂ ਬਾਹਰਲੇ ਵਿਹੜੇ ਅੰਦਰ ਉੱਗੇ ਸਿੱਪੀਆਂ ਘੋਗੇ,ਕਈ ਸਾਰੀਆਂ ਸੁਆਂਤੀ ਬੂੰਦਾਂ ਆਪਣੀਆਂ ਕੁੱਖਾਂ ਅੰਦਰ ਸਾਂਭ ਕੇ ਹੀਰੇ-ਮੋਤੀਆਂ ਦੇ ਹਾਰਾਂ ਦੇ ਹਾਰ ਜਣ ਲੈਂਦੇ ਹਨ, ਜਿਹੜੇ ਸਮਾਂ ਪਾ ਕੇ ਕਿਸੇ ‘ਗੜਬੜ-ਐਲਾਨੇ’ ਇਲਾਕੇ ਅੰਦਰੋਂ ਚੁਕ ਕੇ ਕਾਲ-ਕੋਠੜੀਆਂ ਵਿਚ ਡੱਕੇ ਹੋਏ ਵੀ ਅਤਿ-ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਜਾਪਦੇ ਹਨ ।

………ਹਾਂ ਸੱਚ, ਆਪਣੇ ਥੀਸਿਸ ਦੇ ਕਿਸੇ ਨਾ ਕਿਸੇ ਫੁੱਟ ਨੋਟ ਅੰਦਰ , ਇਕ ਗੱਲ ਵਿਸ਼ੇਸ਼ ਕਰਕੇ ਲਿਖਣਾ ਨਾ ਭੁਲਣਾ ਕਿ ਕਈ ਵਾਰ ਉਹ ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਖ਼ਾਰੇ ਸਾਗਰ ਦੀਆਂ ਨਹੀਂ ਸਗੋਂ ਕਿਸੇ ‘ਸਾਫ-ਸੁਥਰੇ ’ ਸਰੋਵਰ ਦੀ ਪੈਦਾਵਾਰ ਹੁੰਦੀਆਂ ਹਨ ,ਜਿਥੋਂ ਚੂਲੀ ਲੈਣ ਆਉਂਦੇ , ਹਰ ਆਦਮ ਤੇ ਹਵਾ ਨੇ ਵਿਵਰਜਤ ਫਲ ਹਰ ਹੀਲੇ ਖਾਣਾ-ਹੀ-ਖਾਣਾ ਹੁੰਦਾ ਹੈ , ਭਾਵੇਂ ਉਹਨਾਂ ਦੇ ਲਹੂ-ਮਾਸ ਨੂੰ ਆਰਿਆਂ ਦੇ ਤੇਜ਼ਧਾਰ ਦੰਦਿਆਂ ਹੇਠ ਬੰਨ੍ਹ ਕੇ ਚੀਰ ਵੀ ਕਿਉਂ ਨਾ ਦਿੱਤਾ ਜਾਵੇ ।
ਕਿਉਂ ਸਾਬ੍ਹ, ਘਬਰਾ ਗਏ ….ਡਰੋ ਨਹੀਂ , ਸਹਿਮ ਨਾ ਖਾਓ । ਤੁਹਾਨੂੰ ਤਾਂ ਸਗੋਂ ਇਹੋ ਜਿਹੀ ਸਮਾਚਾਰੀ ਸੂਚਨਾ ਸੁਣ ਕੇ ਪ੍ਰਸੰਨ ਹੋਣਾ ਚਾਹੀਦਾ ਹੈ , ਕਿਉਂਕਿ ਸੀਰ ਨਦੀਆਂ ਨੂੰ ਜਨਮ ਦੇਣ ਵਾਲੇ ਵਿਸ਼ਾਲ ਸਾਗਰ ਵਾਂਗ ਸਰੋਵਰ ਇਕ ਨਹੀਂ ਹੁੰਦਾ ਅਨੇਕ ਹੁੰਦੇ ਹਨ ਅਤੇ ਉਹਨਾਂ ਦਾ ਰੰਗ-ਬਰੰਗਾ ਖ਼ਾਰਾਪਨ ਵੀ ਵੱਖ-ਵੱਖ ਕਿਸਮਾਂ ਦੀਆਂ ‘ਮੱਛੀਆਂ ’ ਪਾਲ ਕੇ ਦੂਰ ਕਰ ਦਿੱਤਾ ਜਾਂਦਾ ਹੈ ।

ਪਰੰਤੂ , ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਗਰ ਅਤੇ ਸਰੋਵਰ ਵਿਚਲੀ ਸਮੱਗਰੀ ਨੂੰ ਤਿਆਰ ਕਰਨ ਵਾਲੀਆਂ ਗੈਸਾਂ ਦੇ ਅਨੁਪਾਤ ਅੰਦਰ ਕਿਸੇ ਕਿਸਮ ਦੀ ਗੜ-ਬੜੀ ਹੁੰਦੀ ਹੈ । ਫ਼ਰਕ ਸਿਰਫ਼ ਇਹ ਹੈ ਕਿ ਨਿੱਕੇ-ਵੱਡੇ ਨਦੀ-ਨਾਲ੍ਹਿਆਂ ਦੇ ਤਿਖੇ-ਧੀਮੇਂ ਵਹਿਣਾਂ ਨੂੰ ਭੁਰਭਰੀ ਤੇ ਖ਼ਚਰੀ ਕਿਸਮ ਦੇ ਸਿੱਲ-ਪੱਥਰਾਂ ਨਾਲ ਦੋ-ਚਾਰ ਹੁੰਦਿਆਂ ,ਆਪਣੇ ਛੈਲ-ਛਬੀਲੇ ਸੁਭਾ ਅੰਦਰ ਜਿਹੜੀ ਤਬਦੀਲੀ ਲਿਆੳਣੀ ਪੈਂਦੀ ਹੈ ਉਸ ਕਿਸੇ ਸਰੋਵਰ ਜਾਂ ਬੋਲੀ ਦੇ ਸੰਗਮਰਮਰੀ ਕੰਢਿਆਂ ਨੂੰ ਕਦੇ ਨਸੀਬ ਨਹੀਂ ਹੁੰਦੀ । ……ਔਹ ਤੁਹਾਡੀ ਪਿੱਠ ਪਿੱਛੇ ਉੱਗਿਆ ਦਰਬਾਨ , ਨਿੱਕੀ ਇੱਟ ਦਾ ਪੁਰਾਣਾ ਖੂਹ, ਉਹਨਾਂ ਕੁੰਭਾਂ-ਛੱਪੜਾਂ ਦੀ ਸ਼ਾਖਸਾਤ ਉਦਾਹਰਣ ਬਣ ਸਕਦਾ ਹੈ ਜਿਸ ਦੀ ਤਿਲਕਣੀ ਮੌਣ ਕੋਲੋਂ ਦੀ ਲੰਘਦਾ ਹਰ ਬਸ਼ਰ ਕਬਰ ਬਣਦਾ ਹੈ ਜਾਂ ਕੈਦੀ , ਮੈਡਲ ਬਣਦਾ ਹੈ ਜਾਂ ਸਰਕਾਰੀ ਐਲਾਨ , ਜਿੱਸ ਨੂੰ ਸੁਣਦਿਆਂ ਸਾਰ ਤੁਸੀਂ ਉਸ ਨੂੰ ਆਪਣੀ ਛਾਤੀ ਤੇ ਚਿਪਕਾ ਕੇ ਨਵੇਂ ਕਾਰਜ-ਖੇਤਰ ਲਈ ਬੇਚੈਨ ਹੋ ਉਠਦੇ ਹੋ ।

‘ਸਤਿਕਾਰ ਯੋਗ ’ਖੋਜੀ ਜੀਓ , ਆਪਣੀ ਕਾਰਜਸ਼ੀਲਤਾ ਦੀ ਰੌਂਅ ਅੰਦਰ ਰੁੜ੍ਹਦੇ-ਰੁੜ੍ਹਦੇ ਤੁਸੀਂ ਇਹ ਹਰਗਿਜ਼ ਨਾ ਭੁਲ ਬੈਠਣਾ ਕਿ ਜੱਦ ਕਦੀ ਖ਼ਾਰੇ ਸਮੁੰਦਰ ਨੂੰ ਸਖੇਪ ਹੋ ਕੇ ਇਕ ਸਰਵਲੋਹ ਦੇ ਬਾਟੇ ਦਾ ਆਕਾਰ ਧਾਰਨ ਕਰਨਾ ਪੈਂਦਾ ਹੈ , ਤਾਂ ਸੁਆਂਤੀ ਬੂੰਦਾਂ ਸਾਂਭਣ ਵਾਲੀਆਂ ਕੁੱਖਾਂ ਦਾ ਨਾਂ ‘ਜੀਜਾ ਬਾਈ-ਗੁਜਰੀ ’ ਰੱਖਣਾ ਪੈਂਦਾ ਹੈ ਜਾਂ ‘ਲਕਸ਼ਮੀ ਬਾਈ ਵਿਦਿਆਵਤੀ ’ ਜਿਹੜੀਆਂ ਕਦੀ ਵੀ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਦੀ ਫ਼ਸਲ ਖ਼ਾਤਰ ਕਲੰਕਤ ਨਹੀਂ ਕਰਦੀਆਂ । ਉਹ ਕੁੱਖਾਂ ਹਿਮਾਲਿਆ ਜਿੱਡੀਆਂ ਉੱਚੀਆਂ ਆਪਣੀਆਂ ਛਾਤੀਆਂ ‘ਚੋਂ ਵਗਦੇ ਸ਼ੀਰ ਨਾਲ ‘ਗੋਬਿੰਦਰਾਏ ਸਿੰਘ ’ ਪਾਲਦੀਆਂ ਹਨ ਜਾਂ ‘ਸ਼ਿਵ ਰਾਣੇ ਪ੍ਰਤਾਪ ’ ‘ਭਗਤ-ਰਾਜਗੁਰੂ-ਸੁਖਦੇਵ ’ ਪਾਲਦੀਆਂ ਜਾਂ ‘ਰਾਮ-ਮਹੁੰਮਦ-ਡੇਨੀਅਲ ’ ਤੁਹਾਡੀ ਤਰ੍ਹਾਂ ਹਿੰਦੋਸਤਾਨ, ਪਾਕਿਸਤਾਨ , ਖਾਲਿਸ…….ਤਾਨ ਜਾਂ ਕਬਰਸਤਾਨ ਨਹੀਂ । ਤੁਸੀਂ ਆਖੋਗੇ ਕਿ ਉਹ ਤੁਹਾਡੀ ਜਿਣਸ ਦੇ ਰੀਸਰਚ –ਸਕਾਲਰ ਨਹੀਂ ਹੁੰਦੇ , ਆਧੁਨਿਕ ਤੇ ਨਵੀਨਤਮ ਖੋਜਾਂ ਤੋਂ ਵਾਕਿਫ਼ ਨਹੀਂ ਹੁੰਦੇ । ਪਰ , ਆਧੁਨਿਕਵਾਦੀ ਜੀ , ਤੁਹਾਡੇ ਅੰਦਰ ਉਗਰੀ ਨਵੀਨਤਾ ਜਾਂ ਤਾਂ ਹੀਰੋਸ਼ੀਮੇਂ ਪੈਦਾ ਕਰਦੀ ਹੈ ਜਾ ਕਾਲਿੰਗੇ । ਉਹਨਾਂ ਵਾਂਗ ਖਿਦਰਾਣੇ ਨਹੀਂ ਜੰਮਦੀ ਨਾ ਹੁਸੈਨੀਵਾਲੇ, ਜਿਹਨਾਂ ਅੰਦਰਲੀ ‘ਪੁਰਾਤਨਤਾ ’ ਕਦੀ ਕਬਰਾਂ ਨਹੀਂ ਬੀਜਦੀ । ਉਹ ਤਾਂ ਬਸ ਸਤੰਭ ਜਣਦੀ ਹੈ ਜਾਂ ਸਮਾਧਾਂ , ਜਿਹੜੀਆਂ ਕਬਰਸਤਾਨ ਦੇ ਖੇਤਰਫ਼ਲ ਅੰਦਰ ਬਿਲਕੁਲ ਨਹੀਂ ਸਮਾ ਸਕਦੀਆਂ । ਉਹਨਾਂ ਸਮਾਧਾਂ-ਸਤੰਭਾਂ ਦੇ ਕਿਰਮਚੀ ਕਲਸਾਂ ਤੋਂ ਉਠਦੀ ਕਿਰਮਚੀ ਕਿਰਨ ਤਾਂ ਧੁਰ ਆਕਾਸ਼ ਦਾ ਸੀਨਾ ਛੇਕਦੀ ਹੈ , ਸਤਰੰਗੀ ਪੀਂਘ ਦੇ ਫੈਲਾ ਵਾਂਗ ਖਿੱਲਰਦੀ ਹੈ । ਉਹ ਕਦੀ ਵੀ ਧਰਤੀ ਦੀ ਹਿੱਕ ਨਹੀਂ ਸਾੜਦੀ, ਸੁਆਹ ਦੀ ਢੇਰੀ ਨਹੀਂ ਬਣਦੀ । ਨਾ ਮਿੱਟੀ ਹੇਠ ਦੱਬ ਹੋ ਕੇ ਅਪਣੀ ਹੋਂਦਾ ਤੋਂ ਰੁਖਸਤ ਹੁੰਦੀ ਹੈ ਨਾ ਦਰਿਆ ਬੁਰਦ ਹੋ ਕੇ । ਉਹ ਤਾ ਬਸ ਜਾਗਦੀ ਹੈ ਜਾਗਦੇ ਸਿਵੇ ਵਾਂਗ । ਮੌਲਵੀ ਚਰਾਗਦੀਨ ਦੀ ਪੱਕੀ ਕਬਰ ਸਰਹਾਣੇ ਗੱਡੀ ਹਰੀ ਝੰਡੀ ਵਾਂਗ । ਹਕੀਮ ਫ਼ਜ਼ਲ-ਮੁਹੰਮਦ ਦੀ ਕੱਚੀ ਕਬਰ ਤੇ ਉੱਗੇ ਹਰੇ-ਕਰੂਚ ਜੰਡ ਵਾਂਗ । ਜੰਡ ਉੱਪਰ ਬੰਨੇ ਚਿੱਟੇ-ਦੂਧੀਆ ਪਰਚਮ ਵਾਂਗ, ਜਿੱਸ ਦਾ ਉੱਚਾ-ਲੰਮਾ ਕੱਦ ਚਿੱਟੇ ਉਕਾਬ ਦੀ ਉਡਾਨ ਨਾਲ ਮਿਣਿਆ ਜਾਂਦਾ ਹੈ ।
ਪਿਆਰੋ ਖੋਜੀ ਜੀ , ਤੁਸੀਂ ਹੱਡਾ-ਰੋੜੀ ਦੀਆਂ ਵੋਟਾਂ ਗਿਣਦੇ ਕਿਸੇ ਇੱਲ ਨੂੰ ਉਕਾਬ ਸਮਝ ਕੇ ਅਪਣੇ ਖੋਜ-ਕਾਰਜ ਨੂੰ ਦੂਸ਼ਿਤ ਨਾ ਕਰ ਬੈਠਣਾ , ਕਿਉਂ ਜੋ ਉਕਾਬ ਤਾਂ ਜੰਡ ਦੇ ਪਰਚਮ ਨੂੰ ਛਾਂ ਕਰਨ ਨਿਕਲਿਆ ਹਰ ਤਰ੍ਹਾਂ ਦੀ ‘ਵਾਦੀਏ-ਮੁਖਾਲਿਫ਼ ’ ਸਾਹਮਣੇ ਸੀਨਾ ਤਾਣ ਕੇ ਉਡਦਾ ਹੈ ਅਤੇ ਆਕਾਸ਼ਬਾਣੀ ਤੋਂ ਉਠਦੇ ਹਰ ਤਾਜ਼ਾ ਬਿਆਨ ਦੇ ਬਿਲ-ਮੁਕਾਬਿਲ ਖੜਾ ਹੋ ਕੇ ਐਲਾਨ ਕਰਦਾ ਹੈ ਕਿ – ਆਕਾਸ਼ ਉੱਤੇ ਛਾਈ ਧੂੜ ਦਾ ਰੰਗ ਕਾਲ-ਕੋਠੜੀਆਂ ਅੰਦਰ ਦੜੇ ਮਾਸੂਸ ਬਾਲਾਂ ਦੀਆਂ ਨਰਮ-ਨਾਜ਼ਕ ਖਾਖਾਂ ਤੇ ਪਸੱਰੀ ਆਪ-ਮੁਹਾਰੀ ਲਾਲੀ ਵਰਗਾ ਹੈ , ਅਤੇ ਜੰਗਲ ਨੂੰ ਲਾਈ ਅੱਗ ਦਾ ਰੰਗ ਤਪਦੀ ਭੱਠੀ ‘ਚੋਂ ਨਿਕਲਦੀ ਲਾਟ ਦੇ ਸੇਕ ਵਰਗਾ । ਇਸ ਲਈ ਇਲੈਕਸ਼ਨ ਵਾਇਦਿਆਂ ਤੋਂ ਅੱਕੇ-ਥੱਕੇ, ਤਪਦੇ –ਸੜਦੇ ਖੇਤਾਂ ‘ਚੋਂ ਲੰਘਦੇ ਨੰਗੇ ਪੈਰਾਂ ਦੇ ਸਫ਼ਰ ਨੂੰ ਇਹ ਵਿਸ਼ਵਾਸ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਦੂਰ ਖੜੀਆਂ ਦਿਸਦੀਆਂ ਦੋ ਧਿਰਾਂ ਦਾ ਤਾਪਮਾਨ ਇਕ ਦੂਜੀ ਨਾਲ ਘਿਓ –ਖਿਚੜੀ ਹੋਇਆ , ਭੂ-ਮੱਧ ਰੇਖਾ ਉੱਤੇ ਕਹਿਰਵਾਨ ਹੋਣ ਲਈ ਕਮਰ-ਕੱਸੇ ਕੀਤੀ ਖੜਾ ਹੈ , ਕਿਉਂਕਿ ਕਬਰਸਤਾਨ ਉੱਤੇ ਜੰਮੀ ਨੀਲੀ-ਚਿੱਟੀ ਝਿੱਲੀ ਖਰੋਚਣ ਵਾਲੀਆਂ ਲਾਲ-ਕਿਰਮਚੀ ਪੌਣਾਂ , ਹੁਣ ਇਨਸੈਟ ਦੀ ਬਜਾਏ ਆਫਸੈਟ ਦੀ ਅਗਵਾਈ ਕਬੂਲਣ ਲੱਗ ਪਈਆਂ ਹਨ ।

Viewing all 80 articles
Browse latest View live