ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ, ਕਿ ਨਾ ਤਾਂ ਇਹ ਆਪ ਸ਼ਾਂਤੀ ਨਾਲ ਜੀਅ ਸਕਿਆ ਅਤੇ ਨਾ ਇਸ ਨੇ ਕਿਸੇ ਨੂੰ ਸ਼ਾਂਤ ਰਹਿਣ ਹੀ ਦਿੱਤਾ। ਮੇਰੀ ਨਜ਼ਰ ਵਿੱਚ ਚੁਰਾਸੀ ਲੱਖ ਜੂਨਾਂ ਦੇ “ਸਰਦਾਰ” ਬੰਦੇ ਨਾਲੋਂ ਹਰ ਜੀਵ ਜੰਤੂ ਸੁਖਾਲਾ ਹੈ। ਕੋਈ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਚੰਦਰਮਾਂ ਕਿਸ ਧਰਮ ਨਾਲ ਸਬੰਧਿਤ ਹੈ? ਉਸ ਨੂੰ ਕੁਝ ਲੋਕ “ਈਦ ਦਾ ਚੰਦ” ਅਤੇ ਕਈ “ਪੁੰਨਿਆਂ ਦਾ ਚੰਦ” ਆਖ ਪੁਕਾਰਦੇ, ਸਤਿਕਾਰ ਦਿੰਦੇ ਹਨ। ਪਰ ਚੰਦਰਮਾਂ ਨੂੰ ਕੋਈ ਫ਼ਰਕ ਨਹੀਂ, ਕਿਉਂ….?? ਕਿਉਂਕਿ ਉਸ ਵਿੱਚ “ਤੇਰ-ਮੇਰ” ਨਹੀਂ ਅਤੇ ਨਾ ਹੀ ਉਹ ਕਿਸੇ “ਵੰਡ” ਦਾ ਪ੍ਰਤੀਕ ਹੈ। ਜਾਨਵਰ ਚਾਹੇ ਕਿਸੇ ਧਰਮ ਦੇ ਠੇਕੇਦਾਰ ਦੇ ਘਰ ਚਲਿਆ ਜਾਵੇ, ਉਹ ਨਿਰਲੇਪ ਅਤੇ ਨਿਰਮਲ ਹੀ ਰਹਿੰਦਾ ਹੈ। ਸਾਡੇ ਗੁਰੁ ਸਾਹਿਬ ਜੀ ਨੇ “ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।” ਸ਼ਬਦ ਦਾ ਫ਼ੁਰਮਾਨ ਕਰ ਕੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਸਿਰਫ਼ “ਜਿਨ ਪ੍ਰੇਮ ਕੀਓ” ਬਚਨ ਦਾ ਫ਼ੁਰਮਾਨ ਕੀਤਾ। ਅੱਜ ਮੈਂ ਇੱਕ ਜਾਨਵਰ ਦੀ ਓਸ ਪਾਕ-ਪਵਿੱਤਰ ਅਤੇ ਨਿਰ-ਸੁਆਰਥ ਮੁਹੱਬਤ ਦੀ ਗੱਲ ਕਰਨ ਜਾ ਰਹੀ ਹਾਂ, ਜਿਸ ਨੂੰ ਮੈਂ ਖ਼ੁਦ ਜੀਵਿਆ। ਪੌਣੇ ਦੋ ਸਾਲਾਂ ਵਿੱਚ ਉਸ ਨੇ ਨਾ ਕਦੇ ਕੋਈ ਸ਼ਿਕਵਾ ਕੀਤਾ ਅਤੇ ਨਾ ਤਾਹਨਾਂ ਦਿੱਤਾ। ਜਿੰਨੀ ਦੇਰ ਸਾਡੇ ਘਰ ਰਿਹਾ, ਮੁਹੱਬਤਾਂ ਦੇ ਪੁਸ਼ਪ ਹੀ ਬਿਖ਼ੇਰਦਾ ਰਿਹਾ। ਬੰਦੇ ਨੂੰ ਜੇ ਕੁਝ ਹੋਰ ਨਾ ਸੁੱਝੇ, ਤਾਂ ਦਾਲ-ਸਬਜ਼ੀ ਵਿੱਚ ਲੂਣ ਘੱਟ ਜਾਂ ਵੱਧ ਹੋਣ ਦੇ ਸ਼ਿਕਵੇ ਹੀ ਦਿਖਾਈ ਜਾਂਦਾ ਰਹਿੰਦਾ ਹੈ।
“ਰਾਓ” ਸਾਡੇ ਕੁੱਤੇ ਦਾ ਨਾਮ ਹੈ । ਜਿਸ ਦੀ ਉਮਰ ਤਕਰੀਬਨ ਪੌਣੇ ਕੁ ਦੋ ਸਾਲ ਦੀ ਹੈ । ਨਸਲ ਵੱਲੋਂ ਸਾਇਬੇਰੀਅਨ ਹੱਸਕੀ, ਨੀਲੀਆਂ ਬਲਾਉਰੀ ਅੱਖਾਂ, ਚਿੱਟੇ ਰੰਗ ਦੇ ਫ਼ਰ ਵਿੱਚ ਕਿਤੇ-ਕਿਤੇ ਹਲਕਾ ਭੂਰੇ ਅਤੇ ਖਾਕੀ ਰੰਗ ਦਾ ਚਟਾਕ ਬਹੁਤ ਹੀ ਮਨ-ਲੁਭਾਊ ਲੱਗਦਾ ਹੈ। ਮੱਥੇ ‘ਤੇ ਤ੍ਰਿਸੂਲ-ਨੁਮਾਂ ਕੱਟ ਬਣਿਆ ਹੋਇਆ ਹੈ। ਉਚੇ ਕੱਦ ਦਾ ਮਾਲਕ, ਖੜ੍ਹੇ ਕੰਨ, ਲੰਬੀ ਪੂਛ ਵਾਲਾ ਬੇਹੱਦ ਖੂਬਸੁਰਤ ਕੁੱਤਾ। ਇਸ ਦਾ ਆਕਰਸ਼ਣ ਕਿਸੇ ਨੂੰ ਵੀ ਮੋਹਿਤ ਕਰ ਸਕਦਾ ਹੈ। ਰਾਓ ਨੂੰ ਅਸੀਂ ਕਿਸੇ ਬੱਚੇ ਵਾਂਗ ਪਾਲ਼ਿਆ। ਕਰੀਬ ਦੋ ਸਾਲ ਸਾਡੇ ਘਰ ਵਫ਼ਾਦਾਰ ਬੱਚਾ ਬਣ ਕੇ ਸਾਡੇ ਘਰ ਰਿਹਾ, ਅਖੀਰ ਜਦ ਰਾਓ ਦੇ ਜਾਣ ਦਾ ਵੇਲਾ ਆਇਆ ਤਾਂ ਸਾਰੇ ਟੱਬਰ ਦਾ ਕੀ ਹਾਲ ਹੋਇਆ, ਬਿਆਨ ਕਰਨ ਤੋਂ ਕਿਤੇ ਬਾਹਰ ਹੈ! ਨਹੁੰਆਂ ਨਾਲੋਂ ਮਾਸ ਟੁੱਟਣ ਦਾ ਮੁਹਾਵਰਾ ਸੁਣਿਆਂ ਹੋਇਆ ਸੀ, ਪਰ ਜਦ ਰਾਓ ਨੇ ਸਾਡਾ ਘਰ ਛੱਡਿਆ ਤਾਂ ਮਹਿਸੂਸ ਕੀਤਾ ਕਿ ਨਹੁੰਆਂ ਨਾਲੋਂ ਮਾਸ ਵੱਖ ਹੋਣਾ ਸ਼ਾਇਦ ਇਸੇ ਨੂੰ ਹੀ ਆਖਦੇ ਹੋਣਗੇ? ਨਹੁੰਆਂ ਨਾਲੋਂ ਮਾਸ ਵੱਖ ਹੋਣ ‘ਤੇ ਸ਼ਾਇਦ ਬਹੁਤ ਜਿਸਮਾਨੀ ਪੀੜ ਹੁੰਦੀ ਹੋਵੇ, ਪਰ ਰਾਓ ਦੇ ਵਿਛੋੜੇ ਨੇ ਸਾਨੂੰ ਸਭ ਨੂੰ ਧੁਰ ਤੱਕ ਝੰਜੋੜ ਛੱਡਿਆ ਹੈ। ਸੰਯੋਗ ਅਤੇ ਵਿਯੋਗ ਦੇ ਕਿੱਸੇ ਅਸੀਂ ਸੁਣਦੇ ਪੜ੍ਹਦੇ ਆਏ ਹਾਂ, ਪਰ ਪਤਾ ਓਦੋਂ ਲੱਗਦਾ ਹੈ, ਜਦ ਕਿਸੇ ਦਾ ਵਿਛੋੜਾ ਖ਼ੁਦ ਸਰੀਰ ਉਪਰ ਹੰਢਾਉਣਾ ਪੈਂਦਾ ਹੈ। ਉਹ ਵੀ ਉਸ ਵਫ਼ਾਦਾਰ ਜਾਨਵਰ ਦਾ ਵਿਛੋੜਾ, ਜਿਸ ਉਪਰ ਇੱਕ ਰਤੀ ਮਾਤਰ ਵੀ ਸ਼ਿਕਾਇਤ ਨਾ ਹੋਵੇ!
ਮੇਰਾ ਛੋਟਾ ਬੇਟਾ ਜਸ਼ਨ ਰਾਓ ਨੂੰ “ਰੀਹੋਮ” (ਕੁੱਤੇ ਵਾਸਤੇ ਨਵਾਂ ਘਰ ਲੱਭਣਾ) ਕਰਨ ਵਾਸਤੇ “ਡੌਗ ਟਰੱਸਟ” ਵਾਲਿਆਂ ਨਾਲ ਸਮਾਂ ਬਣਾ ਰਿਹਾ ਸੀ। ਉਸ ਦੀ ਅਵਾਜ਼ ਜਿਵੇਂ ਮੇਰੇ ਕੰਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਰਾਓ ਦੇ ਵਿਛੋੜੇ ਦਾ ਅਹਿਸਾਸ ਕਰ ਕੇ ਮੇਰੇ ਦਿਲ ਵਿੱਚ ਹੌਲ ਪਈ ਜਾ ਰਹੇ ਸਨ। ਮੈਂ ਛੇਤੀ ਨਾਲ ਰਾਓ ਨੂੰ ਜੱਫ਼ੀ ਪਾ ਲਈ ਅਤੇ ਪਲੋਸਣ ਲੱਗ ਪਈ। ਮੇਰੀਆਂ ਅੱਖਾਂ ‘ਚੋਂ ਹੰਝੂ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਰਾਓ ਆਪਣੀ ਜੀਭ ਮੇਰੇ ਹੱਥ ‘ਤੇ ਮਾਰ ਕੇ ਜਿਵੇਂ ਮੇਰੇ ਰੋਣ ਦਾ ਕਾਰਨ ਪੁੱਛ ਰਿਹਾ ਸੀ ਅਤੇ ਮੈਂ ਮੂੰਹੋਂ ਕੁਝ ਨਾ ਬੋਲ ਕੇ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਝਾਤੀ ਮਾਰਦੇ ਹੋਏ ਅਤੀਤ ਵਿੱਚ ਚਲੀ ਗਈ। …..ਮੇਰੀਆਂ ਅੱਖਾਂ ਵਿੱਚ ਹੰਝੂ ….. ਅਤੇ ਕੰਨਾਂ ਵਿੱਚ ਫ਼ੋਨ ਦੀ ਉਹ “ਟਰਨ-ਟਰਨ” ਘੰਟੀ ਵੱਜਣ ਲੱਗ ਪਈ, ਜਦ ਮੇਰੇ ਬੇਟੇ ਜਸ਼ਨ ਨੇ ਰਾਓ ਨੂੰ “ਅਡੌਪਟ” ਕਰਨ ਲਈ ਮੈਨੂੰ ਫੋਨ ਕੀਤਾ ਸੀ।…..
ਫ਼ੋਨ ਦੀ ਘੰਟੀ ਵੱਜੀ, ਮੈਂ ਡਿਊਟੀ ‘ਤੇ ਸੀ।
ਬੇਟੇ ਦਾ ਨੰਬਰ ਦੇਖ ਕੇ ਮੈਂ ਫ਼ੋਨ ਚੁੱਕ ਲਿਆ ਅਤੇ “ਹੈਲੋ” ਆਖੀ।
“ਮੰਮ, ਅਸੀ ਇੱਕ ਕੁੱਤਾ ਪਸੰਦ ਕੀਤਾ ਹੈ, ਪਲੀਜ਼ ਤੁਸੀ ਕੁੱਤਾ ਘਰ ਲਿਆਉਣ ਵਾਸਤੇ ਹਾਂ ਕਹਿ ਦੇਵੋ, ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ।” ਜਸ਼ਨ ਨੇ ਜਿਵੇਂ ਤਰਲਾ ਪਾ ਰਿਹਾ ਸੀ।
“……………….।” ਮੈਂ ਨਿਰੁੱਤਰ ਸੀ। ਪਰ ਮੈਨੂੰ ਪਤਾ ਸੀ ਕਿ ਫ਼ਲੈਟਨੁਮਾਂ ਛੋਟੇ ਘਰ ਵਿਚ ਕੁੱਤਾ ਰੱਖਣਾ ਬਹੁਤ ਔਖਾ ਹੈ। ਜਸ਼ਨ ਦੇ ਨਾਲ ਬੈਠੇ ਵੱਡੇ ਬੇਟੇ ਅਮਨ ਨੇ ਵੀ ਕੁੱਤਾ ਲੈਣ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।
“ਤੁਸੀ ਸਮਝਣ ਦੀ ਕੋਸ਼ਿਸ਼ ਕਰੋ ਬੇਟੇ, ਕੁੱਤਾ ਪਾਲਣਾ ਬਹੁਤ ਹੀ ਜਿੰਮੇਵਾਰੀ ਦਾ ਕੰਮ ਹੈ, ਇੱਥੇ ਇੰਡੀਆ ਵਾਲਾ ਕੰਮ ਤਾਂ ਹੈਨ੍ਹੀ, ਆਪਾਂ ਸਾਰੇ ਹੀ ਜੌਬ ਕਰਦੇ ਹਾਂ, ਜਾਨਵਰ ਦੀ ਸਾਂਭ ਸੰਭਾਲ ਵਾਸਤੇ ਟਾਇਮ ਕੱਢਣਾ ਮੁਸ਼ਕਿਲ ਹੈ, ਦੂਜਾ ਆਪਣੇ ਘਰ ਥਾਂ ਬਹੁਤ ਥੋੜ੍ਹੀ ਹੈ। ਮੇਰੇ ਵੱਲੋਂ ਕੋਰੀ ਨਾਂਹ ਹੈ!” ਕਹਿ ਕੇ ਮੈਂ ਥੋੜੀ ਪ੍ਰੇਸ਼ਾਨ ਹੋ ਗਈ। ਪਰੰਤੁ ਬਹੁਤ ਸਾਰੇ ਵਾਇਦੇ, ਇੱਕਰਾਰ ਅਤੇ ਜ਼ਿਦ ਕਰਕੇ ਬੇਟੇ ਕੁੱਤਾ ਲਿਆਉਣ ਵਿੱਚ ਕਾਮਯਾਬ ਹੋ ਗਏ। ਇੰਟਰਨੈੱਟ ਤੋਂ ਪਸੰਦ, ਉਹ ਪਹਿਲਾਂ ਹੀ ਕਰ ਚੁੱਕੇ ਸੀ।
ਸ਼ਨੀਵਾਰ ਦਾ ਦਿਨ ਪੱਕਾ ਕਰਕੇ ਦੋਵੇਂ ਬੇਟੇ ਨਾਲ ਅਮਨ ਦੀ ਦੋਸਤ ਕੁੜੀ ਆਂਦਰਿਆ ਨੂੰ ਨਾਲ ਲੈ ਕੇ ਚਲੇ ਗਏ। ਇੱਕ ਹੋਰ ਜੀਅ ਘਰ ਵਿਚ ਜੋੜਨ ਲਈ। ਸ਼ਾਮ ਨੂੰ ਆਂਦਰਿਆ ਦੀ ਗੋਦ ਵਿੱਚ, ਤੌਲੀਏ ਵਿੱਚ ਲਿਪਟਿਆ ਇੱਕ ਨਿੱਕਾ ਜਿਹਾ ਜੀਅ ਆਪਣੀ ਮਾਂ ਦੇ ਘਰ ਤੋਂ ਮੇਰੇ ਘਰ ਦਾ ਸਫ਼ਰ ਸ਼ੁਰੂ ਕਰ ਚੁੱਕਾ ਸੀ। ਕਰੀਬ ਅੱਠ ਘੰਟੇ ਦਾ ਸ਼ਫਰ ਤਹਿ ਕਰ ਕੇ, ਲਗਾਤਾਰ ਸਫ਼ਰ ਕਰਨ ਤੋਂ ਬਾਅਦ, ਰਾਤ ਦੇ ਢਾਈ ਵਜੇ ਵਾਪਿਸ ਆ ਚੁੱਪ-ਚਾਪ ਮੇਰੇ ਬੈੱਡ ਤੇ ਨਿੱਕੇ ਜਿਹੇ ਕਤੂਰੇ ਨੂੰ ਰੱਖ ਦਿੱਤਾ। ਉਹ “ਚੂੰ-ਚੂੰ” ਕਰਦਾ ਮੇਰੇ ਵਿੱਚ ਆਸਰਾ ਜਿਹਾ ਲੱਭਣ ਲੱਗ ਪਿਆ।
“ਵੇ ਆਹ ਤਾਂ ਬਹੁਤਾ ਈ ਨਿੱਕਾ ਜਿਆ ਹੈ।” ਮੈਨੂੰ ਦੇਖ ਕੇ ਤਰਸ ਜਿਹਾ ਆਇਆ।
“ਸਿਰਫ਼ ਸੱਤ ਹਫ਼ਤਿਆਂ ਦਾ ਹੈ, ਮਾਂ।” ਬੇਟੇ ਨੇ ਉੱਤਰ ਦਿੱਤਾ । ਮੇਰੇ ਹਿਰਦੇ ਵਿੱਚ ਦੀ ਮਾਂ ਵਾਲੀ ਮਮਤਾ ਜਾਗ ਉਠੀ ਅਤੇ ਮੈਂ ਉਸ ਨੂੰ ਚੁੱਕ ਕੇ ਕਲੇਜੇ ਨਾਲ ਲਾ ਲਿਆ। ਜਦ ਕਤੂਰੇ ਨੇ ਵੀ ਮੇਰੀ ਮਮਤਾ ਸਮਝਦਿਆਂ “ਚੂੰ-ਚੂੰ” ਜਿਹੀ ਕੀਤੀ ਤਾਂ ਮੇਰੇ ਅੰਦਰ ਵੀ ਕੋਈ ਨਿੱਘ ਜਿਹਾ ਫ਼ੈਲ ਗਿਆ ਅਤੇ ਮੈਂ ਉਸ ਨੂੰ ਘੁੱਟ ਕੇ ਬੈਠ ਗਈ।
“ਇਹ ਛੇ ਭੈਣਾਂ ਭਰਾਂਵਾਂ ਵਿੱਚੋਂ ਇੱਕ ਭਰਾ ਸੀ।” ਬੇਟੇ ਨੇ ਦੱਸਿਆ।
“ਤਾਂ ਹੀ ਮੋਹ ਕਰਦਾ ਹੈ!”
ਰਾਓ ਦੀਆਂ ਅੱਖਾਂ ਆਪਣੇ ਆਰ-ਪਰਿਵਾਰ ਨੂੰ ਲੱਭ ਰਹੀਆਂ ਸਨ। ਬੈੱਡ ‘ਤੇ ਗੇੜੀ ਜਿਹੀ ਦੇ ਕੇ ਉਹ ਘੜੀ ਮੁੜੀ ਮੇਰੀ ਗੋਦ ਵਿੱਚ ਆ ਜਾਂਦਾ। ਸ਼ਾਇਦ ਆਪਣਾ ਪਰਿਵਾਰ ਨਾ ਦਿਸਦਾ ਕਰ ਕੇ ਉਸ ਨੂੰ ਕੁਝ ਬੈਚੇਨੀ ਹੋ ਰਹੀ ਸੀ? ਪਰ ਬੇਟੇ ਨੇ ਉਸ ਦੀ “ਅਸਲ” ਬੇਚੈਨੀ ਨੂੰ ਭਾਂਪ ਲਿਆ ਅਤੇ ਇੱਕ “ਪੂ-ਪੈਡ” (ਕੁੱਤੀਆਂ ਦੀ ਟੌਇਲਟ ਦੀ ਟਰੇਨਿੰਗ ਦਾ ਪੈਡ) ਖੋਲ੍ਹ ਕੇ ਬੈਡ ‘ਤੇ ਹੀ ਰੱਖ ਦਿੱਤਾ। ਕਤੂਰੇ ਨੇ ਪੈਡ ‘ਤੇ ਜਾ ਕੇ ਪਿਸ਼ਾਬ ਕਰ ਦਿੱਤਾ । ਮੇਰੀ ਹੈਰਾਨੀ ਦੀ ਕੋਈ ਸੀਮਾਂ ਨਹੀਂ ਸੀ , ਸਿਰਫ਼ ਪੌਣੇ ਦੋ ਮਹੀਨੇ ਦੇ ਬੱਚੇ ਨੂੰ ਆਪਣੀ ਕਿਰਿਆ ਸੋਧਣ ਦੀ ਜਾਂਚ ਵੀ ਹੈ?? ਮੈਨੂੰ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ । ਆਪਣੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਲਈ ਮੈਂ “ਪੂ-ਪੈਡ” ਚੁੱਕ ਦਿੱਤਾ। ਕੁਝ ਦੇਰ ਬਾਅਦ ਕਤੂਰੇ ਨੇ ਫੇਰ ਕੁਝ ਕਰਨਾ ਚਾਹਿਆ, ਪਰ ਉਸ ਦਾ ÷ਪੈਡ÷ ਓਥੇ ਨਹੀਂ ਸੀ, ਪਰ ਉਹ “ਚੂੰ-ਚੂੰ” ਕਰਦਾ ਸੁੰਘ-ਸੁੰਘ ਕੇ ਲੱਭਣ ਲੱਗ ਪਿਆ । ਮੈਂ “ਪੈਡ” ਦੀ ਜਗਾਹ ਬਦਲ ਦਿੱਤੀ ਸੀ, ਪਰ ਉਸ ਨੇ ਲੱਭ ਕੇ ਉਸ ਉਪਰ ਜਾ ਕੇ ਟੁਆਇਲਟ ਕਰ ਦਿੱਤੀ। ਖ਼ੈਰ, ਇੱਕ ਗੱਲੋਂ ਮੈਂ ਬੇਫ਼ਿਕਰ ਹੋ ਗਈ ਕਿ ਘੱਟੋ-ਘੱਟ ਘਰ ਵਿੱਚ ਗੰਦ ਨਹੀਂ ਪਾਵੇਗਾ।
ਉਹ ਲਗਾਤਾਰ “ਬਿਲਕ-ਬਿਲਕ” ਕੇ ਆਪਣੇ ਦੁੱਖ ਜਿਹੇ ਦੱਸ ਰਿਹਾ ਸੀ, ਪਰ ਸਾਨੂੰ ਸਮਝ ਨਹੀ ਸੀ ਆ ਰਿਹਾ। ਸ਼ਾਇਦ ਮਾਂ ਦੇ ਦੁੱਧ ਨੂੰ ਲੱਭ ਰਿਹਾ ਸੀ ਜਾਂ ਆਪਣੇ ਭੈਣ ਭਰਾਵਾਂ ਨੂੰ?
“ਸ਼ਾਇਦਥ ਇਸ ਨੂੰ ਭੁੱਖ ਲੱਗੀ ਹੋਣੀ ਹੈ।” ਬੇਟੇ ਨੇ ਅੰਦਾਜ਼ਾ ਲਾਇਆ ਅਤੇ ਨਾਲ਼ ਹੀ ਇੱਕ ਵੱਡੇ ਬੈਗ ਵਿੱਚੋਂ ਕਈ ਕੁਝ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, “ਆਹ ਸਾਰਾ ਇਸ ਦਾ ਸਮਾਨ ਹੈ। ਇਸ ਦਾ ਬਿਸਤਰ, ਕੰਬਲ, ਪਾਣੀ ਦਾ ਬਾਊਲ, ਖਾਣੇ ਦਾ ਕਟੋਰਾ, ਛੋਟਾ ਤੌਲੀਆ, ਮੈਟ, ਪੂ-ਪੈਡਸ, ਖਾਣਾ, ਅਤੇ ਖਿਡੌਣੇ!” ਮੇਰੇ ਲਈ ਸਭ ਕੁਝ ਜਿਵੇਂ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਇਸ ਦੇ ÷ਦਾਜ÷ ਨੇ ਬਦੋਬਦੀ ਮੈਨੂੰ ਮੇਰੇ ਪਹਿਲੇ ਕੁੱਤੇ ਲੱਕੀ ਦੀ ਯਾਦ ਕਰਵਾ ਦਿੱਤੀ।…….
……..ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਪਣੇ ਪਹਿਲੇ ਕੁੱਤੇ ਬਾਰੇ, ਜੋ ਇੰਡੀਆ ਮੇਰੇ ਕੋਲ ਸੀ। ਚਾਰ ਕੁ ਮਹੀਨੇ ਦਾ ਕਤੂਰਾ, ਮੇਰੇ ਬੇਟੇ ਅਮਨ ਨੂੰ ਜਨਮ ਦਿਨ ਦੇ ਤੋਹਫ਼ੇ ਵਿੱਚ ਮਿਲਿਆ ਸੀ । ਜਨਮ ਦਿਨ ਦਾ ਤੋਹਫ਼ਾ ਕਰਕੇ ਇਸ ਦਾ ਨਾਮ “ਲੱਕੀ” ਰੱਖਿਆ ਗਿਆ । ਚਮਕਦੇ ਚਿੱਟੇ ਰੰਗ ਦਾ ਸਮੌਇਡ ਡੌਗ। ਲੱਕੀ ਬਹੁਤ ਹੀ ਖੂਬਸੂਰਤ ਸੀ ਕਿ ਹਰ ਕਿਸੇ ਦਾ ਦਿਲ ਉਸ ਨੂੰ ਚੁੱਕਣ ਨੂੰ ਕਰਦਾ। ਪੰਜਾਬ ਦਾ ਖੁੱਲ੍ਹਾ ਮਾਹੌਲ ਹੁੰਦਾ ਹੈ। ਦਰਵਾਜਾ ਖੁੱਲ੍ਹਾ ਰੱਖਣਾ, ਗਲੀ ਮੁਹੱਲੇ ਦਾ ਲੰਘਦਾ ਟੱਪਦਾ ਹਾਲ ਚਾਲ ਪੁੱਛਣ ਘਰ ਆ ਜਾਂਦਾ। ਲੱਕੀ ਆਪਣੇ ਸੁਹੱਪਣ ਕਰ ਕੇ ਹਰ ਕਿਸੇ ਨੂੰ ਮੋਹ ਲੈਂਦਾ ਅਤੇ ਬਹੁਤ ਜਲਦੀ ਘੁਲ-ਮਿਲ ਕੇ ਖੇਡਣ ਲੱਗ ਪੈਦਾ । ਇੱਕ ਪੁਰਾਣਾ ਜਿਹਾ ਕੌਲਾ ਲੱਭਿਆ ਅਤੇ ਉਸ ਵਿੱਚ ਉਸ ਨੂੰ ਦੁੱਧ ਪਾ ਦੇਣਾਂ। ਅਜੇ ਉਹ ਰੋਟੀ ਨਹੀਂ ਸੀ ਖਾਂਦਾ। ਸ਼ਾਇਦ ਮੈਨੂੰ ਕੁੱਤਾ ਪਾਲਣ ਦੀ ਅਕਲ ਘੱਟ ਸੀ, ਜਾਂ ਇੰਡੀਆ ਵਿਚ ਬੱਚੇ ਅਤੇ ਕੁੱਤੇ ਜ਼ਿਆਦਾਤਰ ਕੁੱਟ ਮਾਰ ਕੇ ਹੀ ਸਿਖਾਏ ਜਾਂਦੇ ਨੇ। ਲੱਕੀ ਖੁੱਲ੍ਹੇ ਵਿਹੜੇ ਵਿੱਚ ਦੌੜਦਾ, ਖੇਡਦਾ ਰਹਿੰਦਾ। ਕਮਰੇ, ਬੈਠਕ, ਵਿਹੜੇ ਅਤੇ ਬੂਟਿਆਂ ਵਾਲੀ ਕਿਆਰੀ ਵਿੱਚ, ਜਿੱਥੇ ਦਿੱਲ ਕਰਦਾ “ਪੂ” ਅਤੇ “ਪੀ” ਕਰ ਦਿੰਦਾ। ਮੈਨੂੰ ਨਿਰੰਤਰ ਅਜਿਹੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, “ਆਈਂ ਜ਼ਰਾ, ਇੱਥੇ ਹੱਗ ਗਿਆ, ਸਾਫ਼ ਕਰੀਂ, ਜਾਂਈਂ ਔਥੇ ਗੰਦ ਪਾ ਗਿਆ…..!”
ਕੁਝ ਦਿਨਾਂ ਵਿੱਚ ਹੀ ਮੇਰਾ ਸ਼ੌਕ ਖ਼ਤਮ ਹੋ ਗਿਆ। ਸਾਫ਼ ਸੁਥਰੇ ਘਰ ਵਿੱਚ ਸਮਝ ਨਹੀ ਸੀ ਲੱਗਦੀ ਕਿ ਕਦੋਂ ਪੈਰ ਲਿੱਬੜ ਜਾਣਾਂ? ਬੇਟੇ ਦੇ ਕਰਕੇ ਲੱਕੀ ਰੱਖਣਾ ਵੀ ਜ਼ਰੂਰੀ ਸੀ । ਲਗਾਤਾਰ ਇੱਕ ਮਹੀਨਾਂ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਹੀ ਬਣੀ, ਲੱਕੀ ਨੂੰ ਅਕਲ ਨਾ ਆਈ। ਫੇਰ ਯਾਦ ਆਇਆ ਮੇਰੇ ਭਰਾ ਨੂੰ ਹਿੰਦੀ ਪੜ੍ਹਾਉਣ ਵਾਲਾ ਮਾਸਟਰ ਕਹਿੰਦਾ ਸੀ, “ਮਾਰ ਕੇ ਡਰ ਸੇ ਪਾਠ ਯਾਦ ਰਹਿਤਾ ਹੈ!” ਮੈਨੂੰ ਵੀ ਆਹੀ ਤਰੀਕਾ ਅਖੀਰੀ “ਉਪਾਅ” ਲੱਗਿਆ । ਜਦ ਵੀ ਉਸ ਦਾ ਗੰਦ ਚੁੱਕਣਾ ਤੇ ਉਸਨੂੰ ਵਿਖਾ-ਵਿਖਾ ਕੇ ਇੱਕ-ਦੋ ਧਰ ਦੇਣੀਆਂ, ਵਾਕਿਆ ਹੀ ਕੁੱਟ-ਮਾਰ ਵਾਲ਼ੀ ਯੋਜਨਾ ਕੰਮ ਕਰ ਗਈ ਅਤੇ ਲੱਕੀ ਸਬਕ ਸਿੱਖ ਕੇ ਆਪਣੀ ਲੋੜ ਮੁਤਾਬਿਕ ਘਰੋਂ ਬਾਹਰ ਜਾਣ ਲੱਗ ਪਿਆ। ਮੈਂ ਇੱਕ ਵਾਰੀ ਫੇਰ ਉਲਝ ਗਈ, ਜਦ ਰਾਤ ਨੂੰ ਵੱਡਾ ਗੇਟ ਬੰਦ ਹੋ ਜਾਂਦਾ ਅਤੇ ਲੱਕੀ ਕੋਲ ਹੋਰ ਕੋਈ ਰਾਹ ਨਾ ਹੁੰਦਾ, ਤੇ ਸਵੇਰੇ ਮੈਨੂੰ ਨਿਤਨੇਮ ਤੋਂ ਪਹਿਲਾਂ ਸਫ਼ਾਈ ਕਰਨੀ ਪੈਦੀਂ ਅਤੇ ਮੈਂ ਅਵਾਜ਼ਾਰ ਹੋ ਜਾਂਦੀ।
ਕੁਝ ਦਿਨਾਂ ਦੀ ਜੱਦੋਜਹਿਦ ਬਾਦ ਮੈਂ ਇਕ ਹੋਰ ਤਰਕੀਬ ਕੱਢੀ। ਲੱਕੀ ਨੂੰ ਛੱਤ ‘ਤੇ ਜਾਣ ਵਾਲੀਆਂ ਪੌੜੀਆਂ ‘ਤੇ ਇੱਕ ਲੰਬੀ ਰੱਸੀ ਨਾਲ ਇੰਜ ਸਾਰੀ ਰਾਤ ਬੰਨ੍ਹੀ ਰੱਖਿਆ ਕਿ ਉਹ ਉਪਰ ਤਾਂ ਜਾ ਸਕਦਾ ਸੀ, ਪਰ ਥੱਲੇ ਵਿਹੜੇ ਵਿੱਚ ਨਹੀਂ ਸੀ ਆ ਸਕਦਾ। ਉਹ ਸਮਝ ਗਿਆ ਕਿ ਇੰਜ ਕਿਉਂ ਬੰਨ੍ਹਿਆਂ ਹੈ ਅਤੇ ਅਗਲੀ ਰਾਤ ਤੋਂ ਉਸ ਨੇ ਛੱਤ ਨੇ ਆਪਣਾ “ਕਿਰਿਆ ਕਰਮ” ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮੈਂ ਖੁਸ਼ ਸੀ ਕਿ ਸਵੇਰੇ-ਸਵੇਰੇ ਮੂਡ ਖ਼ਰਾਬ ਨਹੀ ਸੀ ਹੋਇਆ। ਲੱਕੀ ਨੂੰ ਵੀ ਖੁਸ਼ੀ ਸੀ ਕਿ ਸਵੇਰੇ-ਸਵੇਰੇ ਕੁੱਟ ਨਹੀ ਸੀ ਪਈ। ਹੁਣ ਉਹ ਸਿੱਖ ਗਿਆ ਸੀ ਕਿ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਸ ਦਿਨ ਤੋਂ ਬਾਅਦ ਮੇਰਾ ਉਸ ਨਾਲ ਮੋਹ ਵਧ ਗਿਆ। ਥੋੜ੍ਹਾ ਵੱਡਾ ਹੋਇਆ ਤਾਂ ਜ਼ਿਆਦਥਾ ਭੱਜਣ ਦੌੜਨ ਲੱਗ ਪਿਆ। ਦੁੱਧ ਦੀ ਥਾਂ ਹੁਣ ਰੋਟੀ ਖਾਣ ਲੱਗ ਪਿਆ ਸੀ, ਰੋਜ਼ ਦੀ ਰੋਟੀ ਉਸ ਵਾਸਤੇ ਵੀ ਪੱਕਣ ਲੱਗ ਪਈ ਅਤੇ ਕਈ ਵਾਰੀ ਇੱਕ ਟਾਇਮ ਦੀ ਬਚੀ ਰੋਟੀ ਤੋੜ ਕੇ ਪੌੜੀਆਂ ‘ਤੇ ਲੱਕੀ ਵਾਸਤੇ ਰੱਖ ਦੇਣੀਂ। ਜਿਸ ਦਿਨ ਮੀਟ ਬਣਦਾ ਉਸ ਨੂੰ ਵੀ ਹੱਡੀਆਂ ਦੀ ਆਸ ਹੋ ਜਾਂਦੀ ਅਤੇ ਸੁੰਘਦਾ ਦੌੜਦਾ ਆਪਣੀ ਖੁਸ਼ੀ ਜ਼ਾਹਿਰ ਕਰਦਾ। ਜਦ ਪੇਟ ਭਰ ਜਾਣਾ, ਫੇਰ ਵੀ ਲਾਲਚ ਹੋਣਾ ਕਿ ਬਾਕੀ ਦੀਆਂ ਹੱਡੀਆਂ ਕਿਤੇ ਕੂੜੇ ਵਿੱਚ ਨਾ ਸੁੱਟ ਜਾਣ। ਇਸ ਲਈ ਉਹ ਬਾਕੀ ਦੀਆਂ ਹੱਡੀਆਂ ਨੂੰ ਸਵੇਰ ਵਾਸਤੇ ਕਿਆਰੀ ਵਿਚ ਦੱਬ ਆਉਂਦਾ। ਕਮਰਿਆਂ ‘ਤੇ ਜਾਲੀ ਵਾਲੇ ਬੂਹੇ ਲੱਗੇ ਹੋਏ ਸੀ, ਇਸ ਲਈ ਉਹ ਸਦਾ ਵਿਹੜੇ ਵਿੱਚ ਹੀ ਰਹਿੰਦਾ। ਜਦ ਕਦੇ ਅਸੀਂ ਵਿਹੜੇ ਵਿੱਚ ਬੈਠਦੇ ਤਾਂ ਪੈਰਾਂ ਨੂੰ ਚੱਟਣ ਲੱਗ ਪੈਂਦਾ, ਜਿਵੇਂ ਜੋ ਕੁਝ ਵੀ ਅਸੀਂ ਉਸ ਨੂੰ ਦੇ ਰਹੇ ਸੀ, ਉਸ ਦਾ ਸੁਥਕਰਾਨਾ ਕਰਦਾ ਹੋਵੇ। ਜੂਨ ਦੀ ਭਖ਼ਦੀ ਗਰਮੀ ਵਿੱਚ ਮੋਟਰ ਕੋਲ ਜਾਂ ਗੁਸਲਖਾਨੇ ਵਿੱਚ ਬੈਠਾ ਹਫ਼ਦਾ ਰਹਿੰਦਾ। ਜਦ ਅਸੀਂ ਕੂਲਰ ਅੱਗੇ ਬੈਠਦੇ ਅਤੇ ਫਰਿੱਜ ਦਾ ਠੰਢਾ ਪਾਣੀ ਪੀਂਦੇ, ਲੱਕੀ ਟੂਟੀ ਦਾ ਪਾਣੀ ਪੀਂਦਾ। ਸਰਦੀ ਵਿਚ ਮੈਂ ਉਸ ਨੂੰ ਕਮਰੇ ਵਿੱਚ ਵਾੜ ਲਿਆ ਅਤੇ ਪਤੀਦੇਵ ਆਖਦੇ, “ਕੁੱਤਾ ਰਾਖੀ ਵਾਸਤੇ ਹੁੰਦਾਂ, ਨਾ ਕਿ ਕਮਰੇ ਵਿਚ ਲਕੋਣ ਲਈ!”
ਅਗਲੇ ਦਿਨ ਤੋਂ ਮੈਂ ਵਰਾਂਡੇ ਦੇ ਇੱਕ ਕੋਨੇ ਵਿੱਚ ਬੋਰੀ ਪਾ ਕੇ ਉਸ ਦੇ ਸੌਣ ਦਾ ਇੰਤਜ਼ਾਮ ਕਰ ਦਿੱਤਾ। ਥੋੜ੍ਹਾ ਜਵਾਨ ਹੋਇਆ ਤਾਂ ਘਰ ਆਉਣ ਵਾਲਿਆਂ ‘ਤੇ ਭੌਂਕ ਕੇ ਰਖਵਾਲੀ ਦਾ ਹੱਕ ਜਤਾਉਣ ਲੱਗ ਪਿਆ। ਹੁਣ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹਣਾ ਵੀ ਪੈਂਦਾ ਸੀ, ਕਿਉਂਕਿ ਲੋਕ ਡਰਨ ਲੱਗ ਪਏ ਸਨ ਕਿ ਕਿਤੇ ਦੰਦ ਨਾ ਮਾਰ ਜਾਵੇ? ਸਾਡੇ ਵਿਤਕਰੇ ਭਰੇ ਰਵੱਈਏ ਦੇ ਬਾਵਜੂਦ ਲੱਕੀ ਦੀ ਵਫ਼ਾਦਾਰੀ ਅਤੇ ਪਿਆਰ ‘ਚ ਰਤੀ ਮਾਤਰ ਸ਼ੱਕ ਨਹੀ ਕੀਤਾ ਜਾ ਸਕਦਾ ਸੀ। ਸਾਰੀ ਰਾਤ ਹਰ ਖੜਕੇ ‘ਤੇ ਭੌਂਕਦਾ ਅਤੇ ਛੱਤ ‘ਤੇ ਦੌੜ ਕੇ ਜਾਂਦਾ। ਬੱਚਿਆਂ ਨਾਲ ਦੌੜਦਾ ਫ਼ਿਰਦਾ ਘਰ ਤੋਂ ਬਹੁਤ ਦੂਰ ਨਿਕਲ ਜਾਂਦਾ। ਹੁਣ ਮੁਹੱਲੇ ਵਿੱਚ ਦੂਰ ਦੂਰ ਤੱਕ ਲੋਕ ਉਸ ਨੂੰ ਨਾਮ ਲੈ ਕੇ ਬੁਲਾਉਣ ਲੱਗ ਪਏ ਸਨ। ਉਸ ਦੀ ਸੁੰਘਣ ਅਤੇ ਸੁਣਨ ਦੀ ਕਮਾਲ ਦੀ ਸ਼ਕਤੀ ਸੀ। ਬਹੁਤ ਦੂਰੋਂ ਹੀ ਪਤਾ ਨਹੀ ਕਿਵੇਂ ਉਸ ਨੂੰ ਕਾਰ ਆਉਣ ਦਾ ਪਤਾ ਲੱਗ ਜਾਂਦਾ ਸੀ, ਕਿ ਉਸ ਦੀ ਦੌੜ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਸੀ ਕਿ ਕਾਰ ਆ ਰਹੀ ਹੈ। ਭੌਂਕ-ਭੌਂਕ ਕੇ ਆਪਣੇ ਉਤਸ਼ਾਹ ਅਤੇ ਪਿਆਰ ਨਾਲ ਸੁਆਗਤ ਕਰਦਾ। ਜਦ ਕਦੇ ਮੈਂ ਗਰਮੀਆਂ ਦੀਆਂ ਛੁੱਟੀਆਂ ਪੇਕੇ ਚਲੀ ਜਾਂਦੀ, ਵਾਪਿਸ ਆਉਣ ‘ਤੇ ਛਾਲਾਂ ਮਾਰ-ਮਾਰ ਮੈਨੂੰ ਡੇਗ ਦਿੰਦਾ ਜਿਵੇਂ ਰੋਸਾ ਕਰਦਾ ਹੋਵੇ ਕਿ ਮੈਨੂੰ ਨਾਲ ਕਿਉਂ ਨਹੀ ਲੈ ਗਈ??
……..ਜ਼ਿੰਦਗੀ ਅਤੇ ਅੰਨ-ਜਲ ਨੇ ਕਰਵਟ ਮਾਰੀ, ਅਤੇ ਮੈਨੂੰ ਆਪਣੇ ਬੱਚੇ ਲੈ ਕੇ ਵਿਦੇਸ਼ ਆਉਣਾ ਪਿਆ। ਮੈਂ ਜ਼ਰੂਰੀ ਸਮਾਨ ਬੰਨ੍ਹ ਕੇ ਇੰਡੀਆ ਨੂੰ ÷ਅਲਵਿਦਾ÷ ਕਹਿ ਕੇ ਵਿਦੇਸ਼ ਦੀ ਧਰਤੀ ‘ਤੇ ਆ ਕੇ ਵਸ ਗਈ। ਆਉਣ ਤੋਂ ਪਹਿਲਾਂ ਪੇਕੇ ਸਭ ਨੂੰ ਮਿਲਣ ਗਈ। ਆਪਣੇ ਘਰ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਮੁਹੱਲੇ ਨੂੰ ਸੱਦਾ ਦਿੱਤਾ। ਸੌਹਰੇ ਘਰ ਸਭ ਨੂੰ ਮਿਲੀ, ਕਿ ਪਤਾ ਨਹੀ ਫੇਰ ਕਦ ਮਿਲਾਪ ਹੋਣਾ? ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਮੈਂ ਲੱਕੀ ਨੂੰ ਪਲੋਸ ਕੇ ਵੀ ਨਹੀਂ ਸੀ ਆਈ। ਪਹਿਲੀ ਵਾਰ ਵਿਦੇਸ਼ ਜਾਣਾ ਇੱਕ ਨਵੇ ਸੰਘਰਸ਼ ਵਾਸਤੇ। ਬੱਚਿਆਂ ਦੀ ਜ਼ਿੰਮੇਂਵਾਰੀ ਹੁਣ ਮੇਰੇ ਮੋਢਿਆਂ ‘ਤੇ ਸੀ। ਮੈਨੂੰ ਕੁਝ ਵੀ ਸੁੱਝ ਵੀ ਨਹੀ ਸੀ ਰਿਹਾ, ਫੇਰ ਲੱਕੀ ਦਾ ਖ਼ਿਆਲ ਕਿੰਜ ਆ ਸਕਦਾ ਸੀ?
ਦਿੱਲੀ ਤੋਂ ਜਹਾਜ ਉਡਿਆ ਅਤੇ ਵਿਦੇਸ਼ ਦੀ ਧਰਤੀ ‘ਤੇ ਆ ਉਤਰਿਆ। ਨਵੀਆਂ ਚੁਣੌਤੀਆਂ ਦਾ ਪਹਾੜ ਇਤਨਾ ਕੁ ਵਿਸ਼ਾਲ ਅਤੇ ਮਾਰੂ ਸੀ, ਕਿ ਮੈਂ ਕਈ ਸਾਲ ਇਸ ਹੇਠ ਦੱਬੀ ਰਹੀ। ਕਦੇ-ਕਦੇ ਫ਼ੋਨ ‘ਤੇ ਇੰਡੀਆ ਗੱਲ ਹੋ ਜਾਂਦੀ ਸੀ । ਕਦੇ-ਕਦੇ ਜਿਠਾਣੀ ਜੀ ਲੱਕੀ ਬਾਰੇ ਕੁਝ ਗੱਲਾਂ ਦੱਸ ਦਿੰਦੀ ਸੀ। ਸਮੇਂ ਦੇ ਸੰਗ ਹੌਲੀ-ਹੌਲੀ ਮੈਂ ਇੰਨੀ ਮਸ਼ਰੂਫ਼ ਰਹਿਣ ਲੱਗ ਪਈ ਕਿ ਭੁੱਲ ਹੀ ਗਈ ਕਿ ਲੱਕੀ ਵੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਉਸ ਦੇ ਬਾਰੇ ਗੱਲ ਕਰਨੀ ਵੀ ਛੱਡ ਦਿੱਤੀ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਿਕ ਦਾ ਬਹੁਤ ਵਫ਼ਾਦਾਰ ਹੁੰਦਾ ਹੈ । ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ; ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ।। ਪਤਾ ਨਹੀ ਲੱਕੀ ਨੇ ਕਿੰਨ੍ਹਾਂ ਕੁ ਸਾਨੂੰ ਯਾਦ ਕੀਤਾ ਹੋਣਾ? ਪਤਾ ਨਹੀਂ ਸਾਡੀ ਕਮੀ ਨੂੰ ਕਿੰਨਾਂ ਮਹਿਸੂਸ ਕੀਤਾ ਹੋਣਾ?? ਉਹ ਬੋਲ ਨਹੀ ਸੀ ਸਕਦਾ, ਪਰ ਪਿਆਰ ਦੇ ਜਜ਼ਬਾਤਾਂ ਨਾਲ ਲਬਾ-ਲਬ ਭਰਿਆ ਹੋਇਆ ਸੀ। ਇੱਕ ਬੱਚਾ ਬਣ ਮੇਰੇ ਪਰਿਵਾਰ ਦਾ ਹਿੱਸਾ ਬਣ ਆਇਆ ਸੀ।
ਉਸ ਦੀ ਖ਼ਾਮੋਸ਼ੀ ਅਤੇ ਪੀੜ ਨੂੰ ਮੈਂ ਓਦੋਂ ਸਮਝੀ, ਜਦ ਕਈ ਸਾਲ ਬਾਦ ਆਪਣੇ ਵਤਨ ਗਈ। ਸੌਹਰੇ ਘਰ ਸਭ ਨੂੰ ਮਿਲ ਕੇ ਅਰਾਮ ਨਾਲ਼ ਬੈਠ ਗਈ। ਫੇਰ ਅਚਾਨਕ ਹੀ ਲੱਕੀ ਬਾਰੇ ਪੁੱਛਿਆ। ਮੈਨੂੰ ਉਮੀਦ ਸੀ ਕਿ ਦੌੜ ਕੇ ਆ, ਮੇਰੇ ‘ਤੇ ਛਾਲ ਮਾਰ ਫੇਰ ਪੁੱਛੇਗਾ, ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ? ਪਰ ਭਾਬੀ ਨੇ ਦੱਸਿਆ ਕਿ ਲੱਕੀ ਤਾਂ ਕਾਫੀ ਚਿਰ ਤੋਂ ਬਿਮਾਰ ਚੱਲ ਰਿਹਾ ਹੈ। ਹੁਣ ਤਾਂ ਉਠਦਾ ਵੀ ਨਹੀਂ, ਬੱਸ ਪਏ ਦੇ ਹੀ ਸਾਹ ਚੱਲਦੇ ਨੇ ਅਤੇ ਮਾੜੀਆਂ ਜਿਹੀਆਂ ਅੱਖਾਂ ਹੀ ਖੋਲ੍ਹਦਾ ਹੈ। ਬਾਹਰ ਗਲੀ ਵਾਲੇ ਕੂਲਰ ਹੇਠ ਪਿਆ ਹੋਇਆ ਹੈ। ਇੰਨੀ ਗੱਲ ਸੁਣ ਮੈਂ ਬਾਹਰ ਨੂੰ ਭੱਜੀ। ਮੇਰੇ ਨਾਲ ਦੋਵੇਂ ਬੇਟੇ ਵੀ ਸਨ। ਮੈਂ ਉਸ ਦੀ ਨਿਰਬਲ ਹਾਲਤ ਵੇਖ ਕੇ ਸਤੰਭ ਰਹਿ ਗਈ। ਬਹੁਤ ਹੀ ਪਤਲੀ ਹਾਲਤ ਸੀ, ਨਿਢਾਲ ਤੇ ਕਮਜ਼ੋਰ ਸਰੀਰ, ਬੰਦ ਅੱਖਾਂ, ਧੀਮੀ ਗਤੀ ਨਾਲ਼ ਚੱਲਦੇ ਸਾਹ। ਮੈਂ ਕੋਲ ਜਾ ਅਵਾਜ਼ ਮਾਰੀ, “ਲੱਕੀ…..!” ਮੇਰੇ ਮਗਰ ਹੀ ਮੇਰੇ ਬੇਟੇ ਉਸ ਦਾ ਨਾਮ ਪੁਕਾਰਣ ਲੱਗ ਪਏ। ਰੱਬ ਗਵਾਹ ਹੈ ਕਿ ਪਤਾ ਨਹੀਂ ਉਸ ਨੇ ਅਗਲੀ ਪਿਛਲੀ ਆਪਣੀ ਸਾਰੀ ਸ਼ਕਤੀ ਲਾ ਕੇ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਜੋਰ ਮਾਰ ਕੇ ਆਪਣੇ ਆਪ ਨੂੰ ਖੜ੍ਹਾ ਕਰ ਲਿਆ, ਪਰ ਕਦਮ ਨਹੀ ਸੀ ਪੁੱਟ ਸਕਿਆ। ਲੜਖੜਾ ਕੇ ਡਿੱਗ ਪਿਆ। ਧਰਤੀ ‘ਤੇ ਸਪਾਲ਼ ਪਿਆ ਅੱਧ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਮੈਂ ਚੁੱਪ-ਚਾਪ ਉਸ ਦੇ ਕੋਲ਼ ਬੈਠ ਗਈ। ਮੇਰੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਫੇਰ ਕਦੇ ਨਾ ਖੁੱਲ੍ਹਣ ਲਈ ਸਦੀਵੀ ਬੰਦ ਹੋ ਗਈਆਂ। ਸ਼ਾਇਦ ਮੈਨੂੰ ਵੇਖ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਕੇ ਕਹਿ ਰਿਹਾ ਹੋਵੇ, “ਤੇਰੀ ਦੀਦ ਖਾਤਰ ਮੈਂ ਆਪਣੇ ਸਾਹਾਂ ਨੂੰ ਚੱਲਦਾ ਰੱਖਿਆ, ਪ੍ਰਾਣ ਰੋਕੀ ਰੱਖੇ ਅਤੇ ਆਪਣੀ ਜਾਨ ਨੂੰ ਨਿਕਲਣ ਨਹੀਂ ਦਿੱਤਾ, ਕਿਉਂਕਿ ਤੂੰ ਮੈਨੂੰ ਆਪਣਾ ਘਰ ਮੇਰੀ ਰਾਖੀ ‘ਤੇ ਛੱਡ ਗਈ ਸੀ, ਲੈ ਅੱਜ ਮੇਰੀ ਜ਼ਿੰਮੇਵਾਰੀ ਪੂਰੀ ਹੋਈ….।” ਉਸ ਦੀ ਬੇਜ਼ੁਬਾਨ ਮੁਹੱਬਤ ਸਵਾਲ ਕਰ ਰਹੀ ਸੀ ਕਿ ਜਦ ਤੂੰ ਇੰਡੀਆ ਛੱਡਿਆ, ਤਾਂ ਮੈਨੂੰ ਮਿਲ ਕੇ, ਜਾਂ ਵੇਖ ਕੇ ਵੀ ਨਹੀ ਗਈ ਸੀ, ਪਰ ਮੈਂ ਤੇਰੇ ਆਖਰੀ ਦਰਸ਼ਨ ਕਰ ਕੇ ਹੀ ਅੱਖਾਂ ਮੀਟੀਆਂ ਹਨ। ਇੰਜ ਜਾਪਦਾ ਸੀ ਜਿਵੇਂ ਲੱਕੀ ਕਦੋਂ ਦਾ ਸੁੱਤਾ ਪਿਆ ਸੀ। ਪਰ ਉਹ ਤਾਂ ਇੱਕ ਸਦੀਵੀ ਨੀਂਦਰ ਦੀ ਅਗੋਸ਼ ਵਿੱਚ ਗੁੰਮ ਹੋ ਗਿਆ ਸੀ!! ਪਤਾ ਨਹੀਂ ਹੱਸਦਾ ਖੇਡਦਾ ਲੱਕੀ ਮੁੜ ਕਦੇ ਨਾ ਦਿਸਣ ਲਈ “ਕਿਹੜੀ” ਦੁਨਿਆ ਵਿੱਚ ਅਲੋਪ ਹੋ ਗਿਆ?……..
ਇਨਸਾਨ ਅਤੇ ਜਾਨਵਰ ਦੀ ਵਫ਼ਾ ਦਾ ਫ਼ਰਕ ਸਾਫ਼ ਸਮਝ ਆ ਰਿਹਾ ਸੀ। ਮੇਰੇ ਮਾਣਸ ਹਿਰਦੇ ‘ਤੇ ਇਹ ਘਟਨਾ ਸਦਾ ਲਈ ਲਿਖੀ ਗਈ ਸੀ। ਲੱਕੀ ਮੇਰੀ ਜ਼ਿੰਦਗੀ ਦੇ ਵਫ਼ਾਦਾਰ ਰਿਸ਼ਤਿਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਹੈ। ਆਪਣੀ ਸੰਕਰੀ ਸੋਚ ਕਰਕੇ, ਲੱਕੀ ਨੂੰ ਮੈਂ ਜਿਸ ਵੀ ਤਰ੍ਹਾਂ ਰੱਖਿਆ ਸੀ, ਪਰੰਤੂ ਰਾਓ ਨੇ ਮੇਰੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। ਅਸਲ ਵਿੱਚ ਮੈਂ ਕੁੱਤਾ ਰੱਖਣ ਦੀ ਸਮਝ ਮੈਨੂੰ ਹੁਣ ਆਈ ਹੈ।
…….ਮੇਰੇ ਬੇਟੇ ਅਮਨ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਣਾ ਸੁਰੂ ਕੀਤਾ ਕਿ ਇਸ ਨਿੱਕੇ ਜਿਹੇ ਕਤੂਰੇ ਨੂੰ ਕਿਵੇਂ ਖਾਣਾ ਖੁਆਉਣਾ ਤੇ ਕਿਸ ਤਰ੍ਹਾਂ ਰੱਖਣਾ ਹੈ। ਆਪਣੇ ਪਹਿਲੇ ਕੁੱਤੇ ਦਾ ਨਾਮ ਲੱਕੀ ਸੀ, ਇਸ ਦਾ ਕੀ ਰੱਖੀਏ? ਨਾਮਕਰਣ ਦੀ ਬਹਿਸ ਤੋਂ ਬਾਅਦ ਆਂਦਰਿਆ ਦੀ ਪਸੰਦ ‘ਤੇ ਘਰ ਦੇ ਨਵੇਂ ਜੀਅ ਦਾ ਨਾਮ “ਰਾਓ” ਰੱਖਿਆ ਗਿਆ। ਇਹਨੀਂ ਦਿਨੀਂ ਹਿੰਦੀ ਇਤਿਹਾਸਕ ਫ਼ਿਲਮ “ਬਾਜ਼ੀਗਰ ਰਾਓ ਮਸਤਾਨੀ” ਬਹੁਤ ਹਿੱਟ ਚੱਲ ਰਹੀ ਸੀ। ਰਾਓ ਨਾਮ ਉਸ ਫ਼ਿਲਮ ਦੀ ਹੀ ਕਾਢ ਸੀ।
ਹੂਣ ਘਰ ਵਿੱਚ ਰਾਓ ਸਭ ਦੀ ਖਿੱਚ ਦਾ ਕੇਂਦਰ ਬਣ ਗਿਆ ਸੀ। ਹਫ਼ਤੇ ਭਰ ਬੱਚਿਆਂ ਦੇ ਦੋਸਤਾਂ ਨੇ ਰਾਓ ਕਰਕੇ ਰੌਣਕਾਂ ਲਾਈ ਰੱਖੀਆਂ। ਘਰ ਵਿੱਚ ਕੰਮ ਵਧ ਗਿਆ ਸੀ। ਰਾਓ ਬਹੁਤ ਛੋਟਾ ਹੋਣ ਕਰ ਕੇ, ਜਦ ਅਸੀਂ ਸਾਰੇ ਕੰਮ ‘ਤੇ ਜਾਂਦੇ ਤਾਂ ਸਾਰਾ ਦਿਨ ਉਚੀ-ਉਚੀ ਰੋਂਦਾ-ਚੂਕਦਾ ਰਹਿੰਦਾ। ਜਿਸ ਕਰ ਕੇ ਫ਼ਲੈਟ ਦੇ ਦੂਜੇ ਕਮਰਿਆਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਸਨ। ਦਸ ਘੰਟੇ ਦੇ ਲੰਮੇ ਸਮੇਂ ਕਰਕੇ ਉਹ ਘਰ ਵਿਚ ਗੰਦ ਪਾਉਣ ਲੱਗ ਪਿਆ। ਉਸ ਦੇ “ਪੂ-ਪੈਡ” ਬਦਲਣ ਦੀ ਲੋੜ ਹੁੰਦੀ ਸੀ, ਪਰ ਕੋਈ ਘਰ ਵੀ ਹੁੰਦਾ ਨਹੀਂ ਸੀ। ਮੀਟਿੰਗ ਵਿੱਚ ਤੈਅ ਹੋਇਆ ਕਿ ਕੁਝ ਮਹੀਨੇ ਇਸ ਦੇ ਕੋਲ ਕੋਈ ਰਹਿਣਾ ਚਾਹੀਦਾ ਹੈ। ਟਾਈਮ ਸੈੱਟ ਕਰਕੇ ਘਰ ਦੀਆਂ ਪੰਜ ਚਾਬੀਆਂ ਬਣਵਾ ਕੇ ਕੁਝ ਬੱਚਿਆਂ ਦੇ ਦੋਸਤਾਂ ਨੂੰ ਦਿੱਤੀਆ ਗਈਆਂ ਅਤੇ ਲੋੜ ਮੁਤਾਬਿਕ ਸਭ ਆਪਣੀ ਡਿਉਟੀ ਦੇਣ ਲੱਗ ਪਏ। ਵਕਤ ਦੇ ਨਾਲ-ਨਾਲ ਰਾਓ ਵੱਡਾ ਹੋਣ ਲੱਗ ਪਿਆ ਅਤੇ ਮੇਰੇ ਵਾਸਤੇ ਕੁੱਤਿਆਂ ਸਬੰਧੀ ਪੜ੍ਹਾਈ ਵਧਣ ਲੱਗ ਪਈ।
ਅਚਾਨਕ ਬਦਲ ਕੇ ਦਿੱਤਾ ਖਾਣਾ ਉਸ ਨੂੰ ਮਾਫ਼ਕ ਨਹੀ ਆਇਆ ਤੇ ਰਾਓ ਬਿਮਾਰ ਹੋ ਗਿਆ। ਮੈਂ ਆਂਦਰਿਆ ਦੇ ਨਾਲ ਟੈਕਸੀ ਕਰ ਕੇ ਡਾਕਟਰ ਦੇ ਲੈ ਗਈ। ਓਥੇ ਕੁਝ ਕੁੱਤੇ ਹੋਰ ਵੀ ਸਨ। ਗੋਰਿਆਂ ਨੇ ਰਾਓ ਨੂੰ ਖੂਬ ਸਲਾਹਿਆ। ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਨਵਰਾਂ ਦਾ, ਖ਼ਾਸ ਕਰ ਕੁੱਤਿਆਂ ਦਾ ਇਲਾਜ਼ ਬਹੁਤ ਹੀ ਮਹਿੰਗਾ ਹੈ। ਰਾਓ ਦੇ ਪਹਿਲੇ ਇਲਾਜ਼ ਉਪਰ ਅੱਸੀ ਪੌਂਡ ਲੱਗੇ। ਮੈਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਬੱਚਾ ਭਾਵੇਂ ਜਾਨਵਰ ਦਾ ਹੀ ਕਿਉਂ ਨਾ ਹੋਵੇ, ਉਸ ਨੂੰ ਬਹੁਤ ਧਿਆਨ ਦੀ ਲੋੜ ਹੁੰਦੀ ਹੈ। ਦੋ ਹਫ਼ਤੇ ਬਾਦ ਰਾਓ ਜਦ ਫ਼ਿਰ ਬਿਮਾਰ ਪੈ ਗਿਆ, ਤਾਂ ਬੇਟੇ ਨੇ ਰਾਓ ਦਾ (ਹੈਲਥ) ਬੀਮਾਂ ਕਰਵਾ ਦਿੱਤਾ। ਮੈਂ ਦਿਮਾਗ ‘ਤੇ ਜੋਰ ਮਾਰਦੀ ਰਹੀ ਕਿ ਲੱਕੀ ਸਾਰੀ ਉਮਰ ਵਿੱਚ ਕਦ ਬਿਮਾਰ ਹੋਇਆ ਸੀ। ਨਹੀਂ, ਮੈਂ ਉਸ ਦੇ ਇਲਾਜ਼ ‘ਤੇ ਕਦੇ ਦੋ ਪੈਸੇ ਖ਼ਰਚ ਨਹੀਂ ਕੀਤੇ ਹੋਣੇ। ਮੈਨੂੰ ਕਮਲੀ ਨੂੰ ਉਸ ਨੇ ਪਤਾ ਹੀ ਨਹੀਂ ਸੀ ਲੱਗਣ ਦਿਤਾ ਕਿ ਕਦ ਬਿਮਾਰ ਹੋਇਆ ਜਾਂ ਨਹੀਂ? ਜਦ ਮੈਨੂੰ ਉਸ ਦੇ ਬਿਮਾਰ ਹੋਣ ਦਾ “ਪਹਿਲੀ ਵਾਰ” ਪਤਾ ਚੱਲਿਆ, ਓਦੋਂ ਲੱਕੀ ਨੇ ਆਪਣੇ “ਆਖਰੀ” ਸਾਹ ਤਿਆਗ ਦਿੱਤੇ। ਮੇਰੇ “ਪੌਂਡਾਂ” ਦੀ ਕਮਾਈ ਦਾ ਹਿੱਸੇਦਾਰ ਨਾ ਬਣਿਆ। ਸ਼ਾਇਦ ਉਸ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਮੈਨੂੰ ਬਹੁਤ ਕੁਝ ਕਹਿ ਗਈਆਂ ਸਨ।
ਹਰ ਕੋਈ ਰਾਓ ਵਾਸਤੇ ਖੂਬ “ਟਰੀਟਸ” ਲੈ ਕੇ ਆਉਣ ਲੱਗ ਪਿਆ। ਮੈਂ ਓਦੋਂ ਭੁਚੱਕੀ ਰਹਿ ਗਈ, ਜਦ ਜਸ਼ਨ ਨੇ ਦੱਸਿਆ, “ਮਾਂ, ਅਗਲੇ ਹਫ਼ਤੇ ਤੋਂ ਰਾਓ ਸਾਹਿਬ ਪੜ੍ਹਨ ਜਾਣਗੇ, ਮੈਂ ਇਸ ਦੀਆਂ ਸੋਸ਼ਲ ਕਲਾਸਾਂ ਬੁੱਕ ਕਰਵਾ ਦਿੱਤੀਆ ਹਨ।”
“ਸੱਚੀ?” ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।
“ਹਾਂ ਜੀ, ਕੁੱਤਿਆਂ ਨੂੰ ਸੋਸ਼ਲ ਹੋਣਾ ਸਿਖਾਇਆ ਜਾਣਾ ਜਰੂਰੀ ਹੈ। ਅਗਰ ਕਿਸੇ ਨੂੰ ਕੁੱਤਾ ਵੱਢ ਲਵੇ, ਤਾਂ ਮੋਟਾ ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਜੇ ਕਰ ਘਰ ਕੁੱਤਾ ਹੋਵੇ, ਤੇ ਮੁੱਖ ਦਰਵਾਜੇ ‘ਤੇ ਉਸ ਦੀ ਫ਼ੋਟੋ ਨਾਲ “ਵਾਰਨਿੰਗ” ਵੀ ਲਾਉਣੀ ਪੈਂਦੀ ਹੈ, ਨਹੀਂ ਇਸ ਦਾ ਜੁਰਮਾਨਾ ਵੱਖ ਹੈ।” ਅਮਨ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਹਰ ਐਤਵਾਰ ਨੂੰ ਰਾਓ ਦਾ ਸਕੂਲ ਸ਼ੁਰੂ ਹੋ ਗਿਆ। ਰਾਓ ਵੱਡਾ ਹੋਣ ਲੱਗ ਪਿਆ ਤੇ ਉਸ ਨੂੰ ਨਿੱਤ ਕਰਮ ਵਾਸਤੇ ਬਾਹਰ ਲੈ ਕੇ ਜਾਣ ਦੀ ਯੋਜਨਾ ਬਣੀ। ਦੋ ਟਾਇਮ ਬੰਨ੍ਹ ਦਿੱਤੇ। ਸ਼ਾਮ ਦੀ ਡਿਊਟੀ ਮੇਰੇ ਹਿੱਸੇ ਆਈ। ਦਸ ਘੰਟੇ ਬਾਅਦ ਘਰ ਆਉਣਾ ਤੇ ਚਾਹ ਪੀਂਦਿਆਂ ਹੀ ਰਾਓ ਨੂੰ ਪਾਰਕ ਲੈ ਜਾਣਾ। ਘਰ ਆ ਕੇ ਬਾਕੀ ਘਰ ਦੇ ਕੰਮ ਕਰਨੇ ਅਤੇ ਥੱਕ ਕੇ ਚੂਰ ਹੋ ਬਿਸਤਰੇ ਵਿੱਚ ਜਾ ਡਿੱਗਣਾ। ਮੇਰੀਆਂ ਦੋ ਛੁੱਟੀਆਂ ਵੀ ਰਾਓ ਦੇ ਲੇਖੇ ਲੱਗ ਜਾਂਦੀਆਂ ਸਨ । ਪਾਰਕ ਵਿਚ ਰਾਓ ਕੁੱਤੀਆਂ ਦੇ ਮਗਰ ਦੌੜਨ ਲੱਗ ਪਿਆ ਅਤੇ ਪਤਾ ਚੱਲਿਆ ਕਿ ਇਸ ਦੀ “ਨਸਬੰਦੀ” ਕਰਵਾਉਣੀ ਜ਼ਰੂਰੀ ਹੈ।
ਡਾਕਟਰ ਨਾਲ ਸਮਾਂ ਬਣਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ। ਪੰਦਰਾਂ ਕੁ ਦਿਨ ਰਾਓ ਬਹੁਤ ਔਖਾ ਰਿਹਾ। ਜ਼ਖ਼ਮ ਨੂੰ ਖੁਰਕਣ ਦੇ ਬਚਾਅ ਲਈ ਸਿਰ ‘ਤੇ “ਕੋਨ” ਲੱਗਿਆ ਹੋਇਆ ਸੀ, ਜੋ ਘਰ ਵਿੱਚ ਜਗਾਹ ਥੋੜ੍ਹੀ ਹੋਣ ਕਰਕੇ ਉਲਝਦਾ ਰਹਿੰਦਾ ਸੀ। ਦੋ ਵਾਰ ਉਸ ਨੇ ਖੁਰਕ ਕੇ ਆਪਣੇ ਟਾਂਕੇ ਖਿੱਚ ਲਏ ਅਤੇ ਉਸ ਨੂੰ ਐਮਰਜੈਂਸੀ ਲੈ ਜਾਣਾ ਪਿਆ। ਕਰੀਬ ਤਿੰਨ ਸੌ ਪੌਂਡ ਦਾ ਖਰਚ ਆਇਆ। ਉਮਰ ਦੇ ਨਾਲ-ਨਾਲ ਰਾਓ ਬਹੁਤ ਸਮਝਦਾਰ ਹੋ ਰਿਹਾ ਸੀ। ਕਈ ਵਾਰ ਉਸ ਨੂੰ ਜੰਗਲ-ਪਾਣੀ ਦੀ ਤਾਂਘ ਜੋਰ ਮਾਰਦੀ ਤਾਂ ਉਹ ਬੇਚੈਨੀ ਵਿਖਾਉਂਦਾ, ਪਰ ਕੰਟਰੋਲ ਕਰੀ ਰੱਖਦਾ। ਬਾਹਰ ਜਾਣ ਵੇਲੇ ਪਾਰਕ ਵੱਲ ਬੇਹਤਾਸ਼ਾ ਦੌੜਦਾ। ਪਰ ਦੂਜੇ ਪਾਸੇ ਜਦ ਅਸੀਂ ਕਿਤੇ ਬਾਹਰ ਚਲੇ ਜਾਂਦੇ ਅਤੇ ਰਾਓ ਨੂੰ ਇਕੱਲਾ ਘਰੇ ਛੱਡ ਜਾਂਦੇ, ਤਾਂ ਆਪਣਾ ਰੋਸ ਦਿਖਾਉਣ ਲਈ ਬੈੱਡ ‘ਤੇ ਹੀ ਟੌਇਲਟ ਕਰ ਦਿੰਦਾ। ਫੇਰ ਬੈੱਡ ਨੂੰ ਪਲਾਸਟਿਕ ਨਾਲ ਕਵਰ ਕਰਨ ਦੀ ਯੋਜਨਾ ਬਣਾਈ ਗਈ। ਰਾਓ ਦਾ ਮਨ ਪਸੰਦ ਥਾਂ ਸਾਡੇ ਬੈੱਡ ਦੇ ਸਿਰਹਾਣੇ ਵਾਲੀ ਖਿੜਕੀ ਸੀ, ਜਿਸ ਵਿੱਚੋਂ ਮੂੰਹ ਕੱਢੀ ਉਹ ਤੁਰਦੀ ਫ਼ਿਰਦੀ ਦੁਨੀਆਂ ਨੂੰ ਵੇਖਦਾ ਰਹਿੰਦਾ। ਰਾਓ ਦੀ ਆਹ ਟੌਹਰ ਵੇਖ ਕੇ, ਲੱਕੀ ਨੂੰ ਦਿੱਤੀ ਬੋਰੀ ਮੈਨੂੰ ਗੁਨਾਂਹਗਾਰ ਜਿਹਾ ਕਰਾਰ ਦਿੰਦੀ ਰਹਿੰਦੀ। ਹਾਲਾਂ ਕਿ ਇੱਥੇ ਇਤਨੀ ਗਰਮੀ ਨਹੀਂ ਹੁੰਦੀ। ਪਰ “ਹੱਸਕੀ ਬਰੀਡ” ਵਾਸਤੇ ਆਹ ਗਰਮੀ ਵੀ ਜ਼ਿਆਦਾ ਸੀ। ਰਾਓ ਦੀ ਸੁਖ ਸਹੂਲਤ ਵਾਸਤੇ ਰੂਮ ਕੂਲਰ ਅਤੇ ਕੋਲਡ ਸ਼ੀਟ ਲਿਆਂਦੀਆਂ ਗਈਆਂ। ਉਸ ਦੇ ਪਾਣੀ ਵਿੱਚ ਬਰਫ਼ ਪਾਉਣੀ ਪੈਦੀਂ, ਜਿਸ ਨਾਲ ਉਹ ਬਹੁਤ ਖੁਸ਼ ਹੋ ਖੇਡਦਾ ਅਤੇ ਬਰਫ਼ ਚੱਬਣ ਲੱਗ ਪੈਂਦਾ।
ਇਹ ਬਿਲਕੁਲ ਸੱਚ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਭਾਵੇਂ ਕੁੱਤਾ ਰੱਖਣਾ ਆਮ ਜਿਹੀ ਗੱਲ ਹੈ, ਪਰ ਰਾਓ ਨੂੰ ਰੱਖ ਕੇ ਮੈਨੂੰ ਕੁੱਤਾ ਰੱਖਣ ਦੀ ਜਾਂਚ ਆਈ। ਘਰ ਵਿੱਚ ਕੁੱਤਿਆਂ ‘ਤੇ ਬਣੀਆਂ ਇੰਟਰਨੈਸ਼ਨਲ ਫ਼ਿਲਮਾਂ ਨੈੱਟ ‘ਤੇ ਵੇਖੀਆਂ ਜਾਣ ਲੱਗੀਆਂ। ਕੁੱਤਿਆਂ ਦੀ ਟਰੇਨਿੰਗ ਦੇ ਵੀਡੀਓ ਦੇਖ ਕੇ ਇੰਨ੍ਹਾਂ ਦੇ ਸੁਭਾਅ ਬਾਰੇ ਸਮਝਣਾ ਸ਼ੁਰੂ ਕੀਤਾ ਗਿਆ। ਆਂਦਰਿਆ ਨੂੰ ਰਾਓ ਬਹੁਤ ਜ਼ਿਆਦਾ ਮੋਹ ਕਰਦਾ ਸੀ ਅਤੇ ਉਹ ਵੀ ਹਰ ਛੁੱਟੀ ਰਾਓ ਨਾਲ ਹੀ ਬਿਤਾਉਣ ਲਈ ਆਪਣੇ ਘਰ ਤੋਂ ਘੰਟੇ ਦਾ ਸਫ਼ਰ ਤਹਿ ਕਰ ਕੇ ਆਉਂਦੀ। ਕਈ ਘੰਟੇ ਪਾਰਕ ਲਿਜਾ ਕੇ, ਦੌੜਾ-ਦੌੜਾ ਕੇ ਰਾਓ ਦੀ ਖੂਬ ਵਰਜਿਸ਼ ਕਰਾਉਂਦੀ। ਖੂਬ ਖਿਡਾਉਣੇ ਅਤੇ ਟਰੀਟਸ ਲਿਆ ਕੇ ਦਿੰਦੀ। ਜਦ ਆਂਦਰਿਆ ਘਰ ਹੁੰਦੀ, ਉਸ ਵਕਤ ਰਾਓ ਕਿਸੇ ਹੋਰ ਦੀ ਘੱਟ ਹੀ ਸੁਣਦਾ ਸੀ। ਸ਼ਾਇਦ ਉਹ ਪਹਿਲੀ ਵਾਰ ਰਾਓ ਨੂੰ ਅਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਈ ਸੀ, ਜਾਂ ਖੂਬ ਟਰੀਟਸ, ਖਿਡਾਉਣੇ ਦਿੰਦੀ ਸੀ, ਜਾਂ ਫੇਰ ਹਰ ਛੁੱਟੀ ਰਾਓ ਦੇ ਲੇਖੇ ਲਾਉਂਦੀ ਤਾਂ ਕਰਕੇ?? ਜਾਂ ਫੇਰ ਇੰਜ ਵੀ ਕਿਹਾ ਜਾਂਦਾ ਹੈ ਕਿ ਕੁੱਤਿਆਂ ਨੂੰ “ਡੌਗ ਲਵਰ” ਦੀ “ਸਮੈਲ” ਆ ਜਾਂਦੀ ਹੈ, ਕਿ ਅੰਦਰੋਂ ਕੌਣ ਸੱਚਾ ਪਿਆਰ ਕਰਦਾ ਹੈ? ਕੁਦਰਤ ਨੇ ਚੰਗਾ ਹੀ ਕੀਤਾ ਕਿ ਇੰਜ ਦਾ ਕੋਈ ਗੁਣ ਇਨਸਾਨ ਨੂੰ ਨਹੀ ਦਿੱਤਾ।
“ਮੰਮ, ਮੈਂ ਅਗਲੇ ਹਫ਼ਤੇ ਦੀ ਰਾਓ ਵਾਸਤੇ ‘ਗਰੂਮਿੰਗ’ ਦੀ ਬੁਕਿੰਗ ਕਰ ਦਿੱਤੀ ਹੈ, ਮੰਗਲਵਾਰ ਮੇਰੀ ਛੁੱਟੀ ਹੈ। ਤੁਸੀਂ ਬੇਫ਼ਿਕਰ ਰਹੋ, ਮੈਂ ਆਪੇ ਹੀ ਲੈ ਜਾਊਂਗੀ।” ਆਂਦਰਿਆ ਨੇ ਕਿਹਾ।
“ਉਹ ਕਿਉਂ?” ਮੈਂ ਖਰਚੇ ਵੱਲੋਂ ਪ੍ਰੇਸ਼ਾਨ ਹੁੰਦਿਆਂ ਕਿਹਾ।
“ਇੰਨ੍ਹਾਂ ਦੇ ਸਰੀਰ ਦੀ ਪੂਰੀ ਸਫ਼ਾਈ ਜਰੂਰੀ ਹੁੰਦੀ ਹੈ, ਵਾਧੂ ਵਾਲ ਨਿਕਲ ਜਾਂਦੇ ਹਨ।”
ਮੰਗਲਵਾਰ ਜਦ ਅਸੀਂ ਕੰਮ ਤੋਂ ਘਰ ਆਏ ਤਾਂ ਦੇਖਿਆ ਵਾਕਿਆ ਹੀ ਰਾਓ ਲਿਸ਼ਕਾਂ ਮਾਰ ਰਿਹਾ ਸੀ ।
ਅਗਲੇ ਹਫ਼ਤੇ ਹੀ ਇੱਕ ਵੱਡੀ ਸਾਰੀ ਗਰੂਮਿੰਗ ਕਿੱਟ ਆਰਡਰ ਕਰ ਕੇ ਘਰ ਮੰਗਵਾ ਲਈ। ਇੱਕ ਛੋਟਾ ਹੂਵਰ ਵਾਲ ਇਕੱਠੇ ਕਰਨ ਲਈ ਅਤੇ ਇੱਕ ਵੱਡਾ ਹੇਅਰ ਡਰਾਇਰ ਵਾਲ ਸੁਕਾਉਣ ਲਈ ਰਾਓ ਲਈ ਆ ਗਿਆ। ਹਫ਼ਤੇ ਵਿੱਚ ਦੋ ਵਾਰ ਨਹਾਉਣਾ, ਸੁਕਾਉਣਾ ਅਤੇ ਚਾਰ ਮਹੀਨੇ ਮਗਰੋਂ ‘ਗਰੂਮਿੰਗ’ ਬੁੱਕ ਕਰਵਾਉਣੀ ਸ਼ੁਰੂ ਹੋ ਗਈ।
ਛੁੱਟੀਆਂ ਵਿੱਚ ਆਸਟਰੀਆ ਤੋਂ ਮੇਰੀ ਭਤੀਜੀ ਆਪਣੇ ਪੰਜ ਸਾਲ ਦੇ ਬੇਟੇ ਨਾਲ ਮੇਰੇ ਕੋਲ ਰਹਿਣ ਆਈ। ਦੋ ਕੁ ਦਿਨ ਬਾਅਦ ਸਾਨੂੰ ਲੱਗਿਆ ਕਿ ਘਰ ਵਿਚ ਥਾਂ ਘੱਟ ਹੈ। ਇਸ ਲਈ ਰਾਓ ਨੂੰ ਡੌਗ ਟਰੇਨਿੰਗ ਕਲਾਸਾਂ ‘ਚ ਪਾਉਣ ਦਾ ਫੈਸਲਾ ਕੀਤਾ। ਦੋ ਹਫ਼ਤੇ ਵਾਸਤੇ ਉਸ ਨੂੰ ਟਰੇਨਿੰਗ ‘ਤੇ ਭੇਜ ਦਿੱਤਾ। ਪਹਿਲੀ ਵਾਰ ਮੈਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਕੁੱਤੇ ਨੂੰ ਕਿੰਜ ਸਿਖਲਾਈ ਦਿੱਤੀ ਜਾਂਦੀ ਹੈ। ਹਰ ਟਰੇਨਿੰਗ ‘ਤੇ ਖੂਬ ਸਾਰੀ ਟਰੀਟਸ ਦਿੱਤੀ ਜਾਂਦੀ ਹੈ, ਨਾ ਕਿ ਕੁੱਟਿਆ ਜਾਂਦਾ ਹੈ, ਜੋ ਕਿ ਮੈਂ ਸਬਕ ਸਿਖਾਉਣ ਲਈ ਲੱਕੀ ਨਾਲ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਟੌਇਲਟ ਜਾਣਾ ਹੀ ਸਿਖਾਇਆ ਸੀ, ਜੋ ਕਿ ਆਪਣੀ ਜਾਨ ਸੌਖੀ ਕਰਨ ਲਈ ਕੁੱਟ ਮਾਰ ਕੇ ਸਿਖਾ ਦਿੱਤਾ ਸੀ। ਬਾਕੀ ਮੈਨੂੰ ਹੋਰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀ ਮਹਿਸੂਸ ਹੋਈ ਸੀ। ਪਰ ਰਾਓ ਨੂੰ ਬਹੁਤਾ ਕੁਝ ਘਰ ਹੀ ਬੈਠਿਆਂ ਨੇ ਸਿਖਾ ਦਿੱਤਾ ਸੀ। ‘ਨ੍ਹੋ ਰਾਓ’, ‘ਯੈੱਸ ਬੇਬੀ’, ਗੁੱਡ ਬੋਆਏ’, ‘ਗਿਵ ਮੀ ਪੌਅ’, ‘ਇਨ ਯੂਅਰ ਬੈੱਡ’, ‘ਇੱਟਸ ਯੋਅਰ’, ‘ਬੈਡ ਬੋਆਏ’, ‘ਕਮ ਔਨ’, ‘ਡਾਊਨ’, ‘ਅੱਪ’, ਇਸ ਤੋਂ ਵੀ ਜ਼ਿਆਦਾ ਉਸ ਨੂੰ ਕਾਫ਼ੀ ਕੁਝ ਸਿਖਾ ਦਿੱਤਾ ਸੀ।
ਰਾਓ ਦੇ ਟਰੇਨਿੰਗ ‘ਤੇ ਜਾਣ ਬਾਅਦ ਘਰ ਵਿੱਚ ਹਰ ਰੋਜ਼ ਉਸ ਦਾ ਜ਼ਿਕਰ ਹੋ ਜਾਂਦਾ ਸੀ। ਉਸ ਨੇ ਵੀ ਸਾਨੂੰ ਇੰਨਾਂ ਹੀ ÷ਮਿੱਸ÷ ਕੀਤਾ ਸੀ। ਜਿਸ ਦਿਨ ਉਸ ਨੂੰ ਲੈਣ ਗਏ ਤਾਂ ਉਸ ਨੇ ਲਿਪਟ-ਲਿਪਟ ਕੇ ਬਹੁਤ ਬੈਚੇਨੀ ਵਿਖਾਈ। ਨਿੱਕੀਆਂ-ਨਿੱਕੀਆਂ ਦੰਦੀਆਂ ਮਾਰ ਕੇ ਰੋਸਾ ਵੀ ਵਿਖਾਇਆ ਕਿ ਘਰੋਂ ਦੂਰ ਕਿਉਂ ਕੀਤਾ ਸੀ? ਭਤੀਜੀ ਚਲੀ ਗਈ ਤੇ ਰਾਓ ਘਰ ਆ ਗਿਆ। ਮੈਨੂੰ ਯਾਦ ਹੈ ਸ਼ਾਇਦ ਇਤਨੇ ਖਿਡਾਉਣੇ ਮੈਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਸੀ ਲਿਆ ਕੇ ਦਿੱਤੇ ਹੋਣੇ, ਜਿੰਨੇ ਰਾਓ ਵਾਸਤੇ ਆਉਂਦੇ ਸੀ । ਰਾਓ ਨੂੰ ਵੀ ਜਿਵੇਂ ਆਪਣੇ ਖਿਡਾਉਣੇ ਪਤਾ ਸੀ। ਘਰ ਵਿੱਚ ਹੋਰ ਵੀ ਬਹੁਤ ਕੁਝ ਸੀ, ਪਰ ਉਹ ਆਪਣੇ ਹੀ ਖਿਡਾਉਣੇ ਟੋਕਰੀ ਵਿੱਚੋਂ ਕੱਢਦਾ ਅਤੇ ਕਿਸੇ ਖਰੂਦੀ ਬੱਚੇ ਵਾਂਗ ਪਾੜ, ਖੇਡ ਕੇ ਖਿਲਾਰ ਦਿੰਦਾ। ਜਦ ਮੈਂ ਬੇਟੇ ਨੂੰ ਕਿਹਾ ਕਿ ਕੁੱਤੇ ਨੇ ਤੇ ਖਿਡਾਉਣੇ ਪਾੜ ਕੇ ਲੀਰੋ-ਲੀਰ ਹੀ ਕਰ ਦੇਣੇ ਹਨ, ਫੇਰ ਕਿਉਂ ਲਿਆਉਂਦੇ ਹੋ? ਵਾਧੂ ਦਾ ਖਿਲਾਰਾ ਹੀ ਪੈਂਦਾ ਹੈ।
“ਮੰਮ, ਕੁੱਤੇ ਵੀ ਖੇਡ ਕੇ ਆਨੰਦ ਲੈਂਦੇ ਨੇ, ਇਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ, ਨਹੀਂ ਤੇ ਘਰ ਵਿੱਚ ਕੁਝ ਹੋਰ ਪਾੜ-ਝੀੜ ਕਰੂਗਾ!” ਬੇਟੇ ਨੇ ਮੇਰੇ ਸਵਾਲ ਦਾ ਸਪੱਸ਼ਟੀਕਰਣ ਦਿੱਤਾ। ਲੱਕੀ ਦੀ ਇੱਕ ਪੁਰਾਣੀ ਘਟਨਾ ਦੀ ਘੰਟੀ ਜਿਵੇਂ ਦਿਮਾਗ ਵਿੱਚ ਵੱਜ ਗਈ, “ਆਹ ਕੀ ਕੀਤਾ….?” ਕਹਿੰਦੇ ਹੋਏ ਮੈਂ ਦੋ-ਚਾਰ ਲੱਕੀ ਦੇ ਛੱਡਦੇ ਹੋਏ ਜੁਰਾਬ ਉਸ ਦੇ ਮੂੰਹ ‘ਚੋਂ ਖਿੱਚਣ ਲੱਗ ਪਈ। ਉਸ ਦਾ ਤਕਰੀਬਨ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕੱਪੜੇ ਪਾੜਨਾ, ਜੋ ਮੈਂ ਧੋ ਕੇ ਸੁਕਾਉਣ ਲਈ ਛੱਤ ‘ਤੇ ਪਾ ਕੇ ਆਉਂਦੀ ਸੀ। ਉਸ ਦੀਆਂ ਅਜਿਹੀਆਂ ਗਲਤੀਆਂ ਕਾਰਨ ਉਸ ਨੂੰ ਰੋਜ਼ ਹੀ ਮਾਰ ਪੈਦੀਂ। ਮੈਨੂੰ ਤਾਂ ਸਮਝ ਨਹੀਂ ਆਈ, ਪਰ ਲੱਕੀ ਮਾਰ ਤੋਂ ਬਚਣ ਵਾਸਤੇ ਸਮਝ ਗਿਆ ਸੀ ਕਿ ਹੁਣ ਘਰ ਦੇ ਕੱਪੜੇ ਨਹੀ ਪਾੜਨੇ। ਉਹ ਨਾਲ ਲੱਗਦਿਆਂ ਘਰਾਂ ਤੋਂ ਕੱਪੜੇ ਚੁੱਕ ਦੰਦੀਆਂ ਨਾਲ ਪਾੜ ਦਿੰਦਾ। ਪਰੰਤੂ ਥੋੜ੍ਹਾ ਸਿਆਣਾ ਹੋਣ ‘ਤੇ ਸਭ ਨੁਕਸਾਨ ਕਰਨੇ ਛੱਡ ਗਿਆ ਸੀ। ……ਪਰ ਇਤਨੀ ਪੁਰਾਣੀ ਘਟਨਾ ਨੂੰ ਰਾਓ ਦੀਆਂ ਆਦਤਾਂ ਨੇ ਜੀਵਤ ਕਰ ਦਿੱਤਾ। ਰਾਓ ਨੂੰ ਪਾਲਦੇ ਹੋਏ ਮੈਂ ਬਹੁਤ ਵਾਰੀ ਲੱਕੀ ਵਾਸਤੇ ਕਿਤੇ ਆਪਣੇ ਵਿਵਹਾਰ ਵਾਸਤੇ ਸ਼ਰਮਿੰਦਾ ਹੋਈ ਅਤੇ ਉਸ ਪਾਕਿ ਰੂਹ ਤੋਂ ਹੱਥ ਜੋੜ ਮੁਆਫ਼ੀ ਵੀ ਮੰਗੀ, ਅਤੇ ਆਪਣੇ ਮਨ ਵਿੱਚ ਪ੍ਰਣ ਵੀ ਕੀਤਾ ਕਿ ਰਾਓ ਨੂੰ ਪੂਰਾ ਪਿਆਰ ਦੇ ਕੇ ਪਾਛਚਾਤਾਪ ਕਰੂੰਗੀ।
ਘਰ ਛੋਟਾ ਹੋਣ ਕਰਕੇ ਜਿੰਨੀਆਂ ਮੁਸ਼ਕਲਾਂ ਕੁੱਤੇ ਕਰਕੇ ਸਾਨੂੰ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਵੀ ਓਨਾਂ ਹੀ ਔਖਾ ਹੁੰਦਾ ਸੀ । ਉਸ ਦੇ ਤੁਰਨ ਫ਼ਿਰਨ ਅਤੇ ਖੇਡਣ ਕੁੱਦਣ ਵਾਸਤੇ ਥਾਂ ਬਹੁਤ ਘੱਟ ਸੀ। ਪਰ ਰੱਬ ਕਿਤੇ ਸਾਡੀ ਪਰੇਸ਼ਾਨੀ ਨੂੰ ਸਮਝ ਰਿਹਾ ਸੀ। ਇੱਕ ਸਾਲ ਵਿੱਚ ਅਸੀਂ ਆਪਣਾ ਵੱਡਾ ਘਰ ਲੈ ਲਿਆ। ਰਾਓ ਦਾ ਜਨਮ ਦਿਨ ਨਵੇਂ ਘਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਦੋਸਤ ਬੁਲਾਏ ਗਏ ਤੇ ਪਾਰਟੀ ਦਿੱਤੀ ਗਈ। ਹੁਣ ਰਾਓ ਕੋਲ ਖੇਡਣ ਵਾਸਤੇ ਖੁੱਲ੍ਹੀ ਡੁੱਲ੍ਹੀ ਥਾਂ ਸੀ। ਗਾਰਡਨ ਸੀ, ਇਸ ਲਈ ÷ਨਿੱਤ ਕਰਮ÷ ਵਾਸਤੇ ਹੁਣ ਉਸ ਨੂੰ ਕੁਝ ਕੰਟਰੋਲ ਨਹੀਂ ਸੀ ਕਰਨਾ ਪੈਂਦਾ। ਦਿਨ ਵਿੱਚ ਕਈ ਵਾਰ ਗਾਰਡਨ ਵਿੱਚ ਜਾਂਦਾ। ਘਰ ਦੇ ਕੋਲ ਬਹੁਤ ਵੱਡੇ ਵਿਸ਼ਾਲ ਪਾਰਕ ਸਨ, ਓਥੇ ਦੌੜ ਲੁਆਉਣ ਲੈ ਜਾਂਦੇ। ਰਾਓ ਦੀ ਚੜ੍ਹਦੀ ਉਮਰ ਕਰਕੇ ਉਸ ਨੂੰ ਵਿਸ਼ੇਸ਼ ਖੁਰਾਕ ਵਿੱਚ ਅੰਡੇ ਅਤੇ ਮੀਟ ਉਬਾਲ ਕੇ ਦਿੱਤਾ ਜਾਂਦਾ।
“ਰਾਓ ਨੂੰ ਹੱਡੀਆਂ ਨਹੀਂ ਦੇਣੀਆਂ!” ਮੈਨੂੰ ਬੇਟੇ ਤੋਂ ਨਿਰਦੇਸ਼ ਮਿਲਿਆ ਅਤੇ ਨਾਲ ਹੀ ਮੀਟ ਦੀਆਂ ਚੰਗੀ ਤਰ੍ਹਾਂ ਚੂਸੀਆਂ ਹੱਡੀਆਂ ਨੂੰ ਵੀ ਲੱਕੀ ਬਹੁਤ ਲਲਚਾਈਆਂ ਅੱਖਾਂ ਨਾਲ ਵੇਖ ਉਸ ਨੂੰ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਨੂੰ ਰਾਓ ਦਾ ਯੋਜਨਾ-ਬੱਧੀ ਖਾਣਾ ਬਣਾਉਂਦਿਆਂ ਲੱਕੀ ਦੀ ਮਾਸੂਮੀਅਤ ਯਾਦ ਆ ਗਈ।
ਇਸੇ ਸਾਲ ਸਾਰੇ ਪਰਿਵਾਰ ਨੂੰ ਇੰਡੀਆ ਜਾਣਾ ਪੈ ਗਿਆ।
ਰਾਓ ਜੀ ਵਾਸਤੇ ਜਹਾਜ ਦੀ ਟਿਕਟ ਬੁੱਕ ਕਰਨ ਵਾਸਤੇ ਪੁੱਛਿਆ ਤਾਂ ਪਤਾ ਚੱਲਿਆ ਕਿ ਇੰਡੀਆ ਦਾ ਵਾਤਾਵਰਣ ਗਰਮ ਹੋਣ ਕਰਕੇ ‘ਸਾਇਬੇਰਿਅਨ ਹੱਸਕੀ’ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਫ਼ਿਰ ਇੱਕ ਲੰਬੀ ਪ੍ਰਗਤੀ ਅਤੇ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖ਼ੈਰ, ਰਾਓ ਵਾਸਤੇ ਇੱਕ ਹੋਰ ਟਰੇਨਿੰਗ ਦੀ ਬੁੱਕਿੰਗ ਹੋ ਗਈ। ਇਸ ਵਾਰ ਦੀ ਬੁੱਕਿੰਗ ਬਹੁਤ ਮਹਿੰਗੀ ਸੀ। ਕੰਪਨੀ ਨੇ ਬਹੁਤ ਸਾਰੇ ਵੀਡੀਓ ਵਿਖਾ ਕੇ ਬਹੁਤ ਕੁਝ ਸਿਖਾਉਣ ਦਾ ਵਾਅਦਾ ਕੀਤਾ। ਸਾਨੂੰ ਵੀ ਲੱਗਿਆ ਕਿ ਇਸ ਟਰੇਨਿੰਗ ਤੋਂ ਬਾਅਦ ਰਾਓ ਜਿਵੇਂ ਕੋਈ “ਬੁੱਧੀਜੀਵੀ” ਹੀ ਬਣ ਜਾਵੇਗਾ।
ਪਰੰਤੂ ਹੋਰ ਕੋਈ ਚਾਰਾ ਨਹੀ ਸੀ ।
ਰਾਓ ਟਰੇਨਿੰਗ ਉਪਰ ਗਿਆ ਅਤੇ ਅਸੀਂ ਇੰਡੀਆ ਚਲੇ ਗਏ।
ਇੱਕ ਮਹੀਨੇ ਬਾਦ ਰਾਓ ਨੂੰ ਵਾਪਿਸ ਲਿਆਂਦਾ ਗਿਆ। ਪਰ ਉਸ ਵਿੱਚ ਕੁਝ ਵੀ ਤਬਦੀਲੀ ਨਹੀਂ ਸੀ। ਸ਼ਾਇਦ ਰਾਓ ਜ਼ਿਆਦਾ ਹੀ ਸਮਝਦਾਰ ਸੀ ਅਤੇ ਸਮਝ ਗਿਆ ਸੀ ਕਿ ਟਰੇਨਿੰਗ ‘ਤੇ ਕੁਝ ਨਾ ਸਿਖਣ ਵਿੱਚ ਹੀ ਫ਼ਾਇਦਾ ਹੈ, ਨਹੀਂ ਤਾਂ ਵਾਰ-ਵਾਰ ਘਰੋਂ ਦੂਰ ਰਹਿਣਾ ਪਵੇਗਾ। ਸ਼ਾਇਦ ਉਹਨਾਂ ਨੇ ਉਸ ਨੂੰ ਪਿੰਜਰੇ-ਨੁਮਾਂ ਕੈਦ ਵਿੱਚ ਰੱਖਿਆ ਸੀ, ਅਤੇ ਅਜ਼ਾਦ ਹੋਣ ਦੇ ਮਕਸਦ ਨਾਲ ਪਿੰਜਰਾ ਟੁੱਕਦੇ ਦਾ ਉਸ ਦਾ ਇੱਕ ਦੰਦ ਅੱਧਾ ਟੁੱਟ ਗਿਆ ਸੀ। ਜਿਸ ਦਾ ਸਾਨੂੰ ਬਹੁਤ ਅਫ਼ਸੋਸ ਰਹੇਗਾ।
ਮੈਂ ਇੰਡੀਆ ਇੱਕ ਮਹੀਨਾ ਜ਼ਿਆਦਾ ਰਹੀ। ਪਿੱਛੋਂ ਬੱਚਿਆਂ ਨੂੰ ਰਾਓ ਰੱਖਣਾ ਬਹੁਤ ਔਖਾ ਹੋ ਗਿਆ ਸੀ। ਮੇਰੇ ਵਾਪਿਸ ਆਉਣ ‘ਤੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਮੈਂ ਨਵੀਂ ਜੌਬ ਲੱਭ ਰਹੀ ਸੀ। ਘਰ ਵੱਡਾ ਹੋਣ ਕਰਕੇ ਕੰਮ ਜ਼ਿਆਦਾ ਹੋ ਗਿਆ ਅਤੇ ਜੌਬ ਨਾ ਹੋਣ ਕਰਕੇ ਰਾਓ ਦੀ ਹਰ ਰੋਜ਼ ਦੇ ਸਾਰੇ ਕੰਮਾਂ ਦੇ ਨਾਲ-ਨਾਲ ਉਸ ਦੀ ਦੀ ਸੈਰ, ਸੈਂਪੂ, ਕੰਘੀ ਮੇਰੇ ਹਿੱਸੇ ਆ ਗਈ।
ਜਸ਼ਨ ਦੇ ਘਰ ਆਉਂਦਿਆਂ ਹੀ ਰਾਓ ਨੂੰ ਕਹਿੰਦਾ, “ਆਈ ਕਾਂਟ ਸੀ ਮਾਈ ਰਾਓ…..!” ਜਵਾਬ ਵਿਚ ਰਾਓ ਲੰਬਾ ਜਿਹਾ ਭੌਂਕ ਕੇ ਹੁੰਗਾਰਾ ਭਰਨ ਲੱਗ ਪੈਂਦਾ। ਅਮਨ ਕੋਲ ਰੱਸੀ ਚੁੱਕ ਕੇ ਲੈ ਕੇ ਆਉਂਦਾ ਅਤੇ ਆਪਣੇ ਨਾਲ ਖੇਡਣ ਲਈ ਖਿੱਚਦਾ। ਰਾਓ ਆਪਣੀ ਮੌਜੂਦਗੀ ਦਾ ਪ੍ਰਮਾਣ ਉਹਨਾਂ ਨੂੰ ਦਿੰਦਾ ਸੀ। ਮੈਂ ਤੇ ਰਾਓ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਦਾ ਜ਼ਿਆਦਾ ਮੋਹ ਕਰਨ ਲੱਗ ਪਏ ਸੀ। ਮੈਂ ਰਸੋਈ, ਗਾਰਡਨ ਜਾਂ ਕਿਤੇ ਵੀ ਹੋਣਾ, ਰਾਓ ਨੇ ਮੇਰੇ ਨਜ਼ਦੀਕ ਬੈਠ ਜਾਣਾ। ਮੈਨੂੰ ਸਮਝ ਆ ਗਿਆ ਕਿ ਪਿਆਰ ਨੂੰ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਮੋਹ ਮਮਤਾ ਦੇ ਧਾਗੇ ਸਾਨੂੰ ਦੋਹਾਂ ਨੂੰ ਬੰਨ੍ਹੀ ਬੈਠੇ ਸਨ।
ਅਚਾਨਕ ਜ਼ਿੰਦਗੀ ਨੇ ਇੱਕ ਹੋਰ ਪਲਟਾ ਮਾਰਿਆ। ਜਸ਼ਨ ਨੂੰ ਕੁੱਤੇ ਦੇ ਵਾਲਾਂ ਤੋਂ ਕੁਝ “ਐਲਰਜੀ” ਹੋ ਗਈ। ਉਹ ਹੁਣ ਰਾਓ ਨੂੰ ਬਹੁਤ ਘੱਟ ਟਾਈਮ ਦਿੰਦਾ। ਅਮਨ ਵੀ ਲੰਮੀਆਂ ਸ਼ਿਫਟਾਂ ਕਰਕੇ ਕੰਮ ਤੋਂ ਬਹੁਤ ਥੱਕਿਆ ਮਹਿਸੂਸ ਕਰਦਾ। ਮੈਂ ਤਿੰਨ ਦਿਨ ਰਾਓ ਨਾਲ ਸੈਰ ‘ਤੇ ਜਾਂਦੀ। ਬਾਕੀ ਦਿਨਾਂ ਵਿੱਚ ਬੱਚਿਆਂ ਤੋਂ ਉਮੀਦ ਕਰਦੀ। ਪਰ ਗੱਲ ਬਣ ਨਹੀ ਸੀ ਰਹੀ। ਬੱਚਿਆਂ ਨੇ ਜ਼ਿਦ ਕਰਕੇ ਰਾਓ ਲੈ ਤਾਂ ਜ਼ਰੂਰ ਲਿਆ ਸੀ, ਪਰ ਕਿੰਨੀਆਂ ਜਿੰਥਮੇਵਾਰੀਆਂ ਹੋਰ ਵੀ ਉਸ ਨਾਲ ਜੁੜ ਜਾਣਗੀਆਂ, ਉਸ ਦਾ ਅਹਿਸਾਸ ਰਾਓ ਦੇ ਆਉਣ ਤੋਂ ਬਾਅਦ ਹੋਇਆ। ਮੈਂ ਵੀ ਜੌਬ ਕਰਨ ਨੂੰ ਕਾਹਲੀ ਪੈ ਰਹੀ ਸੀ, ਜਾਂ ਸ਼ਾਇਦ ਘਰ ਵਿਹਲੀ ਰਹਿ ਕੇ ਅੱਕ ਗਈ ਸੀ।
ਮੇਰੀ ਮਾਨਸਿਕ ਹਾਲਤ ਓਦੋਂ ਹੋਰ ਖਰਾਬ ਹੋ ਗਈ, ਜਦੋਂ ਪਤਾ ਲੱਗਿਆ ਕਿ ਮੇਰੀ ਬਿਰਧ ਮਾਂ ਕੈਂਸਰ ਗ੍ਰਸਤ ਹੋ ਗਈ ਹੈ। ਮੈਂ ਇੰਡੀਆ ਜਾਣ ਬਾਰੇ ਸੋਚਣ ਲੱਗ ਪਈ। ਮਾਂ-ਪਿਉ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਜਿੰਨਾਂ ਮਾਣਿਆ ਜਾਏ, ਤਾਂ ਜ਼ਰੂਰ ਮਾਨਣਾ ਚਾਹੀਦਾ। ਮਜਬੂਰੀਆਂ ਤਾਂ ਜ਼ਿੰਦਗੀ ਦੇ ਹਰ ਮੋੜ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਮੀਲ ਪੱਥਰ ਵਾਂਗ ਖੜ੍ਹੀਆਂ ਹੀ ਰਹਿੰਦੀਆਂ ਹਨ। ਮੇਰੇ ਪਾਪਾ ਜਦ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ, ਉਸ ਵੇਲੇ ਮੈਂ ਵਿਦੇਸ਼ ਵਿੱਚ ਪੱਕੀ ਨਹੀਂ ਸੀ ਹੋਈ ਅਤੇ ਮੈਨੂੰ ਆਪਣੇ ਦੋ ਬੇਟਿਆਂ ਦੇ ਭਵਿੱਖ ਦਾ ਵੀ ਬਹੁਤ ਫ਼ਿਕਰ ਸੀ, ਇਸ ਲਈ ਪਿਤਾ ਜੀ ਦੇ ਆਖਰੀ ਦਰਸ਼ਣ ਨਹੀਂ ਸੀ ਕਰ ਸਕੀਂ, ਜਿਸ ਦਾ ਮਲਾਲ ਅੱਜ ਵੀ ਹੁੰਦਾ ਹੈ। ਕਈ ਵਾਰ ਸਾਡੀਆਂ ਮਜਬੂਰੀਆਂ ਸਾਡੇ ਫ਼ਰਜ਼ ਤੋਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ। ਪਰ ਮੈਂ ਮਾਂ ਨੂੰ ਗਲਵਕੜੀ ਵਿੱਚ ਲੈ ਲੈਣਾ ਚਾਹੁੰਦੀ ਸੀ, ਜਿਵੇਂ ਮੇਰੇ ਬਿਮਾਰ ਹੋਣ ‘ਤੇ ਮਾਂ ਮੈਨੂੰ ਗੋਦ ਵਿੱਚ ਲੈ ਕੇ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਸੋਚ ਵਿਚਾਰ ਤੋਂ ਬਾਅਦ ਮੈਂ ਤਿੰਨ ਮਹੀਨੇ ਦੀ ਟਿਕਟ ਬੁੱਕ ਕਰਵਾ ਲਈ।
ਹੁਣ ਰਾਓ ਇੱਕ ਸਵਾਲ ਬਣ ਰਿਹਾ ਸੀ।
ਅਣਮੰਨੇ ਮਨ ਨਾਲ ਰਾਓ ਨੂੰ ÷ਰੀਹੋਮ÷ ਕਰਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ। “ਡੌਗ ਟਰੱਸਟ” ਵਾਲਿਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਅਤੇ ਇੱਕ ਸਥਾਨਕ “ਡੌਗ ਟਰੱਸਟ” ਨਾਲ ਗੱਲ ਨਿਬੜ ਗਈ।
……ਫ਼ੋਨ ਤੋਂ ਫ਼ਾਰਿਗ ਹੋ ਕੇ ਜਸ਼ਨ ਨੇ ਦੱਸਿਆ ਕਿ ਦੋ ਹਫ਼ਤੇ ਬਾਅਦ ਰਾਓ ਚਲਿਆ ਜਾਵੇਗਾ। ਮੇਰੇ ਕੋਲ ਕੋਈ ਉੱਤਰ ਜਾਂ ਇਸ ਦਾ ਕੋਈ ਬਦਲ ਨਹੀਂ ਸੀ। ਮੈਂ ਰਾਓ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਹੰਝੂਆਂ ਦਾ ਹੜ੍ਹ ਖੁੱਲ੍ਹ ਗਿਆ। ਉਸ ਦੇ ਅਗਲੇ ਪੌਂਚਿਆਂ ਨੂੰ ਹੱਥਾਂ ‘ਚ ਫ਼ੜੀ, ਮੈਂ ਕਮਲੀ ਹੋਈ, ਮੁਆਫ਼ੀਆਂ ਮੰਗੀ ਜਾ ਰਹੀ ਸੀ। ਹੱਥੀਂ ਪਾਲੇ ਰਾਓ ਦੇ ਮੈਂ ਇੱਕ ਤਰ੍ਹਾਂ ਨਾਲ ਪੈਰੀਂ ਡਿੱਗੀ ਹੋਈ ਸੀ। ਇਨਸਾਨ ਕਿੰਨੀਆਂ ਮਜਬੂਰੀਆਂ ਤੇ ਬੰਧਨਾਂ ਵਾਲਾ ਜੀਵਨ ਜਿਉਂਦਾ ਹੈ। ਰਾਓ ਮੈਨੂੰ ਮੁਆਫ਼ ਕਰ ਦੇਈਂ, ਮੈਂ ਬੇਵੱਸ ਹਾਂ……! ਮੈਨੂੰ ਮੁਆਫ਼ ਕਰੀਂ ਮੇਰੇ ਬੱਚੇ, ਮੈਂ ਮਜਬੂਰ ਹਾਂ….! ਅੰਦਰੋਂ ਕੁਰਲਾਉਂਦੀ ਹੋਈ ਕਦੇ ਮੈਂ ਉਸ ਦੇ ਪੌਂਚੇ ਫ਼ੜ ਕੇ ਮੁਆਫ਼ੀ ਲਈ ਅਰਜੋਈਆਂ ਕਰਦੀ ਹੋਈ, ਕਿਤੇ ਨਾ ਕਿਤੇ ਲੱਕੀ ਨਾਲ ਹੋਏ ਵਿਵਹਾਰ ‘ਤੇ ਸ਼ਰਮਿੰਦਾ ਸੀ, ਇਸ ਲਈ ਕਦੇ ਬੇਚੈਨ ਹੋ ਉਸ ਨੂੰ ਗਲਵਕੜੀ ਪਾਉਂਦੀ। ਸ਼ਾਇਦ ਰਾਓ ਪੈਣ ਵਾਲੇ ਇਸ ਵਿਛੋੜੇ ਤੋਂ ਬਿਲਕੁਲ ਅਣਜਾਣ ਸੀ।
ਮੇਰੇ ਮਨ ਵਿੱਚ ਆਇਆ ਕਿ ਆਂਦਰਿਆ ਵੀ ਰਾਓ ਨੂੰ ਮਿਲ ਲਵੇ, ਇਸ ਲਈ ਬੇਟੇ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਤੋਂ ਆਂਦਰਿਆ ਨਹੀ ਆਈ, ਉਸ ਨੂੰ ਵੀ ਦੱਸ ਦਿਓ ਕਿ ਰਾਓ ਜਾ ਰਿਹਾ ਹੈ, ਆ ਕੇ ਮਿਲ ਲਵੇ? ਅਮਨ ਨੇ ਦੱਸਿਆ ਕਿ ਜਦ ਆਂਦਰਿਆ ਨੂੰ ਦੱਸਿਆ ਕਿ ਰਾਓ ਨੂੰ “ਰੀਹੋਮ” ਕਰਵਾਉਣ ਦੀ ਸੋਚ ਰਹੇ ਹਾਂ ਤਾਂ ਉਹ ਬੋਲੀ, “ਤੁਸੀ ਉਸ ਨੂੰ ਕਿਵੇਂ ਛੱਡ ਸਕਦੇ ਹੋ, ਉਹ ਤੁਹਾਡਾ ਬੱਚਾ ਹੈ, ਪਰਿਵਾਰ ਦਾ ਹਿੱਸਾ ਹੈ, ਕੀ ਤੁਸੀਂ ਆਪਣਾ ਬੱਚਾ ਛੱਡ ਸਕਦੇ ਹੋ?? ਮੈਂ ਝੋਲੀ ਅੱਡ ਕੇ ਉਹਦੇ ਲਈ ਭੀਖ ਮੰਗਦੀ ਹਾਂ, ਪਲੀਜ਼ ਇੰਜ ਨਾ ਕਰਿਓ, ਵਰਨਾ ਮੈਂ ਮੁੜ ਓਸ ਘਰ ‘ਚ ਨਹੀਂ ਆਉਣਾ, ਜਿੱਥੇ ਰਾਓ ਨਾਲ ਖੇਡਦੀ ਰਹੀ ਹਾਂ, ਉਸ ਦੀ ਜ਼ੁਦਾਈ ਮੈਂ ਸਹਿ ਨਹੀ ਸਕਾਂਗੀਂ।” ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਕਿਹਾ। ਅਰਜੋਈ ਵੀ ਕੀਤੀ, ਖੂਬ ਰੋਈ ਵੀ, ਵਿਛੋੜੇ ਦਾ ਅਹਿਸਾਸ ਕਰ ਕੇ ਕੁਰਲਾਈ ਵੀ, ਅਤੇ ਫ਼ੇਰ ਮੁੜ ਕੇ ਕਦੇ ਸਾਡੇ ਘਰ ਨਹੀ ਆਈ। ਹੁਣ ਮੈਨੂੰ ਕੁੱਤਿਆਂ ਦਾ ਆਹ ਗੁਣ ਯਾਦ ਆ ਗਿਆ ਕਿ ਕੁੱਤੇ ਸੁੰਘ ਕੇ ਇਨਸਾਨ ਨੂੰ ਪਛਾਣ ਲੈਂਦੇ ਹਨ। ਰਾਓ ਦਾ ਇਸ ਕੁੜੀ ਨਾਲ ਇਤਨੇ ਜ਼ਿਆਦਾ ਪਿਆਰ ਦਾ ਕਾਰਣ ਵੀ ਸਮਝ ਆ ਰਿਹਾ ਸੀ।
ਹੁਣ ਮੈਂ ਕੁਝ ਵੀ ਕਰਦੀ ਦਾ ਦਿਮਾਗ ਰਾਓ ਵਿੱਚ ਹੀ ਲੱਗਿਆ ਰਹਿੰਦਾ ਹੈ।
ਆਖਰ ਉਹ ਦਿਨ ਵੀ ਆ ਗਿਆ, ਜਦ ਜਸ਼ਨ ਨੇ ਕਿਹਾ, “ਮੰਮ, ਦੋ ਘੰਟੇ ਤੱਕ ਜਾਣਾ ਹੈ, ਰਾਓ ਦਾ ਸਮਾਨ ਪੈਕ ਕਰ ਦਿਓ!” ਅਮਨ ਕੰਮ ‘ਤੇ ਸੀ। ਪਰ ਸਾਡੇ ਨਾਲ ਲਗਾਤਾਰ ਫ਼ੋਨ ‘ਤੇ ਸੀ। ਉਸ ਦਾ ਕੰਮ ‘ਤੇ ਉਕਾ ਹੀ ਮਨ ਨਹੀਂ ਸੀ ਲੱਗ ਰਿਹਾ। ਸਵੇਰੇ ਰਾਓ ਨਾਲ ਲਿਪਟ ਕੇ, ਰੋ ਕੇ ਗਿਆ ਸੀ। ਮੈਂ ਭਾਰੀ ਮਨ ਨਾਲ ਰਾਓ ਦਾ ਸਾਰਾ ਸਮਾਨ ਬੰਨ੍ਹਣ ਲੱਗ ਪਈ। ਹਿਰਦੇ ਅੰਦਰੋਂ ਹੰਝੂਆਂ ਦੇ ਦਰਿਆ ਚੱਲ ਪਏ ਸਨ।
“ਪੰਜ ਵੱਡੇ ਡੱਬੇ ਪੈਕ ਕਰ ਦਿੱਤੇ ਰਾਓ ਦੇ ਦਾਜ ਦੇ!” ਮੈਂ ਆਖਿਆ ਅਤੇ ਆਖਰੀ ਵਾਰ ਰਾਓ ਨੂੰ ਪਾਰਕ ਲੈ ਗਈ। ਘੜ੍ਹੀ ਮੁੜੀ ਮੈਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ, ਪਤਾ ਨਹੀਂ ਸ਼ਾਇਦ ਮਨ ਨੂੰ ਸਮਝਾ ਰਹੀ ਸੀ। ਉਸ ਨੂੰ ਦੇਖ-ਦੇਖ ਮੈਂ ਲਗਾਤਾਰ ਜਾਰੋ-ਜਾਰ ਰੋ ਰਹੀ ਸੀ। ਪਰ ਰਾਓ ਹਰ ਪਾਸਿਓਂ ਬੇਖ਼ਬਰ ਸੀ। ਉਹ ਆਮ ਵਾਂਗ ਹੀ ਨੱਚ-ਟੱਪ ਰਿਹਾ ਸੀ। ਉੁਸ ਮਾਸੂਮ ਨੂੰ ਕੀ ਪਤਾ ਸੀ ਕਿ ਵਿਛੜਨ ਦੀਆਂ ਘੜ੍ਹੀਆਂ ਦੁਸ਼ਮਣ ਦੀ ਫ਼ੌਜ ਵਾਂਗ ਮਾਰੋ-ਮਾਰ ਕਰਦੀਆਂ ਚੜ੍ਹੀਆਂ ਆ ਰਹੀਆਂ ਸਨ।
ਉਸ ਦਿਨ ਨਾ ਘਰ ਵਿੱਚ ਖਾਣਾ ਬਣਿਆਂ ਅਤੇ ਨਾ ਸਫ਼ਾਈ ਹੋਈ। ਇੱਕ ਆਖਰੀ ਵਾਰ ਰਾਓ ਨੂੰ ਖੇਡਣ ਲਈ ਮੈਂ ਇੱਕ ਨਵੀਂ ਗੇਂਦ ਦਿੱਤੀ ਅਤੇ ਉਸ ਨੂੰ ਕਿਹਾ, “ਲੈ ਬੇਟਾ, ਆਖਰੀ ਵਾਰ ਮੇਰੇ ਵਿਹੜ੍ਹੇ ਵਿੱਚ ਖੇਡ ਜਾ।” ਰਾਓ ਨੇ ਦੋਵੇਂ ਪੰਜਿਆਂ ਵਿੱਚ ਲੈ ਕੇ ਗੇਂਦ ਪਾੜਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਦੀ ਆਖਰੀ ਵੀਡੀਓ ਬਣਾ ਲਈ।
ਜਸ਼ਨ ਨੂੰ ਪੌੜੀਆਂ ਤੋਂ ਉਤਰਦੇ ਦੇਖ ਕੇ ਮੇਰਾ ਹੌਸਲਾ ਟੁੱਟਣ ਅਤੇ ਦਿਲ ਖੁੱਸਣ ਲੱਗ ਪਿਆ। ਰਾਓ ਨੂੰ ਜਿਵੇਂ ਹੀ ਗਲੇ ਦਾ ਪਟਾ ਪਾਇਆ, ਤਾਂ ਉਹ ਖੁਸ਼ੀ ਨਾਲ ਮਚਲਣ ਲੱਗ ਪਿਆ ਕਿ ਬਾਹਰ ਘੁੰਮਣ ਜਾਣਾ ਹੈ। ਉਸ ਭੋਲ਼ੇ ਜੀਵ ਨੂੰ ਕੀ ਪਤਾ ਸੀ ਕਿ ਉਹ ਇਸ ਘਰ ਤੋਂ ਸਦਾ ਲਈ ਵਿੱਛੜ ਕੇ ਜਾ ਰਿਹਾ ਹੈ? ਇਹ ਘਰ ਉਸ ਲਈ ਸਦਾ ਲਈ ਪਰਾਇਆ ਹੋ ਰਿਹਾ ਹੈ? ਵੱਡਾ ਬੇਟਾ ਅਮਨ ਲਗਾਤਾਰ “ਵੀਡੀਓ ਕਾਲ” ‘ਤੇ ਸੀ। ਰਾਓ ਨੂੰ ਵਿਦਾਅ ਹੁੰਦੇ ਦੇਖਣਾ ਚਾਹੁੰਦਾ ਸੀ। ਮੈਂ ਰਾਓ ਦੀ ਨਵੀਂ ਖੁਸ਼ਹਾਲ ਜਿੰਦਗੀ ਅਤੇ ਉਜਲੇ ਭਵਿੱਖ ਵਾਸਤੇ ਦੁਆਵਾਂ ਮੰਗ ਰਹੀ ਸੀ।
ਰਾਓ ਖਾਮੋਸ਼ ਜਿਹਾ ਕਾਰ ਵਿਚ ਛਾਲ ਮਾਰ ਚੜ੍ਹ ਗਿਆ। ਅਗਰ ਕੋਈ ਇਨਸਾਨ ਦਾ ਬੱਚਾ ਹੁੰਦਾ, ਤਾਂ ਸੌ ਸੁਆਲ ਮੱਥੇ ਵਿੱਚ ਮਾਰਦਾ, “ਮੈਨੂੰ ਛੱਡਣਾ ਹੀ ਸੀ ਤਾਂ ਮੇਰੀ ਮਾਂ ਤੋਂ ਦੂਰ ਲਿਆਂਦਾ ਹੀ ਕਿਉਂ ਸੀ? ਕਿਉਂ ਐਨਾਂ ਪਿਆਰ ਪਾਇਆ ਸੀ? “ਅਡੌਪਟ” ਦਾ ਮਤਲਬ ਕੀ ਹੁੰਦਾ ਹੈ?? ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਤੇ ਅੱਜ ਤੁਸੀਂ ਕਿਸ ਹੱਕ ਨਾਲ ਮੈਨੂੰ ਘਰੋਂ ਕੱਢ ਰਹੇ ਹੋ? ਇਨਸਾਨ ਦਾ ਬੱਚਾ ਹੁੰਦਾ ਤਾਂ ਬੁਰਾ ਭਲਾ ਵੀ ਆਖਦਾ ਅਤੇ ਚੀਕ ਚਿਹਾੜ੍ਹਾ ਵੀ ਪਾਉਂਦਾ। ਪਰੰਤੂ ਰਾਓ ਆਪਣੀ ਵਫ਼ਾਦਾਰੀ ਵਿੱਚ ਜ਼ਿਆਦਾ “ਸੱਚਾ” ਨਿਕਲਿਆ ਅਤੇ ਸਾਨੂੰ ਵਾਅਦਾ ਫ਼ਿਰੋਸ਼ੀ ਵਿੱਚ “ਝੂਠਾ” ਜਿਹਾ ਪਾਉਂਦਾ ਹੋਇਆ ਬੱਸ ਜਾਂਦੀ ਵਾਰ ਮੇਰੀ ਪਾਈ ਹੋਈ ਗਲਵਕੜੀ ਵੇਲੇ ਮੇਰੇ ਹੱਥ-ਪੈਰ ਚੱਟਦਾ ਰਿਹਾ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਡੀਆਂ ਬੇਮਤਲਬ ਅਤੇ ਬੇਹੂਦੀਆਂ ਘੜ੍ਹੀਆਂ ਮਜਬੂਰੀਆਂ ਦੀ ਸਮਝ ਆ ਰਹੀ ਸੀ, ਪਰ ਉਸ ਨੇ ਕੁਝ ਵੀ ਜਤਾਉਣਾ ਨਹੀ ਚਾਹਿਆ, ਸ਼ਾਇਦ ਪੌਣੇ ਦੋ ਸਾਲ ਦੀ ਸੇਵਾ ਦਾ ਅਹਿਸਾਨ ਮੰਨ ਕੇ ਖਾਮੋਸ਼ੀ ਨਾਲ ਕਾਰ ‘ਚ ਬੈਠ ਗਿਆ। ਸਾਡਾ ਭਾਣਾ ਜਿਹਾ ਮੰਨ ਕੇ!
ਹਜ਼ਾਰਾਂ ਜਵਾਬਾਂ ਤੋਂ ਬਿਹਤਰ ਹੁੰਦੀ ਹੈ, ਖ਼ਾਮੋਸ਼ੀ! ਨਾ ਜਾਣੇ ਕਿੰਨੇ ਸੁਆਲਾਂ ਦੀ ਇੱਜ਼ਤ ਰੱਖਦੀ ਹੈ? ਰਾਓ ਦੀ ਖ਼ਾਮੋਸ਼ੀ ਹੀ ਮੇਰੇ ਦੁੱਖ ਅਤੇ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ! ਕਾਰ ਹੌਲੀ-ਹੌਲੀ ਰਿੜ੍ਹਨੀ ਸ਼ੁਰੂ ਹੋ ਗਈ ਅਤੇ ਵੇਖਦੇ-ਵੇਖਦੇ ਰਾਓ ਅੱਖਾਂ ਤੋਂ ਓਝਲ ਹੋ ਗਿਆ। ਬੇਵੱਸ ਅਤੇ ਨਿਹੱਥੀ ਹੋਈ ਮੈਂ ਭੱਜ ਕੇ ਪਾਠ-ਪੂਜਾ ਵਾਲੇ ਸਥਾਨ ‘ਤੇ ਆ ਡਿੱਗੀ ਅਤੇ ਭੁੱਬਾਂ ਮਾਰ ਕੇ ਰੋਂਦਿਆਂ ਹੋਇਆਂ ਝੋਲੀ ਅੱਡ ਕੇ ਅਰਦਾਸ ਕੀਤੀ, “ਹੇ ਮੇਰੇ ਪਰਮਾਤਮਾ! ਮੇਰੇ ਰਾਓ ਨੂੰ ਬਹੁਤ ਚੰਗਾ ਪਰਿਵਾਰ ਅਡੌਪਟ ਕਰੇ। ਉਸ ਦੀਆਂ ਤਮਾਮ ਸਧਰਾਂ ਪੂਰੀਆ ਹੋਣ, ਖੂਬ ਪਿਆਰ ਮਿਲੇ, ਜਲਦੀ ਹੀ ਸਾਨੂੰ ਭੁੱਲ ਜਾਏ।” ਰਾਓ ਦੇ ਜਾਣ ਬਾਅਦ ਘਰ ਵਿਚ ਘੋਰ ਉਦਾਸੀ ਛਾਈ ਹੋਈ ਸੀ। ਘਰ ਦੀ ਹਰ ਸ਼ੈਅ ਖ਼ਾਮੋਸ਼ ਸੀ।
ਸਾਰੀ ਰਾਤ ਅਸੀਂ ਤਿੰਨੋ ਮਾਂ-ਪੁੱਤ ਸੌਂ ਨਹੀ ਸਕੇ।
ਸਵੇਰੇ ਉਠੀ ਤਾਂ ਰਾਓ ਦੀ ਅਣਹੋਂਦ ਦਾ ਅਹਿਸਾਸ ਘਰ ਵਿੱਚ ਹੋ ਰਿਹਾ ਸੀ। ਪਾਠ ਕਰਦਿਆਂ ਅੱਖਾਂ ‘ਚੋਂ ਝੜ੍ਹੀ ਲੱਗੀ ਹੀ ਰਹੀ। ਨਿਰੰਤਰ ਵਗਦੇ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਆਪਣੀ ਪਾਠ ਡਾਇਰੀ ਵਿੱਚ “ਸਹਿਜ ਪਾਠ” ਸੁੱਖ ਲਿਆ ਰਾਓ ਅਤੇ ਉਸ ਦੇ ਨਵੇਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਮਨ ਨੂੰ ਸਾਰਾ ਦਿਨ ਸਮਝਾਉਂਦੀ ਰਹੀ। ਫ਼ਿਰ ਵੀ ਰਾਓ ਦੇ ਭੁਲੇਖੇ ਪੈਂਦੇ ਰਹੇ। ਦੋਨੋਂ ਬੇਟੇ ਵੀ ਖੂਬ ਰੋਂਦੇ ਰਹੇ ਅਤੇ ਉਦਾਸ ਰਹੇ। ਕੁਝ ਦਿਨ ਹੋ ਗਏ ਸੀ, ਪਰ ਸਾਡੇ ਕਿਸੇ ਤੋਂ ਵੀ ਉਸ ਦਾ ਮਾਸੂਮ ਜਿਹਾ ਚਿਹਰਾ ਭੁਲਾਇਆ ਨਹੀਂ ਸੀ ਜਾ ਰਿਹਾ। ਮੈਂ ਅੱਜ ਫ਼ੈਸਲਾ ਕੀਤਾ ਕਿ “ਡੌਗ ਟਰੱਸਟ” ਵਾਲੀ ਥਾਂ ‘ਤੇ ਜਾ ਕੇ ਰਾਓ ਨੂੰ ਵੇਖ ਲਵਾਂ। ਖੂਬ ਸਾਰੀਆਂ “ਟਰੀਰਸ” ਲੈ ਕੇ ਮੈਂ ਮਨ ਕਰੜਾ ਕਰ ਕੇ ਚੱਲ ਪਈ। ਪਰ ਅਰਦਾਸ ਕਰ ਰਹੀ ਸੀ ਕਿ ਰਾਓ ਮੈਨੂੰ ਓਥੇ ਨਾ ਮਿਲੇ, ਉਸ ਨੂੰ ਕਿਸੇ ਨੇ “ਅਡੌਪਟ” ਕਰ ਲਿਆ ਹੋਵੇ, ਉਸ ਨੂੰ ਨਵਾਂ ਪਰਿਵਾਰ ਮਿਲ ਗਿਆ ਹੋਵੇ। ਸ਼ਾਇਦ ਉਸ ਨੂੰ ਦੁਬਾਰਾ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀ ਸੀ। ਜੇ ਰਾਓ ਮੇਰੇ ਸਾਹਮਣੇ ਆ ਗਿਆ ਤਾਂ ਉਸ ਬੇਜ਼ੁਬਾਨ ਨੂੰ ਕੀ ਸਪੱਸ਼ਟੀਕਰਣ ਦਿਆਂਗੀ? ਮੈਂ ਹੋਰ ਵੀ ਸੋਚ ਰਹੀ ਸੀ ਕਿ ਜੇ ਰਾਓ ਓਥੇ ਹੋਇਆ, ਉਸ ਨੇ ਤਾਂ ਮੈਨੂੰ ਦੇਖ ਕੇ ਤੂਫ਼ਾਨ ਖੜ੍ਹਾ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ, ਉਹਨੀ ਪੈਰੀਂ ਵਾਪਸ ਮੇਰੇ ਤੋਂ ਵੀ ਮੁੜਿਆ ਨਹੀਂ ਜਾਣਾ।
ਮੇਰੀ ਅਰਦਾਸ ਪੂਰੀ ਹੋਈ, ਰਾਓ ਆਪਣੇ ਨਵੇਂ ਪਰਿਵਾਰ ਵਿੱਚ ਜਾ ਚੁੱਕਿਆ ਸੀ। ਇਹ ਖ਼ਬਰ ਸੁਣ ਮੇਰਾ ਮਨ ਸ਼ਾਂਤ ਹੋ ਗਿਆ। ਪਰ ਹੋਰ ਦੂਜੇ ਕੁੱਤਿਆਂ ਨੂੰ ਵੇਖ ਕੇ ਲੱਗਿਆ ਕਿ ਆਪਣੇ ਮਾਲਕਾਂ ਤੋਂ ਵਿੱਛੜ ਕੇ ਕਿੰਨ੍ਹੇ ਉਦਾਸ ਅਤੇ ਅਵਾਜ਼ਾਰ ਨੇ ਇਹ। ਇਹਨਾਂ ਨੂੰ ਖਾਣੇ ਦੀ, ਦਵਾ ਦੀ ਅਤੇ ਸਾਰ ਸੰਭਾਲ ਦੀ ਵੀ ਲੋੜ ਹੁੰਦੀ ਹੋਣੀ ਹੈ? ਇਹਨਾਂ ਦਾ ਕੌਣ ਵਾਰਿਸ ਹੈ? ਮੇਰੇ ਬੇਸਬਰੇ ਅਤੇ ਵੈਰਾਗ ਦੇ ਹੰਝੂ ਰੁਕਣ ਦਾ ਨਾਮ ਨਹੀ ਸੀ ਲੈ ਰਹੇ। ਰਿਸ਼ੈਪਸ਼ਨ ‘ਤੇ ਗਈ ਅਤੇ ਪੁੱਛਿਆ ਕਿ ਮੈਂ ਇਹਨਾਂ ਕੁੱਤਿਆਂ ਵਾਸਤੇ “ਵਲੰਟੀਅਰ ਜੌਬ” (ਨਿਸ਼ਕਾਮ ਕਾਰਜ) ਕਰਨਾ ਚਾਹੁੰਦੀ ਹਾਂ ਅਤੇ ਇਹਨਾਂ ਵਾਸਤੇ ਚੈਰਿਟੀ ਕਰਨਾ ਚਾਹੁੰਦੀ ਹਾਂ। ਉਹਨਾਂ ਇੱਕ ਫ਼ਾਰਮ ਮੈਨੂੰ ਦੇ ਦਿੱਤਾ ਅਤੇ ਮੈਂ ਫ਼ਾਰਮ ਭਰ ਕੇ ਰਾਓ ਦਾ ਸ਼ੁਕਰਾਨਾ ਕਰਦੇ ਹੋਏ ਵਾਪਿਸ ਮੁੜ ਪਈ। ਮੈਨੂੰ ਅਜੇ ਵੀ ਭੁਲੇਖਾ ਪੈਂਦਾ ਸੀ ਕਿ ਰਾਓ ਮੇਰੇ ਨਾਲ-ਨਾਲ ਚੱਲ ਰਿਹਾ ਸੀ। ਸਰੀਰਕ ਤੌਰ ‘ਤੇ ਤਾਂ ਜੀਵ ਓਪਰੇ, ਪਰਾਏ ਜਾਂ ਅੱਖੋਂ ਓਹਲੇ ਹੋ ਜਾਂਦੇ ਨੇ, ਪਰ ਰੂਹ ਵਿੱਚ ਵਸਿਆਂ ਨੂੰ ਕੋਈ ਕਿਵੇਂ ਕੱਢੇ? ਨਿਰ-ਸੁਆਰਥ ਅਤੇ ਮੋਹ ਦੀ ਮੂਰਤ ਰਾਓ ਮੇਰੇ ਦਿਲ ਅਤੇ ਰੂਹ ਵਿੱਚ ਕਿਸੇ ਸੂਲ ਵਾਂਗ ਖੁੱਭਿਆ ਪਿਆ ਸੀ। ਪ੍ਰਮਾਤਮਾਂ ਕਰੇ, ਜਿੱਥੇ ਵੀ ਰਹੇ, ਪੂਰਾ ਖ਼ੁਸ਼ ਅਤੇ ਬੁਲੰਦੀਆਂ ‘ਚ ਰਹੇ।
ਇੱਕ ਵਾਰ ਲੱਕੀ ਤੋਂ ਬਾਅਦ ਫ਼ਿਰ, ਮੇਰੇ ਰਾਓ ਦੀ ਖਾਮੋਸ਼ ਮੁਹੱਬਤ ਬੰਦੇ ਦੇ ਬੋਲਦੇ ਪਿਆਰ ਨਾਲੋਂ ਜ਼ਿਆਦਾ ਮਹਿਕ ਖ਼ਿਲਾਰ ਗਈ ਅਤੇ ਜਾਂਦੇ-ਜਾਂਦੇ ਜਾਨਵਰਾਂ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਈ। ਇੱਕ ਸਬਕ ਮੈਂ ਇਹ ਵੀ ਸਿੱਖਿਆ ਹੈ ਕਿ ਜਬਰ-ਜ਼ੁਲਮ, ਧੱਕੇਸ਼ਾਹੀ ਜਾਂ ਕਰੂਰਤਾ ਨਾਲੋਂ, ਮੁਹੱਬਤ ਰਾਤੋ-ਰਾਤ ਤੁਹਾਡੀ ਕਾਇਆ ਪਲਟਣ ਦੀ ਸਮਰੱਥਾ ਰੱਖਦੀ ਹੈ……
ਖਾਮੋਸ਼ ਮੁਹੱਬਤ ਦੀ ਇਬਾਦਤ (ਹੱਡਬੀਤੀ)
ਗੂੜ੍ਹ ਗੱਲਾਂ (ਮਿੰਨੀ ਕਹਾਣੀ)
ਭਾਪਾ ਜੀ, ਇੱਕ ਗੱਲ ਪੁੱਛਾਂ? ਚੌਥੀ ਕਲਾਸ ਵਿਚ ਪੜ੍ਹਦੇ ਹਰਮਨ ਨੇ ਆਪਣੇ ਭਾਪੇ ਸੁਲੱਖਣ
ਸਿੰਘ ਨੂੰ ਪੁੱਛਿਆ।
ਹਾਂ ਪੁੱਤ, ਪੁੱਛ ਕੀ ਗੱਲ ਹੈ? ਸੁਲੱਖਣ ਸਿੰਘ ਨੇ ਹਰਮਨ ਦੇ ਸਿਰ ਉੱਪਰ ਪਿਆਰ ਨਾਲ ਹੱਥ
ਫੇਰਦਿਆਂ ਕਿਹਾ।
ਭਾਪਾ ਜੀ, ਅਸੀਂ ਸਰਕਾਰੀ ਸਕੂਲ ‘ਚ ਪੜ੍ਹਦੇ ਹਾਂ। ਕੱਲ ਗੁਪਤਾ ਅੰਕਲ ਦਾ ਬੇਟਾ (ਅੰਕੁਰ)
ਆਖ ਰਿਹਾ ਸੀ ਕਿ ਮੇਰੇ ਪਾਪਾ ਵੱਡੇ ਸਰਕਾਰੀ ਅਫ਼ਸਰ ਹਨ। ਇਸ ਲਈ ਅਸੀਂ ਵੱਡੇ ਪ੍ਰਾਈਵੇਟ
ਸਕੂਲ ਵਿਚ ਪੜ੍ਹਦੇ ਹਾਂ।
ਅੱਛਾ ! ਹੋਰ ਕੀ ਕਿਹਾ ਸੀ, ਗੁਪਤਾ ਜੀ ਦੇ ਬੇਟੇ ਨੇ? ਸੁਲੱਖਣ ਨੇ ਹਰਮਨ ਤੋਂ ਪੂਰੀ
ਗੱਲ ਬਾਰੇ ਪੁੱਛਿਆ।
ਉਹ ਕਹਿੰਦਾ ਸੀ ਤੇਰੇ ਪਾਪਾ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੇ ਹਨ ਤਾਹੀਂਓ ਤੁਸੀਂ
ਸਰਕਾਰੀ ਸਕੂਲ ‘ਚ ਪੜ੍ਹਦੇ ਹੋ। ਹਰਮਨ ਨੇ ਮਾਸੂਮੀਅਤ ਨਾਲ ਸਾਰੀ ਗੱਲ ਦੱਸ ਦਿੱਤੀ।
ਬੇਟਾ, ਅੱਜ ਕੱਲ ਇਉਂ ਹੀ ਹੁੰਦੈ। ਸਰਕਾਰੀ ਅਫ਼ਸਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ‘ਚ
ਅਤੇ ਪ੍ਰਾਈਵੇਟ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਹਨ। ਇਹੀ ਕੌੜਾ ਸੱਚ
ਹੈ।
ਹਰਮਨ ਨੂੰ ਆਪਣੇ ਭਾਪੇ ਦੀਆਂ ‘ਗੂੜ੍ਹ ਗੱਲਾਂ’ ਸਮਝ ਨਾ ਆਈਆਂ ਅਤੇ ਉਹ ਬਿਨਾਂ ਕੋਈ ਹੋਰ
ਸੁਆਲ ਪੁੱਛੇ ਆਪਣਾ ਬਸਤਾ ਚੁੱਕ ਕੇ ਸਕੂਲ ਵੱਲ ਨੂੰ ਤੁਰ ਪਿਆ।
ਸੁੱਖ ਦਾ ਸਿਰਨਾਵਾਂ
ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ ‘ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ ‘ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। “ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!”, ਤੇਜੀ ਨੇ ਹੈਰਾਨ ਹੋ ਕੇ ਕਿਹਾ।
“ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ ‘ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ”, ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।
ਬਲੌਰ
ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।
ਬਾਹਰਲੀ ਫਿਰਨੀ ਲਾਗੇ ਪਹੁੰਚ ਕੇ ਉਸਦੇ ਪੈਰਾਂ ਅੰਦਰ ਆਈ ਬਿਜਲੀ ਵਰਗੀ ਫੁਰਤੀ ਤਾਂ ਰਤਾ ਕੁ ਮੱਠੀ ਪੈ ਗਈ , ਪਰ ਛੋਹਲੇ ਕਦਮੀਂ ਰਿੜ੍ਹਿਆ ਉਹ ਝਿੜੀ ਅੰਦਰਲੇ ਬੋੜੇ ਖੂਹ ਦੀ ਟੁੱਟੀ ਮੌਣ ‘ਤੇ ਜਾ ਚੜਿਆ ਅਤੇ ਲੱਤਾਂ ਚੌੜੀਆਂ ਕਰਕੇ ਜੇਤੂ ਅੰਦਾਜ ਵਿਚ ਖੜ੍ਹਾ ਕੁਲਫੀ ਚੂਸਣ ਲੱਗ ਪਿਆ , ਜਿਉਂ ਪਹਿਲ-ਵਾਨ ਦਾਰਾ ਸੂੰਹ , ਫਿਲਮੀਂ ਕਿੰਗ-ਕਾਂਗ ਨੂੰ ਢਾਹ ਕੇ ਕੈਮਰੇ ਮੂਹਰੇ ਫੋਟੇ ਖਿਚਵਾਉਣ ਲਈ ਅਰਕਾਂ ਤਾਣ ਕੇ ਖੜੋ ਗਿਆ ਹੋਵੇ ।
ਖੱਬੇ ਹੱਥ ਦੀਆਂ ਪੰਜਾਂ ਉਂਗਲਾਂ ਦੇ ਕੂਲੇ ਪੋਟਿਆਂ ਵਿਚਕਾਰ ਤੀਖਾ ਜਿਹੀ ਡੰਡੀ ਘੁੱਟ ਕੇ, ਕੁਝ ਚਿਰ ਲਈ ਉਹ ਆਪਣੀ ਨਰਮ-ਨਾਜ਼ਕ ਜੀਭ ਉਤੇ ਰਗੜ ਹੁੰਦੀ ਠੰਡੀ-ਠਾਰ ਕੁਲਫੀ ਦਾ ਆਨੰਦ ਮਾਣਦਾ ਰਿਹਾ । ਫਿਰ ਛੇਤੀ ਹੀ ਉਸਦਾ ਧਿਆਨ ਆਪਣੇ ਸੱਜੇ ਹੱਥ ਦੀਆਂ ਕੂੰਗੜ ਹੋਈਆਂ ਗੰਢਾਂ ਵੱਲ ਚਲਾ ਗਿਆ । ਝੱਟ ਦੇਣੀ ਉਸ ਨੇ ਖਾਕੀ ਨਿੱਕਰ ਦੀ ਪਾਟੀ ਜੇਬ ਅੰਦਰ ਆਪਣਾ ਠਰਿਆ ਹੱਥ ਲੁਕੋ ਲਿਆ । ਬਲੌਰੀ ਕੱਚ ਵਰਗੇ ਉਸਦੇ ਸੋਹਣੇ ਹੱਥ ਦੀਆਂ ਪੰਜਾਂ ਉਂਗਲਾਂ ਨੂੰ ਚੜ੍ਹੀ ਠਰਨ ਨੂੰ ਲੁਕੂੰ-ਛਿਪੂੰ ਹੋਇਆਂ ਹਲਕਾ ਜਿਹਾ ਰੌਲਾ ,ਉਸ ਦੇ ਕੰਨੀਂ ਆਣ ਪਿਆ । ਰਾਤ ਪੁਰ ਦਿਨੇ ਆਦਿ-ਧਰਮੀਆਂ ਵਿਹੜੇ ਪੈਣ ਵਾਲੇ ਚੀਕ-ਚਿਹਾੜੇ ਨੂੰ ਸੁਣੀ ਜਾਣ ਦਾ ਤਾਂ ਉਹ ਆਦਿ ਹੀ ਸੀ । ਪਰ ਐਹੋ ਜਿਹੀ ਲਾਂਬੂ ਲੱਗੀ ਦੁਪਹਿਰ ਨੂੰ ਕਿਸੇ ਲੜਾਈ ਝਗੜੇ ਦੇ ਹੋਣ ਦੀ ਉਸ ਨੂੰ ਕਦਾਚਿੱਤ ਵੀ ਉਮੀਦ ਨਹੀਂ ਸੀ । ਉਸਦੇ ਪੈਰਾਂ ਹੇਠਲੇ ਖੂਹ ਦੀ ਉਖੜੀ ਮੌਣ ਨੂੰ ਛਾਂ ਕਰਦੇ ਬੁੱਢੇ ਬੋਹੜ ਦੇ ਰੁੰਡ-ਮੁੰਡ ਟਾਹਣਿਆਂ ਅੰਦਰ ਘਿਰੇ ਵਿਰਲੇ-ਵਿਰਲੇ ਪੱਤਿਆਂ ਦੇ ਖੜਾਕ ਨੇ ਪਹਿਲੋਂ ਤਾਂ ਉਸ ਤੱਕ ਪਹੁੰਚਦੇ ਰੌਲੇ-ਰੱਪੇ ਨੂੰ ਰੋਕੀ ਰੱਖਿਆ , ਪਰ ਸਹਿਜੇ –ਸਹਿਜੇ ਸਾਰੀ ਬੋਹੜ ਸਮੇਤ ਕਿੱਲਾ ਭਰ ਥਾਂ ‘ ਤੇ ਖਿੱਲਰੀ ਸੰਘਣੀ ਝਿੜੀ ਅੰਦਰੋਂ ਆਉਂਦੀਆਂ , ਘੁੱਗੀਆਂ-ਚਿੜੀਆਂ-ਕਾਵਾਂ ਦੀਆਂ ਬੇਸੁਰੀਆਂ ਆਵਾਜ਼ਾਂ ਵੀ ਉਸ ਪਾਸੇ ਵੱਲ ਨੂੰ ਵਧੀ ਆਉਂਦੀ ਪੈੜ-ਚਾਲ ਦੀ ਸ਼ੂਕ ਨੂੰ ਰੋਕ ਨਾ ਸਕੀਆਂ ।
ਹੱਥਲੇ ਚੂਸੇ ਨੂੰ ਥਾਂ ਸਿਰ ਰੋਕ ਕੇ ਉਸ ਨੇ ਇਕਾ –ਇਕ ਤੋਂ ਵਗਹਾਵੀਂ ਛਾਲ ਕੇ ਮਾਰੀ ਅਤੇ ਦੌੜ ਕੇ ਬਾਬਿਆਂ ਦੀ ਹਵੇਲੀ ਦੀ ਨੁਕਰੇ ਲੁਕ ਕੇ ਸਾਰੇ ਦਾ ਸਾਰਾ ਧਿਆਨ ਹਵੇਲੀ ਪਿੱਛੋਂ ਲੰਘਦੀ ਗਲੀ ‘ ਤੇ ਵਿਛਾ ਦਿੱਤਾ । ਪਰ ਉਸ ਦੀਆਂ ਪੱਟਾਂ ਤੱਕ ਨੰਗੀਆਂ ਲੱਤਾਂ ਨੂੰ ਚੜ੍ਹਦੇ ਪੱਕੀ ਕੰਧ ਦੇ ਸੇਕ ਦਾ ਕੱਦ , ਉਸਦੇ ਸੜਦੇ ਪੈਰਾਂ ਨੂੰ ਲੱਗੀ ਜਲੂਣ ਨਾਲੋਂ ਇਕ ਦਮ , ਕਈ ਗੁਣਾਂ ਉੱਚਾ ਹੋ ਤੁਰਿਆ । ਅੱਖ-ਫਰੋਕੇ ਅੰਦਰ ਹੀ ,ਹਵੇਲੀ ਦਾ ਉਹਲਾ ਛੱਡ ਕੇ ਉਹ ਮੀਹਾਂ-ਸੂੰਹ ਦੀ ਪੇਂਦੀ ਬੇਰੀ ਦੇ ਲੱਕੇ ਦੁਸਾਂਗੜ ਤੇ ਜਾ ਚੜਿਆ । ਹਰੇ-ਕਚੂਰ ਪੱਤਿਆਂ ਦੇ ਪਰਦੇ ਉਹਲੇ ਲੁਕੇ ਬਹਾਦਰ ਦੇ ਮੱਥੇ ਵਿਚ , ਇਕ ਵਾਰ ਫਿਰ ਓਸੇ ਪਾਸੇ ਤੁਰੀ ਆਉਂਦੀ ਵਹੀਰ ਦਾ ਸ਼ੋਰ ਸਿੱਧਾ ਆ ਵੱਜਾ । ਬੇਰੀ ਦੇ ਜੋੜ ਉੱਤੇ ਖੜ੍ਹਾ ਹੋ ਕੇ ਉਸ ਨੇ ਗਲ੍ਹੀ ਅੰਦਰਲੇ ਘਰਾਂ ਦੀ ਪਾਲ ਦੇ ਅੰਦਰ ਬਾਹਰ ਪਿੰਡ ਦੇ ਅਨੇਕਾਂ ਜੀਅ ਸਰਪੰਚਾਂ ਦੇ ਬਾਹਰਲੇ ਡੇਰੇ ਨੂੰ ਤੁਰੇ ਜਾਂਦੇ ਦੇਖੇ । ਟਾਹਣੇ ‘ਤੇ ਥੋੜ੍ਹਾਂ ਹੋਰ ਉੱਪਰ ਚੜ੍ਹ ਕੇ ਉਸ ਨੇ ਸੁਣਿਆਂ ਕਿ ਭੀੜ ਸੱਚ-ਮੁੱਚ ਹੀ ਕਿਸੇ ਚੋਰੀ-ਯਾਰੀ ਵਰਗੇ ਗਰਮਾ-ਗਰਮ ਮਸਲੇ ਨੂੰ ਉੱਚਾ – ਨੀਵਾਂ ਉਭਾਰਦੀ ਤਿੱਖੀ ਚਾਲੇ ਤੱਥ-ਪਲੱਥੀ ਤੁਰੀ ਜਾ ਰਹੀ ਸੀ । ਬੇਰੀ ਤੋਂ ਸਿੱਧੀ ਹੇਠਾਂ ਛਾਲ ਮਾਰ, ਕੰਡਿਆਂ ਦੀ ਵਾੜ ਟੱਪ ਕੇ ,ਉਹ ਅੱਖ-ਫਰੋਕੇ ਅੰਦਰ ਹੀ ਮੀਹਾਂ ਸੂੰਹ ਦੇ ਵਾੜਿਉਂ ਬਾਹਰ ਨਿਕਲ ਗਿਆ । ਗੇਲੂਕਿਆਂ ਦੀ ਨਿਆਈਂ ਵਿਚੋਂ ਦੀ ਸਿੱਧਾ ਤੀਰ ਹੋਇਆ , ਉਹ ਫਿਰ ਕਿਸੇ ਅਛੋਪਲੇ ਜਿਹੇ ਥਾਂ ਦੀ ਭਾਲ ਕਰਨ ਲੱਗਾ । ਜਿਥੋਂ , ਲਾਗਿਓਂ ਦੀ ਲੰਘਦੀ ਭੀੜ ਅੰਦਰ ਚਲਦੀ ਚਰਚਾ ਦਾ ਕੋਈ ਨਾ ਕੋਈ ਥਹੁ-ਪਤਾ ਉਸ ਨੂੰ ਵੀ ਲੱਗ ਸਕੇ । ਆਖਿਰ ਰੁਲਦੇ –ਭੈਂਗੇ ਦੇ ਕੱਚੇ ਵਾਗਲੇ ਦਾ ਉੱਚਾ ਕੋਨਾ ਉਸ ਨੂੰ ਠੀਕ ਥਾਂ ਲੱਭ ਗਿਆ । ਵਾਹੋ-ਦਾਹੀ ਪਿੰਡੋਂ ਨਿਕਲਦਿਆਂ ਭਾਂਤ-ਸੁਭਾਂਤੀਆਂ ਆਵਾਜ਼ਾਂ ਅੰਦਰ ਆਪਣਾ ਅਤੇ ਆਪਣੇ ਪਿਓ ਦਾ ਨਾਂ ਵਾਰ ਵਾਰ ਉਭਰਦਾ ਸੁਣ ਕੇ , ਇਕ ਵਾਰ ਤਾਂ ਉਸ ਦੀ ਖਾਨਿਓਂ ਜਾਂਦੀ ਰਹੀ , ਪਰ ਅਗਲੇ ਹੀ ਪਲ ਬਚਦੀ ਕੁਲਫੀ ਦਾ ਅਗਲਾ ਚੂਸਾ ਭਰ ਕੇ ਉਹ ਥੋੜਾ ਸੰਭਲ ਗਿਆ ।
‘’ – ਓਏ ਓਸ ਸਾਲੇ ਦੀ ਇਹ ਹਿੰਮਤ ਪਈ ਕਿੱਦਾਂ …?’’ ਲੰਬੜਾਂ ਦਾ ਜ਼ੋਰਾ ਖੰਘੂਰਾ ਮਾਰ ਕੇ ਲਲਕਾਰਦਾ ਉਸ ਨੇ ਸੁਣਿਆ ।
ਨਓ ਬੀ … ਨਿਹ ਤਾਂ ਕੰਨ ਨੂੰ ਮਾਂਤੜਾਂ ਦਾ ਈਣਾ ਹਰਾਮ ਕੰਨਗੇ …’ ਬਿਸ਼ਨੂੰ ਗੁਣਗੁਣਾ ਹਿਰਖ ਛਾਂਟਦਾ ਲੰਘ ਗਿਆ ।
ਇਨ੍ਹਾਂ ਵੱਢੀਆਂ-ਟੁੱਕੀਆਂ ਜਾਤਾਂ ਨੂੰ ਸਿਰੇ ਕਿੰਨਾਂ ਚਾੜ੍ਹਿਆ , ਪਹਿਲਾਂ ਉਨ੍ਹਾਂ ਦੀ ਖ਼ਬਰ ਕਿਉਂ ਨੀ ਲੈਂਦੇ … ‘’ ਫੂਲਾ ਸੂੰਹ ਦਾ ਰੋਹ ਦੂਰ ਤੱਕ ਖਿਲਰੀ ਪੈਹੇ ਦੀ ਧੜ ਉੱਤੇ ਵਿਛਦਾ ਚਲਾ ਗਿਆ ।
ਵਾਗਲ੍ਹੇ ਦੇ ਕੋਨੇ ਉਹਲੇ ਲੁਕੇ ਬਹਾਦਰ ਨੂੰ ਝੱਟ-ਪੱਟ ਸਾਰਾ ਮਾਜਰਾ ਸਮਝ ਪੈ ਗਿਆ । ਇਕ ਵਾਰ ਤਾਂ ਉਸਦਾ ਡਾਵਾਂਡੋਲ ਹੌਂਸਲਾ ਉਸਦੇ ਹੱਥੋਂ ਖਿਸਕਣ ਹੀ ਲੱਗਾ ਸੀ ,ਪਰ ਛੇਤੀ ਹੀ ਕਈ ਸਾਰੀਆਂ ਸਾਹਿਤਕ ਗੋਸ਼ਟੀਆਂ ਅੰਦਰ ਹੋਈ ਉਸਦੀ ਭਰਪੂਰ ਚਰਚਾ ਉਸ ਦੇ ਸਿਰ ਆ ਚੜ੍ਹੀ , ਜਿਹਨਾ ਅੰਦਰ ਉਸਨੂੰ ਪ੍ਰੀਵਰਤਨ ਕਾਲ ਦੇ ਪੂਰੇ ਯੁੱਗ ਦਾ ਮਹਾਨ ‘ਨਾਇਕ ’ ਤੱਕ ਦੇ ਮੈਡਲਾਂ ਨਾਲ ਸਨਮਾਨਿਆ ਗਿਆ ਸੀ ।
ਪਿੰਡ ਦੇ ਪਰਮੁਖੀਆਂ ਦੀ ਵਹੀਰ ਪਿੱਛੇ ਚੀਕਾਂ-ਕਿਲਕਾਰੀਆਂ ਮਾਰਦੇ ਤੁਰੇ ਜਾਂਦੇ ਆਪਣੇ ਜਾਣੇ-ਪਛਾਣੇ ਹਾਣੀਆਂ ਦੀ ਸੂਝ ‘ਤੇ ਉਸ ਨੂੰ ਤਰਸ ਵੀ ਆਇਆ ‘ਤੇ ਰੋਹ ਵੀ , ਪਰੰਤੂ ਅਛੋਪਲੇ ਜਿਹੇ ਲੁਕਿਆ ਉਹ ਉਹਨਾਂ ਵਿਚੋਂ ਕਿਸੇ ਇਕ ਨੂੰ ਵੀ ਆਵਾਜ਼ ਨਾ ਮਾਰ ਸਕਿਆ । ਗਲ੍ਹੀ ਦਾ ਮੋੜ ਚੁੱਪ ਹੋਣ ਪਿਛੋਂ ਉਹ ਸਹਿਜ-ਧੀਰਜ ਨਾਲ ਉੱਠਿਆ ਅਤੇ ਹੱਥਲੀ ਕੁਲਫੀ ਦਾ ਹੋਰ ਚੂਸਾ ਲਾ ਕੇ ਸਿੱਧਾ ਆਪਣੇ ਘਰ ਨੂੰ ਹੋ ਤੁਰਿਆ ।
ਉਸਦੇ ਗਲ੍ਹੀ-ਗੁਆਂਡ ਦੇ ਕਈਆਂ ਜੀਆਂ ਨੂੰ ਉਸ ਦਾ ਇਉਂ ਲਟਬਾਉਰਿਆਂ ਵਾਂਗ ਫਿਰਦਾ ਹੱਦੋਂ ਵੱਧ ਭੈੜਾ ਲੱਗਾ । ਭਾਵੇਂ ਉਸ ਦਾ ਮੂੰਹ ਫਿਟਕਾਰਨ ਦੀ ਹਿੰਮਤ ਕਿਸੇ ਨਾ ਕੀਤੀ । ਮਸਤ-ਚਾਲੇ ਤੁਰਿਆ ਉਹ ਆਪਣੇ ਘਰ ਦੇ ਇਕੋ-ਇਕ ਦਰਵਾਜ਼ੇ ਕੋਲ ਪਹੁੰਚਿਆ ਹੀ ਸੀ ਕਿ ਉਸ ਦੀਆਂ ਦੋਨੋਂ ਭੈਣਾਂ ਉਹਦੀ ਵੱਲ ਦੇ ਕੇ ਭੁੱਬੀਂ ਰੋ ਪਈਆਂ । ਮਾਸੂਮ ਭੈਣਾਂ ਦੇ ਡੁਸਕਦੇ ਹਟਕੋਰਿਆ ਨੂੰ ਕੁਝ ਮਿੰਨਤ ਤਰਲਾ ਕਰਕੇ ਅਤੇ ਕੁਝ ਕੁਲਫੀ ਦਾ ਲਾਲਚ ਦੇ ਕੇ ਉਸ ਨੇ ਚੁੱਪ ਤਾਂ ਕਰਾ ਲਿਆ , ਪਰ ਉਹਨਾਂ ਦੇ ਟੁੱਟਵੇਂ ਬੋਲਾਂ ਰਾਹੀਂ ਸੁਣੀ , ਵਿਹੜੇ –ਮਹੱਲੇ ਸਾਹਮਣੇ ਸ਼ਾਹਾਂ –ਜ਼ਿਮੀਦਾਰਾਂ ਨੇ ਰਲ੍ਹ ਕੇ ਕੀਤੀ ਆਪਣੇ ਮਾਂ-ਪਿਓ ਦੀ ਧੂਹ-ਘਸੀਟ , ਉਸ ਨੂੰ ਸੇਹ ਦੇ ਤੱਕਲੇ ਵਾਂਗ ਸਿਨ੍ਹ ਗਈ । ਧਿਆਨ ਸ਼ਾਹ ਦੇ ਮੁੰਡੇ ਹੱਥੋਂ ਕੁਲਫੀ ਖੋਹਣ ਵੇਲੇ ਤੋਂ ਚੜ੍ਹਿਆ ਥੋੜਾ ਜਿੰਨਾ ਰੋਹ , ਡੁਸਕਦੀਆਂ ਭੈਣਾਂ ਵੱਲ , ਦੇਖ ਕੇ ਕਈ ਗੁਣਾਂ ਹੋਰ ਜ਼ਰਬ ਖਾ ਗਿਆ । ਬਾਘ ਦੇ ਬਲੂੰਗੜੇ ਵਾਂਗ ,ਉਸ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਉੱਭਰ ਆਏ । ਤੇ ਛਾਲ ਮਾਰ ਕੇ ਭਿੱਤ ਪਿੱਛੇ ਰੱਖਿਆ ਆਪਣੇ ਬਾਬੇ ਦ ਟਾਕੂਆ ਚੁੱਕ ਲਿਆਇਆ । ਬਚਦੀ ਕੁਲਫੀ ਦੀ ਪੱਚਰ ਨਾਲ ਰੀਝ ਗਈਆਂ ਦੋਨਾਂ ਭੈਣਾਂ ਨੂੰ ਪੱਤਾ ਤੱਕ ਨਾ ਲੱਗਾ ਕਿ ਕਦੋਂ ਬਹਾਦਰ ਚੰਗਾ-ਮੰਦਾ ਬੋਲਦਾ ਆਪਣੇ ਬੀਬੀ-ਭਾਪੇ ਨੂੰ ਭਾਂਤ-ਸੁਭਾਂਤ ਦੀ ਨਮੋਸ਼ੀ ਤੋਂ ਬਚਾਉਣ ਲਈ ਟਾਕੂਆ ਸਾਂਭੀ ਸਰਪੰਚਾਂ ਦੇ ਡੇਰੇ ਵੱਲ ਨੂੰ ਜਾਣ ਲਈ ਨਿਕਲ ਗਿਆ ਸੀ ।
ਆਪਣੇ ਵਿਹੜੇ ਦੀ ਲੰਮੀ –ਤੰਗ ਗਲ੍ਹੀ ਉਸ ਦੇ ਮਿੰਟਾਂ ਸਕਿੰਟਾਂ ਅੰਦਰ ਦੁੜੱਕੀ ਲਾ ਕੇ ਪਾਰ ਕੀਤੀ ਹੀ ਸੀ ,ਖੇਤਾਂ-ਬੰਨਿਓ ਮੁੜਦਾ ਉਸਦਾ ਪੁਰਾਣਾ ਹਮਜਮਾਤੀ ਮੀਕਾ , ਉਸਨੁੰ ਲਹਿੰਦੇ ਪਾਸੇ ਦੀ ਫਿਰਨੀ ਚੜ੍ਹਦਿਆ ਸਾਰ ਸਾਹਮਣਿਓ ਆਉਂਦਾ ਟੱਕਰ ਗਿਆ । ਬਹਾਦਰ ਨੂੰ ਹਫਿਆ –ਖਫਿਆ ਦੇਖ ਕੇ ਮੀਕੇ ਨੇ ਉਸ ਦੇ ਨਿੱਕੇ-ਨਿੱਕੇ ਹੱਥਾਂ ਵਿੱਚ ਫੜੇ ਵੱਡੇ ਸਾਰੇ ਸਫਾ-ਜੰਗ ਤੋਂ ਭੈ-ਭੀਤ ਹੋਏ ਨੇ ਉਸ ਨੂੰ ਪੁਛ ਹੀ ਲਿਆ – ਹਾਅ ਕੀ ਲਈ ਫਿਰਦਾ ਆਂ, ਕਾਕੇ … ? ‘ ਸਕੂਲ ਅੰਦਰ ਬਹਾਦਰ ਦਾ ਛੋਟਾ ਨਾਂ ਕਾਕਾ ਚਲਦਾ ਸੀ ।
ਟਾਕੂਆ … ਆ , ਤੈਨੂੰ ਨਈਂ ਦੀਹਦਾ … ! ‘ ਕਾਕੇ ਦੇ ਹਮੇਸ਼ਾ ਹੱਸ-ਮੁੱਖ ਦਿਸਦੇ ਚਿਹਰੇ ਵੱਲੋਂ ਆਏ ਰੁੱਖੇ ਜਿਹੇ ਉੱਤਰ ਦੀ ਮੀਕੇ ਨੂੰ ਕਦਾਚਿੱਤ ਵੀ ਆਸ ਨਹੀਂ ਸੀ ।
ਦੀਹਦਾ ਤਾਂ ਆ , ਪਰ ਚੱਲਿਆ ਕਿੱਥੇ ਆਂ … ਤੂੰ ? ਸਿਖਰ ਦੁਪ੍ਹੈਰੇ … ! ‘ ਘਾਬਰੇ ਜਿਹੇ ਮੀਕੇ ਨੂੰ ਵੀ ਪੁੱਛ ਪੜਤਾਲ ਔਖੀ ਔਖੀ ਜਾਪਣ ਲੱਗੀ ।
ਸ਼ਾਹਾਂ ਦੀ ਭੈਣ ਦੀ …’, ਚੰਗੀ ਮੋਟੀ ਗਾਲ੍ਹ ਵਾਹ ਕੇ ਬਹਾਦਰ ਨੇ ਮੀਕੇ ਨੂੰ , ਬਾਲੇ ਤੋਂ ਕੁਲਫੀ ਖੋਹਣ ਕਰਕੇ ਘਰਦਿਆਂ ਸਿਰ ਆ ਪਈ ਆਫ਼ਤ ਦੀ ਕਹਾਣੀ ਇਕੋ ਸਾਹੇ ਆਖ ਸੁਣਾਈ ।
ਓਏ ਕੱਲਾ ਤੂੰ ਕੀ ਖੋਂਹਣ ਖੋਹੇਂਗਾ ! … ਅੱਧੇ ਪਿੰਡ ਸਾਹਮਣੇ …. ‘, ਸੰਖੇਪ ਜਿਹੀ ਮੀਕੇ ਦੀ ਸਲਾਹ , ਬਹਾਦਰ ਨੂੰ ਏਨੀ ਸਿਆਣੀ ਲੱਗੀ ਕਿ ਟਾਕੂਆਂ ਹੇਠਾਂ ਕਰਕੇ ਉਹ ਪਲ ਦੀ ਪਲ ਸੋਚੀਂ ਪੈ ਗਿਆ ।
ਕਿੱਦਾਂ ਕਰੀਏ ਫੇ … ਏ …. ! ਦੋ-ਚਿੱਤੀ ਅੰਦਰ ਘਿਰੇ ਬਹਾਦਰ ਨੇ ਮੀਕੇ ਨੂੰ ਕੋਈ ਚਾਰਾ ਕਰਨ ਹਿਤ ਪੁੱਛਿਆ ।
ਚੱਲ , ਤਖਾਣਾਂ ਦੇ ਸੁੱਖੇ ਤੋਂ ਪੁਛਦੇ ਆਂ … ਉਹਨੂੰ ਇਹੋ ਜਿਹੇ ਬੜੇ ਗੁਰ ਆਉਂਦੇ ਆ, ਸੁਣਿਆ । ‘
ਨਾਮੇਂ ਦਰਜ਼ੀ ਦੀ ਹੱਟੀ ਦੇ ਖੁੱਲੇ ਭਿੱਤ ਉਹਲੇ ਟਾਕੂਆਂ ਲੁਕੋ ਕੇ ਉਹ ਦੋਵੇਂ ਰਵਾਂ-ਰਵੀਂ ਸੁਖੇ ਹੋਰਾਂ ਦੇ ਘਰ ਦੀ ਪਿੱਛਵਾੜੀ ਜਾ ਖੜ੍ਹੇ ਹੋਏ । ਟਿਕੀ ਦੁਪ੍ਹੇਰੇ ਵਿਹੜੇ ‘ ਚੋਂ ਦੀ ਲੰਘ ਕੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਦੀ ਉਹਨਾਂ ਦੀ ਹਿੰਮਤ ਨਾ ਪਈ । ਗੁੱਲ ਹੋਰਾਂ ਦੇ ਵੱਢ ‘ ਚੋਂ ਮੀਕੇ ਨੇ ਹਲਕੀ ਜਿਹੀ ਢੀਮ ਚੁੱਕ ਕੇ ਚੁਬਾਰੇ ਦੀ ਭਿੜੀ ਖਿੜਕੀ ਵਿਚ ਪੋਲੇ ਜਿਹੇ ਉਛਾਲ ਮਾਰੀ । ਸੁੱਤ-ਉਨੀਂਦਾ ਸੁੱਖਾ ਘਰ ਦੀ ਪਿਛਵਾੜੀ ਚੋਰਾਂ ਵਾਂਗ ਖੜ੍ਹੇ ਦੋਨੋਂ ਮੁੰਡਿਆਂ ਨੂੰ ਦੇਖ ਕੇ ਪਹਿਲਾਂ ਤਾਂ ਖਿਝ ਗਿਆ , ਪਰ ਛੇਤੀ ਹੀ ਮੀਕੇ ਦਾ ਹਾਕ – ਹੇਠਾਂ ਆਈਂ ਭਾਅ, ਜ਼ਰੂਰੀ ਕੰਮ ਐ । ‘ ਸੁਣ ਕੇ ਜ਼ਰਾ ਛਿੱਥਾ ਜਿਹਾ ਪੈ ਗਿਆ ।
ਛੱਤ-ਪੱਖਾ ਬੰਦ ਕਰਕੇ ਸੁੱਖੇ ਨੇ ਨੰਗਾ ਸਿਰ ਤੌਲੀਏ ਨਾਲ ਢਕਿਆ ਅਤੇ ਚੁਬਾਰਿਓਂ ਉੱਤਰ ਆਪਣੇ ਸਫੈਦਿਆਂ ਦੀ ਪਾਲ ਕੋਲ ਭੈ-ਭੀਤ ਖੜ੍ਹੇ ਮੁੰਡਿਆਂ ਦੇ ਲਾਗੇ ਢਕ ਕੇ ਥੈਹ-ਸੋਟ ਮਾਰਨ ਵਾਂਗ ਆ ਪੁੱਛਿਆ – ਕੀ ਆਫ਼ਤ ਆ ਪਈ , ਦੁਪ੍ਹੈਰੇ ਦਿਨ ਦੇ …. ? ‘
-ਗੱਲ ਇਹ ਆ ਭਾਅ, ਮੈਤੋਂ ਅੱਜ ਇਕ ਨਿੱਕੀ ਜਿਹੀ ਗ਼ਲਤੀ ਹੋ ਗਈ । ਸੜਦੀਆਂ ਦੁਪ੍ਹੈਰਾਂ ਨੂੰ ਰੋਜ਼-ਰੋਜ਼ ਸੜਦੇ ਪੈਰਾਂ ਤੋਂ ਅੱਕਿਆ , ਮੈਂ ਅੱਜ ਠੰਢੇ-ਠੰਢੇ ਅੱਧੀ-ਛੁੱਟੀ ਵੇਲੇ ਈ ਸਕੂਲੋਂ ਨੱਠ ਕੇ ਘਰ ਨੂੰ ਤੁਰਿਆ ਆਉਂਦਾ ਸੀ ਕਿ ਉਹ ਸ਼ਾਹਾਂ ਦਾ ਬਾਲਾ ਐ ਨਾ , ਭੈਣ ਦਾ ਦੀਨਾ …ਮੈਨੂੰ ਦਿਖਾਲ –ਦਿਖਾਲ ਕੁਲਫੀ ਚੁੰਘਦਾ ਸੀ ,ਮੰਦਰ ਦੀ ਕੰਧ ਤੇ ਬੈਠਾ । … ਸੱਚੀ ਗੱਲ ਆ ਭਾਅ , ਮੈਂਤੋਂ ਨਹੀਂ ਰਿਹਾ ਗਿਆ ।ਉਹਤੋਂ ਕੁਲਫੀ ਖੋਹ ਕੇ ਅੱਧ-ਪਚੱਧੀ ਤਾਂ ਮੈਂ ਖਾ ਲਈ , ਪਰ ਬਹੁਤੀ … ਮੈਂ ਤਾਂ ਕਿਸੇ ਦੇ ਹੱਥ ਨਈਂ ਆਇਆ ਹਾਲੇ , ਪਰ ਭਾਪੇ –ਬੀਬੀ ਨੂੰ ਸ਼ਾਹਾਂ ਦਾ ਸਾਰਾ ਕੁਨਬਾ ਸਮੇਤ ਜੱਟਾਂ ਦੇ , ਹੱਕ ਦੇ ਸਰਪੰਚ ਡੇਰੇ ਲੈ ਗਿਆ ।ਹੁਣ , ਤੂੰ ਦੱਸ ਕੀ ਉਪਾ ਹੋ ਸਕਦਾ ਉਹਨਾਂ ਨੂੰ ਛੁੜਾਉਣ ਦਾ … ?’
ਬੜਾ ਸੋਚਵਾਨ ਜਿਹਾ ਹੋ ਕੇ ਸੁੱਖੇ ਨੇ ਵੱਡਾ ਸਾਰਾ ਉੱਤਰ ਥੋੜੇ ਜਿਹੇ ਵਾਕਾਂ ਅੰਦਰ ਹੀ ਇਕੋ – ਸਾਹੇ ਗੁਲੱਛ ਮਾਰਿਆ – ਸ਼ਾਬਾਸ਼ ਬਹਾਦਰਾ … ਪੂਰਾ ਠੀਕ ਪੈਂਤੜਾ ਆਪਣਾਇਆ ਤੈਂ ।…ਇਹ ਉਲਝੀ ਤਾਣੀ ਸਾਲੀ ਐਂ ਈਂ ਸੂਤ ਹੋਣੀ ਆਂ । … ਏਸ ਢਿਚਕੂ-ਢਿਚਕੂ ਕਰਦੇ ਢਾਂਚੇ ਦਾ ਇਲਾਜ ਈ ਬੰਦੂਕ ਦੀ ਨੋਕ ਆ । … ਜਿੱਥੇ ਜਿੱਥੇ ਵੀ ਕੋਈ ਜਗੀਰੂ – ਅਰਧ ਜਗੀਰੂ-ਸਾਮਰਾਜੀ ਪਿਠੂ ਬੈਠਾ ਦਿਸਦਾ , ਓਥੇ ਓਥੇ ਹੀ ਉਹਦਾ ਸਫਾਇਆ ਕਰਕੇ ਘਾਣੀ ਲੋਟ ਆਉਣੀ ਆ । … ਲੋਕ-ਜਮਹੂਰੀ-ਇਨਕਲਾਬ ਦੀ ਪ੍ਰਾਪਤੀ ਲਈ ਇਕ ਦੋ ਚਾਰ ਨਈਂ ਅਨੇਕਾਂ ਫਰੰਟਾਂ ‘ ਤੇ ਇਕੱਠਿਆਂ ਲੜਾਈ ਦੇਣੀ ਪੈਣੀ ਆਂ , ਬਹਾਦਰਾ । ਸਾਡੀ ਖਾੜਕੂ ਜਥੇਬੰਦੀ ਤੇਰੇ ਵਰਗੇ ਸਿਰਲੱਥ ਕਾਡਰ ਨੂੰ ਪੂਰੀ ਤਨਦੇਹੀ ਨਾਲ ਜੀ –ਆਇਆਂ ਕਹਿੰਦੀ ਆ …।
ਸਾਥੀ ਸੁੱਖੇ ਤੋਂ ਸੌਖਾ ਜਿਹਾ ਢੰਗ ਤਰੀਕਾ ਪੁੱਛਣ ਆਏ ਮੁੰਡਿਆਂ ਨੂੰ , ਉਸ ਦਾ ਆਲੋਕਾਰ ਭਾਸ਼ਨ ਵਾਕ-ਦਰ-ਵਾਕ , ਸਗੋਂ ਹੋਰ ਅਚੋਆਈ ਲਾਉਂਦਾ ਗਿਆ । ਡੌਰ-ਭੌਰ ਹੋਏ ਬਹਾਦਰ ਨੇ ਆਖਿਰ ਉਸ ਨੂੰ ਵਿਚਕਾਰੋਂ ਟੋਕਦਿਆਂ ਆਖਿਆ –ਭਾਅ… ਤੇਰੀ ਹੈਸ ਬੋਲੀ ਦੀ ਸਾਨੂੰ ਰਤੀ ਭਰ ਸਮਝ ਨਈਂ ਆਈ । ਸਾਨੂੰ ਤਾਂ ਕੋਈ ਮੋਟਾ ਠੁੱਲਾ ਇਲਾਜ ਦੱਸ ਮਾਂ-ਪਿਓ ਨੂੰ ਸ਼ਾਹਾਂ –ਸਰਪੰਚਾਂ ਦੀ ਕੁੜਿਕੀ ‘ਚੋਂ ਕੱਢਣ ਦਾ ? ‘
-ਕਿਹੜੀ ਕੁੜਿਕੀ …! ਹੇਠਲੀਆਂ ਕਿਰਤੀ ਜਮਾਤਾਂ ਦੀ ਵਿਰੋਧਤਾਈ ਨਾਲ –ਅਨਟੈਗੋਨਿਸਟਿਕ ਹੁੰਦੀ ਐ ,ਇਸ ਨੂੰ ਹੋਰ ਤਿੱਖਿਆ ਨਹੀਂ ਕਰਨਾ ਹੁੰਦਾ …! ਇਨਕਲਾਬ ਦੀ ਰਾਹੇ ਤੁਰਦਿਆਂ ਭਲਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਾਤਾ-ਪਿਤਾ, ਬਾਲ-ਬੱਚਿਆਂ ਦੀ ਕੁਰਬਾਨੀ ਨਈਂ ਸੀ ਦੇਣੀ ਪਈ … । ਕਾਮਾ ਜਮਾਤ ਨੇ ਤਾਂ ਹਰ ਹੀਲੇ , ਹਰ ਕਦਮ ‘ ਤੇ ਜਿੱਤਣਾ ਹੀ ਜਿੱਤਣਾ ਹੁੰਦਾ ਐ, ਗੁਆਉਣ ਲਈ ਇਸ ਦੇ ਪਾਸ ਹੁੰਦੀਆਂ ਨੇ ਸਿਰਫ਼ ਹੱਥ-ਕੜੀਆਂ , ਕਾਮਰੇਡ ‘ਨਾਥੀ …’ ਮੂੰਹ-ਜ਼ੁਬਾਨੀ ਰਟੇ ਸਾਰੇ ਵਾਕ ਸੁੱਖੇ ਨੇ ਲੈਕਚਰੀ ਅੰਦਾਜ਼ ਵਿਚ ਤਣ ਕੇ ਖਲੋਂਦਿਆ ਇਕੋ-ਟੱਕ ਬੋਲ ਦਿੱਤੇ । ਫਿਰ , ਭੁੱਲੀ ਵਿਸਰੀ ਰਹਿ ਗਈ ਕੋਈ ਤੁਕ ਯਾਦ ਕਰਨ ਲਈ ਉਸ ਨੇ ਕਿਸੇ ਪਹੁੰਚੇ ਸਾਧ ਵਾਂਗ ਅੱਖਾਂ ਮੀਟ ਲਈਆਂ ਅਤੇ ਆਪਣੇ ਤੱਕ ਸੁਣਦੀ ਕੁਝ ਬੁੜ-ਬੁੜ ਜਿਹੀ ਕਰਨ ਲੱਗ ਪਿਆ ।
ਸਫੈਦਿਆਂ ਦੀ ਡੱਬ-ਖੜੱਬੀ ਛਾਂ ਅੰਦਰ ਖੜ੍ਹੇ ਬਿਪਤਾ ਮਾਰੇ ਮੁੰਡਿਆਂ ਦੇ ਨਰਮ-ਨਾਜ਼ਕ ਮੋਢਿਆਂ ‘ਤੇ ਪਤਾ ਨਹੀਂ ਸੁੱਖੇ ਨੇ ਕਿੰਨਾ ਚਿਰ ਹੋਰ ਆਪਣਾ ਗਰਮ-ਸਿਧਾਂਤ ਲੱਦੀ ਜਾਣਾ ਸੀ । ਜੇ ਕਿਧਰੇ ਤਾਲ ਵਾਲੀ ਫਿਰਨੀ ਦਾ ਪਹਿਲਾ ਮੋੜ ਮੁੜਦਾ ,ਤਾਰੀ ਮਾਸਟਰ ਦਾ ਬਜਾਜ –ਚੇਤਕ ਉਹਨਾਂ ਦੀ ਨਜ਼ਰੀਂ ਨਾ ਪੈਂਦਾ । ਅੱਖਾਂ –ਮੁੰਦੀ ਖੜ੍ਹੇ ਸੁੱਖੇ ਨੂੰ ਥਾਏਂ ਛੱਡ , ਉਹਨਾਂ ਅੱਗਲ-ਵਾਂਡੀ ਹੋ ਕੇ ਹਰੀਏ ਦੇ ਅੰਬ ਹੇਠ ਤਾਰੀ ਨੂੰ ਜਾ ਰੋਕਿਆ । ਪੱਕੇ ਟੋਟੇ ‘ ਤੇ ਉਡਦਾ ਆਉਦਾ ਤਾਰੀ ਦਾ ਸਕੂਟਰ ਅਚਨਚੇਤ ਕੀਤੇ ਇਸ਼ਾਰੇ ਕਾਰਨ ਕਿੰਨੀ ਦੂਰ ਅੱਗੇ ਲੰਘ ਕੇ ਮਸਾਂ ਰੁਕਿਆ । ਸੜਦੀ-ਤਪਦੀ ਸੜਕ ‘ ਤੇ ਖਿਲਰੀ ਅੱਗ ਵਰਗੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ , ਦੋਨਾਂ ਦੇ ਨੰਗੇ ਪੈਰ , ਉਖੜੀ ਰੌੜੀ ਦੀਆਂ ਚੌਭਾਂ ਖਾਂਦੇ , ਖੜ੍ਹੇ ਸਕੂਟਰ ਤੱਕ ਆਪਣੀ ਫਰਿਆਦ ਲੈ ਕੇ ਪਹੁੰਚ ਗਏ । ਨਿੱਕੇ ਨਿੱਕੇ ਹੱਥ ਜੋੜ ਕੇ ਦੋਨਾਂ ਨੇ ਤਾਰੀ ਮਾਸਟਰ ਨੂੰ ਪਹਿਲੀ ਵਾਰ ਆਪਣੇ ਅਧਿਆਪਕਾਂ ਵਾਂਗ ਨਿੱਘੀ ਸਤਿ ਸ੍ਰੀ ਅਕਾਲ ਬੁਲਾਈ ਅਤੇ ਅਗਲਾ ਹੁੰਗਾਰਾ ਉਡੀਕੇ ਬਿਨਾਂ ਹੀ ਮੀਕੇ ਨੇ ਬਹਾਦਰ ਦੀ ਸਾਰੀ ਵਿਥਿਆ ਉਸ ਨੂੰ ਆਖ ਸੁਣਾਈ ।
ਅੱਖਾਂ ਉੱਤੇ ਲਾਏ ਚਸ਼ਮੇਂ ਵਿਚੋਂ ਦੀ ਤੇਜ਼-ਤੇਜ਼ ਝਮਕ ਹੁੰਦੀਆਂ ਦਿਸਦੀਆਂ ਤਾਰੀ ਮਾਸਟਰ ਦੀਆਂ ਨਿੱਕਿਆਂ-ਨਿੱਕਿਆਂ ਅੱਖਾਂ ਦੋਨਾਂ ਮੁੰਡਿਆਂ ਦੇ ਅਨਭੋਲ ਚਿਹਰਿਆਂ ‘ ਤੇ ਛਾਈ ਫਿਕਰਮੰਦੀ ਦੇਖ ਕੇ ਜਿਵੇਂ ਹੋਰ ਛੋਟੀਆਂ ਹੋ ਗਈਆਂ ਹੋਣ । ਬੜੇ ਠਰੰਮੇਂ ਨਾਲ ਉਸ ਨੇ ਚਲਦਾ ਇੰਜਨ ਬੰਦ ਕਰ ਕੇ ਸਕੂਟਰ ਨੂੰ ਸਟੈਂਡ ‘ ਤੇ ਖੜਾ ਕੀਤਾ ਅਤੇ ਦੋਨਾਂ ਨੂੰ ਨਾਲ ਲੈ ਕੇ , ਪਿਛਾਂਹ ਰਹਿ ਗਈ ਅੰਬ ਦੀ ਸੰਘਣੀ ਛਾਂ ਹੇਠਾਂ ਮੁੜ ਗਿਆ ।
ਅੱਖਾਂ ਤੋਂ ਚਸ਼ਮਾ ਲਾਹੁੰਦਿਆਂ ਸਾਰ ਉਸ ਨੇ ਬਹਾਦਰ ਵਲ ਦੇਖਦਿਆਂ ਆਖਿਆ – ਦੇਖੋ ਸਾਥੀ , ਖੱਬੀ ਮਾਰਕੇਬਾਜ਼ੀ ਨੂੰ ਲੈਨਿਨ ਨੇ ਠੀਕ ਹੀ ਬਚਕਾਨਾ ਰੋਗ ਕਿਹਾ ਹੈ …।‘’
ਤਾਰੀ ਦੀ ਸਾਰੀ ਗੱਲ ਸੁਨਣ ਤੋਂ ਪਹਿਲਾਂ ਹੀ ਦੋਨੋਂ ਮੁੰਡੇ ਇਕ ਦੂਜੇ ਵੱਲ ਝਾਕਣ ਲੱਗ ਪਏ ।
ਘਾਬਰੋ ਨਾ ਮੁੰਡਿਓ , ਤੁਹਾਡੀ ਮਰਜ਼ ਦਾ ਇਲਾਜ ਵੀ , ਇਸ ਸਮਾਜਿਕ-ਆਰਥਿਕ ਵਿਵਸਥਾ ਅੰਦਰ ਹੀ ਲੁਕਿਆ ਪਿਆ ਹੈ । ‘
ਦੋਨਾਂ ਮੁੰਡਿਆਂ ਦੀਆਂ ਆਪਸ ਵਿਚ ਟਕਰਾਉਦੀਆਂ ਨਜ਼ਰਾਂ ਧਰਤੀ ਵਿੱਚ ਗੱਡੀਆਂ ਗਈਆਂ ।
ਕੇਵਲ ਜਥੇਬੰਦਕ ਦਬਾ ਹੀ ਤੁਹਾਡੇ ਮਾਂ-ਬਾਪ ਨੂੰ ਸਮੇਂ ਦੇ ਹਾਕਮਾਂ ਤੋਂ ਨਿਜਾਤ ਦੁਆ ਸਕਦਾ ਹੈ । ਇਸ ਲਈ
ਪਿਆਰੇ ਬਾਲਕੋਂ , ਤੁਸਾਂ ਨੂੰ ਆਪਣੀ ਅਤੇ ਅਪਣੇ ਵਰਗੇ ਅਨੇਕਾਂ ਕਾਮਿਆਂ ਦੀ ਬੰਦ-ਖਲਾਸੀ ਲਈ , ਰਾਜਕਰਨੀਆਂ ਜਮਾਤਾਂ ਵਿਰੁਧ ਜ਼ੋਰਦਾਰ ਲੋਕ-ਰਾਏ ਕਾਇਮ ਕਰਨੀ ਪਵੇਗੀ । ਆਪਣੇ ਵਿਹੜੇ ਦੇ ਸਾਰੇ ਘਰਾਂ ਤੋਂ ਇਲਾਵਾ ਤਖਾਣਾਂ-ਲੁਹਾਰਾਂ,ਝੀਰਾਂ-ਜੁਲਾਹਿਆਂ , ਚੂਹੜਿਆਂ-ਸਰੈੜਿਆਂ ਨਾਲ ਸਾਂਝਾ ਫਰੰਟ ਉਸਾਰਨਾ ਪਵੇਗਾ । ਤਾਂ ਕਿਤੇ ਤੁਸੀਂ ਸ਼ਾਹਾਂ ਤੇ ਜੱਟਾਂ ਦੀਆਂ ਧਾਂਦਲੀਆਂ ਵਿਰੁੱਧ ਆਵਾਜ਼ ਉੱਚੀ ਕਰਨ ਵਿਚ ਲਾਮਬੰਦੀ ਕਰ ਸਕੋਗੇ । ਫਿਰ ਕਦੀ ਵੀ ਤੁਹਾਡੀ ਸੱਚੀ-ਸੁੱਚੀ ਕਿਰਤ ਉਤੇ ਨਾ ਕੋਈ ਬੜਾ-ਬਾਜ਼ ਝਬੂਟੀ ਮਾਰ ਸਕੇਗਾ ਤੇ ਨਾ ਹੀ ਕੋਈ ਅਮੀਰ-ਜ਼ਾਦਾ ਕਿਸੇ ਗਰੀਬ-ਗੁਰਬੇ ਨੂੰ ਦਿਖਾਲ ਕੇ ਕੁਲਫੀਆ ਖਾ ਸਕੇਗਾ । ‘
ਅੰਬ ਦੀ ਠੰਡੀ ਛਾਵੇਂ ਖੜ੍ਹੇ ਦੋਨਾਂ ਮੁੰਡਿਆਂ ਨੂੰ ਇਉਂ ਜਾਪਿਆ , ਜਿਵੇਂ ਉਹਨਾਂ ਦੇ ਪੈਰਾਂ ਹੇਠਲੀ ਧਰਤੀ ਖਿਸਕ ਕੇ ਕਿਤੇ ਦੂਰ ਗਈ ਹੋਵੇ ਤੇ ਉਹ ਦੋਵੇਂ ਪਾਤਾਲ ਵੱਲ ਹੇਠਾਂ , ਹੋਰ ਸਰਕਣ ਤੋਂ ਬਚਣ ਲਈ ਐਧਰ – ਉਧਰ ਹੱਥ ਮਾਰਦੇ ਇਕ ਦੂਜੇ ਨੂੰ ਸੰਭਾਲਣ ਦਾ ਯਤਨ ਕਰਦੇ ਹੋਸ਼-ਹਵਾਸ ਗਵਾ ਬੈਠੇ ਹੋਣ ।
ਤਾਰੀ ਮਾਸਟਰ ਆਪਣਾ ਉਪਦੇਸ਼ ਕਿੰਨਾਂ ਚਿਰ ਉਚਾਰਦੇ ਕਦੋਂ ਚਲਾ ਗਿਆ , ਉਹਨਾਂ ਦੋਨਾਂ ਵਿਚੋਂ ਕਿਸੇ ਨੂੰ ਪਤਾ ਤੱਕ ਨਾ ਲੱਗਾ । ਪਰ ਥੋੜੀ ਦੂਰ ਹਟਵੇਂ ਖੜ੍ਹੇ ਸਕੂਟਰ ਦਾ ਇੰਜਣ ਚਾਲੂ ਹੋਣ ਦੀ ਆਵਾਜ਼ ਸੁਣ ਕੇ ਮੀਕੇ ਦੀ ਹੋਸ਼ ਬਹਾਦਰ ਨਾਲੋਂ ਜ਼ਰਾ ਪਹਿਲਾਂ ਪਰਤੀ ਸੁੰਨ-ਵੱਟਾ ਹੋਏ ਖੜ੍ਹੇ ਬਹਾਦਰ ਦਾ ਮੋਢਾ ਹਿਲਾ ਕੇ ਮੀਕੇ ਨੇ ਪੁੱਛਿਆ – ਆਈ ਕੋਈ ਗੱਲ ਸਮਝ ‘ ਚ ਮਾੜੀ ਮੋਟੀ …. ? ‘’
ਅਨਾੜੀ ਜਿਹਾ ਸਿਰ ਨਾਂਹ ਹਿਲਾਉਂਦਿਆਂ ਬਹਾਦਰ ਦੇ ਚਿਹਰੇ ਦੀ ਚਿੰਤਾ ਉਸ ਦੇ ਅੰਗਾਂ –ਪੈਰਾਂ ਤਕ ਫੈਲ ਗਈ ।
ਤੈਨੂੰ ਕਿਸ ਭੜੂਏ ਨੇ ਕਿਹਾ ਸੀ ਕਿ ਉਸ ਬੁਲੀ ਦੀ ਕੁਲਫੀ ਖੋਹ ਕੇ ਸਾਰੇ ਟੱਬਰ ਨੂੰ ਬਲਦੀ –ਦੀ – ਬੁੱਥੇ ਲਿਆ ਸੁੱਟ …. ‘ ਮੀਕੇ ਦੇ ਚਿਹਰੇ ‘ ਤੇ ਸੱਚ-ਮੁੱਚ ਹੀ ਹਿਰਖ ਦੇ ਨਿਸ਼ਾਨ ਉੱਭਰ ਆਏ ਸਨ ।
ਕਹਿਣ ਕਿੰਨ ਸੀ – ਮੈਂ ਆਪਣੀ ਮਰਜ਼ੀ ਨਾਲ ਖੋਹੀ ਆ , ਆਪਣੀ ਕਹਾਣੀ ਦਾ ਮੈਂ ਆਪ ਹੀਰੋ ਆਂ …. ਮੈਂ ਕਈ ਰੱਬ ਦੇ ਮਾਂਹ ਮਾਰੇ ਆ ਕਿ ਸਹੁਰੀ ਦਸੀ ਦੀ ਕੁਲਫੀ ਨੂੰ ਬੀ ਤਰਸੀ ਜਾਮਾਂ … !..!!…!!! – ਬਹਾਦਰ ਦੇ ਤਲਖ
ਬੋਲਾਂ ‘ਚੋਂ ਉਭਰੀ ਸਿਆਣਪ ਨੂੰ ਮੀਕੇ ਨੇ ਬੜੀ ਨਰਮਾਈ ਨਾਲ ਸਿਆਣਿਆਂ ਵਰਗੀ ਸਲਾਹ ਦਿੱਤੀ – ਕਾਕੇ , ਤੂੰ ਵੀ ਨਿਰਾ ਭੌਦੂ ਈ ਏ ਭੌਦੂ ! ਤੂੰ ਦੱਸ , ਤੂੰ ਕੋਈ ਰਾਜਾ-ਮਹਾਰਾਜਾ ਜਾਂ ਮੰਤਰੀ –ਸੰਤਰੀ ਸੀ ਕਿ ਜੋ ਤੇਰੇ ਦਿਲ ‘ ਚ ਆਈ ਕਰ ਕੇ ਈ ਸਾਹ ਲਿਆ …ਓਏ ਵੀਰਿਆਂ ਆਹ ਜਿਹੜੇ ਭਾਈ ਐਹੋ ਜਿਹੀਆਂ ਸਾਖੀਆਂ ਲਿਖਦੇ ਆ ਨਾ, ਉਹ ਸਿਰਫ਼ ਆਪਣੀ ਈ ਫੂ-ਫਾਂ ਬਣਾਉਣ ਲਈ ਲਿਖਦੇ ਆ ,ਤੇਰੀ ਤਰ੍ਹਾਂ ਆਪ ਕਦੇ ਬਲੀ ਦੇ ਬੱਕਰੇ ਨਹੀਂ ਬਣਦੇ …. ਕੀ ਨਾਂ ਆਂ ਤੈਨੂੰ ਬੁਧੂ ਬਣਾਉਣ ਵਾਲੇ ਲਿਖਾਰੀ ਦਾ , ਹੈ ਕੋਈ ਥੋਹ-ਪਤਾ ਉਹਦਾ …. ? ‘
-ਸ਼ੈਂਤ , ਸੱਜਣ ਸੂੰਹ ਆ … ਆਪਣੇ ਨੇੜੇ-ਤੇੜੇ ਦਾ ਈ ਆ , ਸੁਣਿਆ , ਡੇਰੇ ਆਲੇ ਪੰਛੀ ਨੂੰ ਪੂਰਾ ਪਤਾ ਹੋਣਾ ਉਹਦਾ … ?
ਸਿਰ ਚੜ੍ਹੀ ਦੁਪਹਿਰ ਦੀਆਂ ਸਿੱਧੀਆਂ ਰਿਸ਼ਮਾਂ ਸੇਕਦੇ , ਉਹ ਜਗਤ-ਪ੍ਰਸਿਧ ਲੋਕ-ਕਵੀ ਗੁਲਜ਼ਾਰ ਪੰਛੀ ਕੋਲੋਂ , ਆਪਣੀ ਕਹਾਣੀ ਦੇ ਲੇਖਕ ਦਾ ਸਰਨਾਵਾਂ ਪੁੱਛਣ ਚੱਲ ਪਏ । ਚੌੜੇ ਚੋਅ ਦੇ ਪਾਰਲੇ ਕੰਢੇ ‘ ਤੇ ਕਸਟੋਡੀਅਨ ਦੀ ਅਲਾਟ ਹੋਈ ਦੋ ਕਿੱਲੇ ਜ਼ਮੀਨ ਦੇ ਇਕ ਕੋਨੇ ਬਣਾਏ , ਚੌਂਹ ਖਾਨਿਆਂ ਦੇ ਇਕੋ-ਇਕ ਕਮਰੇ ਦੇ ਦਰਵਾਜ਼ੇ-ਖਿੜਕੀਆਂ , ਭੋਲੇ –ਸਾਈਂ ਦੇ ਤੱਕੀਏ ਵਾਂਗ ਖੁਲ੍ਹੇ ਪਏ ਸਨ । ਖੁਲ੍ਹੇ- ਮੋਕਲੇ ਵਿਹੜੇ ਨੂੰ ਕੀਤੀ ਚਾਰ-ਦੀਵਾਰੀ , ਦੱਸਾਂ-ਪੰਦਰਾਂ ਥਾਵਾਂ ਤੋਂ ਉਖੜੀ ਪਈ ਸੀ । ਵਿਹੜੇ ਅੰਦਰ ਲਾਏ ਤੂਤਾਂ ਦੀ ਸੰਘਣੀ ਛਾਂ ਹੇਠ ਲੱਕੜ ਦੇ ਤਖ਼ਤ –ਪੋਸ਼ ਸਮੇਤ ਚੌਂਹ ਅਲਾਣੀਆਂ ਮੰਜੀਆਂ ਉੱਤੇ ਇਕੋ-ਜਿਹੇ ਚਾਰ ਸਰੀਰ ਬੇ-ਹਿੱਸ ਜਿਹੇ ਪਏ ਸਨ । ਹਿਲਦੀਆਂ ਲੱਤਾਂ ਵਾਲੀ ਇਕ ਲੱਕੜ ਦੀ ਥਿੰਤੀ ਤਰਪਾਈ ਉੱਤੇ ਸਿਲਵਰ ਦਾ ਖਾਲੀ ਪਤੀਲਾ ਟੇਢਾ ਹੋਇਆ ਸੀ । ਭੁੰਜੇ ਡਿੱਗੀ ਕੜਛੀ ਨੂੰ ਇਕ ਖਰਸ-ਖਾਧਾ ਡੱਬੂ ਮੂਹਰਲੇ ਪੰਜਿਆਂ ਵਿਚ ਫਸਾਈ ਹੌਲੀ-ਹੌਲੀ ਚੱਟੀ ਜਾਂ ਰਿਹਾ ਸੀ । ਵੱਡੇ ਤੂ ਤ ਦੀ ਓਟ ਨਾਲ ਟਿਕੀਆਂ ਪੰਜ-ਛੇ ਬੋਤਲਾਂ ਦੁਪਹਿਰੇ ਖਾਧੀ ‘ ਰੋਟੀ ‘ ਹੁੰਗਾਰਾ ਭਰ ਰਹੀਆਂ ਸਨ ।
ਟਿਕੀ ਦੁਪਹਿਰ ਦੀ ਚੁੱਪ-ਚਾਂ , ਕਿਧਰੇ –ਕਿਧਰੇ ਆਉਂਦੇ ਹਵਾ ਦੇ ਹਲਕੇ ਬੁੱਲਿਆਂ ਨਾਲ ਟੁੱਟਦੀ ਸੀ ਜਾਂ ਤਿੰਨਾਂ ਮੰਜੀਆਂ ਤੋਂ ਆਉਂਦੇ ਬੇ-ਸੁੱਧ ਘੁਰਾੜਿਆਂ ਨਾਲ । ਪੋਲੇ ਪੈਰੀਂ ਦੋਨੋਂ ਮੁੰਡੇ ਤੂਤ ਦੀ ਸੁਤ –ਉਣੀਂਦਰੀ ਛਾਂ ਹੇਠ ਖੜੇ ਹੋ ਕੇ ਕਵੀ ਪੰਛੀ ਦੀ ਪਛਾਣ ਕਰਨ ਵਿਚ ਰੁਝ ਗਏ । ਬੜੇ ਧਿਆਨ ਨਾਲ ਉਹਨਾਂ ਚੌਹਾਂ ਸਰੀਰਾਂ ਦੀਆਂ ਕੱਸੀਆਂ ਗੋਗੜਾਂ ਤੇ ਗੋਲ ਉਭਾਰਾਂ ਤੇ ਜੱਤਲ ਛਾਤੀਆਂ ਨੂੰ ਵਾਚਿਆ , ਪਰ ਕਿਸੇ ਇਕ ਦੇ ਪਿੰਡੇ ‘ ਤੇ ਵੀ ਉਹਨਾਂ ਨੂੰ ਪੰਛੀਆਂ ਦੇ ਖੰਭਾਂ-ਪੰਖਾਂ ਵਰਗੀ ਕੋਮਲਤਾ ਦਿਖਾਈ ਨਾ ਦਿੱਤੀ । ਇਕ-ਅੱਧ ਵਾਰ ਉਹਨਾਂ ਲਾਗਿਓਂ ਲੰਘਦੇ ਰਾਹੀਆਂ ਤੋਂ ਕਵੀ ਪੰਛੀ ਦੀ ਪਛਾਣ ਕਰਾਉਣ ਦਾ ਯਤਨ ਵੀ ਕੀਤਾ , ਪਰ ਕਿਸੇ ਅਣ-ਕਿਆਸੇ ਖ਼ਤਰੇ ਦਾ ਪਹਾੜ ਸਿਰ ‘ ਤੇ ਆ ਡਿੱਗਣ ਡਰੋਂ ਉਹਨਾਂ ਇੰਝ ਕਰਨਾ ਵੀ ਮੁਨਾਸਿਬ ਨਾ ਸਮਝਿਆ । ਭੈ-ਭੀਤ ਹੋਏ ਦੋ ਕਦਮ ਤੁਰ ਕੇ ਕਦੀ ਉਹ ਡੇਰਿਓਂ ਬਾਹਰ ਨਿਕਲ ਜਾਂਦੇ ਤੇ ਕਦੀ ਝਕਦੇ ਫਿਰ ਉਸੇ ਤੂਤ ਦੀ ਛਾਵੇਂ ਜਾ ਖੜ੍ਹੇ ਹੁੰਦੇ । ਉਨ੍ਹਾਂ ਨੇ ਪਤਾ ਨਹੀਂ ਇਸ ਖੁਲ੍ਹੀ ਕੈਦ ਦੀ ਚਾਰ –ਦੀਵਾਰੀ ਵਿਚ ਕਿੰਨ੍ਹਾਂ ਚਿਰ ਹੋਰ ਰਹਿਣਾ ਸੀ , ਜੇ ਕਿਧਰੇ ਤਖ਼ਤਪੋਸ਼ ਉਪਰਲਾ ਅਲਸਾਇਆ ਸਰੀਰ ਪਾਸਾ ਪਰਤਣ ਲੱਗਾ ,ਧੜੰਮ ਕਰਦਾ ਹੇਠਾਂ ਨਾ ਡਿੱਗ ਪੈਂਦਾ । ਗੰਦੀਆਂ ਗਾਲ੍ਹਾਂ ਦੀ ਭਰਵੀਂ ਲੜੀ ਉਚਾਰਦਾ , ਉਹ ਸੱਜੀ ਕੂਹਣੀ ਪਲੋਸਦਾ ਬੜੀ ਮੁਸ਼ਕਲ ਨਾਲ ਉੱਠ ਕੇ ਹਾਲੀਂ ਸੰਭਲਿਆ ਹੀ ਸੀ ਕਿ ਉਸ ਦੀ ਨਿਗਾਹ ਸਹਿਮੇਂ ਖੜ੍ਹੇ ਦੋਨੋਂ ਮੁੰਡਿਆਂ ਨੂੰ ਆਏ ਹਲਕੇ ਹਾਸੇ ਵੱਲ ਖਿੱਚੀ ਗਈ ।
-ਖੜੋ, ਤੁਹਾਡੀ ਮਾਂ ਦੀ … ਕੀ ਕਰਦੇ ਓਏ …ਏ ਹੈਥੇ , ਭੈਣ ਦੀ । ‘
ਡਰੇ ਜਿਹੇ ਬਾਲ ਨੰਗੀਆਂ ਚਿੱਟੀਆਂ ਗਾਲ੍ਹਾਂ ਦੀ ਇਕ ਰੀਲ੍ਹ ਖਿੜੇ ਮੱਥੇ ਸਹਾਰ ਗਏ- ਜੀ ਈ ..ਈ , ਅਸੀਂ ਪੰਛੀ ਸ੍ਹੈਬ ਨੂੰ ਮਿਲਣਾ …। ‘ ਕੁਝ ਹੌਸਲਾ ਕਰਕੇ ਬਹਾਦਰ ਨੇ ਡਿੱਗ ਕੇ ਉੱਠੇ ਸਰੀਰ ਨੂੰ ਆਖਿਆ ।
-ਤੇਰੀ ਭੈਣ ਨੇ ਲਾਮਾਂ ਲੈਣੀਆਂ ਉਹਦੇ ਨਾਲ … । ਕੀ ਕੰਮ ਆ ,… ਦੱਸ , ਫੁੱਟਦਾ ਕਿਉਂ ਨਈਂ ਮੂੰਹੋਂ …? ਹਰਾਮਜ਼ਾਦਾ …। ‘
-ਜੀ ਈ …ਅਸੀਂ ਸੱਜਣ ਸੂੰਹ ਦਾ ਪਿੰਡ ਪੁੱਛਣਾ ਉਹਨਾਂ ਤੋਂ ਜੀਨ੍ਹੇ ਕਹਾਣੀ ਲਿਖੀ ਆ , ਕੁਲਫੀ । ‘
ਅਨਾੜੀ ਜਿਹੇ ਮੁੰਡੇ ਮੂੰਹੋਂ , ਸਾਹਿਤਕ ਕਿਰਤ ਦਾ ਨਾਂ ਸੁਣ ਕੇ , ਤਖ਼ਤਪੋਸ਼ ਉਤੇ ਪੱਸਰ ਬੈਠਾ ਆਕਾਰ ਕੁਝ ਗੰਭੀਰ ਹੋ ਕੇ ਬੋਲਿਆ – ਕੇੜ੍ਹਾ ਸੱਜਣ ਸੂੰਹ … ਕੀ ਕੰਮ ਆ ੳਦ੍ਹੇ ਨਾਲ ਤੈਨੂੰ … ? ਨਾਲੇ ਸਾਲਿਆ ਉਦ੍ਹਾਂ ਨਾਂ ਸੱਜਣ ਸੂੰਹ ਨਈਂ ਸੁਜਾਨ ਸੂੰਹ ਐ … ਸੁਜਾਨ ਸੂੰਹ । ਉਹ ਕਿਸੇ ਪੜੇ-ਪਿੰਡ ਨਈਂ ਰਹਿੰਦਾ , ਸ਼ਹਿਰ ਰਹਿੰਦਾ ਸ਼ਹਿਰ … ਗੁਰਦਾਸਪੁਰ । ‘
ਪੰਛੀ ਦੀ ਪਛਾਣ ਕਰਦੇ , ਛਛੋ-ਪੰਜ ਅੰਦਰ ਪਏ , ਘੜੀ ਪਲ ਉਵੇਂ ਦੇ ਉਵੇਂ ਖੜਿਆਂ ਮੁੰਡਿਆਂ ਨੂੰ ਦੇਖ ਕੇ ਖਿਝਿਆ ਮੱਥਾ ਇਕ ਵਾਰ ਫਿਰ ਘੁਰਕਿਆ – ਓਏ ਜਾਂਦੇ ਓ ਕਿ ਨਈਂ , ਉਠਾਂ ਮੈਂ ਫੇ …ਏ , ਸਾਲੇ ਰਾਣੀ ਖਾਂ ਦੇ । ਜਾਓ , ਦਫਾ ਹੋ ਜਾਓ , ਨੀਂਦ ਹਰਾਮ ਨਾ ਕਰੋ ਮੇਰੀ … ਜੇ ਪੂਰਾ ਸਰਨਾਂਮਾ ਚਾਹੀਦਾ , ਲਾਲੇ ਆਪਣੇ ਦਾ ,ਤਾਂ …ਤ ਮਾਂ ਆਪਣੀ ਨੂੰ ਭੇਜੋ ਜਾ ਕੇ … ।‘
ਮਿੱਟੀ ਝਾੜ ਕੇ ਲੰਮਿਆਂ ਪੈਣ ਲੱਗੇ ਕਵੀ ਸੂੰਹੋਂ , ‘ ਮਾਂ-ਆਪਣੀ ’ ਦਾ ਸੰਬੋਧਨ ਸੁਣ ਕੇ ਬਹਾਦਰ ਨੂੰ ਜਿਵੇਂ ਕਿਸੇ ਨੇ ਸੜਦੇ ਬਲਦੇ ਅੰਗਿਆਰਾਂ ‘ ਤੇ ਸੁੱਟ ਦਿੱਦਾ ਹੋਵੇ । ਉਸ ਦਾ ਜੀਅ ਕੀਤਾ ਕਿ ਵਾਗਲੇ ਦੀਆਂ ਉੱਖੜੀਆਂ ਇੱਟਾਂ ਮਾਰ ਮਾਰ ਕੇ ਕਵੀ ਖੋਪੜੀ ਖੱਖੜੀ ਕਰ ਦੇਵੇ । ਪਰ , ਦੁਵੱਲਿਓ ਘਿਰੇ ਬਹਾਦਰ ਨੂੰ ਇਸ ਸਮੇਂ ਆਪਣੀ ਬੇਇਜ਼ਤੀ ਨਾਲੋਂ ਮਾਂ-ਪਿਓ ਦੀ ਇੱਜ਼ਤ ਕੀਮਤੀ ਜਾਪੀ । ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅੰਦਰ ਉੱਠਿਆ ਉਬਾਲ , ਹੱਥਾਂ –ਬਾਹਵਾਂ ਤੱਕ ਲਿਆਉਣ ਤੋਂ ਤਾਂ ਭਾਵੇ ਉਸ ਨੇ ਰੋਕ ਲਿਆ , ਪਰ ਸੂੰਹ ਅੰਦਰੋਂ ਕਈ ਸਾਰੇ ਅਜਿਹੇ ਵਾਕ ਉਸ ਤੋਂ ਆਪ-ਮੁਹਾਰੇ ਉਗਲੇ ਗਏ , ਜਿਹਨਾਂ ਦੀ ਨਾਲ ਤੁਰੇ ਮੀਕੇ ਨੂੰ ਬਿਲਕੁਲ ਆਸ-ਉਮੀਦ ਨਹੀਂ ਸੀ ।
-ਭਲਾ –ਮਾਣਸ ਬਣ ਕੇ ਤੁਰਿਆ ਚੱਲ … ਇਕ ਕੰਮ ਸੁਆਰਦਾ, ਕਿਤੇ ਹੋਰ ਨਾ ਪੰਗਾ ਖੜ੍ਹਾ ਕਰ ਲਈਂ …’ ਮੀਕੇ ਦੀ ਦਲੀਲ ਉਸ ਅੰਦਰ ਉੱਠੀ ਹਨ੍ਹੇਰੀ ਨੂੰ ਥੰਮਣ ਲਈ ਸਹਾਈ ਤਾਂ ਜ਼ਰੂਰ ਹੋਈ , ਪਰ ਮਾਂ ਦੀ ਦਿੱਤੀ ਕਵੀ ਵਲੋਂ ਗਾਲ੍ਹ ਦੀ ਪੱਚਰ ਉਸਦੇ ਧੁਰ ਅੰਦਰ ਤੱਕ ਲਹਿ ਕੇ ਜਿਵੇਂ ਖੁੱਭ ਹੀ ਗਈ ਹੋਵੇ । ਅੰਦਰੋ-ਅੰਦਰ ਲਹੂ-ਲੁਹਾਣ ਹੋਇਆ ਉਹ ਮੀਕੇ ਦੀ ਬਾਂਹ ਫੜੀ ਚੌਂਹ-ਕੋਹਾਂ ‘ ਤੇ ਦਿਸਦੇ ਸ਼ਹਿਰ ਗੁਰਦਾਸਪੁਰ ਨੂੰ ਦੌੜ ਪਿਆ । ਸਾਹਮਣੇ ਲਹਿੰਦਾ ਸੂਰਜ ਉਹਨਾਂ ਦੀਆਂ ਅੱਖਾਂ ਵਿਚ ਸਿੱਧਾ ਢਲਦਾ ਆਖਿਰ ਸੁੱਕੇ ਬੁੱਲਾਂ ਤੱਕ ਫੈਲ ਗਿਆ । ਪਾਣੀ ਦੇ ਘੁੱਟ ਦੀ ਚਿੰਤਾ ਕੀਤੇ ਬਿਨਾਂ ਉਹ ਦੋ-ਤਿੰਨ ਦੁੜੱਕੀਆਂ ਮਾਰ ਕੇ ਸ਼ਹਿਰੋਂ ਬਾਹਰ –ਬਾਹਰ ਚੁੰਗੀ ਲਾਗੇ ਸੜਕ ਕੰਢੇ ਰੱਖੇ ‘ਮੁੱਛ-ਮਰੋੜ ਚਾਹ ’ ਵਾਲੇ ਇਕ ਖੋਖੇ ਪਾਸ ਜਾ ਖੜ੍ਹੇ ਹੋਏ ।
-ਆਓ ਪੁੱਤਰੋ … ਲੰਘ ਆਓ । ‘ ਅੰਦਰ , ਚਾਹ ਵਾਲੇ ਨੇ ਬੜੀ ਅਪਣੱਤ ਨਾਲ ਬਿਨਾਂ ਪੁੱਛਿਆਂ ਉਹਨਾਂ ਸਾਹਮਣੇ ਪਏ ਲੱਕੜ ਦੇ ਕਾਲੇ –ਪੀਲੇ ਬੈਂਚ ਉਤੇ ਦੋ ਗਲਾਸ ਪਾਣੀ ਲਿਆ ਰੱਖਿਆ । ਚੌਂਹ ਕੋਹਾਂ ਦੀ ਲੰਮੀਂ ਦੌੜ ਕਾਰਨ ਉਖੜੇ ਦੋਨਾਂ ਦੇ ਸਾਹ , ਡੀਕ ਲਾ ਕੇ ਪੀਤੇ ਪਾਣੀ ਨਾਲ ਟਿਕਾਣੇ ਆਏ ਹੀ ਸਨ ਕਿ ਖੋਖੇ ਵਾਲਾ ਚਾਹ ਬਣਾਉਣ ਦੇ ਇਸ਼ਾਰੇ ਦੀ ਭਾਲ ਕਰਦਾ ਕਿੰਨਾ ਹੀ ਚਿਰ ਦੋਨਾਂ ਦੇ ਹੱਥਾਂ ਵੱਲ ਦੇਖਦਾ ਰਿਹਾ । ਕੋਈ ਹੁੰਗਾਰਾ ਨਾ ਮਿਲਿਆ ਦੇਖ ਕੇ ਆਖਿਰ ਹਲਕੇ ਜਿਹੇ ਗੁੱਸੇ ਨਾਲ ਉਸ ਨੇ ਕੋਨੋਂ ਖਾਲੀ ਗਲਾਸ ਉਹਨਾਂ ਮੂਹਰਿਓਂ ਚੁਕਦਿਆਂ ਖਰ੍ਹਵੇਂ ਜਿਹੇ ਢੰਗ ਨਾਲ ਪੁੱਛਿਆ – ਕੀਹਨੂੰ ਮਿਲਣੈਂ ! ‘
-ਸਰਦਾਰ ਸੁਜਾਨ ਸੂੰਹ ਨੂੰ … ਕਹਾਣੀਆਂ ਲਿਖਦਾ ਆ ਉਹ … ।‘
-ਕਹਾਣੀਆਂ ਲਿਖਣ ਆਲੇ ਚਾਹਾਂ ਦੇ ਖੋਖਿਆਂ ‘ਤੇ ਨਹੀਂ , ਦਾਰੂ ਦੇ ਹਾਤਿਆਂ ‘ ਚ ਮਿਲਦੇ ਆ …। ਬੱਸਾਂ ਦੇ ਅੱਡੇ ਲਾਗਲੇ ਸਰਕਾਰੀ ਹਾਤੇ ‘ ਚ ਭੱਜ ਜਾਓ , ਹੈਨੀਂ ਪੈਰੀਂ …. । ‘
ਖੋਖੇ ਵਾਲੇ ਦੀ ਕੀਤੀ ਠਿੱਠ ਨੂੰ ਨੇਕ ਸਲਾਹ ਮੰਨ ਕੇ , ਪੁੱਛਦੇ –ਪੁੱਛਾਂਦੇ ਉਹ ਦੱਸੇ ਟਿਕਾਣੇ ਵੱਲ ਨੂੰ ਤੁਰ ਪਏ । ਵੱਖ-ਵੱਖ ਕਿਸਮਾਂ ਦੀਆਂ ਸਜੀਆਂ-ਧਜੀਆਂ ਦੁਕਾਨਾਂ ਦੇ ਸਿਰਾਂ ‘ ਤੇ ਬੰਨ੍ਹੇ ਰੰਗ ਬਰੰਗੇ ਬੋਰਡ ਪੜ੍ਹਦੇ ਆਖਿਰ ਉਹ ਖੋਖੇ ਵਾਲੇ ਦੇ ਦੱਸੇ ਟਿਕਾਣੇ ਤੱਕ ਪਹੁੰਚ ਗਏ । ਗੁਜ਼ਾਰੇ ਮਾਤਰ ਅੰਗਰੇਜ਼ੀ ਤੇ ਸਰਦੀ-ਪੁਜਦੀ ਪੰਜਾਬੀ ਉਚਾਰ ਸਕਣ ਦੇ ਯੋਗ ਹੋਣ ਕਰਕੇ , ਇਕ ਦੋ-ਹੱਟੇ ਦੇ ਸਾਰੇ ਦੇ ਸਾਰੇ ਮੱਥੇ ਉੱਪਰ ਲਿਖੀ ਇਬਾਰਤ – ‘ ਸਰਕਾਰੀ ਮਨਜ਼ੂਰ –ਸ਼ੁਦਾ ਇਹਾਤਾ ਠੇਕਾ ਦੇਸੀ ਸ਼ਰਾਬ, ਕੋਲਡ ਬੀਅਰ ‘ ਪੜ੍ਹ ਕੇ ਉਹਨਾਂ ਨੂੰ ਸਹੀ ਟਿਕਾਣਾ ਲੱਭ ਪੈਣ ਦੀ ਆਸ ਪੂਰੀ ਤਰ੍ਹਾਂ ਪੱਕੀ-ਠੱਕੀ ਹੋ ਗਈ । ਇਹਾਤੇ ਦੇ ਬਿਲਕੁਲ ਸਾਹਮਣੇ , ਸੜਕ ਕੰਢੇ , ਤਰਪਾਲ ਨਾਲ ਛੱਤੀ ਮੱਛੀ ਦੀ ਰੇੜ੍ਹੀ ਲਾਗੇ ਖੜ੍ਹੇ , ਲਾਲ – ਲਾਲ ਅੱਖਾਂ ਵਾਲੇ ਫੌਜੀ ਨੁਮਾ ਬੰਦੇ ਤੋਂ ਉਹਨਾਂ ਬੇਝਿਜਕ ਹੋ ਕੇ ਸੁਜਾਨ ਸਿੰਘ ਦੇ ਅੰਦਰ ਹੋਣ ਬਾਰੇ ਪੁੱਛ ਲਿਆ । ਬਿਨਾਂ ਗੱਲ ਸਮਝਿਆਂ ਮੱਛੀ ਵਾਲੇ ਨੇ ਸਾਰੇ ਦਾ ਸਾਰਾ ਸਿਰ ਹਾਂ ਕਰਨ ਲਈ ਉੱਪਰ ਥੱਲੇ ਕਈ ਵਾਰ ਹਿਲਾ ਮਾਰਿਆ ।
ਮਿਥੇ ਨਿਸ਼ਾਨੇ ਦੀ ਪ੍ਰਾਪਤੀ ਐਨ ਸਾਹਮਣੇ ਦੇਖ , ਬੇਧੜਕ ਹੋਏ , ਉਹ ਦੋਨੋਂ ਅੱਗੜ-ਪਿੱਛੜ ਦੁਕਾਨ ਅੰਦਰ ਟਿਕਿਆਂ ਦਸ-ਬਾਰਾਂ ਕੁਰਸੀਆਂ ਦੀ ਪਾਲ ਲੰਘ ਕੇ , ਪਿਛਵਾੜੇ ਖੁਲ੍ਹਦੇ ਖੁਲ੍ਹੇ ਇਹਾਤੇ ਅੰਦਰ ਪਹੁੰਚ ਗਏ । ਲੋਹੇ ਦੀਆਂ ਧੁਆਂਖੀਆਂ , ਪੁਰਾਣੀਆਂ ਚਾਦਰਾਂ ਖੜੀਆਂ ਕਰਕੇ ਕੀਤੇ ਵਾਗਲੇ ਅੰਦਰ , ਸੱਠ-ਸੱਤਰ ਸੀਟਾਂ ਜਿਵੇਂ ਕਿਸੇ ਜਚਦੀ-ਮਿੱਚਦੀ ਬਰਾਤ ਦੀ ਉਡੀਕ ਅੰਦਰ ਬੈਠੀਆਂ ਬਾਹਰ ਵੱਲ ਝਾਕ ਰਹੀਆਂ ਸਨ । ਇਕ ਕੋਨੇ ਉੱਗੀ ਛੋਟੀ ਜਿਹੀ ਨਿੰਮ ਹੇਠਲੇ ਬੈਂਚ ਉੱਤੇ ,ਕਸੀਆਂ ਪੈਂਟਾਂ ਤੇ ਖੁਲ੍ਹੇ –ਢਿਲਕੇ ਕੁੜਤਿਆਂ ਵਾਲੇ ਕੁਝ ਬੰਦੇ, ਬਾਜਦਾਰਾਂ ਵਾਂਗ ਖਿਲਰੇ ਬੈਠੇ ਸਨ । ਦੂਜੇ ਕੋਨੇ ਅਛੋਪਲੇ ਜਿਹੇ ਛਹਿ ਕੇ ਖਲੋਤਿਆਂ ਦੋਨਾਂ ਮੁੰਡਿਆਂ ਸਾਹਮਣੇ ਆਪਣੇ ਕਹਾਣੀ ਲੇਖਕ ਦਾ ਪਤਾ ਲਾਉਣਾ , ਪਹਾੜ ਜਿੱਡੀ ਸਮੱਸਿਆ ਬਣੀ ਪਈ ਸੀ । ਆਖਿਰ ਮੀਕੇ ਨੇ ਖਿੱਲਰੀਆਂ ਜਟੂਰੀਆਂ ਵਾਲੇ ਇਕ ਕੱਲੇ ਬੈਠੇ ਬੰਦੇ ਹੌਸਲਾ ਕਰਕੇ ਸੁਜਾਨ ਸਿੰਘ ਬਾਰੇ ਪੁੱਛ ਹੀ ਲਿਆ । ਆਪਣੀ ਗਥਲੀ ਫਰੋਲਦੀ ਉਸ ਦੀ ਬੇਹੋਸ਼ੀ ਵਰਗੀ ਮਸਤੀ ਨੂੰ ਸੁਜਾਨ ਸਿੰਘ ਦਾ ਨਾਂ ਸੁਣ ਕੇ ਜਿਵੇਂ ਬਿਜਲੀ ਦਾ ਤੜਕਾ ਆ ਲੱਗਾ ਹੋਵੇ ।
ਮੀਕੇ ਨੂੰ ਉੱਤਰ ਦੇਣ ਤੋਂ ਪਹਿਲਾਂ ਉਸ ਨੇ ਕਾਉਂਟਰ ‘ ਤੇ ਗਏ ਆਪਣੇ ਹਮਜੋਲੀ ਨੂੰ ਉੱਚੀ ਆਵਾਜ਼ ਦੇ ਮਾਰੀ – ਓਏ ਵਰਮਿਆਂ , ਓਏ ਸਾਲਿਆ ਤੂੰ ਹੈਥੇ ਈ ਛਾਉਣੀ ਪਾ ਕੇ ਬਹਿ ਗਿਆ , ਐਧਰ ‘ ਵੱਡੇ ਬੁੜ੍ਹੇ ’ ਦੇ ਪਾਠਕ ਆਏ ਖੜ੍ਹੇ ਆ ।‘
ਵੱਡੇ –ਬੁੜ੍ਹੇ ਦਾ ਜ਼ਿਕਰ ਸੁਣ ਕੇ ਦੂਜੀ ਪਾਲ ਅੰਦਰ ਬੈਠਾ ਸਾਹਿਤਕਾਰਾਂ ਦਾ ਪੂਰਾ ਕਾਫ਼ਲਾ , ਵਰਮੇਂ ਦੇ ਮਗਰ-ਮਗਰ ਤੁਰਿਆ , ਭੂੰਡਾਂ ਵਾਂਗ ਦੋਨਾਂ ਬਾਲਾਂ ਦੁਆਲੇ ਆ ਖੜ੍ਹਾ ਹੋਇਆ ।
-ਕਿਧਰੋਂ ਆਏ ਜੇ … ? ਗਿੱਲ ਨੇ ਮੀਕੇ ਦੇ ਮੋਢੇ ‘ ਤੇ ਆਪਣਾ ਪਾਥੀ ਵਰਗਾ ਭਾਰ ਹੱਥ ਰੱਖ ਕੇ ਪੁੱਛਿਆ ।
-ਕੋਟਲੀਓਂ …’ ਡਰਦੇ ਡਰਦੇ ਮੀਕੇ ਤੋਂ ਆਪਣੇ ਪਿੰਡ ਦਾ ਨਾਂ ਮਸਾਂ ਬੋਲਿਆ ਗਿਆ ।
-ਵੱਡੇ – ਬੁੜ੍ਹੇ ਨੇ ਪਤਾ ਨੀ ਥਾਡੇ ਸਿਰਾਂ ‘ ਚ ਕੀ ਜਾਦੂ ਧੂੜਿਐ , ਉਹਤੋਂ ਬਿਨਾਂ ਹੋਰ ਕੋਈ ਘਾਣੀਕਾਰ ਈ ਥਾਡੇ ਨੱਕ ਹੇਠ ਨੀਂ ਆਉਂਦਾ । … ਦਰਦੀ , ਸਿਦਕੀ,ਰਿਸ਼ੀ, ਭੱਟੀ, ਗਿੱਲ, ਬਰਾੜ,ਸੰਧੂ, ਸੰਧਜ਼, ਸ਼ਰਮਾ, ਵਰਮਾ, ਮੱਟੂ,ਮਠਾਰੂ ਅਨੇਕਾਂ ਕਥਾ-ਆਕਾਸ਼ ਦੇ ਚਮਤਕਾਰ ਤਾਰਿਆਂ ‘ ਚੋਂ ਪਤਾ ਨਈਂ ਬੁੜ੍ਹੇ ਦਾ ਚੱਲਿਆ ‘ ਨਾਰ ਤ੍ਹਾਨੂੰ ਕਿਉਂ ਪਸੰਦ ਐ … ਸਾਲਿਓ …!’
-ਜੀ…ਈ…ਈ…,ਨਈਂ ….ਨਈਂ ਅਸੀਂ ਤਾਂ … ! ‘
-ਨਈਂ ਤਾਂ ਨਾ ਸਈ … ਜਾਓ ਵੜੋ ਭਾਂੜੇ ‘ਚ …ਹਾਨੂੰ ਨਈਂ ਪਤਾ ਕੌਣ ਐ ਉਹ ਤੇ ਕਿੱਥੇ ਰਹਿੰਦੈ …’ ਸਿਦਕੀ ਨੇ ਮੀਕੇ ਦੇ ਟੁੱਟਵੇਂ ਬੋਲ , ਬਾਜ਼ ਵਾਂਗ ਝਬੂਟੇ ਤੇ ਹੱਥਲੇ ਗਲਾਸ ਤਾ ਹਲਕਾ ਸੰਗਤਰੀ ਰੰਗ ਡੀਕ ਲਾ ਕੇ ਪੀਂਦਿਆਂ ਚਿੱਟਾ-ਥਿੱਦਾ ਕਰਾ ਦਿੱਤਾ ।
-ਤੁਹੀ ਪੁੱਤਰੋ, ਖਾਲਸਾ ਕਾਲਜ ਪਹੁੰਚੋ ਦੋ ਵਜੇ , ਸੈਹਤ ਸਭਾ ਦੀ ਮੀਟਿੰਗ ਆ ਲੈਬਰੇਰੀ ਆਲ ‘ਚ । ਕੱਲ ਸੋਜਾਨ ਸੂੰਹ ਤਾਂ ਕੀ ‘ ਲਾਕੇ ਭਰ ਦੇ ਕਲਮਕਾਰਾਂ ਦੇ ਦਰਸ਼ਨ-ਪਰਸ਼ਨ ਕਰ ਲਿਆ ਜੇ ਬੇਸ਼ਕ … ‘ ਸਿਆਣੀ ਉਮਰ ਦੇ ਗਾਫਿਲ ਨੇ ਦੋਨਾਂ ਬੱਚਿਆਂ ਨੂੰ ਅਣਕਿਆਸੀ ਘੁੰਮਣ-ਘੇਰੀ ‘ਚੋਂ ਕੱਢ ਕੇ ਇਕ ਵਾਰ ਫਿਰ ਪੱਕੀ ਸੜਕ ‘ ਤੇ ਤੁਰਦਾ ਕਰ ਦਿੱਤਾ ।
ਕੁਝ ਸਮੇਂ ਪਿੱਛੋਂ ਟੱਕਰਾਂ ਮਾਰਦੇ, ਠੋਕਰਾਂ –ਖਾਂਦੇ ਉਹ ਦੋਨੋਂ ਜਰਨੈਲੀ ਸੜਕ ਨੂੰ ਜੁੜਦੀ ਛੰਭ-ਰੋੜ ‘ ਤੇ ਉਸਰੇ ਖਾਲਸਾ ਕਾਲਿਜ ਦੇ ਵੱਡੇ ਦਰਵਾਜ਼ੇ ਦੀ ਆਰਕ ਸਾਹਮਣੇ , ਦੋ ਵਜਣ ਦੀ ਉਡੀਕ ਕਰਨ ਲਈ ਆ ਖੜੇ ਹੋਏ । ਤਪਦੀ ਭੱਠੀ ਵਾਂਗ ਸੜਦੀ ਸੜਕ ਤੇ ਦੌੜਦਾ ਕੋਈ ਕੋਈ ਖਾਲੀ ਜਾਂ ਭਰਿਆ ਰਿਕਸ਼ਾ ,ਉਹਨਾਂ ਦੀਆਂ ਨੰਗੀਆਂ ਲੱਤਾਂ-ਬਾਹਾਂ ‘ਤੇ ਜੰਮੀ ਕਲਰੀ ਮਿੱਟੀ ਨੂੰ ਹਲਕੀ ਜਿਹੀ ਹਵਾ ਦਿੰਦਾ , ਲੰਘਦਾ ਗਿਆ । ਮੁੱਖ-ਦੁਆਰ ਦੀ ਟੀਸੀ ਉੱਪਰ ਇੱਟਾਂ-ਸੀਮਿੰਟ ਨਾਲ ਬੀੜੀ ਗੁਰੂ ਗੋਬਿੰਦ ਸਿੰਘ ਦੀ ਰੋਹ ਭਰੀ ਆਦਮ-ਕੱਦ ਤਸਵੀਰ ,ਉਹਨਾਂ ਦੋਨਾਂ ਵੱਲ ਨੂੰ ਓਨੀ ਦੇਰ ਤੱਕ ਲਗਾਤਾਰ ਦੇਖਦੀ ਰਹੀ ਜਿੰਨਾਂ ਚਿਰ ਇਕ ਰਿਕਸ਼ਾ ਉਹਨਾਂ ਦੇ ਐਨ ਬਰਾਬਰ ਆ ਕੇ ਰੁਕ ਨਾ ਗਈ । ਬੜੇ ਹੀ ਸਹਿਜ-ਧੀਰਜ ਨਾਲ ਇਕ ਲੰਮਾ-ਉੱਚਾ ਰੋਹਬ-ਦ੍ਹਾਰ ਬਜੁਰਗ , ਖੂੰਟੀ ਆਸਰੇ ਰਿਕਸ਼ੇ ‘ਚੋਂ ਹੇਠਾਂ ਉਤਰਿਆ । ਇਕ ਹੱਥ ਫੜਿਆ ਕੀਮਤੀ ਬੈਗ ਉਸ ਨੇ ਖੱਬੀ ਬਗਲ ਹੇਠ ਦਬਾ ਕੇ ਪਹਿਲਾਂ ਦੋ ਕਦਮ ਅੰਦਰ ਵੱਲ ਨੂੰ ਭਰੇ ਫਿਰ ਇਕ-ਟੱਕ ਉਹਦੀ ਵਲ ਦੇਖਦੇ ਬਾਲਾਂ ਨੂੰ ਦੇਖ ਕੇ , ਉਹ ਥਾਏਂ ਰੁੱਕ ਗਿਆ ।
ਭੁੱਖੇ –ਤਿਹਾਏ ਸਹਿਮੇ ਬੱਚੇ ਉਸਨੂੰ ਰੁਕਿਆ ਦੇਖ ਕੇ ਪਹਿਲਾਂ ਤਾਂ ਸਹਿਮ ਜਿਹੇ ਗਏ , ਪਰ ਉਸ ਦੀਆਂ ਮੋਟੇ ਸ਼ੀਸ਼ੇ ਦੀਆਂ ਐਨਕਾਂ ‘ ਚੋਂ ਛਣਦੀ ਘੋਖਵੀਂ ਨਿਗਾਹ , ਅਗਲੇ ਹੀ ਪਲ ਉਹਨਾਂ ਨੂੰ ਪਿਆਰੀ ਪਿਆਰੀ ਲੱਗਣ ਲੱਗੀ । ਮੋਹ ਵੱਸ ਹੋਏ। ਥੋੜੀ ਦੂਰ ਹਟਵੇਂ ਖੜ੍ਹੇ ਛੇਆਂ ਪੈਰਾਂ ਦੇ ਪੋਲੇ –ਪੋਲੇ ਕਦਕ ਦੋਨਾਂ ਪਾਸਿਆਂ ਤੋਂ , ਇਕ ਦੂਜੇ ਵਲ ਆਪ-ਮੁਹਾਰੇ ਵਧ ਕੇ , ਵਿਚਕਾਰ ਬਣਦੀ ਸਾਰੀ ਵਿੱਥ ਮੁਕਾ , ਕੇਲੇ ਦੀਆਂ ਜੜ੍ਹਾਂ ਲਾਗੇ ਉੱਗੇ ਅੰਬਾਂ ਦੇ ਕੋਮਲ ਬੂਟਿਆਂ ਵਾਂਗ ਖੜੋ ਗਏ । ਨਿੱਕਿਆਂ-ਨਿੱਕਿਆਂ ਹਿੱਕਾਂ ਅੰਦਰ ਲਟਕਦਾ ਵੱਡਾ ਸਾਰਾ ਪ੍ਰਸ਼ਨ ,ਸਾਹਮਣੇ ਖੜ੍ਹੀ ਚੌੜੀ ਛਾਤੀ ਤੇ ਇਸ਼ਤਿਹਾਰ ਵਾਂਗ ਚਿਪਕ ਗਿਆ । ਖੂੰਟੀ ਵਾਲਾ ਕੰਬਦਾ ਹੱਥ ਜੁੜੇ ਛੋਟੇ-ਛੋਟੇ ਹੱਥ ਦੁੱਧ-ਚਿੱਟੀ ਬੁਸ਼-ਸ਼ਰਟ ‘ ਤੇ ਮਿੱਟੀ –ਘੱਟੇ ਦਾ ਠੱਪਾ ਮਾਰ ਗਏ । ਥੰਮਾਂ ਜਿੱਡੀਆਂ ਲੱਤਾਂ ਨਾਲ ਚਿਮੜਿਆ ਨਿਰਛਲ ਮੋਹ , ਲਾਲ ਸੁਰਖ ਖਾਖਾਂ ‘ ਤੇ ਤਰੇਲ-ਮੋਮੀ ਬਣ ਕੇ ਵੱਗਣ ਲੱਗਾ । ਉੱਧਰ ਭਰੇ ਹੋਏ ਗੱਚ ‘ ਚੋਂ ਨਿਕਲਦੇ ਟੁੱਟਵੇਂ ਬੋਲ ਹੌਲੀ-ਹੌਲੀ ਬਲੂਰ ਬਾਲਾਂ ਦਾ ਥਾਂ ਟਿਕਾਣਾ , ਘਰ ਗਿਰਾਂ ਪੁੱਛਣ ਲਈ ਉਤਾਵਲੇ ਹੋ ਗਏ ।
-ਅਸੀਂ ਸੁਜਾਨ ਸਿੰਘ ਜੀ ਨੂੰ ਮਿਲਣਾਂ.. ‘ ਦੋਨਾਂ ਮੂੰਹੋ ਨਿਕਲਿਆ ਸਵਾਲ ਵਰਗਾ ਜਵਾਬ , ਪਹਾੜ ਜਿੱਡੀ ਦੇਹ ਨੂੰ ਰੇਤ ਦੀ ਢੇਰੀ ਵਾਂਗ ਵਿੱਛਦਾ ਕਰ ਗਿਆ ।
-ਕੀ ਕੰਮ ਐ, ਉਹਦੇ ਨ ….?’ ਵਾਕ ਦਾ ਅਖੀਰਲਾ ਅੱਖਰ ਸੰਘੋਂ ਵਿਚਕਾਰ ਫਿਰ ਘੁੱਟਿਆ ਗਿਆ ।
-ਉਹਦੀ ਕੁਲਫੀ ਕਹਾਣੀ ਨੇ ਮੇਰੇ ਮਾਂ-ਪਿਓ ਦੀ ਜਾਨ ਛਕੰਜੇ ‘ ਚ ਫਾਹੀ ਪਈ ਐ । ਉਹਨਾਂ ਨੂੰ ਛੁੜਾਉਣ ਦੀ , ਉਸ ਤੋਂ ਅਸੀਂ ਕੋਈ ਤਰਕੀਬ ਪੁੱਛਣ ਆਏ ਆਂ ! ‘ ਬਹਾਦਰ ਦੇ ਬੋਲਾਂ ਅੰਦਰ ਇਕ ਦਮ ਦ੍ਰਿੜਤਾ ਪੱਸਰ ਗਈ ।
ਆਦਮਕੱਦ ਭਾਵਕਤਾ ਇਕੋ ਝਟਕੇ ਅੰਦਰ ਉੱਡ-ਪੁੱਡ ਕੇ ਦੋਨਾਂ ਸਾਹਮਣੇ ਪ੍ਰਸ਼ਨ ਚਿੰਨ੍ਹ ਬਣ ਕੇ ਫੈਲ ਗਈ – ਕੀ ਹੋਇਆ …? ਉਹਨਾਂ ਨੂੰ ! ‘
ਮੀਕੇ ਦਾ ਵਿਸਥਾਰ ਸਾਹਮਣੇ ਖੜ੍ਰ੍ਹੇ ਬ੍ਹਿਛ ਨੂੰ ਪੱਤਾ-ਪੱਤਾ ਕਰ ਗਿਆ –ਚਲੋ ਉਹਨਾਂ ਨੂੰ ਬਚਾਉਣ ਬਾਰੇ ਵਿਚਾਰ ਚਰਚਾ ਕਰੀਏ ..ਹੁਣੇ ਈ , ਦੋ ਵਜੇ … ਸਭਾ ਦੀ ਇਕੱਤਰਤਾ ‘ ਚ । ‘
ਹਰੇ-ਭਰੇ ਕਾਲਿਜ ਦੀਆਂ ਟੇਢੀਆਂ –ਮੇਢੀਆਂ ਲਾਨਾਂ ਦੇ ਨਾਲ ਨਾਲ ਉਗਾਏ ਅਨੇਕਾਂ ਕਿਸਮਾਂ ਦੇ ਫੁੱਲਾਂ –ਬੂਟਿਆਂ ਕੋਲੋਂ ਦੀ ਲੰਘਦੇ ਤਿੰਨੇ ਜਣੇ , ਦੋ ਵੱਜਣ ਤੋਂ ਪਹਿਲਾਂ ਹੀ ਲਾਇਬਰੇਰੀ ਹਾਲ ਅੰਦਰ ਜਾ ਬੈਠੇ । ਵਿਸ਼ਾਲ ਖੁਲ੍ਹੇ ਕਮਰੇ ਦੀ ਛੱਤ ਨੂੰ ਛੋਂਹਦੇ ਰੈਕਾਂ ਅੰਦਰ ਚਾਰਾਂ ਕੰਧਾਂ ਨਾਲ ਚਿਪਕੀਆਂ ਕਿਤਾਬਾਂ ਦੀਆਂ ਟੋਕਣਾਂ ਦੇਖ ਕੇ ਕੁਝ ਚਿਰ ਲਈ ਤਾਂ ਉਹਨਾਂ ਨੂੰ ਭੁੱਲ ਹੀ ਗਿਆ ਕਿ ਉਹ ਕਿੱਥੇ ਅਤੇ ਕਿਸ ਕੰਮ ਆਏ ਹਨ ।
-ਐਨ੍ਹਾਂ ਸਾਰੀਆਂ ਕਿਤਾਬਾਂ ਅੰਦਰ ਕੁਲਫੀਆਂ ਈ ਲਿਖਿਆਂ ਆਂ, ਮਹਾਟਰ ਜੀ ? ‘ ਬਿਰਧ ਨਾਲ ਢੁੱਕ ਕੇ ਬੈਠੇ ਮੀਕੇ ਨੇ ਸ਼ੰਕਾ ਨਵਿਰਤ ਕਰਨ ਲਈ ਆਖਿਰ ਪੁੱਛ ਹੀ ਲਿਆ ।
-ਨਈਂ ਬੇਟੇ , ਦੁੱਖ ਤਾਂ ਇਹੀ ਐ … , ਇਨ੍ਹਾਂ ਵਿਚ ਕਿਸੇ ਅੰਦਰੋਂ ਵੀ ਕੁਲਫੀ ਨਹੀਂ ਲੱਭਣੀ । ‘ ਭੋਲੇ-ਭਾਲੇ ਮੀਕੇ ਦਾ ਸਹਿ-ਸੁਭਾ ਪੁੱਛਿਆ ਪ੍ਰਸ਼ਨ , ਬਿਰਧ ਦਾ ਉੱਤਰ ਸੁਣ ਕੇ ਹੋਰ ਦੁਬਧਾ ਅੰਦਰ ਲਟਕ ਗਿਆ ।
ਮਾਸਟਰ ਬਾਬੇ ਦੇ ਦੂਜੇ ਹੱਥ ਗੱਦੇ-ਦਾਰ ਕੁਰਸੀ ‘ ਤੇ ਬੈਠੇ ਬਹਾਦਰ ਦੇ ਖਿੱਲਰੇ ਵਾਲਾਂ ਨੂੰ ਛੇੜਦੀ ਛੱਤ-ਪੱਖੇ ਦੀ ਬੁੱਲੇਦਾਰ ਹਵਾ , ਉਸਨੂੰ ਨੀਂਦ ਦੀ ਲਪੇਟ ਅੰਦਰ ਸੁੱਟਣ ਹੀ ਲੱਗੀ ਸੀ ਕਿ ਸਾਹਮਣਲੀ ਪਾਲ ਦੇ ਸੋਫੇ ‘ ਤੇ ਟਿਕੇ ਖੁੱਲੀ-ਚਿੱਟੀ ਵਰਦੀ ਵਾਲੇ ਇਕ ਵਿਸ਼ੇਸ਼ ਵਿਅਕਤੀ ਨੇ , ਉਹਨਾਂ ਦੋਨਾਂ ਵੱਲ ਇਸ਼ਾਰਾ ਕਰਕੇ ਬਿਰਧ ਤੋਂ ਪੁੱਛਿਆ – ਹਾਆ , ਪੰਖੇਰੂ ਕਿਥੋਂ ਫ਼ਸਾਏ ਆ … ? ‘
ਬਿਰਧ ਨੂੰ ਆਇਆ ਉਬਾਲ ਕਿਸੇ ਯੋਗ ਉੱਤਰ ਦੀ ਭਾਲ ਬਿਨਾਂ ਹੀ ਨੀਵੀਂ ਪਾ ਕੇ ਰਹਿ ਗਿਆ ।
ਥੋੜੇ ਹੀ ਚਿਰ ਪਿੱਛੋਂ , ਸੋਫੇ ‘ ਤੇ ਬਿਰਾਜੀ ਚਿੱਟੀ ਵਰਦੀ ਦੀ ਬਾਂਹ –ਘੜੀ ਨੂੰ ਫਿਰ ਅੱਚਵੀ ਲੱਗਣ ਲੱਗ ਪਈ । ਉਸਨੇ ਸੱਜਾ ਗੁੱਟ ਉਤਾਂਹ ਉਛਾਲ ਕੇ ਉੱਚੀ ਕੀਤੀ ਬਾਂਹ ਤੋਂ ਕਈ ਗੁਣਾਂ ਉੱਚੀ ਆਵਾਜ਼ ਕੱਢੀ –ਤਿੰਨ ਵੱਜਣ ਨੂੰ ਫਿਰਦੇ ਆ, ਆਏ ਹਾਲੀਂ ਢਾਈ ਟੋਟਰੂ ਵੀ ਨਈਂ …!’
-ਬਾਬਾ ਜੀ, ਸੁਜਾਨ ਸੂੰਹ ਹਾਲੀਂ ਆਇਆ ਕਿ ਨਈਂ … ? ‘ ਆਲਾ-ਦੁਆਲਾ ਘੋਖਦੇ ਮੀਕੇ ਨੇ ਅੰਦਰ ਆਏ ਬੈਠੇ ਪੰਜ ਸੱਤ ਰੋਹਬਦਾਰ ਚਿਹਰਿਆਂ ਨੂੰ ਨਿਹਾਰਦਿਆਂ ਪੁੱਛਿਆ ।
-ਆਇਆ ਕਿ ਆਇਆ ਸਮਝੋ … ! ਫਿਕਰ ਨਾ ਕਰੋ , ਤੁਹਾਨੂੰ ਉਹ ਜ਼ਰੂਰ ਮਿਲੇਗਾ … ।‘ ਬਿਰਧ ਵੱਲੋਂ ਮਿਲੀ ਢਾਰਸ ਕਮਰਿਉਂ ਬਾਹਰ , ਉੱਠੇ ਬੇਤਸ਼ਾਹਾ ਰੌਲੇ ਅੰਦਰ ਰਲ-ਗੱਡ ਜਿਹੀ ਹੋ ਗਈ । ਮਨਜ਼ੂਰ – ਸ਼ੁਦਾ ਇਹਾਤੇ ਵਾਲੀ ਸਾਰੀ ਦੀ ਸਾਰੀ ਟੋਲੀ ਅੰਦਰ ਆਉਂਦੀ ਦੇਖ ਕੇ ਮੀਕੇ ਨੇ ਜਾਚਿਆ ਕਿ ਹਾਲ ਅੰਦਰ ਬੈਠੀ ਟਾਵੀਂ ਟਾਵੀਂ ਕੁਰਸੀ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ਹੋਵੇ । ਸੋਫੇ ‘ ਤੇ ਪਸਰੀ ਚਿੱਟੀ –ਖੁੱਲੀ ਵਰਦੀ ਨੇ ਤਾਂ ਪਿਛਾਂਹ ਸੁੱਟੀ ਢੋਅ ਸਿੱਧੀ ਕਰਦੇ ‘ਜੀ ਆਇਆਂ ’ ਕਹਿਣ ਵਰਗੀ ਟਕੋਰ ਲਾਉਣ ਵਿਚ ਕੋਈ ਢਿੱਲ ਨਾ ਵਰਤੀ – ਸੰਗਤਾਂ ਕਿਤੋਂ ਧਾਰ ਲਾ ਕੇ ਆਈਆਂ ਜਾਪਦੀਆਂ …!
-ਭਾਈਆਂ ਨੂੰ ਆਖ਼ਰ ਭਾਈ ਈ ਪਛਾਣਦੇ ਐ … ਕਿਉਂ ਬਾਬਿਓ , ਸੂਤ ਐ ਨਾ ,ਕੀਲੀ … ? ‘ ਟੋਲੀ ‘ ਚੋਂ ਆਈ ਚੀਕ ਵਰਗੀ ਆਵਾਜ਼ ਸੋਫੇ ਨੂੰ ਮੋੜਵਾਂ ਉੱਤਰ ਦਿੰਦੀ ਅਗਲੀ ਪਾਲ ਵੱਲ ਨੂੰ ਸਰਕ ਗਈ ।
-ਪੂਰੀ ਜਿੰਦਾਬਾਦ ਕਿ … ।‘ ਖੰਘੂਰਾ ਮਾਰ ਕੇ ਉਠਿਆ ਸੋਫਾ ਝੂਮਦੀਆਂ ਕਰਸੀਆਂ ਅੰਦਰ ਜਾ ਰਲਿਆ ।
-ਸੁਜਾਨ ਸੂੰਹ ਇਨ੍ਹਾਂ ‘ ਚੋਂ ਕੇੜ੍ਹਾ ਆ ,ਬਾਬਾ ਜੀ … ? ‘ ਭੈ-ਭੀਤ ਹੋਏ ਮੀਕੇ ਨੇ ਦਿਨ-ਦੁਪੇਹਰੇ ਹੁੰਦੀ ਖਰਮਸਤੀ ਤੋਂ ਘਬਰਾ ਕੇ ਬਿਰਧ ਦੇ ਐਨ ਨਾਲ ਚਿਮੜਦਿਆਂ ਪੁੱਛਿਆ ।
- ਨਈਂ, ਬੱਲੀਏ ਨਈਂ , ਉਹ ਇਨ੍ਹਾਂ ਵਿਚ ਕਦੀ ਵੀ ਨਹੀਂ ਹੋਇਆ । ‘ ਭਾਰੇ ਗੰਭੀਰ ਬੋਲਾਂ ਅੰਦਰਲਾ ਦਿਲਾਸਾ ਮੀਕੇ ਨੂੰ ਪੂਰਾ ਠੁਮਕਾ ਨਾ ਦੇ ਸਕਿਆ ।
-ਉਹ ਕਦੋਂ ਆਵੇਗਾ ਫੇਰ … ? ‘ ਚਿੰਤਾਤੁਰ ਹੋਇਆ ਬਹਾਦਰ ਅੱਬੜ-ਬਾਹਾ ਉੱਠਿਆ ਤੇ ਅਕਾਰਣ ਹੀ ਐਧਰ ਓਧਰ ਦੇਖਣ ਲੱਗ ਪਿਆ ।
ਬਹਾਦਰ ਮੂੰਹੋ ਨਿਕਲੇ ਰੋਣ-ਹਾਕੇ ਬੋਲਾਂ ਅੰਦਰ ਦੀ ਚਿੰਤਾ , ਮਹਿਸੂਸਦਿਆਂ ਬਿਰਧ ਹੱਥ ਫੜੀ ਖੂੰਟੀ ਇਕ ਦਮ ਸਿੱਧੀ ਤਣ ਕੇ ਖੜ੍ਹੀ ਹੋ ਗਈ । ਹੁਣੇ ਹੁਣੇ ਧੀਮਾ-ਧੀਮਾ ਬੋਲਦੀ ਆਵਾਜ਼ ਬਰਸਾਤੀ ਬੱਦਲ ਦੀ ਗਰਜ ਵਾਂਗ ਕਮਰੇ ਅੰਦਰ ਫੈਲ ਗਈ ।
-ਸਾਹਿਤਕਾਰ ਵੀਰੋ , ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਸਾਹਿਤ ਦੀ ਸਿਰਜਣਾ ਕਰਨ ਦਾ ਇਕੋ ਇਕ ਮੁੱਖ ਮੰਤਵ ਅਨਿਆਂ ਵਿਰੁੱਧ ਡਟਣਾ ਅਤੇ ਜਾਬਰ ਨੂੰ ਵੰਗਾਰਨਾ ਰਿਹਾ ਹੈ । ਜਿਹਨਾਂ ਲੇਖਕਾਂ ਨੇ ਸਾਹਿਤ ਦੇ ਇਸ ਮੰਤਵ ਤੇ ਅੰਗ-ਸੰਗ ਖੜੋ ਕੇ ਲੋਕਾਂ ਦੇ ਸਮਾਜਕ ਵਿਕਾਸ ਦੀ ਗਤੀ ਨੂੰ ਨਿਰਧਾਰਤ ਕਰਨ ਦਾ ਯਤਨ ਕੀਤੈ , ਉਹਨਾਂ ਦ ਜਨ-ਸਮੂਹ ਅੱਜ ਇਕ ਗੰਭੀਰ ਸੰਕਟ ਅੰਦਰ ਘਿਰਿਆ ,ਅਸਲੋਂ ਹੀ ਅਣ-ਮਨੁੱਖੀ ਪਰਿਸਥਿਤੀਆਂ ਹੰਢਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਕੀ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਤ ਦੀ ਸਾਰਥਿਕਤਾ ਨੂੰ ਕਬੂਲਦੀ , ਸੱਚੀ ਸੁੱਚੀ ਲੋਕ ਆਵਾਜ਼ ਬਣਨ ਹਿਤ ਕਲਮਕਾਰੀ ਤੋਂ ਅਗਾਂਹ, ਜੀਵਨ ਦੇ ਵਿਸ਼ਾਲ ਖੁਲ੍ਹੇ ਖੇਤਰ ਵਿਚ ਕਰਮਸ਼ੀਲ ਹੋਣ ਲਈ ਹੱਥ ਖੜ੍ਹੇ ਕਰੇਗੀ …?….??…???
-ਗੱਲ ਸਾਧ , ਭਾਖਾ ‘ ਚ ਨਈਂ , ਲੋਕ ਬੋਲੀ ‘ਚ ਹੋਣੀ ਚਾਹੀਦੀ ਐ , ਕੀ ਚਾਹੁੰਦੇ ਓ ਤੁਸੀਂ , ਬਾਬਿਓ ,ਜ਼ਰਾ ਸਾਫ਼-ਸਾਫ਼ ਉਚਰੋ … ਗੋਡਿਆਂ ਤੱਕ ਲਮਕਦਾ ਲੰਮਾ ਥੈਲਾ ਮੋਢਿਓਂ ਲਾਹ ਕੇ , ਆਪਣੀ ਸੀਟ ਤੋਂ ਉੱਠ ਖੜੋਤੇ ‘ ਅਨਪੜ੍ਹ ’ ਨੇ ਬਾਹਾਂ ਟੁੰਗਦਿਆਂ ਬਿਰਧ ਨੂੰ ਚਿਤਾਰਿਆ ।
-ਕੁਲਫੀ ਕਹਾਣੀ ਦੇ ਮੁੱਖ ਪਾਤਰ ਬਹਾਦਰ ਦਾ ਮਾਂ-ਪਿਓ ਸਥਾਪਤੀ ਦੇ ਬੂਟ-ਚੱਟਾਂ ਦੀ ਬਾ-ਮੁਸ਼ੱਕਤ ਕੈਦ ਅੰਦਰ ਘਿਰ ਗਿਐ , … ਤੁਸੀਂ ਉਹਨਾਂ ਦੀ ਰਿਹਾਈ ਲਈ ਕੀ ਯੋਗਦਾਨ ਪਾ ਸਕਦੇ ਹੋ ? ‘
-ਐ ਗਾਹਕ ਬਣਦੇ ਆ ,ਬੁੜੇ ਦੇ … ਪਾਤਰਾਂ ਦੀਆਂ ਮਾਵਾਂ-ਭੈਣਾਂ ਨਾਲ ਸਿੱਧਾ ਕੰਨਨੈਕਨ ਕਰਕੇ – ਕਿਸੇ ਹੋਰ ਦੀ ਛੱਡੀ ਛੁਰਲੀ ‘ ਸਾਥਰ ’ ਦੇ ਥਥਲਾਉਂਦੇ ਬੋਲਾਂ ਹੇਠ ਨੱਪੀ ਗਈ – ਜਗ…ਜੁਗ…ਜੋਗਦਾਨ ਪਾਉਣ ਪ…ਪਭ…..ਪਾਲਟੀਆਂ ਦਾ ਕੰਮ ਆ , ਹ….ਹ…..ਹਾਡਾ…..ਨਈਂ । ਹ….ਹ…ਹਾਡੀ ਉਨ੍ਹਾਂ ਨਾ ਦ…..ਦ….ਦਿਲੀ ਹਮਦਰਦੀ ਐ । ਬ……ਬ….ਬੱਧ ਤੋਂ ਬੱਧ ਮਤਾ ਪਾਸ ਕ….ਕ…..ਕਰ ਸਕਦੇ ਆਂ , ਉਨ੍ਹਾਂ ਦੇ ਹ…..ਹ…..ਹੱਕ ‘ ਚ ।
ਹੁਣੇ ਹੁਣੇ ਹੱਸਦਾ ਹਾਲ ਕੌੜੇ ਕੁਸੈਲੇ ਸਾਹਾਂ ਨਾਲ ਭਰਨਾ ਚਾਲੂ ਹੋ ਗਿਆ – ਨਹੀਂ ਇਹ ਨਹੀਂ ਹੋ ਸਕਦਾ , ਮਤਾ ਪਾਸ ਕਰਨ ਤੋਂ ਪਹਿਲਾਂ ਦੋਨੋਂ ਪੱਖ ਵਿਚਾਰਨੇ ਪੈਣਗੇ ।….ਹੋ ਸਕਦਾ ਬਹਾਦਰ ਹੋਰਾਂ ਦਾ ਕਸੂਰ ਸਾਵੇਂ ਤੋਂ ਵੀ ਕਿਤੇ ਵੱਧ ਹੋਵੇ …!’ ਚਿੱਟੀ ਖੁੱਲ੍ਹੀ ਵਰਦੀ ਵੱਡੀ ਟੋਲੀ ‘ਚੋਂ ਉੱਠ ਕੇ ਮੁੜ ਸੋਫੇ ‘ ਤੇ ਮੁੜਦਿਆਂ ਪੂਰਾ ਖੁੱਲ ਕੇ ਬੋਲੀ ।
-ਬਿਲਕੁਲ ਠੀਕ ਆਖਿਆ ‘ ਦਰਦੀ ’ ਨੇ … ਤਾੜੀ ਇਕ ਹੱਥ ਨਾਲ ਕਦੇ ਨਈਂ ਵੱਜਦੀ …ਭਾਊ ਨੀਲ ਗਿਰੀ । ‘ ’ ਦਰਦੀ ’ ਦੀ ਧਿਰ ਬਣ ਕੇ ਪੁੱਗਰਦਾ ਵਾਕ-ਆਊਟ ਵਰਗੀ ਅਵਸਥਾ ਅੰਦਰ ਖੜ੍ਹਾ ਹੋ ਗਿਆ ।
-ਸਾਰੇ ਮੱਤ-ਭੇਦ ਖ਼ਤਮ ਕਰਕੇ ਆਪਸੀ ਲੈਣ-ਦੇਣ ਅਤੇ ਮੇਲ –ਮਿਲਾਪ ਦੀ ਲਚਕਦਾਰ ਨੀਤੀ ਰਾਹੀਂ , ਹਰ ਮਸਲੇ ਦਾ ਹੱਲ ਟੇਬਲਟਾਕ ‘ ਤੇ ਸਮਝੌਤਾ ਬਣ ਕੇ ਨਿਕਲ ਸਕਦਾ … ਕਾਮਰੇਡ ਸਖੀ ਰਾਮ ਦਾ ਸੁਝਾ ਭਰੀਆਂ ਕੁਰਸੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਛੋਪਲੇ ਜਿਹੇ ਪਿਛਲੀਆਂ ਸੀਟਾਂ ‘ ਚੋਂ ਇਕ ‘ ਤੇ ਆ ਬੈਠੇ ਕਾਮਰੇਡ ਜੋਸ਼ੀਲੇ ਨੇ ਪੈਂਦੀ ਸੱਟੇ ਉਸ ਦੇ ਮੂੰਹੋਂ ਬੋਚ ਲਿਆ ।
ਝੂਠ …ਫਰੇਬ ….ਧੋਖਾ , ਮੇਲ-ਮਿਲਾਪ ਦੀ ਪਿੱਛਲ-ਖੁਰੀ ਨੀਤੀ ਕਿਰਤੀ ਵਰਗ ਦੀ ਜੁਝਾਰ – ਧਾਰਾ ਸਰਾ-ਸਰ ਧੋਖਾ ਸਿੱਧ ਹੋਈ ਐ …. । ਸਥਾਪਤੀ ਦੀ ਪਿੱਠੂ ਤੇ ਚਗੜੀ ਬਚਾਉ ਸਾਹਿਤ ਰਚਨਾ ਦੀ ਭਾਂਜਵਾਦੀ ਸੁਰ ਨੇ ਮਜ਼ਦੂਰ ਜਮਾਤ ਦੇ ਮੁਕਤੀ ਘੋਲਾਂ ਨਾਲ ਸਦਾ ਲਈ ਗਦਾਰੀ ਕੀਤੀ ਐ …. । ਇਸ ਲਈ ਜੁਝਾਰ ਸਾਥੀਓ , ਆਓ ਸਮੇਂ ਦੀ ਨਬਜ਼ ਪਛਾਣਦਿਆਂ ਨਾਮਧਰੀਕ ਅਗਾਂਹਵਧੂ ਸਾਹਿਤ ਸਭਾਵਾਂ ਦੇ ਮਤੇ-ਪਾਊ ਅਤੇ ਪਿਛਲੱਗ ਖਾਸੇ ਨੂੰ ਨਿਖੇੜਦਿਆਂ ਕ੍ਰਾਤੀਕਾਰੀ ਸਾਹਿਤ ਰਚਨਾ ਦੇ ਐਲਾਨਨਾਮੇਂ ‘ ਤੇ ਦਸਖ਼ਤ ਕਰੀਏ ਤਾਂ ਜੋ ਆਉਂਦੇ ਭਵਿਖ ਵਿਚ ਬਹਾਦਰ ਵਰਗੇ ਇਨਕਲਾਬੀ ਪਾਤਰਾਂ ਨੂੰ ਮਰਨ ਕੰਢੇ ਪਹੁੰਚਿਆ ਬੋਦਾ ਖੋਖਲਾ ਨਿਜ਼ਾਮ ਮੁੜ ਕਦੀ ਵੀ ਹੈਰਾਸ …। ਉੱਚੀ ਉੱਚੀ ਬਾਹਾਂ ਉਲਾਰਦੇ ‘ ਜੋਸ਼ੀਲੇ ’ ਨੇ ਪਤਾ ਨਹੀਂ ਹੋਰ ਕਿੰਨਾਂ ਚਿਰ ਇਵੇਂ ਹੀ ਪਸੀਨਿਓ – ਪਸੀਨੀ ਹੁੰਦੇ ਰਹਿਣਾ ਸੀ ਜੇ ਭਾਊ ਨੀਲ ਗਿਰੀ ਨਾਲ ਛਿੜੀ ਉਸਦੀ ਸਿੱਧੀ ਝੜੱਪ , ਹੱਥੋਂ ਪਾਈ ਤੱਕ ਨਾ ਪਹੁੰਚਦੀ ।
ਕਮਰੇ ਅੰਦਰ ਬੈਠੇ ਹਾਜ਼ਰ ਮੈਂਬਰਾਂ ਨੇ ਪੈ-ਪੁਆ ਕੇ ਦੋਨਾਂ ਧਿਰਾਂ ਠੰਢੇ ਕਰਨ ਲਈ ਕੁਝ ਨ-ਕੁਝ ਹਿੱਸਾ ਜ਼ਰੂਰ ਪਾਇਆ , ਪਰ ਮੀਕਾ ਤੇ ਬਹਾਦਰ ਆਪਣੇ ਲਾਗੇ ਬੇਚੈਨ ਹੋਏ ਬਿਰਧ-ਬਾਬੇ ਤੋਂ ਵਾਰ ਵਾਰ ਸੁਜਾਨ ਸਿੰਘ ਦੀ ਆਮਦ ਬਾਰੇ ਹੀ ਪੁੱਛਦੇ ਰਹੇ ।
ਡਰੇ ਸਹਿਮੇਂ ਬਾਲਕਾਂ ਦੀ ਕੰਡ ਪਲੋਸਦੇ ਬਿਰਧ ਲਈ ਕਿੰਨਾਂ ਹੀ ਚਿਰ ਤੱਕ ਇਹ ਨਿਰਨਾ ਕਰਨ ਸੰਭਵ ਨਾ ਹੋ ਸਕਿਆ ਕਿ ਗਾਲੀ ਗਲੋਚ ਤੱਕ ਪਹੁੰਚੇ ਝਗੜੇ ਪਿੱਛੋਂ ਛਾਈ ਗੰਭੀਰਤਾ , ਕਿਸੇ ਤੇਜ਼-ਰਫ਼ਤਾਰ ਤੂਫਾਨ ਦੇ ਆਉਣ ਦੀ ਸੂਚਕ ਹੈ ਜਾਂ ਹੋਈ ਬੀਤੀ ਮਾੜੀ ਮੋਟੀ ਘਟਨਾ ਦੇ ਨਿਪਟਾਰੇ ਦੀ …. ।
-ਇਹ ਸ੍ਹੈਤ-ਸਭਾ ਦੀ ਮੀਟਿੰਗ ਆ …. ਇੱਥੇ ਹੋਣ ਵਾਲੀ ਚਰਚਾ ਨਿਰੋਲ ਸਾਹਿਤਕ ਹੋਣੀ ਚਾਹੀਦੀ ਐ , ਸਿਆਸੀ ਨਹੀਂ ….ਪੱਖਿਆਂ ਦੀ ਘੂਕਰ ਨਾਲੋਂ ਰਤਾ ਕੁ ਉੱਚੀ ਆਵਾਜ਼ ਵਿਚ ‘ ਦਬੁਰਜੀ ’ ਦੀ ਹਲਕੀ –ਫੁਲਕੀ ਨਸੀਅਤ ਨੇ ਬੈਠਕ ਅੰਦਰ ਖਿੱਲਰੀ ਸਾਰੀ ਕੁੜੱਤਣ ਜਿਵੇਂ ਇਕੋ ਸਾਹੇ ਸਮੇਟ ਲਈ ਹੋਵੇ । ਆਪਣੀ ਆਪਣੀ ਕੁਰਸੀ ‘ ਤੇ ਬੈਠੇ ਨਿੰਮੋਝਾਣ ਹੋਏ ਸਾਰੇ ਸਾਹਿਤਕ ਚਿਹਰੇ , ਪਲਾਂ ਅੰਦਰ ਹੀ ਗਜ਼ਲ-ਚਰਚਾ ਛੇੜਨ ਲਈ ਉਸਲਵੱਟੇ ਲੈਣ ਲੱਗ ਪਏ ।
ਛਿਨ ਭਰ ਦੀ ਹੋਰ ਚੁੱਪ-ਚਾਂ ਪਿੱਛੋਂ , ਨਵਚੇਤਨ ਸਾਹਿਤ-ਰਸੀਆਂ ਦੀ ਮੀਟਿੰਗ ਆਰੰਭ ਕਰਨ ਦੇ ਆਦੇਸ਼ ਵਰਗੇ ਸੁਝਾ ਨੂੰ ਜੀ – ਆਇਆਂ ਆਖਿਆ ਗਿਆ । ਪ੍ਰਧਾਨਗੀ ਪਦ ਲਈ ਨਾਮਵਰ ਆਲੋਚਕ ਡਾਕਟਰ ਨਾਕਸ ਹੋਰਾਂ ਦਾ ਨਾਂ ਤਜਵੀਜ਼ ਹੋਇਆ । ਤਾੜੀਆਂ ਦੀ ਗੂੰਜ ਅੰਦਰ ਇਕ ਹੋਰ ਆਵਾਜ਼ ਇਸ ਦੀ ਤਾਈਦ ਕਰਕੇ ਚੁੱਪ ਹੋ ਗਈ ।
ਬੀਤੇ ਮਹੀਨੇ ਦੀਆਂ ਨਵੀਨਤਮ ਰਚਨਾਵਾਂ ਜੇਬਾਂ ਥੈਲਿਆਂ ‘ਚੋਂ ਬਾਹਰ ਆ ਕੇ ਕੰਬਦੇ ਹੱਥਾਂ ਅੰਦਰ ਸਾਂਭੀਆਂ ਗਈਆਂ । ‘ ਕਿਰਤੀ ’ ਦੀ ਗਾਈ ਪਹਿਲੀ ਗਜ਼ਲ ਵਿਚਕਾਰ ‘ ਮਰਹਬਾ – ਕਿਆ ਬਾਤ ਐ-ਜੀਈ ਓਏ ਸ਼ੇਰਾ ’ ਦੇ ਗੁਛੇਦਾਰ ਬੋਲ , ਪੱਖਿਆਂ ਦੀ ਹਵਾ ਉਲੰਘ ਕੇ ਛੱਤ ਨਾਲ ਜਾ ਜੁੜੇ । ਰਚਨਾਵਾਂ ਦਾ ਦੌਰ ਸ਼ੁਰੂ ਹੁੰਦਿਆਂ ਸਾਰ, ਸਭ ਦੇ ਸਭ ਚੇਹਰਿਆਂ ਤੋਂ , ਘੜੀ ਭਰ ਪਹਿਲਾਂ ਵਾਲੀ ਫਿਕਰਮੰਦੀ ਕਿਤੇ ਪਰ ਲਾ ਕੇ ਉੱਡ ਗਈ । ਉਪਰੰਤ ਵਾਰੀ ਵਾਰੀ ਕਈ ਗੂੰਜੇ ਹਾਲ ਅੰਦਰ ਸਾਰੀਆਂ ਬਾਹਵਾਂ ‘ ਵਾਹਵਾ-ਵਾਹਵਾ ’ ਕਰਦੀਆਂ ਅਨੇਕ ਵਾਰ ਹਵਾ ਵਿੱਚ ਲਹਿ-ਰਾਈਆਂ । ‘ ਵਿਦਰੋਹੀ ’ ਕਾਵਿ ਪੰਗਤੀਆਂ ‘ ਤੇ ਥੋੜੀ ਬਹੁਤ ਬਹਿਸ ਵੀ ਹੋਈ ਤੇ ਕਿਤੇ ਕਿਤੇ ਤੂੰ ਤੂੰ ਮੈਂ ਮੈਂ ਵੀ । ਪਰੰਤੂ ‘ ਸਰਵ ਉੱਚ ’ ਕਿਰਤਾਂ ਦੀ ਨਿਸ਼ਾਨਦੇਹੀ ਕਰਨ ਵਿਚ ਕਿਸੇ ਵੱਲੋਂ ਕੋਈ ਕਸਰ ਬਾਕੀ ਨਾ ਰਹੀ ।
ਡੇੜ ਦੋ ਘੰਟੇ ਅੰਦਰ ਅੰਦਰ ,ਭੱਖਦੀਆਂ ‘ ਪਾਰਖੂ ’ ਅੱਖਾਂ ਦਾ ਰੁਮਾਂਸ ਹੌਲੀ-ਹੌਲੀ ਓਝਲ ਹੁੰਦਾ ਦਿਸਣ ਲੱਗ ਪਿਆ । ਛਿੱਥੇ ਪਏ ਬੇਹਿਸ ਚਿਹਰੇ ਉਬਾਸੀਆਂ ਮਾਰਦੇ ਕਮਰਿਉਂ ਬਾਹਰ ਉੱਠ ਤੁਰਨ ਲਈ ਉਤਾਵਲੇ ਹੋ ਗਏ । ਨਸ਼ਰ ਕੀਤੀਆਂ ਕਿਰਤਾਂ ਵਿਚਲਾ ‘ ਦਰਦ ’ ਤਰਕਾਲਾਂ ਦੀ ‘ ਚਿੰਤਾ ’ ਅੰਦਰ ਅੰਕੜੇ ਇਕੱਠੇ ਕਰਨ ਲਈ ਇਕ ਦੂਜੇ ਨੂੰ ਹੁੱਝਾਂ ਮਾਰਨ ਲੱਗ ਪਿਆ ।
ਹਾਜ਼ਰ ਮੈਂਬਰਾਂ ਦੀ ਨਬਜ਼ ਪਛਾਣਦੇ ਸਟੇਜ ਸਕੱਤਰ ਨੇ ਮਾਸਿਕ ਇਕੱਤਰਤਾ ਸਮੇਟਣ ਲਈ ਸ਼ਲਾਘਾਯੋਗ ਰੁਚੀ ਦਰਸਾਈ । ਰਹਿੰਦੇ ਵਕਤਿਆਂ ਤੋਂ ਸਮੇਂ ਦੀ ਘਾਟ ਦੀ ਮੁਆਫੀ ਮੰਗੀ , ਪਰੰਤੂ ਪ੍ਰਧਾਨਗੀ ਭਾਸ਼ਣ ਪੂਰਨ ਸਤਿਕਾਰ ਨਾਲ ਸੁਣ ਕੇ ਉੱਠਣ ਤੱਕ ਬੈਠੇ ਰਹਿਣ ਦੀ ਪੁਰਜ਼ੋਰ ਅਪੀਲ ਕੀਤੀ ।
ਅਤਿ ਕਾਵਿਕ ਅੰਦਾਜ਼ ਵਿਚ ਡਾਕਟਰ ਨਾਕਸ ਸਟੇਜ ‘ ਤੇ ਆਏ । ਸਾਹਿਤ ਨਾਲ ਸਦੀਵੀ ਰਿਸ਼ਤਾ ਨਿਭਾਉਣ ਵਾਲੇ ਕਲਮਕਾਰਾਂ ਦੀ ਪ੍ਰਸੰਸਾ ਲਈ ਲੱਭੇ ਵਿਸ਼ੇਸ਼ ਸ਼ਬਦਾਂ ਦਾ ਉਚਾਰਨ ਕਰਦਿਆਂ ,ਵਾਕ ਬਣਤਰ ਦੇ ਨਿਯਮਾਂ ਦੀ ਪ੍ਰਵਾਹ ਤੱਕ ਨਾ ਕੀਤੀ ।ਕਲਾਸਕੀ ਗ੍ਰੰਥਾਂ ‘ ਚੋਂ ਲਈਆਂ ਅਨੇਕਾਂ ਉਦਾਹਰਣਾਂ,ਅਜੋਕੀ ਪੀੜ੍ਹੀ ਦੀ ਪ੍ਰਤਿਭਾਸ਼ਾਲੀ ਰਚਨਾ ਸਾਹਮਣੇਂ ਅਸਲੋਂ ਹੀ ਨਿਰਮੂਲ ਸਿੱਧ ਕੀਤੀਆਂ ਗਈਆਂ । ਕਾਵਿ-ਖੇਤਰ ਅੰਦਰ ਆਈ ਲੰਮੇਂ ਸਮੇਂ ਦੀ ਖੜੋਤ ਨੂੰ ਤੋੜਨ ਲਈ ਕੀਤੇ ਸਭਾ ਦੇ ਮੈਂਬਰਾਂ ਦੇ ‘ ਸੰਘਰਸ਼-ਪੂਰਨ ’ ਉਪਰਾਲੇ ਦੀ ਬੇਹੱਦ ਪ੍ਰਸੰਸਾ ਕੀਤੀ ਗਈ । ‘ ਚਰਚਾ ‘ ਅਧੀਨ ਆਈ ਹਰ ਇਕ ਕਿਰਤ ‘ ਚੋਂ ਨੋਟ ਕੀਤੀਆਂ ‘ ਅਟੱਲ ਸਚਾਈਆਂ ’ ਵਰਗੀਆਂ ਟੂਕਾਂ ਦਾ ਲੜੀਵਾਰ ਪਾਠ ਕਰਨ ਤੋਂ ਪਿੱਛੋਂ , ਜਦ ਪ੍ਰਧਾਨ ਜੀ ਦਾ ਧਿਆਨ ਮੁੜ ਸਾਹਮਣੇ ਬੈਠੇ ਸਰੋਤਿਆਂ ਵੱਲ ਮੁੜਿਆ ਤਾਂ ਬਿਰਧ ਬਾਬੇ ਸਮੇਤ ਖਾਲੀ ਹੋਈਆਂ ਤਿੰਨਾਂ ਕੁਰਸੀਆਂ ਦੇਖ ਕੇ , ਉਹਨਾਂ ਦਾ ਸਾਰਾ ਪ੍ਰਸੰਸਾਤਕਮ ਵਿਖਿਆਨ ਥਾਏਂ ਥਿਕੜ ਗਿਆ ।ਪ੍ਰਧਾਨਗੀ ਪਦ ਦੀ ਕਾਰਜ – ਕੁਸ਼ਲਤਾ ਦੀ ਧੂਹ-ਘਸੀਟ ਕਰਦੇ ਡਾਕਟਰ ਸਾਹਿਬ ਨੂੰ ਪਤਾ ਤੱਕ ਨਹੀਂ ਸੀ ਲੱਗ ਸਕਿਆ ਕਿ ਕਦੋਂ ਬਿਰਧ-ਬਾਬਾ , ਆਧੁਨਿਕ ਸਾਹਿਤਕਾਰੀ ਨੂੰ ਦਿਮਾਗੀ-ਅਯਾਸ਼ੀ ਦਾ ਸਾਧਨ ਸਮਝਣ ਵਾਲੀ ਇਕੱਤਰਤ ਜੁੰਡਲੀ ਨੂੰ ਮੂਕ ਅਲਵਿਦਾ ਆਖ਼ ਕੇ , ਅਛੋਪਲੇ ਜਿਹੇ ਕਮਰਿਓਂ ਬਾਹਰ ਨਿਕਲ ਗਿਆ ।
ਕਾਲਿਜ ਦੇ ਵੱਡੇ ਦਰਵਾਜ਼ੇ ਕੋਲ ਪਹੁੰਚ ਕੇ ਉਹਨੇ ਇਕ ਹੱਥ ਸਾਂਭਿਆ ਕੀਮਤੀ ਬੈਗ ,ਕਿਆਰਿਆਂ ਕੰਢੇ ਉਗਾਏ ਮੈਂਹਦੜ ਉਪਰੋਂ ਦੀ ਉਛਾਲ ਕੇ ਹਰੀ ਭਰੀ ਲਾਅਨ ਅੰਦਰ ਵਗਾਹ ਮਾਰਿਆ । ਦੂਜੇ ਹੱਥ ਘਸੀਟ ਹੁੰਦੀ ਖੂੰਟੀ ਚਿੱਟੀ ਕਮੀਜ਼ ਦੇ ਕਾਲਰ ਵਿਚ ਪਿੱਠ-ਪਿੱਛੇ ਟੰਗ ਲਈ ਅਤੇ ਆਪ , ਪੱਕੀ ਸੜਕ ਉਤੇ ਖਿੱਲਰੀ ਸਫੈਦਿਆਂ ਦੀ ਚਿੱਤਰਕਾਰੀ ਛਾਂ ਵਿਚਕਾਰ ਦੋਨਾਂ ਬਾਲਕਾਂ ਨੂੰ ਉਂਗਲੀ ਲਾਈ ਵਾਹੋਦਾਹੀ ਤੁਰਿਆ , ਘੜੀ-ਦੋ-ਘੜੀਆਂ ਅੰਦਰ ਹੀ ਉਹ ਸ਼ਹਿਰ ਨੂੰ ਦੂਰ ਪਿਛਾਂਹ ਛੜ ਕੇ ਖੁਲ੍ਹੇ ਆਕਾਸ਼ ਦੀ ਮੋਕਲੀ ਛੱਤ ਹੇਠ ਪਹੁੰਚ ਗਿਆ ।
-ਆਪਾਂ ਹੁਣ ਸੁਜਾਨ ਸਿੰਘ ਦੇ ਘਰ ਨੂੰ ਜਾਮਾਂਗੇ ਨਾ ,ਬਾਬਾ ਜੀ …? ‘ ਥੋੜੀ ਦੂਰ ਹੋਰ ਅਗਾਂਹ ਜਾ ਕੇ ਡਿੱਕੋਡੋਲੇ ਖਾਂਦੇ ਬਹਾਦਰ ਅਤੇ ਮੀਕੇ ਦੀ ਇਕੱਠੀ ਆਵਾਜ਼ ਧਰਤੀ ਵੱਲੋਂ ਉੱਠੀ ਹੂਕ ਵਾਂਗ ਉੱਭਰੀ ।
-ਨਹੀਂ ਬੱਲਿਓ…ਹੁਣ ਸੁਜਾਨ ਸਿੰਘ ਆਪਣੇ ਬਹਾਦਰ ਪਾਤਰਾਂ ਦੇ ਘਰੀਂ ਜਾਵੇਗਾ ਤਾਂ ਕਿ ਉਹ ਵੀ ਆਪਦੀ ਸਿਰਜਨਾ ਅੰਦਰਲੇ ਸਾਹਿਤਕ ਸੱਚ ਨੂੰ , ਲੋਕਯਾਨ ਦੀ ਪੀੜ ਦੇ ਸਨਮੁੱਖ ਖੜੋਣ ਵਾਲੇ ਕਾਫ਼ਲਿਆਂ ਦੇ ਸੱਚ ਦਾ ਹਮਸਫ਼ਰ ਬਣਾਉਣ ਲਈ ਯਥਾ-ਸੰਭਵ ਉਪਰਾਲਾ ਕਰ ਸਕੇ । ‘
ਨਾਲ ਨਾਲ ਤੁਰੇ ਆਉਂਦੇ ਸਾਈਂ ਬਾਬੇ ਦੇ ਥਰਕਦੇ ਬੋਲਾਂ ਵਿਚੋਂ ਝੜਦੇ ਇਕਰਾਰ ਦੀ ਗੂੰਜ ਸੁਣ ਕੇ , ਬਹਾਦਰ ਅਤੇ ਮੀਕੇ ਦੇ ਹੰਭੇ ਕਦਮਾਂ ਨੂੰ ਇਉਂ ਜਾਪਿਆ ਜਿਵੇਂ ਉਹਨਾਂ ਦੀ ਵਾਟ ਉੱਪਰ ਤੁਰਦੇ ਬ੍ਰਿਖ ਦੀਆਂ ਹਰੀਆਂ-ਕਚੂਰ ਟਾਹਣੀਆਂ ਨੀਲੇ ਆਕਾਸ਼ ਦੇ ਫੈਲਾਂ ਵਾਂਗ ਉਹਨਾਂ ਦੇ ਸਿਰਾਂ ਉੱਪਰ ਫੈਲ ਗਈਆਂ ਹੋਣ ।
ਕੂੰਜਾਂ ਦਾ ਕਾਫ਼ਲਾ
ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ ਪੀਡੀਆਂ ਹੁੰਦੀਆਂ ਗਈਆਂ ਅਤੇ ਮੇਰੇ ਜ਼ਿਹਨ ਵਿੱਚ ਇੱਕ ਘੜ੍ਹੀ ਚੱਲ ਪਈ। “ਟਿੱਕ-ਟਿੱਕ” ਘੜ੍ਹੀ ਦੀ ਅਵਾਜ਼ “ਸਮੇਂ” ਦੇ ਅੱਗੇ ਵਧਣ ਦਾ ਅਤੇ ਪਿੱਛੇ ਛੁੱਟਣ ਦਾ ਪ੍ਰਮਾਣ ਦੇ ਰਹੀ ਸੀ। ਰਾਤ ਦੇ ਬਾਰ੍ਹਾਂ ਵੱਜ ਰਹੇ ਸੀ। ਲੱਗਭਗ ਅਗਲਾ ਦਿਨ ਲੱਗ ਹੀ ਰਿਹਾ ਸੀ, ਪਰ ਮੇਰੀ ਅਤੇ ਮੇਰੀ ਬਹੁਤ ਨਜ਼ਦੀਕੀ ਸਹੇਲੀ ਵੰਦਨਾ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਸਾਰਾ ਦਿਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ। ਸਕੂਲ, ਕਾਲਜ ਅਤੇ ਬਚਪਨ ਦੀਆਂ ਗੱਲਾਂ…। ਹਾਲਾਂ ਕਿ ਕਈ ਸਾਲ ਬਾਅਦ ਜਦ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਦਾ ਤਾਂ ਵੰਦਨਾ ਨਾਲ ਮੁਲਾਕਾਤ ਹੋ ਹੀ ਜਾਂਦੀ ਸੀ। ਬੱਸ ਫ਼ੇਰ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪੁਰਾਣੀਆਂ ਯਾਦਾਂ ਅਤੇ ਨਵੇਂ ਸਵਾਲਾਂ ਦਾ…! ਮੇਰੇ ਭਾਰਤ ਛੱਡਣ ਤੋਂ ਲੈ ਕੇ ਲੰਡਨ ਵਿੱਚ ਵਸਣ ਤੱਕ ਦੇ ਸਫ਼ਰ ਦੀ ਇੱਕ-ਇੱਕ ਗੱਲ ਉਹ ਬਹੁਤ ਚਾਅ ਨਾਲ ਸੁਣ ਰਹੀ ਸੀ। ਮੇਰੀ ਜ਼ਿੰਦਗੀ ਦੇ ਉਤਰਾ-ਚੜ੍ਹਾਅ ਦੇ ਸਫ਼ਰ ਦੀ ਉਹ ਪੂਰੀ ਜਾਣਕਾਰ ਹੈ। ਗਿਆਰਵੀਂ ਕਲਾਸ ਵਿੱਚ ਮੇਰੇ ਨਾਲ ਦੋਸਤੀ ਹੋਈ ਅਤੇ ਅੱਜ ਤੱਕ ਨਿਭ ਰਹੀ ਹੈ। ਵੰਦਨਾ ਸੁਰੂ ਤੋਂ ਹੀ ਥੋੜ੍ਹੀ ਮੋਟੀ ਸੀ। ਇਸ ਕਰਕੇ ਦੂਜੀਆਂ ਕੁੜੀਆਂ ਇਸ ਦਾ ਮਜ਼ਾਕ ਬਣਾਉਂਦੀਆਂ ਸਨ। ਇਸ ਲਈ ਉਹ ਚੁੱਪ-ਚਾਪ ਕਲਾਸ ਵਿੱਚ ਪਿਛਲੀ ਸੀਟ ‘ਤੇ ਬੈਠ ਜਾਂਦੀ ਸੀ। ਮੈਂ ਕਲਾਸ ਦੀ “ਮੌਨੀਟਰ” ਹੋਣ ਕਰਕੇ ਉਸ ਨੂੰ ਪੂਰੀ ਤਵੱਜੋਂ ਦਿੰਦੀ ਸੀ। ਇਸ ਲਈ ਉਸ ਦੇ ਮਨ ਵਿੱਚ ਮੇਰੇ ਲਈ ਇੱਕ ਖ਼ਾਸ ਜਗਾਹ ਬਣ ਗਈ ਸੀ।
“ਤੈਨੂੰ ਕੁਝ ਵੀ ਮੱਦਦ ਦੀ ਲੋੜ ਹੋਵੇ ਤਾਂ ਮੈਨੂੰ ਪੁੱਛ ਲਿਆ ਕਰ…!” ਮੈਂ ਆਪਣੇ ਮੌਨੀਟਰ ਹੋਣ ਦਾ ਫ਼ਰਜ਼ ਨਿਭਾਇਆ। ਉਸ ਨੂੰ ਥੋੜ੍ਹੇ-ਬਹੁਤੇ ਅੰਗਰੇਜ਼ੀ ਗਾਣੇ ਆਉਂਦੇ ਸੀ ਅਤੇ ਮੈਂ ਕਦੇ-ਕਦੇ ਆਪਣੀ ਪੱਕੀਆਂ ਛੇ ਸਹੇਲੀਆਂ ਨੂੰ ਬੁਲਾ ਕੇ ਵੰਦਨਾਂ ਤੋਂ ਗਾਣੇ ਸੁਣਦੀ ਸੀ। ਗੱਲਾਂ-ਗੱਲਾਂ ‘ਚ ਪਤਾ ਲੱਗਿਆ ਕਿ ਵੰਦਨਾ ਮੇਰੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਫੇਰ ਕੀ ਸੀ…? ਰੋਜ਼ ਦਾ ਸਾਥ ਬਣ ਗਿਆ। ਪੜ੍ਹਨਾ-ਲਿਖਣਾ, ਜਾਣਾ-ਆਉਣਾ, ਛੁੱਟੀ-ਸਕੂਲ, ਹਰ ਕੰਮ ਇਕੱਠੇ ਹੋਣ ਲੱਗ ਪਿਆ ਅਤੇ ਨਾਲ ਹੀ ਦੋਸਤੀ ਨੂੰ ਰੰਗ ਚੜ੍ਹਣ ਲੱਗ ਪਿਆ। ਵਿਆਹ ਤੋਂ ਬਾਅਦ ਮੈਂ ਵਿਦੇਸ਼ ਚਲੀ ਗਈ। ਪਰ ਦੂਰੀ ਸਾਡੇ ਪਿਆਰ ਨੂੰ ਘਟਾ ਨਹੀਂ ਸਕੀ। ਅੱਜ ਵੰਦਨਾ ਇੱਕ ਸਫ਼ਲ ਅੰਗਰੇਜ਼ੀ ਅਧਾਅਪਕਾ ਅਤੇ ਇੱਕ ਜਿੰਮੇਂਵਾਰ ਪਤਨੀ ਅਤੇ ਦੋ ਬੇਟਿਆਂ ਦੀ ਪਿਆਰੀ ਮਾਂ ਹੈ।
“ਵੰਦਨਾਂ, ਤੈਨੂੰ ਬਾਕੀ ਆਪਣੇ ਗਰੁਪ ਦੀਆਂ ਦੂਜੀਆਂ ਛੇ ਸਹੇਲਿਆਂ ਕਦੇ ਮਿਲ਼ੀਐਂ?” ਲੰਡਨ ਤੋਂ ਗਈ ਨੇ ਮੈਂ ਇੱਕ ਦਿਨ ਵੰਦਨਾਂ ਨੂੰ ਸੁਆਲ ਕੀਤਾ।
“ਨਹੀਂ…! ਵਿਆਹ ਤੋਂ ਬਾਅਦ ਕਿਸੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਬਣਿਆਂ!”
“ਕੋਈ ਅਤਾ-ਪਤਾ, ਜਾਂ ਖ਼ਬਰਸਾਰ ਹੈ ਕਿ ਓਹ ਸਭ ਕਿੱਥੇ ਨੇ?” ਮੇਰੇ ਅੰਦਰ ਜਿਵੇਂ ਪੁਰਾਣੀ ਬਚਪਨ ਦੀ ਸਕੂਲ ਵਾਲੀ ਕੁੜੀ, ਸਹੇਲੀਆਂ ਨੂੰ ਮਿਲਣ ਲਈ ਤੜਫ਼ ਗਈ ਸੀ।
“ਹਾਂ, ਐਨਾਂ ਤਾਂ ਪਤਾ ਹੈ ਕਿ ਤਿੰਨ ਤਾਂ ਆਗਰਾ ਸ਼ਹਿਰ ਵਿੱਚ ਹੀ ਵਿਆਹੀਆਂ ਨੇ!” ਕੁਝ ਕੱਚੀ-ਪੱਕੀ ਜਿਹੀ ਜਾਣਕਾਰੀ ਵੰਦਨਾ ਨੇ ਦਿੱਤੀ।
“ਸੱਚੀ…!!!” ਮੈਂ ਛਾਲ ਮਾਰ ਕੇ ਉਠ ਕੇ ਬੈਠ ਗਈ।
“ਤੂੰ ਕੋਈ ਕੋਸ਼ਿਸ਼ ਕੀਤੀ, ਕਦੀ ਰਾਬਤਾ ਕਰਨ ਦੀ…?”
“ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਵਿੱਚ, ਬੱਚਿਆਂ ਅਤੇ ਪਤੀ ਵਿੱਚ ਬਹੁਤ ਬਿਜ਼ੀ ਸੀ!” ਮੈਂ ਵੰਦਨਾ ਦੀ ਇਸ ਸਥਿਤੀ ਨੂੰ ਸਮਝ ਸਕਦੀ ਸੀ। ਮੇਰੇ ਤੋਂ ਅੱਠ ਸਾਲ ਬਾਦ ਉਸ ਦਾ ਵਿਆਹ ਹੋਇਆ ਸੀ। ਪਹਿਲੇ ਹੀ ਸਾਲ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਜੌੜੇ ਬੱਚਿਆਂ ਨੂੰ ਪਾਲਣਾ ਵਾਕਈ ਮੁਸ਼ਕਿਲ ਰਿਹਾ ਹੋਵੇਗਾ।
“ਚੱਲ, ਕੋਸ਼ਿਸ਼ ਕਰਕੇ ਦੇਖੀਏ, ਸ਼ਾਇਦ਼ ਕੋਈ ਮਿਲ ਹੀ ਜਾਵੇ?”
“ਦੱਸ, ਕੀ ਕਰੀਏ?”
“ਤੂੰ ਆਪਣਾ ਫ਼ੇਸਬੁੱਕ ਖੋਲ੍ਹ ਤੇ ਓਹਨਾਂ ਦੇ ਨਾਂਮ ਲਿਖ ਕੇ ਦੇਖਦੇ ਹਾਂ!”
“ਪਰ ਇਹਨਾਂ ਤੀਹ ਸਾਲਾਂ ਵਿੱਚ ਤੇ ਸ਼ਕਲਾਂ ਵੀ ਬਦਲ ਗਈਆਂ ਹੋਣਗੀਆਂ? ਸ਼ਕਲ ‘ਤੇ ਤਾਂ ਦਸ ਸਾਲ ਬਾਅਦ ਬਾਰ੍ਹਾਂ ਵੱਜ ਜਾਂਦੇ ਐ…!” ਉਹ ਹੱਸਦੀ ਬੋਲੀ। ਗੱਲ ਤਾਂ ਵੰਦਨਾ ਦੀ ਸੌ ਪ੍ਰਤੀਸ਼ਤ ਸਹੀ ਸੀ। ਅਸੀ ਵੀ ਦੇਖਣ ਵਿੱਚ ਕਿੰਨੀਆਂ ਬਦਲ ਗਈਆਂ ਸੀ। ਪਰ ਅੱਜ ਪੁਰਾਣੀਆਂ ਸਹੇਲੀਆਂ ਨੂੰ ਮਿਲਾਉਣ ਵਿਚ ਜਿਵੇਂ ਕੁਦਰਤ ਵੀ ਰਾਜ਼ੀ ਸੀ।
“ਦੇਖਦੇ ਹਾਂ, ਕੋਸ਼ਿਸ਼ ਤੇ ਕਰੀਏ!”
ਵੰਦਨਾਂ ਦੀ ਫ਼ੇਸਬੁੱਕ ‘ਤੇ ਮੈਂ ਹਰ ਸਹੇਲੀ ਦਾ ਨਾਮ ਲਿਖ-ਲਿਖ ਕੇ ਬੜੀ ਨੀਝ ਨਾਲ ਉਹਨਾਂ ਦੇ ਚਿਹਰਿਆਂ ਨੂੰ ਨਿਰਖਦੇ ਹੋਏ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਨਾਮ ਮੁਤਾਬਿਕ ਕੋਈ ਮਿਲੀ ਨਹੀਂ। ਫੇਰ ਅਚਾਨਕ ਇੱਕ ਚਿਹਰੇ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਉਛਲ਼ ਪਈ।
“ਅਰੇ, ਵੇਖ ਵੰਦਨਾ, ਆਹ ਅਪਰਨਾ ਦੇ ਨਾਮ ‘ਤੇ ਲੇਡੀ ਕੁਝ-ਕੁਝ ਓਸ ਦੇ ਵਰਗੀ ਹੀ ਲੱਗ ਰਰੀ ਹੈ?”
“ਹਾਂ ਸ਼ਾਇਦ, ਓਹੀ ਹੈ!! ਕਿੰਨੀ ਮੋਟੀ ਹੋ ਗਈ ਹੈ? ਪੂਰੀ ਘਰੇਲੂ ਔਰਤ ਲੱਗ ਰਹੀ ਹੈ!”
ਹੌਂਸਲਾ ਕਰ ਕੇ ‘ਹੈਲੋ” ਦਾ ਮੈਸਿਜ਼ ਲਿਖ ਦਿੱਤਾ ਅਤੇ ਨਾਲੋ ਨਾਲ ਹੀ ਸਾਡਾ ਸਾਰਾ ਵੇਰਵਾ ਲਿਖ ਦਿੱਤਾ। ਵਕਤ ਸਾਡੇ ਹੱਕ ਵਿੱਚ ਸੀ ਅਤੇ ਅਰਪਨਾ ਨੇ ਮੈਸਿਜ਼ ਵੇਖ ਕੇ ਦੇਰ ਰਾਤ ਹੀ ਸਹੀ, ਪਰ ਜਵਾਬ ਦੇ ਦਿੱਤਾ। ਉਸ ਨੇ ਨੰਬਰ ਭੇਜਿਆ ਅਤੇ ਮੈਂ ਨਾਲ ਹੀ ਵੀਡੀਓ ਕਾਲ ਕਰ ਲਿਆ।
“ਵੇਖਿਆ ਤੈਨੂੰ ਲੱਭ ਹੀ ਲ਼ਿ…।” ਮੇਰੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਕੁਝ ਬੋਲਿਆ ਹੀ ਨਹੀਂ ਗਿਆ, ਤੀਹ ਸਾਲ ਬਾਦ ਅਪਰਨਾ ਨੂੰ ਵੇਖ ਕੇ ਅੱਖਾਂ ਜਾਰੋ- ਜ਼ਾਰ ਰੋ ਰਹੀਆਂ ਸਨ । ਭਾਵਨਾ ਵਿੱਰ ਰੁੜ੍ਹੀਆਂ ਅਸੀਂ ਤਿੰਨੋਂ ਹੀ ਰੋ ਰਹੀਆਂ ਸੀ। ਸਦੀਆਂ ਬਾਅਦ ਵੀ ਜਿਵੇਂ ਸ਼ਬਦਾਂ ਦਾ ਕਾਲ਼ ਪੈ ਗਿਆ ਸੀ ਅਤੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਮਨ ਹੌਲ਼ਾ ਹੋਣ ਤੋਂ ਬਾਅਦ ਪਰਿਵਾਰ ਦਾ ਹਾਲ ਪੁੱਛਿਆ। ਅਪਰਨਾ ਨੇ ਦੱਸਿਆ ਕਿ ਓਹ ਕਲੱਕਤੇ ਵਿੱਚ ਵਸ ਰਹੀ ਸੀ।
“ਹੋਰ ਸੁਣਾ…? ਲੱਗਦਾ ਹੈ ਜੀਜੂ ਨੇ ਬੜੇ ਪਿਆਰ ਨਾਲ ਰੱਖਿਆ ਲੱਗਦੈ, ਤਾਂ ਹੀ ਤੇ ਤੈਨੂੰ ਖੁਆ-ਖੁਆ ਕੇ ਦਸ ਗੁਣਾ ਬਣਾ ਦਿੱਤਾ ਹੈ!” ਮਾਹੌਲ ਬਦਲਣ ਦੇ ਲਈ ਮੈਂ ਕਿਹਾ। ਪਰ ਫੇਰ ਜੋ ਸੈਲਾਬ ਉਮੜਿਆ, ਅੱਖਾਂ ਵਿੱਚੋਂ ਸਾਨੂੰ ਸੰਭਾਲਣਾ ਹੀ ਔਖਾ ਹੋ ਗਿਆ।
“ਸਤਨਾਮ, ਤੈਨੂੰ ਅੱਜ ਮੇਰੀ ਯਾਦ ਆਈ, ਮੇਰੀ ਤਾਂ ਦੁਨੀਆਂ ਉਜੜੀ ਨੂੰ ਵੀ ਬਾਰਾਂ ਸਾਲ ਹੋ ਗਏ, ਦੋ ਧੀਆਂ ਮੇਰੀ ਝੋਲੀ ਪਾ ਕੇ ਆਪ ਅਗਲੇ ਜਹਾਨ ਟੁਰ ਗਿਆ, ਮੈਂ ਤਾਂ ਕਦੇ ਘਰੋਂ ਵੀ ਬਾਹਰ ਨਹੀਂ ਨਿਕਲੀ, ਕੋਹਾਂ ਦੂਰ ਪੇਕੇ…।” ਅਪਰਨਾ ਫੁੱਟ-ਫੁੱਟ ਕੇ ਰੋਂਦੀ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਉਸ ਦੇ ਦੁਖਾਂਤ ਨੇ ਜਿਵੇਂ ਮੈਨੂੰ ਪੱਥਰ ਕਰ ਦਿੱਤਾ ਸੀ। ਮੈਂ ਅਵਾਕ ਜਿਹੀ ਅਰਪਨਾ ਨੂੰ ਤੱਕੀ ਜਾ ਰਹੀ ਸੀ।
“ਮੁਆਫ਼ ਕਰਨਾ ਅਪਰਨਾ, ਅਸੀਂ ਤੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇਸ ਰੂਪ ਵਿਚ ਮਿਲੇਂਗੀ…? ਬਹੁਤ ਦੁੱਖ ਹੋਇਆ ਹੈ, ਸੱਚੀ!” ਵੰਦਨਾ ਨੇ ਗੱਲ ਅੱਗੇ ਤੋਰੀ। “ਵਾਹ ਨੀ ਕੁਦਰਤੇ” ਮਿਲਣ ਦੀ ਖੁਸ਼ੀ ਇੱਕ ਝਟਕੇ ਨਾਲ਼ ਦੁੱਖ ਵਿੱਚ ਬਦਲ ਜਾਏਗੀ, ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਬਹੁਤ ਸਾਰੇ ਹੌਂਸਲੇ, ਤਸੱਲੀਆਂ ਦੇ ਕੇ ਜਲਦੀ ਫ਼ੋਨ ਕਰਾਂਗੇ ਕਹਿ ਕੇ ਫ਼ੋਨ ਬੰਦ ਦਿੱਤਾ। …ਜਾਂ ਫੇਰ ਹੋਰ ਕੁਝ ਕਹਿਣ ਨੂੰ ਮਨ ਨੇ ਗਵਾਹੀ ਨਹੀਂ ਦਿੱਤੀ। ਕੁਝ ਮਿੰਟਾਂ ਦੀ ਮੁਲਾਕਾਤ ਨੇ ਮੁੜ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਅਰਪਨਾ ਦਾ ਅੱਲ੍ਹੜ ਉਮਰ ਦਾ ਚਿਹਰਾ ਦਿਮਾਗ ਤੇ ਹਾਵੀ ਹੋ ਗਿਆ। ਚਿੱਟੇ ਰੰਗ ਦਾ ਸਲਵਾਰ ਕਮੀਜ਼ ਉਤੇ ਪੱਟੀ ਬਣਾ ਕੇ ਚਿਪਕਾਈ ਹੋਈ ਚੁੰਨੀ, ਸਿਰ ਵਾਹ ਕੇ ਗੁੰਦੀਆਂ ਦੋ ਗੁੱਤਾਂ, ਮੁਸਕੁਰਾਉਂਦਾ ਚਿਹਰਾ, ਉਸ ਦਾ ਗਾਣਾ, ਗੱਲਾਂ ਸਭ ਕੁਝ ਜਿਵੇਂ ਕੱਲ੍ਹ ਦੀ ਹੀ ਗੱਲ ਲੱਗ ਰਹੀਆ ਸਨ।
“ਜੋ ਮੈਂ ਸੋਚ ਰਹੀ ਹਾਂ, ਕੀ ਤੂੰ ਵੀ ਓਹੀ ਸੋਚ ਰਹੀ ਹੈਂ?” ਮੇਰੀਆ ਅੱਖਾਂ ਦੀ ਸ਼ਿਸ਼ਤ ਛੱਤ ਵੱਲ ਲੱਗੀ ਵੇਖ ਕੇ ਵੰਦਨਾ ਨੇ ਕਿਹਾ।
“ਹੂੰ…।!” ਮੈਂ ਭੁੱਬਾਂ ਮਾਰ ਰੋ ਪਈ, “ਨਹੀਂ ਸੀ ਪਤਾ ਕਿ ਉਸ ਨੂੰ ਸੁਹਾਗਣ ਨਹੀਂ ਵੇਖ ਸਕਾਂਗੀ, ਕੁਵਾਰੀ ਤੋਂ ਵਿਧਵਾ ਦਾ ਸਫ਼ਰ ਕਿੰਨਾ ਦਰਦਮਈ ਰਿਹਾ ਹੋਣੈਂ?” ਅਸੀਂ ਦੋਵੇਂ ਸਾਰੀ ਰਾਤ ਯਾਦਾਂ ਦੀ ਦੁਨੀਆਂ ਵਿੱਚੋਂ ਨਹੀਂ ਸੀ ਨਿਕਲ ਸਕੀਆਂ। ਰਾਤ ਆਪਣਾ ਸਫ਼ਰ ਤੈਅ ਕਰਦੀ ਰਹੀ। ਸੂਰਜ ਸਿਰ ‘ਤੇ ਚੜ੍ਹ ਆਇਆ। ਅਜੇ ਸਵੇਰੇ ਦੀ ਚਾਹ ਪੀਤੀ ਹੀ ਸੀ ਕਿ ਇੱਕ ਅਣਜਾਣ ਜਿਹੇ ਨੰਬਰ ਤੋਂ ਵੰਦਨਾ ਨੂੰ ਫ਼ੋਨ ਆਇਆ। ਉਸ ਨੇ ਸੁਆਲੀਆ ਜਿਹੀਆਂ ਨਜ਼ਰਾਂ ਨਾਲ਼ “ਹੈਲੋ” ਆਖੀ।
“ਵੰਦਨਾ, ਮੈਂ ਬਬੀਤਾ ਬੋਲ ਰਹੀ ਹਾਂ, ਤੇਰੀ ਕੇ ਐੱਨ ਐੱਸ ਕਾਲਜ’ ਵਾਲੀ ਸਹੇਲੀ, ਥੋੜ੍ਹੀ ਦੇਰ ਪਹਿਲਾਂ ਹੀ ਅਪਰਨਾ ਨੇ ਤੇਰਾ ਨੰਬਰ ਦੇ ਕੇ ਕਿਹਾ ਕਿ ਸਤਨਾਮ ਵੀ ਤੇਰੇ ਕੋਲ ਆਈ ਹੋਈ ਹੈ ਤੇ ਗੱਲ ਕਰ ਲੈ!” ਬਿਨਾ ਕਿਸੇ ਭੁਮਿਕਾ ਬੰਨ੍ਹੇ, ਦੂਜੇ ਪਾਸੇ ਤੋਂ ਬਬੀਤਾ ਨੇ ਮਸ਼ੀਨਗੰਨ ਵਾਂਗ ਸਾਰਾ ਕੁਝ ਇੱਕੋ ਸਾਹ ਬੋਲ ਦਿੱਤਾ। ਇੱਕ ਸਹੇਲੀ ਨਾਲ ਦੂਜੀ ਵੀ ਮਿਲ ਗਈ। ਵੰਦਨਾ ਦਾ ਮੂੰਹ ਉਤੇਜਨਾ ਨਾਲ ਖੁੱਲ੍ਹਾ ਹੀ ਰਹਿ ਗਿਆ। ਫ਼ੋਨ ਵੰਦਨਾ ਨੇ ਵੀਡੀਓ ਕਾਲ ‘ਤੇ ਕਰ ਲਿਆ। ਮੇਰੀ ਹੈਰਾਨਗੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਖੂਬ ਸਾਰੀਆਂ ਗੱਲਾਂ ਕੀਤੀਆਂ। ਬਬੀਤਾ ਪੰਜਾਬ ਵਿੱਚ ਵਸ ਰਹੀ ਹੈ।
“ਬਬੀਤਾ, ਤੂੰ ਵੀ ਬਹੁਤ ਫ਼ੈਲ ਗਈ ਹੈਂ, ਜੇਕਰ ਸੜਕ ‘ਤੇ ਮਿਲੀ ਹੁੰਦੀ, ਤਾਂ ਅਸੀਂ ਨਹੀਂ ਪਛਾਣ ਸਕਦੀਆਂ ਸੀ।” ਓਹ ਸਾਨੂੰ ਅਤੇ ਅਸੀਂ ਉਸ ਨੂੰ ਤੱਕੀ ਜਾ ਰਹੀਆਂ ਸੀ। ਜਿਵੇਂ ਤੀਹ ਸਾਲ ਬਾਅਦ ਆਪਣੇ ਆਪ ਨੂੰ ਯਕੀਨ ਦਿਵਾ ਰਹੀਆਂ ਸੀ ਕਿ ਅਸਲ ਵਿੱਚ ਅਸੀਂ ਸੱਚਮੁੱਚ ਹੀ ਇੱਕ ਦੂਜੇ ਨੂੰ ਦੇਖ ਰਹੇ ਸਾਂ। ਸ਼ਾਇਦ ਬਬੀਤਾ ਆਪਣੇ ਆਪ ਨੂੰ ਬਹੁਤ ਦੇਰ ਤੱਕ ਸਹਿਜ ਵਿੱਚ ਨਹੀਂ ਰੱਖ ਸਕੀ ਅਤੇ ਜਵਾਲਾਮੁਖੀ ਵਾਂਗ ਫੁੱਟ ਪਈ।
“ਸਤਨਾਮ, ਤੂੰ ਬਹੁਤ ਦੇਰ ਬਾਅਦ ਮਿਲੀ ਹੈਂ, ਇੱਥੋਂ ਤੱਕ ਕਿ ਮੇਰੀ ਦੁਨੀਆਂ ਵਸ ਕੇ ਉਜੜ ਵੀ ਚੁੱਕੀ ਹੈ!” ਉਸ ਨੇ ਇੱਕ ਬੰਬ ਸਾਡੇ ਸਿਰ ਵਿੱਚ ਸੁੱਟਿਆ ਅਤੇ ਭੁੱਬਾਂ ਮਾਰ ਕੇ ਰੋ ਪਈ।
“ਕੀ…।।??” ਮੇਰੀ ਵੀ ਚੀਖ਼ ਨਿਕਲ਼ ਗਈ।
“ਅੱਠ ਸਾਲ ਹੋ ਗਏ ਨੇ, ਓਦੋਂ ਸਹੁਰਾ ਸਾਅਬ ਤੇ ਸੱਸ ਜਿਉਂਦੇ ਸਨ, ਇੱਕ-ਇੱਕ ਕਰ ਕੇ ਸਭ ਚਲੇ ਗਏ…।।! ਦੋ ਧੀਆਂ ਉਹਨਾਂ ਦੀ ਮੌਤ ਪਿੱਛੋਂ ਛੇਤੀ ਹੀ ਵਿਆਹ ਦਿੱਤੀਆਂ ਸੀ। ਪੁੱਤ ਦੂਜੇ ਸ਼ਹਿਰ ਵਿੱਚ ਬਾਪ ਵਾਲ਼ਾ ਕੰਮ ਸੰਭਾਲਦਾ ਹੈ।” ਆਪਣੀ ਵੈਰਾਨੀ ਨੂੰ ਉਸ ਨੇ ਸੰਖੇਪ ਵਿੱਚ ਸੁਣਾ ਦਿੱਤਾ। ਅਸੀਂ ਤਿੰਨੋਂ ਗਹਿਰੇ ਦੁੱਖ ਵਿੱਚ ਡੁੱਬ ਗਈਆਂ। ਮਨ ‘ਚ ਸੋਚਾਂ ਦਾ ਜਿਵੇਂ ਭੂਚਾਲ ਆ ਗਿਆ ਸੀ। ਆਪਣੀਆਂ ਬਚਪਨ ਦੀਆਂ ਸਹੇਲੀਆਂ ਦੀ ਉਜੜੀ ਦਾਸਤਾਨ ਸੁਣ ਕੇ ਸਮਝ ਨਹੀਂ ਸੀ ਆ ਰਹੀ ਕਿ ਖੁਸ਼ੀ ਦਾ ਇਜ਼ਹਾਰ ਕਰੀਏ, ਕਿ ਉਹਨਾਂ ਦੇ ਅੁਜਾੜੇ ‘ਤੇ ਅਫ਼ਸੋਸ ਜਤਾਈਏ…।? ਦੁਪਹਿਰ ਦੇ ਖਾਣੇ ‘ਤੇ ਵੰਦਨਾ ਨੇ ਬਬੀਤਾ ਦੀਆਂ ਪੁਰਾਣੀਆਂ ਯਾਦਾਂ ਛੇੜ ਲਈਆਂ।…।
“ਸਤਨਾਮ, ਤੈਨੂੰ ਯਾਦ ਹੈ? ਬਬੀਤਾ ਤੇਰੇ ‘ਤੇ ਬੜਾ ਤਵਾ ਲਾਉਂਦੀ ਸੀ?”
“ਬਿਲਕੁਲ ਯਾਦ ਹੈ, ਆਖਦੀ ਸੀ; ਜੇਕਰ ਮੈਂ ਮੁੰਡਾ ਹੁੰਦੀ, ਤੇ ਤੈਨੂੰ ਤੇ ਪੱਕਾ ਉੜਾ ਕੇ ਲੈ ਜਾਣਾ ਸੀ!” ਬੋਲ ਕੇ ਮੈਨੂੰ ਜੱਫ਼ੀ ਪਾ ਲੈਂਦੀ ਸੀ।
ਜਦ ਵੀ ਬਬੀਤਾ ਆਉਂਦੀ ਨੂੰ ਦੂਜੀਆਂ ਸਹੇਲੀਆਂ ਦੇਖਦੀਆਂ, ਤਾਂ ਸ਼ਰਾਰਤ ਨਾਲ ਕਹਿੰਦੀਆਂ, ‘ਤੇਰੀ ਲੇਡੀ ਆਸ਼ਿਕ ਆ ਰਹੀ ਹੈ!”
ਗੋਰਾ ਰੰਗ, ਘੁੰਗਰਾਲੇ ਵਾਲ, ਗੋਲ ਮਟੋਲ ਸਰੀਰ। ਗਿਆਰਵੀਂ ਵਿੱਚ ਹੀ ਦੋਸਤੀ ਹੋਈ ਸੀ। ਅਚਾਨਕ ਬਾਰ੍ਹਵੀਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਹੋ ਗਿਆ ਹੈ। ਉਸ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਬੁਲਾਇਆ ਵਿਆਹ ‘ਚ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਜਾ ਕੇ ਵਿਆਹੀ ਸੀ। ਓਦੋਂ ਦੀ ਵਿੱਛੜੀ, ਤੇ ਅੱਜ ਜਾ ਕੇ ਫ਼ੋਨ ਤੇ ਉਸ ਦੀ ਸ਼ਕਲ ਵੇਖੀ ਅਤੇ ਅਵਾਜ਼ ਸੁਣੀਂ। ਜਿਵੇਂ ਸਦੀਆਂ ਹੀ ਬੀਤ ਗਈਆਂ ਸਨ। ਅੱਜ ਕਿੰਨੀ ਜ਼ਿੰਮੇਵਾਰ ਜਿਹੀ ਹੋ ਕੇ ਬਜੁਰਗਾ ਵਾਂਗ ਗੱਲ ਕਰ ਰਹੀ ਸੀ। ਦੋ ਸਹੇਲੀਆਂ ਮਿਲਣ ਕਰਕੇ ਦੂਜੀਆਂ ਨੂੰ ਮਿਲਣ ਦੀ ਚਾਹਨਾ ਹੋਰ ਵੀ ਵੱਧ ਗਈ। ਬਾਕੀਆਂ ਦਾ ਕੀ ਹਾਲ ਹੋਊ…? ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਦੀਆਂ ਰਾਹਗੀਰ ਰਹੀਆਂ ਸਾਂ, ਉਸ ਨਾਤੇ ਦੀ ਵੀ ਇੱਕ ਵਾਰ ਭਾਲ ਕਰਨਾ ਤੇ ਸਾਡਾ ਫ਼ਰਜ਼ ਵੀ ਬਣਦਾ ਸੀ।
“ਵੰਦਨਾਂ, ਸਾਰੀਆਂ ਭਾਵੇਂ ਜਿੱਥੇ ਮਰਜ਼ੀ ਵਿਆਹੀਆਂ ਹੋਣ, ਪਰ ਉਹਨਾਂ ਦੇ ਪੇਕੇ ਤਾਂ ਉਹਨਾਂ ਘਰਾਂ ਵਿੱਚ ਹੋਣਗੇ! ਤੇ ਕਿਉਂ ਨਾ ਆਪਾਂ ਇੱਕ ਗੇੜਾ ਸਾਰੀਆਂ ਦੇ ਘਰਾਂ ਦਾ ਲਾ ਲਈਏ…?” ਮੈਨੂੰ ਆਹੀ ਰਸਤਾ ਆਖਰੀ ਲੱਗਿਆ।
“ਤੀਹ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ, ਪਤਾ ਨਹੀਂ ਕੌਣ ਹੋਊ ਉਹਨਾਂ ਦੇ ਘਰਾਂ ਵਿੱਚ ਹੁਣ? ਫੇਰ ਵੀ ਤੇਰੀ ਖੁਸ਼ੀ ਲਈ ਚੱਲਦੇ ਹਾਂ, ਮੁੜ ਫੇਰ ਕੀ ਪਤਾ ਕਦੋਂ ਤੂੰ ਭਾਰਤ ਆਉਣਾ ਹੈ?” ਹਮੇਸ਼ਾਂ ਦੀ ਤਰ੍ਹਾਂ ਮੇਰਾ ਸਾਥ ਨਿਭਾਉਣ ਲਈ ਵੰਦਨਾ ਤਿਆਰ ਹੋ ਗਈ। ਉਸ ਦਿਨ ਧੁੱਪ ਬਹੁਤ ਤੇਜ਼ ਸੀ। ਸ਼ਾਮ ਨੂੰ ਵੰਦਨਾ ਦੇ ਘਰ ਆਪਣੇ ਕੰਮ ਕਾਜ ਹੋਣ ਕਰਕੇ ਅਸੀਂ ਦੁਪਹਿਰ ਹੀ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਸਕੂਟੀ ਕੱਢੀ ਅਤੇ ਕਿੱਕ ਮਾਰ ਮੈਨੂੰ ਬਿਠਾ ਉਡ ਚੱਲੀ ਵਿੱਛੜੀਆਂ ਸਹੇਲੀਆਂ ਦੀ ਖੋਜ ਵੱਲ!
“ਮਧੂ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ, ਪਤਾ ਨਹੀਂ ਕਈ ਹੋਰ ਨਾ ਰਹਿੰਦੇ ਹੋਣ?” ਵੰਦਨਾ ਨੇ ਸਕੂਟੀ ਮਧੂ ਦੇ ਘਰ ਅੱਗੇ ਖੜ੍ਹੀ ਕਰਦਿਆਂ ਕਿਹਾ।
“ਚੱਲ, ਪੁੱਛਦੀ ਹਾਂ!” ਕਿਸੇ ਆਸ ਨਾਲ ਮੈਂ ਇਕ ਦਫ਼ਤਰ ਦੇ ਦਰਵਾਜੇ ਤੇ ‘ਟਿੱਕ-ਟਿੱਕ’ ਕੀਤੀ। ਇੱਕ ਬਜ਼ੁਰਗ ਬਾਹਰ ਆਇਆ। ਮੈਂ ਬੜੇ ਅਦਬ ਨਾਲ ਨਮਸ਼ਕਾਰ ਕੀਤੀ ਅਤੇ ਨਾਲ ਹੀ ਆਪਣੇ ਮਨ ਦੀ ਵਿਆਕੁਲਤਾ ਦੱਸ ਦਿੱਤੀ।
“ਮੈਂ ਇੰਗਲੈਂਡ ਤੋਂ ਆਈ ਹਾਂ, ਕਰੀਬ ਤੀਹ ਸਾਲ ਪਹਿਲਾਂ ਮੇਰੀ ਸਹੇਲੀ ਦਾ ਘਰ ਇੱਥੇ ਸੀ, ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ!” ਮੈਂ ਹੱਥ ਜੋੜ ਕੇ ਕਿਹਾ, “ਪਲੀਜ਼ ਅੰਕਲ!”
“ਬੋਲੋ ਮੈਂ ਕੀ ਮੱਦਦ ਕਰ ਸਕਦਾ ਹਾਂ…?” ਬਜ਼ੁਰਗ ਦਾ ਦਿਲ ਮੇਰੀ ਬੇਨਤੀ ਨਾਲ ਨਰਮ ਹੋ ਗਿਆ ਸੀ ਸ਼ਾਇਦ?
“ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਅਗਰ ਸਾਨੂੰ ਪਤਾ ਲੱਗ ਜਾਏ ਕਿ ਜੋ ਘਰ ਇੱਥੇ ਸੀ, ਓਹ ਪਰਿਵਾਰ ਹੁਣ ਕਿੱਥੇ ਹੈ…?”
“ਓਹ ਤਾਂ ਮੈਨੂੰ ਨਹੀਂ ਪਤ,ਾ ਪਰ ਇੱਥੇ ਇੱਕ ਪਰਿਵਾਰ ਹੈ, ਉਹਨਾਂ ਨਾਲ ਮਿਲਵਾ ਸਕਦਾ ਹਾਂ, ਸ਼ਾਇਦ ਕੁਝ ਮੱਦਦ ਹੋ ਸਕੇ?” ਆਪਣਾ ਹਿੱਸਾ ਪਾਇਆ ਬਜ਼ੁਰਗ ਨੇ ਮੇਰੀ ਖੋਜ ਵਿੱਚ। ਇੱਕ ਬਹੁਤ ਹੀ ਪੁਰਾਣੇ ਡਿਜ਼ਾਇਨ ਵਾਲਾ ਘਰ, ਜਿਸ ਦੀਆਂ ਪੌੜੀਆਂ ਬਹੁਤ ਡੂੰਘੀਆਂ ਜਿਹੀਆਂ ਸੀ। ਮੈਨੂੰ ਉਪਰ ਜਾਣ ਦਾ ਇਸ਼ਾਰਾ ਕਰਕੇ ਅੰਕਲ ਵਾਪਿਸ ਮੁੜ ਗਿਆ। ਡਰਦੇ ਡਰਦੇ ਅਸੀਂ ਆਪਣੀ ਸਹੇਲੀ ਨੂੰ ਲੱਭਣ ਦੇ ਜਨੂੰਨ ਵਿੱਚ ਅਜ਼ੀਬ ਜਿਹੇ ਘਰ ਵਿੱਚ ਚਲੇ ਗਏ। ‘ਖੱਟ-ਖੱਟ’ ਦਰਵਾਜ਼ਾ ਖੜਕਾਇਆ। ਦੋ ਔਰਤਾਂ ਮੂਹਰੇ ਆ ਗਈਆਂ ਅਤੇ ਕੁਝ ਸਵਾਲੀਆ ਜਿਹੀਆ ਨਜ਼ਰਾਂ ਨਾਲ ਸਾਨੂੰ ਦੇਖਣ ਲੱਗ ਪਈਆਂ। ਮੈਂ ਹੱਥ ਜੋੜ ਬੇਨਤੀ ਕੀਤੀ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਇਸ਼ਾਰਾ ਕਰ ਇੰਤਜਾਰ ਕਰਨ ਨੂੰ ਕਿਹਾ ਅਤੇ ਅੰਦਰ ਅਵਾਜ਼ ਮਾਰੀ।
“ਮਧੂ, ਬਾਹਰ ਆਓ…।! ਕੋਈ ਤੁਹਾਨੂੰ ਮਿਲਣ ਆਇਆ ਹੈ!” ਇੱਕ ਅਵਾਜ਼ ਨਾਲ ਹੀ ਇੱਕ ਅਧੇੜ ਉਮਰ ਦੀ ਔਰਤ ਹਿੰਦੂ ਸਟਾਇਲ ਦੀ ਧੋਤੀ ਪਾਈ ਹੋਈ ਬਾਹਰ ਆਈ। ਵੰਦਨਾ ਮੇਰੇ ਵੱਲ ਅਤੇ ਮੈਂ ਵੰਦਨਾ ਵੱਲ ਦੇਖਣ ਲੱਗ ਪਈ ਕਿ ਮਧੂ ਇੰਨੀ ਵੀ ਨਹੀਂ ਬਦਲ ਸਕਦੀ? ਦੋ ਗੱਲਾਂ ਤੋਂ ਬਾਅਦ ਉਸ ਔਰਤ ਨੇ ਸਾਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮੁਆਫ਼ੀ ਮੰਗ ਕੇ ਵਾਪਿਸ ਆ ਗਏ। ਵੰਦਨਾ ਨੇ ਦੱਸਿਆ ਕਿ ਉਹ ਮਧੂ ਦੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਪੁੱਛਣ ਦੀ। ਸਾਡੀ ਕੋਸ਼ਿਸ਼ ਨੇ ਸਾਡਾ ਸਾਥ ਦਿੱਤਾ। ਮਧੂ ਦੇ ਰਿਸ਼ਤੇਦਾਰ ਕੋਲੋਂ ਮਧੂ ਦਾ ਨੰਬਰ ਮਿਲ ਗਿਆ। ਬਿਨਾ ਇੱਕ ਪਲ ਦੇਰ ਕੀਤੇ ਫ਼ੋਨ ਮਿਲਾਇਆ, ਦੂਜੇ ਪਸੇ ਤੋਂ ਮਧੂ ਹੀ ਬੋਲੀ। ਆਪਣੀ ਕਾਮਯਾਬੀ ‘ਤੇ ਸਾਡੇ ਦੋਹਾਂ ਦੀਆਂ ਅੱਖਾਂ ਭਰ ਆਈਆਂ। ਮਧੂ ਵੀ ਇੰਨੇ ਅਰਸੇ ਬਾਦ ਸਾਡੀ ਅਵਾਜ਼ ਸੁਣ ਕੇ ਭਾਵੁਕ ਹੋ ਗਈ। ਮਧੂ ਮੇਰੇ ਨਾਲ ਸੱਤਵੀ ਕਲਾਸ ਤੋਂ ਪੜ੍ਹਦੀ ਸੀ। ਇਸ ਦੀ ਮਾਂ ਨਾ ਹੋਣ ਕਰਕੇ ਸਿਰਫ਼ ਬਾਹਰਵੀਂ ਤੱਕ ਹੀ ਪੜ੍ਹੀ ਸੀ। ਸ਼ੁਰੂ ਤੋਂ ਹੀ ਸੰਜੀਦੀਗੀ ਵਾਲੀ ਜ਼ਿੰਮੇਵਾਰ ਜਿਹੀ ਕੁੜੀ ਸੀ।
“ਮੈਂ ਆਗਰਾ ਵਿੱਚ ਹੀ ਹਾਂ, ਆਪਣੇ ਸਹੁਰੇ ਘਰ!” ਮਧੂ ਕੋਲੋਂ ਇਤਨਾ ਸੁਣ ਅਸੀ ਸੁਖ ਦਾ ਸਾਹ ਲਿਆ ਕਿ ਚਲੋ ਕਿਸੇ ਦਿਨ ਵੀ ਮਿਲ ਸਕਦੇ ਹਾਂ। ਮਧੂ ਵੱਲੋਂ ਸਾਰੀ ਖੁਸ਼ਹਾਲੀ ਦੀਆਂ ਹੀ ਗੱਲਾਂ ਸਨ। ਪਤੀ ਦਾ ਕਾਰੋਬਾਰ ਹੈ, ਆਪਣਾ ਘਰ, ਦੋ ਬੱਚੇ, ਸਭ ਚੰਗਾ ਚੱਲ ਰਿਹਾ ਸੀ। ਮੈਂ ਹੱਥ ਜੋੜ ਉਪਰ ਵਾਲੇ ਦਾ ਸ਼ੁਕਰ ਕੀਤਾ। ਮਿਲਣ ਦੀ ਬਾਤ ਪਾ ਕੇ ਅਸੀ “ਖੋਜ ਦੇ ਸਫ਼ਰ” ਨੂੰ ਜਾਰੀ ਰੱਖਿਆ।
“ਤੈਨੂੰ ਕਿਸੇ ਹੋਰ ਸਹੇਲੀ ਬਾਰੇ ਪਤਾ ਹੈ?” ਮੈਂ ਮਧੂ ਕੋਲਂੋ ਪੁੱਛਿਆ।
“ਮੇਰੇ ਕੋਲ ਸਿਰਫ਼ ਅੰਜਨਾ ਦਾ ਨੰਬਰ ਹੈ, ਉਹ ਮੇਰੀ ਕਿੱਟੀ ਪਾਰਟੀ ਦੀ ਮੈਂਬਰ ਹੈ, ਹੋਰ ਕਿਸੇ ਦਾ ਨਹੀ ਪਤਾ!” ਮਧੂ ਦੀ ਇੰਨੀ ਸਹਾਇਤਾ ਹੀ ਬਹੁਤ ਸੀ। ਅੰਜਨਾ ਨੂੰ ਫ਼ੋਨ ਕੀਤਾ ਤਾਂ ਉਹ ਫ਼ੋਨ ਵਿੱਚੋਂ ਹੀ ਖੁਸ਼ੀ ਨਾਲ ਛਾਲ ਕੇ ਮਾਰ ਬਾਹਰ ਨਿਕਲਣ ਵਾਲੀ ਹੋ ਗਈ ਸੀ। ਹਰ ਇੱਕ ਗੱਲ ਤੋਂ ਬਾਅਦ ਕਹਿ ਰਹੀ ਸੀ, “ਵਾਕਈ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ…? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ, ਤੀਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਭੈਣ ਮੇਰੀਏ…!”
“ਯਕੀਨ ਕਰਨਾ ਹੈ ਤਾ ਮਿਲ ਲੈਂਦੇ ਹਾਂ, ਕਿੱਥੇ ਹੈਂ ਅੱਜ ਕੱਲ੍ਹ?” ਵੰਦਨਾ ਨੇ ਪੁੱਛਿਆ।
“ਮੈਂ ਆਗਰੇ ਵਿੱਚ ਹੀ ਵਿਆਹੀ ਹਾਂ, ਬੋਲ ਕਦ ਮਿਲਣਾ ਹੈ?” ਅੰਜਨਾ ਦੀ ਬੇਤਾਬੀ ਸਮਝ ਆ ਰਹੀ ਸੀ। ਮੇਰੇ ਨਾਲ ਗਿਆਰ੍ਹਵੀਂ ਕਲਾਸ ਤੋਂ ਜੁੜੀ ਸੀ। ਬਹੁਤ ਹੱਸਮੁਖ, ਸ਼ਰਾਰਤੀ, ਜਿੰਦਾ ਦਿਲ ਕੁੜੀ! ਅੰਜਨਾਂ ਦੇ ਵਾਲਾਂ ਦੀ “ਗਰੋਥ” ਘੱਟ ਸੀ ਅਤੇ ਮਜ਼ਾਕ ਕਰਦੀ ਆਖਦੀ ਹੁੰਦੀ ਸੀ, “ਮੈਂ ਭਾਰਤੀ ਪ੍ਰੰਪਰਾ ਨੂੰ ਪੂਰਾ ਨਿਭਾਉਣਾਂ ਹੈ, ਵਿਆਹ ਤੋਂ ਬਾਦ ਕਦੇ ਸਿਰ ਤੋਂ ਪੱਲਾ ਨਹੀਂ ਲਾਹੁੰਣਾਂ…!” ਤੇ ਫੇਰ ਜੋਰ ਦੀ ਹੱਸ ਪੈਂਦੀ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਨੂੰ ਮਿਲ ਕੇ ਮੈਂ ਦੇਖਣਾਂ ਚਾਹੁੰਦੀ ਸੀ ਕਿ ਅੱਜ ਵੀ ਓਦਾਂ ਦੀ ਹੀ ਮਸਤ ਹੈ ਜਾਂ ਵਿਆਹ ਦੇ ਫੇਰਿਆਂ ਨੇ ਬਦਲ ਦਿੱਤਾ? ਪਰ ਅੰਜਨਾ ਦੇ ਦੱਸੇ ਮੁਤਾਬਿਕ, ਦੋ ਬੱਚਿਆਂ ਦੀ ਮਾਂ ਦੇ ਇਸ਼ਾਰਿਆ ‘ਤੇ ਨੱਚਣ ਵਾਲੇ ਪਤੀ ਦੀ “ਚਹੇਤੀ ਪਤਨੀ” ਹੈ, ਅਸੀਂ ਵੀ ਜਾਣ ਕੇ ਖੁਸ਼ ਹੋ ਗਏ। ਗਰਮ ਦਿਨ ਹੋਣ ਕਰ ਕੇ ਮੇਰਾ ਤੇ ਵੰਦਨਾ ਦਾ ਪਸੀਨੇ ਨਾਲ ਬੁਰਾ ਹਾਲ ਸੀ, ਪਰ ਉਤਸ਼ਾਹ ਵਿਚ ਕਮੀ ਨਹੀਂ ਸੀ। “ਘੁਰਰਰ” ਕਰਕੇ ਵੰਦਨਾ ਨੇ ਸਕੂਟੀ ਅੰਜੂ ਦੀ ਖੋਜ ਵੱਲ ਮੋੜੀ। ਅੰਜੂ ਦਾ ਘਰ ਦੂਰ ਸੀ, ਅਤੇ ਅਸੀਂ ਫੈ਼ਸਲਾ ਕੀਤਾ ਕਿ ਉਸ ਦੇ ਭਰਾ ਦੀ ਦੁਕਾਨ ‘ਤੇ ਚੱਲਦੇ ਹਾਂ। ਅੰਜੂ ਦੇ ਭਰਾ ਦੀ ਦੁਕਾਨ ਦੇ ਠੀਕ ਸਾਹਮਣੇ ਸਕੂਟੀ ਖੜ੍ਹੀ ਹੋਈ, ਅਤੇ ਮੈਂ ਦੁਕਾਨ ਦੇ ਅੰਦਰ ਚਲੀ ਗਈ। ਦੁਕਾਨ ਹਾਰਡ ਸਪੇਅਰ ਦੀ ਸੀ ਅਤੇ ਮੈਂ “ਵੈਸਟਰਨ ਡਰੈੱਸ” ਪਾਈ ਹੋਈ ਸੀ। ਅੰਜੂ ਦੇ ਭਰਾ ਨੇ ਥੋੜੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਕੋਈ ਗਾਹਕ ਸਮਝ ਕੇ ਮੁਖਾਬਿਤ ਹੋਇਆ।
“ਜੀ, ਮੈਂ ਅੰਜੂ ਦੀ ਸਹੇਲੀ ਹਾਂ, ਓਹ ਮੇਰੇ ਨਾਲ ਕੇ ਐੱਨ ਐੱਸ ਕਾਲਜ ਵਿੱਚ ਪੜ੍ਹਦੀ ਸੀ!” ਇਸਦੇ ਨਾਲ ਹੀ ਮੈਂ ਸਾਰੀਆ ਗੱਲਾਂ, ਜੋ ਮੈਨੂੰ ਉਸ ਦੇ ਪ੍ਰੀਵਾਰ ਬਾਰੇ ਪਤਾ ਸੀ, ਸਬੂਤ ਦੇ ਰੂਪ ਵਿਚ ਦੱਸ ਦਿੱਤੀਆਂ।
“ਅੰਜੂ ਦਿੱਲੀ ਵਿਆਹੀ ਹੈ!” ਇਤਨਾ ਦੱਸ ਉਸ ਨੇ ਮੇਰੀ ਸਹੇਲੀ ਅੰਜੂ ਦਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਹੱਥ ਜੋੜ ਕੇ “ਪਲੀਜ਼-ਪਲੀਜ਼” ਕਰ ਬੇਨਤੀ ਕੀਤੀ। ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਵੀ ਮੇਰੇ ਨਾਲ ਹਮਦਰਦੀ ਜਿਹੀ ਹੋ ਰਹੀ ਸੀ ਕਿ ਕੋਈ ਤੀਹ ਸਾਲ ਬਾਅਦ ਵੀ ਨਾਲ਼ ਪੜ੍ਹਦੀ ਸਹੇਲੀ ਲਈ ਇਤਨਾਂ ਬੇਚੈਨ ਹੋ ਸਕਦਾ ਹੈ?
“ਤੁਸੀ ਮੇਰਾ ਨੰਬਰ ਲੈ ਲਵੋ, ਪਲੀਜ਼ ਉਸ ਨੂੰ ਦੇ ਦੇਵੋ, ਜੇ ਹੋ ਸਕਦਾ ਹੈ ਉਹ ਆਪ ਫ਼ੋਨ ਕਰ ਲਵੇ!” ਇਤਨਾ ਕਹਿ ਵੰਦਨਾ ਨੇ ਆਪਣਾ ਫ਼ੋਨ ਨੰਬਰ ਦੇ ਦਿੱਤਾ। ਅਗਲੇ ਦਿਨ ਸ਼ਾਮ ਨੂੰ ਅੰਜੂ ਦਾ ਵੀ ਫ਼ੋਨ ਆ ਗਿਆ ਸੀ। ਉਸ ਦੀ ਅਵਾਜ਼ ਬਹੁਤ ਬਦਲ ਗਈ ਸੀ। ਉਤੇਜਨਾ ਕਰਕੇ ਅਨੂੰ ਕੋਲੋਂ ਬੋਲਿਆ ਨਹੀ ਸੀ ਜਾ ਰਿਹਾ। ਅਨੂੰ ਨੇ ਵਾਟਸਅੱਪ ‘ਤੇ ਸਾਰੇ ਪਰਿਵਾਰ ਦੀਆਂ ਫ਼ੋਟੋ ਤੁਰੰਤ ਭੇਜ ਦਿੱਤੀਆਂ। ਇੱਕ ਪਿਆਰ ਕਰਨ ਵਾਲਾ ਪਤੀ ਤੇ ਦੋ ਜਵਾਨ ਬੇਟੀਆਂ ਦੀ ਮਾਂ ਹੈ। ਅਨੂੰ ਨੇ ਨਾਲ ਦੀ ਨਾਲ ਹੀ ਆਪਣੇ ਪਤੀ ਤੇ ਬੇਟੀਆਂ ਨਾਲ ਵੀ ਗੱਲ ਕਰਵਾ ਦਿੱਤੀ।
“ਤੁਹਾਡਾ ਸਿਰਫ਼ ਨਾਮ ਹੀ ਕਾਫ਼ੀ ਹੈ ਸਤਨਾਮ ਜੀ, ਅੰਜੂ ਨੇ ਤੁਹਾਡੀ ਦੋਸਤੀ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨੂੰ ਦੱਸੀਆਂ ਹੋਈਆਂ ਹਨ!” ਉਸ ਦੇ ਪਤੀ ਨੇ ਸਾਡੀ ਦੋਸਤੀ ਨੂੰ ਪ੍ਰਮਾਣ ਦਿੱਤਾ। ਮੈਨੂੰ ਵੀ ਯਕੀਨ ਸੀ ਕਿ ਉਹ ਵੀ ਮੈਨੂੰ ਯਾਦ ਕਰਦੀ ਹੋਣੀ ਹੈ, ਕਿਉਂਕਿ ਅਨੂੰ ਮੇਰੇ ਨਾਲ ਸੱਤਵੀਂ ਕਲਾਸ ਤੋਂ ਪੜ੍ਹ ਰਹੀ ਸੀ। ਬਚਪਨ ਤੋਂ ਜਵਾਨ ਹੋਣ ਤੱਕ ਅਸੀਂ ਕਈ ਮੌਸਮ ਇਕੱਠੇ ਵੇਖੇ ਸੀ। ਫ਼ੋਨ ਬੰਦ ਹੋਣ ਤੋਂ ਪਹਿਲਾਂ ਮੈਂ ਅੰਜੂ ਨੂੰ ਪੁੱਛਿਆ ਕਿ ਉਸ ਨੂੰ ਉਹ ਗਾਣਾ ਯਾਦ ਹੈ, ਜੋ ਕਿ ਸਕੂਲ ਵਿੱਚ ਸਾਡੀ ਫ਼ਰਮਾਇਸ਼ ਹੋਣ ‘ਤੇ ਸੁਣਾਉਂਦੀ ਸੀ? ਹਰ ਵਾਰ ਇੱਕੋ ਹੀ ਗੀਤ!
“ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈਂ, ਜਹਾਂ ਭੀ ਜਾਊਂ, ਯੇ ਲਗਤਾ ਹੈ ਤੇਰੀ ਮਹਿਫ਼ਲ ਹੈ…।!” ਇੱਕ ਮਿੰਟ ਦੀ ਦੇਰ ਲਾਏ ਬਿਨਾ ਹੀ ਅੰਜੂ ਨੇ ਗਾਣੇ ਦੀਆਂ ਚੰਦ ਲਾਈਨਾਂ ਸੁਣਾ ਦਿੱਤੀਆਂ। ਭਾਵੇਂ ਉਸ ਵੇਲੇ ਇਹ ਗੀਤ ਕਿਸੇ ਹੋਰ ਭਾਵਨਾ ਨਾਲ ਗਾਉਂਦੀ ਹੋਵੇਗੀ, ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਗਾ ਰਹੀ ਸੀ। ਮੈਂ ਭਰੇ ਜਹੇ ਮਨ ਨਾਲ ਫੇਰ ਫ਼ੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ। …। ਮੈਨੂੰ ਅੱਜ ਵੀ ਯਾਦ ਹੈ; ਅੰਜੂ ਬਹੁਤ ਹੀ ਸ਼ਰਮੀਲੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ। ਮੈਨੂੰ ਅੱਲ੍ਹੜ ਉਮਰ ਦੀ ਇੱਕ ਘਟਨਾ ਯਾਦ ਆ ਗਈ। ਹਰ ਕੁੜੀ ਨੂੰ ਉਮਰ ਦੇ ਕਿਸੇ ਸਾਲ “ਪੀਰੀਅਡ” ਸ਼ੁਰੂ ਹੋਣੇ ਹੀ ਹੁੰਦੇ ਹਨ। ਅੰਜੂ ਸ਼ਰਮੀਲੇ ਸੁਭਾਅ ਕਰਕੇ ਇਸ ਵਿਸ਼ੇ ਤੋਂ ਅਣਜਾਣ ਸੀ। ਸਕੂਲ ਟਾਈਮ ਵਿੱਚ ਉਸ ਨੂੰ ਇਸਦਾ ਸਾਹਮਣਾ ਕਰਣਾ ਪੈ ਗਿਆ। ਆਪਣੇ ਕੱਪੜਿਆਂ ‘ਤੇ ਖੂਨ ਲੱਗਿਆ ਦੇਖ ਕੇ ਡਰ ਗਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਆਪਣੀ ਅਕਲ ਅਨੁਸਾਰ ਸਮਝਾਇਆ, ਬਹੁਤ ਦੇਰ ਬਾਅਦ ਉਹ ਸੁਖ਼ਾਲ਼ੀ ਜਿਹੀ ਹੋਈ। ਛੁੱਟੀ ਦਿਵਾ ਕੇ ਘਰ ਭੇਜ ਦਿੱਤਾ। ਅਗਲੇ ਪੰਜ ਦਿਨ ਬਾਅਦ ਜਦ ਅਨੂੰ ਸਕੂਲ ਆਈ ਤਾਂ ਬਹੁਤ ਖ਼ਾਮੋਸ਼ ਜਿਹੀ ਸੀ। ਇਸ ਵਾਕਿਆ ਨੂੰ ਵੀ ਮੈਂ ਮਿਲਣ ‘ਤੇ ਯਾਦ ਕਰਵਾਇਆ ਅਤੇ ਅਸੀਂ ਸਾਰੇ ਬਹੁਤ ਹੱਸੇ। ਹੁਣ ਤਲਾਸ਼ ਰਹਿ ਗਈ ਸੀ ਸਿਰਫ਼ ਵਿਨੀਤਾ ਦੀ, ਜੋ ਇਸ ਗਰੁੱਪ ਵਿੱਚ ਮੇਰੀ ਸਭ ਤੋਂ ਪੁਰਾਣੀ ਸਹੇਲੀ ਸੀ। ਮੇਰੇ ਨਾਲ ਕਲਾਸ ਚੌਥੀ ਤੋਂ ਪੜ੍ਹੀ ਸੀ। ਇਸ ਦੇ ਘਰ ਗਏ ਪਰ ਸਾਨੂੰ ਕਿਸੇ ਨੇ ਬਾਂਹ ਪੱਲਾ ਨਹੀਂ ਫ਼ੜਾਇਆ। ਬਹੁਤ ਨਿਰਾਸ਼ ਹੋ ਗਏ ਮੈਂ ਅਤੇ ਵੰਦਨਾ। ਪਰ ਕਿਤੇ ਕੁਦਰਤ ਨੇ ਮੱਦਦ ਕੀਤੀ, ਕਿਸੇ ਕੋਲੋਂ ਵਿਨੀਤਾ ਦਾ ਨੰਬਰ ਮਿਲ ਗਿਆ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਨੇ ਵੀ ਕਦੇ ਮੈਨੂੰ “ਮਿੱਸ” ਕੀਤਾ ਸੀ ਜਾਂ ਨਹੀਂ? ਮੈਂ ਆਪਣਾ ਨਾਮ ਬਦਲ ਕੇ ਵਿਨੀਤਾ ਨੂੰ ਫ਼ੋਨ ਮਿਲਾਇਆ ਅਤੇ ਕੁਝ ਗੱਲਾਂ ਤੋਂ ਬਾਦ ਆਪਣੀ ਜਗਿਆਸਾ ਮਿਟਾਉਣ ਲਈ ਕਿਹਾ, “ਜੇਕਰ ਵਿਨੀਤਾ ਤੈਨੂੰ ਸੱਤ ਸਹੇਲੀਆਂ ਵਿੱਚੋਂ ਕਿਸੇ ਨੂੰ ਮਿਲਣ ਵਾਸਤੇ ਕਿਹਾ ਜਾਏ, ਤੇ ਕਿਸ ਨੂੰ ਮਿਲਣਾ ਚਾਹੇਂਗੀ…?”
“ਮੈਂ ਸਤਨਾਮ ਨੂੰ ਬਹੁਤ ਜ਼ਿਆਦਾ ਮਿੱਸ ਕਰਦੀ ਹਾਂ, ਪਰ ਉਸ ਨੂੰ ਕਦੇ ਮਿਲ ਨਹੀਂ ਸਕਦੀ, ਉਹ ਵਿਦੇਸ਼ ਵਿੱਚ ਕਿਤੇ ਹੈ? ਸਾਡੇ ਕੋਲ ਕੋਈ ਜ਼ਰੀਆ ਨਹੀਂ ਓਸ ਤੱਕ ਪਹੁੰਚਣ ਦਾ, ਪਤਾ ਨਹੀਂ ਉਹ ਕਦੇ ਮੁੜ ਭਾਰਤ ਆਈ ਵੀ ਹੈ ਕਿ ਨਹੀਂ…?” ਬਿਨ ਬਰੇਕ ਤੋਂ ਵਿਨੀਤਾ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਤਰਲਾ ਪਾ ਰਹੀ ਹੋਵੇ। ਦੂਜੇ ਪਾਸੇ ਮੈਨੂੰ ਹਾਸੇ ਨਾਲ ਉਸ ‘ਤੇ ਪਿਆਰ ਵੀ ਆ ਰਿਹਾ ਸੀ। ਵਿਨੀਤਾ ਗੁੱਡੀਆਂ ਤੋਂ ਲੈ ਕੇ ਕਿੱਕਲੀ ਤੱਕ ਦੀ ਮੇਰੀ ਹਮਸਫ਼ਰ ਰਹੀ ਹੈ। ਅਸੀਂ ਦੋਵੇਂ ਇੱਕ ਹੀ ਸੀਟ ‘ਤੇ ਬੈਠਦੇ ਸੀ। ਉਮਰ ਦੇ ਵਧਣ ਨਾਲ ਸਾਡੇ ਸੁਭਾਅ ਅਤੇ ਸਰੀਰ ਚਾਹੇ ਬਦਲੇ, ਇਮਲੀ ਤੋਂ ਸਮੋਸੇ ਦੇ ਸਵਾਦ ਬਦਲੇ। ਅਸੀਂ ਜਵਾਨੀ ਤੱਕ ਦੇ ਕਈ ਸਾਵਣ ਇਕੱਠੇ ਦੇਖੇ ਸੀ। ਵਿਧਵਾ ਮਾਂ ਦੀ ਛੇ ਔਲ਼ਾਦਾਂ ਵਿੱਚੋਂ ਸਭ ਤੋਂ ਛੋਟੀ ਸੀ ਵਿਨੀਤਾ।
“ਜੇਕਰ ਤੈਨੂੰ ਸਤਨਾਮ ਮਿਲਾ ਦਵਾਂ ਤੇ ਦੱਸ ਕੀ ਦੇਵੇਂਗੀ ਮੈਨੂੰ?”
“ਮੇਰੀ ਸਤਨਾਮ ਨੂੰ ਜ਼ਿੰਦਗੀ ‘ਚ ਦੁਬਾਰਾ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਹੈ, ਰੱਬ ਕਦੇ ਇੰਜ ਕਰ ਦੇਵੇ ਤਾਂ ਸਹੀ, ਤੈਨੂੰ ਪਾਰਟੀ ਦਿਊਂਗੀ ਪੱਕਾ!” ਵਿਨੀਤਾ ਦੀ ਖੁਸ਼ੀ ਸ਼ਬਦਾਂ ਵਿਚ ਝਲਕ ਰਹੀ ਸੀ।
“ਕਰ ਫੇਰ ਪਾਰਟੀ ਤਿਆਰ, ਮੈਂ ਸਤਨਾਮ ਹੀ ਬੋਲ ਰਹੀ ਹਾਂ!” ਮੇਰੇ ਕੋਲੋਂ ਉਸ ਦੀ ਬੇਚੈਨੀ ਜਰੀ ਨਹੀਂ ਸੀ ਜਾ ਰਹੀ। ਬਹੁਤ ਸਾਰੇ ਸਵਾਲਾਂ ਜਵਾਬਾਂ ਬਾਅਦ ਉਸ ਨੂੰ ਯਕੀਨ ਦਿਵਾਇਆ ਕਿ ਤੇਰੀ ਮੁਰਾਦ ਪੂਰੀ ਹੋ ਗਈ ਹੈ। ਸੁਣਦਿਆਂ ਹੀ ਵਿਨੀਤਾ ਮਿਲਣ ਲਈ ਉਤਸ਼ਾਹਤ ਹੋ ਗਈ ਤੇ ਬੋਲੀ, “ਰਬ ਕਿਤੇ ਤੇ ਜ਼ਰੂਰ ਹੈ, ਮੈਂ ਤੇ ਸੋਚਿਆ ਸੀ ਕਿ ਤੇਰੇ ਵਿਦੇਸ਼ ਜਾਣ ਨਾਲ ਹੀ ਦੋਸਤੀ ਦਾ ਅੰਤ ਹੋ ਗਿਆ ਹੈ…!” ਵਿਨੀਤਾ ਬਹੁਤ ਭਾਵੁਕ ਹੋ ਗਈ ਤੇ ਮੈਂ ਵੀ। ਵਿਨੀਤਾ ਆਗਰੇ ਹੀ ਵਿਆਹੀ ਹੈ ਅਤੇ ਇੱਕ ਬੇਟੀ ਦੀ ਮਾਂ ਅਤੇ ਬਹੁਤ ਹੀ ਸਹਿਯੋਗੀ ਪਤੀ ਦੀ ਸੰਗਨੀ ਹੈ।
ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਸਹੇਲੀਆਂ ਜ਼ਿੰਦਗੀ ਵਿੱਚ ਮੁੜ ਮਿਲੀਆਂ ਸਾਂ। ਸਭ ਨੂੰ ਫ਼ੋਨ ਮਿਲਾ ਕੇ ਇੱਕ ਅਪ੍ਰੈਲ ਦੀ ਤਰੀਕ ਪੱਕੀ ਕੀਤੀ ਗਈ, ਇੱਕ ਜਗਾਹ ‘ਤੇ ਮਿਲਣ ਲਈ। ਆਹ ਇੰਤਜਾਰ ਦੇ ਕੁਝ ਦਿਨ ਜਿਵੇਂ ਸਾਲਾਂ ਦਾ ਪੈਂਡਾ ਲੱਗ ਰਹੇ ਸੀ। ਮੈਂ ਆਪਣੇ ਪੇਕੇ ਘਰ ਸਭ ਨੂੰ ਬੁਲਾਇਆ ਅਤੇ ਮੇਰੇ ਪਰਿਵਾਰ ਨੇ ਵੀ ਪੂਰਾ ਉਤਸ਼ਾਹ ਦਿਖਾਇਆ। ਸ਼ੱਮੋਂ ਬਾਬੀ ਅਤੇ ਕਮਲ ਨੇ ਕਈ ਤਰ੍ਹਾਂ ਦੇ ਖਾਣੇਂ ਬਣਾਏ। ਮਾਂ ਨੇ “ਵੈੱਲਕਮ ਕੇਕ” ਮੰਗਵਾਇਆ। ਸੌਣ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਤੇ ਹੁਣ ਸਮਾਂ ਸੀ ਮੁੜ ਪੁਰਾਣੀਆਂ ਸਹੇਲੀਆਂ ਨੂੰ ਗਲ਼ਵਕੜੀ ਵਿੱਚ ਲੈਣ ਦਾ। ਇਸ ਮਿਲਣੀ ਦਾ ਬ੍ਰਿਤਾਂਤ ਗੂੰਗੇ ਦੇ ਗੁੜ ਖਾਣ ਵਾਂਗ ਬਿਆਨ ਤੋਂ ਪਰ੍ਹੇ ਹੈ! ਦੱਸ ਪਾਉਣਾ ਕਿ ਤੀਹ ਸਾਲ ਬਾਅਦ ਕਿਸੇ ਹੋਰ ਸ਼ਕਲ ਵਿੱਚ ਆਪਣਾ ਬਚਪਨ ਸਾਹਮਣੇ ਦੇਖ ਕੇ ਸਾਰੀਆਂ ਦੀ ਅੱਖਾਂ ਵਿੱਚ ਕਿਹੜੀ “ਸੁਨਾਮੀ” ਆਈ ਸੀ? ਮੇਰੀ ਮਾਂ ਨੇ ਵੀ ਆਪਣੀਆਂ ਬਿਰਧ ਹੋਈਆਂ ਅੱਖਾਂ ਨਾਲ ਪੂਰੀ ਕੋਸ਼ਿਸ਼ ਕੀਤੀ ਮੇਰੀਆਂ ਸਹੇਲੀਆਂ ਨੂੰ ਪਛਾਨਣ ਦੀ, ਅਤੇ ਫੇਰ ਪਿਆਰ ਅਤੇ ਸ਼ਗਨ ਦਿੱਤਾ। ਇੱਕ ਐਸਾ ਸਮਾਂ ਬੰਨ੍ਹਿਆ ਕਿ ਸਭ ਦੀਆਂ ਅੱਖਾਂ ਵਿੱਚੋਂ ਗੰਗਾ-ਜਮਨਾਂ ਦਾ ਭਾਵਨਾਤਮਿਕ ਵਹਿਣ ਚੱਲ ਰਿਹਾ ਸੀ। ਸਭ ਦੀ ਇੱਕ ਗੱਲ ਤਾਂ ਸਾਂਝੀ ਸੀ ਕਿ ਸਾਰੇ ਇੱਕ-ਦੂਜੇ ਨੂੰ ਯਾਦ ਕਰਦੇ ਹੋਏ ਜ਼ਿੰਦਗੀ ਵਿੱਚ ਕਦੇ ਫੇਰ ਮਿਲਣ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਸੀ। ਅਸੀ ਸਾਰੀ ਰਾਤ ਜਾਗੇ ਅਤੇ ਆਪਣੀ-ਆਪਣੀ ਜ਼ਿੰਦਗੀ ਦੇ ਬੀਤੇ ਇਹਨਾਂ ਵਰ੍ਹਿਆਂ ਨੂੰ ਮੁੜ ਪੁਰਾਣੀ ਕਿਤਾਬ ਵਾਂਗ ਫ਼ਰੋਲ਼ਿਆ। ਬਚਪਨ ਦੀ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਅੱਜ ਦੀ ਹਰ ਯਾਦ ਦੀ ਵੀਡੀਓ ਬਣਾਈ। ਇੱਕ ਸੁਰ ਹੋ ਕੇ ਗਾਣਾ ਗਾਇਆ …।”ਯਾਰੋ, ਯਹੀ ਤੋ ਦੋਸਤੀ ਹੈ, ਯੇ ਨਾ ਹੋ ਤੋ ਬੋਲੋ, ਫ਼ਿਰ ਕਿਯਾ ਯੇ ਜ਼ਿੰਦਗੀ ਹੈ…।।” ਆਪਣੀ ਇਸ ਕੋਸ਼ਿਸ਼ ‘ਤੇ ਮੈਨੂੰ ਸ਼ਾਹਰੁਖ ਖਾਨ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਯਾਦ ਆ ਰਿਹਾ…।
“ਅਗਰ ਕਿਸੀ ਕੋ ਸ਼ਿੱਦਤ ਸੇ ਚਾਹੋ, ਤੋ ਕਾਇਨਾਤ ਭੀ ਉਸੇ ਮਿਲਾਨੇ ਮੈਂ ਜੁਟ ਜਾਤੀ ਹੈ…!”
ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦੀ ਖ਼ਾਹਿਸ਼ ਨੂੰ ਹਕੀਕਤ ਵਿੱਚ ਬਦਲਿਆ ਦੇਖ ਮੈਂ ਸੋਚ ਰਹੀ ਸੀ ਕਿ ਅਸੀਂ ਜਦ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ, ਤਾਂ ਪੁਰਾਣੇ ਰਿਸ਼ਤਿਆਂ ਨੂੰ ਕਿਤੇ ਭੁੱਲ ਹੀ ਜਾਂਦੇ ਹਾਂ, ਪਰ ਜ਼ਿੰਦਗੀ ਦੇ ਚੱਲਦੇ ਸਫ਼ਰ ਵਿੱਚ ਕਿਤੇ ਕੁਝ ਗੁੰਮ ਹੋ ਜਾਣ ਦਾ ਮਲਾਲ ਜ਼ਰੂਰ ਹੁੱਝਾਂ ਮਾਰਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਅਗਰ ਕਿਸੇ ਤੋਂ ਦੂਰ ਹੋਵੋਂ, ਤਾਂ ਇੱਕ ਵਾਰ ਮਿਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਕੀ ਪਤਾ ਜਿਉਂਦੇ ਜੀਅ ਅਗਲਾ ਮਿਲਣ ਦੀ ਆਸ ਨਾਲ ਸਾਡਾ ਰਾਹ ਤੱਕਦਾ ਹੋਵੇ਼? ਅਸੀਂ ਸਭ ਸਹੇਲੀਆਂ ਹੁਣ ਮਾਂਵਾਂ ਵੀ ਹਾਂ, ਇਸ ਲਈ ਆਪਣੇ-ਆਪਣੇ ਆਲ੍ਹਣੇ ‘ਚ ਮੁੜਨ ਦਾ ਸਮਾਂ ਆ ਗਿਆ ਸੀ। ਅਸੀਂ ਵਾਰੀ-ਵਾਰੀ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਵਿੱਚ ਲਿਆ, ਮੁੜ ਜਿਉਂਦੇ ਜੀਅ ਫ਼ੇਰ ਕਦੇ ਨਾ ਵਿਛੜਨ ਲਈ! ਮੁੜ ਮਿਲਣ ਦੇ ਵਾਅਦੇ ਨਾਲ਼ ਸਭ ਦੀਆਂ ਪਲਕਾਂ ਉਪਰ ਹੰਝੂ ਅਟਕੇ ਹੋਏ ਸਨ…।।! “ਅਲਵਿਦਾ” ਵਿੱਚ ਮੁੜ ਮਿਲਣ ਦੀ ਆਸ ਜਗਮਗਾ ਰਹੀ ਸੀ ਅਤੇ ਜ਼ਿੰਦਗੀ ਆਪਣੀ ਤੋਰ ਖ਼ੁਦ ਤੁਰੀ ਜਾ ਰਹੀ ਸੀ…!
ਚਸ਼ਮ ਦੀਦ ਗੁਵਾਹ
ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ ਪੱਕੀ ਆਦਤ ਸੀ।ਐਵੇਂ ਨਿੱਕੀ ਮੋਟੀ ਗੱਲੇ ਹੂਰੇ ਮੁੱਕੀ ਹੋ ਜਾਣਾ,ਤੇ ਰਾਹ ਜਾਂਦੇ ਝਗੜੇ ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਗਲ਼ ਪਾ ਲੈਣਾ ਉਸ ਲਈ ਆਮ ਗੱਲ ਸੀ। ਕਿਸੇ ਵੱਡੀ ਗਲਤੀ ਕੀਤੇ ਜਾਣ ਤੇ ਉਹ ਫੌਜ ਵਿੱਚੋਂ ਬਾਰਾਂ ਪੱਥਰ ਹੋ ਕੇ ਘਰ ਆ ਗਿਆ ਸੀ।ਸ਼ਰਾਬ ਪੀਣ ਦੀ ਅਤੇ ਜੂਆ ਖੇਡਣ ਦੀ ਉਸ ਨੂੰ ਪੱਕੀ ਲਤ ਸੀ। ਪਿੰਡ ਦੇ ਬਾਹਰ ਵਾਰ ਇੱਕ ਆਟਾ ਪੀਹਣ ਵਾਲੀ ਚੱਕੀ ਦੇ ਨਾਲ ਲਗਦੇ ਇਹਾਤੇ ਵਿੱਚ ਤਾਸ਼ ਨਾਲ ਜੂਆ ਖੇਡਦੀ ਢਾਣੀ ਵਿੱਚ ਜਾਣੋਂ ਉਹ ਕਦੇ ਨਹੀਂ ਖੁੰਝਦਾ ਸੀ।ਤਾਸ਼ ਖੇਡਦਾ ਜੂਏ ਵਿੱਚ ਕਦੇ ਕੁਝ ਜਿੱਤ ਜਾਂਦਾ ਕਦੇ ਹਾਰ ਜਾਂਦਾ, ਪਰ ਉਸ ਜਿਤੀ ਰਕਮ ਨੂੰ ਬੋਤਲ ਖਰੀਦ ਕੇ ਯਾਰਾਂ ਵਿੱਚ ਬਹਿਕੇ ਪੀ ਕੇ ਜਦੋਂ ਵੇਲੇ ਕੁਵੇਲੇ ਉਹ ਦਾਰੂ ਨਾਲ ਟੁੰਨ ਹੋ ਕੇ ਰਾਤ ਨੂੰ ਜਦੋਂ ਘਰ ਵੜਦਾ ਤਾਂ ਘਰ ਵਾਲੀ ਬੜੀ ਖਿਝਦੀ ਤਾਂ ਉਹ ਅੱਗੋਂ ਦੰਦੀਆਂ ਜੇਹੀਆਂ ਕੱਢਦਾ ਕਹਿੰਦਾ ” ਚੱਲ ਛੱਡ ਸੌਹਰੀ ਦੀਏ ਭੁਖ ਬੜੀ ਲੱਗੀ ਏ, ਲਿਆ ਹੁਣ ਖਾਣ ਨੂੰ ਦੇਹ ਕੁੱਝ” ਘਰ ਵਾਲੀ ਵੀ ਹੁਣ ਰੋਜ਼ ਦੀ ਆਦੀ ਹੋ ਗਈ ਸੀ।
ਗੁਆਂਢੀਆਂ ਦਾ ਗੋਲ ਮਟੋਲ ਜਿਹਾ ਮੁੰਡਾ ਜਿਸ ਨੂੰ ਲਾਡ ਨਾਲ ਸਾਰੇ ਗੋਲਾ ਕਹਿੰਦੇ ਹੁੰਦੇ ਸਨ,ਜੋ ਕਦੇ ਘਰ ਟਿਕ ਕੇ ਨਹੀਂ ਸੀ ਬੈਠਦਾ, ਉਹ ਵੀ ਇਕ ਦਿਨ ਐਵੇਂ ਫਿਰਦਾ ਫਿਰਾਂਦਾ ਜਿੱਥੇ ਉਹ ਹੋਰ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾਕੇ ਜੂਆ ਖੇਡ ਰਿਹਾ ਸੀ,ਉਥੇ ਜਾ ਪਹੁੰਚਿਆ।ਉਸ ਨੂੰ ਵੇਖ ਕੇ ਲਸ਼ਕਰ ਘੂਰੀ ਵੱਟ ਕੇ ਕਹਿਣ ਲੱਗਾ” ਚੱਲ ਉਏ ਸਹੁਰੀ ਦਿਆ ਤੂੰ ਕਿੱਥੇ ਆ ਵੜਿਆਂ ਗੋਲਿਆ”।ਉਹ ਕਹਿਣ ਲੱਗਾ, ਕੋਈ ਨਹੀਂ ਮੈਂ ਚਾਚੀ ਨੂੰ ਜਾ ਕੇ ਦੱਸ ਦੇਣਾ ਕਿ ਚਾਚਾ ਚੱਕੀ ਵਾਲੇ ਹਾਤੇ ਵਿਚ ਜੂਆ ਖੇਡ ਰਿਹਾ ਹੈ,ਭਾਂਵੇਂ ਤੂੰ ਆਪ ਜਾ ਕੇ ਵੇਖ ਲੈ, ਉਹ ਘਰ ਵਾਲੀ ਤੋਂ ਆਪਣੀਆਂ ਕਮਜ਼ੋਰੀਆਂ ਕਰਕੇ ਕੇ ਇਵੇਂ ਡਰਦਾ ਸੀ ਜਿਵੇਂ ਕੋਈ ਮੁਜਰਮ ਕਿਸੇ ਕੀਤੇ ਜੁਰਮ ਵਿੱਚ ਕਿਸੇ ਚਸ਼ਮ ਦੀਦ ਦੀ ਗੁਵਾਹੀ ਤੋਂ ਡਰਦਾ ਹੈ।ਉਹ ਗੋਲੇ ਨੂੰ ਇੱਕ ਢਊਆ ਪੈਸਾ ਫੜਾ ਕੇ ਬੋਲਿਆ ਚੱਲ ਦੌੜ ਜਾ ਇੱਥੋਂ ਤੇ ਜੇ ਚਾਚੀ ਨੂੰ ਮੇਰੇ ਬਾਰੇ ਦੱਸਿਆ ਤਾਂ ਯਾਦ ਰੱਖੀਂ ਬੱਚੂ, ਕੁੱਟ ਕੁੱਟ ਕੇ ਤੇਰਾ ਧੂਆਂ ਕੱਢ ਕੇ ਤੇਰਾ ਗੋਲੇ ਦਾ ਢੌਲੂ ਬਣਾ ਦਿਆਂਗਾ।
ਚਾਚੇ ਲਸ਼ਕਰ ਦਾ ਦਿੱਤਾ ਹੋਇਆ ਉਹ ਪੈਸਾ ਲੈ ਕੇ ਗੋਲੇ ਨੂੰ ਜਿੱਨਾ ਚਾਅ ਚੜ੍ਹਿਆ, ਉਨਾ ਚਾਅ ਤਾਂ ਗੋਲੇ ਨੂੰ ਕਦੇ ਨਵਾਂ ਝੱਗਾ ਪਾਉਣ ਤੇ ਵੀ ਕਦੇ ਨਹੀਂ ਚੜ੍ਹਿਆ ਸੀ। ਮਾਂ ਤੋਂ ਇਕ ਪੈਸਾ ਲੈਣ ਲਈ ਤਾਂ ਗੋਲਾ ਕਈ ਵਾਰ ਸਾਰਾ ਦਿਨ ਤਰਲੇ ਕੱਢਦਾ ਹੁੰਦਾ ਸੀ ,ਤੇ ਮਾਂ ਦੁਕਾਨ ਤੋਂ ਸੌਦਾ ਲੈਣ ਵੇਲੇ ਉਸ ਨੂੰ ਫੁੱਲੀਆਂ ਦੇ ਝੂੰਗੇ ਨਾਲ ਹੀ ਪਰਚਾ ਦਿਆ ਕਰਦੀ ਸੀ।ਪੈਸਾ ਮੁੱਠੀ ਵਿੱਚ ਲਕੋ ਕੇ ਘਰ ਜਾਣ ਦੀ ਬਜਾਏ ਉਹ ਚਾਚੀ ਦੇ ਵੇਹੜੇ ਜਾ ਵੜਿਆ ਤੇ ਵੇਹੜੇ ਵਿੱਚ ਬੈਠੀ ਚਾਚੀ ਦੁਆਲੇ ਫੁੰਮਣੀਆਂ ਪਾਉਣ ਲੱਗ ਪਿਆ। ਉਹ ਮੈਨੂੰ ਪੁੱਛਣ ਲੱਗੀ ਕਿ ਵੇ ਗੋਲਿਆ ਇਹ ਮੁੱਠੀ ਵਿੱਚ ਕੀ ਫੜਿਆ ਹੋਇਆ ਹੈ।ਉਹ ਚਾਚੀ ਨੂੰ ਮੁੱਠੀ,ਖੋਲ੍ਹਦੇ ਹੋਏ ਬੋਲਿਆ ਚਾਚੀ ਵੇਖ ਮੇਰੇ ਕੋਲ ਪੈਸਾ ਹੈ। ਚਾਚੀ ਕਹਿਣ ਲੱਗੀ ਵੇ ਤੈਨੂੰ ਕਿੱਥੋਂ ਮਿਲਿਆ ਇਹ ਪੈਸਾ, ਉਹ ਕਹਿਣ ਲੱਗਾ ਨਾ ਚਾਚੀ, ਉਹ ਪੈਸੇ ਵਾਲੀ ਗੱਲ ਮੈਂ ਨਹੀਂ ਦੱਸਣੀ,ਚਾਚੇ ਨੇ ਕਿਹਾ ਸੀ, ਜੇ ਚਾਚੀ ਨੂੰ ਇਹ ਗੱਲ ਦੱਸੀ ਤਾਂ ਕੁੱਟ ਬੜੀ ਪਏ ਗੀ। ਚਾਚੀ ਦਾ ਅਸਲ ਗੱਲ ਸਮਝ ਕੇ ਗੋਲੇ ਦੀ ਮਾਸੂਮੀਅਤ ਵੇਖ ਕੇ ਬਦੋ ਬਦੀ ਹਾਸਾ ਨਿਕਲ ਗਿਆ।
ਉਹ ਹੱਟੀ ਗਿਆ ਤੇ ਧੇਲੇ ਦੀ ਮੁੰਗ ਫਲੀ ਰਿਉੜੀਆਂ ਨਾਲ ਝੋਲੀ ਵਿੱਚ ਪਾਈ, ਤੇ ਖਾਂਦਾ ਖਾਂਦਾ ਘਰ ਪਹੁੰਚ ਗਿਆ ਤੇ, ਪੁਛਣ ਤੇ ਸਾਰੀ ਗੱਲ ਉਸ ਨੇ ਮਾਂ ਨੂੰ ਦੱਸ ਦਿੱਤੀ, ਤੇ ਬਾਕੀ ਬਚਿਆ ਧੇਲਾ ਉਸ ਨੂੰ ਫੜਾ ਕੇ ਕਹਿਣ ਲੱਗਾ, ਲੈ ਬੇਬੇ ਇਹ ਧੇਲਾ ਸਾਂਭ ਕੇ ਰੱਖ ਛੱਡ ਮੇਰੇ ਵਾਸਤੇ,ਧੇਲਾ ਉਦੋਂ ਪੈਸੇ ਦਾ ਅੱਧ ਹੁੰਦਾ ਸੀ। ਇਸੇ ਤਰ੍ਹਾਂ ਉਦੋਂ ਧੇਲੀ ਰੁਪਈਏ ਦਾ ਅੱਧ ਹੁੰਦੀ ਸੀ।ਗੋਲੇ ਨੂੰ ਚਾਚਾ ਲਸ਼ਕਰ ਸੱਚੀਂ ਮੁਚੀਂ ਉਦੋਂ ਬੜਾ ਮੈਨੂੰ ਬੜਾ ਅਮੀਰ ਬੰਦਾ ਲੱਗਦਾ ਸੀ।
ਲਸ਼ਕਰ ਫੌਜੀ ਮੀਟ ਖਾਣ ਦਾ ਵੀ ਤਗੜਾ ਸ਼ੌਕੀਨ ਸੀ, ਕੁੱਕੜ ਮੱਛੀ, ਤਾਂ ਉਹ ਆਪ ਹੱਥੀਂ ਬਣਾ ਕੇ ਖਾਂਦਾ ਸੀ, ਪਰ ਉਹ ਬੱਕਰੇ ਝਟਕਾਉਣ ਵਿੱਚ ਵੀ ਬੜਾ ਮਾਹਿਰ ਸੀ, ਇੱਕੋ ਟੱਪ ਨਾਲ ਦੋ ਦੋ ਬੱਕਰੇ ਝਟਕਾ ਲੈਣਾ ਲਸ਼ਕਰ ਫੌਜੀ ਦਾ ਹੀ ਕੰਮ ਸੀ।ਕਿਸੇ ਦਿਨ ਦਿਹਾਰ ਜਾਂ ਵਿਆਹ ਸ਼ਾਦੀਆਂ ਤੇ ਬੱਕਰੇ ਝਟਕਾਉਣ ਲਈ ਖਾਸ ਕਰ ਲਸ਼ਕਰ ਫੌਜੀ ਨੂੰ ਹੀ ਬੁਲਾਇਆ ਜਾਂਦਾ ਸੀ।ਇਸ ਕੰਮ ਬਦਲੇ ਉਹਨੋਂ ਵੀ ਵਿੱਚੋਂ ਸੇਰ ਕੁ ਮੀਟ ਇਸ ਕੰਮ ਦੇ ਬਦਲੇ ਮਿਲ ਜਾਂਦਾ ਸੀ।
ਦੇਸ਼ ਦੀ ਵੰਡ ਤੋਂ ਬਾਅਦ ਹੋਰਨਾਂ ਸ਼ਰਨਾਰਥੀਆਂ ਵਾਂਗ ਲਸ਼ਕਰ ਵੀ ਪਿੰਡ ਪਿੰਡ ਖੱਜਲ ਖੁਆਰ ਹੁੰਦਾ ਰਿਹਾ,ਕਦੇ ਕਿਤੇ ਅਮਰੂਦ ਵੇਚਣ ਦਾ ਟੋਕਰਾ ਰੱਖੀ ਬੈਠਾ ਵੇਖਿਆ ਜਾਂਦਾ, ਕਦੇ ਕੋਈ ਖਰਬੂਜ਼ੇ ਹਦਵਾਣਿਆਂ ਦੇ ਢੇਰ ਤੇ ਹਦਵਾਣੇ ਖਰਬੂਜ਼ੇ ਵੇਚਦਾ ਵੇਖਿਆ ਜਾਂਦਾ, ਪਰ ਉਸ ਦੀ ਇੱਕ ਗੱਲ ਤਾਂ ਪੱਕੀ ਸੀ ਕਿ ਉਹ ਚੋਰੀ ਚਕਾਰੀ ਨਹੀਂ ਸੀ ਕਰਦਾ ਅਤੇ ਝੂਠ ਵੀ ਬਹੁਤ ਘੱਟ ਬੋਲਦਾ ਸੀ।।ਆਖਿਰ ਫਿਰਦੇ ਫਿਰਾਂਦੇ ਨੇ ਉਸ ਨੇ ਇਕ ਛੋਟੇ ਜਿਹੇ ਕਸਬੇ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਕੇ ਇੱਕ ਝਟਕਈ ਦਾ ਖੋਖਾ ਬਣਾ ਲਿਆ। ਜਿਸ ਤੋਂ ਥੋੜ੍ਹੀ ਦੂਰ ਹੀ ਸ਼ਰਾਬ ਦਾ ਠੇਕਾ ਵੀ ਸੀ। ਹੁਣ ਉਸ ਦਾ ਖਾਣ ਪੀਣ ਦਾ ਬੰਦੋਸਤ ਪੱਕਾ ਹੋ ਗਿਆ ਸੀ ਨਾਲੇ ਰਾਤ ਨੂੰ ਘਰ ਵਾਪਸੀ ਤੇ ਖੋਖੇ ਤੋਂ ਬਚਿਆ ਮੀਟ ਤੇ ਠੇਕੇ ਤੋਂ ਸ਼ਰਾਬ ਦਾ ਅਧੀਆ ਅਤੇ ਮੀਟ ਘਰ ਲੈ ਆਉਂਦਾ ਚਾਚੀ ਅਤੇ ਨਿਆਣੇ ਵੀ ਮੀਟ ਖਾਣ ਦੇ ਸ਼ੌਕੀਨ ਸਨ।ਹੁਣ ਔਲਾਦ ਵੀ ਵੱਡੀ ਹੋ ਚੁਕੀ ਸੀ।ਇੱਕੋ ਇੱਕ ਮੁੰਡਾ ਸੀ ਜੋ ਫੌਜ ਵਿੱਚ ਭਰਤੀ ਹੋ ਗਿਆ,ਘਰ ਦਾ ਗੁਜ਼ਾਰਾ ਮਾੜਾ ਮੋਟਾ ਹੋਣ ਲੱਗ ਪਿਆ।
ਸਮੇਂ ਦਾ ਵਾਅ ਵਰੋਲਾ ਕੀ ਪਤਾ ਕਦੋਂ ਆਦਮੀ ਨੂੰ ਆਪਣੇ ਵਿੱਚ ਲਪੇਟ ਕੇ ਕਿੱਥੇ ਸੁਟ ਜਾਵੇ ਕੁੱਝ ਇਵੇਂ ਹੀ ਹੋਇਆ ਲਸ਼ਕਰ ਫੌਜੀ ਨਾਲ ਵੀ, ਜਿੱਸ ਨੇ ਉਸ ਦੇ ਗ੍ਰਿਹਸਥ ਗੱਡੀ ਜ਼ਰਾ ਸੌਖੀ ਹੋਈ ਚਾਲ ਵਿੱਚ ਰੋੜਾ ਅਟਕਾਉਣ ਦਾ ਕੰਮ ਕੀਤਾ, ਇਕ ਦਿਨ ਕੁਝ ਬੰਦੇ ਉਸ ਦੇ ਨਾਲ ਦੇ ਠੇਕੇ ਤੇ ਕਿਸੇ ਪੁਰਾਣੇ ਵੈਰ ਕਰਕੇ ਲੜ ਪਏ, ਜਿਸ ਕਰਕੇ ਉਨ੍ਹਾਂ ਵਿੱਚੋਂ ਇਕ ਜਣੇ ਦਾ ਮੌਕੇ ਤੇ ਹੀ ਕਤਲ ਹੋ ਗਿਆ। ਲਸ਼ਕਰ ਵੀ ਉਨ੍ਹਾਂ ਕੋਲ ਜਾ ਕੇ ਖੜ੍ਹ ਕੇ ਵੇਖਣ ਲੱਗ ਪਿਆ, ਉਨ੍ਹਾਂ ਨੇ ਉਸ ਨੂੰ ਚਸ਼ਮ ਦੀਦ ਗੁਵਾਹ ਬਣਾ ਲਿਆ।ਕੇਸ ਕੋਰਟ ਵਿੱਚ ਜਾ ਲੱਗਾ।ਦੋਵੇਂ ਪਾਰਟੀਆਂ ਉਸ ਨੂੰ ਆਪੋ ਆਪਣੇ ਪੱਖ ਤੇ ਜ਼ੋਰ ਪਾਉਣ ਲੱਗੀਆਂ।ਤਰੀਕਾਂ ਤੇ ਤਰੀਕਾਂ ਪੈਣ ਲੱਗੀਆਂ, ਕਦੇ ਉਸ ਨੂੰ ਇਕ ਪਾਰਟੀ ਉਸ ਨੂੰ ਗੁਵਾਹੀ ਨਾ ਦੇਣ ਵਾਸਤੇ ਜ਼ੋਰ ਪਾਉਣ ਲੱਗੀ ਅਤੇ ਧਮਕੀਆਂ ਵੀ ਦੇਣ ਲੱਗੀ ਦੂਜੀ ਧਿਰ ਗਵਾਹੀ ਤੇ ਪੱਕੇ ਰਹਿਣ ਲਈ ਜ਼ੋਰ ਪਾਉਂਦੀ ਰਹੀ।ਲਸ਼ਕਰ ਵਿਚਾਰੇ ਦੀ ਜਾਣ ਜਿਵੇਂ ਕੜਿੱਕੀ ਵਿੱਚ ਫਸ ਗਈ। ਕੇਸ ਵਿੱਚ ਬਾਰ ਬਾਰ ਤਰੀਕਾਂ ਪੈਣ ਕਰਕੇ ਉਸ ਦੇ ਕਾਰੋਬਾਰ ਵਿੱਚ ਰੁਕਾਵਟ ਵੀ ਪੈਣੀ ਸ਼ੁਰੂ ਹੋ ਗਈ।
ਲਸ਼ਕਰ ਫੌਜੀ ਨੂੰ ਗੁਵਾਹੀ ਤੋਂ ਮੁਕਰਣ ਲਈ ਬੜੇ ਲਾਲਚ,ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਮਿਲੀਆਂ ਪਰ ਉਸ ਨੇ ਗਵਾਹੀ ਤੋਂ ਮੁਕਰਣ ਲਈ ਕਿਸੇ ਨਾਲ ਕੋਈ ਸਮਝੋਤਾ ਨਾ ਕੀਤਾ।ਪਰ ਉਹ ਹਰ ਵੇਲੇ ਇਸੇ ਚਿੰਤਾ ਵਿੱਚ ਹੀ ਫਸਿਆ ਰਹਿੰਦਾ ਕਿ ਕਿਵੇਂ ਇਸ ਰਾਹ ਜਾਂਦੀ ਮੁਸੀਬਤ ਤੋਂ ਪੱਲਾ ਛੁਡਾਵੇ।ਇਕ ਦਿਨ ਉਹ ਆਪਣੇ ਮੀਟ ਵਾਲੇ ਖੋਖੇ ਤੇ ਬੈਠਾ ਹੋਇਆ ਦੁਕਾਨ ਦਾ ਕੰਮ ਕਰ ਰਿਹਾ ਸੀ।ਦੁਕਾਣ ਤੇ ਕੁੱਝ ਅਣ ਪਛਾਤੇ ਬੰਦੇ ਆਏ ਤੇ ਤੇਜ਼ਾਬ ਨਾਲ ਭਰੀ ਹੋਈ ਬੋਤਲ ਉਸ ਦੇ ਮੂੰਹ ਤੇ ਸੁੱਟ ਕੇ ਛਾਈਂ ਮਾਂਈਂ ਹੋ ਗਏ।ਚਾਚਾ ਬੇਹੋਸ਼ ਹੋ ਗਿਆ, ਕਿਸੇ ਡਰਦੇ ਨੇ ਨਾ ਚੁਕਿਆ ਘਰ ਵਾਲੀ ਨੂੰ ਪਤਾ ਲੱਗਣ ਤੇ ਹਸਪਤਾਲ ਵਿੱਚ ਲਿਜਾਣ ਕਰਕੇ ਮਾੜੇ ਮੋਟੇ ਇਲਾਜ ਨਾਲ ਉਸ ਦੀ ਜਾਣ ਤਾਂ ਬਚ ਗਈ ਪਰ ਚੇਹਰਾ ਖਰਾਬ ਹੋਣ ਦੇ ਨਾਲ ਦੋਵੇਂ ਅੱਖਾਂ ਬੁਰੀ ਤਰ੍ਹਾਂ ਬੇਕਾਰ ਹੋ ਗਈਆਂ।ਥਾਣੇ ਪਰਚਾ ਲਿਖਾਇਆ ਗਿਆ ਪੁਲਿਸ ਵਾਲੇ ਘਰ ਆਏ ਤਾਂ ਸ਼ੱਕ ਵਿੱਚ ਕਿਸੇ ਬੰਦੇ ਦਾ ਨਾਂ ਨਾ ਲੈਣ ਕਰਕੇ ਅਤੇ ਕੋਈ ਚਸ਼ਮ ਦੀਦ ਗੁਵਾਹ ਨਾ ਹੋਣ ਕਰਕੇ ਅਤੇ ਦੂਸਰੀ ਧਿਰ ਨੇ ਪੁਲਸ ਵਾਲਿਆਂ ਨੂੰ ਕੁਝ ਦੇ ਦਿਵਾ ਕੇ ਪਰਚਾ ਰਫਾ ਦਫਾ ਹੋ ਗਿਆ।ਉਹ ਘਰ ਮੰਜੇ ਤੇ ਬੈਠ ਗਿਆ ,ਦੋਹਾਂ ਪਾਰਟੀਆਂ ਚੋਂ ਕੋਈ ਵੀ ਉਸ ਦੀ ਸਾਰ ਲੈਣ ਲਈ ਨਹੀਂ ਬਹੁੜਿਆ, ਦੁਕਾਨ ਦਾ ਸਾਰਾ ਕੰਮ ਠੱਪ ਹੋ ਗਿਆ। ਉਸ ਦਾ ਆਸਰਾ ਹੁਣ ਸਿਰਫ ਉਸਦਾ ਇਕਲੋਤਾ ਮੁੰਡਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ,ਉਸੇ ਤੇ ਹੀ ਸੀ।ਜਿਸ ਦੇ ਛੋਟੇ ਛੋਟੇ ਦੋ ਬੱਚੇ ਸਨ।ਘਰ ਵਾਲੀ ਵੀ ਹੁਣ ਕੁਝ ਕਰਨ ਦੇ ਇਲਾਵਾ ਬਸ ਝੂਰਣ ਜੋਗੀ ਹੀ ਰਹਿ ਗਈ ਸੀ।ਉਹ ਹੀ ਉਸ ਨੂੰ ਲੋੜ ਅਨੁਸਾਰ ਇਧਰ ਉਧਰ ਕਰਦੀ ਰਹਿੰਦੀ ਸੀ। ਰਿਸ਼ਤੇ ਦਾਰ ਸਾਕ ਸੰਬੰਧੀ ਖ਼ਬਰ ਸੁਰਤ ਲੈਣ ਲਈ ਕੁੱਝ ਦਿਨ ਆਉਂਦੇ ਜਾਂਦੇ ਰਹੇ।ਫਿਰ ਹੌਲੀ ਹੌਲੀ ਵਸਦਾ ਰਸਦਾ ਘਰ ਸੁੰਨ ਮਸਾਣ ਜਿਹਾ ਲੱਗਣ ਲੱਗ ਪਿਆ।
ਤੁਰਨ ਫਿਰਨ ਤੋਂ ਆਤੁਰ ਹੋਏ ਚਾਚੇ ਲਸ਼ਕਰ ਦੀ ਹਾਲਤ ਮੰਜੇ ਤੇ ਹੀ ਬੈਠੇ ਰਹਿਣ ਕਰਕੇ ਦਿਨੋ ਦਿਨ ਵਿਗੜਦੀ ਗਈ।ਹੁਣ ਉਹ ਬੇ ਪਛਾਣਾ ਜਿਹਾ ਹੋ ਗਿਆ ਸੀ ਤੇ ਉਸਦੀ ਯਾਦਾਸ਼ਤ ਵੀ ਲਗ ਪਗ ਜੁਵਾਬ ਦੇ ਚੁਕੀ ਸੀ।ਕਤਲ ਦੇ ਜਿਸ ਕੇਸ ਵਿੱਚ ਉਸ ਨੂੰ ਚਸ਼ਮ ਦੀਦ ਗੁਵਾਹ ਬਣਾਇਆ ਗਿਆ ਸੀ,ਉਹ ਵੀ ਅਜੇ ਅਦਾਲਤਾਂ ਵਿੱਚ ਉਸੇ ਤਰ੍ਹਾਂ ਲਟਕਦਾ ਆ ਰਿਹਾ ਸੀ।ਇਕ ਦਿਨ ਚਾਚੇ ਦੇ ਹੱਕ ਵਿੱਚ ਗੁਵਾਹੀ ਦੁਆਉਣ ਵਾਲੀ ਧਿਰ ਦੇ ਬੰਦੇ ਉਸ ਦੇ ਘਰ ਆਏ ਤੇ ਉਸ ਦੀ ਹਾਲਤ ਵੇਖ ਕੇ ਕੁੱਝ ਗੱਲਾਂ ਬਾਤਾਂ ਕਰਕੇ ਚਲੇ ਗਏ।ਕਚਹਿਰੀ ਵਿੱਚ ਲੰਮੀਆਂ ਲੰਮੀਆਂ ਤਰੀਕਾਂ ਪੈਂਦੀਆਂ ਰਹੀਆਂ।
ਇੱਕ ਦਿਨ ਕਚਹਿਰੀ ਤੋਂ ਪਿਆਦਾ ਸੰਮਣ ਲੈ ਕੇ ਆਇਆ ਤੇ ਪਿੰਡ ਦੇ ਮੁਅਤਬਰਾ ਕੋਲੋਂ ਉਸ ਦੀ ਹਾਲਤ ਦੀ ਸਾਰੀ ਰਪੋਰਟ ਕਰਾ ਕੇ ਲੈ ਗਿਆ। ਲਸ਼ਕਰ ਦੀ ਹਾਲਤ ਹੁਣ ਬਹੁਤ ਚਿੰਤਾ ਜਨਕ ਬਣੀ ਹੋਈ ਸੀ। ਲੰਮਾ ਸਮਾਂ ਮੰਜੇ ਪਏ ਰਹਿਣ ਕਰਕੇ ਖਰਾਬ ਹੋਈ ਹਾਲਤ ਵੇਖ ਕੇ ਘਰ ਵਾਲੀ ਨੇ ਆਪਣੇ ਫੌਜੀ ਮੁੰਡੇ ਨੂੰ ਤਾਰ ਭੇਜ ਕੇ ਕੁਝ ਦਿਨਾਂ ਲਈ ਛੁੱਟੀ ਮੰਗਵਾ ਲਿਆ।ਜੋ ਉਸ ਦੀ ਮਾੜੀ ਮੋਟੀ ਦੇਖ ਭਾਲ ਕਰਦਾ ਰਿਹਾ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ। ਕੁਝ ਹੀ ਦਿਨਾਂ ਬਾਅਦ ਲਸ਼ਕਰ ਫੌਜੀ ਦੇ ਪ੍ਰਾਣ ਪਖੇਰੂ ਸਦਾ ਲਈ ਉਡਾਰੀ ਮਾਰ ਗਏ। ਉਸੇ ਦਿਨ ਹੀ ਕਿਸੇ ਨੇ ਦੱਸਿਆ ਕਿ ਜਿਸ ਕੇਸ ਜਿਸ ਵਿੱਚ ਉਹ ਚਸ਼ਮ ਦੀਦ ਗੁਵਾਹ ਸੀ ਉਸ ਕੇਸ ਵਿੱਚ ਕਿਸੇ ਚਸ਼ਮ ਦੀਦ ਗੁਵਾਹੀ ਨਾ ਭੁਗਤਣ ਕਰਕੇ, ਕਾਤਲ ਬਰੀ ਹੋ ਚੁਕਾ ਸੀ।ਅਰਥੀ ਨਾਲ ਜਾਂਦੇ ਲੋਕਾਂ ਵਿੱਚੋਂ ਕਈ ਬੰਦੇ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰ ਰਹੇ ਸਨ, ਵੇਖੋ ਰੱਬ ਦੇ ਰੰਗ ਇਕ ਪਾਸੇ ਕੋਈ ਚਸ਼ਮ ਦੀਦ ਗੁਵਾਹੀ ਨਾ ਹੋਣ ਕਰਕੇ ਕੋਈ ਕਾਤਲ ਬਰੀ ਹੋ ਚੁਕਾ ਹੈ। ਦੂਜੇ ਪਾਸੇ ਇਹ ਲਸ਼ਕਰ ਫੌਜੀ ਵਚਾਰਾ ਕੋਈ ਚਸ਼ਮ ਦੀਦ ਗੁਵਾਹ ਨਾ ਮਿਲਣ ਕਰਕੇ ਮੌਤ ਦੀ ਕਾਲ ਕੋਠੜੀ ਵਿੱਚ ਸਦਾ ਲਈ ਬੰਦ ਹੋ ਗਿਆ ਹੈ।
ਕੀੜੀਆਂ ਦਾ ਭੌਣ
ਦਫਤਰੋਂ ਘਰ ਆਉਂਦਿਆਂ ਹੀ ਮਹਿੰਦਰ ਪਾਲ ਨੇ ਆਪਣੀ ਪਤਨੀ ਨੂੰ ਅਵਾਜ ਮਾਰੀ, ”ਮਧੂ, ਇੱਕ ਗਲਾਸ ਪਾਣੀ ਦੇਣਾ, ਪਿਆਸ ਲੱਗੀ ਹੈ।” ਮਧੂ ਪਾਣੀ ਲੈ ਕੇ ਆਉਂਦੀ ਹੈ। ਅੱਜ ਤਾਂ ਬਹੁਤ ਥੱਕੇ ਨਜਰ ਆਉਂਦੇ ਹੋ”, ਮਧੂ ਬੋਲੀ। ਮੋਢੇ ਤੋਂ ਬੈਗ ਉਤਾਰ ਕੇ ਸੋਫੇ ਤੇ ਰੱਖਦਿਆਂ ਮਹਿੰਦਰ ਪਾਲ ਨੇ ਲੰਬਾ ਸਾਹ ਲਿਆ, ‘ਹਾਅ…।’ ਨਾਲ ਹੀ ਸਿਰ ਸੋਫੇ ਦੀ ਢੋਅ ਤੇ ਸੁੱਟ ਕੇ ਛੱਤ ਨੂੰ ਦੇਖਣ ਤੇ ਸੋਚਣ ਲੱਗ ਪੈਂਦਾ ਹੈ।
ਮਹਿੰਦਰ ਪਾਲ ਲੋਕਲ ਤਹਿਸੀਲ ਦਫਤਰ ਵਿੱਚ ਅੰਕੜਾ ਕਲਰਕ ਸੀ। ਮਧੂ ਧਾਰਮਿਕ ਸੁਭਾਅ ਦੀ ਗ੍ਰਹਿਣੀ ਹੈ। ਦੋਵੇਂ ਬੱਚੇ…ਬੇਟਾ ਸਾਹਿਲ ਤੇ ਬੇਟੀ ਅੰਜੂ ਕਾਲਜ ਦੇ ਵਿਦਆਰਥੀ ਨੇ।
ਮਹਿੰਦਰ ਪਾਲ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਰਕਾਰੀ ਨੌਕਰੀ ਕਹਿਣਾ ਹੀ ਸੌਖਾ ਹੈ ਪਰ ਨਿਭਾਉਣੀ ਬੜੀ ਔਖੀ ਹੈ। ਅੱਜ-ਕੱਲ ਤਾਂ ਨਿਰੀ ਕੁੱਤੇ ਖਾਣੀ ਤੇ ਗੁਲਾਮੀ ਬਣ ਗਈ ਹੈ। ਬੰਦਾ ਜਾਂ ਤਾਂ ਅਫਸਰ ਹੋਵੇ ਜਾਂ ਸੇਵਾਦਾਰ…..ਪਰ ਸਰਕਾਰੀ ਬਾਊ ਕਦੇ ਨਾ ਬਣੇ…ਜੂਨ ਗਰਕ ਜਾਂਦੀ ਹੈ, ਬਾਊ ਬਣ ਕੇ,,। ਕੋਈ ਖੁਸ਼ ਹੋ ਕੇ ਕੁਝ ਦੇਜੇ, ਤਾਂ ਵੀ ਬੁਰਾ ਤੇ ਜੇ ਨਾ ਮਿਲੇ ਤਾਂ ਵੀ ਬਦਨਾਮੀ। ਉਪਰੋਂ ਵੱਡੇ ਅਫਸਰਾਂ ਦਾ ਅਫਸਰਪੁਣਾ ਡਾਕ ਦੀਆਂ ਫਾਇਲਾਂ ਚੁੱਕ-ਚੁੱਕ ਵਾਰ-ਵਾਰ ਦਫਤਰ ਦੇ ਅੰਦਰ ਝਾਕਣਾ ਕਿ ਅਫਸਰ ਵੇਹਲਾ ਹੈ ਜਾਂ ਨਹੀਂ ਫੇਰ ਡਾਕ ਸਾਇਨ ਕਰਵਾਉਣੀ, ਕੋਈ ਫਾਇਲ ਰਹਿ ਨਾ ਜਾਵੇ, ਕਾਹਲੀ- ਕਾਹਲੀ ਸਭੇ ਫਾਇਲਾਂ ਧਰਨੀਆਂ ਤੇ ਚੁੱਕਣੀਆਂ, ਫੇਰ ਕਿਸੇ ਅੜੀ ਫਸੀ ਜਾਂ ਲੇਟ ਹੋਈ ਫਾਇਲ ਤੇ ਸਫਾਈ ਦੇਣੀ ਤੇ ਕਾਰਨ ਸ਼ਪੱਸ਼ਟ ਕਰਨੇ, ਕਦੇ- ਕਦੇ ਅਫਸਰ ਦੇ ਜਰੂਰੀ ਫਾਇਲ ਨੂੰ ਕੋਲ ਰੱਖ ਲੈਣਾ, ਦੇਰੀ ਵਾਲੀ ਫਾਇਲ ਬਾਰੇ ਟੈਸ਼ਨ ਅਤੇ ਫਾਇਲਾਂ ਸਬੰਧੀ ਪਬਲਿਕ ਦਾ ਤੋੜ- ਤੋੜ ਖਾਣਾ, ਫੋਨ ਤੇ ਫੋਨ ਕਰਨੇ। ਸਾਰਾ ਦਿਨ ਮਸ਼ੀਨ ਵਾਂਗ ਕੰਮ ਕਰੋ ਤੇ ਰਾਤ ਨੂੰ ਟੈਸ਼ਨ ਨਾਲ ਨੀਂਦ ਨਾ ਆਉਣੀ ਤੇ ਜੇ ਉੱਠੋ ਫੇਰ ਦਿਨੇ ਉਹੋ ਰੋਣਾ- ਧੋਣਾ। ਐਤਵਾਰ, ਸ਼ਨੀਵਾਰ ਕੋਈ ਨਾ ਕੋਈ ਐਮਰਜੈਂਸੀ ਚਿੱਠੀ- ਪੱਤਰ, ਡਿਊਟੀ ਸੰਗੇ ਫਸੇ ਰਹਿੰਦੀ ਹੈ, ਬੱਚਿਆਂ ਦੀਆਂ ਫੀਸਾਂ, ਕੱਪੜੇ, ਬਿਜਲੀ ਦਾ ਬਿੱਲ ਤੇ ਘਰ ਦੇ ਹੋਰ ਲਟਰਮ- ਪਟਰਮ ਖਰਚੇ ਤੇ ਤਨਖਾਹ….ਤਨਖਾਹ ਦਾ ਤਾਂ ਆਉਣ ਦਾ ਬਾਦ ‘ਚ ਪਤਾ ਲੱਗਦਾ ਖਰਚੀ ਪਹਿਲਾਂ ਜਾਂਦੀ ਐ, ਜੇ ਕਿਤੇ ਤਨਖਾਹਾਂ ਹਫਤਾ ਲੇਟ ਹੋ ਜਾਣ ਤਾਂ ਜਾਨ ਸੰਗ ਨੂੰ ਆ ਜਾਂਦੀ ਐ, ਹੋਮ ਲੋਨ ਦੀ ਕਿਸ਼ਤ ਸਿਰੇ ਚੜੀ ਜਾਨ ਸੁਕਾਉਂਦੀ ਹੈ, ਫੇਰ ਐਧਰ – ਉਧਰ ਝਾਕਣਾ ਪੈਂਦਾ ਕਿ ਸੌਖਾ ਕਿਹੜਾ ਹੈ, ਸ਼ਾਇਦ ਕੋਈ ਡੰਗ ਸਾਰ ਦੇਵੇ। ਤੇ ਸਭ ਤੋਂ ਭੈੜਾ ਉਸਨੂੰ ਦਫਤਰ ਦਾ ਸੁਪਰਡੰਟ ਕਿਸ਼ੋਰੀ ਲਾਲ ਲੱਗਦਾ ਸੀ ਜੋ ਕਿ ਹਰ ਫਾਇਲ ਤੇ ਪੈਸੇ ਵਾਲੇ ਕੇਸ ਵਿੱਚ ਲਾਲਾਂ ਸੁੱਟਦਾ ਰਹਿੰਦਾ ਸੀ। ਹਰ ਵੇਲੇ ਸੂਹ ਲੈਂਦਾ ਰਹਿੰਦਾ ਸੀ ਕਿ ਕਿਹੜਾ ਬਾਊ ਕੀ- ਕੀ ਕੰਮ ਕਰਦਾ ਹੈ। ਫਾਇਦੇ ਵਾਲੀਆਂ ਫਾਇਲਾਂ ਘੁੱਟੀ ਰੱਖਦਾ ਤੇ ਖਾਸੀ ਦਿਲਚਸਪੀ ਲੈਂਦਾ। ”ਮੈਂ ਤਾਂ ਆਪਣੇ ਬੱਚਿਆਂ ਨੂੰ ਬਾਊਗਿਰੀ ਵਿੱਚ ਕਦੇ ਨਹੀ ਪਾਉਣਾ, ਕਦੇ ਵੀ ਨਹੀਂ” , ਉਹ ਗੁੱਸੇ ‘ਚ ਬੋਲਿਆ। ਉਹ ਇਕੇ ਸਾਹ ਸਾਰਾ ਹਾਲ ਸੁਣਾ ਗਿਆ।
ਮਹਿੰਦਰ ਪਾਲ ਦੀ ਪਤਨੀ ਬੋਲੀ, ‘ਰੋਜ ਹੀ ਤੁਹਾਨੂੰ ਦੇਖਦੀ ਹਾਂ, ਪਰੇਸ਼ਾਨ ਰਹਿੰਦੇ ਹੋ, ਤੁਸੀਂ ਬਾਹਲੀ ਚਿੰਤਾ ਨਾ ਕਰਿਆ ਕਰੋ, ਪ੍ਰਭੂ ਦਾ ਨਾਮ ਲਿਆ ਕਰੋ।’ ਸੱਚ ਹਾਂ.. ਮੈਂ ਕੱਲ ਸਵੇਰੇ ਮੰਦਰ ਗਈ ਸੀ ਤਾਂ ਮੰਦਰ ਵਾਲੇ ਵੱਡੇ ਪੰਡਤ ਜੀ ਨੇ ਤੁਹਾਡੀ ਸੁੱਖ ਸਾਂਦ ਪੁੱਛੀ ਤਾਂ ਮੈਂ ਤੁਹਾਡੇ ਬਾਰੇ ਗੱਲ ਕੀਤੀ ਸੀ, ਉਹ ਕਹਿੰਦੇ ਸੀ, ”ਸ਼ਨੀ ਭਾਰੂ ਲੱਗਦੈ, ਮਹਿੰਦਰ ਨੂੰ ਕਹੋ ਕੀੜੀਆਂ ਦੇ ਭੌਣ ਤੇ ਤਿਲ, ਚੌਲ ਤੇ ਸ਼ੱਕਰ ਆਦਿ ਜੋ ਵੀ ਮਿਲੇ, ਸ਼ਾਮ ਨੂੰ ਪਾ ਆਇਆ ਕਰੇ, ਇਹ ਜੀਵ ਰੱਬ ਦੇ ਨੇੜੇ ਹੁੰਦੇ ਨੇ, ਇਹ ਖੁਸ਼ ਤਾਂ ਰੱਬ ਖੁਸ਼, ਬੇਟਾ ਸਭ ਪਰੇਸ਼ਾਨੀਆਂ, ਮੁਸ਼ਕਿਲਾਂ ਦੂਰ ਹੋ ਜਾਣਗੀਆਂ, ਮਨ ਅਤੇ ਜਿੰਦਗੀ ਵਿੱਚ ਸ਼ਾਂਤੀ ਤੇ ਖੁਸ਼ੀ ਆਵੇਗੀ।”
“ਕੀੜੀਆਂ ਦਾ ਭੌਣ..??” ਮਹਿੰਦਰ ਪਾਲ, ਮਧੂ ਦੀ ਗੱਲ ਸੁਣ ਵਿਅੰਗੀ ਭਾਵਾਂ ਨਾਲ ਮੁਸਕਰਾਇਆ। ਸ਼ਾਇਦ ਇਹ ਹੱਲ ਉਸਨੂੰ ਬਹੁਤ ਹੀ ਨਿਗੂਣਾਂ ਤੇ ਬੇ- ਮਾਇਨਾ ਲੱਗ ਰਿਹਾ ਸੀ ਤੇ ਆਪਣੀ ਰੋਜ ਮਰਾ ਦੀ ਹਾਲਤ ਕੋਈ ਗੌਰੀ ਸ਼ੰਕਰ ਦੀ ਉੱਚੀ ਚੋਟੀ ਲੱਗ ਰਿਹਾ ਸੀ ਜਿਸਦੇ ਪੈਰਾਂ ਵਿੱਚ ਉਹ ਕੀੜੀ ਬਣ ਖੜਾ ਸੀ। ਮਧੂ ਬੋਲੀ, ”ਦੇਖੋ ਜੀ, ਹੁਣ ਕੋਈ ਟਾਲਾ ਨਹੀ ਕਰਨਾ, ਕੱਲ ਸ਼ਨੀਵਾਰ ਹੈ, ਛੁੱਟੀ ਵਾ ਤੇ ਤੁਸੀਂ ਸ਼ਾਮ ਨੁੰ ਕੀੜੀਆਂ ਦੇ ਭੌਣ ਤੇ ਤਿੱਲ ਤੇ ਚੌਣ ਪਾਵਣ ਜਾਵੋਗੇ।”
ਮਹਿੰਦਰ ਪਾਲ ਕੋਲ ਸਿਵਾਏ ਹਾਂ ਵਿੱਚ ਸਿਰ ਹਲਾਉਣ ਦੇ ਕੋਈ ਹੋਰ ਚਾਰਾ ਨਹੀ ਸੀ। ਸਾਰੀ ਰਾਤ ਸੋਚਦਾ ਰਿਹਾ ਤਿੱਲ ਤੇੇ ਚੌਲ ਜਿੰਦਗੀ ਦੀਆਂ ਸਭੇ ਤੰਗੀਆਂ ਦਾ ਹੱਲ ਹੋ ਸਕਦੇ ਨੇ ?? ਫੇਰ ਉਹਦੀਆਂ ਅੱਖਾਂ ਮੂਹਰੇ ਪੈਂਡਿੰਗ ਦਫਤਰੀ ਡਾਕ- ਫਾਇਲਾਂ ਦਾ ਪਰਬਤ ਆਣ ਖਲੋ ਗਿਆ।
ਸ਼ਨੀਵਾਰ ਛੁੱਟੀ ਵਾਲੇ ਦਿਨ ਉਹ ਉੱਠਦਾ ਤਾਂ ਲੇਟ ਹੁੰਦਾ ਸੀ, ਪਰ ਅੱਜ ਉਹ ਜਲਦੀ ਉੱਠਿਆ ਤੇ ਤੜਕ ਸਾਰ ਹੀ ਸੈਰ ਨੂੰ ਨਿਕਲ ਤੁਰਿਆ, ਉਸ ਸੋਚਿਆ ਏਸੇ ਬਹਾਨੇ ਕੀੜੀਆਂ ਦਾ ਭੌਣ ਲੱਭ ਜਾਵੇਗਾ। ਪਾਰਕ ਵਿੱਚ ਦੀ ਲੰਘਿਆ ਪਰ ਕੋਈ ਭੌਣ ਜਾਂ ਕੋਈ ਮਿੱਟੀ ਦੀ ਵਰਮੀ ਨਜਰ ਨਾ ਆਈ ਜਿੱਥੇ ਕੀੜੀਆਂ ਹੋਣ। ਫੇਰ ਧੁੱਪ ਚਮਕਣ ਲੱਗੀ ਤੇ ਉਹ ਗਰਮੀ ਤੋਂ ਡਰਦਾ ਘਰ ਵਾਪਸ ਪਰਤ ਆਇਆ। ਗਰਮੀ ਤੋਂ ਡਰ ਨੇ ਉਸ ਨੂੰ ਮਹਿਸੂਸ ਕਰਵਾਇਆ ਕਿ ਉਹ ਦਫਤਰ ਵਿੱਚ ਏ.ਸੀ ਦੀ ਠੰਡੀ ਹਵਾ ਵਿੱਚ ਬੈਠ ਬੈਠ ਕੇ ਕਿੰਨਾ ਸੋਹਲ ਹੋ ਗਿਆ ਸੀ। ਘਰ ਆ ਕੇ ਸਾਹ ਲੈ ਕੇ ਨਹਾ ਧੋ ਕੇ ਅਖਬਾਰੀ ਦੁਨੀਆਂ ਵਿੱਚ ਗੁਆਚ ਗਿਆ। ਚਾਹ ਦਾ ਕੱਪ ਫੜਾਉਂਦੀ ਮਧੂ ਬੋਲੀ, “ਆ ਗਏ ਸੈਰ ਕਰਕੇ।” ਉਹ ਬੋਲਿਆ ਮਧੂ, “ਮੈਂ ਸਾਰੇ ਰਾਹ ਦੇਖਦਾ ਗਿਆ ਪਰ ਕਿਤੇ ਵੀ ਕੋਈ ਕੀੜੀਆਂ ਦਾ ਭੌਣ ਜਾਂ ਵਰਮੀ ਨਹੀ ਦਿਖੀ।” ਮਧੂ ਮੁਸਕਰਾਈ ਤੇ ਬੋਲੀ, “ਵੇਖੋ ਜੀ, ਕੀੜੀਆਂ ਤੇ ਜੰਤੂ – ਪ੍ਰਾਣੀ ਤੜਕਸਾਰ ਕਿਥੇ ਲੱਭਣਗੇ। ਉਹ ਵੀ ਵਿਚਾਰੇ ਦਿਨ ਨਿਕਲੇ ਹੀ ਆਪਣੀ ਰੋਜੀ- ਰੋਟੀ ਦੀ ਭਾਲ ਵਿੱਚ ਨਿਕਲਦੇ ਨੇ ਤੇ ਸ਼ਾਮਾਂ ਪਈਆਂ ਦਾਨਾ- ਚੋਗਾ ਇੱਕਠਾ ਕਰਕੇ ਪਰਤਦੇ ਨੇ। ਉਹ ਤਾਂ ਸ਼ਾਮ ਨੁੂੰ ਮਿਲਣਗੇ, ਸੂਰਜ ਢਲਦਿਆਂ।”
ਮਹਿੰਦਰ ਪਾਲ ਫੇਰ ਸੋਚੀਂ ਪੈ ਗਿਆ ਕਿ ਸ਼ਾਇਦ ਮਧੂ ਠੀਕ ਕਹਿੰਦੀ ਹੈ। ਜੀਵ – ਜੰਤੂ, ਪਸ਼ੁੂ – ਪ੍ਰਾਣੀ ਵੀ ਗਰਮੀ- ਸਰਦੀ ਤੋਂ ਡਰਦੇ ਨੇ, ਪਰਿਵਾਰ ਲਈ ਦਾਨਾ-ਚੋਗਾ ਚੁੱਗ ਕੇ, ਘਰ ਨੂੰ ਪਰਤਦੇ ਨੇ, ਥੱਕ ਕੇ, ਮਿਹਨਤ ਕਰਕੇ,,,ਮਨੁੱਖਾਂ ਵਾਂਗ ਹੀ,,ਉਹਦੇ ਵਾਂਗ ਹੀ..।
“ਮਧੂ ਬੱਚੇ ਕਿੱਥੇ ਨੇ” ਮਹਿੰਦਰ ਪਾਲ ਨੇ ਪੁੱਛਿਆ। ”ਸਾਹਿਲ ਮੈਚ ਖੇਡਣ ਗਿਆ ਵਾ ਤੇ ਅੰਜੂ ਸਹੇਲੀ ਕੋਲੋਂ ਨੋਟਿਸ ਲੈਣ ਗਈ ਏ, ਜੀ’ ਰਸੋਈ ਅੰਦਰੋਂ ਮਧੂ ਨੇ ਅਵਾਜ ਦਿੱਤੀ। ਸਾਰਾ ਦਿਨ ਘਰ ਦੇ ਛੋਟੇ ਮੋਟੇ ਕਾਰ ਵਿਹਾਰਾਂ ਵਿੱਚ ਦਿਨ ਲੰਘ ਗਿਆ ਸ਼ਾਮਾਂ ਪੈਂਦਿਆਂ ਸੂਰਜ ਅਸਤ ਹੋਣ ਦੇ ਕਿਨਾਰੇ ਸੀ ਕਿ ਮਹਿੰਦਰ ਪਾਲ ਘਰੋਂ ਤੁਰ ਪਿਆ ਕੀੜੀਆਂ ਦੇ ਭੌਣ ਨੁੰ ਲੱਭਣ ਲਈ।
ਘਰ ਦੇ ਨੇੜਲਾ ਪਾਰਕ ਪਾਰ ਕਰਦੇ ਹੀ ਉਹ ਹੋਰ ਅੱਗੇ ਨਿਕਲ ਗਿਆ ਹੱਥ ਵਿੱਚ ਤਿਲਾਂ, ਚੌਲਾਂ ਤੇ ਸ਼ੱਕਰ ਦਾ ਛੋਟਾ ਲਿਫਾਫਾ ਕਿਸੇ ਵਿਸ਼ਵਾਸ਼ ਸੰਗ ਘੁੱਟ ਕੇ ਤੁਰਦਾ- ਤੁਰਦਾ ਉਹ ਸ਼ਹਿਰ ਤੋਂ ਦੂਰ ਨਿਕਲ ਗਿਆ।ਸ਼ਹਿਰ ਦੇ ਬਾਹਰਵਾਰ ਨਹਿਰ ਕਿਨਾਰੇ ਅਣਗਿਣਤ ਰੁੱਖਾਂ ਦੀਆਂ ਕਤਾਰਾਂ ਦੇਖ ਉਸਦਾ ਮਨ ਖੁਸ਼ ਹੋ ਗਿਆ। ਆਪਣੇ ਆਪ ਨੁੁੁੂੰ ਬੋਲਿਆ, “ਏਥੇ ਕੀੜੀਆਂ ਦਾ ਭੌਣ ਜਰੂਰ ਹੋਵੇਗਾ।”
ਨਹਿਰ ਕਿਨਾਰੇ ਠੰਡੀ ਹਵਾ, ਪਾਣੀ ਦੀ ਠੰਡਕ ਤੇ ਸ਼ਾਂਤੀ ਦੇ ਦ੍ਰਿਸ ਨੇ ਉਸਦੇ ਅਸ਼ਾਂਤ ਮਨ ਨੂੰ ਸ਼ਾਂਤ ਕੀਤਾ, ਪੰਛੀਆਂ ਦੀ ਚਹਿਕ ਤੇ ਰੌਲੀ ਵਿੱਚ ਆ ਕੇ ਉਸਨੂੰ ਵਧੀਆ ਤੇ ਸਕੂਨ ਭਰਿਆ ਲੱਗਾ। ਫੇਰ ਅੱਗੇ ਹੋਇਆ ਤਾਂ ਇੱਕ ਮਿੱਟੀ ਦੀ ਵਰਮੀ ਨਜਰੀ ਪਈ, ਉਹ ਖੁਸ਼ ਹੋ ਗਿਆ। ਨਜਦੀਕ ਉਸਨੂੰ ਕਾਫੀ ਕੀੜੀਆਂ ਦੀ ਰੌਣਕ ਤੇ ਹਿੱਲ – ਜੁੱਲ ਦਿਖੀ। ਕਈ ਕੀੜੀਆਂ ਵਰਮੀ ਵਿੱਚੋਂ ਆ ਰਹੀਆਂ ਸਨ ਤੇ ਕਈ ਕਤਾਰਾਂ ਜਾ ਰਹੀਆਂ ਸਨ। ਉਹ ਨੀਝ ਨਾਲ ਬੈਠਾ ਤੱਕਣ ਲੱਗਾ।
ਫੇਰ ਉਸਨੇ ਲਿਫਾਫੇ ਵਿੱਚੋਂ ਤਿੱਲ, ਚੌਲ ਤੇ ਸ਼ੱਕਰ ਕੱਢੀ ਤੇ ਕੀੜੀਆਂ ਦੀ ਕਤਾਰਾਂ ਅੱਗੇ ਖਿਲਾਰਿਆ। ਉਸਨੇ ਧਿਆਨ ਨਾਲ ਵੇਖਿਆ ਕਿ ਜੋ ਕੀੜੀਆਂ ਮਿੱਟੀ ਦੀ ਵਰਮੀ ਵਲੋਂ ਆ ਰਹੀਆਂ ਸਨ ਉਹ ਕਾਹਲੀ ਕਾਹਲੀ ਸ਼ੱਕਰ, ਤਿਲ ਤੇ ਚੌਲ ਜੋ ਵੀ ਹੱਥ ਲੱਗਾ, ਚੁੱਕ- ਚੁੱਕ ਘਰਾਂ ਨੂੰ ਲਿਜਾਣ ਲੱਗੀਆਂ, ਰਸਤੇ ਵਿੱਚ ਦੂਜੀਆਂ ਕੀੜੀਆਂ ਜੋ ਜਾ ਰਹੀਆਂ ਸਨ, ਉਨਾਂ ਨੂੰ ਵੇਖ ਵਾਪਸ ਤਿੱਲਾਂ ਚੌਲਾਂ ਤੇ ਸ਼ੱਕਰ ਵੱਲੇ ਭੱਜੀਆਂ। ਕੁਝ ਕੀੜੀਆਂ ਉਸ ਨੂੰ ਵਧੇਰੇ ਲੋਭੀ ਲੱਗੀਆਂ ਜੋ ਸ਼ੱਕਰ ਵਰਗੀ ਮਿੱਠੀ ਚੀਜ ਵੱਲੇ ਹੀ ਕੇਂਦਰਤ ਸਨ ਤੇ ਕੁਝ ਵਿਚਾਰੀਆਂ ਸਿਰਫ ਤਿਲ ਤੇ ਚੌਲ ਲਿਜਾ ਰਹੀਆਂ ਸਨ। ਕੁਝ ਕੀੜੀਆਂ ਦੀ ਚਾਲ ਤੇਜ ਤੇ ਦੂਹਰੇ – ਤੀਹਰੇ ਫੇਰੇ ਦੀ ਸੀ ਤੇ ਕੁਝ ਸਿਰਫ ਇੱਕ-ਇੱਕ ਦਾਨਾ ਹੀ ਆਪਣੇ ਘਰ ਤੱਕ ਲਿਜਾ ਰਹੀਆਂ ਸਨ। ਪਰ ਜਾ ਇੱਕੋ ਹੀ ਕਤਾਰ ਵਿੱਚ ਰਹੀਆਂ ਸਨ। ਇਨੇ ਨੂੰ ਵਰਮੀ ਅੰਦਰ ਜਾਣ ਵਾਲੇ ਸਮਾਨ ਦੀ ਆਮਦ ਨਾਲ ਅਣਗਿਣਤ ਕੀੜੀਆਂ ਬਾਹਰ ਆ ਗਈਆਂ। ਵੇਂਹਦਿਆਂ-ਵੇਂਹਦਿਆਂ ਹੀ ਭੌਣ ਵਿੱਚ ਰੌਣਕ ਹੋ ਗਈ। ਹਰ ਬੰਨੇ ਖੋਹ-ਮਈ ਤੇ ਕੁਰਬਲ-ਕੁਰਬਲ ਹੋਣ ਲੱਗੀ। ਹੁਣ ਉਸਨੇ ਬਚਦੇ ਤਿੱਲ, ਚੌਲ ਤੇ ਸ਼ੱਕਰ ਵੀ ਭੌਣ ਤੇ ਪਾ ਦਿੱਤਾ।
ਅਚਾਨਕ ਉਸਨੂੰ ਇੱਕ ਅਜੀਬ ਦ੍ਰਿਸ਼ ਦਿਿਸਆ ਜੋ ਇਸ ਸ਼ਾਂਤਮਈ ਮਾਹੌਲ ਵਿੱਚ ਖਲਬਲੀ ਪਾ ਗਿਆ। ਉਹ ਧਿਆਨ ਨਾਲ ਵੇਖਣ ਲੱਗ ਪਿਆ। ਇਹ ਇੱਕ ਵੱਡ ਅਕਾਰੀ ਕੀੜਾ ਸੀ ਜੋ ਭੱਜਾ ਆਇਆ ਤੇ ਧੱਕਾ-ਮੁੱਕੀ ਕਰਨ ਲੱਗਾ ਤੇ ਹਰ ਇੱਕ ਚੀਜ ਤੇ ਆਪਣਾ ਅਧਿਕਾਰ ਜਤਾਉਣ ਤੇ ਕਬਜਾ ਕਰਨ ਲੱਗਾ। ਮਿੱਠੀ ਸ਼ੱਕਰ ਦੇ ਵੱਡੇ ਢੇਲਿਆਂ ਤੇ ਮਾਲਕੀ ਜਤਾ ਰਿਹਾ ਸੀ। ਬਾਕੀ ਕੀੜੀਆਂ ਉਸਦੇ ਮਾਲਕੀ ਵਾਲੇ ਢੇਲਿਆਂ ਤੋਂ ਦੂਰੀ ਬਣਾ ਰਹੀਆਂ ਸਨ। ਇਹ ਉਸਨੁੰ ਬਿਲਕੁਲ ਸੁਪਰਡੰਟ ਕਿਸ਼ੋਰੀ ਲਾਲ ਵਰਗਾ ਲੱਗਾ ਇਹ ਉਨਾਂ ਵਰਗਾ ਸੀ ਜੋ ਦੂਜਿਆਂ ਦੀ ਸ਼ਾਂਤੀ ਭੰਗ ਕਰਦੇ ਹਨ। ਤਿਲ, ਚੌਲ ਅਤੇ ਸ਼ੱਕਰ ਆਪੋ-ਆਪਣੇ ਕੱਦ ਮੁਤਾਬਕ ਆਮ ਲੋਕਾਂ ਜਿਹੇ ਲੱਗੇ ਜਿਨਾਂ ਦਾ ਮਾਸ ਸਰਕਾਰੀ ਦਫਤਰਾਂ ਵਿੱਚ, ਹਸਪਤਾਲਾਂ ਵਿੱਚ ਤੇ ਹੋਰ ਨਿਜ਼ਾਮੀਂ ਤਾਕਤਾਂ ਵਲੋਂ ਚੂੰਢਿਆਂ ਜਾਂਦਾ ਹੈ ਤੇ ਇਹ ਸਿਲਸਿਲਾ ਹਰ ਥਾਂ ਜਾਰੀ ਹੈ।
ਇਸ ਸਭ ਨੇ ਉਸ ਦੇ ਮਨ ਦੀ ਅਸ਼ਾਂਤੀ ਤੇ ਪਰੇਸ਼ਾਨੀ ਹੋਰ ਵਧਾ ਦਿੱਤੀ। ਉਸਦੇ ਘਰ ਨੁੰ ਮੁੜਦੇ ਕਦਮ ਧੀਮੇ ਹੋ ਰਹੇ ਸਨ। ਇਹ ਸਭ ਦੇਖ ਉਸਦੀ ਥਕਾਨ ਪਹਾੜ ਵਾਂਗ ਵੱਧ ਰਹੀ ਸੀ। ਉਹ ਥੱਕ ਕੇ ਜਦ ਹਨੇਰੇ ਹੋਏ ਆਪਣੇ ਘਰ ਪਹੁੰਚਿਆ ਤਾਂ ਅੱਗੋ ਗੇਟ ਖੋਲਦਿਆਂ ਹੀ ਮਧੂ ਬੋਲੀ, ”ਕੀੜੀਆਂ ਦਾ ਭੌਣ ਲੱਭਾ।” ਉਸਦੀ ਗੱਲ ਵਿੱਚੇ ਹੀ ਟੋਕਦੇ ਹੋਏ ਉਹ ਇੱਕੋ ਹੀ ਗੱਲ ਕਹਿ ਸਕਿਆ, ”ਸਭ ਜਗਾ੍ਹ ਇੱਕੋ ਹੀ ਵਰਤਾਰਾ ਹੈ..ਇੱਕੋ ਹੀ…ਕੀੜੀਆਂ ਦੇ ਭੌਣ ਵਾਂਗਰ।” ਹੁਣ ਦੋਵਾਂ ਦੇ ਚੇਹਰਿਆਂ ਤੇ ਵੱਡੀ ਚੁੱਪੀ ਸੀ।
ਬੋਲਦੇ ਅੱਥਰੂ
“ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!” ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ। ਬੱਚਿਆਂ ਨੂੰ ਮੇਰੀ ਜਿਉਂਦੀ ਦਾ ਇਤਨਾ ਦੁੱਖ ਕਿਉਂ ਹੈ…? ਕੀ ਇਹ ਮੈਨੂੰ ਮਰੀ ਹੀ ਚਾਹੁੰਦੇ ਨੇ…? ਪਰ ਮੈਂ ਤਾਂ ਇਹਨਾਂ ਦਾ ਕਦੇ ਕੋਈ ਮਾੜਾ ਨਹੀਂ ਸੀ ਕੀਤਾ…! ਨਿੱਤ ਇਹਨਾਂ ਦੇ ਸੌ ਕੰਮ ਸੰਵਾਰਦੀ ਸੀ। ਕੀ ਹੋ ਗਿਆ ਹੁਣ ਮੈਂ ਬਿਰਧ ਹੋ ਗਈ…? ਜੇ ਕੁਝ ਹੋਰ ਨਹੀਂ ਕਰ ਸਕਦੀ, ਮੰਜੇ ‘ਤੇ ਬੈਠੀ ਇਹਨਾਂ ਲਈ ਅਰਦਾਸਾਂ ਤਾਂ ਕਰਦੀ ਹਾਂ ਨ੍ਹਾਂ…?
“ਜਾਨ ਛੁੱਟਦੀ, ਕੰਮ ਨਿਬੜਦਾ…! ਨਾਲ਼ੇ ਆਪ ਤੰਗ ਹੁੰਦੀ ਹੈ ਨਾਲ਼ੇ ਸਾਨੂੰ ਕਰਦੀ ਹੈ…!”
“ਮੈਂ ਤਾਂ ਲੱਕੜਾਂ ਲਈ ਵੀ ਆਖ ਆਇਆ ਸੀ…!” ਪੁੱਤ ਦੇ ਮੂੰਹੋਂ ਕੁਪੱਤੇ ਬੋਲ ਸੁਣ ਕੇ ਉਸ ਦੇ ਦਿਲ ਵਿੱਚੋਂ ਉਠੀ ਟੀਸ ਸਾਰੇ ਸਰੀਰ ਵਿੱਚ ਕੈਂਸਰ ਵਾਂਗ ਫ਼ੈਲ ਗਈ! ਆਪਣੀ ਜੰਮੀ ਔਲਾਦ ਨੂੰ ਮਾਂ ਤੋਂ ਬੇਹਤਰ ਕੌਣ ਜਾਣ ਸਕਦਾ ਹੈ? ਜ਼ਰਾ ਅੱਖ ਫ਼ਰਕੀ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ । ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚੋਂ ਕੋਲ ਖੜ੍ਹਾ ਪਰਿਵਾਰ ਧੁੰਦਲ਼ਾ ਦਿਸਣ ਲੱਗ ਪਿਆ, ਪਰ ਅਤੀਤ ਸ਼ੀਸ਼ੇ ਵਾਂਗ ਸਾਫ਼, ਬਿਲਕੁਲ ਸਪੱਸ਼ਟ ਹੋ ਸਾਹਮਣੇ ਆ ਖੜ੍ਹਿਆ।…
“ਚੱਲ ! ਬੱਸ ਕਰ ਹੁਣ ਰੋਣਾਂ ਧੋਣਾਂ, ਅੱਜ ਤੂੰ ਡੋਲੀ ਚੜ੍ਹ ਮੇਰੇ ਘਰ ਆਈ ਹੈਂ ਤੇ ਹੁਣ ਆਪਾਂ ਮਿਲ ਕੇ ਇੱਕ ਨਵਾਂ ਜੀਵਨ ਸ਼ੁਰੂ ਕਰੀਏ!” ਮੋਹਣ ਸਿੰਘ, ਉਸ ਦਾ ਘਰਵਾਲਾ, ਜੋ ਅੱਜ ਹੀ ਡੋਲੀ ਲੈ ਸਵਿੰਦ ਨੂੰ “ਆਪਣੀ” ਬਣਾ ਕੇ ਆਪਦੇ ਘਰ ਲਿਆਇਆ ਸੀ, ਨੇ ਆਪਦਾ ਹੱਕ ਜਿਹਾ ਜਤਾਉਂਦੇ ਹੋਏ ਕਿਹਾ। ਅੱਖਾਂ ਦੀ ਬਰਸਾਤ ਜਿਵੇਂ ਖ਼ਤਮ ਹੀ ਨਹੀਂ ਸੀ ਹੋਣਾ ਚਾਹੁੰਦੀ। ਧੁੰਦਲ਼ਾ ਜਿਹਾ ਅੱਲ੍ਹੜ ਉਮਰ ਦਾ ਇੱਕ ਵਾਕਿਆ ਯਾਦ ਆ ਗਿਆ।….
“ਵੇਖ ਸਵਿੰਦ, ਹੁਣ ਤੂੰ ਸਿਆਣੀ ਹੋ ਰਹੀ ਹੈਂ, ਕੱਲ੍ਹ ਆਪਣੇ ਘਰ ਜਾਵੇਂਗੀ, ਸਾਡੀ ਜਿੰਮੇਵਾਰੀ ਤੇਰੇ ਵਿਆਹ ਤਿੱਕ ਹੀ ਹੈ, ਜਦੋਂ ਤੇਰੀ ਡੋਲੀ ਐਸ ਘਰ ਤੋਂ ਚਲੀ ਗਈ, ਤੇ ਮੁੜ ਕੋਈ ਸ਼ਿਕਾਇਤ ਨਾ ਆਵੇ, ਸਾਡੇ ਕੋਲ ਖੁਸ਼ ਹੋ ਕੇ ਹੀ ਮਿਲਣ ਗਿਲਣ ਆਈਂ। ਜਿਸ ਘਰ ਗਈ, ਓਥੋਂ ਤੇਰੀ ਅਰਥੀ ਹੀ ਨਿਕਲੇ!” ਜਵਾਨ ਹੁੰਦੀ ਸਵਿੰਦ ਨੂੰ ਮਾਂ ਦੀਆਂ ਸਾਰੀਆਂ ਗੱਲਾਂ ਓਸ ਵੇਲੇ ਸਮਝ ਨਹੀ ਸੀ ਆ ਰਹੀਆਂ। ਪਰ ਅੱਜ ਮੋਹਣ ਸਿੰਘ ਦੇ ਦੋ ਬੋਲਾਂ ਨਾਲ ਹੀ ਮਾਂ ਦੀ ਓਸ ਵੇਲੇ ਕਹੀਆਂ ਗਈਆਂ ਬੇਤੁਕੀਆਂ ਜਿਹੀਆਂ ਗੱਲਾਂ ਦਾ ਸਾਰਾ ਮਤਲਬ ਸਮਝ ਆ ਰਿਹਾ ਸੀ। ….ਮੇਰੇ ਮਾਪੇ, ਭੈਣ, ਭਰਾ, ਉਹ ਘਰ, ਸਭ ਮੇਰੇ ਨਹੀਂ ਸੀ… ਮੇਰਾ ਸਫ਼ਰ ਤਾਂ ਹੁਣ ਸ਼ੁਰੂ ਹੋ ਰਿਹਾ ਸੀ। ਭਾਵੇਂ ਅੱਖਾਂ ਵਿੱਚ ਹੰਝੂ ਸੀ, ਪਰ ਮਨ ਨੂੰ ਸਕੂਨ ਆ ਗਿਆ ਕਿ ਆਪਣਾ ਕਹਿਣ ਨੂੰ ਹੁਣ ਮੇਰਾ ਵੀ ਘਰ ਹੋਊਗਾ। ਹਾਲਾਂਕਿ ਕਿਸੇ ਵੀ ਧੀ ਲਈ ਇਹ ਗੱਲ ਬਹੁਤ ਹੀ ਪੀੜਾਦਾਇਕ ਹੁੰਦੀ ਹੈ ਕਿ ਕਿਵੇਂ ਪਿਛਲੇ ਸਾਰੇ ਰਿਸ਼ਤੇ ਚਾਰ “ਫ਼ੇਰਿਆਂ” ਨਾਲ ਹੀ ਆਪਣਾ ਹੱਕ ਬਦਲ ਲੈਂਦੇ ਹਨ। ਪਰ ਸਮਾਜਿਕ ਪ੍ਰੰਪਰਾਵਾਂ ਨੂੰ ਚਲਾਣ ਲਈ ਖਾਮੋਸ਼ੀ ਨਾਲ ਸਭ ਸਵੀਕਾਰਨਾ ਹੀ ਪੈਦਾ ਹੈ।
ਮੋਹਣ ਸਿੰਘ ਨੇ ਧੀਮੇ ਜਹੀ ਸਵਿੰਦ ਦਾ ਹੱਥ ਦੱਬਿਆ ….ਤੇ ਜਿਵੇਂ ਉਹ ਪੇਕਿਆਂ ਤੋਂ ਸਿੱਧੀ ਸਹੁਰੇ ਘਰ ਆ ਡਿੱਗੀ ਹੋਵੇ।ਵਿਆਹ ਦੇ ਢੋਲ-ਢਮੱਕੇ ਦੇ ਨਾਲ ਹੀ ਆਪਣੇ ਨਵੇਂ ਜੀਵਨ ਵਿੱਚ ਵੀ ਸੰਗੀਤ ਵੱਜਣ ਲੱਗ ਪਿਆ। ਇਸ ਸੰਗੀਤ ਵਿੱਚ ਕਦੋਂ ਕਿਲਕਾਰੀਆਂ ਅਤੇ ਲੋਰੀਆਂ ਦੇ ਸੁਰ ਰਲ ਗਏ, ਸਵਿੰਦ ਕੌਰ ਨੂੰ ਪਤਾ ਹੀ ਨਹੀਂ ਲੱਗਿਆ। ਉਹ ਤਾਂ ਹਜੇ ਆਪਣੇ ਆਪ ਨੂੰ ਵੀ ਬਾਲੜੀ ਜਿਹੀ ਹੀ ਮਹਿਸੂਸ ਕਰਦੀ ਸੀ। ਘਰ ਦੇ ਢੇਰ ਸਾਰੇ ਚੁੱਲ੍ਹੇ-ਚੌਂਕੇ ਦੇ ਕੰਮ ਨਾਲ ਨਾਲ ਵੱਡੇ ਪਰਿਵਾਰ ਦੀ ਸਾਰ ਸੰਭਾਲ, ਸਭ ਨੂੰ ਖੁਸ਼ ਰੱਖਣਾ, ਮੰਜੇ ‘ਤੇ ਪਏ ਦਾਦੇ ਸਹੁਰੇ ਦੀ ਦੇਖ-ਭਾਲ ਤਾਂ ਦਿਨ ਰਾਤ ਹੀ ਕਰਨੀ ਪੈਂਦੀ ਸੀ। ਸੁੱਖ ਨਾਲ ਆਪਦੇ ਵੀ ਚਾਰ ਜੁਆਕ ਹੋ ਗਏ ਸੀ। ਸਵਿੰਦ ਨੂੰ ਪਤਾ ਹੀ ਨਹੀਂ ਚੱਲਿਆ ਕਿ ਜ਼ਿੰਦਗੀ ਜੀਵੀਂ ਹੈ? ਯਾਂ ਕਿ ਬੀਤੀ ਹੈ?? ਆਪਦੇ ਨਿਆਣੇ ਪਾਲ਼ਦੇ-ਪਾਲ਼ਦੇ ਮੱਥੇ ਦੀ ਲੱਟ ਚਿੱਟੀ ਹੋ ਗਈ, ਜਿਸ ਨੂੰ ਅੱਜ ਸ਼ੀਸ਼ੇ ਵਿੱਚ ਵੇਖ ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰਿਆ ਅਤੇ ਹੱਥ ਜੋੜ ਕੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਿਆਣੇ ਹੁਣ ਸਿਆਣੇ ਹੋ ਚੱਲੇ ਹਨ। ਬੱਚਿਆਂ ਦੇ ਵਿਆਹਾਂ ਦੀਆਂ ਗੱਲਾਂ ਘਰ ਵਿੱਚ ਚੱਲ ਰਹੀਆਂ ਸਨ।
“ਸਵਿੰਦ, ਮੈਨੂੰ ਤੇ ਆਪਣੇ ਵੱਡੇ ਮੁੰਡੇ ਦਾ ਰਿਸ਼ਤਾ ਪਸੰਦ ਆਇਆ ਹੈ, ਤੂੰ ਕਿ ਕਹਿੰਦੀ ਹੈਂ?” ਪਤੀਦੇਵ ਨੇ ਹਾਮ੍ਹੀਂ ਭਰਵਾਉਣ ਦੇ ਮਕਸਦ ਨਾਲ ਗੁਰਦਿੱਤੇ ਪੁੱਤਰ ਦੇ ਆਏ ਰਿਸ਼ਤੇ ਦੀ ਗੱਲ ਸਾਂਝੀਂ ਕੀਤੀ।
“ਹਾਂਜੀਂ, ਰਿਸ਼ਤਾ ਉਹਨਾਂ ਨੇ ਆਪ ਹੀ ਮੰਗਿਆ ਹੈ, ਸਾਡੇ ਲਈ ਤੇ ਮਾਣ ਦੀ ਗੱਲ ਹੈ।” ਚਿਹਰੇ ‘ਤੇ ਚਮਕ ਜਿਹੀ ਆ ਗਈ। ਸਵਿੰਦ ਦੇ ਜਿਵੇਂ ਆਪਣੇ ਸੱਸ ਹੋਣ ਦੀ ਰਾਹ ਤੱਕ ਰਹੀ ਸੀ । ਜਲਦ ਹੀ ਘਰ ਦਾ ਮਾਹੌਲ ਸ਼ਹਿਨਾਈ ਵਿੱਚ ਬਦਲ ਗਿਆ। ਨੂੰਹ ਘਰ ਆਈ ਤੇ ਜਿਵੇਂ ਸਵਿੰਦ ਨੂੰ ਆਪਣੀ ਵਿਦਾਈ ਯਾਦ ਆ ਗਈ। ਨਾਲ ਹੀ ਨੂੰਹ ਵਾਸਤੇ ਮੋਹ ਨਾਲ ਮਨ ਭਰ ਆਇਆ। ਮੈਂ ਵੀ ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਆਈ ਸੀ ਤੇ ਅੱਜ ਇਹ ਵੀ ਮੇਰੇ ਪੁੱਤ ਦਾ ਘਰ ਵਸਾਉਣ ਆ ਗਈ ਹੈ। ਬਹੁਤ ਖੁਸ਼ ਸੀ, ਉਡੀ ਫ਼ਿਰਦੀ ਸੀ ਆਪਣੇ ਪੁੱਤ ਦਾ ਘਰ ਵਸਾ ਕੇ!
“ਸੁਣਦੇ ਹੋ, ਮੇਰਾ ਜੋ ਸੋਨਾਂ ਹੈ, ਓਸ ਵਿੱਚੋਂ ਮੈਂ ਸੋਨੇ ਦੀ ਗਾਨੀ ਤੇ ਕਾਂਟੇ ਬਹੂ ਨੂੰ “ਮੱਥਾ ਟਿਕਾਈ” ਦੀ ਰਸਮ ਵਿੱਚ ਦੇ ਦਵਾਂ? ਬਾਕੀ ਦਾ ਦੂਜੇ ਬੱਚਿਆਂ ਵਿੱਚ ਵੰਡ-ਦੂੰਗੀ?” ਖੁਸ਼ੀ ਨਾਲ ਅੱਜ ਸਭ ਕੁਝ ਨਿਛਾਵਰ ਕਰਨ ਨੂੰ ਜਿਵੇਂ ਤਿਆਰ ਹੀ ਬੈਠੀ ਸੀ।
“ਕਮਲੀ ਨਾ ਬਣ…! ਬਹੂ ਦੇ ਨਿਵੇਤ ਦਾ ਸੋਨਾ ਉਹਨੂੰ ਪਾ ਦਿੱਤਾ ਹੈ, ਤੂੰ ਆਪਣਾ ਆਪਦੇ ਕੋਲ ਰੱਖ, ਤੇਰੇ ਔਖੇ ਵੇਲੇ ਕੰਮ ਆਉਗਾ”, ਮੋਹਣ ਸਿੰਘ ਜਿਵੇਂ ਕੁਝ ਇਸ਼ਾਰੇ ਵਿੱਚ ਸਮਝਾਉਣਾ ਚਾਹੁੰਦਾ ਸੀ ਕਿ ਨੂੰਹਾਂ ਨੂੰ ਕਾਬੂ ਰੱਖਣ ਦੇ ਵੀ ਕੁਝ ਅਸੂਲ ਹੁੰਦੇ ਹਨ। ਇਸ ਪਾਸਿਓਂ ਸਵਿੰਦ ਭੋਲ਼ੀ ਹੀ ਸੀ, “ਜੋ ਕੁਝ ਹੈ, ਇਹਨਾਂ ਦਾ ਹੀ ਤੇ ਹੈ! ਅੱਜ ਕੀ ਤੇ ਕੱਲ੍ਹ ਕੀ, ਮੈਨੂੰ ਰੀਝ ਆਉਂਦੀ ਹੈ!”
ਪਤੀਦੇਵ ਨੇ ਸੁਆਲੀਆ ਨਜ਼ਰਾਂ ਨਾਲ ਸਵਿੰਦ ਨੂੰ ਵੇਖਦੇ ਹੋਏ ਸਲਾਹ ਦਿੱਤੀ, “ਭਾਗਵਾਨੇ ਜੇ ਮੈਨੂੰ ਕੁਝ ਹੋ ਗਿਆ, ਤੇ ਐਸ ਸੋਨੇ ਨੇ ਹੀ ਤੇਰੀ ਕਦਰ ਪਵਾਉਣੀ ਹੈ ਘਰ ਵਿੱਚ!” ਸਵਿੰਦ ਨੇ ਮੂੰਹ ‘ਤੇ ਹੱਥ ਰੱਖ ਦਿੱਤਾ, “ਅੱਜ ਤੇ ਆਹ ਗੱਲ ਕਹਿ ਦਿੱਤੀ, ਅੱਗੋਂ ਕਦੇ ਨਾ ਕਿਹੋ, ਮੈਂ ਤੁਹਾਡੇ ਹੱਥੀਂ ਹੀ ਜਾਣਾ ਹੈ ਇਸ ਦੁਨੀਆਂ ਤੋਂ!” ਉਸ ਦੀਆਂ ਅੱਖਾਂ ਭਰ ਆਈਆਂ ਤੇ ਪਤੀ-ਪ੍ਰਮੇਸ਼ਰ ਦੇ ਮੋਢੇ ‘ਤੇ ਸਿਰ ਲਾ ਲਿਆ, “ਮੈਨੂੰ ਮੇਰੇ ਬੱਚਿਆਂ ਤੋਂ ਆਹ ਸੋਨਾ ਜ਼ਿਆਦਾ ਪਿਆਰਾ ਨਹੀਂ, ਹੱਥੀ ਦੇ ਦਿਊਂਗੀ ਤੇ ਖੁਸ਼ ਹੋਣਗੀਆਂ, ਪਿੱਛੋਂ ਕਿਸ ਨੇ ਦੇਖਿਆ ਹੈ?”
“ਚੱਲ ਬਾਬਾ, ਜਿਵੇਂ ਤੂੰ ਖੁਸ਼!” ਸਵਿੰਦ ਦੇ ਹੰਝੂ ਪੂੰਝਦੇ ਹੋਏ ਮੋਹਣ ਬੋਲਿਆ। ਜਦ ਬਹੂ ਨਿਰਮਲ ਕੌਰ ਮੱਥਾ ਟੇਕਣ ਆਈ, ਆਪਣੀ ਬੁੱਕਲ਼ ਵਿੱਚ ਲਕੋਏ ਸੋਨੇ ਦੇ ਗਹਿਣੇ ਬਹੂ ਦੀ ਝੋਲੀ ਵਿੱਚ ਪਾ ਦਿੱਤੇ ਅਤੇ ਅਸੀਸਾਂ ਅਤੇ ਦੁਆਵਾਂ ਦਾ ਹੜ੍ਹ ਲਿਆ ਦਿੱਤਾ। ਘਰ ਵਿੱਚ ਚਹਿਲ-ਪਹਿਲ ਵਧ ਗਈ ਸੀ। ਸਾਲ ਲਾਡ ਪਿਆਰ ਵਿੱਚ ਹੀ ਗੁਜ਼ਰ ਗਿਆ। ਲੱਗਦੇ ਸਾਲ ਨੂੰ ਨਿਰਮਲ ਦਾ ਪੈਰ ਭਾਰੀ ਹੋ ਗਿਆ। ਮੂਲ਼ ਨਾਲੋਂ ਵਿਆਜ਼ ਜ਼ਿਆਦਾ ਪਿਆਰਾ ਹੁੰਦਾ ਹੈ, ਅਤੇ ਹੁਣ ਸਵਿੰਦ ਦਾ ਸਾਰਾ ਸਮਾਂ ਬਹੂ ਦੇ ਇਰਦ- ਗਿਰਦ ਪ੍ਰਕਰਮਾਂ ਕਰਦਿਆਂ ਹੀ ਗੁਜਰਦਾ। ਕੀ ਖਾਣੈਂ? ਕਦੋਂ ਖਾਣੈਂ? ਸੌਣਾ, ਉਠਣਾ, ਬੈਠਣਾ, ਸਭ ਦਾ ਖਿਆਲ ਰੱਖਦੀ, ਜਿਵੇਂ ਨਵੇਂ ‘ਜੀਅ’ ਦੇ “ਸੁਆਗਤ” ਦੀ ਹਰ ਵੇਲੇ ਤਿਆਰੀ ਕਰ ਰਹੀ ਹੋਵੇ। ਭਾਗਾਂ ਭਰਿਆ ਦਿਨ ਆਇਆ, ਤੇ ਨੌਂ ਮਹੀਨੇ ਦੀ ਸੇਵਾ ਤੋਂ ਬਾਅਦ ਸਵਿੰਦ ਨੂੰ ਇੱਕ ਗੁਲਾਬੀ ਹੱਥਾਂ ਵਾਲੀ ਕੋਮਲ ਜਿਹੀ ਰਾਜਕੁਮਾਰੀ ਦੀ ਦਾਦੀ ਬਣਨ ਦਾ ਸੁਭਾਗ ਮਿਲਿਆ।
ਦਿਨ ਗੁਜ਼ਰਦਿਆਂ ਆਪਣਾ ਪਰਿਵਾਰ ਵਧਣ-ਫ਼ੁੱਲਣ ਲੱਗ ਪਿਆ। ਨਿੱਕੀ ਜਿਹੀ ਜੁਆਕੜੀ ਪੋਤੀ ਪਾਲ਼ਦੇ ਹੋਏ ਆਪਣੀ ਧੀ ਦੇ ਵਿਆਹ ਦਾ ਖ਼ਿਆਲ ਆਉਣ ਲੱਗ ਪਿਆ। ਤਿੰਨੋਂ ਪੁੱਤਰ ਆਪਣੇ-ਆਪਣੇ ਕੰਮ ਧੰਦੇ ਲੱਗੇ ਸੀ। ਪਰ ਕੋਮਲ ਵੀ ਪੜ੍ਹ ਰਹੀ ਸੀ। ਘਰ ਵਿਚ ਲਾਡਲੀ ਸੀ ਤੇ ਜ਼ਿਆਦਾ ਕੋਈ ਕੁਝ ਆਖਦਾ ਵੀ ਨਹੀਂ ਸੀ। ਪਰ ਸਵਿੰਦ ਸੋਚ ਕੇ ਬੈਠੀ ਸੀ ਕਿ ਇਸ ਵਾਰ ਕੋਮਲ ਨਾਲ ਵਿਆਹ ਦਾ ਜ਼ਿਕਰ ਜ਼ਰੂਰ ਕਰੇਗੀਙ ਦਿਵਾਲੀ ਦੀ ਛੁੱਟੀਆਂ ‘ਤੇ ਜਦ ਕੋਮਲ ਘਰ ਆਈ ਤਾਂ ਮਾਂ ਨੇ ਮੌਕਾ ਦੇਖ ਕੇ ਉਸ ਨੂੰ ਟੋਹਿਆ ।
“ਦੇਖ ਪੁੱਤ, ਹਰ ਕੰਮ ਆਪਦੇ ਸਮੇਂ ‘ਤੇ ਹੀ ਸੋਭਦੇ ਹਨ, ਤੇਰੇ ਹੱਥ ਪੀਲੇ ਕਰਣ ਦਾ ਵੀ ਸਮਾਂ ਆ ਗਿਆ ਹੈ, ਆਹੀ ਸਾਲ ਪੂਰਾ ਕਰ, ਤੇ ਅਸੀ ਵੀ ਸੁਰਖਰੂ ਹੋਈਏ!”
“ਕੀ ਮਤਲਬ ਹੈ ਤੇਰਾ ਮਾਂ…? ਮੇਰੇ ਵਿਆਹ ਬਾਰੇ ਤੇ ਸੋਚਿਓ ਜੇ ਵੀ ਨਾਂ…! ਮੇਰੀ ਡਿਗਰੀ ਪੂਰੀ ਹੋਣ ਤੋਂ ਬਾਅਦ ਮੈਂ ਪ੍ਰਰੈਕਟਿਸ ਕਰਕੇ ਕੈਰੀਅਰ ਬਣਾਉਣੈ, ਨਾ ਕਿ ਵਿਆਹ ਕਰਵਾ ਕੇ ਕਿਸੇ ਦੀ ਗੁਲਾਮ ਬਣਨਾ ਹੈ!” ਸਾਰਾ “ਫ਼ਿਊਚਰ ਪਲਾਨ” ਕੋਮਲ ਨੇ ਇੱਕ ਸਾਹ ਵਿਚ ਮਾਂ ਨੂੰ ਦੱਸ ਮਾਰਿਆ। ਆਪਣੀ ਧੀ ਦੇ ਜ਼ਿੱਦੀ ਸੁਭਾਅ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਰਾਤ ਨੂੰ ਸਾਰੀ ਗੱਲ ਪਤੀਦੇਵ ਨੂੰ ਦੱਸੀ। ਸੁਣਕੇ ਮੋਹਣ ਸਿੰਘ ਉਦਾਸ ਹੋ ਗਿਆ ਸੀ। ਪਰ ਹਾਉਕਾ ਜਿਹਾ ਭਰ ਕੇ ਬੋਲਿਆ, “ਧੀ ਦਾ ਧਨ ਹੈ, ਘਰੋਂ ਧੱਕੇ ਨਾਲ ਤਾਂ ਨਹੀਂ ਕੱਢ ਸਕਦੇ? ਕਰ ਲੈਣ ਦੇ ਜੋ ਕਰਨਾ ਚਾਹੁੰਦੀ ਹੈ।” ਅੱਖਾਂ ਬੰਦ ਕਰ ਕੇ ਕਿਸੇ ਗਹਰੀ ਸੋਚ ਵਿੱਚ ਖੋਅ ਗਿਆ। ਪਰ ਕੋਲ ਪਈ ਸਵਿੰਦ ਟਿਕ-ਟਿਕੀ ਲਗਾਏ ਛੱਤ ਵੱਲ ਵੇਖਦੀ ਹੋਈ ਇੱਕ ਅਣਜਾਣ ਜਿਹੀ ਚਿੰਤਾ ਵਿੱਚ ਖੁੱਭ ਗਈ। ਪੋਤੀ ਦੋ ਸਾਲ ਦੀ ਹੋ ਗਈ ਸੀ। ਹੁਣ ਦੂਜੇ ਪੁੱਤਰ ਦੇ ਵਿਆਹ ਬਾਰੇ ਫ਼ਿਕਰ ਕਰਨ ਲੱਗ ਪਈ। ਭੂਆ ਸੱਸ ਆਈ ਨੂੰ ਵੇਖ ਕੇ ਸਵਿੰਦ ਨੂੰ ਲੱਗਿਆ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ। ਖਾਣੇਂ ਤੋਂ ਵਿਹਲੀ ਹੋ ਕੇ ਉਹ ਲੰਮੀ ਪਈ ਭੂਆ ਸੱਸ ਦੇ ਪੈਰਾਂ ਵੱਲ ਆ ਬੈਠ ਗਈ ਅਤੇ ਮੰਨ ਦੀ ਗੰਢ ਖੋਲ੍ਹ ਦਿੱਤੀ।
“ਤੂੰ ਫ਼ਿਕਰ ਕਾਹਦੀ ਕਰਦੀ ਏਂ? ਰਿਸ਼ਤਿਆਂ ਦਾ ਕਿਹੜਾ ਕਾਲ ਪਿਆ ਏ??”
“ਮੇਰੇ ਮਨ ਤੋਂ ਤਾਂ ਤੁਸਾਂ ਬੋਝ ਹੀ ਲਾਹ ਦਿੱਤਾ ਭੂਆ ਜੀ!”
“ਬੱਸ, ਤੂੰ ਤਿਆਰੀ ਖਿੱਚ ਕੁੜ੍ਹੇ!”
ਮਹੀਨੇ ਵਿੱਚ ਹੀ ਬਹੁਤ ਉਚੇ ਘਰ ਦਾ ਰਿਸ਼ਤਾ ਭੂਆ ਨੇ ਵਿਚੋਲਣ ਬਣ ਕਰਵਾ ਦਿੱਤਾ। ਭੁਆ ਦਾ ਪਰਤਾਪ ਸੀ, ਗੱਲ ਬਿਨਾ ਕਿਸੇ ਮੀਣ-ਮੇਖ ਤੋਂ ਸਿਰੇ ਲੱਗ ਗਈ। ਮੁੜ ਇੱਕ ਵਾਰ ਫੇਰ ਘਰ ਵਿੱਚ ਧੂੰਮ-ਧੜੱਕਾ ਮੱਚਿਆ ਅਤੇ ਵੱਡੇ ਘਰ ਦੀ ਕੁੜੀ ਨੂੰਹ ਬਣ ਆ ਗਈ। ਦੂਜੇ ਪੁੱਤ ਦਾ ਘਰ ਵਸਾਉਣ ਲਈ। ਸਵਿੰਦ ਨੇ ਬੜੇ ਚਾਅ ਨਾਲ ਬੁੱਕਲ਼ ਵਿੱਚ ਦੂਜੀ ਨੂੰਹ ਦੇ “ਮੱਥਾ ਟਿਕਾਈ” ਵਾਸਤੇ ਦੇਣ ਲਈ ਆਪਦੇ ਕੁਝ ਗਹਿਣੇ ਲਕੋਈ ਖੜ੍ਹੀ, ਬੜੀ ਬੇਤਾਬੀ ਨਾਲ ਨੂੰਹ ਦੀ ਰਾਹ ਦੇਖ ਰਹੀ ਸੀ। ਬੇਸਬਰੀ ਨਾਲ ਕਦੇ ਪਤੀਦੇਵ ਵੱਲ ਵੇਖ ਲੈਦੀਂ ਸੀ ਅਤੇ ਕਦੇ ਬੂਹੇ ਵੱਲਙ ਸੋਚ ਰਹੀ ਸੀ ਕਿ ਔਰਤ ਨੂੰ ਆਪਣੇ ਗਹਿਣੇ ਗੱਟੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਔਲਾਦ ਦੇ ਸਾਹਮਣੇ ਉਸ ਦੀ ਵੀ ਚਮਕ ਘੱਟ ਜਾਂਦੀ ਹੈ। ਕਾਫ਼ੀ ਦੇਰ ਉਡੀਕਣ ਤੋਂ ਬਾਅਦ ਪੁੱਤ ਨੂੰ ਹਾਕ ਮਾਰੀ,”ਚੰਨਿਆਂ, ਵੇ ਤੇਰੀ ਬਹੂ ਕਿੱਥੇ ਆ? ਮੈਂ ਸ਼ਗਨ ਫੜੀ ਬੈਠੀ ਹਾਂ!”
“ਮਾਂ ਉਹ ਤਾਂ ਪੈਗੀ, ਥੱਕੀ ਪਈ ਸੀ!” ਮੁੰਡੇ ਨੇ ਮੀਸਣਾ ਜਿਹਾ ਬਣ ਕੇ ਉਤਰ ਦਿੱਤਾ।
ਮੋਹਣ ਸਿੰਘ ਦੇ ਕੁਝ ਬੋਲਣ ਤੋਂ ਪਹਿਲਾ ਹੀ ਬੋਲ ਪਈ।
“ਆਹੋ! ਬੰਦਾ ਥੱਕ ਤਾਂ ਜਾਂਦਾ ਹੀ ਹੈ, ਚਲ ਮੈਂ ਹੀ ਸ਼ਗਨ ਫੜਾ ਆਉਂਦੀ ਹਾਂ, ਆਖਰ ਮੇਰੀ ਨੂੰਹ ਹੈ!” ਆਖ ਕੇ ਉਹ ਨਵੀਂ ਨੂੰਹ ਸਵੀਟੀ ਦੇ ਕਮਰੇ ਵੱਲ ਟੁਰ ਪਈ ।
ਸਵੀਟੀ ਮੱਥੇ ‘ਤੇ ਹੱਥ ਰੱਖ ਲੇਟੀ ਜਿਵੇਂ ਸਿਰਫ਼ ਆਪਣੇ ਪਤੀ ਚੰਨਣ ਸਿੰਘ ਦਾ ਇੰਤਜਾਰ ਕਰ ਰਹੀ ਸੀ ।
“ਕੀ ਗੱਲ ਪੁੱਤ, ਥੱਕ ਗਈ ਲੱਗਦੀ ਹੈਂ?” ਸੱਸ ਦਾ ਚਾਅ ਅਤੇ ਮਮਤਾ ਉਬਲ਼ ਉਬਲ਼ ਪੈਂਦੀ ਸੀ।
“ਹੂੰ…!” ਬੱਸ ਇਤਨਾ ਹੀ ਜਵਾਬ ਮਿਲਿਆ ਸਵੀਟੀ ਤੋਂ!
“ਮੈਂ ਉਡੀਕਦੀ ਸੀ ਸ਼ਗਨ ਦੇਣ ਲਈ ਮੱਥਾ ਟੇਕ…!” ਸ਼ਬਦ ਸਵਿੰਦ ਦੇ ਗਲੇ ਵਿੱਚ ਅਟਕ ਗਏ। ਕਿਉਂਕਿ ਬਹੂ ਨੇ ਤੇ ਉਠ ਕੇ ਬੈਠਣ ਦੀ ਵੀ ਤਕਲੀਫ਼ ਨਹੀਂ ਸੀ ਕੀਤੀ।
“ਲੈ ਪੁੱਤ, ਮੇਰੀ ਪੂੰਜੀ ਵਿੱਚੋਂ ਤੇਰਾ ਹਿੱਸਾ!”
“ਤੁਸੀਂ ਮੈਨੂੰ ਸੈੱਟ ਪਾਅ ਤਾਂ ਦਿੱਤਾ ਸੀ? ਮੇਰੇ ਮਾਪਿਆਂ ਨੇ ਬਥੇਰਾ ਦੇ ਦਿੱਤਾ ਮੈਨੂੰ, ਤੁਸੀ ਆਪਣਾ ਆਪਣੇ ਕੋਲ਼ ਰੱਖੋ!”
“ਮੈਂ ਹੁਣ ਬੁੱਢੇ ਬਾਰੇ ਕਿਸ ਨੂੰ ਵਖਾਉਣੇ ਨੇ? ਥੋਡੀ ਤਾਂ ਉਮਰ ਹੈ।” ਆਖ ਕੇ ਗਹਿਣੇ ਬਹੂ ਦੇ ਅੱਗੇ ਰੱਖ ਕੇ ਕਮਰੇ ਤੋਂ ਬਾਹਰ ਆ ਗਈਙ ਮੋਹਣ ਸਿੰਘ ਨੇ ਕੁਝ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਉਹ ਕੁਝ ਨਹੀਂ ਬੋਲੀ। ਪਰ ਉਸ ਦੀ ਖ਼ਾਮੋਸ਼ੀ ਨੇ ਸਭ ਬਿਆਨ ਕਰ ਦਿੱਤਾ ਸੀ।
ਵਕਤ ਜਿਵੇਂ ਖੰਭ ਲਾ ਕੇ ਉਡ ਰਿਹਾ ਸੀ।
ਤੀਜੇ ਪੁੱਤ ਦੇ ਵਿਆਹ ਦਾ ਖਿਆਲ ਆਇਆ ਤੇ ਸ਼ਾਮ ਦੇ ਵੇਲੇ ਜੀਵਨ ਸਿੰਘ ਕੋਲ ਬੈਠ ਕੇ ਵਿਆਹ ਲਈ ਟੋਹਿਆ ।
“ਹਾਂ ਮਾਂ ਮੈਂ ਵੀ ਸੋਚ ਹੀ ਰਿਹਾ ਸੀ ਕਿ ਤੇਰੇ ਨਾਲ ਗੱਲ ਕਰਾਂ? ਮੇਰੇ ਨਾਲ ਜੋ ਸ਼ਾਨੋ ਪੜ੍ਹਦੀ ਸੀ, ਮੇਰੀ ਤੇ ਓਸ ਦੀ ਦੋਸਤੀ ਹੈ, ਮੈਂ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ!” ਪੁੱਤ ਨੇ ਪਿਟਾਰੀ ਖੋਲ੍ਹ ਮਾਂ ਅੱਗੇ ਰੱਖ ਦਿੱਤੀ।
“ਤੂੰ ਤਾਂ ਮੈਨੂੰ ਬਾਹਲਾ ਹੀ ਸੁਖਾਲਾ ਕਰ ਦਿੱਤਾ ਪੁੱਤ! ਲੈ, ਮੈਂ ਕੱਲ੍ਹ ਹੀ ਤੇਰੇ ਬਾਪੂ ਨਾਲ ਗੱਲ ਕਰਦੀ ਹਾਂ।” ਆਖ ਕੇ ਉਸ ਨੇ ਸੁਖ ਦਾ ਸਾਹ ਲਿਆ ।
“ਕੁੜੀ ਵਾਲੇ ਪਹਿਲਾਂ ਹੀ ਤਿਆਰ ਨੇ, ਤੁਸੀ ਆਪਦਾ ਦੇਖ ਲਵੋ!” ਜੀਵਨ ਵੱਲੋਂ ਜਿਵੇਂ ਲੱਗਭੱਗ ਸਭ ਤੈਅ ਹੋਇਆ ਹੀ ਜਾਪਦਾ ਸੀ। ਪਤੀ ਦੀ ਤਬੀਅਤ ਜ਼ਿਆਦਾਤਰ ਖਰਾਬ ਹੀ ਰਹਿਣ ਕਰ ਕੇ ਸਭ ਨਿਆਣੇ ਜਲਦ ਹੀ ਵਿਆਹ ਕੇ ਫ਼ਾਰਗ ਹੋਣਾ ਚਾਹੁੰਦੀ ਸੀ। ਧੀ ਅਜੇ ਵੀ ਕੋਈ ਲੜ ਪੱਲਾ ਨਹੀ ਸੀ ਫੜਾ ਰਹੀ। ਉਸ ਦੀ ਵਿਆਹ ਵਿੱਚ ਕੋਈ ਰੁਚੀ ਨਹੀਂ ਲੱਗਦੀ ਸੀ। ਪਰ ਉਸ ਨੇ ਕਦੇ ਕੋਈ ਠੋਸ ਕਾਰਨ ਵੀ ਨਹੀ ਸੀ ਦੱਸਿਆ। ਤੀਜੇ ਪੁੱਤ ਦੇ ਵਿਆਹ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਕਿੰਨੇ ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ ਜੰਝ ਚੜ੍ਹਾਅਣ ਦਾ ਦਿਨ ਆਇਆ ਕਿ ਅਚਾਨਕ ਪਤੀ ਮੋਹਣ ਸਿੰਘ ਦੀ ਤਬੀਅਤ ਪਹਿਲਾਂ ਨਾਸਾਜ਼ ਹੋਈ ਅਤੇ ਫ਼ਿਰ ਜ਼ਿਆਦਾ ਹੀ ਵਿਗੜ ਗਈ।
“ਜਾਹ, ਤੂੰ ਪਹਿਲਾਂ ਡਾਕਟਰ ਬੁਲਾ ਲਿਆ, ਜੰਝ ਥੋੜ੍ਹੀ ਦੇਰ ਨਾਲ ਚੜ੍ਹ ਜਾਉਗੀ।” ਪਤੀਦੇਵ ਵੱਲ ਵੇਖ ਕੇ ਉਸ ਨੇ ਫ਼ਿਕਰ ਨਾਲ ਕਿਹਾ।
“ਹਾਂਜੀ, ਤੋਰ ਦਿੱਤਾ ਮੁੰਡਾ।”
ਮੋਹਣ ਸਿੰਘ ਨੂੰ ਕੁਝ ਲੋੜੀਂਦੀਆਂ ਦੁਆਈਆਂ ਦੇ ਕੇ ਪੁੱਤ ਦੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਗਈਆਂ। ਡੋਲੀ ਘਰ ਆ ਗਈ। ਪਰ ਅੱਜ ਨੂੰਹ ਨੂੰ “ਮੱਥਾ ਟਿਕਾਈ” ਦੇਣ ਵਿੱਚ ਸਵਿੰਦ ਦਾ ਕੁਝ ਖ਼ਾਸ ਉਤਸ਼ਾਹ ਨਹੀਂ ਸੀ।
“ਦਿੱਲ ਕਿਉਂ ਢਾਹੀ ਬੈਠੀ ਹੈਂ? ਚੱਲ, ਕਢ ਉਹ ਨੂੰਹ ਦੇ ਹਿੱਸੇ ਦੇ ਗਹਿਣੇ!” ਸਵਿੰਦ ਦੇ ਮਨ ਦਾ ਮਾਹੌਲ ਬਦਲਣ ਲਈ ਮੋਹਣ ਸਿੰਘ ਨੇ ਕਿਹਾ।
“ਹੂੰ…! ਪਰ ਅੱਜ ਮੇਰਾ ਚਿੱਤ ਕਰਦਾ ਹੈ ਕਿ ਤੁਹਾਡੇ ਹੱਥੋਂ ਸ਼ਗਨ ਦੁਵਾਊਂ।” ਸਵਿੰਦ ਕੌਰ ਬੋਲੀ।
“ਬੱਸ਼….???? ਚੱਲ, ਬੁਲਾ ਬਹੂ ਨੂੰ, ਮਾਰ ਵਾਜ!” ਮੋਹਣ ਸਿੰਘ ਉਸ ਦਾ ਉਦਾਸ ਚਿਹਰਾ ਨਹੀਂ ਸੀ ਵੇਖ ਸਕਦਾ।
ਸਭ ਕੁਝ ਨਿੱਬੜ ਗਿਆ। ਮਹਿਮਾਨ ਵਾਪਿਸ ਮੁੜ ਗਏਙ ਸਵਿੰਦ ਦਾ ਪਰਿਵਾਰ ਵੱਡਾ ਹੋ ਗਿਆ ਸੀ। ਬੱਚਿਆਂ ਦੇ ਫ਼ਿਕਰਾਂ ਵਿੱਚ ਸਮਾਂ ਤੇਜੀ ਨਾਲ ਭੱਜ ਰਿਹਾ ਸੀ। ਵੱਡੇ ਪੁੱਤ ਦੇ ਤਿੰਨ ਨਿਆਣੇ ਹੋ ਗਏ ਹਨ। ਵਿਚਲੇ ਦੇ ਦੋ ਅਤੇ ਨਿੱਕੇ ਦੇ ਵੀ ਤਿੰਨ ਨਿਆਣੇ ਸਨ। ਸਾਰਾ ਦਿਨ ਪੋਤੇ-ਪੋਤੀਆਂ ਦੇ ਕੰਮ ਤੋਂ ਵੇਹਲ ਹੀ ਨਹੀ ਸੀ ਮਿਲਦੀ।
“ਹਾਏ ਰੱਬਾ…..!! ਹਾਏ ਨੀ ਮੈਂ ਮਰ ਗਈ….!” ਅਚਾਨਕ ਇੱਕ ਚੀਖ ਜਿਹੀ ਆਈ ਬਹੂ ਦੇ ਕਮਰੇ ਵਿੱਚੋਂ!
“ਕੀ ਹੋਇਆ ਗੁੱਡੂ….?” ਸਵਿੰਦ ਦੀਆਂ ਅੱਖਾਂ ਡਰ ਨਾਲ਼ ਖੜ੍ਹ ਗਈਆਂ।
“ਜੀਵਨ ਜੀ ਦਾ ਐਕਸੀਡੈਂਟ ਹੋ ਗਿਆ, ਤੇ ਮੌਕੇ ਤੇ ਹੀ ਮੌਤ ਹੋ ਗਈ…! ਹਾਏ ਨੀ ਮੈਂ ਮਰ ਗਈ…!” ਗੁੱਡੂ ਨੇ ਬਿਨਾ ਕੋਈ ਭੂਮਿਕਾ ਬੰਨ੍ਹੇ ਕੀਰਨਿਆਂ ਦੇ ਪੱਥਰ ਵਗਾਹ ਮਾਰੇ।
“…………….।” ਸਾਰੇ ਘਰ ਵਿਚ ਭਾਜੜ ਪੈ ਗਈ। ਕੋਹਰਾਮ ਮੱਚ ਗਿਆ। ਪਰ ਮੋਏ ਹੋਏ ਨੂੰ ਕਿਸੇ ਨੇ ਕੀ ਬਚਾਣਾ ਸੀ?
“ਹਾਏ ਵੇ ਮੇਰੇ ਸ਼ੇਰਾ, ਆਹ ਕੀ ਹੋ ਗਿਆ…? ਮੇਰੀ ਜਾਨ ਕਿਉਂ ਨਾ ਚਲੀ ਗਈ…? ਮੈਂ ਕਿਉਂ ਨਾ ਮਰ ਗਿਆ ਓਏ ਮੇਰਿਆ ਰੱਬਾ…!” ਧਾਹਾਂ ਮਾਰਦੇ ਮੋਹਣ ਸਿੰਘ ਨੂੰ ਸਾਹ ਨਹੀਂ ਸੀ ਆ ਰਿਹਾ।
“ਵੇ ਮੇਰੇ ਜੀਵਣ ਜੋਗਿਆ, ਮੈਂ ਤੇ ਤੇਰਾ ਨਾਮ “ਜੀਵਨ” ਰੱਖਿਆ, ਤੇ ਤੂੰ ਓਹ ਵੀ ਨਹੀਂ ਨਿਭਾਇਆ…!” ਵਾਰੋ-ਵਾਰੀ ਦੋਵੇਂ ਮਾਂ ਬਾਪ ਨਿਹੱਥੇ ਜਿਹੇ ਹੋਏ ਤੜਫ਼ ਰਹੇ ਸਨ। ਘਰ ਦੀਆਂ ਕੰਧਾਂ ਵੀ ਕੁਰਲਾ ਰਹੀਆਂ ਸਨਙ ਖਿੱਲਰੇ ਵਾਲ਼, ਰੋ-ਰੋ ਨਿਢਾਲ ਹੋਈਆਂ ਅੱਖਾਂ, ਪੱਤਝੜ ਰੁੱਤ ਦੇ ਪੱਤੇ ਵਾਂਗ ਸੁੱਕੇ ਬੁੱਲ੍ਹ, ਬੇਹਾਲ ਜਿਹੀ ਹੋ ਕੇ ਡਿੱਗੀ ਪਈ ਸੀ ਸ਼ਾਨੋਙ ਜੀਵਨ ਬਿਨਾਂ ਹੁਣ ਕਾਹਦਾ ਜਿਉਣਾ?? ਭਵਿੱਖ ਦੇ ਖੌਫ਼ ਨਾਲ ਉਜੜੀਆਂ ਅੱਖਾਂ ਨਾਲ ਇੱਕ ਸਾਰ ਟਿਕਟਿਕੀ ਲਗਾ ਕੇ ਜਿਵੇਂ ਕੰਧ ਦੇ ਪਾਰ ਦੇਖਣਾ ਚਾਹੁੰਦੀ ਸੀ। ਗੋਦ ਲਈ ਬਾਲੜੀ ਨੂੰ ਤਾਂ ਆਹ ਵੀ ਨਹੀ ਸੀ ਪਤਾ ਕਿ ਓਸ ਦੇ ਬਾਪ ਨਾਲ ਕੀ ਭਾਣਾ ਵਾਪਰ ਗਿਆ ਸੀ?
ਵਿਗੜੇ ਹਾਲਾਤਾਂ ਦੇ ਕਸਾਅ ਕਾਰਨ ਪ੍ਰੇਮ ਦੀ ਤੰਦ ਟੁੱਟ ਗਈ।
ਅਗਲੇ ਦਿਨ ਜੀਵਨ ਦਾ ਸਸਕਾਰ ਕਰ ਦਿੱਤਾ ਗਿਆ। ਘਰ ਦੇ ਬਨੇਰਿਆਂ ਉਪਰ ਕਹਿਰਾਂ ਦੀ ਮੌਤ ਕੂਕ ਰਹੀ ਸੀ।
ਪੁੱਤ ਦੀ ਮੌਤ ਤੋਂ ਬਾਅਦ ਮੋਹਣ ਸਿੰਘ ਢੇਰੀ ਢਾਹ ਗਿਆ ਸੀ। ਸਾਰਾ ਦਿਨ ਮੰਜੇ ਤੇ ਪਿਆ ਵਿਹੜ੍ਹੇ ਵਿਚ ਉਦਾਸ, ਨਿਰਾਸ਼ ਅੱਖਾਂ ਨਾਲ ਝਾਕਦਾ ਰਹਿੰਦਾ। ਪਰ ਸਵਿੰਦ ਕੌਰ ਕੋਲ਼ ਹੁਣ ਸਿਰ ਖੁਰਕਣ ਦੀ ਵੀ ਵੇਹਲ ਨਹੀਂ ਸੀ। ਸਵਿੰਦ ਨੂੰ ਸਾਰੀ ਉਮਰੇ ਅਰਾਮ ਦਾ ਸਾਹ ਨਹੀਂ ਮਿਲਿਆ। ਪਹਿਲਾਂ ਵੱਡੀ ਕਬੀਲਦਾਰੀ, ਫੇਰ ਆਪਦੇ ਨਿਆਣੇ, ਹੁਣ ਪੋਤੇ ਪੋਤੀਆਂ ਅਤੇ ਅੰਦਰ ਬਾਹਰ ਦੇ ਸੌ ਕੰਮ।
“ਸਵਿੰਦ, ਮੈਨੂੰ ਅੱਜ ਤੇਰੇ ਵੱਲ ਦੇਖ ਕੇ ਲੱਗਦਾ ਹੈ ਕਿ ਮੈਂ ਤੈਨੂੰ ਅਰਾਮ ਅਤੇ ਸੁਖ ਦੀਆਂ ਘੜ੍ਹੀਆਂ ਨਹੀਂ ਦੇ ਸਕਿਆ, ਮੈਨੂੰ ਮਾਫ਼ ਕਰ ਦੇਵੀ।” ਬੇਵੱਸ ਮੋਹਣ ਸਿੰਘ ਨੇ ਹੱਥ ਜਿਹੇ ਜੋੜ ਲਏ। ਅੱਜ ਪਹਿਲੀ ਵਾਰ ਆਪਣੀ ਘਰਵਾਲੀ ਅੱਗੇ ਉਸ ਨੇ ਤਰਲਾ ਜਿਹਾ ਕੀਤਾ ਸੀ।
ਪਤੀਦੇਵ ਦੇ ਦੋਵੇਂ ਹੱਥਾਂ ਨੂੰ ਫ਼ੜ ਉਸ ਨੇ ਘੁੱਟ ਕੇ ਆਪਣੇ ਕਲੇਜ਼ੇ ਨਾਲ਼ ਲਾ ਲਿਆ, “ਕੀ ਕਮਲ਼ੀਆਂ ਜਿਹੀਆਂ ਮਾਰੀ ਜਾਂਦੇ ਹੋ?” ਅੱਖਾਂ ਭਰ ਕੇ ਸਵਿੰਦ ਬੋਲੀ, “ਭਰਿਆ ਭਰਾਇਆ ਘਰ ਤੇ ਕਿੱਡਾ ਖਿੜਿਆ ਪਰਿਵਾਰ ਮੈਨੂੰ ਦਿੱਤਾ ਹੈ!” ਕਮਰੇ ਦੇ ਇੱਕ ਖੂੰਜੇ ਮੱਖੀ ਵਾਂਗ ਲੱਗਿਆ ਮੋਹਣ ਸਿੰਘ ਅੱਜ ਪੁਰਾਣੀਆਂ ਯਾਦਾਂ ਦੇ ਖੂਹ ਨੂੰ ਗੇੜ ਰਿਹਾ ਸੀ, ਜਿਵੇਂ ਇੱਕ ਵਾਰ ਫੇਰ ਸਵਿੰਦ ਨਾਲ ਬੀਤਿਆ ਵਕਤ ਯਾਦ ਕਰ ਮਨ ਨੂੰ ਸਮਝਾਉਣਾ ਚਾਹੁੰਦਾ ਹੋਵੇ?
ਸਵੇਰੇ ਜਦ ਪ੍ਰੀਵਾਰ ਉਠਿਆ ਤਾਂ ਮੋਹਣ ਸਿੰਘ ਦੇ ਜੁੜੇ ਹੋਏ ਹੱਥ ਛਾਤੀ ‘ਤੇ ਪਏ ਸਨ ਅਤੇ ਗਰਦਨ ਸਿਰਹਾਣੇ ਤੋਂ ਥੱਲੇ ਲੁੜਕ ਗਈ ਸੀ। ਆਪਣਾ ਬਿਸਤਰਾ ਛੱਡਣ ਤੋਂ ਪਹਿਲਾ ਸਵਿੰਦ ਨੇ ਇੱਕ ਨਜ਼ਰ ਪਤੀ ਵੱਲ ਮਾਰੀ ਅਤੇ ਨਾਲ ਹੀ ਉਸ ਦੀ ਚੀਖ਼ ਨਿਕਲ ਗਈ, “ਵੇ ਨਿਆਣਿਓਂ….! ਦੇਖੋ ਵੇ ਤੁਹਾਡੇ ਬਾਪੂ ਨੂੰ ਕੀ ਹੋ ਗਿਆ…! ਭੱਜ ਕੇ ਆਓ ਤੇ ਵੇਖੋ ਜ਼ਰਾ…!” ਅਵਾਜ਼ਾਂ ਮਾਰਦੀ ਸਵਿੰਦ ਦੇ ਸਾਹ ਨਾਲ਼ ਸਾਹ ਨਹੀਂ ਸੀ ਰਲ਼ਦੇ। ਸਾਰੇ ਹਜੇ ਘਰ ਹੀ ਸੀ। ਭਾਵੇਂ ਸਵਿੰਦ ਬਿਮਾਰ ਪਤੀ ਦੀ ਸੇਵਾ ਕਰਦੀ ਸੀ, ਪਰ ਮੰਜੇ ‘ਤੇ ਪਏ ਪਤੀ ਦਾ ਵੀ ਰੱਬ ਵਰਗਾ ਆਸਰਾ ਸੀ ਅਤੇ ਹੌਂਸਲੇ ਉਡਾਰੀ ਮਾਰਦੇ ਸੀ। ਪਰ ਅੱਜ ਜਿਵੇਂ ਕਿਸੇ ਨੇ ਖੰਭ ਕੱਟ ਕੇ ਅਸਮਾਨੋਂ ਜ਼ਮੀਨ ‘ਤੇ ਤੜਫ਼ਣ ਲਈ ਸੁੱਟ ਦਿੱਤਾ ਹੋਵੇ। ਸੱਚ ਹੀ ਤੇ ਹੈ, ਕਿ ਕਦੇ ਕੁਝ ਰੁਕਿਆ ਹੈ ਕਿਸੇ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ? “ਜੀਅ” ਤਾਂ ਜਹਾਨੋਂ ਚਲਿਆ ਗਿਆ, ਪਰ ਕਿੰਨੀਆਂ ਹੀ ਰਸਮਾਂ ਕਰਨੀਆਂ ਪੈਂਦੀਆਂ ਹਨ ਉਸ ਦੀ “ਆਖਰੀ” ਵਿਦਾਈ ਲਈ। ਸਭ ਕੁਝ ਹੌਲੀ-ਹੌਲੀ ਨਿਬੜ ਰਿਹਾ ਸੀ। ਰੋ-ਰੋ ਸੁੱਜੀਆਂ ਅੱਖਾਂ ਨਾਲ ਦੇਖਦੀ ਸਵਿੰਦ ਨਾ ਜਾਣੇ ਕਿਹੜੀਆਂ ਸੋਚਾਂ ਵਿੱਚ ਡੁੱਬੀ ਜਾ ਰਹੀ ਸੀ? ਪਰਿਵਾਰ ਭਾਵੇਂ ਭਰਪੂਰ ਸੀ, ਪਰ ਮੋਹਣ ਸਿੰਘ ਜਿਵੇਂ ਉਸ ਦਾ ਸਾਰਾ ਉਤਸਾਹ ਆਪਣੇ ਨਾਲ ਹੀ ਲੈ ਗਿਆਂ ਸੀ।ਇੱਕ ਦਿਨ !
“ਬੇਬੇ, ਮੈਂ ਨੌਕਰੀ ਕਰਨਾ ਚਾਹੁੰਨੀ ਹਾਂ, ਕੁਝ ਫ਼ਾਰਮ ਮੈਂ ਭਰੇ ਸੀ ਤੇ ਮੈਨੂੰ ਇੰਟਰਵਿਊ ਲਈ ਬੁਲਾਇਆ ਹੈ!” ਨੂੰਹ ਨੇ ਅਚਾਨਕ ਕੱਛ ਵਿੱਚੋਂ ਮੂੰਗਲ਼ੀ ਚਲਾਈ।
“ਜੇ ਤੂੰ ਫ਼ਾਰਮ ਭਰ ਕੇ ਪੁੱਛ ਰਹੀ ਹੈਂ, ਤੇ ਮਨ ਬਣਾ ਹੀ ਲਿਆ ਹੋਣਾ?” ਸਵਿੰਦ ਕੌਰ ਨੇ ਸੰਖੇਪ ਕਿਹਾ।
“ਹਾਂਜੀ, ਬੱਚਿਆਂ ਦੇ ਖਰਚੇ ਵਧ ਰਹੇ ਹਨ, ਮੈਂ ਚਾਰ ਦਿਵਾਰੀ ਵਿੱਚ ਵੀ ਰਹਿ ਕੇ ਅੱਕ ਗਈ ਹਾਂ। ਜਾਣ ਵਾਲੇ ਤੋਂ ਬਾਅਦ ਵੀ ਤੇ ਆਪਣੇ ਲਈ ਜਿਉਣਾਂ ਪੈਂਦਾ ਹੈ।”
“ਕਰੋ ਜੋ ਚੰਗਾ ਲੱਗਦਾ ਹੈ, ਪੁੱਤ!” ਆਪਣੀ ਬੇਬਸੀ ਨੂੰ ਸਵਿੰਦ ਜਾਣਦੀ ਸੀ।
ਅੱਜ ਤਿੰਨ ਦਿਨ ਤੋਂ ਸਿਰ ਵਾਹੁੰਣ ਦੀ ਵੇਹਲ ਨਹੀ ਮਿਲੀ ਸਵਿੰਦ ਕੌਰ ਨੂੰ। ਸ਼ਾਨੋ ਆਪਣੇ ਤਿੰਨੇ ਨਿਆਣੇ ਸੱਸ ਦੇ ਹਵਾਲੇ ਕਰ, ਨੌਕਰੀ ਨੂੰ ਖਿਸਕ ਜਾਂਦੀ ਸੀ। ਆਪਦੇ ਬੱਚੇ ਪਾਲ-ਪੋਸ ਕੇ ਸਿਰੇ ਲਾਏ ਤੇ ਹੁਣ ਨਵੇਂ ਸਿਰੇ ਤੋਂ ਫੇਰ ਜ਼ਿੰਮੇਵਾਰੀਆਂ ਵਿੱਚ ਪੈ ਗਈ ਸੀਙ ਕਿਸੇ ਨੂੰ ਸਕੂਲ ਲਈ ਤਿਆਰ ਕਰਨਾ, ਕਿਸੇ ਲਈ ਖਾਣ ਲਈ ਬਨਾਉਣਾ, ਨਹਾਉਣਾ, ਸੁਆਉਣਾ ਸੌ ਕੰਮ ਚੁੱਪ-ਚਾਪ ਕਰਦੀ ਰਹਿੰਦੀ। ਆਖਦੀ ਵੀ ਤੇ ਕਿਸ ਨੂੰ….?? ਕਿਸ ਨੂੰ ਉਲਾਂਭਾ ਦਿੰਦੀ…?? ਮੋਏ ਪੁੱਤ ਦੇ ਜੁਆਕ ਸਨ। ਇਹਨਾਂ ਵਿੱਚੋਂ ਹੀ ਉਹ ਆਪਣੇ ਦੁਨੀਆਂ ਤੋਂ ਗਏ ਪੁੱਤ ਦੇ ਪਿਆਰ ਦੇ ਨਿੱਘ ਨੂੰ ਮਾਣ ਲੈਂਦੀ। ਜੀਵਨ ਦੇ ਬੱਚਿਆਂ ਦੀ ਸਾਰ ਸੰਭਾਲ ਹੁੰਦੀ ਵੇਖ ਹੁਣ ਦੂਜੀਆਂ ਨੂੰਹਾਂ ਵੀ ਆਪਣੇ ਨਿਆਣੇ ਦਾਦੀ ਕੋਲ ਟੋਰ ਦਿੰਦੀਆਂ।
“ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ, ਬਾਹਰ ਧੁੱਪ ਬਹੁਤ ਹੈ ਬੇਬੇ, ਆਪਣੇ ਕੋਲ ਹੀ ਖਿਡਾ-ਲੋ!”
“ਸਕੂਲ ਦੀ ਛੁੱਟੀ ਹੋ ਗਈ ਹੈ, ਬੇਬੇ ਜ਼ਰਾ ਨਿਆਣਿਆਂ ਨੂੰ ਲੈ ਆਓ!”
“ਰੋਟੀ ਨੂੰ ਦੇਰ ਹੋ ਰਿਹਾ ਹੈ, ਬੇਬੇ ਇਹਨਾਂ ਨੂੰ ਸਾਂਭੋ ਥੋੜੀ ਦੇਰ!”
“ਅਸੀ ਦੋਵੇਂ ਬਾਹਰ ਜਾ ਰਹੇ ਹਾਂ ਬੇਬੇ, ਨਿਆਣੇ ਤੁਹਾਡੇ ਕੋਲ ਹਨ, ਟੈਮ ਸਿਰ ਕੁਝ ਖਾਣ ਨੂੰ ਦੇ ਦਿਓ ਜੇ!” ….ਤੇ ਸੁਣਦੀ-ਸੁਣਦੀ ਬੇਬੇ ਊਰੀ ਵਾਂਗ ਘੁੰਮਦੀ ਰਹਿੰਦੀ। ਨੂੰਹਾਂ ਉਸ ਨੂੰ ਗੇਵੇ ਪਾਈ ਰੱਖਦੀਆਂ। ਕਦੇ ਬਜ਼ਾਰ, ਕਦੇ ਆਹ, ਤੇ ਕਦੇ ਉਹ! ਨੂੰਹਾਂ ਨੇ ਜਿਵੇਂ ਰੀਸ ਬੰਨ੍ਹੀ ਸੀ ਕਿ ਕਿਹੜੀ ਆਪਦੇ ਨਿਆਣੇ ਜ਼ਿਆਦਾ ਦਾਦੀ ਕੋਲ ਰੱਖੇਗੀ?
“ਮੇਰੇ ਸਰੀਰ ‘ਚ ਹੁਣ ਓਹ ਅਣਸ ਨਹੀਂ ਹੈ, ਆਪਦੇ ਨਿਆਣੇ ਆਪ ਸਾਂਭੋ ਭਾਈ!” ਆਪਣੇ ਬੁੱਢੇ ਹੁੰਦੇ ਸ਼ਰੀਰ ‘ਤੇ ਤਰਸ ਜਿਹਾ ਖਾ ਕੇ ਅੱਜ ਸਵਿੰਦ ਨੇ ਹੌਂਸਲਾ ਕਰ ਬੋਲ ਹੀ ਦਿੱਤਾ।
“ਸ਼ਾਨੋ ਦੇ ਨਿਆਣੇ ਤਾਂ ਬੜੀ ਰੀਝ ਨਾਲ ਕਲੇਜੇ ਨਾਲ ਲਾਈ ਰੱਖਦੀ ਹੈ, ਸਾਡੇ ਤੇ ਕੁਝ ਲੱਗਦੇ ਹੀ ਨਹੀਂ ਐ ਜਿਵੇਂ!” ਵੱਡੀ ਨੂੰਹ ਭਰੀ-ਪੀਤੀ ਹੀ ਬੈਠੀ ਸੀ। ਵਿਚਲੀ ਨੂੰਹ ਨੇ ਵੀ ਆ ਹਾਜ਼ਰੀ ਲਾਈ, “ਆਹੋ, ਹੁਣ ਤੇਰੇ ਕੋਲ ਹੈ ਵੀ ਕੀ ਸਾਨੂੰ ਦੇਣ ਨੂੰ, ਇੱਕ ਨਿਆਣੇ ਹੀ ਤੇ ਸਾਂਭਣੇ ਹੁੰਦੇ ਨੇ!”
ਕੁਝ ਨਹੀਂ ਸੁੱਝਿਆ ਜਵਾਬ ਦੇਣ ਨੂੰ! ਬੱਸ ਚੇਤੇ ਆ ਗਿਆ ਆਪਣੇ ਸੋਹਣੇ ਸਰਦਾਰ ਦਾ ਚਿਹਰਾ! ਮੁਸਕੁਰਾ ਕੇ ਬੋਲਿਆ ਸੀ, “ਨਾ ਦੇਹ ਆਪਣੇ ਗਹਿਣੇ ਕਿਸੇ ਨੂੰਹ ਨੂੰ, ਉਹਨਾਂ ਦੇ ਕੋਲ ਆਪਦੇ ਹੈਗੇ ਨੇ…। ਸ਼ਾਇਦ ਨੂੰਹਾਂ ਕੋਲ ਕੀਮਤ ਪਾਉਣ ਲਈ ਸੱਸ ਕੋਲ ਕੁਝ ਹੋਣਾ ਹੀ ਚਾਹੀਦਾ ਹੈ…!”
ਪਰ ਚੱਲ ਕੋਈ ਨਾ, ਰੋਟੀ ਤੇ ਮਿਲੀ ਹੀ ਜਾਂਦੀ ਹੈ…। ਸੋਚ ਕੇ ਉਸ ਨੇ ਆਪਣੇ ਆਪ ਨੂੰ ਤਸੱਲੀ ਜਿਹੀ ਦੇ ਲਈ ਸੀ। ਆਪਦੀ ਸ਼ਕਤੀ ਤੋਂ ਜ਼ਿਆਦਾ ਕੰਮ ਕਰਕੇ ਨੂੰਹਾਂ ਨੂੰ ਖੁਸ਼ ਕਰਨ ਦੀ ਹਰ ਜੋਰ ਕੋਸ਼ਿਸ਼ ਕਰਦੀ ਕਿ ਮੇਰੇ ਦੁਨੀਆਂ ਤੋਂ ਜਾਣ ‘ਤੇ ਅਫ਼ਸੋਸ ਕਰਨਗੀਆਂ ਕਿ ਬੇਬੇ ਆਹ ਕਰਦੀ ਸੀ, ਬੇਬੇ ਓਹ ਕਰਦੀ ਸੀ। ਇੱਕ ਮਿੱਠੀ ਜਿਹੀ ਮੁਸਕੁਰਾਹਟ ਛਾ ਗਈ ਅਣਵੇਖੇ ਜਿਹੇ ਭਵਿੱਖ ਨੂੰ ਸੋਚ ਕੇ, ਕਿ ਮਰਨ ਤੋਂ ਬਾਦ ਮੇਰੀ ਫੋਟੋ ‘ਤੇ ਹਾਰ ਪਾ ਕੇ ਅਫ਼ਸੋਸ ਜ਼ਰੂਰ ਕਰਿਆ ਕਰਨਗੇ, ਕਿ ਮਾਂ ਸਾਡੇ ਕਿੰਨੇ ਕੰਮ ਸਵਾਰ ਦਿੰਦੀ ਸੀ।ਬੱਚੇ ਜੰਮੇ, ਪਾਲ਼ੇ, ਵਿਆਹੇ, ਫੇਰ ਸਾਰਾ ਕੁਝ ਵੀ ਦੇ ਦਿੱਤਾ, ਹਾਲੇ ਵੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਕੇ ਆਪਣਾ ਮੁੱਲ ਪਵਾਉਣ ਦੀ ਲੋੜ ਸੀ…?
ਇਸ ਸਵਾਲ ਦਾ ਜਵਾਬ ਮਿਲ ਗਿਆ ਸੀ ਸਵਿੰਦ ਨੂੰ! ਅੱਖਾਂ ਬੰਦ ਸੀ। ਪਰ ਹੰਝੂਆਂ ਨਾਲ ਭਰੀਆਂ ਸੀ। ਬੰਦ ਅੱਖਾਂ ਵਿੱਚੋਂ ਵੀ ਔਲਾਦ ਵਿੱਚ ਫੈਲੀ ਨਿਰਾਸ਼ਾ ਨੂੰ ਸਾਫ਼ ਦੇਖ ਪਾ ਰਹੀ ਸੀ। ਅੱਖਾਂ ਖੋਲ੍ਹਣ ਦੀ ਹਿੰਮਤ ਨਹੀ ਜੁਟਾ ਪਾਈ ਕਿ ਆਪਣੇ ਜਿਉਂਦੇ ਹੋਣ ਦੀ ਖੁਸ਼ੀ ਕਿਸ ਨੂੰ ਜ਼ਾਹਿਰ ਕਰੇ….??? ਬੱਸ …!! ਉਸ ਦੇ ਜਿਉਂਦੇ ਹੋਣ ਦੇ ਅਫ਼ਸੋਸ ਵਿੱਚ ਇੱਕ ਹੰਝੂ ਅੱਖ ਦੇ ਕੋਨੇ ਤੋਂ ਖ਼ਾਮੋਸ਼ ਜਿਹਾ ਬਾਹਰ ਨਿਕਲ ਕੇ ਝੁਰੜੀਆਂ ਵਿੱਚ ਨੂੰ ਵਗ ਤੁਰਿਆ।
ਵਿਜ਼ਟਰ
ਕਲ੍ਹ ਜਦੋਂ ਕੰਮ ਉੋਪਰ ਜਾਣ ਲਈ ਉਹ ਮੇਰੇ ਨਾਲ ਹੀ ਬਸ ਵਿਚ ਚੜ੍ਹੀ ਤਾ ਮੈਂਨੂੰ ਇੰਝ ਜਾਪਿਆ ਜਿਵੇ ਉਹ ਬਹੁਤ ਹੀ ਉਦਾਸ ਹੋਵੇ।ਸਕਾਈ ਟਰੇਨ ਫੜ੍ਹਨ ਲਈ ਜਦੋਂ ਅਸੀ ਇਕਠੀਆਂ ਹੀ ਬਸ ਵਿਚੋਂ ਉਤਰੀਆਂ ਤਾਂ ਮੈਂ ਪੁਛਿਆ, “ ਨਿਸ਼ਾ ਠੀਕ ਹੋ?
“ ਹੂੰ।” ਉਸ ਨੇ ਬਹੁਤ ਹੀ ਉਦਾਸੀ ਅਵਾਜ਼ ਵਿਚ ਕਿਹਾ, “ ਥੱਕੀ ਹੋਈ ਹਾਂ।”
“ ਥੱਕ ਤਾਂ ਹੋ ਹੀ ਜਾਂਦਾ।” ਮੈਂ ਉਸ ਦੀ ਖੱਬੀ ਅੱਖ ਜੋ ਕੁਝ ਸੁਜੀ ਹੋਈ ਵੱਲ ਦੇਖਦੇ ਕਿਹਾ, “ ਬਾਹਰ ਵੀ ਕੰਮ ਕਰਨਾ, ਘਰ ਵੀ ਕਰਨਾ, ਫਿਰ ਪੜ੍ਹਾਈ ਵੀ ਕਰਨੀ।”
“ ਹਾਂਜੀ।” ਇਹ ਕਹਿ ਕੇ ਉਹ ਫਿਰ ਚੁਪ ਹੋ ਗਈ। ਬੋਲਦੀ ਤਾਂ ਅੱਗੇ ਉਹ ਬਹੁਤਾ ਨਹੀ ਸੀ, ਅੱਜ ਤਾਂ ਚੁਪ ਦੇ ਨਾਲ ਉਦਾਸ ਵੀ ਸੀ। ਅਜੇ ਥੌੜ੍ਹੀ ਹੀ ਦੇਰ ਹੋਈ ਸੀ ਸਾਨੂੰ ਇਕਠਿਆਂ ਕੰਮ ਕਰਦਿਆ। ਸਾਡਾ ਦੋਹਾਂ ਦਾ ਸਾਥ ਬਸ ਤੋਂ ਸ਼ੁਰੂ ਹੋ ਕੇ ਕੰਮ ਤੋਂ ਵਾਪਸ ਆਉਣ ਤਕ ਬਸ ਨਾਲ ਹੀ ਖਤਮ ਹੁੰਦਾ। ਕੈਂਬੀ ਸਟਰੀਟ ਤੋਂ ਉਹ ਖੱਬੇ ਚਲੀ ਜਾਂਦੀ ਅਤੇ ਮੈਂ ਸੱਜੇ।
ਹੌਲੀ ਹੌਲੀ ਉਹ ਮੇਰੇ ਨਾਲ ਘੁਲਣ-ਮਿਲਣ ਲੱਗੀ ਤਾਂ ਉਸ ਦੇ ਬਾਰੇ ਮੈਂ ਇੰਨੀ ਕੁ ਹੀ ਜਾਣਕਾਰੀ ਪ੍ਰਪਾਤ ਕੀਤੀ ਉਹ ਵਿਦਿਆਰਥੀ ਬਣ ਕੇ ਕੈਨੇਡਾ ਆਈ ਅਤੇ ਪੀ-ਆਰ ਲੈ ਕੇ ਪੰਜਾਬ ਗਈ ਤਾਂ ਵਿਆਹ ਕਰਵਾ ਕੇ ਵਾਪਸ ਆਈ। ਥੋੜ੍ਹਾ ਹੀ ਟਾਈਮ ਹੋਇਆ ਸੀ ਉਸ ਦਾ ਪਤੀ ਵੀ ਕੈਨੇਡਾ ਪਹੁੰਚ ਗਿਆ।ਆਪਣੇ ਪਤੀ ਬਾਰੇ ਉਹ ਬਹੁਤ ਘੱਟ ਗਲ ਕਰਦੀ।
ਪਿਛਲੀ ਵਾਰੀ ਜਦੋਂ ਕੰਮਾਂ ਦੀਆਂ ਗੱਲਾਂ ਚਲ ਰਹੀਆਂ ਸਨ ਤਾਂ ਮੈਂ ਪੁਛਿਆ, “ ਤੁਹਾਡੇ ਹਸਬੈਂਡ ਵੀ ਕੰਮ ਕਰਦੇ ਨੇ?”
“ ਨਹੀ?”
“ ਕਿਉਂ “?
“ ਪਤਾ ਨਹੀ।”
“ ਹੱਦ ਹੋ ਗਈ।” ਮੈਂ ਸਾਫ ਹੀ ਕਹਿ ਦਿਤਾ, “ ਤੁਹਾਨੂੰ ਪਤਾ ਹੀ ਨਹੀ ਉਹ ਕਿਉਂ ਨਹੀ ਕੰਮ ਕਰਦੇ।”
“ ਇਥੇ ਵੀ ਪੰਜਾਬੀਆਂ ਨੂੰ ਦੂਜੇ ਦੀ ਜ਼ਿੰਦਗੀ ਬਾਰੇ ਸਵਾਲ ਪੁਛਣ ਦੀ ਬਹੁਤ ਆਦਤ ਹੈ।” ਉਸ ਨੇ ਸਾਫ ਹੀ ਕਿਹਾ, “ ਮੈਂ ਤਾਂ ਸੋਚਦੀ ਸਾਂ ਕਿ ਇਧਰ ਲੋਕ ਪੜ੍ਹੇ – ਲਿਖੇ ਨੇ, ਉਹ ਨਹੀ ਕਿਸੇ ਦੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਨਹੀ ਕਰਦੇ ਹੋਣਗੇ।”
ਮੈਂ ਉਸ ਦਾ ਜ਼ਵਾਬ ਸੁਣ ਕੇ ਸ਼ਰਮਿੰਦਗੀ ਜਿਹੀ ਨਾਲ ਆਖਿਆ, “ ਆਈ ਐਮ ਸੋਰੀ, ਵੈਸੇ ਮੈਂ ਤੁਹਾਡੀ ਜ਼ਿੰਦਗੀ ਬਾਰੇ ਕੁਝ ਖਾਸ ਤਾਂ ਨਹੀ ਪੁਛਿਆ।”
ਮੇਰੀ ਗਲ ਸੁਣ ਕੇ ਬੋਲੀ, “ ਹਾਂ ਤੁਸੀ ਤਾਂ ਸੱਚੀ ਨਹੀ ਕੁਝ ਨਿਜ਼ੀ ਜਿੰਦਗੀ ਬਾਰੇ ਪੁਛਿਆ, ਪਰ ਆਮ ਲੋਕੀ ਪੁਛਦੇ ਬਹੁਤ ਨੇ ਕਿਥੇ ਕੰਮ ਕਰਦੇ, ਕਿੰਨੇ ਪੈਸੇ ਮਿਲਦੇ, ਕਿੰਨੀ ਕੁ ਉਮਰ ਹੈ।”
“ ਹਾਂ ਲੋਕਾਂ ਨੰ ਇਸ ਤਰਾਂ ਨਹੀ ਪੁਛਣਾ ਚਾਹੀਦਾ।” ਮੈਂ ਫਿਰ ਸ਼ਰਮਿੰਦਗੀ ਦੇ ਅਹਿਸਾਸ ਨਾਲ ਬੋਲੀ, “ ਕਈ ਬਾਰੀ ਤਾਂ ਲੋਕ ਆਪਣੇਪਣ ਕਰਕੇ ਵੀ ਪੁਛ ਲੈਂਦੇ ਨੇ ਕਿ ਚਲੋ ਪੰਜਾਬੀ ਆ, ਪਛ ਲੈਂਦੇ ਹਾਂ।”
“ ਆਪਣਾ ਪਣ ਘੱਟ ਹੁੰਦਾ ਨਿੰਮੇ-ਖਿਮੇ ਲੈਣ ਦੀ ਜ਼ਿਆਦਾ ਆਦਤ ਹੁੰਦੀ ਹੈ।” ਉਸ ਦੀ ਇਹ ਗੱਲ ਸੁਣ ਕੇ ਮੈਂ ਹੋਰ ਵੀ ਪਛਤਾਉਣ ਲੱਗੀ ਕਿ ਕਿੱਥੇ ਮੈਂ ਇਹਨੂੰ ਇਹਦੇ ਪਤੀ ਦੇ ਕੰੰਮ ਬਾਰੇ ਪੁਛ ਬੈਠੀ।ਮੈ ਦੁਆਰਾ ਮੁਆਫੀ ਮੰਗਦੇ ਫਿਰ ਕਿਹਾ, “ ਆਈ ਐਮ ਰੀਅਲੀ ਸੌਰੀ, ਮੈਂਨੂੰ ਤੁਹਾਡੇ ਹਸਬੈਂਡ ਦੇ ਕੰਮ ਬਾਰੇ ਨਹੀ ਸੀ ਪੁਛਣਾ ਚਾਹੀਦਾ।”
“ ਚਲੋ ਕੋਈ ਗੱਲ ਨਹੀ।” ਉਸ ਨੇ ਕਿਹਾ, “ ਉਸ ਤਰਾਂ ਤੁਹਾਨੂੰ ਦਸ ਦੇਂਦੀ ਹਾਂ ਕਿ ਬਿੰਦਰ ਜਦੋਂ ਦਾ ਪੰਜਾਬ ਤੋਂ ਆਇਆ ਘਰ ਹੀ ਬੈਠਾ ਹੈ,ਇਕ ਦੋ ਥਾਂ ਉਪਰ ਗਿਆ ਵੀ ਕੰਮ ਟਿਕ ਕੇ ਨਹੀ ਕੀਤਾ, ਕੰਮ ਵਾਲੇ ਵੀ ਵਿਚਾਰੇ ਕੀ ਕਰਨ।”
ਮੈਂਨੂੰ ਹੈਰਾਨੀ ਹੋਈ ਕਿ ਵੈਸੇ ਨਿਸ਼ਾ ਹਰ ਇਕ ਨਾਲ ਤੁਸੀ ਕਰਕੇ ਗਲ ਕਰਦੀ ਹੈ, ਹੈ ਵੀ ਪੜ੍ਹੀ ਲਿਖੀ, ਲੇਕਿਨ ਆਪਣੇ ਹਸਬੈਂਡ …। ਹੋਰ ਵੀ ਬਹੁਤ ਸਵਾਲ ਮੇਰੇ ਮਨ ਵਿਚ ਆਏ, ਪਰ ਮੈਂ ਚੁਪ ਰਹੀ। ਉਸ ਦਿਨ ਤੋਂ ਬਆਦ ਮੈਂ ਕਦੀ ਕੁਝ ਨਹੀ ਪੁਛਿਆ।
ਕੰਮ ਜ਼ਿਆਦਾ ਹੋਣ ਕਾਰਨ ਸਾਨੂੰ ਕੌਫੀ ਬਰੇਕ ਵੀ ਨਾ ਮਿਲੀ। ਮੈਨਜ਼ਰ ਨੇ ਪੁੱਛਿਆ ਜ਼ਰੂਰ, “ ਜੇ ਤੁਸੀ ਮਾਂਈਡ ਨਹੀ ਕਰਦੀਆਂ ਲੰਚ ਟਾਈਮ ਇਕੱਠੀ ਘੰਟੇ ਦੀ ਬਰੇਕ ਲੈ ਲੈਣਾ।”
“ ਉਕੇ।” ਕਹਿ ਕੇ ਅਸੀ ਕੰਮ ਵਿਚ ਜੁਟੀਆਂ ਰਹੀਆਂ।
ਲੰਚ ਟਾਈਮ ਨਿਸ਼ਾ ਨੇ ਆਪਣਾ ਡੱਬਾ ਖੋਲਿ੍ਹਆ ਤਾ ਵਿਚੋਂ ਗੋਭੀ ਦੀ ਸਬਜ਼ੀ ਕੱਢ ਕੇ ਮੈਂਨੂੰ ਦੇਂਦੀ ਬੋਲੀ, “ ਮੇਰੇ ਕੋਲ ਸਬਜ਼ੀ ਜਿਆਦਾ ਹੈ ਤੁਸੀ ਲੈ ਲਿਉ।”
“ ਤੁਹਾਡੀ ਸਬਜ਼ੀ ਬਹੁਤ ਸੁਆਦ ਹੈ।” ਮੈਂ ਬੁਰਕੀ ਮੂੰਹ ਵਿਚ ਪਾਉਂਦੇ ਕਿਹਾ, “ ਸਵੇਰੇ ਬਣਾਈ ਸੀ।”
“ ਨਹੀਂ ਰਾਤੀ।”
“ ਨਿਸ਼ਾ, ਤੁਸੀ ਮਾਈਂਡ ਨਾ ਕਰਿਉ।” ਜਿਸ ਗੱਲ ਦੀ ਮੈਂ ਪੜਤਾਲ ਕਰਨਾ ਚਾਹੁੰਦੀ ਸੀ ਉਸ ਵੱਲ ਲਿਜਾਂਦਿਆਂ ਕਿਹਾ, “ ਜੇ ਤੁਸੀ ਚਾਹੁੰਦੇ ਹੋ ਤਾਂ ਮੇਰੇ ਬਰਾਦਰ ਦਾ ਘਰਾਂ ਦਾ ਆਪਣਾ ਕੰਮ ਹੈ, ਮੇਰੇ ਬਰਾਦਰ ਨਾਲ ਉਹ ਕੰਮ ਕਰ ਸਕਦਾ ਹੈ।”
“ ਸਚ ਦਸਾਂ।” ਨਿਸ਼ਾ ਨੇ ਧੁਰ ਅੰਦਰੋਂ ਹਾਉਕਾ ਭਰਦੇ ਕਿਹਾ, “ ਉਹ ਸਿਰੇ ਦਾ ਨਲਾਇਕ ਹਰਾਮਖੋਰ ਹੈ, ਮੇਰੀ ਜ਼ਿੰਦਗੀ ਉਸ ਨੇ ਨਰਕ ਬਣਾਈ ਹੋਈ ਏ। ਮੈਂ ਤਾਂ ਉਸ ਨਾਲ ਇਕ ਪਲ ਵੀ ਨਹੀ ਰਹਿਣਾ ਚਾਹੁੰਦੀ।”
“ ਫਿਰ ਰਹਿ ਕਿਉ ਰਹੇ ਹੋ”?
“ ਉਸ ਦੇ ਆਮੀਰ ਬਾਪ ਦੇ ਪੈੀਸਆ ਨਾਲ ਮੈਂ ਕੈਨੇਡਾ ਆਈ ਹਾਂ।”
ਮੈਂਨੂੰ ਉਸ ਦੀ ਇਹ ਗਲ ਮੇਰੀ ਸਮਝ ਵਿਚ ਨਾ ਪਈ ਤਾਂ ਮੈਂ ਕਿਹਾ, “ ਤੁਹਾਡੇ ਸਹੁਰੇ ਨੇ ਤਹਾਨੂੰ ਇਧਰ ਭੇਜਿਆ”?
“ ਮੇਰਾ ਸੋਹਰਾ ਤਾਂ ਘਟ ਮੇਰੇ ਮਾਪਿਆਂ ਦਾ ਕੁੜਮ ਜਿਆਦਾ ਹੈ।”
“ ਹੈਂ” ਮੈਂ ਹੈਰਾਨ ਹੋਈ ਉਸ ਦੇ ਮੂੰਹ ਵੱਲ ਦੇਖਣ ਲੱਗੀ।
“ ਹੁਣ ਮੈਨੂੰ ਸਾਰਾ ਹੀ ਝੱਗਾ ਚੁਕਣਾ ਪੈਣਾ ਹੈ।”
“ ਜ਼ੂਰਰੀ ਨਹੀ।” ਮੈਂ ਝਿਜਕਦੀ ਜਿਹੀ ਨੇ ਕਿਹਾ, “ ਜੇ ਤੁਸੀ ਕੁਝ ਨਹੀ ਦਸਣਾ ਚਾਹੁੰਦੇ ਤਾਂ ਇਟਸ ਉਕੇ।”
ਉਹ ਚੌਕੜੀ ਮਾਰ ਕੇ ਬੈਂਚ ਉਪਰ ਬੈਠ ਗਈ ਅਤੇ ਬੋਲੀ, “ ਮੇਰੇ ਮਾਂ ਬਾਪ ਬਹੁਤ ਗਰੀਬ ਨੇ, ਜਦੋਂ ਮੈ ਪਲੱਸ ਟੂ ਵਿਚੋਂ ਫਾਸਟ ਆਈ ਤਾਂ ਬਿੰਦਰ ਦਾ ਡੈਡੀ ਸਾਡੇ ਘਰ ਆਇਆ। ਮੇਰੇ ਡੈਡੀ ਨੂੰ ਕਹਿਣ ਲੱਗਾ, “ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨਾਲ ਕਰ ਦਿਉ। ਮੇਰੀ ਮਾਂ ਨੂੰ ਤਾਂ ਪਤਾ ਸੀ ਕਿ ਇਸ ਦਾ ਮੁੰਡਾ ਨਲਾਇਕ ਹੈ, ਉਸ ਨੇ ਡਰਦੀ ਨੇ ਕਿਹਾ ਨਹੀ ਇਹ ਨਹੀ ਹੋ ਸਕਦਾ , ਤੁਸੀ ਰਾਜਾ ਭੋਜ ਅਸੀ ਗੰਗੂ ਤੇਲੀ।ਮੇਰਾ ਡੈਡੀ ਤਾਂ ਅਜੇ ਮਾਂ ਦੇ ਮੂੰਹ ਵਾਲ ਹੀ ਦੇਖ ਰਿਹਾ ਸੀ ਕਿ ਬਿੰਦਰ ਦਾ ਪਿਉ ਬੋਲਿਆ, “ ਸੋਚ ਲਉ ਵਿਚਾਰ ਕਰ ਲਉ, ਤੁਹਾਡੀ ਕੁੜੀ ਸਣੇ ਟੱਬਰ ਕੈਨੇਡਾ ਜਾ ਸਕਦੀ ਹੈ।”
“ ਹੱਦ ਹੋ ਗਈ।” ਮੈਂ ਹੈਰਾਨ ਹੁੰਦੀ ਬੋਲੀ, “ ਤੁਸੀ ਅੜ ਜਾਣਾ ਸੀ ਕਹਿਣਾ ਸੀ ਉਹਨਾਂ ਨੂੰ , ਮੈਂ ਨਹੀ ਜਾਣਾ ਕੈਨੇਡਾ।”
“ ਪਿਉ ਦੀ ਗਰੀਬੀ ਨੇ ਮੈਂਨੂੰ ਬੋਲਣ ਹੀ ਨਾ ਦਿਤਾ।” ਉਹ ਆਪਣੇ ਹੰਝੂ ਸਾਫ ਕਰਦੀ ਬੋਲੀ, “ ਕੈਨੇਡਾ ਜਾਣ ਦਾ ਲਾਲਚ ਅੱਗੇ ਹੋ ਖਲੋਇਆ।”
“ ਹੂੰ।” ਮੈਂ ਹੁੰਗਾਰਾ ਦਿੰਦੇਂ ਕਿਹਾ, “ ਹਿਊਮਨ ਬੀਅੰਗ ਹਾਂ, ਕਈ ਵਾਰੀ ਹੋ ਜਾਂਦੀਆਂ ਇਸ ਤਰਾਂ ਦੀਆਂ ਗੱਲਾਂ।”
“ ਉਧਰੋਂ, ਮਾਂ ਮੇਰੀ ਮੱਤਾ ਦੇਣੋਂ ਨਾ ਹਟੇ, ਆਖੇ, ਸਿਆਣਾ ਧੀ-ਪੁੱਤ ਨਾਲ ਦੇ ਨੂੰ ਵੀ ਸਿਆਣਾ ਬਣਾ ਲੈਂਦਾ ਆ।”
“ ਆਦਤਾਂ ਕਿੱਥੇ ਹੱਟਦੀਆਂ, ਵਾਦੜੀਆਂ-ਸੁਜਾਦੜੀਆਂ ਨਿਭਣ ਸਿਰਾਂ ਦੇ ਨਾਲ।” ਮੈਂ ਫਿਰ ਬੋਲੀ, “ ਲੈ ਦਸੋ ਭਲਾ , ਮੂਰਖ ਨੂੰ ਸਿਆਣਪ ਘੋਲ ਕੇ ਕਿਵੇ ਪਿਲਾ ਦੂ ਕੋਈ, ਫਿਰ?”
“ਫਿਰ ਕੀ ਝੱਟ ਮੰਗਣੀ ਪਟ ਵਿਆਹ ਕਰ ਕੇ ਮੈਂਨੂੰ ਕੈਨੇਡਾ ਚਾੜ ਦਿਤਾ।” ਰੋਟੀ ਵਾਲੇ ਖਾਲੀ ਡੱਬੇ ਨੂੰ ਉਸ ਨੇ ਬੰਦ ਕਰ ਦੇ ਕਿਹਾ, “ ਛੇਤੀ ਹੀ ਮੇਰੇ ਮਗਰੇ ਇਹ ਆ ਗਿਆ।”
“ ਜੇ ਇਹ ਕੰਮ ਨਹੀ ਕਰਦਾ ਤਾਂ ਫਿਰ ਕਰੇਗਾ ਕੀ”?
“ ਸੱਤਾਂ ਚੁਲਿ੍ਹਆਂ ਦੀ ਸਵਾਹ।” ਉਹ ਸਤੀ ਹੋਈ ਬੋਲੀ, “ ਮੇਰੇ ਗਲ ਤਾਂ ਮਰਿਆ ਸੱਪ ਪੈ ਗਿਆ, ਪਤਾ ਹੀ ਨਹੀ ਲਗਦਾ ਕੀ ਕਰਾਂ।”
ਇਸ ਤੋਂ ਬਾਅਦ ਉਹ ਚੁੱਪ ਹੋ ਗਈ , ਲੇਕਿਨ ਉਸ ਦੇ ਹੰਝੂ ਬੋਲਣ ਲੱਗੇ।
ਮੈਂ ਉਸ ਨੂੰ ਉਹ ਹੀ ਪੁਰਾਣੀਆਂ ਘੀਸੀਆਂ- ਪੀਸੀਆਂ ਤਸੱਲੀਆਂ ਦੇਣ ਲੱਗੀ , ਜੋ ਸਾਡੇ ਸਮਾਜ ਵਿਚ ਮੁੱਢ ਤੋਂ ਹੀ ਚਲ ਰਹੀਆਂ ਨੇ, “ਕਿਸਮਤ ਦੀਆਂ ਗੱਲਾ ਨੇ ਮੇਰੀਏ ਭੈਣੇ, ਸਮਝਾ-ਬੁਝਾ ਕੇ ਦੇਖ ਸ਼ਾਇਦ ਇਸ ਦੇ ਖਾਨੇ ਗੱਲ ਪੈ ਜਾਵੇ, ਸੰਜੋਗਾਂ ਦੀਆਂ ਗਲਾਂ।”
“ ਤੁਹਾਡਾ ਕੋਈ ਇਸ਼ਤੇਦਾਰ ਨਹੀ ਇਥੇ?” ਅਚਾਨਕ ਮੈਂ ਫਿਰ ਪੁਛਿਆ, “ ਜੋ ਤੁਹਾਡੀ ਹੈਲਪ ਕਰ ਸਕੇ।”
“ ਇਸ ਦੀ ਭੈਣ ਹੈ ਇਕ ਉਹ ਵੀ ਵਿਜ਼ਟਰ ਵਿਜ਼ੇ ਉਪਰ ਆਈ ਸੀ, ਪਰ ਉਸ ਦਾ ਵਿਆਹ ਇਥੇ ਪਹਿਲਾਂ ਕੋਈ ਫੈਮਲੀ ਇਮਗਰਾਂਟ ਆਈ ਹੋਈ ਸੀ , ਉਹਨਾਂ ਦੇ ਘਰ ਹੋ ਗਿਆ।”
“ ਇਸ ਦਾ ਮਤਲਵ ਤੂੰ ਵੀ ਪੜ੍ਹਨ ਵਿਚ ਹੁਸ਼ਿਆਰ ਅਤੇ ਇਸ ਦੀ ਭੈਣ ਵੀ ਅਤੇ ਇਹ ਨਾਲਾਇਕ।”
“ ਪਤਾ ਨਹੀ, ਇਕ ਦਿਨ ਦਸਦਾ ਸੀ ਕਿ ਉਸ ਦੇ ਪਿਉ ਨੇ ਪੈਸੇ ਦੇ ਕੇ ਝੂਠੇ ਸਰਟੀਫਕੇਟ ਖੀ੍ਰਦ ਕੇ ਭੈਣ ਨੂੰ ਲੈ ਕੇ ਦਿਤੇ ਸਨ।”
“ ਇਸ ਦਾ ਮਤਲਵ ਪੰਜਾਬ ਵਿਚ ਜਿਨਾਂ ਕੋਲ ਪੈਸਾ ਹੈ, ਉਹ ਕੁਝ ਵੀ ਕਰ ਸਕਦੇ ਨੇ।”
ਉਹ ਵਿਅੰਗ ਨਾਲ ਹੱਸੀ ਅਤੇ ਬੋਲੀ, “ ਕਰ ਸਕਦੇ ਨਹੀ, ਕਰ ਰਹੇ ਨੇ।”
ਇਸ ਤੋਂ ਬਆਦ ਜਦੋਂ ਵੀ ਅਸੀ ਲੰਚ ਲਈ ਇਕਠੀਆਂ ਬੈਠੀਆਂ ਮੁੜ ਇਸ ਵਿਸ਼ੇ ਉਪਰ ਕੋਈ ਗੱਲ ਨਾ ਕੀਤੀ, ਸਗੋਂ ਮੈਂ ਹਸਾਉਣ ਵਾਲੀਆਂ ਗੱਲਾਂ ਕਰਨੀਆਂ ਕਿ ਘਰੋਂ ਵੀ ਇਹ ਦੁਖੀ ਹੋਣ ਕਾਰਣ ਉਦਾਸ ਰਹਿੰਦੀ ਏ, ਕੰਮ ਉਪਰ ਤਾਂ ਥੋੜ੍ਹਾ ਖੁਸ਼ ਰਹੇ। ਵੈਸੇ ਮੇੈਂ ਮਨ ਵਿਚ ਜ਼ਰੂਰ ਸੋਚਦੀ ਕਿ ਇਹ ਸਾਰੀ ਉਮਰ ਇਸ ਤਰਾਂ ਕਿਵੇ ਕੱਢੇਗੀ? ਦਿਲ ਨਾ ਮਿਲਦੇ ਹੋਣ, ਖਿਆਲ ਨਾ ਮਿਲਣ,ਸੋਚ ਨਾ ਮਿਲਦੀ ਹੋਵੇ ਤਾ ਦੋ ਘੰਟੇ ਵੀ ਕੱਢਣੇ ਔਖੇ ਹੋ ਜਾਂਦੇ ਨੇ, ਉਮਰ ਕੱਢਣੀ ਤਾਂ ਬਹੁਤ ਔਖੀ, ਖੈਰ ਮੈਂ ਇਹ ਸੋਚ ਆਪਣੇ ਮਨ ਵਿਚ ਹੀ ਰਖੀ ਕਦੇ ਬੋਲਾ ਵਿਚ ਨਾ ਲਿਆਂਦੀ। ਇਕ ਦਿਨ ਉਸ ਦੀ ਖੱਬੀ ਬਾਂਹ ਉੱਪਰ ਨੀਲ ਦਾ ਨਿਸ਼ਾਨ ਜਿਹਾ ਪਿਆ ਹੋਇਆ ਸੀ। ਮੈਂਨੂੰ ਪਕੀ ਸ਼ੱਕ ਹੋਈ ਕਿ ਲੜਾਈ ਹੋਈ ਹੋਵੇਗੀ ਅਤੇ ਇਸ ਦੇ ਨਿਕੰਮੇ ਪਤੀ ਨੇ ਮਾਰਿਆ ਹੋਵੇਗਾ, ਪਰ ਇਸ ਬਾਰੇ ਮੈਂ ਉਸ ਨੁੰ ਪੁਛਿਆ ਕੁਝ ਨਹੀ।
ਇਸ ਗਲ ਤੋਂ ਦੋ ਦਿਨਾਂ ਬਾਅਦ ਜਦੋਂ ਮੈਂ ਬਸ ਵਿਚ ਚੜ੍ਹੀ ਤਾਂ ਮੇਰੀਆਂ ਨਜ਼ਰਾਂ ਨੂੰ ਨਿਸ਼ਾ ਕਿਤੇ ਵੀ ਦਿਸੀ ਨਾ, ਸ਼ਾਇਦ ਸਿਕ ਕਾਲ ਕੀਤੀ ਹੋਵੇਗੀ।
ਕੰਮ ਉਪਰ ਪੁਜਣ ਤੇ ਪਤਾ ਲੱਗਾ ਕਿ ਨਿਸ਼ਾ ਨੇ ਕੀਤੀ ਤਾਂ ਸਿਕ-ਕਾਲ ਹੀ, ਲੇਕਿਨ ਉਹ ਹੋਸਪਿਟਲ ਵਿਚ ਹੈ। ਏਨੀ ਸਿਕ ਹੋ ਗਈ ਕਿ ਉਸ ਨੂੰ ਹੋਸਪਿਟਲ ਜਾਣਾ ਪਿਆ, ਇਸ ਸੋਚ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸੇ ਸੋਚ ਨਾਲ ਕੰੰਮ ਸਮਾਪਤ ਕਰ ਕੇ ਘਰ ਪੁਜੀ।
ਚਾਹ- ਪਾਣੀ ਪੀਣ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਕਿਹਾ, “ ਤੁਸੀ ਕਿਤੇ ਜਾਣਾ ਤਾ ਨਹੀ।”
“ ਨਹੀ।” ਮੇਰੇ ਪਤੀ ਨੇ ਕਿਹਾ, “ਪਰ ਤੂੰ ਕਿਉਂ ਪੁਛ ਰਹੀ ਏ”
“ ਨਿਸ਼ਾ, ਜੋ ਮੇਰੇ ਨਾਲ ਕੰਮ ਕਰਦੀ ਹੈ, ਉਹ ਹੋਸ-ਪਿਟਲ ਵਿਚ ਹੈ, ਜੇ ਤੁਸੀ ਕਿਤੇ ਨਹੀ ਜਾਣਾ ਤਾਂ ਮੈਂ ਕਾਰ ਲੈ ਜਾਵਾਂ ਅਤੇ ਉਸ ਨੂੰ ਦੇਖ ਆਵਾਂ।”
“ ਚਲ, ਮੈਂ ਵੀ ਤੇਰੇ ਨਾਲ ਹੀ ਚਲਦਾ, ਮੈੰ ਕਿਹੜਾ ਕੁਝ ਕਰਨਾ ਆ।”
ਫਰੰਟ-ਡੈਕਸ ਤੋਂ ਪਤਾ-ਪੁਤਾ ਕਰ ਕੇ ਲਿਫਟ ਲੈ ਕੇ ਹੋਸਪਿਟਲ ਦੀ ਤੀਜ਼ੀ ਫਲੋਰ ਉੱਪਰ ਪਹੁੰਚ ਗਏ। ਕਮਰੇ ਵਿਚ ਪਟੀਆਂ ਨਾਲ ਭਰੀ ਨਿਸ਼ਾ ਬੈਡ ਉਪਰ ਪਈ ਸੀ, ਕੋਲ ਹੀ ਇਕ ਪੁਲੀਸ ਲੇਡੀ ਬੈਠੀ ਸੀ। ਮੇਰੇ ਵੱਲ ਦੇਖ ਕੇ ਨਿਸ਼ਾ ਫਿਕਾ ਜਿਹਾ ਮੁਸਕ੍ਰਾਈ।
“ ਇਹ ਕੀ ਵਾਪਰਿਆ?”
ਨਿਸ਼ਾ ਦੇ ਬੋਲਣ ਤੋਂ ਪਹਿਲਾਂ ਹੀ ਪੁਲੀਸ ਲੇਡੀ ਨੇ ਦੱਸਿਆ ਇਸ ਦੇ ਹਸਬੈਂਡ ਨੇ ਇਸ ਦੀ ਇਹ ਹਾਲਤ ਕੀਤੀ ਹੈ। ਬਾਅਦ ਵਿਚ ਉਸ ਪੁਲੀਸ ਲੇਡੀ ਨੇ ਕਈ ਸਵਾਲ ਮੇਰੇ ਤੋਂ ਵੀ ਪੁਛੇ ਅਤੇ ਜਦੋਂ ਉਸ ਨੂੰ ਤਸੱਲੀ ਹੋ ਗਈ ਕਿ ਮੈਂ ਨਿਸ਼ਾ ਦੀ ਹਮਦਰਦਣ ਹੈ, ਤਾਂ ਉਸ ਨੇ ਮੈਂਨੂੰ ਜੋ ਗਲਾਂ ਦਸੀਆਂ ਮੈਂ ਸੁਣ ਕੇ ਹੈਰਾਨ ਰਹਿ ਗਈ ਕਿ ਕਿਵੇ ਉਸ ਦੇ ਗੁਝੀਆਂ ਥਾਂਵਾ ਉਪਰ ਜਖਮ ਕੀਤੇ ਹੋਏ ਨੇ, ਜਿਵੇ ਉਸ ਦਾ ਪਤੀ ਇਨਸਾਨ ਨਾ ਹੋ ਕੇ ਕੋਈ ਜਾਨਵਰ ਹੋਵੇ।ੳਦੋਂ ਹੀ ਇਕ ਸਰਦਾਰ ਪੰਜਾਬੀ ਪੁਲੀਸ ਮੈਨ ਆ ਗਿਆ। ਉਸ ਨੇ ਪੰਜਾਬੀ ਵਿਚ ਹੀ ਪੁੱਛਿਆ, “ ਤੁਸੀ ਇਸ ਦੇ ਫਰੈਂਡ ਹੋ।”
“ ਹਾਂ ਜੀ।”
“ ਨਿਸ਼ਾ ਦਾ ਕੋਈ ਕਲੋਜ਼ ਰਿਸ਼ਤੇਦਾਰ ਕਨੈਡਾ ਵਿਚ ਹੈ?”
“ ਹੋਰ ਤਾਂ ਕੋਈ ਨਹੀ ਇਸ ਦੇ ਹਸਬੈਂਡ ਦੀ ਸਿਸਟਰ ਹੈ।”
ਉਹ ਥੌੜਾ ਜਿਹਾ ਹੱਸਿਆ ਅਤੇ ਬੋਲਿਆ, “ ਉਹ ਤਾ ਇਸ ਦੇ ਹਸਬੈਂਡ ਦੀ ਕਲੋਜ਼ ਰਿਸ਼ਤੇਦਾਰ ਹੈ, ਇਸ ਦੀ ਨਹੀ।”
“ ਵੈਸੇ ਤੁਸੀ ਉਸ ਨੂੰ ਦਸ ਦਿਤਾ ਕਿ ਨਿਸ਼ਾ ਹੋਸਪਿਟਲ ਵਿਚ ਹੈ?” ਮੈਂ ਪੁਛਿਆ, “ ਆਈ ਨਹੀ ਉਹ।”
“ ਉਸ ਨਾਲ ਤਾਂ ਮੇਰੀ ਚੰਗੀ ਅਰਗੂਮਿੰਟ ਹੋਈ।” ਪੰਜਾਬੀ ਪੁਲੀਸ ਮੈਨ ਮੇਰੇ ਹਸਬੈਂਡ ਵੱਲ ਦੇਖਦਾ ਹੋਇਆ ਬੋਲਿਆ, “ ਭਾਜੀ, ਜਦੋਂ ਨਿਸ਼ਾ ਦਾ ਸਾਨੂੰ ਫੋਨ ਆਇਆ ਤਾਂ ਅਸੀ ਇਕਦਮ ਪਹੁੰਚ ਗਏ, ਇਹ ਪੂਅਰ ਗਰਲ ਤਾਂ ਬਹੁਤ ਡਰੀ ਹੋਈ ਸੀ, ਇਸ ਦਾ ਹਸਬੈਂਡ ਸਾਡੇ ਅੱਗੇ ਵੀ ਪੰਜਾਬ ਦੇ ਪੈਸੇ ਦਾ ਡਰਾਵਾ ਦੇਣ ਲੱਗਾ, ਅਗੋ ਆਕੜ ਆਕੜ ਬੋਲੇ,ਮੇਰੇ ਨਾਲਦੇ ਗੋਰੇ ਅਫਸਰ ਸਰ ਸਰ ਕਰ ਕੇ ਗਲ ਕਰਨ, ਉਹਨਾਂ ਦੀ ਗਲ ਹੀ ਨਾ ਸੁਣੇ।”
“ਫਿਰ ਕੀ ਹੋਇਆ? ” ਮੇਰੇ ਪਤੀ ਗਲ ਵਿਚ ਦਿਲਚਸਪੀ ਦਿਖਾਲਦੇ ਬੋਲੇ, “ ਸੂਤ ਕਿਵੇ ਆਇਆ।”
“ ਲੈਟ ਮੀ ਟਾਕ ਟੂ ਹਿਮ।” ਮੈਂ ਗੋਰਿਆਂ ਨੂੰ ਕਿਹਾ, “ ਮੈਂਨੂੰ ਪਤਾ ਇਹਦੇ ਨਾਲ ਕਿਦਾ ਗਲ ਕਰਨੀ, ਮੈਂ ਪੰਜਾਬੀ ਵਿਚ ਪੰਜਾਬ ਪੁਲੀਸ ਵਾਂਗ ਹੀ ਬੋਲਿਆ, ਇਕਦਮ ਸਿਧਾ ਹੋ ਗਿਆ।”
“ ਲਾਤੋ ਦੇ ਬੂਤ ਬਾਤੋਂ ਸੇ ਕਿਥੇ ਮੰਨਦੇ ਨੇ।” ਮੇਰੇ ਪਤੀ ਮੁਸਕ੍ਰਾਉਂਦੇ ਹੋਏ ਬੋਲੇ, “ ਪਰ ਤੁਸੀ ਜੇਹਲ ਰਖ ਕੇ ਫਿਰ ਛੱਡ ਦਿਉਂਗੇ, ਇਹ ਕੁੜੀ ਵਿਚਾਰੀ ਨੂੰ ਫਿਰ ਤੰਗ ਕਰੇਗਾਂ।”
“ ਹੁਣ ਕੁੜੀ ਨੂੰ ਤੰਗ ਨਹੀ ਕਰ ਸਕਦਾ।” ਪੰਜਾਬੀ ਪੁਲੀਸ ਮੈਨ ਨੇ ਦੱਸਿਆ, “ ਇਨਾ ਸ਼ੁਕਰ ਆ ਕਿ ਉਹ ਵਿਜ਼ਟਰ ਹੈਗਾ, ਜੇਹਲ ਤੋਂ ਸਿਧਾ ਇੰਡੀਆ ਹੀ ਜਾਵੇਗਾ।”
ਉਸ ਦੀ ਗੱਲ ਸੁਣ ਕੇ ਨਿਸ਼ਾ ਦੇ ਚਿਹਰੇ ਉੱਪਰ ਤਾਂ ਮੁਸਕ੍ਰਾਣ ਆਉਣੀ ਹੀ ਸੀ ਸਾਨੂੰ ਵੀ ਖੁਸ਼ੀ ਹੋਈ। ਫਿਰ ਮੈਂ ਆਪਣੀ ਪੁਛਣ ਵਾਲੀ ਆਦਤ ਤੋਂ ਮਜ਼ਬੂਰ ਹੋਈ ਬੋਲੀ, “ ਇਸ ਦੀ ਸਿਸਟਰ ਨਹੀ ਆਈ ਇਸ ਦੀ ਜ਼ਮਾਨਤ ਕਰਾਉਣ?”
“ ਆਈ ਸੀ।” ਪੁਲੀਸ ਮੈਨ ਨੇ ਦੱਸਿਆ, “ ਆਪਣੇ ਭਰਾ ਵਾਂਗ ਹੀ ਰੌਲਾ ਪਾਉਂਦੀ ਸੀ, ਮੈਂ ਕਿਹਾ ਚੁਪ ਕਰਕੇ ਬੈਠ ਜਾਹ, ਨਹੀ ਤਾਂ ਤੈਨੂੰ ਵੀ ਨਾਲ ਹੀ ਡਿਪੋਰਟ ਕਰਾਂਊ, ਇਹਨਾ ਹੀ ਕਿਹਾ ਸੀ, ਚੁਪ ਕਰਕੇ ਚਲੀ ਗਈ।”
ਨਿਸ਼ਾ ਨੂੰ ਤਸੱਲੀ ਦੇਂਦਿਆਂ ਮੇਰੇ ਪਤੀ ਨੇ ਕਿਹਾ, “ ਭੈਣੇ, ਕਿਸੇ ਗਲ ਦਾ ਫਿਕਰ ਨਾ ਕਰੀ, ਇਹ ਨਾ ਸਮਝੀ ਤੇਰਾ ਕੈਨੇਡਾ ਵਿਚ ਕੋਈ ਨਹੀ , ਸਾਨੂੰ ਆਪਣੇ ਹੀ ਸਮਝੀ, ਵੈਸੇ ਵੀ ਤੂੰ ਪੜ੍ਹੀ ਲਿਖੀ ਮਿਹਨਤੀ ਕੁੜੀ ਆ, ਤੂੰ ਆਉਣ ਵਾਲੀ ਜ਼ਿੰਦਗੀ ਵਿਚ ਕਾਮਯਾਬ ਹੋਵੇਗੀ।”
ਅਸੀ ਉਥੋਂ ਜਦੋਂ ਤੁਰੇ ਪੁਲੀਸਮੈਨ ਵੀ ਨਾਲ ਹੀ ਤੁਰ ਪਿਆ। ਲਿਫਟ ਵਿਚ ਖਲੋਤਾ ਪੁਛਣ ਲੱਗਾ, “ ਪੰਜਾਬ ਵਿਚ ਲੋਕ ਆਪਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸਟੂਪਿਡ ਪਰਸਨਾ ਨੂੰ ਕਿਉਂ ਵਿਆਹ ਦੇਂਦੇ ਨੇ”?
ਸਾਨੂੰ ਪਤਾ ਹੀ ਨਾ ਲੱਗੇ ਕਿ ਉਸ ਨੂੰ ਕੀ ਜ਼ਵਾਬ ਦੇਈਏ। ਮੈਂ ਸੋਚਦੀ ਹੀ ਰਹਿ ਗਈ ਕਿ ਕੀ ਕਹਾਂ, ਕੁੜੀਆਂ ਦੀ ਬੇਬਸੀ ਜਾਂ ਕਨੈਡਾ ਆਉਣ ਦਾ ਲਾਲਚ, ਮਾਪਿਆਂ ਦੀ ਗਰੀਬੀ ਜਾਂ ਪੰਜਾਬ ਵਿਚ ਖੇਡੀ ਜਾ ਰਹੀ ਨਸ਼ੇ ਦੀ ਗੰਦੀ ਰਾਜਨੀਤੀ, ਪੜ੍ਹਲਿਖਿਆਂ ਦੀ ਬੇਰੁਜ਼ਗਾਰੀ ਜਾਂ ਸਿਸਟਮ ਦਾ ਵਿਗੜਿਆ ਢਾਚਾਂ ਆਦਿ, ਇਸ ਤਰਾਂ ਦੇ ਹੋਰ ਵੀ ਜੋ ਜ਼ਵਾਬ ਮੇਰੇ ਮਨ ਵਿਚ ਆਏ ਮੈਂ ਕਿਸੇ ਦਾ ਕੋਈ ਜ਼ਿਕਰ ਨਾ ਕੀਤਾ।ਮੇਰੇ ਪਤੀ ਨੇ ਜ਼ਰੂਰ ਕਿਹਾ, “ ੳਥੋਂ ਦੇ ਹਾਲਾਤ ਹੀ ਕੁਝ ਹੋਰ ਨੇ, ਸਭ ਕੈਨੇਡਾ ਆਉਣਾ ਚਾਹੁੰਦੇ ਨੇ।”
“ ਆ ਜਾਣ ਕੈਨੇਡਾ, ਪਰ ਆਪਣੀਆਂ ਡਾਉਟਰਜ਼ ਨੂੰ ਤਾਂ ਨਾ ਟਰਬਲ ਵਿਚ ਪਾਉਣ।” ਪੰਜਾਬੀ ਪੁਲੀਸਮੈਨ ਬੋਲਿਆ, “ ਅਸੀ ਟਾਈਮ ਨਾਲ ਨਾ ਜਾਂਦੇ ਉਸ ਨੇ ਕੁੜੀ ਨੂੰ ਕਿਲ ਕਰ ਦੇਣਾ ਸੀ।”
“ ਹਾਂਜ਼ੀ।” ਇਨਾਂ ਕਹਿ ਕੇ ਅਸੀ ਬਾਹਰ ਪਾਰਕਿੰਗ ਲਾਟ ਵੱਲ ਨੂੰ ਤੁਰ ਪਏ.
ਆਪਣੀ ਮਾਂ
ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ ਮਾਰ ਲਈ ,”ਸੁਣਦੇ ਓ, ਜਰਾ ਉਰੇ ਆਇਓ, ਜਰੂਰੀ ਗੱਲ ਵਾ,, ਨਾਲੇ ਜੀਤਾ ਤੁਹਾਡਾ ਮੋਟਰਸ਼ੈਕਲ ਸਕੂਲੇ ਲੈ ਗਿਆ ਜੇ !” ਬਲਵੰਤ ਸਿੰਘ ਅੱਧਖੜ੍ਹ ਉਮਰ ਦਾ ਮੇਹਨਤੀ ਕਿਸਾਨ ਸੀ, ਜਿਸ ਕੋਲ ਪਿਓ ਪਿਤਰਾਂ ਦੀ ਥੋੜੀ ਕੁ ਗੁਜਾਰੇ ਜੋਗੀ ਹਿੱਸੇ ਆਉਂਦੀ ੩ ਕਿਲੇ ਜਮੀਨ ਸੀ, ਕੁਝ ਉਸ ਨੇ ਗਹਿਣੇ ਰੱਖ, ਪਿਛਲੇ ਸਾਲ ਧੀ ਰਾਜੀਂ ਦਾ ਵਿਆਹ ਕੀਤਾ ਸੀ। ਰਿਸ਼ਤਾ ਚੰਗਾ ਹੋਣ ਕਾਰਨ ਝੱਟਪੱਟ ਵਿਆਹ ਕਰਨਾ ਹੀ ਉੱਚਿਤ ਸਮਝਿਆ ਸੀ, ਓਸ ਨੇ । ਉਸਦਾ ਇੱਕਲੌਤਾ ਪੁੱਤਰ ਹਰਜੀਤ ਸਿੰਘ ਮੁੱਛ ਫੁੱਟ ਗੱਭਰੂ ਸੀ ਜੋ ਬਾਰਵੀਂ ਜਮਾਤ ਵਿੱਚ ਨਾਲਦੇ ਪਿੰਡ ਵਾਲੇ ਸਕੂਲ ਵਿੱਚ ਪੜਦਾ ਸੀ, ਸੁੱਖਾਂ ਲੱਧਾ ਤੇ ਦੇਰ ਪਿੱਛੋਂ ਜੰਮਿਆਂ ਹੋਣ ਕਾਰਨ ਬਲਵੰਤ ਸਿੰਘ ਨੇ ਕਰਜੇ ਵਾਲੀ ਪੰਡ ਦੀ ਫਿਕਰ ਤੋਂ ਬਾਹਰ ਜਾ ਕੇ ਬੜੇ ਲਾਡਾਂ ਚਾਵਾਂ ਸੰਗ ਜੀਤੇ ਨੂੰ ਪਾਲਿਆ ਸੀ, ਹਿੰਮਤੀ ਬਹੁਤ ਸੀ ਪਰ ਭਾਰੀ ਜਿੰਮੇਵਾਰੀਆਂ ਨੇ ਥੋੜਾ ਉਮਰੋ ਪਹਿਲਾਂ ਬੁੱਢਾ ਕਰ ਛੱਡਿਆ ਸੀ।
ਵੱਟਲ ਜਿਹੇ ਚਾਦਰੇ ਨੂੰ ਸੰਭਾਲਦੇ ਉਹ ਪੀੜੀ ਤੇ ਬੈਠਦਿਆਂ ਹੀ ਬੋਲਿਆ, ” ਹੁਣ ਦੱਸ ਜੀਤੇ ਦੀ ਮਾਂ ? ਕਿਹੜ੍ਹੀ ਜਰੂਰੀ ਗੱਲ ਵਾ, ਜੋ ਤੈਂ ਕਰਨੀ ਵਾਂ! ਨਾਲੇ ਰੋਟੀ ਟੁੱਕ ਪਾਦੇ, ਮਹਿੰਦਰ ਕੌਰ ਨੇ ਰੋਟੀ ਪਾਓਂਦਿਆਂ ਕਿਹਾ,,ਕੁਝ ਦਿਨਾਂ ਤੋਂ ਮੈਨੂੰ ਜੀਤੇ ਦੇ ਰੌਂਅ ਬਦਲੇ ਬਦਲੇ ਲੱਗਦੇ ਨੇ? ਬਲਵੰਤ ਸਿੰਘ ਨੇ ਗੱਲ ਹਾਸੇ ਨਾਲ ਟਾਲਦਿਆਂ ਕਿਹਾ, ” ਓ ਤੂੰ ਚਿੰਤਾਂ ਨਾ ਕਰ ਭਾਗਵਾਨੇ, ਮੁੰਡਾ ਜਵਾਨ ਤੇ ਸਿਆਣਾ ਹੋ ਰਿਹਾ ਵਾ, ਇਹੋ ਜਿਹੇ ਰੌਂਅ ਆਉਂਦੇ ਜਾਂਦੇ ਰਹਿੰਦੇ ਨੇ, ਤੂੰ ਬਾਹਲੀ ਚਿੰਤਾ ਨਾ ਕਰਿਆ ਕਰ। “ ਮਹਿੰਦਰ ਕੌਰ ਨੇ ਫੇਰ ਕਿਹਾ, ਨਹੀਂ ਜੀ, ਚਿੰਤਾ ਆਲੀ ਈ ਗੱਲ ਆ,, ਰਾਤ ਨੂੰ ਜੀਤੇ ਨੇ ਮੈਥੋਂ ਦਸ ਹਜਾਰ ਰੁਪਏ ਮੰਗੇ ਸੀ, ਅੱਗੇ ਦਸ ਵੀਹ ਰੁਪਏ ਹੀ ਮੰਗਦਾ ਸੀ, ਅੱਜ ਦਸ ਹਜਾਰ ?,,,ਕਹਿੰਦਾ ਸੀ ਕੋਈ ਆਈਲਸ ਦਾ ਟੈਸਟ ਦੇਣਾ ਵਾ, ਕਹਿੰਦਾ ਸੀ ਸਕੂਲ ਦੀ ਨਾਲ ਲੱਗਦੀ ਕੋਠੀ ਆਲੇ ਸ਼ਾਹਾਂ ਦੇ ਮੁੰਡੇ ਪ੍ਰਿੰਸ ਤੇ ਹੋਰ ਵੀ ਜਮਾਤ ਦੇ ਮੁੰਡੇ ਦੇ ਰਹੇ ਨੇ ਏਹ ਟੈਸਟ, ਮੈਨੂੰ ਤਾਂ ਨਾਓਂ ਈ ਨੀ ਆਉਂਦਾ ਇਸ ਖਸਮਾਂ ਨੂੰ ਖਾਣੇ ਟੈਸਟ ਦਾ?, ਪਤਾਂ ਨਹੀ ਕਿਹੜੀ ਬਿਮਾਰੀ ਆਲਾ ਵਾ ਏਹ ਟੈਸਟ ?, ਮਹਿੰਦਰ ਕੌਰ ਇਕੋ ਸਾਹ ਹੀ ਕਿੰਨਾ ਕੁਝ ਬੋਲ ਗਈ, ਬਲਵੰਤ ਸਿੰਘ ਭਮੱਤਰ ਜਿਹਾ ਗਿਆ, ਉਹ ਪੜਿਆ ਭਾਵੇਂ ਜਿਆਦਾ ਨਹੀ ਸੀ ਪਰ ਸੂਝ ਉਸ ਨੂੰ ਕਾਫੀ ਸੀ,ਅਕਸਰ ਬੰਦਿਆਂ ਚ ਉੱਠਦੇ ਬੈਠਦੇ ਆਈਲਟਸ ਵਾਲੇ ਟੈਸਟ ਦੀ ਗੱਲ ਹੁੰਦੀ ਸੀ। ਘਰਵਾਲੀ ਦੀਆਂ ਸਭ ਗੱਲਾਂ ਵਾਅ ਵਰੋਲੇ ਵਾਂਗ ਉਸ ਦੇ ਸਿਰ ਉਪਰੋਂ ਇਕਦਮ ਲੰਘ ਗਈਆਂ । ਫੇਰ ਵੀ ਬਲਵੰਤ ਸਿੰਘ ਨੇ ਹਿੰਮਤ ਕਰਕੇ ਆਪਣੇ ਆਪ ਨੂੰ ਸੰਭਾਲਦੇ ਕਿਹਾ, ” ਤੂੰ ਉਨੂੰ ਪਿਆਰ ਨਾਲ ਸਮਝਾਵੀਂ, ਤੇਰੀ ਗੱਲ ਵਾਹਵਾ ਮੰਨਦਾ ਵਾ, ਮੈਨੂੰ ਪੂਰਾ ਵਿਸ਼ਵਾਸ਼ ਆ, ਆਪਣੀ ਮਾਂ ਦੀ ਗੱਲ ਜਰੂਰ ਮੰਨੂਗਾ “ ਮਹਿੰਦਰ ਕੌਰ ਫੇਰ ਬੋਲੀ, ’’ ਮੇਰੀ ਮੰਨਦਾ ਨੀਂ ਤੇ ਤੁਹਾਨੂੰ ਡਰਦਾ ਦੱਸਦਾ ਨੀਂ, ਦੱਸੋ ਭਲਾ! ਮੈਂ ਕੀ ਕਰਾਂ ? ਪੁੱਤ ਕਹਿੰਦਾ ਬਾਪੂ ਤੇਰੀ ਗੱਲ ਮੰਨੂਗਾ, ਬਾਪ ਕਹਿੰਦਾ ਮੁੰਡਾ ਤੇਰੀ ਗੱਲ ਮੰਨੂੰਗਾ,,ਦੋਹਾਂ ਪੁੜਾਂ ਚ ਮੈਂ ਹੀ ਪਿਸੂੰਗੀ ਹੁਣ, ਮੇਰੇ ਤਾਂ ਨਾ ਆਖੇ ਲੱਗਦਾ ਨਾ ਰੀਝ ਨਾਲ ਪੱਠਾ-ਦੱਥਾ ਪਾਉਂਦਾ ਡੰਗਰਾਂ ਨੂੰ, ਨਾ ਰੋਟੀ ਖਾਂਦਾ ਰੱਜ ਕੇ, ਕੋਈ ਕੰਮ ਦੱਸੋ ਮੂੰਹ ਵਿੰਗਾ ਕਰ ਲੈਂਦਾ ਹੈ, ਸਾਮ ਨੂੰ ਦੇਰ ਨਾਲ ਘਰ ਮੁੜਦਾ, ਬੱਸ ਫੋਨ ਤੇ ਲੱਗਾ ਰਹਿੰਦਾ ਯਾਰਾਂ ਨਾਲ। ਬਲਵੰਤ ਸਿੰਘ ਨੇ ਕਿਹਾ, ” ਚਿੰਤਾ ਨਾ ਕਰ ਤੂੰ, ਮੈਂ ਸਾਮ ਨੂੰ ਗੱਲ ਕਰਦਾ ਵਾ, ਉਹਦੇ ਨਾਲ।” ਮਹਿੰਦਰ ਕੌਰ ਨੂੰ ਹੁਣ ਜਰਾ ਕੁ ਸਬਰ ਸ਼ਾਂਤੀ ਮਿਲੀ।
ਮਹਿੰਦਰ ਕੌਰ ਬੜੀ ਪਰੇਸ਼ਾਨ ਸੀ ਕਿ ਉਨਾਂ ਦਾ ਸਾਊ ਪੁੱਤ ਜੋ ਕਦੇ ਕਿਸੇ ਚੀਜ਼ ਲਈ ਜਿੱਦ ਨਹੀ ਕਰਦਾ ਸੀ, ਖੌਰੇ ਕਿਹੜੇ ਚੰਦਰੇ ਦੀ ਬਹਿਣੀ ਬਹਿ ਗਿਆ ਸੀ।
ਸ਼ਾਮ ਹੋਈ ਤੇ ਘੁਸਮੁਸੇ ਜਿਹੇ ਚ ਬਲਵੰਤ ਸਿੰਘ ਦਾ ਮਾਂ-ਪੁੱਤ ਨੂੰ ਚੌਂਕੇ ਵਿੱਚ ਹੱਸਦਿਆਂ ਤੇ ਰੋਟੀ ਖਾਂਦੇ ਦੇਖ ਜੇਰਾ ਹੀ ਨਾ ਪਿਆ ਕਿ ਉਹਨਾਂ ਵੱਲ ਜਾਵੇ ਤੇ ਉਨਾਂ ਦੇ ਚੇਹਰੇ ਮੁਰਝਾ ਨਾ ਜਾਵਣ। ਬਲਵੰਤ ਸਿੰਘ ਖੇਤਾਂ ਤੋਂ ਅੱਜ ਜਰਾ ਲੇਟ ਆਇਆ। ਸਾਇਦ ਆਉਣ ਵਾਲੀ ਕਿਸੇ ਭਵਿਖੀ ਹਨੇਰੀ ਨੂੰ ਕਿਆਸਦਾ ਉਹ ਉਦਾਸ ਸੀ ਤੇ ਚੁੱਪ ਚਾਪ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ। ਕਮਰੇ ਵਿੱਚ ਛੱਤ ਵੱਲ ਵੇਖਦਾ ਉਹ ਜੀਤੇ ਨੂੰ ਸਮਝਾਵਣ ਦਾ ਰਾਹ ਤਲਾਸ਼ ਰਿਹਾ ਸੀ। ਜੀਤਾ ਆਇਆ ਤੇ ਰੋਟੀ ਵਾਲਾ ਥਾਲ ਰੱਖਦਾ ਬੋਲਿਆ, ’’ਬਾਪੂ ਰੋਟੀ ਖਾ ਲੈ ।’’ ਬਲਵੰਤ ਸਿੰਘ ਨੇ ਜੀਤੇ ਨੂੰ ਕਿਹਾ,”ਤੈਂ ਆਪਦੀ ਬੇਬੇ ਤੋਂ ਦਸ ਹਜਾਰ ਰੁਪਏ ਮੰਗੇ ਸੀ ,ਕੋਈ ਆਈਲਸ ਦਾ ਪੇਪਰ ਦੇਣਾ।” ” ਹਾਂ, ਏਹ ਵਿਦੇਸ਼ ਜਾਣ ਲਈ ਪੇਪਰ ਹੁੰਦਾ ਵਾ, ਬਾਪੂ, ਮੈਂ ਤਾਂ ਬਾਹਰਲੇ ਦੇਸ਼ ਹੀ ਜਾਣਾ ਵਾ! ਬਸ! ” ਜੀਤੇ ਨੇ ਜੁਆਬ ਦਿੱਤਾ, ਉਸਦੀਆਂ ਅੱਖਾਂ ਵਿੱਚ ਇਕ ਚਮਕ ਝਲਕਦੀ ਪਈ ਸੀ। ਬਾਹਰ ਜਾਣ ਬਾਰੇ ਸੁਣਦੇ ਸਾਰ ਹੀ ਬਲਵੰਤ ਸਿੰਘ ਦਾ ਦਿਲ ਬਹਿ ਜਿਹਾ ਗਿਆ, ਚੇਹਰਾ ਫੱਕਾ ਤੇ ਦਿਮਾਗ ਸੁੰਨ ਹੋ ਗਿਆ ਸੀ। ਉਸਦੇ ਮੂੰਹੋਂ ਏਨਾ ਹੀ ਨਿਕਲਿਆ,’’ ਪਰ ਪੁੱਤ! ਇੰਨੇ ਪੈਸੇ ਕਿੱਥੋਂ ? “,, ਪਰ ਲਾਗੇ ਜੀਤਾ ਨਹੀ ਸੀ, ਉਹ ਕਦੋਂ ਦਾ ਕਮਰੇ ਚੋਂ ਬਾਹਰ ਚਲਾ ਗਿਆ ਸੀ। ਜੀਤੇ ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਜਮਾਤੀ ਪ੍ਰਿੰਸ ਤੋਂ ਪਤਾ ਲਗਾ ਸੀ ਕਿ ਪੈਸੇ ਜਿਆਦਾ ਭਰਨ ਨਾਲ ਬਿਨਾ ਆਈਲੈਟਸ ਤੋਂ ਵੀ ਬਾਹਰ ਦਾ ਸਟਡੀ ਵੀਜਾ ਲੱਗ ਜਾਂਦਾ ਹੈ, , ਜੀਤੇ ਦਾ ਦਿਮਾਗ ਜਿਆਦਾ ਪੈਸੇ ਵਾਲੀ ਘੁੰਮਣਘੇਰੀ ਵਿੱਚ ਸੀ ।
ਰਾਤ ਨੂੰ ਮੰਜੇ ਤੇ ਪਿਆ ਬਲਵੰਤ ਸਿੰਘ ਉੱਸਲ ਵੱਟ ਭੰਨਦਾ ਬੱਸ ਜੀਤੇ ਨੂੰ ਸਮਝਾਵਣ ਬਾਰੇ ਹੀ ਸੋਚ ਰਿਹਾ ਸੀ ਕਿ ਮਹਿੰਦਰ ਕੌਰ ਕਮਰੇ ਅੰਦਰ ਦਾਖਲ ਹੋਈ ਮੰਜੇ ਬਿਸਤਰੇ ਸੰਵਾਰਦੀ ਬੋਲੀ,” ਹੋਈ ਜੀਤੇ ਨਾਲ ਕੋਈ ਗੱਲ, ਚੰਦਰਾ ਆਈਲਸ ਦਾ ਟੈਸਟ ਕੀ ਹੁੰਦਾ, ਦਸ ਹਜਾਰ ਦੀ ਜਿੱਦ ਛੱਡੀ ਓਸ ਨੇ, । ” ਉਹ ਇਕੋ ਸਾਹ ਕਿੰਨੇ ਹੀ ਸਵਾਲ ਕਰ ਗਈ। ਬਲਵੰਤ ਸਿੰਘ ਕੋਲੋਂ ਉਸ ਦਾ ਕਿਸੇ ਗੱਲ ਦਾ ਜੁਆਬ ਦੇ ਨਾ ਹੋਇਆ, ਖਬਰੇ! ਉਹ ਮਹਿੰਦਰ ਕੌਰ ਨੂੰ ਕਿਸੇ ਗਹਿਰ ਗੰਭੀਰ ਚਿੰਤਾ ਤੇ ਦੁੱਖੀ ਹੋਣ ਤੋਂ ਬਚਾਉਣਾਂ ਚਾਹੁੰਦਾ ਸੀ। ਇਸ ਲਈ ਮਾੜੀ ਮੋਟੀ ਹੂੰ! ਹਾਂ! ਕਰ ਉਸ ਨੇ ਚੁੱਪ ਵੱਟਣੀ ਹੀ ਬੇਹਤਰ ਸਮਝੀ। ਬਲਵੰਤ ਸਿੰਘ ਦੀ ਹਿੱਕ ਵਿੱਚ ਕੋਈ ਮੱਠੀ-ਮੱਠੀ ਜਿਹੀ ਪੀੜ-ਚੀਸ ਉੱਠ ਰਹੀ ਸੀ ਪਰ ਉਹ ਕਿਸੇ ਤਰਾਂ ਪਾਣੀ ਦੇ ਦੋ ਘੁੱਟ ਪੀ ਕੇ ਸੌਂ ਗਿਆ।
ਜਮੀਨ ਭਾਵੇਂ ਥੋੜ੍ਹੀ ਸੀ, ਪਰ ਬਲਵੰਤ ਸਿੰਘ ਨੂੰ ਮਾਂ ਬਰਾਬਰ ਲੱਗਦੀ ਸੀ, ਏਨਾਂ ਖੇਤਾਂ ਵਿੱਚ ਹੀ ਬਲਵੰਤ ਸਿੰਘ ਭੱਜਦਾ-ਨੱਠਦਾ, ਖੇਲਾਂ ਵਿੱਚ ਡਿੱਗਦਾ-ਉਠਦਾ ਉਸਦਾ ਬਚਪਨ ਲੰਘਿਆ ਸੀ, ਤੇ ਫੇਰ ਜਵਾਨੀ ਹੰਢੀ ਸੀ, ਖੇਤਾਂ ਨਾਲ ਉਸਦੀ ਇੱਕ ਭਾਵਨਾਤਮਕ ਸਾਂਝ ਸੀ, ਉਹ ਇਨਾਂ ਤੋਂ ਇੱਕ ਇਨਸਾਨੀ ਤੇ ਤਗੜਾ ਸਾਥ ਜਿਹਾ ਮਹਿਸੂਸਦਾ ਸੀ। ਖੇਤਾਂ ਵਿੱਚ ਵੱਟ ਤੇ ਬੈਠਾ ਉਹ ਮਾਂ ਦੀ ਬੁੱਕਲ ਵਿੱਚ ਬੈਠਾ ਮਹਿਸੂਸ ਕਰਦਾ ਸੀ। ਖੇਤਾਂ ਚ ਜਾ ਕੇ ਕਿੰਨਾ ਹੀ ਚਿਰ ਲਹਿ ਲਹਾਉਂਦੀਆਂ ਫਸਲਾਂ ਦੇਖ ਬੜਾ ਖੁਸ਼ ਹੁੰਦਾ ਸੀ, ਚਾਅ ਚੜਿਆ ਰਹਿੰਦਾ ਸੀ, ਜੋ ਦੇਸੀ ਦੀ ਬੋਤਲ ਵਰਗਾ ਸਰੂਰਦਾ ਸੀ। ਬੰਬੀ ਦਾ ਦੁੱਧ ਚਿੱਟਾ ਕਲ-ਕਲ ਕਰਦਾ ਪਾਣੀ, ਖਾਲਾਂ ਚੋਂ ਸੱਪ ਬਣ ਦੌੜਦੇ ਪਾਣੀ ਦੇ ਨਾਲ ਨਾਲ ਤੁਰਨਾ ਬੜਾ ਵਧੀਆ ਲੱਗਦਾ। ਆਲੇ ਦੁਆਲੇ ਲੱਗੇ ਰੁੱਖਾਂ ਦਾ ਸਾਥ ਤੇ ਛਾਂ, ਖੜ ਖੜ ਕਰਦੇ ਪੱਤੇ ਦੀ ਅਵਾਜ ਉਸ ਨੂੰ ਸਾਥੀ ਜਿਹੀ ਲੱਗਦੇ, ਇਹ ਸਭ ਕੁਦਰਤੀ ਨਜਾਰੇ ਉਸਨੂੰ ਬਹਿਸ਼ਤੀ ਸੁੱਖ ਵਰਗੇ ਲੱਗਦੇ ਸਨ ਜੋ ਉਸ ਦੇ ਦਿਲੋ-ਦਿਮਾਗ ਤੇ ਰੂਹੋ-ਰਵਾਂ ਦੀ ਤਾਜਗੀ ਦਾ ਕਾਰਨ ਸੀ। ਕਈ ਵਾਰ ਤਾਂ ਉਹ ਆਪਣੀ ਇਸ ਨਿੱਕੀ-ਜਿਹੀ ਬਹਿਸ਼ਤ ਦੀ ਗੋਦ ਵਿੱਚ ਬੈਠਾ ਰੋਟੀ-ਪਾਣੀ ਵੀ ਭੁੱਲ ਜਾਂਦਾ ਤੇ ਘਰ ਵੀ ਦੁਪਹਿਰਾਂ ਲੰਘਾ ਕੇ ਬਹੁੜਦਾ ਸੀ। ਸਾਇਦ ਇਹ ਸਭ ਸੁਭਾਅ ਤੇ ਗੁਣ ਉਸ ਨੂੰ ਵਿਰਾਸਤ ਵਿੱਚ ਮਿਲੀ ਸੀ, ਤੇ ਨਾਲ ਹੀ ਇੱਕ ਪੰਡ ਕਰਜੇ ਦੀ ਵੀ ਮਿਲੀ ਸੀ ਜੋ ਥੋੜੀ ਹੌਲੀ ਤਾਂ ਉਸ ਕਰ ਦਿੱਤੀ ਸੀ, ਮੇਹਨਤ ਸੰਗ। ਪਰ ਉਹ ਨਹੀ ਚਾਹੁੰਦਾ ਸੀ ਕਿ ਇਹੋ ਪੰਡ ਵਿਰਾਸਤ ਵਿੱਚ ਅੱਗੇ ਉਸ ਦੇ ਪੁੱਤ ਜੀਤੇ ਨੂੰ ਮਿਲੇ। ਪਿੰਡ ਵਾਲੇ ਜਦ ਉਸ ਨੂੰ ਉਸਦੇ ਬਾਪ ਨਾਜਰ ਸਿੰਘ ਦੀ ਕਾਪੀ ਕਹਿੰਦੇ ਸਨ, ਤਾਂ ਇਹ ਸੁਣ ਉਹ ਮਾਣ ਨਾਲ ਭਰ ਜਾਂਦਾ ਸੀ।
ਅੱਜ ਸਵੇਰੇ ਬਲਵੰਤ ਸਿੰਘ ਕਾਫੀ ਦਿਨ ਚੜੇ ਉੱਠਿਆ। ਅਨਮੰਨੇ ਜਿਹੇ ਮਨ ਨਾਲ ਚਾਹ ਪ੍ਰਸਾਦਾ ਛੱਕ ਉਹ ਬਿਨਾ ਕਿਸੇ ਨੂੰ ਦੱਸਿਆਂ ਖੇਤਾਂ ਨੂੰ ਚਲਾ ਗਿਆ। ਸਾਰਾ ਦਿਨ ਖੇਤਾਂ ਵਿਚ ਰਿਹਾ, ਕਦੇ ਖੇਤਾਂ ਦੀਆਂ ਵੱਟਾਂ ਤੇ ਬੈਠਦਾ ਤੇ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਨੀਝ ਲਾ ਕੇ ਖੇਤਾਂ ਵੱਲੇ ਤੱਕਦਾ। ਕਦੇ ਰੁੱਖਾਂ ਦੀ ਛਾਂਵਾਂ ਹੇਠ ਬੈਠ ਜਾਂਦਾ। ਦੁਪਹਿਰ ਦੀ ਰੋਟੀ ਵੀ ਖਾਣ ਘਰ ਨੂੰ ਨਾ ਗਿਆ। ਅੱਜ ਉਹ ਆਪਣੇ ਆਪ ਨੂੰ ਬੁੱਢਾ, ਕਮਜੋਰ ਤੇ ਕਿਸਮਤ ਹੱਥੋਂ ਹਾਰਿਆ ਮਹਿਸੂਸ ਰਿਹਾ ਸੀ। ਉਸ ਨੂੰ ਕਿਸੇ ਅਣਕਿਆਸੀ ਹਨੇਰੀ ਦਾ ਉਸ ਦੀ ਹੱਥੀਂ ਬਣਾਈਂ ਬਹਿਸ਼ਤ ਨੂੰ ਵੀਰਾਨ ਕਰਨ ਦਾ ਚਿੰਤਾ ਤੇ ਭੈਅ ਜਿਹਾ ਸਤਾ ਰਿਹਾ ਸੀ।
ਬਲਵੰਤ ਸਿੰਘ ਆਥਣੇ ਨੂੰ ਘਰ ਪੁੱਜਾ ਤਾਂ ਸਰੀਰ ਨੂੰ ਧੂੰਹਦਾ ਤੇ ਪਰੇਸਾਨ, ਉਦਾਸ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ, ਮਹਿੰਦਰ ਕੌਰ ਕੋਲੋ ਰਿਹਾ ਨਾ ਗਿਆ ਤਾਂ ਉਸਨੇ ਬਲਵੰਤ ਸਿੰਘ ਨੂੰ ਪਰੇਸਾਨੀ ਦਾ ਕਾਰਨ ਪੁੱਛਿਆ, ਬਲਵੰਤ ਸਿੰਘ ਨੇ ਸਾਰੀ ਗੱਲ ਦੱਸੀ। ਮਹਿੰਦਰ ਕੌਰ ਬੋਲੀ,’’ ਆਉਣ ਦਿਓ ਘਰ ਮੈਂ ਸਮਝਾਵਾਂਗੀ ਉਹਨੂੰ,ਆਪਣੀ ਮਾਂ ਦੀ ਗੱਲ ਜੀਤਾ ਜਰੂਰ ਮੰਨੂਗਾ।’’
ਘਰ ਆਏ ਜੀਤੇ ਨੂੰ ਮਹਿੰਦਰ ਕੌਰ ਨੇ ਅਵਾਜ ਮਾਰੀ ਤੇ ਸਮਝਾਇਆ ਪੁੱਤ ਤੂੰ ਵਿਦੇਸ਼ ਜਾਣ ਦੀ ਜਿੱਦ ਛੱਡ ਦੇ, ਦੇਖ ਤੇਰਾ ਬਾਪੂ ਖੇਤਾਂ ਵਿੱਚ ਕਿੰਨੀ ਮੇਹਨਤ ਕਰਦਾ ਵਾ, ਤੂੰ ਵੀ ਆਪਣੇ ਬਾਪੂ ਦਾ ਹੱਥ ਵਟਾਇਆ ਕਰ ਤੇ ਘਰ ਦੇ ਹਾਲਾਤ ਤੇ ਸਾਡੀ ਮਜਬੂਰੀ ਨੂੰ ਸਮਝ, ਦੇਖ ਪੁੱਤ ਬੇਗਾਨੇ ਪੱਕੇ ਦੇਖ ਕੇ ਆਪਣੇ ਕੱਚੇ ਨਹੀਂ ਢਾਹੀਦੇ, ਬਾਹਰ ਜਾਣ ਤੇ ਲੱਖਾਂ ਰੁਪਏ ਖਰਚ ਆਉੱਦੇ ਨੇ ਤੇਰਾ ਬਾਪੂ ਰਾਤ-ਦਿਨ ਖੇਤਾਂ ਚ ਮੇਹਨਤ ਕਰਦਾ ਹੈ, ਏਨਾ ਪੈਸਾ ਕਿੱਥੋਂ ਲਿਆਊਗਾ, ਛੋਟੇ ਮੋਟੇ ਖਰਚਾਂ ਲਈ ਹਰ ਵਾਰ ਆੜਤੀਆਂ ਦੇ ਹੱਥ ਅੱਡਣਾ ਪੈਂਦਾ ਹੈ, ਤੂੰ ਤਾਂ ਆਪ ਸਿਆਣਾਂ ਹੈਂ, ਦੇਖ ਮੇਰਾ ਛਿੰਦਾ ਪੁੱਤ! ਜਿੱਦ ਛੱਡ ਦੇ ਖਸਮਾਂ ਨੂੰ ਖਾਣੇ ਆਈਲਸ ਦੇ ਪੇਪਰ ਦੀ,, ਤੂੰ ਆਪਣੀ ਮਾਂ ਦੀ ਗੱਲ ਨਹੀ ਮੰਨੇਗਾ ? ਜੀਤੇ ਜਿੱਦ ਤੇ ਪੱਕਾ ਤੇ ਅਡੋਲ ਖੜਾ ਸੀ, ਮਾਂ ਦੇ ਹਾੜਿਆਂ- ਤਰਲਿਆਂ ਦਾ ਜੀਤੇ ਤੇ ਕੋਈ ਅਸਰ ਨਾ ਹੁੰਦਾ ਵੇਖ, ਬਲਵੰਤ ਸਿੰਘ ਦਾ ਗੱਚ ਭਰ-ਭਰ ਜਾ ਰਿਹਾ ਸੀ।
ਜੀਤਾ ਜੋ ਕਦੇ ਨਹੀ ਬੋਲਿਆ ਸੀ ਅੱਜ ਆਪਣੀ ਮਾਂ ਦੇ ਅੱਗੇ ਬੋਲ ਹੀ ਪਿਆ, ” ਹੂੰ, ਬੇਬੇ ਮੇਰੀ ਸੁਣ ਗੱਲ,,ਮੈਂ ਤਾਂ ਬਾਹਰ ਹੀ ਜਾਣਾ ਵਾ ਚਾਹੇ ਜਮੀਨ ਵੇਚੋ ਜਾਂ ਗਹਿਣੇ ਪਾਓ, ਨਾਲੇ ਇਸ ਡੇਢ ਕਿੱਲੇ ਚੋਂ ਬਚਦਾ ਵੀ ਕੀ ਹੈ, ਨਾ ਕਰਜ ਬੰਨੇ ਲੱਗਦਾ ਹੈ ਨਾ ਪਹਿਲੀ ਗਈ ਜਮੀਨ ਮੁੜਦੀ ਹੈ, ਹੋਰ ਤਾਂ ਹੋਰ ਭੈਣ ਦੇ ਵਿਆਹ ਤੇ ਅੱਧੀ ਗਈ ਸੀ ਤੇ ਬਾਕੀ ਤਾਂ ਮੇਰੀ ਹੀ ਹੈ ਹੋਰ ਕਿਸ ਦੀ ਹੈ, ਇਸ ਨੂੰ ਤੁਸੀਂ ਵੇਚ ਦਿਓ ਤੇ ਮੈਨੂੰ ਬਾਹਰ ਭੇਜ ਦੇਵੋ, ਮੈਂ ਖੂਬ ਕਮਾਈ ਕਰੂੰਗਾਂ ਤੇ ਆਪਾਂ ਪਹਿਲੀ ਜਮੀਨ ਵੀ ਵਾਪਸ ਲੈ ਲਵਾਂਗੇ ਤੇ ਕਰਜ ਵੀ ਮੋੜ ਹੋਜੂ ।” ਏਨਾ ਕਹਿ ਜੀਤਾ ਘਰੋਂ ਬਾਹਰ ਚਲਾ ਗਿਆ। ’’ ਜੀਤੇ, ਵੇ ਜੀਤੇ ” ਮਾਂ ਮਗਰ ਗਈ ਪਰ ਉਸ ਨੇ ਇੱਕ ਨਾ ਸੁਣੀ।
ਜੀਤੇ ਦਾ ਇੱਕ ਇੱਕ ਬੋਲ ਬਲਵੰਤ ਸਿੰਘ ਦੇ ਸੀਨੇ ਛੁੱਰੀ ਬਣ ਚੁੱਬ ਰਿਹਾ ਸੀ, ਪਿਓ ਗੁੱਠੇ ਲੱਗ ਰੋ ਰਿਹਾ ਸੀ, ਮਹਿੰਦਰ ਕੌਰ ਨੂੰ ਕਹਿ ਰਿਹਾ ਸੀ, ਤੂੰ ਸੁਣਿਆ ਜੀਤੇ ਦੀ ਮਾਂ ਜੀਤਾ ਖੇਤ ਵੇਚਣ ਨੂੰ ਕਹਿੰਦਾ, ਤੈਨੂੰ ਪਤਾ ਮੈਂ ਖੇਤਾਂ ਨੂੰ ਮਾਂ ਵਾਂਗ ਪੂਜਦਾ ਵਾ, ਤੈਨੂੰ ਪਤਾ ਮੈਂ ਕਿੱਦਾਂ ਜਮੀਨ ਬਚਾ-ਬਚਾ ਕੇ ਰੱਖੀ ਹੈ, ਏਹੋ ਮੇਰਾ ਇੱਕੋ ਇੱਕ ਸਹਾਰਾ ਹੈ ਤੇ ਜੀਤਾ ਕਹਿੰਦਾ ਜਮੀਨ ਵੇਚ ਦੇਵੋ, ਜਮੀਨ ਕਿਸਾਨ ਦੀ ਮਾਂ ਹੁੰਦੀ ਹੈ, ਜੇ ਖੇਤ ਵਿਕ ਗਏ ਤਾਂ ਮੈਂ ਮਰ ਜਾਵਾਂਗਾ,,, ਜੀਤੇ ਦੀ ਮਾਂ, ਜੇ ਖੇਤ ਵਿਕ ਗਏ ਤਾਂ ਮੈਂ ਮਰ ਜਾਵਾਂਗਾ,,, ਤੇ ਮਹਿੰਦਰ ਕੌਰ ਉਸ ਨੂੰ ਧਰਵਾਸ ਦੇ ਰਹੀ ਸੀ ’’ਤੁਸੀਂ ਰੋਵੋ ਨਾ, ਮੈਂ ਸਮਝਾਵਾਂਗੀ, ਤੁਸੀਂ ਵੇਖਿਓ ,ਆਪਣੀ ਮਾਂ ਦੀ ਜਰੂਰ ਮੰਨੂੰਗਾ ।’’ ਬਲਵੰਤ ਸਿੰਘ ਦੇ ਸੀਨੇ ਇੱਕ ਤਿੱਖੀ ਚੀਸ ਉੱਠੀ ਤੇ ਨਾਲ ਹੀ ਉਹ ਮੰਜੇ ਤੇ ਡਿੱਗ ਪਿਆ, ਮਹਿੰਦਰ ਕੌਰ ਘਬਰਾ ਗਈ, ’’ ਜੀਤੇ ਦੇ ਬਾਪੂ, ਜੀਤੇ ਦੇ ਬਾਪੂ ’’ ਬਲਵੰਤ ਸਿੰਘ ਦੇ ਪਾਣੀ ਦਾ ਇਸ਼ਾਰਾ ਕਰਨ ਤੇ ਮਹਿੰਦਰ ਕੌਰ ਨੇ ਪਾਣੀ ਪਿਲਾਇਆ ਹੌਲੀ ਹੌਲੀ ਬਲਵੰਤ ਸਿੰਘ ਨੂੰ ਨੀਂਦ ਆ ਗਈ। ਮਾਂ ਉਡੀਕ-ਉਡੀਕ ਲੰਮੇ ਪੈ ਗਈ। ਸੋਚ ਰਹੀ ਸੀ, ਜੀਤਾ ਆਉੱਦਾ ਤਾਂ ਡਾਕਟਾਰ ਸਾਹਿਬ ਤੋਂ ਆਪਣੇ ਬਾਪੂ ਲਈ ਦਵਾਈ ਲਿਆਂਉਣ ਬਾਰੇ ਕਹਾਂਗੀ। ਹਨੇਰਾ ਕਾਫੀ ਹੋ ਗਿਆ ਸੀ, ਮਾਂ ਨੂੰ ਫਿਕਰ ਸਤਾ ਰਿਹਾ ਸੀ ਕਿ ਕਿਤੇ ਜਵਾਨ ਜਹਾਨ ਮੁੰਡਾ ਗੁੱਸੇ ਚ ਕੁਝ ਕਰ ਨਾ ਬਵੇ। ਫਿਕਰ ਮਾਂ ਨੂੰ ਸੌਣ ਨਹੀ ਦੇ ਰਿਹਾ ਸੀ। ਮਾਂ ਨੇ ਜੀਤੇ ਦੇ ਕਮਰੇ ਚ ਵੇਖਿਆ ਤਾਂ ਜੀਤਾ ਸੁੱਤਾ ਪਿਆ ਸੀ। ਪਤਾ ਹੀ ਨਹੀ ਲੱਗਾ ਕਦੋਂ ਘਰ ਆ ਕੇ ਸੌਂ ਗਿਆ ਸੀ। ਮਾਂ ਨੇ ਉਸ ਨੂੰ ਜਗਾਉਣ ਦੀ ਹਿੰਮਤ ਹੀ ਨਾ ਕੀਤੀ। ਸੋਚਿਆ ਸਵੇਰੇ ਗੱਲ ਕਰਾਂਗੀ।
ਅੱਜ ਮਹਿੰਦਰ ਕੌਰ ਦੀ ਤੜਕ ਸਾਰ ਹੀ ਨੀਂਦ ਖੁੱਲ ਗਈ ਸੀ, ਰਾਤ ਦੀ ਨੀਂਦ ਵੀ ਕੇਹੜੀ ਆਈ ਸੀ, ਨਾਲ ਦੇ ਮੰਜੇ ਤੇ ਬਲਵੰਤ ਸਿੰਘ ਨੂੰ ਲੰਮਾ ਪਿਆ ਨਾ ਦੇਖ , ਹੈਰਾਨ ਹੋ ਗਈ ਕਿ ਏਨੀ ਤੜਕੇ-ਤੜਕੇ ਜੀਤੇ ਦਾ ਬਾਪੂ ਕਿੱਥੇ ਚਲਾ ਗਿਆ, ਉਹ ਤਾਂ ਵੱਡਾ ਦਿਨ ਚੜੇ ਉੱਠਦਾ ਸੀ, ਪਰ ਅੱਜ,,,,?? ਉਸ ਨੇ ਵੇਹੜੇ ਵਿੱਚ ਵੇਖਿਆ ਪਰ ਕੋਈ ਨਾ ਮਿਲਿਆ, ਫੇਰ ਬਾਹਰ ਗਲੀ ਦੇ ਦੋਵੇਂ ਪਾਸੇ ਵੇਖਿਆ ਪਰ ਕੋਈ ਨਹੀ ਸੀ, ਫੇਰ ਜੀਤੇ ਨੂੰ ਅਵਾਜ਼ਾਂ ਮਾਰੀਆਂ, ’’ਜੀਤਿਆ, ਵੇ ਜੀਤਿਆ, ਤੇਰਾ ਬਾਪੂ, ਤੇਰਾ ਬਾਪੂ ਕਿੱਥੇ ਵਾ ??’’’ ਜੀਤੇ ਦੌੜ ਕੇ ਬਾਹਰ ਆਇਆ, ਦੋਵੇਂ ਮਾਂ ਪੁੱਤ ਕਾਹਲੀ-ਕਾਹਲੀ ਖੇਤਾਂ ਵੱਲੇ ਚੱਲ ਪਏ, ਰਸਤੇ ਵਿੱਚ ਉਨਾਂ ਨੂੰ ਬਲਵੰਤ ਸਿੰਘ ਦੀ ਚਾਦਰ ਮਿਲੀ, ਥੋੜੀ ਹੀ ਦੂਰੀ ਤੇ ਖੇਤਾਂ ਵਾਲੇ ਕੱਚੇ ਪਹੇ ਉੱਤੇ ਬਲਵੰਤ ਸਿੰਘ ਦੀ ਜੁੱਤੀ ਵੀ ਮਿਲੀ,, ਦੋਵੇਂ ਡਾਹਢੇ ਘਬਰਾਏ ਤੇ ਪਰੇਸ਼ਾਨ ਕਾਹਲੀ-ਕਾਹਲੀ ਖੇਤ ਪਹੁੰਚੇ ਤਾਂ ਖੇਤ ਵਿੱਚਲਾ ਦ੍ਰਿਸ਼ ਦੇਖ ਉਨਾਂ ਦੇ ਹੋਸ਼ ਉੱਡ ਗਏ, ਮਹਿੰਦਰ ਕੌਰ ਦੀਆਂ ਡਾਢਾਂ ਨਿਕਲ ਗਈਆਂ, ਹਾਏ ਵੇ ਰੱਬਾ, ਹਾਏ ਵੇ ਰੱਬਾ, ਜੀਤੇ ਦੇ ਬਾਪੂ ? ਜੀਤੇ ਦੇ ਬਾਪੂ ? ਜੀਤਾ ਵੀ ਭੱਜ ਪਿਆ, ਬਾਪੂ,,? ਬਾਪੂ,,?? ਬਲਵੰਤ ਸਿੰਘ ਖੇਤਾਂ ਦੇ ਵਿਚਕਾਰ ਮੂਧੜੇ-ਮੂੰਹ ਅਡੋਲ-ਅਹਿੱਲ ਪਿਆ ਸੀ, ਦੋਵੇਂ ਮਾਂ-ਪੁੱਤ ਬਲਵੰਤ ਸਿੰਘ ਨੂੰ ਹਿਲਾ ਕੇ ਉਠਾ ਰਹੇ ਸਨ, ਪਰ ਉਸ ਦੇ ਸਰੀਰ ਵਿੱਚ ਕੋਈ ਹਰਕਤ ਜਾਂ ਹਿੱਲ-ਜੁੱਲ ਨਹੀ ਸੀ, ਮਿੱਟੀ ਵਾਂਗ ਠੰਢਾ ਹੋ ਚੁੱਕਾ ਸੀ। ਉਸ ਦੀਆਂ ਅੱਖਾਂ ਵੀ ਖੁੱਲੀਆਂ ਸਨ, ਦੋਵੇਂ ਮੁੱਠਾਂ ਵਿੱਚ ਮਜਬੂਤੀ ਨਾਲ ਖੇਤ ਦੀ ਮਿੱਟੀ ਪਕੜੀ ਹੋਈ ਸੀ, ਉਸ ਦੀਆਂ ਦੋਵੇਂ ਬਾਹਵਾਂ ਪੂਰੀਆਂ ਖੁੱਲੀਆਂ ਹੋਈਆਂ ਸਨ ਤੇ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਬੱਚਾ ਲੰਮੀ ਥਕਾਨ ਪਿੱਛੋਂ ਆਪਣੀ ਮਾਂ ਦੇ ਕਲਾਵੇ ਤੇ ਬੁੱਕਲ ਦਾ ਨਿੱਘ ਮਾਣ ਰਿਹਾ ਹੋਵੇ।
ਪਨਾਹ
ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁਝ ਕੀਮਤੀ ਤੇ ਜਰੂਰਤ ਦਾ ਸਮਾਨ ਇੱਕਠਾ ਕੀਤਾ ‘ਤੇ ਦਿਨ ਢਲੇ ਜਾਣ ਦਾ ਸੋਚਿਆ। ਪਰ ਅਚਾਨਕ ਖ਼ਬਰ ਆਈ ਕਿ ਅੱਜ ਰਾਤ ਘਰਾਂ ਤੇ ਲੁੱਟ ਮਾਰ ਹੋਵੇਗੀ। ਹਨੇਰੇ ਦਾ ਫਾਇਦਾ ਉਠਾ ਕੇ ਰਾਹ ਵਿਚ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਮਾਲੂ ਤੇ ਸ਼ੱਬੋ ਨੂੰ ਮੁਟਿਆਰ ਧੀ ਜਾਰੀਨਾ ਦਾ ਫ਼ਿਕਰ ਸਤਾ ਰਿਹਾ ਸੀ। ਉਠਦਿਆਂ ਸਵੇਰੇ ਹੀ ਚਲੇ ਜਾਵਾਂਗੇ।
‘ਪਰ ਰਾਤ ਕਿਵੇਂ ਗੁਜ਼ਰੇਗੀ’, ਅਚਾਨਕ ਖਿਆਲ ਆਇਆ। ਜਾਰੀਨਾ ਨੂੰ ਨਾਲ ਲੈ ਜਮਾਲੂ ਸਰਦਾਰ ਸ਼ੇਰ ਸਿੰਘ ਦੇ ਘਰ ਵੱਲ ਲੈ ਤੁਰਿਆ।
“ਸਰਦਾਰ ਜੀ ਬਸ ਅੱਜ ਦੀ ਰਾਤ ਦੀ ਗੱਲ ਹੈ। ਸਾਡੀਆਂ ਪੀੜ੍ਹੀਆਂ ਨੇ ਮਾਲਕ ਤੁਹਾਡੀ ਚਾਕਰੀ ਕੀਤੀ ਹੈ। ਮੇਰੀ ਧੀ ਨੂੰ ਅੱਜ ਰਾਤ ਲਈ ਪਹਾਨ ਦੇਵੋ, ਸਵੇਰੇ ਅਸੀਂ ਮੁਲਕ ਛੱਡ ਜਾਵਾਂਗੇ”, ਜਮਾਲੂ ਨੇ ਹੱਥ ਬੰਨਦਿਆਂ ਕਿਹਾ।
“ਨਾ…ਨਾ… ਜਮਾਲੂ, ਸਾਨੂੰ ਸਾਡੇ ਭਾਈਚਾਰੇ ਨੇ ਨਹੀਂ ਬਖ਼ਸ਼ਣਾ, ਬਈ ਤੁਸੀਂ ਮੁਸਲੇ ਕਿਉਂ ਬਚਾਏ। ਨਾ ਭਰਾਵਾ ਕਿਤੇ ਹੋਰ ਜਾ”, ਸ਼ੇਰ ਸਿੰਘ ਨੇ ਇੱਕਟੁਕ ਜਵਾਬ ਦਿੱਤਾ।
“ਚਲ ਕੋਈ ਨਾ ਬਾਪੂ, ਕੁਝ ਨਹੀਂ ਹੁੰਦਾ…ਇਕ ਰਾਤ ਦੀ ਤਾਂ ਗੱਲ ਐ। ਕਿਸੇ ਨੂੰ ਕੀ ਖ਼ਬਰ ਲੱਗੂ ਕਿ ਸਾਡੇ ਘਰੇ ਕੌਣ ਆ”, ਸਰਦਾਰ ਦੇ ਮੁੰਡੇ ਮੋਹਣ ਨੇ ਜਾਰੀਨਾ ਨੂੰ ਸਿਰ ਤੋਂ ਪੈਰਾਂ ਤੱਕ ਅਜੀਬ ਜਿਹੀ ਨਜ਼ਰ ਨਾਲ ਦੇਖਦਿਆਂ ਕਿਹਾ।
ਦੂਜੇ ਦਿਨ ਸਵੇਰੇ ਜਮਾਲੂ ਜਾਰੀਨਾ ਨੂੰ ਲੈਣ ਸ਼ੇਰ ਸਿੰਘ ਦੇ ਘਰ ਆਇਆ। ਜਾਰੀਨਾ ਰੌਂਦੀ ਕਰਲਾਉਂਦੀ ਪਾਟੇ ਕੱਪੜਿਆਂ ‘ਚ ਬੇਹਾਲ ਆ ਕੇ ਜਮਾਲੂ ਦੇ ਗਲ਼ ਲੱਗ ਰੌਣ ਲੱਗੀ। ਧੀ ਦਾ ਹਾਲ ਦੇਖ ਜਮਾਲੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। “ਸਰਦਾਰ ਐਡਾ ਧੋਖਾ ਕੀਤਾ ਤੂੰ ਸਾਡੇ ਗਰੀਬਾਂ ਨਾਲ। ਮੈਨੂੰ ਲੱਗਿਆ ਕਿ ਵਰਿ੍ਹਆਂ ਤੋਂ ਇਕੋ ਪਿੰਡ ਦੇ ਬਸ਼ਿੰਦੇ ਹਾਂ, ਧੀਆਂ-ਭੈਣਾਂ ਸਾਂਝੀਆਂ ਨੇ ਆਪਣੀਆਂ। ਇੱਕਠੇ ਪਲੇ-ਖੇਡੇ ਰਹਿੰਦੇ ਆਏ ਹਾਂ ਆਪਾਂ, ਧਰਤੀ ਤੇ ਧੀ ਦੀ ਕੁਝ ਤਾਂ ਸਾਂਝ ਰੱਖਦਾ। ਪਨਾਹ ਦੇ ਕੇ ਖੰਜਰ ਖੌਬ ਦਿੱਤਾ ਸਾਡੇ ਤੁਸੀਂ”, ਜਮਾਲੂ ਰੋ-ਰੋ ਤਰਲੇ ਪਾਉਣ ਲੱਗਾ।
“ਓਏ ਤੁਰ ਜਾ ਇੱਥੋਂ……ਜੇ ਅਜੇ ਵੀ ਖੈਰ ਭਾਲਦਾ, ਜਾਨ ਬਚਾ ਨਹੀਂ ਤਾਂ ਇਹ ਵੀ ਨਹੀਂ ਬਚਨੀ। ਚੱਕ ਕੇ ਨਹੀਂ ਲਿਆਏ ਤੇਰੀ ਧੀ ਨੂੰ, ਤੂੰ ਆਪ ਛੱਡ ਕੇ ਗਿਆ”, ਮੋਹਣ ਪਿਓ ਦੇ ਬਰਾਬਰ ਖੜ ਕੇ ਕਿਹਾ।
“ਸਰਦਾਰੋ ਹੁਣ ਮੇਰੀ ਧੀ ਨੂੰ ਕੌਣ ਆਪਣੀ ਹਯਾਤੀ ਪਨਾਹ ਦੇਵੇਗਾ। ਕਿਉਂ ਐਡਾ ਜ਼ੁਲਮ ਕੀਤਾ?”, ਜਮਾਲੂ ਨੇ ਕਿਹਾ। “ਨਹੀਂ…ਨਹੀਂ ਅੱਬਾ ਮੈਨੂੰ ਆਪਣੇ ਹੱਥੀਂ ਮੌਤ ਦੇ ਕੇ ਜਹੁੰਮਨ ਵਿੱਚ ਛੱਡ ਆ। ਪਰ ਮੈਨੂੰ ਕਿਤੇ ਵੀ ਪਨਾਹ ਨਹੀਂ ਚਾਹੀਦੀ…ਪਨਾਹ ਨਹੀਂ ਚਾਹੀਦੀ”, ਜਾਰੀਨਾ ਧਾਹਾਂ ਮਾਰੀਦੀ ਤੁਰ ਪਈ। ਉਸ ਲਈ ਪਨਾਹ ਦੇ ਅਰਥ ਬਹੁਤ ਦਰਦ ਭਰੇ ‘ਤੇ ਖਤਰਨਾਕ ਹੋ ਗਏ ਸਨ।
ਉੱਚੇ ਰੁੱਖਾਂ ਦੀ ਛਾਂ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ ,ਨਾ ਇੱਟਾਂ , ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁਟੀ ਦੀ ਟੇਲੈਕਸ ਕੀਤੀ ਸੀ , ਮਨਜ਼ੂਰ ਇਕੋ ਦੀ ਹੋਈ ਸੀ ।
ਕੁਝ ਆਟਾ ਦਲੀਆ ਕਰ ਕੇ ਸੋਚਿਆ , ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ ’ ਨੇ ਰਾਤੀਂ ਰੋਕ ਲਿਆ ,ਉਨ੍ਹਾਂ ਨੂੰ ‘ਵੱਡੇ ਸੰਤਾਂ ‘ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।
ਅਗਲੇ ਦਿਨ ਸਵੇਰੇ—ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ — ਆਟਾ, ਚੌਲ , ਘਿਉ ,ਦਾਲਾਂ ,ਵੇਸਣ ,ਸਬਜ਼ੀਆਂ ,ਚਾਦਰਾਂ , ਪੱਗਾਂ ,ਤੌਲੀਏ ,ਤੇਲ ,ਸਾਬਣ ,ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ ।ਤੌਲੀਆਂ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ , ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ—ਵਿਆਹੀਆਂ ਸੰਤਾਂ ਦਾ ਦੁੱਧ—ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ , ਕਿਉਂਕੀ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ ,ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ—ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।
ਉਹਦੇ ਲੱਕੀ ਨੂੰ ਗੋਦੀ ਬਿਠਾ , ਵੱਡੇ ਸੰਤਾਂ ਨੇ ਕਈ ਵਾਰ ਉਹਨੂੰ ਦੱਸਿਆ ਸੀ ਕਿ ‘ਉਨ੍ਹਾਂ’ ਲੱਕੀ ਨੂੰ ਇੱਕ ਸ਼ੇਰਨੀ ਦੀ ਕੁੱਖੋਂ ਸੁਰਜੀਤ ਦੇ ਗਰਭ ਵਿਚ ਲਿਆਂਦਾ ਸੀ । ਵੱਡੇ ਸੰਤਾਂ ਨੇ ਮਹਾਰਾਜੇ ਪਟਿਆਲੇ ਨਾਲ ਪਿਛਲੇ ਜਨਮ ਵਿਚ ਕੀਤੀ ਤਪੱਸਿਆ ਦੀ ਕਥਾ ਵੀ ਕਈ ਵਾਰ ਉਹਨੂੰ ਸੁਣਾਈ ਸੀ , ਜਿਸ ਸਦਕਾ ‘ਉਸ ਨੂੰ ਰਾਜ ਤੇ ਸਾਨੂੰ ਸਾਧ ਮੱਤ’ ਆਪਣੇ ਮੂੰਹੋਂ ਮੰਗ ਕੇ ਮਿਲੇ ਸਨ । ਵਲੈਤ ਬੈਠੀ ਸੁਰਜੀਤ ਅਜਿਹੀਆਂ ਅਲੋਕਾਰ ਕਥਾਵਾਂ ਸੁਣਦੀ ਮੁਗਧ ਹੋ ਜਾਂਦੀ ਸੀ ਤੇ ਕਈ ਕਈ ਰਾਤਾਂ ‘ਵੱਡੇ ਸੰਤਾਂ’ ਦੇ ਘੁਰਾੜੇ ਮਾਰਨ ਤੱਕ ਮੁੱਠੀਆਂ ਭਰਦੀ ਰਹਿੰਦੀ ।
ਹੁਣ ਤਾਂ ਸੁਰਜੀਤ ਦੇ ਵੱਡੇ ਭਾਗ ਸਨ ,ਆਪਣਾ ਪਿੰਡ , ਆਪਣੀ ਕੋਠੀ ਦੀ ਚੱਠ ਕਰਨ ਲਈ ਉਨ੍ਹਾਂ ਹੀ ਸੰਤਾਂ ਦੇ ਚਰਨ ਪੁਆ , ਆਪਣਾ ਜਨਮ ਸਫਲਾ ਕਰ ਕੇ , ਉਨ੍ਹਾਂ ਹੋਰ ਕਈਆਂ ਦਾ ‘ਪਾਰਾ—ਉਤਾਰਾ’ ਕਰਨ ਦੀ ਵਿਧੀ ਬਣਾਈ ਸੀ ।
ਲੋਹੜੀਓਂ ਪਹਿਲੀ ਰਾਤ ,ਵੱਡੇ ਸੰਤਾਂ ਦੀ ਸਟੇਸ਼ਨ ਵੈਗਨ ਸਮੇਤ ਅਮਲਾ ਫੈਲਾ ਪਿੰਡ ਪਹੁੰਚ ਗਿਆ । ਗੁਰਦੁਆਰੇ ਵਿੱਚ ਲੱਗੇ ਸਪੀਕਰ ‘ਤੇ ਭਾਈ ਹੋਰੀਂ ਸ਼ਿਵਚਰਨ ਸਿੰਘ ਦੇ ਘਰ ਸੰਤਾਂ ਦੇ ਪਹੁੰਚਣ ਦੀ ਖ਼ਬਰ “ਆਪ ਅਕਾਲ ਪੁਰਖ,ਲੋਕ ਪ੍ਰਲੋਕ ਦੇ ਸਹਾਈ , ਦੀਨ ਦੁਖੀ ਦੇ ਮਾਲਕ” ਆਦਿ ਵਿਸ਼ਲੇਸ਼ਣਾਂ ਨਾਲ , ਸਾਰੇ ਨਗਰ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਗਰਦਾਨ ਕੇ ,ਨਸ਼ਰ ਕੀਤੀ । ਉਸ ਆਥਣ ਗੁਰਦਵਾਰਿਓਂ ਟੇਪ ਕੀਤਾ ਰਹਿਰਾਸ ਦਾ ਪਾਠ ਵੀ ਨਾ ਵਜਿਆ ।
ਸ਼ਿਵਚਰਨ ਦੀ ਨਵੀਂ ਕੋਠੀ ਵਿਚ ਦੀਵਾਨ ਸਜਿਆ । ਅਤਿ—ਵੈਰਾਗ ਭਰੀ ਸੁਰ ਵਿਚ ਵੱਡੇ ਸੰਤਾਂ ਨੇ ਕਥਾ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ । ਆਰਤੀ ਹੋਈ । ਆਟੇ ਦੇ ਤੇਰ੍ਹਾਂ ਦੀਵਿਆਂ ਵਾਲੀ ਥਾਲੀ ਘਿਉ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜਗਦੀ ਇੱਕ ਵੱਡੀ ਥਾਲੀ ਨੇ,ਵੱਡੇ ਸੰਤਾਂ ਦੇ ਸਿਰ ਉਪਰੋਂ ਦੀ ਘੁ਼ੰਮਣੀ ਨੇ , ਆਈਆਂ ਸੰਗਤਾਂ ਨੂੰ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਕਸ਼ਾਤ ਪ੍ਰਤੱਖ ਦਿਖਾਈ । ਅਰਦਾਸ ਪਿਛੋਂ ਸੰਤਾਂ ਨੂੰ ,ਮੱਥਾਂ ਟੇਕ ਕੇ ਪੁੱਛਾਂ ਪੁੱਛਣ ਵਾਲਿਆਂ ਮਾਈਆਂ ਭਾਈਆਂ ਕੋਲੋਂ ਵਿਹਲ ਉਦੋਂ ਮਿਲੀ ,ਜਦੋਂ ਡਾਈਨਿੰਗ ਰੂਮ ਵਿੱਚ ਪਰੋਸਿਆ ਪ੍ਰਸ਼ਾਦਾ ਇੱਕ ਵਾਰ ਠੰਡਾ ਹੋ ਕੇ ਮੁੜ ਰਸੋਈ ਵਿਚ ਨਾ ਚਲਾ ਗਿਆ ।
ਵੱਡੇ ਸੰਤਾਂ ਨੇ , ਵਿਸ਼ਰਾਮ ਕਮਰੇ ਵਿਚੋਂ ਇੱਕ ਸੇਵਾਦਾਰ ਤੋਂ ਬਿਨ੍ਹਾਂ ਸਭ ਚਲੇ ਜਾਣ ਪਿਛੋਂ ,ਸੁਰਜੀਤ ਨੂੰ ਆਪਣੀ ਹੁਣੇ ਮੁਕਾਈ ਵਲੈਤ ਫੇਰੀ ਦਾ ਸਾਰਾ ਹਾਲ ਦੱਸਿਆ ।ਡਬਲ—ਬੈਡ ਦੇ ਡਨਲੋਪਿੱਲੋ ਤੇ ਪੱਸਰੇ , ਉਪਰ ਨੂੰ ਉਭਰੇ ਘੜੇ ਵਰਗੇ ਢਿੱਡ ਨੂੰ ਹਲਕਾ ਕਰਦਿਆਂ ,ਵੱਡੇ ਸੰਤਾਂ ਨੇ ਸੰਖ ਵੱਜਣ ਵਰਗੀ ਉੱਚੀ ਤੇ ਲੰਮੀ ਗੰਦੀ ਹਵਾ ਸਰਕਾਈ ਤੇ ਘੁਰਾੜੇ ਮਾਰਨ ਲੱਗ ਪਏ ।
ਅਗਲੇ ਦਿਨ ਤੜਕਸਾਰ ਹੀ ਕੋਠੀ ਅੰਦਰ ਚਹਿਲ—ਪਹਿਲ ਸ਼ੁਰੂ ਹੋ ਗਈ । ਮੋਟਰ ਚਲਾ ਕੇ ਭਰੀ ਟੈਂਕੀ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਵਾਰੀ ਵੱਡੇ ਸੰਤਾਂ ਤੋਂ ਪਿਛੋਂ ਲੱਗੀ । ਸਵੇਰ ਦੀ ਦੀਵਾਨ ਪਿਛੋਂ ਅਖੰਡ—ਪਾਠ ਦਾ ਪਾਠ ਅਰੰਭ ਕੇ ‘ਵੱਡੇ ਸੰਤ’ ਡੇਰੇ ਕਾਹਦੇ ਮੁੜ ਗਏ , ਸਾਰਾ ਕੁਝ ਹੀ ਮੁਰਝਾ ਗਿਆ ।
ਨਾ ਘਰ ਵਾਲਿਆਂ ਅੰਦਰ ਉਤਸ਼ਾਹ , ਨਾ ਰਸੋਈ ਵਿਚ ਚਹਿਲ—ਪਹਿਲ ,ਪਾਠੀ ਸਿੰਘ ਚਾਹ ਮੰਗ ਮੰਗ ਵਾਰੀਆਂ ਲਾਉਂਦੇ ਗਏ । ਇਕੋ ਇੱਕ ਬਿਰਧ ਬਾਬੇ ਤੋਂ ਬਿਨਾ ਸਾਰਾ ਦਿਨ ਕੋਈ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਨਾ ਵੜਿਆ । ਰਾਤ ਦੀ ਰੋਟੀ ਵੀ ‘ਛੋਟੇ ਸੰਤਾਂ’ ਨੂੰ ਖਿਝਦਿਆਂ ਕਰਿਝਦਿਆਂ ਹੀ ਮਿਲੀ । ਵਿਹੜੇ ਵਿਚ ਇੱਕ ਵੱਡੇ ਸਾਰੇ ਮੁੱਢ ਦੁਆਲੇ ਪਾਥੀਆਂ ਚਿਣ ਕੇ ਬਾਲੀ ਧੂਣੀ ਦੁਆਲੇ ਬੈਠੀਆਂ , ਰੇੜੀਆਂ—ਚਿੜਵੇ ਖਾਂਦੀਆਂ ਤੇ ਅੱਗ ਵਿਚ ਸੁੱਟਦੀਆਂ ਸੁਵਾਣੀਆਂ ਨੂੰ ਇਹ ਸ਼ਾਇਦ ਭੁਲ ਹੀ ਗਿਆ ਸੀ ਕਿ ਘਰ ਵਿਚ ਅਖੰਡ—ਪਾਠ ਵੀ ਰੱਖਿਆ ਹੋਇਆ ਹੈ ।
ਇਹੋ ਹਾਲ ਸ਼ਿਵਚਰਨ ਦਾ ਸੀ । ਪੰਦਰੀਂ ਸਾਲੀਂ ਯਾਰਾਂ—ਮਿਤਰਾਂ ਨੂੰ ਮਿਲਿਆ ਸੀ , ਫਿਰ ਅੱਠੀਂ ਸਾਲੀਂ ਕਾਕਾ ਹੋਇਆ ਸੀ ,ਫਿਰ ਲੱਕੀ ਪਹਿਲੀ ਲੋਹੜੀ ਇੰਡੀਆ ਆਇਆ ਸੀ , ਫਿਰ ਕੋਠੀ ਨਵੀਂ ਉਸਾਰੀ ਸੀ । ਇੰਝ ਗੱਲਾਂ ਕਈ ਇਕ ‘ਕੱਠੀਆਂ ਹੋ ਗਈਆਂ । ‘ਅਖੰਡ—ਪਾਠ’ ਦੇ ਭੋਗ ਪਿਛੋਂ ਵਰਤਣ ਲਈ ਮੰਗਵਾਈ ਰੰਮ ਦੀ ਪੇਟੀ ਚੋਂ ਇੱਕ ਸ਼ੀਸ਼ੀ ਨਿਕਲ ਗਈ । ਦੋ, ਚਾਰ,ਦਸ ਮਿਤਰ ਇਕੱਠੇ ਹੋ ਗਏ ।ਅੱਧੀ ਪੇਟੀ ਖੁਲ੍ਹ ਗਈ , ਚੀਕਾਂ ਬੁਲਬੁਲੀਆਂ ਦੀ ਉੱਚੀ ਆਵਾਜ਼ ਤਿੰਨ ਕਮਰੇ ਲੰਘ , ਚੌਥੇ ਕਮਰੇ ਵਿਚ ਹੁੰਦੇ ਪਾਠ ਦੀ ਮੱਧਮ ਆਵਾਜ਼ ‘ਤੇ ਛਾ ਗਈ ।
ਸ਼ਿਵਚਰਨ ਦੀ ਸੁਰਤ ਨੁੂੰ ਇਕ ਝਟਕਾ ਜਿਹਾ ਲੱਗਾ ਜਦ ਵਿਹੜੇ ਵਿਚ ਬਲਦੀ ਧੂਣੀ ਤੋਂ ਸੁਆਣੀਆਂ ਦੇ ਗੀਤਾਂ ਦੀ ਥਾਂ , “ ਹਾਅ……..ਆਹ ਲੈ….ਮੋਮਬੱਤੀ ਟੋਲ ਨੀ ਕੁੜੇ …..” ਦੀਆਂ ਆਵਾਜ਼ਾਂ ਸੁਣੀਆਂ । ਉਸ ਨੂੰ ਜਾਪਿਆ ਉਸ ਦੀਆਂ ਅੱਖਾਂ ਦੀ ਲੋਅ ਚਲੀ ਗਈ ਹੋਵੇ। ਆਲੇ—ਦੁਆਲੇ ਦੀ ਚੀਕ—ਚਿਹਾੜਾ ਉਸ ਨੂੰ ਸੁਣਦਾ ਸੀ ਪਰ ਦਿਸਦਾ ਕੁਝ ਨਹੀਂ ਸੀ । ਉਸ ਦੇ ਜਮਾਤੀ ਸਰਪੰਚ ਕਿਸ਼ਨ ਲਾਲ ਨੇ ਸਿਰਗਟ ਲਾਉਣ ਲਈ ਤੀਲ੍ਹੀ ਬਾਲੀ ਤਾਂ ਉਸ ਨੂੰ ਹੌਸਲਾ ਹੋਇਆ ਕਿ ਉਹਦੀ ਨਿਗਾਹ ਤਾਂ ਠੀਕ ਸੀ । ਪਲ ਕੁ ਪਿਛੋਂ ਉਸ ਦੀ ਕੰਬਦੀ ਸੂਝ ਨੇ ਪੈਰ ਟਿਕਾਏ ਤਾਂ ਪਤਾ ਲੱਗਾ ਕਿ ਬਿਜਲੀ ਚਲੀ ਗਈ ਸੀ । ਵਾਰੀ ‘ਤੇ ਬੈਠੇ ਪਾਠੀ ਸਿੰਘਾਂ ਨੇ ਡੱਬੀ ਦੀਆਂ ਤੀਲਾਂ ਬਾਲ ਬਾਲ ਪਾਠ ਚਾਲੂ ਰਖਿਆ ਹੋਇਆ ਸੀ ਤੇ ਘਰ ਵਾਲਿਆਂ ਨੁੂੰ ਹਫ਼ੜਾ—ਦਫ਼ੜੀ ਵਿਚ ਅਗਾਊਂ ਖ਼ਰੀਦੀਆਂ ਮੋਮਬੱਤੀਆਂ ਨਹੀਂ ਸੀ ਲੱਭਦੀਆਂ ।
ਸ਼ਿਵਚਰਨ ਦੀ ਗੁਆਚੀ ਸਾਰੀ ਦੀ ਸਾਰੀ ਸੁਰਤੀ ‘ਚੋਂ ਬਹੁਤੀ ਪਰਤ ਆਈ । ਨੌਕਰਾਂ ਦੀ ਪ੍ਰਵਾਹ ਨਾ ਕੀਤੇ ਬਿਨਾਂ ਉਹ ਆਪਣੇ ਏਅਰ—ਬੈਗ ‘ਚੋਂ ਇਲੈਕਟਰਾਨਿਕ ਬੈਟਰੀ ਕੱਢ ਸਿੱਧਾ ਦਰਬਾਰ ਸਾਹਿਬ ਵਾਲੇ ਕਮਰੇ ਵਲ ਦੌੜਿਆ ।ਅੰਦਰ ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਆਪਣੀ ਅਤਿ ਸ਼ਰਾਬੀ ਹਾਲਤ ਦਾ ਧਿਆਨ ਆਇਆ , ਪਰ ਤੀਲ੍ਹੀ ਮੁੱਕਣ ‘ਤੇ ਪੋਟਿਆਂ ਨੂੰ ਸੇਕ ਲੱਗਣ ਨਾਲ ਨਿਕਲੀ ਪਾਠੀ ਸਿੰਘ ਦੀ ਸੀਅ ….ਅ……ਦੀ ਆਵਾਜ਼ ਪਾਠ ਦੀ ਸੁਰ ਵਿਚ ਰਲਦੀ ਦੇਖ ਕੇ ,ਉਹ ਹਿੰਮਤ ਕਰ ਕੇ ਪ੍ਰਸ਼ਾਦ ਵਾਲੀ ਤਰਪਾਈ ਨਾਲ ਢੋਅ ਲਾ ਕੇ ਬੈਠ ਗਿਆ ਤੇ ਬੈਟਰੀ ਦੀ ਲੋਅ ਵਰਕਿਆਂ ਵੱਲ ਸਿੱਧੀ ਕਰ ਕੇ ਉਹਨੇ ਮੂੰਹ ਦੂਜੇ ਪਾਸੇ ਫੇਰ ਲਿਆ ।
ਕਮਰੇ ਅੰਦਰ ਦਿਨ ਵੇਲੇ ਧੁਖ਼ੀ ਧੂਫ ਦੀ ਸੁਗੰਧ ਵਿਚ ਰੰਮ ਪੀਤੇ ਸਾਹਾਂ ਦੇ ਸੇਕ ਨੂੰ ਇਕ—ਕਿਮ ਹੁੰਦੇ ਕੋਈ ਬਹੁਤੀ ਦੇਰ ਨਾ ਲੱਗੀ । ਬਿਜਲੀ ਨੇ ਪਹਿਲੀ ਜ਼ਲੌ ਵਿਚ ਮੁੜ ਆ ਕੇ ਕਮਰਾ ਚਿੱਟੇ ਦਿਨ ਵਾਂਗ ਚਮਕਾ ਦਿੱਤਾ ਸੀ । ਇਸ ਦਾ ਸ਼ਿਵਚਰਨ ਨੂੰ ਉਸ ਵੇਲੇ ਪਤਾ ਲੱਗਾ ਜਦ ਪਾਠੀ ਸਿੰਘ ਨੇ ਉਹਨੂੰ ਉਠਾਲਣ ਲਈ ਵਾਰੀ ਬਦਲਣ ਲਈ ਰੱਖੇ ਗਲਾਸ ਵਿਚ ਚਮਚੇ ਨੁੂੰ ਜ਼ੋਰ ਨਾਲ ਖੜਕਾਇਆ ।ਅਬੜਵਾਹੇ ਸ਼ਿਵਚਰਨ ਉੱਠ ਕੇ ਬਾਹਰ ਚਲਾ ਗਿਆ ਤੇ ਗੁਰਦੁਆਰੇ ਵਾਲੇ ਭਾਈ ਹੋਰਾਂ ਦੀ ਮਿੰਨਤ ਤਰਲਾ ਕਰ ਕੇ ਧੂਪੀਆ ਬਿਠਾ ,ਆਪ ਪਿਛਲੇ ਅੰਦਰ ਜਾ ਸੁੱਤਾ ।
ਅਗਲੇ ਦਿਨ ਸ਼ਿਵਚਰਨ ਤੜਕਸਾਰ ਉਠ ਕੇ ਇਸ਼ਨਾਨ ਕਰ ਦੇ ਫਿਰ ਪਾਠੀ ਸਿੰਘਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ । ਅੰਦਰੋਂ ਉਸ ਨੂੰ ਰਾਤ ਵਾਲੀ ਘਟਨਾ ਦਾ ਤੌਖਲਾ ਖਾਈ ਜਾ ਰਿਹਾ ਸੀ ਮਤੇ ਗੱਲ ‘ਵੱਡੇ ਸੰਤਾਂ’ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ । ਪਰ ‘ਵੱਡੇ ਸੰਤ’ ਏਨੇ ਨਿਆਣੇ ਨਹੀਂ ਸਨ ਕਿ ਵਰ੍ਹੇ ਦਿਨ੍ਹਾਂ ਦੇ ਦਿਨ ਉਹ ਆਪਣੇ ਸੇਵਕਾਂ ਦੇ ਅਨੰਦ—ਮੰਗਲਾਚਾਰ ਵਿਚ ਵਿਘਨ ਪਾਉਣ ਲਈ ਡੇਰਿਓਂ ਬਾਹਰ ਪੈਰ ਪਾਉਣ । ਉਂਝ ਅਖੰਡ—ਪਾਠਾਂ ਦੇ ਉਨ੍ਹਾਂ ਕੋਲ ਤਿੰਨ ਰੇਟ ਸਨ — ਗਿਆਰਾਂ ਸੌ ਵਾਲਾ , ਇੱਕੀ ਸੌ ਵਾਲਾ ਤੇ ਇਕੱਤੀ ਸੌ ਵਾਲਾ । ਇੱਕਤੀ ਸੌ ਵਾਲੇ ਪਾਠ ਵਿਚ ਉਹ ਆਪ ਸਾਰਾ ਸਮਾਂ ਉਸੇ ਘਰ ਰਹਿੰਦੇ ਸਨ ,ਭਾਵੇਂ ਕੋਈ ਦਿਨ ਹੋਵੇ ਭਾਵੇਂ ਤਿਉਹਾਰ ।
ਅਗਲੇ ਦਿਨ ‘ਛੋਟੇ ਸੰਤਾਂ’ ਦੀ ਬੜੀ ਸੇਵਾ ਹੋਈ । ਰਾਤ ਵਾਲੀ ਭੁੱਲ ਬਖ਼ਸ਼ਾਉਣ ਲਈ ਸ਼ਿਵਚਰਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਜ਼ੋ ਸ਼ਾਮ ਵੇਲੇ ‘ਵੱਡੇ ਸੰਤਾਂ’ ਦੇ ਆਉਣ ਤੋਂ ਪਹਿਲਾਂ ਪਹਿਲਾਂ ‘ਛੋਟੇ ਸੰਤਾਂ’ ਦੀ ਪ੍ਰ੍ਰਸੰਸਾ ਰੱਜ ਕੇ ਪ੍ਰਾਪਤ ਕੀਤੀ ਜਾ ਸਕੇ । ਪਰ ‘ਵੱਡੇ ਸੰਤ’ ਅਗਲੀ ਰਾਤ ਵੀ ਨਾ ਆਏ । ਮਾਘੀ ਵਾਲੇ ਦਿਨ ਡੇਰੇ ਆਈਆਂ ਸੰਗਤਾਂ ਨੂੰ ਉਹ ਕਿਵੇਂ ਨਾਰਾਜ਼ ਕਰਦੇ ? ਦਸਵੰਧ ਵਜੋਂ ਗੁੜ ਦੀਆਂ ਬੋਰੀਆਂ, ਬਾਸਮਤੀ,ਆਲੂ, ਸਬਜ਼ੀਆਂ,ਦਾਲਾਂ,ਆਟਾ,ਦੁੱਧ,ਦੇਸੀ ਘਿਓ ਆਦਿ ਦੇ ਚੜ੍ਹਾਵਿਆਂ ਨਾਲ ਨਵੀਂ ਫ਼ਸਲ ਨੂੰ ਭੋਗ ਲਾ ਕੇ ਸੰਗਤਾਂ ਵਿਚ ਵਰਤਾਉਣ ਦਾ ਕਾਰਜ ਤਿਆਗ ਕੇ ,ਇੱਕੀ ਸੌ ਵਾਲੇ ਅਖੰਡ—ਪਾਠ ‘ਤੇ ‘ਵੱਡੇ ਸੰਤਾਂ’ ਦਾ ਪੁੱਜਣਾ ਮੁਸ਼ਕਲ ਹੀ ਨਹੀਂ , ਅਸੰਭਵ ਸੀ ।
ਮਾਘੀਓਂ ਅਗਲੇ ਦਿਨ ਸਵੇਰੇ ਹੀ ‘ਵੱਡੇ ਸੰਤਾਂ’ ਦੀ ਸਟੇਸ਼ਨ ਵੈਗਨ ਫਿਰ ਸ਼ਿਵਚਰਨ ਦੀ ਕੋਠੀ ਆ ਰੁੱਕੀ । ਪਿੱਛੇ ਨੂੰ ਖੁਲ੍ਹਦੇ ਵੱਡੇ ਦਰਵਾਜ਼ੇ ‘ਚੋਂ ਛਾਲ ਮਾਰ ਕੇ ਸੇਵਾਦਾਰ ਨੇ ਉਤਰ ਕੇ ਅਗਲਾ ਦਰਵਾਜ਼ਾ ਖੋਲ੍ਹ ,ਆਸਰਾ ਦੇ ‘ਵੱਡੇ ਸੰਤਾਂ’ ਨੂੰ ਉਤਾਰਿਆ ਹੀ ਸੀ ਕਿ ਮੱਥੇ ਟੇਕਣ ਵਾਲਿਆਂ ਦੀ ਲਾਮਡੋਰੀ ਲੱਗ ਗਈ । ਕਿਸੇ ਤੋਂ ਚਰਨੀਂ ਹੱਥ ਲੁਆ , ਕਿਸੇ ਨੂੰ ਪਰ੍ਹਾਂ ਧੱਕ , ਕਿਸੇ ਨੂੰ ਲੱਤਾਂ ਨਾਲੋਂ ਛੰਡ ,’ਵੱਡੇ ਸੰਤ’ ਵਿਸ਼ਰਾਮ ਕਮਰੇ ਵਿਚ ਜਾ ਬਿਰਾਜੇ ਤਾਂ ਮਾਈਆਂ ਬੀਬੀਆਂ ‘ਧੰਨ ਹੋ………ਧੰਨ ਹੋ…………..’ ਕਰਦੀਆਂ ਠੰਡੇ ਫ਼ਰਸ਼ ‘ਤੇ ਹੀ ਜਾ ਬੈਠੀਆਂ ।
ਦੂਰੋਂ ਨੇੜਿਓਂ ਸੱਦੇ ਰਿਸ਼ਤੇਦਾਰਾਂ ਦੀ ਆਉਂਦਿਆਂ ਦੀ ਚਾਹ ਮਠਿਆਈ ਨਾਲ ਸੇਵਾ ਹੁੰਦੀ ਰਹੀ । ਲਾਊਡ ਸਪੀਕਰ ‘ਤੇ ਨਗਰ ਨਿਵਾਸੀਆਂ ਨੂੰ ਕਾਰਜ ਸੰਤੋਖ ਕੇ ਅਖੰਡ ਪਾਠ ਦੇ ਭੋਗ ਸੁਣਨ ਉਪਰੰਤ ‘ਵੱਡੇ ਸੰਤਾਂ’ ਦੇ ਖੁਲ੍ਹੇ ਦਰਸ਼ਨ ਕਰਨ ਦੀਆਂ ਕਈ ਵਾਰ ਅਪੀਲਾਂ ਕੀਤੀਆਂ ਗਈਆਂ ।
ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣ ਉਪਰੰਤ ‘ਵੱਡੇ ਸੰਤ’ ਗੁਰੂ ਗ੍ਰੁੰਥ ਸਾਹਿਬ ਦੇ ਬਿਲਕੁਲ ਬਰਾਬਰ ਰੇਸ਼ਮੀ ਤਲਾਈ ‘ਤੇ ਵਿਛੀ ਚਿੱਟੀ ਚਾਦਰ ‘ਤੇ ਆ ਪਧਾਰੇ । ਸੰਗਤਾਂ ਗੁਰੂ ਗ੍ਰੰਥ ਸਾਹਿਬ ਵਲ ਪੰਜੀ ਦਸੀ ਉਲਾਰ ਕੇ ਸੁਟਦੀਆਂ , ‘ਵੱਡੇ ਸੰਤਾਂ’ ਦੇ ਚਰਨੀਂ ਪੰਜਾਂ ਦੱਸਾਂ ਦਾ ਨੋਟ ਰੱਖ ,ਮੱਥਾ ਟੇਕ ਕੇ ਕੋਠੀ ਦੇ ਖੁਲ੍ਹੇ ਵਿਹੜੇ ਵਿਚ ਦਰੀਆਂ ‘ਤੇ ਪਸਰੀ ਗੁਲਾਬੀ ਧੁੱਪ ਵਿਚ ਜੁੜਦੀਆਂ ਗਈਆਂ ।
ਭੋਗ ਪਿਆ, ਪ੍ਰੇਮ ਪਟੋਲੇ ਦਾ ਸ਼ਬਦ ਰਾਗੀ ਸਿੰਘ ਨੇ ਮਧੁਰ ਸੁਰ ਵਿਚ ਗਾਇਆ । ਨੋਟਾਂ ਦੀ ਵਰਖਾ ਨਾਲ ਹਰਮੋਨੀਅਮ ਢੱਕਿਆ ਗਿਆ । ਆਰਤੀ ਹੋਈ ।ਤੇਰ੍ਹਾਂ ਦੀਵਿਆਂ ਵਾਲੀ ਗੋਕੇ ਘਿਓ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜੱਗਦੀ, ‘ਵੱਡੇ ਸੰਤਾਂ’ ਦੇ ਸਿਰ ਉਪਰੋਂ ਘੁੰਮਦੀ ਇਕ ਵੱਡੀ ਥਾਲੀ ਨੇ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਖ਼ਸ਼ਾਤ ਤਸਵੀਰ ਪ੍ਰਤੱਖ ਕਰ ਦਿਖਾਈ । ਅਰਦਾਸ ‘ਵੱਡੇ ਸੰਤਾਂ’ ਆਪ ਕੀਤੀ , ਨੇਤਰ ਮੂੰਦ ਕੇ । ਸ਼ਿਵਚਰਨ ਦਾ ਸਾਰਾ ਜੀਵਨ ਫਰੋਲ ਮਾਰਿਆ । ਗੁਰੂ ਦੀ ਹੋਈ ਅਪਾਰ ਕਿਰਪਾ ਦਾ ਇਤਿਹਾਸ ਸੁਣਾ ਘੱਤਿਆ । ਸੁਰਜੀਤ ,ਲੱਕੀ , ਕੋਠੀ , ਚੱਠ , ਕੜਾਹ , ਪ੍ਰਸ਼ਾਦ , ਲੰਗਰ , ਬਸਤਰ , ਮਾਇਆ ਦੇ ਗੱਫੇ , ਕੀ ਕੁਝ ਨਹੀਂ ਗਿਣਿਆਂ , ਅਰਦਾਸ ਵਿਚ । ਬੜ੍ਹਦੀਆਂ ਕਲਾਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਮੰਗ ਕਰ ਕੇ ਸਰਬੱਤ ਦਾ ਭਲਾ ਮੰਗਿਆ ਗਿਆ । ਜੈਕਾਰੇ ਤੇ ਜੈਕਾਰਾ ਗੱਜਿਆ ।
‘ਬੋਲੋ…..ਸੋ….ਨਿਹਾਲ,ਸਾ……..ਸਰੀ……ਕਾਲ’ ਨਾਲ ਸਾਰੀ ਫਿ਼ਜ਼ਾ ਗੂੰਜ ਉੱਠੀ ।
ਵਾਕ ਲੈਣ ਬੈਠਣ ਲੱਗੀ ਸੰਗਤ ਵਿਚੋਂ , ਅੱਧੇ ਕੁ ਧੀਰੂ ਨਾਈ ਨੂੰ ਬਾਹਰਲੀ ਫਿਰਨੀ ‘ਤੇ ਬਿਠਾ ਬਣਾਈਆਂ ਦਾੜ੍ਹੀਆਂ ਵਾਲੇ ਤਾਂ ਤੰਬੇ ਸਮੇਤ ‘ਵਾਖਰੂ‘ ਬੋਲ ਕੇ ਬੈਠ ਗਏ ਤੇ ਅੱਧੇ ਕੁ ਮੈਕਸੀਆਂ,ਬੈਲਬਾਟਮਾਂ ਦੇ ਵਲ੍ਹ ਕੱਢਣ ਲਈ ਖੜੋਤੇ ਹੀ ਗੱਲਾਂ ਕਰਦੇ ਰਹੇ ।ਰਾਗੀ ਸਿੰਘਾਂ ਦੇ ਗਾਏ ਇਕ ਹੋਰ ਸ਼ਬਦ ਨੇ ਫਿਰ ਚੁੱਪ ਵਰਤਾਈ ।ਚਿੜੀ ਤੱਕ ਨਾ ਫਰਕੀ । ਪਰ ‘ਵੱਡੇ ਸੰਤਾਂ’ ਦਾ ਵਿਖਿਆਨ ਚਾਲੂ ਹੁੰਦਿਆਂ ਹੀ ਅਸ਼ਾਂਤੀ ਪੱਸਰ ਗਈ , ਉਂਝ ਚੜ੍ਹਾਵੇ ਵਿਚ ਕੋਈ ਕਸਰ ਨਾ ਰਹੀ । ਲੋਕ ਪ੍ਰਲੋਕ ਦੀ ਕਥਾ ਕਰਨ ਦੀ ਲੜੀ, ਮਾਇਆ ਦੇ ਗੱਫਿਆਂ ਦੀਆਂ ਅਰਦਾਸਾਂ ਕਰਨ ਵਿੱਚ ਕਈ ਕਈ ਚਿਰ ਗੁਆਚੀ ਰਹਿੰਦੀ ।
‘ਵੱਡੇ ਸੰਤਾਂ’ ਨੇ ਸਭ ਕੁਝ ਸੰਖੇਪ ਕਰ ਕੇ , ਸ਼ਿਵਚਰਨ ਕੋਲੋਂ ਵਿਦਾ ਹੋਣ ਲਈ ਜਾਂ ਸੁਰਜੀਤ ਤੇ ਲੱਕੀ ਨੂੰ ਬੁਲਾਇਆ ਤਾਂ ਸੇਵਾਦਾਰ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੋਟਾਂ ਤੇ ਬਸਤਰਾਂ ਦੀ ਪੰਡ ਗੱਡੀ ਦੀ ਅਗਲੀ ਸੀਟ ‘ਤੇ ਜਾ ਟਿਕਾਈ । ਅਸ਼ੀਰਵਾਦਾਂ ਤੇ ਨਿੱਕੀਆਂ ਲੈਚੀਆਂ ਦਾ ਪ੍ਰਸ਼ਾਦ ਵੰਡ , ਚੱਠ ਦਾ ਕੰਮ ਮੁਕਾ , ‘ਵੱਡੇ ਸੰਤਾਂ’ ਦੇ ਸਟੇਸ਼ਨ ਵੈਗਨ ਵਿਚ ਬੈਠਦਿਆਂ ਬੈਠਦਿਆਂ ਦੇ ਵੀ ਸੈਂਕੜੇ ਸੇਵਕਾਂ ਨੇ ਇਕ ਇਕ ਵਾਰ ਫਿਰ ਚਰਨੀਂ ਹੱਥ ਲਾ ‘ਜਨਮ ਸਫਲਾ’ ਕਰ ਹੀ ਲਿਆ ।
ਮਨੁੱਖ ਦਾ ਅਸਲੀ ਘਰ
ਦਸ ਸਾਲਾਂ ਦੇ ਮਨਿਦੰਰ ਦੀ ਮਾਂ ਕੈਂਸਰ ਨਾਲ ਜੂਝਦੀ ਅਖੀਰ ਮੌਤ ਹੱਥੋਂ ਹਾਰ ਗਈ। ਪਿਤਾ ਗੁਰਨਾਮ ਸਿਉਂ ਫੌਜ ਵਿੱਚ ਹੋਣ ਕਰਕੇ ਦਾਦੀ ਨੇ ਹੀ ਉਸ ਨੂੰ ਪਾਲਿਆ ਸੀ। ਮਨਿਦੰਰ ਦੇ ਦਾਦਾ ਜੀ 1965 ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ । ਦਾਦੀ ਦੇ ਤੁਰ ਜਾਣ ਬਾਅਦ ਉਸ ਦਾ ਪਿਤਾ ਸੂਬੇਦਾਰ ਰਟਾਇਰ ਹੋ ਕੇ ਪਿੰਡ ਆ ਗਿਆ ਸੀ। ਨਿਤਨੇਮੀ ਨੇਕਦਿੱਲ ਸੂਬੇਦਾਰ ਗੁਰਨਾਮ ਸਿੰਉਂ ਪਿੰਡ ਦੀ ਭਲਾਈ ਦੇ ਹਰ ਸਾਂਝੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ। ਪੂਰੇ ਪਿੰਡ ਵਿੱਚ ਉਸ ਦਾ ਮਾਣ ਸਤਿਕਾਰ ਸੀ।
ਅੱਜ ਜਦੋਂ ਖੇਤ ਵੱਲ ਜਾ ਰਿਹਾ ਸੀ, ਰਸਤੇ ਵਿੱਚ ਸ਼ਮਸ਼ਾਨ ਘਾਟ ਨੂੰ ਜਾਂਦੀ ਪਹੀ ਦੇ ਮੋੜ ਉਤੇ ਲੋਕਾਂ ਦੀ ਭੀੜ ਜੁੜੀ ਹੋਈ ਸੀ। ਪਿੰਡ ਦੀ ਨੌਜੁਆਨ ਸਭਾ ਦੇ ਲੜਕੇ ਤੇ ਮੋਹਤਬਰ ਉਥੇ ਲੱਕੜੀ ਦੇ ਫੱਟੇ ਦਾ ਬੈਨਰ ਲਾ ਰਹੇ ਸਨ। ਜਿਸ ਉਪਰ ਲਿਖਿਆ ਸੀ,”ਮਨੁੱਖ ਦਾ ਅਸਲੀ ਘਰ” ਇੱਧਰ ਹੈ! ਤਾਇਆ,”ਸਹੀ ਲਿਖਿਆ” ? ਕੋਲ ਖੜ੍ਹਾ ਇੱਕ ਨੌਜੁਆਨ ਬੋਲਿਆ ! ਕਾਕਾ,”ਨਵੀਂ ਤੇ ਪੁਰਾਣੀ ਪੀੜ੍ਹੀ ‘ਚ ਫਰਕ ਤਾਂ ਹੁੰਦਾ ਈ ਏ”! ਵੈਸੇ,”ਮੇਰੇ ਖਿਆਲ਼ ‘ਚ ਜੇ ਮਰਨ ਵਾਲੇ ਪ੍ਰਾਣੀ ਦੀ ਜੀਵਨੀ ਲਿਖੀ ਜਾਵੇ ਤਾਂ,ਹੋਰ ਨੀ ਵਧੀਆ”! ਤਾਇਆ,”ਮਾੜੇ ਬੰਦੇ ਦੀ ਜੀਵਨੀ ਕਿਤੇ ਪੜ੍ਨੇ ਨਾ ਪਾਦੇ!” ਪੁੱਤਰਾ ਜੇ ਸਚਾਈ ਹੋਈ ਤਾਂ ਪੁਆੜ੍ਹੇ ਕਾਹਦੇ,ਨਾਲੇ ਚੰਗੇ ਤੋ ਸਿੱਖਿਆ ਮਾੜੇ ਤੋਂ ਨਸੀਹਤ ਮਿਲਜੂ”? ਉਹ ਲਾ ਜਬਾਬ ਹੋ ਗਿਆ!ਬਾਬਾ,ਸਿਵਿਆਂ ਵਾਲਾ ਨਲਕਾ ਘਿਚ ਘਿਚ ਕਰਦਾ,ਨਾਲੇ ਪਿਛਲੀ ਕੰਧ ਵੀ ਟੇਢੀ ਜਿਹੀ ਆ, ਦੂਰ ਖੜ੍ਹੇ ਨੌਜੁਆਨ ਨੇ ਗੱਲ ਦਾ ਰੁੱਖ ਬਦਲਿਆ! ਪੁੱਤਰਾ,”ਕੋਈ ਗੱਲ ਨੀ ਮੇਰੀ ਪੈਨਸ਼ਨ ਰੁੱਕੀ ਆ,ਕੇਰਾਂ ਆ ਲੈਣ ਦੇ,ਆਪਾਂ ਟੂਟੀਆਂ ਤੇ ਫੁੱਲ ਬੂਟੇ ਲਾ ਕੇ ਕਸਰਾਂ ਕੱਢ ਦਾ ਗੇ”! ਗੁਰਨਾਮ ਸਿਉਂ ਦੀ ਅਵਾਜ਼ ‘ਚ ਫੌਜੀਆਂ ਵਾਲੀ ਬੜ੍ਹਕ ਸੀ। “ਬੱਲੇ ਤਾਇਆ ਬੱਲੇ, ਵੇਖਿਆ ਤਾਏ ਦਾ ਦਿੱਲ”, ਫੱਟੇ ਵਿੱਚ ਕਿੱਲ ਠੋਕਦਾ, ਨੌਜੁਆਨ ਕਹਿ ਰਿਹਾ ਸੀ। ਅਗਲੇ ਸਾਲ ਚੜ੍ਹਦੇ ਹੀ ਗੁਰਨਾਮ ਸਿੰਉਂ ਨੇ ਪਿੰਡ ਦੇ ਸਿਵਿਆਂ ਨੂੰ ਪਾਰਕ ਦਾ ਰੂਪ ਚਾੜ੍ਹ ਦਿੱਤਾ ਸੀ। ਜਿਥੇ ਦਿੱਨ ਵੇਲੇ ਡਰ ਲਗਦਾ ਸੀ, ਉਥੇ ਹੁਣ ਲੋਕੀ ਬੈਠ ਕੇ ਤਾਸ਼ ਖੇਡਦੇ ਸਨ।ਪਿੰਡ ਵਾਸੀਆਂ ਨੇ “ਮਨੁੱਖ ਦਾ ਅਸਲੀ ਘਰ” ਨਾਂ ਦੇ ਫੱਟੇ ਥੱਲੇ ” ਗੁਰਨਾਮ ਸਿੰਘ” ਨੇ ਸੇਵਾ ਕਰਾਈ ਨਾਂ ਦੀ ਤਖਤੀ ਵੀ ਜੜ੍ਹ ਦਿੱਤੀ। ਘੜੀ ਦੀ ਸੂਈ ਦੇ ਨਾਲ ਨਾਲ ਦਿੱਨ, ਮਹੀਨੇ ਅਤੇ ਰੁੱਤਾਂ ਵੀ ਬਦਲ ਗਈਆਂ। ਮਨਿੰਦਰ ਨੇ ਚੰਡੀਗੜ੍ਹ ਵਿੱਚ ਵਕਾਲਤ ਦੀ ਪੜ੍ਹਾਈ ਕਰਕੇ ਉਥੇ ਹੀ ਸਰਵਿਸ ਸ਼ੁਰੂ ਕਰ ਲਈ ਸੀ। ਉਹ ਪਿੰਡ ਕਦੇ ਕਦਾਈ ਗੇੜਾ ਮਾਰਦਾ! ਬੁਢਾਪੇ ਵੱਲ ਵਹਿ ਰਹੀ ਗੁਰਨਾਮ ਸਿੰਉਂ ਦੀ ਜਿੰਦਗੀ ਦੀ ਰਫਤਾਰ ਮੱਠੀ ਪੈਣੀ ਸ਼ੁਰੂ ਹੋ ਗਈ। ਵੱਧਦੀ ਉਮਰ ਦੇ ਨਾਲ ਉਸ ਨੂੰ ਇੱਕਲਤਾ ਦੀ ਮਾਯੂਸੀ ਵੀ ਸਤਾਉਣ ਲੱਗ ਪਈ ਸੀ। ਦੁਨੀਆਂ ਵਿੱਚ ਸ਼ੁਰੂ ਹੋਈ ਕਰੋਨਾ ਨਾਂ ਦੀ ਮਹਾਂਮਾਰੀ ਦੀਆਂ ਖਬਰਾਂ ਸੁਣ ਕੇ ਉਸ ਦਾ ਮਨ ਡੋਲ ਜਾਦਾਂ। ਬੇਟਾ,”ਹੁਣ ਤੇਰੇ ਬਿਨ੍ਹਾਂ ਦਿੱਲ ਨਹੀ ਲਗਦਾ”! ਇਹ ਬੋਲ ਫੋਨ ਤੇ ਅੱਜ ਮਨਿੰਦਰ ਨੂੰ ਉਸ ਨੇ ਭਰੇ ਮਨ ਨਾਲ ਕਹੇ ਸਨ। ਘਬਰਾਓ ਨਾ ਡੈਡੀ ਜੀ, ਮੈਂ,”ਜਲਦੀ ਹੀ ਆਪਣੇ ਕੋਲ ਲੈ ਜਾਵਾਂਗਾ”। ਲੋਹੜੀ ਦੀਆਂ ਛੁੱਟੀਆਂ ਆਈਆਂ ਮਨਿੰਦਰ ਆ ਕੇ ਡੈਡੀ ਨੂੰ ਚੰਡੀਗੜ੍ਹ ਲੈ ਗਿਆ। ਹੁਣ ਗੁਰਨਾਮ ਸਿਉਂ ਹੌਸਲੇ ਵਿੱਚ ਰਹਿੰਦਾ। ਦਿੱਨ ਵੇਲੇ ਉਹ ਘਰ ਦੇ ਸਾਹਮਣੇ ਬਣੇ ਗਾਰਡਨ ‘ਚ ਜਾ ਬਹਿੰਦਾ ਤੇ ਅਖਬਾਰ,ਖਬਰਾਂ ਪੜ੍ਹ ਸੁਣ ਕੇ ਦਿਹਾੜ੍ਹੀ ਲੰਘਾ ਲੈਂਦਾ ਸੀ। “ਨਮਸਕਾਰ”, ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਚਾਈਨਾ ਤੋਂ ਬਾਅਦ ਯੌਰਪ,ਅਮਰੀਕਾ ਵੱਲ ਰੁੱਖ ਕਰ ਲਿਆ ਹੈ। ਇੱਟਲੀ, ਸਪੇਨ, ਫਰਾਂਸ ਅਤੇ ਅਮਰੀਕਾ ਜਿਹੇ ਵਿਕਸਤ ਦੇਸ਼ਾਂ ਵਿੱਚ ਅਣਗਿਣਤ ਮੌਤਾਂ ਹੋ ਚੁੱਕੀਆਂ ਹਨ। ਯੌਰਪ ਦੀਆਂ ਸਰਕਾਰਾਂ ਨੇ 15 ਦਿਨਾਂ ਲਈ ਲੌਕਡਾਊਨ ਕਰ ਦਿੱਤਾ ਹੈ। ਸਭ ਲੋਕਾਂ ਨੂੰ 24 ਘੰਟੇ ਘਰਾਂ ਅੰਦਰ ਰਹਿਣ ਦੀ ਤਾਕੀਦ ਕੀਤੀ ਹੈ। ਹੁਣ ਇਸ ਬੀਮਾਰੀ ਦੇ ਲੱਛਣ ਭਾਰਤ ਵਿੱਚ ਵੀ ਪਾਏ ਜਾ ਰਹੇ ਹਨ। ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ ਕਰ ਰਹੀ ਹੈ”। ਟੀਵੀ ਪ੍ਰਜੈਂਟਰ ਫਟਾ ਫਟ ਬੋਲੀ ਜਾ ਰਹੀ ਸੀ। ਡੈਡੀ ਜੀ,”ਮੈਂ ਅਰਾਮ ਕਰਨਾ ਏ”! ਕਹਿ ਕੇ ਮਨਿਦੰਰ ਕੰਮ ਤੋਂ ਆਉਦਾ ਹੀ ਸਿੱਧਾ ਕਮਰੇ ਵਿੱਚ ਚਲਿਆ ਗਿਆ। ਖੰਘ ਦੇ ਨਾਲ ਨਾਲ ਉਸ ਦਾ ਸਰੀਰ ਵੀ ਭੱਖ ਰਿਹਾ ਸੀ। ਗੁਰਨਾਮ ਸਿਉਂ ਰਾਤ ਭਰ ਪੁੱਤ ਦੇ ਫਿਕਰ ਵਿੱਚ ਡੁੱਬਿਆ ਰਿਹਾ। ਮਨਿਦੰਰ ਨੇ ਪੂਰੀ ਰਾਤ ਖੰਘਦਿਆਂ ਲੰਘਾਈ। ਸਵੇਰ ਦਾ ਚਿੱਟਾ ਦਿੱਨ ਚੜ੍ਹ ਚੁੱਕਿਆ ਸੀ। ਗੁਰਨਾਮ ਸਿਉਂ ਨੇ ਬੈਚੇਨੀ ਵਿੱਚ ਜਾ ਦਰਵਾਜ਼ਾ ਖੋਲਿਆ,ਅੱਗੇ ਮਨਿੰਦਰ ਹਾਲੋਂ ਬੇ ਹਾਲ ਸੀ। ਉਸ ਨੇ ਤਰੁੰਤ ਐਮਰਜੈਂਸੀ ਕਾਲ ਕਰਕੇ ਐਬੂਲੈਂਸ ਬੁਲਾ ਲਈ, ਡਾਕਟਰਾਂ ਦੀ ਟੀਮ ਆਈ ਮਨਿਦੰਰ ਨੂੰ ਚੁੱਕ ਕੇ ਹਸਪਤਾਲ ਲੈ ਗਈ। ਪੂਰਾ ਦਿੱਨ ਚੈੱਕ ਅੱਪ ਵਿੱਚ ਲੰਘ ਗਿਆ, ਰੀਪੋਰਟ ਵਿੱਚ ਕੋਰੋਨਾ ਮਹਾਂਮਾਰੀ ਦੀ ਇਨਫ਼ੈਕਸ਼ਨ ਪਾਈ ਗਈ। ਹਸਪਤਾਲ ਪ੍ਰਸ਼ਾਸ਼ਨ ਨੇ ਮਨਿੰਦਰ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ । ਅਗਲੇ ਦਿੱਨ ਪੁਲਿਸ ਤੇ ਸਿਹਤ ਅਧਕਾਰੀ ਜਾਂਚ ਲਈ ਮਨਿੰਦਰ ਦੇ ਘਰ ਆਏ। ਸੋਫੇ ਉਤੇ ਬੈਠੇ ਗੁਰਨਾਮ ਸਿਉਂ ਦਾ ਉਖੜੇ ਹੋਏ ਸਾਹਾਂ ਨਾਲ ਸਰੀਰ ਵੀ ਤਦੂੰਰ ਵਾਂਗ ਤਪ ਰਿਹਾ ਸੀ। ਡਾਕਟਰ ਬਿਨ੍ਹਾ ਦੇਰੀ ਕੀਤੇ ਐਮਰਜੈਂਸੀ ਵਾਰਡ ਵਿੱਚ ਲੈ ਗਏ। ਵੈਂਟੀਲੈਟਰ ਤੇ ਪਏ ਗੁਰਨਾਮ ਸਿਉਂ ਦੀ ਹਾਲਤ ਪਲ ਪਲ ਵਿਗੜਦੀ ਜਾ ਰਹੀ ਸੀ। ਉਹਨਾਂ ਦੀ ਹਰ ਕੋਸ਼ਿਸ਼ ਸਭ ਵਿਆਰਥ ਜਾਪਦੀ ਸੀ। ਰਾਤੀ ਨੌ ਵਜੇ ਪਏ ਦਿੱਲ ਦਾ ਦੌਰੇ ਨਾਲ, ਉਸ ਦੇ ਆਖਰੀ ਸਾਹ ਵੀ ਬੰਦ ਹੋ ਗਏ। ਪੁਲਿਸ ਤੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਨਾਮ ਸਿਉਂ ਦੀ ਮ੍ਰਿਤਕ ਦੇਹ ਨੂੰ ਪਲਾਸਟਿੱਕ ਵਿੱਚ ਲਪੇਟ ਕੇ ਸਸਕਾਰ ਲਈ ਉਸ ਦੇ ਜੱਦੀ ਪਿੰਡ ਵੱਲ ਨੂੰ ਚੱਲ ਪਏ। ਕੋਰੋਨਾ ਬੀਮਾਰੀ ਦੀ ਘਨਾਉਣੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਚੁੱਕੀ ਸੀ। ਪਹੁ ਫੁਟਦੀ ਹੀ ਪ੍ਰਸ਼ਾਸ਼ਨ ਐਬੂਲੈਂਸ ਲੈ ਕੇ ਪਿੰਡ ਦੀ ਸ਼ਮਸ਼ਾਨ ਘਾਟ ਵਾਲੀ ਪਹੀ ਦੇ ਮੋੜ ਤੇ ਜਾ ਪਹੁੰਚਿਆ। ਅੱਗੇ ਪਿੰਡ ਵਾਲੇ ਪਹੀ ਵਿੱਚ ਦੀਵਾਰ ਬਣੇ ਖੜੇ੍ਹ ਸਨ।
” ਅਸੀ ਪਿੰਡ ਵਿੱਚ ਸਸਕਾਰ ਨਹੀ ਹੋਣ ਦੇਵਾਂਗੇ,” “ਨਹੀ ਹੋਣ ਦੇਵਾਂਗੇ”! ਸਭ ਇੱਕੋ ਹੀ ਰਟ ਲਾ ਰਹੇ ਸਨ । ਪ੍ਰਸ਼ਾਸ਼ਨ ਦੇ ਵਾਰ ਵਾਰ ਸਮਝਾਉਣ ਤੇ ਵੀ ਉਹ ਟੱਸ ਤੋਂ ਮੱਸ ਨਹੀ ਹੋ ਰਹੇ ਸੀ। “ਮਨੁੱਖ ਦਾ ਅਸਲੀ ਘਰ” ਦੇ ਨਿਸ਼ਾਨ ਵਾਲਾ ਲੱਕੜੀ ਦਾ ਬੈਨਰ ਪਿੰਡ ਦੇ ਲੋਕਾਂ ਵੱਲ ਮੂੰਹ ਅੱਡੀ ਝਾਕ ਰਿਹਾ ਸੀ।
**************************************
ਸ਼ਮਸ਼ਾਨ ਘਾਟ ਦੀ ਸੇਵਾ ਕਰਾਈ!
(ਸ. ਗੁਰਨਾਮ ਸਿੰਘ ਸੂਬੇਦਾਰ)”
ਧੰਨਵਾਦ ਸਹਿਤ
” ਪੰਚਾਇੱਤ ਅਤੇ ਨੌਜੁਆਨ ਸਭਾ” ।
**************************************
ਨਾਂ ਦੀ ਥੱਲੇ ਲੱਗੀ ਤਖਤੀ ਪਲਾਸਟਿੱਕ ਵਿੱਚ ਲਿਪਟੇ ਗੁਰਨਾਮ ਸਿੰਘ ਸੂਬੇਦਾਰ ਦੀ ਆਤਮਾ ਨੂੰ ਝਜੋੜ ਰਹੀ ਸੀ। ਪਿੰਡ ਦੇ ਲੋਕਾਂ ਦੀ ਭੀੜ ਵਿੱਚੋਂ ਇਨਸਾਨੀਅਤ ਨਿੱਕਲ ਕੇ ਲਾਹਨਤਾਂ ਪਾਉਦੀ ਸਿਵਿਆਂ ਵੱਲ ਨੂੰ ਹੋ ਤੁਰੀ।
ਜੁਗਾੜ ਦੀ ਵਿਉਂਤ
ਚੱਲ ਉਏ ਦੇਬੂ ਸ਼ਹਿਰ ਨੂੰ ਚੱਲੀਏ। ਨੇਕ ਨੇ ਕੰਧ ਉੱਪਰੋਂ ਦੇਖਦਿਆਂ ਆਪਣੇ ਚਾਚੇ ਦੇ
ਪੁੱਤ ਦੇਬੂ ਨੂੰ ਕਿਹਾ।
ਨਹੀਂ ਯਾਰ, ਅੱਜ ਨਹੀਂ ਜਾਣਾ ਮੈਂ ਸ਼ਹਿਰ।
ਕਿਉਂ, ਅੱਜ ਕੀ ਹੈ?
ਅੱਜ ਤਾਂ ਕੁਝ ਨਹੀਂ ਹੈ, ਪਰ ! ਕੱਲ ਨੂੰ ਸਰਕਾਰੀ ਨੌਕਰੀ ਲਈ ਮੇਰਾ ਇੰਟਰਵਿਊ ਹੈ, ਇਸ
ਲਈ ਮੈਂ ਤਿਆਰੀ ਕਰਨੀ ਹੈ। ਦੇਬੂ ਨੇ ਨੇਕ ਨੂੰ ਅਸਲ ਗੱਲ ਦੱਸਦਿਆਂ ਕਿਹਾ।
ਛੱਡ ਯਾਰ, ਤੂੰ ਵੀ ਝੱਲਾ ਹੀ ਰਹੇਂਗਾ। ਨੌਕਰੀਆਂ ਤਿਆਰੀ ਨਾਲ ਨਹੀਂ ਮਿਲਦੀਆਂ ਬਲਕਿ
ਜੁਗਾੜ ਨਾਲ ਮਿਲਦੀਆਂ ਨੇ, ਜੁਗਾੜ ਨਾਲ।
ਜੁਗਾੜ !!! ਦੇਬੂ ਨੇ ਹੈਰਾਨ ਹੁੰਦਿਆਂ ਕਿਹਾ।
ਹਾਂ ਵੀਰ ਜੁਗਾੜ।
ਕੀ ਮਤਲਬ?
ਚੱਲ ਆ ਸਮਝਾਉਣਾ ਤੈਨੂੰ ਜੁਗਾੜ ਦਾ ਮਤਲਬ, ਜਿਸ ਨਾਲ ਤੂੰ ਵੀ ਸਰਕਾਰੀ ਮੁਲਾਜ਼ਮ ਬਣ
ਜਾਵੇਂਗਾ। ਨੇਕ ਨੇ ਹੱਸਦਿਆਂ ਕਿਹਾ।
ਦੇਬੂ ਨੇ ਆਪਣੀਆਂ ਕਿਤਾਬਾਂ ਬੰਦ ਕੀਤੀਆਂ ਤੇ ਜੁਗਾੜ ਦੀ ਵਿਉਂਤ ਸਮਝਣ ਲਈ ਨੇਕ ਦੇ ਨਾਲ ਤੁਰ ਪਿਆ।
ਬਾਕੀ ਦਾ ਸੱਚ
ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ ।
ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ?
ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ ਕਦੀ ਵੀ ਘਰ ਨਹੀਂ ਸੀ ਬੈਠਾ ਉਹ ਲੁਕ ਕੇ ,ਸ਼ਹਿ ਕੇ ।
ਬੈਠ ਹੀ ਨਹੀਂ ਸੀ ਹੋਇਆ ਉਸ ਤੋਂ ।
ਵਰ੍ਹਦੀ ਅੱਗ ‘ਚ ਵੀ ਨਹੀਂ ।
ਤੋਚੀ ਦੇ ਪਾਸਾ ਵੱਟ ਜਾਣ ਦੇ ਬਾਵਜੂਦ ।
ਸੀ ਤਾਂ ਤੋਚੀ ਵੀ ਉਸਦਾ ਜੋਟੀਦਾਰ । ਰਿਹਾ ਉਹ ਕਈ ਚਿਰ ਉਸ ਦੇ ਅੰਗ-ਸੰਗ। ਸਕੂਲ ਪੜ੍ਹਾਈ ਸਮੇਂ ਤੋਂ ਲੈ ਕੇ ਢੇਰ ਚਿਰ ਪਿੱਛੋਂ ਤੱਕ ।
ਹਰ ਥਾਂ, ਹਰ ਔਖ-ਮੁਸ਼ਕਲ ਵੇਲੇ ।
ਇਹ ਔਖਾਂ-ਮੁਸ਼ਕਲਾਂ ਵੀ ਉਹਨਾਂ ਇਕੋ ਵੇਲੇ ਸਹੇੜੀਆਂ । ਇਕੱਠਿਆਂ । ਸਕੂਲੀ ਪੜ੍ਹਾਈ ਪੜ੍ਹਦਿਆਂ ।
ਪਰਮਜੀਤ ਮਾਰਟਰ ਤੋਂ ਸਮਝ -ਪੁੱਛ ਕੇ ।
ਕਿਸੇ ਡੂੰਘੀ ਸੋਚ-ਵਿਚਾਰ ‘ਚ ਖੁੱਭੇ ਦਿਸਦੇ ਪੱਮੀ ਮਾਸਟਰ ਦੀ ਚਾਲ-ਢਾਲ ਉਹਨਾਂ ਦੂਜੇ ਅਧਿਆਪਕਾਂ ਨਾਲੋਂ ਬਿਲਕੁਲ ਵੱਖਰੀ-ਵੱਖਰੀ ਲੱਗਦੀ । ਨਾ ਉਸ ਨੂੰ ਆਪਣੇ ਆਪ ਦੀ ਸੁੱਧ-ਬੁੱਧ ਹੁੰਦੀ, ਨਾ ਲੀੜੇ-ਕੱਪੜੇ ਦੀ । ਕੁੜਤਾ-ਪਜਾਮਾ ਜੇ ਮੈਲਾ ਤਾਂ ਮੈਲਾ ਈ ,ਜੇ ਧੋਤਾ ਤਾਂ ਸਲ੍ਹੀਆਂ ਵਲ੍ਹਾਂ ਨਾਲ਼ ਸ਼ਕਲੋਂ ਬੇ-ਸ਼ਕਲ । ਪੈਰੀਂ ਪਾਈ ਜੁੱਤੀ-ਚੱਪਲ ਵੀ ਘੱਟੇ-ਮਿੱਟੀ ਨਾਲ਼ ਲੱਥ-ਪੱਥ ।
ਬੱਸ ਇਕੋ-ਇਕ ਬਸਤਕ ਸੀ ਪਗੜੀ, ਜਿਸ ਨੁੰ ਖੂਬ ਘੁੱਟ-ਲਿਪੇਟ ਕੇ ਬੰਨ੍ਹਦਾ । ਪੋਚ-ਸੁਆਰ ਕੇ ਰੱਖਦਾ । ਇਸ ਦੇ ਪੋਚੇ-ਸੁਆਰੇ ਲੜਾਂ ਤੋਂ ਉਹ ਅਧਿਆਪਕ ਵੀ ਲੱਗਦਾ ਤੇ ਕੋਈ ਅਫ਼ਸਰ ਵੀ ।
ਗਾਮੀ ਤੋਚੀ ਆਨੇ-ਬਹਾਨੇ ਉਸ ਕੋਲ ਜਾ ਅੱਪੜਦੇ ।
ਬਹੁਤੀ ਵਾਰ ਸਕੂਲੇ ਹੀ ਉਸਦੇ ਕਮਰੇ ‘ਚ ਸਾਇੰਸ ਰੂਮ ‘ਚ । ਵਿਚ ਵਾਰ ਉਸਦੇ ਘਰ , ਉਸਦੇ ਪਿੰਡ ।
ਉਸ ਦਿਨ ਸ਼ਾਇਦ ਪਰਮਜੀਤ ਮਾਸਟਰ ਨੇ ਉਹਨਾਂ ਨੂੰ ਪਿੰਡ ਗਿਆਂ ਨੂੰ ਪਹਿਲੀ ਵਾਰ ਰੋਕਿਆ ਸੀ , ਰਾਤ ਠਹਿਰਨ ਲਈ ਆਪਣੇ ਕੋਲ਼, ਬਾਹਰ ਬੰਬੀ ‘ਤੇ ।….ਉਸਦੀ ਪੇਚਦਾਰ ਪੱਗੜੀ ਹੇਠ ਨੱਪ ਹੋਈ ਬੁਲਬੁਲ ਦੇਖ ਕੇ ,ਹੈਰਾਨੀ ਹੀ ਨਹੀਂ ਅਚੰਭਾ ਹੋਇਆ ਸੀ ਉਹਨਾਂ ਨੂੰ । ਹੋਰ ੳ ਪੰਜ-ਚਾਰ ‘ਓਪਰੇ ਜਿਹੇ ’ ਮਿਲੇ ਸਨ ਉੱਥੇ । ਸਭ ਦੀ ਸ਼ਕਲ ਸੂਰਤ ਇਕੋ –ਲੋੜ ਪੈਣ ਤੇ ਸਿੰਘ-ਬੰਧੂ ,ਕਦੀ-ਕਦਾਈਂ ਮੀਆਂ-ਮੁੱਲਾਂ । ਆਮ-ਦਿੱਖ ਲਈ ਬਾਬੂ ਜੀ । ਤੋਚੀ ਗਾਮੀ ਕਿੰਨਾ ਈ ਚਿਰ ਉਹਨਾਂ ਵੱਲ ਦੇਖਦੇ ਰਹੇ ਸਨ, ਇਕ-ਟੱਕ । ਦੁਬਿਧਾ ਗ੍ਰਸਤ ਹੋਏ ।
“….ਇਹ ਸਕੁਲ-ਸੂਰਤ ਦੀ ਇਕ-ਸਾਰਤਾ ,ਢੇਰ ਸਾਰਾ ਬਚਾ ਕੀਤੀ ਰੱਖਦੀ ਐ ,ਮਨੁੱਖ-ਮਾਤਰ ਦੀ –ਹੀਣ –ਭਾਵਨਾ , ਉੱਚ-ਭਾਵਨਾ ਦੇ ਮੋਨੋਰੋਗ ਤੋਂ…..”ਪੱਮੀ ਮਾਸਟਰ ਦੇ ਇਸ ਸਿੱਧੇ-ਸਾਧੇ ਵਾਕ ਨੇ ਤੋਚੀ ਨੂੰ ਤਾਂ ਰਤੀ ਭਰ ਵੀ ਸਹਿਜ ਨਹੀਂ ਸੀ ਕੀਤਾ ਪਰ ਗਾਮੀ ਅੰਦਰਲੇ ਤੌਖਲੇ ਨੂੰ ਕਾਫੀ ਸਾਰੀ ਰਾਹਤ ਮਿਲੀ ਸੀ ,ਮੁੱਖ-ਅਧਿਆਪਕ ਪੰਡਿਤ ਤੀਰਥ ਰਾਮ ਵੱਲੋਂ ਪ੍ਰਾਥਨਾ ਥੜੇ ਤੋਂ ਨਿੱਤ ਦਿਨ ਮਿਲਦੀਆਂ ਨਸੀਅਤਾਂ-ਹਦਾਇਤਾਂ ਨਾਲ ਇਕ-ਮਿੱਕ ਹੋ ਕੇ, ਜੀਵਨ ਸੰਬੰਧੀ , ਪੜ੍ਹਾਈ ਸੰਬੰਧੀ , ਅਨੁਸ਼ਾਸ਼ਨ ਸੰਬੰਧੀ , ਖਾਸ ਕਰ ਵਰਦੀ ਅਨੁਸ਼ਾਸ਼ਨ ਸੰਬੰਧੀ । “….ਇਹ ਸਕੂਲ ਯੂਨੀਫਾਰਮ , ਇਕੋ-ਵਰਗੀ ਦਿੱਖ,ਹਰ ਬੱਚੇ ਦੇ ਇਕ-ਬਰਾਬਰ ਦਿੱਸਣ ਦਾ ਸਭ ਤੋਂ ਪਹਿਲਾ ਅਧਾਰ ਹੁੰਦੀ ਐ ।ਕਲਾਸ ਕਮਰੇ ‘ਚ ਬੈਠਾ ਨਾ ਕੋਈ ਵਿਦਿਆਰਥੀ ਅਮੀਰ ਘਰੋਂ ਆਇਆ ਲੱਗਦਾ, ਨਾ ਗ਼ਰੀਬ ਘਰੋਂ ….ਜਾਤੀ –ਜਮਾਤੀ ਉੱਚ-ਭਾਵਨਾ,ਹੀਣ-ਭਾਵਨਾ ਤੋਂ ਬਿਲਕੁਲ ਮੁਕਤ । “
ਸਕੂਲੀ ਪੜ੍ਹਾਈ ਪੜ੍ਹਦਾ ਗਾਮੀ ਸੱਚ-ਮੱਚ ਹੀ ਕਿਸੇ ਜਾਤੀ-ਜਮਾਤੀ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਸੀ ਹੋਇਆ । ਨਾ ਹੀ ਉਸਦੇ ਕਿਸੇ ਸੰਗੀ-ਸਾਥੀ, ਹਾਣੀ-ਬੇਲੀ ਨੇ ਉਸਦੇ ਮਾਂ-ਪਿਓ ਦੀ ਬਰਾਦਰੀ ਹੋਂਦ ਦਾ ਜ਼ਿਕਰ ਕੀਤਾ ਸੀ ਨਾਲ਼। ਉਹਨਾਂ ਦੇ ਬੇ-ਜ਼ਮੀਨੇ ਦਿਹਾੜੀਦਾਰ ਹੋਣ ਦਾ ਮਿਹਣਾ ਜਿਹਾ ਮਾਰਕੇ ।
ਪਰ,ਰਤਾ ਕੁ ਵੱਡੇ ਹੋਏ ਨੂੰ ,ਕਾਲਜ ਦੀ ਜੂਹ ‘ਚ ਘੁੰਮਦੇ-ਫਿਰਦੇ ਨੂੰ ਪਤਾ ਨਈਂ ਕਿਵੇਂ ਇਹਨਾਂ ਸੰਗਿਆਵਾਂ ਦੀ ਪਰਛਾਈ ਪਹਿਲਾਂ ਉਸਦੇ ਧੁਰ ਅੰਦਰ ਕਿਧਰੇ ਉੱਸਲਵੱਟੇ ਲੈਣ ਲੱਗ ਪਈ ਫਿਰ ਉਸਦੇ ਤਨ-ਬਦਨ ਨੂੰ ਅੱਛਾ-ਖਾਸਾ ਠਾਰਨ ਸੇਕਣ ਲੱਗ ਪਈ । ਕਿਤਾਬੀ ਪੜ੍ਹਾਈ ਕਰਦਿਆਂ ਉਸਦਾ ਧਿਆਨ ਉੱਖੜ-ਉੱਖੜ ਪੈਣ ਲੱਗ ਪਿਆ । ਉਸਨੂੰ ਕਲਾਸੋਂ ਅੰਦਰ-ਬਾਹਰ ਆਉਂਦੇ ਜਾਂਦੇ ਨੂੰ ਇਉਂ ਲੱਗਦਾ, ਜਿਵੇਂ ਥਾਂ-ਪੁਰ-ਥਾਂ ਮਿਲੀ –ਟੱਕਰੀ ਵਿਹਲੀ ਮੰਢੀਰ ਉਸ ਵੱਲ ਹੋਰੂੰ-ਹੋਰੂੰ ਜਿਹਾ ਝਾਕਦੀ ਰਹੀ ਹੋਵੇ । ਉਸ ਨੂੰ ਲੈਂਡ-ਲੈੱਸ ਕੰਮੀ-ਕਾਮਾਂ ਜਾਂ ਦਿਹਾੜੀ ਕੁੱਟ ਵਰਗੇ ਲੇਖਾਂ-ਸਿਰਲੇਖਾਂ ਨਾਲ਼ ਯਾਦ ਕਰਦੀ ਰਹੀ ਹੋਵੇ – ਉਸਦਾ ਸਾਦ-ਮੁਰਾਦਾ ਪਹਿਰਾਵਾ ਦੇਖ ਕੇ ਜਾਂ ਉਸਦੇ ਚਿਹਰੇ ‘ਤੇ ਉੱਕਰੀ ਹੋਈ ਬੇ-ਜ਼ਮੀਨੇ ਘਰ ਦੀ ਆਭਾ ਸਾਫ਼-ਸਾਫ਼ ਦਿਸਦੀ ਹੋਣ ਕਰਕੇ । ਵਰਦੀ-ਅਨੁਸ਼ਾਸ਼ਨ ਊਈਂ ਖਾਰਜ ਸੀ ਕਾਲਜੋਂ ।
ਮਾਂ-ਬਾਪ ਦੇ ਗੁੱਸੇ-ਰਾਜ਼ੀ ਹੋਣ ਦੇ ਬਾਵਜੂਦ ਬਣਾਈ ਪੱਮੀ ਮਾਸਟਰ ਵਰਗੀ ਸ਼ਕਲ-ਸੂਰਤ ਨੇ ਤਾਂ ਉਸ ਲਈ ਹੋਰ ਵੀ ਬਿਪਤਾ ਖੜ੍ਹੀ ਕਰ ਛੱਡੀ – ਹਰ ਜਾਣ-ਅਣਜਾਨ ਉਸ ਕੋਲੋਂ ਦੀ ਲੰਘਦਾ, ਮੁਸਕੜੀਏ ਹੱਸਦਾ, ਕੋਈ ਜਣਾ ਟਾਂਚ-ਟਕੋਰ ਵੀ ਲਾਉਂਦਾ ।
ਇਸ ਸਾਰੀ ਲੱਗ-ਲਬੇੜ ‘ਚ ਉਹ ਲਿਖਣ-ਪੜ੍ਹਨ ਕਾਰਜ ਵੱਲੋਂ ਅਵੇਸਲਾ ਹੁੰਦਾ ਗਿਆ ।ਅਸਲੋਂ ਹੀ ਢਿੱਲਾ । ਕਈ ਕਈ ਨਾਗੇ ਕਰਦਾ, ਉਹ ਕਾਲਜ ਜਾਣੋਂ ਬੰਦ ਈ ਹੋ ਗਿਆ । ਘਰ ਬੈਠ ਗਿਆ । ਪਰ, ਇਉਂ ਨਈਂ ਹੁਣ ਬੈਠ ਗਿਆ ਸੀ ।ਸਾਹ ਸੂਤ ਕੇ, ਗੁੰਮ ਸੁੰਮ ਹੋ ਕੇ ।ਚੰਗਾ ਭਲਾ ਕਾਰ ਕਿੱਤੇ ਲੱਗਾ, ਮੁਨਸ਼ੀਗੀਰੀ ਦੇ ।ਸ਼ਾਮ ਬਾਬੂ ਦੇ ਭੱਠੇ ‘ਤੇ ।
ਉਦੋਂ ਉਸਨੂੰ ਕਿੰਨੀ ਸਾਰੀ ਸਮਝ-ਬੂਝ ਹੈ ਸੀ । ਦੱਸ ਸਕਦਾ ਸੀ । ਸਮਝਾ ਸਕਦਾ ਸੀ ਹਰ ਕਿਸੇ ਨੂੰ ,ਪੱਮੀ ਮਾਸਟਰ ਦੀ ਬਦੌਲਤ – ਜੋ ਕੁਝ ਉਹ ਕਰ ਰਿਹੈ । ਜਿੰਨਾ ਕੁ ਪੜ੍ਹ-ਲਿਖ ਰਿਹੈ । ਜੀਹਦੇ ਲਈ ਲਿਖ ਪੜ੍ਹ ਰਿਹੈ । ਉਸਦੀ ਲਿਖਾ-ਪੜ੍ਹੀ ਦੇ ਕਿੰਨੇ ਗੁਣੇ ਪੈਣੇ ? ਕੀ ਮਿਲੂ ਉਸਨੂੰ ? ਉਸਦੇ ਮਾਤਾ-ਪਿਤਾ ਨੂੰ ? ਕਿੰਨਾ ਕੁ ਲਾਭ ਹੋਊ ਉਸ ਨੂੰ ‘ਨੌਕਰੀ ’ ਦੇਣ ਵਾਲੇ ਨੂੰ । ਕੰਮ ਤੇ ਰੱਖਣ ਵਾਲੇ ਮਾਲਕ ਨੂੰ ? ਹੁਣ…ਹੁਣ ਮੁਨਸ਼ੀਗੀਰੀ ਦੀ ਢਾਈ ਹਜ਼ਾਰ ਤਨਖਾਹ ਛੱਡ ਕੇ ਉਸ ਤੋਂ ਕੁਝ ਵੀ ਨਹੀਂ ਸੀ ਦੱਸ ਹੋ ਰਿਹਾ , ਕਿਸੇ ਨੂੰ ।
ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਨਹੀਂ ।
ਉਸਦੀ ਸਾਰੀ ਸਮਝ –ਸੂਝ ਜਿਵੇਂ ਇਸ ਥਾਂ ਆ ਕੇ ਜਵਾਬ ਦੇ ਗਈ ਹੋਵੇ , ਅਟਕ ਗਈ ਹੋਵੇ ।
ਤੋਚੀ ਨੇ ਵੀ ਇਸ ਵਾਰ ਉਸਨੂੰ ਸਲਾਹ-ਮਸ਼ਵਰੇ ਦੀ ਥਾਂ ਚੰਗੀ ਭਰਵੀਂ ਚੋਭ ਲਾਈ , ਜ਼ਰਾ ਲੁਕਵੇਂ ਢੰਗ ਨਾਲ –“ ਜਦੋਂ ਵੇਲਾ ਸੀ , ਉਦੋਂ ਹਿੱਲਿਆ ਨਈਂ ਤੁਰਿਆ ਨਈ ਕਿਸੇ ਬੰਨੇ । ਉਦੋਂ ਹਾਅ ਬਾਬੂਗੀਰੀ ਜਿਹੀ ਘੁੱਟ ਕੇ ਫੜੀ ਰੱਖੀ….ਹੁਣ ਕੀ ਲੱਭੂ ਉੱਥੋਂ ? …..ਹੁਣ ਆਪਣੇ ਵਲ਼ ਨਈਂ ਤਾਂ ਬੁੱਢੇ ਮਾਂ-ਪਿਓ ਅੱਲ ਈ ਦੇਖ ਲਾਆ ਕਸ਼ ….!!”
….ਬੁੱਢੇ ਮਾਂ ਪਿਓ ਵੱਲ ‘ਦੇਖਣ ’ ਖਾਤਰ ਹੀ ਤਾਂ ਗਾਮੀਂ ਨੇ ਸ਼ਾਮ ਬਾਬੂ ਦੀ ਨੌਕਰੀ ਕਰਨੀ ਠੀਕ ਸਮਝੀ ਸੀ , ਉਨ੍ਹੀ ਦਿਨੀਂ । ਇਕੋ ਵਾਰ ਭਵਾਕਾ ਮਾਰ ਕੇ ਕੁਝ ਜਾਣ ਦੀ ਥਾਂ ਉਸਨੇ ਨਿੰਮੀ-ਨਿੰਮੀ ਲਾਟੇ ਜਗਦੇ ਰਹਿਣਾ ਮੁਨਾਸਿਬ ਸਮਝਿਆ , ਨਹੀਂ ਤਾ ਉਦੋਂ ਦੇ ਝੱਖੜ-ਝਾਂਜੇ ‘ਚ ਕੀ ਪਤਾ ਲੱਗਦਾ ਸੀ , ਕਿਹੜਾ ਕੀ ਕਰ ਗਿਆ, ਕਿਹੜਾ ਕਿੰਨਾ ਰੱਖ ਗਿਆ ।
ਉਦੋਂ ਅਜੇ ਕਾਫੀ ਸਾਰੀ ਲਾਗ ਬਾਕੀ ਸੀ ਉਸ ‘ਤੇ ….ਪੱਮੀ ਮਾਸਟਰ ਤੋਂ ਗ੍ਰਹਿਣ ਕੀਤੀ ਸ਼ਿਖਸ਼ਾ ਦੀ । ….ਭੱਠੇ ਦਾ ਕੰਮ ਕਾਰ ਕਰਦਾ ਵੀ ,ਉਹ ਆਪਣੇ ਕੰਮ ਲੱਗਾ ਰਹਿੰਦਾ । ਪੜ੍ਹਨ-ਪੜ੍ਹਾਈ ਦੇ । ਸਕੂਲ ਵੇਲੇ ਤੋਂ ਲੱਗੀ ਚੇਟਕ, ਪੜਾ-ਵਾਰ ਪੱਕੀ ਹੁੰਦੀ ਗਈ । ਕਾਲਜ ਛੱਡਣ ਪਿੱਛੋਂ ਹੋਰ ਵੀ ਪੱਕੀ । ਪੱਮੀ ਮਾਸਟਰ ਨੇ ਉਸ ਨੂੰ ਕੰਮ ਵੀ ਉਹੋ ਜਿਹਾ ਸੌਂਪਿਆ , ਉਸਦੇ ਮਨਭਾਉਂਦਾ । ਕਾਲਜੋਂ ਵਿਹਲਾ ਹੋਏ ਨੂੰ । ਚੁਸਤ-ਫੁਰਤੀਲਾ ਹੋਣ ਕਰਕੇ – ‘ਲੁਪਤ-ਗੁਪਤ ਛਪਦੇ ਪੱਤਰ-ਪੁਸਤਕਾਂ , ਲੁਪਤ-ਗੁਪਤ ਥਾਵਾਂ ਤੇ ਅੱਪੜਦੀਆਂ ਕਰਨਾ । ਵੇਲੇ-ਕੁਵੇਲੇ । ਰਾਤ-ਬਰਾਤੇ । ਬੜੀ ਚੌਕਸੀ ਨਾਲ । ਇਕ ਥਾਂ ਤੋ ਦੂਜੀ ਥਾਂ । ਦੂਜੀ ਤੋਂ ਤੀਜੀ , ਤੀਜੀ ਤੋਂ ਅੱਗੇ ।
ਇਸ ਢੋਆ-ਢੁਆਈ ‘ਚ ਉਸ ਨੂੰ ਇਕ ਵਾਰ ਐਹੋ ਜਿਹੀ ਚੀਜ਼-ਵਸਤ ਚੱਕਣੀ ਪਈ, ਜਿਸ ਨੂੰ ਦੇਖਦੇ ਇਕ ਵਾਰ ਤਾਂ ਉਹ ਊਈਂ ਬੌਂਦਲ ਗਿਆ – ਵੱਡੀ ਬੋਰੀ ਦੇ ਉਛਾਲ ‘ਚ ਲਿਪਟੀ ਜੰਗਾਲੀ ਜਿਹੀ ਥਰੀ-ਨਾਟ ਥਰੀ ,ਰਾਈਫ਼ਲ ।
ਫਿਰ ਥੋੜਾ ਕੁ ਸੰਭਲ ਕੇ ਬੜੀ ਚੌਕਸੀ ਨਾਲ਼, ਹੋਰ ਵੀ ਤੜਕਸਾਰ ਉੱਠ ਕੇ ਆਪਣਾ ਕਾਰਜ ਸਿਰੇ ਚਾੜ੍ਹਿਆ , ਡਰਦੇ –ਡਰਦੇ ਨੇ , ਪਰ ਛੇਤੀ ਹੀ ਉਸਦੇ ਕਦਮ ਪਹਿਲੀ ਚਾਲੇ ਹੋ ਤੁਰੇ ਸਨ । ਆਉਂਦੇ ਗੇੜਿਆ ਲਈ । ਨਿਡਰ ਜਿਹੇ ਬਣ ਕੇ , ਨਿਰ ਭੈਅ ਜਿਹੇ ਹੋ ਕੇ ।
ਸ਼ਾਮ ਬਾਬੂ ਦੇ ਭੱਠੇ ਦੀ ਮੁਨਸ਼ੀਗੀਰੀ ਕਰਦਾ ਵੀ , ਉਹ ਕਿਸੇ ਤੋਂ ਕਦੀ ਨਹੀਂ ਸੀ ਡਰਿਆ ।
ਨਾ ਸਰਪੰਚ ਦੀਆਂ ਗਿੱਦੜ-ਭਵਕੀਆਂ ਤੋਂ , ਨਾ ਬਾਵੇ ਦੇ ਸਿੱਧੇ ਹਮਲੇ ਤੋਂ ।
ਜੇ ਉਹ ਚਾਹੁੰਦੇ ਤਾਂ ਅੱਖ ਫਰੋਕੇ ਅੰਦਰ ਹੀ ਢੇਰੀ ਕਰ ਸਕਦੇ ਸਨ ਗਾਮੀ ਨੂੰ । ਪਰ, ਉਨ੍ਹਾਂ ਕੀਤਾ ਨਾ , ਉਸਦੇ ਪੂਰਬਲੇ ਇਤਿਹਾਸ ਤੋਂ ਵਾਕਿਫ ਹੋਣ ਕਰਕੇ । ਤੋਚੀ ਰਾਹੀਂ । ਤੋਚੀ ਰਾਹੀਂ ਹੀ ਉਹਨਾਂ ਗਾਮੀ ਨੂੰ ਆਖ ਵੀ ਭੇਜਿਆ , ਤਾੜਨਾ ਵੀ ਕੀਤੀ ਸੀ ਕਈ ਵਾਰ -…ਭਲਾ-ਮਾਣਸ ਬਣ ਕੇ ਦਾੜ੍ਹੀ-ਕੇਸ ਕਤਲ ਕਰਨੇ ਛੱਡ ਨਈਂ ਤਾਂ, ਤੈਨੂੰ ….ਵਿਚੇ ਈ ਤੇਰੇ ਸਿਰ-ਘਸੇ ਜਿਹੇ ਬਾਊ ਨੂੰ …..।“
ਗਾਮੀ ਨੂੰ ਉਹਨਾਂ ਦੇ ਖੋਖਲੇ ਜਿਹੇ ਦਬਕੇ-ਦਬਾਕਿਆਂ ਦਾ ਇਲਮ ਸੀ , ਮੂੰਹ-ਜ਼ਬਾਨੀ ਦੀਆਂ ਗਿੱਦੜ-ਭਵਕੀਆਂ ਦਾ । ਉਹ ਨਾ ਤਾਂ ਸ਼ਾਮ ਬਾਬੂ ਨੂੰ ਈ ਸੱਟ-ਪੇਟ ਮਾਰ ਕੇ ਰਾਜ਼ੀ ਸਨ, ਨਾ ਗਾਮੀ ਨੂੰ । ਸੋਨੇ ਦੇ ਆਂਡੇ ਦਿੰਦੇ ਸਨ ਦੋਨੋਂ ।…ਗਾਮੀ ਨੁੰ ਤਾਂ ਉਹ ਜੋੜਨਾ ਚਾਹੁੰਦੇ ਸਨ ਪੱਕੀ ਤਰ੍ਹਾਂ ਆਪਦੇ ਨਾਲ਼ ਆਪਣੀ ਲਹਿਰ ਨਾਲ਼ । ਦੂਜੇ ਵੰਨਿਉਂ ਤੋੜ ਕੇ ।
ਇਸ ਕੰਮ ਲਈ ਉਹਨਾਂ ਸੱਦਿਆ ਵੀ ਉਸ ਨੂੰ ਦੋ-ਤਿੰਨ ਵਾਰ, ਬਾਹਰ ਕਿਸੇ ਥਾਂ ।ਗਾਮੀ ਗਿਆ ਵੀ ਦੱਸੇ ਸਮੇਂ ‘ਤੇ ਦੱਸੇ ਟਿਕਾਣੇ ‘ਤੇ । ਜਾ ਕੇ ਪੇਸ਼ ਵੀ ਹੋਇਆ ਉਹਨਾਂ ਦੀ ਕਚਹਿਰੀ ‘ਚ ਪਰ ਉਹ …ਉਹਨਾਂ ਪੇਸ਼ਕਸ਼ ਪ੍ਰਵਾਨ ਕਰਨ ਲਈ ਕਿਸੇ ਵੀ ਤਰ੍ਹਾਂ ਹਾਂ ਨਹੀਂ ਸੀ ਕਰ ਸਕਿਆ ।
ਆਖਿਰ ਉਹਨਾਂ ਇਕ ਦਾਅ ਹੋਰ ਵਰਤਿਆ । ਗਾਮੀ ਦੀ ਵਜ੍ਹਾ-ਕਤਾ ਦਾ, ਉਸਦਾ ਥੋੜ੍ਹਾ ਕੁ ਜਾਣੂ-ਪਛਾਣੂ ਬੰਦਾ ਬੜੀ ਉਚੇਚ ਨਾਲ਼ ਉਸਦੇ ਪਿੱਛੇ ਲਾ ਦਿੱਤਾ ।
ਥੋੜਾ ਕੁ ਫੇਰ ਵਗਲ਼ ਪਾ ਕੇ ।
ਉਸ ਨੇ ਕਾਫੀ ਸਾਰੀ ਸਾਂਝ-ਭਿਆਲੀ ਕਾਇਮ ਕਰਕੇ ਇਕ ਦਿਨ ਗਾਮੀ ਦੀ ਦੁਖਦੀ ਰਗ ਟੋਹ ਲਈ , ਟੋਹੀ ਈ ਨਹੀਂ ਅੱਛੀ ਖਾਸੀ ਛੇੜ ਵੀ ਛੱਡੀ – ਉਸਨੂੰ ਬੇ-ਜਮੀਨਾ ਹੋਣ ਦਾ ਮਿਹਣਾ ਜਿਹਾ ਮਾਰਕੇ । ਜ਼ਿਮੀਂ-ਮਾਲਕੀ ਨਸ਼ੇ ਤੋਂ ਵਾਂਝਾ ਹੋਣ ਦਾ ਉਲ੍ਹਾਮਾ ਜਿਹਾ ਦੇ ਕੇ । ਗੱਲਾਂ-ਗੱਲਾਂ ‘ ਚ ।
ਪੱਮੀ ਮਾਸਟਰ ਨਾਲ ਘੁੰਮਦਿਟਾਂ –ਵਿਚਰਦਿਆਂ ਤਾਂ ਗਾਮੀ ਨੇ ਇਸ ਰਗ ਨੂੰ ਭਰਨੋਂ-ਫਿਸਣੋਂ ਕਾਫੀ ਸਾਰਾ ਰੋਕੀ ਰੱਖਿਆ ਸੀ । ਮੁਨਸ਼ੀਗੀਰੀ ਦੇ ਟੌਰ੍ਹ-ਟੱਪੇ ਨੇ ਵੀ ਇਸ ਦੇ ਫੁਰਕਣ-ਫੱਟਕਣ ਦਾ ਕਦੀ ਚੇਤਾ ਨਹੀਂ ਸੀ ਆਉਣ ਦਿੱਤਾ । ਪਰ, ਉਸਦੀ ਵਜ੍ਹਾ-ਕਤਾ ਵਾਲੇ ਬੰਦੇ ਨੇ ਉਸਦੀ ਉਦੋਂ ਤੱਕ ਦੀ ਰੱਖ-ਸੰਭਾਲ ਕਾਫੀ ਸਾਰੀ ਖਿੰਡ ਬਿਖੇਰ ਦਿੱਤੀ । …ਉਸਦੇ ਭਲੇ-ਚੰਗੇ ਚਲਦੇ-ਫਿਰਦੇ ਅੰਗ ਪੈਰ ਮੁੜ ਤੋਂ ਅਚੋਆਈ ਜਿਹੀ,ਤੋੜਾ-ਖੋਹੀ ਜਿਹੀ ਦੀ ਗ੍ਰਿਫ਼ਤ ਅੰਦਰ ਕੱਸੇ ਗਏ ।
‘…ਅਜੇ ਵੀ ਡੁੱਲ੍ਹੇ ਬੇਰਾਂ ਦਾ…..,’ਬੱਸ ਐਨੀ ਕੁ ਗੱਲ ਗਾਮੀ ਦੇ ਮੱਥੇ ‘ਚ ਖੁਣ ਕੇ, ਉਸਨੇ ਉਵੇਂ ਦੀ ਉਵੇਂ ਬਾਤ-ਵਾਰਤਾ ਸਰਪੰਚ ਨੂੰ ਜਾ ਦੱਸੀ ।
ਅਗਲੇ ਹੀ ਦਿਨ ਸਰਪੰਚ ਗਾਮੀ ਕੋਲ ਪਹੁੰਚ ਗਿਆ ਸੀ ,ਹਨੇਰੇ ਪਏ । ਮਾਣ –ਮੱਤਾ ।
ਗਾਮੀ ਜਾਣ ਈ ਲੱਗਾ ਸੀ ਘਰ ਨੂੰ । ਚਾਬੀ ਲਾਉਣ ਈ ਲੱਗਾ ਸੀ ਬਾਹਰਲੇ ਜਿੰਦਰੇ ਨੂੰ । ਸਰਪੰਚ ਦਾ ਖੰਗੂਰਾ ਸੁਣ ਕੇ ਥਾਏਂ ਜੰਮ ਗਿਆ । ਉਸ ਅੰਦਰਲੀ ਧੜਕਣ , ਇਕ ਵਾਰ ਤਾਂ ਪੂਰੇ ਜ਼ੋਰ ਦੀ ਬੜਕ ਕੇ ਜਿਵੇਂ ਰੁਕਣ ਕੰਢੇ ਪਹੁੰਚ ਗਈ ਸੀ ।
“ ਕਿਉ ਡਰ ਗਿਆ…।“ ਸਰਪੰਚ ਨੂੰ ਹੂੰ-ਹਾਂ ਕਹਿਣ ਦੀ ਹਿੰਮਤ ਵੀ ਗਾਮੀ ਅੰਦਰ ਘੜੀ ਪਲ ਅਟਕ ਕੇ ਪੈਦਾ ਹੋਈ ਸੀ ,ਉਸਦਾ ਭਾਰਾ ਮੁਲਾਇਮ ਹੱਥ ਮੋਢੇ ‘ਤੇ ਟਿਕਿਆ ਦੇਖ ਕੇ ।
“…ਆਹ ਲੈ ਫੜ੍ਹ, ਸਾਂਭ । ਰਾਖ ਕਰੂ ਤੇਰੀ । ਤੈਨੂੰ ਤਾਂ ਫਿਕਰ ਨਈਂ ਅਪਣੀ, ਮੈਨੂੰ ਤਾਂ ਹੈਅ ਨਾ । “ ਕੱਲਾ-ਕੈਰ੍ਹਾਂ ਹੁੰਨਾ ਤੂੰ ਭੱਠੇ ‘ਤੇ । ਨ੍ਹੇਰੇ-ਸਵੇਰੇ ਆਉਣਾ-ਜਾਣ ਹੁੰਦਾਅ ਪਿੰਡ ਨੂੰ । ਹੋਰ ਨਾ ਜਾਹ ਜਾਂਦੀ ਏ….। ਊਂ ਵੀ ਤੇਰੇ ਆਹ ਬਾਊ ਕੰਜਰ ਦੀ ਬੋਲ-ਬਾਣੀ…..,” ਬੰਦ ਭਿੱਤਾਂ ਨਾਲ ਢੋਅ ਲਾਈ ਖੜੇ ਸਰਪੰਚ ਨੇ ਉਸਨੂੰ ਕਈ ਸਾਰੀਆਂ ਗੱਲਾਂ ਹੋਰ ਵੀ ਕਹੀਆਂ । ਕਈ ਸਾਰੀਆਂ ਹਦਾਇਤਾਂ ਹੋਰ ਵੀ ਦਿੱਤੀਆਂ ।ਉਹ ਜਿਵੇਂ ਉਸਨੂੰ ਸੁਣੀਆਂ ਈ ਨਾ ਹੋਣ । ਉਸਦੀ ਸੁਰਤ-ਬਿਰਤੀ ਤਾਂ ਕਿਧਰੇ ਹੋਰ ਈ ਪਾਸੇ ਜੁੜੀ ਰਹੀ ਸੀ –ਅੱਧੀ ਕੁ ਸ਼ਾਮ ਬਾਬੂ ਦੀ ਬੋਲ ਬਾਣੀ ਨਾਲ਼, ਭੱਠਾ ਲੇਬਰ ਨਾਲ ਉਸਦੇ ਵਰਤੋਂ-ਵਿਹਾਰ ਨਾਲ਼। ਜਿਸ ਵਿਚ ਗਾਮੀ ਆਪਣੇ ਆਪ ਨੂੰ ਵੀ ਸ਼ਾਮਲ ਸਮਝਦਾ ਸੀ । ਤੇ ਅੱਧੀ ਕੁ ਸਰਪੰਚ ਦੇ ਬਦਲੇ ਵਤੀਰੇ ਨਾਲ਼ ।….ਸਰਪੰਚ ਨੇ ਇਸ ਵਾਰ ਸ਼ਾਮ ਬਾਬੂ ਨੂੰ ਤਾਂ ਸਿਰ ਘਸਿਆ ਕਹਿਣ ਤੋਂ ਵੀ ਤਿੱਖੀ ‘ਕੰਜਰ ’ ਹੋਣ ਤਕ ਦੀ ਤੋਹਮਤ ਲਾਈ , ਪਰ ਗਾਮੀ ਨੂੰ ਉਸਦੀ ਸ਼ਕਲ-ਸੂਰਤ ਦਾ ਕੋਈ ਉਲ੍ਹਾਮਾ ਨਹੀਂ ਸੀ ਦਿੱਤਾ । ਗਾਮੀਂ ਦੇ ਰੱਖ-ਬਚਾ ਦੀ ਸਾਰੀ ਚਿੰਤਾ ਵੀ ਸਰਪੰਚ ਨੇ ਆਪਣੀ ਨਿੱਜੀ ਫਿਕਰਮੰਦੀ ‘ਚ ਸ਼ਾਮਲ ਕਰ ਲਾਈ ਸੀ , ਇਸ ਵਾਰ ।
ਉਸਦੀਆਂ ਧਮਕੀਆਂ ਡਰਾਉਂਣੀਆਂ ਹੁਣ ਤੱਕ, ਭਾਵੇਂ ਨਾ ਤਾਂ ਗਾਮੀ ਉੱਪਰ ਹੀ ਸਿੱਧੀਆ ਡਿੱਗੀਆਂ ਸਨ, ਨਾ ਹੀ ਸ਼ਾਮ ਬਾਬੂ ਉੱਤੇ ।ਤਾਂ ਵੀ ਉਸਦੇ ਰੁੱਖੇ-ਹਾਕਮੀਂ ਪੈਂਤੜੇ ਤੋਂ ਗਾਮੀ ਕਦੇ ਅਵੇਸਲਾ ਨਹੀਂ ਸੀ ਹੋਇਆ ।
ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ ਤੋਂ ਕਿੰਨਾ ਸਾਰਾ ਹਟ ਕੇ ਪੱਮੀ ਮਾਸਟਰ ਲਾਗੇ , ਉਸਦੀ ਬੰਬੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ ,ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ , ਥੋੜ੍ਹਾ ਕੁ ਹੋਰ ਹੋ ਚੁੱਕਿਆ ਹੈ ।
ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ ਤੋਂ ਕਿੰਨਾ ਸਾਰਾ ਹਟ ਕੇ ਪੱਮੀ ਮਾਸਟਰ ਲਾਗੇ , ਉਸਦੀ ਬੰਸੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ , ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ, ਥੋੜ੍ਹਾ ਕੁ ਹੋਰ ਨੇੜੇ ਹੋ ਚੁੱਕਿਆ ਹੈ ।
ਇਸ ਅੜਾਉਣੀ ‘ਚ ਘਿਰਿਆ , ਉਹ ਥੋੜ੍ਹਾ ਕੁ ਚਿਰ ਹੋਰ ਉਵੇਂ ਦਾ ਉਵੇਂ ਖੜਾ ਰਿਹਾ , ਚੁੱਪ-ਚਾਪ ।
“ ….ਕਿੱਥੇ ਗੁਆਚ ਗਿਐਂ ? “ ਸਰਪੰਚ ਨੇ ਉਸਦਾ ਲਮਕਦਾ ਹੱਥ, ਉਚੇਚ ਨਾਲ ਉੱਪਰ ਚੱਕ ਕੇ , ਅਖ਼ਬਾਰੀ ਕਾਗ਼ਜ਼ ‘ਚ ਲਿਪਟੀ ਕਰੜੀ ਜਿਹੀ ਸ਼ੈਅ-ਵਸਤ ਬੜੇ ਸਹਿਜ ਨਾਲ਼ ਉਸਦੀ ਸੱਜੀ ਤਲੀ ‘ਤੇ ਟਿੱਕਦੀ ਕਰ ਦਿੱਤੀ ।
ਆਪਣੀ ਹੀ ਗੁੰਮ-ਗੁਆਚ ਤੋਂ ਬਾਹਰ ਆਏ ਗਾਮੀ ਨੂੰ ਸਰਪੰਚ ਦੀ ਇਕ ਕਿਰਿਆ ਨੇ ਸਹਿਜ ਸੀ ਜਾਂ ਬੇਚੈਨ , ਇਸਦੀ ਉਸਨੂੰ ਘੜੀ ਪਲ ਤਾਂ ਸਮਝ ਨਾ ਲੱਗੀ…..ਪਰ ਅਗਲੇ ਹੀ ਛਿਣ ਨਾਜਾਇਜ਼ ਹਥਿਆਰ ਰੱਖਣ ਦਾ ਭੈਅ ਉਸਨੂੰ ਅੰਗ-ਅੰਗ ਤੇ ਪਸਰ ਗਿਆ । ਉਸਦਾ ਜੀਅ ਕੀਤਾ ਕਿ ਸਰਪੰਚ ਤੋਂ ਲਿਆ ਪੁਰਜਾ ਝੱਟ ਉਸਨੂੰ ਵਾਪਸ ਫੜਾ ਕੇ ਝੱਟ ਉਹ ਬਾਹੋਂ ਖਿਸਕਣਾ ਬਣੇ । ਪਰ , ਉਹ ਇੰਝ ਕਰ ਨਹੀਂ ਸੀ ਸਕਿਆ ।
ਸਰਪੰਚ ਨੂੰ ਨਾਂਹ-ਨੁੱਕਰ ਕਰਨ ਦੀ ਹਿੰਮਤ ਹੀ ਨਹੀਂ ਸੀ ਹੋਈ ਗਾਮੀ ਦੀ ।
ਇਹ ਗੱਲ ਨਹੀਂ ਕਿ ਗਾਮੀ ਅਸਲੋਂ ਈ ਹਥਿਆਰ ਸੁੱਟ ਬੈਠਾ ਸੀ , ਸਰਪੰਚ ਅੱਗੇ ।…ਜੇ ਉਹ ਚਾਹੁੰਦਾ ਤਾ ਕਿਧਰੇ ਵੀ ਲੁਕ-ਛਿਪ ਸਕਦਾ ਸੀ ਰਤਾ ਕੁ ਝੁੱਕੀ ਦੇ ਕੇ ।ਘਾਟ ਅੰਦਰ, ਚੱਕਿਆਂ ਉਹਲੇ ਜਾਂ ਐਧਰ ਉਧਰ ਛੰਨਾਂ-ਛੱਪਰਾਂ ਪਿੱਛੇ , ਜਿਵੇਂ ਉਹ ਕਦੇ ਕਦਾਈਂ ਕਰ ਲਿਆ ਕਰਦਾ ਸੀ , ਦਿਨੇ ਕਿਸੇ ਓਪਰੇ ਪਰਾਏ ਦੇ ‘ਆ ’ ਜਾਣ ‘ਤੇ ।ਏਥੇ…ਨਾ ਤਾਂ ਸਰਪੰਚ ਉਸ ਲਈ ਓਪਰਾ ਸੀ ,ਨਾ ਉਹ ਸਰਪੰਚ ਲਈ ।ਉਲਟਾ ਪੱਕੀ-ਪੀਡੀ ਸਾਂਝ ਸੀ ਦੋਨਾਂ ਵਿਚਕਾਰ । ਦੋਨੋਂ ਇਕ ਦੂਜੇ ਦੇ ਯਾਰ-ਮਿੱਤਰ ਸਨ, ਸੰਘਣੇ ਗੂੜ੍ਹੇ ।….ਗਾਮੀ ਨੂੰ ਹੁਣ ਤਕ ਬਚਾ ਕੇ ਰੱਖਿਆ ਸੀ ਸਰਪੰਚ ਨੇ, ਬਾਵੇ ਹੋਰਾਂ ਦੇ ਐਕਸ਼ਨ ਤੋਂ ।ਤੇ ਸਰਪੰਚ …ਸਰਪੰਚ ਦੀ ਕੋਈ ਵੀ ‘ਥਹੁ-ਪਤਾ’ ਨਹੀਂ ਸੀ ਦੱਸਿਆ ਗਾਮੀ ਨੇ ਸ਼ਾਮ ਬਾਬੂ ਨੂੰ । ਭੱਠਾ ਮਾਲਕ ਨੂੰ । ਜਿਸ ਦਾ ਉਹ ਨੌਕਰ ਈ ਨਹੀ ਰਾਖਾ ਸੀ ਪੂਰਾ । ਨਹੀਂ ਤਾਂ ਕੌਣ ਕਿਸੇ ਦੀ ਆਈ ‘ਤੇ ਆਪ ਅੱਗ ਮੂਹਰੇ ਹੁੰਦਾ ।
ਗਾਮੀ ਨੇ ਸ਼ਾਮ ਬਾਬੂ ਦੀ ਇਕ ਨਈ, ਤਿੰਨ-ਚਾਰ ਵਾਰ ਰੱਖਿਆ ਕੀਤੀ ਸੀ , ਬਾਵੇ ਹੋਣਾਂ ਦੇ ਧੱਕੇ ਹਮਲੇ ਤੋਂ ।
ਉਂਝ ਤਾਂ ਮਹੀਨਾ ਭਰਨ ਦੀ ਸੰਧੀ ਦੀ ਮੁੱਖ-ਧਾਰਾ ਅਨੁਸਾਰ ,ਸ਼ਾਮ ਬਾਬੂ ਆਪਣੇ ਸਾਰੇ ਭੱਠਿਆਂ ਤੇ ਰਾਤ-ਦਿਨ ਘੁੰਮ ਫਿਰ ਸਕਦਾ ਸੀ ,ਬੇ-ਖੌਫ਼ ।ਬਿਨਾਂ ਡਰ-ਭੈਅ ਦੇ । ਪਰ ਸ਼ਾਮ ਬਾਬੂ ਨੇ ਕਦੀ ਵੀ ਖ਼ਤਰਾ ਮੁੱਲ ਨਹੀਂ ਸੀ ਲਿਆ, ਉਹ ਤਾਂ ਬੱਸ ਦਿਨ ਖੜੇ ਹੀ ਸ਼ਹਿਰ ਜਾ ਲੁਕਦਾ । ਆਪਣੇ ‘ਕਿਲੇ ’ ‘ਚ । ਲੌਢੇ ਕੁ ਵੇਲੇ ਤਕ ਹੋਈ ਵੇਚ-ਵਟਕ ਇਕੱਠੀ ਕਰਕੇ । ….ਉਸ ਦਿਨ ਉੱਪਰੋਂ ਸ਼ੇਰਗੜ੍ਹੋਂ ਮੁੜਦਿਆਂ ਉਸਦੀ ਗੱਡੀ ਸਕਰਾਲਾ ਚੋਅ ‘ਚ ਫਸ ਗਈ ।
ਸਹਿਵਨ !
ਜਾਂ ਸ਼ਾਮ ਬਾਬੂਦੀ ਅਣਗਹਿਲੀ ਕਾਰਨ ।
ਲੀਹ ਪਾਟਣ ਨਾਲ਼ ।
ਗਿੱਟੇ ਗਿੱਟੇ ਵਗਦੇ ਪਾਣੀ ਹੇਠਲੀ ਮੋਟੀ ਰੇਤ, ਜਿਵੇਂ ਉਸਦ ਬੁਲਟ-ਪਰੂਫ਼ ਵੈਨ ਨੂੰ ਫੜ ਕੇ ਬੈਠ ਗਈ ।
ਕਾਫੀ ਸਾਰੇ ਜ਼ੋਰ-ਧੱਕੇ ਪਿੱਛੋਂ ਕਿਧਰੇ ਉਸਦੀ ਜਾਨ-ਖ਼ਲਾਸੀ ਹੋਈ ।
ਉਹ ਵੀ ਰਾਹਗੀਰਾਂ ਦੀ ਸਾਹਇਤਾ ਸਦਕਾ ।
ਦਿਨ ਛਿਪਦੇ ਕਰਦੇ ।
ਸਾਹੋ ਸਾਹ ਹੋਇਆ ਬਾਬੂ ਅਜੇ ਪਹੁੰਚਿਆ ਈ ਸੀ , ਬੁੱਢੀ ਪਿੰਡ , ਨੀਵ਼ ਪਾਈ ਬੈਠੇ , ਵੇਚ-ਵਟਕ ਗਿਣਦੇ ਗਾਮੀਂ ਕੋਲ ਖੜਾ ਈ ਹੋਇਆ ਸੀ ਆ ਕੇ ਕਿ ਪਤਾ ਨਈਂ ਕਿਧਰੋਂ ਬਾਵਾ ਉਸਦੇ ਮਗਰੇ ਈ ਆ ਧਮਕਿਆ ,ਦਫ਼ਤਰ । ਪਿੱਠ ਉਹਲੇ ਲਟਕਦੀ ਅਸਾਲਟ ਨਾ ਉਹਨੇ ਮੋਢਿਉਂ ਲਾਹੀ, ਨਾ ਕਿਸੇ ਵੱਲ ਨੂੰ ਤਾਣੀ । ਬੱਸ ਅੜਵੈਂਗ ਜਿਹੇ ਢੰਗ ਨਾਲ਼, ਸੱਜਾ ਹੱਥ ਅੱਗੇ ਨੂੰ ਵਧਾ ਕੇ ਰੁੱਖੇ ਜਿਹੇ ਬੋਲ ਬੋਲੇ – “ ਹਾਅ ਚਾਬੀ ਦੇ ਓ ਬਾਊ , ਗੱਡੀ ਚਾਹੀਦੀ ਆ …ਤੂੰ ਵੀ ਫੜਾ ਹਾਅ ਪੈਹਾ-ਧੇਲਾ , ਸਾਲਿਆ ਟੁੱਕੜ-ਬੋਚਾ ….।“
ਸ਼ਾਮ ਬਾਬੂ ਨੇ ਤਾਂ ਕੰਬਦੇ ਹੱਥਾਂ ਨਾਲ਼ ਚਾਬੀ,ਉਸੇ ਵੇਲੇ, ਉਸ ਵੱਲ ਸਰਕਦੀ ਕਰ ਦਿੱਤੀ , ਪਰ ਗਾਮੀ ਨੇ ਦਰਾਜ਼ ‘ਚ ਖਿੱਲਰੇ ਨੋਟਾਂ ਦੀ ਥੱਦੀ ਫੜਾਉਂਦਿਆਂ ਹੱਥ ਥੋੜਾ ਟਿਕਵਾਂ ਰੱਖਿਆ ।
ਗਾਮੀ ਨੇ ਹੁਣ ਤਕ ਕਈ ਤਰ੍ਹਾਂ ਦੇ ਟੋਣੇ-ਟਕੋਰਾਂ ਝੇੱਲੇ ਸਹਾਰੇ ਸਨ । ਦਿਹਾੜੀ-ਕੁੱਟ , ਬੇ-ਜ਼ਮੀਨਾ,ਕੰਮੀ-ਕਾਮਾ ਹੋਣ ਤੱਕ ਦੇ ਬੋਲ-ਕਬੋਲ ਬਰਦਾਸ਼ਤ ਕੀਤੇ ਸਨ, ਥਾਂ ਪੁਰ ਥਾਂ ਮਿਹਨਤ-ਮਜ਼ਦੂਰੀ ,ਕਰਦੇ ਮਾਂ-ਪਿਓ ਨਾਲ ਤੁਰਦਿਆਂ ਵਿਚਰਦਿਆਂ । ਪਰ, ਹੁਣ ਤਕ ਉਸ ਨੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ।ਕਿਸੇ ਪਾਸੋਂ ਤਰਸ ਦੀ ,ਦਾਨ-ਰਹਿਮਤ ਦੀ ਮੰਗ ਨਹੀਂ ਸੀ ਕੀਤੀ । ਨਾ ਸਕੂਲ ਕਾਲਜ ਦੀ ਪੜ੍ਹਾਈ ਪੜ੍ਹਦਿਆਂ,ਨਾ ਹੀ ਉਸ ਤੋਂ ਪਿੱਛੋਂ ਕਦੀ ਫਾਕਾ- ਮਸਤੀ ਵਰਗੀ ਦਿਨ-ਕਟੀ ਕਰ ਦਿਆਂ ਕਈ ਵਰ੍ਹੇ ।
ਪੱਮੀ ਮਾਸਟਰ ਦੀ ਬੰਬੀ ‘ਤੇ ਘੜੇ-ਉਲੀਕੇ ਲਕਸ਼-ਉਦੇਸ਼ ਵੀ ਉਸ ਨੂੰ ਕਿੰਨਾ ਈ ਚਿਰ ਕਿਧਰੇ ਦਿਖਾਈ ਨਾ ਦਿੱਤੇ ।
ਜੇ ਉਹ ਚਾਹੁੰਦਾ ਤਾਂ ਉਹ ਵੀ ਤੋਚੀ ਵਾਂਗ ਕਦੋਂ ਦਾ ਚਰਨੀਂ ਲੱਗਾ ਹੋਣਾ ਸੀ ਸਰਪੰਚ ਦੇ । ਉਹ ਵੀ ਕੜਾ-ਕਮਾਂਡਰ ਬਣਿਆ ਹੋਣਾ ਸੀ ਹੁਣ ਨੂੰ ,ਬਾਵੇ ਨਾਲੋਂ ਵੀ ਲੰਮੇ ਚੌੜੇ ਏਰੀਏ ਦਾ ।
ਆਲੂ-ਸਟੋਰਾ ,ਦਾਣਾ –ਮੰਡੀਆਂ ਦਾ ਧੂੜ-ਘੱਟਾ ਫੱਕਦੇ ਉਸਦੇ ਮਾਂ –ਬਾਪ ਕਦੋਂ ਦੇ ਇੱਜ਼ਤਦਾਰ ਮਾਲਿਕ ਬਣੇ ਹੋਣੇ ਸਨ,ਟਰੈਕਟਰਾਂ-ਬੰਬੀਆਂ ਦੇ ।
‘…ਅਜੇ ਵੀ ਡੁੱਲ੍ਹੇ ਬੇਰਾਂ ਦਾ ……।‘
ਬੱਸ ਐਨਾ ਕੁ ਨੁਕਤਾ , ਗਾਮੀਂ ਦੇ ਤਨ-ਬਦਨ ਅੰਦਰ ਸੁੱਟਦਾ ਕਰਨ ਵਿਚ ਸਰਪੰਚ ਆਖਿਰ ਕਾਮਯਾਬ ਹੋ ਹੀ ਗਿਆ , ਗਾਮੀ ਦੀ ਵਜਾ-ਕਤਾ ਵਰਗੇ ਬੰਦੇ ਦੀ ਵਿਚੋਲਗੀਰੀ ਰਾਹੀ ।
ਸਰਪੰਚ ਤੋਂ ਲਿਆ –ਫੜਿਆ ਮਾਊਜ਼ਰ ਉਸ ਨੇ ਬੜੀ ਇਤਿਆਦ ਨਾਲ਼ ਸਾਂਭਦਾ ਕਰ ਲਿਆ ਸੀ ,ਡੱਬ ‘ ਚ ਰੱਖ ਕੇ ਲੁਕਦਾ ਕਰਕੇ । ਉਸੇ ਦਿਨ ਤੋਂ ।
ਫਿਰ….ਫਿਰ ਪਤਾ ਨਈਂ…ਕੱਲ੍ਹ ਦੇ ਛੋਕਰੇ ਬਾਵੇ ਦੇ ਆਖੇ ਟੁਕੜ ਬੋਚ ਹੋਣ ਦੇ ਬੋਲ-ਕਬੋਲ ਉਸਨੂੰ ਦੂਰ ਅੰਦਰ ਤਕ ਪੁੱਛਦਾ ਕਰ ਗਏ ਜਾਂ ਉਸਦੀ ਵਜਾ-ਕਤਾ ਵਰਗੇ ਬੰਦੇ ਦੀ ਚੇਤੇ ਕਰਵਾਈ ਬੇ-ਜ਼ਮੀਨਾ ਹੋਣ ਦੀ ਨਮੋਸ਼ੀ , ਉਸਦੇ ਡੱਬ ਅੰਦਰਲੇ ਹਥਿਆਰ ਨਾਲ਼ ਜ਼ਰਬ ਖਾ ਗਈ ? ਦੋਨੋਂ ਚੀਜ਼ਾਂ ਸੰਭਾਲ ਬਾਵਾ ਦਫ਼ਤਰੋਂ ਬਾਹਰ ਹੋਣ ਈ ਲੱਗਾ ਸੀ ਕਿ ਗਾਮੀਂ ਦੇ ਅੰਗਾਂ-ਪੈਰਾਂ ‘ਚ ਅਸਮਾਨੀ ਬਿਜਲੀ ਵਰਗੀ ਤੇਜ਼ੀ ਚਮਕ ਉੱਠੀ ।
ਖੱਬੀ ਵੱਖੀ ਨਾਲ ਘੁੱਟ ਹੋਇਆ ਮਾਊਜ਼ਰ ਅੱਖ-ਫ਼ਰੋਕ ਅੰਦਰ , ਉਸਦੀ ਮੁੱਠ ‘ਚ ਆ ਕੇ ਬਾਵੇ ‘ਤੇ ਟੁੱਟ ਪਿਆ।
ਬੜੇ ਹਿਰਖ਼ ਨਾਲ਼ ।
ਘੜੀ ਪਲ ਤਾਂ ਗਾਮੀ ਨੂੰ ਆਪਣੇ ਬੇ-ਕਾਬੂ ਹੋਏ ਆਪੇ ਦੀ ਬਿਲਕੁਲ ਸੋਝੀ ਨਾ ਰਹੀ ।…..ਉਸ ਨੂੰ ਪਤਾ ਤੱਕ ਨਾ ਲੱਗਾ ਕਿ ਉਸਨੇ ਇਹ ਐਕਸ਼ਨ ਕੀਤਾ ਕਿਸ ਲਈ ਐ –ਬਾਵੇ ਦੀ ਕੱਢੀ ‘ਗਾਲ੍ਹ ’ਦਾ ਉੱਤਰ ਦੇਣ ਲਈ ਜਾਂ ਆਪਣੀ ਜਾਤੀ –ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਹੋ ਕੇ ।
ਉਹ ਆਪਣੀ ਜਾਤੀ-ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਪਹਿਲੋਂ ਤਾਂ ਕਦੀ ਨਹੀਂ ਸੀ ਹੋਇਆ ।ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀਂ ਸੀ ਕੀਤਾ । ਉਸਨੂੰ ਜਾਂ ਉਸਦੇ ਸਹਾਇਕ ਮੁਨਸ਼ੀ ਨੂੰ । ਚੌਕੀਦਾਰਾਂ,ਡਰਾਇਵਰਾਂ ਨੂੰ ਹੂਰਾ-ਮੁੱਕੀ ਕਰਨਾ, ਠੁੱਡੇ ਮਾਰਨਾ ਤਾ ਆਮ ਜਿਹਾ ‘ਸ਼ੁਗਲ ’ ਸੀ ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾ ਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀ ਸੀ ਕੀਤਾ ।ਉਸਨੂੰ ਜਾਂ ਉਸਦੇ ਸਾਹਇਕ ਮੁਨਸ਼ੀ ਨੂੰ । ਚੌਕੀਦਾਰਾਂ, ਡਰਾਈਵਰਾਂ ਨੂੰ ਹੂਰਾ-ਮੁੱਕੀ ਕਰਨਾ,ਠੁੱਡੇ ਮਾਰਨਾ ਤਾਂ ਆਮ ਜਿਹਾ ‘ਸ਼ੁਗਲ ’ ਸੀ ਸ਼ਾਮੀ ਬਾਬੂ ਦਾ । ਕਦੀ ਦਫ਼ਤਰ ਬੁਲਾ ਕੇ, ਕਦੀ ਭੱਠੇ ਦੀ ਹੱਦ-ਹਦੂਦ ਅੰਦਰ ।ਕਿਸੇ ਵੀ ਨਿੱਕੀ-ਮੋਟੀ ਅਣਗਹਿਲੀ ਕਾਰਨ ।
ਜਾਂ ਐਵੇ ਈ ਆਪਣੀ ਬਾਬੂਗੀਰੀ ਦੱਸਣ ਲਈ ।
ਪਥੇਰਿਆਂ ਚੁਣਾਵਿਆਂ ਨਾਲ ਵੀ ਉਸਨੇ ਕਦੀ ਘੱਟ ਨਹੀਂ ਸੀ ਗੁਜ਼ਾਰੀ । ਗਾਮੀਂ ਸਾਹਮਣੇ । ਉਸਦੀ ਮੁਨਸ਼ੀਗੀਰੀ ਵਾਲੇ ਭੱਠੇ ‘ਤੇ ।
ਫਿਰ ਹੋਰ ਵੀ ਬਾਰਾਂ ਭੱਠੇ ਸਨ, ਉਸਦੀ ਮਾਲਕੀ ਹੇਠ ।ਹੋਰ ਵੀ ਡਰਾਇਵਰ, ਚੌਕੀਦਾਰ , ਮੁਨਸ਼ੀ, ਸਹਾਇਕ-ਮੁਨਸ਼ੀ ਸਨ ਕਈ ਸਾਰੇ । ਉਹਨਾਂ ‘ਚੋਂ ਕਿਸੇ ਨੇ ਕਦੀ ਚੂੰ ਤੱਕ ਨਹੀਂ ਸੀ ਕੀਤੀ ਮਾਲਿਕ ਬਾਬੂ ਅੱਗੇ ।ਉਹ ਤਾਂ ਬੱਸ ਦਿਨਾਂ-ਵਿਹਾਰਾਂ ਛੇ ਮਿਲਦੇ ਰਾਮਪੁਨਿਆਂ ਨਾਲ ਹੀ ਵਰਚੇ ਰਹਿੰਦੇ ਸਨ। ਦਿਨ-ਵਿਹਾਰ ਵੀ ਕਿਹੜਾ ਥੋੜੇ ‘ਮੰਨਦਾ ’ ਸੀ ਸ਼ਾਮ ਬਾਬੂ – ਲੋਹੜੀ , ਵਿਸਾਖੀ , ਦੁਸਹਿਰਾ , ਦੀਵਾਲੀ । ਤੇ ਸਭ ਤੋਂ ਵੱਡਾ ਉਸਦੇ ਪੁਰਖਿਆਂ ਦਾ ਸ਼ਰਾਧ ।
ਉਹ ਦਿਨ ਤਾਂ ਜਾਣੋਂ ਪੂਰਾ ਬ੍ਰਹਮ-ਯੋਗ ਹੋ ਨਿੱਬੜਦਾ ਸਾਰੇ ਭੱਠਿਆਂ ਦੀ ਸਾਰੇ ਲੇਬਰ ਲਈ । ਕੜਾਹ-ਪੂਰੀ ,ਦਾਲ-ਭਾਜੀ, ਚੌਲ-ਭਾਤ; ਸ਼ਹਿਰ ਉਸਦੇ ਬੰਗਲੇ ਪਹੁੰਚ ਕੇ । ਤੇ ਦਾਰੂ-ਪਾਣੀ, ਭੰਗ-ਭੁੱਕੀ ਆਪਣੇ ਆਪਣੇ ਟਿਕਾਣੇ ਗਿਆਂ ਨੂੰ । ਢੋਲਕੀਆਂ ,ਛੈਣੇ , ਚੁੰਮਦੇ , ਘੁੰਗਰੂ ਹਰ ਵਾਰ ਨਵੇਂ । ਇਸਤਰੀਆਂ ਲਈ ਧੋਤੀਆਂ , ਬਾਕੀ ਸਭ ਲਈ ਰਾਮ-ਪਰਨੇ । ਨਿੱਕੇ ਤੋਂ ਲੈ ਕੇ ਵੱਡੇ ਤਕ । ਕੁਸ਼ਟ-ਆਸ਼ਰਮ ਭੇਜੇ ਜਾਂਦੇ ਪਰਨਿਆਂ ਨਾਲੋਂ ਵਧੀਆ । ਦੁਨੀਆਦਾਰ ਹੋਣ ਕਰਕੇ । ਨਹੀ ਸੀ ਦਿੱਤੀ । ਉਹ ਵੀ ਮੰਦਰੀਂ-ਤੀਰਥੀਂ ਪਹੁੰਚ ਕੇ । ਹਰ ਇਕ ਦੇਵੀ-ਮਾਂ ਲਈ ਇਕ ਟਰੱਕ ਪੱਕਾ ।ਨਕਦੀ-ਲੰਗਰ ਤੋਂ ਇਲਾਵਾ ।
“…..ਇੱਤਾ ਘਨਾ ਦਾਨ-ਪੁੰਨ ਈ ਬਾਬੂ ਮਾਲਿਕ ਕੋ ਬਚਾਏ ਰੱਖਵੇ….ਨਾਹੀਂ ਹਮਾਰ ਲੋਗਨ ਕੀ ਰੋਜ਼-ਰੋਜ਼ ਕੀ ਬਦ-ਦੁਆ ਈ ਸੁਸਰੇ ਕੋ ਇਕਾਈ ਦਿਨ ਮਾਂ ਭਸਮ ਕਰ ਛੋੜੇ…।“
“ ਨਾਹੀਂ ਭਈਆ ਨਾਹੀਂ, ਹਮ ਲੋਗਨ ਅਪਨ ਕੈ ਧਰਮ-ਬੰਧੂ ਕੋ ਬਦ-ਦੁਆ ਬੋਲਤ ਹੀ ਕੈਸੋ ਸਕਤ ਹੋ…ਦੇਵੀ ਮਾਂ ਸਰਾਪ ਦੇਵਤ ਹੋ ਸਰਾਪ….।“ ਨਾਚ-ਗਾਣੇ ਦੀ ਮਸਤੀ ‘ਚ ਡੁੱਬੇ ,ਜੇ ਕਿਸੇ ਬਿਰਧ-ਅੱਧਖੜ ਦਾ ਹਓਕਾ ਸ਼ਾਮ ਬਾਬੂ ਦੇ ਜ਼ੁਲਮ –ਧੱਕੇ ਦਾ ਚੇਤਾ ਕਰਾਉਂਦਾ ਵੀ , ਤਾਂ ਲਾਗਿਓਂ ਕੋਈ ਦੂਜਾ ਜਣਾ ਝੱਟ ਉਸਨੂੰ ਰੋਕ-ਟੋਕ ਦਿੰਦਾ । ਉਸੇ ਵੇਲੇ ਭੁੱਲ-ਭੁਲਾ ਜਾਣ ਲਈ । ਬੀਤੇ ਵਰ੍ਹੇ ਦੇ ਬਾਕੀ ਦਿਨਾਂ ਵਾਂਗ । ਕਰੀਬ-ਕਰੀਬ ਗਾਮੀਂ ਦੀ ਤਰਜ਼ ਤੇ ਹੀ । ਫ਼ਰਕ ਸਿਰਫ ਏਨਾ ਸੀ ਕਿ ਉਸਦੀ ਮੁਨਸ਼ੀਗੀਰੀ ਹੇਠਲੇ ਭੱਠੇ ਦੇ ਕਿਸੇ ਵੀ ਕਹਿੰਦੇ ਨੂੰ ਪਈ ਮਾਰ ਦੀ ਖ਼ਬਰ-ਘਟਨਾ, ਗਾਮੀ ਅੰਦਰ ਘੜੀ-ਪਲ ਲਈ ਰੋਹ-ਹਿਰਖ਼ ਜ਼ਰੂਰ ਭਰ ਛੱਡਦੀ ।
ਕਈ ਵਾਰ ਉਸਦਾ ਚਿੱਤ ਵੀ ਕਰਦਾ ਕਿ ਹਰ ਕਿਸੇ ਵੱਲ ਨੂੰ ਟੀਰੀ-ਅੱਖ ਦੇਖਦੇ, ਸ਼ਾਮ ਬਾਬੂ ਦਾ ਮੂੰਹ-ਸਿਰ , ਇੱਟਾਂ-ਰੋੜੇ ਮਾਰਕੇ ਤੋੜ-ਭੰਨ ਦੇਵੇ । ਪਰ, ਉਸਤੋਂ ਅਜੇ ਤੱਕ ਅਜਿਹੀ ਹਿੰਮਤ ਹੋਈ ਕਦੇ ਨਾ ।
ਪੂਰੀ ਤਰ੍ਹਾਂ ਖਪੇ-ਤਪੇ ਤੋਂ ਵੀ ਨਹੀਂ ।
ਬਾਵੇ ਉੱਪਰ ਵਾਰ ਕਰਨ ਲੱਗੇ ਗਾਮੀ ਅੰਦਰ ਪਤਾ ਨਈਂ ਐਨੀ ਹਿੰਮਤ ਕਿੱਥੋਂ ਜਾਗ ਪਈ ।
ਇਕ-ਦਮ ।
ਅਜੇ ਪਿਛਲੇ ਦਿਨੀਂ ਸਰਪੰਚ ਤੋਂ ਲਿਆ ਮਾਊਜ਼ਰ ਉਸਨੇ ਝੱਟ ਦੇਣੀ ‘ਸਰਪੰਚ ’ਉੱਪਰ ਹੀ ਵਰ੍ਹਦਾ ਕਰ ਦਿੱਤਾ ।
ਸ਼ਾਮ ਬਾਬੂ ਦੀ ਥਾਂ ।
ਸੰਭਲਦੇ ਬਚਦੇ ਬਾਵੇ ਦੀ ਜ਼ਖਮੀ ਹੋਈ ਸੱਚੀ ਬਾਂਹ ਨਾ ਉਸਦੇ ਮੋਢਿਓਂ ਢਿਲਕੀ ਅਸਾਲਟ ਨੂੰ ਸਾਂਭਦਾ ਕਰ ਸਕੀ ,ਨਾ ਉਸਦੇ ਹੱਥ,ਮੁੱਠ ‘ਚ ਘੁੱਟੇ ਨੋਟਾਂ ਨੂੰ ।
ਬੁੱਢੀ ਪਿੰਡ ਭੱਠੇ ‘ਤੇ ਤਾਇਨਾਤ ਹੋਮਗਾਰਡ ਟੁਕੜੀ ਸਮੇਂ ਸਿਰ ਤੇ ਕਿਧਰੇ ਰੜਕੀ ਨਾ, ਉਂਝ ਲੁੱਟ-ਖੋਹ ਦੀ ਵਾਰਦਾਤ ਦੇ ਵਿਫ਼ਲ ਕਰਨ ਦਾ ਸਿਹਰਾ ਸਾਰਾ ਉਹਦੇ ਸਿਰ ਹੀ ਬੱਝਾ ।
‘ਗਾਮੀ ਦਾ ’ ਨਵਾਂ-ਨਿਕੋਰ ਮਾਊਜ਼ਰ ਵੀ ਮੁੱਠ-ਭੇੜ ਸਮੇਂ ‘ਖੋਹੇ ’ ਹਥਿਆਰਾਂ ਦੀ ਲੰਮੀ ਸੂਚੀ ‘ਚ ਸ਼ਾਮਲ ਕਰ ਕੇ ਅੱਤਵਾਦੀਆਂ ਦੇ ਪੇਟੇ ਪਾ ਲਿਆ ਗਿਆ ।
ਸ਼ਾਮ ਬਾਬੂ ਦੀ ‘ਪਹੁੰਚ ’ ਸਦਕਾ ।
ਬਿਨ ਕਿਸੇ ਡਰ-ਭੈਅ ਦੇ ਗਾਮੀ ਅਗਲੇ ਦਿਨ ਫਿਰ ਹਾਜ਼ਰ ਸੀ ,ਭੱਠਾ ਡਿਊਟੀ ‘ਤੇ ।
ਸਰਪੰਚ ਨਾਲ, ਬਾਵੇ ਨਾਲ ਸਿੱਧੀ ਦੁਸ਼ਮਣੀ ਮੁੱਲ ਲੈ ਕੇ ਵੀ ,ਉਹ ਘਰ ਨਹੀਂ ਸੀ ਬੈਠਾ ।
ਜਿਵੇਂ ਹੁਣ ਬੈਠ ਗਿਆ ਸੀ ।
ਬਿਨਾਂ ਕੁਝ ਦੱਸੇ-ਪੁੱਛੇ ਕਿਸੇ ਨੂੰ ।
ਤੋਚੀ ਨੂੰ ਵੀ ਨਹੀਂ ।
ਤੋਚੀ ਭਾਵੇਂ ਪੱਕਾ ਓਧਰ ਸੀ ਓਦੋਂ, ਪਰ ਗਾਮੀ ਨਾਲ ਪੂਰੀ ਸਾਂਝ ਉਸਦੀ ।ਪੂਰਾ ਤਾਲ-ਮੇਲ ।…..ਬਚਪਨ ਦੀ ਆੜੀ ਕਰਕੇ ਜਾਂ ਉਸਦੇ ਭੱਠਾ ਮਾਲਕ ਨਾਲ ਫਸੀ ਕੁੜਿੱਕੀ ‘ਚੋਂ ਤੋਜੀ ਨੂੰ ਕੱਢਣ ਕਰਕੇ ।
….ਪਿੰਡ ਦੀ ਚੜ੍ਹਦੀ ਬਾਹੀ ਤੋਚੀ ਹੋਰਾਂ ਕੋਲ ਚਾਰ ਹੀ ਖੇਤ ਸਨ । ਪਿਓ-ਦਾਦੇ ਦੀ ਵਿਰਾਸਤ ।
ਵਿਚਕਾਰ ਬੰਬੀ ।
ਸ਼ਾਮ ਬਾਬੂ ਨੂੰ ਪਹਿਲਾਂ ਦੋ ਖੇਤਾਂ ਦੀ ਮਿੱਟੀ ਵੇਚੀ ਉਹਨਾਂ, ਇੱਟਾਂ ਪੱਥਣ ਨੁੰ । ਸਮੇਤ ਪਾਣੀ ।
ਵੱਡੀ ਭੈਣ ਦੇ ਵਿਆਹ ਵੇਲੇ । ਫਿਰ ਅਗਲੇ ਦੋਂਹ ਦੀ , ਟਰੈਕਟਰ ਲੈਣ ਦੀ ਮਨਸ਼ਾ ਨਾਲ ।ਵਾਅਦੇ ਮੁਤਾਬਿਕ ਤਾਂ ਪਹਿਲੇ ਦੋਨੋਂ ਖੇਤ ਦੋ ਸਾਲ ਪਹਿਲਾਂ ਖਾਲੀ ਹੋਣੇ ਸਨ ਤੇ ਅਗਲੇ ਦੋਨੋਂ ਅਗਲੇ ਦੋ ਸਾਲਾਂ ਪਿੱਛੋਂ । ਪਰ, ਪੱਕੇ ਕਾਗਜ਼ਾਂ ਦੀ ਲਿਖਤ-ਪੜ੍ਹਤਾ ਨੇ ਐਹੋ ਜਿਹੇ ਅਰਥ ਕੱਢੇ, ਐਹੋ ਜਿਹਾ ਘਚੋਲਾ ਮਾਰਿਆ ਕਿ ਤੋਚੀ ਹੋਰਾਂ ਦੇ ਚਾਰੋਂ ਖੇਤ ਚਾਰ ਸਾਲ ਫਸੇ ਰਹੇ ਸ਼ਾਮ ਬਾਬੂ ਦੇ ਕਬਜ਼ੇ ਹੇਠ ।
ਚੰਗਾ ਭਲਾ ਖੇਤੀ ਕਿੱਤੇ ਲੱਗਾ ਤੋਚੀ , ਕਈ ਚਿਰ ‘ਬੇ-ਜ਼ਮੀਨਾ,ਬੇ-ਅਰਥਾ ’ ਜਿਹਾ ਬਣਿਆ ਘੁੰਮਦਾ ਰਿਹਾ ।
ਟਰੈਕਟਰ ਲੈਣ ਲਈ ਵਸੂਲੀ ਰਕਮ, ਥੋੜ੍ਹੀ ਕੁ ਚੌਕੇ-ਚੁੱਲ੍ਹੇ ਦੀ ਭੇਟਾ ਚੜ੍ਹ ਗਈ , ਬਹੁਤੀ ਸ਼ਾਮ ਬਾਬੂ ਨਾਲ਼ ਚਲਦੇ ਕਚਹਿਰੀ ਝਗੜੇ ਦੀ ।
ਹਾਰ ਕੇ ਉਸਨੇ ਆਪਣੇ ਤਨ-ਬਦਨ ਦੀ ਕੁੱਲ ਸੇਵਾ ਸਰਪੰਚ ਨੂੰ ਸੌਪ ਛੱਡੀ ।
ਸ਼ਾਮ ਬਾਬੂ ਦਾ ਫ਼ਸਤਾ ਵੱਢਣ ਦੇ ਇਰਾਦੇ ਨਾਲ ।
ਸਰਪੰਚ ਚਾਹੁੰਦਾ ਤਾਂ ਉਸਨੂੰ ਵੀ ਉਹੋ ਜਿਹਾ ਪੁਰਜ਼ਾ ਦੇ ਸਕਦਾ ਸੀ , ਜਿਹੋ ਜਿਹਾ ਗਾਮੀ ਨੂੰ ਦਿੱਤਾ ਸੀ ਕਦੇ । ਉਸਨੂੰ ਵੀ ਉਵੇਂ ਦਾ ‘ਕੰਮ ’ ਸੌਂਪ ਸਕਦਾ ਸੀ , ਜਿਵੇਂ ਦਾ ਗਾਮੀ ਨੂੰ ਸੌਂਪਿਆ ਸੀ ,ਇਕ ਵਾਰ ।
ਪਰ ਉਸਨੇ ਐਹੋ ਜਿਹਾ , ਤੱਤ-ਫ਼ੜੱਤ ਫੈਸਲਾ ਲਿਆ ਨਾ ।….ਉਹ ਤਾਂ ਹੁਣ ‘ਛੱਡ-ਛੁਡਾ ’ ਆਇਆ ਸੀ ਓਧਰਲਾ ਬੰਨਾ । ਉਹ ਤਾਂ ਕਦੋਂ ਦਾ ਅਦਲਾ -ਬਦਲਾ ਕੀਤੀ ਬੈਠਾ ਸੀ –ਰੰਗ-ਰੂਪ , ਕੱਪੜਾ-ਲੱਤਾ, ਕੁੜਤੀ –ਪੱਗੜੀ । ਹੁਣ ਤਾਂ ਸਗੋਂ ਉਹ ‘ਕੱਟੜ- ਵਿਰੋਧੀ ’ ਸੀ ਲੁੱਟਾਂ-ਖੋਹਾਂ ਕਰਨ ਵਾਲੇ ਗੈਂਰ-ਸਮਾਜੀ ਤੱਤਾਂ ਦਾ । ਦੇਸ਼-ਕੌਮ ਦਾ ਅਮਨ-ਚੈਨ ਭੰਗ ਕਰਨ ਵਾਲੇ ਆਪ-ਹੁਦਰੇ ਜੁੱਟਾਂ ਦਾ ।
ਤਾਂ ਵੀ , ਵੇਲਾ ਵਿਚਾਰ ਕੇ ਸਰਪੰਚ ਨੇ ਬੜੇ ਠਰ੍ਹੰਮੇ ਨਾਲ਼ ਤੋਚੀ ਦੀ ਔ
ਸੁਣ ਕੇ ਵਾਚੀ-ਘੋਖੀ ।
ਉਸਦੀ ‘ਹਾਂ ’ ਪ੍ਰਾਪਤ ਕਰਕੇ ਤੋਚੀ ਮਹੀਨਾ ਖੰਡ ਚੁੱਪ ਤਾਂ ਰਿਹਾ , ਪਰ ਉਸਨੂੰ ਟਿਕਾ ਜਿਹਾ ਨਾ ਆਇਆ ।
ਉਹ ਮੁੜ ਸਰਪੰਚ ਦੇ ਪੈਰੀਂ ਜਾ ਪਿਆ ।
ਅੱਗੋਂ ਸਰਪੰਚ ਵੀ ਏਹੀ ਚਾਹੁੰਦਾ ਸੀ । ਏਨਾ ਕੁ ਈ ਟੋਹਣਾ ਸੀ ਉਸਨੂੰ ‘ਆਮ ਰੱਕਰੁਟੋ ’ ਤੋਂ ‘ਖਾਸ ਸਿਪਾਹੀ ’ ਭਰਤੀ ਕਰਨ ਲੱਗਿਆ । ਏਧਰ ਤਾਂ ਸਗੋਂ ਬਹੁਤੀ ਲੋੜ ਸੀ । ਉਸਨੂੰ ‘ਧਰਮੀ ’’ਆਗਿਆਕਾਰ ’ ਤੇ ‘ਸਿਰਲੱਥ ’ਮਰਜੀਵੜਿਆਂ ਦੀ ।
ਥੋੜ੍ਹਾ ਕੁ ਨਿਰਖ-ਪਰਖ਼ ਕੇ ਉਸਨੇ ਇਕ ਦਿਨ ਤੋਚੀ ਦੀ ਕੰਡ ਪੂਰੇ ਮੋਹ ਨਾਲ਼ ਥਾਪੜੀ – “ ….ਏਹ ਕਿੱਡਾ ਕੁ ਔਖਾ ਕੰਮ ਆ , ਅੱਜ ਹੀ ਹੋਇਆ ਲੈ ! ….ਜਾਹ ਗਾਮੀ ਨੂੰ ਮਿਲ਼ ਲਾ ਜਾ ਕੇ , ਆਪਣੇ ਪਿੰਡੇ ਆਲੇ ਨੂੰ । ਆਖੀਂ ਸਰਪੰਚ ਨੇ ਭੇਜਿਆ , ਰੱਖਾ ਸੂੰਹ ਨੇ …..।“
ਸਰਪੰਚ ਮੂੰਹੋਂ ਗਾਮੀ ਦਾ ਨਾਂ ਸੁਣ ਦੇ ਤੋਚੀ ਥੋੜ੍ਹਾ ਘਾਬਰਿਆ । ਇਸ ਲਈ ਨਹੀਂ ਕਿ ਗਾਮੀ ਤੋਂ ਭੈਅ ਆਉਂਦਾ ਸੀ ਉਸਨੂੰ ,ਜਾਂ ਉਸ ਨਾਲ ਵੈਰ-ਵਿਰੋਧ ਸੀ ਕਿਸ ਕਿਸਮ ਦਾ । ਉਹ ਤਾਂ ਸਗੋਂ , ਯਾਰ-ਮਿੱਤਰ ਰਹੇ ਸਨ ਸ਼ੁਰੂ ਤੋਂ । ਭਲੀ-ਭਾਂਤ ਸਮਝਦੇ-ਸਿਆਣਦੇ ਸਨ ਇਕ ਦੂਜੇ ਨੁੰ । ਥੋੜ੍ਹਾ ਬਹੁਤ ਓਹਲਾ-ਪਰਦਾ ਰੱਖ ਕੇ ਵੀ ਕਿੰਨੀ ਸਾਰੀ ਸਾਂਝ ਸੀ ਦੋਨਾਂ ਵਿਚਕਾਰ । ਬਾਵੇ ਉੱਤੇ ਗੋਲੀ ਦਾਗ਼ਣ ਕਾਰਨ ਥੋੜ੍ਹੀ ਬਹੁਤ ਰੰਜਸ਼ ਹੋਈ ਵੀ ਤੋਚੀ ਨੂੰ , ਤਾਂ ਉਹ ਉਸਨੇ ਗਾਮੀ ਦਾ ਪਾਰਟੀ ਐਕਸ਼ਨ ਸਮਝ ਕੇ ਛੇਤੀ ਹੀ ਭੁੱਲ-ਭੁਲਾ ਛੱਡੀ । ਉਹ…..ਉਹ ਤਾਂ ਅਜੇ ਤਕ ਵੀ ਓਧਰ ਹੀ ਗਾਮੀ ਨੂੰ ,ਪੱਮੀ ਮਾਸਟਰ ਵਲਾਂ । ਉਸਦੇ ਤਾਂ ਚਿੱਤ ਚੇਤੇ ਵੀ ਨਹੀ ਸੀ ਕਿ ਟੁੱਟੇ-ਖੁੱਸੇ ਜਿਹੇ ਘਰ-ਘਾਟ ਵਾਲਾ ਗਾਮੀ ਐਡਾ ‘ਵੱਡਾ ਕਾਰਕੁਨ ’ ਹੋ ਸਕਦਾ ਐਧਰਲੇ ਵੰਨੇ…..।
ਸਾਰਾ ਵਹਿਮ ਭੁਲ-ਭੁਲਾ ਕੇ ਉਹ ਓਸੇ ਦਿਨ ਗਾਮੀ ਨੂੰ ਜਾ ਮਿਲਿਆ ਸੀ , ਉਸਦੇ ਪੱਕੀ ਇੱਟ ਕੇ ਬਗਲੇ ਵਾਲੇ ਕੱਚੇ ਘਰ ‘ਚ । ਸ਼ਾਮੀ ਹਨੇਰੇ ਪਏ ।
ਬਿਨਾਂ ਕਿਸੇ ਲੱਗ-ਲਿਬੈੜ ਦੇ ਉਹਨੇ ਸਰਪੰਚ ਦੀ ਆਖੀ ਬੋਲੀ ਸਾਰੀ ਬਾਤ-ਵਾਰਤਾ ਉਵੇਂ ਦੀ ਉਵੇਂ ਗਾਮੀਂ ਨੂੰ ਆਖੀ ਸੁਣਾਈ – “…..ਏਹ ਲੱਤਾਂ-ਠੁੱਡਿਆਂ ਦੇ ਯਾਰ ਗੱਲੀਂ-ਬਾਤੀਂ ਸੂਤ ਨਈਂ ਆਉਣੇ । ਏਨਾਂ ਤਾਂ ਦੂਜੇ ਰੁਕ ਈ ਸਿੱਧੇ ਹੋਣਾ ਟੇਢੇ ਢੰਗ ਨਾ ….ਵਿੰਗੀ ਉਗਲ ਦੇਖ ਕੇ …..”,ਸੱਜੇ ਹੱਥ ਦੀ ਉਂਗਲੀ ਘੋੜਾ ਦੱਬਣ ਵਾਂਗ ਵਿੰਗੀ ਕਹਿੰਦੀਆਂ ਤੋਚੀ ਨੇ ਆਪਣਾ ਹਿਰਖ਼ ਉਵੇਂ ਜਾਰੀ ਰੱਖਿਆ – “….ਮਿੱਟੀ-ਪਾਣੀ ਸਾਡੇ ਖੇਤਾਂ ਦਾ, ਸਿੱਖ-ਜੱਟਾਂ ਦਾ ਨੇ ਘਰ-ਤਜੋਰੀਆਂ ਏਹ ਭਰੀ ਜਾਂਦੇ ਆ ਸਿਰ ਘਸੇ ।…ਏਨ੍ਹਾਂ ਤਾਂ ਸਾਨੂੰ ਲੋਕਾਂ ਨੂੰ ਘਸਿਆਰੇ ਬਣਾ ਛੱਡਿਆ ਘਸਿਆਰੇ, ਦੋ-ਦੋ ਟਕੇ ਦੇ ਮੰਗਤੇ । ….ਲੱਖਾਂ ਦੇ ਜੀਮੀਂ ਮਾਲਕ ਅਹੀਂ ਨੰਗ ਹੋਏ ਫਿਰਦੇ ਆ, ਨੰਗ । ਲੈ ਭਰਾ, ਮੇਰਾ ਕੰਮ ਤੇਰੇ ਜੁੰਮੇ ਆਂ, ਤੂੰ ਈ ਕਰਨਾ । ਸਰਪੰਚ ਆਂਹਦਾ ਸੀ ,ਤਕੜਾ ਹੋ ਤਕੜਾ , ਐਮੇਂ ਨਾ ਮੋਕ ਜਿਹੀ ਮਾਰੀ ਜਾਇਆ ਕਰ, ਜੱਟ-ਸਿੱਖਾਂ ਦਾ ਪੁੱਤਰ ਹੋ ਕੇ….।“
ਤੇਰੀ ਹੱਥ ਆਇਆ ਸਰਪੰਚ ਦਾ ਸੁਨੇਹਾ ਸੁਣ ਕੇ ਗਾਮੀ ਨੂੰ ਚਿੰਤਾ ਤਾਂ ਜ਼ਰੂਰ ਹੋਈ , ਪਰ ਜੱਟ ਹੋਣ ਦਾ ਸੰਕਲਪ ਉਸਦੇ ਸੰਘੋਂ ਹੇਠਾਂ ਨਹੀਂ ਸੀ ਉਤਰਿਆ , ਨਾ ਸਿੱਖ ਹੋਣ ਦਾ ।…ਹੁਣ ਤੱਕ ਤਾਂ ਉਸਦੇ ਭਾਈਚਾਰੇ ਨੇ ਉਸਨੂੰ ਕਦੀ ਆਪਣਾ ਨਹੀਂ ਸੀ ਸਮਝਿਆ , ਆਪਣੇ ਵਿਚੋਂ ।ਨਾ ਈ ਉਸਦੇ ਮਾਂ-ਪਿਓ ਨੂੰ । ਜੱਟ ਹੁੰਦਿਆਂ ਵੀ ,ਸਿੱਖ ਹੁੰਦਿਆਂ ਵੀ । ਗਾਮੀ ਤਾਂ ਹੋਰ ਵੀ ਦੋ ਲਾਂਘਾਂ ਪਿਛਾਂਹ ਸੀ ਉਹਨਾਂ ਤੋਂ । ਮੁੱਲਾਂ-ਕੱਟ ਕਰਵਾ ਕੇ । ਪੰਮੀ ਮਾਸਟਰ ਵਰਗਾ । ਉਸਦੀ ਬੰਬੀ ‘ਤੇ ਅਕਸਰ ਅੳਦੇ-ਮਿਲਦੇ ਕਈਆਂ ਹੋਰਨਾਂ ਵਰਗਾ । ਜਿਹਨਾਂ ਮੂੰਹੋਂ ਕਦੀ ਵੀ ਗਾਮੀ ਨੇ ਜਾਤਾ-ਗੋਤਾਂ, ਧਰਮਾਂ-ਮਜ਼ਹਬਾਂ ਦੀ ਗੱਲ ਨਹੀ ਸੀ ਸੁਣੀ ।ਹਾਸੇ-ਠੱਠੇ ‘ਚ ਵੀ ਨਹੀਂ ।
ਹੁਣ ਤੱਕ ਉਹਨਾਂ ਵਰਗਾ ਬਣੇ ਰਹੇ ਗਾਮੀ ਨੂੰ , ਸਰਪੰਚ ਨੇ ਆਪਣੇ ਵਰਗਾ ਆਖ ਕੇ , ਕਾਫੀ ਸਾਰਾ ਬੇਚੈਨ ਕਰ ਦਿੱਤਾ ।
ਉਸਦਾ ਜੀਅ ਕੀਤਾ ਕਿ ਉਸੇ ਵੇਲੇ ਸਰਪੰਚ ਵੱਲੋਂ ਆਏ ‘ਸਰੋਪੇ ’ ਦਾ ਮੋੜਵਾਂ ਉੱਤਰ ਦੇ ਭੇਜੇ । ਉਸਨੂੰ , ਉਸਦੇ ਮਾਂ-ਪਿਓ ਨੂੰ ਹੁਣ ਤੱਕ ਆਪਣੇ , ਆਪਣੀ ਦਿੱਖ ਵਰਗੇ ਭਾਈਚਾਰੇ ਤੋਂ ਬਾਹਰ ਰੱਖੀ ਰੱਖਣ ਦਾ ਕਾਰਨ ਪੁੱਛੇ,ਪਰ ਉਸਨੇ ਅੰਦਰ ਉੱਠੇ ਜਵਾਰਭਾਟੇ ਨੁੰ ਦੱਬ ਹੀ ਲਿਆ ਸੀ , ਇਕ ਦਮ ।
ਸ਼ਾਇਦ ਤੋਚੀ ਖਾਤਰ ।
ਤੋਚੀ ਰਾਹੀਂ ਆਇਆ ਸਰਪੰਚ ਦਾ ਸੁਨੇਹਾ , ਉਸਨੇ ਸ਼ਾਮ ਬਾਬੂ ਤਕ ਅਗਲੇ ਦਿਨ ਹੀ ਅੱਪੜਦਾ ਕਰ ਦਿੱਤਾ, ਥੋੜ੍ਹਾ ਕੁ ਹੋਰ ਤਿੱਖਾ ਕਰਕੇ ।
ਬੱਸ, ਦਿਨਾਂ ਅੰਦਰ ਹੀ ਤੋਚੀ ਦੇ ਚਾਰੋਂ ਖੇਤ, ਖੇਤੀ ਕਾਰਜ ਲਈ ਵਿਹਲੇ ਹੋ ਗਏ ਸਨ ।
ਸਮੇਤ ਵਿਆਜ ।
ਤੋਚੀ ਦਾ ਭਲਾ ਕਰਕੇ ਗਾਮੀ ਨੇ ਜਾਂ ਉਸ ਨਾਲ ਪੱਗ-ਵਟਾ ਵਰਗੀ ਯਾਰੀ ਦੀ ਲਾਜ ਰੱਖੀ ਹੋਊ , ਜਾਂ ਆਪਣੀ ਹੀ ਵਜਾ-ਕਤਾ ਵਰਗੇ ਬੰਦੇ ਦੀ ਸਮਝਾਈ ਰਣ-ਨੀਤੀ ਦੇ ਕਿਸੇ ਛੇਦ-ਅਨੁਛੇਦ ਦੀ ਪਾਲਣਾ ਕੀਤੀ ਹੋਊ , ਪਰ ਏਨੀ ਕੁ ਮੱਲ ਮਾਰਕੇ ਉਸ ਅੰਦਰ ਇਕ ਵੱਖਰੀ ਕਿਸਮ ਦੀ ਹਲਚਲ ਜਿਹੀ ਹੋਣ ਲੱਗ ਪਈ । ਇਕ ਹੋਰ ਈ ਤਰ੍ਹਾਂ ਦਾ ਵਹਾ ਜਿਹਾ ਵਗਣ ਲੱਗ ਪਿਆ – “…. ਨੇ ਜਾਣੀਏ ਏਹ ਮਾਰਕਾ…..। ਨੇ ਜਾਣੀਏ ਏਹ ਜਿੱਤ….! ਹੁਣ ਤਕ ਉਹ ਐਮੇ ਈ ਜੱਟ-ਸਿੱਖ ਭਾਈਚਾਰੇ ਨੂੰ …? ਹੁਣ ਤਕ ਐਮੇਂ ਈ ਉਹ ਸਿਰ-ਘਸੇ ਜਿਹੇ ਬਾਊ ਦੇ ਬੋਲ-ਕਬੋਲ…? “
ਉਸ ਅੰਦਰ ਉਂਗਮ ਆਈ ਹਲਕੀ ਜਿਹੀ ਤਬਦੀਲੀ ਬੱਸ ਥੋੜੇ ਕੁ ਦਿਨਾਂ ‘ਚ ਉਸਦੇ ਬਾਹਰ ਵੀ ਦਿੱਸਣ ਲੱਗ ਪਈ । ਉਸਦੇ ਮੂੰਹ-ਮੱਥੇ ‘ਤੇ , ਉਸਦੇ ਅੰਗਾਂ-ਪੈਰਾਂ ‘ਤੇ । ਉਸਦੀ ਚਾਲ-ਢਾਲ , ਬੋਲ-ਬਾਣੀ ਕਾਫੀ ਸਾਰੀ ਬਦਲ ਜਿਹੀ ਗਈ ।
ਬਾਬੂ ਮਾਲਿਕ ਨੂੰ ਆਪਣੇ ਦਫ਼ਤਰ ਮੁਨਸ਼ੀ ਦਾ ਰੰਗ-ਢੰਗ ਦੇਖ ਕੇ ਢੇਰ ਸਾਰਾ ਸ਼ੱਕ ਹੋਰ ਵਧ ਗਿਆ ।
ਸ਼ੱਕ ਤਾਂ ਉਸਨੂੰ ਪਹਿਲਾਂ ਵੀ ਹੈਗਾ ਸੀ ਗਾਮੀ ‘ਤੇ , ਦਫ਼ਤਰ ਵਾਪਰੀ ਘਟਨਾ ਕਾਰਨ । ਪਰ ,ਓਦੋਂ ਗਾਮੀ ਨੇ ਸਰਾ-ਸਰ ਰਾਖੀ ਕੀਤੀ ਸੀ ਸ਼ਾਮ ਬਾਬੂ ਦੀ । ਰਾਖੀ ਹੀ ਨਹੀਂ ਸਗੋਂ ਜ਼ਿੰਦਗੀ ਬਖਸ਼ੀ ਸੀ ਉਸਨੂੰ । ਨਹੀਂ ਤਾਂ ਕੁਝ ਵੀ ਵਾਪਰ ਸਕਦਾ ਸੀ ਗੱਡੀ ਨਾਲ਼ ।ਜੇ ਨਾਂਹ-ਨੁੱਕਰ ਕਰਦਾ ਚਾਬੀ ਦੇਣੋਂ, ਤਾਂ ਉਸ ਨਾਲ਼ ਵੀ ।
ਉਸ ਤੋਂ ਪਿੱਛੋਂ ਸਰਪੰਚ ਦੇ ਕਿਸੇ ਬੰਦੇ ਦੀ ਹਿੰਮਤ ਨਹੀ ਸੀ ਹੋਈ , ਸ਼ਾਮ ਬਾਬੂ ਵੱਲ, ਉਸਦੇ ਕਿਸੇ ਵੀ ਭੱਠਾ ਦਫ਼ਤਰ ਵਲ ਮੂੰਹ ਕਰਨ ਦੀ ।
ਚੰਦਾ-ਢਾਲ ਮੰਗਣ ਦੀ ਵੀ ਨਹੀਂ ।
ਹੁਣ ਤਕ ਉਸਦਾ ਸ਼ੱਕ ਗਾਮੀਂ ਦੇ ਅਹਿਸਾਸ ਹੇਠ ਦੱਬ ਹੋਇਆ ਕਦੀ ਵੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ ।
ਤੋਚੀ ਦੇ ਖੇਤਾਂ ਦੀ ਮੋੜ-ਮੁੜਾਈ ਪਿਛੋਂ ਤੋਂ ਉਸਨੇ ਗਾਮੀਂ ਵੱਲ ਨੁੰ ਹੋਰੂੰ-ਹੋਰੂੰ ਜਿਹਾ ਝਾਕਦਾ ਸ਼ੁਰੂ ਕਰ ਦਿੱਤਾ ।
ਕੌੜੀ ਜਿਹੀ ਗਹਿਰੀ ਜਿਹੀ ਅੱਖੇ ।
ਉਂਝ ਮੂੰਹੋ-ਤੂਹੋਂ ਕਿਹਾ-ਬੋਲਿਆ ਕੁਝ ਨਾ, ਗਾਮੀ ਨੂੰ ।
ਕਹਿਣ-ਬੋਲਣ ਦੀ ਹਿੰਮਤ ਨਾ ਹੋਈ , ਡਰਦੇ ਦੀ ।
ਜਿੱਥੇ ਹੁੰਦੀ ਸੀ ਹਿੰਮਤ , ਉੱਥੇ ਉਸਦੇ ਠੁੱਡੇ-ਮੁੱਕੀਆਂ ਸਗੋਂ ਚਾਂਬਲ ਗਏ ।
ਬੰਦੂਆ ਮਜ਼ਦੂਰਾਂ ਵਰਗੀ ਕਾਰੀਗਰ ਲੇਬਰ ‘ਤੇ ।
ਆਏ ਦਿਨ ਕੋਈ ਨਾ ਕੋਈ ਲਹੂ-ਲੁਹਾਨ ਹੋਇਆ ਹੁੰਦਾ-ਨਿਕਾਸੀ –ਭਰਾਈ ਵਾਲਾ , ਚੁਣਾਵਾ ਪਥੇਰਾ ਜਾਂ ਹੋਰ ਕੋਈ ਮਾੜੀ-ਧਾੜ ।
ਉਸਦੇ ਘਸੁੰਨ-ਮੁੱਕੇ ਖਾ ਕੇ ।
ਐਵੇਂ ਨਿੱਕੀ-ਮੋਟੀ ਅਣਗਹਿਲੀ ਕਾਰਨ ।
ਰੋਂਦੀ-ਕਲਪਦੀ ਲੇਬਰ ਮੁੜ ਘੜੀ ਗਾਮੀ ਕੋਲ ਅੱਪੜਦੀ । ਉਸ ਉੱਤੇ ਗਿਲੇ-ਸ਼ਿਕਵੇ ਕਰਦੀ । ਉਲ੍ਹਾਮੇ ਦਿੰਦੀ ਉਸਨੂੰ – “…. ਯਾ ਕਾ ਹੋਵਤ ਹੈ ਮੁਨਸ਼ੀ ਬਾਬੂ….ਕਾਹੇ ਜੁਲਮ ਹੋਵਤ ਹੈ ਹਮ ਪੇ ! ….ਤੁਮ ਤੋ ਬੋਲਤ ਰਹੋ ਨਾਹੀ ਕਰਤ ਹੋ ਮਾਰਪੀਟ , ਅੱਬ ਕੀ ਬਾਰ । ਨਾਹੀ ਦੇਵਤ ਹੋ ਗਾਲੀ ਹਮਹੀ ਜਾਤ ਕੋ , ਹਮਰੇ ਦੇਸ-ਗਾਂਵ ਕੋਂ …..! ਉਧਰ ਐਸਾ ਈ ਬੋਲਤ ਹੈ ਨਾ ਤੂੰ ਮੁਨਸ਼ੀ ਬਾਬੂ….!! ‘’
ਉਹਨਾਂ ਦੇ ਸੱਚ ਸਾਹਮਣੇ ਛਿੱਥੇ ਪਏ ਗਾਮੀਂ ਨੂੰ ਸਰਪੰਚ ਦੇ ਤੋਚੀ ਹੱਥ ਭੇਜੇ ਬੋਲ ਹਰ ਵਾਰ ਥਾਪੀ ਦਿੰਦੇ ਉਸਨੂੰ – “….ਏਹ ਲੱਤਾਂ-ਠੱਡਿਆਂ ਦੇ ਯਾਰ, ਗੱਲੀ-ਬਾਤੀਂ ਸੂਤ ਨਈਂ ਆਉਣੇ । ਏਨ੍ਹਾਂ ਨੂੰ ਦੂਜੇ ਰੁਕ ਈ ਸੂਤ….।“ਵਿਚੋਂ ਹੀ ਕਿਧਰੇ ਪੱਮੀ ਮਾਸਟਰ ਦੀ ਸਿੱਖਿਆ-ਵਿਦਿਆ ਵੀ ਉਸਦੀ ਪਿੱਠ ਆ ਥਾਪੜਦੀ – “ ….ਏਹ ਮਾਇਆਧਾਰੀ ਜਮਾਤ ਪੈਰਾਂ ਦੀ ਬੜੀ ਥਿੜਕੂ ਹੁੰਦੀ , ਇਕ ਨੰਬਰ ਦੀ ਡਰਪੋਕ । ਜ਼ਰ ਕੁ ਅੱਖ ਗਹਿਰੀ ਕਰਨ ਤੇ ਬੱਸ ….।“
ਪਰ, ਗਾਮੀ ਨੇ ਹੁਣ ਤਕ ਨਾ ਤਾਂ ਕਦੀ ਮਾਲਿਕ ਬਾਬੂ ਵੱਲ ਨੂੰ ਗਹਿਰੀ ਅੱਗੇ ਦੇਖਿਆ ਸੀ ,ਨਾ ਈ ਉਸਨੂੰ ਦੂਜੇ ਰੁਕ ਸੂਤ ਕਰਨ ਲਈ ਉਬਾਲਾ ਖਾਧਾ ਸੀ , ਉਸਦੇ ਅੰਦਰ ਨੇ ।
ਸਰਪੰਚ ਤੋਂ ਲਿਆ ਫੜਿਆ ਨਵਾਂ-ਨਿਕੋਰ ਪੁਰਜ਼ਾਂ ਸਾਂਭ ਪਕੜ ਕੇ ਵੀ ਨਹੀਂ ।
ਪੱਮੀ ਮਾਰਟਰ ਦਾ ਸਮਝਾਇਆ ਤਿੱਖਾ ਸੰਘਰਸ਼ੀ ਰਾਹ ਵੀ ਉਸਨੂੰ ਬਾਵੇ ਨੂੰ ਜ਼ਖਮੀ ਕਰਨ ਤੋਂ ਪਿੱਛੋਂ ਜਾ ਕੇ ਕਿਤੇ ਯਾਦ ਆਇਆ – “…..ਏਹ ਹਥਿਆਰ ਸ਼ਕਤੀ ,ਜਥੇਬੰਦਕ ਸ਼ਕਤੀ ਦੀ ਮੁੱਠ ‘ਚ ਹੋਣੀ ਚਾਹੀਦੀ ,ਕੱਲੇ-ਕਹਿਰੇ ਨਾਇਕ ਦੇ ਹੱਥ ‘ਚ ਨਹੀਂ । ਨਹੀਂ ਤਾਂ …..ਨਹੀਂ ਤਾਂ …..।“
ਬਾਵੇ ਦੀ ਪੈੜ ਚਾਲ ਵਰਗੀ ਪੁੱਟੀ ਪਹਿਲੀ ਲਾਂਘ ਹੀ ਉਸਨੂੰ ਬਿਲਕੁਲ ਹੀ ਦੂਜੇ ਬੰਨੇ ਲੈ ਤੁਰੀ ਸੀ , ਉਲਟ ਬੰਨੇ । ਸ਼ਾਮ ਬਾਬੂ ਕਰਨ ਵੱਲ , ਉਲਟਾ ਉਸਦੀ ਰਾਖੀ ਕਰਨ ਵਲ ।
ਉਸਦੇ ਵਹਿਸ਼ੀਆਨਾ ਵਰਤੋਂ ਵਿਹਾਰ ਨੂੰ ਰੋਕਣ ਟੋਕਣ ਲਈ, ਉਸਦੀ ਜਾਂਗਲੀ ਕਿਸਮ ਦੇ ਹਊ ਭਾਵਨਾ ਨੂੰ ਹੋੜਨ ਮੋੜਨ ਲਈ ,ਹੁਣ ਤਕ ਉਸਦੀ ਬਾਬੂਗੀਰੀ ਵਿਰੁੱਧ ਇਕ ਵੀ ਸ਼ਬਦ ਮੂੰਹੋਂ ਨਹੀਂ ਬੋਲਿਆ ਗਿਆ ਗਾਮੀ ਤੋਂ ।
ਉਸਦੇ ਮੂੰਹੋਂ ਨਹੀ ਬੋਲਿਆ ਗਿਆ ਗਾਮੀ ਤੋਂ ।
ਉਸਦੇ ਮੂੰਹ ‘ਤੇ ਜਾਂ ਪਿੱਠ ਪਿੱਛੇ ।
ਖਿਝੀ-ਖਪੀ ਲੇਬਰ ਨੂੰ ਠਾਰਸ ਦੇਣ ਲਈ ਵੀ ਨਹੀਂ ।
…ਕਿੰਨੇ ਪਾਪੜ ਵੇਲਣੇ ਪੈਂਦੇ ਸਨ ਉਸਨੂੰ ਆਈ ਵਾਰ ਭੱਠਾ ਲੇਬਰ ਨੂੰ ਘਰੋਂ ਤੋਰਨ ਲੱਗਿਆਂ ।ਉਹਨਾਂ ਦੇ ਪ੍ਰਦੇਸੋਂ ਯੂ.ਪੀ., ਬਿਹਾਰ ਜਾਂ ਰਾਜਿਸਥਾਨ ਤੋਂ ।ਕਿਸੇ ਦੀ ਟੁੱਟੀ-ਉੱਖੜੀ ਝੁੱਗੀ-ਝੌਂਪੜੀ ਦਾ ਸਿਰ ਢਕਣ ਕਰਕੇ , ਕਿਸੇ ਦਾ ਰੋਂਦਾ ਵਿਲਕਦਾ ਬਾਲ-ਬੱਲਾ ਵਰਚਾ-ਪਰਚਾ ਕੇ , ਜਾਂ ਕਿਸੇ ਦੇ ਟੱਬਰ-ਟੀਰ , ਮਾਈ-ਬਾਪ ਦੀਆਂ ਜਗਦੀਆਂ-ਬੁਝਦੀਆਂ ਅੱਖਾਂ ‘ਚ ਕੱਖਾਂ ਕਾਨਿਆਂ ਦ ਝੁੱਗੇ ਢਾਰਿਆਂ ਦੀ ਥਾਂ, ਪੱਕੀਆਂ ਇੱਟਾਂ ਦੇ ਘਰ-ਕੋਠੜਿਆਂ ਦੇ ਸੁਪਨੇ ਲਟਕਦੇ ਕਰਕੇ ।
ਉੱਚੇ ਆਲੀਸ਼ਾਨ ਭਵਨਾਂ ਲਈ ਪੱਕੀ ਇੱਟ ਦੇ ਅੰਬਾਰ ਲਾਉਣ ਵਾਲੀ ਕੱਚੀ ਲੇਬਰ ਦੇ ਟੱਬਰ-ਟੀਰ , ਮਾਈ ਬਾਪ ਦੀਆਂ ਜਗਦੀਆਂ ਬੁਝਦੀਆਂ ਅੱਖਾਂ ‘ਚ ।
ਪਰ, ਹੁਣ ਤਕ ਨਾ ਤਾਂ ਉਹ ਕਿਸੇ ਦਾ ਘਰ ਕੋਠੜੀ ਹੀ ਪੱਕਾ ਕਰਵਾ ਸਕਿਆ ਸੀ ,ਸ਼ਾਮ ਬਾਬੂ ਨੂ ਆਖ ਸੁਣ ਕੇ , ਕਦ ਇਮਦਾਦ ਕਰਵਾ ਕੇ , ਤੇ ਨਾ ਹੀ ਉਸਦੇ ਗੇੰਦੇ-ਮੰਦੇ ਗਾਲੀ ਗਲੋਚ , ਲੱਤਾਂ ਹੂਰੇ ਮੱਕੀਆਂ ਦੀ ਮਾਰ ਤੋਂ ਰੱਖ ਬਚਾਅ ਹੀ ਕਰ ਸਕਿਆ , ਉਹਨਾਂ ਦਾ ।
ਦਿਲੋਂ ਮਨੋਂ ਚਾਹੁੰਦਾ ਹੋਇਆ ਵੀ ।
ਹੋਰ ਤਾਂ ਹੋਰ ਬਾਬੂ ਮਾਲਿਕ ਤਕ ਉਹਨਾਂ ਦਾ ਗਿਲਾ ਸ਼ਿਕਵਾ ਅੱਪੜਦਾ ਕਰਨ ਦੀ ਹਿੰਮਤ ਕਦੀ ਨਹੀਂ ਸੀ ਕੀਤੀ ਗਾਮੀ ਨੇ ।
ਪਰ , ਤੋਚੀ ਦੇ ਖੇਤ ਮੁੜਦੇ ਕਰਨ ਦਾ ਸਰਪੰਚ ਦਾ ‘ਸੁਨੇਹਾ ’ ਸ਼ਾਮ ਬਾਬੂ ਤਕ ਅਪੜਦਾ ਕਰਨ ਲਈ ,ਉਸ ਅੰਦਰ ਪਤਾ ਨਈਂ ਕਿਵੇਂ ਦੀ ਹਿੰਮਤ ਜਾਗ ਪਈ ।……ਜੱਟ ਸਿੱਖ ਹੋਣ ਦੀ ਉਪਾਧੀ ਮਿਲ ਜਾਣ ਕਰਕੇ ਜਾਂ ਪੱਮੀ ਮਾਸਟਰ ਦੀ ਬੰਬੀ ਤੇ ਮਿਲਦੇ ਟੱਕਰਦੇ ਰਹੇ ਓਪਰੇ ਜਿਹੇ ਬੰਦਿਆਂ ਦਾ ਪੰਡਿਤ ਤੀਰਥ ਰਾਮ ਦਾ ਕਿਹਾ ਸੁਣਿਆ ਸਾਰਾ ਕੁਝ ਭੁੱਲ-ਭੁਲਾ ਜਾਣ ਕਰਕੇ ।
ਉਸਦੇ ਆਪਣੇ ਯਤਨਾਂ ਨਾਲ ਆਈ ਦੂਰ-ਪਾਰ ਦੀ ਲੇਬਰ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਉਲ੍ਹਾਮਾ ਲਈ ਉਸਦਾ ਦਫ਼ਤਰ ਮੱਲੀ ਰੱਖਦੀ , ਉਸਦੀ ਤਰਫ਼ਦਾਰੀ ਭਾਲਣ ਲਈ ।ਪਿਛਲੇ ਕੱਲ੍ਹ ਦੀ ਘਟਨਾ ਨੇ ਤਾਂ ਜਿਵੇਂ ਉਸਨੂੰ ਉਸਦੇ ਤਰਫ਼ਦਾਰੀ ਦੇ ਖੋਲ ‘ਚੋਂ ਭੁੜਕਾ ਕੇ ਬਾਹਰ ਵਗਾਹ ਮਾਰਿਆ ਹੋਵੇ, ਰੜੇ-ਪੱਧਰੇ । ….ਰੋਂਦੇ ਵਿਲਕਦੇ ਛਾਂਗੂ ਰਾਮ ਨੂੰ ਵਰਚਾ-ਪਰਚਾ ਕੇ ਉਹ ਅਜੇ ਮੁੜਿਆ ਸੀ ਦਫ਼ਤਰ , ਕਿ ਨਿਕਾਸੀ ਕਰਦੀ ਸਾਰੀ ਲੇਬਰ, ਉਸ ਦੁਆਲੇ ਆ ਜੁੜੀ-ਛਾਂਗੂ ਰਾਮ ਨੂੰ ਪਈ ਮਾਰ ਦਾ ਕਾਰਨ ਪੁੱਛਣ ।
ਹਰ ਕੋਈ ਆਪਣੀ ਆਪਣੀ ਸੁਰ ‘ਚ ਮੰਦਾ-ਚੰਗਾ ਬੋਲਦਾ ਗਿਆ – ਸ਼ਾਮ ਬਾਬੂ ਨੂੰ ਵਿਚੇ ਈ ਗਾਮੀ ਨੂੰ ।
ਕਿਸੇ ਦੇ ਉੱਚੇ-ਨੀਵੇਂ ਬੋਲ ਗਾਮੀਂ ਦੀ ਸਮਝ ਪੈਂਦੇ ਕਿਸੇ ਦੇ ਨਾ ਵੀ ।…..ਬਾਬੂ ਤਾਂ ਆਪਣੀ ਕਾਰਵਾਈ ਪਾ ਕੇ ਉਸੇ ਵੇਲੇ ਖਿਸਕ ਗਿਆ ਸੀ ,ਭੱਠੇ ਤੋਂ ।
ਥੋੜ੍ਹਾ ਕੁ ਚਿਰ ਤਾਂ ਗਾਮੀ ਉਹਨਾਂ ਦਾ ਗੁੱਸਾ-ਗਿਲਾ ਚੁੱਪ-ਚਾਪ ਸੁਣਦਾ ਰਿਹਾ, ਜਿਵੇਂ ਸੁਣਿਆ ਕਰਦਾ ਸੀ ਹਰ ਵਾਰ । ਫਿਰ ….ਫਿਰ ਪਤਾ ਨਈਂ ਉਸਦੇ ਅੰਦਰ ਨੇ ਕਿਹੋ ਜਿਹਾ ਉਛਾਲਾ ਮਾਰਿਆ , ਕਿਹੋ ਜਿਹਾ ਤਾਅ ਚੜਿਆ ਉਸਨੂੰ-ਕੁਰਸੀ ਤੋਂ ਉਠਦਿਆਂ ਸਾਰ ਉਹ ਟੁੱਟ ਹੀ ਪਿਆ ‘ਰੋਂਦੀ-ਵਿਲਕਦੀ ’ ਧੂੜ-ਘੱਟਾ ਹੋਈ ਹਮ ਸ਼ਕਲ ਲੇਬਰ ‘ਤੇ ।ਪੂਰੇ ਜਲ-ਜਲੋ ਨਾਲ਼, ਪੂਰੀ ਜੱਟ ਹਊ ਨਾਲ਼ ।
ਨਾਲੋਂ-ਨਾਲ ਹੂਰੇ-ਮੁੱਕੀਆਂ, ਲੱਤੇ-ਠੁੱਡੇ , ਨਾਲੋ-ਨਾਲ , ਗਾਲੀ –ਗਲੋਚ , ਗੰਦ-ਮੰਦ ।
ਵਿਚੋਂ ਉਹਨਾਂ ਨੂੰ ,ਵਿਚੇ ਉਹਨਾਂ ਦੇ ਪ੍ਰਾਂਤਾਂ-ਸੂਬਿਆਂ ,ਗੋਤਾਂ-ਜਾਤਾਂ ਨੂੰ ।
ਬਿਲਕੁਲ ਸ਼ਾਮ ਬਾਬੂ ਵਾਂਗ । ਅੱਵਲ ਉਸ ਤੋਂ ਵੀ ਦੋ ਰੱਤੀਆਂ ਉੱਪਰ,ਉੱਚੀ-ਤਿੱਖੀ ਸੁਰ ‘ਚ ।
ਦੌੜਦੀ-ਭੱਜਦੀ ,ਭੈਅ-ਭੀਤ ਹੋਈ ਨਿਕਾਸੀ ਲੇਬਰ ਤਾਂ ਗਾਮੀ ਨੂੰ ਭੋਣ ਚੜ੍ਹਿਆ ਦੇਖ ਕੇ, ਆਪਣੀ, ਆਪਣੀ ਘੁਰਨੀਂ ਜਾ ਲੁਕੀ, ਪਰ ਸਾਹੋ-ਸਾਹ ਹੋਇਆ ਗਾਮੀਂ ਹੋਰ ਕਿੰਨਾ ਈ ਚਿਰ ਦਫ਼ਤਰੋਂ ਬਾਹਰ ਖੜ੍ਹਾ ਅਵਾ-ਤਵਾ ਬੋਲਦਾ ਰਿਹਾ ।ਪਤਾ ਨਈਂ ਕਿਸ ਕਿਸ ਨੂੰ , ਕੀ ਕੀ ?
ਅਵਾ-ਤਵਾ ਬੋਲਦਾ ਉਹ ਥੋੜ੍ਹੇ ਚਿਰ ਪਿੱਛੋਂ ਫਿਰ ਜਿਵੇਂ ਸੁੰਨ ਹੀ ਹੋ ਗਿਆ, ਇਕ ਦਮ ਚੁੱਪ । ਹੁਣੇ ਹੁਣੇ ਗੜ੍ਹਕਦੇ-ਗਰਜਦੇ ਬੋਲ ਜਿਵੇਂ ਉਸਦੇ ਅੰਦਰ ਸੌ ਈ ਗਏ, ਦੱਬ ਈ ਗਏ ਹੋਣ ।
ਉਸਦੇ ਕੰਬਦੇ-ਡੋਲਦੇ ਅੰਗ ਪੈਰ ਵੀ ਭੱਠੇ ਦੇ ਕਿਸੇ ਵੀ ਕਿਸੇ ਹਿੱਸੇ ਵੱਲ ਨੂੰ ਤੁਰਨ ਤੋਂ ਇਨਕਾਰੀ ਹੋ ਉੱਠੇ ।
ਨਾ ਅਗਾਂਹ ਘਾਟ ਵੱਲ ਨੂੰ , ਨਾ ਪਿਛਾਂਹ ਦਫ਼ਤਰ ਵੱਲੋ ਨੁੰ ।
ਦਿਨ ਭਰ ਦੀ ਵੇਚ-ਵਟਕ ਉਵੇਂ ਦੀ ਉਵੇਂ ਪਈ ਛੱਡ,ਉਹ ਇੱਟਾਂ ਦੀ ਜੂਹ ‘ਚੋਂ ਬਾਹਰ ਨਿਕਲ ਆਇਆ ।….ਰਵਾਂ-ਰਵੀਂ ਤੁਰਿਆ ਉਹ ਪਿੰਡ ਪਹੁੰਚ ਗਿਆ, ਸਿੱਧਾ ਆਪਣੇ ਘਰ ।
ਘਰ ਦੀ ਚਾਰ-ਦੀਵਾਰੀ ਅੰਦਰ ਬੰਦ ਹੋਇਆ , ਫਿਰ ਕਈ ਦਿਨ ਅੰਦਰੋਂ ਬਾਹਰ ਨਾ ਨਿਕਲਿਆ ।
ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ….ਉਹ ਇਸ ਦਾ ਕੀ ਕਾਰਨ ਦੱਸੇ ਕਿਸੇ ਨੂੰ…..।
ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ…..।
ਇੱਕ ਰਾਵਣ ਦਾ ਅੰਤ..!
ਕੁਲਦੀਪ ਸਿੰਘ ਤੇ ਜਗਦੀਪ ਸਿੰਘ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ ਜ਼ਿਆਦਾ ਨਾ ਪੜ੍ਹ ਸਕਿਆ ਤੇ ਪਿਤਾ ਪੁਰਖੇ ਖੇਤੀ ਬਾੜੀ ਦੇ ਕੰਮ ਵਿੱਚ ਜੁੱਟ ਪਿਆ। ਜਦ ਕਿ ਉਸ ਦਾ ਦੋਸਤ ਜਗਦੀਪ ਪੜ੍ਹ ਲਿਖ ਕੇ ਵਕੀਲ ਬਣ ਗਿਆ ਤੇ ਚੰਗੀ ਕਮਾਈ ਕਰਨ ਲੱਗਾ। ਵਕਾਲਤ ਕਰਨ ਲਈ, ਉਹ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ। ਹੁਣ ਕਿੰਨਾ ਕਿੰਨਾ ਸਮਾਂ ਦੋਹਾਂ ਦਾ ਮੇਲ ਮਿਲਾਪ ਨਾ ਹੁੰਦਾ। ਸਮਾਂ ਪਾ ਕੇ ਦੋਹਾਂ ਦੋਸਤਾਂ ਦੀ ਸ਼ਾਦੀ ਹੋ ਗਈ। ਜਗਦੀਪ ਤਾਂ ਹੁਣ ਸ਼ਹਿਰ ਦਾ ਹੀ ਪੱਕਾ ਬਸ਼ਿੰਦਾ ਬਣ ਗਿਆ। ਕੁਲਦੀਪ ਜਦ ਕਦੇ ਸ਼ਹਿਰ ਜਾਂਦਾ ਤਾਂ ਦੋਸਤ ਨੂੰ ਮਿਲਣ ਦੀ ਤਾਂਘ ਜਾਗਦੀ, ਪਰ ਵਕੀਲ ਦੋਸਤ ਕੋਲ ਹੁਣ ਮਿਲਣ ਦਾ ਵਿਹਲ ਕਿੱਥੇ? ਉਹ ਹੁਣ ਆਪਣੇ ਗਾਹਕਾਂ ਤੋਂ ਬਿਨਾ, ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਿਲ ਕੇ ਆਪਣਾ ਵਕਤ ਜ਼ਾਇਆ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦਾ।
ਹੁਣ ਕੁਲਦੀਪ ਸਿੰਘ ਵੀ ਕਬੀਲਦਾਰ ਹੋ ਗਿਆ ਸੀ। ਉਹ ਦੋ ਸੁੰਦਰ ਸੁਸ਼ੀਲ ਬੇਟੀਆਂ ਦਾ ਬਾਪ ਸੀ। ਵੱਡੀ ਰਜਵੰਤ (ਰੋਜ਼ੀ) ਹੁਣ ਵੀਹ ਸਾਲ ਦੀ ਹੋ ਗਈ ਸੀ ਜੋ ਗਰੈਜੂਏਟ ਕਰਕੇ ਮਾਸਟਰ ਦੀ ਤਿਆਰੀ ਕਰ ਰਹੀ ਸੀ। ਛੋਟੀ ਪਰਮਜੀਤ (ਪਿੰਕੀ) ਅਜੇ ਸਕੂਲ ਵਿੱਚ ਪੜ੍ਹਦੀ ਸੀ। ਭਾਵੇਂ ਉਸ ਦਾ ਖੇਤੀ ਵਿਚੋਂ ਮਸੀਂ ਗੁਜ਼ਾਰਾ ਹੁੰਦਾ ਸੀ, ਪਰ ਉਸ ਦੀ ਜੀਵਨ ਸਾਥਣ ਬਹੁਤ ਸਬਰ ਸ਼ੁਕਰ ਵਾਲੀ ਸੀ। ਦੋਵੇਂ ਜੀਅ ਹਰ ਹਾਲ ਆਪਣੀਆਂ ਧੀਆਂ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਸੀ। ਉੱਧਰ ਜਗਦੀਪ ਦੇ ਘਰ ਭਾਵੇਂ ਅੰਨ੍ਹਾਂ ਪੈਸਾ ਸੀ, ਪਰ ਉਸ ਦੀ ਬੀਵੀ ਹਮੇਸ਼ਾ ਕੋਈ ਨਾ ਕੋਈ ਸ਼ਿਕਾਇਤ ਕਰਦੀ ਹੀ ਰਹਿੰਦੀ। ਲੜਾਈ ਝਗੜੇ ਵਾਲੇ ਘਰੇਲੂ ਮਹੌਲ ਵਿੱਚ ਹੀ ਉਸ ਦੇ ਲੜਕਾ ਲੜਕੀ ਵੀ ਜਵਾਨ ਹੋ ਗਏ ਸਨ। ਖੁਲ੍ਹਾ ਖਰਚ ਪਰ ਮਾਪਿਆਂ ਵਲੋਂ ਅਣਗਹਿਲੀ ਕਾਰਨ ਦੋਵੇਂ ਬੱਚੇ ਆਪਹੁਦਰੇ ਸਨ। ਲੜਕੇ ਨੇ ਤਾਂ ਆਪਣੀ ਮਰਜ਼ੀ ਨਾਲ ਲਵ- ਮੈਰਿਜ ਵੀ ਕਰਵਾ ਲਈ ਜਦ ਕਿ- ਕਾਲਜ ਪੜ੍ਹਦੀ ਲੜਕੀ ਵੀ ਆਪਣੇ ਬੁਆਏ ਫਰੈਂਡ ਨਾਲ ਬਾਹਰ ਰਾਤਾਂ ਗੁਜ਼ਾਰ ਆਉਂਦੀ।
ਕਹਿੰਦੇ ਹਨ ਕਿ- ਜ਼ਿੰਦਗੀ ਕਈ ਬਾਰ ਚੰਗੇ ਬੰਦਿਆਂ ਦੇ ਵੀ ਇਮਤਿਹਾਨ ਲੈਂਦੀ ਹੈ। ਇੱਕ ਦਿਨ ਕੁਲਦੀਪ ਸਿੰਘ ਦਾ, ਆਪਣੇ ਗੁਆਂਢੀ ਜ਼ਿਮੀਦਾਰ ਨਾਲ, ਪਾਣੀ ਦੀ ਵਾਰੀ ਤੋਂ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਇਸ ਤੋਂ ਕਹੀ ਉਸ ਦੇ ਨੌਕਰ ਦੇ ਮਾਰੀ ਗਈ। ਭਾਵੇਂ ਕੋਈ ਖਾਸ ਫੱਟ ਨਹੀਂ ਸੀ ਲੱਗਾ- ਪਰ ਅਗਲਿਆਂ ਨੇ ਕੇਸ ਕਰ ਦਿੱਤਾ। ਪੁਲਿਸ ਕੁਲਦੀਪ ਸਿੰਘ ਨੂੰ ਫੜ ਕੇ ਲੈ ਗਈ। ਮਸਾਂ ਜਮਾਨਤ ਹੋਈ ਪਰ ਕੇਸ ਚੱਲ ਪਿਆ। ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ। ਰੋਜ਼ੀ ਹੋਰ ਪੜ੍ਹਨ ਦਾ ਖਿਆਲ ਛੱਡ, ਨੌਕਰੀ ਲੱਭਣ ਲੱਗੀ। ਪਰ ਨੌਕਰੀ ਕਿਹੜਾ ਧਰੀ ਪਈ ਸੀ। ਬੇਵਸ ਹੋਏ ਕੁਲਦੀਪ ਸਿੰਘ ਨੂੰ ਆਪਣੇ ਵਕੀਲ ਦੋਸਤ ਦਾ ਖਿਆਲ ਆਇਆ। ਉਹ ਦੋਵੇਂ ਪਿਓ ਧੀ, ਸ਼ਹਿਰ ਉਸ ਕੋਲ ਮਦਦ ਲਈ ਗਏ। ਆਪਣੀ ਸਮੱਸਿਆ ਦੱਸੀ। ਰੋਜ਼ੀ ਦਾ ਗੋਰਾ ਨਿਸ਼ੋਹ ਰੰਗ, ਭਰਵਾਂ ਸਰੀਰ, ਸਰੂ ਵਰਗਾ ਕੱਦ, ਚਿਹਰੇ ਤੇ ਮਾਸੂਮੀਅਤ ਦੇਖ, ਵਕੀਲ ਸਾਹਿਬ ਦਾ ਦਿਲ ਬੇਈਮਾਨ ਹੋ ਗਿਆ। ਜਦ ਰੋਜ਼ੀ ਨੇ ਆਪਣੇ ਪਿਤਾ ਸਮਾਨ ਅੰਕਲ ਨੂੰ, ਆਪਣੇ ਪਿਤਾ ਦੇ ਕੇਸ ਦੀ ਪੈਰਵੀ ਕਰਨ ਲਈ ਵਾਸਤਾ ਪਾਇਆ ਤਾਂ ਉਸ ਨੇ ਰੋਜ਼ੀ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਕਿਹਾ-
‘ਕੋਈ ਫਿਕਰ ਨਾ ਕਰ, ਮੈਂ ਤੇਰੇ ਬਾਪ ਨੂੰ ਬਰੀ ਕਰਾਉਣ ਲਈ ਆਪਣਾ ਸਾਰਾ ਜ਼ੋਰ ਲਾ ਦਿਆਂਗਾ’।
‘ਜੇ ਕਿਤੇ ਇਸ ਨੂੰ ਛੋਟੀ ਮੋਟੀ ਨੌਕਰੀ ਮਿਲ ਜਾਵੇ ਤਾਂ..! ਪਰ ਜਵਾਨ ਬੇਟੀ ਨੂੰ ਸ਼ਹਿਰ ਭੇਜਣ ਤੋਂ ਵੀ ਡਰ ਲਗਦਾ..!’ ਗੱਲ ਅਜੇ ਕੁਲਦੀਪ ਦੇ ਮੂੰਹ ਵਿੱਚ ਹੀ ਸੀ ਕਿ ਵਕੀਲ ਸਾਹਿਬ ਬੋਲ ਪਏ-
‘ਓ ਯਾਰ ..ਇਹ ਤੇਰੀ ਧੀ ਮੇਰੀ ਵੀ ਕੁੱਝ ਲਗਦੀ ਆ..ਤੂੰ ਇਹ ਫਿਕਰ ਮੇਰੇ ਤੇ ਛੱਡ ਦੇਹ..ਇਹ ਹੁਣ ਮੇਰੇ ਕੋਲ ਕੰਮ ਕਰੇਗੀ..!’
ਕੁਲਦੀਪ ਆਪਣੇ ਇਸ ਰੱਬ ਬਣ ਕੇ ਬਹੁੜੇ ਦੋਸਤ ਦੇ ਅਹਿਸਾਨਾਂ ਥੱਲੇ ਦਬਦਾ ਜਾ ਰਿਹਾ ਸੀ। ਉਹ ਭੋਲਾ ਭਾਲਾ ਇਨਸਾਨ ਵਕੀਲ ਸਾਹਿਬ ਦੇ ਅੰਦਰੋਂ ਬੋਲ ਰਹੇ ਸ਼ੈਤਾਨ ਨੂੰ ਨਾ ਸਮਝ ਸਕਿਆ। ਉਸ ਨੂੰ ਲੱਗਾ ਕਿ ਇਹ ਮੇਰੀ ਧੀ ਨੂੰ, ਆਪਣੀ ਧੀ ਸਮਝ ਕੇ ਪਿਆਰ ਜਤਾ ਰਿਹਾ ਹੈ।
ਰੋਜ਼ੀ ਨੇ ਮਿਹਨਤ ਤੇ ਲਿਆਕਤ ਸਦਕਾ, ਛੇਤੀ ਹੀ ਵਕੀਲ ਸਾਹਿਬ ਦੇ ਕੈਬਿਨ ਦਾ ਸਾਰਾ ਕੰਮ ਸੰਭਾਲ ਲਿਆ। ਉਹ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਵਿੱਚ ਵਿਅਸਤ ਰਹਿੰਦੀ। ਹਰੇਕ ਕੇਸ ਦੀ ਫਾਈਲ ਤਿਆਰ ਕਰਨਾ, ਪਬਲਿਕ ਨੂੰ ਵੀ ਡੀਲ ਕਰਨਾ ਤੇ ਕਈ ਵਾਰੀ ਵਕੀਲ ਸਾਹਿਬ ਦੇ ਨਾਲ ਫਾਈਲਾਂ ਲੈ ਕੇ ਕੋਰਟ ਵੀ ਜਾਣਾ। ਉਸ ਦੇ ਮਿੱਠ-ਬੋਲੜੇ ਸੁਭਾਉ ਕਾਰਨ ਹੁਣ ਵਕੀਲ ਸਾਹਿਬ ਦੀ ਪ੍ਰੈਕਟਿਸ ਖੂਬ ਚਮਕ ਪਈ ਸੀ। ਉਸ ਦੇ ਨਾਲ ਕੰਮ ਕਰਦਾ ਇੱਕ ਹੋਰ ਨੌਜਵਾਨ ਲੜਕਾ, ਉਸ ਦੇ ਮਿਹਨਤੀ ਸੁਭਾਅ ਕਾਰਨ, ਉਸ ਦੀ ਬਹੁਤ ਇੱਜ਼ਤ ਕਰਦਾ। ਰੋਜ਼ੀ ਕੰਮ ਨੂੰ ਤਾਂ ਪੂਜਾ ਸਮਝ ਕੇ ਕਰਦੀ- ਪਰ ਉਸ ਨੂੰ ਵਕੀਲ ਸਾਹਿਬ ਦੀ ਸ਼ਰਾਰਤ ਭਰੀ ਤੱਕਣੀ ਅਤੇ ਬਾਰ ਬਾਰ ਜੱਫੀਆਂ ਪਾਉਣਾ.. ਹੱਥ ਫੜ ਲੈਣਾ..ਉੱਕਾ ਹੀ ਪਸੰਦ ਨਹੀਂ ਸੀ। ਪਰ ਉਹ ਆਪਣੇ ਪਿਤਾ ਜੀ ਦੇ ਬਰੀ ਹੋਣ ਤੱਕ ਸਭ ਕੁੱਝ ਬਰਦਾਸ਼ਤ ਕਰੀ ਗਈ।
ਅੱਜ ਉਸ ਦੇ ਪਿਤਾ ਜੀ ਬਰੀ ਹੋ ਗਏ ਸਨ। ਘਰ ਦਾ ਮਹੌਲ ਖੁਸ਼ਗਵਾਰ ਸੀ। ਪਿਤਾ ਨੇ ਰੋਜ਼ੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ, ਰੱਬ ਦੇ ਨਾਲ ਹੀ, ਆਪਣੇ ਦੋਸਤ ਦਾ ਵੀ ਸ਼ੁਕਰਾਨਾ ਕੀਤਾ। ਉਸ ਦਾ ਦਿਲ ਕੀਤਾ ਕਿ ਪਿਤਾ ਨੂੰ ਸਾਫ ਸਾਫ ਉਸ ਦੀਆਂ ਕਰਤੂਤਾਂ ਦੱਸ ਦੇਵੇ, ਪਰ ਪਿਤਾ ਜੀ ਦੇ ਚਿਹਰੇ ਦੀ ਰੌਣਕ ਅੱਜ ਬੜੇ ਚਿਰਾਂ ਬਾਅਦ ਪਰਤੀ ਸੀ- ਜਿਸ ਨੂੰ ਉਹ ਇੰਨੀ ਛੇਤੀ ਗੁਆਉਣਾ ਨਹੀਂ ਸੀ ਚਾਹੁੰਦੀ। ਤਾਂ ਵੀ ਉਸ ਦੇ ਮੂੰਹੋਂ ਇੰਨਾ ਤਾਂ ਨਿਕਲ ਹੀ ਗਿਆ-
‘ਪਿਤਾ ਜੀ ਕਿਸੇ ਬੰਦੇ ਦੀ ਰੱਬ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ..ਬੰਦਿਆਂ ਵਿੱਚ ਸੌ ਔਗੁਣ ਹੁੰਦੇ ਨੇ.. ਪਰ ਰੱਬ ਤਾਂ ਇਸ ਸਭ ਕਾਸੇ ਤੋਂ ਨਿਰਲੇਪ ਹੈ’।
‘ਪੁੱਤਰ ਇਹਨਾਂ ਬੰਦਿਆਂ ਨੂੰ ਵੀ ਰੱਬ ਹੀ ਭੇਜਦਾ..ਸਾਡੇ ਵਰਗਿਆਂ ਦੀ ਮਦਦ ਲਈ..!’ ਸੁਣ ਉਹ ਚੁੱਪ ਹੋ ਗਈ।
ਭਾਵੇਂ ਰੋਜ਼ੀ ਨੂੰ ਆਪਣੇ ਕੰਮ ਦੀ ਵਧੀਆ ਤਨਖਾਹ ਮਿਲ ਜਾਂਦੀ ਸੀ, ਜਿਸ ਕਾਰਨ ਘਰ ਦੀ ਆਰਥਿਕ ਹਾਲਤ ਕੁੱਝ ਸੁਧਰ ਗਈ ਸੀ- ਪਰ ਉਹ ਕਿਸੇ ਤਰ੍ਹਾਂ ਹੁਣ ਉਸ ਦੇ ਚੁੰਗਲ ‘ਚੋਂ ਬਾਹਰ ਨਿਕਲਣ ਦੀ ਸੋਚ ਰਹੀ ਸੀ। ਇਸ ਲਈ ਪਹਿਲਾਂ ਮਾਪਿਆਂ ਨੂੰ ਰਾਜ਼ੀ ਕਰਨਾ ਜਰੂਰੀ ਸੀ। ਪਰ ਜਿਉਂ ਹੀ ਉਹ ਕਦੇ ਇਸ ਸਬੰਧ ਵਿੱਚ ਕੁੱਝ ਕਹਿਣ ਲਗਦੀ- ਮਾਪੇ ਝਿੜਕ ਕੇ ਚੁੱਪ ਕਰਾ ਦਿੰਦੇ ਕਿ- ‘ਤੈਂਨੂੰ ਗਲਤ ਫਹਿਮੀ ਹੋਈ ਹੈ..ਉਹ ਤੇਰੇ ਬਾਪ ਸਮਾਨ ਹੈ’।
‘ਇੱਕ ਲੜਕੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ-ਬਾਪ ਨਾਲ ਹੁੰਦਾ ਹੈ.. ਪਰ ਜੇ ਮੇਰੇ ਮਾਂ ਬਾਪ ਹੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਹੋਰ ਕਿਸੇ ਤੋਂ ਮੈਂ ਕੀ ਆਸ ਰੱਖਾਂ? ਜੇ ਕੱਲ੍ਹ ਨੂੰ ਕੋਈ ਮੰਦਭਾਗੀ ਘਟਨਾ ਮੇਰੇ ਨਾਲ ਵਾਪਰ ਗਈ.. ਤਾਂ ਕੀ ਇਹ ਸਮਾਜ ਮੇਰਾ ਸਾਥ ਦੇਵੇਗਾ..? ਕਦੇ ਨਹੀਂ..! ਇਸ ਨੇ ਤਾਂ ਸੀਤਾ ਮਾਤਾ ਨੂੰ ਨਹੀਂ ਬਖਸ਼ਿਆ..!’ ਉਹ ਮਨ ਹੀ ਮਨ ਉਬਲਦੀ ਰਹੀ।
ਉਸ ਦਾ ਦਿੱਲ ਕੀਤਾ ਕਿ- ਕਿਸੇ ਦੇ ਮੋਢੇ ਸਿਰ ਧਰ, ਦਿੱਲ ਹੌਲਾ ਕਰੇ..ਪਰ ਕਿਸ ਦੇ?..ਭੈਣ ਵੀ ਛੋਟੀ ਸੀ..ਵੈਸੇ ਉਹ ਉਸ ਨੂੰ ਕੁੱਝ ਦੱਸ ਕੇ ਡਿਸਟਰਬ ਵੀ ਨਹੀਂ ਸੀ ਕਰਨਾ ਚਾਹੁੰਦੀ, ਮਤੇ ਉਸ ਦੀ ਪੜ੍ਹਾਈ ਤੇ ਅਸਰ ਪਵੇ। ਕਿਸੇ ਸਹੇਲੀ ਨਾਲ ਗੱਲ ਕਰਕੇ, ਉਹ ਬਦਨਾਮ ਹੋਣਾ ਨਹੀਂ ਸੀ ਚਾਹੁੰਦੀ। ਆਖਿਰ ਉਹ ਕਰੇ ਤਾਂ ਕੀ ਕਰੇ..? ਇਸੇ ਕਸ਼ਮਕਸ਼ ਵਿੱਚ ਉਹ ਦਿਨ ਕਟੀ ਕਰ ਰਹੀ ਸੀ।
‘ਕੋਈ ਹੋਰ ਜੌਬ ਹੱਥ ‘ਚ ਕਰਕੇ, ਇਸ ਕਮੀਨੇ ਨੂੰ ਅਸਤੀਫਾ ਦੇ ਦਿਆਂਗੀ’ ਇਹ ਸੋਚ ਉਸ ਇੱਕ ਦੋ ਜੌਬ ਲਈ ਅਪਲਾਈ ਕਰ ਦਿੱਤਾ।
‘ਉਹ ਲਗਦੀ ਵਾਹ ਉਸ ਨੂੰ ਇਕੱਲਿਆਂ ਕਦੇ ਨਹੀਂ ਮਿਲੇਗੀ..’ ਉਸ ਆਪਣੇ ਮਨ ਨਾਲ ਫੈਸਲਾ ਕੀਤਾ।
ਇੱਧਰ ਵਕੀਲ ਹੁਣ ਕੋਈ ਬਹਾਨਾ ਭਾਲਦਾ ਸੀ..ਉਸ ਨੂੰ ਇਕੱਲੇ ਮਿਲਣ ਦਾ। ਇੱਕ ਦਿਨ ਉਹ ਧੋਖੇ ਨਾਲ ਕੋਰਟ ਕੇਸ ਲਿਜਾਣ ਦੇ ਬਹਾਨੇ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ ਤੇ ਉਸ ਦਾ ਹੱਥ ਫੜ ਕੇ ਕਹਿਣ ਲੱਗਾ-
‘ਅੱਜ ਏਥੇ ਰੁਕਣਾ ਪਏਗਾ..ਕੱਲ ਕੇਸ ਦੀ ਸੁਣਵਾਈ ਹੈ..ਮੈਂ ਹੋਟਲ ਦੇ ਦੋ ਕਮਰੇ ਬੁੱਕ ਕਰਾ ਲਏ ਹਨ..ਡੌਂਟ ਵਰੀ!’ ਰੋਜ਼ੀ ਨੂੰ ਦਾਲ ਵਿੱਚ ਕੁੱਝ ਕਾਲਾ ਲੱਗਾ। ਉਹ ਥੱਕੀ ਹੋਣ ਦਾ ਬਹਾਨਾ ਕਰਕੇ, ਹੋਟਲ ਦੇ ਆਪਣੇ ਕਮਰੇ ਵਿੱਚ ਚਲੀ ਗਈ।
‘ਮੇਰਾ ਕਮਰਾ ਇਹ ਨਾਲ ਦਾ ਹੀ ਹੈ.. ਕਿਸੇ ਤਰ੍ਹਾਂ ਦੀ ਲੋੜ ਹੋਈ ਤਾਂ ਦੱਸ ਦੇਵੀਂ..ਝਿਜਕਣ ਦੀ ਲੋੜ ਨਹੀਂ..ਮੈਂ ਤੇਰਾ ਆਪਣਾ ਹਾਂ..’ ਉਹ ਬੋਲੀ ਜਾ ਰਿਹਾ ਸੀ- ਪਰ ਰੋਜ਼ੀ ਸਭ ਅਣਸੁਣਿਆਂ ਕਰ ਰਹੀ ਸੀ।
‘ਮੇਰਾ ਸਿਰ ਫਟ ਰਿਹਾ ਹੈ, ਕਿਰਪਾ ਕਰਕੇ ਮੈਂਨੂੰ ਸੌਂ ਜਾਣ ਦਿਓ ਸਰ..’ ਕਹਿ ਉਹ ਪਰਸ ਵਿਚੋਂ ਸਿਰ ਦਰਦ ਦੀ ਗੋਲੀ ਲੱਭਣ ਲੱਗੀ। ਉਸ ਦੀਆਂ ਹਰਕਤਾਂ ਦੇਖ, ਹੁਣ ਉਸ ਨੂੰ ਅੰਕਲ ਕਹਿਣ ਨੂੰ ਵੀ, ਉਸ ਦਾ ਜੀਅ ਨਹੀਂ ਸੀ ਕਰਦਾ। ਉਸ ਦੀ ਪਿੱਠ ਮੋੜਨ ਦੀ ਦੇਰ ਸੀ, ਕਿ ਵਕੀਲ ਸਾਹਿਬ ਨੇ ਪਾਣੀ ਵਿੱਚ ਕੁੱਝ ਮਿਲਾ ਦਿੱਤਾ। ਰੋਜ਼ੀ ਨੇ ਬੇ-ਧਿਆਨੇ ਵਿੱਚ ਹੀ ਗੋਲੀ ਖਾ ਲਈ ਤੇ ਕੁੰਡੀ ਬੰਦ ਕਰਨ ਲੱਗੀ। ਵਕੀਲ ਦੇ ਅੰਦਰ ਬੈਠੇ ਹੈਵਾਨ ਨੇ ਕਮਰੇ ਦੀ ਚਾਬੀ ਪਹਿਲਾਂ ਹੀ ਚੁੱਕ ਲਈ ਸੀ।
ਛੇਤੀ ਹੀ ਰੋਜ਼ੀ ਨੂੰ ਬੇਹੋਸ਼ੀ ਵਾਲੀ ਨੀਂਦ ਆ ਗਈ। ਉਸ ਤੋਂ ਬਾਅਦ ਉਸ ਨਾਲ ਕੀ ਹੋਇਆ- ਉਸ ਨੂੰ ਕੁੱਝ ਪਤਾ ਨਹੀਂ। ਸਵੇਰੇ ਜਦ ਉਹ ਹੋਸ਼ ਵਿੱਚ ਆਈ ਤਾਂ ਆਪਣਾ ਹੁਲੀਆ ਦੇਖ, ਉਹ ਘਬਰਾ ਗਈ। ਜਿਸ ਦਾ ਡਰ ਸੀ ਉਸ ਨੂੰ, ਉਹੀ ਭਾਣਾ ਵਾਪਰ ਗਿਆ ਸੀ ਉਸ ਨਾਲ!
‘ਕਿਹੜਾ ਮੂੰਹ ਲੈ ਕੇ ਘਰ ਜਾਵਾਂ..?’ ਉਹ ਧੁਰ ਅੰਦਰ ਤੱਕ ਕੰਬ ਗਈ।
‘ਕਮੀਨੇ ਤੈਨੂੰ ਵੀ ਹਿਸਾਬ ਭੁਗਤਣਾ ਪਏਗਾ..’ ਦੂਜੇ ਹੀ ਪਲ, ਬਦਲੇ ਦੀ ਭਾਵਨਾ ਨਾਲ ਉਸ ਦਾ ਅੰਦਰ ਉਬਾਲੇ ਖਾਣ ਲੱਗਾ।
‘ਕਿਸੇ ਕੋਲ ਗੱਲ ਨਾ ਕਰੀਂ..ਮੇਰੇ ਤੇ ਤਾਂ ਕਿਸੇ ਨੇ ਸ਼ੱਕ ਨਹੀਂ ਕਰਨਾ..ਤੇਰੀ ਬਦਨਾਮੀ ਹੋਏਗੀ..’ ਉਹ ਕੋਲ ਖੜਾ ਖਚਰੀ ਹਾਸੀ ਹੱਸ ਰਿਹਾ ਸੀ।
ਉਹ ਕੁੱਝ ਨਾ ਬੋਲੀ। ਬਾਥ ਰੂਮ ਗਈ..ਆਪਣੇ ਆਪ ਨੂੰ ਸੰਭਾਲਿਆ..ਪਰਸ ਵਿਚੋਂ ਫੇਰ ਗੋਲੀ ਲੱਭਣ ਦੀ ਕੋਸ਼ਿਸ਼ ਕਰਦੀ ਨੂੰ, ਰਸਤੇ ਵਿੱਚ ਸੇਬ ਕੱਟਣ ਲਈ ਰੱਖਿਆ ਚਾਕੂ ਹੱਥ ਲੱਗ ਗਿਆ।
‘ਸਿਰ ਦਰਦ ਦੀ ਦਵਾਈ ਲਿਆ ਦਿਆਂ..?’ ਕਹਿੰਦਿਆਂ ਹੋਇਆਂ ਜਿਉਂ ਹੀ ਉਹ ਨੇੜੇ ਹੋਇਆ.. ਤਾਂ ਉਸ ਫੁਰਤੀ ਨਾਲ ਚਾਕੂ ਉਸ ਦੀਆਂ ਰਗਾਂ ਤੇ ਇੰਨੀ ਜ਼ੋਰ ਦੀ ਫੇਰਿਆ ਕਿ ਉਹ ਉਥੇ ਹੀ ਢੇਰੀ ਹੋ ਗਿਆ।
ਹੋਟਲ ਵਿੱਚ ਰੌਲ਼ਾ ਪੈ ਗਿਆ..ਵਕੀਲ ਜਗਦੀਪ ਸਿੰਘ ਦਾ ਕਤਲ ਹੋ ਗਿਆ..ਪੁਲਿਸ ਆਈ.. ਰੋਜ਼ੀ ਨੇ ਗੁਨਾਹ ਕਬੂਲ ਕਰ ਲਿਆ। ਉਸ ਨੂੰ ਸਜ਼ਾ ਦਾ ਕੋਈ ਡਰ ਨਹੀਂ ਸੀ..ਸਗੋਂ ਉਸ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਸੀ ਤੇ ਉਸ ਦੇ ਮਨ ਨੂੰ ਤਸੱਲੀ ਸੀ ਕਿ- ਉਸ ਨੇ ਇੱਕ ਰਾਵਣ ਦਾ ਅੰਤ ਕੀਤਾ ਹੈ।
ਦੁਸਹਿਰੇ ਤੋਂ ਅਗਲੇ ਦਿਨ ਰੋਜ਼ੀ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਸ ਦੇ ਪਿਤਾ ਨੂੰ ਪਛਤਾਵਾ ਸੀ ਕਿ- ਉਸ ਨੇ ਧੀ ਦੀ ਗੱਲ ਅਣਸੁਣੀ ਕਿਊਂ ਕਰ ਛੱਡੀ? ਪਰ ਹੁਣ ਕੀ ਹੋ ਸਕਦਾ ਸੀ? ਉਸ ਨੇ ਧੀ ਨੂੰ ਬਰੀ ਕਰਾਉਣ ਲਈ ਪੂਰੀ ਵਾਹ ਲਾਈ। ਪਰ ਰੋਜ਼ੀ ਨੇ ਆਪਣੇ ਬਿਆਨ ਵਿੱਚ ਕਿਹਾ-
“ਕਾਗਜ਼ਾਂ ਦੇ ਰਾਵਣ ਨੂੰ ਫੂਕਣ ਵਾਲਿਓ..ਮੈਂਨੂੰ ਪਤਾ ਸੀ ਕਿ ਇਸ ਰਾਵਣ ਨੂੰ ਕੋਈ ਸਜ਼ਾ ਨਹੀਂ ਹੋਣੀ..ਕਿਊਕਿ ਇਹ ਰਾਵਣ ਇੱਕ ਸ਼ਾਤਰ ਦਿਮਾਗ ਵਕੀਲ ਸੀ..ਸਿਆਸੀ ਬੰਦਿਆਂ ਤੱਕ ਇਸ ਦੀ ਪਹੁੰਚ ਸੀ..ਜੇ ਇਹ ਜਿਉਂਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੀਆਂ ਸੀਤਾ ਸਵਿੱਤਰੀਆਂ ਦੇ ਸਤ ਭੰਗ ਕਰਦਾ..ਇਹ ਦਸ ਸਿਰਾਂ ਵਾਲੇ ਰਾਵਣ ਤੋਂ ਵੀ ਵੱਧ ਖਤਰਨਾਕ ਸੀ..ਇਸੇ ਲਈ ਮੈਂ ਇਸ ਦਾ ਅੰਤ ਕੀਤਾ ਹੈ..ਹੁਣ ਤੁਸੀਂ ਮੈਂਨੂੰ ਇਸ ਗੁਨਾਹ ਬਦਲੇ ਜੋ ਵੀ ਸਜ਼ਾ ਦਿਓ..ਮੈਂ ਭੁਗਤਣ ਲਈ ਤਿਆਰ ਹਾਂ..”
ਉਸ ਦੇ ਪਿੰਡ ਦੇ ਲੋਕ ਮੂੰਹ ਵਿੱਚ ਉਂਗਲਾਂ ਪਾਈ, ਇੱਕ ਲੜਕੀ ਦੇ ਹੌਸਲੇ ਦੀ ਦਾਦ ਦੇ ਰਹੇ ਸਨ।
ਹੱਕ ਦੇ ਨਿਬੇੜੇ
ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ। ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ। “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ। ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂ। ਇੱਕ ਬੰਦਾ ਘਰ ਵੀ ਜਰੂਰੀ ਐ। ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐ। ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ”, ਜੰਗੀਰ ਸਿੰਓ ਨੇ ਖੂੰਡਾ ਥੱੜ੍ਹੇ ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾ।
“ਕੀ ਦੱਸਾਂ ਤਾਇਆ ਲੋਕ ਤਾਂ ਰੋਲ ਕੇ ਰੱਖ ਦਿੱਤੇ ਐ। ਇੱਕ ਤਾਂ ਪੋਹ-ਮਾਘ ਦੀ ਠੰਡ ਤੇ ਮੀਂਹ…… ਬੜਾ ਔਖਾ ਹੋਇਆ ਪਿਆ। ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐ। ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਦੇ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ……ਲੰਗਰ ਛੱਕਣ ਆਏ ਐ”, ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾ।
“ਓਏ ਇਨ੍ਹਾਂ ਕੰਜਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛੱਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂ। ਅੰਨਦਾਤੇ ਹਾਂ ਇਸ ਦੇਸ਼ ਦੇ…। ਘਰਾਂ ਦੇ ਘਰ ਉਜੜ ਰਹੇ ਐ। ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾ। ਇਹ ਵੱਕਤ ਕਿਸੇ ਸੰਤਾਪ ਜਾਂ ਹੱiਲ਼ਆਂ ਤੋਂ ਘੱਟ ਨਹੀਂ ਐ। ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…। ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇ। ਦੁੱਖ ਤਾਂ ਬੜਾ ਹੁੰਦਾ ਐ ਪਰ ਵੱਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵੱਕਤ ਆਵੇਗਾ। ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇ। ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍ਹ……”, ਜੰਗੀਰ ਸਿੰਓ ਦੇ ਚਿਹਰੇ ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇੱਕਠੇ ਉਭਰ ਕੇ ਇੱਕ ਵੰਗੱਰ ਬਣ ਰਹੇ ਸੀ।
ਮਹਾਂਮਾਰੀ
ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ । ਲੰਬੜ ਧੜਾ ਆਖੇ – “ਬਾਵੇ ਦਾ ਮੁੰਡਾ ਕਿਸ਼ਨ ਹੀ ਅਗਲਾ ਪਾਂਧਾ ਬਣੂ । ਉਹਦਾ ਹੱਕ ਬਣਦਾ । ਸਾਰਾ ਕੁਝ ਤਾਂ ਉਹ ਜਾਣਦਾ । ਉਹਦਾ ਬਾਪ ਸਮਝਾਉਂਦਾ ਰਿਹਾ ਚਿਰ ਤੋਂ ।ਟਿੱਕਾ ਕਿੱਦਾਂ ਲਾਉਣਾ , ਜੋਤ ਕਿੱਥੇ ਰੱਖਣੀ ਆ , ਆਰਤੀ ਕਿੱਦਾਂ ਕਰਨੀ ਆ । ਹੋਰ ਕਰਨਾ ਕੀ ਹੁੰਦਾ , ਸਵੇਰੇ ਸ਼ਾਮੀਂ ।” ਓਧਰ ਹੁਕਮ ਚੰਦ ਪਹਿਲਾਂ ਕੱਲਾ ਸੀ ਫਿਰ ਪੰਜ-ਸੱਤ ਜਣੇ ਹੋਰ ਜੁੜ ਗਏ । ਉਹ ਹੋਰ ਈ ਬੋਲੀ ਬੋਲਣ – ‘ਪਾਂਧਾ ਨਹੀਂ ਹੁਣ ਪੁਜਾਰੀ ਚਾਹੀਦਾ ਪਿੰਡ ਨੂੰ । ਸਮੇਂ ਬਦਲ ਗਏ ਆ । ਪੜ੍ਹਿਆ-ਲਿਖਿਆ ਪੁਜਾਰੀ , ਪੂਜਾ ਪਾਤਰ, ਵੈਦਿਕ ਸ਼ਾਸ਼ਤਰਾਂ ਦਾ ਗਿਆਤਾ , ਸ਼ੁੱਧ-ਭਾਸ਼ਾ-ਸ਼ਾਸ਼ਤਰੀ । ‘ ਲੱਭੂ ਲੰਬੜ ਹੈਰਾਨ-ਪ੍ਰੇਸ਼ਾਨ । ਉਸ ਦੇ ਜੋਟੀਦਾਰ ਉਸ ਤੋਂ ਵੀ ਵੱਧ । ਉਹ ਆਖਣ- ‘ਏਹ ਹੁਕਮੇ ਬਾਮ੍ਹਣ ਨੂੰ ਕੀ ਹੋ ਗਿਆ । ਚਾਰ ਦਿਨ ਭਰਾ ਕੋਲ ਕਾਦ੍ਹਾ ਗਿਆ , ਛੋਟੇ ਭਾਈ ਬਸ਼ੇਸ਼ਰ ਕੋਲ । ਏਦ੍ਹੀ ਤਾਂ ਸੁਰਤ ਈ ਮਾਰੀ ਗਈ । ਏਹ ਤਾਂ ਗੱਲਾਂ ਈ ਹੋਰ ਤਰ੍ਹਾਂ ਦੀਆਂ ਕਰਨ ਲੱਗ ਪਿਆ ।ਏਨੂੰ ਕੋਈ ਪੁੱਛੇ ,ਸਵੇਰੇ-ਸ਼ਾਮੀਂ ਜੋਤ ਜਗਾਉਣੀ ,ਜਾਂ ਟੇਪ ਲਾਉਣੀ ਆ ਰੇਡੂਏ ਤੇ ਭੇਟਾਂ ਆਲੀ । ਹੋਰ ਸੀੜ ਪੁੱਟਣੀ ਆ ਭਲਾ ।ਏਨੇ ਕੰਮ ਲਈ ਬਾਹਰੇ ਗਿਆਨ-ਗੋਸ਼ਟੇ ਦੀ , ਬਹੁਤੇ ਪੜ੍ਹਿਓਂ ਲਿਖਿਓਂ ਦੀ ਕੀ ਲੋੜ । ‘
ਬਾਵਾ ਰਾਮ ਦੇ ਅਸਤ ਹਰਦੁਆਰ ਤਾਰ ਆਉਣ ਤੱਕ ਦੀ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗੀ । ਦੋਨੋਂ ਧਿਰਾਂ ਨਾ ਤਾਂ ਬਹੁਤਾ ਉਭਾਬਰ ਕੇ ਆਹਮੋ-ਸਾਹਮਣੇ ਆਈਆਂ , ਨਾ ਹੀ ਬਾਹਰਲੀਆਂ ਚੁੱਪ ਗੜੁੱਪ ਹੀ ਰਹੀਆਂ । ਹਿੱਲਦੀ –ਤੁਰਦੀ ਗੱਲ ਪਿੰਡ ਦੀ ਲਹਿੰਦੀ ਬਾਹੀ ਤੱਕ ਵੀ ਖਿੱਲਰ ਗਈ । ਲਹਿੰਦੀ ਬਾਹੀ ਗੁਰਦੁਆਰਾ ਸੀ , ਬਾਹਰਲੀ ਫਿਰਨੀ ਦੇ ਅੰਦਰ ਵੰਨੀ । ਮੂੰਹ ਚੜ੍ਹਦੇ ਪਾਸੇ । ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ । ਸਵੇਰੇ –ਸ਼ਾਮੀਂ ਗੁਰਦੁਆਰੇ ਆਉਂਦਾ ਜਾਂਦਾ , ਹਰ ਕੋਈ ਜਗੀਰੇ ਨੂੰ ਸਾਬ੍ਹ-ਸਲਾਮ ਕਰਦਾ । ਕੋਈ ਕੋਈ ਜਣਾ ਰੁਕਦਾ ਵੀ ਉਸ ਪਾਸ । ਫਤੇਹ-ਫਤਹੀ ਪਿੱਛੋਂ ਐਧਰ-ਓਧਰ ਦੀਆਂ ਕਰਦਿਆਂ ਮੰਦਰ ਮਸਲਾ ਵੀ ਛਿੜਦਾ ਰਿਹਾ । ਅੱਗੋਂ ਸਰਪੰਚ ਦੀ ਹਾਹੋ-ਅੱਛਾ ਨੇ ਕਿਸੇ ਨੂੰ ਕੋਈ ਨਿਠਵਾਂ ਉੱਤਰ ਨਹੀਂ ਸੀ ਦਿੱਤਾ ।ਜੇ ਕਿਸੇ ਨੇ ਬਾਹਰੀ ਈ ਤਾਂਘ ਜਿਹੀ ਰੱਖੀ ਤਾਂ ਕਹਿ ਛੱਡਿਆ – ‘ਏਹ ਭਾਈ ਅਗਲਿਆਂ ਦੇ ਵਿਹੜੇ ਦਾ ਮਾਮਲਾ ਐ । ਉਹਨਾਂ ਦੇ ਧਰਮ-ਕਰਮ ਦਾ ਮਸਲਾ । ਅਸੀਂ-ਤੁਸੀਂ ਬਾਹਰੀ ਨਹੀਂ ਦਖਲਅੰਦਾਜ਼ੀ ਕਰ ਸਕਦੇ । ਊਂ ਜੇ ਪੰਚੈਤ ਤੱਕ ਗੱਲ ਪੁੱਜੂ , ਫੇਰ ਸੋਚ –ਵਿਚਾਰ ਲਾਂਗੇ ।‘
ਕਹਿਣ ਨੂੰ ਤਾਂ ਉਹ ਤੋਂ ਏਹੀ ਗੱਲ ਭਾਈਆਂ ਦੇ ਕਰਮੇ ਨੂੰ ਵੀ ਆਖੀ ਗਈ , ਕਰਮਵੀਰ ਨੂੰ ਇਕ ਦਿਨ ।ਅੱਗੋਂ ਕਰਮਵੀਰ ਨੇ ਉਸਨੂੰ ਹੋਰ ਈ ਬਾਰੀਕ-ਬੀਨੀ ਕਹਿ ਸੁਣਾਈ ਜਿਸ ਨੂੰ ਸੁਣ ਕੇ ਇਕ ਵਾਰ ਤਾਂ ਜਗੀਰਾ ਜਿਵੇਂ ਅੱਧ-ਅਸਮਾਨੇ ਲਟਕ ਗਿਆ ਸੀ । ਪਿਛਲੇ ਵੀਹ ਵਰ੍ਹਿਆਂ ਤੋਂ ਲਗਾਤਾਰ ਸਰਪੰਚੀ ਕਰਦੇ ਦੀ ਉਸਦੀ ਐਹੋ ਜਿਹੀ ਦਸ਼ਾ ਕਦੀ ਨਹੀਂ ਸੀ ਬਣੀ । ਪਿਤਾ-ਪੁਰਖੀ ਢੰਗ ਦੇ ਫੈਸਲੇ ਕਰਦੇ ਉਸਦੇ ਸਰਪੰਚੀ ਸੁਭਾਅ ਨੇ ਕਿਸੇ ਵੀ ਛੋਟੇ-ਵੱਡੇ ਦੀ ਪੁੱਛ-ਗਿੱਛ ਦਾ ਕਦੀ ਸਾਵਾਂ –ਢੁੱਕਵਾਂ ਉੱਤਰ ਨਹੀਂ ਸੀ ਦਿੱਤਾ । ਉਸੇ ਚਲਾਵੀਂ ਚਾਲੇ ਚਲਦੇ ਨੇ ਉਸਨੇ ਕਰਮਵੀਰ ਨੂੰ ਵੀ ਇਵੇਂ ਹੀ ਆਖ ਦਿੱਤਾ –“ ਕਰਮਿਆਂ ਤੂੰ ਤਾਂ ਪੜ੍ਹਿਆ-ਲਿਖਿਆ ਮੁੰਡਾਂ, ਤੈਨੂੰ ਤਾਂ ਪਤਾ ਈ ਐ, ਦੂਜੇ ਦੇ ਧਰਮ-ਕਾਰਜ ‘ਚ ਆਪਾਂ ਦਖਲਅੰਦਾਜ਼ੀ ਕਿੱਦਾਂ ਕਰ ਸਕਦੇ ਆਂ, ਭਲਾ ! “
“ਮਸਲਾ ਧਰਮ-ਕਾਰਜ ਦਾ ਨਈਂ ਸਰਪੰਚ ਸਾਬ੍ਹ ਮਸਲਾ ਪਿੰਡ ਦਾ ਐ । ਪਿੰਡ ਦੇ ਤਾਣੇ-ਬਾਣੇ ਨੂੰ ਬਦਲਵੇਂ ਰੰਗ ‘ਚ ਰੰਗਣ ਦਾ ਆ , ਇੱਕ ਖਾਸ ਤਰ੍ਹਾਂ ਦਾ ਚੋਗਾ-ਧਾਰੀ ਮੰਦਰ ‘ਚ ਬੀੜ ਕੇ । ਤੂਹਾਨੂੰ ਪਤਾ ਤਾਂ ਹੈ ਈ , ਹੁਕਮ ਚੰਦ ਦਾ ਭਰਾ ਠੇਕੇਦਾਰੀ ਕਰਦਾ ਮੋਦੀ ਨਗਰ ਬੰਦਰਗਾਹ ‘ਤੇ । ਉਸਦਾ ਤਾਲਮੇਲ ਅੱਗੋਂ ਮੋਟੇ ਸ਼ਾਹੂਕਾਰਾਂ ਆਪਦੀ ਮਨਮਰਜ਼ੀ ਸਰਕਾਰਾਂ ਬਣਾਉਂਦੇ ਹਰ ਥਾਂ । ਲੋਕ ਮਸਲਿਆਂ ਦੀ ਥਾਂ ਸਰਕਾਰਾਂ ਵੱਡੇ-ਘਰਾਂ ਦੀ ਜੀ ਹਜ਼ੂਰੀ ਦੀ ਕਰਦਿਆਂ ਜਾਂ ਜਾਤਾਂ-ਗੋਤਾਂ ਧਰਮਾਂ ਦੀ ਆੜ ‘ਚ ਵੋਟਾਂ ਦੀ ਪੈਰਵੀ । ਹੁਣ ਉਹੀ ਪੈਰਵੀ ਪਿੰਡਾਂ ਥਾਵਾਂ ਦੇ ਵੋਟਰ ਭਰਮਾਉਣ ਵੱਲ ਨੂੰ ਨਿਕਲ ਤੁਰੀ ਆ । ਹੁਕਮ ਚੰਦ ਤਾਂ ਨਿਰਾ ਹੱਥ-ਠੋਕਾ ਈ ਆ ਉਹਨਾਂ ਦਾ ।“
“ਕਿਹੋ ਜਿਹੀਆਂ ਗੱਲਾਂ ਕਰਦਾਂ ਤੂੰ ਪਾੜ੍ਹਿਆ । ਏਹ ਵੋਟਾਂ ਦੀ ਘੈਂਸ-ਘੈਂਸ ਸਾਡੇ ਮੰਦਰ ਤੱਕ ਕਿੱਦਾਂ ਅੱਪੜ ਗਈ । ਮਸਲਾ ਤਾਂ ਅਗਲਾ ਪਾਂਧਾ ਰੱਖਣ ਦਾ । ਮੇਰੇ ਲਈ ਜਿਹੋ ਜਿਹਾ ਹੁਕਮਾ, ਉਹੋ ਜਿਹਾ ਲੱਭੂ । ਦੋਨੋਂ ਬਰਾ-ਬਰੋਬਰ ਦੇ ਪੰਚੈਤ, ਇਕੋ ਵਿਹੜਿਓਂ । ਦੋਨੋਂ ਸਿਆਣੇ ਬਿਆਣੇ ਆਪੋ ਵਿੱਚ ਦੀ ਕਰ ਲੈਣਗੇ ਕੋਈ ਫੌਸਲਾ । ਉਹਨਾਂ ਦੇ ਆਪਣੇ ਪਾਸੇ ਦਾ ਮਾਮਲਾ , ਚੜ੍ਹਦੇ ਪਾਸੇ ਦਾ । “ ਜਗੀਰੇ ਨੇ ਆਪਣਾ ਪੱਖ ਫਿਰ ਲਕੋਈ ਰੱਖਿਆ ।
“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਦਾ ਈ ਨਾ ਆਪਣੇ ਪਿੰਡ ਈਸਾਪੁਰ ਦਾ । “ ਇਸ ਤੋਂ ਅਗਾਂਹ ਕਰਮਵੀਰ ਨੇ ਕੁਝ ਨਹੀਂ ਸੀ ਕਿਹਾ ਜਾਗੀਰੇ ਨੂੰ । ਵਾਪਿਸ ਪਰਤ ਆਇਆ ਸੀ , ਘਰ । ਉਸ ਨੂੰ ਜਾਪਿਆ ਸੀ ਸਰਪੰਚ ਹੋਣੀ ਜਾਣ-ਬੁੱਝ ਕੇ ਅਣਜਾਣ ਬਣਦੇ ਆ ।ਪਰ , ਜਾਗੀਰਾ ਆਪਣੀ ਥਾਂ ਡਾਵਾਂਡੋਲ ਸੀ । ਕਰਮੇ ਦੀ ਆਖੀ ਪੂਰੀ ਤਰ੍ਹਾਂ ਸਮਝ ਤਾਂ ਨਹੀਂ ਸੀ ਪਈ , ਪਰ ਸ਼ੱਕ-ਸ਼ੁਭਾ ਦੇ ਹਵਾਲੇ ਜ਼ਰੂਰ ਕਰ ਗਈ ਸੀ , ਉਸ ਨੂੰ । ਉਸ ਨੇ ਸੋਚਿਆ – ‘ਕਰਮੇ ਨੇ ਔਹੋ ਜਿਹੀ ਡੂੰਘੀ ਗੱਲ ਪਹਿਲੋਂ ਤਾਂ ਕਦੇ ਨਈਂ ਕੀਤੀ । ਜ਼ਰੂਰ ਕੋਈ ਵਲ-ਵਲੇਵਾਂ ਹੋਣਾ ਹੁਕਮੇ ਦੀ ਅੜੀ ਪਿੱਛੇ । ਨਹੀਂ , ਪਹਿਲੋਂ ਵੀ ਐਥੇ ਈ ਸੀ ਉਹ ਐਨੇ ਚਿਰਾਂ ਤੋਂ । ਸਾਡੇ ਆਂਗੂੰ ਖੇਤਾਂ-ਬੰਨ੍ਹਿਆਂ ਦੀ ਦੇਖਭਾਲ ਈ ਕਰਦਾ ਰਿਹਾ , ਹੁਣ ਤਾਈ । ਕੰਮ ਤਾਂ ਚਲੋ ਵਿਹੜੇ ਆਲੀ ਲੇਬਰ ਈ ਕਰਦੀ ਆਈ ਆ, ਉਹਦਾ ਵੀ ਸਾਡਾ ਵੀ । ਉਹਨੂੰ ਤਾਂ ਪਹਿਲੋਂ ਪੰਚੀ ਲਈ ਵੀ ਮਸਾਂ ਮਨਾਉਂਦੇ ਸੀ ਆਪਾਂ , ਜ਼ੋਰ-ਜ਼ਾਰ ਪਾ ਕੇ । ਉਹ ਤਾਂ ਐਹੋ ਜਿਹੀ ਚੌਧਰ ਤੋਂ ਭਾਜੂ ਈ ਰਿਹਾ ਹੁਣ ਤੱਕ । ਹੁਣ ਕੀ ਹੋ ਗਿਆ ਉਹਨੂੰ । “
ਧੁੱਪ ‘ਚ ਘਿਰ ਗਈ ਕੁਰਸੀ ਨੂੰ ਛਾਂ ਵੱਲ ਨੂੰ ਸਰਕਾਉਦਾ ਉਹ ਅਜੇ ਵੀ ਹੁਕਮ ਚੰਦ ਨਾਲ ਹੀ ਜੁੜਿਆ ਹੋਇਆ ਸੀ –‘ਮੋਦੀ ਨਗਰ ਕਾਦ੍ਹਾ ਗਿਆ ਦੋ ਕੁ ਵਾਰ , ਉਹਦੀ ਤਾਂ ਚਾਲ-ਢਾਲ ਈ ਬਦਲ ਗਈ ਲਗਦੀ । ਉਹਨੇ ਭਲਾ ਕੀ ਲੈਂਣਾ ਕਿਸੇ ਬਾਹਰਲ੍ਹੇ ਪਾਂਧੇ-ਪੁਜਾਰੀ ਤੋਂ । ਕਰਨਾ ਤਾਂ ਧੂਫ-ਟਿੱਕਾ ਈ ਆ ਸਵੇਰੇ –ਸ਼ਾਮੀਂ , ਬਾਵਾ ਰਾਮ ਆਂਗੂੰ …..।“
ਬਾਵਾ ਰਾਮ ਦਾ ਚੇਤਾ ਆਉਂਦਿਆਂ ਸਾਰ ਉਹ ਦੂਰ ਪਿਛਾਂਹ ਪਰਤ ਗਿਆ । ਕਰੀਬ ਅੱਧੀ ਸਦੀ ਪਹਿਲੋਂ ਵਾਲੇ ਪੁਰਾਣੇ ਘਰ ‘ਚ । ਪੁਰਾਣੇ ਘਰ ਦੇ ਖੁੱਲ੍ਹੇ ਵਿਹੜੇ ‘ਚ । ਜਿਸ ਥਾਂ ਹੁਣ ਕੋਠੀ ਖੜ੍ਹੀ ਆ, ਆਲੀਸ਼ਾਨ । ਓਦੋਂ , ਵਿਹੜਾ ਹੁਣ ਵਾਂਗ ਉੱਸੇ ਵਾਸਲ੍ਹੇ ਨਾਲ ਨਹੀਂ ਸੀ ਘਿਰਿਆ ਹੁੰਦਾ । ਬੱਸ, ਕਿੱਕਰ ਦੇ ਛਾਪੇ ਰੱਖੇ ਹੁੰਦੇ ਸਨ ਚਿਣਕੇ , ਡੰਗਰਾਂ-ਪਸ਼ੂਆਂ ਦੇ ਬਚ-ਬਚਾਅ ਲਈ । ਇਕ ਕੋਣੇ ਲਾਂਘਾ ਹੁੰਦਾ ਸੀ ਗੱਡਾ ਲੰਘਣ ਨੂੰ । ਉਹ ਵੀ ਰਾਤ ਵੇਲੇ ਡਾਹੀ ਰੱਖ ਕੇ ਰੋਕ ਲਿਆ ਜਾਂਦਾ । ਬਾਕੀ ਸਾਰਾ ਦਿਨ ਖੁੱਲਾ । ਬਾਵੇ ਦੀ ਆਮਦ ਵੀ ਇਸੇ ਲਾਂਘੇ ਰਾਹੀਂ ਹੁੰਦੀ । ਕਰੀਬ ਛਾਹ ਕੁ ਜਾਂਦਾ । ਗਜ਼ਾ ਸਮੱਗਰੀ ਮੰਜੀ ‘ਤੇ ਰੱਖ ਕੇ ਉਹ ਜਾਗੀਰੇ ਨੂੰ ਘੁਨੇੜੀ ਚੁੱਕ ਲਿਆ ਕਰਦਾ ਸੀ । ਕੁਤ-ਕੁਤਾਰੀਆਂ ਕੱਢਦਾ ਉਸ ਨੂੰ ਰੱਜ ਕੇ ਹਸਾਉਂਦਾ ਸੀ , ਮੰਜੀ ਦੁਆਲੇ ਘੁੰਮ ਕੇ । ਜੇ ਕਿਧਰੇ ਜਾਗੀਰਾ ਢਿੱਲਾ-ਮੱਠਾ ਹੁੰਦਾ , ਉਹ ਪੱਤਰੀ ਖੋਲ੍ਹ ਕੇ ਉਸਨੂੰ ਪੰਨੇ ਦੀ ਕਿਸੇ ਡੱਬੀ ਤੇ ਉਂਗਲੀ ਰੱਖਣ ਨੂੰ ਆਖਦਾ । ਫਿਰ ਅੱਖਾਂ ਮੀਟ ਕੇ ਕੁਝ ਪੜ੍ਹਦਾ-ਉਚਾਰਦਾ , ਹੇਕ ਲਾ ਕੇ । ਫਿਰ , ਪੰਜ ਸੱਤ ਫੂਕਾਂ ਜਾਗੀਰੇ ਦੇ ਮੱਥੇ ਤੇ ਮਾਰ ਕੇ ਆਖਿਆ ਕਰਦਾ ਸੀ – “ਲੇਅ ਮੇਰਾ ਬੱਚਾ ਅਭ ਸੁਅਰਥ ਹੋਈ ਗੈਆ ।“ ਤੇ ਸੱਚਮੁੱਚ ਜਾਗੀਰੇ ਦੀ ਮਾਤਾ ਚਿੰਤੋ ਨੂੰ ਲਗਦਾ ਸੀ ਕਿ ਰੀਂ-ਰੀਂ ਕਰਦਾ ਉਸਦਾ ਪੁੱਤਰ ਝੱਟ ਹੱਸਣ-ਮੁਸਕਰਾਉਣ ਲੱਗ ਪਿਆ ਐ ।
ਇਹ ਉਸਦੇ ਹੱਥਾਂ ਦੀ ਛੋਹ ਸੀ ਜਾਂ ਅਗਲੇ ਦਾ ਦੁੱਖ-ਦਰਦ ਹਰਨ ਦੀ ਵਿਧੀ, ਕਿ ਜਾਗੀਰੇ ਸਮੇਤ ਪਿੰਡ ਦੇ ਸਾਰੇ ਜੀਅ ਅੰਤਲੇ ਸਾਹਾਂ ਤੱਕ ਉਸਨੂੰ ਆਪਣਾ-ਆਪਣਾ ਸਮਝਦੇ ਰਹੇ ਸਨ । ਹੁਣ….ਹੁਣ ਉਸ ਦੇ ਚਲੇ ਜਾਣ ਤੋਂ ਪਿੱਛੋਂ ਕਿਸ਼ਨ ਨੂੰ , ਉਸਦੇ ਪੁੱਤਰ ਨੂੰ ਮੰਦਰ –ਸੇਵਾ ਤੋਂ ਲਾਂਭੇ ਕਰਨਾ ਸਚਮੁੱਚ ਧੱਕਾ ਕਰਨ ਵਾਲੀ ਗੱਲ ਜਾਪਦੀ ਸੀ ਉਹਨਾਂ ਨੂੰ , ਬਾਵਾ ਰਾਮ ਨਾਲ ।
ਕਰਮਵੀਰ ਦੀ ਆਖੀ-ਦੱਸੀ , ਜਾਗੀਰੇ ਅੰਦਰ ਬਹੁਤਾ ਨਹੀਂ ਤਾਂ ਐਨਾ ਕੁ ਸ਼ੱਕ-ਸੁਭਾ ਜ਼ਰੂਰ ਜਗਦਾ ਕਰ ਗਈ – ‘ਏਦ੍ਹੇ ‘ਚੋਂ ਹੁਕਮ ਚੰਦ ਨੂੰ ਕੀ ਮਿਲੂ ਭਲਾ ! ‘ ਸਹਿ-ਸੁਭਾਅ ਹੀ ਉਸਦੇ ਬੋਲ ਹੁਕਮ ਚੰਦ ਦੁਆਲੇ ਲਿਪਟ ਗਏ । ਆਪਣੇ ਘਰ ਸੱਦਣ ਦੀ ਬਜਾਏ ,ਉਹ ਅਗਲੇ ਹੀ ਦਿਨ ਲੌਢੇ ਕੁ ਵੇਲੇ ਉਚੇਚ ਨਾਲ ਹੁਕਮ ਚੰਦ ਦੇ ਥੜ੍ਹੇ ਤੇ ਪਈਆਂ ਕੁਰਸੀਆਂ ‘ਚੋਂ ਇਕ ‘ਤੇ ਜਾ ਬੈਠਾ । ਚਾਂਦੀ ਰੰਗੇ ਹੁੱਕੇ ਦੀ ਲੰਮੀ ਨਾਲੀ ਮੂੰਹ ਨੂੰ ਲਾਈ ਹੁਕਮ ਚੰਦ ਲੱਕੜ ਦੇ ਤਖਤ-ਪੋਸ਼ ਤੇ ਬੈਠਾ ਸੀ । ਹਲਕਾ ਜਿਹਾ ਹੁੱਬੂੰ ਮਾਰ ਕੇ ਹੁਕਮੇ ਨੇ ਉਸਦੀ ਆਮਦ ਨੂੰ ਜੀ-ਆਇਆਂ ਆਖਿਆ –“ਆਈਏ ਸਰਪੰਚ ਸੈਸ਼,ਸ਼ੁਕਰ ਹੈਅ ਆਪ ਕੋ ਸਮਾਂ ਮਿਲਿਆ ਹਮਰੇ ਵੰਨੀ ਆਨੇ ਕਾ । “ ਜਾਗੀਰੇ ਨੂੰ ਉਸਦੀ ਚੰਗੀ ਭਲੀ ਭਾਸ਼ਾ ‘ਚ ਨਵੀਂ ਕਿਸਮ ਦਾ ਰਲਾਅ ਚੁੱਭਿਆ ਤਾਂ ਜ਼ਰੂਰ , ਪਰ ਉਸਨੇ ਹਊ-ਪਰੇ ਕਰ ਦਿੱਤਾ । “ ਸਮਾਂ ਈ ਸਮਾਂ ਆ ਅਪਣੇ ਪਾਸ , ਹੁਕਮ ਚੰਦ ਜੀਈ । ਤੁਸੀਂ ਈ ਬੜਾ ਚਿਰ ਲਾ ਕੇ ਮੁੜੇ ਆਂ ਇਸ ਵਾਰ ਮੋਦੀ ਨਗਰੋਂ । ਹੁਕਮ ਕਰੋ , ਹੁਣ ਮੈਂ ਹਰ-ਰੋਜ਼ ਆ ਜਿਆ ਕਰ਼, ਐਸਲੇ “, ਉਸਦੇ ਲਿਸ਼ਕੇ-ਪੁਸ਼ਕੇ ਬਸਤਰ ਦੇਖ ਕੇ ,ਇਸ ਵਾਰ ਜਾਗੀਰੇ ਤੋਂ ਸਹਿ-ਸੁਭਾਅ ਹੀ ਤੂੰ ਦੀ ਤਾਂ ਤੁਸੀਂ ਦੇ ਸੰਬੋਧਨ ਦੀ ਵਰਤੋਂ ਹੋ ਗਈ ।
ਮੋੜ ਵਜੋਂ ਹੁਕਮ ਚੰਦ ਨੂੰ ਕੋਈ ਖਾਸ ਉੱਤਰ ਨਾ ਅਹੁੜਿਆ । ਤਾਂ ਵੀ ਲਮਕਵੀਂ ਜਿਹੀ ਹੂੰਅ-ਹਾਂਅ ਪਿੱਛੋਂ ਉਸ ਨੂੰ ਕਰੀਬ ਦੋ ਮਹੀਨੇ ਮੋਦੀ ਨਗਰ ਰਹਿਣ-ਰੁਕਣ ਦਾ ਕਾਰਨ ਦੱਸਣਾ ਪਿਆ – “ ਬਾਤ ਏਹ ਥੀ ਸਰਪੰਚ ਸੈਬ , ਛੋਟੇ ਪਆਈ ਐਮ.ਐਲ.ਏ. ਦੀ ਚੋਣ ਲੜ ਰਹੇ ਥੇ , ਆਪਣੇ ਸ਼ੈਹਰ ਤੋਂ । ਮੇਰੇ ਕੋਲ ਉਠ ਕੇ ਦਫ਼ਤਰ ਦੀ ਸੰਭਾਲ ਕਰਨੀ ਪਈ । “
“ਫੇਅਰ ਤਾਂ ਵਧਾਈਆਂ ! ਚੋਣ ਤਾਂ ਤੁਸੀ ਜਿੱਤ ਈ ਗਏ ਹੋਵੋਗੇ ?” ਜਾਗੀਰੇ ਨੇ ਸਿੱਧੇ-ਅਸਿੱਧੇ ਜਿੱਤ-ਹਾਰ ਦੀ ਗੱਲ ਵੀ ਪੁੱਛ ਲਈ ।
“ ਹਾਂ ਜੀਤ ਗਏ , ਪ੍ਰਭੂ ਕੀ ਅਪਾਰ ਕਿਰਪਾ ਹੋਈ । ਬੜੇ ਫਰਕ ਨਾਲ ਜਿੱਤੇ “ । ਅਸੈਂਬਲੀ ਜਿੱਤ ਦਾ ਜਲੌਅ ਹੁਕਮ ਚੰਦ ਦੇ ਚਿਹਰੇ ‘ਤੇ ਗੂੜ੍ਹਾ ਚਮਕ ਰਿਹਾ ਸੀ ।
“ਏਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਐ । ਪਿੰਡ ਦਾ ਮਾਣ ਵਧਿਆ , ਨਾਂ ਉੱਚਾ ਹੋਇਆ ਹੋਰਨਾਂ ਸੂਬਿਆਂ ‘ਚ ਵੀ “ , ਜਾਗੀਰੇ ਨੇ ਉਸਨੂੰ ਭਰਮਾਉਣ ਦਾ ਇਕ ਹੋਰ ਯਤਨ ਕੀਤਾ ।
ਇਸ ਵਾਰ ਹੁਕਮ ਚੰਦ ਦੇ ਜੁੜੇ ਹੱਥ ਪਹਿਲਾਂ ਆਕਾਸ਼ ਵੱਲ ਨੂੰ ਉੱਠੇ,ਫਿਰ ਮੱਥੇ ਨਾਲ ਜੁੜ ਕੇ ਮੰਦਰ ਵੱਲ ਨੂੰ ਲਿਫ ਗਏ । ਪਰ ਬੋਲਿਆ ਕੁਝ ਨਾ । ਉਸਦੀ ਚੁੱਪ ਕਾਰਨ ਜਾਗੀਰੇ ਨੂੰ ਅਗਲੀ ਗੱਲ ਸ਼ੁਰੂ ਕਰਨ ਦਾ ਕੋਈ ਬਿੰਦੂ ਨਾ ਲੱਭਾ । ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ,ਬਾਵਾ ਰਾਮ ਦੇ ਪ੍ਰਲੋਕ ਸਿਧਾਰਨ ਦੀ ਗੱਲ ਨਾ ਚਹੁੰਦਿਆਂ ਵੀ ਉਸ ਨੇ ਇਸ਼ਾਰੇ ਮਾਤਰ ਹੀ ਛੇੜੀ – “ ਤੇਰੇ ਪਿੱਛੋਂ ਬਾਵਾ ਰਾਮ ਪਾਂਧਾ…..ਵਿਚਾਰਾ…..।“
ਹੁਕਮ ਚੰਦ ਨੇ ਜਿਵੇਂ ਉਸ ਨੂੰ ਸੁਣਿਆ ਹੀ ਨਾ ਹੋਵੇ ।ਉਸ ਨੇ ਇਸ ਨੂੰ ਜਿੱਤ ਦੇ ਸ਼ਗਨ ‘ਚ ਸ਼ਾਇਦ ਅਪਸ਼ਗਨ ਸਮਝਿਆ ਸੀ ।
ਦੋ-ਚਾਰ ਐਧਰ-ਓਧਰ ਦੀਆਂ ਹੋਰ ਕਹਿ-ਸੁਣ ਕੇ ਜਾਗੀਰਾ ਵਾਪਸ ਮੁੜਨ ਲਈ ਉਠ ਖੜੋਇਆ । ਬਦਲਵੀਂ ਆਦਤ ਮੂਜਬ ਹੁਕਮ ਚੰਦ ਨੇ ਫਿਰ ਢੱਲੇ ਜਿਹੇ ਹੱਥ ਜੋੜ ਦਿੱਤੇ, ਬੋਲਿਆ ਕੁਝ ਨਾ ।
ਘਰ-ਕੋਠੀ ਮੁੜਦਾ ਜਾਗੀਰਾ ਇਕ ਘਰ ਫਿਰ ਕਰਮੇ ਪਾੜ੍ਹੇ ਦੇ ਰੂ-ਬ-ਰੂ ਸੀ –“….ਹੁਕਮ ਚੰਦ ਤਾਂ ਵਿਚਾਰਾ ਹੱਥ ਠੋਕਾ ਆ ਉਨ੍ਹਾਂ ਦਾ । ‘ ਇਸ ਵਾਰ ਜਾਗੀਰੇ ਨੂੰ ਕਰਮੇ ਦੀ ਗੱਲ ਓਪਰੀ ਨਹੀਂ ਸੀ ਲੱਗੀ । ਪੰਡਤਾਂ ਵਿਹੜੇ ਦੇ ਦੋਨੋਂ ਮੈਂਬਰ ਵੀ ਬਰਾ ਬਰੋਬਰ ਦੇ ਪੰਚਾਇਤ ਮੈਂਬਰ ਨਹੀ ਸੀ ਲੱਗੇ। ਹੁਕਮ ਚੰਦ ਅੰਦਰ ਆਈ ਤਬਦੀਲੀ ਉਸਨੂੰ ਵੱਖਰੀ ਤਰ੍ਹਾਂ ਦੇ ਸੰਕੇਤ ਦਿੰਦੀ ਜਾਪੀ , ਬਾਵਾ ਰਾਮ ਦੇ ਪੁੱਤਰ ਕਿਸ਼ਨ ਚੰਦ ਦੀ ਤਾਂ ਕਿਸੇ ਓਪਰੇ ਬੰਦੇ ਨੂੰ ਮੰਦਰ-ਪਾਂਧਾ ਲਾਉਣ ਦਾ ਮੁੱਦਾ ਉਸਨੂੰ ਕਰਮੇ ਦੀ ਆਖੀ-ਦੱਸੀ ਨਾਲ ਜੁੜਦਾ ਜਾਪਿਆ ।
ਘਰ ਪੁੱਜਾ ਤਾਂ ਲੱਭੂ ਲੰਬੜ ਆਇਆ ਬੈਠਾ ਸੀ । ਉਸਨੇ ਜਾਂਦੇ ਨੂੰ ਸਿੱਧਾ ਸਵਾਲ ਦਾਗ ਦਿੱਤਾ –“ਕੀ ਕਹਿੰਦਾ ਸੀ ਹੁਕਮਾ …..?
“ ਕੁਝ ਨਹੀਂ , ਬਸ਼ੇਸ਼ਰ ਦੀਆਂ ਗੱਲਾਂ ਕਰਦਾ ਸੀ , ਉਹਦੀ ਚੋਣ ਦੀਆਂ ।ਐਮ.ਐਲ.ਏ. ਬਣ ਗਿਆ ਉਹ ਉਥੇ । ….ਹੋਰ ਉਸਨੇ ਕੋਈ ਗੱਲ ਨਹੀਂ ਕੀਤੀ ਐਥੋਂ ਦੀ , ਨਾ ਮੰਦਰ ਦੀ , ਨਾ ‘ਫਸੋਸ ਕੀਤਾ ਬਾਵਾ ਰਾਮ ਦਾ , “ ਜਾਗੀਰੇ ਦਾ ਉੱਤਰ ਕਾਫੀ ਸਾਰਾ ਹਰਖੀਲਾ ਸੀ ।
“ ਉਹਨੇ ਕਾਨੂੰ ਕਰਨੀ ਆਂ । ਉਦ੍ਹੇ ਪੈਰ ਤਾਂ ਚਿਰਾਂ ਤੋਂ ਚੁੱਕ ਹੋਇਓ ਆ । ਜਦ ਦਾ ਠੇਕੇਦਾਰੀ ਕਰਨ ਲੱਗਾ ਬਸ਼ੇਸ਼ਰ । ਰਹਿੰਦੀ ਕਸਰ, ਹੁਣ ਚੜ੍ਹੀਆਂ –ਚੋਣਾਂ ਨੇ ਪੂਰੀ ਕਰ ਛੱਡੀ …….। ਐਮੇ ਨਈਂ ਘੁਣਤਰਾਂ ਸੁੱਝਦੀਆਂ “, ਭਰਿਆ-ਪੀਤਾ ਲੰਬੜ ਮੰਦਰ ਮੁੱਦਾ ਹੱਲ ਕਰਨ ਲਈ ਹੱਦੋਂ ਵੱਧ ਕਾਹਲਾ ਸੀ –“…ਕਰਦੇ ਆਂ ਏਦ੍ਹਾ ਕੋਈ ਅਲਾਜ ! “
“ਦੇਖ ਲਓ….ਕਰ ਲਓ ਕੋਈ ਹੀਲਾ-ਵਸੀਲਾ ਆਪੋ-ਵਿੱਚ ਈ । ਨਈਂ ਫੇਅ ਮਸਲਾ ਪਚੈਤ ‘ਚ ਲੈ ਆਓ …..। “ ਜਾਗੀਰੇ ਦਾ ਸੁਝਾਅ ਸੁਣ ਕੇ ਲੰਬੜ ਥੋੜ੍ਹਾ ਝੇਂਪ ਜਿਹਾ ਗਿਆ । ਉਬਾਲੇ ਮਾਰਦੀ ਤਲਖੀ ਕਾਫੀ ਸਾਰੀ ਮੱਠੀ ਪੈ ਗਈ ।ਭਰਵਾਂ ਜਿਹਾ ਹਉਕਾ ਭਰ ਕੇ ਉਹ ਥੋੜ੍ਹਾ ਕੁ ਚਿਰ ਅਵਾਕ ਹੋਇਆ ਬੈਠਾ ਰਿਹਾ । ਘੜੀ ਦੋ ਘੜੀਆਂ ਪਿੱਛੋਂ ਉਹ ਜਿਵੇਂ ਡੂੰਘੇ ਖੂਹ ‘ਚੋਂ ਬੋਲਿਆ ਹੋਵੇ – “ ਜਾਗੀਰ ਸਿਓਂ ਜੀਈ , ਤੁਆਨੂੰ ਪਤਆ ਏਸ ਮੰਦਰ ਨਾਲ ਸਾਡੇ ਘਰ ਦੀ ਕਿੰਨੀ ਆਸਥਾ ਜੁੜੀਊ ਆ । ਆਹ ਜੇੜਾ ਪਿੱਪਲ ਆ ਨਾ ਵਿਹੜੇ ‘ਚ ,ਏਹ ਐਵੇਂ ਪੁੰਗਾਰ ਜੇਈ ਸੀ ਗਜ਼ ਕੁ ਭਰ ਦੀ । ਨਿੱਕਾ ਜਿਆ ਹੁੰਦਾ ਸੀ ਮੈਂ ਉਦੋਂ । ਇਕ ਦਿਨ ਕੀ ਹੋਇਆ , ਬਾਹਰਲੇ ਚੁਰਾਹੇ ‘ਚ ਕਿਸੇਨੇ ਟੂਣਾ ਕਰ ਦਿੱਤਾ । ਗਾਨੀ ਬੱਧਾ ਕੁੱਜਾ ਰਾਹ ‘ਚ ਰੱਖ ਕੇ ਕਿੰਨੀ ਸਾਰੀ ਤਿੰਨ-ਚੌਲੀ ਸਮੇਤ ਕਈ ਕੁਝ ਖਿਲਾਰ ਦਿੱਤਾ ਆਲੇ-ਦੁਆਲੇ । ਤੜਕੇ ਮੂੰਹ-ਹਨੇਰੇ ਬਾਹਰ-ਅੰਦਰ ਨਿਕਲੀ ਮਾਂ ਮੇਰੀ ਦਾ ਇਕ ਪੈਰ ਸਹਿਬਨ ਕੁੱਜੇ ‘ਚ ਵੱਜ ਗਿਆ ।ਇਸ ਅੰਦਰਲਾ ਸਾਰਾ ਕੁਸ਼ ਬਾਹਰ । ਉਹ ਡਰੀ-ਡੋਲੀ ਨਾ । ਏਸ ਗੱਲੋਂ ਦਲੇਰ ਸੀ ਉਹ । ਉਹਨੇ ਸਾਰਾ ਨਿੱਕ –ਸੁੱਕ ਕੱਠਾ-ਵੱਠਾ ਕੀਤਾ , ਮੁੱਢ ਲਾਗੇ ਰੱਖ ਕੇ ਕੁੱਜੇ ਵਾਲੇ ਗਾਨੀ ਪਿੱਪਲ ਨੂੰ ਬੰਨ੍ਹ ਆਈ । ਵੀਰਵਾਰ ਦਾ ਦਿਨ ਸੀ ਓਦਣ । ਓਦਰ ਵੰਨੀ ਗਈਆਂ ਕਈ ਜਣੀਆਂ ਹੋਰ ਵੀ ਉਦ੍ਹੇ ਆਂਗੂ ਮੱਥਾ ਟੇਕ ਆਈਆਂ । ਉਸ ਦਿਨ ਪਿੱਛੋਂ ਪਿੱਪਲ ਦੀ ਜਾਣੋ ਮਾਨਤਾ ਹੋਣ ਲੱਗ ਪਈ । ਵੀਰਵਾਰ ਦੇ ਵੀਰਵਾਰ ਦੀਵਾ-ਬੱਤੀ,ਥੋੜ੍ਹਾ ਬਹੁਤ ਚੜ੍ਹਤ-ਚੜ੍ਹਾਵਾ । ਅੱਜ ਹੋਰ, ਕੱਲ੍ਹ ਹੋਰ । ਪਿੱਪਲ ਵੱਡਾ ਹੁੰਦਾ ਗਿਆ । ਆਸ-ਪਾਸ ਦੀ ਕਿੰਨੀ ਸਾਰੀ ਥਾਂ ਵਗਲ ਹੁੰਦੀ ਗਈ ।ਹੋਰ ਸਮਾਂ ਲੰਘੇ ਤੇ ਮਮਟੀ ਬਣ ਗਈ । ਅੰਦਰ ਕ੍ਰਿਸ਼ਨ ਭਗਵਾਨ ਦੀ ਮੂਰਤੀ ਲਿਆ ਟਿਕਾਈ ਬਾਪੂ ਸਾਡੇ ਨੇ ।ਆਉਂਦੇ ਸਾਲ ਹਰਦੁਆਰ ਗਿਆ , ਉਹ, ਮੂੰਡੂ ਜਿਹੇ ਬਾਵਾ ਰਾਮ ਨੂੰ ਲੈ ਆਇਆ , ਕਿਸੇ ਪੰਡਿਤ ਪ੍ਰੋਹਤ ਤੋਂ ਮੰਗ ਕੇ । ਅੱਜ ਜਿਹੜੀ ਅਲੀਸ਼ਾਨ ਉਸਾਰੀ ਹੋਈ ਲੱਭਦੀ ਐ ਨਾ, ਸਾਰੀ ਉਸੇ ਦੀ ਹਿੰਮਤ ਆ ‘ਕੱਲੇ ਬਾਵਾ ਰਾਮ ਦੀ । ਅਸੀਂ ਤਾਂ ਜਿੱਦਾਂ ਉਹ ਕਹਿੰਦਾ ਗਿਆ ਕਰਦੇ ਗਏ ।“
ਏਨੀ ਕੁ ਵਾਰਤਾ ਤਾਂ ਲੰਬੜ ਕਈਆਂ ਨੂੰ ਸੁਣਾ ਚੁੱਕਾ ਸੀ ਪਹਿਲੋਂ ਵੀ, ਪਰ ਇਸ ਵਾਰ ਜਾਗੀਰੇ ਲਾਗੇ ਬੈਠੇ ਤੋਂ ਉਸ ਤੋਂ ਆਪਣਾ ਆਪ ਜਿਵੇਂ ਸੰਭਾਲਿਆ ਨਾ ਗਿਆ । ਇਕ ਚੰਗੀ ਭਰਵੀਂ ਲਪੇਟਵੀਂ ਜਿਹੀ ਲਪੇਟਵੀਂ ਜਿਹੀ ਗਾਲ੍ਹ ਹੁਕਮੇ ਨੂੰ ਕੱਢਦਿਆਂ ਉਸ ਨੇ ਉੱਚੀ ਸਾਰੀ ਆਖਿਆ – “ਅੱਜ ਭੈਣ…. ਆਹ ਹੁਕਮਾਂ ਈ ਨਈਂ ਮਾਣ । ਕੱਲ੍ਹ ਤਾਈਂ ਤਾਂ ਕਦੇ ਰੜਕਿਆ ਨਈਂ ਸੀ । ਨਾ ਈ ਏਦ੍ਹਾ ਪੇਏ , ਨਾ ਕੋਈ ਹੋਰ ਜੀਅ । ਅੱਜ ਖਾਹ਼-ਮਖਾਹ ਦੀਆਂ ਲੱਤਾਂ ਡਾਹੁਣ ਢਿਆ ਆ । ਕੋਈ ਪੁੱਛਣ ਆਲਾ ਹੋਵੇ , ਪਈ ਤੂੰ ਛਿੱਕੂ ਲੈਣਾ । ਦੀਵਾ-ਬੱਤੀ ਈ ਕਰਨਾ ਸਵੇਰੇ-ਸ਼ਾਮ । ਹੋਰ ਕੇੜ੍ਹਾ ਸੀੜ ਪੁੱਟਣੀ ਆ । ਅਖੇ ਵਿਦਵਾਨ ਚਾਹੀਦਾ , ਆਰਤੀ ਉਤਾਰਨ ਨੂੰ । ਬਾਵਾ ਰਾਮ ਦੇ ਮੁੰਡੇ ਦੀ ਥਾਂ ਮੰਦਰ ‘ਚ । “
“ ਕੋਈ ਨਾ , ਕੋਈ ਨੰਬੜਦਾਰਾ ਖ਼ਫਾ ਨਾ ਹੋ, ਆਪਾਂ ਰਲ-ਮਿਲ ਕੇ ਕਰਦੇ ਆਂ ਵਿਚਾਰਾਂ । ਲੱਭ ਲੈਨੇ ਆਂ ਕੋਈ ਨਾ ਕੋਈ ਹੱਲ “ , ਤਰਲੋਮੱਛੀ ਹੋਏ ਲੰਬੜ ਨੂੰ ਸ਼ਾਂਤ ਕਰਦੇ ਜਾਗੀਰ ਨੂੰ ਕਰਮੇ ਪਾੜ੍ਹੇ ਦੀ ਸਮਝਾਉਣੀ ਹੋਰ ਵੀ ਮੁੱਲਵਾਨ ਲੱਗੀ –“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਆਪਣੇ ਦਾ ਈ ਆ ਨਾ , ਈਸਾ-ਪੁਰ ਦਾ ।“ ਜਾਗੀਰੇ ਨੂੰ ਸਾਫ ਸਪੱਸ਼ਟ ਜਾਪ ਰਿਹਾ ਸੀ – “ ਦੋਨੋਂ ਬਰਾ-ਬਰੋਬਰ ਦੇ ਪੰਚਾਇਤ ਮੈਂਬਰ ਆਪੋ-ਵਿਚ ਦੀ ਫੈਸਲਾ ਨਹੀਂ ਕਰ ਸਕਦੇ । ਸਰਪੰਚ ਹੋਣ ਨਾਤੇ ਉਸਨੂੰ ਦਖ਼ਲ-ਅੰਦਾਜ਼ ਹੋਣਾ ਈ ਪੈਣਾ ।“
ਚਾਨਚੱਕ ਆ ਪਿਆ ਟਕਰਾਅ-ਮਸਲਾ ਨਜਿੱਠਣ ਲਈ ਅਜੇ ਉਹ ਆਮ-ਇਜਲਾਸ ਸੱਦਣ ਬਾਰੇ ਸੋਚ ਹੀ ਰਿਹਾ ਸੀ ਕਿ ਤੀਜੇ ਕੁ ਦਿਨ ਉਸਦੇ ਤੱਕ ਇਕ ਨਵੀਂ ਨਿਵੇਕਲੀ ਖ਼ਬਰ ਆ ਪੁੱਜੀ । ਛਿੱਬੂ ਚੌਕੀਦਾਰ ਨੇ ਇਕ ਸ਼ਾਮੀਂ ਆ ਦੱਸਿਆ – “ ਉਸ ਦਿਨ ਦੁਪਹਿਰ ਕੁ ਵੇਲੇ ਇਕ ਲੰਮੀ ਸਾਰੀ ਗੱਡੀ ‘ਚ ਕਿੰਨੇ ਸਾਰੇ ਬੰਦੇ ਹੁਕਮੇ ਕੋਲ ਆਏ ਸਨ । ਖੁੱਲ੍ਹੇ-ਖੁੱਲ੍ਹੇ ਚੋਗੇ ਪਾਇਓ ਸੀ ਉਹਨਾਂ , ਗੂੜ੍ਹੇ ਰੰਗ ਦੇ । ਵਾਲ ਸਭ ਦੇ ਖੁੱਲ੍ਹੇ ਪਿਛਾਂਹ ਵੱਲ ਨੂੰ ਲਮਕਣ । ਦੇਖਣ-ਚਾਖਣ ਨੂੰ ਤਪੀ-ਤਪੀਸਰ ਲਗਦੇ ਸੀ ਸਾਰੇ । ਪੂਰੇ ਪਹੁੰਚਿਓ ਮਹਾਂ ਪੁਰਖ । ਦੁਪੈਰਾ ਕੱਟ ਕੇ ਬਾਕੀ ਤਾਂ ਮੁੜ ਗਏ ਵਾਪਸ , ਉਸੇ ਗੱਡੀ ‘ਚ , ਦੋ ਜਣੇ ਹਜੇ ਵੀ ਹੁਕਮ ਚੰਦ ਹੋਣਾਂ ਕੋਲ ਰੁਕਿਓ ਆ । ਅੱਗੇ ਤਾਂ ਕਦੀ ਦੇਖੇ ਨਈਂ ਏਹ !”
ਸ਼ਿਬੂ ਦੀ ਤਫ਼ਸੀਲ ਨੇ ਜਗੀਰੇ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ । ਘੜੀ-ਪਲ ਲਈ ਉਸਨੂੰ ਆਪਣਾ-ਆਪ ਲਾਚਾਰ ਹੋਇਆ ਜਾਪਿਆ । ਝੱਟ ਹੀ ੳਸਨੇ ਆਪਣੇ ਇਕੋ-ਇਕ ਸੰਗੀ-ਸਹਿਯੋਗੀ ਦੀ ਜਿਵੇਂ ਬਾਂਹ ਜਾ ਫੜੀ । ਕਰਮੇ ਨਾਲ ਹੋਈ ਕੀਤੀ ਬਾਤ-ਚੀਤ ਉਸਨੂੰ ਮੁੜ ਤੋਂ ਢਾਰਸ ਦੇਣ ਲੱਗ ਪਈ । ਕਰਮੇ ਨੂੰ ਵੀ ਓਪਰੇ ਬੰਦਿਆਂ ਦੀ ਤਟਫਟ ਹੋਈ ਆਮਦ ਨੇ ਬੇ-ਚੈਨ ਕਰ ਦਿੱਤਾ ਸੀ । ਉਹ ਤਾਂ ਪਹਿਲੋਂ ਹੀ ਇਹੋ-ਜਿਹਾਂ ਦਾ ਜਬਰ ਝਲਦਾ ਪੁੱਜਾ ਪਿਆ ਸੀ ਪਿੰਡ , ਤਿੰਨ ਮਹੀਨੇ ਲਈ । ਯੂਨੀਵਰਸਿਟੀਓਂ ਸਸਪੈਂਡ ਹੋ ਕੇ ।ਉਸ ਦਾ ਰੋਸ ਤਾਂ ਫੀਸ ਵਾਧੇ ਕਾਰਨ ਹੀ ਵਧਿਆ । ਪਾੜ੍ਹਿਆਂ ਦੀ ਮੰਗ ਸੀ ਫੀਸ ਵਾਧਾ ਵਾਪਸ ਲਿਆ ਜਾਵੇ । ਮੁਲਕ ਭਰ ਦੇ ਗਰੀਬ-ਗੁਰਬਿਆਂ ਦੇ ਹਾਣ ਦੀ ਗਿਣ ਹੁੰਦੀ ਯੂਨੀਵਰਸਿਟੀ ਉਹਨਾਂ ਤੋਂ ਨਾ ਖੋਹੀ ਜਾਏ । ਪਰ ਯੂਨੀਵਰਸਿਟੀ ਪ੍ਰਬੰਧ ਉਹਨਾਂ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ ਹੋਇਆ । ਉਲਟਾ ਡਰ-ਡਰਾਵੇ ਦਿੰਦਾ, ਉਹਨਾਂ ਦੀ ਮਾਰ-ਕੁੱਟ ਕਰਨ ਤੱਕ ਦੀਆਂ ਕਾਰਵਾਈਆਂ ਕਰਦਾ ਰਿਹਾ ।
ਪਿੰਡ-ਘਰ ਆਏ ਬੈਠੇ ਕਰਮਵੀਰ ਦੀ ਪਲਸਤਰ ਲੱਗੀ ਬਾਂਹ ‘ਚੋਂ ਇੱਕ ਜ਼ੋਰਦਾਰ ਚੀਸ ਉੱਠੀ । ਉਸ ਨੂੰ ਲੱਗਾ….ਯੂਨੀਵਰਸਿਟੀ ਲਾਇਬਰੇਰੀ ‘ਚ ਆਪਣੇ ਧਿਆਨ ਪੜ੍ਹਦੇ ਬੈਠੇ ਤੇ,ਬਾਹਰੋਂ ਚਾਨਚੱਥ ਆ ਧਮਕੇ ਇੱਕ ਹਥਿਆਰਬੰਦ ਟੋਲੇ ਨੇ ਫਿਰ ਹਮਲਾ ਕਰ ਦਿੱਤਾ ਹੈ । ਰੰਗ-ਬਰੰਗੇ ਕੱਪੜਿਆਂ ‘ਚ ਆਏ ਹਮਲਾਵਰਾਂ ਨੇ ਸਾਰੇ ਹੋਸਟਲ ਕਮਰੇ ਬਿਨਾਂ ਕਿਸੇ ਰੋਕ-ਟੋਕ ਘੁੰਮੇ ਹਨ । ਵਿਦਿਆਰਥੀ ਇਕੱਠਾ ‘ਚ ਮੋਹਰੀ ਬਣੇ ਪਾੜ੍ਹਿਆਂ ਨੂੰ ਲੱਭ-ਲੱਭ ਕੇ ਮਾਰਿਆ –ਕੁੱਟਿਆ ਹੈ ।ਪਾੜ੍ਹਿਆਂ ਦੀ ਹਾਹਾਕਾਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਫਿਰ ਨਹੀਂ ਸੁਣਾਈ ਦਿੰਤੀ । ਸਿੱਟੇ ਵਜੋਂ ਉੱਠੇ ਤਿੱਖੇ ਵਿਰੋਧ ਨੂੰ ਜ਼ੋਰ-ਜਬਰੀ ਨੱਪ ਲਿਆ ਹੈ ।ਇਸ ਰੋਹ ਦੇ ਹਮਦਰਦ ਅਧਿਆਪਕੀ ਅਮਲੇ ਦੀ ਵੀ ਅਤਿ ਨੀਵੇਂ ਪੱਧਰ ‘ਤੇ ਡਿੱਗ ਕੇ ਹੇਠੀ ਕੀਤੀ ਹੈ । ਸਾਰੇ ਸਰਗਰਮ ਪਾੜ੍ਹੇ ਘਰਾਂ-ਪਿੰਡਾਂ ਨੂੰ ਭੇਜ ਦਿੱਤੇ ਗਏ ਹਨ , ਤਿੰਨ ਮਹੀਨੇ ਲਈ ਮੁਅੱਤਲ ਕਰਕੇ …..।“
ਬੀਤੇ ਦਿਨੀਂ ਹੋਈ-ਬੀਤੀ ਤਾਜ਼ੀ ਰੀਲ੍ਹ ਵਾਂਗ ਮੁੜ ਉਸ ਸਾਹਮਣੇ ਘੁੰਮ ਗਈ । ਆਪਣੇ ਪਿੰਡ, ਆਪਣੇ ਘਰ ਬੇਚੈਨ ਬੈਠੇ ਕਰਮੇ ਨੂੰ ਅਣ-ਪਛਾਤੇ ਓਪਰਿਆਂ ਦੀ ਪਿੰਡ ‘ਚ ਹੋਈ ਆਮਦ ਫਿਰ ਕਿਸੇ ਧੱਕੇ –ਵਧੀਕੀ ਦੇ ਸੰਕੇਤ ਵਜੋਂ ਜਾਪੀ । ਪਰ ਸਮੇਂ, ਸਥਾਨ ਤੇ ਸਥਿਤੀ ‘ਚ ਘਿਰ ਕੇ ਚੁੱਪ ਰਹਿਣਾ ਹੁਣ ਉਸ ਦੀ ਆਦਤ ਵਿਚ ਸ਼ਾਮਲ ਨਹੀ ਸੀ ਰਿਹਾ ।ਇਹ ਸਿੱਖਿਆ ਉਸਨੂੰ ਆਪਣੇ ਪੁਰਖਿਆਂ ਤੋਂ ਵੀ ਮਿਲੀ ਸੀ ਤੇ ….. ਤੇ ਜਾਗੀਰੇ ਦੇ ਦਾਦੇ ਬਬਰ ਹੀਰਾ ਸਿੰਘ ਦੀ ਜੀਵਨ ਜਾਂਚ ਤੋਂ ਵੀ ।
ਬਾਂਹ ‘ਚ ਉੱਠੀ ਚੀਸ ਨੂੰ ਭੁੱਲ ਭੁਲਾ ਕੇ, ਆਪ-ਮੁਹਾਰੇ ਉਸ ਦੇ ਕਦਮ ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ ਹੋ ਤੁਰੇ । ਜਾਗੀਰਾ ਜਿਵੇਂ ਪਹਿਲੋਂ ਹੀ ਉਸ ਦੀ ਉਡੀਕ ਕਰ ਰਿਹਾ ਹੋਵੇ – “ ਆ ਬਈ ਪਾੜ੍ਹਿਆ ਤੈਨੂੰ ਈ ਚੇਤੇ ਕਰਦਾ ਸੀ ਮੈਂ…..।“
“ਹੁਣ ਦੱਸੋ ਅੰਕਲ, ਹੁਣ ਕਿਹੜੇ ਪਾਸੇ ਭੁਗਤੋਗੇ …..”, ਕਰਮਵੀਰ ਨੇ ਬੈਠਦਿਆਂ ਸਾਰ ਸਿੱਧਾ ਸਵਾਲ ਕਰ ਦਿੱਤਾ – “ਇੱਕ ਪਾਸੇ ਲੰਬੜ ਆ ਤੁਹਾਡਾ ਮੁੱਢ –ਸ਼ੁਰੂ ਦਾ ਪੱਕਾ –ਠੱਕਾ ਜੋਟੀਦਾਰ । ਤੇ ….ਦੂਜੇ ਪਾਸੇ ਨਵੀਂ ਉਭਰੀ ਸਿਆਸੀ ਸਫ਼ਬੰਦੀ ? “
ਕਰਮੇ ਨੇ ਥੋੜ੍ਹਾ ਕੁ ਰੁਕ ਕੇ ਬੇਚੈਨ ਜਾਪਦੇ ਜਾਗੀਰੇ ਵਲ ਨੂੰ ਧਿਆਨ ਨਾਲ ਦੇਖਿਆ । ਉਸਦੇ ਚਿਹਰੇ ਦੀ ਗੁਸੈਲੀ ਆਭਾ ਉਸ ਨੂੰ ਥੋੜ੍ਹਾ ਸੰਭਲ ਦੇ ਸੰਕੇਤ ਕਰਦੀ ਜਾਪੀ । ਤਾਂ ਵੀ ਉਸ ਤੋਂ ਆਪਣੇ ਆਪੇ ਨੂੰ ਠੀਕ ਤਰ੍ਹਾਂ ਰੋਕਿਆ ਨਾ ਗਿਆ । “….ਸੱਤਾ ਦਾ ਕਾਲਾ ਚਮਸ਼ਾ ਸਰਪੰਚ ਸਾਬ੍ਹ, ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਦੀ ਉਤਾਰਦਾ ,ਇਹਨਾਂ ਦੇਤਾਂ ਕੰਨਾਂ ਨੂੰ ਵੀ ਜਿਮੇਂ ਸੁਨਣਾ ਬੰਦ ਹੋ ਜਾਂਦਾ । ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ ਨਾ ਕਿਰਤੀਆਂ-ਕਾਮਿਆਂ-ਵਿਦਿਆਰਥੀਆਂ ਦੇ ਹਉਕੇ-ਹਾਵੇ ।……..ਆਹ ਦੇਖ ਲਓ ਮੇਰੀ ਬਾਂਹ ਦਾ ਹਾਲ ।“
ਕਰਮੇ ਦੀ ਗੁਸੈਲੀ ਸੁਰ ਬਿਨਾਂ ਰੋਕ-ਟੋਕ ਉਬਾਲੇ ਮਾਰਦੀ ਜਾਗੀਰੇ ਨੂੰ ਬੁਰੀ ਤਾਂ ਲੱਗੀ , ਪਰ ਕਿੰਨਾ ਸਾਰਾ ਅਖਬਾਰੀ ਸੱਚ ਵੀ ਉਸਦੇ ਆਖੇ-ਬੋਲੇ ਨਾਲ ਮੇਲ ਖਾਂਦਾ ਦਿੱਸਿਆ । ਤਾਂ ਵੀ ਉਸ ਤੋਂ ਰਿਹਾ ਨਾ ਗਿਆ – “ ਚੱਲ ਛੱਡ ਕਰ ….. ਤੂੰ ਤਾਂ ਬਾਹਲਾ ਈ ਤਿੱਖਾ ਬੋਲਦਾਂ । ਉਹ ਵੀ ਆਪਣੇ ਈ ਮੁਲਕ ਦੇ ਬੰਦੇ ਆ, ਕੋਈ ਸੱਤ-ਪਰਾਏ ਤਾਂ ਹੈਅ ਨਹੀਂ । ਐਮੇਂ ਨਈਂ ਭੰਡੀ ਜਾਈਦਾ ਹਰ ਕਿਸੇ ਨੂੰ……। ਘਰੋਂ ਪੜ੍ਹਨ ਗਿਆ ਤੂੰ ਆਹੀ ਕੁਝ ਸਿੱਖ ਕੇ ਆਇਆ ਉਥੋਂ …..।“ ਜਾਗੀਰਾ ਜਿਵੇਂ ਉਕਤਾ ਗਿਆ ਸੀ ।
“ਓਥੋਂ ਨਈਂ ਐਥੋਂ ਸਿੱਖਿਆ ਸਰਪੰਚ ਸਾਬ੍ਹ ਤੁਹਾਡੇ ਘਰੋ , ਬਾਬੇ ਹੀਰਾ ਸਿੰਘ ਹੋਣਾਂ ਤੋਂ । ਹੱਕ-ਸੱਚ ਨੂੰ ਪ੍ਰਣਾਏ ਯੁੱਧਵੀਰਾਂ ਤੋਂ ….” ਕਰਮੇ ਦਾ ਸੱਚ-ਸੁੱਚ ਸੁਣ ਕੇ ਜਾਗੀਰਾ ਇਸ ਵਾਰ ਚੁੱਪ ਰਿਹਾ । ਕੋਈ ਹੂੰਅ-ਹਾਂ, ਹਾਂ-ਨਾਂਹ ਨਾ ਕੀਤੀ , ਉਂਝ ਵੀ ਉਸਨੂੰ ਬਾਬੇ ਹੀਰਾ ਸਿੰਘ ਦੀ ਛਿੜੀ ਵਾਰਤਾ ਨੇ ਆਪਣੇ ਅਤੀਤ ਨਾਲ ਜੋੜ ਲਿਆ ਸੀ । ਆਪਣੇ ਆਪ , ਆਪਣੇ ਪੁਰਖਿਆਂ ਨਾਲ । “….. ਇਕ ਲੱਤੋਂ ਹੀਣਾ ਹੋਣ ਕਰਕੇ ਆਪ ਤਾਂ ਉਹ ਬਹੁਤ ਦੌੜ-ਭੱਜ ਨਹੀਂ ਸੀ ਕਰ ਸਕਦਾ ਪਰ ਜ਼ਿਲ੍ਹੇ ਭਰ ਦੀਆਂ ਗੁਪਤ ਸਲਾਹਾਂ ਸਭ ਉਸਦੀ ਦੇਖ-ਰੇਖ ‘ਚ ਹੀ ਹੁੰਦੀਆਂ ਸਨ, ਹਵੇਲੀ ਜਾਂ ਖੂਹ ‘ਤੇ । ਆਇਆਂ-ਗਿਆਂ ਦੀ ਸਾਂਭ –ਸੰਭਾਲ ਕਰਮੇ ਦੇ ਬਾਬੇ ਜੁੰਮੇ ਹੁੰਦੀ , ਜੀਵਨ ਸਿੰਘ ਦੇ । ਪਰਦਾ ਏਨਾ, ਕਦੀ ਕਿਸੇ ਨੂੰ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ ਉਹਨਾਂ । ਇਹ ਸਾਰਾ ਕੁਝ ਉਸਦੇ ਬਾਪ ਨੇ ਦੱਸਿਆ ਸੀ ਉਸਨੂੰ ਬਾਪੂ ਕੇਹਰ ਸਿੰਘ ਨੇ ਜਾਂ ਕਰਮੇ ਦੇ ਬਾਬੇ ਜੀਵਨ ਸਿੰਘ ਨੇ ।
ਸਹਿ-ਸੁਭਾਅ ਹੀ ਕਰਮੇ ਦੀ ਨਿਗਾਹ ਆਪਣੇ ਆਪ ‘ਚ ਮਗਨ ਦਿੱਸਦੇ ਜਾਗੀਰੇ ਵਲ੍ਹ ਨੂੰ ਘੁੰਮੀ । ਉਸ ਅੰਦਰ ਡੱਕ ਹੋਇਆ ਕਿੰਨਾ ਸਾਰਾ ਹੋਰ ਸੱਚ ਮੁੜ ਉਸਦੇ ਬੋਲਾਂ ‘ਚ ਸ਼ਾਮਿਲ ਸੀ – “ ਤੁਹਾਨੂੰ ਪਤਆ ਸਰਪੰਚ ਸਾਬ੍ਹ ਧੰਨਾ ਸਿੰਘ ਬਹਿਲਪੁਰੀਆ , ਰਤਨ ਸਿੰਘ ਰਕੜ ਵਰਗੇ ਬੱਬਰਾਂ ਬਾਬਿਆਂ , ਪੁਲਿਸ ਹੱਥੋਂ ਨਾ ਫੜ ਹਣ ਦੀ ਕਸਮ ਵੀ ਤੁਆਡੇ ਬਾਬਾ ਜੀ ਹੀਰਾ ਸਿੰਘ ਬੱਬਰ ਤੋਂ ਥਾਪੜਾ ਲੈ ਕੇ ਖਾਧੀ ਸੀ । ਇਕ ਨੇ ਸ਼ਹੀਦ ਹੋਣ ਤੋਂ ਪਹਿਲਾਂ ਨੌਂ ਪੁਲਸੀਏ ਮਾਰੇ ਸਨ, ਦੂਜੇ ਨੇ ਪੰਜ ।“
ਕਰਮੇ ਦੇ ਦੱਸੇ ਅਲੋਕਾਰੀ ਭੇਤ ਨੇ ਜਾਗੀਰੇ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ।ਅਵਾਕ ਜਿਹਾ ਹੋਏ ਦੀ ਸੁਰਤੀ-ਬਿਰਤੀ ਕਰਮੇ ਦੀ ਬਾਤ-ਵਾਰਤਾ ਨਾਲ ਹੋਰ ਵੀ ਡੂੰਘੀ ਤਰ੍ਹਾਂ ਜੁੜ ਗਈ , ਉਹ ਦੱਸ ਰਿਹਾ ਸੀ – “ ਏਹ ਤਾਂ ਨੂਪੇ –ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ । ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ । ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ, “ ਨਾ ਚਾਹੁੰਦਿਆਂ ਵੀ ਕਰਮੇ ਤੋਂ ਤਲਖ ਟਿਣੀ ਫਿਰ ਤੋਂ ਕਰ ਹੋ ਗਈ । ਜਾਗੀਰੇ ਨੂੰ ਲੱਗਾ ਕਰਮੇ ਨੇ ਇਹ ਕੁਰਸੀ ਤਨਜ਼ ਹੋਰਨਾਂ ਸਮੇਤ ਉਸ ਉੱਤੇ ਵੀ ਕੱਸੀ ਐ । ਉਹ ਖਿਝਿਆ ਜ਼ਰੂਰ , ਪਰ ਛੇਤੀ ਹੀ ਸੰਭਲ ਗਿਆ ।ਅਗਲੇ ਹੀ ਪਲ, ਥੋੜ੍ਹੀ ਕੁ ਲਾਂਭੇ ਗਈ ਬਾਤ-ਚੀਤ , ਲੀਹ ਸਿਰ ਕਰਦੇ ਕਰਦੇ ਨੇ ਫਿਰ ਤੋਂ ਛੇੜ ਲਈ -“ ਏਹ ਰਹਿਣ ਦੇ ਹੁਣ, ਤੂੰ….ਤੂੰ ਆਹ ਦੱਸ ,ਏਹਨਾਂ ਓਪਰੇ ਬੰਦਿਆਂ ਦਾ ਕੀ ਕਰੀਏ ?”
“ ਕਰਮੇ ਦੀ ਸਲਾਹ ਨਾਲੋਂ ਵੱਧ ਜਾਗੀਰੇ ਦੀ ਪਿੱਠ ‘ਤੇ ਉਸਦੇ ਅਤੀਤ ਨੇ ਚੂੰਢੀ ਵੱਢੀ , ਉਸਦੇ ਬਾਬੇ ਹੀਰਾ ਸਿੰਘ ਬੱਬਰ ਨੇ –“ ਚੰਗਾ ਕਰਦੇ ਆਂ ਫੇਏ ਹੀਲਾ-ਵਸੀਲਾ ।“
ਅਗਲੇ ਤੋਂ ਅਗਲੇ ਦਿਨ ਜੁੜੀ ਗ੍ਰਾਮ ਸਭਾ ਨੇ ਲੱਭੂ ਲੰਬੜ ਦਾ ਪ੍ਰਸਤਾਵ ਅੱਧਿਓਂ ਵੱਧ ਪਿੰਡ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ । ਬਾਵਾ ਰਾਮ ਦੇ ਕਿਰਿਆ-ਕਰਮ ਤੋਂ ਅਗਲੀ ਸੰਗਰਾਂਦੇ, ਕਿਸ਼ਨ ਨੂੰ ਪਿੰਡ ਦੇ ਮੰਦਰ ਦਾ ਅਗਲਾ ਪਾਂਧਾ ਨਿਯੁਕਤ ਕਰਨ ਦੀ ਮਿਤੀ ਵੀ ਉਸੇ ਦਿਨ ਮਿੱਥ ਲਈ ਗਈ ।
ਉਸ ਦਿਨ ਘਰ-ਕੋਠੀ ਵੱਲ ਨੂੰ ਵਾਪਿਸ ਤੁਰੇ ਆਉਂਦੇ ਜਾਗੀਰੇ ਸਰਪੰਚ ਨੂੰ ਲੱਗਾ ਸੀ ਕਿ ਉਸ ਦੇ ਪਿਤਾ-ਪੁਰਖਿਆਂ ਤੋਂ ਤੁਰੀ ਆਉਂਦੀ ਸਾਂਝ ਨੂੰ ਦੁਫੇੜਨ ਵਾਲੇ ਨਾਗੋਨਾ ਵਾਇਰਸ ਦੇ ਡੰਗ ਤੋਂ ਸਮੇਂ ਸਿਰ ਉਪਰਾਲਾ ਕਰਕੇ ਪੰਡਤਾਂ ਵਿਹੜੇ ਸਮੇਤ ਸਾਰੇ ਪਿੰਡ ਈਸਪੁਰ ਨੂੰ ਸਹੀ ਸਲਾਮਤ ਬਚਾ ਲਿਆ ਹੈ ।
ਘਾਹ ਤੇ ਮਜਬੂਰੀ
ਅੱਜ ਮੈਨੂੰ ਰਸਤੇ ਵਿੱਚ ਉਸ ਨੂੰ ਵੇਖਦਿਆਂ ਤੀਜਾ ਦਿਨ ਹੋ ਗਿਆ ਸੀ। ਦਫਤਰ ਨੂੰ ਜਾਂਦਿਆ ਮੈਂ ਉਸ ਨੂੰ ਅਕਸਰ ਰੋਜ ਵੇਖਦਾ ਸੀ। ਪਰ ਲੇਟ ਹੋ ਜਾਣ ਦੇ ਡਰ ਤੋਂ ਮੈਂ ਉਸ ਕੋਲ ਕੁਝ ਦੇਰ ਖਲੋ ਨਾ ਸਕਦਾ। ਰੋਜ ਮਨ ਬਣਾਉਦਾ ਕਿ ਉਸ ਕੋਲ ਖਲੋਵਾਂ ਤੇ ਹਮਦਰਦੀ ਕਰਾਂ, ਕੋਈ ਮੱਦਦ ਕਰਾਂ, ਕਿਉਂ ਜੋ ਉਸ ਲਈ ਤਰਸ ਤੇ ਹਮਦਰਦੀ ਨਾਲ ਮਨ ਭਰਿਆ ਹੋਇਆ ਸੀ ਪਰ ਰੋਜ ਕਿਸੇ ਨਾ ਕਿਸੇ ਕਾਰਨ ਮੌਕਾ ਖੁੰਝ ਜਾਂਦਾ ਸੀ।
ਪਰ ਅੱਜ ਮੈਂ ਦਫਤਰੋਂ ਲੇਟ ਹੋ ਜਾਣ ਦੇ ਡਰੋਂ ਵੀ ਨਾ ਡਰਿਆ ਤੇ ਆਖਰਕਾਰ ਮੋਟਰ ਸਾਇਕਲ ਸੜਕ ਕਿਨਾਰੇ ਖੜਾ ਕਰ ਖਲੋ ਹੀ ਗਿਆ। ਉਸ ਦੀ ਹਾਲਤ ਨੇ ਮੈਨੂੰ ਰੁਕਣ ਲਈ ਮਜਬੂਰ ਕਰ ਹੀ ਦਿੱਤਾ। ਸੜਕ ਤੇ ਦੋਵਾਂ ਪਾਸੇ ਰੋਜ ਦੀ ਤਰਾਂ ਆਮ ਲੋਕਾਂ ਦੀ ਭੀੜ ਆ – ਜਾ ਰਹੀ ਸੀ ਤੇ ਵਾਹਨ ਆਪਣੀ ਰਫਤਾਰੇ ਦੌੜੇ ਜਾ ਰਹੇ ਸਨ, ਕਿਸੇ ਨਦੀ ਦੀ ਤਰਾਂ ਬੇ-ਰੋਕ,ਅਣਥੱਕ, ਬੇਰਹਿਮੀਆਂ ਵਾਂਗਰ।
ਬਾਬਾ ਜਿਸ ਦੀ ਉਮਰ ਕਰੀਬ ਪੈਂਹਠ ਤੋਂ ਸੱਤਰ ਸਾਲ ਦੇ ਕਰੀਬ ਬਿਲਕੁਲ ਸਹੀ ਅੰਦਾਜੇ ਵਾਲੀ ਲੱਗਦੀ ਸੀ। ਉਸਦੇ ਗੱਲ ਪਾਟੀ ਤੇ ਗੰਦਲੀ ਜਿਹੀ ਫਤੂਹੀ ਸੀ, ਤੇੜ ਪੁਰਾਣਾ ਵੱਟਲ ਚਾਦਰਾ ਸੀ। ਮੈਲੇ ਜਿਹੇ ਤੱਪੜ ਵਿਚ ਰੰਬੀ ਨਾਲ ਸੜਕ ਦੀ ਕਿਨਾਰਿਓ ਘਾਹ ਖੋਤ-ਖੋਤ ਇਕੱਠਾ ਕਰ ਰਿਹਾ ਸੀ। ਇਹ ਉਸਦਾ ਰੋਜ ਦਾ ਵਰਤਾਰਾ ਸੀ। ਉਸ ਦਾ ਸਰੀਰ ਪਤਲਾ ਸੀ ਪਰ ਲੱਕੜ ਵਰਗਾ ਮਜਬੂਤ ਸੀ। ਉਸ ਦੀਆਂ ਵੱਖੀਆਂ ਅੰਦਰ ਧੱਸੀਆਂ ਸਨ ਜੋ ਕਿ ਪਸੀਨੇ ਨਾਲ ਭਿੱਜੀ ਫਤੂਹੀ ਨਾਲ ਜੁੜੀਆਂ ਸਾਫ ਪਾਰਦਰਸ਼ਤਾ ਰਾਹੀਂ ਬਿਆਨ ਹੋ ਰਹੀਆਂ ਸਨ। ਮੋਢਿਆਂ ਤੋਂ ਥੋੜਾ ਜਿਹਾ ਕੁੱਭ ਸੀ। ਉਸ ਦੀ ਸਰੀਰਕ ਬਣਤਰ ਸਰੀਰ ਤੇ ਹੰਢਾਏ ਜਿੰਦਗੀ ਅਹਿਮ ਮਿਹਨਤੀ ਹਿੱਸੇ- ਸਾਲਾਂ ਨੂੰ ਬਾਖੂਬੀ ਬਿਆਨ ਕਰ ਰਿਹਾ ਸੀ। ਉਸ ਦੇ ਸਿਰ ਦਾ ਪਰਨਾ ਤੇ ਫਤੂਹੀ ਪਸੀਨੇ ਨਾਲ ਪੂਰੀ ਤਰਾਂ ਗੜੁੱਚ ਸੀ ਜੋ ਉਸ ਦੀ ਮਿਹਨਤ ਤੇ ਗੁਰਬਤ ਦੀ ਕਹਾਣੀ ਆਪ ਮੁਹਾਰੇ ਹੀ ਦੱਸ ਰਹੇ ਸਨ। ਸਿਰ ਤੇ ਦਾੜੀ ਦਾ ਇਕ ਵੀ ਵਾਲ ਕਾਲਾ ਨਹੀ ਸੀ ਪਰ ਸ਼ਾਇਦ..ਫੇਰ ਵੀ ਆਪਣੀ ਹੱਡ ਭੰਨਵੀ ਮਿਹਨਤ ਤੋਂ ਉਸ ਨੇ ਕਦੇ ਹਾਰ ਨਹੀ ਮੰਨੀ ਹੋਵੇਗੀ। ਖੌਰੇ ਕਿਹੜੀਆਂ ਮੁਸ਼ਕਿਲਾਂ-ਥੁੜਾਂ ਦਾ ਮਾਰਿਆ-ਝੰਬਿਆਂ ਸੀ, ਅਜੇ ਮੇਰਾ ਮਨ ਇਨਾਂ ਹੀ ਕਿਆਸਰਾਈਆਂ ਦੇ ਵਾਅ-ਵਰੋਲੇ ਵਿਚ ਗੁਆਚਾ ਕਦੋਂ ਉਸ ਦੇ ਸਿਰਹਾਣੇ ਜਾ ਖਲੋਤਾ ਪਤਾ ਹੀ ਨਾ ਲੱਗਾ।
ਮੈਂ ਕਿਹਾ, “ਬਾਬਾ ਜੀ..” ਓਸ ਉੱਪਰ ਵੱਲ ਮੱਥੇ ਤੇ ਹੱਥ ਰੱਖਦਿਆਂ ਧੁੱਪ ਤੋਂ ਪਰਛਾਵੇਂ ਕਰਦੇ, ਅੱਖਾਂ ਦੇ ਭਰਵੱਟਿਆਂ ਤੋਂ ਪਸੀਨਾ ਪੂੰਝਦਿਆਂ ਉੱਪਰ ਵੱਲ ਵੇਖਦਿਆਂ ਜੁਆਬ ਦਿੱਤਾ, ” ਹਾਂ ਪੁੱਤ।”
ਮੈਂ ਗੱਲ ਸ਼ੁਰੂ ਕੀਤੀ, “ਬਾਬਾ ਜੀ, ਮੈਂ ਰੋਜ ਦੇਖਦਾ ਹਾਂ, ਤੁਸੀਂ ਰੋਜ ਇੱਥੇ ਘਾਹ ਖੋਤਦੇ ਹੋ, ਤੁਹਾਡਾ ਕੋਈ ਪੁੱਤ ਨਹੀਂ ਜੋ ਤੁਹਾਡੀ ਜਗਾ ਕੰਮ ਕਰ ਸਕੇ, ਸੂਰਜ ਬੜਾ ਮਘ ਰਿਹਾ ਹੈ, ਅੱਜ ਤਾਂ ਧੁੱਪ ਵੀ ਬੜੀ ਹੈ, ਗਰਮੀ ਵਿਚ ਤੁਸੀਂ ਬਿਮਾਰ ਨਾ ਹੋ ਜਾਇਓ।” ਮੇਰੇ ਕੀਤੇ ਸੁਆਲਾਂ ਦਾ ਬਾਬੇ ਨੇ ਕੋਈ ਜੁਆਬ ਨਾ ਦਿੱਤਾ।
ਮੈਂ ਫੇਰ ਕਿਹਾ, “ਬਾਬਾ ਜੀ, ਮੈਂ ਤੁਹਾਨੂੰ ਕੁਝ ਪੈਸੇ ਦੇ ਦਿਆਂ..” ਮੇਰੇ ਜੇਬ ਵਿਚ ਦੋ ਸੌ ਰੁਪਏ ਹੱਥ ਵਿੱਚ ਹੀ ਸਨ ਕਿ..
ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਬੇ ਨੇ ਮੇਰੇ ਵੱਲ ਵੇਖਿਆ ਤੇ ਅੱਖਾਂ ਵਿੱਚ ਗਲੇਡੂ ਭਰ ਕੇ ਬੋਲਿਆ,” ਪੁੱਤ..ਤੂੰ ਮੇਰਾ ਦੁੱਖ ਸਮਝਿਆ, ਤੂੰ ਮੈਨੂੰ ਪੁੱਤਾਂ ਜਿਹਾ ਲੱਗਦੈ, ਪਰ ਜੇ ਮੈਂ ਕੰਮ ਨਾ ਕਰਾਂ ਤਾਂ ਘਰ ਚਾਰ ਜੀਅ ਭੁੱਖੇ ਮਰ ਜਾਣੈਂ, ਮੇਰਾ ਇੱਕੋ ਪੁੱਤ ਹੈ ਪਰ ਉਹ ਕਿਸੇ ਕੰਮ ਜੋਗਾ ਨਹੀ ਹੈ, ਉਸ ਨੂੰ ਚੰਦਰੀ ਚਿੱਟੇ ਦੀ ਲੱਤ ਲੱਗੀ ਹੈ, ਰਾਤ ਦਿਨ ਨਸ਼ੇ ਦੀ ਗ੍ਰਿਫਤ ਵਿਚ ਰਹਿੰਦਾ ਹੈ, ਦੋ ਛੋਟੇ ਬਾਲ ਪੋਤਾ.. ਪੋਤੀ ਨੇ, ਨੂੰਹ ਕਿਸੇ ਦੇ ਘਰ ਕੰਮ ਕਰਕੇ ਰੋਜੀ-ਰੋਟੀ ਕਮਾਂਉਂਦੀ ਹੈ, ਮੁੰਡੇ ਦੇ ਨਸ਼ੇ ਦੇ ਕਾਰਨ ਘਰੇ ਕਲੇਸ਼ ਰਹਿੰਦਾ ਨੂੰਹ ਤੀਜੇ ਦਿਨ ਹੀ ਘਰ ਛੱਡ ਜਾਣ ਦਾ ਕਹਿ ਦਿੰਦੀ ਹੀ..ਕਿਉਂਕਿ ਮੁੰਡਾ ਕੋਈ ਕੰਮ ਨੀ ਕਰਦਾ, ਜੇ ਮੈਂ ਵੀ ਕੰਮ ਨਾ ਕਰਾਂ ਤਾਂ ਘਰ ਦਾ ਚੁੱਲ਼ਾ ਨਹੀ ਭੱਖਣਾ.. ਨੂੰਹ ਨੇ ਘਰ ਛੱਡ ਜਾਣਾ,, ਗਾਂ ਲਈ ਘਾਹ ਖੋਤ ਕੇ ਮੈਂ ਦਿਆੜੀ ਵੀ ਜਾਣਾ ਹੁੰਦੈ..ਮਿਸਤਰੀਆਂ ਦੇ ਮਗਰ। ”
ਬਾਬੇ ਦੇ ਅੱਥਰੂ ਬਜੁਰਗ ਅੱਖਾਂ ਚੋਂ ਵਹਿ ਤੁਰੇ ਤੇ ਚੇਹਰੇ ਦੀਆਂ ਝੁਰੜੀਆਂ ਵਿੱਚੋਂ ਵਹਿੰਦੇ-ਵਹਿੰਦੇ ਪਤਾ ਨਹੀ ਕਿੱਥੇ ਗੁੰਮ ਹੋ ਰਹੇ ਸਨ। ਉਹ ਫੇਰ ਘਾਹ ਖੋਤਣ ਲੱਗ ਪਿਆ ਤੇ ਮੇਰੇ ਹੱਥ ਵਿਚ ਫੜੇ ਦੋ ਸੋ ਰੁਪਏ ਦੇ ਨੋਟ ਵੱਲ ਵੇਖਣਾ ਤਾਂ ਕੀ ਸੀ ਜਾਪਦਾ ਸੀ ਕਿ ਉਸ ਨੇ ਸੋਚਿਆ ਵੀ ਨਹੀ ਹੋਣਾ। ਸ਼ਾਇਦ ਮੈਨੂੰ ਵੀ ਲੱਗਦਾ ਸੀ ਕਿ ਮੇਰੀ ਨਿਗੂਣੀ ਜਿਹੀ ਰਕਮ ਉਸ ਦੀਆਂ ਮਜਬੂਰੀਆਂ ਹੱਲ ਕਰ ਸਕਦੀ ਸੀ ਜਾਂ ਨਹੀ। ਉਸ ਦੀਆਂ ਮਜਬੂਰੀਆਂ ਨੇ ਮੈਨੂੰ ਅੰਦਰ ਤੀਕ ਝੰਜੋੜ ਕੇ ਰੱਖ ਦਿੱਤਾ ਸੀ।
ਮੈਂ ਵੇਖਿਆ ਬਾਬਾ ਫੇਰ ਆਪਣੇ ਕੰਮ ਵਿੱਚ ਜੁੱਟ ਗਿਆ ਸੀ ਅਤੇ ਮੈਂ ਸੈਲ ਪੱਥਰ ਹੋਇਆ ਆਪਣੇ ਆਪ ਨੂੰ ਉਸ ਦੀ ਜਗਾ ਰੱਖ ਕੇ ਅਜੇ ਉਸ ਦੇ ਹਾਲਾਤਾਂ ਦੀ ਕਲਪਨਾ ਹੀ ਕਰ ਰਿਹਾ ਸੀ ਕਿ ਬਾਬਾ ਬੈਠਾ ਹੋਇਆ ਪਿੱਛੇ ਨੂੰ ਮੁੜ ਕੇ ਫੇਰ ਬੋਲਿਆ, “ਪੁੱਤ..ਜਿਉਂਦਾ ਰਹਿ ਤੂੰ ਮੇਰਾ ਦੁੱਖ ਪੁੱਛਿਆ..ਪਰ ਇੱਕ ਗੱਲ ਆਖਾਂ, ਇਹ ਘਾਹ ਤੇ ਮਜਬੂਰੀ ਦੋਵੇਂ ਇੱਕੋ ਜਿਹੇ ਹੁੰਦੈ ਨੇਂ..ਜੇ ਅੱਜ ਵੱਢ ਲਓ ਤਾਂ ਕੱਲ ਫੇਰ ਉੱਗ ਪੈਂਦੈ ਨੇਂ..।”
ਉਸ ਦੇ ਬੋਲਾਂ ਨੇ ਮੈਨੂੰ ਕੰਬਾ ਦਿੱਤਾ ਸੀ…ਮੈਂ ਅੰਦਰ ਤੀਕ ਦੁੱਖ ਨਾਲ ਭਰ ਗਿਆ ਸੀ। ਉਸਦੇ ਦੁੱਖ ਭਰੇ ਬੋਲਾਂ ਮੈਨੂੰ ਸੈਲ ਪੱਥਰ ਕਰ ਦਿੱਤਾ ਸੀ। ਹੁਣ ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਮੇਰੇ ਪੈਰਾਂ ਹੇਠ ਭੱਖਦੇ ਕੋਲੇ ਧਰ ਦਿੱਤੇ ਹੋਣ, ਨਾ ਤਾਂ ਮੈਂ ਅੱਗੇ ਵੱਧ ਸਕਦਾ ਸਾਂ ਤੇ ਨਾ ਪਿਛੇ ਮੁੜ ਸਕਦਾ ਸਾਂ।
ਕਰਮਯੋਗੀ
ਰਾਮ ਪ੍ਰਤਾਪ ਦੀ ਮੌਤ ਨੂੰ ਦੋ ਸਾਲ ਹੋ ਗਏ । ਜਿ੍ਹਨਾਂ ਭਰਾਵਾਂ ਨੂੰ ਜਾਨੋਂ ਵੱਧ ਪਿਆਰ ਕਰਦਾ ਸੀ, ਉਹਨਾਂ ਵਿੱਚੋਂ ਕੋਈ ਵੀ ਰਾਮ ਪ੍ਰਤਾਪ ਦੇ ਪ੍ਰਵਾਰ ਦੀ ਸਾਰ ਲੈਣ ਨਾ ਗਿਆ । ਜਿ੍ਹਨਾਂ ਚਾਚਿਆਂ ਨੂੰ ਇਕੱਠੇ ਕਰਨ ਦਾ ਸੁਪਨਾ ਦੇਖਿਆ ਸੀ ਉਹਨਾਂ ਵਿੱਚੋਂ ਕਿਸੇ ਨੇ ਰਾਮ ਪ੍ਰਤਾਪ ਦੇ ਪਰਵਾਰ ਦਾ ਥਹੁ ਪਤਾ ਨਾ ਲਿਆ । ਜਿ੍ਹਨਾਂ ਸਾਲਿਆਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਦਾ ਸੀ, ਉਹਨਾਂ ਵਿੱਚੋਂ ਕਿਸੇ ਨੇ ਵੀ ਰਾਮ ਪਰਵਾਰ ਦੇ ਪਰਵਾਰ ਦਾ ਸੁਰ ਪਤਾ ਨਾ ਲਿਆ । ਅਗਰ ਉਹ ਜਿਊਂਦਾ ਹੁੰਦਾ ਤਾਂ ਇਹ ਸੱਭ ਦੇਖਦਾ, ਉਸਦਾ ਭਰਮ ਟੁੱਟਦਾ ਸੱਭ ਰਿਸ਼ਤੇ ਰੇਤ ਦੀ ਦੀਵਾਰ ਦੀ ਤਰ੍ਹਾਂ ਢਹਿ ਢੇਰੀ ਹੋ ਗਏ ।
ਰਾਮ ਪ੍ਰਤਾਪ ਪਰਵਾਰ ‘ਚ ਸੱਭ ਨਾਲੋਂ ਵੱਡਾ ਸੀ । ਘਰ ਵਿੱਚ ਅੱਤ ਦੀ ਗਰੀਬੀ, ਮਾਂ-ਪਿਉ ਅਨਪੜ੍ਹ, ਰਾਮ ਪ੍ਰਤਾਪ ਦਾ ਪਿਉ ਹੱਦੋਂ ਵੱਧ ਸਖਤ । ਰਾਮ ਪ੍ਰਤਾਪ ਪੜਾਈ ਵਿੱਚ ਬਹੁੱਤ ਲਾਇਕ, ਮਾਂ-ਪਿਉ ਦਾ ਲਾਡਲਾ ਪੁੱਤਰ ਹੋਣ ਦੇ ਨਾਲ-ਨਾਲ ਹੋਣਹਾਰ ਅਤੇ ਮਿਹਨਤੀ ਬੱਚਾ ਸੀ । ਮਾਂ-ਪਿਉ ਆਪਣੇ ਪੁੱਤਰ ਉੱਤੇ ਮਾਣ ਕਰਦੇ ਸਨ । ਪਹਿਲਾਂ-ਪਹਿਲ ਤਾਂ ਰਾਮ ਪ੍ਰਤਾਪ ਆਪਣੇ ਦਾਦੇ ਦੇ ਮਕਾਨ ਵਿੱਚ ਰਹਿੰਦਾ, ਫਿਰ ਆਪਣੀ ਥਾਂ ਲੈ ਲਈ ਅਤੇ ਆਪਣੇ ਮਕਾਨ ਵਿੱਚ ਚਲਿਆ ਗਿਆ । ਇੱਕ ਭੈਣ ਦੇ ਬਾਅਦ ਦੋ ਭਰਾ ਹੋਰ ਹੋਏ । ਰਾਮ ਪ੍ਰਤਾਪ ਹਮੇਸ਼ਾਂ ਹੀ ਪੜਾਈ ਵਿੱਚ ਪਹਿਲੇ ਨੰਬਰ ਤੇ ਆਉਂਦਾ ਅਧਿਆਪਕ ਵੀ ਉਸ ਉੱਪਰ ਮਾਣ ਕਰਦੇ । ਸੁੱਖ ਨਾਲ ਰਾਮ ਪ੍ਰਤਾਪ ਨੇ ਦਸਵੀਂ ਪਹਿਲੇ ਨੰਬਰ ਤੇ ਪਾਸ ਕੀਤੀ ਸੀ ਜੋ ਅੱਜ ਦੀ ਐੱਮ.ਏ. ਨਾਲੋਂ ਵੀ ਵੱਧ ਮਹੱਤਵ ਰੱਖਦੀ ਸੀ । ਰਾਮ ਪ੍ਰਤਾਪ ਨੂੰ ਸਰਕਾਰੀ ਨੌਕਰੀ ਮਿਲ ਗਈ । ਰਾਮ ਪ੍ਰਤਾਪ ਦਾ ਪਿਤਾ ਚਾਹੇ ਮਿਹਨਤੀ ਸੀ । ਅਣਖ ਅਤੇ ਇੱਜ਼ਤ ਨਾਲ ਸਿਰ ਚੁੱਕ ਕੇ ਚੱਲਣ ਵਿੱਚ ਵਿਸ਼ਵਾਸ਼ ਰੱਖਦਾ, ਨਾਹੀ ਕਿਸੇ ਨੂੰ ਫਾਲਤੂ ਗੱਲ ਕਹਿੰਦਾ ਅਤੇ ਨਾ ਹੀ ਕਿਸੇ ਦੀ ਫਾਲਤੂ ਗੱਲ ਸੁਣਦਾ ਸੀ । ਸੁਭਾਅ ਦਾ ਕੋਰਾ, ਝੂਠ ਅਤੇ ਹੇਰਾ ਫੇਰੀ ਉਸਦੇ ਕੋਲੋਂ ਵੀ ਨਹੀਂ ਲੰਘੀਆਂ ਸਨ । ਰਾਮ ਪ੍ਰਤਾਪ ਦੀ ਮਾਂ ਕਾਫੀ ਚੁਸਤ ਚਲਾਕ ਔਰਤ ਸੀ ਪਰ ਰਾਮ ਪ੍ਰਤਾਪ ਨਾਲ ਬਹੁੱਤ ਪਿਆਰ ਕਰਦੀ । ਅਕਸਰ ਰਾਮ ਪਰਤਾਪ ਦੇ ਮਾਂ-ਪਿਉ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣਾ ਆਮ ਜਿਹੀ ਗੱਲ ਸੀ, ਪਰ ਆਪਸ ਵਿੱਚ ਡੂੰਘਾ ਪਿਆਰ ਵੀ ਸੀ ।
ਰਾਮ ਪ੍ਰਤਾਪ ਦੀ ਨੌਕਰੀ ਲੱਗਣ ਦੇ ਕੁੱਝ ਚਿਰ ਮਗਰੋਂ ਰਾਮ ਪ੍ਰਤਾਪ ਦਾ ਵਿਆਹ ਕਰ ਦਿੱਤਾ ਗਿਆ । ਰਾਮ ਪਰਤਾਪ ਦੇ ਸਹੁਰੇ ਚੰਗੇ ਖਾਂਦੇ-ਪੀਂਦੇ ਘਰ ਦੇ ਸਨ । ਰਾਮ ਪ੍ਰਤਾਪ ਦੀ ਪਤਨੀ ਕਾਫੀ ਖੂਬਸੂਰਤ ਸੀ । ਵਿਆਹ ਵੇਲੇ ਰਾਮ ਪ੍ਰਤਾਪ ਦੀ ਉਮਰ 20 ਸਾਲ ਅਤੇ ਜਨਾਨੀ ਦੀ ਉਮਰ ਅਠਾਰਾਂ ਸਾਲ ਦੀ ਸੀ । ਸਮਾਂ ਆਪਣੀ ਚਾਲੇ ਚੱਲਦਾ ਗਿਆ । ਰਾਮ ਪ੍ਰਤਾਪ ਦੀ ਨੌਕਰੀ ਸ਼ਹਿਰ ਵਿੱਚ ਸੀ । ਉਸਦੀ ਪਤਨੀ ਵੀ ਉਸਦੇ ਨਾਲ ਹੀ ਸੀ । ਚਾਹੇ ਰਾਮ ਪ੍ਰਤਾਪ ਆਪਣੇ ਮਾਂ-ਬਾਪ ਅਤੇ ਭੈਣ-ਭਰਾਵਾਂ ਤੋਂ ਦੂਰ ਸੀ ਫਿਰ ਵੀ ਰਾਮ ਪ੍ਰਤਾਪ ਨੇ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਿਆ ਸੀ । ਪਹਿਲਾਂ ਭੈਣ ਦਾ ਵਿਆਹ ਕੀਤਾ । ਰਾਮ ਪ੍ਰਤਾਪ ਭੈਣ-ਭਰਾਵਾਂ ਸਮੇਤ ਪੰਜ ਭੈਣ ਭਰਾ ਸਨ । ਭੈਣ ਦੇ ਵਿਆਹ ਤੋਂ ਬਾਅਦ ਭਰਾ ਦਾ ਵਿਆਹ ਕੀਤਾ । ਸਮੇਂ-ਸਮੇਂ ‘ਤੇ ਪੈਸੇ ਧੈਲੇ ਨਾਲ ਵੀ ਰਾਮ ਪ੍ਰਤਾਪ ਮੱਦਦ ਕਰਦਾ ਰਹਿੰਦਾ ਸੀ । ਪਰਵਾਰ ਵਿੱਚ ਕੋਈ ਮੁਸੀਬਤ ਪੈਂਦੀ ਰਾਮ ਪ੍ਰਤਾਪ ਦੁੱਖ-ਸੁੱਖ ਵੇਲੇ ਭੱਜ ਕੇ ਜਾਂਦਾ ਅਤੇ ਮਾਂ-ਪਿਉ ਦੀ ਹਰ ਸੰਭਵ ਮਦਦ ਕਰਦਾ । ਪੜਾਈ ਵਿੱਚ ਸਾਰੇ ਭਰਾ ਸਿਵਾਏ ਇੱਕ ਦੇ ਸਾਰੇ ਨਿਕੰਮੇ ਨਿਕਲੇ । ਉਸਨੇ ਵੀ ਧੱਕੇ ਨਾਲ 10 ਜਮਾਤਾਂ ਪਾਸ ਕੀਤੀਆਂ । ਅਕਸਰ ਕੋਈ ਨਾ ਕੋਈ ਭਰਾ ਰਾਮ ਪ੍ਰਤਾਪ ਕੋਲ ਰਹਿੰਦਾ । ਰਾਮ ਪ੍ਰਤਾਪ ਦੇ ਮਾਂ-ਪਿਉ ਦੀ ਉਸਦੇ ਘਰ ਵਿੱਚ ਦਖਲ ਅੰਦਾਜ਼ੀ ਸੀ । ਰਾਮ ਪ੍ਰਤਾਪ ਆਪਣੀ ਮਾਂ-ਭੈਣ ਦੇ ਮਗਰ ਲੱਗਾ ਰਹਿੰਦਾ ਅਤੇ ਉਹ ਪਹਿਲਾਂ ਹੀ ਅੱਤ ਦੀਆਂ ਚੁਗਲ ਖੋਰ ਅਤੇ ਲੜਾਕੀਆਂ ਸਨ ਅਤੇ ਭਰਾ ਵੀ ਘੱਟ ਮੀਸਣੇ ਨਹੀਂ ਸਨ । ਰਾਮ ਪਰਤਾਪ ਉਹਨਾਂ ਦੇ ਮਗਰ ਲੱਗ ਕੇ ਆਪਣੀ ਜਨਾਨੀ ਨੂੰ ਕੁੱਟ ਛੱਡਦਾ ।
ਸਮੇਂ ਅਨੁਸਾਰ ਰਾਮ ਪ੍ਰਤਾਪ ਦੇ ਆਪਣੇ ਬੱਚੇ ਹੋ ਗਏ । ਇੱਕ ਛੋਟੇ ਭਰਾ ਨੂੰ ਉਸਨੇ ਆਪਣੇ ਕੋਲ ਕੰਮ ਸਿਖਾਉਣ ਲਈ ਰੱਖਿਆ ਹੋਇਆ ਸੀ । ਕੰਮ ਤਾਂ ਉਹ ਕੋਈ ਸਿੱਖ ਨਾ ਸਕਿਆ ਅਤੇ ਰੇਹੜੀ ਲਗਾਉਣ ਲੱਗ ਪਿਆ । ਕੁੱਝ ਦੇਰ ਰਾਮ ਪ੍ਰਤਾਪ ਕੋਲ ਰਿਹਾ ਅਤੇ ਫਿਰ ਆਪਣੇ ਮਾਂ-ਬਾਪ ਘਰ ਚਲਿਆ ਗਿਆ ਅਤੇ ਉਸਦਾ ਕੰਮ ਸੈੱਟ ਹੋ ਗਿਆ । ਰਾਮ ਪ੍ਰਤਾਪ ਦੇ ਤਿੰਨ ਬੱਚੇ ਹੋਏ ਅਤੇ ਜਨਾਨੀ ਬਿਮਾਰ ਰਹਿਣ ਲੱਗ ਪਈ ਰੱਬ ਨੂੰ ਪਿਆਰੀ ਹੋ ਗਈ । ਪਹਿਲਾਂ-ਪਹਿਲ ਤਾਂ ਬੱਚੇ ਨਾਨਕੇ ਰਹੇ ਅਤੇ ਫਿਰ ਦਾਦਕੇ ਆ ਕੇ ਰਹਿਣ ਲੱਗ ਪਏ । ਰਾਮ ਪ੍ਰਤਾਪ ਦੀ ਛੋਟੀ ਸਾਲੀ ਅਜੇ ਕੁਆਰੀ ਸੀ ਮਾਂ-ਬਾਪ ਨੇ ਸੋਚਿਆ ਕਿ ਸਾਡੇ ਦੋਹਤੇ ਦੋਹਤੀਆਂ ਨੂੰ ਮਾਂ ਮਿਲ ਜਾਵੇਗੀ । ਦੂਜੀ ਪਤਾ ਨਹੀਂ ਕਿਸ ਤਰ੍ਹਾਂ ਦੀ ਆਵੇਗੀ । ਬੱਚਿਆਂ ਦੀ ਜਿੰਦਗੀ ਤਾਂ ਬਰਬਾਦ ਨਹੀਂ ਹੋਵੇਗੀ । ਨਾਲੇ ਫਿਰ ਜਵਾਈ ਦਾ ਘਰ ਵੱਸ ਜਾਵੇਗਾ । ਜਵਾਈ ਵਿੱਚ ਕਿਹੜੀ ਕਮੀ ਹੈ, ਸੱਭ ਪਾਸੇ ਤੋਂ ਠੀਕ ਹੈ । ਰਾਮ ਪ੍ਰਤਾਪ ਅਤੇ ਸੁਨੀਤਾ ਦਾ ਵਿਆਹ ਹੋ ਗਿਆ । ਕੁੱਝ ਸਮਾਂ ਤਾਂ ਰਾਮ ਪ੍ਰਤਾਪ ਫਿਰ ਪਹਿਲੇ ਵਾਲਾ ਹਾਲ ਮਾਂ-ਪਿਉ ਮਗਰ ਲੱਗ ਕੇ ਰਾਮ ਪ੍ਰਤਾਪ ਸੁਨੀਤਾ ਨਾਲ ਗਾਲ ਮੰਦਾ ਕਰਦਾ ਤੇ ਮਾਰ ਕੁਟਾਈ ਕਰਨ ਲੱਗ ਪਿਆ । ਸੁਨੀਤਾ ਮੂੰਹ ਜੋਰ, ਕਈ ਵਾਰ ਸੁਨੀਤਾ ਰਾਮ ਪ੍ਰਤਾਪ ਨੂੰ ਛੱਡ ਕੇ ਆਪਣੇ ਪੇਕੇ ਵੀ ਚੱਲੀ ਜਾਂਦੀ, ਕਦੀ-ਕਦੀ ਰਾਮ ਪ੍ਰਤਾਪ ਮਨਾਉਣ ਜਾਂਦਾ ਤੇ ਜਦ ਕਦੀ ਰਾਮ ਪ੍ਰਤਾਪ ਨਹੀਂ ਜਾਂਦਾ ਤਾਂ ਰਾਮ ਪ੍ਰਤਾਪ ਦੇ ਸਹੁਰੇ ਮਨਾਂਉਦੇ ਆਪਸ ਵਿਚ ਸੁਲਾਹ-ਸੁਲਾਈ ਕਰਵਾ ਕੇ ਜਾਂਦੇ । ਰਾਮ ਪ੍ਰਤਾਪ ਦੀ ਜਨਾਨੀ ਬੱਚਿਆ ਨਾਲ ਖੂਬ ਪਿਆਰ ਕਰਦੀ । ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਸੁਨੀਤਾ ਰਾਮ ਪ੍ਰਤਾਪ ਦੇ ਬੱਚਿਆ ਦੀ ਦੂਸਰੀ ਮਾਂ ਹੈ । ਸਭ ਨੂੰ ਇਹ ਹੀ ਮਹਿਸੂਸ ਹੰਦਾ ਕਿ ਸੁਨੀਤਾ ਹੀ ਰਾਮ ਪ੍ਰਤਾਪ ਦੇ ਬੱਚਿਆ ਦੀ ਅਸਲ ਮਾਂ ਹੈ । ਬੱਚੇ ਵੀ ਸੁਨੀਤਾ ਨਾਲ ਖੂਬ ਰਚ ਮਿਚ ਗਏ ਸਨ । ਰਾਮ ਪ੍ਰਤਾਪ ਨੂੰ ਪਤਾ ਸੀ ਕਿ ਬੱਚਿਆ ਨੂੰ ਮਾਂ ਮਿਲ ਗਈ ਹੈ । ਬੱਚਿਆਂ ਵੱਲੋਂ ਰਾਮ ਪ੍ਰਤਾਪ ਬੇਫਿਕਰ ਹੋ ਗਿਆ । ਸੁਨੀਤਾ ਨੇ ਬੱਚਿਆ ਨੂੰ ਪਾਲਣਾ ਆਪਣਾ ਧਰਮ ਸਮਝ ਲਿਆ । ਬੱਚਿਆ ਦੀ ਖਾਤਰ ਸੁਨੀਤਾ ਨੇ ਰਾਮ ਪ੍ਰਤਾਪ ਦੀਆਂ ਨਾ ਇਨਸਾਫੀਆਂ ਨੂੰ ਵੀ ਬਰਦਾਸ਼ ਕਰ ਲਿਆ । ਸੁਨੀਤਾ ਦੀ ਸੱਸ ਬੜੀ ਕਪੱਤੀ ਤੇ ਸਹੁਰਾ ਵੀ ਜਨਾਨਾ ਜਿਹਾ! ਰਾਮ ਪ੍ਰਤਾਪ ਲਾਈ ਲੱਗ ਹੱਦੋਂ ਵੱਧ ਸੀ, ਪਿਉ ਦਾ ਆਗਿਆਕਾਰੀ ਕਾਹਦਾ ਸੀ । ਰਾਮ ਪ੍ਰਤਾਪ ਕਦੀ-ਕਦੀ ਸ਼ਰਾਬ ਪੀਂਦਾ । ਬੱਚੇ ਮਾਂ ਨੂੰ ਸਾਥ ਦੇਂਦੇ ਦਾਦਾ-ਦਾਦੀ ਪ੍ਰਤੀ ਬੱਚਿਆ ਨੂੰ ਕਾਫੀ ਨਫਰਤ ਸੀ, ਉਹ ਉਹਨਾਂ ਨੂੰ ਜਾਲਮ ਨਜ਼ਰ ਆ ਰਹੇ ਸਨ ।
ਰਾਮ ਪ੍ਰਤਾਪ ਦੇ ਭਰਾ ਜਦ ਵੀ ਘਰ ਆਉਂਦੇ ਤਾਂ ਘਰ ਕਲੇਸ਼ ਪੈਦਾ ਹੰਦਾ ਸਮਾਂ ਬੀਤਣ ਅਨੁਸਾਰ ਰਾਮ ਪ੍ਰਤਾਪ ਸੁਨੀਤਾ ਨੂੰ ਸਮਝਣ ਲੱਗ ਪਿਆ, ਸੁਨੀਤਾ ਅਤੇ ਰਾਮ ਪ੍ਰਤਾਪ ਵਿਚ ਕਲੇਸ਼ ਘੱਟਣ ਲੱਗਾ । ਰਾਮ ਪ੍ਰਤਾਪ ਦੀ ਜਾਨ ਪਹਿਚਾਣ ਵੱਡੇ-ਵੱਡੇ ਲੋਕਾਂ ਨਾਲ ਸੀ । ਰਾਮ ਪ੍ਰਤਾਪ ਆਪਣੇ ਪਰਵਾਰ ਪ੍ਰਤੀ ਕਾਫੀ ਸੁਚੇਤ, ਬੱਚਿਆਂ ਦੀ ਪੜਾਈ ਵੱਲ ਉਸ ਦਾ ਖਾਸ ਧਿਆਨ ਸੀ । ਜਦ ਕੋਈ ਵੀ ਬੱਚਾ ਬੀਮਾਰ ਹੋ ਜਾਂਦਾ ਤਾਂ ਰਾਮ ਪ੍ਰਤਾਪ ਦਫਤਰੋਂ ਛੁੱਟੀ ਲੈਕੇ ਬੱਚਿਆ ਦੀ ਦੇਖ ਭਾਲ ਕਰਦਾ । ਸੁਨੀਤਾ ਵੀ ਬੱਚਿਆ ਦੀ ਖੂਬ ਦੇਖ ਭਾਲ ਕਰਦੀ । ਰਾਮ ਪ੍ਰਤਾਪ ਨੇ ਕਰਜ਼ ਚੁੱਕ ਕੇ ਜ਼ਮੀਨ ਖ੍ਰੀਦੀ ਇਲਾਕਾ ਕਾਫੀ ਬੀਆਬਾਨ ਸੀ । ਰਾਮ ਪ੍ਰਤਾਪ ਨੇ ਸੋਚਿਆ ਕਿ ਹੌਲੀ-ਹੌਲੀ ਅਬਾਦੀ ਹੋ ਜਾਵੇਗੀ । ਰਾਮ ਪ੍ਰਤਾਪ ਦਾ ਪਿਤਾ ਆਇਆ, ਆਪਣੇ ਮੰਡੇ ਨੂੰ ਸਲਾਹ ਦੇਣ ਲੱਗਾ, “ਦੇਖ ਰਾਮ ਪ੍ਰਤਾਪ ਤੂੰ ਜਿਹੜਾ ਕਰਜ਼ ਲਿਆ ਹੈ, ਕੁੱਝ ਰਕਮ ਇੱਥੇ ਖਰਚ ਕਰ ਤੇ ਬਾਕੀ ਆਪਣੇ ਪਿੰਡ ਵਾਲੇ ਮਕਾਨ ਤੇ ਖਰਚ ਕਰ ਦੇ । ਮਕਾਨ ਕਾਫੀ ਖਰਾਬ ਹੋਇਆ ਪਿਆ ਹੈ, ਫਿਰ ਤੇਰੀ ਭੈਣ ਦੇ ਵਿਆਹ ਤੇ ਵੀ ਕਾਫੀ ਖਰਚ ਹੋ ਗਿਆ ਸੀ……।”
“ਭਾਈਆ ਜੀ ਮੈਂ ਕਰਜ਼ ਆਪਣੇ ਮਕਾਨ ਵਾਸਤੇ ਲਿਆ ਹੈ । ਮੇਰੇ ਕੋਲੋਂ ਜਦ ਸਰਕਾਰ ਹਿਸਾਬ ਪੁੱਛੇਗੀ ਤਾਂ ਮੈਂ ਕੀ ਜਵਾਬ ਦੇਵਾਗਾ, ਨਾਲੇ ਫਿਰ ਤਾਰੋ ਦੇ ਵਿਆਹ ਵਿਚ ਮੇਰਾ ਕਾਫੀ ਖਰਚਾ ਹੋ ਗਿਆ ਸੀ….।”
“ਪਿਉ ਪੁੱਤ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ । ਰਾਮ ਪ੍ਰਤਾਪ ਦੀ ਆਮਦਨੀ ਘੱਟ ਤੇ ਖਰਚੇ ਜ਼ਿਆਦਾ ਜੰਮੇਵਾਰੀਆਂ ਦਿਨੋਂ ਦਿਨ ਵੱਧ ਰਹੀਆਂ ਸਨ । ਰਾਮ ਪ੍ਰਤਾਪ ਦੀ ਜਨਾਨੀ ਕਾਫੀ ਸਿਆਣੀ ਪੈਸੇ ਬਚਾਉਣ ਵਿਚ ਹਿਸਾਬ ਰੱਖਦੀ । ਰਾਮ ਪ੍ਰਤਾਪ ਦੀ ਰਾਜਨੀਤੀ ਵਿਚ ਕਾਫੀ ਦਿਲਚਸਪੀ ਸੀ । ਉਹ ਆਪਣੀ ਦਫਤਰ ਦੀ ਯੂਨੀਅਨ ਵਿਚ ਸ਼ਾਮਲ ਹੋ ਗਿਆ ਤੇ ਬਾਅਦ ਵਿਚ ਆਹੁਦੇਦਾਰ ਬਣ ਗਿਆ । ਪੂਰੀ ਰਿਸ਼ਤੇਦਾਰੀ ਵਿਚ ਰਾਮ ਪ੍ਰਤਾਪ ਹੀ ਪੜਿਆ ਲਿਖਿਆ ਬੰਦਾ ਸੀ, ਬਾਕੀ ਸਾਰੇ ਰਿਸ਼ਤੇਦਾਰ ਗਰੀਬੀ ਦੀ ਦੱਲਦਲ ਵਿਚ ਫੱਸੇ ਹੋਏ ਸਨ । ਸਭ ਉੱਪਰ ਇਹ ਚੰਗਾ ਪ੍ਰਭਾਵ ਸੀ ਕਿ ਸੋਮ ਚੰਦ ਦਾ ਮੰਡਾ ਸ਼ਹਿਰ ਵਿਚ ਸੈਟਿਲ ਹੈ । ਰਿਸ਼ਤੇਦਾਰ ਬੜੀ ਆਸ ਉਮੀਦ ਨਾਲ ਰਾਮ ਪ੍ਰਤਾਪ ਕੋਲ ਆਉਂਦੇ ਸਨ । ਰਾਮ ਪ੍ਰਤਾਪ ਤੇ ਉਸ ਦੀ ਪਤਨੀ ਦੋਵੇਂ ਹੀ ਦਿੱਲ ਦੇ ਬਹੁਤ ਚੰਗੇ ਸਨ । ਜਿਹੜਾ ਵੀ ਰਿਸ਼ਤੇਦਾਰ ਉਹਨਾਂ ਕੋਲ ਮਦਦ ਲਈ ਆਉਂਦਾ ਤਾਂ ਉਹ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰਦੇ । ਜਿਸ ਮਕਸਦ ਲਈ ਆਉਂਦਾ ਉਸ ਮਕਸਦ ਲਈ ਪੂਰੀ ਨੱਠ ਭੱਜ ਕਰਦੇ । ਸਭ ਰਿਸ਼ਤੇਦਾਰ ਆਪਣੇ ਕੰਮ ਵਿਚ ਸਫਲ ਹੋ ਕੇ ਜਾਂਦੇ ਅਪਣੇ ਮਕਸਦ ਵਿਚ, ਕਿਉਂਕਿ ਰਾਮ ਪ੍ਰਤਾਪ ਤੇ ਸੁਨੀਤਾ ਦਾ ਭਰਪੂਰ ਸਹਿਯੋਗ ਮਿਲਦਾ ਜੋ ਵੀ ਸਫਲ ਹੋ ਜਾਂਦਾ ਮੁੜ ਕੇ ਰਾਮ ਪ੍ਰਤਾਪ ਦਾ ਧੰਨਵਾਦ ਨਹੀਂ ਕਰਦਾ । ਖੁਦਗਰਜ਼ੀ ਇਹਨਾਂ ਲੋਕਾਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ । ਰਾਮ ਪ੍ਰਤਾਪ ਨੂੰ ਆਪਣੀ ਬਰਾਦਰੀ ਅਤੇ ਪਰਵਾਰ ਨਾਲ ਬਹੁੱਤ ਪਿਆਰ ਸੀ । ਰਾਮ ਪ੍ਰਤਾਪ ਦੀ ਇਹ ਇੱਛਾ ਸੀ ਕਿ ਟੁੱਟ ਚੁੱਕੇ ਰਿਸ਼ਤਿਆਂ ਨੂੰ ਜੋੜਿਆ ਜਾਵੇ ਅਤੇ ਸਮਾਜ ਦੇ ਗਰੀਬੀ ਨਾਲ ਜੂਝਦੇ ਆਪਣੇ ਲੋਕਾਂ ਦੀ ਵੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਜੋ ਉਹ ਵੀ ਆਪਣੇ ਪੈਰਾਂ ਤੇ ਖੜੇ ਕੀਤਾ ਜਾ ਸਕੇ ।
ਰਾਮ ਪ੍ਰਤਾਪ ਦਾ ਪਿਉ ਚਾਰ ਭਰਾ ਸਨ । ਦਾਦੀ ਦੀ ਮੌਤ ਤੇ ਸੰਸਕਾਰ ਇੱਕਠੇ ਹੀ ਇਕੋ ਘਰ ਵਿਚ ਕੀਤਾ ਗਿਆ ਅਤੇ ਭੋਗ ਅੱਲਗ-ਅੱਲਗ ਪਾਇਆ ਗਿਆ । ਟੁੱਟ ਚੁੱਕੇ ਰਿਸ਼ਤਿਆਂ ਨੂੰ ਜੋੜਣ ਦੀ ਕੋਸ਼ਿਸ਼ ਰਾਮ ਪ੍ਰ੍ਰਤਾਪ ਦੀ ਸਭ ਬੇਕਾਰ ਗਈ । ਬੁੱਢੇ ਕਾਫੀ ਅੜੀਅਲ ਸੁਭਾਅ ਦੇ ਪੁਰਾਣੀਆਂ-ਪੁਰਾਣੀਆਂ ਗੱਲਾਂ ਦੀ ਖਾਰ ਕੱਢਦੇ, ਦਿਲਾਂ ਵਿਚ ਕਾਫੀ ਫਰਕ ਆ ਚੁੱਕੇ ਸਨ ਉਹਨਾਂ ਦੇ । ਸਮਾਂ ਚਾਲੇ ਚੱਲਦਾ ਗਿਆ । ਸਭ ਭਰਾਵਾਂ ਦਾ ਵਿਆਹ ਰਾਮ ਪ੍ਰਤਾਪ- ਨੇ ਆਪਣੇ ਹੱਥੀਂ ਕੀਤਾ । ਰਿਸ਼ਤੇ ਲਈ ਨੱਠ ਭੱਜ ਪੈਸੇ ਦੀ ਮਦਦ ਖੂਬ ਕਰਦਾ । ਰਾਮ ਪ੍ਰਤਾਪ ਦੇ ਮਾਂ- ਪਿਉ ਰਾਮ ਪ੍ਰਤਾਪ ਦੀ ਸਲਾਹ ਤੋਂ ਬਗੈਰ ਕੋਈ ਕੰਮ ਨਾ ਕਰਦੇ । ਭਰਾਵਾਂ ਨੂੰ ਰਾਮ ਪ੍ਰਤਾਪ ਉੱਪਰ ਬਹੁਤ ਮਾਣ ਸੀ । ਰਾਮ ਪ੍ਰਤਾਪ ਦੀ ਜਨਾਨੀ ਵੀ ਦਿਲ ਦੀ ਕਾਫੀ ਸਾਫ ਸੀ । ਉਸਨੇ ਦਿਲੋਂ ਆਪਣੇ ਦਿਉਰਾਂ ਦਾ ਭਲਾ ਹੀ ਸੋਚਿਆ ਸੀ । ਰਾਮ ਪ੍ਰਤਾਪ ਦੀ ਭੈਣ ਕਾਫੀ ਲਾਡਲੀ ਤੇ ਜੀਜਾ ਕਾਫੀ ਮਿਹਨਤੀ, ਖਰੇ ਸੁਭਾਅ ਦਾ, ਚੰਗਾ ਮਿਸਤਰੀ, ਆਪਣੇ ਦੋ ਛੋਟੇ ਸਾਲਿਆ ਨੂੰ ਕੰਮ ਸਿਖਇਆ, ਰੋਟੀ ਪਾਣੀ ਦਾ ਖਰਚ ਵੀ ਉਸ ਨੇ ਕੀਤਾ, ਚੰਗੀਆਂ-ਚੰਗੀਆਂ ਤਨਖਾਹਾਂ ਵੀ ਲਗਵਾਇਆਂ ਉਹਨਾਂ ਦੀਆਂ ।
ਰਾਮ ਪ੍ਰਤਾਪ ਦੇ ਸਾਲੇ ਨਲਾਇਕ ਨਿਕਲੇ ਅਨਪੜ੍ਹ ਰਹੇ ਪਿਉ ਦੇ ਨਾਂ ਨੂੰ ਲਾਜ ਲਗਾਈ ਕੰਮ ਕਰ ਤਾਂ ਕੋਈ ਨਾ ਸਿੱਖ ਸਕੇ, ਮਜ਼ਦੂਰੀ ਹੀ ਕਰਨ ਜੋਗੇ ਰਹੇ । ਪਿੰਡ ਵਿੱਚ ਵਿਦੇਸ਼ ਜਾਣ ਦਾ ਭੂਤ ਸਵਾਰ ਸੀ ਰਾਮ ਪ੍ਰਤਾਪ ਦੇ ਸਾਲਿਆਂ ਤੇ, ਵਿਦੇਸ਼ ਜਾਣ ਬਾਰੇ ਸੋਚਿਆ, ਪੈਸੇ ਵੀ ਘੱਟ ਲੱਗਦੇ ਸਨ ਅਤੇ ਸਰਕਾਰੀ ਖਾਣਾ ਪੂਰਤੀ ਵੀ ਬਹੁਤ ਘੱਟ ਸੀ । ਵਾਰੀ-ਵਾਰੀ ਕਰਕੇ ਰਾਮ ਪ੍ਰਤਾਪ ਦੇ ਸਾਲੇ ਵਿਦੇਸ਼ ਵਿਚ ਪਹੁੰਚ ਗਏ । ਉਹਨਾਂ ਵਿਦੇਸ਼ ਜਾ ਕੇ ਬਹੁਤ ਮਿਹਨਤ ਕੀਤੀ ਤੇ ਪੈਸੇ ਵੀ ਖੂਬ ਕਮਾਏ । ਪਰ ਮਾੜੀਆਂ ਆਦਤਾਂ ਨੇ ਉਨਾਂ੍ਹ ਦਾ ਕੁੱਝ ਨਾ ਬਣਨ ਦਿੱਤਾ । ਪਹਿਲਾਂ-ਪਹਿਲਾਂ ਉਹਨਾਂ ਨੇ ਪਿਉ ਦੇ ਕਾਰੋਬਾਰ ਨੂੰ ਤਬਾਹ ਕਰਕੇ ਕੰਗਾਲ ਕੀਤਾ । ਫਿਰ ਖੁਦ ਗਰੀਬੀ ਦੀ ਦਲਦਲ ਵਿਚ ਵੱੜ ਗਏ । ਇ੍ਹੰਨੀ ਕਮਾਈ ਕਰਨ ਦੇ ਬਾਅਦ ਵੀ ਉਹਨਾਂ ਦੀ ਗਰੀਬੀ ਨਾ ਮੁੱਕੀ । ਜਿਵੇਂ ਬਾਹਰ ਗਏ ਉਸ ਤੋਂ ਮਾੜੀ ਹਾਲਤ ਵਿਚ ਵਾਪਸ ਆਏ ਪਿਉ ਨੇ ਸਭ ਉੱਪਰ ਘਰੇਲੂ ਜ਼ਿੰਮੇਵਾਰੀਆਂ ਪਾ ਦਿੱਤੀਆ, ਸਭ ਦੇ ਵਿਆਹ ਹੋ ਗਏ । ਵੇਲੇ ਕੁ ਵੇਲੇ ਰਾਮ ਪ੍ਰਤਾਪ ਕੋਲ ਆਉਂਦੇ, ਰਾਮ ਪ੍ਰਤਾਪ ਉਹਨਾਂ ਨੂੰ ਪੁੱਤਾਂ ਵਾਂਗ ਸਮਝਦਾ, ਪਰ ਉਹਨਾਂ ਵਿਚ ਕੋਈ ਸੁਧਾਰ ਨਾ ਹੋਇਆ । ਉਹ ਆਪਣੇ ਜੀਜੇ ਨੂੰ ਜੀਜਾ ਘੱਟ ਤੇ ਪਿਉ ਜ਼ਿਆਦਾ ਸਮਝਦੇ ਸਨ । ਉਹ ਆਪਣੀ ਭੈਣ ਦੀ ਵੀ ਬਹੁਤ ਇੱਜ਼ਤ ਕਰਦੇ ਤੇ ਭੈਣ ਵੀ ਉਹਨਾਂ ਉੱਪਰ ਜਾਨ ਦੇਂਦੀ ।
ਜਿਹੜਾ ਭਰਾ ਰਾਮ ਪ੍ਰਤਾਪ ਤਾਂ ਦੱਸ ਪੜਿਆ ਸੀ ਨੱਠ ਭੱਜ ਕਰਕੇ ਰਾਮ ਪ੍ਰਤਾਪ ਨੇ ਉਸ ਦੀ ਨੋਕਰੀ ਲੱਗਾ ਦਿੱਤੀ । ਪਹਿਲੇ ਕੱਚਾ ਸੀ ਫਿਰ ਕੁੱਝ ਸਮਾਂ ਪਾ ਕੇ ਪੱਕਾ ਹੋ ਗਿਆ ਵੱਡੇ ਭਰਾ ਦਾ ਰਿਸ਼ਤਾ ਕਰਦੇ ਛੋਟੇ ਦਾ ਰਿਸ਼ਤਾ ਵੀ ਕਰ ਆਇਆ । ਇਕ ਘਰ ਦੀਆਂ ਦੋ ਕੁੜੀਆਂ ਲੈ ਲਈਆਂ । ਹੋਲੀ ਹੋਲੀ ਸਭ ਭਰਾ ਵਿਆਹੇ ਗਏ, ਰਾਮ ਪ੍ਰਤਾਪ ਦੇ । ਕਰਜਾ ਚੁੱਕ-ਚੁੱਕ ਕੇ ਸਭ ਨੂੰ ਜ਼ਮੀਨ ਖ੍ਰੀਦੀ ਤੇ ਮਕਾਨ ਬਣਾਏ ਦੋ ਭਰਾਂਵਾਂ ਦੀ ਇੱਕਠੀ ਜ਼ਮੀਨ ਹੋਣ ਕਰਕੇ ਅਕਸਰ ਝੱਗੜਾ ਹੁੰਦਾ ਰਹਿੰਦਾ ਸੀ । ਰਾਮ ਪ੍ਰਤਾਪ ਅਕਸਰ ਪਿਆਰ ਤੇ ਗੁੱਸੇ ਨਾਲ ਸਮਝਾਉਂਦਾ ਰਹਿੰਦਾ ਸੀ । ਹੁਣ ਹਾਲਾਤ ਬਦਲ ਚੁੱਕੇ ਸਨ, ਜਿਹੜੇ ਭਰਾ ਰਾਮ ਪ੍ਰਤਾਪ ਦੇ ਅੱਗੇ ਕਦੀਂ ਬੋਲਦੇ ਨਹੀਂ ਸਨ । ਉਹ ਸੋਚਣ ਲੱਗੇ ਕਿ ਰਾਮ ਪ੍ਰਤਾਪ ਉਨ੍ਹਾਂ ਉੱਤੇ ਆਪਣੀ ਧੋਂਸ ਜਮਾ ਰਿਹਾ ਹੈ । ਭਰਾਵਾਂ ਵਿਚ ਜਦ ਵੀ ਕਲੇਸ਼ ਪੈਦਾ ਹੰਦਾ ਤਾਂ ਸੁਲਾ-ਸੁਲਾਹੀ ਕਰਵਾਉਣ ਲਈ ਰਾਮ ਪ੍ਰਤਾਪ ਨੂੰ ਸੱਦਿਆ ਜਾਂਦਾ ਕਦੀ-ਕਦੀ ਤਾਂ ਕਲੇਸ਼ ਮੁੱਕ ਜਾਂਦਾ ਤੇ ਕਦੀ-ਕਦੀ ਵੱਧ ਜਾਂਦਾ । ਬੱਚੇ ਜਵਾਨ ਹੋ ਰਹੇ ਸਨ, ਮਹਿੰਗਾਈ ਦਿਨੋ-ਦਿਨ ਵੱਧ ਰਹੀ ਸੀ, ਪੜਾਈ ਦੇ ਖਰਚੇ ਮਕਾਨ ਦਾ ਕਰਜ਼ਾ ਤੇ ਸ਼ਹਿਰ ਦ ਖਰਚੇ ਸਾਹ ਨਹੀਂ ਲੈਣ ਦੇਦੇ ਪਏ ਸਨ । ਦਿਨੋ-ਦਿਨ ਰਾਮ ਪ੍ਰਤਾਪ ਦੇ ਮਾਂ ਪਿਉ ਦੀ ਖਿੱਚ ਰਾਮ ਪ੍ਰਤਾਪ ਵੱਲੋਂ ਘੱਟ ਰਹੀ ਸੀ ਤੇ ਛੋਟਿਆਂ ਵੱਲ ਵੱਧ ਰਹੀ ਸੀ । ਭੈਣ ਵੀ ਛੋਟੇ ਭਰਾਵਾਂ ਵੱਲ ਜ਼ਿਆਦਾ ਹੀ ਭੱਜਦੀ । ਰਾਮ ਪ੍ਰਤਾਪ ਨੇ ਸਭ ਪਾਸੇ ਵੇਖਣਾ ਹੰਦਾ, ਫਿਰ ਆਪਣੇ ਨਿੱਜੀ ਖਰਚੇ ਵੀ ਵੱਧ ਰਹੇ ਸਨ ਰਾਮ ਪ੍ਰਤਾਪ ਦੇ । ਆਪਣੀ ਕਬੀਲਦਾਰੀ ਨਾਲ ਰਾਮ ਪ੍ਰਤਾਪ ਨੇ ਦੋ ਬੱਚਿਆਂ ਦਾ ਵਿਆਹ ਵੀ ਕਰ ਦਿੱਤਾ । ਕਈ ਵਾਰ ਰਾਮ ਪ੍ਰਤਾਪ ਦਾ ਪਿਉ ਉਸਨੂੰ ਆਪਣੇ ਛੋਟੇ ਭਰਾਵਾਂ ਦੀ ਪੈਸੇ ਧੇਲੇ ਨਾਲ ਮੱਦਦ ਕਰਨ ਲਈ ਕਹਿੰਦਾ ।
“ਦੇਖ ਰਾਮ ਪ੍ਰਤਾਪ ਤੇਰੇ ਸਰਕਾਰੀ ਨੋਕਰੀ ਹੈ, ਤੇਰੇ ਭਰਾ ਮਜ਼ਦੂਰੀ ਕਰਦੇ ਹਨ, ਤੂੰ ਆਪਣੇ ਪੈਸੇ ਧੇਲੇ ਨਾਲ ਉਹਨਾਂ ਦੀ ਮਦਦ ਕਰ ਦੇਵੇ ਤਾਂ ਕੋਈ ਫਰਕ ਨਹੀਂ ਪਵੇਗਾ ਤੈਨੂੰ……।,
“ਭਾਈਆ ਜੀ ਮੈਨੂੰ ਮਾੜਾ ਨਹੀਂ ਲੱਗਦਾ? ਮੇਰੇ ਕੋਲੋਂ ਜਿੰਨੀ ਮਦਦ ਹੋ ਸਕਦੀ ਹੈ ਕਰਦਾ ਹਾਂ ਤੇ ਕਰਾਂਗਾ । ਮੇਰੇ ਆਪਣੇ ਨਿੱਜ਼ੀ ਖਰਚ ਵੀ ਤਾਂ ਹਨ ਨਾਲੇ ਫਿਰ ਭਰਾ ਕਮਾਈ ਕਰਦੇ ਹਨ, ਸੁੱਖ ਨਾਲ ਕਿਹੜੇ ਵਿਹਲੇ ਤੁਰੇ ਫਿਰਦੇ ਹਨ । ਫਿਰ ਮੈਂ ਹਰ ਵੇਲੇ ਤਿਆਰ ਹਾਂ ਉਹਨਾਂ ਦੀ ਮਦਦ ਕਰਨ ਵਾਸਤੇ……।
ਰਾਮ ਪ੍ਰਤਾਪ ਦੇ ਇਹ ਲਫਜ਼ ਸੁਣ ਕੇ ਕੋਲ ਬੈਠੀ ਉਸਦੀ ਮਾਂ ਬੋਲੀ ।
“ਕਾਕੇ ਆਪਣੇ ਸਾਲੇ ਸਾਲੀਆਂ ਦਾ ਘੱਟ ਖਿਆਲ ਰੱਖਿਆ ਕਰ, ਭਾਈਆ ਜੀ ਠੀਕ ਕਹਿੰਦੇ ਹੈ ਤੇਰਾ ਫਰਜ਼ ਬਣਦਾ ਹੈ, ਤੇਰੇ ਭਰਾ ਤੈਨੂੰ ਭਰਾ-ਭਰਾ ਜੀ ਕਹਿੰਦੇ ਥੱਕਦੇ ਨਹੀਂ ਅਗਰ ਤੂੰ ਕੁੱਝ ਕੀਤਾ ਵੀ ਤਾਂ ਕੋਈ ਅਹਿਸਾਨ ਨਹੀਂ ਕੀਤਾ …..।
“ਬੀਬੀ ਜੀ ਭਾਈਆ ਜੀ ਤੁਸੀਂ ਬੱਸ ਐਵੇਂ ਹੀ ਭਾਈਆ ਜੀ ਦੀ ਤਰ੍ਹਾਂ ਗੱਲਾਂ ਕਰਨ ਲੱਗ ਪੈਂਦੇ ਹੋ, ਮੈਂ ਕਈ ਅਹਿਸਾਨ ਕਰਦਾ ਹਾਂ ਉਹਨਾਂ ਉੱਤੇ ? ਉਹ ਮੇਰੇ ਪੁੱਤ ਹਨ ਪੁੱਤ ਭਰਾ ਨਹੀਂ……।
“ਬੱਸ-ਬੱਸ ਐਵੀਂ ਫੋਕਾ ਪਿਆਰ ਨਾ ਦਿਖਾ ਜੋ ਤੂੰ ਕਰ ਰਿਹਾ ਸਾਨੂੰ ਪਤਾ ਹੈ ……।,
ਪਿਉ ਦੇ ਬੋਲਾਂ ਵਿਚ ਰੁੱਖਾਪਨ ਵੇਖ ਕੇ ਰਾਮ ਪ੍ਰਤਾਪ ਵੀ ਖਿੱਝ ਗਿਆ । ਰਾਮ ਪ੍ਰਤਾਪ ਬਹੁਤ ਜਜ਼ਬਾਤੀ ਬੰਦਾ ਹੈ, ਉਸ ਨੂੰ ਆਪਣੇ ਮਾਂ ਪਿਉ ਗੱਲਾਂ ਤੋਂ ਇਹ ਅਹਿਸਾਸ ਹੋਣ ਲੱਗ ਪਿਆ । ਜ਼ਿੰਦਗੀ ਵਿਚ ਆਪਣੇ ਭਰਾਂਵਾਂ ਲਈ ਤੇ ਪਰਵਾਰ ਲਈ ਕਿੰਨਾ ਕੁੱਝ ਕੀਤਾ, ਫਿਰ ਵੀ ਇਸ ਦੇ ਬਾਵਜੂਦ ਵੀ ਉਸ ਦੇ ਸਿਰ ਵਿਚ ਸੁਆਹ ਪੈ ਰਹੀ ਹੈ, ਇਸ ਕਰਕੇ ਰਾਮ ਪ੍ਰਤਾਪ ਭੜਕ ਪਿਆ ਰਾਮ ਪ੍ਰਤਾਪ ਦੀ ਭੜਕਾਹਟ ਨੂੰ ਸ਼ਾਤ ਕਰਨ ਲਈ ਰਾਮ ਪਰਤਾਪ ਦੀ ਜਨਾਨੀ ਬੋਲੀ ।
“ਕਿਉ ਫਾਲਤੂ ਬੋਲ ਰਹੇ ਹੋ ? ਬੀਬੀ ਭਾਈਆ ਜੀ ਦਾ ਖਿਆਲ ਕਰੋ …..।
“ਚੁੱਪ ਕਰਕੇ ਬੈਠ ਕੂੜੀਏ ਇਹ ਸਭ ਤੇਰੀ ਅੱਗ ਲਗਾਈ ਹੋਈ ਹੈ ਪਹਿਲੇ ਤਾਂ ਮੋਮੋ ਠੱਗਣੀਆ ਦੀ ਤਰ੍ਹਾਂ ਮੁੰਡੇ ਨੂੰ ਸਿੱਖਾਉਂਦੀ ਰਹਿੰਦੀ ਹੈ, ਫਿਰ ਚੁੱਪ ਕਰਵਾਉਂਦੀ ਹੈ……। ਰਾਮ ਪ੍ਰਤਾਪ ਦਾ ਪਿਉ ਗੁੱਸੇ ਵਿਚ ਬੋਲਿਆ ।
“ਵੇ ਅਸੀਂ ਤੇਰੇ ਪਾਲਣ-ਪੋਸ਼ਣ ਤੇ ਕਿੰਨਾ ਖਰਚ ਕੀਤਾ, ਤੂੰ ਪੜ ਲਿਖ ਕੇ ਸਾਡੀ ਬੇਇੱਜ਼ਤੀ ਕਰ ਦਾ ਹੈ….। ਰਾਮ ਪ੍ਰਤਾਪ ਦੀ ਮਾਂ ਵੀ ਰਾਮ ਪ੍ਰਤਾਪ ਦੇ ਸੁਰ ਨਾਲ ਸੁਰ ਮਿਲਾਉਂਦੀ ਬੋਲੀ । ਹੁਣ ਰਾਮ ਪ੍ਰਤਾਪ ਕੁਝ ਨਾ ਬੋਲਿਆ ਅੋਖੇ ਸੋਖੇ ਰਾਮ ਪ੍ਰਤਾਪ ਦੇ ਮਾਂ ਪਿਉ ਨੇ ਰਾਤ ਕੱਟੀ ਤੇ ਸਵੇਰੇ- ਸਵੇਰੇ ਬਗੈਰ ਕੁਝ ਖਾਦੇ ਪੀਤੇ ਚੱਲੇ ਗਏ । ਰਾਮ ਪ੍ਰਤਾਪ ਦੀ ਜਨਾਨੀ ਨੇ ਬੜੇ ਤਰਲੇ ਮਾਰੇ ਰੋਟੀ ਪਾਣੀ ਲਈ, ਪਰ ਉਹ ਬੰਦੇ ਖੁਦਾ ਦੇ, ਟੱਸ ਤੋਂ ਮੱਸ ਨਾ ਹੋਏ । ਰਾਮ ਪ੍ਰਤਾਪ ਦਾ ਪਿਉ ਮਿਹਨਤੀ ਹੋਣ ਕਰਕੇ ਕਿਸੇ ਦੀ ਗੱਲ ਘੱਟ ਹੀ ਸੁਣਦਾ । ਆਪਣੇ ਇਲਾਕੇ ਵਿਚ ਰਾਮ ਪ੍ਰਤਾਪ ਦੇ ਪਿਉ ਦੀ ਦੁਕਾਨ ਖੁੱਬ ਚੱਲਦੀ, ਪੁਰਾਣੀ ਦੁਕਾਨ ਹੋਣ ਕਰਕੇ ਗਾਹਕ ਵੀ ਪੁਰਾਣੇ ਲੱਗੇ ਹੋਏ ਸਨ ।
ਰਾਮ ਪ੍ਰਤਾਪ ਦਾ ਜੀਜਾ ਭਾਵੇਂ ਉਸ ਤੋਂ ਛੋਟਾ ਸੀ, ਪਰ ਬਹੁਤ ਸਿਆਣਾ ਸੀ ਅਤੇ ਸਹੀ ਤੇ ਗੱਲਤ ਦੀ ਉਸ ਨੁੰ ਬੜੀ ਪਹਿਚਾਣ ਸੀ । ਰਾਮ ਪ੍ਰਤਾਪ ਵੀ ਉਸ ਦੀ ਦਿਲੋਂ ਇੱਜ਼ਤ ਕਰਦਾ ਸੀ । ਉਹ ਆਪਣੀ ਜਨਾਨੀ ਦੀ ਪ੍ਰਵਾਹ ਘੱਟ ਹੀ ਕਰ ਦਾ ਸੀ । ਰਾਮ ਪ੍ਰਤਾਪ ਦੀ ਭੈਣ ਚੀਕ ਚਿਹਾੜਾ ਪਾ ਕੇ ਆਪਣੀ ਗੱਲ ਮਨਾਉਣ ਵਿਚ ਮਾਹਿਰ ਸੀ । ਇੱਕ ਦਿਨ ਆਚਾਨਕ ਰਾਮ ਪ੍ਰਤਾਪ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ । ਰਾਮ ਪ੍ਰਤਾਪ ਨੂੰ ਸੱਦਿਆ ਗਿਆ । ਰਾਮ ਪ੍ਰਤਾਪ ਨੇ ਜੀ ਜਾਨ ਨਾਲ ਕੋਸ਼ਿਸ਼ ਕੀਤੀ, ਪਰ ਰਾਮ ਪ੍ਰਤਾਪ ਦੀ ਮਾਂ ਦਾ ਦਾਣਾ ਪਾਣੀ ਮੁੱਕ ਚੁੱਕ ਸੀ ਤੇ ਉਹ ਰੱਬ ਨੁੰ ਪਿਆਰੀ ਹੋ ਗਈ । ਸਸਕਾਰ ਹੋਇਆ ਭੋਗ ਪਿਆ ਭੋਗ ਤੋਂ ਬਾਅਦ ਕਿਸੇ ਕਾਰਨ ਰਾਮ ਪ੍ਰਤਾਪ ਦੀ ਭੈਣ ਰਾਮ ਪ੍ਰਤਾਪ ਨਾਲ ਭੱੜਕ ਪਈ ।
“ਭਾਅ ਤੂੰ ਹੁਣ ਸਾਡਾ ਖਿਆਲ ਨਹੀਂ ਰੱਖਦਾ ਤੈਨੂੰ ਤਾਂ ਸਭ ਬਰਾਬਰ ਸੀ ਹੁਣ ਤੈਨੂੰ ਸਹੁਰੇ ਚੰਗੇ ਲੱਗਦੇ ਹਨ, ਭੈਣ ਭਰਾ ਨਹੀਂ….।
“ਦੇਖ ਤੂੰ ਸਾਡੀ ਭੈਣ ਹੈ ਤੇ ਭੈਣ ਬਣ ਕੇ ਹੀ ਰਿਹ ਸ਼ਰੀਕੇ ਬਾਜੀ ਵਾਲੀ ਗੱਲ ਨਾ ਕਰ ਮੈਂ ਕੀ ਕਰਦਾ ਹਾਂ ਭਰਾਵਾਂ ਨਾਲ ਸਮੇਂ ਕੁ ਸਮੇਂ ਵੇਖਦਾ ਨਹੀਂ ਇਹ ਸਮਾਂ ਲੜਾਈ ਕਰਨ ਵਾਲਾ ਹੈ, ਮਾਂ ਦੇ ਭੋਗ ਤੇ ਇਹ ਸ਼ੋਭਾ ਨਹੀਂ ਦੇਂਦੀ…..।
“ਦੇਖ ਰਾਮ ਪ੍ਰਤਾਪ ਕੁੜੀ ਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਂ ਅੱਜੇ ਜਿਉਂਦਾ ਹਾਂ ਮਰਿਆ ਨਹੀਂ….। ਰਾਮ ਪ੍ਰਤਾਪ ਦੇ ਪਿਉ ਦੇ ਖਰਵੇ ਜਿਹੇ ਬੋਲ ਸਨ । ਗੁੱਸੇ ਦਾ ਮਾਰਿਆ ਰਾਮ ਪ੍ਰਤਾਪ ਵੀ ਆਪਣੇ ਘਰੇ ਆ ਗਿਆ । ਕਾਫੀ ਸਮਾਂ ਰਾਮ ਪ੍ਰਤਾਪ ਆਪਣੇ ਪਿਉ ਨੂੰ ਮਿਲਣ ਨਾ ਗਿਆ । ਪਿਉ ਤੇ ਭਰਾ ਵੀ ਰਾਮ ਪ੍ਰਤਾਪ ਦੀ ਇੱਜ਼ਤ ਕਰਨੋਂ ਹੱਟ ਗਏ । ਰਾਮ ਪ੍ਰਤਾਪ ਨੂੰ ਦੁੱਖ ਤਾਂ ਬਹੁਤ ਹੋਇਆ, ਪਰ ਉਹ ਵੀ ਕੀ ਕਰ ਸਕਦਾ ।ਹੱਦੋਂ ਵੱਧ ਮਿਹਨਤ ਕਰਨ ਨਾਲ ਰਾਮ ਪ੍ਰਤਾਪ ਦੀ ਸਿਹਤ ਖਰਾਬ ਰਹਿਣ ਲੱਗ ਪਈ । ਰਾਮ ਪ੍ਰਤਾਪ ਨੂੰ ਚਿੰਤਾ ਫਿਕਰ ਬਹੁਤ ਸਨ । ਰਾਮ ਪ੍ਰਤਾਪ ਦੀ ਔਲਾਦ ਸਾਫ ਸੁਥਰੀ ਅੱਗੇ ਪਿੱਛੇ ਸਭ ਫਿਰਦੇ ਰਾਮ ਪ੍ਰਤਾਪ ਆਪਣੇ ਬੱਚਿਆ ਦੀ ਖੁਸ਼ੀ ਵਿਚ ਹੀ ਖੁਸ਼ ਸੀ । ਸਮਾਂ ਆਪਣੀਆਂ ਚਾਲਾਂ ਚੱਲਦਾ ਗਿਆ ਵਿਆਹ ਸ਼ਾਦੀ ਦੇ ਮੋਕੇ ਤੇ ਭਰਾਵਾਂ ਨਾਲ ਮੇਲ ਹੁੰਦਾ ਬੱਸ ਦੁਆ ਸਲਾਮ ਹੰਦਾ । ਸਭ ਭਰਾਵਾਂ ਦੇ ਦਿਲੋਂ ਰਾਮ ਪ੍ਰਤਾਪ ਦੇ ਲਈ ਇੱਜ਼ਤ ਖਤਮ ਹੋ ਗਈ ਸੀ । ਰਾਮ ਪ੍ਰਤਾਪ ਨੂੰ ਦੁੱਖ ਤਾਂ ਬਹੁਤ ਹੋਇਆ, ਹੋਲੀ-ਹੋਲੀ ਰਾਮ ਪ੍ਰਤਾਪ ਵੀ ਪਿੱਛੇ ਹੱਟ ਗਿਆ । ਜਦ ਭਰਾਵਾਂ ਦਾ ਮੋਹ ਜਾਗਦਾ ਤਾਂ ਰਾਮ ਪ੍ਰਤਾਪ ਦਾ ਮੰਨ ਬਹੁਤ ਖਰਾਬ ਹੁੰਦਾ ਪਰਵਾਰ ਵਾਲੇ ਰਾਮ ਪ੍ਰਤਾਪ ਨੂੰ ਹੋਂਸਲਾ ਦੇਂਦੇ ਪਰਿਵਾਰ ਹੀ ਰਾਮ ਪ੍ਰਤਾਪ ਦੀ ਸ਼ਕਤੀ ਸੀ । ਰਾਮ ਪ੍ਰਤਾਪ ਸਰਕਾਰ ਤੋਂ ਸੇਵਾ ਮੁਕਤ ਹੋ ਗਿਆ ।
ਇੱਕ ਦਿਨ ਆਚਾਨਕ ਟੈਲੀਫੋਨ ਆਇਆ ਬਾਪੂ ਜੀ ਬੀਮਾਰ ਹੈ, ਰਾਮ ਪ੍ਰਤਾਪ ਅਤੇ ਉਸ ਦੀ ਜਨਾਨੀ ਤਾ ਕਰਨ ਲਈ ਗਏ । ਪਿਤਾ ਸਿਹਤ ਜ਼ਿਆਦਾ ਵਿਗੜ ਗਈ, ਬਾਕੀ ਭਰਾ ਵੀ ਪਹੁੰਚ ਗਏ । ਅੰਤ ਪਿਤਾ ਜੀ ਪੂਰੇ ਹੋ ਗਏ । ਸਾਰੀ ਜ਼ਿਮੇਵਾਰੀ ਰਾਮ ਪ੍ਰਤਾਪ ਦੇ ਸਿਰ ਪੈ ਗਈ । ਉਸ ਨੇ ਆਪਣੇ ਰੁੱਸੇ ਚਾਚੇ ਤੇ ਉਹਨਾਂ ਦੇ ਪਰਿਵਾਰ ਨੂੰ ਮਨਾ ਲਿਆ ਤੇ ਸਭ ਇੱਕਠੇ ਹੋ ਗਏ । ਪਿਤਾ ਜੀ ਦੀਆਂ ਰਸਮ ਕਿਰਿਆ ਖਤਮ ਕੀਤੀਆਂ ਤੇ ਰਾਮ ਪ੍ਰਤਾਪ ਆਪਣੇ ਘਰ ਆ ਗਿਆ । ਘਰ ਆ ਕੇ ਰਾਮ ਪ੍ਰਤਾਪ ਉਦਾਸ-ਉਦਾਸ ਰਹਿਣ ਲੱਗ ਪਿਆ, ਜਿਵੇਂ ਉਸ ਨੂੰ ਦੀਨ ਦੁਨੀਆ ਨਾਲ ਕੋਈ ਮੋਹ ਨਾ ਰਿਹਾ ਹੋਵੇ । ਜਨਾਨੀ ਪੋਤੇ-ਪੋਤੀਆ ਹੋਰ ਸਭ ਅੱਗੇ ਪਿਛੇ ਤੁਰੇ ਫਿਰਦੇ ਸਨ । ਰਾਮ ਪ੍ਰਤਾਪ ਨਿੱਤਨੇਮੀ ਬਹੁਤ ਸੀ, ਪੂਜਾ ਪਾਠ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ । ਜਿਵੇਂ ਰਾਮ ਪ੍ਰਤਾਪ ਨੂੰ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ, ਸੋ ਉਸ ਨੇ ਦੀਨ ਦੁਨੀਆ ਨਾਲੋਂ ਮੋਹ ਖਤਮ ਕਰ ਲਿਆ ਸੀ । ਉਸ ਦਿਨ ਸਭ ਆਪਣੇ ਕੰਮ ਨੂੰ ਗਏ ਹੋਏ ਸਨ ਤੇ ਬੱਚੇ ਸਕੂਲ, ਅਚਾਨਕ ਰਾਮ ਪ੍ਰਤਾਪ ਦੀ ਛਾਤੀ ਵਿਚ ਦਰਦ ਉੱਠਿਆ ਤੇ ਜਨਾਨੀ ਨੇ ਗੁਆਢੀਆਂ ਨੂੰ ਆਵਾਜ਼ ਮਾਰੀ, ਸਭ ਇੱਕਠੇ ਹੋ ਗਏ ਛੇਤੀ-ਛੇਤੀ ਗੱਡੀ ਕੀਤੀ ਰਾਮ ਪ੍ਰਤਾਪ ਨੂੰ ਹਸਪਤਾਲ ਲਿਆਉਂਦਾ ਗਿਆ । ਹਸਪਤਾਲ ਪਹੁੰਚ ਕੇ ਰਾਮ ਪ੍ਰਤਾਪ ਦੀ ਜਨਾਨੀ ਨੇ ਕਿਹਾ, ਡਾਕਟਰ ਸਾਹਿਬ ਇਹਨਾਂ ਦਾ ਚੈੱਕਆਪ ਕਰੋ….। ਡਾਕਟਰ ਨੇ ਚੈੱਕਆਪ ਕੀਤਾ ਤੇ ਕਿਹਾ “ਇਹਨਾਂ ਨੂੰ ਮਰਿਆ ਤਾਂ ਅੱਧਾ ਘੰਟਾ ਹੋ ਗਿਆ ਹੈ…..। ਰੋਂਦੇ-ਰੋਂਦੇ ਰਾਮ ਪਰਤਾਪ ਦੀ ਘਰ ਵਾਲੀ ਰਾਮ ਪ੍ਰਤਾਪ ਦੀ ਲਾਸ਼ ਨੂੰ ਘਰ ਲੈ ਆਈ ਅਜੇ ਪੰਦਰਾਂ ਦਿਨ ਪਹਿਲਾਂ ਹੀ ਰਾਮ ਪ੍ਰਤਾਪ ਦੇ ਪਿਤਾ ਜੀ ਦੀ ਮੋਤ ਹੋਈ ਤੇ ਹੁਣ ਰਾਮ ਪ੍ਰਤਾਪ ਖੁਦ ਪਰਮਾਤਮਾ ਨੂੰ ਪਿਆਰ ਹੋ ਗਿਆ । ਕਿਸੇ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਹਾਲੇ ਲੋਕ ਤਾਂ ਰਾਮ ਪ੍ਰਤਾਪ ਦੇ ਪਿਤਾ ਦੇ ਅਫਸੋਸ ਤੇ ਆ ਰਿਹੇ ਸਨ । ਕਿਸੇ ਨੂੰ ਪਤਾ ਨਹੀਂ ਸੀ ਕਿ ਰਾਮ ਪਰਤਾਪ ਵਾਲਾ ਭਾਣਾ ਵਰਤ ਗਿਆ ਹੈ। ਰਾਮ ਪ੍ਰਤਾਪ ਦੀ ਜਨਾਨੀ ਅਤੇ ਉਸਦੇ ਬੱਚਿਆਂ ਲਈ ਦੁਨੀਆ ਹੀ ਉੱਜੜ ਗਈ ਸੀ । ਰੋ- ਰੋ ਕੇ ਸਾਰੇ ਹਾਲੋ-ਬੇਹਾਲ ਹੋਏ ਪਏ ਸਨ । ਸਮਾਂ ਆਪਣੀ ਚਾਲੇ ਚੱਲਦਾ ਰਿਹਾ । ਅੱਜ ਹੋਰ ਕੱਲ੍ਹ ਹੋਰ ਰਸਮੀ ਤੌਰ ਤੇ ਸਾਰੇ ਭੈਣ ਭਰਾ ਆਏ । ਰਾਮ ਪਰਤਾਪ ਦੇ ਪਰਵਾਰ ਕੋਲ ਜਿਹੜੇ ਭਾਵੇਂ ਚਾਰ ਪੈਸੇ ਸਨ ਅਤੇ ਜਾਇਦਾਦ ਵੀ ਚੰਗੀ ਸੀ । ਫਿਰ ਜਿੰਨ੍ਹਾਂ ਦਾ ਰਾਮ ਪ੍ਰਤਾਪ ਨੇ iੁੲੰਨ੍ਹਾਂ ਕੀਤਾ ਸਾਰੀ ਜਿੰਦਗੀ ਜਿ੍ਹਨਾਂ ਦਾ ਖਿਆਲ ਰੱਖਿਆ ਉਹਨਾਂ ਦੀ ਸੇਵਾ ਕਰਨ ਰਾਮ ਪ੍ਰਤਾਪ ਨੇ ਆਪਣਾ ਧਰਮ ਸਮਝ ਲਿਆ ਸੀ । ਅੱਜ ਉਹਨਾਂ ਵਿੱਚੋਂ ਕੋਈ ਰਾਮ ਪ੍ਰਤਾਪ ਦੇ ਪਰਵਾਰ ਦੀ ਸਾਰ ਨਾ ਲੈਣ ਆਇਆ ।