Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਕਹਾਣੀਆਂ
Viewing all 80 articles
Browse latest View live

ਰੱਸੀਆਂ ਧਰ ਕੇ ਮਿਣਦੇ ਲੋਕੀ….

$
0
0

ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ, “ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ, ਬਿਨ-ਮੁਹਾਰੇ ਬੋਤੇ ਵਾਂਗ ਉਧਰ ਨੂੰ ਹੀ ਤੁਰ ਪੈਣਾ। ਨਫ਼ੇ-ਨੁਕਸਾਨ ਦਾ ਉਸ ਨੂੰ ਕੋਈ ਪਤਾ ਨਹੀਂ ਸੀ। ਪਰ ਪਿੰਡ ਦੇ ਲੋਕ ਵੀ ਉਸ ਨੂੰ ਦਰਵੇਸ਼ ਬੰਦਾ ਸਮਝ ਕੇ ਉਸ ਨਾਲ ਕੋਈ ਹੇਰ-ਫੇਰ ਨਾ ਕਰਦੇ।

ਗਿੰਦਰ ਕੋਲ ਦਸ ਏਕੜ ਸਾਹਣ ਦੇ ਸਿਰ ਵਰਗੀ ਜ਼ਮੀਨ ਸੀ ਅਤੇ ਪਿੰਡੋਂ ਬਾਹਰ-ਬਾਹਰ ਗੁਜ਼ਾਰੇ ਜੋਗਾ ਬੜਾ ਵਧੀਆ ਮਕਾਨ ਪਾਇਆ ਹੋਇਆ ਸੀ। ਗਿੰਦਰ ਦੇ ਘਰਵਾਲੀ ਮਲਕੀਤ ਕੌਰ ਬੜੀ ਹੀ ਅੜਬ ਔਰਤ ਸੀ। ਪੰਜਾਂ ਭਰਾਵਾਂ ਦੀ ਇੱਕੋ-ਇੱਕ ਭੈਣ! ਗਿੰਦਰ ਨੂੰ ਉਹ ਮੂੰਹ ਨਾ ਲਾਉਂਦੀ। ਇੱਕੋ-ਇੱਕ ਕੁੜੀ ਜੰਮਣ ਤੋਂ ਬਾਅਦ ਮਲਕੀਤ ਕੌਰ ਮੁੜ ਢਿੱਡੋਂ ਨਾ ਫ਼ੁੱਟੀ। ਕੋਈ ਬੱਚਾ ਨਾ ਹੋਇਆ। ਬਥੇਰੇ ਸਾਧਾਂ-ਸੰਤਾਂ ਦੇ ਡੇਰੇ ਗਾਹੇ, ਮੱਥੇ ਰਗੜੇ, ਪਰ ਸਭ ਬੇਅਰਥ! ਜੇ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਪੁੱਤ ਮਿਲਦੇ ਹੁੰਦੇ ਤਾਂ ਘੱਟੋ-ਘੱਟ ਭਾਰਤ ਵਿਚ ਕੋਈ ‘ਨਿਪੁੱਤਾ’ ਨਾ ਮਰਦਾ। ਇਹ ਤਾਂ ਜੇ ਅਕਾਲ ਪੁਰਖ਼ ਦੇ ਘਰ ਹਿੱਸਾ ਹੋਵੇ, ਤਾਂ ਹੀ ਗ਼ਨੀਮਤ ਫ਼ਲ ਮਿਲਦੇ ਹਨ।
ਮਲਕੀਤ ਕੌਰ ਸਬਰ ਕਰ ਕੇ ਬੈਠ ਗਈ। ਗਿੰਦਰ ਨੂੰ ਬਹੁਤਾ ਕੋਈ ਫ਼ਰਕ ਨਹੀਂ ਸੀ।
ਪਰ ਪਿੰਡ ਦੀਆਂ ਬੁੜ੍ਹੀਆਂ ਗਿੱਟੇ ਸੋਟੀ ਲਾਉਣੋਂ ਬਾਜ ਨਾ ਆਉਂਦੀਆਂ। ਆਖਰ ਖਿਝੀ ਹੋਈ ਮਲਕੀਤ ਕੌਰ ਅਲੀ-ਅਲੀ ਕਰਕੇ ਪੈਂਦੀ।
“ਮੇਰੇ ਪਿਉ ਦੀਆਂ ਰੰਨਾਂ, ਕਿਵੇਂ ਫ਼ੱਟ ‘ਤੇ ਅੱਕ ਚੋਂਦੀਐਂ ਆ ਕੇ! ਜੇ ਕਿਸੇ ਨੂੰ ਬਾਹਲਾ ਈ ਦਰਦ ਐ ਤਾਂ ਲੈਜੇ ਮੇਰੇ ਖਸਮ ਨੂੰ ਆਬਦੇ ਘਰੇ ਤੇ ਜੰਮ ਕੇ ਦੇ-ਦੇ ਮੁੰਡਾ!” ਮਲਕੀਤ ਕੌਰ ਦੀ ਬੱਕੜਵਾਹ ਸੁਣ ਕੇ ਬੱਚੀ ਕੁਲਵੰਤ ਰੋਣ ਲੱਗ ਪੈਂਦੀ ਤਾਂ ਮਲਕੀਤ ਕੌਰ ਗਿੰਦਰ ਨੂੰ ਕੁਦਾੜ ਕੇ ਆਉਂਦੀ।
“ਐਥੇ ਖੜ੍ਹਾ ਜਾੜ੍ਹਾਂ ਜੀਆਂ ਕੱਢੀ ਜਾਨੈਂ..? ਕੁੜੀ ਨ੍ਹੀ ਵਿਰਾ ਹੁੰਦੀ?” ਤਾਂ ਗਿੰਦਰ ਕਮਲਿਆਂ ਵਾਂਗੂੰ ਕਲਪਦਾ।
“ਬਹੁੜ੍ਹੀਂ ਉਏ ਲੋਕੋ! ਵੱਡੇ ਘੂਰ ਕੇ ਡਰਾਉਂਦੇ ਐ ਤੇ ਛੋਟੇ ਰੋ ਕੇ ਡਰਾਉਂਦੇ ਐ!” ਉਹ ਰੋਂਦੀ ਕੁੜੀ ਨੂੰ ਚੁੱਕ ਛੱਤ ਵੱਲ ਨੂੰ ਝਾਕਦਾ। ਮਲਕੀਤ ਕੌਰ ‘ਬੁੜ-ਬੁੜ’ ਕਰਦੀ ਰਹਿੰਦੀ।
ਇਕ ਦਿਨ ਗਿੰਦਰ ਦੀ ਬਿਰਧ ਮਾਂ ਚਿੰਤੀ ਸਰਪੰਚ ਕੋਲ ਗਈ। ਸਰਪੰਚ ਬੜੇ ਮਾਣ ਨਾਲ ਮਿਲਿਆ।
“ਪੁੱਤ ਗੋਪਾਲ ਮੋਚਨ ਨ੍ਹਾਉਣ ਚੱਲੇ ਓਂ?”
“ਹਾਂ ਤਾਈ, ਤੈਂ ਜਾਣੈਂ?”
“ਵੇ ਮੈਂ ਕਾਹਨੂੰ ਜਾਣੈਂ ਪੁੱਤ? ਵੇ ਆਪਣੇ ਆਲੇ ਸਿੱਧਰੇ ਨੂੰ ਵੀ ਲੈ ਜਾਇਓ, ਕੀ ਐ ਉਹਦਾ ਡਮਾਕ ਲੋਟ ਹੋਜੇ?”
“ਲੈ ਜਾਵਾਂਗੇ ਤਾਈ, ਇਹ ਵੀ ਕੋਈ ਗੱਲ ਐ? ਤੂੰ ਉਹਨੂੰ ਪਰਸੋਂ ਤਿਆਰ ਕਰਦੀਂ, ਸਵੇਰੇ ਪੰਜ ਵਜੇ ਪਿੰਡੋਂ ਤੁਰਾਂਗੇ।”
“ਕਰਦੂੰ ਭਾਈ, ਇਹ ਤਾਂ ਪੁੰਨ ਈ ਐਂ।” ਤੇ ਮਾਈ ਸੰਤੁਸ਼ਟ ਹੋ ਕੇ ਤੁਰ ਆਈ।
ਮਿਥੇ ਸਮੇਂ ਅਨੁਸਾਰ ਬੱਸ ਪੁੱਜ ਗਈ ਅਤੇ ਉਨ੍ਹਾਂ ਗੋਪਾਲ ਮੋਚਨ ਨੂੰ ਚਾਲੇ ਪਾ ਦਿੱਤੇ।
ਗਿੰਦਰ ਦੇ ਨਾਲ ਉਸ ਦਾ ਜੋਟੀਦਾਰ ਸੰਤੋਖ ਵੀ ਸੀ। ਸੰਤੋਖ ਬੜਾ ਹੀ ਬਹਿਵਤੀ ਸੀ। ਉਹ ਗਿੰਦਰ ਨੂੰ ਉਂਗਲ ਲਾ ਕੇ ਕੋਈ ਨਾ ਕੋਈ ਘਤਿੱਤ ਖੜ੍ਹੀ ਕਰੀ ਰੱਖਦਾ ਅਤੇ ਆਪ ਪਾਸੇ ਹੋ ਜਾਂਦਾ।
ਗੋਪਾਲ ਮੋਚਨ ਮੇਲੇ ਵਿਚ ਤਰ੍ਹਾਂ-ਤਰ੍ਹਾਂ ਦੀ ਭੀੜ ਦੇਖ ਕੇ ਗਿੰਦਰ ਲਾਚੜ ਗਿਆ। ਪੁਲਸ ਪ੍ਰਬੰਧ ਪੂਰਾ ਸੀ।
“ਦੇਖ ਉਏ ਗਿੰਦਰਾ! ਐਥੇ ਤਾਂ ਕੁੜੀਆਂ ਵੀ ਪੁਲਸ ਆਲੀ ਬਰਦੀ ਪਾਈ ਫਿਰਦੀਐਂ।” ਸੰਤੋਖ ਨੇ ਆਦਤ ਅਨੁਸਾਰ ਸਿੰਗੜੀ ਛੇੜੀ।
“ਲੈ ਹਾਂ ਬਈ! ਹੱਦ ਈ ਕਰਤੀ?”
“ਇਹ ਸ਼ਹਿਰੀ ਕੁੜੀਐਂ, ਪਿੰਡਾਂ ਦੇ ਜੱਟਾਂ ਨੂੰ ਬੜਾ ਮੋਹ ਕਰਦੀਐਂ!”
“ਅੱਛਾ…?”
“ਟੋਹ ਕੇ ਦੇਖ ਲੈ, ਜੇ ਨਾ ਗੰਧਾਲੇ ਮਾਂਗੂੰ ਹਿੱਕ ‘ਚ ਵੱਜੀ, ਮੈਨੂੰ ਫੜਲੀਂ!” ਸੰਤੋਖ ਦੀ ‘ਚੁੱਕ’ ‘ਤੇ ਗਿੰਦਰ ਨੇ ਇਕ ਲੇਡੀ ਪੁਲੀਸ ਅਫ਼ਸਰ ਗੁੱਤੋਂ ਜਾ ਫੜੀ, “ਮਖਿਆ ਕੁੱਤੀਏ! ਆਹ ਪਤਲੂਣ ਜੀ ਕਿਮੇਂ ਪਾਈ ਫਿਰਦੀ ਐਂ?” ਤੇ ਲੇਡੀ ਪੁਲਸ-ਅਫ਼ਸਰ ਨੇ ਕਰੋਧ ਵਿਚ ਇਕ ਲੰਬੀ ਵਿਸਲ ਮਾਰੀ ਤਾਂ ਰਲਵੀਂ-ਮਿਲਵੀਂ ਪੁਲਸ ਭਰਿੰਡਾਂ ਵਾਂਗ ਇਕੱਠੀ ਹੋ ਗਈ ਅਤੇ ਲੱਤਾਂ-ਡੰਡਿਆਂ ਦੀ ਬੁਛਾੜ ਤੋਂ ਬਾਅਦ ਗਿੰਦਰ ਨੂੰ ਮੁਰਗੀ ਵਾਂਗ ਨੱਪ ਕੇ ਹੱਥਕੜੀ ਜੜ ਲਈ।
ਸਰਪੰਚ ਹੋਰਾਂ ਦੇ ਭਾਅ ਦੀ ਬਣ ਗਈ।
ਸਾਰੇ ਹੱਥ ਜੋੜੀ ਅਫ਼ਸਰ ਦੇ ਸਾਹਮਣੇਂ ਪੇਸ਼ ਹੋਏ।
“ਸਰਕਾਰ ਇਹਦੇ ਦਿਮਾਗ ‘ਚ ਫਰਕ ਐ। ਘਰਦਿਆਂ ਨੇ ਸਾਡੇ ਨਾਲ ਨਹਾਉਣ ਤੋਰਿਐ ਬਈ ਕੀ ਐ ਇਹਦਾ ਦਿਮਾਗ ਈ ਠੀਕ ਹੋ ਜਾਵੇ? ਸਾਡੀ ਮਿੰਨਤ ਐ, ਇਹਦੀ ਖਲਾਸੀ ਕਰੋ!”
ਅਫ਼ਸਰ ਢੈਲੀ ਪੈ ਗਈ।
“ਮੈਂ ਪੇਂਡੂ ਜੱਟ ਐਂ!” ਵਿਚੋਂ ਹੀ ਗਿੰਦਰ ਬੋਲ ਪਿਆ। ਉਹ ਸੋਚਦਾ ਸੀ ਬਈ ਕੀ ਐ ਪੁਲੀਸ ਵਾਲੀ ਮੈਨੂੰ ਸ਼ਹਿਰੀ ਸਮਝ ਕੇ ਹੀ ਕਰੋਧੀ ਹੋ ਗਈ ਹੋਵੇ? ਹੁਣ ਪੇਂਡੂ ਜੱਟ ਦੇ ਨਾਂ ਨੂੰ ਹਿੱਕ ਨਾਲ ਲੱਗ ਜਾਵੇਗੀ!
“ਭੌਂਕ ਨਾ ਉਏ ਕੁੱਤਿਆ!” ਸਰਪੰਚ ਗਿੰਦਰ ਨੂੰ ਹੂਰਾ ਲੈ ਕੇ ਪਿਆ।
“ਸਰਕਾਰ! ਮੈਂ ਪਿੰਡ ਦਾ ਸਰਪੰਚ ਹਾਂ, ਕ੍ਰਿਪਾ ਕਰੋ ਤੇ ਇਹਨੂੰ ਬਖ਼ਸ਼ੋ!”
“ਦੇਖੋ ਸਰਪੰਚ ਸਾਹਿਬ! ਤੁਹਾਡੀ ਜਿ਼ੰਮੇਵਾਰੀ ‘ਤੇ ਛੱਡ ਰਹੀ ਹਾਂ, ਨਹੀਂ ਇਸ ਦਾ ਦਿਮਾਗ ਅਸੀਂ ਠੀਕ ਕਰ ਦਿੰਦੇ, ਅਗਰ ਹੁਣ ਇਸ ਨੇ ਮੇਲੇ ਵਿਚ ਕੋਈ ਹਰਕਤ ਕੀਤੀ, ਅਸੀਂ ਕੇਸ ਦਰਜ਼ ਕਰ ਕੇ ਅੰਦਰ ਦੇ ਦੇਣੈਂ!”
“ਮੇਰੀ ਪੂਰੀ ਜਿ਼ੰਮੇਵਾਰੀ ਐ ਸਰਕਾਰ, ਮਿਹਰਬਾਨੀ!” ਤੇ ਉਹ ਹੱਥ ਜੋੜ ਕੇ ਤੁਰ ਪਏ। ਫਿਰ ਤਿੰਨੇ ਦਿਨ ਸਰਪੰਚ ਗਿੰਦਰ ਨਾਲੋਂ ਪਾਸੇ ਨਾ ਹੋਇਆ ਅਤੇ ਨਾ ਹੀ ਸੰਤੋਖ ਨੂੰ ਉਸ ਦੇ ਲਾਗੇ ਲੱਗਣ ਦਿੱਤਾ। ਨਹਾ ਕੇ ਆਉਂਦਿਆਂ ਨੂੰ ਹੀ ਗੁਆਂਢੀਆਂ ਦੀ ਭਰ ਜੁਆਨ, ਕਾਲਜ ਪੜ੍ਹਦੀ ਕੁੜੀ ਚੱਲ ਵਸੀ। ਅਗਲੇ ਦਿਨ ਗਿੰਦਰ ਕੁੜੀ ਦਾ ਅਫ਼ਸੋਸ ਕਰਨ ਗਿਆ ਤਾਂ ਸਿੱਧਾ ਹੀ ਬੁੜ੍ਹੀਆਂ ਵਿਚ ਜਾ ਬੈਠਾ।
“ਅੱਛਾ! ਕਰਤਾਰੋ ਕੁੜੀ ਮਰਗੀ ਫੇਰ?”
“ਹਾਂ ਗਿੰਦਰਾ! ਮਰ ਗਈ ਨਾਲੇ ਸਾਨੂੰ ਮਾਰ ਕੇ ਸਿੱਟਗੀ!” ਕਰਤਾਰੋ ਅੰਦਰੋਂ ਡੁੱਬਿਆ ਹਾਉਕਾ ਫਿਰ ਉਠਿਆ।
ਗਿੰਦਰ ਨੇ ਆਪਣਾ ਘੋਰੜੂ ਵਜਾਉਣਾ ਸ਼ੁਰੂ ਕਰ ਦਿੱਤਾ। ਆਪਦੇ ਜਾਣੇਂ ਉਹ ਸਹੀ ਗੱਲਾਂ ਕਰ ਰਿਹਾ ਸੀ।
“ਚਲੋ! ਜਿੰਨੀ ਬੰਦੇ ਦੀ ਲਿਖੀ ਐ, ਭੋਗਣੀ ਪੈਂਦੀ ਐ। ਹੁਣ ਤਾਂ ਸਹੁਰੀ ਵਿਆਹੁੰਣ ਆਲੀ ਸੀ। ਚਲੋ ਵਿਆਹ ਵੱਲੋਂ ਤਾਂ ਖਹਿੜ੍ਹਾ ਛੁੱਟਿਆ? ਪੰਜ ਛੇ ਲੱਖ ਦੀ ਘਾਣੀਂ ਸੀ! ਸਹੁਰਿਆਂ ਦੇ ਮਾਰਨ ਨਾਲੋਂ ਆਪ ਈ ਮਰਗੀ, ਸੋਹਣਾ ਹੋਇਆ!”
ਸਾਰੇ ਹੀ ਦੰਗ ਹੋਏ ਗਿੰਦਰ ਦੀ ਅਕਾਸ਼ਬਾਣੀਂ ਸੁਣ ਰਹੇ ਸਨ। ਉਹ ਕੱਛ ‘ਚੋਂ ਮੂੰਗਲੇ ਕੱਢ-ਕੱਢ ਮਾਰ ਰਿਹਾ ਸੀ।
“ਚੱਲ ਗਿੰਦਰਾ-ਆ ਚੱਲੀਏ!” ਨੰਬਰਦਾਰ ਨੇ ਉਸ ਨੂੰ ਨਾਲ ਤੁਰਦਾ ਕਰ ਲਿਆ। ਪਰ ਤੁਰਦਾ-ਤੁਰਦਾ ਉਹ ਇਕ ਹੋਰ ਭੜ੍ਹਾਕਾ ਸੁੱਟ ਗਿਆ।
“ਚੰਗਾ ਕਰਤਾਰੋ! ਕੁੜੀ ਤਾਂ ਮਰਨ ਆਲੀ ਮਰਗੀ, ਹੁਣ ਤੂੰ ਨਾ ਧਰਮਰਾਜ ਦੇ ਡੇਰੇ ਨੂੰ ਤੁਰਪੀਂ! ਤੇਰੇ ਪਿੱਛੋਂ ਬਚਦਾ ਫਿਰ ਮਹਿੰਦਰ ਸਿਉਂ ਵੀ ਨ੍ਹੀ! ਮਹਿੰਦਰ ਸਿਉਂ ਪਿੱਛੋਂ ਮੁੰਡਿਆਂ ਨੇ ਤਾਂ ਕੀ ਬਚਣੈਂ? ਉਹ ਤਾਂ ਪਹਿਲਾਂ ਈ ਸਿਵਿਆਂ ਦੀ ਟਿਕਟ ਕਟਾਈ ਫਿਰਦੇ ਐ! ਕਿਧਰੇ ਸ਼ਰਾਬ, ਕਿਧਰੇ ਗੋਲੀਆਂ, ਘਰ ਤਾਂ ਫਿਰ ਉੱਜੜ ਗਿਆ! ਉੱਜੜੇ ਘਰਾਂ ‘ਚ ਤਾਂ ਫਿਰ ਕੁੱਤੇ ਈ ਮੂਤਦੇ ਐ-!”
“ਉਏ ਤੁਰਪਾ ਹੁਣ, ਬਾਪੂ!” ਤੇ ਨੰਬਰਦਾਰ ਗਿੰਦਰ ਨੂੰ ਬੱਚੇ ਵਾਂਗ ਉਂਗਲ ਲਾ ਕੇ ਲੈ ਗਿਆ।
ਦਿਨ ਗੁਜ਼ਰਦਿਆਂ ਨੂੰ ਕੀ ਲੱਗਦੈ? ਦਿਨ ਚੜ੍ਹਦਾ ਰਿਹਾ, ਛੁਪਦਾ ਰਿਹਾ। ਗਿੰਦਰ ਦੀ ਕੁੜੀ ਮਾਮਿਆਂ ਨੇ ਪਲੱਸ-ਟੂ ਕਰਵਾ ਕੇ ਪੜ੍ਹਨੋਂ ਹਟਾ ਲਈ ਅਤੇ ਇਕ ਵਧੀਆ ਜਿਹਾ ਘਰ ਦੇਖ ਕੇ ਕੁਲਵੰਤ ਦਾ ਵਿਆਹ ਧਰ ਦਿੱਤਾ। ਕੁਲਵੰਤ ਨੂੰ ਕਮਲੇ-ਬਾਪੂ ‘ਤੇ ਕਦੇ ਗੁੱਸਾ ਨਹੀਂ ਆਇਆ ਸੀ। ਬਾਪੂ ਤਾਂ ਉਸ ਦੀ ਆਤਮਾ ਸੀ। ਇਕ ਨਿਰਲੇਪ ਆਤਮਾ! ਗਿੰਦਰ ਨੇ ਵੀ ਕਦੇ ਧੀ ਨੂੰ ਮੰਦਾ ਬਚਨ ਨਹੀਂ ਬੋਲਿਆ ਸੀ।
ਡੋਲੀ ਵਿਚ ਬੈਠ ਕੇ ਤੁਰਦੀ ਕੁਲਵੰਤ ਨੂੰ ਗਿੰਦਰ ਕਹਿਣ ਲੱਗਿਆ।
“ਤੇਰਾ ਮਸਾਂ ਵਿਆਹ ਕੀਤੈ ਕੁੜੀਏ! ਹੁਣ ਨਿੱਤ ਨਾ ਐਧਰ ਨੂੰ ਮੂੰਹ ਚੱਕ ਲਿਆ ਕਰੀਂ! ਸਿਆਣੀ ਬਣ ਕੇ ਆਬਦੇ ਘਰੇ ਰਹੀਂ!” ਬਾਪੂ ਦੇ ਸਿੱਧ-ਪੱਧਰੇ ਬੋਲ ਸੁਣ ਕੇ ਕੁੜੀ ਦੇ ਵੈਰਾਗ ਦਾ ਹੜ੍ਹ ਟੁੱਟ ਗਿਆ ਅਤੇ ਉਹ ਬੱਚੇ ਵਾਂਗ ਧਾਹ ਮਾਰ ਕੇ ਬਾਪੂ ਦੇ ਗਲ ਨੂੰ ਚਿੰਬੜ ਗਈ। ਗਿੰਦਰ ਵੀ ਮਸੋਸਿਆ ਜਿਹਾ ਹੋ ਗਿਆ।
ਡੋਲੀ ਤੁਰ ਗਈ।
ਕੁਲਵੰਤ ਦਾ ਪ੍ਰਾਹੁਣਾ ਅੱਤ ਦਰਜੇ ਦਾ ਲਾਲਚੀ ਸੀ ਅਤੇ ਸੱਸ ਨਿਰੀ ਹੀ ਕਲੇਸ਼ੀ! ਉਨ੍ਹਾਂ ਨੇ ਰਿਸ਼ਤਾ ਹੀ ਇਸੇ ਲਾਲਚ ਕਰਕੇ ਲਿਆ ਸੀ ਕਿ ਇਕੱਲੀ-ਇਕੱਲੀ ਕੁੜੀ ਹੈ। ਜ਼ਮੀਨ-ਜਾਇਦਾਦ ਸਾਰੀ ਸਾਨੂੰ ਹੀ ਆਵੇਗੀ। ਮਹੀਨਾ ਕੁ ਭਰ ਤਾਂ ਕੁਲਵੰਤ ਨੂੰ ਵਾਹਵਾ ‘ਪੁੱਤ-ਪੁੱਤ’ ਹੋਈ। ਪਰ ਫਿਰ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ। ਉਸ ਦਾ ਪਤੀ ਦਿਲਬਾਗ ਹਰ ਰੋਜ਼ ਹੀ ਸ਼ਰਾਬ ਪੀ ਕੇ ਆਉਂਦਾ ਅਤੇ ਬਿਨਾ ਗੱਲੋਂ ਕੁਲਵੰਤ ਨੂੰ ਕੁੱਟ ਧਰਦਾ। ਪਰ ਉਹ ਸਾਰਾ ਦਰਦ ਦਿਲ ਵਿਚ ਹੀ ਦਬਾ ਲੈਂਦੀ। ਪਰ ਇਕ ਦਿਨ ਤਾਂ ਅੱਤ ਹੀ ਹੋ ਗਈ, ਜਿਸ ਦਿਨ ਦਿਲਬਾਗ ਅਤੇ ਉਸ ਦੀ ਮਾਂ ਨੇ ਰਲ ਕੇ ਕੁਲਵੰਤ ਨੂੰ ਕੁੱਟਿਆ।
ਕੁਲਵੰਤ ਦੀ ਸੱਸ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਆਪਣੇ ਬੂਝੜ ਪਿਉ ਨੂੰ ਆਖ ਕਿ ਸਾਰੀ ਜ਼ਮੀਨ, ਤੁਰੰਤ ਦਿਲਬਾਗ ਦੇ ਨਾਂ ਲੁਆਵੇ ਅਤੇ ਨਹੀਂ ਆਪਦੀ ਧੀ ਨੂੰ ਆਪਦੇ ਘਰ ਰੱਖੇ! ਪੜ੍ਹੀ-ਲਿਖੀ ਕੁਲਵੰਤ ਸੋਚਾਂ ਵਿਚ ਪੈ ਗਈ। ਬਾਪੂ ਨੇ ਕਿਹੜਾ ਇਨਕਾਰ ਕਰਨਾ ਸੀ? ਬਾਪੂ ਨੇ ਤਾਂ ਸਹਿਜ-ਸੁਭਾਅ ਇਹ ਹੀ ਆਖ ਦੇਣਾ ਸੀ, “ਲੁਆ ਦਿੰਨੇ ਐਂ ਭਾਈ!” ਪਰ ਜ਼ਮੀਨ ਦੇਣ ਤੋਂ ਬਾਅਦ ਬਾਪੂ-ਬੇਬੇ ਤਾਂ ਜੂਨੋਂ ਬੇਜੂਨ ਹੋ ਜਾਣਗੇ! ਦਿਲਬਾਗ ਤਾਂ ਉਨ੍ਹਾਂ ਨੂੰ ਪੂੜੇ ਦੇਣੋਂ ਰਿਹਾ?
ਕੁਲਵੰਤ ਪੇਕੀਂ ਆ ਗਈ। ਬਾਪੂ ਦੀ ਬੁੱਕਲ ਵਿਚ ਵੜ ਜਾਰੋ-ਜਾਰ ਰੋਈ। ਬਾਪੂ ਦਾ ਉਸ ਨੂੰ ਦਿਲੋਂ ਦਰੇਗ ਸੀ।
“ਤੈਨੂੰ ਸਹੁਰੀਂ ਕੋਈ ਤੰਗੀ-ਫੰਗੀ ਤਾਂ ਨ੍ਹੀ?” ਬਾਪੂ ਨੇ ਗੜ੍ਹਕ ਕੇ ਪੁੱਛਿਆ।
“ਨਹੀਂ ਬਾਪੂ, ਮੈਂ ਤਾਂ ਬਹੁਤ ਸੁਖੀ ਐਂ।” ਕੁਲਵੰਤ ਦਾ ਹਿਰਦਾ ਲੀਰਾਂ ਹੋਇਆ ਪਿਆ ਸੀ।
“ਜੇ ਕੋਈ ਤੰਗ-ਫੰਗ ਕਰੇ, ਦੱਸ ਦੇਈਂ! ਚਾਰ ਮਾਰਾਂਗੇ ਛਿੱਤਰ, ਲੋਕਾਂ ਦੇ ਵਿਆਹਾਂ ‘ਚ ਮੇਰੇ ਵੀਹ ਬੰਦੇ ਲੱਡੂਆਂ ਨਾਲ ਕੁੱਟੇ ਵੇ ਐ!” ਗਿੰਦਰ ਬੋਲਿਆ ਅਤੇ ਕੁੜੀ ਹੰਝੂ ਕੇਰਦੀ ਹੱਸ ਪਈ। ਧੀ, ਬਾਪੂ ਦੀ ਸਾਦਗੀ ‘ਤੇ ਜਾਨ ਵਾਰਦੀ ਸੀ। ਕੁਰਬਾਨ ਹੁੰਦੀ ਸੀ।
ਇਕ ਵਾਰੀ ਦੀ ਗੱਲ ਹੈ ਕਿ ਪਿੰਡ ਵਿਚ ਕਿਸੇ ਦਾ ਵਿਆਹ ਸੀ। ਗਿੰਦਰ ਵੀ ਨਾਲ ਬਰਾਤੀ ਗਿਆ ਹੋਇਆ ਸੀ। ਦੁਪਿਹਰੋਂ ਬਾਅਦ ਰੋਟੀ ਵੇਲੇ ਸ਼ਰਾਬੀ ਹੋਏ ਬਰਾਤੀ ਲੜ ਪਏ। ਦਾਰੂ ਨਾਲ ਧੁੱਤ ਹੋਏ ਕਮਲੇ ਜੱਟ ਵੇਲ ਦੇ ਥਾਲ, ਇਕ-ਦੂਜੇ ਵੱਲ ਵਗਾਹ-ਵਗਾਹ ਮਾਰਨ ਲੱਗ ਪਏ। ਉਨ੍ਹਾਂ ਵੱਲ ਦੇਖ ਕੇ ਗਿੰਦਰ ਨੇ ਵੀ ਥਾਲ ਚਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਕਿਸੇ ਪੇਂਡੂ ਨੇ ਗਿੰਦਰ ਨੂੰ ਆ ਕੇ ਪੁੱਛਿਆ, “ਉਏ ਇਹ ਕੀ ਕਰਦੈਂ?” ਤਾਂ ਗਿੰਦਰ ਬੜੇ ਮਜਾਜ ਨਾਲ ਬੋਲਿਆ, “ਔਹਨਾਂ ਨੂੰ ਦੇਖ ਕੇ ਕਰਦੈਂ।” ਤਾਂ ਪੇਂਡੂ ਬੋਲਿਆ, “ਉਹ ਤਾਂ ਕਮਲਿਆ ਲੜਦੇ ਐ, ਪਰ ਤੇਰੀ ਤਾਂ ਕਿਸੇ ਨਾਲ ਕੋਈ ਦੁਸ਼ਮਣੀਂ ਨ੍ਹੀ?”
“ਉਹ ਲੜਦੇ ਐ?” ਗਿੰਦਰ ਹੈਰਾਨ ਸੀ।
“ਤੇ ਹੋਰ ਕੀ?”
“ਲੈ! ਮੈਂ ਐਵੇਂ ਈ ਕਮਲਿਆਂ ਮਾਂਗੂੰ ਥਾਲ ਵਗਾਹ-ਵਗਾਹ ਮਾਰੀ ਜਾਨੈਂ? ਮੈਂ ਤਾਂ ਇਹ ਸੋਚਿਆ ਸੀ ਬਈ ਏਸ ‘ਲਾਕੇ ‘ਚ ਇਹ ਕੋਈ ਰਿਵਾਜ ਹੋਣੈਂ?”
ਖ਼ੈਰ! ਕੁਲਵੰਤ ਦਿਲ ਕਰੜਾ ਕਰਕੇ ਸਹੁਰੀਂ ਪਰਤ ਗਈ। ਕੁਪੱਤੀ ਸੱਸ ਨੇ ਫ਼ੈਸਲਾ ਪੁੱਛਿਆ।
“ਬਾਪੂ ਜੀ ਕਹਿੰਦੇ ਹਾੜ੍ਹੀ ਦੀ ਵਾਢੀ ਮਗਰੋਂ ਸਾਰਾ ਕੁਛ ਈ ਨਾਂ ਲੁਆ ਦਿਆਂਗੇ।” ਕੁਲਵੰਤ ਨੇ ਅਸਲੋਂ ਹੀ ਝੂਠ ਬੋਲਿਆ। ਉਹ ਸੋਚਦੀ ਸੀ ਕਿ ਚਾਰ-ਪੰਜ ਮਹੀਨੇ ਤਾਂ ਸੌਖੇ ਨਿਕਲਣਗੇ? ਬਾਕੀ ਗੁਰੂ ਭਲੀ ਕਰੇਗਾ! ਸੱਸ ਸੰਤੁਸ਼ਟ ਹੋ ਗਈ। ਦਿਲਬਾਗ ਨੇ ਕੁਲਵੰਤ ਨੂੰ ਕੁੱਟਣਾ ਮਾਰਨਾ ਛੱਡ ਦਿੱਤਾ। ਸੱਸ ਦੀ ‘ਪੁੱਤ-ਪੁੱਤ’ ਫਿਰ ਸ਼ੁਰੂ ਹੋ ਗਈ।
ਕੁਲਵੰਤ ਨੂੰ ਅਚਾਨਕ ਹੀ ਇਕ ਅਤੀਅੰਤ ਹਿਰਦੇਵੇਧਕ ਖ਼ਬਰ ਮਿਲੀ। ਗਿੰਦਰ ਅਚਾਨਕ ਚੜ੍ਹਾਈ ਕਰ ਗਿਆ ਸੀ। ਕੁੜੀ ਨੇ ਭੁੱਬ ਮਾਰੀ, ਆਪਣੀ ਛਾਤੀ ਪਿੱਟ-ਪਿੱਟ ਲਾਲ ਕਰ ਲਈ। ਪਰ ਸੱਸ ਅਤੇ ਦਿਲਬਾਗ ਅੰਦਰ ਕੁਤਕੁਤੀ ਹੋਈ। ਉਹ ਲੋਕ-ਲਾਜ ਨੂੰ ਮਕਾਣ ਦੀ ਟਰਾਲੀ ਭਰ ਕੁਲਵੰਤ ਦੇ ਪੇਕਿਆਂ ਨੂੰ ਰਵਾਨਾ ਹੋ ਗਏ। ਦਿਲਬਾਗ ਅਤੇ ਉਸ ਦੀ ਮਾਂ, ਮਨ ਵਿਚ ਕਈ ਚੁੱਪ ਸਕੀਮਾਂ ਉਸਾਰ ਚੁੱਕੇ ਸਨ।
ਬਾਪੂ ਦੀ ਲਾਸ਼ ‘ਤੇ ਡਿੱਗ ਕੇ ਕੁਲਵੰਤ ਨੇ ਧਾਹ ਮਾਰੀ।
“ਤੂੰ ਮੈਨੂੰ ਕਿਹੜੇ ਵਹਿਣਾਂ ਵਿਚ ਸਿੱਟ ਕੇ ਤੁਰ ਗਿਆ ਵੇ ਮੇਰਿਆ ਪਿਆਰਿਆ ਬਾਬਲਾ…!” ਪਰ ਹਰ ਵਕਤ ਯੱਭਲੀਆਂ ਮਾਰਨ ਵਾਲਾ ‘ਬਾਬਲ’ ਤਾਂ ਅਹਿਲ ਪਿਆ ਸੀ। ਬਿਲਕੁਲ ਹੀ ਚੁੱਪ-ਚਾਪ ਅਤੇ ਖ਼ਾਮੋਸ਼! ਸਾਰਾ ਪਿੰਡ ਹੀ ਦੁੱਖ ਵਿਚ ਗਰਾਸਿਆ, ਗੂੰਗਾ ਬਣਿਆਂ ਬੈਠਾ ਸੀ। ਪਿੰਡ ਦੀ ਰੌਣਕ, ਗਿੰਦਰ ਤੁਰ ਗਿਆ ਸੀ। ਰਿਸ਼ਤੇਦਾਰ ਵੱਖ ਦੁਖੀ ਸਨ। ਅਸਲੀਅਤ ਦਾ ਤਾਂ ਸਾਰਿਆਂ ਨੂੰ ਹੀ ਪਤਾ ਸੀ।
ਅਸਲ ਵਿਚ ਗੁਆਂਢੀਆਂ ਦੇ ਮੁੰਡੇ ਦਾ ਵਿਆਹ ਸੀ। ਅਗਲੇ ਦਿਨ ਬਰਾਤ ਜਾਣੀ ਸੀ। ਉਨ੍ਹਾਂ ਨੇ ਗਿੰਦਰ ਤੋਂ ਦੋ ਘੜ੍ਹੇ ਦੇਸੀ ਦਾਰੂ ਦੇ ਪੁਆ ਦਿੱਤੇ। ਪੂਰੀਆਂ ਅੱਠ ਬੋਤਲਾਂ ਨਿਕਲ ਆਈਆਂ। ਪਰ ਉਨ੍ਹਾਂ ਨੇ ਦਾਰੂ ਨੂੰ ‘ਖੱਟਰ’ ਕਰਨ ਵਾਸਤੇ ਇਕ ਜਾਣੂੰ-ਪਹਿਚਾਣੂੰ ਡਾਕਟਰ ਤੋਂ ਬਾਰਾਂ ਨੰਬਰੀ ‘ਮਿਕਚਰ’ ਬਣਵਾ ਕੇ ਦੇਸੀ ਦਾਰੂ ਵਾਲੇ ਗੇਲਣ ਵਿਚ ਪਾ ਦਿੱਤੀ। ਨਸ਼ਾਦਰ ਵਾਲੀ ਦਾਰੂ ਵਿਚ ‘ਮਿਕਚਰ’ ਮਿਲਣ ਕਾਰਨ ਜ਼ਹਿਰ ਬਣ ਗਈ। ਪਰ ਪਤਾ ਕਿਸੇ ਨੂੰ ਵੀ ਨਹੀਂ ਸੀ!
“ਲੈ ਬਈ ਚਾਚਾ, ਦੇਖ ਟੈਸਟ ਕਰਕੇ!” ਵਿਆਹ ਵਾਲੇ ਮੁੰਡੇ ਨੇ ਗਿੰਦਰ ਨੂੰ ਗਿਲਾਸ ਭਰ ਕੇ ਪੇਸ਼ ਕੀਤਾ। ਗਿੰਦਰ ਨੇ ਜਾੜ੍ਹ ਘੁੱਟ ਕੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀ ਜੁਬਾਨ ਤਾਲੂਏ ਲੱਗ ਗਈ।
“ਪੂਰੀ ਖਰੀ ਐ ਬਈ…!” ਕਹਿਣ ਨੂੰ ਤਾਂ ਗਿੰਦਰ ਨੇ ਆਖ ਦਿੱਤਾ। ਪਰ ਕੁਝ ਪਲਾਂ ਬਾਅਦ ਹੀ ਉਸ ਨੂੰ ਬੁਰੀ ਤਰ੍ਹਾਂ ਖ਼ੂਨ ਦੀ ਉਲਟੀ ਆਈ। ਡਾਕਟਰ ਅਤੇ ਵਿਆਂਦੜ੍ਹ ਭਮੱਤਰ ਗਏ। ਗਿੰਦਰ ਦਾ ਬੁਰਾ ਹਾਲ ਹੋ ਗਿਆ ਸੀ।
“ਦਾਰੂ ਬਾਹਲੀ ਘੈਂਟ ਐ ਚਾਚਾ-ਇਕ ਹੋਰ ਅੰਦਰ ਸਿੱਟ-ਠੀਕ ਹੋਜੇਂਗਾ!” ਤੇ ਵਿਆਂਦੜ੍ਹ ਨੇ ਇਕ ਗਿਲਾਸ ਹੋਰ ਗਿੰਦਰ ਦੇ ਹਲਕ ਵਿਚ ਖਾਲੀ ਕਰ ਦਿੱਤਾ। ਇਕ ਤਰ੍ਹਾਂ ਨਾਲ ਜ਼ਹਿਰ ਦਾ ਪੂਰਾ ਗਿਲਾਸ ਗਿੰਦਰ ਅੰਦਰ ਜਾ ਚੁੱਕਾ ਸੀ। ਪਹਿਲਾਂ ਤਾਂ ਉਹ ਦੇਹ-ਤੋੜ ਤੜਫਿ਼ਆ ਅਤੇ ਫਿਰ ਬੇਹੋਸ਼ ਹੋ ਗਿਆ। ਵਿਆਂਦੜ੍ਹ ਅਤੇ ਡਾਕਟਰ ਦਾਰੂ ਵਾਲਾ ਗੇਲਣ ਚੁੱਕ ਤਿੱਤਰ ਹੋ ਗਏ। ਦੱਸਿਆ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਸੀ। ਮਲਕੀਤ ਕੌਰ ਵੀ ਵਿਆਹ ਵਾਲੇ ਘਰੇ ਹੀ ਸੀ। ਜੇ ਗਿੰਦਰ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਜਾਂਦਾ, ਸ਼ਾਇਦ ਉਸ ਦੀ ਜਾਨ ਬਚ ਜਾਂਦੀ?
ਜਦ ਅੱਧੀ ਕੁ ਰਾਤੋਂ ਮਲਕੀਤ ਕੌਰ ਵਿਆਹ ਵਾਲੇ ਘਰੋਂ ਪਰਤੀ ਤਾਂ ਗਿੰਦਰ ਫੱਟੇ ਵਾਂਗ ਆਕੜਿਆ, ਮੂੰਹ ਅੱਡੀ ਪਿਆ ਸੀ। ਅੱਖਾਂ ਉਸ ਦੀਆਂ ਚੌਫ਼ਾਲ ਖੁੱਲ੍ਹੀਆਂ ਸਨ। ਮੂੰਹ ‘ਤੇ ਲਹੂ ਲਿਬੜੀ ਝੱਗ ਸੁੱਕੀ ਪਈ ਸੀ।
ਮਲਕੀਤ ਕੌਰ ਨੇ ਦੁਹੱਥੜ ਮਾਰੀ। ਉਸ ਦੇ ਹਾਲ-ਦੁਹਾਈ ਪਾਉਣ ‘ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਦਾਰੂ ਕੱਢਣ ਬਾਰੇ ਮਲਕੀਤ ਕੌਰ ਨੂੰ ਪਤਾ ਸੀ। ਉਸ ਨੇ ਕਰੋਧ ਵਿਚ ਸੁਣਾਈ ਕੀਤੀ, “ਕੁੱਤਿਓ ਬਾਹਮਣੋਂ! ਮੇਰਾ ਸਾਧ ਅਰਗਾ ਖਸਮ ਤਾਂ ਤੁਸੀਂ ਲੈ ਲਿਆ-ਹੁਣ ਥੋਡੇ ਸਾਰੇ ਖਲਣੇਂ ਨੂੰ ਨਰੜਾ ਕੇ ਮਰਵਾਊਂ..!”
ਮਲਕੀਤ ਕੌਰ ਦੀ ਸਖ਼ਤ ਧਮਕੀ ‘ਤੇ ਪੰਡਤਾਂ ਦੇ ਸਾਰੇ ਟੱਬਰ ਨੇ ਆ ਕੇ ਉਸ ਦੇ ਪੈਰ ਫੜ ਲਏ। ਪੰਚਾਇਤ ਦਾ ਮਿੰਨਤ-ਤਰਲਾ ਕੀਤਾ। ਸਰਪੰਚ ਤੁਰੰਤ ਮਲਕੀਤ ਕੌਰ ਕੋਲ ਪਹੁੰਚਿਆ।
“ਜੋ ਕੁਛ ਹੋ ਗਿਆ ਮਲਕੀਤ ਕੁਰੇ, ਕਿਸੇ ਦੇ ਵੱਸ ਨ੍ਹੀ। ਹੁਣ ਤੂੰ ਸਿਆਣੀ ਬਣ। ਪੁਲਸ ਵੀਹ ਟਟਬੈਰ ਖੜ੍ਹੇ ਕਰ ਕੇ ਖੁਆਰ ਕਰੂ ਤੇ ਕਚਿਹਰੀਆਂ ਦੇ ਗੇੜੇ ਵਾਧੂ ਦੇ ਮਾਰਾਂਗੇ! ਇਹਨਾਂ ਨੂੰ ਸਜਾ ਬੋਲਣ ਨਾਲ ਗਿੰਦਰ ਸਿਉਂ ਨੇ ਮੁੜ ਨ੍ਹੀ ਆਉਣਾ, ਵਾਧੂ ਇਹਦੀ ਲਾਸ਼ ਈ ਖੱਜਲ ਕਰਾਂਗੇ। ਪੁਲਸ ਆਲੇ ਪੋਸਟ ਮਾਰਟਮ ਕਰਵਾਉਣਗੇ। ਵੀਹ ਪੰਗੇ ਖੜ੍ਹੇ ਕਰਨਗੇ। ਹਾਂ, ਜੇ ਤੂੰ ਕਹੇਂ ਪੰਡਤਾਂ ਦੇ ਊਂ ਛਿਤਰੌਲਾ ਫੇਰ ਦਿੰਨੇ ਐਂ?”
ਮਲਕੀਤ ਕੌਰ ਚੁੱਪ ਸੀ। ਸਰਪੰਚ ਨੇ ਸੱਚ ਹੀ ਤਾਂ ਬੋਲਿਆ ਸੀ।
“ਪੰਚਾਇਤ ਰੱਬ ਵਰਗੀ ਹੁੰਦੀ ਐ ਭਾਈ। ਧੱਕੀਦੀ ਨਹੀਂ ਹੁੰਦੀ!” ਬੂਟਾ ਧਾਲੀਵਾਲ ਬੋਲਿਆ।
“ਜੋ ਹੋਇਆ, ਬਹੁਤ ਬੁਰਾ ਹੋਇਆ, ਗੱਲ ‘ਤੇ ਮਿੱਟੀ ਪਾਓ ਤੇ ਸਸਕਾਰ ਕਰੋ।” ਤਾਏ ਉਜਾਗਰ ਸਿੰਘ ਨੇ ਕਿਹਾ।
ਸਿਆਣਿਆਂ ਦੀ ਦਿੱਤੀ ਮੱਤ ‘ਤੇ ਗਿੰਦਰ ਦਾ ਸਸਕਾਰ ਕਰ ਦਿੱਤਾ ਗਿਆ। ਸਾਰੇ ਰਿਸ਼ਤੇਦਾਰ ਵਿਦਾਅ ਹੋ ਗਏ।
ਗਿੰਦਰ ਤਾਂ ਚਲਾ ਗਿਆ ਸੀ। ਪਰ ਮਲਕੀਤ ਕੌਰ ਦੀ ਜਿ਼ੰਦਗੀ ਵਿਚ ਹਨੇਰ ਛਾ ਗਿਆ। ਹੁਣ ਉਹ ਆਪ ਪੱਠੇ ਲਿਆਉਂਦੀ, ਕੁਤਰਦੀ ਅਤੇ ਪਸ਼ੂਆਂ ਨੂੰ ਪਾਉਂਦੀ। ਜਦੋਂ ਉਸ ਦੇ ਦਿਲੋਂ ਲਾਂਬੂ ਉਠਦਾ ਤਾਂ ਉਹ ਰੱਬ ਨੂੰ ਸਿੱਧੀ ਹੋ ਜਾਂਦੀ।
“ਰੱਬਾ! ਜੇ ਉਹਨੂੰ ਈ ਚੱਕਣਾ ਸੀ ਤਾਂ ਇਕ ਪੁੱਤ ਈ ਦੇ ਦਿੰਦਾ!” ਚਾਹੇ ਉਹ ਗਿੰਦਰ ਨੂੰ ਕਿੰਨਾ ਵੀ ਮੰਦਾ ਚੰਗਾ ਬੋਲਦੀ ਸੀ, ਪਰ ਉਸ ਨੂੰ ਯਾਦ ਕਰ-ਕਰ, ਬੁੱਕ-ਬੁੱਕ ਹੰਝੂ ਕੇਰਦੀ, ਝੂਰਦੀ ਰਹਿੰਦੀ। ਹੋਂਦ ਅਤੇ ਅਣਹੋਂਦ ਦਾ ਅਹਿਸਾਸ ਹੁੰਦਾ!
ਕੁਲਵੰਤ ਅਤੇ ਦਿਲਬਾਗ ਕਦੇ-ਕਦੇ ਗੇੜਾ ਮਾਰਦੇ ਅਤੇ ਸ਼ਾਮ ਨੂੰ ਮੁੜ ਜਾਂਦੇ। ਦਿਲਬਾਗ ਦਾ ਤਾਂ ਬੱਸ ਇੱਕੋ ਹੀ ਮਕਸਦ ਸੀ। ਪਰ ਕੁਲਵੰਤ ਨੇ ਇਸ ਬਾਰੇ ਮਾਂ ਕੋਲ ਬਾਤ ਨਾ ਪਾਈ। ਪਰ ਕੋਈ ਕਿੰਨਾਂ ਕੁ ਚਿਰ ਚੁੱਪ ਰਹਿ ਸਕਦੈ? ਇਕ ਦਿਨ ਅੱਕੀ ਹੋਈ ਕੁਲਵੰਤ ਨੇ ਦਿਲਬਾਗ ਦੀ ਬਦਨੀਤ ਬਾਰੇ ਦੱਸ, ਮਾਂ ਦੇ ਸੀਨੇ ਬਰਛੀ ਮਾਰ ਹੀ ਦਿੱਤੀ। ਮਾਂ ਦਾ ਦਿਲ ਖੱਖੜੀਏਂ ਹੋ ਗਿਆ। ਮਾਂ ਨੇ ਅਜਿਹਾ ਹਓਕਾ ਖਿੱਚਿਆ ਕਿ ਰਾਤ ਨੂੰ ਮੰਜੇ ‘ਤੇ ਪਈ ਫਿਰ ਉਹ ਮੁੜ ਕੇ ਨਾ ਉਠੀ।
ਦਿਲਬਾਗ ਅਤੇ ਪਿੰਡ ਵਾਲਿਆਂ ਨੇ ਮਲਕੀਤ ਕੌਰ ਦੀ ਮਿੱਟੀ ਕਿਉਂਟੀ। ਫੁੱਲ ਤਾਰ ਆਏ। ਪਿੰਡ ਪਹੁੰਚੇ ਤਾਂ ਤਾਇਆ ਉਜਾਗਰ ਸਿੰਘ ਬਹੁੜ ਪਿਆ। ਉਹ ਦਿਲਬਾਗ ਨੂੰ ਹੀ ਸੰਬੋਧਨ ਹੋਇਆ।
“ਸ਼ੇਰਾ! ਉਹ ਤਾਂ ਤੁਰਨ ਆਲੇ ਗਏ ਤੁਰ, ਪਰ ਹੁਣ ਤੂੰ ਜਮੀਨ ਤੇ ਘਰ ਦੀ ਸਾਂਭ ਸੰਭਾਲ ਕਰ! ਇਹ ਸਾਰਾ ਕੁਛ ਹੁਣ ਤੇਰਾ ਤੇ ਕੁਲਵੰਤ ਦਾ ਈ ਐ।”
“ਪਰ ਤਾਇਆ ਜੀ! ਮੇਰਾ ਤਾਂ ਪਿੱਛੇ ਵੀ ਬਹੁਤ ਮੁਸ਼ਕਲ ਐ?” ਦਿਲਬਾਗ ਨੇ ਚਤਰਾਈ ਖੇਡੀ।
“ਫੇਰ ਪੁੱਤਰਾ ਇਉਂ ਕਰ! ਇਹਨੂੰ ਸਾਰੇ ਕਾਸੇ ਨੂੰ ਵੇਚ-ਵੱਟ ਕੇ ਪੈਸਾ ਹੱਥ ਹੇਠ ਕਰ। ਸ਼ਰੀਕਾਂ ਤੋਂ ਡਰੀਦੈ। ਕੱਲ੍ਹ ਨੂੰ ਕਿਸੇ ਨੇ ਕਬਜਾ ਕਰ ਲਿਆ, ਬਾਧੂ ਸਿਰ ਪਾਟਣ ਨੂੰ ਥਾਂ ਕਰੇਂਗਾ।”
ਦਿਲਬਾਗ ਦੇ ਦਿਲ ਦੀ ਹੋ ਗਈ।
ਪਰ ਉਹ ਚੁੱਪ ਰਿਹਾ।
“ਕੀ ਸੋਚਣ ਲੱਗ ਪਿਆ?” ਤਾਇਆ ਸੱਚੀ ਹਮਦਰਦੀ ਵਿਚ ਨੁੱਚੜੀ ਜਾ ਰਿਹਾ ਸੀ। ਉਸ ਦਾ ਚਿੱਟਾ ਸਾਊ ਦਾਹੜਾ ਹਵਾ ਵਿਚ ਲਹਿਰਾ ਰਿਹਾ ਸੀ। ਦਿਲਬਾਗ ਦੇ ਦਿਲ ਦੀ ਅੰਦਰਲੀ ਕਾਲਸ ਦਾ ਉਸ ਨੂੰ ਪਤਾ ਨਹੀਂ ਸੀ।
“ਮੈਂ ਸੋਚਦਾ ਸੀ ਤਾਇਆ ਜੀ ਬਈ ਇਸ ਬਹਾਨੇ ਇੱਥੇ ਆਉਣ ਜਾਣ ਬਣਿਆਂ ਰਹਿੰਦਾ?”
“ਤੂੰ ਸ਼ੇਰਾ ਜੀਅ ਸਦਕੇ ਆ। ਸਾਰਾ ਪਿੰਡ ਈ ਤੇਰੈ। ਗਿੰਦਰ ਪਿੰਡ ਦਾ ਸਾਂਝਾ ਸੀ। ਉਹ ਤਾਂ ਇਕ ਪਾਕ-ਪਵਿੱਤਰ ਰੂਹ ਸੀ। ਦੁਨੀਆਂ ਦੇ ਝੰਜਟਾਂ ਤੋਂ ਲੱਖਾਂ ਕੋਹਾਂ ਪਰ੍ਹੇ। ਪਰ ਤੂੰ ਜਮੀਨ ਆਲਾ ਟੈਂਟਾ ਜਰੂਰ ਨਬੇੜ। ਜੇ ਗਿੰਦਰ ਸਿਉਂ ਦੀ ਪੈਲੀ ਕਰਕੇ ਕੋਈ ਝਗੜਾ ਹੋਇਆ ਤਾਂ ਮੈਂ ਤਾਂ ਜਿਹੜਾ ਦੁਖੀ ਹੋਣੈਂ, ਹੋਣਾ ਈ ਐਂ, ਨਾਲ ਅੱਧਾ ਪਿੰਡ ਦੁਖੀ ਹੋਊ!” ਤਾਇਆ ਉਜਾਗਰ ਸਿੰਘ ਵਿਤੋਂ ਵੱਧ ਜਜ਼ਬਾਤੀ ਹੋ ਗਿਆ।
“ਪਰ ਤਾਇਆ ਜੀ, ਗਾਹਕ ਵੀ ਕੋਈ ਮਿਲੇ?”
“ਗਾਹਕ ਬਥੇਰ੍ਹੇ! ਮੈਂ ਲੱਭ ਕੇ ਦਿਊਂ!” ਤਾਏ ਨੇ ਆਪਣੀ ਹਿੱਕ ‘ਤੇ ਵੱਡਾ ਸਾਰਾ ਹੱਥ ਮਾਰਿਆ।
ਫ਼ੈਸਲਾ ਹੋ ਗਿਆ। ਗਾਹਕ ਵੀ ਮਿਲ ਗਿਆ।
ਤਾਏ ਉਜਾਗਰ ਸਿੰਘ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਕੁਝ ਸਿੱਧੇ ਅਤੇ ਕੁਝ ਅਸਿੱਧੇ ਹੀਲੇ-ਵਸੀਲੇ ਕਰ ਕੇ ਗਿੰਦਰ ਵਾਲੀ ਜ਼ਮੀਨ ਅਤੇ ਘਰ ਵੇਚ ਕੇ ਪੈਸੇ ਦਿਲਬਾਗ ਦੇ ਹੱਥ ਫੜਾ ਦਿੱਤੇ। ਕਬਜਾ ਹਾੜ੍ਹੀ ਤੋਂ ਬਾਅਦ ਦੇਣਾ ਮਿਥਿਆ ਸੀ। ਹਾੜ੍ਹੀ ਦੀ ਸਾਰੀ ਫ਼ਸਲ ਦਾ ਦਿਲਬਾਗ ਹੀ ਮਾਲਕ ਹੋਣਾ ਸੀ। ਹਾੜ੍ਹੀ ਦੀ ਵਾਢੀ ਤੋਂ ਲੈ ਕੇ ਕਣਕ ਦੀ ਕਢਾਈ ਤੱਕ, ਸਾਰੀ ਜਿ਼ੰਮੇਵਾਰੀ ਉਸੇ ਦੀ ਹੀ ਸੀ। ਉਹ ਮਿਲੇ ਚਾਲੀ ਲੱਖ ਰੁਪਏ ਬੈਂਕ ਵਿਚ ਰੱਖ, ਪਿੰਡ ਨੂੰ ਬੱਸ ਚੜ੍ਹ ਗਿਆ। ਹੁਣ ਉਸ ਦੇ ਧਰਤੀ ‘ਤੇ ਪੈਰ ਨਹੀਂ ਲੱਗਦੇ ਸਨ। ਚਾਲੀ ਲੱਖ ਰੁਪਏ? ਤੇ ਉਹ ਵੀ ਮੱਲੋਮੱਲੀ ਮਿਲਣੇ? ਦਿਲਬਾਗ ਤਾਂ ਅੱਜ ਸਿਰੋਂ ਸਰਦਾਰ ਸੀ!
ਹਾੜ੍ਹੀ ਦੀ ਵਾਢੀ ਆ ਗਈ। ਦਿਲਬਾਗ ਨੇ ਪਿੰਡੋਂ ਕੰਬਾਈਨ ਲਿਆ ਕੇ ਕਣਕ ਵਢਵਾ ਦਿੱਤੀ ਅਤੇ ਦਾਣੇਂ ਆਪਣੇ ਆੜ੍ਹਤੀਆਂ ਨੂੰ ਤੁਲਵਾ ਕੇ ਚੁਕਵਾ ਦਿੱਤੇ। ਚਾਰੇ ਪਾਸਿਓਂ ਫ਼ਾਰਗ ਹੋ ਕੇ ਦਿਲਬਾਗ ਅਤੇ ਉਸ ਦੇ ਜੁੰਡੀ ਦੇ ਯਾਰਾਂ ਨੇ ਸ਼ਾਮ ਨੂੰ ਗਿੰਦਰ ਦੇ ਘਰੇ ਝੰਡਾ ਆ ਗੱਡਿਆ। ਬੋਤਲਾਂ ਖੁੱਲ੍ਹ ਗਈਆਂ, ਬੱਕਰਾ ਵੱਢਿਆ ਗਿਆ। ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਗਿਆ। ਦਾਰੂ ਨਾਲ ਬੱਕਰਾ ਚੂੰਡਿਆ ਜਾ ਰਿਹਾ ਸੀ ਅਤੇ ਸਪੀਕਰ ‘ਤੇ ਗੰਦੇ ਗੀਤ ਵੱਜ ਰਹੇ ਸਨ। ਲਲਕਾਰੇ ਵੱਜ ਰਹੇ ਸਨ ਅਤੇ ਬੋਤੇ ਵਾਂਗ ਮੱਘੇ ਕੱਢੇ ਜਾ ਰਹੇ ਸਨ।
ਸਾਰਾ ਪਿੰਡ ਕੰਨਾਂ ਵਿਚ ਉਂਗਲਾਂ ਦੇਈ ਪਿਆ ਸੀ। ਜਿਵੇਂ ਸਾਰਾ ਪਿੰਡ ਮਰ ਗਿਆ ਸੀ। ਜਿਵੇਂ ਸਾਰਾ ਪਿੰਡ ਉੱਜੜ ਗਿਆ ਸੀ। ਜਿਵੇਂ ਸਾਰੇ ਪਿੰਡ ਨੂੰ ‘ਦਿਉ’ ਖਾ ਗਿਆ ਸੀ। ਪਰ ਸਪੀਕਰ ‘ਤੇ ਤਵਾ ਖੜਕ ਰਿਹਾ ਸੀ, “ਰੱਸੀਆਂ ਧਰ ਕੇ ਮਿਣਦੇ ਲੋਕੀ, ਔਤ ਗਿਆਂ ਦੀਆਂ ਥਾਂਵਾਂ…!”
ਸਾਰੇ ਪਿੰਡ ਨੂੰ ਇੰਜ ਮਹਿਸੂਸ ਹੋਇਆ ਕਿ ਗਿੰਦਰ ਅਸਲ ਵਿਚ ਉਸ ਦਿਨ ਨਹੀਂ, ਅੱਜ ਮਰਿਆ ਸੀ!


ਸ਼ੁਕਰ ਐ…।

$
0
0

ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ—ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ ਨੋਟ ਕਰ, ਮਜ਼ਬੂਰੀ ਵਸ ਆਪਣੇ—ਆਪਣੇ ਘਰੀਂ ਤੁਰ ਜਾਂਦੇ। ਹਾਲਾਂਕਿ  ਅਜਿਹੇ ਮੌਕੇ ਅਦਾਲਤਾਂ ਮੁਕੰਮਲ ਬੰਦ ਹੁੰਦੀਆਂ, ਪਰ ਦੋ ਢਾਈ ਹਜ਼ਾਰ ਵਕੀਲਾਂ ਵਿਚੋਂ ਮ੍ਰਿਤਕ ਵਕੀਲ ਦੇ ਸਸਕਾਰ ਉੱਤੇ ਮਸਾਂ ਵੀਹ ਪੱਚੀ ਹੀ ਪਹੁੰਚਦੇ, ਉਹ ਵੀ ਜੋ ਫੌਤ ਹੋ ਚੁੱਕੇ ਵਕੀਲ ਜਾਂ ਉਸ ਦੇ ਪਰਿਵਾਰ ਦੇ ਜਾਣੂ ਹੁੰਦੇ। ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਤਾਂ ਚਲੋ ਮਜ਼ਬੂਰੀ ਹੁੰਦੀ, ਸਸਕਾਰ ਉਪਰ ਪਹੁੰਚਣ ਦੀ। ਸਸਕਾਰ ਉੱਤੇ ਪੁੱਜੇ ਵਕੀਲਾਂ ਤੋਂ ਕਿਤੇ ਵੱਧ ਗਿਣਤੀ ਵਕੀਲਾਂ ਦੀ ਸ਼ਹਿਰ ਦੇ ਕਲੱਬਾਂ, ਬਾਰਾਂ ਜਾਂ ਨੇੜ੍ਹਲੇ ਪਹਾੜੀ ਸੈਰਗਾਹਾਂ ਉਪਰ ਵੇਖਣ ਨੂੰ ਮਿਲ ਜਾਂਦੀ ਸੀ। ਸਾਥੀ ਵਕੀਲ ਦੀ ਮੌਤ ਜੇ ਸਵੇਰੇ ਹੋਈ ਹੁੰਦੀ ਤਾਂ ਕਈ ਵਕੀਲ ਸਿ਼ਮਲੇ ਤੱਕ ਜਾ ਅਪੜਦੇ ਸਨ। ਕਲੱਬਾਂ ਵਿਚ ਵਕੀਲਾਂ ਦੀ ਦਿਨ ਵੇਲੇ ਅਜਿਹੀ ਭੀੜ ਵੇਖ ਕਲੱਬਾਂ ਦੇ ਹੋਰ ਮੈਂਬਰ ਅਤੇ ਸਟਾਫ਼ ਸਹਿਜੇ ਹੀ ਅੰਦਾਜ਼ਾ ਲਾ ਲੈਂਦੇ ਸਨ ਕਿ ਅੱਜ ਹਾਈ ਕੋਰਟ ਕਿਸੇ ਵਕੀਲ ਦੀ ਮੌਤ ਹੋਈ ਹੈ। ਇਹ ਵਰਤਾਰਾ ਲਗਭਗ ਨੌਵੇਂ ਦਹਾਕੇ ਤੱਕ ਦਾ ਸੀ।
ਜਿਉਂ ਜਿਉਂ ਸਮਾਂ ਪੈਂਦਾ ਗਿਆ, ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਵਿਚਲੇ ਵਕੀਲਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਲੱਗਾ। ਇਲਾਕੇ ਵਿਚ ਅਨੇਕਾਂ ਪ੍ਰਾਈਵੇਟ ਕਾਲਜ ਵੀ ਹੁਣ ਕਾਨੂੰਨ ਦੀਆਂ ਡਿਗਰੀਆਂ ਦੇ ਰਹੇ ਸਨ। ਹਰ ਸਾਲ ਚੋਖੀ ਗਿਣਤੀ ਵਿਚ ਕਾਨੂੰਨ ਦੇ ਵਿਦਿਆਰਥੀ ਪੜਾਈ ਪੂਰੀ ਕਰ, ਵਕਾਲਤ ਦਾ ਲਾਇਸੈਂਸ ਲੈ, ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਰਹੇ ਸਨ। ਬਾਰ ਦੀ ਗਿਣਤੀ ਪੰਜ ਹਜ਼ਾਰ ਤੋਂ ਉੱਪਰ ਅਪੜ੍ਹ ਚੁੱਕੀ ਸੀ। ਹਫ਼ਤੇ ਵਿਚ ਘੱਟੋ—ਘੱਟ ਦੋ ਜਾਂ ਤਿੰਨ ਵਕੀਲ ਇਸ ਫ਼ਾਨੀ ਸੰਸਾਰ ਨੂੰ ਵਿਦਾ ਕਹਿ ਜਾਂਦੇ। ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਅਦਾਲਤੀ ਕੰਮ—ਕਾਜ ਠੱਪ ਕਰਨਾ ਵਕੀਲਾਂ ਅਤੇ ਜੱਜਾਂ ਨੂੰ ਜਿਵੇਂ ਹੁਣ ਨਾਵਾਜਿਬ ਜਾਪਣ ਲੱਗਾ।
ਇਸ ਮਸਲੇ ਦੇ ਹੱਲ ਲਈ ਵਕੀਲਾਂ ਦੇ ਜਨਰਲ ਹਾਊਸ ਦੀ ਇਕ ਵਿਸ਼ੇਸ਼ ਇੱਕਤਰਤਾ ਸੱਦੀ ਗਈ। ਅਨੇਕਾਂ ਬੁਲਾਰੇ ਬੋਲੇ। ਕੋਈ ਕਹੇ ‘ਸਾਨੂੰ ਆਪਣੇ ਭੈਣ ਭਰਾ ਦੀ ਮੌਤ ਉੱਤੇ ਅਦਾਲਤੀ ਕੰਮ ਬੰਦ ਰਖਣਾ ਚਾਹੀਦਾ ਹੈ।’ ਇਸ ਤਰਕ ਦੀ ਪ੍ਰੋੜਤਾ ਲਈ ਜਾਨਵਰਾਂ ਅਤੇ ਪੰਛੀਆਂ ਦੀ ਫਿ਼ਤਰਤ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਕਿ ਉਹ ਕਿਵੇਂ ਆਪਣੇ ਸਾਥੀ ਦੀ ਮੌਤ ਮਗਰੋਂ ਸੋਗਮਈ ਹੋ ਇੱਕਠੇ ਹੋ ਜਾਂਦੇ ਹਨ। ਦੂਜਾ ਕਹੇ ‘ਦੇਖੋ…ਹੁਣ ਸਾਡੀ ਬਾਰ ਦੀ ਗਿਣਤੀ ਬਹੁਤ ਵੱਧ ਗਈ ਹੈ, ਇਉਂ ਹਰ ਵਕੀਲ ਦੀ ਮੌਤ ਉਪਰ ਅਦਾਲਤੀ ਕੰਮ ਬੰਦ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਵਾਜਿਬ, ਕਿਉਂਕਿ ਇਸ ਹਿਸਾਬ ਨਾਲ ਤਾਂ ਹਫ਼ਤੇ ਵਿਚ ਦੋ—ਦੋ, ਤਿੰਨ—ਤਿੰਨ ਦਿਨ ਅਦਾਲਤ ਬੰਦ ਰਹੇਗੀ। ਸ਼ਨੀਵਾਰ ਉਂਝ ਹੀ ਛੁੱਟੀ ਹੁੰਦੀ ਹੈ। ਆਪਣੇ ਸਾਥੀ ਦੀ ਮੌਤ ਉਪਰ ਸੋਗ ਜਤਾਉਣ ਦਾ ਸਾਨੂੰ ਕੋਈ ਹੋਰ ਢੰਗ ਲਭਣਾ ਚਾਹੀਦਾ ਹੈ। ਕਲਾਇੰਟ ਵੀ ਤੰਗ ਹੁੰਦੇ ਨੇ।’
ਸੱਭ ਦੀ ਰਾਏ ਭਾਂਪਣ ਮਗਰੋਂ, ਆਖਿ਼ਰ ਬਾਰ ਦੇ ਪ੍ਰਧਾਨ ਨੇ ਮਤਾ ਰਖਿਆ, ‘ਅੱਜ ਤੋਂ ਬਾਅਦ ਕਿਸੇ ਵਕੀਲ ਦੀ ਮੌਤ ਉਪਰ ਅਦਾਲਤੀ ਕੰਮ ਬੰਦ ਨਹੀਂ ਕੀਤਾ ਜਾਵੇਗਾ। ਸਾਰੀ ਬਾਰ ਵਲੋਂ ਅਹੁਦੇਾਰ ਅਤੇ ਕਾਰਜਕਾਰਣੀ ਮੈਂਬਰ ਸਸਕਾਰ ਵਿਚ ਸ਼ਾਮਿਲ ਹੋਣਗੇ। ਹਾਂ, ਜਿਹੜੇ ਵਕੀਲ ਨੇ ਸਸਕਾਰ ਉਪਰ ਜਾਣਾ ਹੋਵੇਗਾ, ਉਸ ਦੇ ਕੇਸ ਵਿਚ ਜੱਜ ਸਾਹਿਬ ਨੂੰ ਤਾਰੀਖ ਪਾਉਣ ਲਈ ਕਹਿ ਦਿਤਾ ਜਾਇਆ ਕਰੇਗਾ।’ ਹਾਲੇ ਪ੍ਰਧਾਨ ਨੇ ਮਤੇ ਉਤੇ ਸਹਿਮਤੀ ਬਾਰੇ ਵਕੀਲਾਂ ਨੂੰ ਪੁਛਿਆ ਹੀ ਸੀ ਕਿ ਪਝੱਤਰਾਂ ਨੂੰ ਢੁੱਕ ਚੁੱਕੇ ਐਡਵੋਕੇਟ ਲਾਲ ਚੰਦ ਉਠ ਖੜੋਏ ਅਤੇ ਆਪੇ ਮਾਇਕ ਉਪਰ ਆ ਕੇ ਕਹਿਣ ਲੱਗੇ ‘ਬਈ ਸਾਨੂੰ ਬਜ਼ੁਰਗ ਵਕੀਲਾਂ ਨੂੰ ਇਤਰਾਜ਼ ਐ ਇਸ ਮਤੇ ਉੱਤੇ। ਸਾਰੀ ਉਮਰ ਅਸੀਂ ਸਾਥੀ ਵੀਕਲਾਂ ਦੀ ਮੌਤ ਉੱਤੇ ਅਦਾਲਤੀ ਕੰਮ ਬੰਦ ਕਰਦੇ ਰਹੇ। ਹੁਣ ਜਦ ਸਾਡੀ ਵਾਰੀ ਆਈ ਐ ਤੁਸੀਂ ਰੀਤ ਬਦਲਣ ਬਹਿ ਗਏ।’ ਸਾਰੇ ਹਾਲ ਵਿਚ ਹਾਸੇ ਨਾਲ  ਧਮੱਚੜ ਮੱਚ ਗਿਆ। ਖ਼ੈਰ, ਪ੍ਰਧਾਨ ਵੱਲੋਂ ਰਖਿਆ ਮਤਾ, ਆਖਿ਼ਰ ਸਰਬ ਸੰਮਤੀ ਨਾਲ ਪਾਸ ਹੋ ਗਿਆ।
ਨਵੇਂ ਮਤੇ ਮੁਤਾਬਿਕ ਹੁਣ ਕਿਸੇ ਵੀ ਵਕੀਲ ਦੀ ਮੌਤ, ਉਸ ਦੇ ਸਸਕਾਰ ਦੇ ਸਮੇਂ ਅਤੇ ਸਥਾਨ ਦਾ ਸੁਨੇਹਾ ਨਵੀਂ ਤਕਨੀਕ ਐਸ.ਐਮ.ਐਸ. ਜਾਂ ਵੱਟਸ ਐਪ ਰਾਹੀਂ ਦਿੱਤਾ ਜਾਣ ਲੱਗਾ। ਇਸ ਫ਼ੈਸਲੇ ਨਾਲ ਜਿਵੇਂ ਜੱਜ, ਵਕੀਲ, ਕਲਾਇੰਟ ਆਦਿ ਸਾਰੀਆਂ ਹੀ ਧਿਰਾਂ ਸੰਤੁਸ਼ਟ ਸਨ। ਜਿਸਨੇ ਸਸਕਾਰ ਉਪਰ ਜਾਣ ਹੁੰਦਾ ਉਸ ਦੇ ਕੇਸ ਵਿਚ ਤਾਰੀਖ ਪੈ ਜਾਂਦੀ, ਜਿਨ੍ਹਾਂ ਨਹੀਂ ਜਾਣਾ ਹੁੰਦਾ ਉਹ ਆਪਣੇ ਅਦਾਲਤੀ ਕੰਮ ਕਰੀ ਜਾਂਦੇ।
ਅੱਜ ਐਡਵੋਕੇਟ ਗੁਰਪਾਲ ਸਿੰਘ ਦੀ ਮੌਤ ਦਾ ਸੁਨੇਹਾ ਐਸ.ਐਮ.ਐਸ. ਰਾਹੀਂ ਸਮੁੱਚੇ ਵਕੀਲਾਂ ਨੂੰ ਆਇਆ। ਸੈਕਟਰ ਇੱਕੀ ਵਿਚ ਰਹਿਣ ਵਾਲੇ ਗੁਰਪਾਲ ਸਿੰਘ ਦਾ, ਜੋ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਵਕਾਲਤ ਕਰਨ ਲੱਗੇ ਸਨ। ਉਹ ਚਲਦਾ ਪੰਨਾ …2
:2:
ਮਨਮੋਜੀ ਸਨ। ਉਹ ਆਪ ਅਤੇ ਉਹਨਾਂ ਦੀ ਪਤਨੀ, ਦੋਵੇਂ ਪੈਨਸ਼ਨ ਲੈਂਦੇ ਸਨ। ਕਨਾਲ ਦੀ ਕੋਠੀ ਸੀ ਸੈਕਟਰ ਇੱਕੀ ਵਿਚ। ਬੱਚੇ ਅਮਰੀਕਾ ਜਾ ਵਸੇ ਸਨ। ਅੱਧੀ ਕੋਠੀ ਕਿਰਾਏ ਉਪਰ ਦਿਤੀ ਹੋਈ ਸੀ। ਕੇਸ ਘੱਟ ਹੋਣ ਜਾਂ ਵੱਧ, ਬਹੁਤੀ ਪ੍ਰਵਾਹ ਨਹੀਂ ਸਨ ਕਰਦੇ।
‘ਪੱਝਤਰ ਸਾਲ ਦੀ ਉਮਰ ਹੋਗੀ, ਹੁਣ ਕੀ ਟੈਨਸ਼ਨ ਲੈਣੀ ਹੈ। ਬੱਸ ਹਾਈ ਕੋਰਟ ਵਿਚ ਗੇੜਾ ਹੋ ਜਾਂਦੈ। ਦੋਸਤਾਂ ਮਿੱਤਰਾਂ ਨਾਲ ਗੱਪ ਸ਼ੱਪ ਹੋ ਜਾਂਦੀ। ਏਨਾ ਥੋੜੈ’ ਗੁਰਪਾਲ ਅਕਸਰ ਆਪਣੇ ਸਾਥੀ ਵਕੀਲਾਂ ਨੂੰ ਕਹਿੰਦੇ।
ਲੰਮੀ ਬਿਮਾਰੀ ਮਗਰੋਂ ਦੋ ਸਾਲ ਪਹਿਲਾਂ ਐਡਵੋਕੇਟ ਗੁਰਪਾਲ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਹੁਣ ਉਹ ਹਾਈ ਕੋਰਟ ਘੱਟ ਵੱਧ ਹੀ ਆਉਂਦੇ ਸੀ। ਹਫ਼ਤੇ ਵਿਚ ਮਸੀਂ ਇਕ ਜਾਂ ਦੋ ਵਾਰੀ। ਬੁਝੇ—ਬੁਝੇ ਰਹਿਣ ਲੱਗੇ।
ਅੱਜ ਐਸ.ਐਮ.ਐਸ. ਆਇਆ ਕਿ ਚੰਡੀਗੜ੍ਹ ਦੇ ਸੈਕਟਰ ਇੱਕੀ ਵਾਲੇ ਐਡਵੋਕੇਟ ਗੁਰਪਾਲ ਸਿੰਘ ਦਾ ਸਸਕਾਰ ਚੰਡੀਗੜ੍ਹ
ਦੀ ਸਮਸ਼ਾਨ ਭੂਮੀ ਵਿਖ੍ਹੇ ਸ਼ਾਮੀ ਚਾਰ ਵਜੇ ਹੋਵੇਗਾ।
ਸਮਸ਼ਾਨ ਭੂਮੀ ਵਿਚ ਐਡਵੋਕੇਟ ਸੁਖਜਿੰਦਰ ਕੋਈ ਚਾਰ ਵਜ ਕੇ ਪੰਜ ਮਿੰਟ ਉਪਰ ਪਹੁੰਚ ਗਿਆ ਸੀ। ਪ੍ਰੰਤੂ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਇਕ ਮੁਲਾਜ਼ਮ, ਜੋ ਫੁੱਲਾਂ ਦੀ ਰੀਤ ਲੈ ਕੇ ਆਇਆ ਸੀ, ਤੋਂ ਇਲਾਵਾ ਹੋਰ ਕੋਈ ਵਕੀਲ ਹਾਲੇ ਨਹੀਂ ਸੀ ਪੁੱਜਾ। ਸਵਾ ਕੁ ਚਾਰ ਵਜੇ ਇਕ ਵਕੀਲ ਦੀ ਗੱਡੀ ਆਉਂਦੀ ਦਿਸੀ। ਵਿਚੋਂ ਐਡਵੋਕੇਟ ਸਲਾਰੀਆ ਉਤਰੇ। ਐਡਵੋਕੇਟ ਸੁਖਜਿੰਦਰ ਕੋਲ ਆ ਕੇ ਕਹਿਣ ਲੱਗੇ, “ਗੁਰਪਾਲ ਦੀ ਮੌਤ ਬਾਰੇ ਸੁਣ ਕੇ ਬੜਾ ਝਟਕਾ ਲੱਗਾ, ਸੁਖਜਿੰਦਰ… ਮੇਰੀ ਕੋਠੀ ਸੈਕਟਰ ਵੀਹ ਵਿਚ ਹੈ ਅਤੇ ਗੁਰਪਾਲ ਦੀ ਇੱਕੀ ਵਿਚ। ਸੈਕਟਰ ਵੀਹ ਵਾਲੇ ਪਾਰਕ ਵਿਚ ਅਸੀਂ ਰੋਜ਼ ਸਵੇਰੇ ਇਕੱਠੇ ਸੈਰ ਕਰਦੇ ਸੀ। ਹਸੂੰ—ਹਸੂੰ ਕਰਦਾ ਰਹਿੰਦਾ ਸੀ ਗੁਰਪਾਲ। ਮੇਰੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਭਾਣਾ ਵਾਪਾਰ ਜਾਊ।”
“ਮੌਤ ਅੱਗੇ ਕੋਈ ਕੀ ਕਰ ਸਕਦੈ ਸਲਾਰੀਆ ਸਾਹਿਬ”। ਸੁਖਜਿੰਦਰ ਨੇ ਐਡਵੋਕੇਟ ਸਲਾਰੀਆ ਨੂੰ ਧਾਰਸ ਦਿੱਤਾ।
“ਮੇਰੀ ਪਤਨੀ ਕਿਸੇ ਫੰਕਸ਼ਨ ਉਪਰ ਗਈ ਹੋਈ ਸੀ। ਜਦੋਂ ਸਵਾ ਕੁ ਤਿੰਨ ਵਜੇ ਗੁਰਪਾਲ ਦੀ ਡੈੱਥ ਦਾ ਮੈਸੇਜ਼ ਆਇਆ ਤਾਂ ਮੈਂ ਘਰੇ ਇਕਲਾ ਹੀ ਸੀ। ਘਰ ਲਾਕ ਕਰਕੇ, ਮਿਸਿਜ਼ ਨੂੰ ਫੰਕਸ਼ਨ ਵਾਲੀ ਥਾਂ ਉੱਤੇ ਹੀ ਚਾਬੀ ਦੇ ਕੇ, ਮੈਂ ਤਾਂ ਸਿੱਧਾ ਐਥੇ ਹੀ ਆ ਗਿਆ, ਕਰੀਮੇਸ਼ਨ ਗਰਾਉਂਡ ’ਚ।” ਐਡਵੋਕੇਟ ਸਲਾਰੀਆ ਨੇ ਦੱਸਿਆ।
“ਜੀ….” ਸੁਖਜਿੰਦਰ ਇੰਨਾਂ ਹੀ ਕਹਿ ਸਕਿਆ।
“ਰੱਬ ਅੱਗੇ ਕੀਹਦਾ ਜ਼ੋਰ ਐ ਸੁਖਜਿੰਦਰ, ਪਰ ਪਿੱਛੇ ਪਰਿਵਾਰ ਨੂੰ ਔਖਾ ਹੋ ਜਾਣੈ। ਵਕੀਲ ਤਾਂ ਵਨ ਮੈਨ  ਆਰਮੀ ਐ, ਵਨ ਮੈਨ। ਗੁਰਪਾਲ ਦਾ ਚਿਹਰਾ ਹਾਲੇ ਵੀ ਅੱਖਾਂ ਮੂਹਰੇ ਘੁੰਮੀ ਜਾਂਦੈ” ਐਡਵੋਕੇਟ ਸਲਾਰੀਆ ਨੇ ਡੂੰਘਾ ਸਾਹ ਲਿਆ। “ਮੌਤ ਦਾ ਕੀ ਪਤਾ ਲਗਦਾ। ਕਦ ਘੇਰ ਲਵੇ। ਉਮਰ ਵੀ ਨਹੀਂ ਦੇਖਦੀ। ਗੁਰਪਾਲ ਘੱਟੋ ਘੱਟ ਮੇਰੇ ਤੋਂ ਪੰਦਰਾਂ ਸਾਲ ਛੋਟਾ ਹੋਵੇਗਾ। ਮਸਾਂ ਪੰਤਾਲੀਆਂ ਦਾ..।” ਇਹ ਕਹਿੰਦਿਆਂ ਐਡਵੋਕੇਟ ਸਲਾਰੀਆ ਦੀਆਂ ਅੱਖਾਂ ਭਰ ਆਈਆਂ।
“…ਜੀ ਐਡਵੋਕੇਟ ਗੁਰਪਾਲ ਜੀ ਤਾਂ… ਪੱਝਤਰਾਂ ਨੂੰ ਟੱਪ ਚੁੱਕੇ ਸਨ।… ਤੁਸੀਂ ਪੰਤਾਲੀ ਕਹਿ ਰਹੇ ਹੋ… ਸਲਾਰੀਆ ਸਾਹਿਬ।” ਸੁਖਜਿੰਦਰ, ਜੋ ਐਡਵੋਕੇਟ ਗੁਰਪਾਲ ਨੂੰ ਨਿੱਜੀ ਤੌਰ ਉੱਤੇ ਜਾਣਦਾ ਸੀ, ਕੁੱਝ ਸ਼ਸੋਪੰਜ ਵਿਚ ਬੋਲਿਆ।
“ਨਹੀਂ ਸੁਖਜਿੰਦਰ, ਗੁਰਪਾਲ ਸਿੰਘ ਮਾਨ ਪੰਤਾਲੀ ਤੋਂ ਉਪਰ ਨਹੀਂ ਸੀ” ਐਡਵੋਕੇਟ ਸਲਾਰੀਆ ਨੇ ਸਪਸ਼ਟ ਸੀ।
“ਤਾਂ ਤੁਹਾਨੂੰ ਭੁਲੇਖਾ ਲੱਗਾ ਸਲਾਰੀਆ ਸਾਹਿਬ। ਡੈਥ ਐਡਵੋਕੇਟ ਗੁਰਪਾਲ ਸਿੰਘ ਮਾਨ ਦੀ ਨਹੀਂ, ਸਗੋਂ ਗੁਰਪਾਲ ਸਿੰਘ ਸਿੱਧੂ ਸਾਹਿਬ ਦੀ ਹੋਈ ਹੈ। ਇੱਕੀ ਸੈਕਟਰ ਵਾਲੇ।” ਸੁਖਜਿੰਦਰ ਨੇ ਸਪਸ਼ਟ ਕੀਤਾ।
“ਉਹੋ..ਉਹੋ ਮੈਂ ਤਾਂ ਐਸ.ਐਮ.ਐਸ. ਵਿਚ ਐਡਵੋਕੇਟ ਗੁਰਪਾਲ ਸਿੰਘ ਤੇ ਸੈਕਟਰ ਇੱਕੀ ਪੜਕੇ ਹੀ ਸੁੰਨ ਰਹਿ ਗਿਆ ਸੀ। ਅਗੇ ਤਾਂ ਪੜਿਆ ਹੀ ਨਹੀਂ। ਕੁਝ ਸੁਝਿਆ ਹੀ ਨਹੀਂ। ਚਲੋ ਸ਼ੁਕਰ ਐ ਗੁਰਪਾਲ ਸਿੰਘ ਮਾਨ ਠੀਕ ਠਾਕ ਹਨ। ਦੇਖਿਓ, ਰੱਬ ਗੁਰਪਾਲ ਮਾਨ ਦੀ ਹੁਣ ਕਿੰਨੀ ਲੰਮੀ ਉਮਰ ਕਰਦੈ।… ਸ਼ੁਕਰ ਐ।
ਐਡਵੋਕੇਟ ਸਲਾਰੀਆ ਦੇ ਚਿੰਤਾਜਨਕ ਚਿਹਰੇ ਉਪਰ ਹੁਣ ਇਕ ਸੰਤੋਸ਼ ਪਸਰ ਗਿਆ। ਕੁਝ ਹੋਰ ਵਕੀਲ ਅਤੇ ਰਿਸ਼ਤੇਦਾਰ ਵੀ ਹੁਣ ਗੁਰਪਾਲ ਸਿੰਘ ਸਿੱਧੂ ਦੀ ਫਿਉਨਰਲ ਵੈਨ ਨਾਲ ਸਮਸ਼ਾਨ ਭੂਮੀ ਵਿਚ ਪਹੁੰਚ ਗਏ ਸਨ।
ਸੱਭ ਤੋਂ ਅੱਖ ਬਚਾ, ਐਡਵੋਕੇਟ ਸਲਾਰੀਆ ਆਪਣੀ ਗੱਡੀ ਸਟਾਰਟ ਕਰਦਿਆਂ, ਆਪਣੀ ਪਤਨੀ ਨੂੰ ਗੁਰਪਾਲ ਮਾਨ ਦੇ ਠੀਕ—ਠਾਕ ਹੋਣ ਦੀ ਖ਼ੁਸ਼ਖਬ਼ਰੀ ਦਿੰਦਿਆ, ਡਿਨਰ ਬਾਹਰ ਕਰਨ ਦਾ ਪ੍ਰੋਗਰਾਮ ਬਣਾ ਰਿਹਾ ਸੀ।

ਇਹ ਲਹੂ ਮੇਰਾ ਹੈ

$
0
0

ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ ਨਾਲ ਵਧ ਕੇ ਪਤੀ ਨੂੰ ਸੰਭਾਲਿਆ। ਘਬਰਾਹਟ ਨਾਲ ਪੂਰਨ ਖੰਨਾ ਦੀਆਂ ਅੱਖਾਂ ਅੱਗੇ ਦੁਨੀਆਂ ਘੁੰਮਣ ਲੱਗ ਪਈ, ਤਸਵੀਰ ਦਾ ਦੂਜਾ ਰੁੱਖ ਸਾਹਮਣੇ ਆ ਗਿਆ ਅਤੇ ਸਾਰਾ ਵਾਕਿਆ ਇੱਕ ਵਾਰ ਫੇæਰ ਤਾਜ਼ਾ ਹੋ ਗਿਆ। ….ਆਪਣੀ ਪਤਨੀ ਕਨੇਰ ਖੰਨਾ ਨਾਲ ਪੂਰਨ ਖੰਨਾ ਰਿਸ਼ਤੇਦਾਰੀ ‘ਚ ਇੱਕ ਵਿਆਹ ‘ਤੇ ਦੂਰ ਕਿਸੇ ਸ਼ਹਿਰ ਵਿੱਚ ਪੰਜ ਕੁ ਦਿਨਾਂ ਲਈ ਗਿਆ ਸੀ, ਪਿੱਛੇ ਦੋ ਜਵਾਨ ਬੇਟੇ ਅਤੇ ਇੱਕ ਜਵਾਨ ਬੇਟੀ ਨੂੰ ਘਰ ਛੱਡ ਕੇ। ਪਰ ਦੂਜੇ ਹੀ ਦਿਨ ਖ਼ਬਰਾਂ ‘ਚ ਸੁਣਿਆ ਕਿ ਕੁਪਵਾੜਾ ਘਾਟੀ ਵਿੱਚ ਪਾਕਿਸਤਾਨ ਵੱਲੋਂ ਹਮਲਾ ਹੋਇਆ ਸੀ ਅਤੇ ਸ਼ਹਿਰ ਵਿੱਚ ਤਬਾਹੀ ਦਾ ਭੜਕੰਮ ਮੱਚ ਗਿਆ ਸੀ। ਆਪਣੇ ਸ਼ਹਿਰ ਦਾ ਨਾਮ ਸੁਣਕੇ ਪੂਰਨ ਦਾ ਦਿਲ “ਧਾੜ-ਧਾੜ” ਜੋਰ ਨਾਲ ਧੜ੍ਹਕਣ ਲੱਗ ਪਿਆ। ਸਾਰੇ ਸ਼ਹਿਰ ‘ਚ ਤਬਾਹੀ ਮੱਚੀ ਹੋਈ ਸੀ, ਅਫ਼ਰਾ-ਤਫ਼ਰੀ ਵਿੱਚ ਲੋਕ ਭੱਜ ਰਹੇ ਸਨ, ਕਿਤੇ ਅੱਗ ਮੱਚ ਰਹੀ ਸੀ ਅਤੇ ਕਿਤੇ ਧੂੰਆਂ ਨਿਕਲ ਰਿਹਾ ਸੀ।
“ਹਾਏ ਰੱਬਾ, ਮੇਰੇ ਬੱਚੇ!!” ਪੂਰਨ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਅਤੇ ਦਹਿਸ਼ਤ ਨਾਲ ਕੰਬ ਗਿਆ।
“ਫ਼ੋਨ ਦੇ ਸਾਰੇ ਨੈੱਟ ਕੱਟ ਹੋ ਗਏ ਲੱਗਦੇ ਹਨ!” ਬੇਹਤਾਸ਼ਾ ਫ਼ੋਨ ਮਿਲਾਉਦੇਂ ਹੋਏ ਪੂਰਨ ਦੀ ਪਤਨੀ ਕਨੇਰ ਨੇ ਕਿਹਾ।
“ਇੱਕ ਮਿੰਟ ਵੀ ਬਿਨਾ ਗਵਾਏ ਤੂੰ ਵਾਪਿਸ ਮੁੜਨ ਦੀ ਤਿਆਰੀ ਕਰ…ਮੇਰਾ ਦਿਲ ਫ਼ੇਲ੍ਹ ਹੋਣ ਵਾਲਾ ਹੋਇਆ ਪਿਆ ਹੈ!” ਪੂਰਨ ਦੀ ਮਾਨਸਿਕ ਹਾਲਤ ਵਿਗੜ ਰਹੀ ਸੀ। ਠੰਡੇ ਮੌਸਮ ਵਿੱਚ ਵੀ ਮੱਥੇ ਤੋਂ ਪਸੀਨਾ ਚੋਈ ਜਾ ਰਿਹਾ ਸੀ। ਉਸ ਨੇ ਆਪਣਾ ਸਿਰ ਫੜ ਪਤਨੀ ਕਨੇਰ ਨੂੰ ਆਖਿਆ ਸੀ।
ਉਹਨਾਂ ਨੇ ਵਾਹੋ-ਦਾਹੀ ਸਮਾਨ ਕਾਰ ਵਿੱਚ ਸੁੱਟਿਆ ਅਤੇ ਕਾਰ ਆਪਣੇ ਸ਼ਹਿਰ ਵੱਲ ਦੌੜਾ ਲਈ।
ਥਾਂ-ਥਾਂ ‘ਤੇ ਨਾਕੇ ਲੱਗੇ ਹੋਏ ਸੀ। ਆਪਣੇ ਪਰਿਵਾਰ ਦਾ ਬਿਓਰਾ ਦੇਣ ਤੋਂ ਬਾਅਦ ਪੂਰਨ ਅਤੇ ਕਨੇਰ ਨੂੰ ਬੜੀ ਮੁਸਿਕਲ ਨਾਲ ਸ਼ਹਿਰ ‘ਚ ਦਾਖਲਾ ਮਿਲਿਆ। ਜਿਸ ਜਗਾਹ ‘ਤੇ ਆਤੰਕ ਦੀ ਤਬਾਹੀ ਮੱਚੀ ਸੀ, ਬਦਕਿਸਮਤੀ ਨਾਲ ਪੂਰਨ ਖੰਨਾ ਦਾ ਘਰ ਵੀ ਇਸ ਦੀ ਚਪੇਟ ‘ਚ ਆ ਗਿਆ ਸੀ। ਪੂਰਨ ਅਤੇ ਕਨੇਰ ਖੰਨਾ ਦੂਰੋਂ ਹੀ ਦੁਹੱਥੜਾਂ ਮਾਰਨ ਲੱਗ ਪਏ।
“ਆਹ ਏਰੀਆ ਬੈਨ ਹੈ, ਤੁਸੀ ਇਸ ਅੰਦਰ ਨਹੀ ਜਾ ਸਕਦੇ।” ਤਕਰੀਬਨ ਧੱਕਾ ਮਾਰਦੇ ਹੋਏ ਇੱਕ ਆਰਮੀ ਦੇ ਜਵਾਨ ਨੇ ਪੂਰਨ ਨੂੰ ਜਬਰੀ ਰੋਕਿਆ।
“ਮੇ…ਮੇਰਾ ਟੱਬਰ ਹੈ ਅੰਦਰ…ਹਾਏ ਓਏ ਮੈਨੂੰ ਜਾਣ ਦਿਓ …।” ਚੀਕਾਂ ਮਾਰਦੇ ਹੋਏ ਪੂਰਨ ਜ਼ਮੀਨ ‘ਤੇ ਬੈਠ ਗਿਆ। ਘਰ ਦੀ ਤਬਾਹੀ ਦੀ ਗਵਾਹੀ ਬਾਹਰੋਂ ਹੀ ਕੰਧਾਂ ਦੇ ਰਹੀਆ ਸੀ, ਜਿਸ ਨੂੰ ਵੇਖ ਕੇ ਕਨੇਰ ਖੰਨਾ ਦੇ ਵੈਣ ਨਹੀਂ ਸੀ ਰੁਕ ਰਹੇ…”ਅੋ ਮੇਰੇ ਸ਼ੇਰੋ ਪੁੱਤਰੋ, ਮੇਰੀ ਧੀ ਰਾਣੀ ਕਿੱਥੇ ਹੋ…? ਵੇ ਅਵਾਜ਼ ਤਾਂ ਦਿਓ….ਕੋਈ ਤੇ ਦੱਸੋ?”
“ਜੋ ਫੱਟੜ ਹੋਏ ਹਨ, ਓਹ ਸਰਕਾਰੀ ਹਸਪਤਾਲ ਵਿੱਚ ਹਨ, ਤੇ ਜੋ ਮਰ ਗਏ ਨੇ ਓਹ ਸਾਰੇ ਮੁਰਦਾ ਘਰ ਵਿੱਚ ਜਮ੍ਹਾਂ ਹਨ, ਸ਼ਨਾਖ਼ਤ ਲਈæææਤੁਸੀ ਓਥੇ ਜਾਵੋ ਤੇ ਸਾਨੂੰ ਆਪਣੀ ਕਾਰਵਾਈ ਕਰਨ ਦਵੋ!” ਸੇਨਾ ਦੇ ਇੱਕ ਜਵਾਨ ਨੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਨਜ਼ਰੀਏ ਨਾਲ ਕਿਹਾ। ਤੀਰ ਦੀ ਗਤੀ ਵਾਂਗ ਪੂਰਨ ਆਪਣੀ ਪਤਨੀ ਕਨੇਰ ਨਾਲ ਹਸਪਤਾਲ ਨੂੰ ਦੌੜ ਪਿਆ। ਹਾਦਸੇ ਦੇ ਸ਼ਿਕਾਰ ਹੋਏ ਮਰੀਜਾਂ ਦੇ ਇੱਕ ਵੱਡੇ ਵਰਾਂਡੇ ਵਿੱਚ ਹਾਉਕੇ ਲੈਂਦਾ ਪੂਰਨ ਖੰਨਾ ਹਰ ਬੈੱਡ ਦੇ ਕੋਲ ਜਾ ਫ਼ੱਟੜਾਂ ਨੂੰ ਡਰ ਅਤੇ ਸੱæਕ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਤਿੰਨੋਂ ਬੱਚਿਆਂ ਨੂੰ ਭਾਲ ਰਿਹਾ ਸੀ। ਕਈ-ਕਈ ਵਾਰ ਵੇਖਣ ਤੋਂ ਬਾਅਦ ਵੀ ਜਦ ਪੂਰਨ ਖੰਨਾ ਨੂੰ ਆਪਣੇ ਬੱਚੇ ਨਹੀਂ ਮਿਲੇ ਤਾਂ ਹਾਰ ਕੇ ਹਸਪਤਾਲ ਦੇ ਮੁੱਖ ਦਰਵਾਜੇ ‘ਤੇ ਆ ਦਰੱਖ਼ਤ ਥੱਲੇ ਨਿਢਾਲ ਹੋ ਕੇ ਬੈਠ ਗਿਆ।
“ਲਵੋ, ਪਾਣੀ ਪੀਓ!” ਕਨੇਰ ਨੇ ਕਿਸੇ ਕੋਲੋਂ ਪਾਣੀ ਲਿਆ ਆਪਣੇ ਪਤੀ ਦੇ ਮੂੰਹ ਨੂੰ ਲਾਇਆ। ਪੂਰਨ ਦੇ ਬੁੱਲ ਸੁੱਕੇ ਹੋਏ ਅਤੇ ਮੂੰਹ ਖੁੱਲ੍ਹਾ ਸੀ। ਉਸ ਦਾ ਸਾਹ ਧੌਂਕਣੀਂ ਵਾਂਗ ਚੱਲ ਰਿਹਾ ਸੀ।
“ਕਨੇਰ, ਮੇਰਾ ਮਨ ਡਰ ਰਿਹਾ ਹੈ, ਮੇਰਾ ਹੌਂਸਲਾ ਨਹੀਂ ਪੈ ਰਿਹਾ ਮੁਰਦਾ ਘਰ ਵਿੱਚ ਜਾ ਕੇ ਸ਼ਨਾਖ਼ਤ ਕਰਨ ਦਾ…! ਰੱਬ ਨਾ ਕਰੇ ਜੇ… ਵਾਹਿਗੁਰੂ ਵਾਹਿਗੁਰੂ ਤਰਸ ਕਰੀਂ…।” ਅੱਖਾਂ ਦੀ ਸੁਨਾਮੀ ਨੂੰ ਠੱਲ੍ਹ ਨਹੀਂ ਸੀ ਪੈ ਰਹੀ। ਪੂਰਨ ਦੀਆਂ ਅੱਖਾਂ ਲਾਲ ਬੇਰਾਂ ਵਾਂਗ ਭਖੀਆਂ ਹੋਈਆਂ ਸੀ।
“ਆਪਣੇ ਨਿਆਣਿਆਂ ਦੀ ਭਾਲ ਕਰਨਾ ਤੇ ਸਾਡੀ ਹੀ ਜਿੰਮੇਵਾਰੀ ਹੈ… ਇੰਜ ਬੈਠਿਆਂ ਤੇ ਕੋਈ ਮਦਦ ਕਰਨ ਨਹੀਂ ਆਉਣ ਲੱਗਾ।” ਕਨੇਰ ਅਜੇ ਵੀ ਨਤੀਜੇ ‘ਤੇ ਪਹੁੰਚਣ ਦਾ ਹੌਂਸਲਾ ਸਾਂਭੀ ਬੈਠੀ ਸੀ, “ਉਠੋ,  ਜ਼ਰਾ ਹੌਸਲਾ ਕਰੋ… ਰਾਤ ਘਿਰਦੀ ਆਉਦੀਂ ਹੈ।” ਆਪਣੇ ਪਤੀ ਨੂੰ ਲੱਗਭੱਗ ਖਿੱਚਦੇ ਹੋਏ ਕਨੇਰ ਬੋਲੀ।
ਜਿਵੇਂ ਹੀ ਮੁਰਦਾ ਖਾਨੇ ਪਹੁੰਚੇ ਤਾਂ ਦਰਵਾਜੇ ‘ਤੇ ਹੀ ਇੱਕ ਡਿਊਟੀ ਵਾਲੇ ਬੰਦੇ ਨੇ ਰੋਕਦੇ ਹੋਏ ਕੁਝ ਜ਼ਰੂਰੀ ਕਾਰਵਾਈ ਕਰਨ ਨੂੰ ਕਿਹਾ। ਦੋਵੇ ਮੀਆਂ-ਬੀਵੀ ਅਵਾਕ ਜਿਹੇ ਗੇਟ ਕੀਪਰ ਦਾ ਮੂੰਹ ਦੇਖਣ ਲੱਗ ਪਏ। ਪੂਰਨ ਖੰਨਾ ਅਤੇ ਕਨੇਰ ਖੰਨਾ ਕਾਗਜ਼ੀ ਕਾਰਵਾਈ ਵਾਲੇ ਕਮਰੇ ਵਿੱਚ ਜਾ ਕੇ ਕਰਮਚਾਰੀਆਂ ਕੋਲ ਕਾਗਜ਼ੀ ਕਾਰਵਾਈ ਕਰਵਾਉਣ ਲੱਗ ਪਏ, ਜਿਸ ਵਿੱਚ ਦੋ ਘੰਟੇ ਲੱਗ ਗਏ।
“ਉਏ, ਹੁਣ ਮੇਹਰਬਾਨੀ ਕਰਕੇ ਮੈਨੂੰ ਅੰਦਰ ਲੈ ਚਲੋ ਦੁਸ਼ਮਣੋਂ….! ਮੇਰੇ ‘ਲਾਲ’ ਕਿੱਥੇ ਗਵਾਚੇ ਨੇ…।” ਜਿਵੇਂ ਹੀ ਪੂਰਨ ਨੇ ਅੰਦਰ ਜਾਣ ਲਈ ਕਾਗਜ਼ ਮੇਜ਼ ‘ਤੇ ਸੁੱਟ ਨਾਲ ਦੇ ਬੰਦੇ ਨੂੰ ਧੱਕਾ ਦਿੱਤਾ, ਪਰ ਦਰਵਾਜੇ ਤੇ ਖੜੇ ਓਸੇ ਗੇਟ ਕੀਪਰ ਨੇ ਪੂਰਨ ਅਤੇ ਕਨੇਰ ਨੂੰ ਜ਼ਰਾ ਸਖ਼ਤੀ ਨਾਲ ਰੋਕਦੇ ਹੋਏ ਕਿਹਾ “ਮਾਫ਼ ਕਰਨਾ, ਪੰਜ ਵਜੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ, ਆਹ ਲੰਬਾ ਕੰਮ ਹੈ, ਹੁਣ ਤੁਸੀਂ ਕੱਲ੍ਹ ਆਓ।”
“….ਹਾਏ ਰੱਬਾ…..ਮੈਥੋਂ ਤੇ ਆਹ ਰਾਤ ਨਹੀਂ ਲੰਘਣੀ …ਮੈਨੂੰ ਇੰਜ ਹੀ ਮਾਰ ਦਿਓ…! ਤਰਸ ਕਰੋ, ਰੱਬ ਦਾ ਖ਼ੌਫ਼ ਕਰੋ…।” ਪੂਰਨ ਬੇਵਸਾ ਜਿਹਾ ਹੋ ਉਚੀ-ਉਚੀ ਬੋਲਣ ਅਤੇ ਰੋਣ ਪਿਆ। ਪੂਰਨ ਨੂੰ ਹਮਦਰਦ ਲੋਕਾਂ ਨੇ ਸੰਭਾਲ ਕੇ ਪਾਸੇ ਬਿਠਾਇਆ ਅਤੇ ਸਮਝਾਇਆ, “ਹਰ ਕਾਰਵਾਈ ਕਾਨੂੰਨ ਮੁਤਾਬਿਕ ਹੀ ਹੋਣੀ ਹੈ,  ਤੁਸੀਂ ਸਬਰ ਕਰ ਕੇ ਰਾਤ ਕੱਟੋ!”
ਕੋਈ ਵਾਹ ਨਹੀਂ ਚੱਲ ਰਹੀ ਸੀ ਅਤੇ ਆਪਣੀ ਪਤਨੀ ਕਨੇਰ ਦੇ ਮੋਢੇ ‘ਤੇ ਹੱਥ ਰੱਖ ਆਪਣੇ ਆਪ ਨੂੰ ਘਸੀਟਦਾ ਹੋਇਆ ਟੁਰ ਪਿਆ ਅਤੇ ਥੋੜ੍ਹੀ ਦੂਰ ਇੱਕ ਕੰਧ ਦਾ ਸਹਾਰਾ ਲੈ, ਨਿਢਾਲ ਹੋਇਆ, ਪੈ ਗਿਆ। ਉਸ ਨੂੰ ਭੁੱਖ, ਪਿਆਸ ਦੀ ਕੋਈ ਸੁਰਤ ਨਹੀਂ ਸੀ। ਪੂਰਨ ਖੰਨਾ ਨੇ ਅੱਖਾਂ ਉਪਰ ਅਕਾਸ਼ ਵੱਲ ਲਗਾ ਲਈਆਂ, ਜਿਵੇਂ ਕਾਲੀ ਭਿਆਨਕ ਰਾਤ ਨੂੰ ਜਲਦੀ ਬੀਤ ਜਾਣ ਦੀ ਅਰਦਾਸ ਕਰ ਰਿਹਾ ਹੋਵੇ। ਕਨੇਰ ਖੰਨਾ ਵੀ ਆਪਣੇ ਅੰਦਰ ਦੇ ਫੱਟਾਂ ਨੂੰ ਦੱਬੀ ਬੈਠੀ ਇੱਕ-ਇੱਕ ਘੜ੍ਹੀ ਨੂੰ ਇੱਕ-ਇੱਕ ਵਰ੍ਹੇ ਵਾਂਗ ਕੱਟ ਰਹੀ ਸੀ।
ਕੁਦਰਤ ਨੇ ਆਪਣਾ ਚੱਕਰ ਪੂਰਾ ਕੀਤਾ, ਸੂਰਜ ਆਪਣਾ ਸਿਰ ਚੁੱਕਣ ਲੱਗ ਪਿਆ। ਪੂਰਨ ਅਤੇ ਕਨੇਰ ਦੋਵਂੇ ਪਤੀ ਪਤਨੀ ਬਹੁਤ ਸਹਿਮੇ ਹੋਏ ਸੀ ਕਿ ਹਸਪਤਾਲ ਵਿੱਚ ਬੱਚੇ ਨਹੀਂ ਮਿਲੇ ਤੇ ਕਿਤੇ….? ਕਿਸੇ ਵੀ ਮਾਂ ਪਿਓ ਲਈ ਮੁਰਦੇ ਦੀ ਸ਼ਨਾਖ਼ਤ ਕਰਨਾ ਆਪਣੇ ਆਪ ਨੂੰ ਮੁਰਦਾ ਗਰਦਾਨਣ ਨਾਲੋਂ ਘੱਟ ਨਹੀਂ ਹੁੰਦਾ। ਅੱਠ ਵਜੇ ਦਰਵਾਜ਼ਾ ਖੁੱਲ੍ਹਦੇ ਹੀ ਪੂਰਨ ਨੇ ਕਲੇਜਾ ਫੜ ਅੰਦਰ ਕਦਮ ਰੱਖਿਆ ਅਤੇ ਨਾਲ-ਨਾਲ ਡਰੀ ਜਿਹੀ ਕਨੇਰ ਵੀ ਅਰਦਾਸ ਕਰਦੀ ਟੁਰ ਪਈ। ਸ਼ਨਾਖ਼ਤ ਕਰਦੇ ਹੋਏ ਦੋਹਾਂ ਦੇ ਕਲੇਜੇ ਮੂੰਹ ਨੂੰ ਆ ਰਹੇ ਸਨ। ਜਿਵੇਂ-ਜਿਵੇਂ ਬਕਸਿਆਂ ਕੋਲ ਲੈ ਜਾ ਕੇ ਲਾਸ਼ ਦੀ ਸ਼ਕਲ ਵਿਖਾਈ ਜਾਂਦੀ, ਪੂਰਨ ਅਤੇ ਕਨੇਰ ਦੇ ਸਾਹ ਰੁਕਣ ਵਰਗੇ ਹੋ ਜਾਂਦੇ। ਫ਼ੇਰ ਇੱਕ ….
“ਨਹੀਂ!!!!! ਨਹੀਂ!!!!! ਹਾਏ ਓਏ ਰੱਬਾ….! ਇਹ ਕੀ ਭਾਣਾ ਵਰਤਾ ਦਿੱਤਾ ਤੂੰ…?” ਆਪਣੇ ਛੋਟੇ ਪੁੱਤ ਦੀ ਲਾਸ਼ ਨੂੰ ਬਕਸੇ ਵਿੱਚ ਰੱਖਿਆ ਵੇਖ ਪੂਰਨ ਨੇ ਚੀਕ ਮਾਰੀ। ਕਨੇਰ ਭੁੱਬਾਂ ਮਾਰ ਪਿੱਟਣ ਲੱਗ ਪਈ।
“ਤੁਸੀ ਸ਼ਨਾਖ਼ਤ ਦੀ ਕਾਰਵਾਈ ਪੂਰੀ ਕਰੋ, ਸਬਰ ਰੱਖੋ।” ਕਰਮਚਾਰੀ ਨੇ ਹਮਦਰਦੀ ਨਾਲ ਪੂਰਨ ਦੇ ਮੋਢੇ ‘ਤੇ ਹੱਥ ਰੱਖ ਕਿਹਾ। ਨਾਲ ਦੇ ਇੱਕ ਕਰਮਚਾਰੀ ਨੇ ਆਪਣੀ ਫਾਇਲ਼ ਵਿੱਚ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਬਹੁਤੀ ਦੇਰ ਅੰਦਰ ਰੁਕਣ ਦਾ ਹੁਕਮ ਨਹੀ ਸੀ। ਇਸ ਲਈ ਸਾਰੇ ਅੱਗੇ ਵਧਣ ਲੱਗ ਪਏ। ਅਗਲੀ ਸ਼ਨਾਖ਼ਤ ਲਈ।
“ਆ….ਆਹ ਤਾਂ ਮੇਰੀ ਧੀ? ….ਮੇਰੀ ਧੀ… ਦੀ ਲ਼ਾਸ਼ ਹੈ? …. ਤੁਸੀ ਵੇਖੋ, ਮੇਰੇ ਤੋਂ ਆਹ ਸਿਆਣੀ ਹੀ ਨਹੀਂ ਜਾ ਰਹੀ…!” ਇਕ ਕੁੜੀ ਦੀ ਲ਼ਾਸ਼ ਦੀ ਖ਼ਰਾਬ ਹਾਲਤ ਵੇਖ ਕਨੇਰ ਆਪਣੇ ਪਤੀ ਪੂਰਨ ਦੇ ਕੁੜਤੇ ਨੂੰ ਘੁੱਟ ਕੇ ਫੜ ਹਿਲਾਉਂਦਿਆਂ ਕਹਿਣ ਲੱਗੀ।
“ਹਾਏ ਲਾਡਲੀਏ ਮੇਰੀਏ ਧੀਏ…! ਆਹ ਕੀ ਜੁਲਮ ਹੋ ਗਿਆ…।” ਪੂਰਨ ਦੇ ਜਿਵੇਂ ਕਿਸੇ ਨੇ ਕੁਹਾੜ੍ਹਾ ਮਾਰਿਆ ਹੋਵੇ। ਹੁਣ ਦੋਹਾਂ ਦੇ ਪੈਰ ਜੰਮ ਗਏ ਸੀ। ਅੱਗੇ ਲਾਸ਼ਾਂ ਦੀ ਸ਼ਨਾਖਤ ਕਰਨ ਦਾ ਹੀਆਂ ਨਹੀਂ ਸੀ ਪੈ ਰਿਹਾ।
“ਮੇਰੇ ਰੱਬਾ!! ਮੇਰੇ ਵੱਡੇ ਪੁੱਤ ਨੂੰ ਮੈਨੂੰ ਬਖਸ਼ੀ ਰੱਖੀਂ…।” ਘੁੱਟ ਕੇ ਕਲੇਜ਼ੇ ਨੂੰ ਫੜੀ ਕਨੇਰ ਵਰਾਂਡੇ ਵਿੱਚ ਤੇਜ਼ੀ ਨਾਲ ਨਜ਼ਰ ਦੌੜਾਂਦੀ ਅਰਦਾਸ ਕਰੀ ਜਾ ਰਹੀ ਸੀ। ਹਜੇ ਵੱਡੇ ਪੁੱਤ ਦੀ ਆਸ ਬਾਕੀ ਸੀ। ਸੰਕੋਚਵੇਂ ਕਦਮਾਂ ਨੂੰ ਘਸੀਟਦੇ ਹੋਏ ਦੋਵੇਂ ਪਤੀ-ਪਤਨੀ ਤਕਰੀਬਨ ਅਖੀਰਲੇ ਬਕਸੇ ਕੋਲ ਆ ਗਏ। ਚਿਹਰੇ ਤੋਂ ਚਾਦਰ ਹਟਾਉਂਦਿਆਂ ਹੀ ਪੂਰਨ ਚੀਕ ਮਾਰਕੇ ਡਿੱਗ ਪਿਆ ਅਤੇ ਕਨੇਰ ਸਿਰ ਪਿੱਟ ਕੇ ਫ਼ਰਸ਼ ‘ਤੇ ਬੈਠ, ਵੈਣ ਪਾਉਣ ਲੱਗ ਪਈ।
“ਲੱਗਦਾ ਆਹ ਇਹਨਾਂ ਦਾ ਵੱਡਾ ਬੇਟਾ ਹੈ, ਓਹ ਡਾਢਿਆ ਰੱਬਾ ਕੀ ਕਹਿਰ ਢਾਹ ਦਿੱਤਾ ਤੂੰ ਇਹਨਾਂ ਗਰੀਬਾਂ ‘ਤੇ?” ਕਰਮਚਾਰੀ ਨੇ ਨਾਲ ਦੇ ਨੂੰ ਆਪਣਾ ਸ਼ੱਕ ਪੁਖਤਾ ਕਰਦੇ ਹੋਏ ਕਿਹਾ।
“ਰਾਤ ਦੋ ਵਜੇ ਸ਼ਹਿਰ ‘ਤੇ ਅਟੈਕ ਹੋਇਆ ਸੀ, ਖਵਰੈ ਸੁੱਤੇ ਪਏ ਹੀ ਰਹਿ ਗਏ ਹੋਣੇ ਬਿਚਾਰਿਆਂ ਦੇ ਬੱਚੇ?” ਨਾਲ ਦੇ ਕਰਮਚਾਰੀ ਨੇ ਕਿਹਾ ਅਤੇ ਘੋਰ ਦੁੱਖ ਵਿੱਚ ਸਿਰ ਹਿਲਾਉਂਦੇ ਹੋਏ ਪੂਰਨ ਖੰਨਾ ਨੂੰ ਜੱਫੇ ‘ਚ ਭਰ ਕੇ ਫ਼ਰਸ਼ ਤੋਂ ਚੁੱਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਪੂਰਾ ਇਲਾਕਾ ਪੂਰਨ ਅਤੇ ਕਨੇਰ ਦੀਆਂ ਧਾਹਾਂ ਨਾਲ ਗਮਗੀਨ ਹੋ ਗਿਆ ਸੀ। ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੂਰਨ ਨੂੰ ਸੌਂਪ ਦਿੱਤੀਆਂ ਗਈਆਂ। ਰੋ-ਰੋ ਦੋਵੇਂ ਪਤੀ-ਪਤਨੀ ਦੀਆਂ ਅੱਖਾਂ ਦਾ ਦਰਿਆ ਸੁੱਕ ਗਿਆ ਸੀ ਅਤੇ ਵੈਣ ਪਾ-ਪਾ ਗਲ ਬੈਠ ਗਿਆ ਸੀ। ਅਖੀਰਲੀਆਂ ਸਾਰੀਆਂ ਰਸਮਾਂ ਤਾਂ ਕਰਨੀਆ ਹੀ ਸੀ। ਪੂਰਨ ਅਤੇ ਕਨੇਰ ਆਪਣੇ ਤਿੰਨੋਂ ਬੱਚਿਆਂ ਦੀਆਂ ਲ਼ਾਸ਼ਾਂ ਨੂੰ ਢੋਂਹਦੇ ਹੋਏ ਆਪ ਹੀ ਲ਼ਾਸ਼ ਬਣ ਗਏ ਜਾਪਦੇ ਸੀ।
…..ਵਕਤ ਆਪਣੀ ਚਾਲ ਤੁਰਨ ਲੱਗ ਪਿਆ। ਹਾਲਾਤ ਕੁਝ ਠੰਡੇ ਹੋਏ ਅਤੇ ਪੂਰਨ ਦੇ ਘਰ ਦੀ ਮੁਰੰਮਤ ਕਰਕੇ ਪਤੀ-ਪਤਨੀ ਨੂੰ ਆਪਦੇ ਘਰ ਵਾਪਸ ਭੇਜ ਦਿਤਾ ਗਿਆ।
“ਕਨੇਰ, ਮੇਰਾ ਜਿਗਰਾ ਨਹੀਂ ਪੈਂਦਾ ਹੁਣ ਇਸ ਘਰ ਵਿੱਚ ਰਹਿਣ ਦਾ…।” ਅੱਖਾਂ ਦੇ ਹੜ੍ਹ ਨੂੰ ਪਰਨੇ ਨਾਲ ਪੂੰਝਦੇ ਹੋਏ ਪੂਰਨ ਨੇ ਆਪਣੀ ਘਰਵਾਲੀ ਨੂੰ ਕਿਹਾ, “ਇਹੀ ਘਰ ਹੁਣ ਖਾਣ ਆਇਆ ਕਰੂਗਾ!”
“ਕਿੱਥੇ ਜਾਵਾਂਗੇ ਇਸ ਉਮਰੇ? ਇੱਥੇ ਘੱਟੋ ਘੱਟ ਆਪਣੇ ਬੱਚਿਆਂ ਦੀਆਂ ਯਾਦਾਂ ਹੀ ਮੈਨੂੰ ਜਿਉਂਦਾ ਰੱਖ ਸਕਦੀਆਂ ਨੇ, ਇਸ ਵਿਹੜ੍ਹੇ ਵਿੱਚ ਮੇਰੇ ਲਾਲ ਇੱਕ-ਇੱਕ ਦਿਨ ਵੱਡੇ ਹੋਏ ਸੀ….।” ਆਖਦੇ ਹੋਏ ਕਨੇਰ ਬਿਰਹੋਂ ਵਿੱਚ ਭਿੱਜ ਕੇ ਆਪਣੇ ਸਿਰ ਨੂੰ ਗੋਡਿਆਂ ਵਿੱਚ ਰੱਖ ਸੁਬਕਣ ਲੱਗ ਪਈ।
“ਮੈਨੂੰ ਵੀ ‘ਮੇਰੇ ਸ਼ੇਰ’ ਇੱਧਰ ਉਧਰ ਦੌੜਦੇ ਦਿਖਦੇ ਨੇ!” ਦੁੱਖ ਨਾਲ ਖਿੱਲਰੀ ਕਨੇਰ ਨੂੰ ਪੂਰਨ ਨੇ ਹਿੱਕ ਨਾਲ ਲਾ ਲਿਆ। ਜਿਵੇਂ ਆਪਣੇ ਆਪ ਨੂੰ ਹੀ ਤਸੱਲੀ ਦੇ ਰਿਹਾ ਹੋਵੇ।
…..ਵਕਤ ਬੜਾ ਬਲਵਾਨ ਹੁੰਦਾ ਹੈ। ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ। ਪਰ ਕੁਝ ਜ਼ਖਮ ਭਰਦੇ ਨਹੀਂ, ਪਰੰਤੂ ਖਰੀਂਢ ਬਣ ਢਕੇ ਜ਼ਰੂਰ ਜਾਂਦੇ ਹਨ। ਯਾਦਾਂ ਨੂੰ ਕਲੇਜੇ ਨਾਲ ਲਾਏ ਇੱਕ ਸਾਲ ਹੋ ਚੱਲਿਆ ਸੀ। ਪਰ ਅਜੇ ਵੀ ਕੱਲ੍ਹ ਹੀ ਵਾਪਰਿਆ ਹਾਦਸਾ ਲੱਗਦਾ ਸੀ। ਇੱਕ ਗੱਲ ਪੂਰਨ ਦੇ ਦਿਮਾਗ ‘ਤੇ ਬੁਰੀ ਤਰ੍ਹਾਂ ਘਰ ਕਰ ਗਈ ਸੀ ਕਿ ਮੁਸਲਮਾਨਾਂ ਕਰਕੇ ਮੇਰੇ ਬੱਚੇ ਮਰੇ ਹਨ। ਹੁਣ ਓਹ ਮੁਸਲਮਾਨਾਂ ਤੋ ਬਹੁਤ ਨਫ਼ਰਤ ਕਰਨ ਲੱਗ ਪਿਆ ਸੀ। ਉਹ ਗੱਲ-ਗੱਲ ‘ਤੇ ਨਸਲੀ ਗਾਲਾਂ ਕੱਢਦਾ ਅਤੇ ਖਿਝਦਾ।
“ਤੁਸੀ ਆਪਣੀ ਸੋਚ ਨੂੰ ਠੱਲ੍ਹ ਪਾਓ। ਓਹ ਪਾਕਿਸਤਾਨੀ ਲੋਕਾਂ ਦਾ ਹਮਲਾ ਸੀ। ਆਪਣੇ ਆਲੇ ਦੁਆਲੇ ਵੀ ਤੇ ਮੁਸਲਮਾਨ ਰਹਿੰਦੇ ਹਨ। ਸਾਰੇ ਚੰਗੇ ਲੋਕ …।” ਕਨੇਰ ਕਿਸੇ ਭਵਿੱਖੀ ਡਰ ਤੋਂ ਸ਼ੰਕਿਤ ਹੋ ਕੇ ਬੋਲ ਰਹੀ ਸੀ।
“ਤੂੰ ਚੁੱਪ ਕਰ….! ਪਾਕਿਸਤਾਨ ਮੁਸਲਿਮ ਦੇਸ਼ ਹੀ ਤੇ ਹੈ, ਜੇ ਮੈਂ ਅੱਜ ਲ਼ਾਸ਼ ਬਣਿਆਂ ਫਿਰਦਾ ਹਾਂ ਤਾਂ ਇਹਨਾਂ ਦੀ ਹੀ ਦੇਣ ਹੈ।” ਆਪਣੀ ਪਤਨੀ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਪੂਰਨ ਨੇ ਰੋਸਾ ਕੀਤਾ।
“ਨਫ਼ਰਤ ਪਾਲ ਕੇ ਗੁਜਰ ਨਹੀਂ ਹੁੰਦੀ …. ਤੁਸੀ ਹੁਣ  ਦੁਆ ਸਲਾਮ ਦਾ ਵੀ ਜਵਾਬ ਨਹੀਂ ਦਿੰਦੇ ਕਿਸੇ ਨੂੰ।” ਕਨੇਰ ਕੁਝ ਪ੍ਰੇਸ਼ਾਨ ਵੀ ਸੀ ਕਿਉਂਕਿ ਸਾਰੀ ਉਮਰ ਨਿਕਲ ਗਈ ਇਹਨਾਂ ਲੋਕਾਂ ਵਿੱਚ ਵਿਚਰਦੇ ਹੋਏ।
“ਮੇਰਾ ਵੱਸ ਚੱਲੇ ਤੇ ਇੱਕ-ਇੱਕ ਨੂੰ ਮੁਲਕੋਂ ਬਾਹਰ ਕੱਢ ਦਿਆਂ… ਮੇਰਾ ਵਿਹੜਾ ਸੁੰਨਮ ਸੁੰਨਾ ਕਰ ਕੇ ਕੀ ਮਿਲ ਗਿਆ ਇਹਨਾਂ ਨੂੰ? ਮਿਲ ਗਿਆ ਕਸ਼ਮੀਰ? ਹੋ ਗਿਆ ਅਜ਼ਾਦ?? ….ਹਾਏ ਓ… ਮੇਰੇ ਲਾਲ, ਮੇਰੇ ਸ਼ੇਰ, ਮੇਰੇ ਬੱਚੇ… ਮੈਨੂੰ ਮਾਰ ਦਿੰਦੇ ਬੰਬ ਜੋ ਮਾਰਨਾ ਸੀ… ਓਏ ਜ਼ਾਲਮੋਂ….!” ਪੂਰਨ ਖੰਨਾ ਧਾਹਾਂ ਮਾਰ ਉਚੀ-ਉਚੀ ਰੋਣ ਲੱਗ ਪਿਆ। ਕਨੇਰ ਨੂੰ ਪੂਰਨ ਦੇ ਅੰਦਰ ਦੱਬੇ ਗ਼ਮ ਦੇ ਫ਼ਟ ਜਾਣ ਦਾ ਪੂਰਾ ਯਕੀਨ ਸੀ।
“ਤੁਸੀਂ ਅੱਗੇ ਰੋਜ਼ ਗੁਰੁਦੁਆਰੇ ਜਾਂਦੇ ਸੀ, ਹੁਣ ਕਾਹਤੋਂ ਜਾਣਾ ਛੱਡ ਦਿੱਤਾ, ਗੁਰੂ ਘਰ ਜਾਇਆ ਕਰੋ, ਤੁਹਾਡਾ ਮਨ ਟਿਕੂਗਾ!” ਪਤਨੀ ਉਸ ਲਈ ਚਿੰਤਤ ਸੀ।
-”ਮੈਂ ਨੀ ਜਾਣਾ ਕਿਤੇ!” ਉਹ ਅੱਕਿਆ ਹੋਇਆ ਬੋਲਿਆ, “ਤੂੰ ਚੁੱਪ ਰਿਹਾ ਕਰ!”
“ਕੀ ਹੋ ਗਿਆ ਅੰਕਲ ਜੀ ਨੂੰ?” ਬੂਹਿਓਂ ਅੰਦਰ ਆਉਂਦੇ ਫ਼ਾਨੀ ਬਾਲਾ ਨੇ ਕਨੇਰ ਨੂੰ ਘਬਰਾ ਕੇ ਪੁੱਛਿਆ। ਫ਼ਾਨੀ ਬਾਲਾ ਨਾਲ ਦੇ ਘਰ ਵਿੱਚ ਰਹਿੰਦੀ ਉਹਨਾਂ ਦੀ ਗੁਆਂਢਣ ਸੀ। ਜਦ ਦਾ ਹਾਦਸਾ ਹੋਇਆ ਸੀ, ਅਕਸਰ ਹੀ ਉਹ ਹਮਦਰਦੀ ਜਤਾਉਣ ਆ ਜਾਂਦੀ।
“ਤੈਨੂੰ ਤੇ ਪਤਾ ਹੀ ਹੈ, ਤੇਰੇ ਅੰਕਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਹੁਣæææ ਮੈਂ ਇਹਨਾਂ ਦੀ ਚਿੰਤਾ ‘ਚ ਘੁਲੀ ਜਾ ਰਹੀ ਹਾਂ!” ਕਨੇਰ ਨੇ ਪਾਣੀ ਪੂਰਨ ਦੇ ਮੂੰਹ ਨੂੰ ਲਾਉਂਦੇ ਹੋਏ ਕਿਹਾ ਅਤੇ ਪੂਰਨ ਦੇ ਲੱਕ ਤੇ ਹੱਥ ਫੇਰਨ ਲੱਗ ਪਈ।
“ਕੱਲ੍ਹ ਤੁਸੀ ਦੋਵੇ ਮੇਰੇ ਨਾਲ ਚੱਲਿਓ, ਮੈਂ ਦਿਖਾਅੁਂਗੀ ਤੁਹਾਨੂੰ ਜ਼ਿੰਦਗੀ ਦਾ ਦੂਸਰਾ ਰੂਪ … ਨੌਂ ਵਜੇ ਮੈਂ ਤੁਹਾਨੂੰ ਲੈਣ ਆਉਗੀਂ!” ਫ਼ਾਨੀ ਬਾਲਾ ਉਹਨਾਂ ਦੀ ਮੱਦਦ ਕਰਨਾ ਚਾਹੁੰਦੀ ਸੀ। ਅਗਲੇ ਦਿਨ ਸਵੇਰੇ ਫ਼ਾਨੀ ਬਾਲਾ ਆ ਗਈ ਅਤੇ ਪੂਰਨ ਖੰਨਾ ਤੇ ਕਨੇਰ ਖੰਨਾ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇੱਕ ਅਨਾਥ ਆਸ਼ਰਮ ਵਿੱਚ ਜਿੱਥੇ ਉਹ ਕੰਮ ਕਰਦੀ ਸੀ।
“ਆਹ ਇੱਕ ਇੰਜ ਤਰ੍ਹਾਂ ਦੀ ਦੁਨੀਆਂ ਹੈ, ਜਿਸ ਦਾ ਹਿੱਸਾ ਸਭ ਨੂੰ ਬਣਨਾ ਚਾਹੀਦਾ ਹੈ, ਇੱਥੇ ਉਹ ਅਨਾਥ ਬੱਚੇ ਨੇ, ਜਿੰਨ੍ਹਾਂ ਨੂੰ ਮਾਂ-ਪਿਉ ਦੇ ਪਿਆਰ ਦੀ ਘਾਟ ਹੈ ਅਤੇ ਮੇਰੇ-ਤੁਹਾਡੇ ਵਰਗੇ ਆ ਕੇ ਪਿਆਰ ਦੀ ਮੱਲ੍ਹਮ ਲਾ ਇਹਨਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਜੀਣ ਲਈ ਨਵੀਂ ਆਸ ਦੀ ਬਾਂਹ ਫੜਾਉਂਦੇ ਹਨ।” ਫ਼ਾਨੀ ਬਾਲਾ ਕੋਲ ਬਿਆਨ ਕਰਨ ਲਈ ਬਹੁਤ ਕੁਝ ਸੀ।
“ਹਾੜ੍ਹੇ ਵੇ ਮੇਰੇ ਡਾਢੇ ਰੱਬਾ, ਕਿਸੇ ਕੋਲੋਂ ਔਲਾਦ ਖੋਹ ਲਈ ਤੇ ਕਿਸੇ ਕੋਲੋ ਮਾਪੇ…?” ਕਨੇਰ ਦੀਆਂ ਅੱਖਾਂ ਭਰ ਆਈਆਂ। ਪੂਰਨ ਅਤੇ ਕਨੇਰ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਮਿਲ ਰਹੇ ਸਨ। ਕੁਝ ਬੱਚੇ ਇਹਨਾਂ ਦੀ ਉਂਗਲ਼ ਫੜ ਕਿਸੇ ਉਮੀਦ ਵਿੱਚ ਨਾਲ ਹੀ ਟਹਿਲਣ ਲੱਗ ਪਏ। ਪੂਰਨ ਅਤੇ ਕਨੇਰ ਹਰ ਮਿੰਟ ਬਾਦ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਲੈਂਦੇ ਸਨ, ਜਿਵੇਂ ਆਪਣੇ ਨਿਆਣਿਆਂ ਨੂੰ ਹੀ ਮਹਿਸੂਸ ਕਰ ਰਹੇ ਹੋਣ।
“ਫ਼ਾਨੀ ਪੁੱਤ, ਸਾਨੂੰ ਐਥੇ ਲਿਆ ਕੇ ਤੂੰ ਬੜਾ ਪੁੰਨ ਦਾ ਕੰਮ ਕੀਤਾ ਹੈ। ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਹੈ।” ਪੂਰਨ ਨੇ ਫ਼ਾਨੀ ਬਾਲਾ ਦੇ ਸਿਰ ‘ਤੇ ਹੱਥ ਰੱਖਦੇ ਹੋਏ ਕਿਹਾ।
“ਹੁਣ ਅਸੀਂ ਜ਼ਰੂਰ ਆਇਆ ਕਰਨਾ ਹੈ ਇਹਨਾਂ ਦੇ ਨਾਲ ਸਮਾਂ ਬਿਤਾਉਣ ਲਈ। ਅਸੀਂ ਇਹਨਾਂ ਦੀ ਮੱਦਦ ਕਰ ਕੇ ਆਪਣੇ ਬੱਚਿਆਂ ਦੀ ਰੂਹ ਨੂੰ ਸਕੂਨ ਦੇ ਸਕਾਂਗੇ।” ਕੋਲ ਖੜ੍ਹੇ ਇੱਕ ਬੱਚੇ ਦੀ ਪਿੱਠ ਸਹਿਲਾਉਦਿਆਂ ਕਨੇਰ ਬੋਲੀ। ਇਹਨਾਂ ਪੂਰਨ ਅਤੇ ਕਨੇਰ ਦੀਆਂ ਮੋਹ ਭਰੀਆ ਗੱਲਾਂ ਸੁਣ ਕੇ ਨੂੰ ਫ਼ਾਨੀ ਬਾਲਾ ਦੀਆਂ ਅੱਖਾਂ ਭਰ ਆਈਆਂ।
“ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣਾ ਨਜ਼ਰੀਆ ਬਦਲਿਆ, ਆਪਣੇ ਦੁੱਖ ਵਿੱਚੋਂ ਨਿਕਲਣ ਲਈ…।” ਕਨੇਰ ਨੇ ਅੱਖਾਂ ਪੂੰਝਦੇ ਹੋਏ ਆਪਣੇ ਪਤੀ ਵੱਲ ਵੇਖ ਕੇ ਰਾਹਤ ਦਾ ਸਾਹ ਲਿਆ। ਬਿਲਕੁਲ ਸੱਚ ਹੈ ਅਗਰ ਤੁਸੀਂ ਆਪਣਾ ਰਾਹ ਬਦਲੋ ਤੇ ਬਹੁਤ ਸਾਰੇ ਹੋਰ ਰਾਹ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ। ਅਗਲੇ ਹੀ ਦਿਨ ਤੋਂ ਪੂਰਨ ਖੰਨਾ ਅਤੇ ਉਸ ਦੀ ਪਤਨੀ ਕਨੇਰ ਖੰਨਾ ਨਿਰੰਤਰ ਅਨਾਥ ਆਸ਼ਰਮ ਜਾਣ ਲੱਗ ਪਏ। ਯਥਾ ਸੰਭਵ ਆਪਣਾ ਸਮਾਂ ਬੱਚਿਆਂ ਨਾਲ ਬਿਤਾਉਣ ਲੱਗ ਪਏ। ਕਦੇ-ਕਦੇ ਟੋਫ਼ੀਆਂ, ਚਾਕਲੇਟ, ਬਿਸਕੁਟ ਅਤੇ ਖਿਡੌਣੇਂ ਲਿਆ ਬੱਚਿਆਂ ਵਿੱਚ ਵੰਡਦੇ ਸੀ। ਦੋਵੇ ਪਤੀ-ਪਤਨੀ ਔਲਾਦ ਦੀ ਕਮੀ ਕਰਕੇ ਮੋਹ, ਵੈਰਾਗ ਅਤੇ ਪਿਆਰ ਨਾਲ ਭਰੇ ਹੋਏ ਸਨ। ਇਸ ਲਈ ਉਹਨਾਂ ਦਾ ਪਿਆਰ ਕੁਦਰਤੀ ਤੌਰ ‘ਤੇ ਅਨਾਥ ਬੱਚਿਆਂ ‘ਤੇ ਉਮੜ ਪੈਂਦਾ ਸੀ। ਸ਼ਾਇਦ ਇੰਨੇ ਸੱਚੇ ਮੋਹ ਪਿਆਰ ਕਰਕੇ ਬੱਚੇ ਵੀ ਸਾਰਾ ਦਿਨ ਆਲੇ-ਦੁਆਲੇ ਖੇਡਦੇ, ਖਾਂਦੇ, ਮਿੱਠੀਆਂ-ਪਿਆਰੀਆਂ ਗੱਲਾਂ ਕਰਦੇ। ਪੂਰਨ ਅਤੇ ਕਨੇਰ ਦਾ ਮੰਨ ਪ੍ਰਚਾਅੁਂਦੇ ਰਹਿੰਦੇ ਸਨ।
…ਵਕਤ ਨੂੰ ਵੀ ਜਿਵੇਂ ਕਲੋਲਾਂ ਕਰਨ ਦੀ ਆਦਤ ਹੁੰਦੀ ਹੈ। ਇੱਕ ਦਿਨ ਘਰ ਮੁੜਦੇ ਹੋਏ ਸੜਕ ‘ਤੇ ਪੂਰਨ ਖੰਨਾ ਦੀਆਂ ਅੱਖਾਂ ਸਾਹਮਣੇ ਇੱਕ ਕਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਭੱਜ ਗਈ। ਪੂਰਨ ਨੇ ਬਥੇਰਾ ਰੌਲਾ ਪਾਇਆ, ਪਰ ਕਾਰ ਨਾ ਰੁਕੀ ਅਤੇ ਫੱਟੜ ਹੋਇਆ ਨੌਜਵਾਨ ਬੇਹੋਸ਼ ਹੋ ਗਿਆ। ਜ਼ਖਮੀਂ ਨੌਜਵਾਨ ਦੇ ਕੋਈ ਨਜ਼ਦੀਕ ਨਹੀਂ ਸੀ ਫਟਕ ਰਿਹਾ। ਪੂਰਨ ਨੂੰ ਉਸ ਨੌਜਵਾਨ ਵਿੱਚੋਂ ਜ਼ਖਮੀ ਹੋਇਆ ਆਪਣਾ ਪੁੱਤ ਪ੍ਰਤੱਖ ਦਿਸ ਰਿਹਾ ਸੀ। ਪੂਰਨ ਖੰਨਾ ਨੇ ਬੜੀ ਮੁਸ਼ਕਲ ਨਾਲ ਇੱਕ ਵੈਨ ਰੁਕਵਾਈ ਅਤੇ ਉਸ ਨੌਜਵਾਨ ਨੂੰ ਦੋ ਲੋਕਾਂ ਦੀ ਮੱਦਦ ਨਾਲ ਜੱਫੇ ਵਿੱਚ ਲੈ ਕੇ ਵੈਨ ਵਿੱਚ ਬੈਠ, ਹਸਪਤਾਲ ਵੱਲ ਟੁਰ ਪਿਆ….।
“ਤੁਸੀ ਲਵੋਗੇ ਇਸ ਕੇਸ ਦੀ ਜ਼ਿਮੇਵਾਰੀ?” ਰਿਸੈਪਸ਼ਨ ਤੋਂ ਇੱਕ ਬੀਬੀ ਬੋਲੀ।
“ਜਦ ਲੈ ਕੇ ਆਇਆ ਹਾਂ, ਤਾਂ ਹੁਣ ਮਰਨ ਲਈ ਤੇ ਨਹੀਂ ਛੱਡ ਸਕਦਾ, ਮੈਂ ਲਊਂਗਾ ਜਿੰਮੇਵਾਰੀ।” ਪੂਰਨ ਕਾਫ਼ੀ ਸਾਰੇ ਸਵਾਲਾਂ ਨੂੰ ਪੁੱਛੇ ਜਾਣ ‘ਤੇ ਖਿਝ ਗਿਆ ਸੀ।
ਸਾਰੀ ਕਾਰਵਾਰੀ ਪੂਰੀ ਹੋਣ ਬਾਅਦ ਨੌਜਵਾਨ ਓਪਰੇਸ਼ਨ ਥੀਏਟਰ ਵਿੱਚ ਲੈ ਜਾਇਆ ਗਿਆ।
ਕੁਝ ਘੰਟੇ ਦੀ ਜੱਦੋਜਹਿਦ ਬਾਅਦ ਪੂਰਨ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਇੱਕ ਨਰਸ ਨੇ ਆ ਕੇ ਕਿਹਾ।
“ਮੇਰਾ ਖੂਨ ਚੈਕ ਕਰੋ, ਸ਼ਾਇਦ ਮੈਚ ਹੋ ਜਾਏ?” ਪੂਰਨ ਨੇ ਉਸ ਅਣਜਾਣੇ ਨੌਜਵਾਨ ਦੀ ਜਾਨ ਬਚਾਉਣ ਦੀ ਜਿਵੇਂ ਸੌਂਹ ਖਾ ਲਈ ਸੀ। ਵਾਹ ਐ ਕੁਦਰਤ!! ਪੂਰਨ ਦਾ ਖੂਨ ਗਰੁੱਪ ਫੱਟੜ ਨੌਜਵਾਨ ਦੇ ਖੂਨ ਨਾਲ ਮੈਚ ਹੋ ਗਿਆ। ਪੂਰਨ ਖੰਨਾ ਨੂੰ ਲਿਟਾ ਦਿੱਤਾ ਗਿਆ। ਓਸ ਵੇਲੇ ਤੱਕ ਕਨੇਰ ਵੀ ਹਸਪਤਾਲ ਪਹੁੰਚ ਗਈ ਸੀ।
“ਮੈਂ ਪੂਰਨ ਖੰਨਾ ਦੀ… ਪਤਨੀ ਹਾਂ, ….ਮੇ… ਮੇਹਰਬਾਨੀ ਕਰ ਮੈਨੂੰ ਉਹਨਾਂ ਤਿਕ ਲੈ ਚੱਲੋ…।” ਕਨੇਰ ਦਾ ਘਬਰਾਹਟ ਕਰਕੇ ਸਾਹ ਠੀਕ ਨਹੀ ਸੀ ਚੱਲ ਰਿਹਾ। ….”ਆਹ ਲਵੋ ਇਸ ਕੇਸ ਦੇ ਪੈਸੇ…।” ਝੋਲੇ ਵਿੱਚੋ ਕੱਢ ਕੇ ਪੈਸੇ ਕਨੇਰ ਨੇ ਡੈਸਕ ਤੇ ਰੱਖ ਦਿੱਤੇ। ਪੰਜ ਕੁ ਮਿੰਟ ਬਾਅਦ ਨਰਸ ਕਨੇਰ ਖੰਨਾ ਨੂੰ ਨਾਲ ਲੈ ਟੁਰੀ ਅਤੇ ਇੱਕ ਕਮਰੇ ਦੇ ਬੂਹੇ ਅੱਗੇ ਰੁਕ ਗਈ।
ਆਹ ਕੀ ਦੇਖ ਰਹੀ ਸੀ ਕਨੇਰ…??
ਇੱਕ ਬੈੱਡ ‘ਤੇ ਉਸ ਦਾ ਪਤੀ ਪੂਰਨ ਪਿਆ ਸੀ ਅਤੇ ਦੂਜੇ ਬੈੱਡ ‘ਤੇ ਇੱਕ ਫੱਟੜ ਨੌਜਵਾਨ… ਅਤੇ…. ਅਤੇ ਉਹਨਾਂ ਦੋਹਾਂ ਨੂੰ ਖੂਨ ਦੀਆਂ ਨਾਲੀਆਂ ਨੇ ਜੋੜਿਆ ਹੋਇਆ ਸੀ। ਕਨੇਰ ਨੂੰ ਇੱਕ ਪਲ ਜਾਪਿਆ, ਜਿਵੇਂ ਉਹ ਨੌਜਵਾਨ ਉਸ ਦਾ ਆਪਣਾ ਪੁੱਤ ਹੀ ਹੈ, ਜਿਸ ਦੀਆਂ ਨਾੜਾਂ ਵਿੱਚ ਆਪਣੇ ਪਤੀ ਪੂਰਨ ਦਾ ਖੂਨ ਜਾਂਦਾ ਵੇਖ ਰਹੀ ਸੀ। ਕਨੇਰ ਭਰੀਆਂ ਅੱਖਾਂ ਨਾਲ ਨੌਜਵਾਨ ਦੇ ਕੋਲ ਗਈ ਅਤੇ ਸਿਰ ‘ਤੇ ਹੱਥ ਫੇਰ ਕੇ ਉਸ ਨੌਜਵਾਨ ਦੇ ਮੁੱਖ ਨੂੰ ਬੜੇ ਗੌਰ ਨਾਲ ਵੇਖਣ ਲੱਗ ਪਈ। ਕੁਝ ਪਲਾਂ ਬਾਅਦ ਆਪਣੇ ਪਤੀ ਪੂਰਨ ਕੋਲ ਸਟੂਲ ਲੈ ਕੇ ਬੈਠ ਗਈ।
“ਅਸੀ ਕਿਸ ਖੂਨ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਹਾਂ…? ਅੱਜ ਤੋਂ ਬਾਅਦ ਇਸ ਅਣਜਾਣੇ ਨੌਜਵਾਨ ਦੇ ਸਰੀਰ ਵਿੱਚ ਮੇਰੇ ਪਤੀ ਦਾ ਖੂਨ ਸਦਾ ਲਈ ਘੁਲ ਜਾਣਾਂ ਹੈ, ਭਾਵੇਂ ਮੈਂ ਇਸ ਨੂੰ ਜਨਮ ਨਹੀਂ ਦਿੱਤਾ ….ਸੰਸਾਰ ਵਿੱਚ ਖੂਨ ਦੇ ਰਿਸ਼ਤੇ…।” ਕਨੇਰ ਆਪਣੀ ਸੋਚ ਵਿੱਚ ਕਿਤੇ ਗਹਿਰੇ ਉਤਰ ਗਈ ਸੀ। ਪਤੀ ਦੀ ਕਰਾਹੁੰਣ ਨਾਲ ਸੋਚ ਦੇ ਖੂਹ ਵਿੱਚੋਂ ਬਾਹਰ ਆਈ।
“ਕੀ ਹੋਇਆ? ਮੈਂ ਨਰਸ ਬੁਲਾਵਾਂ?” ਕਨੇਰ ਨੇ ਪਤੀ ਨੂੰ ਪੁੱਛਿਆ।
“ਨਹੀਂ!! ਮੈਂ ਠੀਕ ਹਾਂ… ਆਹ ਤੇ ਮੇਰੇ ਅੰਦਰਲੇ ਜ਼ਖਮਾ ਦੀ ਪੀੜ ਹੈ।” ਆਪਣਾ ਹੌਸਲਾ ਬਰਕਰਾਰ ਰੱਖਦਿਆਂ ਪੂਰਨ ਨੇ ਕਿਹਾ। ਤੁਪਕਾ-ਤੁਪਕਾ ਕਰਕੇ ਸਾਰੀ ਖੂਨ ਦੀ ਬੋਤਲ ਪੂਰਨ ਖੰਨਾ ਦੀਆਂ ਨਾੜਾਂ ਵਿੱਚੋਂ ਇਸ ਫੱਟੜ ਨੌਜਵਾਨ ਦੀਆਂ ਨਾੜਾਂ ਵਿੱਚ ਜਾ ਇੱਕ-ਮਿੱਕ ਹੋ ਚੁੱਕੀ ਸੀ।
“ਸ਼ਾਮ ਨੂੰ ਤੁਸੀਂ ਆਪਣੇ ਘਰ ਜਾ ਸਕਦੇ ਹੋ, ਅਸੀ ਇਸ ਮਰੀਜ਼ ਦੇ ਹੋਸ਼ ਆਉਣ ‘ਤੇ ਇਸ ਦੇ ਪਰਿਵਾਰ ਨੂੰ ਬੁਲਾ ਲਵਾਂਗੇ, ਖੂਨ ਦੇਣ ਕਰਕੇ ਤੁਹਾਨੂੰ ਅਰਾਮ ਦੀ ਜ਼ਰੂਰਤ ਹੈ, ਰਿਸੈਪਸ਼ਨ ‘ਤੇ ਆਪਣਾ ਪੂਰਾ ਪਤਾ ਦੇ ਦਵੋ, ਜੇ ਲੋੜ ਹੋਈ ਤੇ ਤੁਹਾਨੂੰ ਬੁਲਾ ਸਕਦੇ ਹਾਂ।” ਹਸਪਤਾਲ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਨਰਸ ਨੇ ਕਿਹਾ।
ਕਨੇਰ ਨੂੰ ਪੂਰਨ ਦੀ ਸਿਹਤ ਦਾ ਫ਼ਿਕਰ ਸੀ। ਜਲਦੀ ਹੀ ਸਾਰੀ ਕਾਰਵਾਈ ਪੂਰੀ ਕਰ ਕਨੇਰ ਟੈਕਸੀ ਕਰ ਉਸ ਨੂੰ ਲੈ ਘਰ ਆ ਗਈ ਅਤੇ ਅਗਲੇ ਹੀ ਦਿਨ ਤੋਂ ਪੂਰਨ ਦੇ ਖਾਣ-ਪਾਣ ਦਾ ਖਿਆਲ਼ ਕਰਨ ਲੱਗ ਪਈ।
….ਕੁਝ ਦਿਨ ਦੇ ਇਲਾਜ਼ ਤੋਂ ਬਾਅਦ ਨੌਜਵਾਨ ਠੀਕ ਹੋ ਗਿਆ ਅਤੇ ਰਿਸੈਪਸ਼ਨ ਤੋਂ ਪੂਰਨ ਖੰਨਾ ਦੇ ਘਰ ਦਾ ਪਤਾ ਲੈ ਕੇ ਆਪਣੇ ਪਰਿਵਾਰ ਨਾਲ ਛੁੱਟੀ ਲੈ ਹਸਪਤਾਲ ਤੋਂ ਚਲਾ ਗਿਆ।
ਅੱਜ ਵੀਹ ਕੁ ਦਿਨ ਹੋ ਗਏ ਸੀ। ਕਨੇਰ ਆਪਣੇ ਪਤੀ ਪੂਰਨ ਨਾਲ ਉਸ ਨੌਜਵਾਨ ਦੀਆਂ ਗੱਲਾਂ ਕਰ ਰਹੀ ਸੀ ਕਿ ਅਚਾਨਕ ਦਰਵਾਜ਼ੇ ‘ਤੇ ਦਸਤਕ ਹੋਈ। ਇੱਕ ਨੌਜਵਾਨ ਇੱਕ ਬੁੱਢੇ ਨਾਲ, ਜਿਹੜਾ ਦੇਖਣ ਤੋਂ ਮੁਸਲਿਮ ਲੱਗਦਾ ਸੀ, ਨੇ ਅਵਾਜ਼ ਮਾਰੀ, “ਘਰ ਕੋਈ ਹੈ ?” ਅਵਾਜ਼ ਸੁਣ ਕੇ ਕਨੇਰ ਨੇ ਤੁਰੰਤ ਦਰਵਾਜਾ ਜਾ ਖੋਲ੍ਹਿਆ। ਦੇਖਣ ਸਾਰ ਕਨੇਰ ਪਹਿਚਾਣ ਗਈ ਇਹ ਤਾਂ ਹਸਪਤਾਲ ਵਾਲਾ ਓਹੀ ਫੱਟੜ ਨੌਜਵਾਨ ਹੈ।
“ਬੈਠੋ ਮੈਂ ਇਹਨਾਂ ਨੂੰ ਬੁਲਾਉਨੀ ਆਂ।” ਕਨੇਰ ਨੇ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ। ਦੂਜੇ ਕਮਰੇ ਵਿੱਚੋਂ ਪੂਰਨ ਆਪ ਹੀ ਬਾਹਰ ਨਿਕਲ ਡਰਾਇੰਗ ਰੂਮ ਵਿੱਚ ਆ ਗਿਆ। ਉਸ ਨੂੰ ਦੇਖ ਕੇ ਨੌਜਵਾਨ ਅਤੇ ਉਸ ਦਾ ਅੱਬੂ ਅਦਬ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਗਏ।
“ਸਲਾਮ ਅੰਕਲ, ਮੈਂ ਅੱਬਾਸ ਖ਼ਾਨ ਹਾਂ, ਜਿਸ ਦੀ ਤੁਸੀਂ ਜਾਨ ਬਚਾਈ ਸੀ।” ਸ਼ੁਕਰਾਨੇਂ ਵਜੋਂ ਅੱਬਾਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਝੁਕ ਕੇ ਪੂਰਨ ਦੇ ਪੈਰ ਛੂਹੇ ਅਤੇ ਹੱਥ ‘ਚ ਫੜਿਆ ਫੁੱਲਾਂ ਦਾ ਗੁਲਦਸਤਾ ਪੂਰਨ ਦੇ ਪੈਰਾਂ ‘ਤੇ ਰੱਖ ਦਿੱਤਾ। ਪਰ ਪੂਰਨ ਉਸ ਦਾ ਨਾਮ ਸੁਣ ਕੇ ਸੁੰਨ ਹੋ ਗਿਆ ਅਤੇ “ਆਸ਼ੀਰਵਾਦ” ਸ਼ਬਦ ਨਹੀਂ ਬੋਲ ਸਕਿਆ। ਉਸ ਦੇ ਦਿਮਾਗ ਵਿੱਚ ਬੰਬ ਚੱਲੀ ਜਾ ਰਹੇ ਸਨ….
“ਮੈਂ ….ਮੈਂ ਇੱਕ ਮੁਸਲਮਾਨ ਨੂੰ ਬਚਾਇਆ ਹੈ? ਇਸ ਨੂੰ ਆਪਣਾ ਖੂਨ ਦਿੱਤਾ ਹੈ? ਇਹਨਾਂ ਨੇ ਤਾਂ ਮੇਰਾ ਘਰ ਉਜਾੜਿਆ ਹੈ… ਪਤਾ ਹੁੰਦਾ ਤਾਂ ਸੜਕ ‘ਤੇ ਹੀ ਮਰਨ ਲਈ ਪਿਆ ਰਹਿਣ ਦਿੰਦਾ…।” ਪੂਰਨ ਨੇ ਪੈਰਾਂ ‘ਤੇ ਰੱਖੇ ਫ਼ੁੱਲਾਂ ਨੂੰ ਠੁੱਡ ਮਾਰ ਦੂਰ ਉਡਾ ਦਿੱਤਾ ਅਤੇ ਜਿਸ ਕਮਰੇ ਵਿੱਚੋਂ ਆਇਆ ਸੀ, ਅਵਾ-ਤਵਾ ਬੋਲਦਾ ਓਸੇ ਕਮਰੇ ਵਿੱਚ ਮੁੜ ਗਿਆ। ਅੱਬਾਸ ਨੂੰ ਕੁਝ ਸਮਝ ਨਹੀਂ ਆਇਆ ਸੀ। ਅੱਬਾਸ ਦੇ ਪਿਉ ਦੇ ਮੱਥੇ ਉਰ ਨਿਰਾਸ਼ਾ ਫ਼ੈਲ ਗਈ। ਰੋਂਦੀ ਕਨੇਰ ਦੇ ਕੋਲ ਜਾ ਕੇ ਅੱਬਾਸ ਨੇ ਹੱਥ ਜੋੜੇ ਅਤੇ ਆਪਣੀ ਗਲਤੀ ਪੁੱਛੀ। ਕਨੇਰ ਨੇ ਲੰਬੀ ਕਹਾਣੀ ਨੂੰ ਛੋਟਾ ਕਰ ਪੂਰਨ ਖੰਨਾ ਦੀ ਨਫ਼ਰਤ ਦਾ ਅਸਲ ਕਾਰਣ ਦੱਸਿਆ। ਆਪਣੀ ਦੁੱਖਦੀ ਰਗ ਨੂੰ ਛੇੜ ਕੇ ਕਨੇਰ ਗਹਿਰੇ ਦੁੱਖ ਨਾਲ ਭਰ ਗਈ। ਅੱਬਾਸ ਸਾਰੀ ਕਹਾਣੀ ਸਮਝ ਗਿਆ ਅਤੇ ਪੂਰੀ ਹਮਦਰਦੀ ਨਾਲ ਭਰ ਵੀ ਗਿਆ ਸੀ। ਅੱਬਾਸ ਦਾ ਪਿਉ ਪੂਰਨ ਦੇ ਦੁੱਖ ਨੂੰ ਚੰਗੀ ਤਰ੍ਹਾਂ ਬੁੱਝ ਗਿਆ ਸੀ, ਇਸ ਲਈ ਉਸ ਨੇ ਅੱਬਾਸ ਦੇ ਮੋਢੇ ਨੂੰ ਘੁੱਟ ਕੇ ਅੱਗੇ ਵਧਣ ਦਾ ਇਸ਼ਾਰਾ ਕੀਤਾ।
“ਮੈਂ ਆਪ ਦੀ ਔਲਾਦ ਤਾਂ ਵਾਪਿਸ ਨਹੀਂ ਲਿਆ ਸਕਦਾ, ਪਰ ਮੇਰੇ ਸਿਰ ‘ਤੇ ਤੁਸੀਂ ਰਹਿਮਤ ਦਾ ਹੱਥ ਰੱਖੋ, ਤਾਂ ਮੈਂ ਪੁੱਤ ਹੋਣ ਦਾ ਫ਼ਰਜ਼ ਨਿਭਾਉਣਾ ਚਾਹੁੰਦਾ ਹਾਂ…।” ਕਨੇਰ ਦੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਅੱਬਾਸ ਨੇ ਕਿਹਾ। ਕਨੇਰ ਖ਼ਾਮੋਸ਼ੀ ਨਾਲ ਪੂਰਨ ਦੇ ਕਮਰੇ ਵੱਲ ਦੇਖਣ ਲੱਗ ਪਈ। ਅੱਬਾਸ ਪੂਰਨ ਖੰਨਾ ਦੇ ਕਮਰੇ ਵੱਲ ਟੁਰ ਪਿਆ।
“ਦਫ਼ਾ ਹੋ ਜਾ ਮੇਰੇ ਘਰੋਂ…।” ਪੂਰਨ ਨੇ ਦਹਾੜ ਮਾਰੀ ਤੇ ਅੱਬਾਸ ਆਪਣੇ ਗੋਡੇ ਟੇਕ ਕੇ ਜ਼ਮੀਨ ‘ਤੇ ਹੀ ਬੈਠ ਗਿਆ ਅਤੇ ਹੰਝੂ ਭਰ ਕੇ ਪੂਰਨ ਦੇ ਦੁੱਖ ਵਿੱਚ ਸਾਂਝ ਪਾਉਣ ਲੱਗਾ। ਪੂਰਨ ਨੇ ਕਾਫ਼ੀ ਬੋਲ-ਕੁਬੋਲ ਕਰ ਕੇ ਅੱਬਾਸ ਨੂੰ ਜ਼ਲੀਲ ਕੀਤਾ। ਅਖੀਰ ਜਦ ਪੂਰਨ ਖੰਨਾ ਦੇ ਸ਼ਾਂਤ ਹੋਣ ਤੋਂ ਬਾਦ ਅੱਬਾਸ ਨੇ ਬੋਲਣ ਲਈ ਆਪਣੀ ਜ਼ੁਬਾਨ ਖੋਲੀ, “ਤੁਸਾਂ ਮੇਰੇ ਅੰਕਲ ਨਹੀਂ, ਹੁਣ ਤੁਸਾਂ ਮੇਰੇ ਅੱਬੂ ਜਾਨ ਹੋ! ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ ਤੇ “ਖੂਨ ਦਾ ਰਿਸ਼ਤਾ” ਬਣਦਾ ਹੈ, ਤੁਸਾਂ ਵੀ ਆਪਣਾਂ ਖੂਨ ਦੇ ਕੇ ਮੈਨੂੰ ਜੀਵਨ ਦਾਨ ਦਿੱਤਾ ਹੈ … ਆਪ ਦਾ ਖੂਨ ਮੇਰੀਆਂ ਰਗਾਂ ਵਿੱਚ ਹੈ, ਅਗਰ ਹੁਣ ਤੁਸਾਂ ਕੱਢ ਸਕਦੇ ਹੋ, ਤੇ ਕੱਢ ਲਵੋ…।” ਅੱਬਾਸ ਬਹੁਤ ਭਾਵੁਕ ਹੋ ਕੇ ਪੂਰਨ ਖੰਨਾ ਦੇ ਪੈਰਾਂ ‘ਤੇ ਡਿੱਗਿਆ ਵੈਰਾਗਮਈ ਬੋਲ ਰਿਹਾ ਸੀ।
“ਤੇਰੇ ਮਰਨ ਨਾਲ ਮੇਰਾ ਖੂਨ ਵਾਪਸ ਮਿਲ ਜਾਏਗਾ … ਸਮਝਿਆ ਤੂੰ?” ਪੂਰਨ ਨੂੰ ਅਜੇ ਵੀ ਆਪਣਾ ਖੂਨ ਮੁਸਲਮਾਨ ਨੂੰ ਦੇਣ ਦਾ ਦੁੱਖ ਸੀ।
“ਅਗਰ ਮੇਰੀ ਜਾਨ ਲੈਣ ਨਾਲ ਆਪ ਦੀ ਔਲਾਦ ਵਾਪਸ ਆਉਦੀਂ ਹੈ, ਤੇ ਜ਼ਰੂਰ ਲੈ ਲਵੋ… ਤੁਸਾਂ ਹੀ ਇਸ ਜਾਨ ਨੂੰ ਬਚਾਇਆ ਹੈ… ਤੁਸਾਂ ਮੇਰੇ ਅੱਬੂ ਜਾਨ ਹੋ ਹੁਣ…।” ਅੱਬਾਸ ਦੇ ਨਾਲ ਉਸ ਦੇ ਆਪਣੇ ਪਿਉ ਦੀਆਂ ਅੱਖਾਂ ਵੀ ਜਾਰੋ-ਜਾਰ ਰੋ ਰਹੀਆਂ ਸਨ। ਪੂਰਨ ਖੰਨਾ ਨੇ ਅੰਗਿਆਰ ਭਰੀਆਂ ਅੱਖਾਂ ਨਾਲ ਕਨੇਰ ਨੂੰ ਵੇਖਿਆ ਤੇ ਸ਼ਾਂਤ ਹੋ ਗਿਆ। ਜਿਵੇਂ ਕਿ ਕਨੇਰ ਦੀ ਅੱਖਾਂ ਦੇ ਪਾਣੀ ਨੇ ਅੰਗਿਆਰਾਂ ਨੂੰ ਠੰਡਾ ਕਰ ਦਿੱਤਾ ਸੀ। ਪੂਰਨ ਦੇ ਮਨ ਨੂੰ ਵੀ ਪਤਾ ਸੀ ਕਿ ਅੱਬਾਸ ਦੀ ਹਰ ਗੱਲ ਵਿੱਚ ਸੱਚਾਈ ਸੀ। ਪੂਰਨ ਖੰਨਾ ਦੀਆਂ ਨਾੜਾਂ ‘ਚੋਂ ਚੜ੍ਹਾਇਆ ਖੂਨ ਹੁਣ ਅੱਬਾਸ ਦੇ ਸਰੀਰ ‘ਚੋਂ ਨਿਕਲ ਨਹੀਂ ਸਕਦਾ ਸੀ, ਅਤੇ ਨਾ ਹੀ ਪੂਰਨ ਦੀ ਮਰੀ ਹੋਈ ਔਲਾਦ ਵਾਪਸ ਆ ਸਕਦੀ ਸੀ। ਆਪਣੀਆਂ ਮੀਟੀਆਂ ਹੋਈਆਂ ਮੁੱਠੀਆਂ ਪੂਰਨ ਨੇ ਸਹਿਜ ਨਾਲ ਖੋਲ੍ਹ ਲਈਆਂ ਅਤੇ ਅੱਖਾਂ ਬੰਦ ਕਰ ਲਈਆਂ। ਅੱਬਾਸ ਦੇ ਪਿਤਾ ਨੇ ਪੂਰਨ ਖੰਨਾ ਨੂੰ ਸਹਾਰਾ ਦੇ ਕੇ ਬਿਠਾਇਆ। ਸਹਾਨਭੂਤੀ ਪਾ ਕੇ ਇੱਕ ਵਾਰ ਫੇਰ ਪੂਰਨ ਨੇ ਖੂਨ ਵਿੱਚ ਦੱਬੇ ਗੁੱਸੇ ਨੂੰ ਅੱਖਾਂ ਦੇ ਪਾਣੀ ਰਾਹੀਂ ਛੱਲ-ਛੱਲ ਕਰ ਬਾਹਰ ਕੱਢ ਦਿੱਤਾ।
“ਨਹੀਂ ਅੱਬੂ, ਅੱਜ ਤੋਂ ਬਾਅਦ ਇਹਨਾਂ ਹੰਝੂਆਂ ਦਾ ਆਪ ਦੀਆਂ ਅੱਖਾਂ ‘ਚ ਕੋਈ ਕੰਮ ਨਹੀਂ। ਜਿੰਨੇ ਨਿਕਲਣੇ ਸੀ, ਅੱਜ ਤੱਕ ਨਿਕਲ ਗਏ…!” ਆਖਦੇ ਹੋਏ ਅੱਬਾਸ ਨੇ ਪੂਰਨ ਖੰਨਾ ਦੇ ਹੰਝੂ ਪੂੰਝ ਉਸ ਨੂੰ ਜੱਫ਼ੇ ਵਿੱਚ ਲੈ ਲਿਆ। ਪੂਰਨ ਖੰਨਾ ਨੂੰ ਇੱਕ ਪਲ ਭਰ ਨੂੰ ਲੱਗਿਆ ਕਿ ਜਿਵੇਂ ਉਸ ਦੇ ਆਪਣੇ ਪੁੱਤ ਨੇ ਹੀ ਆ ਕੇ ਜੱਫ਼ਾ ਭਰ ਲਿਆ ਸੀ। ਹੁਣ ਤੱਕ ਪੂਰਨ ਖੰਨਾ ਦਾ ਮਨ ਸੱਚਾਈ ਨੂੰ ਸਵੀਕਾਰ ਕਰ ਚੁੱਕਿਆ ਸੀ। ਕਨੇਰ ਖੰਨਾ ਸਾਰਿਆਂ ਲਈ ਪਾਣੀ ਲੈ ਕੇ ਆ ਗਈ। ਮਾਹੌਲ ਕਾਫ਼ੀ ਦੇਰ ਤੱਕ ਸ਼ਾਂਤ ਰਿਹਾ ਅਤੇ ਅੱਬਾਸ, ਪਿਤਾ ਰੂਪ ‘ਚ ਸਵੀਕਾਰ ਕਰ ਚੁੱਕੇ ਪੂਰਨ ਖੰਨਾ ਦੇ ਨਾਲ ਬਹੁਤ ਅਪਣੱਤ ਅਤੇ ਮੁਹੱਬਤ ਨਾਲ ਗੱਲਾਂ ਕਰਦਾ ਰਿਹਾ।
“ਮੇਰੇ ਭਾਗ ਚੰਗੇ ਸੀ ਕਿ ਇੱਕ ਹੋਰ ਪਿਉ ਦਾ ਹੱਥ ਮੇਰੇ ਸਿਰ ‘ਤੇ ਆ ਗਿਆ… ਹੁਣ ਮੈਂ ਹਮੇਸ਼ਾ ਆਪਦੇ ਕੋਲ ਹੀ ਹਾਂ।” ਅੱਬਾਸ ਨੇ ਭਰੋਸਾ ਦਿੱਤਾ।
“ਮੇਰੇ ਬੇਟੇ ਕਾ ਹਾਦਸਾ ਹੋਇਆ, ਤੇ ਆਪ ਨੇ ਮੇਰੇ ਬੇਟੇ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ, ਮਰਨੋਂ ਬਚਾਇਆ। ਸ਼ਾਇਦ ਇਹ ਅੱਲਾਹ ਪਾਕ ਦਾ ਹੀ ਤਾਣਾ ਬਾਣਾ ਸੀ, ਸ਼ਾਇਦ ਉਸ ਨੇ ਹੀ ਇਸ ਨਵੇਂ ਰਿਸ਼ਤੇ ਨੂੰ ਤਫ਼ਸੀਲ ਕਰਨਾ ਹੋਉਗਾ?” ਅੱਬਾਸ ਦੇ ਪਿਉ ਖ਼ਾਲਿਦ ਮੁਹੰਮਦ ਨੇ ਨਵੇਂ ਰਿਸ਼ਤੇ ਦੀ ਸਹਿਮਤੀ ਦਾ ਹੁੰਗਾਰਾ ਭਰਿਆ।
“……………।” ਪੂਰਨ ਖੰਨਾ ਚੁੱਪ ਸੀ।
“ਸਰਦਾਰ ਜੀ, ਗਲਤੀ ਇੱਕ ਇਨਸਾਨ ਕਰਦਾ ਹੈ ਅਤੇ ਦੋਸ਼ੀ ਸਾਰੀ ਕੌਮ, ਜਾਂ ਸਾਰਾ ਮੁਲਕ ਬਣ ਜਾਂਦਾ ਹੈ। ਹਰ ਬੰਦਾ ਔਰੰਗਜ਼ੇਬ ਨਹੀਂ ਹੁੰਦਾ, ਤੇ ਹਰ ਬੰਦਾ ਪੀਰ ਬੁੱਧੂ ਸ਼ਾਹ ਵੀ ਨਹੀਂ ਬਣ ਸਕਦਾ। ਜੇ ਕੌਮ ਵਿੱਚ ਗੰਗੂ ਵਰਗੇ ਦੁਸ਼ਟ ਸਨ, ਤਾਂ ਓਸੀ ਕੌਮ ਵਿੱਚ ਸਤਿਯੁਗੀ ਪੁਰਸ਼ ਦੀਵਾਨ ਕੌੜਾ ਮੱਲ ਵਰਗੇ ਵੀ ਜਿਉਂਦੇ ਜਾਗਦੇ ਸਨ। ਜੇ ਇੱਕ ਖ਼ਬੀਸ ਦੇ ਬੱਚੇ ਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਅਸੀਂ ਦੋਸ਼ੀ ਥੋੜ੍ਹੋ ਹੋ ਗਏ?” ਅੱਬਾਸ ਦੇ ਅੱਬੂ ਖ਼ਾਲਿਦ ਮੁਹੰਮਦ ਨੇ ਆਪਣੇ ਦਿਲ ਦੀ ਗੱਲ ਆਖੀ ਤਾਂ ਪੂਰਨ ਖੰਨਾ ਨੇ ਧਾਹ ਮਾਰ ਕੇ ਖ਼ਾਲਿਦ ਨੂੰ ਜੱਫ਼ੀ ਪਾ ਲਈ, “ਮੈਨੂੰ ਮੁਆਫ਼ ਕਰ ਭਾਈ ਜਾਨ, ਮੈਨੂੰ ਮੁਆਫ਼ ਕਰ! ਸਦਮੇਂ ਵਿੱਚ ਆ ਕੇ ਮੈਂ ਸਾਡੀ ਮਰਿਆਦਾ ਦੇ ਸਿਧਾਂਤ ਭੁੱਲ ਚੱਲਿਆ ਸੀ, ਮੁਆਫ਼ ਕਰ ਮੈਨੂੰ!” ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਛਰਾਟੇ ਪੈਣ ਲੱਗ ਪਏ। ਦੋ ਮਜ੍ਹਬਾਂ ਦੇ ਲੋਕ ਇੱਕ ਦੂਜੇ ਨੂੰ ਅਪਣੱਤ ਨਾਲ ਘੁੱਟੀ ਖੜ੍ਹੇ, ਰੋ ਰਹੇ ਸਨ। ਦਿਲਾਂ ਦਾ ਪਾੜਾ ਖਤਮ ਹੋ ਗਿਆ ਸੀ ਅਤੇ ਵੱਖੋ-ਵੱਖ ਮਾਵਾਂ ਦੇ ਜਾਏ ਇੱਕ-ਮਿੱਕ ਹੋਏ ਖੜ੍ਹੇ ਸਨ। ਖਾਰੇ ਹੰਝੂਆਂ ਨੇ ਵਿਤਕਰੇ ਅਤੇ ਈਰਖਾ ਵਾਲਾ ਕਲੰਕ ਧੋ ਮਾਰਿਆ ਸੀ। ਖ਼ਾਲਿਦ ਨਾਲੋਂ ਗਲਵਕੜੀ ਛੱਡ ਕੇ ਪੂਰਨ ਨੇ ਅੱਬਾਸ ਨੂੰ ਜੱਫ਼ੀ ਵਿੱਚ ਜਕੜ ਲਿਆ, “ਤੂੰ ਕਿਹੜਾ ਬਿਗਾਨਾ ਖ਼ੂਨ ਹੈਂ? ਮੇਰਾ ਹੀ ਤਾਂ ਲਹੂ ਹੈਂ! ਤੇਰੇ ਵਡੇਰਿਆਂ ਨੇ ਤਾਂ ਸਾਡੇ ਗੁਰੂ ਮਹਾਰਾਜ ਨੂੰ ਉਚ ਦਾ ਪੀਰ ਬਣਾ ਕੇ ਸਤਿਕਾਰ ਦਿੱਤਾ। ਬਾਬਾ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਾਲ ਰਿਹਾ। ਪਰ ਮੈਂ ਹੀ ਬੇਮੁੱਖ ਤੇ ਦਿਸ਼ਾਹੀਣ ਹੋ ਗਿਆ ਸੀ, ਪੁੱਤ! ਤੂੰ ਮੇਰਾ ਹੀ ਖ਼ੂਨ ਹੈਂ!” ਤੇ ਉਸ ਨੇ ਅੱਬਾਸ ਨੂੰ ਮੁੜ ਗਲਵਕੜੀ ਵਿੱਚ ਘੁੱਟ ਲਿਆ। ਸਭ ਦੀਆਂ ਅੱਖਾਂ ਨਮ ਸਨ। ਕਨੇਰ ਖੰਨਾ ਸਾਰਿਆਂ ਲਈ ਚਾਹ ਦੀ ਟਰੇਅ ਚੁੱਕੀ ਖੜ੍ਹੀ ਸੀ। ਉਸ ਦੀਆਂ ਅੱਖਾਂ ਵਿੱਚ ਵੀ ਵੈਰਾਗ ਦੇ ਅੱਥਰੂ ਕੰਬ ਰਹੇ ਸਨ।

ਵਾਵਰੇਲੇ

$
0
0

ਓਧਰ ਪ੍ਰੋਫੈਸਰ ਦੀ ਚਿਤਾ ਨੂੰ ਅੱਗ ਮਘ੍ਹੀ, ਏਧਰ ਲਸ਼ਕਰ ਦੇ ਸਕੂਲ ਗਰਾਉਂਡ ਨਾਲ ਜੁੜਵੇਂ ਸਮਾਣਝਿੜੀ ਦੇ ਬੰਨੇ ਤੇ ਖੜੋਤੇ ਆਪਣਾ ਕਾਰਜ ਆਰੰਭ ਦਿੱਤਾ – “ਪ੍ਰੋ : ਸ਼ੇਰੀ ਜ਼ਿੰਦਾਬਾਦ  — । ”
ਉਸਦੇ ਲਾਗੇ-ਪਾਸੇ , ਬੈਠੇ-ਖੜੇ ਸੌ-ਪੰਜਾਹ ਚਿਹਰੇ ਇਕ-ਦੰਮ ਸਾਵਧਾਨ ਹੋ ਗਏ । ਪਰ , ਉਸਦੀ ਆਵਾਜ਼ ਪਹਿਲੀ ਆਵਾਜ਼ ਦੇ ਉੱਤਰ ਵਿੱਚ ਮਸਾਂ ਪੰਜ ਦਸ ਆਵਾਜਾਂ ਹੀ ਉੱਠੀਆਂ ।
ਉਹ ਵੀ ਢਿੱਲੀਆਂ –ਮੱਠੀਆਂ ।
ਦੂਜੀ ਆਵਾਜ਼ ਉਸ ਨੇ ਹੋਰ ਜ਼ੋਰ ਦੀ ਕੱਸੀ – “ਪ੍ਰੋ : ਸ਼ੇਰ ਸਿੰਘ ਸ਼ੇਰੀ ” ।
ਹੁਣ ਦਾ ਉੱਤਰ ਪਹਿਲਾਂ ਨਾਲੋਂ ਕਾਫੀ ਤਿੱਖਾ ਸੀ , ਤੇ ਭਰਵਾਂ ਵੀ ।
ਤੀਜਾ ਨਾਅਰਾ ਲਾਉਣ ਲਾਉਣ ਵੇਲੇ ਲਸ਼ਕਰ ਇਕੱਲਾ ਨਈਂ ਮਿੰਦਰ ਵੀ ਨਾਲ ਸੀ ।ਮਿੰਦਰ ਵਕੀਲ । ਪ੍ਰੋਫੈਬਰ ਦਾ ਲੰਗੋਟੀਆ । ਜਿਸ ਨੂੰ ਨਾ ਆਪਣੇ ਕਿੱਤੇ ਨਾਲ ਮੋਹ ਸੀ ਨਾ ਲਸ਼ਕਰ ਦੇ ਕੰਮ ਕਾਰ ਨਾਲ । ਉਸ ਨੂੰ ਬੱਸ ਲੌਡੇ ਵੇਲੇ  ਤੋਂ ਕਿਸੇ ਦੀ ਉਡੀਕ ਚੂੰਡੀਆਂ ਵੱਡਣ ਲਗਦੀ । ਲਸ਼ਕਰ ਪਹੁੰਚ ਜਾਏ ਤਾਂ ਖ਼ਰੀ ਵਾਹਵਾ ਨਹੀ ਤਾਂ ਪ੍ਰੋਫੈਸਰ ਨੇ ਤਾਂ ਆਉਣਾ ਈ ਹੁੰਦਾ , ਜ਼ਰੂਰ-ਬਰ-ਜ਼ਰੂਰ । ਕਦੀ –ਕਦਾਈਂ ਪ੍ਰੋਫੈਸਰ ਅੱਡਿਓ ਉੱਤਰਦਾ ਈ ਫੜੀ ਲਿਆਉਂਦਾ । ਜਾਂ ਕਿਸੇ ‘ਸੇਵਾਦਾਰ ’ ਦੀ ਕੀਤੀ ਸੰਭਾਲ ਲਿਆਉਂਦਾ । ਬਗ਼ਲ-ਬੈਗ ‘ਚ ਲਕੋ ਕੇ । ਪਰ ਬਹੁਤੀ ਵਾਰ ਹਿੱਸਾ-ਪੱਤੀ ਹੀ ਚਲਦੀ । ਦੋਨਾਂ ਵਿਚਕਾਰ । ਜੇ ਭਨੋਟ ਆ ਰਲ੍ਹੇ ਤਾਂ ਚੋਹਾਂ ਵਿਚਕਾਰ ।
ਬੱਸ ਫਿਰ , ਸਾਰੇ ਯਾਰ ਇਕੱਠੇ ਭਿੜਦੇ-ਦਿਨ ਢਲੇ ਤੱਕ ।
ਲਸ਼ਕਰ-ਮਿੰਦਰ ਦਾ ਹੋਕਰਾ ਸੁਣਕੇ , ਭਨੋਟ ਤੋਂ ਵੀ ਰਿਹਾ ਨਾ ਗਿਆ ।
ਤਿੰਨਾਂ ਦੀ ਜੁੜਵੀਂ ਆਵਾਜ਼ ਨੇ ਸਾਰੀ ਮਾਤਰੀ ਸੱਥ ‘ਚ ਹਿੱਲ-ਜੁਲ ਪੈਦਾ ਕਰ ਦਿੱਤੀ – ਅੱਛੀ ਖਾਸੀ ਹਿੱਲ-ਜੁਲ ।
ਜ਼ਿੰਦਾਬਾਦ-ਜ਼ਿੰਦਾਬਾਦ ਕਰਦੇ ਕਰੀਬ ਸਾਰੇ ਲੋਕੀਂ ਉਹਨਾਂ ਦੇ ਲਾਗੇ ਨੂੰ ਹੋ ਜੁੜੇ । ਥੌੜੇ ਕੁ ਜਣੇ ਸੋਗੀ ਚਿਹਰੇ ਲਈ ਬਹੁਤੇ ਜਣੇ ਮਸਕੜੀਆਂ ਹੱਸਦੇ । ਹੱਸਦੇ ਵੀ ਕਿਉਂ ਨਾ । ਉਹ ਕਿਹੜਾ ਨਹੀਂ ਸੀ ਜਾਣਦੇ ਭਨੋਟ ਨੂੰ , ਮਿੰਦਰ ਨੂੰ ਜਾਂ ਲਸ਼ਕਰ ਨੂੰ । ….ਬੜੀ ਚੰਗੀ ਤਰ੍ਹਾਂ ਜਾਣਦੇ ਸਨ ਸਭ ਨੂੰ । ਪਹਿਲਾਂ ਉਹਨਾਂ ਸਮਝਿਆ – ‘ਏਨ੍ਹਾ ਫੇਰ ਪੀਤੀ ਹੋਣੀ ਆਂ, ਨਿੱਤ ਵਾਂਗ । ਐਮੇਂ ਵਿਯੋਗ ਜਿਆ ਕਰੇ ਹੋਣੇ ਆ ਯਾਰ ਆਪਣੇ ਦਾਆ । ’ਪਰ, ਸਭ ਦਾ ਧਿਆਨ ਆਪਣੀ ਵਲ ਕੇਂਦਰਿਤ ਹੋਇਆ ਦੇਖ ਲਸ਼ਕਰ ਨੇ ਮੌਕਾ ਸਾਂਭ ਲਿਆ । ਜਿਵੇਂ ਹੋਰਨੀਂ ਥਾਈਂ ਸਾਂਭ ਲੈਂਦਾ ਪੇਪਰ-ਮਿੱਲ ਅੱਗੇ ਖੰਡ-ਮਿੱਲ ਸਾਹਮਣੇ ਜਾਂ ਪੈਪਸੀ-ਫੂਡ ਦੇ ਗੇਟ ਤੇ । ਗੇਟ-ਰੈਲੀ ਕਰਨ ਲਈ ਜਾਂ ਨੁੱਕਰ-ਮੀਟਿੰਗ ।
ਨੁੱਕਰ-ਮੀਟਿੰਗ , ਗੇਟ-ਮੀਟਿੰਗ ਕਰਨ ਲਈ ਤਾਂ ਮੱਦੇ ਹੁੰਦੇ ਐ ਉਸ ਕੋਲ ਬੱਝਵੇਂ । ਮਸਲੇ ਹੁੰਦੇ ਐ , ਭਖਵੇਂ-ਦਿਹਾੜੀ ਵਧਾਉਣ ਦੇ , ਕਟੌਤੀ ਦੇ ਬੋਨਸ ਲੈਣ ਦੇ, ਜਾਂ ਛਾਟੀ ਰੁੱਕ ਵਾਉਣ ਦੇ , ਉਹਨਾਂ ਮੁੱਦਿਆਂ-ਮਸਲਿਆਂ ਲਈ ਉਸ ਕੋਲ ਭਾਸ਼ਾ ਵੀ ਹੁੰਦੀ , ਲੱਛੇਦਾਰ ਤੇ ਤੱਥ ਵੀ ਹੁੰਦੇ , ਅੰਕੜੇਦਾਹ ।  ਅੱਗੋਂ ਵਰਕਿੰਗ-ਲੇਬਰ ਵੀ ਸੁਨਣ ਨੂ ਤਿਆਰ ਹੁੰਦੀ ਕੁਝ ਨਵਾਂ ਕੁਝ ਪੁਰਾਣਾਂ । ਉਸਦ ਪਹਿਲੀ ਆਵਾਜ਼ ਤੇ ਹੀ ਸਾਰੀ ਸ਼ਿਫਟ ਇਕ ਥਾਂ ਹੋ ਜੁੜਦੀ । ਦੂਜੇ ਤੀਜੇ ਨਾਅਰੇ ਨਾਲ ਅਸਮਾਨ ਸਿਰ ਤੇ ਚੁੱਕਿਆ ਜਾਂਦਾ । ਬੱਸ ਫਿਰ ਅੱਗੇ ਚੱਲ ਸੋ ਚੱਲ । ਉਹ ਰੁਕਦਾ ਤਾਂ ਦਰਸ਼ੀ ਪਿੜ ਸਾਂਭ ਲੈਂਦਾ , ਮਾਸਟਰ ਦਰਸ਼ਨ । ਉਹ ਥੱਕਦਾ ਤਾਂ ਜਲਾਲ ਚੱਕੀਆਂ ‘ਜਾਗਰ । ਉਸ ਤੋਂ ਪਿਛੋਂ , ਖਾਨਪੁਰੀ ਬੋਲ੍ਹਾ । ਵਿਚ ਵਾਰ ਕੋਈ ਮਿਲ੍ਹ ਕਾਮਾਂ ਵੀ । ਫਿਰ ਖੂਬ ਨਾਅਰੇਬਾਜ਼ੀ ਹੁੰਦੀ ਤੇ ਗਰਮ-ਗਰਮ ਤਕਰੀਰਾਂ । ਖੜਿਆਂ-ਬੈਠਿਆਂ ਕਈ ‘ਰਾਵਨ ’ ਡੋਗ ਲਏ ਜਾਂਦੇ । ਸਰਕਾਰੀ ਅਫ਼ਸਰਾਂ; ਪੂੰਜੀ-ਮਾਲਕਾਂ , ਸੰਤਰੀਆਂ –ਮੰਤਰੀਆਂ ਨੂੰ ਧੱਕੜਸ਼ਾਹ , ਲੁਟੇਰੇ ,ਟੁੱਕੜ-ਬੋਚ ਵਰਗੇ ਔਖੇ ਭਾਰੇ ਵਿਸ਼ੇਸ਼ਣਾਂ ਨਾਲ ਨਿੰਦਿਆ-ਭੰਡਿਆ ਜਾਂਦਾ । ਭਾਰਤੀ ਪ੍ਰਧਾਨਮੰਤਰੀ ਤੋਂ ਲੈ ਕੇ ਅਮਰੀਕੀ ਰਾਸ਼ਟਰਪਤੀ ਤੱਕ ਦੀ ‘ਮੁਰਦਾਬਾਦ ’ ਹੁੰਦੀ ।ਤੇ ਅੰਤ ਵਿਚ ਕਿਸੇ ਕਾਮੇ ਭਰਾ ਦੇ ਤੱਤ-ਕਾਲੀਨ ਮਸਲੇ ਤੇ ਕੋਈ ‘ਅਹਿਮ ’ ਫੈਸਲਾ ਲੈ ਕੇ ਇਕੱਤਰ ਹੋਈ ਭੀੜ ਆਪੋ-ਆਪਣੇ ਘਰੀਂ-ਪਿੰਡੀ ਹੋ ਤੁਰਦੀ । ਤੇ ਲਸ਼ਕਰ-ਲਸ਼ਕਰ ਸਿੱਧਾ ਸ਼ਹਿਰ ਪਹੁੰਚ ਜਾਂਦਾ । ਮਿੰਦਰ ਕੋਲ , ਕਚਹਿਰੀ ।
…..ਮਸਾਂਣਝਿੜੀ ਦੇ ਬੰਨੇ ਤੇ ਲਸ਼ਕਰ ਦੇ ਨਾਲ ਢੁੱਕ ਕੇ ਖੜੋਤੇ ਮਿੰਦਰ ਨੇ ਜਿਵੇਂ ਲਸ਼ਕਰ ਨੂੰ ਸਾਹ ਦਵਾਉਣ ਲਈ ਇਕ ਨਾਅਰਾ ਹੋਰ ਕਸਿਆ – “ ਪ੍ਰੋ : ਸ਼ੇਰ ਸਿੰਘ ਸ਼ੋਰੀ ….. ।”
ਇਸ ਵਾਰ ਵੀ ‘ਜ਼ਿੰਦਾਬਾਦ ’ ਸਕੂਲ ਗਰਾਂਊਂਡ ਦੇ ਪਾਰਲੇ ਸਿਰੇ , ਸੁੰਨ-ਪੱਥਰ ਹੋਈ ਗਿੰਦਰੋ ਨੂੰ ਸਾਂਭਦੀ ਤੇਜੋ ਬੇਰੇ ਦੀ ਪਿਛਵਾੜੀ ਬੈਠੀਆਂ ਢੇਰ ਸਾਰੀਆਂ ਮਾਈਆਂ –ਬੀਬੀਆਂ ਤੱਕ ਭੀ ਪਹੁੰਚ ਗਈ ।
“ਕੁੜੇ  ਹਾਆ ਕਾਦ੍ਹਾ ਰੌਲਾ…..? ” ਆਪਣੀ ਘੁਸਰ-ਮੁਸਰ ਬੰਦ ਕਰਦਿਆਂ ਉਹਨਾਂ ਸਾਰਾ ਧਿਆਨ ਮਸਾਣਝਿੜੀ ਨਾਲ ਜੁੜਦਾ ਕਰ ਲਿਆ ।
ਇਹੋ ਜਿਹਾ ਅਲੋਕਾਰੀ ਵਰਤਾਰਾ ਉਹਨਾਂ ਪਹਿਲਾਂ ਕਦੀ ਨਹੀਂ ਸੀ ਦੇਖਿਆ । ਖਾਸ ਕਰ ਐਸ ਥਾਂ । ਇਥੇ ਆਉਣ-ਜਾਣ ਤਾਂ ਉਹਨਾਂ ਦਾ ਬਣਿਆ ਈ ਰਹਿੰਦਾ ਸੀ ਅਕਸਰ । ਕਿਸੇ ਦਾ ਧੀ –ਪੁੱਤਰ ; ਕਿਸੇ ਦਾ ਮਾਈ-ਬਾਪ , ਤਾਇਆ-ਚਾਚਾ , ਵੱਡਾ-ਛੋਟਾ । ਕੋਈ ਵਾਰੀ ਸਿਰ ਖਾ ਭੋਗ ਕੇ , ਕੋਈ ਬਿਨਾਂ ਈ ਵਾਰੀਓ-ਤੁਰਦਾ-ਫਿਰਦਾ , ਖਾਂਦਾ –ਕਮਾਉਂਦਾ …..।
ਉਹਨਾਂ ਵਿਚ਼ਂ ਕੋਈ ਵੀਖ ਕਿਸੇ ਦੀ ਗਮੀਉਂ ਪਿੱਛੇ ਨਹੀਂ ਸੀ ਰਹੀ ।
ਜੇ ਕੋਈ ਰਹੀ ਵੀ ਸੀ , ਤਾਂ ਉਹ ਪਹਿਲਾਂ ਭਾਈਆਂ ਕੋ ਨਿੰਦੀ ਨੇ ਨਾਲ ਤੋਰ ਲਈ , ਫਿਰ ਲੰਬੜਾਂ ਕੇ ਦਾਰੀ ਨੇ ।
ਇਹਨਾਂ ਤੋਂ ਅੱਗੇ ਤਾਂ ਬੱਸ ਚੱਲ ਸੋ ਚੱਲ ।
ਪਹਿਲਾ ਨੰਬਰ ਮਿਸਤਰੀਆਂ ਦੇ ਨਿੰਦੀ ਦਾ ਲੱਗਾ । ਉਹ ਆਹਰਨ ਤਾਈ ਬੈਠਾ ਸੀ ਆਪਣੇ ‘ਕਾਰਖਾਨੇ ’। ਲੰਬੜਾਂ ਦਾ ਦਾਰੀ ਮਲਕਚਾਰੇ ਆ ਬੈਠਾ ਉਹਦੇ ਲਾਗੇ । ਆਖਣ ਲੱਗਾ –“ਭਊ ਚੈਨੀ ਟੁੱਟ ਕੇ ਪਈਏ ‘ਚ ਫਸ ਗਈ ਆ ਸੈਕਲ ਦੇ । ਤੁਰਦਾ ਨਈ ਹੁਣ ! ‘ਥੋੜੀ ਸੁੱਥਾ ਚਾਹੀਦਾ ,ਨਾਲ ਤੂੰ ਮੀ । ਐਥੇ ਈ ਐਸੇ ਈ ਫਿਰਨੀ ਤੇ ਔੜ ਤੇ …..।“ ਉਹ ਭਲਾ-ਲੌਕ ਉਵੇਂ ਈ ਉੱਠ ਤੁਰਿਆ-ਸੁੰਥਾ , ਹਥੌੜੀ , ਸੰਨ੍ਹੀ ਤੇ ਹੋਰ ਨਿਕ-ਸੁਕ ਨਾਲ ਚੁੱਕ ਕੇ । ਪਹਿਲਾਂ ਵੀ ਜਾਂਦਾ-ਆਉਂਦਾ ਸੀ , ਉਸਦੇ ਨਾਲ !  ਅੱਗੇ ਗਿਆ ਤਾਂ ਹੋਰ ਈ ਆਫ਼ਤ ਆ ਚੜ੍ਹੀ ਸਿਰ ਤੇ ! ….. ਇਕ ਅਣ-ਪਛਾਤਾ ਛੋਹਰ ਖੜਾ ਸੀ , ਦਾਰੀ ਹੋਣਾ ਦੀ ਬੰਬੀਓ ਪਰਾਂ । ਕੋਲ ਸਾਇਕਲ ਸੀ ਉਹਦੇ  , ਨਵਾਂ-ਨਿਕੋਰ । ਵਿਲਕੁਲ ਠੀਕ-ਠਾਕ ।ਉਹਦੇ ਪੈਂਦੀ ਸੱਟੇ ਨਿੰਦੀ ਨੂੰ ਹੁਕਮ ਚਾੜ ਦਿੱਤਾ – “ਆਹ ਗੋਲ੍ਹੀ ਕੱਢਣੀ ਆ , ਪਸਤੌਲ ‘ਚੋ । ਬੱਸ ਮਿੰਟੋ-ਮਿੰਟੀ । ਨਈਂ ਆਹ ਦੇਖ ਲਾਆ ……।” ਨਾਲ ਈ ਉਹਨੇ ਡੱਬ ‘ਚ ਦਿੱਤਾ ਮਊਜ਼ਰ ਕੱਢ ਕੇ ਸੱਜੀ ਮੁੱਠ ‘ਚ ਦੱਬ ਲਿਆ ।ਨਿੰਦੀ ਵਿਚਾਰਾ ਥਾਏਂ ਗਡਿਆ ਗਿਆ । ਉਸਦਾ ਉੱਪਰਲਾ ਸਾਹ ਉੱਪਰ ਹੇਠਲਾ ਹੇਠਾਂ । ਉਹਨੇ ਨਾ ਕਦੀ ਪਸਤੌਲ ਦੇਖਿਆਂ ਸੀ , ਨਾ ਗੋਲੀ । ਨਾ ਉਹਨੂੰ ਪਤਾ ਸੀ ਏਹ ਪੈਂਦੀ ਕਿਥੋਂ ਆਂ, ਨਾ ਪਤਾ ਸੀ ਨਿਕਲਦੀ ਕਿੱਦਾਂ । ਉਹਨੇ ਡਰਦੇ-ਡਰਦੇ ਨੇ ਆਪਣੇ ਸੰਦ –ਉਜਾਰ ਹੇਠਾਂ ਰੱਖ ਕੇ ਪਸਤੌਲ ਫੜ ਲਈ – ਚਾਰ ਕੁ ਉੱਗਲਾਂ ਲੰਮੀ ਨਾਲ ਵਾਲੀ ਦੇਸੀ ਜਿਹੀ ਘਾੜਤ । ਦੋ-ਚਾਰ ਉਲਟਾ-ਪੁਲਟਾ ਤੇ ਉਹਦੀ ਬਰੀਕ ਬੁੱਧੀ ਨੇ ਮਾੜੀ-ਮੋਟੀ ਬਣਤਰ ਵੀ ਸਮਝ ਲਈ । ਸਿਰ ਤੇ ਖੜੀ ਮੌਤ ਤੋਂ ਡਰਦੇ ਨੇ ਥੋੜੀ-ਬਹੁਤ ਛੇੜਛਾੜ ਵੀ ਕੀਤੀ । ਪਰ ਗੱਲ ਕੋਈ ਬਣੀ ਨਾ ।
ਹਾਰ ਕੇ ਪੁਰਜਾ ਉਹਨੇ ਮੁੰਡੇ ਵਲ ਧਮਾਉਂਦਿਆਂ ਆਪਣੀ ਬੇ-ਬਸੀ ਦੱਸ ਦਿੱਤੀ ….” ਮੈਨੂੰ ਏਦ੍ਹੀ ਸਮਝ ਨਈਂ ਲੱਗੀ , ਭਰਾਅ……. । ”
“ਕੋਈ ਨਈਂ ਹੁਣੇ ਲੱਗ ਜੂ – ”,ਅੱਖ ਝਮੱਖੇ ਅੰਦਰ ਹੀ ਉਸਦੇ ਹੱਥਲੇ ਮਾਊਜਰ ਦੀਆਂ ਪੰਜ ਛੇ ਗੋਲੀਆਂ , ਨਿੰਦੀ ਦਾ ਮੂੰਹ-ਸਿਰ ਛਾਂਨਣੀ ਕਰਕੇ ਤੁਰਦੀਆਂ ਹੋਈਆਂ ।
ਅਗਲੇ ਹੀ ਛਿੰਨ ਨਿੰਦੀ ਢੇਰੀ ਹੋਇਆ ਪਿਆ ਸੀ , ਦਾਰੀ ਹੋਣਾਂ ਦੇ ਬੰਨੇ ਤੇ ।
ਰੋਂਦੇ –ਕਲਪਦੇ ਪਿੰਡ ਦੇ ਸਾਰੇ ਜੀਅ, ਉਸਨੂੰ ਮਸਾਣ-ਝਿੜੀ ਤੱਕ ਛੱਡਣ ਆਏ ਸਨ ।
ਕੋਈ ਵੀ ਪਿੱਛੇ ਨਹੀਂ ਸੀ ਰਿਹਾ । ਨਾ ਕੋਈ ਮਰਦ , ਨਾ ਇਸਤਰੀ ।
ਸਿਵਾ ਸ਼ੇਰੀ ਦੇ । ਉਸ ਕਿਧਰੇ ਮੇਲੇ-ਮੁਸ੍ਹਾਵੇ ਛਿੜਿਆ ਪਿਆ ਸੀ ਕਾਲਜ ਦੀ ਗਿੱਧਾ ਭੰਗੜਾ ਟੀਮ ਨਾਲ ।
ਉਹ ਪੰਜੀਂ-ਚੌਂਹ ਦਿਨੀਂ ਪਿੰਡ ਪਰਤਿਆਂ ਈ ਪਰਤਿਆ ਤਾਂ ‘ਨਿੰਦੀ ਦੇ ਘਰ ’  ਤੱਕ ਵੀ ਨਾ ਅੱਪੜਿਆ ।
ਹਾਰ ਕੇ ਬੇਬੇ ਨੇ ਉਸਨੂੰ ਰੁੱਖੀ ਜਿਹੀ ਝਿੜਕ ਮਾਰੀ – “ ਨਾਂ ਹੈਅ ਕੋਈ ਅਕਲ-ਮੱਤ ਟਿਕਾਣੇ ….ਸਾਰਾ  ਪਿੰਡ ਤਰਾ-ਤਰਾ ਕਰਨ ਡਿਆ ਆ ਤੂੰ ….ਅਪਣੇ ਈ ਰੰਗ-ਰੋਸ਼ਨ ‘ਚ ਤੁਰਿਆ-ਫਿਰਦਆਂ ….। ਕਾਦ੍ਹੀ ਪੜ੍ਹਾਈ ਆ ਤੇਰੀ ? ਤੇਰੇ ਨਾਲੋਂ ਤਾਂ ਸ਼ੈਰੀਏ ਮੁੰਡੇ ਸਿਆਣੇ ਆਂ , ਲਸ਼ਕਰ ਹੋਣੀ । ਹਰੇਕ ਥਾਂ ਅੱਪੜਦੇ ਦੇ ਆ ….ਮੂਹਰੇ ਸੱਭ ਤੋਂ । “
“ਜਾਆ ਈ ਆਏ ਆ ਸਾਰੇ ….ਮੈਂ ਜੇ ਨਾ ਵੀ ਗਿਆ ਤਾਂ ਕੀ ਹੈਂ ਚੱਲਿਆ ……”,ਏਨੇ ਕੁ ਸ਼ਬਦ ਸ਼ੇਰੀ ਦੀ ਬਦਲੀ-ਵਿਗੜੀ ਰੰਗਤ-ਸੰਗਤ ਦਾ ਪ੍ਰਗਟਾਵਾ ਸਨ ਜਾਂ ਉਸਦੀ ਨਵ-ਨਿਯੁਕਤੀ ਦੀ ਕਿਸੇ ਸ਼ਰਤ ਦਾ ਉਲਥਾ, ਬੇਬੇ ਨੂੰ ਇਸ ਦੀ ਸਮਝ ਤਾਂ ਨਈਂ , ਪਰ  ਉਸਦਾ ਬੇ-ਢਬਾ ਜਿਹਾ ਉੱਤਰ ਬੇ-ਹੱਦ ਓਪਰਾ-ਓਪਰਾ ਲੱਗਾ । ਓਪਰਾ ਤੇ ਸਿਰੇ ਦਾ ਭੈੜਾ ਵੀ । ਡੌਰ-ਭੌਰ ਹੋਈ ,ਉਹ ਉਸਦੇ ਮੂੰਹ-ਚਿਹਰੇ ਵੱਨ ਦੇਖਦੀ ਰਹੀ । ਉਸਦੇ ਭਾਵ-ਹੀਣ ਮੂੰਹ-ਮੱਥੇ ਵਲ , ਜਿਸ ਉੱਪਰ ਕਦੀ ਛੋਟੀ-ਵੱਡੀ ਹਰ ਘਟਨਾ-ਦੁਰਘਟਨਾ ਕਿੰਨੀ ਸਾਰੀ ਆਬਾਰਤ ਉੱਕਰ ਦਿਆ ਕਰਦੀ ਸੀ ।
….ਦਿਆਲੇ ਕਿਆਂ ਦੇ ਘਰ-ਟੱਬਰ ‘ਚ ਹੋਈ ਬੀਤੀ ਨੇ ਤਾਂ ਉਸਨੂੰ ‘ਸੁਦਾਈ ’ ਕਰ ਛਡਿਆ ਸੀ , ਪਿਛਲੇ ਤੋਂ ਪਿਛਲੇ ਸਾਲ –ਦਿਆਲੇ ਬੁੜੇ ਦੀ ਸੱਭ ਤੋਂ ਛੋਟੀ ਪੋਤ-ਨੋਂਹ ਪ੍ਰਗਾਸੋ, ਪਹਿਲੋਂ ਤਾਂ ਰਾਤ-ਬਰਾਤੇ ਆ ਠਹਿਰਦੇ ‘ਮੁੰਡਿਆਂ ’ ਨੂੰ ‘ਭਾਈ-ਵੀਰ ’ਦੱਸ ਕੇ ‘ਸੇਵਾ ’ਕਰਦੀ ਰਹੀ , ਫਿਰ ਆਪਣਾ ਈ ਬੰਦਾ ਉਹਨਾਂ ਦੀ ਚੁੰਗਲ ‘ਚ ਫਸਿਆ ਦੇਖ ਕੇ , ਉਹਨਾਂ ਦੀ ਗਲ੍ਹ ਪੈਂਦੀ ਫਿਰੇ ।
ਅਗਲੇ ਵੱਧ-ਘੱਟ ਸੁਣਦੇ ਕਦੋਂ ਸੀ ਓਦੋਂ …..। ਉਹਦਾ ਮੀਤਾ ਉਹਨਾਂ ਊਈਂ ਐਧਰ-ਓਧਰ ਕਰ ਛਡਿਆ ਤੇ ਆਪ…ਆਪ ਡਰਾ-ਧਮਕਾ ਕੇ , ‘ਭੈਣ ’ ਪ੍ਰਗਾਸੋ ਤੋਂ ਫੁਲਕਾ-ਪਾਣੀ ਵੀ ਛਕਦੇ ਰਹੇ ਤੇ ਉਹਦੇ ਸਮੇਤ ਉਹਦੀਆਂ ਬਲੂਰ ਕੰਜਰਾਂ ਨਾਲ ਖੇਹ ਵੀ ਖਾਂਦੇ ਰਹੇ । ਪਤਾ ਓਦੋਂ ਲੱਗਾ , ਜਦ ਉਸਦ ਬਾਲੜੀ ਜਿਹੀ ਛੋਟੀ ਧੀ ਤਾਂ ਭਾਰੇ-ਹਾਵੜੇ ਹੱਡ-ਗੋਡਿਆਂ ਦੀ ਤਾਬ ਨਾ ਝੱਲਦੀ ਹੋਈ , ਰੱਬ ਨੂੰ ਪਿਆਰੀ ਹੋ ਗਈ ਤੇ ਪ੍ਰਗਾਸੋ ਆਪ ਅਤੇ ਉਸਦੀ ਵੱਡੀ ਧੀ ਰਾਣੋ , ਮੀਤੇ ਦੀ ‘ਜੜ੍ਹ-ਹਰੀ ’ ਰੱਖਣ ਲਹੀ ਭਾਰੇ-ਪੈਰੀਂ ਹੋ ਤੁਰਿਆਂ।
“ ਵੈਲੀਆਂ ਦੇ ਟੱਬਰ ‘ਚ ਆਹ ਖੇਹ  ਘੁਲ੍ਹਦੀ ਰਹੀ ਆ ਮੁੱਢ ਤੋਂ ……”, ਪਿੰਡ ਦੇ ਸਿਆਣੇ-ਮੋਹਤਬਰ ਤਾਂ ਚਿਰਾਂ ਤੋਂ ਫ਼ਤਵਾ ਦੇਈ ਬੈਠੇ ਸੀ ਉਹਨਾਂ ਨੂੰ , ਪਰ ਵੱਡੀ ਪੜ੍ਹਾਈ ਪੂਰੀ ਕਰਕੇ ਘਰ ਪਰਤਿਆਂ ਸ਼ੇਰੀ ਕਈ ਦਿਨ ਅੰਦਰੋਂ ਬਾਹਰ ਨਹੀਂ ਸੀ ਨਿਕਲਿਆ । ਪਾਗਲਾਂ ਹਾਰ , ਕਦੀ ਉਹ ਪੱਕੇ ਦੀ ਪਿਛਵਾੜੀ ਬਣੇ ਡੰਗਰਾਂ ਵਾਲੇ ਢਾਰੇ ਹੇਠ ਦੜਿਆ ਰਹਿੰਦਾ , ਕਦੀ ਵਿਹੜੇ-ਬਰਾਂਡੇ ‘ਚ ਘੁੰਮਦਾ ਆਪਣੇ ਆਪ ਨਾਲ ਗਲੀਂ ਲੱਗਾ, ਕਚੀਚੀਆਂ ਵੱਟਦਾ ਰਹਿੰਦਾ, ਜਿਵੇਂ ਦੂਹਰੇ-ਤੀਹਰੇ ਕਤਲ ਕੇਸ ਦੀ ਛਾਣ-ਬੀਣ ਕਰ ਰਿਹਾ ਹੋਵੇ । ਜਿਵੇਂ, ਪਿੰਡ ਨੂੰ ਸੁਲੀ ਟੰਗਣ ਵਾਲੇ ਦੋਸ਼ੀ-ਤੱਥਾਂ ਨੂੰ ਸੱਭ ਦੇ ਸਾਹਮਣੇ ਲਿਆ ਖੜਾ ਕਰਨ ਦੀ ਤਰਕੀਬ ਸੋਚ ਰਿਹਾ ਹੋਵੇ ।……ਇਸ ਪੱਖੋਂ , ਉਸ ਦਾ ਯੂਨੀਵਰਸਿਟੀ ਇਤਿਹਾਸ ਪੂਰਾ ਨਿੱਠ ਕੇ ਪਿੱਠ ਥਾਪੜਦਾ ਸੀ ਉਸਦੀ ।
ਉਸ ਦੇ ਗਰੁੱਪ ਨੇਤਾ , ਇੰਦਰਪਾਲ ਦੀ ਕਿਸੇ ਨੇ ਹੱਤਿਆ ਕਰ ਦਿੱਤੀ , ਗੋਲੀ ਮਾਰ ਕੇ । ਗਹਿ-ਗੱਚ ਭਰੀ ਗਲੀ ‘ਚ । ਘਰੋਂ ਬਾਹਰ ਬੁਲਾ ਕੇ , ਸ਼ਾਮੀ ਜਿਹੇ । ਦਿਨ ਡੁੱਬਦਿਆਂ ਕਰਦਿਆਂ । ਪਰ ਗਲੀ-ਗਆਂਢ ਦੇ ਕਿਸੇ ਵੀ ਮਾਈ  ਦੇ ਲਾਲ  ਨੇ ਕਾਤਲ-ਜੁੱਟ ਦੇ ਕਿਸੇ ਇਕ ਦੀ ਸ਼ਕਲ-ਸੂਰਤ ਤੱਕ ਵੀ ਨਹੀਂ ਸੀ ਦੱਸੀ । ਨਾ ਉਸ ਨੂੰ , ਇੰਦਰਪਾਲ ਦੇ ਭਾਈ-ਬੰਦ , ਯਾਰ-ਮਿੱਤਰ ਜਾਂ ਹੋਰ ਕਿਸੇ ਸਕੇ-ਸੰਬੰਧੀ ਨੂੰ ।
ਉਹਨਾਂ ਦੀ ਮਜ਼ਬੂਰੀ ਸਮਝਦਾ ਸ਼ੇਰੀ , ਕਈ ਚਿਰ ਤਰਲੋ-ਮੱਛੀ ਹੋਇਆ  , ਅੰਦਰ ਖਾਤੇ ਖੋਜ-ਪੜਤਾਲ ਕਰਦਾ ਰਿਹਾ । ਕਈ ਥਾਈਂ ਸਿੱਧਾ ਪਹੁੰਚ ਕੇ ਕਈ ਥਾਈਂ ਵਲ੍ਹ-ਵਲੇਵੇਂ ਪਾ ਕੇ । ‘ਚੰਗੜ-ਖਾਂ ’ਗਿਣੇ ਜਾਂਦੇ ਵਿਰੋਧੀ-ਲੀਡਰ ਡੋਗਰ ਦੇ ਦਰਵਾਜ਼ੇ ਤੇ ਤਾਂ ਉਸਨੇ ਆਪਣੀ ਜਾਨ ਤਲੀ ਤੇ ਧਰ ਕੇ ਜਾ ਦਸਤਕ ਦਿੱਤੀ । ਉਹਨੇ ਅੱਗੋਂ ਧੌਲ-ਧੱਫਾ ਕਰਨ ਦੀ ਬਜਾਏ ਸਿੱਧੀ-ਸਿੱਧੀ ਸੌਂਹ ਖਾ ਲਈ । ਬੜੀ ਹਲੀਮੀ ਨਾਲ । ਸਿਰਾਣ੍ਹੇ ਪਏ ਰੀਵਾਲਵਰ ਤੇ ਹੱਥ ਰੱਖ ਕੇ –“ ਨਾ ਸ਼ੋਰੀ ਨਾ ,ਭਰਾ-ਮਾਰ ਕਰਨੀ ਮੇਰੇ ਕਾਇਦੇ-ਕਾਨੂੰਨ ਦਾ ਹਿੱਸਾ ਨਈਂ…..ਏਹ ਤਾਂ ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਗੰਦੀ-ਜਿਣਸ ਦਾਆ …..! “
ਤੇ ਸੱਚ-ਮੁੱਚ ਸ਼ੇਰੀ ਦੀ ਲਗਨ-ਸਿਰੜ ਨੇ ਥੋੜੇ ਕੁ ਦਿਨੀਂ ਇਕ ਪਾਕ-ਪਵਿੱਤਰ ਅਹੁਦੇ ਵਾਲੀ ਗੰਦੀ ਜਿਣਸ ਨੂੰ ਵਿਦਿਆਰਥੀ ਸਫਾਂ ‘ਚ ਨੰਗਾ ਕੀਤਾ । ਤੇ ਹੁਣ …. ਹੁਣ ਉਸਦੀ ਪੜ੍ਹਾਈ ਸਮੇਂ ਦਾ ਸਾਰਾ ਇਤਿਹਾਸ , ਉਸਦੀ ਅਧਿਆਪਕੀ ਡਾਇਰੀ ਦੇ ਪਹਿਲੇ ਦੂਜੇ ਪੰਨੇ ਹੇਠ ਪੂਰੇ ਦਾ ਪੂਰਾ ਦੱਬ ਕੇ ਰਹਿ ਗਿਆ । ਉਸਦੇ ਮਾਂ-ਪਿਓ ਜਾਇਆਂ ਵਰਗੇ ਹਮ-ਉਮਰ , ਹਮ-ਖਿਆਲ ਨਿੰਦੀ ਦੀ ਆਜਾਈ ਹੋਈ ਹੱਤਿਆ , ਨਾ ਤਾਂ ਉਸਨੂੰ ਇੰਦਰਪਾਲ ਦੇ ਕਤਲ ਵਾਂਗ ਤਰਲੋ-ਮੱਛੀ ਹੀ ਕਰ ਸਕੀ , ਤੇ ਨਾ ਹੀ ਵੈਲੀਆਂ ਦੇ ਟੱਬਰ ਨਾਲ ਹੋਈ ਬੀਤੀ ਘਟਨਾ ਜਿੰਨਾ ਤੰਗ-ਪ੍ਰੇਸ਼ਾਨ ।
ਉਸਦੇ ਬਦਰੰਗ ਜਿਹੇ ਚਿਹਰੇ ਵਲ੍ਹ ਇਕ-ਟੱਕ ਨਿਹਾਰਦੀ ਤੇਜੋ ਬੇਬੇ ਦੇ ਮਨ ‘ਚ ਆਈ ਕਿ ਹੱਥ ‘ਚ ਫੜੀ ਸੋਟੀ ਉਹ ਵਗਾਹ ਦੇ ਸ਼ੇਰੀ ਦੇ ਮੋਰਾਂ ‘ਚ  ਦੋ ਮਾਰੇ ਤੇ ਉਸਤੋਂ , ਬਾਪੂ ਬਿਸ਼ਨ ਸਿੰਘ ਦੇ ਨਾਂ ਨਾਲ ਜੁੜ ਕੇ ਕੀਤੀ ਪੜ੍ਹਾਈ-ਕਮਾਈ ਤਾਰ-ਤਾਰ ਖਿਲਾਰ ਸੱਟੇ । ਪਰ ਅਗਲੇ ਹੀ ਪਲ ਉਸਦੇ ਬਿਸ਼ਨ ਦੀ ਦੱਸੀ-ਸਮਝਾਈ ਸਿੱਖਿਆ ੳਸਦੇ ਸਾਹਮਣੇ ਆ ਖਲੋਤੀ ….”ਜਨ ਸੇਵਾ ਭਾਵਨਾ , ਕਿਸੇ ਆਪ ਮੁਹਾਰੇ ਚਸ਼ਮੇਂ ਵਾਂਗ ਵਗਣ ਵਾਲੀ ਭਰਪੂਰ ਨਿਰਛਲ ਧਾਰਾ ਸਕਦੀ ਐ , ਨਾ ਕਿਸੇ ਬੰਜਰ-ਬੀਆਬਾਨ ਬਦਨ ‘ਚ ਜ਼ੋਰ-ਜ਼ਬਰੀ ਭਰੀ ਜਾ ਸਕਦੀ ਐ ….।”
ਖਿਝੇ-ਖੱਪੇ ਚਿੱਤ ਨੂੰ ਠੀਕ-ਤਰ੍ਹਾਂ ਕਾਬੂ ਹੇਠ ਕਰਦਿਆਂ ਬੇਬੇ ਤੇਜੋ ਸ਼ੇਰੀ  ਨੂੰ ਬੱਸ ਏਨਾ ਕੁ ਆਖ  ਕੇ ਚੁੱਪ ਹੋ ਗਈ …..”ਕਿਉਂ , ਨਾ ਕਿਉਂ ਨਾ ਗਿਆ ਤੂੰ-ਤੂੰ ਨਈਂ ਰੈਂਦਾ ਪਿੰਡ ‘ਚ ….ਹੌਸਲਾ ਈ ਦੇਣਾਂ ਹੁੰਦਾ ਅਗਲੇ ਨੂੰ ਹੋਰ ਕੇੜ੍ਹਾ ਲਿਆਉਣਾ ਹੁੰਦਾ ਗਿਆ ਬੰਦਾ….। ”
ਬੱਧਾ-ਰੱਧਾ ਸ਼ੇਰੀ ਆਖਿਰ ਨਿੰਦੀ ਹੋਰਾਂ ਦੇ ਘਰ ‘ਜਾ ’ ਈ ਆਇਆ ,ਸ਼ਾਮੀ ਮੂੰਹ-ਹਨੇਰੇ ਜਿਹੇ ।
ਪਰ ਦਾਰੀ ਦੀ ਫੂਹੜੀ ਤੇ ਗੋਡਾ ਟੇਕਣ ਉਹ ਫਿਰ ਵੀ ਨਹੀਂ ਸੀ ਗਿਆ ।
ਬੇਬੇ ਦੇ ਕਹਿਣ-ਸੁਨਣ ਤੇ ਵੀ ।
ਨਿੰਦੀ ਨੂੰ ‘ਤੋਰ ’ ਕੇ ਸਾਰਾ ਪਿੰਡ ਅਜੇ ਮਸਾਂ ਉੱਠਣ-ਬੈਠਣ ਹੀ ਲੱਗਾ ਸੀ ਕਿ ਸਰਕਾਰੀ ਧਾੜ ਨੇ ਲੰਬੜਾਂ ਦਾ ਸਾਰਾ ਟੱਬਰ ਆ ਚੁੱਕਿਆ –ਬੇਟ ਏਰੀਆ ‘ਕਮਾਂਡਰ ’ ਨੂੰ ਪਨਾਹ ਦੇਣ ਦੇ ਦੋਸ਼ ‘ਚ ।
ਉੱਪਰੋ-ਬਲੀ ਕਈ ਸਾਰੇ ‘ਗੇੜੇ ’ ਮਾਰ ਕੇ ਪਿੰਡ ਨੇ ਲੰਬੜਾਂ ਕੇ ਬਾਕੀ ਜੀਅ ਤਾਂ ਬਚਦੇ ਕਰ ਲਏ , ਪਰ ਦਾਰੀ ਉਹਨਾਂ ਨੂੰ ਉਵੇਂ ਮਿਲਿਆ , ਜਿਵੇਂ ਦਾ ਰਿਵਾਜ਼ ਸੀ ਉਹਨੀਂ ਦਿਨੀਂ –ਮੰਡ ਦੇ ਕਿਸੇ ‘ਮੁਕਾਬਲੇ ’ ‘ਚ ਮਰਿਆ ਪਿਆ ……ਫਰਾਰ ਹੋਣ ਦੇ ਯਤਨ ਕਰਦਾ …..ਜੰਗਲ ਪਾਣੀ ਦਾ ਬਹਾਨਾ ਲਾ ਕੇ ।
ਦਾਰੀ ਤੋਂ ਪਿਛੋ ਤਾਂ ਜਿਵੇਂ ਬਿੱਜ ਈ ਆ ਪਈ ਉਹਨਾਂ ਦੇ ਪਿੰਡ ਤੇ , ਹਿੰਮਤਪੁਰੇ ਤੇ । ……ਕੋਈ ਘਾਹ-ਪੱਠਾ ਲੈਣ ਗਿਆ ਰਗੜਿਆ ਗਿਆ , ਕੋਈ ਹਲ ਵਾਹੁੰਦਾ , ਡੰਗਰ-ਪਸ਼ੂ ਚਾਰਦਾ ਜਾ ਕਿਸੇ ਰਾਹਗੀਰ ਨਾਲ ਗਲੀਂ ਲੱਗਾ । ਅਮਲੀਂਆਂ ਦਾ ਸੁਰਜੀਤ , ਗੱਪੀਆਂ ਦਾ  ਮੱਖਣ, ਖਬੂਆਂ ਦਾ ਬਿੱਲਾ , ਤਿਲਕੀ ਝੀਰੀ , ਰੁਲ੍ਹੀਆ ਮਜਬ੍ਹੀ, ਕੀਰੋ,  ਸ਼ੀਬਾ , ਨਾਥੀ , ਗਿੰਦਰ ਸੱਭ ਦੇ ਸਭ ਉਸੇਈ ਰਸਤੇ ਲੰਘੇ ਤੇ ਐਸੇ ਈ ਥਾਂ ਪੁੱਜੇ ਸਨ , ਐਸੇਈ ਮਸਾਣ ਝਿੜੀ ‘ਚ ।
ਪਰ, ਕਿਸੇ ਦੀ ਮਘ੍ਹਦੀ-ਜਗਦੀ ਲਾਟ ਲਾਗੇ ਇਵੇਂ ਦਾ ਜੋਸ਼ ਨਹੀਂ ਸੀ ਮਘ੍ਹਿਆ ।
….ਨਿਢਾਲ ਹੋਈ ਗਿੰਦਰੋ ਦੀ ਕੰਢ ਪਲੋਸਦੀ ਤੇਜੋ ਬੇਬੇ ਨੇ ਉਸਨੂੰ ਇਕ ਵਾਰ ਫਿਰ ਦਿਲਾਸਾ- “ ਉੱਠ ਮੇਰਾ ਛਿੰਦ, ਹੋਸ਼ ਕਰ ਤਕੜੀ ਹੋ ….ਦੇਖ ਤੇਰੇ ਸਾਈਂ ਦੀ ਕਿੱਦਾਂ ਜੈ ਜੈ ਕਾਰ ਹੁੰਦੀ ਆ ….ਉਠ ਮੇਰੀ ਧੀ …। “
ਉਸ ਦੇ ਭਾਰੇ-ਡੂੰਘੇ ਬੋਲ , ਦੂਰ ਜਿਵੇਂ ਕਿਸੇ ਡੂੰਘੀ ਖੱਡ ਦੀਆਂ ਹੇਠਲੀਆਂ ਨਿਮਾਣਾਂ ‘ਚੋਂ ਮਸਾਂ ਨਿਕਲ ਕੇ ਬਾਹਰ ਆਏ ਹੋਣ – “ ਬਾਪੂ ਤੇਰੇ ਦਾ ਤਾਂ ਸਾਨੂੰ ਮੂੰਹ ਦੇਖਣਾ ਵੀ ਨਸੀਬ ਨਹੀਂ ਸੀ ਹੋਇਆ । ….”ਖ਼ਬਰੇ ਕਿੱਥੇ ਮਾਰ-ਖਪਾ ਛਡਿਆ ਸੀ ਔਂਤਰਿਆ ……।”
….ਉਸਦਾ ਪਤੀ ਬਿਸ਼ਨ ਵੀ ਤਾਂ ਸ਼ੇਰੀ ਦੀ ਉਮਰੋ ਹੀ ਉਸ ਤੋਂ ਵਿਛੜ ਕੇ ਗਿਆ ਸੀ ।
ਸੱਤ ਸਮੁੰਦਰ ਟੱਪ ਕੇ ਆਈ ਵਲੈਤੀ ਵਹਿਸ਼ਤ ਨਾਲ ਲੋਹਾ ਲੈਣ ।
ਮੁੱਢਲੀ ਸ਼ਰਤ ਸਾਂਭਦੇ ਸ਼ੇਰੀ ਨੂੰ ਜਦ ਬਾਪੂ ਬਿਸ਼ਨ ਸਿੰਘ ਦੇ ਦੇਸੀ  ਵਲੈਤੀ ਦੋਖੀਆਂ ਦੀ ਸਮਝ ਪੈਣ ਲੱਗੀ , ਤਾਂ ਉਸ ਲੇ ਇਕ ਦਿਨ ਤੋਜੋ ਬੇਬੇ ਤੋਂ ਸਪਾਟ ਪੁੱਛ ਲਿਆ – ”ਏਹ ਟੋਡੀ-ਬੱਚਾ ਕੌਣ ਹੁੰਦੇ ਸੀ ਬੇਬੇ ? “
“ਪਰੇਤ-ਰੂਹਾਂ , ਮਾਣਸਖਾਣੇ-ਦੇਅ  ਮੇਰਿਆਂ ਬੱਚਿਆਂ । ਲਿਸ਼ਕੀ ਪੋਚਵੀਂ ਸ਼ਕਲ-ਸੂਰਤ ਉਹਲੇ ਲੁਕੀ ਬੈਠੀ ਅੰਨ੍ਹੀ ਤਮਾਂ, ਨਿਰੀ ਈ ਚੁਗਲ-ਮਿੱਟੀ । “
ਬੇਬੇ ਦੇ ਬੋਲਾਂ ਅੰਦਰਲਾ ਸਾਰਾ ਦਰਦ ਆਪਣੇ ਸਾਹਾ ਤੇ ਬੋਚਦਾ ਸ਼ੇਰੀ , ਪਾਠ ਪੁਸਤਕਾਂ ਦੀ ਪੜ੍ਹਾਈ ਦੇ ਨਾਲ ਨਾਲ ਬੇਬੇ ਤੋਂ ਮਿਲਦੀ ਵਿਦਿਆ ਵੀ ਗ੍ਰਹਿਣ ਕਰਦਾ ਗਿਆ ।
ਬਾਪੂ ਬਿਸ਼ਨ ਸਿੰਘ ਦੀ ਦੱਸੀ ਸਮਝਾਈ ਸਿੱਖਿਆ ।
ਨਾਲ ਨਾਲ ਪੜ੍ਹਾਈ,ਨਾਲ ਨਾਲ ਅਮਲੀ ਕਾਰਜ ।
ਉਸਦੇ ਈਸਪਾਤੀ ਸਿਰੜ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਸੀ ਦੇਖਿਆ । ਔਖੇ ਤੋਂ ਔਖੇ ਵੇਲੇ ਵੀ, ਕਰੜੀ ਤੋਂ ਕਰੜੀ ਟੱਕਰ ਵੇਲੇ ਵੀ । ਖਾਸ ਕਰ ਸੋਢੀਆਂ ਨਾਲ।  ਉਹਨਾਂ ਦੇ ਚੇਲੇ ਚਾਟਕਿਆਂ ਨਾਲ । ਜਿਹਨਾਂ ਭੁੱਲ ਕੇ ਵੀ ਕਦੀ ਦੇਸ਼-ਮੁਲਕ ਦੀ ਗੱਲ ਨਹੀਂ ਸੀ ਕੀਤੀ , ਆਜ਼ਾਦੀ ਗੁਲਾਮੀ ਦਾ ਭੋਗ ਨਹੀਂ ਸੀ ਪਾਇਆ ।
ਨਾ ਪਿੰਡ ਦੀ ਪਰ੍ਹੇ ‘ਚ ਉਠਦਿਆਂ ਬੈਠਦਿਆਂ , ਨਾ ਡੇਰੇ ਦੁਆਰੇ ਆਇਆਂ ਗਿਆਂ ।
ਨਿੰਦੀ –ਦਾਰੀ  ਦੇ ਕਤਲਾਂ ਵੇਲੇ ਤਾਂ ਉਹਨਾਂ ਦੇ ਮੂੰਹਾਂ ‘ਚ ਘੁੰਗਣੀਆਂ ਈ ਪੈ ਗਈਆਂ , ਜਿਵੇਂ ਸ਼ੇਰੀ ਦੇ ਪੈ ਗਈਆਂ ਸਨ, ਉਹਨਾਂ ਨਾਲ ਉੱਠਦਿਆਂ ਬੈਠਦਿਆਂ । ਉਹਨਾਂ ਦੇ ਸਕੂਲ ਦੀ ਸਕੂਲ-ਮਾਸਟਰੀ ਕਰਦਿਆਂ ।…ਆਪ ਤਾਂ ਉਸਦਾ ਵੱਢਿਆਂ ਚਿੱਤ ਨਹੀਂ ਸੀ ਕਰਦਾ ਸੋਢੀਆਂ ਦੀ ਹਵੇਲੀ ਜਾਣ ਨੂੰ । ਬੇਬੇ ਵੀ ਇਸ ਗੱਲੋ ਉਸਦੀ ਡੱਟ ਕੇ ਪਿੱਠ ਥਾਪੜਵੀ ਸੀ , ਪਰ ਉਸਦਾ ਪਿਓ ਸਾਧੂ ਹੀ ਉਸਨੂੰ ‘ਸਮਝਾ-ਬੁਝਾ ’ ਕੇ ਲੈ ਗਿਆ – “ ਐਮੇਂ ਨਈਂ ਤੜਿੰਗ-ਡੜਿੰਗ ਕਦੀ ਜਾਈਦੀ ਬਾਹਰੀ…ਬੰਦਾ-ਕੁਬੰਦਾ ਵੀ ਦੇਖੀਦਾਅ….ਲੋੜ ਉਨ੍ਹਾਂ ਨੂੰ ਆ ਕਿ ਸਾਨੂੰ ….।“
ਆਪ ਵੀ ਸਾਧੂ ਸਿੰਘ ਕਦੀ ਕਿਸੇ ਦੇ ਮੂੰਹ ਅੱਗੇ ਨਹੀਂ ਸੀ ਆਇਆ । ਸੁਭਾ ਈ ਐਹੋ ਜਿਹਾ ਸੀ ਉਸਦਾ । ਭੌਲੀ-ਠੇਕੇ ਤੇ ਲੈਣੇ ਹੁੰਦੇ ਪੰਜ-ਸੱਤ ਖੇਤ ਸਿਰ ਵੀ ਕਿੱਥੇ ਚੱਕਣ ਦਿੱਦੇ ਸਨ ਉਸਨੂੰ ਅਣਖੀਲੇ ਸੁਭਾ ਦੇ ਸ਼ੇਰੀ  ਨੂੰ ਵੀ ਹਮੇਸ਼ਾ ਏਹੀ ‘ਮੱਤਾਂ ’ ਦਿੰਦਾ  । ਸੋਢੀਆਂ ਦਾ ਮਾਣ-ਸਤਿਕਾਰ ਕਰਨ ਤੋਂ ਉੱਕਦੇ ਨੂੰ ਉਸਨੂੰ ਕਦੀ-ਕਦਾਈ ਉਹ ਝਾੜ-ਝਿੜਕ ਵੀ ਛੱਡਦਾ-“ ਕੀ ਤੂੰ ਐਮੇ ਟਟੀਰੀ ਆਂਗੂ ਟਾਰਾਂ ਜੈਈਆਂ ਮਾਰੀ ਜਾਠਾਂ ਰੈਨ੍ਹਾਂ ….ਆਪਣੀ ਅਲਾਂ ਵੀ ਦੇਖ ਲਿਆ ਕਰ , ਆਪਣੀ ਬੁੱਕਤ ਅਲਾਂ….। ਬੱਡੇ ਬੰਦੇ ਆ ਉਹ, ਸੋ ਲੋੜ ਆ ਉਨ੍ਹਾਂ ਦੀ ਕੇਲ੍ਹ-ਕਲੌਤਰ ਨੂੰ ……।“
ਤੇ ਸੱਚ-ਮੁੱਚ ਪੜਾਈ ਪੂਰੀ ਹੋਣ ਤੇ ਸ਼ੇਰੀ ਨੂੰ ਉਹਨਾਂ ਦੀ ਸਿੱਧੀ ਲੋੜ ਆ ਪਈ ਸੀ ।
ਕਈ ਪਾਸੇ ਟੱਕਰਾਂ ਮਾਰਨ ਪਿਛੋਂ ।
ਪਰ, ਸੰਤ ਖਾਲਸਾ ਹਾਈ ਸਕੂਲ ‘ਚ ਦਿੱਤੀ ਨੌਕਰੀ ਦੀ ਅਰਜੀ ਓਨਾ ਚਿਰ ਉਸਦੇ ਪਿਓ ਸਾਧੂ ਸਿੰਘ ਦੇ ਹੱਥਾਂ ‘ਚ ਭਟਕਦੀ ਰਹੀ , ਜਿੰਨਾਂ ਚਿਰ ਸ਼ੇਰੀ ਆਪ ਚੱਲ ਕੇ ਸੋਢੀਆਂ ਦੀ ਹਵੇਲੀ ਪੇਸ਼ ਨਹੀਂ ਸੀ ਹੋਇਆ ।
ਸੋਢੀ ਗੁਰਕਰਨੈਲ ਸਿੰਘ ਲਾਗੇ ਨੀਵੀਂ ਪਾਏ ਖੜੇ ਸ਼ੇਰੀ ਤੋਂ ਉਸਦੀ ਮੰਨਚਲੀ ਜਿਹੀ ਮੁਸਕਾਨ ਸਾਹਮਣੇ ਇਕ ਵਾਰ ਵੀ ਅੱਖ ਉੱਚੀ ਨਹੀਂ ਸੀ ਹੋਈ – ਨਾ ਉਸ ਦਿਨ , ਨਾ ਉਸ ਦਿਨ ਤੋਂ ਪਿਛੋਂ ਕਿਸੇ ਦੀ ਦਿਨ ।
ਪੂਰਾ ਯਤਨ ਕਰਨ ਤੇ ਵੀ ।
ਬੇਬੇ ਤੋਂ ਤਾਂ ਜਿਵੇਂ ਉਸਦੇ ਆਖ਼ਰੀ ਦਮਾਂ ਦੀ ਖੂੰਟੀ-ਡੰਗੋਰੀ ਈ ਕਿਸੇ ਨੇ ਖੋਹ-ਖਿੰਝ ਕੇ ਤੋੜ-ਮਰੋੜ ਸੁੱਟੀ ਹੋਵੇ ।
ਇਕ ਘੋਰ-ਡੂੰਘੀ ਉਦਾਸੀ ਉਸਦੇ ਨਿੱਗਰ-ਸਢੋਲ ਅੰਗਾਂ-ਪੈਰਾਂ ‘ਚ ਘਰ ਬਣਾ ਕੇ ਬੈਠ ਗਈ ਪੱਕੀ ਤਰਾਂ ….।
…ਤੇਜੋ ਬੇਬੇ ਦੀ ਯਖ਼-ਠੰਡੀ ਉਦਾਸੀ ਦਾ ਸੇਕ ਮਹਿਸੂਸਦੀ ਗਿੰਦਰੇ ਥੋੜਾ ਕੁ ਫਿਕਰਮੰਦ ਹੁੰਦੀ , ਸੰਭਲ ਗਈ ।
ਦਾਦੀ ਸੱਸ ਦੀ ਬੁੱਕਲ ‘ਚ ਨਿਢਾਲ ਡਿਗਿਆ ਲੁੜਕਿਆ ਸਿਰ , ਪੂਰਾ ਸਿੱਧਾ ਕਰਕੇ ਉਸਦੇ ਮੋਢੇ ਤੇ ਟਿਕਦਾ ਕਰ ਲਿਆ ।
ਮਸਾਣ-ਝਿੜੀ ‘ਚੋਂ ਉੱਠਿਆ ਘਾੜ੍ਹਾ-ਕਾਲਾ ਧੂੰਆਂ ਉਹਨਾਂ ਦੇ ਸਿਰਾਂ ਉਪਰੋਂ ਦੀ ਲੰਘਦਾ, ਦੂਰ-ਦੂਰ ਤੱਕ ਖਿੱਲਰ-ਪੱਚਰ ਗਿਆ । ਤੜ-ਤੜ ਮਘ੍ਹਦੇ ਸੇਕ ਤੋਂ ਹਟਵੇਂ ਖੜੇ ਲੋਕ,  ਲਸ਼ਕਰ-ਮਿੰਦਰ ਦੀ ਕਾਰਵਾਈ ਨਾਲ ਪੂਰੀ ਤਰ੍ਹਾਂ ਜੁੜੇ ਪਏ ਸਨ ।
ਪੋਟਾ-ਪੋਟਾ, ਚੱਪਾ-ਚੱਪਾ ਕਰਕੇ ਰਾਖ਼ ਹੁੰਦੇ ਸ਼ੇਰੀ ਵਲ੍ਹ ਕਿਸੇ ਦਾ ਵੀ ਧਿਆਨ ਨਹੀਂ ਸੀ ਰਿਹਾ ।
ਸਿਵਾ ਬੇਬੇ ਦੇ , ਸਿਵਾ ਗਿੰਦਰੋਂ ਦੇ ।
ਪਿਛਲੇ ਕਲ੍ਹ ਦਾ ਲੌਢਾ ਵੇਲਾ ਤਾਂ ਜਿਵੇਂ ਉਹਨਾਂ ਦੋਨਾਂ ਤੇ ਆਫ਼ਤ ਬਣ ਕੇ ਆ ਡਿਗਿਆ ਸੀ ।….ਮਿੰਦਰ ਵਕੀਲ ਦਾ ਮੁਨਸ਼ੀ ਹਫਿਆ-ਖਫਿਆ ਆਇਆ , ਬੱਸ ਏਨਾਂ ਕੁ ਆਖ ਕੇ ਮੁੜਦਾ ਹੋਇਆ – “ਸ਼ੇਰੀ ਤੁਆਡੇ ਨੂੰ ਪਤਆ ਨਈਂ ਕੀ ਹੋਇਆ ….ਬੈਠਾ ਪੀਂਦਾ-ਪੀਂਦਾ ਡਿਗ ਪਿਆ , ਕੁੱਲੀ ‘ਚ ਹੁਣ ਹਸਪਤਾਲ ਆ ……।”
ਉਸਦੇ ਸੁਨੇਹੇ ਦਾ ਰੰਗ-ਢੰਗ ਸੁਣਦੀ ਬੇਬੇ ਤਾਂ ਡਿਗਦੀ –ਡੋਲਦੀ ਰਤਾ ਕੁ ਸੰਭਲ ਗਈ ਸੀ , ਪਰ ਭੈਅ-ਭੀਤ ਹੋਈ ਗਿੰਦਰੋ ਸਾਰੀ ਦੀ ਸਾਰੀ ਮਿੱਟੀ ਹੋ ਗਈ ।
ਹਸਪਤਾਲ ਜਾਣ ਤੱਕ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ ।
ਰਾਤ ਹਨੇਰੇ ਪਏ ਲੰਬੜਾਂ ਦੀ ਟਰਾਲੀ ਦਰਾਂ ਮੂਹਰੇ ਖੜੀ ਦੇਖ ਕੇ ਤਾਂ ਉਸਦਾ ਕੜ ਈ ਪਾਟ ਗਿਆ – ਜੁਆਨ –ਜਹਾਨ ਪਤੀ ਦੇ ‘ਤੁਰ-ਜਾਣ ’ ਕਾਰਨ ਵੀ ਅਤੇ ਸ਼ੇਰੀ ਵਰਗੇ ਕੌਲ-ਫੁੱਲ ਦੇ ਪੱਤੀ-ਪੱਤੀ ਵਿਖ਼ਰ ਜਾਣ ਤੇ ਵੀ । ….ਉਸਦੇ ਹੱਠ-ਧਰਮ ਨੇ ਵੀ ਤਾਂ ਹਰ ਸੰਭਵ ਯਤਨ ਕੀਤਾ ਸੀ , ਕਰੜੀ ਤੋਂ ਕਰੜੀ ਸਾਧਨਾ ਕੀਤੀ ਸੀ । ਸ਼ੇਰੀ ਨੂੰ ‘ਤੁਰਦਾ ’ ਰੱਖਣ ਲਈ । ਪਹਿਲੀਆਂ ਵਾਂਗ । ਉਸਦੇ ਯੂਨੀਵਰਸਟੀ ਇਤਿਹਾਸ ਵਾਂਗ । ਹੋਰ ਨਈਂ ਤਾਂ ਘੱਟੋ-ਘੱਟ ਉਸਦੀ ਆਪਣੀ ਟਰੇਡ ‘ਚ । ਅਧਿਆਪਨ ਖੇਤਰ ‘ਚ । ਜਿਸ ਦੀ ਕਾਰਕਰਦਗੀ ਬਾਰੇ ਹਰ ਕੋਈ ਬੇਲਿਹਾਜ ਟਿਪਣੀ ਕਰਦਾ – “ਬਗੈਰ ਕਿਸੇ ਨਿਸਚਿੱਤ ਸਮਾਜਿਕ ਦਿਸ਼ਾ ਦੇ ਸਾਡੀ ਸਾਰੀ ਵਿਦਿਅਕ ਸਰਗਰਮੀ ਆਉਂਦੀਆਂ ਨੌ-ਜਵਾਨ ਪੀੜੀਆਂ ਨੂੰ ਔਹੋ ਜਿਹੇ ਅੰਨ੍ਹੇ-ਖੂਹਾਂ ‘ਚ ਸੁੱਟਦੀ ਜਾ ਰਹੀ ਐ, ਜਿਹਨਾਂ ਅੰਦਰ ਗੇੜੇ  ਕੱਢਦਾ ਹਰ ਡਿਗਰੀ-ਡਿਪਲੋਮਾ ਹੋਲਡਰ , ਚੂਲੀ ਭਰ ਪਾਣੀ ਨੂੰ ਵੱਡੇ ਤੋਂ ਵੱਡਾ ਸਮੁੰਦਰ ਸਮਝਕੇ ਆਪਣੇ ਆਪ ਨੂੰ ਸੱਭ ਤੋਂ ਵੱਡਾ ਤੈਰਾਕ ਮਿਥੀ ਬੈਠਾ ……।”
ਪਰ ਸ਼ੇਰੀ …..ਸ਼ੇਰੀ ਨੂੰ ਕਿਸੇ ਦਾ ਕੋਈ ਵੀ ਬੋਲ…ਕਿਧਰੇ ਰਤਾ ਮਾਸਾ ਵੀ ਚੋਭ ਨਹੀਂ ਸੀ ਲਾਉਂਦਾ ।
ਆਪਣੇ ਗਿਣਵੇਂ-ਟੋਕਵੇਂ ਯਾਰਾਂ-ਮਿੱਤਰਾਂ ਨਾਲ ਉੱਠਦਾ-ਬੰਨਦਾ , ਰਚਦਾ –ਵਿਚਰਦਾ ਆਖਿਰ ਉਹ ਮਿੰਦਰ ਦੀ ਕਚਹਿਰੀ –ਕੁੱਲੀ ‘ਚ     ਚੋਫਾਲ ਆ ਡਿੱਗਿਆ ।
ਗਿੰਦਰੋ ਵੀ ਉਸ ਨੂੰ ਬਚਾ ਨਹੀਂ ਸੀ ਸਕੀ …..।
ਰਾਤ ਭਰ ਉਸ ਦੀਆਂ ਲੇਰਾਂ-ਚੀਕਾਂ ਪਿੰਡ ਦੀ ਸੋਗੀ ਫਿਜ਼ਾ ਅੰਦਰ , ਮਾਤਮ ਦੀ ਸੰਘਣੀ ਸਫ਼ ਵਿਛਾਉਂਦੀਆਂ ਰਹੀਆਂ ।
ਅਗਲੇ ਦਿਨ ਸ਼ੇਰੀ ਦੇ ਸਮਸ਼ਾਨ ਭੂਮੀ ਪੁੱਜ ਜਾਣ ਤੱਕ ਵੀ ਉਹ ਉਵੇਂ ਦੀ ਉਵੇਂ ਪਈ ਰਹੀ , ਸਾਹ-ਸੱਤ ਹੀਣ । …ਵੱਡੀ ਬੇਬੇ ਦੀ ਗੋਦੀ ‘ਚੋਂ ਉੱਠੀ ਗਿੰਦਰੋ ਦੇ ਕੰਨਾਂ ਤੱਕ ਇਕ ਨਾਅਰਾ ਹੋਰ ਅੱਪੜਿਆ- “ਪ੍ਰੋ : ਸ਼ੇਰ ਸਿੰਘ  ਸ਼ੇਰੀ , ਅਮਰ ਰਹੇ ……।”
ਜਿਹੋ ਜਿਹੀ ਉੱਚੀ ਭਰਵੀਂ ਹੇਕ, ਓਹੋ ਜਿਹੀ ਉੱਚੀ-ਭਰਵੀਂ ਪ੍ਰਵਾਨਗੀ ।
‘ਸ਼ੇਰੀ ’ ਤੋਂ ਥੋੜ੍ਹਾ ਕੁ ਹਟਵੀਂ ਖੜ੍ਹੀ ਕਰੀਬ ਸਾਰੀ ਭੀੜ ਵਲੋਂ – ਬਿਲਕੁਲ ਯੂਨੀਵਰਸਿਟੀ ਇਕੱਠਾਂ ਦੇ ਸਮਾਂਅੰਤਰ ।
ਸ਼ੇਰੀ ਈ ਸ਼ੇਰੀ ਹੁੰਦੀ ਸੀ ਸਾਰੇ ਕੰਪਲੈਕਸ ‘ਚ । ….ਉਸ ਨੂੰ ਵਿਦਿਆਰਥੀ ਸਫਾਂ ‘ਚ ਵਿਚਰਦੇ ਦੇਖਦੀ ਤਾਂ ਬਣੇ ਮਾਣ ਨਾਲ ਦੱਸਣੀ ਤਾਂ ਬੜੇ ਮਾਣ ਨਾਲ ਦੱਸਣੀ , ਹਮਜੋਲਣਾਂ –ਸਹਿਪਾਠਣਾਂ ਨੂੰ – “ਏਹ ਸਾਡੀ ਅਲ੍ਹ ਦਾਆ …..ਮੇਰੇ ਪਿੰਡ ਦੇ ਲਾਗੇ ਆ ਏਦ੍ਹਾ ਪਿੰਡ…..ਬਾਬਾ ਏਦ੍ਹਾ ਵੀ ਵੱਡੇ ਜੋੜਾਂ ‘ਚ ਰਿਹਾ – ਬਾਪੂ ਬਿਸ਼ਨ ਸਿੰਘ, ਬਿਸ਼ਨ ਸੂੰਹ ਗੜਗੱਜ………”
“ਫੇਏ ਤਾ ਕੁੜੇ ਵਧਾਈਆਂ , ਤੈਨੂੰ ਵੀ ਤੇ ਉਹਨੂੰ ਵੀ । …..ਹਾਏ ਨੀ ਹਾਏ ਦੋ-ਦੋ ਡਿਗਰੀਆਂ ਕੱਠੀਆਂ ਈ , ਏਹਨੂੰ ਕੈਂਦ੍ਹੇ ਆ ਪਰਾਲਭਦ………,” ਉਹ ਵੀ ਉਸ ਦੇ ਸ਼ੇਰੀ ਨਾਲ ਰੰਗ-ਬਰੰਗੇ ਰਿਸ਼ਤੇ ਜੋੜਦੀਆਂ, ਖੁਲ੍ਹਾ-ਖ਼ਲਾਸਾ ਹਾਸਾ-ਠੱਠਾ ਕਰਦੀਆਂ ।
ਹਰ ਤਰ੍ਹਾਂ ਦੀ ਟਿੱਚਰ-ਟਕੋਰ ਖਿੜੇ-ਮੱਥੇ ਸਾਹਰਦੀ ਗਿੰਦਰੋ ਕਦੀ ਵੀ ਕਿਸੇ ਨਾਲ ਖਫਾ ਨਹੀਂ ਸੀ ਹੋਈ ।
ਸਗੋਂ , ਪਿੰਡ ਆਈ ਉਹ  ਉਸ ਦੀ ਗੱਲ ਜ਼ਰੂਰ  ਛੇੜਦੀ – ਮਾਂ ਨਾਲ ਵੀ , ਪਿਓ ਨਾ ਵੀ । ਮਾਂ-ਪਿਓ ਉਸ ਨੂੰ ਮੱਤਾਂ-ਸੁਮੱਤਾਂ ਵੀ ਦਿੰਦੇ ਰਹੇ , ਗੁੱਸੇ-ਰਾਜ਼ੀ ਵੀ ਹੁੰਦੇ ਰਹੇ ।
ਦਰਜਾ-ਬਦਰਜਾ ।
“….. ਸਿਆਣੀ ਬਣ ਕੇ ਰੈਹੀਦਾ , ਘਰੋਂ ਬਾਅਰ ….ਸਮੇਂ ਬੜੇ ਭੈੜੇ ਆ ਧੀਏ ….,,” ਉਸ ਦੀ ਮਾਂ ਨੇ ਕਦੀ ਇਸ ਤੋਂ ਵੱਧ ਕੁਝ ਨਹੀ ਸੀ ਕਿਹਾ ਉਸ ਨੂੰ । ਪਰ , ਫੌਜੀ ਸੁਭਾ ਦੇ ਸੂਬੇਦਾਰ ਨੇ ਗਿੰਦਰੋ ਨੂੰ ਵਿਚ-ਵਾਰ ਝਿੜਕਿਆ ਵੀ , ਕਦੀ ਓਪਰੇ ਮਨੋਂ, ਕਦੀ ਦਿਲੋਂ-ਮਨੋਂ – “ਕੀ ਤੂੰ ਆਈ ਵਾਰ ਓਦ੍ਹੀਓ ਘਾਣੀ ਲੈ ਬੈਨ੍ਹੀ ਆਂ ….ਹੈਂਅ, ਹੱਦ ਹੋ ਗਈ ਤੇਰੇ ਆਲੀ ….ਦੱਸ , ਮੈਂ ਪੁਛਦਆਂ ਪੱਲੇ ਕੀਈ ਆ ਉਦ੍ਹੇ ….? ” ਨਿਰੀਈ ਭੁੱਖ-ਨੰਗ । …..ਨਾ ਉਨ੍ਹਾਂ ਦਾ ਕਿਸੇ ਨਾ ਉੱਠਣ-ਬੈਠਣ, ਨਾ ਬੋਲ-ਚਾਲ …..। ਸਾਰਾ ‘ਲਾਕਾ ਇਕ ਬੰਨੇ, ਉਹ ‘ ਕੱਲੇ ਇਕ ਬੰਨੇ । ….ਦੇਸ਼-ਦੁਸ਼ਮਣ, ਏਕ-ਦੰਮ ਗੱਦਾਰ ਕਿਸੇ ਥਾਂ ਦੇਏ ….। “
ਸੂਬੇਦਾਰ ਦੀ ਤਲ਼ਖੀ ਸ਼ੇਰੀ ਤੋਂ ਤਿਲਕ ਕੇ ਝੱਟ ਉਸ ਦੇ ਪਿਤਾ-ਪੁਰਖਿਆਂ ਵਲ੍ਹ ਨੂੰ ਹੋ ਤੁਰਦੀ ।
ਗਿੰਦਰੋ ਨੂੰ ਉਸ ਦਾ ਆਖਿਆ-ਬੋਲਿਆ, ਬੇ-ਹੱਦ ਬੇਚੈਨ ਕਰ ਜਾਂਦਾ , ਬੇਚੈਨ ਤੇ ਉਦਾਸ । ਕਈ ਵਾਰ ਉਸ ਦੇ ਮਨ ‘ਚ ਆਈ ਕਿ ਪਿਓ ਦੀ ਅੱਖੜ-ਝੱਖੜ ਬੋਲ-ਬਾਣੀ  ਦਾ ਉਹ ਮੋੜਵਾਂ ਉੱਤਰ ਦੇਵੇ , ਤੇ ਉਸ ਦੀ ਫੌਜ ਯੈਸ-ਨੋਅ ਤੱਕ ਸਿੱਖਿਅਤ ਸੂਬੇਦਾਰੀ ਨੂੰ , ਦੇਸ਼-ਭਗਤੀ ਦੇਸ਼-ਗੱਦਾਰੀ ਵਰਗੀਆਂ ਆਮ ਪ੍ਰਚੱਲਤ ਸੰਗਿਆਵਾਂ ਦਾ ਸੰਦਰਭੀ ਅਰਥ ਸਮਝਾਵੇ । ਪਰ ,ਛੇਤੀ ਹੀ ਉਸ ਨੂੰ ਇਹ ‘ਰੁੱਖੇ-ਕੌੜੇ ’ ਖਿਆਲ-ਵਿਚਾਰ ਮੁੱਢੋ-ਸੁੱਢੋਂ ਬਦਲਨੇ ਪੈ ਗਏ ।
ਲੋੜ ਹੀ ਨਹੀਂ ਰਹੀ ਇਹਨਾਂ ਦੀ ।
ਕਹਿਰ ਹੀ ਐਹੋ ਜਿਹਾ ਟੁੱਟਾ ਸੀ ਉਸ ਦੇ ਘਰ ਤੇ , ਉਸ ਦੀ ਮਾਂ ਦੀ ਕੁੱਖ ਤੇ , ਉਸ ਦੇ ਬਾਪ ਦੇ ਸੀਨੇ ਤੇ ।…..ਉਹਨਾਂ ਦਾ ਪੁੱਤਰ ਜੱਸੀ  ਜੇ  ਨਈਂ ਸੀ ਜਾਂਦਾ ਪੱਤਣ ਤੇ , ਤਾਂ  ‘ਉਹਨਾਂ ’ ਹੱਥੋਂ ਮਾਰਦਾ ਸੀ , ਸਾਰਾ ਟੱਬਰ । ਜੇ ਉਹ ਗਿਆ ਈ ਗਿਆ , ਤਾਂ ਉਹਨੂੰ ਮੁੜਦੇ ਪੈਰੀਂ ਬੋਚ ਲਿਆ – ਬੀ.ਐਸ.ਐਫ. ਨੇ । ਟਰੈਕਟਰ ਸਮੇਤ ।
ਸੂਬੇਦਾਰ ਨੇ ਲੱਖ ਵਾਸਤੇ ਪਾਏ , ਲੱਖ ਮਿਨਤਾਂ ਕੀਤੀਆਂ । ਇਨਾਮਾਂ-ਮੈਡਲਾਂ ਦੀਆਂ ਸੌਹਾਂ ਖਾ ਕੇ ਵੀ ਜੱਸੀ ਦੇ ਬੇ-ਲਾਗ ਹੋਣ ਦੀ ਭੀਖਿਆ ਮੰਗੀ , ਪਰ ਉਸ ਦੀ ਜਾਣੀ –ਪਛਾਣੀ ਵਰਦੀ ਨੇ ਉਸ ਦੀ ਇਕ ਨਹੀਂ ਸੀ ਸੁਣੀ ।
ਆਪ ਨੂੰ ਉਸ ਨੂੰ ਉੱਪਰ-ਹੇਠਾਂ ਧੂਹ-ਖਿੱਚ ਹੁੰਦੇ ਨੂੰ , ਥਾਂ-ਥਾਂ ਤੋਂ ਇਕੋ ‘ਗਾਲ੍ਹ ’ ਸੁਨਣੀ ਪਈ ਸੀ –“ਤੁੱਮ ਸੀ ਲੋਕ ਏਕ ਦੰਮ ਗੱਦਾਰ ਹੈਅ ਗੱਦਾਰ…..ਗੱਦਾਰ ਔਰ ਦੇਸ਼-ਦੁਸ਼ਮਣ …….।”
ਪੰਜਾਂ ਕੁ ਦਿਨਾਂ ਦੀ ਕੈਂਪ-ਕੈਦ ਤੋਂ ਮੁੜਦੇ ਸੂਬੇਦਾਰ ਦੀ ਸਾਰੀ ਦੀ ਸਾਰੀ ਦਸ਼ਾ-ਦਿਸ਼ਾ ਹੀ ਉਲਟ-ਬਦਲ ਗਈ ਸੀ ।
ਅੱਖਾਂ ਸਾਹਮਣੇ ‘ਤੋੜੇ-ਭੰਨੇ ’ਪੁੱਤਰ ਨੂੰ ਭੁੱਲਣ ਦਾ ਯਤਨ ਕਰਦੀ , ਉਸ ਦੀ ਨਿੱਗਰ-ਸਢੌਲ ਦੇਹ , ਬੱਸ ਦਿਨਾਂ ਅੰਦਰ ਹੀ ਬੁੱਢੀ-ਕੁਬੜੀ ਦਿੱਸਣ ਲੱਗ ਪਈ ।
ਜੱਸੀ ਦੇ ਭੋਗ ਤੋਂ ਵਿਹਲਾ ਹੋ ਕੇ ਉਹ ਸਿੱਧਾ ਸ਼ੇਰੀ ਕੋਲ ਪਹੁੰਚ ਗਿਆ । …..’ਦੇਸ਼ ਦਸ਼ਮਣ ‘, ਬਾਪੂ ਬਿਸ਼ਨ ਸਿੰਘ ਦੇ ਵਾਰਿਸ ਕੋਲ । ਉਸ ਦੇ ਸਕੂਲੇ ।
ਵਡੇਰੀ ਉਮਰ ਦੇ ਸਕੂਲ ਹੈੱਡ ਨੇ ਸ਼ੇਰੀ ਨੂੰ ਉਸੇ ਵੇਲੇ ਦਫ਼ਤਰ ਬੁਲਾ ਕੇ ਉਸ ਨੂੰ ਸਿੱਧੀ-ਸਪਾਟ ਜਾਣਕਾਰੀ ਦੇ ਛੱਡੀ – “ਪੁੱਤਰ ਜੀਈ …..ਪੁੱਤਰ ਜੀਈ , ਏਹ ਭਾਈ ਸੈਬ ਆਲੇ ਨੇ ਤੁਆਨੂੰ ਮਿਲਣ, ਮੇਰਾ ਮਤਲਬ ਤੁਆਨੂੰ ਦੇਖਣ ….ਅਪਣੀ ਬੇਟੀ ਲਈ । …..ਕਿੰਨਾ ਪੜ੍ਹੀ ਆ ਭਲਾ ਬੇਟੀ । ….ਏਹ ਸਾਡੇ ਪੁੱਤਰ ਜੀਈ ਐਮ.ਏ, ਬੀ.ਐਡ. ਨੇ । ਇਮਾਨਦਾਰੀ ਔਰ ਮਿਹਨਤੀ । …..ਆਈ ਲਾਈਕ ਹਿੱਮ ਮੋਸਟ । ਸਕੂਲ ਡਿਊਟੀ ਦੇ ਨਾਲ-ਨਾਲ ਹੋਰ ਐਮ.ਏ. ਵੀ ਕਰਕੇ ਪਏ ਨੇ….ਐਮ.ਏ. ਇੰਗਲਿਸ਼ …..।”
ਦੋ-ਇਕ ਵਾਰ ਰੁਕ ਕੇ ਸਕੂਲ ਹੈਡ ਨੇ ਸਾਡਾ ਪੈਂਡਾ ਇਕੋ-ਹੱਲੇ ਤੈਅ  ਕਰ ਲਿਆ ।
ਘਰ ਪਹੁੰਚ ਕੇ ਸੂਬੇਦਾਰ ਨੇ ਅੱਖ਼ਰ-ਅੱਖ਼ਰ ਵਾਰਤਾ ਗਿੰਦਰੋ ਨੂੰ ਕਹਿ ਸੁਣਾਈ । ਗਿੰਦਰੋ ਅੱਗੋਂ ਸ਼ਰਮਾਉਣ, ਖੁਸ਼ ਹੋਣ ਦੀ ਬਜਾਏ ਬੁਰੀ ਤਰ੍ਹਾਂ ਖਿੱਝ-ਖੱਪ ਗਈ । ਸ਼ੇਰੀ ਲਈ ਬਣਿਆ ਉਸ ਦਾ ਕਿੰਨਾ ਸਾਰਾ ਪਿਆਰ ਸਤਿਕਾਰ , ਸਾਰੇ ਦਾ ਸਾਰਾ ਖਿੱਲਰ-ਬਿਖ਼ਰ ਗਿਆ ।
ਪੈਂਦੀ ਸੱਟੇ ੳਸ ਦੇ ਪਿਓ ਨੂੰ ਹੋਰ ਅੱਗੇ ਤੁਰਨ ਤੋਂ ਹਾਲ ਦੀ ਘੜੀ ਨਾਂਹ ਕਰ ਛੱਡੀ ।
ਸੂਬੇਦਾਰ ਨੇ ਸਮਝਿਆ ਐਮ.ਏ. ਪਾਸ ਗਿੰਦਰੋ ਨੂੰ ਸ਼ੇਰੀ ਦੀ ਪ੍ਰਾਈਵੇਟ ਸਕੂਲ ਮਾਸਟਰੀ ਪਸੰਦ ਨਹੀਂ ਆਈ – “…..ਕੀ ਘਾਟ ਐ ਉਦ੍ਹੇ ‘ਚ । ਪਹਿਲਾਂ ਤੂੰ ਉਦ੍ਹੀਆਂ ਸਿਫਤਾਂ ਕਰਦੀ ਸਾਹ ਨਈਂ ਸੀ ਲੈਂਦੀ , ਹੁਣ ਤੂੰ …। ਉਨ੍ਹੇ ਕਿਤੇ ਐਥੇ ਈ ਚਿਪਕਿਆ ਰੈਣ੍ਹਾ ਐਸੇ ਈ ਸਕੂਲੇ , ਹੋਰ ਭਲਕ ਨੂੰ ਉਹ ਪ੍ਰੋਫੈਸਰ ਬਣਿਆ ਲੈਅ, ਕਿਸੇ ਵੱਡੇ ਸਰਕਾਰ ਕਾਂਲਜ ਦਾਆ ………”
ਪਰ, ਗਿੰਦਰੋ ਨੂੰ ਉਸ ਵੀ ਸਕੂਲ ਮਾਸਟਰੀ ਦਾ ਹਿਰਖ ਸੀ , ਨਾ ਉਸ ਦੇ ਛੇਤੀ ਹੀ ਪ੍ਰੋਫੈਸਰ ਬਣ ਜਾਣ ਜਾ ਚਾਅ ।  ਉਹ ਤਾਂ ਇਤਿਹਾਸ ਦੇ ਪ੍ਰੋਫੈਸਰ ਦੇ ਸਮਝਾਏ ‘ਨੁਕਤੇ ’ ਦੇ ਭੈਅ-ਸੱਚ ਵਿਚਕਾਰ ਪੂਰੀ ਤਰ੍ਹਾਂ ਘਿਰ ਗਈ ਸੀ – “…ਨਾ ਤਾਂ ਕਿਸ਼ੋਰ ਉਮਰ ਦੀ ਅਲੜ੍ਹ ਆਪ ਮੁਹਾਰੀ ਗਰਮੀ ਹੀ ਅਮਲੀ ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਦੂਰ-ਦੇਰ ਤੱਕ ਸਾਥ ਦਿੰਦੀ  ਐ …..ਤੇ ਨਾ ਹੀ ਨਿੱਜਵਾਦੀ-ਕੈਰੀਅਰਿਸਟ ਲੰਮੇ ਸਮੇਂ ਤੱਕ ਇਨਕਲਾਸੀ ਰਾਹਾਂ ਤੇ ਲੰਮਾ ਪੈਂਡਾ ਤੁਰੇ ਰਹਿ ਸਕਦੇ ਆ……।”
ਉਸ ਦੇ ਜਾਣੇ-ਪਛਾਣੇ ਕਸਬੇ ਦੇ ਸੰਤ-ਖਾਲਸਾ ਹਾਈ ਸਕੂਲ ਦਾ ਅੰਗਰੇਜ਼ੀ-ਮਾਸਟਰੀ ਸ਼ੇਰੀ, ਉਸ ਨੂੰ ਯੂਨੀਵਰਸਿਟੀ ਪੜ੍ਹਦੇ ਸ਼ੇਰੀ ਨਾਲੋਂ ਬਿਲਕੁਲ ਵੱਖਰਾ-ਵੱਖਰਾ ਲੱਗਾ । ….ਉਹ ਤਾਂ ਸਮਝਦੀ ਤਾਂ ਉਸ ਨੂੰ ਫੀਸਾਂ –ਪਾਸਾਂ ਦੇ ਹਲਕੇ –ਫੁਲਕੇ ਟੀਚਿਆਂ ਤੋਂ ਅਗਲੇ ਪੜਾਵਾਂ ਦਾ ਰਾਹਗੀਰ ਸਮਝਦੀ ਰਹੀ ।ਓਬੜ-ਖੋਬੜ ਧਰਤੀ ਤੇ ਰਿੜ੍ਹਦੇ-ਸਰਕਦੇ ਜੀਵਨ ਦਾ ਹਮਸਫ਼ਰ ਗਿਣਤੀ ਰਹੀ , ਪਰ ਉਹ ਟੀਚਰੀ-ਪ੍ਰੇਫੈਸਰੀ ਦੇ ਕੋਲੂ-ਘੇਰੇ ਚੜ੍ਹਿਆ, ਕਿਸੇ ਵੀ ਆਮ-ਸਥਾਰਨ ਪਤੀ ਨਾਲੋਂ ਵੱਧ ਵਿਸ਼ੇਸ਼ ਕੁਝ ਵੀ ਨਹੀਂ ਸੀ ਨਿਕਲਿਆ ।
…..ਮਸਾਣਝਿੜੀ ‘ਚ ਆਉਂਦੀਆਂ ,ਉਸ ਦੀ ਜ਼ਿੰਦਾਬਾਦ ਦੀਆਂ ਆਵਾਜ਼ਾਂ ਉਸ ਨੂੰ ਬੇਹੱਦ ਓਪਰੀਆਂ ਤੇ ਭੈੜੀਆਂ ਲੱਗੀਆਂ ।
ਲਸ਼ਕਰ-ਮਿੰਦਰ ਦੀ  ਕਾਰਗੁਜ਼ਾਰੀ ਉਸ ਦੀ ਨਿਰਜਿੰਦ ਹੋਈ ਦੇਹ ਨੂੰ ਜਿਵੇਂ ਈਸਾ-ਸੂਲੀ ਤੇ ਟੰਗ ਗਈ ।
ਨਾਅਰੇ-ਹੇਕਾ ਦੀ ਤਲਖੀ ਮਹਿਸੂਸਦੀ ਉਹ ਹੰਭਲਾ ਮਾਰ ਕੇ ਉੱਠ ਬੈਠੀ । ਦਾਦੀ ਸੱਸ ਦੇ ਮੋਢੇ ਤੇ ਟਿਕਿਆ ਅੱਧੋਰਾਣਾ ਨੰਗ-ਸਿਰ , ਉਸ ਨੇ ਆਪਣੇ ਮੋਢਿਆਂ ਦੇ ਭਾਰ ਦੇ ਕੇ ਪੂਰਾ ਸਿੱਧਾ ਕਰ ਲਿਆ ।
ਲੱਟ-ਲੱਟ ਕ੍ਰਿੱਲਰੇ ਕਾਲੇ-ਭੂਰੇ ਵਾਲ੍ਹ ਪਿੱਠ ਵਾਲੇ ਪਾਸੇ ਨੂੰ ਥੋੜ੍ਹੇ ਕੁ ਸੁਆਰੇ ਕਰ ਲਏ ।
ਉਸ ਦੀਆਂ ਲਾਲ ਡੋਰੇ ਉੱਗਲੀਆਂ ਅੱਖਾਂ ਮਸਾਣਝਿੜੀ ਦੀ ਹਿੱਲ-ਜੁਲ ਨਾਲ ਇਕ-ਟੱਕ ਜੁੜ ਗਈਆਂ । …..ਆਪਣੀ ਠੇਠ ਮੁਜ਼ਾਰ੍ਹਾਕਾਰੀ ਸ਼ੈਲੀ –ਬੋਲੀ ‘ਚ ਲਸ਼ਕਰ ਦਾ ਅਮਲ ਲਗਾਤਾਰ ਜਾਰੀ ਸੀ – ਕਿਸੇ ਦੀ ਮੁਰਦਾਬਾਦ , ਕਿਸੇ ਦੀ ਜ਼ਿੰਦਾਬਾਦ । ਨਾਲ-ਨਾਲ ਸਰਧਾਂਜਲੀ ਸ਼ੇਰੀ ਨੂੰ , ਪ੍ਰੋਫੈਸਰ ਸ਼ੇਰ ਸਿੰਘ ਸ਼ੇਰੀ ਨੂੰ ।
-“ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਕਰਨ ਆਏ ਦੋਸਤੋ , ਤੁਆਡੇ ਚਿਹਰਿਆਂ ਤੇ ਛਾਈਂ ਫਿਕਰਮੰਦੀ ਤੋਂ ਏਹ ਸਾਫ-ਸਾਫ ਪੜ੍ਹਿਆ ਜਾ ਰਿਹੈ , ਕਿ ਸਾਡ ਦੁਆਲੇ ਤੰਦੂਆ ਜਾਲ੍ਹ ਸੁੱਟੀ ਬੈਠੀ ਏਸ ਨਾਮੁਰਾਦ ਅਰਥ-ਵਿਵਸਥਾ ਨੇ , ਅੱਜ ਸਾਥੋਂ ਪਿਆਰਾ ਤੇ ਮਹਿਬੂਬ ਸਾਥੀ ਖੋਹ ਕੇ ਸ਼ਹੀਦ ……। ”ਇਕ ਵਾਕ ‘ਚ ਉਹ ‘ਸ਼ਹੀਦ ’, ਦੂਜੇ ‘ਚ ‘ਅਮਰ’, ਤੀਜੇ ‘ਚ ‘ਅਮਰ-ਸ਼ਹੀਦ’…..।
ਗਿੰਦਰੋ ਤੀ ਤੜਪਦੀ ਰੂਹ ਨੂੰ ਇਹ ਆਵਾਜ਼ਾਂ ਤੀਰਾਂ ਵਾਂਗ ਵਿੰਨ੍ਹਦੀਆਂ ਗਈਆਂ ।
….ਉਸ ਦੀ ਹੁਣ ਤੱਕ ਦੀ ਸਮਝ-ਸੂਝ ਨੇ ਇਹਨਾਂ ਸ਼ਬਦਾਂ ਦੇ ਸਹਿਜ ਅਰਥਾਂ ਨੂੰ ਜਾਂ ਤਾਂ ਬਾਪੂ ਬਿਸ਼ਨ ਸਿੰਘ ਵਰਗੇ ਗ਼ਦਰੀ-ਇਨਕਸਾਲਬੀ ਬਾਬਿਆਂ ਨਾਲ ਜੋੜ ਕੇ ਵਾਚਿਆ ਸੀ , ਜਾਂ ਫਿਰ ਅੰਨ੍ਹੀ-ਹਨੇਰੀ ਵਰਗੀ ਕਾਲ੍ਹੀ-ਬੋਲੀ ‘ਰਾਤ ’ ‘ਚ ਬੇ-ਖੌਫ ‘ਵਿਚਰਦੇ ’ ਨਿੰਦੀ-ਦਾਰੀ ਸਮੇਤ ਸੁਹਰੇ ਪਿੰਡ ਦੇ ਅਨੇਕਾਂ ਬੇ-ਕਸੂਰਾਂ ਨਾਲ ।
ਘਰ ਦੇ ਜੀਆਂ ਦੇ ਜੀਅ –ਘਾਣ ਤੋਂ ਡਰਦਾ , ‘ਉਨ੍ਹਾਂ’ ਨੂੰ ਪੱਤਣ ਤੱਕ ਛੱਡਣ ਗਿਆ ਛੋਟਾ ਭਰਾ ਜੱਸੀ ਵੀ ਉਸ ਨੇ ਇਹਨਾਂ ਦੀ ਅਰਥ-ਵਲਗਣ ਨਹੀਂ ਸੀ ਲਿਆਂਦਾ ।
ਫਿਰ ਸ਼ੇਰੀ …..ਉਸ ਦੀ ਆਸ-ਉਮੀਦ ਦੇ ਹਾਣ-ਪ੍ਰਵਾਣ ਤੋਂ ਬਹੁਤ ਹੀ ਨੀਵੀਂ ਥਾਂ ਜਾ ਡਿੱਗਿਆ ਸ਼ੇਰੀ । ਉਸ ਦੀ ਸਕੀ-ਸਕੀਰੀ ਮੰਡ ‘ਚ ਵਰ੍ਹਦੀ ਅੱਗ ਤੋਂ ਡਰ ਸਹਿਮ ਦੇ ਕਚਹਿਰੀ ਕੁੱਲੀ ਦੀ ਛੱਤ ਹੇਠ ਲੁਕੇ-ਦੜੇ ਸ਼ੇਰੀ ਲਈ ਵਰਤੇ ਗਏ ਪਾਕ-ਪਵਿੱਤਰ ਸਿਲਾਲੇਖਾਂ ਦਾ ਉਚਾਰਨ ਸੁਣ ਕੇ ਉਹ ਵਿਆਕੁਲ ਹੀ ਹੋ ਉੱਠੀ ।
ਉਸ ਦੇ ਮਨ ‘ਚ ਆਈ ਕਿ ਬੇਬੇ ਲਾਗਿਓਂ ਉੱਠ ਕੇ , ਉਹ ਝੱਟ-ਪੱਟ ਮਸਾਣਝਿੜੀ ਜਾ ਪਹੁੰਚੇ ਅਤੇ ਲਸ਼ਕਰ ਦੀ ਥਾਂ ਖੜੋ ਕੇ , ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ ਦੀ ਥਾਂ ਖੜੋ ਕੇ ,ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ-ਮਿੰਦਰ ਤੋਂ ਇਹਨਾਂ ਸ਼ਬਦ-ਸੰਗਿਆਵਾਂ ਦੇ ਭਾਵ-ਅਰਥ ਪੁੱਛੇ ਤੇ ਫਿਰ…..ਫਿਰ ਉਹਨਾਂ ਦੁਆਲੇ ਜੁੜੀ ਸਾਰੀ ਦੀ ਸਾਰੀ ਭੀੜ ਨੂੰ ਬੇ-ਹੱਦ , ਬੇ-ਲਿਹਾਜ਼ ਹੋ ਕੇ ਮੁਖਾਤਿਬ ਹੋਵੇ –“ ….. ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਆਏ ਸਾਥੀਓ , ਤੁਹਾੜੇ ਸਭ ਦੇ ਚਿਹਰਿਆਂ ਤੇ ਚਿਪਕੀ ਉਦਾਸੀ ਤੋਂ ਕੀ ਏਹ ਸਾਫ਼-ਸਾਫ਼ ਪੜ੍ਹ ਲਿਆ ਜਾਏ ਕਿ ਸੱਚ-ਮੁੱਚ ਹੀ ਤੁਆਡਾ ‘ਪਿਆਰਾ ਤੇ ਮਹਿਬੂਬ ’ ਸ਼ੇਰੀ ਤੁਆਡੀ ਹਰ ਭੀੜ-ਮੁਸ਼ਕਲ , ਔਖ-ਤਕਲੀਫ਼ ਦੇ ਅੰਗ-ਸੰਗ ਖਲੋ ਕੇ ਚਲਦਾ ਵਿਚਰਦਾ ਰਿਹੈ ਜਾਂ ਉਹ ਹਲਕੀ –ਭਾਰੀ ਹਵਾ ਦੇ ਛੋਟੇ ਵੱਡੇ ਬੁੱਲ੍ਹੇ-ਵਰੋਲੇ ਤੋਂ ਡਰਦਾ , ਆਪਣੇ ਹੀ ਨਿੱਜ ਦੇ ਖੋਲ੍ਹ ਅੰਦਰ ਡੂੰਘਾ ਹੋਰ ਡੂੰਘਾ ਗ਼ਰਕ ਹੁੰਦਾ ਗਿਆ ……ਆਪਣਾ ਆਪ , ਆਪਣੇ ਲੋਕ, ਅਪਣੇ ਆਦਰਸ਼ ਸੱਭ ਕੁਝ ਭੁੱਲ-ਭੁਲਾ ਕੇ ।
ਪਰ……ਬੇਬੇ ਤੇਜੋ ਨਾਲ ਢੁੱਕ ਕੇ ਬੈਠੀ ਗਿੰਦਰੋ ਉਵੇਂ ਦੀ ਉਵੇਂ ਬੈਠੀ ਰਹੀ । ਉੱਠ ਨਾ ਸਕੀ । ਲੋਕ-ਲੱਜਾ ਵਜੋਂ ਜਾਂ ਮੁੱਢ ਤੋਂ ਚੱਲੀ ਆਉਂਦੀ ਅਪਣੀ ਭਾਸ਼ਣ ਕਰ ਸਕਣ ਦੀ ਝਿਜਕ ਕਾਰਨ ।…..ਯੂਨੀਵਰਸਟੀ , ਵਿਦਿਆਰਥੀ  ਇਕੱਠਾਂ ‘ਚ ਵੀ ਉਸ ਤੋਂ ਅਜਿਹੀ ਹਿੰਮਤ ਕਦੀ ਸੀ ਹੋਈ । ਤਨੋ-ਮਨੋ ਚਾਹੁੰਦਿਆਂ ਹੋਇਆਂ ਵੀ ਨਹੀਂ ਸੀ ਹੋ ਸਕੀ । ਉਸ ਅੰਦਰ ਉਬਲਦਾ ਰੋਹ-ਹਿਰਖ਼, ਉਸ ਦੀ ਹਿੱਕ-ਛਾਤੀ ਨਾਲ ਟੱਕਰਾ ਦੇ ਬੱਸ ਅੰਦਰੋ-ਅੰਦਰ ਡੱਕਿਆ ਰਹਿੰਦਾ । ਜਾਂ , ਵੱਧ ਤੋਂ ਵੱਧ ਕਿਸੇ ਨੇਤਾ-ਵਕਤਾ ਨੂੰ ਕੱਲਿਆਂ ਰੋਕ  ਬੋਲ-ਖਹਿਬੜ ਲੈਂਦਾ – ਉਸ ਦੀ ਆਪ-ਵਿਰੋਧੀ ਬਿਆਨਬਾਜ਼ੀ ਤੇ ਜਾਂ ਉਸ ਦੀ ਕਰਨੀ-ਕਥਨੀ ਵਿਚਲੇ ਲੰਮੇ-ਚੌੜੇ ਅੰਤਰ ਕਰਕੇ ।
ਸ਼ੇਰੀ ਨਾਲ ਵੀ ਗਿੰਦਰੋ ਰੱਜ ਕੇ ਆਡ੍ਹਾ ਲਾਉਂਦੀ । ਨਾ ਰਾਤ ਦੇਖਦੀ ਨਾ ਦਿਨ । ਨਾ ਉਸ ਦੀ ਸਰਤ ਦੇਖਦੀ ਨਾ ਬੇ-ਸੁਰਤੀ  । ਉਹ ਉਸ ਨੂੰ ਚੰਗੇ –ਮਾੜੇ ਸਾਰੇ ਸ਼ਬਦਾਂ ਨਾਲ ਫਿਟਕਾਰਦੀ । ਉਸ ਨੂੰ ਨਿਕੰਮਾ, ਭਗੌੜਾ, ਸੁਆਰਥੀ ਤੱਕ ਦੇ ਦੋਸ਼ ਲਾ ਕੇ ਆਰ੍ਹਾਂ-ਹੁੱਝਾਂ ਲਾਉਂਦੀ । ਪਰ ਉਹ….ੳਸ ਉੱਤੇ ਰਤਾ-ਮਾਸਾ ਵੀ ਕਿਧਰੇ ਕੋਈ ਅਸਰ ਨਾ ਹੁੰਦਾ ।ਸੜਦੀ-ਭੁਜਦੀ ਗਿੰਦਰੋ ਦਾ ਭਰਿਆ-ਕਲਪਿਆ ਚਿੱਤ , ਆਬਸ਼ਾਰ ਬਣ ਕੇ ਬਹਿ ਉੱਠਦਾ । …..ਉਸ ਦੀਆਂ ਖਾਖਾਂ ਤੋਂ ਡਾਰਾਂ ਬਣ ਕੇ ਡਿੱਗਦੇ ਹੰਝੂ , ਕਿੰਨਾ-ਕਿੰਨਾ ਚਿਰ ਦੀ ਨਿਰਜਿੰਦ ਹੋਈ ਦੇਹ ਨੂੰ ਨਿਰਜਾਨ ਕੀਤੀ ਰੱਖਦੇ ।
ਬੇ-ਬੱਸ , ਬੇ-ਚੈਨ ਹੋਈ  ਉਹ ਕਈ-ਵਾਰ ਸੱਭ ਕੁੱਝ ਛੱਡ-ਛੁਡਾ ਕੇ ਪੇਕੇ ਘਰ ਪਰਤ ਜਾਣ ਨੂੰ ਆਹੁਲਦੀ । ਪਰ…..ਉਸ ਦਾ ਪੇਕਾ ਘਰ ਹੈਅ ਕਿੱਥੇ ਸੀ । …..ਬੁੱਢੇ ਮਾਂ-ਪਿਓ ਦੀ ਬੇ-ਸਹਾਰਾ ਜੂਨ ਤਾਂ ਗੋਡਿਆਂ ‘ਚ ਸਿਰ ਸੁੱਟੀ , ਅਜੇ ਤੱਕ ਬਾਹਰਲੀ ਸਰਦਲ ਵਲ੍ਹ ਨੂੰ ਟਿਕਟਿਕੀ ਲਾਈ ਬੈਠੀ ਸੀ , ਕਿਸੇ ਵੀ ਜੱਸੀ ਦੀ ਉਡੀਕ ‘ਚ ।
ਛੋਟੇ ਭਰਾ ਦੀ ਬੇ-ਵਕਤ ਹੋਈ ਮੌਤ, ਉਸ ਨੂੰ ਬੀਤੇ ਸਾਰੇ ਸਮੇਂ ਨਾਲੋਂ ਕਿਤੇ ਵੱਧ ਦੁਖਦਾਈ ਮਹਿਸੂਸ ਹੋਣ ਲੱਗੀ ।
ਉਸ ਨੂੰ ਸਮਝ ਨਹੀਂ ਸੀ ਪੈਂਦੀ ਕਿ ਪਿੱਛਲੀ ਇਕੋ ਰਾਤ ‘ਚ ਉਸ ਅੰਦਰ ਉੱਗ ਆਈ ਉਜਾੜ, ਉਸ ਦੇ ਸਹੁਰੇ ਘਰ ਦੇ ਇਕੋ ਚਿਰਾਗ੍ ਦੇ ਗੁੱਲ ਹੋ ਜਾਣ  ਕਾਰਨ ਪੱਸਰਾ ਖਲੋਈ ਹੈ ਜਾਂ ਉਸ ਦੇ ਪੇਕੇ ਘਰ ਦੀ ਥੋੜ੍ਹਾ ਕੁ ਸਮਾਂ ਪਹਿਲਾਂ , ਬੁਝ ਚੁੱਕੀ ਇਕੋ-ਇਕ ਕਾਰਨ ।
ਬੇਬੇ ਦੀ ਉਮਰ ਵਾਂਗ ਤੁਰਦਾ , ਉਜਾੜ ਲੰਮਾ ਸਫ਼ਰ , ਉਸ ਦੀ ਗਹਿਰ-ਗੰਭੀਰ ਨਿਗਾਹ ਸਾਹਮਣੇ ਦੂਰ ਤੱਕ ਫੈਲਿਆ , ਉਸ ਨੂੰ ਉਸ ਦੇ ਸਫ਼ਰ ਨਾਲੋਂ ਕਿਤੇ ਵੱਧ ਡਰਾਉਣਾ ਦਿੱਸਣ ਲੱਗਾ ।
ਬੇਬੇ ਨੂੰ ਤਾਂ ਉਸ ਦੀ ਹਰੀ-ਭਰੀ ਕੁੱਖ ਨੇ ਕਈ ਵਰ੍ਹੇ ਚਾਅ-ਮਲ੍ਹਾਰ ਕਰਦਿਆਂ ਕਟਵਾ ਹੀ ਛੱਡੇ ਸਨ , ਪਰ ਉਹ ਤਾਂ ਅਜੇ…।
ਚਾਨਚੱਕ ਉਸ ਦੇ ਮਿੱਟੀ ਲਿਬੜੇ ਹੱਥ, ਉਸ ਦੀ ਖਾਲੀ-ਖਾਲੀ ਕੁੱਖ ਤੇ ਦਹੱਥੜ ਮਾਰਨ ਵਾਂਗ ਆ ਵੱਜੇ ।
ਸੜਦੀ-ਬਲਦੀ ਚਿਤਾ ਵਲ ਇਕ-ਟੱਕ ਦੇਖਦੀ ਗਿੰਦਰੋ ਅੰਦਰੋਂ ਉੱਠਿਆ ਤੂਫਾਨ ਜਿੱਡਾ ਹਓਕਾ, ਦਾਦੀ-ਸੱਸ ਦੀ ਬੁੱਕਲ ਨਾਲ ਟੱਕਰਾ ਕੇ ਮੂੜ ਉਸ ਦੀ ਅਪਣੀ ਝੋਲੀ ‘ਚ ਆ ਖਿੱਲਰਿਆ ।
ਮਸਾਣਝਿੜੀ ਦਾ ਸ਼ੋਰੋ-ਗੁੱਲ ਅਜੇ ਵੀ ਉਸ ਦੇ ਕੰਨਾਂ ਵਿਚ ਲਗਾਤਾਰ ਵੱਜ ਰਿਹਾ ਸੀ –ਠੱਕ-ਠੱਕ ।
ਉਸ ਨੂੰ ਹੁੱਝਾਂ ਮਾਰਨ ਵਾਂਗ ।
ਤੇਜੋ ਬੇਬੇ ਲਾਗੇ ਚੇਤੰਨ ਹੋ ਬੈਠੀ , ਉਹ ਆਖਿਰ ਉਸ ਦੇ ਮੋਢੇ ਦਾ ਆਸਰਾ ਲੈ ਕੇ ਉੱਠ ਖਲੋਈ । ……ਆਸ-ਪਾਸ ਬੈਠੀਆਂ ਢੇਰ ਸਾਰੀਆਂ ਮਾਈਆਂ-ਬੀਬੀਆਂ ਵਲੋਂ ਅਸਲੋਂ ਬੇ-ਧਿਆਨ ।
ਇਕ-ਦੰਮ, ਉਸ ਦੇ ਡੋਲਦੇ –ਡਿੱਗਦੇ ਪੈਰ , ਸਿੱਧੇ ਮਸਾਣਝਿੜੀ ਵਲ੍ਹ ਨੂੰ ਹੋ ਤੁਰੇ । ਕੱਖ-ਕੰਡ ਮਿੱਧਦੇ-ਨੱਪਦੇ ।
…..ਲਸ਼ਕਰ ਦੁਆਲੇ ਜੁੜੇ ਸੋਗੀ ਇਕੱਠ ਦੇ ਰੂ-ਬ-ਰੂ ਹੋ ਕੇ ਕੁਝ ਆਖਣ-ਪੁੱਛਣ ਲਈ ਜਾਂ…..ਜਾਂ ਪ੍ਰੋ: ਸ਼ੇਰੀ , ਜੁਆਨ-ਜਹਾਨ ਪਤੀ ਸ਼ੇਰੀ ਦੀ ਤੜ-ਤੜ ਬਲ੍ਹਦੀ ਚਿਤਾ ਤੇ ਆਖ਼ਰੀ ਤੀਲ੍ਹਾ ਸੁੱਟਣ ਦਾ ਸਤਿਕਾਰ ਪੇਸ਼ ਕਰਨ ਲਈ ।
ਇਹ ਨਾ ਉਸ ਨੂੰ ਆਪ ਨੂੰ ਪਤਾ ਲੱਗਾ , ਨਾ ਉਸ ਦੇ ਲਾਗੇ ਬੈਠੀ , ਉਸ ਦੀ ਬੇਬੇ ਤੇਜੋ ਨੂੰ ….?

ਹੰਝੂ ਬਣੇ ਸੁਪਨੇ

$
0
0

ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ ਚੱਪਲਾਂ ਵੀ ਟੁੱਟੀਆਂ ਪਈਆਂ ਨੇ, ਨਵੀਆਂ ਚੱਪਲਾਂ ਪਾ ਕੇ ਖੁਸ਼ ਹੋ ਜਊ। ਰਹਿੰਦੇ ਪੈਸਿਆਂ ਦੇ ਦੀਵਾਲੀ ਵਾਲੇ ਦਿਨ ਲੱਡੂ ਲਿਆ ਦੇਵਾਂਗੀ। ਕੋਈ ਵਧੀਆ ਜਿਹੀ ਸਬਜੀ ਵੀ ਲੈ ਆਵਾਂਗੀ, ਬਾਲ ਵਿਚਾਰੇ ਰੋਜ਼ ਚੱਟਣੀ ਤੇ ਅਚਾਰ ਨਾਲ ਖਾਂਦੇ ਆ’। ਸੋਚਾਂ ਸੋਚਦਿਆਂ ਰਾਣੋ ਘਰ ਪਹੁੰਚ ਗਈ।

ਰਾਜੂ ਤੇ ਦੀਪੀ ਮਾਂ ਨੂੰ ਵੇਖ ਕੇ ਖੁਸ਼ ਹੋ ਗਏ। ਉਸ ਨੇ ਆਪਣੇ ਬੱਚਿਆਂ ਨੂੰ ਪੰਜ ਸੌ ਦਾ ਨੋਟ ਖੁਸ਼ੀ-ਖੁਸ਼ੀ ਵਿਖਾਇਆ। ਇੰਨੇ ਨੂੰ ਉਸ ਦਾ ਘਰਵਾਲਾ ਉਠਿਆ ਤੇ ਰਾਣੋ ਦੇ ਹੱਥਾਂ ‘ਚੋਂ ਪੰਜ ਸੌ ਦਾ ਨੋਟ ਖੋਹ ਕੇ ਬਾਹਰ ਵੱਲ ਤੁਰ ਗਿਆ। ਰਣੋ ਰੌਂਦੀ ਕਲਪਦੀ ਦਰਵਾਜੇ ਤੱਕ ਪੈਸੇ ਫੜਨ ਲਈ ਭੱਜੀ, ਪਰ ਉਹ ਰਾਣੋ ਨੂੰ ਧੱਕਾ ਦੇ ਕੇ ਸੁਟ ਗਿਆ। ਦਸ ਕੁ ਮਿੰਟਾਂ ਬਾਅਦ ਮਹਿੰਗੀ ਸ਼ਰਾਬ ਲੈ ਕੇ ਘਰ ਮੁੜਿਆ। ਮੇਜ਼ ‘ਤੇ ਧਰਕੇ ਗ਼ਲਾਸ ‘ਚ ਸ਼ਰਾਬ ਪਾ ਕੇ ਪੀਣ ਲੱਗਾ। ਰਾਣੋ ਬੱਚਿਆਂ ਨੂੰ ਕਲਾਵੇ ‘ਚ ਲੈ ਕੇ ਇਹ ਸਭ ਵੇਖਦੀ ਰਹੀ। ਉਸਨੂੰ ਲੱਗਿਆ ਜਿਵੇਂ ਉਸਦਾ ਪਤੀ ਰਾਣੋ ਤੇ ਬੱਚਿਆਂ ਦੀਆਂ ਰੀਝਾਂ ਨੂੰ ਗਟਾ-ਗਟ ਪੀ ਰਿਹਾ ਹੋਵੇ। ਰਾਣੋ ਦੇ ਸੁਪਨੇ ਉਸ ਦੀਆਂ ਅੱਖਾਂ ‘ਚੋਂ ਹੰਝੂ ਬਣ ਵਹਿ ਤੁਰੇ…।

ਬੇਗਾਨਾ ਧੰਨ

$
0
0

ਕਸਬੇ ਦੇ ਸਿਟੀ ਹਸਪਤਾਲ ਦੇ ਬਾਹਰ ਬੈਠਾ ਬਲਵੰਤ ਸਿੰਘ ਪਤਾ ਨਹੀ ਕਿਹੜੇ ਖਿਆਲਾਂ ਵਿੱਚ ਗੁੰਮ ਸੀ, ਉਸ ਦਾ ਗੱਚ ਭਰਿਆ ਹੋਇਆ ਸੀ, ਬਸ ਡਲਕਣ ਹੀ ਵਾਲਾ ਸੀ, ਚੇਹਰੇ ਦਾ ਰੰਗ ਫੱਕਾ ਹੋਇਆ ਪਿਆ ਸੀ। ਮਹਿੰਦਰ ਪਾਲ ਦੇ ਦੋ ਹੀ ਬੱਚੇ ਸਨ, ਬੇਟਾ ਰਵੀਪਾਲ ਤੇ ਬੇਟੀ ਅੰਮ੍ਰਿਤਪਾਲ। ਦੋਹਾਂ ਦੇ ਸੁਭਾਅ ਵਿਚ ਰਾਤ ਦਿਨ ਦਾ ਫਰਕ ਸੀ, ਜੇ ਰਵੀ ਢੀਠ, ਕੰਮਚੋਰ ਤੇ ਵੇਹਲੜ-ਸ਼ਰਾਬੀ ਹੋਣ ਕਾਰਨ ਹਨੇਰੀ ਕਾਲੀ-ਬੋਲੀ ਰਾਤ ਸੀ, ਤਾਂ ਅੰਮ੍ਰਿਤਾ ਨਿੱਘੇ-ਸੁਭਾਅ ਮਾਲਕ, ਪੜਾਈ ਵਿਚ ਲਾਇਕ, ਨਿਮਰਤਾ, ਸੀਰਤ ਤੇ ਸੂਰਤ ਦੀ ਸੁੰਦਰ ਸਵੇਰ ਜਿਹੀ ਸੀ। ਅੰਮ੍ਰਿਤਾ, ਸਭ ਉਸ ਨੂੰ ਪਿਆਰ ਨਾਲ ਅੰਮ੍ਰਿਤਾ ਹੀ ਸੱਦਦੇ ਸਨ। ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਸਭਨਾਂ  ਨਾਲ ਅਦਬ ਸਤਿਕਾਰ ਨਾਲ ਗੱਲ ਕਰਨੀ, ਘਰ ਆਏ ਦੀ ਆਓ ਭਗਤ ਨਿਮਰਤਾ ਨਾਲ ਕਰਨੀ, ਘਰੇਲੂ ਕੰਮਾਂ ਚ ਮਾਹਿਰ ਆਦਿ ਗੁਣਾਂ ਦੀ ਗੁਥਲੀ ਸੀ। ਰੰਗ ਦੀ ਭਾਵੇਂ ਅੰਮ੍ਰਿਤਾ ਸਾਂਵਲੀ ਜਿਹੀ ਸੀ ਪਰ ਉਸ ਦੇ ਸੰਸਕਾਰ, ਅਕਲ ਤੇ ਵੇਹੜੇ ਵਿਚ ਸਭ ਤੋਂ ਜਿਆਦਾ ਪੜੀ ਹੋਣ ਕਾਰਨ ਉਹ ਸਭ ਦੀ ਪਿਆਰੀ ਬੇਟੀ ਸੀ। ਮਾਤਾ-ਪਿਤਾ ਨੂੰ ਉਸ ਤੇ ਬਹੁਤ ਮਾਣ ਸੀ।

ਮਹਿੰਦਰ ਪਾਲ ਕਾਰਪੋਰੇਸ਼ਨ ਮਹਿਕਮੇ ਵਿਚ ਸੇਵਾਦਾਰ ਦੀ ਪੋਸਟ ਤੋਂ ਕਈ ਸਾਲਾਂ ਬਾਦ ਰਿੜ-ਖੁੜ ਕੇ ਬਾਊ ਬਣ ਕੇ ਦੋ ਸਾਲ ਪਹਿਲਾਂ ਸੇਵਾਮੁਕਤ ਹੋਇਆ ਸੀ। ਸੇਵਾਮੁਕਤੀ ਤੇ ਉਸ ਨੂੰ ਖਾਸ ਰਕਮ ਨਹੀ ਮਿਲੀ ਸੀ, ਜੋ ਕੁਝ ਮਿਲਿਆ ਸੀ, ਉਸ ਵਿੱਚੋਂ ਕੁਝ ਬੇਟੇ ਤੇ ਬੇਟੀ ਨੂੰ ਪੜਾਈ ਕਰਾਉਣ ਤੇ ਖਰਚ ਕਰ ਛੱਡੀ ਸੀ, ਕੁਝ ਅੰਮ੍ਰਿਤਾ ਦੇ ਵਿਆਹ ਉੱਪਰ, ਜੋ ਪੈਨਸ਼ਨ ਮਿਲਦੀ ਸੀ ਉਸਦਾ ਕੁਝ ਨਿਗੁਣਾ ਜਿਹਾ ਹਿੱਸਾ ਘਰ ਦੇ ਲੋਨ ਤੇ ਚਲੀ ਜਾਂਦੀ ਸੀ। -ਰਵੀ ਨੂੰ ਉਸ ਨੇ ਜਿਸ ਵੀ ਕੰਮ ਵਿਚ ਵੀ ਪਾਇਆ ਉਸ ਵਿੱਚੋਂ ਕੋਈ ਨਾ ਸਿਰੇ ਚਾੜਿਆ ਤੇ ਭੈੜੇ ਯਾਰਾਂ ਦੀ ਸੰਗਤ ਵਿਚ ਰਲ ਕੇ ਵੇਹਲੜ ਬਣ ਗਿਆ ਸੀ। ਇਹ ਕੰਮ ਭਾਵੇਂ ਮੋਟਰ ਸਾਇਕਲ ਦਾ ਸਰਵਿਸ ਸਟੇਸ਼ਨ ਸੀ, ਕਰਿਆਨੇ ਦੀ ਦੁਕਾਨ ਸੀ। ਰਵੀ ਬੀ.ਏ ਦੀ ਪੜਾਈ ਵੀ ਪਹਿਲੇ ਸਾਲ ਹੀ ਛੱਡ ਚੁੱਕਾ ਸੀ। ਦੂਜੇ ਪਾਸੇ ਅੰਮ੍ਰਿਤਾ ਨੇ ਨਰਿਸੰਗ ਦੀ ਡਿਗਰੀ ਪਹਿਲੇ ਦਰਜੇ ਵਿਚ ਪਾਸ ਕਰ ਲਈ ਸੀ।

ਅੰਮ੍ਰਿਤਾ ਭਾਵੇਂ ਰਵੀ ਤੋਂ ਤਿੰਨ ਸਾਲ ਵੱਡੀ ਸੀ, ਪਰ ਵੇਖਣ ਨੂੰ ਉਹ ਰਵੀ ਤੋਂ ਛੋਟੀ ਲੱਗਦੀ ਸੀ। ਅੰਮ੍ਰਿਤਾ ਰਵੀ ਤੋਂ ਛੋਟੀ ਹੋਣ ਦੇ ਬਾਵਜੂਦ ਵੀ ਰਵੀ ਤੋਂ ਸਿਆਣੀ, ਅਕਲਮੰਦ ਤੇ ਲਿਆਕਤ-ਪੜਾਈ ਵਿਚ ਦੂਣੀ ਸੀ। ਘਰ ਵਿਚ ਜੇ ਕੋਈ ਰਵੀ ਦੇ ਝਗੜੇ ਕਾਰਨ ਕਲੇਸ਼ ਹੋ ਵੀ ਜਾਂਦਾ ਸੀ ਤਾਂ ਅੰਮ੍ਰਿਤਾ ਸਭ ਨੂੰ ਗਲ ਵਿਚ ਲੈ ਕੇ ਸਮਝਾ ਲੈਂਦੀ ਤੇ ਚੁਪ ਕਰਵਾ ਦਿੰਦੀ ਸੀ। ਰਵੀ ਦੀਆਂ ਪਤਾ ਨਹੀਂ ਕਿੰਨੀਆਂ ਗਲਤੀਆਂ-ਨਾਦਾਨੀਆਂ ਤੇ ਉਹ ਪੜਦਾ ਪਾ ਕੇ ਕੱਝਦੀ ਰਹਿੰਦੀ ਸੀ। ਰਵੀਂ ਮਾਂ-ਪਿਓ ਦੀਂ ਥਾਂ ਅੰਮ੍ਰਿਤਾ ਦੀ ਗੱਲ ਮੰਨ ਲੈਂਦਾ ਸੀ। ਪਰ ਪਿਛੋਂ ਰਵੀ ਦਾ ਫੇਰ ਉਹੀ ਹਾਲ ਰਹਿੰਦਾ ਸੀ।

ਮਹਿੰਦਰਪਾਲ ਤੇ ਉਸਦੀ ਪਤਨੀ ਆਸ਼ਾ ਰਵੀ ਤੋਂ ਵੀ ਜਿਆਦਾ ਪਿਆਰ ਆਪਣੀ ਧੀ ਅੰਮ੍ਰਿਤਾ ਨਾਲ ਕਰਦੇ ਸਨ। ਉਹ ਮਾਂ ਬਾਪ ਦੀਆਂ ਅੱਖਾਂ ਵਿਚ ਕਦੀ ਵੀ ਅਥਰੂ ਨਹੀ ਵੇਖ ਸਕਦੀ ਸੀ। ਉਹਨਾਂ ਦੇ ਦੁਖੀ ਹੋਣ ਦੀ ਗੱਲ਼ ਬਹੁਤ ਦੂਰ ਦੀ ਸੀ। ਆਪਣੇ ਭਰਾ ਦੀ ਜਿੱਦ ਪੁਗਾਉਣ ਲਈ ਉਹ ਮਾਂ ਪਿਓ ਨੂੰ ਮਨਾ ਹੀ ਲੈਂਦੀ ਸੀ। ਇਸੇ ਲਈ ਰਵੀ ਕਿਸੇ ਵੀ ਮਹਿੰਗੀ ਚੀਜ ਲਈ ਹਮੇਸ਼ਾਂ ਅੰਮ੍ਰਿਤਾ ਦੀ ਸ਼ਿਫਾਰਸ਼ ਪਾਉਂਦਾ ਸੀ। ਫਿਰ ਚਾਹੇ ਰਵੀ ਦੇ ਕਾਲਜ ਦੀ ਪੜਾਈ ਲਈ ਮੋਟਰਸਾਇਕਲ ਦੀ ਮੰਗ ਕਰਨਾ ਜਾਂ ਮਹਿੰਗਾ ਫੋਨ ਲੈਣਾ ਸੀ। ਅੰਮ੍ਰਿਤਾ ਦੇ ਹਰ ਕੰਮ ਨੂੰ ਬੜੀ ਸੂਝ-ਬੂਝ ਨਾਲ ਨਿਪਟਾਉਣ ਤੇ ਘਰ ਦਾ ਮਾਹੌਲ ਖੁਸ਼ਗਵਾਰ ਬਣਾਈ ਰੱਖਣ ਲਈ, ਸਭ ਨੂੰ ਮੱਤਾਂ ਦੇ-ਦੇ ਸਮਝਾਉਣ ਕਾਰਨ ਮਹਿੰਦਰਪਾਲ ਹਮੇਸ਼ਾਂ, ” ਮੱਤਾਂ ਦਾ ਖਜਾਨਾ ” ਕਹਿ ਕਿ ਸੱਦਦਾ ਸੀ।

ਮਹਿੰਦਰ ਪਾਲ ਨੂੰ ਅੱਜ ਦੁੱਖ ਦੀ ਘੜੀ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਸਨ, ਜਦ ਰਵੀ ਯਾਰਾਂ ਕੋਲੋਂ ਲੋਹੜੀ ਦੇ ਤਿਓਹਾਰ ਤੇ ਸ਼ਰਾਬ ਪੀ ਆਇਆ ਸੀ ਤੇ ਘਰ ਵਿੱਚ ਬੜਾ ਕਲੇਸ਼ ਪਿਆ ਸੀ। ਉਦੋ ਵੀ ਅੰਮ੍ਰਿਤਾ ਨੇ ਸਭ ਕੁਝ ਸੰਭਾਲ ਲਿਆ ਸੀ ਤੇ ਸਭ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ। ਅੰਮ੍ਰਤਾ ਦੀ ਸਿਆਣਪ ਦੀਆਂ ਤੇ ਘਰਦਿਆਂ ਨਾਲ ਪਿਆਰ ਤੇ ਹਰ ਕੰਮ ਸਿਆਣਪ ਨਾਲ ਨਿਪਟਾਉਣ ਲਈ ਉਹ ਦਫਤਰ ਆਪਣੇ ਦੋਸਤ ਕਿਸ਼ਨ ਚੰਦ ਨਾਲ ਅਕਸਰ ਆਪਣੀ ਧੀ ਦੀਆਂ ਤਾਰੀਫਾਂ ਕਰਦਾ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਅੰਮ੍ਰਿਤਾ ਨੂੰ ਮੈਂ ਰਵੀ ਤੋ ਵੀ ਜਿਆਦਾ ਮੋਹ ਕਰਦਾ ਹਾਂ। ਮੇਰੇ ਦਫਤਰ ਤੋਂ ਆਉਣ ਤੇ ਪਾਣੀ ਦਾ ਗਿਲਾਸ ਲਈ ਮੇਰੀ ਅੰਮ੍ਰਿਤ ਪਹਿਲਾਂ ਹੀ ਦਰਵਾਜੇ ਅੰਦਰ ਖੜੀ ਰਹਿੰਦੀ ਹੈ। ਮੇਰੀ ਸਿਰ ਦਬਾਉਂਦੀ ਹੈ, ਛੁੱਟੀ ਵਾਲੇ  ਦਿਨ ਮੇਰੇ ਵਾਲਾਂ ਵਿਚ ਤੇਲ ਵੀ ਝੱਸਦੀ ਹੈ, ਮੇਰੇ ਦਫਤਰ ਲਈ ਕੱਪੜੇ ਹਮੇਸ਼ਾਂ ਪ੍ਰੈਸ ਕਰਕੇ ਰੱਖਦੀ ਹੈ, ਆਪਣੀ ਮਾਂ ਨੂੰ ਕਦੀ ਇਕੱਲ਼ੇ ਕੰਮ ਨਹੀ ਕਰਨ ਦਿੰਦੀ, ਮੇਰੇ ਨਾਲ ਹੀ ਖਾਣਾ ਖਾਂਦੀ ਹੈ। ਬੜੀ ਸੇਵਾ ਕਰਦੀ ਹੈ, ਰੱਬ ਸਭ ਨੂੰ ਅਜਿਹੀਆਂ ਧੀਆਂ ਦੇਵੇ। ਉਹ ਅਕਸਰ ਆਪਣੇ ਦੋਸਤ ਨੂੰ ਕਹਿੰਦਾ, “ਕਿਸ਼ਨ ਚੰਦਾ, ਧੀਆਂ ਕਿੰਨਾ ਮਾਪਿਆਂ ਨਾਲ ਪਿਆਰ ਕਰਦੀਆਂ ਨੇ, ਇਹੋ ਘਰ ਦੀਆਂ ਰੌਣਕ ਹੁੰਦੀਆਂ ਨੇ, ਰੱਬ ਸਭ ਨੂੰ ਮੇਰੀ ਧੀ ਵਰਗੀ ਧੀ ਦੇਵੇ.” ਇਸ ਤੇ ਉਸਦਾ ਦੋਸਤ ਕਿਸ਼ਨ ਚੰਦ ਅਕਸਰ ਉਸਨੂੰ ਕਿਹਾ ਕਰਦਾ ਸੀ, “ਬਈ, ਮਹਿੰਦਰ ਪਾਲਾ ? ਇੰਨਾ ਮੋਹ ਨਾ ਕਰਿਆ ਕਰ? ਧੀਆਂ ਤਾਂ ਬੇਗਾਨਾ ਧੰਨ ਹੁੰਦੀਆਂ ਨੇ, ਇੱਕ ਦਿਨ ਵਿਦਾ ਕਰਨੀਆਂ ਹੀ ਪੈਂਦੀਆਂ ਨੇ” ਪਰ ਇਸ ਤੇ ਮਹਿੰਦਰ ਪਾਲ ਕੋਈ ਬਹੁਤ ਧਿਆਨ ਨਾ ਦਿੰਦਾ, ਤੇ ਨਾ ਹੀ ਕੋਈ ਜੁਆਬ ਦਿੰਦਾ, ਸ਼ਾਇਦ ਉਸਨੂੰ ਇਹ ਚੰਗਾ ਨਾ ਲੱਗਦਾ। ਸਗੋਂ ਉਹ ਅੱਗੋਂ ਕਹਿੰਦਾ, “ਧੀਆਂ ਤਾਂ ਵੱਡੇ ਭਾਗਾਂ ਨਾਲ ਮਿਲਦੀਆਂ ਹਨ, ਧੀਆਂ ਵੱਡੇ ਦਿਲ ਵਾਲੀਆਂ ਤੇ ਸਬਰ ਵਾਲੀਆਂ ਹੁੰਦੀਆਂ ਹਨ, ਧੀਆਂ ਨਾਲ ਘਰ ਵਿਚ ਰੌਣਕਾਂ ਹੁੰਦੀਆਂ ਨੇ, ਬਰਕਤਾਂ ਹੁੰਦੀਆਂ ਨੇ। ਮੁੰਡੇ ਤਾਂ ਕਮੀਨੇ ਹੁੰਦੇ ਨੇ, ਪਿਓ ਦੀ ਸਭ ਕਮਾਈ ਖਰਚ ਉਡਾ ਦਿੰਦੇ ਨੇ, ਇਸ ਤੇ ਦੋਵੇਂ ਦੋਸਤ ਖਿੜ-ਖਿੜਾ ਕੇ ਹੱਸਦੇ ਨੇ।”

ਫੇਰ ਹੰਝੂਆਂ ਭਰੇ ਚੇਹਰੇ ਤੇ ਅਚਾਨਕ ਮੁਸਕਰਾਹਟ ਆਈ, ਉਸਨੂੰ ਯਾਦ ਆਇਆ ਕਿ ਉਸਨੇ ਇਕ ਵਾਰ ਰਵੀ ਨੂੰ ਡਾਂਟਦੇ ਹੋਏ ਕਿਹਾ, ‘ਤੂੰ ਕੰਜਰ ਵਾਂ, ਕੁੱਤਾ ਵਾਂ, ਸੁਧਰ ਜਾ, ਕੁਝ ਆਪਣੀ ਭੈਣ ਤੋ ਹੀ ਮੱਤ ਲੈ ਲਾ’ “ਇਸ ਤੇ ਰਵੀ ਅੱਗੋਂ ਹੱਸ ਕੇ ਕਹਿੰਦਾ, “ ਓ, ਯਾਰ ਡੈਡੀ ਤੁਸੀਂ ਮੈਨੂੰ ਝਿੜਕਿਆ ਨਾ ਕਰੋ, ਅੰਮ੍ਰਿਤਾ ਨੇ ਤਾਂ ਵਿਆਹ ਤੋਂ ਬਾਦ ਬਗਾਨੇ ਘਰ ਚਲੇ ਜਾਣਾ ਵਾਂ, ਸੇਵਾ ਤੁਹਾਡੀ ਤਾਂ ਮੈਂ ਹੀ ਕਰਨੀ ਵਾ।” ਝੱਟ ਅੰਮ੍ਰਿਤਾ ਨੇ ਕਹਿੰਦੀ ਹੈ, “ਕੋਈ ਨਾ ਡੈਡੀ ਜੀ ਤੁਸੀ ਫਿਕਰ ਨਾ ਕਰਿਓ, ਇਕ ਫੋਨ ਕਰ ਦੇਣਾ ਮੈਂ ਭੱਜੀ ਆਵਾਂਗੀ, ਹਮੇਸ਼ਾ।” ਹਾ..ਹਾ. ਹਾ..ਇਸ ਤੇ ਸਭ ਜਾਣੇ ਖੂਬ ਹੱਸਦੇ ਨੇ। ਉਸ ਨੂੰ ਅੱਜ ਵੀ ਰਵੀ ਤੇ ਅੰਮ੍ਰਤ ਦਾ ਬਚਪਨ ਯਾਦ ਆ ਰਿਹਾ ਸੀ ਕਿ ਕਿਵੇਂ ਰਵੀ ਦਾ ਕੋਈ ਖਿਡੌਣਾ ਟੁੱਟ ਜਾਣਾ ਜਾਂ ਕੋਈ ਖਾਣ ਵਾਲੀ ਚੀਜ ਹੋਰ ਲੈਣੀ ਹੁੰਦੀ ਸੀ ਤਾਂ ਝੱਟ ਅੰਮ੍ਰਿਤ ਆਪਣਾ ਖਿਡੌਣਾ ਤੇ ਦਿੰਦੀ ਸੀ ਤੇ ਆਪਣੀ ਚੀਜ ਭਰਾ ਨੂੰ ਵੱਧ ਦੇ ਕੇ ਥੋੜੀ ਰੱਖ ਲੈਂਦੀ ਸੀ। ਇਨਾਂ ਯਾਦਾਂ ਨੂੰ ਸੋਚ ਸੋਚ ਮਹਿੰਦਰ ਪਾਲ ਰੋ ਵੀ ਰਿਹਾ ਸੀ ਤੇ ਹੱਸ ਵੀ ਰਿਹਾ ਸੀ।

ਦੋਵਾਂ ਦੇ ਜਵਾਨ ਹੋਏ ਤਾਂ ਰਿਸ਼ਤਿਆਂ ਦੀ ਗੱਲ ਤੁਰੀ ਰਵੀ ਦੇ ਵੇਹਲੜ ਤੇ ਸ਼ਰਾਬੀ ਹੋਣ ਕਾਰਨ ਰਿਸ਼ਤੇ ਆ-ਆ ਕੇ ਮੁੜ ਜਾਂਦੇ ਰਹੇ। ਪਰ ਅੰਮ੍ਰਿਤਾ ਦੀ ਪੜਾਈ ਤੇ ਸੀਰਤ-ਸੂਰਤ ਦੀ ਵਡਿਆਈ ਹੋਣ ਕਾਰਨ ਉਸ ਨੂੰ ਇੱਕ ਦੂਰ-ਦੁਰਾਡੇ ਸ਼ਹਿਰ ਤੋਂ ਰਿਸ਼ਤਾ ਹੋ ਗਿਆ ਪਰਿਵਾਰ ਵਾਲੇ ਬਹੁਤ ਚੰਗੇ ਤੇ ਸਾਦਗੀ ਪਸੰਦ ਸਨ, ਸਭ ਤੋਂ ਵੱਡੀ ਗੱਲ ਲੜਕੇ ਨੇ ਡਾਕਟਰੀ ਦੀ ਪੜਾਈ ਕੀਤੀ ਸੀ ਤੇ ਰਵੀ ਬਾਰੇ ਪਤਾ ਲੱਗਣ ਤੇ ਵੀ ਉਨਾਂ ਦੇ ਅੰਮ੍ਰਤਾ ਦੀ ਪੜਾਈ, ਸੁਭਾਅ ਤੇ ਵਿਚਾਰਾਂ ਦੀ ਖੂਬਸੂਰਤੀ ਨੂੰ ਪਹਿਲ ਦਿੱਤੀ। ਮਹਿੰਦਰ ਪਾਲ ਨੇ ਵਿਤੋਂ ਬਾਹਰ ਜਾ ਕੇ ਅੰਮ੍ਰਿਤਾ ਦਾ ਵਿਆਹ ਕੀਤਾ ਸੀ। ਅੰਮ੍ਰਿਤਾ ਨੈ ਵਿਦਾ ਹੋਣ ਤੋ ਪਹਿਲਾਂ ਰਵੀ ਨੂੰ ਬਹੁਤ ਸਮਝਾਇਆ ਕਿ ਮੰਮੀ-ਡੈਡੀ ਦਾ ਖਿਆਲ ਰੱਖੀ ਤੇ ਉਨਾਂ ਦੀ ਹਰ ਗੱਲ ਮੰਨੀ। ਮਹਿੰਦਰ ਪਾਲ ਧੀ ਨੂੰ ਵਿਦਾ ਕਰਨ ਲੱਗੇ ਬੜਾ ਰੋਇਆ ਸੀ, ਉਸ ਨੂੰ ਘਰ ਖਾਲੀ-ਖਾਲੀ ਲੱਗਦਾ ਸੀ। ਉਹ ਤੇ ਉਸਦੀ ਪਤਨੀ ਆਸ਼ਾ ਬਹੁਤ ਉਦਾਸ ਰਹਿਣ ਲੱਗੇ।

ਅੰਮ੍ਰਿਤਾ ਦੇ ਵਿਆਹ ਹੋਣ ਦੀ ਹੀ ਦੇਰ ਸੀ ਕਿ ਕੁਝ ਦਿਨਾਂ ਪਿਛੋਂ ਹੀ ਰਵੀ ਦੀਆਂ ਆਦਤਾਂ ਬਦ ਤੋਂ ਬਦਤਰ  ਹੋਣੀਆਂ ਸੁਰੂ ਹੋ ਗਈਆਂ। ਸ਼ਰਾਬ ਦੇ ਨਾਲ ਨਾਲ ਉਸਦੇ ਦੋਸਤ ਘਰ ਆਉਣੇ ਸੁਰੂ ਹੋ ਗਏ। ਪਰ ਭਲੇ ਮਾਂ ਪਿਓ ਦਾ ਸਮਝਾਉਣਾ ਤੇ ਰੋਣਾ ਉਸ ਨੂੰ ਰੋਕ ਨਾ ਸਕਿਆ। ਖੁਸ਼ ਤੋ ਸੁਖੀ ਵੱਸਦੀ ਧੀ ਨੂੰ ਦੱਸ ਕੇ ਉਹ ਅੰਮ੍ਰਿਤਾ ਨੂੰ ਦੁਖੀ ਨਹੀ ਕਰਨਾ ਚਾਹੁੰਦੇ ਸਨ।  ਮਹਿੰਦਰ ਪਾਲ ਨੇ ਆਪਣੇ ਦਫਤਰ ਵਿੱਚ ਅਸਰ ਰਸੂਖ ਤੇ ਅਫਸਰਾਂ ਦਾ ਤਰਲਾ ਮਿੰਨਤ ਕਰਕੇ ਉਸ ਨੂੰ ਆਪਣੇ ਦਫਤਰ ਵਿੱਚ ਕੱਚੀ ਅਸਾਮੀ ਤੇ ਸੇਵਾਦਾਰ ਰਖਾ ਦਿੱਤਾ, ਪਰ ਉਸਦੀ ਸੇਵਾਦਾਰੀ ਤੋਂ ਹਿਓਮੈਂ ਵੱਡੀ ਹੋਣ ਕਾਰਨ ਉਸ ਨੂੰ ਸੇਵਾਦਾਰੀ ਚੰਗੀ ਨਾ ਲੱਗੀ। ਨੌਕਰੀ ਛੁਡਵਾਉਣ ਵਿੱਚ ਕੁਝ ਰਹਿੰਦੀ ਕਸਰ ਉਸ ਦੇ ਨ੍ਸ਼ੇੜੀ ਸਾਥੀਆਂ ਨੇ ਪੂਰੀ ਕਰ ਦਿੱਤੀ ਸੀ। ਸਾਰੇ ਮਹੱਲੇ ਵਿੱਚ ਉਹ ਸ਼ਰਾਬੀ ਵਜੋਂ ਮਸ਼ਹੂਰ ਹੋ ਗਿਆ ਸੀ। ਅੰਮ੍ਰਿਤਾ ਜਦੋਂ ਵੀ ਪੇਕੇ ਆਉੱਦੀ ਰਵੀ ਨੂੰ ਸਮਝਾ ਬੁਝਾ ਕੇ ਆਪਣਾ ਫਰਜ਼ ਨਿਭਾ ਮੁੜ ਜਾਂਦੀ, ਕਿਉਂਕਿ ਹੁਣ ਉਸ ਦਾ ਵੀ ਆਪਣਾ ਇੱਕ ਪਰਿਵਾਰ-ਸੰਸਾਰ ਸੀ, ਪਰ ਉਸਦਾ ਚਿੱਤ ਤੇ ਚਿੰਤਾ ਮਾਂ-ਪਿਓ ਤੇ ਭਰਾ ਵੱਲ ਹੀ ਸੀ।

ਹੁਣ ਰਵੀ ਦੇ ਰਵੱਈਏ ਦੀ ਅਖੀਰ ਉਦੋਂ ਹੋਈ ਸੀ, ਜਦ ਰਵੀ ਮੋਟਰ ਸਾਇਕਲ ਜੂਏ ਵਿੱਚ ਹਾਰ ਆਇਆ ਸੀ, ਇਸ ਤੇ ਮਹਿੰਦਰ ਪਾਲ ਨੇ ਰਵੀ ਨੂੰ ਝਿੜਕਿਆ ਤਾਂ ਰਵੀ ਅੱਗੋ ਬੋਲ ਪਿਆ, “ ਤੁਸੀਂ ਕੌਣ ਹੁੰਨੈ ਓ, ਮੇਰੇ ਤੇ ਹੱਥ ਚੁੱਕਣ ਵਾਲੇ, ਤੇ ਨਾਲ ਹੀ ਓਨੇ ਪਿਓ ਤੇ ਹੱਥ ਚੁੱਕ ਲਿਆ”, ਇਹ ਦੇਖ ਮਾਂ ਰਵੀ ਨੂੰ ਡਾਂਟਣ ਲਈ ਅੱਗੇ ਵਧੀ ਹੀ ਸੀ ਕਿ ਉਸਦੇ ਦਿਲ ਵਿਚੱ ਇੱਕ ਜੋਰਦਾਰ ਚੀਸ ਉੱਠੀ ਤੇ ਥਾਏਂ ਹੀ ਡਿੱਗ ਪਈ, ਪਿਓ ਦੇ ਵੀ ਰੰਗ ਉੱਡ ਗਏ, ਦੋਵਾਂ ਨੇ ਕਿਸੇ ਤਰਾਂ ਮਹਿੰਦਰ ਕੌਰ ਨੂੰ ਨੇੜੇ ਦੇ ਸਿਟੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਸੀ ਕਿ ਜੋਰਦਾਰ ਹਾਰਟ ਅਟੈਕ ਆਇਆ ਹੈ, ਜਰਾ ਵੀ ਦੇਰੀ ਜਾਨ ਲੈ ਸਕਦੀ ਸੀ, ਡਾਕਟਰਾਂ ਨੇ ਦੱਸਿਆ ਕਿ ਹਾਰਟ ਬਲਾਕੇਜ ਜਿਆਦਾ ਹੋਣ ਕਾਰਨ ਰਵੀਂ ਦੀ ਮਾਂ ਦੀ ਬਾਈ-ਪਾਸ ਸਰਜਰੀ ਕੀਤੀ ਜਾਣੀ ਹੈ। ਡਾਕਟਰਾਂ ਨੇ ਇਲਾਜ, ਦਵਾਈਆਂ ਤੇ ਦੋ ਲੱਖ ਦਾ ਖਰਚ ਆਉਣ ਬਾਰੇ ਦੱਸਿਆ। ਹੁਣ ਮਹਿੰਦਰ ਪਾਲ ਇੰਨੀ ਰਕਮ ਦਾ ਪ੍ਰਬੰਧ ਕਰਨ ਬਾਰੇ ਸੁਣ ਕੇ ਡਾਹਢਾ ਦੁਖੀ ਤੇ ਪਰੇਸ਼ਾਨ ਸੀ। ਆਪਣੇ ਦੋਸਤਾਂ ਨੂੰ ਮੱਦਦ ਦਾ ਵਾਸਤਾ ਪਾਇਆ ਤਾਂ ਦੋਸਤ ਕਿਸ਼ਨ ਚੰਦ ਨੇ ਬੇਟੇ ਨੂੰ ਵਿਦੇਸ਼ ਭੇਜਣ ਦਾ ਕਾਰਨ ਦੱਸ ਪੱਲਾ ਝਾੜ ਲਿਆ ਸੀ। ਸੋਹਣ ਸਿੰਘ ਨੇ ਪਿਛਲੇ ਮਹੀਨੇ ਡੇਂਗੂ ਦੀ ਬਿਮਾਰੀ ਦੇ ਇਲਾਜ ਤੇ ਹੋਏ ਖਰਚ ਦੀ ਦੁਹਾਈ ਪਾ ਦਿੱਤੀ। ਰਵੀ ਕੋਲੋਂ ਇਕ ਪੈਸੇ ਦੀ ਉਮੀਦ ਨਹੀ ਸੀ, ਉਹ ਤਾਂ ਬੇਰੁਜਗਾਰ ਵੇਹਲੜ ਪਿਓ ਸਿਰ ਭਾਰ ਸੀ। ਜਿੰਦਗੀ ਦੀ ਦੌੜ ਤੋਂ ਥੱਕ ਮਹਿੰਦਰਪਾਲ ਬੇਵੱਸ ਹੋ, ਹਸਪਤਾਲ ਦੇ ਬਾਹਰ ਹੀ ਬੈਠਾ ਗਮਗੀਨ ਹੋਇਆ ਝੂਰ ਰਿਹਾ ਸੀ, ਤੇ ਹਸਪਤਾਲ ਦੇ ਖਰਚੇ ਤੇ ਇਲਾਜ ਬਾਰੇ ਸੋਚ ਰਿਹਾ ਸੀ।

ਅਗਲੇ ਹੀ ਪਲ ਮਹਿੰਦਰ ਪਾਲ ਦੇ ਸਾਹਮਣੇ ਅਚਾਨਕ ਇਕ ਵੱਡੀ ਕਾਰ ਰੁਕੀ, ਜਿਸ ਵਿੱਚੋਂ ਨਿਕਲੇ ਆਪਣੀ ਬੇਟੀ ਤੇ ਦਾਮਾਦ ਨੂੰ ਖੜਾ ਦੇਖ ਮਹਿੰਦਰ ਪਾਲ ਹੈਰਾਨਗੀ ਤੇ ਖੁਸ਼ੀ ਦੇ ਮਿਲਵੇਂ ਜਿਹੇ ਭਾਵਾਂ ਨਾਲ ਉੱਠਿਆ ਤੇ ਬੇਟੀ ਤੇ ਦਾਮਾਦ ਨੂੰ ਗਲ ਵਿੱਚ ਲੈ ਕੇ ਰੋਣ ਲੱਗ ਪਿਆ, ਅੰਮ੍ਰਿਤਾ ਬੋਲੀ, “ਰੋਵੇ ਨਾ ਡੈਡੀ ਜੀ, ਤੁਸੀ ਮੇਰੀ ਹਿੰਮਤ ਹੋ, ਤੁਸੀ ਹੀ ਰੋਵੋਗੇ ਤਾਂ ਮੈਨੂੰ ਕੋਣ ਹੌਸਲਾ ਦੋਵੇਗਾ, ਤੁਹਾਡਾ ਪੁੱਤ ਆ ਗਿਆ ਹੁਣ, ਮੈਂ ਸਭ ਕੁਝ ਠੀਕ ਕਰ ਦਿਆਂਗੀ, ਨਾਲੇ ਮੈਨੂੰ ਬੇਟੀ ਨਹੀ ਬੇਟਾ ਸਮਝਿਆ ਕਰੋ, ਹਰ ਦੁੱਖ-ਮੁਸ਼ਕਲ ਸਾਂਝੀ ਕਰਿਆ ਕਰੋ, ਮੈਂ ਤੁਹਾਡਾ ਪੁੱਤ ਹਾਂ…ਪੁੱਤ।” ਮੈਨੂੰ ਰਵੀ ਨੇ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਸੀ। ਪਿਤਾ ਦੇ ਨਾ ਕਰਨ ਤੇ ਵੀ ਹੱਥ ਵਿਚ ਬਦੋਬਦੀ ਪੈਸੇ ਥਮਾਉਂਦੇ ਹੋਏ ਅੰਮ੍ਰਿਤਾ ਬੋਲੀ, “ਤੁਸੀਂ ਕਿਵੇ ਸੋਚ ਲਿਆ ਤੁਸੀ ਇਕੱਲੇ ਹੋ, ਚਲੋ ਮੰਮੀ ਨੂੰ ਠੀਕ ਕਰੀਏ ਤੇ ਘਰ ਲੈ ਕੇ ਚੱਲੀਏ।” ਅੰਮ੍ਰਿਤਾ ਦੇ ਹਿੰਮਤੀ ਸ਼ਬਦਾਂ ਨੇ ਅੰਮ੍ਰਿਤ ਵਰਗਾ ਅਸਰ ਕੀਤਾ, ਹੁਣ ਮਹਿੰਦਰ ਪਾਲ ਦੇ ਚੇਹਰੇ ਤੇ ਅਜਬ ਸਕੂਨ ਤੇ ਖੁਸ਼ੀ ਸੀ, ਸ਼ਾਇਦ ਕਿਸੇ ਵੱਡੇ ਭਾਰ ਚਿੰਤਾ ਤੋਂ ਮੁਕਤੀ ਦੀ। ਮਹਿੰਦਰ ਪਾਲ ਨੇ ਅੰਮ੍ਰਿਤਾ ਨੂੰ ਘੁੱਟ ਕੇ ਗਲ ਲਾ ਲਿਆ ਤੇ ਉੱਚੀ–ਉੱਚੀ ਰੋਂਦਾ ਕਹਿਣ ਲੱਗ ਪਿਆ, “ਰੱਬਾ..ਧੀਆਂ ਕਦੇ ਵੀ ਬੇਗਾਨਾ ਧੰਨ ਨਹੀ ਹੁੰਦੀਆਂ, ਇਹ ਤਾਂ ਮੂਲ ਹੁੰਦੀਆਂ ਨੇ, ਸਦਾ ਆਪਣਾ ਧੰਨ…ਕਦੇ ਨਾ ਮੁੱਕਣ ਵਾਲਾ…ਬਰਕਤਾਂ ਭਰਿਆ।” ਪਿਤਾ ਨੂੰ ਵੇਖ ਕੇ ਅੰਮ੍ਰਿਤਾ ਵੀ ਰੋ ਪਈ। ਪਿਓ ਧੀ ਇਕ ਦੂਜੇ ਦੇ ਅਥਰੂ ਪੂੰਝ ਰਹੇ ਸਨ। ਇੰਨੇ ਨੂੰ ਰਵੀ ਵੀ ਪਹੁੰਚ ਗਿਆ ਤੇ ਰੋਂਦਾ ਹੋਇਆ ਪਿਤਾ ਤੇ ਭੈਣ ਅੰਮ੍ਰਿਤਾ ਦੇ ਪੈਰਾਂ ਵਿਚ ਡਿੱਗ ਪਿਆ ਤੇ ਮਾਫੀਆਂ ਮੰਗਣ ਲੱਗਾ ਕਿ ਉਹ ਹੁਣ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਦੁੱਖ ਨਹੀ ਦੇਵੇਗਾ, ਹਰ ਗੱਲ ਮੰਨੇਗਾ, ਸ਼ਰਾਬ ਵੀ ਨਹੀ ਪੀਵੇਗਾ ਤੇ ਜਿਸ ਕੰਮ ਨੂੰ ਵੀ ਡੈਡੀ ਕਹਿਣਗੇ ਮਨ ਲਾ ਕੇ ਕਰੇਗਾ। ਮਹਿੰਦਰ ਪਾਲ ਤੇ ਅੰਮ੍ਰਤਾ ਰਵੀ ਨੂੰ ਮਾਫ ਕਰ ਦਿੰਦੇ ਹਨ, ਗਲ ਨਾਲ ਲਾਉਂਦੇ ਹਨ। ਫਿਰ ਉਹ ਹਸਪਤਾਲ ਦੇ ਅੰਦਰ ਚਲੇ ਜਾਂਦੇ ਹਨ ਜਿੱਥੇ ਮਹਿੰਦਰਪਾਲ ਦੀ ਪਤਨੀ ਦਾਖਲ ਸੀ।

ਮੂਰਖਤਾ ਅਤੇ ਸਿਆਣੀ ਮੂਰਖਤਾ

$
0
0

ਇੱਕ ਮੂਰਖਤਾ ਦਾ ਤਾਂ ਆਪਾਂ ਸਭ ਨੂੰ ਪਤਾ ਹੀ ਹੈ, ਯਾਨੀ ਕਿ ਕੁਝ ਇਹੋ ਜਿਹਾ ਕਰਨਾ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ । ਇਸ ਦਾ ਸਹੀ ਅਰਥ ਇਹ ਤਾਂ ਨਹੀਂ, ਪਰ ਅੱਜ ਆਪਾਂ ਇਸ ਅਰਥ ਦੇ ਉਪਰ ਹੀ ਵਿਚਾਰ ਵਟਾਂਦਰਾ ਕਰਾਂਗੇ।

ਜਦੋਂ ਕੋਈ ਬਿਨ੍ਹਾ ਵਜਾਹ ਵੀ ਕਿਸੇ ਦਾ ਨੁਕਸਾਨ ਹੀ ਕਰੀ ਜਾਵੇ ਤਾਂ ਆਪਾਂ ਕਹਿੰਦੇ ਹਾਂ ਕਿ ਇਹ ਮੂਰਖਤਾ ਕਰ ਰਿਹਾ ਹੈ। ਇੰਝ ਕਰਨ ਨਾਲ ਇਸਨੂੰ ਕੀ ਮਿਲ ਜਾਵੇਗਾ। ਕਈ ਵਾਰ ਆਪਣੇ ਛੋਟੇ ਮੋਟੇ ਫਾਇਦੇ ਲਈ ਵੀ ਲੋਕ ਅਜਿਹੀ ਮੂਰਖਤਾ ਕਰਦੇ ਹਨ।

ਪਰ ਅੱਜ ਦੇ ਜ਼ਮਾਨੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਮੂਰਖਤਾ ਸਾਹਮਣੇ ਆਏ ਰਹੀ ਹੈ ਹੈ। ਇਸ ਦਾ ਨਾਮ ਹੈ ਸਿਆਣੀ ਮੂਰਖਤਾ । ਇਹ ਮੂਰਖਤਾ ਹੈ ਵੱਧ ਤੋਂ ਵੱਧ ਸਿਆਣਾ ਬਣਨ ਦੀ।

ਪਹਿਲਾਂ ਲੋਕ ਸਿਰਫ ਆਪਣੇ ਫਾਇਦੇ ਲਈ ਅਜਿਹੀ ਮੂਰਖਤਾ ਕਰਦੇ ਸਨ, ਪਰ ਹੁਣ ਲੋਕ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਦਿਖਾਉਣ ਲਈ ਵੀ ਅਜਿਹੀ ਮੂਰਖਤਾ ਕਰ ਰਹੇ ਹਨ।

ਉਦਾਹਰਣ ਦੇ ਤੌਰ ਤੇ ਮਨ ਲਵੋ ਇੱਕ ਸਿਆਣਾ ਬੰਦਾ ਪਿੰਡ ਵਿੱਚ ਹੈ, ਉਸਦੀ ਕਾਫੀ ਚੜ੍ਹਤ ਹੈ। ਜੇ ਉਸੇ ਪਿੰਡ ਵਿੱਚ ਇੱਕ ਹੋਰ ਸਿਆਣਾ ਅਤੇ ਕਾਮਾ ਬੰਦਾ ਆ ਜਾਵੇ, ਤਾਂ ਫਿਰ ਇੱਕ ਹੋੜ੍ਹ ਚਾਲ ਪੈਂਦੀ ਹੈ।

ਪਹਿਲਾ ਬੰਦਾ ਸਾਰੇ ਪਿੰਡ ਵਿੱਚ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਦੂਜੇ ਨਾਲੋਂ ਵੱਧ ਸਿਆਣਾ ਅਤੇ ਕਾਮਾ ਹੈ ਅਤੇ ਦੂਜਾ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਉਹ ਪਹਿਲੇ ਨਾਲੋਂ ਵੱਧ ਸਿਆਣਾ ਅਤੇ ਕਾਮਾ ਹੈ।

ਇੱਕ ਦੂਜੇ ਨੂੰ ਸਿਆਣਪਤਾ ਵਿੱਚ ਪਿਛੇ ਪਛਾੜਨ ਦੀ ਰੇਸ ਵੀ ਭੈੜੀ ਸਾਬਿਤ ਹੋ ਸਕਦੀ ਹੈ। ਹੁਣ ਮੰਨ ਲਵੋ, ਦੂਜਾ ਬੰਦਾ ਪਹਿਲੇ ਬੰਦੇ ਨਾਲੋਂ ਸਿਆਣਪਤਾ ਪਿੰਡ ਵਿੱਚ ਦਿਖਾਉਣ ਵਿੱਚ ਅੱਗੇ ਨਿਕਲ ਗਿਆ। ਯਾਨੀ ਕਿ ਦੂਜੇ ਬੰਦੇ ਨੇ ਪਿੰਡ ਵਿੱਚ ਇਹ ਸਾਬਿਤ ਕਰ ਦਿੱਤਾ ਕਿ ਉਹ ਪਹਿਲੇ ਨਾਲੋਂ ਵੱਧ ਕਾਮਾ ਅਤੇ ਸਿਆਣਾ ਹੈ।

ਹੁਣ ਪਹਿਲਾ ਬੰਦਾ ਦੂਜੇ ਨਾਲ ਈਰਖਾ ਕਰਨ ਲਗ ਜਾਵੇਗਾ। ਇੱਥੇ ਉਹ ਇਹ ਸੋਚੇਗਾ ਕਿ ਉਹ ਕਿਸ ਤਰਾਂ ਦੂਜੇ ਬੰਦੇ ਨੂੰ ਪਿੱਛੇ ਕੱਢੇ । ਅੱਜ ਕੱਲ੍ਹ ਅਕਸਰ ਇਹ ਵੀ ਹੋ ਰਿਹਾ ਹੈ ਕਿ ਦੂਜੇ ਬੰਦੇ ਨੂੰ ਇਸ ਰੇਸ ਵਿੱਚ ਪਿਛੇ ਕੱਢਣ ਲਈ ਉਹ ਕੁਝ ਗਲਤ ਤਰੀਕੇ ਵੀ ਅਪਣਾਏਗਾ ।

ਦੂਜੇ ਬੰਦੇ ਦੁਆਰਾ ਕੀਤੇ ਗਏ ਸਹੀ ਕੰਮ ਨੂੰ ਵੀ ਉਹ ਗਲਤ ਸਾਬਤ ਕਰੇਗਾ। ਦੂਜੇ ਬੰਦੇ ਦੇ ਸਹੀ ਕੰਮ ਵਿੱਚ ਉਹ ਖਲਲ ਪਾਵੇਗਾ ਅਤੇ ਉਸਨੂੰ ਪੂਰੇ ਪਿੰਡ ਵਿਚ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ।

ਕਈ ਵਾਰ ਉਹ ਕਾਮਯਾਬ ਵੀ ਹੋ ਜਾਵੇਗਾ ਅਤੇ ਕਈ ਵਾਰ ਨਾਕਾਮਯਾਬ ਵੀ। ਠੀਕ ਇਹੋ ਹੀ ਕੰਮ ਦੂਜਾ ਬਣਦਾ ਵੀ ਪਹਿਲੇ ਬੰਦੇ ਲਈ ਕਰ ਰਿਹਾ ਹੋਵੇਗਾ।

ਪੂਰੇ ਪਿੰਡ ਵਿਚ ਉਹ ਦੋਨੋਂ ਸਿਆਣੇ ਅਤੇ ਘਟਿਆ ਵੀ ਅਖਵਾਉਣਗੇ। ਅਸਲ ਵਿੱਚ ਉਹ ਦੋਨੋਂ ਸਿਆਣੇ ਮੂਰਖ ਹੋਣਗੇ। ਕਿਉਂਕਿ ਪਿੰਡ ਵਿੱਚ ਚੰਗੇ ਕੰਮ ਕਰਨ ਦੀ ਰੇਸ ਵਿਚ ਹੀ ਉਹ ਚੰਗੇ ਕੰਮਾਂ ਨੂੰ ਰੋਕ ਰਹੇ ਹੋਣਗੇ।

ਅਜਿਹੀ ਸਿਆਣਪਤਾ ਤੋਂ ਵੀ ਸਾਨੂੰ ਬਚਣਾ ਚਾਹੀਦਾ ਹੈ। ਅਜਿਹੀ ਸਿਆਣਪਤਾ ਜ਼ਹਿਰੀਲੀ ਹੈ, ਅਜਿਹੀ ਸਿਆਣਪਤਾ ਮੂਰਖਤਾ ਹੈ। ਅਜਿਹੀ ਸਿਆਣਪਤਾ ਕਦ ਵੀ ਜ਼ੁਰਮ ਦਾ ਰੂਪ ਧਾਰ ਸਕਦੀ ਹੈ।

ਅਸਲ ਵਿੱਚ ਇਹ ਸਿਆਣਪਤਾ ਮੂਰਖਤਾ ਦਾ ਦੂਜਾ ਪਹਿਲੂ ਹੈ। ਜਿਸ ਤਰ੍ਹਾਂ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਹੁੰਦੇ ਹਨ, ਠੀਕ ਉਸੇ ਤਰਾਂ ਮੂਰਖਤਾ ਦੇ ਵੀ ਦੋ ਪਾਸੇ ਹੁੰਦੇ ਹਨ । ਅੱਜ ਆਪਾਂ ਮੂਰਖਤਾ ਦੇ ਦੂਜੇ ਪਾਸੇ ਨੂੰ ਜਾਣਿਆ ਹੈ।

ਬੇਗਾਨੇ ਬੋਹਲ਼

$
0
0

“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜੇ ਤੇ ਬੈਠੇ ਗੱਜਣ ਸਿਓ ਨੂੰ ਕਿਹਾ।
“ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ। ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, ਗੱਜਣ ਸਿਓ ਨੇ ਫ਼ਿਕਰ ਭਰੀ ਆਵਾਜ਼ ਨਾਲ ਕਿਹਾ।

“ਕੋਈ ਨਾ ਤੁਲ ਜੂਗੀ, ਕਿਉਂ ਚਿਤ ਢਿੱਲਾ ਕਰਦੈ। ਉਨ੍ਹਾਂ ਚਿਰ ਬੈਠ ਬੋਹਲ਼ ਤੇ ਰਾਜਾ ਬਣਕੇ। ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਪਾਲ਼ੀ ਐ ਫ਼ਸਲ…ਜਿੱਥੇ ਛੇ ਮਹੀਨੇ ਲਾ ਕੇ ਮਿੱਟੀ ਤੋਂ ਸੋਨਾ ਬਣਾਇਆ, ਘੰਟਾ ਹੋ ਬਹਿ ਜਾਹ…ਕਿਉਂ ਝੁਰਦਾ ਐ…ਕੀ ਵੇਚਦੇ ਐ”, ਕੈਲੇ ਨੇ ਮੁੱਠੀ ਝੋਨੇ ਦੀ ਭਰੀ ਤੇ ਤਲ਼ੀ ਤੇ ਰੱਖ ਮਲਦਿਆਂ ਕਿਹਾ।

“ਕਾਹਦਾ ਸਿਉਨਾ ਕੈਲਿਆ, ਕਾਹਦੇ ਰਾਜੇ…ਮੰਗਤਿਆਂ ਵਾਗੂੰ ਬੈਠ ਕੇ ਆਪਣਾ ਸਿਉਨਾ ਵੀ ਤਰਲੈ ਕਰਕੇ ਵੇਚਦੇ ਐਂ।

ਕਿਸਾਨਾਂ ਦੇ ਹੱਥਾਂ ਵਿੱਚ ਕੱਖ ਦੀ ਚੀਜ਼ ਬਿਗਾਨੇ ਸਟੋਰਾਂ ਵਿਚ ਜਾ ਕੇ ਲੱਖ ਦੀ ਬ ਜਾਂਦੀ ਐ। ਇਹ ਬਾਣੀਏ ਦੇਖ ਕੋਠੀਆਂ ਕਾਰਾਂ ਵਾਲੇ ਬਣਗੇ ਆਪਣੇ ਸਿਰ ਤੇ। ਆਪਣੀ ਓਹੀ ਕਦੀ ਬੱਤਿਓ ਤੇਤੀ ਨ੍ਹੀਂ ਹੋਈ। ਵੇਚਣ ਵੀ ਕਿ ਆਏ ਐਂ…ਬੱਸ ਆੜਤੀਏ ਤੋਂ ਫੜੇ ਵੀ ਪੈਸੇ ਪੂਰੇ ਨਹੀਂ ਹੋਣੇ। ਆਪਾਂ ਤਾਂ ਬਸ ਰਾਖੀ ਹੀ ਕਰਦੇ ਹਾਂ। ਬੋਹਲ਼ ਤਾਂ ਬੋਹਲ਼…ਖੇਤ ਖੜੀ ਫ਼ਸਲ ਵੀ ਬਾਣੀਏ ਸੀ ਹੁੰਦੀ ਐ। ਬਸ ਆਪ ਪਾਲ਼ ਪੋਸ ਛੱਡਦੇ ਹਾਂ, ਰਾਜੇ ਨਹੀਂ……ਆਪਾਂ ਤਾਂ ਚੌਂਕੀਦਾਰ ਵਾਂਗੂੰ ਰਾਖੇ ਹਾਂ……ਬਿਗਾਨੇ ਬੋਹਲਾਂ ਦੇ”, ਇੰਨਾ ਕਹਿ ਕੇ ਗੱਜਣ ਸਿਓ ਮੰਡੀ ਆਏ ਆੜਤੀਏ ਦੀ ਗੱਡੀ ਵੱਲ ਹੋ ਤੁਰਿਆ।


ਧਰਮੀ ਬੰਦਾ

$
0
0

ਦਫਤਰ ਪਹੁੰਚ ਕੇ ਹਾਜਰੀ ਰਜਿਸਟਰ ਵਿੱਚ ਹਾਜਰੀ ਲਗਾ, ਫੇਰ ਸਾਥੀਆਂ ਸੰਗ ਚਾਹ ਦੀਆਂ ਚੁਸਕੀਆਂ ਭਰ, ਫਟਾਫਟ ਪੈਂਡਿੰਗ ਕੰਮ ਨਿਪਟਾ ਲਿਆ ਫੇਰ ਅੱਧੇ ਦਿਨ ਦੀ ਛੁੱਟੀ ਲਗਾ ਕੇ, ਸਰਕਾਰੀ ਡਿਊਟੀ ਨਾਲ ਸਬੰਧਤ ਸਭੇ ਜਰੂਰੀ ਧਰਮ ਨਿਭਾ ਲਏ ਸੀ। ਬਰਾਂਚ ਵਿੱਚੋਂ ਜਾਣ ਲੱਗਿਆਂ, ਸਾਥੀ ਰਛਪਾਲ ਨੂੰ ਆਪਣੀ ਸੀਟ ਨਾਲ ਸਬੰਧਤ ਕੰਮ ਦੀ ਦੇਖ ਰੇਖ ਕਰਨ ਨੂੰ ਕਹਿ ਦਫਤਰ ਦੀ ਬੇਸਮੈਂਟ ਵਿਚ ਬਣੀ ਪਾਰਕਿੰਗ ਵਿੱਚ ਹੇਠਾਂ ਆਇਆ।

ਅੱਜ ਐਮ.ਏ ਦਾ ਪੇਪਰ ਸੀ। ਦੁਪਹਿਰ ਨੂੰ ਦੋ ਤੋਂ ਪੰਜ ਵਜੇ ਤੱਕ ਪੇਪਰ ਦਾ ਸਮਾਂ ਸੀ। ਖੁਸ਼ੀ ਵੀ ਸੀ ਕਿ ਪੋਸਟਗਰੇਜੂਏਟ ਦੀ ਡਿਗਰੀ ਕੰਪਲੀਟ ਹੋ ਰਹੀ ਸੀ ਤੇ ਫਿਕਰ ਵੀ ਸੀ ਕਿ ਕਿਤੇ ਲੇਟ ਨਾ ਹੋ ਜਾਵਾਂ। ਪੇਪਰ ਦਾ ਸੈਂਟਰ ਵੀ ਦਫਤਰ ਤੋਂ ਦੂਰ ਸੀ ਤੇ ਦਫਤਰ ਵੀ ਸ਼ਹਿਰ ਤੋਂ ਬਾਹਰ ਸੀ ਯਾਨਿ ਸਾਰੇ ਬੰਨੇ ਸਮੇਂ ਤੋਂ ਪਹਿਲਾਂ ਪੁੱਜਣ ਦੀ ਭੱਜੋ -ਦੌੜ।

ਦਸਤਾਨੇ ਪਾ ਕੇ, ਸਿਰ-ਮੂੰਹ ਗਰਮ ਮਫਲਰ ਨਾਲ ਚੰਗੀ ਤਰਾਂ ਲਪੇਟ ਕੇ, ਕਾਲੀ ਐਨਕ ਵੀ ਲਾ ਲਈ, ਜੈਕਟ ਦੀਆਂ ਜਿੱਪਾਂ ਚੰਗੀ ਤਰਾਂ ਘੁੱਟ ਲਈਆਂ, ਇੱਕ ਤਾਂ ਦਸੰਬਰ ਦਾ ਮਹੀਨਾ ਚੱਲ ਰਿਹਾ ਸੀ, ਬਾਹਰ ਠੰਡ ਹੱਡ ਚੀਰਵੀਂ ਸੀ ਕੋਈ ਵੀ ਹਿੱਸਾ ਚੇਹਰੇ ਦਾ ਜਾਂ ਸਰੀਰ ਦਾ ਨੰਗਾ ਰਹਿਣਾ ਮਤਲਬ ਠੰਡ ਦੀਆਂ ਛੁਰੀਆਂ ਸਹਿਣਾ ਤੇ ਉੱਤੋ ਕਾਂਬੇ ਨਾਲ ਮੋਟਰ ਸਾਇਕਲ ਨੂੰ ਚਲਾਉਣਾ, ਦੂਣੀ-ਤੀਣਾ ਯੱਬ,, ਐਹੋ ਜਿਹੋ ਮੌਸਮ ਚ’ ਤਾਂ ਬੰਦਾ ਅਰਦਾਸ ਕਰਦਾ, “ ਬਈ ਰੱਬਾ… ਸਾਰੇ ਕੰਮ ਆਪੇ ਹੀ ਹੋਈ ਜਾਣ। ” ਮੇਰਾ ਵੀ ਇਹੋ ਹਾਲ ਸੀ ਅੱਜ। ਇਸ ਸਭ ਤਿਆਰੀ ਦਾ ਤੇ ਚੋਰੀ ਨਿਕਲਣ ਦਾ ਦੂਜਾ ਵੱਡਾ ਬਚਾਅ ਵੀ ਸੀ ਕਿ ਕੋਈ ਦਫਤਰ ਦਾ ਸਟਾਫ ਮੈਂਬਰ ਹੀ ਨਾ ਵੇਖ ਲਵੇ, ਜੇ ਵੇਖ ਲਿਆ ਫੇਰ ਸਮਝੋ ਵੰਗਾਰਾਂ ਹੀ ਵੰਗਾਰਾਂ ਮੇਰਾ ਬਜਾਰੋਂ ਐਹ ਲੈ ਆਵੀਂ, ਔਹ ਫੜੀਂ ਆਵੀਂ,,। ਸਾਲਾ.. ਆਪਣੇ ਕੰਮ ਹੀ ਸਮੇਂ ਤੇ ਪੂਰੇ ਹੁੰਦੇ ਨੇ ਮਸਾਂ..ਦੂਜਿਆਂ ਦੇ ਕੰਮ  ਹਿੰਮਤ ਕਿੱਥੋ ਆਉਣੀ ਸੀ।

ਬੇਸਮੈਂਟ ਵਿੱਚ ਕੋਈ ਨਹੀ ਸੀ, ਵੀਰਾਨ ਸੀ। ਸਭ ਪਾਸੇ ਗੱਡੀਆਂ ਤੇ ਮੋਟਰ ਸਾਇਕਲ ਲੱਗੇ ਸੀ। ਅਜੇ ਮੈਂ ਬਚ-ਬਚਾ ਕੇ ਨਿਕਲਣ ਦੀ ਤਿਆਰੀ ਕਰਕੇ ਤੁਰਨ ਲੱਗਾ। ਮੋਟਰਸਾਇਕਲ ਤੇ ਬੈਠ ਅਜੇ ਕਿੱਕ ਮਾਰੀ ਹੀ ਸੀ ਕਿ ਮਗਰੋਂ ਕਿਸੇ ਨੇ ਮੋਢੇ ਤੇ ਪੋਲੇ ਜਿਹੇ ਹੱਥ ਰੱਖਿਆ, “ ਪੁੱਤਰ ਜੀ..?” ਮੈਂ ਹੈਰਾਨੀ ਨਾਲ ਮੋਢੇ ਤੋਂ ਮੂੰਹ ਪਿਛਾਂਹ ਘੁੰਮਾਂ, ਮਗਰ ਵੇਖਿਆ, ਇੱਕ ਸੱਤਰ-ਬਹੱਤਰ ਸਾਲ ਦਾ ਅੰਮ੍ਰਿਤਧਾਰੀ ਬਜੁਰਗ, ਚਿੱਟੀ ਲੰਮੀ ਦਾੜੀ, ਚਿੱਟਾ ਕੁੜਤਾ ਪੰਜਾਮਾ, ਗਾਤਰਾ ਪਾਈ, ਲੋਈ ਦੀ ਬੁੱਕਲ ਮਾਰੀ ਖੜਾ ਸੀ।

ਮੇਰਾ ਦਿਮਾਗ ਦੌੜਿਆ, ਕੋਈ ਦਫਤਰੀ ਕੰਮ ਜਾਂ ਬਰਾਂਚ ਦਾ ਪਤਾ ਪੁੱਛਣ ਲਈ ਆਇਆ ਹੋਣਾਂ, ਚਲੋ ਕੋਈ ਗੱਲ ਨਹੀ। “ਹਾਂਜੀ, ਬਾਬਾ ਜੀ?“  ਮੈਂ ਪੁੱਛਿਆ। ਪੁੱਤਰ ਜੀ,  “ ਮੈਂ ਦਰਬਾਰ ਸਾਹਿਬ ਜਾਣਾ ਹੈ, ਦਫਤਰ ਆਇਆ ਸੀ, ਜਿਸ ਕੰਮ ਆਇਆ ਸੀ, ਕੰਮ ਹੋਇਆ ਨਹੀ। ਸੋ ਸੋਚਿਆ ਕਿ ਚਲੋ, ਗੁਰੂ ਮਾਰਾਜ ਦੇ ਦਰਸ਼ਨ ਕਰਨ ਦਾ ਧਰਮ ਨਿਭਾ ਆਵਾਂ, ਤੁਸੀਂ ਮੈਨੂੰ ਸ਼ਹਿਰ ਤੱਕ ਲੈ ਚੱਲੋਗੇ, ਪੁੱਤਰ ਜੀ”। ਮੈਂ ਆਸੇ ਪਾਸੇ ਦੇਖਿਆ, ਚਲੋ ਕਿਸੇ ਹੋਰ ਨਾਲ ਬਿਠਾ ਦੇਵਾਂ ਪਰ ਕੋਈ ਨਜਰੀ ਨਾ ਪਿਆ। ਮੇਰੇ ਅੱਕੇ ਕੋਲੋਂ ਕਾਹਲੀ ਕਾਹਲੀ ਬੋਲ ਹੋ ਗਿਆ, “ ਬਾਬਾ ਜੀ, ਮੈਂ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਤੋਂ ਥੋੜੀ ਪਹਿਲਾਂ ਹੀ ਬਾਜਾਰ ਵਿੱਚ ਪਿਤਾ ਜੀ ਦੀ ਦਵਾਈ ਲੈਣ ਲਈ ਬਜਾਰ ਵਿੱਚ ਮੈਡੀਕਲ ਸਟੋਰ ਤੇ ਰੁਕਣਾ ਹੈ ਜੀ ਤੇ ਸ਼ਾਇਦ ਮੈਨੂੰ ਥੋੜੀ ਦੇਰ ਵੀ ਲੱਗ ਜਾਵੇ ਕਿਉਕਿ ਉਸ ਮੈਡੀਕਲ ਸਟੋਰ ਤੇ ਭੀੜ ਵੀ ਹੁੰਦੀ ਹੈ ਤੇ ਬਾਬਾ ਜੀ ਹੋ ਸਕਦਾ ਮੈਂ ਸ੍ਰੀ ਦਰਬਾਰ ਸਾਹਿਬ ਵਾਲੇ ਰਸਤੇ ਤੋਂ ਸ਼ਾਇਦ ਪਹਿਲਾਂ ਹੀ ਮੁੜ ਜਾਵਾਂ। ਮੈਂ ਸੋਚਿਆ ਸ਼ਾਇਦ ਆਪੇ ਬਾਬਾ ਜਾਣ ਤੋਂ ਨਾ ਕਰ ਦੇਵੇਗਾ ਤੇ ਕੋਈ ਹੋਰ ਸਵਾਰੀ ਲੱਭ ਲਵੇਗਾ।

ਪਰ ਬਾਬਾ ਬੋਲਿਆ, “ ਕੋਈ ਗੱਲ ਨਹੀ, ਪੁੱਤਰ ਜੀ, ਤੁਸੀ ਮੈਨੂੰ ਲੈ ਚੱਲੋ ਨਾਲ, ਬੜੀ ਇੱਛਾ ਹੈ ਗੁਰੂ ਘਰ ਜਾਣ ਦੀ, ਮੈਂ ਨਾਲ ਚੱਲ ਕੇ, ਤੁਸੀ ਜਿੱਥੇ ਰੁਕੋਗੇ, ਮੈਂ ਵੀ ਰੁੱਕ ਜਾਵਾਂਗਾ ਤੇ ਤੁਹਾਡੇ ਦਵਾਈ ਲੈਣ ਦੀ ਇੰਤਜਾਰ ਕਰ ਲਵਾਂਗਾ।“ ਹੁਣ ਦਵਾਈ ਖ੍ਰੀਦਣ ਲਈ ਮੈਨੂੰ ਮੈਡੀਕਲ ਸਟੋਰ ਤੇ ਰੁੱਕਣਾ ਹੀ ਪੈਣਾ ਸੀ ਤੇ ਦਵਾਈ ਵੀ ਲੈਣੀ ਪੈਣੀ ਸੀ। ਪਤਾ ਨਹੀ, ਪਰ ਓਸ ਬਾਬੇ ਦੇ ਨਿਮਰਤਾ ਤੇ ਹਲੀਮੀ ਭਰੇ ਵਤੀਰੇ ਤੇ ਗੁਰੂ ਘਰ ਜਾਣ ਦੇ ਦ੍ਰਿੜ ਇਰਾਦੇ ਸਾਹਵੇਂ ਮੇਰਾ ਲਾਇਆ ਹਰ ਪੱਜ ਹਾਰ ਰਿਹਾ ਸੀ ਕਿਉਂਕਿ ਦਵਾਈ ਤਾਂ ਪਿਤਾ ਜੀ ਦੀ ਮੈਂ ਦੋ ਦਿਨ ਪਹਿਲਾਂ ਹੀ ਲੈ ਆਇਆ ਸੀ, ਓਹ ਵੀ ਦੋ ਹਫਤੇ ਦੀ। ਪਿਤਾ ਜੀ ਦੀ ਬੀਪੀ ਤੇ ਸ਼ੂਗਰ ਦੀ ਦਵਾਈ ਆਉਂਦੀ ਸੀ ਚੀਪ ਮੈਡੀਕਲ ਸਟੋਰ ਤਰਨ ਤਾਰਨ ਤੋਂ।

“ ਖੌਰੇ ਬਾਬਾ ਕਿੱਥੇ ਆ ਧਮਕਿਆ ਸੀ” , ਮੈਂ ਗੁੱਸੇ ਵਿੱਚ ਵਿੱਚ ਦੰਦ ਕਰੀਚ ਰਿਹਾ ਸੀ ਤੇ ਮੱਥਾ ਤਿਊਂੜੀਆਂ ਨਾਲ ਭਰ ਰਿਹਾ ਸੀ। ਪਰ ਮਫਲਰ ਤੇ ਐਨਕ ਦੇ ਓਹਲੇ ਉਸ ਬਾਬੇ ਨੂੰ ਕੁਝ ਨਾ ਦਿਖਣ ਕਾਰਨ ਹੋ ਵੀ ਅੰਦਰੋ-ਅੰਦਰੀਂ ਪੇਪਰ ਤੋਂ ਲੇਟ ਨਾ ਹੋ ਜਾਵਣ ਦੇ ਫਿਕਰ ਦਾ ਅੱਕ ਵੀ ਚੱਬ ਰਿਹਾ ਸੀ। ਦੂਜਾ ਇਸ ਕੜਾਕੇ ਦੀ ਠੰਡ ਵਿੱਚ ਬਾਬੇ ਦਾ ਭਾਰ ਵੀ ਢੋਣਾ ਪੈ ਰਿਹਾ ਸੀ।
ਚੱਲੋ ਜੀ, ਮੇਰੇ ਕੁਝ ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਹੀ ਬਾਬਾ ਜੀ ਮੇਰੇ ਮਗਰ ਬਿਰਾਜ ਹੋ ਗਏ ਤੇ ਮੇਰੇ ਸਾਰੇ ਧਰੇ ਧਰਾਏ ਵਿਚਾਰ ਧਰੇ ਹੀ ਰਹਿ ਗਏ।

ਮੈਂ ਅੱਕਿਆ ਬੋਲਣ ਤੋਂ ਪਰਹੇਜ ਕਰ ਰਿਹਾ ਸੀ, ਪਰ ਬਾਬਾ ਸ਼ੁਰੂ ਹੋ ਗਿਆ, “ ਪੁੱਤਰ ਜੀ ਤੁਸੀਂ ਕੀ ਕੰਮ ਕਰਦੇ ਹੋ ? ਮੈਂ ਤਾਂ ਪੇਪਰ ਲਈ ਦੂਰ ਜਾਣ, ਲੇਟ ਹੋਣ ਕਾਰਨ, ਦਵਾਈ ਲਈ ਲਾਏ ਪੱਜ, ਮੁਫਤ ਦਾ ਸਮਾਂ ਗੁਆਉਣ ਲਈ ਰਸਤੇ ਦੇ ਮੈਡੀਕਲ ਸਟੋਰ ਤੇ ਰੁੱਕਣ, ਬਾਬੇ ਨੂੰ ਦਿਖਾਵੇ ਲਈ ਕਿਹੜੀ ਦਵਾਈ ਲੈਣੀ ਹੈ, ਪੈਸੇ ਵੀ ਮੁਫਤ ਦੇ ਖਰਚਣੇ ਪੈਣਗੇ ਆਦਿ ਸੋਚਾਂ ਦੀਆਂ ਗੁੰਝਲਾਂ ਵਿੱਚ ਗੁੱਥਮ-ਗੁੱਥਾ ਹੋ ਰਿਹਾ, ਕੁਝ ਨਾ ਬੋਲਿਆ। ਪਰ ਫੇਰ ਬਾਬੇ ਨੇ ਆਪ ਹੀ ਜੁਆਬ ਘੜ ਲਿਆ। ਪੁੱਤਰ ਜੀ, “ ਤੁਸੀਂ ਮੈਨੂੰ ਬਾਊ ਲੱਗਦੇ ਓ? ਇਸ ਦਫਤਰ ਵਿੱਚ।“ ਮੈਂ ਬੁੱਝੇ ਜਿਹੇ ਸੁਰ ਚ ਇੱਕੋ ਉੱਤਰ ਦਿੱਤਾ, “ ਆਹੋ ।“

ਸ਼ਾਇਦ ਉਹ ਬਾਬਾ ਮੇਰੇ ਲਹਿਜੋ-ਵਤੀਰਾ ਭਾਂਪ ਰਿਹਾ ਸੀ ਤੇ ਹੁਣ ਚੁੱਪ ਜਿਹਾ ਹੋ ਗਿਆ ਸੀ। ਮੂੰਹ ਵਿੱਚ ਕੁਝ ਬੁੜ-ਬੁੜਾ ਰਿਹਾ ਸੀ। ਮੈਨੂੰ ਮਫਲਰ ਦੀ ਘੁੱਟਣ ਵਿੱਚੋ ਕੁਝ ਸਾਫ ਤਾਂ ਸੁਣ ਨਹੀਂ ਰਿਹਾ ਸੀ। ਪਰ ਸਾਇਡ ਦੇ ਮੋਟਰਸਾਇਕਲ ਦੇ ਸ਼ੀਸ਼ੇ ਵਿੱਚੋ ਦਿਸ ਸਾਫ ਰਿਹਾ ਸੀ। ਬਾਬੇ ਸ਼ਾਇਦ ਰੱਬ ਦਾ ਨਾਮ ਜਪਦਾ, ਪਾਠ ਕਰ ਰਿਹਾ ਸੀ। ਦੂਜੇ ਪਾਸੇ ਮੈਂ ਮੁਫਤ ਦਾ ਫਸਿਆ ਹੋਣ ਕਰਕੇ, ਪੇਪਰ ਤੋਂ ਲੇਟ ਹੋਣੋ ਡਰ ਦਾ ਗੁੱਸਾਇਆ, ਮੋਟਰਸਾਇਕਲ ਚਲਦੇ ਤੇ ਵਰ ਰਹੀ ਠੰਡੀ ਸ਼ੀਤ ਹਵਾ ਨਾਲ ਕਾਂਬੇ ਤੇ ਠਾਰ ਨੂੰ ਵੀ ਭੁੱਲ ਰਿਹਾ ਸੀ।

ਇਨਾਂ ਵਿਚਾਰਾਂ ਵਿੱਚ ਗਲਤਾਣ ਹੋਏ ਕਦੇ ਤਰਨ ਤਾਰਨ ਸ਼ਹਿਰ ਵਿੱਚ ਆ ਪਹੁੰਚੇ ਪਤਾ ਹੀ ਨਾ ਲੱਗਾ, ਸ਼ਹਿਰ ਸ਼ੁਰੂ ਹੋ ਗਿਆ। ਮੈਡੀਕਲ ਸਟੋਰ ਦੀ ਗਲੀ ਮੇਨ ਬਾਜਾਰ ਤੋਂ ਥੋੜੀ ਹਟਵੀਂ ਸੱਜੇ ਬੰਨੇ ਸੀ। ਮੈਂ ਮੋਟਰ ਸਾਇਕਲ ਰੋਕ ਕੇ ਬਾਬਾ ਜੀ ਨੂੰ ਮੋਟਰ ਸਾਇਕਲ ਦੇ ਕੋਲ ਉਡੀਕਣ ਵਾਸਤੇ ਕਿਹਾ ਤੇ ਦਵਾਈ ਲੈਣ ਲਈ ਚਲਾ ਗਿਆ।

ਮੈਡੀਕਲ ਸਟੋਰ ਵੱਲ ਨੂੰ ਮੇਰੇ ਕਦਮ ਹੌਲ ਹੌਲੀ ਚਲ ਰਹੇ ਸਨ ਭਾਵੇਂ ਮੈਨੂੰ ਕਾਹਲੀ ਬਹੁਤ ਸੀ ਕਿਉਂਕਿ ਦਿਮਾਗ ਤੇਜੀ ਨਾਲ ਸੋਚ ਰਿਹਾ ਸੀ ਕਿ ਦਵਾਈ ਸਸਤੀ ਤੇ ਆਮ ਵਰਤੋ ਦੀ ਕਿਹੜੀ ਲਈ ਜਾਵੇ। ਪਿਤਾ ਜੀ ਲਈ ਮੈਂ ਖਰੀਦ ਨਹੀ ਸਕਦਾ ਸੀ ਕਿਉਂਕਿ ਪਿਤਾ ਜੀ ਦੀ ਦਵਾਈ ਮੈਂ ਪਹਿਲਾਂ ਹੀ ਲੈ ਆਇਆ ਸੀ, ਉਤੋਂ ਪੇਪਰ ਲਈ ਲੇਟ ਵੀ ਹੋ ਰਿਹਾ ਸੀ। ਅਚਾਨਕ ਮੈਂ ਸੋਚਣ ਲੱਗਾ ਕਿ ਦਫਤਰੀ ਬਾਊਆਂ ਨੂੰ ਕਿਸ ਦਵਾਈ ਦੀ ਆਮੂਮਨ ਲੋੜ ਪੈਂਦੀ ਹੈ। ਫੇਰ ਖਿਆਲ ਆਇਆ ਕਿ ਕੱਲ ਹੀ ਤਾਂ ਰਛਪਾਲ ਤੇ ਅਭਿਸ਼ੇਕ (ਦਫਤਰੀ ਸਾਥੀ) ਸਿਰਦਰਦ ਦੀ ਦਵਾਈ ਬਰਾਂਚ ਦੇ ਦਰਾਜਾਂ ਚੋਂ ਭਾਲ ਰਹੇ ਸੀ ਜੋ ਕੁਝ ਦਿਨ ਪਹਿਲਾਂ ਹੀ ਰਛਪਾਲ ਆਪਣੇ ਖਾਣ ਲਈ ਘਰੋਂ ਨਾਲ ਲਿਆਇਆ ਸੀ। ਦਫਤਰੀ ਕੰਮ ਤੇ ਰੋਜਾਨਾ ਪਬਲਿਕ ਨੂੰ ਡੀਲ ਕਰਦੇ ਸਿਰਦਰਦ ਹੋਣਾ ਲਾਜਮੀ ਹੀ ਐ, ਇਹੋ ਲੈ ਲੈਨੇ ਹਾਂ, ਚਲੋ ਦਵਾਈ ਦਾ ਫੈਸਲਾ ਹੋ ਗਿਆ ਸੀ।

ਮੈਂ ਦੁਕਾਨ ਤੋਂ ਡਿਸਪਰਿਨ (ਸਿਰਪੀੜ ਦੀ ਦਵਾਈ) ਦਾ ਪੂਰਾ ਪੱਤਾ ਲੈ ਲਿਆ ਕਿ ਚਲੋ ਦਫਤਰ ਵਿੱਚ ਕਿਸੇ ਦੇ ਕੰਮ ਆ ਜਾਵੇਗਾ ਤੇ ਬਾਬਾ ਜੀ ਦੀ ਨਜਰ ਵਿੱਚ ਵੀ ਮਨ ਹੀ ਮਨ ਸੱਚਾ ਜਿਹਾ ਹੋ ਗਿਆ ਸੀ।

ਹੱਥ ਵਿੱਚ ਦਵਾਈ ਦਾ ਪੱਤਾ ਲਈ ਮੈਂ ਮੋਟਰ ਸਾਇਕਲ ਦੇ ਕੋਲ ਆਇਆ ਤੇ ਕਿਹਾ, “ ਚਲੋ ਬਾਬਾ ਜੀ, ਚੱਲਿਏ ” ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰੀ ਗੇਟ ਤੱਕ ਛੱਡ ਆਵਾਂ।

ਬਾਬਾ ਬੋਲਿਆ, “ ਨਹੀ ਪੁੱਤਰ ਜੀ, ਲੋੜ ਨਹੀਂ। “ ਮੈਂ ਬਾਬੇ ਦੀ ਅਗਲੀ ਸੁਣੇ ਬਿਨਾਂ ਹੀ ਹੈਰਾਨੀ ਨਾਲ ਭਰਿਆ ਬੋਲ ਉੱਠਿਆ, ਕਿਉਂ ਬਾਬਾ ਜੀ, “ਲੋੜ ਨਹੀ, ਕਿਉਂ ?”  ਅੱਗੇ ਥੋੜਾ ਹੀ ਤਾਂ ਰਸਤਾ ਰਹਿ ਗਿਆ ਹੈ, ਮੇਨ ਗੇਟ ਸੜਕ ਦੇ ਉੱਪਰ ਹੀ ਹੈ, ਮੈਂ ਲੈ ਜਾਨਾਂ ਥੋਨੂੰ ਉੱਥੇ ।

ਬਾਬਾ ਬੋਲਿਆ, “ ਪੁੱਤਰ ਜੀ, ਤੁਸੀਂ ਲੇਟ ਨਾ ਹੋ ਜਾਣਾ, ਜਿਸ ਵੀ ਕੰਮ ਜਾਣਾ ਹੈ, ਤੁਸੀਂ ਜਾਓ, ਮੈਂ ਪਹਿਲਾਂ ਵੀ ਆਉਂਣਾ ਰਹਿੰਨਾਂ, ਨਾਲ ਦੀ ਗਲੀ ਵਿੱਚੋਂ ਸ਼ੌਟ-ਕੱਟ ਰਸਤਾ ਹੈ ਜੋ ਸਿੱਧਾ ਗੁਰੂ ਘਰ ਜਾਂਦਾ ਹੈ। ਗੁਰੂ ਘਰ ਦੇ ਚਾਰ ਦਰਵਾਜਿਆਂ ਚੋਂ ਇੱਕ ਦਰਵਾਜਾ ਇਸ ਗਲੀ ਵੱਲ ਵੀ ਹੈ। ਫਿਕਰ ਨਾ ਕਰੋ ਪੁੱਤਰ ਜੀ, ਮੈਂ ਹੁਣ ਚਲਾ ਜਾਵਾਂਗਾ। “

ਮੈਂ ਦੋਵੇਂ ਹੱਥ ਜੋੜ ਸਿਰ ਝੁਕਾ ਕੇ ਬੋਲਿਆ, “ ਚੰਗਾ ਬਾਬਾ ਜੀ, ਸਤਿ ਸ੍ਰੀ ਅਕਾਲ “ ਬਾਬੇ ਨੇ ਪਿੱਠ ਤੇ ਥਾਪੀ ਦਿੱਤੀ ਤੇ ਅਸੀਸਾਂ ਦੀ ਝੜੀ ਲਾ ਦਿੱਤੀ, “ ਜਿਉਂਦਾ ਰਹਿ ਪੁੱਤਰ, ਜਵਾਨੀ ਮਾਣ, ਜਿਉਂਦਾ-ਵੱਸਦਾ ਰਹਿ, ਰੱਬ ਲੰਬੀ ਉਮਰ ਕਰੇ, ਬਰਕਤਾਂ ਕਰੇ, ਤੂੰ ਬਜੁਰਗਾਂ ਦੀ ਸੇਵਾ ਕਰਦੈਂ, ਨੇਕ ਬੰਦਾ ਵਾਂ ਰੱਬ ਦਾ।“  ਜਲਦੀ ਹੀ ਬਾਬਾ ਗੁਰੂ ਘਰ ਨੂੰ ਜਾਣ ਵਾਲੀ ਗਲੀ ਦੇ ਰਾਹ ਨੂੰ ਪੈ ਗਿਆ।

ਓ ਬਾਬਾ, ਓ ਧਰਮੀ ਇਨਸਾਨ, ਧਰਮ ਨਿਭਾਉਣ ਗੁਰੂ ਘਰ ਨੂੰ ਜਾ ਰਿਹਾ ਸੀ ਤੇ ਮੈਂ ਕਿਸੇ ਬੇਈਮਾਨ, ਕਸੂਰਵਾਰ ਦੀ ਤਰਾਂ ਬੁੱਤ ਬਣੀ ਕਦੇ ਬਾਬੇ ਵੱਲ ਤੇ ਕਦੇ ਹੱਥ ਚ ਫੜੀ ਸਿਰਪੀੜ ਦੀ ਦਵਾਈ ਦੇ ਪੱਤੇ ਵੱਲ ਵੇਖੀ ਜਾ ਰਿਹਾ ਸੀ।

ਗੁਰੂ ਘਰ ਵੱਲ ਨੂੰ ਜਾਂਦੇ ਬਾਬੇ ਨੇ ਇੱਕ ਵਾਰੀ ਵੀ ਮੁੜ ਕੇ ਮੇਰੇ ਵੱਲ਼ ਨਾ ਤੱਕਿਆ, ਹੌਲੀ-ਹੌਲੀ ਉਹ ਮੇਰੀਆਂ ਨਜਰਾਂ ਤੋਂ ਓਹਲੇ ਹੋ ਗਿਆ ਪਰ ਹਾਂ ਉਸ ਵਲੋਂ ਮੇਰੀ ਪਿੱਠ ਤੇ ਦਿੱਤੀ ਥਾਪੀ ਦੀ ਥਾਪ ਮੈਨੂੰ ਅਜੇ ਵੀ ਮਹਿਸੂਸ ਹੋ ਰਹੀ ਸੀ।

ਸਰਦੀਆਂ ਦੀਆਂ ਇੱਕ ਤ੍ਰਕਾਲਾਂ

$
0
0

ਬੱਸਾਂ ਦੇ ਭੀੜ ਭੜੱਕੇ ਵਾਲੇ ਸਫਰ ਤੋਂ ਬਚਣ ਲਈ ਜਵੰਦ ਸਿੰਘ ਕਿਤੇ ਵੀ ਜਾਣ ਵੇਲੇ ਆਪਣੇ  ਸਕੂਟਰ ਤੇ ਜਾਣ ਨੂੰ ਹੀ ਪਹਿਲ ਦੇਂਦਾ ਸੀ।ਲੰਮੇ ਸਫਰ ਵੇਲੇ ,  ਸਰਦੀਆਂ ਦੀ ਰੁੱਤ ਹੋਵੇ   ਉਹ ਰਸਤੇ ਵਿੱਚ ਕੁਝ ਸਫਰ ਕਰ ਕੇ  ਕੋਈ ਧੁੱਪ ਵਾਲੀ ਨਿੱਘੀ ਥਾਂ ਵੇਖ ਕੇ ਕੁਝ ਪਲ ਜ਼ਰੂਰ ਠਹਿਰ ਜਾਂਦਾ, ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਗਰਮੀਆਂ ਦੀ ਰੁੱਤੇ ਉਹ ਕਿਸੇ ਸੰਘਣੇ ਛਾਂ ਦਾਰ ਰੁੱਖ ਹੇਠਾਂ ਕੁਝ ਪਲ  ਰੁਕ ਕੇ  ਆਰਾਮ ਕਰਨਾ ਨਾ ਭੁੱਲਦਾ।

ਹੁਣ ਇਹ ਤਾਂ ਜਿਵੇਂ ਉਸ ਦੀ ਆਦਤ ਹੀ ਬਣ ਗਈ ਸੀ।

ਪਰ ਕਈ ਵਾਰ ਮਜਬੂਰੀ ਵੱਸ ਉਸ ਨੂੰ ਕਿਸੇ ਕੰਮ ਤੋਂ ਵਾਪਸੀ ਵੇਲੇ ਅਕਸਰ ਦੇਰੀ ਹੋ ਜਾਂਦੀ ਸੀ ਤਾਂ ਰਸਤੇ ਵਿੱਚ ਉਸ ਲਈ ਮੁਸ਼ਕਲ ਹੋ ਜਾਂਦਾ।ਇਸੇ ਤਰਾਂ ਹੀ ਨਾਲ ਦੇ ਸ਼ਹਿਰ ਵਿੱਚ ਖਰੀਦੇ ਪਲਾਟ ਦੀ ਕਿਸ਼ਤ ਜਮਾ ਕਰਵਾ ਕੇ ਘਰ ਨੂੰ ਪੋਹ ਦੇ ਠੰਡੇ ਕਕਰੀਲੇ ,ਮਹੀਨੇ ਦੀਆਂ ਤ੍ਰਕਾਲਾਂ ਨੂੰ ਜਦੋਂ ਉਹ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਪੈਰ ਪੈਰ ਤੇ ਵੱਧ ਰਹੀ ਠੰਡ ਕਰਕੇ ਉਸ ਲਈ ਔਖਾ ਹੋ ਰਿਹਾ ਸੀ।

ਅੱਜ ਉਹ ਦਸਤਾਨੇ ਵੀ ਘਰ ਹੀ ਭੁੱਲ ਆਇਆ ਸੀ।ਨਾਲ ਹੀ ਧੁੰਦ ਵੀ ਆਪਣਾ  ਰੂਪ ਵਿਖਾਂਉਂਦੀ,ਪੈਰ ਪੈਰ ਸੰਘਣੀ ਹੁੰਦੀ ਜਾ ਰਹੀ ਸੀ। ਸਕੂਟਰ ਚਲਾਉਂਦਿਆਂ ਉਸ ਦੇ ਹੱਥ ਠੰਡ ਨਾਲ ਸੁੰਨ ਹੁੰਦੇ ਜਾ ਰਹੇ ਸਨ,ਤੇ ਉਸ ਨੂੰ ਡਰ ਸੀ ਕਿ ਕਿਤੇ ਸਕੂਟਰ ਦਾ ਹੈਂਡਲ ਉਸ ਦੇ ਕਾਬੂ ਤੋਂ ਬਾਹਰ ਹੋ ਜਾਣ ਕਰਕੇ ਕੋਈ ਹੋਰ ਬਿਪਤਾ ਨਾ ਖੜੀ ਹੋ ਜਾਵੇ।

ਇਸ ਲਈ ਉਹ ਜਾਂਦਿਆਂ ਜਾਂਦਿਆਂ ਏਧਰ ਓਧਰ ਕਿਸੇ ਢਾਬੇ ਦੀ ਭਾਲ ਵਿੱਚ ਸੀ,ਜਿੱਥੇ ਕੁਝ ਪਲ ਠਹਿਰ ਕੇ ਕੁਝ ਚਾਹ ਸ਼ਾਹ ਪੀਣ ਦੇ ਬਹਾਨੇ ਆਪਣੇ ਹੱਥ ਗਰਮ ਕਰ ਲਏ,ਪਰ ਇਸ ਮੰਤਵ ਲਈ ਉਸ ਨੂੰ ਕੋਈ ਢਾਬਾ ਵੀ ਸੜਕ ਕਿਨਾਰੇ ਨਜਰ ਨਹੀਂ ਆ ਰਿਹਾ ਸੀ।

ਅਜੇ ਉਹ ਥੋੜ੍ਰੀ ਹੀ ਦੂਰ ਗਿਆ ਸੀ ਕਿ ਉਸ ਨੂੰ ਸੜਕ ਦੇ  ਕਿਨਾਰੇ ਇਕ ਸਾਦ ਮੁਰਾਦਾ ਘਰ ਨਜ਼ਰ ਆਇਆ,ਜੋ ਵੇਖਣ ਕਿਸੇ ਕਿਸਾਨ ਦਾ ਘਰ ਜਾਪਦਾ  ਸੀ।

ਸੂਰਜ ਦੀ ਟਿੱਕੀ ਲਾਲ ਆਪਣਾ ਸੂਹਾ ਰੰਗ ਵਿਖਾ ਕੇ  ਹੁਣ ਹੋਲੀ ਹੋਲੀ,ਪੱਛਮ ਦਿਸ਼ਾ ਵੱਲ ਸਰਕਦੀ ਜਾ ਰਹੀ ਸੀ।
ਸੜਕ ਦੇ ਕਿਨਾਰੇ ਘਰ ਦੇ ਬਾਹਿਰ ਕੰਧ ਦੇ ਨਾਲ ਮਿੱਟੀ ਦੇ ਚੁਲ੍ਹੇ  ਵਿੱਚ ਅੱਗ ਬਾਲ ਕੇ ਉੱਪਰ ਤਵਾ ਰੱਖ ਕੇ ਇਕ ਅਧਖੜ ਉਮਰ ਦੀ ਤੀਂਵੀਂ ਲੱਕੜ ਦੀ ਚੋਂਕੀ ਤੇ ਬੈਠੀ  ਰੋਟੀਆਂ ਪਕਾ ਰਹੀ ਸੀ,ਚੁਲ੍ਹੇ ਵਿੱਚੋਂ ਧੂਆਂ ਧੁੰਦ ਨਾਲ ਜੂਝਦੇ ਅਸਮਾਨ ਵੱਲ ਨੂੰ ਜਾ ਰਿਹਾ ਸੀ ਤੇ ਅੱਗ ਦੇ ਘਟਦੇ ਵੱਧਦੇ ਭਾਂਬੜਾਂ ਨੂੰ ਵੇਖ ਕੇ ਉਸ ਦਾ ਮਨ ਅੱਗ ਸੇਕਣ ਨੂੰ ਮਚਲ ਰਿਹਾ ਸੀ।

ਉਸ ਨੇ ਸਕੂਟਰ ਰੋਕ ਤਾਂ ਲਿਆ ਪਰ ਘਰ ਤੋਂ ਬਾਹਰ ਕੱਲੀ ਕਾਹਰੀ  ਤੀਵੀਂ ਵੇਖ ਕੇ ਉਸ ਨੂੰ ਆਪਣੀ ਸਮੱਮਿਆ ਦੱਸਣੋਂ ਵੀ ਉਹ  ਝਿਜਕ ਰਿਹਾ ਸੀ। ਆਖਰ ਆਪਣੀ ਹਾਲਤ ਵੇਖਦਿਆਂ ਉਸ ਨੇ  ਹੌਸਲਾ ਕਰ ਕੇ ਕਿਹਾ ਭੈਣ ਜੀ ਠੰਡ ਬਹੁਤ ਲੱਗ  ਰਹੀ ਹੈ ਕੀ ਮੈਂ ਏਥੇ ਕੁਝ ਪਲ ਰੁਕ ਸਕਦਾ ਹਾਂ।

ਭਲਾ ਹੋਵੇ ਉਸ ਨੇਕ ਔਰਤ ਦਾ, ਉਹ ਉਸ ਦੀ ਗੱਲ ਸੁਣ ਕੇ ਬੜੇ ਸਹਿਜ ਭਾਅ ਨਾਲ ਕਹਿਣ ਲੱਗੀ , ਕੋਈ ਗੱਲ ਨਹੀਂ ਠਹਿਰੋ ਭਰਾ ਜੀ ਮੈਂ ਹੁਣੇ ਤੁਹਾਡਾ ਅੱਗ ਸੇਕਣ ਦਾ ਪ੍ਰਬੰਧ ਕਰ ਦੇਂਦੀ ਹਾਂ, ਤੇ ਘਰ ਵੱਲ ਉੱਚੀ ਆਵਾਜ਼ ਦੇ ਕੇ ਬੋਲੀ ਵੇ ਜੀਤੂ ਜਰਾ ਬਾਹਰ ਆ ਤੇ ਅੰਕਲ ਨੂੰ ਅੱਗ ਬਾਲ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦੇ, ਵੇਖੇਂ ਨਾ ਕਿਵੇਂ ਠੰਡ ਨਾਲ ਸੁੰਗੜੇ ਹੋਏ ਨੇ। ਉਸ ਨੇ ਝੱਟ ਇਕ ਪਾਸੇ ਖੁਲ੍ਹੇ ਥਾਂ ਤੇ ਕੁੱਝ ਇੱਟਾਂ ਰੱਖ ਕੇ  ਵਿੱਚ ਕੁੱਝ ਬਲਦੀਆਂ ਲੱਕੜਾਂ ਕੋਲ਼ੇ ਤੇ ਪਾਥੀਆਂ ਰੱਖ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦਿੱਤਾ।

ਅੱਗ ਦੇ ਸੇਕ ਨਾਲ ਉਸ ਦੀ ਹਾਲਤ ਕੁਝ ਠੀਕ ਹੋਈ ਤਾਂ ਏਨੇ ਨੂੰ ਪ੍ਰੀਵਾਰ ਦੇ ਜੀ ਵੀ ਕੰਮ ਕਰਦੇ ਬਾਹਰੋਂ  ਘਰ ਆਏ, ਤੇ ਉਸ ਨੂੰ ਵੇਖ ਕੇ ਕਹਿਣ ਲੱਗੇ ਕੇ ਭਾ ਜੀ ਠੰਡ ਬਹੁਤ ਹੈ ਅੱਜ ਆਪਣਾ ਘਰ ਜਾਣ ਕੇ ਏਥੇ ਹੀ  ਰਹੋ.ਜੋ ਰੁੱਖੇ ਮਿੱਸਾ ਹੈ ਹਾਜ਼ਰ ਹੈ।ਉਹ ਉਨ੍ਹਾਂ ਦੀ ਇਸ ਫਰਾਖ ਦਿਲੀ ਤੇ ਬਹੁਤ ਖੁਸ਼ ਹੋਇਆ।

ਉਹ ਆਪਣੀ ਮਜਬੂਰੀ ਦਸ ਕੇ ਜਦ ਘਰ ਪੁੱਜਾ ਤਾਂ ਰਜਾਈ ਦੇ ਨਿੱਘ ਵਿੱਚ ਪਿਆਂ ਤੇ ਹੋਰ ਸੁੱਖ ਸਹੂਲਤਾਂ ਹੋਣ ਤੇ  ਵੀ ਉਸ ਨੂੰ ਉਸ ਸਾਦ ਮੁਰਾਦੇ ਸਿੱਧੇ ਪੱਧਰੇ ਘਰ ਪ੍ਰੀਵਾਰ ਦੇ ਜੀਆਂ ਦੇ ਨਿੱਘੇ  ਵਰਤਾਅ ਦੀ  ਯਾਦ ਵਾਰ ਵਾਰ ਆ ਰਹੀ ਸੀ।

ਵੰਡ

$
0
0

“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ। ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ।

“ਨਾ ਸਰਪੰਚ ਜੀ…ਰੋਟੀ ਨਾਲੇ ਜ਼ਮੀਨ ਵੰਡ ਲੈਨੇ ਐਂ, ਇਹ ਕੀ ਰੌਲਾ……ਦੇ ਕੇ ਬੁੜੇ-ਬੁੜੀ ਨੂੰ ਦੋ ਮੰਨੀਆਂ ਚਾਰ ਵਿੱਘੇ ਜ਼ਮੀਨ ਦੱਬੀ ਬੈਠਾ ਐ। ਸਾਰੀ ਕਮਾਈ ਖਾਂਦਾ। ਨਾ ਮੈਂ ਕੀ ਇਨ੍ਹਾਂ ਦਾ ਪੁੱਤਰ ਨ੍ਹੀਂ, ਇਹ ‘ਜਦਾ ਆ ਕੋਈ ਵੱਡਾ”, ਵੱਡੇ ਭਾਈ ਰਾਜੇ ਨੇ ਕਿਹਾ ਅਤੇ ਸ਼ੇਰਾ ਗਰਜ਼ਿਆ, “ਨਾ ਪੰਚਾਇਤੇ, ਬੁੜੇ-ਬੁੜੀ ਨੂੰ ਮੈਂ ਸਾਂਭਦਾ, ਦਵਾਈ ਮੇਰੇ ਪੱਲਿਓ। ਜਾ ਤਾਂ ਇਹ ਜਮ੍ਹਾ ਹੀ ਆਬਦੇ ਨਾਲ ਰਲਾਵੇ ਸਾਲ-ਸਾਲ ਭਰ ਲਈ”।

“ਕਿੱਥੋਂ ਇਹ ਜੁੱਲੀ ਬਿਸਤਰਾ ਰਾਹਾਂ ‘ਚ ਚੱਕੀ ਫਿਰਨਗੇ”, ਵੱਡੇ ਭਾਈ ਰਾਜੇ ਨੇ ਆਪਣਾ ਰੱਖਿਆਂ ਕਿਹਾ। “ਬੱਲੇ ਓਏ ਤੇਰੇ…ਬਾਹਲੇ ਸਿਆਣੇ ਐ, ਦੇਖ ਖ੍ਹਾਂ ਖਾ ਕੇ ਬੁੜੇ-ਬੁੜੀ ਦੇ ਹੱਡ ਹੁਣ ਮੰਜੇ ਤੇ ਪਿਆਂ ਨੂੰ ਮੇਰੇ ਕੰਨੀਂ ਧੱਕ ਦਿੰਦੇ……ਹਿੱਸਾ ਵੰਡ ਕੇ ਦੇਹ, ਦਵਾਈ ‘ਚ ਅੱਧ ਦੇ ਪੈਸੇ ਦਿਆ ਕਰੂੰ”, ਸ਼ੇਰੇ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ।

ਇਸ ਤੋਂ ਪਹਿਲਾਂ ਸਰਪੰਚ ਕੁੱਝ ਬੋਲਦਾ ਸ਼ੇਰੇ ਤੇ ਰਾਜੇ ਦੀ ਮਾਂ ਅੱਗੇ ਹੋ ਬੋਲ ਪਈ, ” ਵੇ ਬਸ ਕਰੋ ਵੱਡਿਓ ਸਪੂਤੋ, ਘੰਟਾ ਹੋ ਗਿਆ ਰੋਟੀ-ਰੋਟੀ ਲਾਈਐ। ਵੇ ਫੁੱਲਾਂ ਵਾਂਗੂੰ ਪਾਲ਼ੇ ਸੀ, ਤੁਸੀਂ ‘ਕੱਲੀ ਰੋਟੀ……ਕੀ ਸੋਨੂੰ ਤਲੀਏ ਚੋਗ ਚੁਗਾਇਆ ਵੇ। ਜਿੰਨਾ ਚਿਰ ਥੋਡੇ ਮੂੰਹ ‘ਚ ਬੁਰਕੀਅ ਨਾ ਪਾਉਂਦੀ ਮੈਨੂੰ ਰੋਟੀ ਚੰਗੀ ਨਾ ਲੱਗਦੀ। ਜੋ ਵੀ ਤੁਸੀਂ ਮੰਗਦੇ, ਕੀ ਖਾਣ-ਪੀਣ, ਕੱਪੜਾ-ਲੀੜਾ, ਪੜ੍ਹਾਈ-ਲਿਖਾਈ ਹਰ ਚੀਜ਼ ਹਾਜ਼ਰ ਕਰਦੇ ਤੀ। ਮੈਂ ਤੇ ਤੁਹਾਡਾ ਬਾਪੂ ਸਾਰਾ ਦਿਨ ਇਹ ਸੋਚਦੇ ਕਿ ਸਾਡੇ ਜਾਵਾਕਾਂ ਕੋਲ ਦੁਨੀਆਂ ਦਰ ਚੀਜ਼ ਹੋਵੇ। ਥੋਡਾ ਸਿਰ ਵੀ ਦੁਖਦਾ ਮੇਰੀ ਰਾਤਾਂ ਦੀ ਨੀਂਦ ਉਡ ਜਾਂਦੀ। ਵੇ ਅਸੀਂ ਕਿਤੇ ਅੱਖ ‘ਚ ਦਵਾਈ ਦੇ ਦੋ ਤੁਪਕੇ ਪਾਉਣ ਨੂੰ ਕਹਿ ਦੇਈਏ ਸਾਰਾ ਟੱਬਰ ਨੱਕ ਬੁੱਲ੍ਹ ਕੱਢਦਾ ਰਹਿੰਦਾ। ਵੇ ਮਾਂ ਬਾਪ ਦਾ ਕੀ ਦੇਣਾ ਦੇਵੋਗੇ ਤੁਸੀਂ, ਇਹ ਦੋ ਮੰਨੀਆਂ ਤੇ ਵੀ ਪੰਚਾਇਤ ‘ਚ ਲਿਆ ਕੇ ਖੜ ‘ਗੇ। ਸ਼ਰਮ ਆਉਂਦੀ ਐ ਇਹ ਨਿਕੰਮੀ ‘ਲਾਦ ਮੈਂ ਜੰਮੀ ਐ। ਵੇ ਹੱਡ ਗਾਲ਼ੇ…ਦੇਹੋਂ ਖੇਹ ਕਰਲੀ ਥੋਡੀ ਖਾਤਰ, ਵੇ ਅਸੀਂ ਤਾਂ ਐਨਾ ਕਰਕੇ ਵੀ ਕਦੇ ਕਿਸੇ ਨੂੰ ਕਹਿ ਕੇ ਨਾ ਸੁਣਾਇਆ ਵੀ। ਅਸੀਂ ਆਬਾਦੀ ‘ਲਾਦ ਖਾਤਰ ਇਹ ਕਰਿਆ। ਵੇ ਤੁਸੀਂ ਦੋ ਮੰਨੀਆਂ ਦੇ ਕੇ ਸਾਰੇ ਜਹਾਨ ‘ਚ ਡੰਡ ਪਾਉਂਦੇ ਫਿਰਦੇ ਹੋ, ਅਸੀਂ ਰੋਟੀ ਦਿੰਦੇ, ਰੋਟੀ ਦਿੰਦੇ ਐਂ। ਜੇ ਐਡਾ ਕਰਜ਼ਾ ਉਤਾਰਨਾ ਸਾਡਾ, ਐਡੇ ਸਪੁੱਤਰ ਕਹਾਉਣਾ ਤਾਂ ਉਵੇਂ ਸੰਭਾਲੋ ਜਿਵੇਂ ਅਸੀਂ ਦਿੱਤਾ ਉਵੇਂ ਸਾਡੀ ਫ਼ਿਕਰ ਸਾਡਾ ਮੋਹ ਕਰੋ। ਮੂੰਹ ‘ਚ ਬੁਰਕੀਆਂ ਕਿੱਥੇ ਪਾ ਦੇਵੋਗੇ, ਕਦੇ ਦੋ ਵੇਲੇ ਪੁੱਛਿਆ ਕਿ ਬੇਬੇ-ਬਾਪੂ ਰੋਟੀ ਖਾ ਲਈ ਜਾਂ ਨਹੀਂ। ਸਾਰੇ ਟੱਬਰ ਦੇ ਬੋਲ ਕੁਬੋਲ ਤਾਂ ਬੁੜੇ-ਬੁੜੀ ਦੀ ਭੁੱਖ ਉਈਂ ਮਾਰੀ ਰੱਖਦੇ ਐ। ਵੇ ਕਿਹੜੀਆਂ ਰੋਟੀਆਂ ਦਾ ਗੁਮਾਨ ਚੱਕੀ ਫਿਰਦੇ ਤੁਸੀਂ, ਵੇ ਜ਼ਮੀਨਾਂ ਨਾਲ ਰੋਟੀ ਦੀ ਗੱਲ ਕਰਦੇ। ਕਿਹੜੀਆਂ ਦੌਲਤਾਂ ਨਾਲ ਲੈ ਕੇ ਜੰਮੇ ਤੀ। ਜਿਹੜੀਆਂ ਮੈਂ ਹੱਥੀਂ ਰਾੜ ਰਾੜ ਖਵਾਈਆਂ, ਮੈਂ ਤਾਂ ਕਦੇ ਕਿਹਾ ਨਾ ਕਿ ਪੈਸੇ ਜ਼ਮੀਨ ਦੇਵੋ ਪਹਿਲਾਂ, ਫਿਰ ਰੋਟੀ ਦਵਾਈ ਦੇਵਾਵਾਂਗੀ। ਅਸੀਂ ਤਾਂ ਕਿਹਾ ਵੀ ਨ੍ਹੀਂ ਅਸੀਂ ਥੋਡੀ ਖਾਤਰ ਅਰਦਾਸਾਂ ਲਈ ਮੱਥੇ ਟੇਕ ਟੇਕ ਮੱਥੇ ਘਸਾਏ, ਥੋਡੀ ਸਲਾਮਤੀ ਲਈ ਨਹੀਂ ਕਰਿਆ ਵੇ ਅਸੀਂ। ਵੇ ਤੁਸੀਂ ਮੂੰਹ ਕਦੀ ਮੋਹ ਦੇ ਬੋਲ ਨਾ ਬੋਲੇ………ਚਲ ਉੱਠ ਸ਼ੇਰੇ ਦੇ ਬਾਪੂ ਜਿਹੜੇ ਰੱਬ ਨੇ ਸਾਜੇ ਉਹੀ ਹੀਲਾ ਕਰੂ, ਜਦ ਏਨ੍ਹਾਂ ਦਾ ਐਨਾ ਕਰ ਸਕਦੇ ਹਾਂ, ਫਿਰ ਆਪ ਦੋ ਵਕਤ ਜੋਗਾ ਵੀ ਨਾ ਕਮਾ ਸਕਾਂਗੇ, ਚਲ ਆਪ ਕਮਾ ਕੇ ਖਾਵਾਂਗੇ…ਚਾਹੇ ਦੋ ਰੋਟੀਆਂ ‘ਤੇ ਦਿਹਾੜੀ ਕਰ ਲਈਏ, ਰੋਟੀ ਵੀ ਸਾਂਭੋ ਪੁੱਤ……ਜ਼ਮੀਨਾਂ ਵੀ…”, ਕਹਿ ਕੇ ਬੇਬੇ ਬਾਪੂ ਪੰਚਾਇਤੀ ਘਰ ਦੇ ਗੇਟੋਂ ਬਾਹਰ ਹੋ ਗਏ।

ਆਪਣੇ –ਪਰਾਏ

$
0
0

ਮੁਖਤਾਰ ਸਿੰਘ ਦਾ ਮੁੰਡਾ ਜਗਜੀਤ ਸਿੰਘ ਤੇ ਨੂੰਹ, ਸਿਮਰਨ ਕੌਰ ਪਿਛਲੇ ਦਸ ਸਾਲ ਤੋਂ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਸਨ। ਉਹਨਾਂ ਦਾ ਇਕ ਜੁਆਕ ਸੀ ਛੇ ਕੁ ਸਾਲ ਦਾ, ਪ੍ਰਿੰਸ। ਮੁਖਤਾਰ ਸਿੰਘ ਆਪ ਭਾਵੇਂ ਆਪਣੇ ਜਮਾਨੇ ਦੀਆਂ ਦਸ ਜਮਾਤਾਂ ਹੀ ਪਾਸ ਸੀ ਪਰ ਅਜੋਕੀ ਲਿਆਕਤ ਤੇ ਡੂੰਘੀ ਸੂਝ-ਬੂਝ ਦਾ ਵੀ ਹਾਣੀ ਸੀ। ਉਸ ਦੀ ਪਤਨੀ ਸੁਖਜੀਤ ਕੌਰ ਪੰਜ ਕੁ ਸਾਲ ਪਹਿਲਾਂ ਗੁਜਰ ਚੁੱਕੀ ਸੀ। ਉਸ ਕੋਲ ਦਸ ਘੁਮਾਂ ਜਮੀਨ ਸੀ ਤੇ ਖੇਤਾਂ ਵਿਚਲੀ ਮਿੱਟੀ ਨਾਲ ਮਿੱਟੀ ਹੋ, ਪੈਸੇ ਜੋੜ-ਜੱਬ ਕੇ ਉਸਨੇ ਆਪਣੇ ਪੁੱਤਰ ਨੂੰ ਪੜਨ ਲਈ ਵਿਦੇਸ਼ ਭੇਜਿਆ ਸੀ। ਉਸ ਦੇ ਪੁੱਤਰ-ਨੂੰਹ ਉਸ ਨੂੰ ਮਿਲਣ ਲਈ ਵਰਿਆਂ ਬਾਦ ਪੰਜਾਬ ਆਉਂਦੇ ਸਨ ਪਰ ਇਸ ਵਾਰ ਪੁੱਤ ਦੇ ਕਹਿਣ ਤੇ ਜੋਰ ਦੇਣ ਕਾਰਨ ਉਹ ਕਨੇਡਾ ਆਉਣ ਲਈ ਰਾਜੀ ਹੋ ਗਿਆ ਸੀ। ਉਹ ਬੜੇ ਚਾਵਾਂ ਨਾਲ ਵਿਦੇਸ਼ ਆਪਣੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਲਈ ਪਹਿਲੀ ਵਾਰ ਆਇਆ ਸੀ। ਉਸ ਦੇ ਪੁੱਤਰ ਨੇ ਕਨੇਡਾ ਦਾ ਵੀਜਾ ਤੇ ਟਿਕਟ ਭੇਜ ਕੇ ਉਸ ਨੂੰ ਬੁਲਾਇਆ ਸੀ ਆਪਣੇ ਕੋਲ ਕੁਝ ਦਿਨ ਰਹਿਣ ਲਈ।

ਮੁਖਤਾਰ ਸਿੰਘ ਦਿੱਲੀ ਏਅਰਪੋਟ ਤੋਂ ਜਹਾਜ ਵਿਚ ਬਹਿਣ ਤੋਂ ਹੀ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਤੇ ਕਨੇਡਾ ਵਰਗੇ ਖੂਬਸੂਰਤ ਦੇਸ਼ ਘੁੰਮਣ ਨੂੰ ਲੈ ਕੇ ਮਨ ਵਿਚ ਵੰਨ-ਸੁਵੰਨੇ ਚਾਅ ਤੇ ਖੂਬਸੂਰਤੀ ਨਾਲ ਭਰੇ ਕਲਪਨਾਮਈ ਦ੍ਰਿਸ਼ਾਂ ਨਾਲ ਮਨ ਹੀ ਮਨ ਖੁਸ਼ੀ ਨਾਲ ਗਲ ਤੱਕ ਭਰਿਆ ਪਿਆ ਸੀ। ਕਾਫੀ ਘੰਟਿਆਂ ਦੇ ਲੰਮੇ ਸਫਰ ਅਤੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਨਾਲ ਗੜੁੱਚ ਹੋਇਆ ਅੰਤ ਨੂੰ ਉਹ ਕਨੇਡਾ ਦੇ ਏਅਰਪੋਰਟ ਤੇ ਪਹੁੰਚ ਗਿਆ। ਏਅਰਪੋਰਟ ਤੋਂ ਬਾਹਰ ਆਇਆ ਤਾਂ ਪੁੱਤਰ- ਨੂੰਹ ਨੂੰ ਏਅਰਪੋਰਟ ਤੇ ਲੈਣ ਆਏ ਦੇਖ ਕੇ ਮਨ ਖੁਸ਼ੀ ਨਾਲ ਭਰ ਗਿਆ। ਦੋਹਾਂ ਨੂੰ ਧਾਹ ਗਲਵਕੜੀ ਪਾਈ। ਗਲੇ ਮਿਲ ਕੇ ਉਸ ਨੂੰ ਅੰਤਾਂ ਦਾ ਸਕੂਨ ਮਿਲਿਆ। ਏਅਰਪੋਰਟ ਤੋਂ ਨਾਲ ਲੈ ਕੇ ਉਸ ਦਾ ਪੁੱਤ ਘਰ ਨੂੰ ਤੁਰ ਪਿਆ। ਘਰ ਨੂੰ ਜਾਂਦਿਆਂ ਸੜਕੀ ਮਾਰਗ ਤੇ ਤੇਜ ਤਰਾਰ ਚੱਲਦੀਆਂ ਗੱਡੀਆਂ, ਹਰਿਆਲੀ ਨਾਲ ਭਰੇ ਪਾਰਕ, ਖੂਬਸੂਰਤ ਲੋਕ, ਉੱਚੀਆਂ ਗਗਨਚੁੰਬੀ ਇਮਾਰਤਾਂ ਤੇ ਰੰਗੀਨ ਦੁਨੀਆਂ ਉਸਦੇ ਦਿਲੋ ਦਿਮਾਗ ਵਿੱਚ ਇਕ ਵੱਖਰਾ ਹੀ ਸੰਸਾਰ ਸਿਰਜ ਰਹੇ ਸਨ। ਉਸ ਕੋਲੋ ਰਿਹਾ ਨਾ ਗਿਆ ਤੇ ਉਹ ਬੋਲ ਉੱਠਿਆ, “ਪੁੱਤਰਾ, ਆਨੰਦ ਆ ਗਿਆ, ਬੱਲੇ, ਬੱਲੇ ਏਨੀਆਂ ਉੱਚੀਆਂ ਅਸਮਾਨੀ ਸਿਰ ਲਾਉਂਦੀਆਂ ਬਿਲਡਿੰਗਾਂ, ਹਰੇ-ਹਰੇ ਰੁੱਖ ਤੇ ਘਾਹ ਦੇ ਮੈਦਾਨ, ਵਈ.. ਏਹ ਤਾਂ ਸੁਰਗ ਹੈ ਸੁਰਗ।” ਉਸ ਦਾ ਪੁੱਤਰ ਹੱਸਿਆ, ” ਹਾਹਾ.. ਹਾਂਜੀ ਡੈਡੀ ਜੀ, ਤੁਸੀਂ ਵੇਖਿਓ ਕਿਤੇ ਏਥੇ ਹੀ ਸੜਕ ਨੇੜੇ ਹੀ ਡੰਗਰ ਨਾ ਚਰਾਉਣ ਬੈਠ ਜਾਇਓ… ਹਾ..ਹਾ..ਸਾਰੇ ਖੂਬ ਹੱਸਦੇ ਨੇ।” ਚਲੋ ਖੈਰ, ਘਰ ਪਹੁੰਚਦੇ ਨੇ, ਆਪਣੇ ਪੁੱਤ ਦਾ ਘਰ ਵੇਖ ਉਸਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ। ਆਲੀਸ਼ਾਨ ਘਰ ਦੇ ਗੇਟ ਦੇ ਸਾਮਣੇ ਪਹੁੰਚ ਉਸ ਸਭ ਤੋਂ ਪਹਿਲਾ ਸਵਾਲ ਕੀਤਾ, “ ਜੱਗੇ ਪੁੱਤ, ਇਹ ਘਰ ਤੇਰਾ ਆਪਣਾ ਹੈ ਨਾ? “  “ਹਾਂਜੀ..ਹਾਂਜੀ ਡੈਡੀ ਜੀ, ਮੇਰਾ ਹੀ ਹੈ ਜੀ..ਤੁਹਾਡੇ ਪੁੱਤ ਦਾ।” ਉਸ ਦਾ ਪੁੱਤ ਬੋਲਿਆ। ਇਹ ਸੁਣ ਉਸ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।

ਹਵਾਈ ਸਫਰ ਤੋਂ ਥੱਕੇ ਆ, ਓਸ ਪੁੱਤ ਘਰ ਆ ਚਾਹ-ਪਾਣੀ ਪੀਤਾ। ਛੇਤੀ ਹੀ ਵੰਨ-ਸਵੰਨੇ ਖਾਣੇ ਤੇ ਮਹਿੰਗੀ ਸ਼ਰਾਬ ਮੇਜ ਉਪਰ ਸੱਜ ਗਏ। ਨੂੰਹ-ਪੁੱਤ ਨੇ ਖੂਬ ਸੇਵਾ ਕੀਤੀ। ਉਸ ਨੂੰ ਬੜਾ ਵਧਿਆ ਲੱਗਿਆ। ਪੋਤਰਾ ਉਸ ਕੋਲੋ ਸੰਗਣ ਕਾਰਨ ਅਜੇ ਭੇਤੀ ਨਹੀ ਹੋ ਰਿਹਾ ਸੀ। ਪਹਿਲੇ ਹੀ ਦਿਨ ਉਸ ਦੇ ਪੁੱਤ ਨੇ ਉਸ ਨੂੰ ਰਾਤ ਨੂੰ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਘੁਮਾਇਆ ਤੇ ਫੇਰ ਐਤਵਾਰ ਨੂੰ ਘੁਮਾਉਣ ਲਈ ਮਿੱਥ ਲਿਆ। ਉਸ ਨੇ ਆਪਣੇ ਨੂੰਹ-ਪੁੱਤ ਦੇ ਇਕ ਦੂਜੇ ਨੂੰ ਸੰਬੋਧਨ ਕਰਦੇ ਨਾਵਾਂ ਤੋਂ ਭਾਂਪ ਲਿਆ ਸੀ ਕਿ ਵਿਦੇਸ਼ੀ ਧਰਤੀ ਤੇ ਇੱਥੋਂ ਦੇ ਸਭਿਆਚਾਰ ਵਿੱਚ ਉਸਦਾ ਪੁੱਤ ਹੁਣ ਜਗਜੀਤ ਸਿੰਘ ਤੋਂ ਜੈਗ, ਤੇ ਨੂੰਹ ਸਿਮਰਨ ਕੌਰ ਤੋਂ ਸਿੰਮ ਬਣਰ ਗਏ ਸਨ। ਉਸ ਦਾ ਪੁੱਤ ਇਕ ਪਰਾਈਵੇਟ ਕੰਪਨੀ ਵਿੱਚ ਡਿਸਪੈਚਰ ਦਾ ਕੰਮ ਕਰਦਾ ਸੀ ਤੇ ਨੂੰਹ ਸਿਮਰਨ ਕਿਸੇ ਫੈਕਟਰੀ ਵਿੱਚ ਸੁਪਰਵਾਇਜਰ ਲੱਗੀ ਸੀ ਜਿਸਦਾ ਉਪਰਾ ਜਿਹਾ ਅੰਗਰੇਜੀ ਵਿੱਚ ਨਾਮ ਸੀ ਕੋਈ।

ਨੂੰਹ-ਪੱਤ ਕੋਲ ਰਹਿੰਦੇ ਉਸਦਾ ਦਿਲ ਤੇ ਦਿਮਾਗ ਸ਼ਾਇਦ ਵਿਦੇਸ਼ੀ ਧਰਤ ਨੂੰ ਸਵੀਕਾਰ ਜਿਹਾ ਨਹੀ ਕਰ ਰਿਹਾ ਸੀ। ਉਸ ਨੂੰ ਇਕ ਹਫਤਾ ਹੋਣ ਜਾ ਰਿਹਾ ਸੀ,  ਦੋਵੇਂ ਪਤੀ ਪਤਨੀ ਸਵੇਰੇ ਜਲਦੀ ਜਾਗਦੇ ਤੇ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ। ਮੁਖਤਾਰ ਸਿੰਘ ਉਡੀਕਦਾ ਹੀ ਰਹਿ ਜਾਂਦਾ ਸੀ ਕਿ ਸ਼ਾਇਦ ਅੱਜ ਉਸਦਾ ਪੱਤਰ ਨੂੰਹ ਉਸਨੂੰ ਫਤਿਹ ਬੁਲਾਉਣ ਲਈ ਸ਼ਾਇਦ ਉਸਦੇ ਕਮਰੇ ਵਿੱਚ ਵੀ ਆਉਣਗੇ। ਕਈ ਵਾਰ ਤਾਂ ਉਹ ਠਾਣ ਕੇ ਬਥੇਰਾ ਸਵੇਰੇ ਉੱਠਣ ਦੀ ਕੋਸ਼ਿਸ਼ ਵਿਚ ਰਹਿੰਦਾ ਪਰ ਸ਼ਿਫਟਾਂ ਦੀ ਨੌਕਰੀ ਹੋਣ ਕਾਰਨ ਉਸਦਾ ਪੁੱਤ ਨੂੰਹ ਜਲਦੀ ਰਵਾਨਾ ਹੋ ਜਾਂਦੇ। ਉਸਦੀ ਨੂੰਹ ਦੀ ਸ਼ਿਫਟ ਦੁਪਹਿਰ ਤੋਂ ਬਾਦ ਖਤਮ ਹੋ ਜਾਂਦੀ ਸੀ। ਜਿਸ ਤੋਂ ਬਾਦ ਉਹ ਰਸਤੇ ਦੇ ਸਕੂਲ ਤੋਂ ਪੋਤਰੇ ਪ੍ਰਿੰਸ ਨੂੰ ਨਾਲ ਘਰੇ ਲੈ ਆਉਂਦੀ ਸੀ।

ਪੁੱਤਰ ਨੂੰਹ ਦੇ ਆਪਣੇ ਕੰਮ ਤੇ ਜਾਣ ਉਪਰੰਤ ਮੁਖਤਾਰ ਸਿੰਘ ਦੇ ਚੇਹਰੇ ਦੇ ਭਾਵ ਤੇ ਮਨ ਚ ’ ਉੱਠਦੇ ਸਵਾਲ ਜਿਉਂ ਦੇ ਤਿਉਂ ਧਰੇ ਧਰਾਏ ਰਹਿ ਜਾਂਦੇ ਸਨ। ਉਹ ਬਥੇਰਾ ਆਪਣੇ ਪੋਤਰੇ ਪ੍ਰਿੰਸ ਨਾਲ ਤੇ ਵਿਦੇਸ਼ੀ ਧਰਤ ਦੀ ਖੂਬਸੂਰਤੀ, ਆਬੋ-ਹਵਾ ਨਾਲ ਘੁਲਣ-ਮਿਲਣ ਤੇ ਗਲੇ ਲਾਉਣ ਦੀ ਕੋਂਸ਼ਿਸ਼ ਕਰ ਰਿਹਾ ਸੀ। ਪਰ ਉਸ ਨੂੰ ਪਤਾ ਨਹੀ ਕਿਹੜੀ ਖਿੱਚ -ਚਿੰਤਾ ਅੰਦਰੋਂ ਹੀ ਅੰਦਰ ਪਰੇਸ਼ਾਨ ਕਰ ਰਹੀ ਸੀ ਜਿਸਦੀ ਉਸ ਨੂੰ ਖੁਦ ਨੂੰ ਕੋਈ ਖਬਰ ਨਹੀ ਸੀ।

ਮੁਖਤਾਰ ਸਿੰਘ ਨੇ ਅੱਜ ਦਿਲ ਵੱਡਾ ਕਰਕੇ ਦਫਤਰ ਜਾਣ ਲੱਗੇ ਆਪਣੇ ਪੁੱਤ ਨੂੰ ਕਹਿ ਹੀ ਦਿੱਤਾ ਸੀ, “ ਜੱਗੇ, ਪੁੱਤ ਮੇਰਾ ਦਿਲ ਨਹੀ ਲੱਗ ਰਿਹਾ। ” ਜਗਜੀਤ ਸਿੰਘ ਦਾ ਚੇਹਰੇ ਦਾ ਰੰਗ ਫੱਕ ਹੋ ਗਿਆ, ”ਕਿਊਂ..?? ਕੀ ਹੋਇਆ ਡੈਡੀ ਜੀ, ਦਿਲ ਨਹੀ ਲੱਗ ਰਿਹਾ। ਕੀ ਹੋ ਗਿਆ ? ਸਿਮ ਨੇ ਕੁਝ ਕਿਹਾ ਜਾਂ ਪ੍ਰਿੰਸ ਨੇ ਸਤਾਇਆ ! ”  ” ਨਹੀ, ਨਹੀ ਕਿਸੇ ਨੇ ਕੁਝ ਨਹੀ ਕਿਹਾ, ਬਸ..। ” ਅਜੇ ਕੁਝ ਦੇਰ ਚੁੱਪ ਰਹਿ ਕੇ ਮੁਖਤਾਰ ਸਿੰਘ ਕੁਝ ਹੋਰ ਬੋਲਣ ਹੀ ਲੱਗਾ ਸੀ ਕਿ ਜਗਜੀਤ ਸਿੰਘ ਨੇ ਕਿਹਾ, “ ਪਿਤਾ ਜੀ ਬਾਕੀ ਗੱਲ ਸ਼ਾਮ ਨੂੰ ਕਰਦੇ ਹਾਂ, ਮੈਂ ਲੇਟ ਹੋ ਰਿਹਾ ਹਾਂ।“  ਇਹ ਕਹਿ ਕੇ ਉਹ ਗੱਡੀ ਲੈ ਕੇ ਦਫਤਰ ਨੂੰ ਹਨੇਰੀ ਹੋ ਗਿਆ। ਇੰਨੇ ਨੂੰ ਨੂੰਹ ਸਿਮਰਨ ਆਈ ਤੇ ਬੋਲੀ, “ਡੈਡੀ ਜੀ, ਮੈਂ ਦਫਤਰ ਲਈ ਨਿਕਲ ਰਹੀ ਹਾਂ, ਪ੍ਰਿੰਸ ਦੇ ਖਿਆਲ ਰੱਖਣ ਲਈ ਅੱਜ ਨੈਨੀ ਨਹੀਂ ਆਏਗੀ, ਕੁਝ ਦਿਨ ਛੁੱਟੀ ਤੇ ਹੈ ਆਪਣੇ ਪਰਿਵਾਰ ਕੋਲ ਜਾ ਰਹੀ ਹੈ। ਉਸ ਦੇ ਪਿਤਾ ਜੀ ਠੀਕ ਨਹੀ। ਸੋ ਡੈਡੀ ਜੀ ਹੁਣ ਤੁਸੀਂ ਖਿਆਲ ਰੱਖਣਾ ਪ੍ਰਿੰਸ ਦਾ ਤੇ ਖਾਣਾ ਫਰਿਜ ਵਿਚ ਰੱਖ ਦਿੱਤਾ ਹੈ, ਗਰਮ ਕਰਕੇ ਖਾ ਲੈਣਾ। “ਇੰਨਾ ਕੁਝ ਕਹਿਣ ਉਪਰੰਤ ਉਸਦੀ ਨੂੰਹ ਵੀ ਆਪਣੀ ਗੱਡੀ ਲੈ ਆਪਣੀ ਰੋਜਾਨਾ ਡਿਊਟੀ ਲਈ ਫੈਕਟਰੀ ਨੂੰ ਨਿਕਲ ਗਈ। ਹੁਣ ਸਿਰਫ ਘਰ, ਪ੍ਰਿੰਸ ਤੇ ਮੁਖਤਾਰ ਸਿੰਘ ਇਕੱਲੇ ਰਹਿ ਗਏ ਸਨ। ਕਹਿਣ ਨੂੰ ਤਾਂ ਉਹ ਤਿੰਨ ਸਨ ਪਰ ਮੁਖਤਾਰ ਨੂੰ ਆਪਣਾ ਆਪ ਕੱਲਮ ਕੱਲੀ ਕੋਈ ਪੱਥਰ ਦੀ ਮੂਰਤੀ ਜਿਹਾ ਲੱਗ ਰਿਹਾ ਸੀ, ਜੋ ਨਾ ਤਾਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੀ ਸੀ ਤੇ ਨਾ ਹੀ ਚੁੱਪ ਰਹਿ ਸਕਦੀ ਸੀ, ਬਸ ਵੇਖੀ ਜਾ ਰਹੀ ਸੀ। ਉਹ ਉਦਾਸ ਸੋਚ ਰਿਹਾ ਸੀ ਕਿ ਨੈਨੀ ਦਾ ਪਿਤਾ ਠੀਕ ਨਹੀਂ ਉਹ ਉਸ ਦਾ ਪਤਾ ਲੈਣ ਜਾ ਰਹੀ ਹੈ ਆਪਣੇ ਪਿਤਾ ਕੋਲ…ਪਰ ਮੇਰੇ ਪੁੱਤ- ਨੂੰਹ ਕੋਲ ਤਾਂ ਮੇਰੇ ਕੋਲ ਬੈਠਣ ਦਾ ਸਮਾਂ ਹੀ ਨਹੀਂ, ਦੁੱਖ ਸੁੱਖ ਦੀ ਗੱਲ ਸਾਂਝੀ ਕਰਨੀ ਤਾਂ ਦੂਰ ਸੀ। ਉੱਤੋਂ ਨਾ ਤਾਂ ਇੱਥੇ ਕੋਈ ਪਿੰਡੋਂ ਉਸਦਾ ਹਮ-ਉਮਰੀ ਆੜੀ ਹੀ ਸੀ… ਪਿੰਡ ਆਲਾ ਜੀਤਾ ਦੋਧੀ, ਮਹਿੰਦਰ ਨੰਬਰਦਾਰ, ਗੁਆਂਢੀ ਕਸ਼ਮੀਰਾ ਤੇ ਸ਼ਿੰਦਾ ਦਫਤਰ ਦਾ ਸਾਥੀ, ਜਿਨਾਂ ਨਾਲ ਆਪਣੇ ਪਿੰਡ ਉਹ ਆਪਣੇ ਸਾਥੀਆਂ ਨਾਲ ਘੜੀ ਹੱਸ ਲੈਂਦਾ ਜਾਂ ਗੱਪ-ਸ਼ੱਪ ਮਾਰਦਾ ਸੀ। ਏਥੇ ਉਹ ਨਾ ਤਾਂ ਘਰ ਰੁੱਕ ਸਕਦਾ ਸੀ ਨਾ ਤਾਂ ਬਾਹਰ ਘੁੰਮ ਸਕਦਾ ਸੀ। ਨਾਂ ਤਾਂ ਇੱਥੇ ਸੱਥਾਂ ਤੇ ਨਾ ਸੱਥਾਂ ਦੀ ਖੁੰਢ-ਚਰਚਾ ਲੱਭਦੀ ਸੀ, ਨਾ ਉਸਨੂੰ ਖੂਹ-ਬੰਬੀਆਂ, ਖਾਲਾਂ ਜਾਂ ਵਾਹਣ, ਸਰੋਂ-ਚਰੀ ਦੇ ਲਹਿਰਾਉਂਦੇ, ਹਵਾ ਨਾਲ ਗੱਲਾਂ ਕਰਦੇ ਖੇਤ, ਨਾ ਉੱਚੇ ਕੱਦ ਦੇ ਕਮਾਦ ਨਜਰੀ ਪੈਂਦੇ ਸਨ। ਇੰਨਾਂ ਸਭ ਚੀਜਾਂ ਨੂੰ ਉਹ ਬਹੁਤ ਯਾਦ ਕਰਦਾ ਸੀ। ਇੰਨਾਂ ਤੋਂ ਬਿਨਾਂ ਉਹ ਲੱਗਦਾ ਸੀ ਜਿਵੇਂ ਦਿਨੋਂ-ਦਿਨੀਂ ਬੁੱਢਾ ਜਾਂ ਬਿਮਾਰ ਹੋ ਰਿਹਾ ਸੀ। ਘਰ ਤੋਂ ਬਾਹਰ ਜਾਂਦਾ ਸੀ ਤਾਂ ਬਾਹਰ ਉਪਰੀ ਦੁਨੀਆਂ ਸੀ, ਉਪਰੇ ਦੇਸ਼ ਦੇ ਉਪਰੇ ਕਾਨੂੰਨ, ਅਸੂਲ ਸਨ। ਏਥੇ ਤਾਂ ਹਰ ਕੋਈ ਬਿਜੀ ਸੀ ਆਪਣੇ ਹੀ ਕੰਮ-ਕਾਰ ਵਿੱਚ ਜਿਵੇਂ ਕੋਈ ਅਨੋਖੀ ਭੱਜ-ਦੌੜ ਲੱਗੀ ਹੋਵੇ ਤੇ ਕਾਰਨ ਵੀ ਪਤਾ ਨਾ ਹੋਵੇ ਕਿਉਂ ਲੋਕ ਭੱਜੇ ਜਾ ਰਹੇ ਹੋਣ, ਕੋਈ ਕਿਸੇ ਲਈ ਨਹੀ ਰੁੱਕਦਾ ਸੀ। ਸਿਰਫ ਪੈਦਲ ਹੀ ਨਹੀਂ ਸਗੋਂ ਗੱਡੀਆਂ ਵਾਲੇ ਵੀ ਨਹੀ ਰੁੱਕਦੇ ਸਨ। ਸਭ ਇੱਕ ਦੂਜੇ ਤੋਂ ਅਨਜਾਣ ਬਿਲਕੁਲ ਬੇਪਛਾਨੇ ਚਿਹਰੇ ਸਨ। ਉਸ ਦਾ ਆਪਣਾ ਆਪ ਉਸ ਨੂੰ ਕਿਸੇ ਛੱਪੜ ਦੇ ਪਾਣੀ ਦੀ ਤਰਾਂ ਬੇਹਾ ਤੋ ਦਿਨੋਂ ਦਿਨ  ਬੋ-ਮਾਰਦਾ ਹੁੰਦਾ ਭਾਸ ਰਿਹਾ ਸੀ। ਉਸ ਦਾ ਮਨ ਉੱਪਰ ਤੱਕ ਭਰਿਆ ਪਿਆ ਸੀ। ਉਸ ਦੀ ਰੂਹ ਕਿਸੇ ਨਾਲ ਗੱਲਾਂ ਸਾਂਝੀਆਂ ਕਰਨ ਨੂੰ ਤਰਸ ਰਹੀ ਸੀ। ਘਰ ਦਾ ਸੰਨਾਟਾ, ਉਪਰੀ ਹਵਾ ਤੇ ਸਭਿਆਚਾਰ ਉਸ ਨੂੰ ਕਿਸੇ ਮੋਟੇ ਰੱਸੇ ਵਿਚ ਬੰਨ ਕੇ ਨੂੜ ਰਹੇ ਪ੍ਰਤੀਤ ਹੋ ਰਹੇ ਸਨ। ਜੇ ਸੌਣਾ ਚਾਹੁੰਦਾ ਸੀ ਤਾਂ ਨੀਂਦ ਨਹੀ ਆਉਂਦੀ ਸੀ ਜੇ ਜਾਗਿਆ ਫਿਰਦਾ ਤਾਂ ਮਨ ਨਹੀ ਲੱਗ ਰਿਹਾ ਸੀ। ਟੀ.ਵੀ ਅੱਗੇ ਬੈਠਦੇ ਨੂੰ ਪੋਤਰੇ ਨਾਲ ਜਬਰੀ ਕਾਰਟੂਨ ਦੇਖਣੇ ਪੈਂਦੇ ਸਨ, ਪੋਤਰਾ ਹੱਸਦਾ ਸੀ ਤੇ ਉਸ ਨਾਲ ਸਾਥ ਦੇਣ ਲਈ ਨਕਲੀ ਹਾਸਾ ਉਸ ਨੂੰ ਆਉਂਦਾ ਨਹੀ ਸੀ। ਦੁਪਹਿਰ ਨੂੰ ਭੁੱਖ ਲੱਗਦੀ ਤਾਂ ਉਹ ਠੰਡਾ ਖਾਣਾ ਹੀ ਖਾ ਲੈਂਦਾ ਸੀ। ਗਰਮ ਕਰਨ ਦੀ ਉਸਦੀ ਇੱਛਾ ਹੀ ਖਤਮ ਹੋ ਗਈ ਸੀ ਉਪਰੋਂ ਏਧਰ ਦੀਆਂ ਖਾਣਾ ਗਰਮ, ਪਾਣੀ ਗਰਮ, ਏਸੀ, ਕੂਲਰ ਤੇ ਗੀਜਰ ਜਿਹੀਆਂ ਆਧੁਨਿਕ ਮਸ਼ੀਨਾਂ ਨੂੰ ਚਲਾਉਣ ਤੋਂ ਉਸ ਨੂੰ ਡਰ ਜਿਹਾ ਲੱਗਦਾ ਸੀ ਕਿ ਕਿਤੇ ਕੋਈ ਚੀਜ ਖਰਾਬ ਨਾ ਹੋ ਜਾਵੇ। ਉਸ ਨੂੰ ਤਾਂ ਪਿੰਡ ਹੀ ਚੰਗਾ ਲੱਗਦਾ ਸੀ ਜੋ ਉਸ ਨੂੰ ਆਪਣਾ ਲੱਗਦਾ ਸੀ ਹਰ ਕੋਈ ਸਕਿਆਂ ਵਰਗਾ। ਹਰ ਚੀਜ ਬੰਬੀ ਦੀ ਤਰਾਂ ਖੁੱਲਮ-ਖੁੱਲ਼ੀ ਸੀ ਏਥੋਂ ਤੱਕ ਕਿ ਹਵਾ ਤੇ ਚੱਲਣ ਵਾਲੇ ਸਾਹ ਤੇ  ਲੋਕਾਂ ਦੇ ਹਾਸੇ-ਦੋਸਤੀਆਂ। ਸ਼ਾਮ ਨੂੰ ਨੂੰਹ-ਪੁੱਤਰ ਆਉਂਦੇ ਤਾਂ ਉਹ ਕੰਮ ਤੋਂ ਥੱਕੇ ਆਉਂਦੇ ਤੇ ਖਾਣਾ ਖਾ ਕੇ ਸੌਂ ਜਾਂਦੇ, ਉਸ ਦਾ ਵੀ ਉਨਾਂ ਨੂੰ ਪਰੇਸ਼ਾਨ ਕਰਨ ਨੂੰ ਦਿਲ ਨਹੀ ਕਰਦਾ ਸੀ। ਉਹ ਉਨਾਂ ਦਾ ਬੂਹਾ ਖੜਕਾਉਣ ਤੋਂ ਬਿਨਾਂ ਹੀ ਮੁੜ ਆਪਣੇ ਕਮਰੇ ਵਿਚ ਆ ਕੇ ਲੰਮੇ ਪੈ ਜਾਂਦਾ ਸੀ। ਨੂੰਹ ਦੁਪਹਿਰ ਨੂੰ ਆ ਕੇ ਆਪਣੇ ਕਮਰੇ ਵਿੱਚ ਪ੍ਰਿੰਸ ਨੂੰ ਲੈ ਕੇ ਚਲੇ ਜਾਂਦੀ ਸੀ। ਜੇ ਕੁਝ ਦੇਂਦੀ ਤਾਂ ਖਾ ਲੈਂਦਾ ਸੀ। ਔਰਤ ਹੋਣ ਕਰਕੇ ਤੇ ਉਪਰੋਂ ਵਿਦੇਸ਼ੀ ਸਭਿਆਚਾਰ ਦੀ ਹੋਣ ਕਾਰਨ ਉਸਦਾ ਨੂੰਹ ਨਾਲ ਜਿਆਂਦਾ ਖੁੱਲਣ ਨੂੰ ਵੀ ਦਿਲ ਨਹੀ ਸੀ ਕਰਦਾ। ਪੁੱਤ ਲੇਟ ਰਾਤ ਨੂੰ ਘਰ ਆਉਂਦਾ ਸੀ ਖਰਚੇ ਪੁਗਾਉਣ ਲਈ ਡਬਲ ਸ਼ਿਫਟਾਂ ਵਿੱਚ ਵੀ ਕੰਮ ਕਰਦਾ ਸੀ। ਉਹ ਦੋਵੇਂ ਤਾਂ ਕਦੇ ਕਦਾਈ ਸਵੇਰੇ ਫਤਹਿ ਬੁਲਾਉਣ ਲਈ ਹੀ ਇਕੱਠੇ ਹੁੰਦੇ ਸਨ। ਘਰ ਆ ਕੇ ਪੁੱਤ-ਨੂੰਹ ਪਾਸ ਉਸ ਕੋਲ ਬੈਠਣ ਦੀ ਵੇਹਲ ਨਹੀ ਹੁੰਦੀ ਸੀ ਤੇ ਸਵੇਰੇ ਉਹਨਾਂ ਨੂੰ ਕੰਮ ਤੇ ਭੱਜਣ ਦੀ ਕਾਹਲੀ ਹੁੰਦੀ ਸੀ। ਉਹ ਘਰ ਵਿਚ ਪਏ ਕਿਸੇ ਵਾਧੂ ਸਮਾਨ ਵਾਂਗਰ ਮਹਿਸੂਸ ਕਰ ਰਿਹਾ ਸੀ। ਜਿਸ ਦੀ ਕਿਸੇ ਨੂੰ ਕੋਈ ਜਰੂਰਤ ਜਾਂ ਚਾਹਤ ਨਹੀ ਸੀ। ਪੰਜਾਬ ਤੋਂ ਆਉਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਜੋ ਚਾਅ-ਮਲਾਰ ਸਨ ਉਹ ਸਭ ਦਿਲ ਦੇ ਕਿਸੇ ਪੁਰਾਣੇ ਸੰਦੂਕ ਨੁਮਾ ਕੋਨੇ ਵਿੱਚ ਦੱਬ ਕੇ ਰਹਿ ਗਏ ਸਨ।

ਅੱਜ ਐਤਵਾਰ ਦਾ ਦਿਨ ਸੀ ਨੂੰਹ-ਪੁੱਤ ਨੂੰ ਕੰਮ ਤੋਂ ਛੁੱਟੀ ਸੀ, ਉਹ ਸਵੇਰੇ ਕਾਫੀ ਦੇਰ ਤੱਕ ਉਨਾਂ ਦੀ ਉੱਠਣ ਦੀ ਉਡੀਕ ਕਰਦਾ ਰਿਹਾ ਕਿ ਸ਼ਾਇਦ ਉਹ ਆਉਣਗੇ ਪਰ ਦਿਨ ਕਾਫੀ ਚੜ ਚੁੱਕਾ ਸੀ ਤੇ ਉਹ ਆਪ ਹੀ ਉਹਨਾਂ ਦੇ ਕਮਰੇ ਵੱਲ਼ ਨੂੰ ਗਿਆ ਪਰ ਫੇਰ ਉਸਦੇ ਪੈਰ ਭੌਉਂਦੇ ਮੁੜ ਆਏ..ਉਸ ਸੋਚਿਆ ਕਿ ਛੱਡ ਮਨਾਂ ਕੰਮ ਤੋਂ ਵਿਚਾਰੇ ਕਾਫੀ ਥੱਕੇ ਹੋਣਗੇ, ਏਸ ਵੇਲੇ ਉਠਾਉਣਾ ਠੀਕ ਹੈ। ਕਾਫੀ ਦੇਰ ਉਡੀਕ ਤੋਂ ਬਾਅਦ ਉਹ ਘਰ ਤੋਂ ਸੈਰ ਕਰਨ ਨੂੰ ਨਿਕਲ ਪਿਆ ਤੇ ਨਾਲ ਬਿਸਕੁਟ ਦਾ ਪੈਕਟ ਤੇ ਪਾਣੀ ਦੀ ਬੋਤਲ ਲੈ ਤੁਰ ਪਿਆ। ਤੁਰਦਾ-ਤੁਰਦਾ ਕਾਫੀ ਅੱਗੇ ਆ ਗਿਆ। ਅੱਗੇ ਇੱਕ ਪਾਰਕ ਉਸਦੇ ਨਜਰੀਂ ਪਿਆ। ਪਾਰਕ ਵਿੱਚ ਕਾਫੀ ਚਹਿਲ-ਪਹਿਲ ਤੇ ਰੌਣਕ ਭਰਿਆ ਮਾਹੌਲ ਸੀ। ਉਸ ਦਾ ਉਦਾਸਿਆ ਤੇ ਕੁਮਲਾਇਆ ਚੇਹਰਾ ਅਚਾਨਕ ਖੁਸ਼ੀ ਨਾਲ ਭਰ ਗਿਆ। ਕਾਈ ਪਰਿਵਾਰ ਵੱਖ-ਵੱਖ ਗਰੁੱਪਾਂ ਵਿੱਚ ਬੈਠੇ ਸਨ। ਕਾਹਲੇ ਕਾਹਲੇ ਕਦਮਾਂ ਨਾਲ ਪਾਰਕ ਵਿਚ ਵੜ ਗਿਆ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਪਾਰਕ ਵਿਚ ਬਹੁਤ ਸਾਰੇ ਗੋਰੇ ਲੋਕ, ਮਰਦ-ਤੀਵੀਆਂ, ਬਜੁਰਗ ਮਰਦ-ਔਰਤਾਂ, ਬੱਚੇ ਆਏ ਸਨ। ਪਰ ਪੰਜਾਬੀ ਨਾ-ਮਾਤਰ ਹੀ ਸਨ ਜੋ ਆਪਣੇ ਪਰਿਵਾਰਾਂ ਦੇ ਕੋਲ ਬੈਠੇ ਸਨ, ਇਹ ਦੇਖ ਕੇ ਉਹ ਫਿਰ ਉਦਾਸ ਹੋ ਗਿਆ। ਉਸ ਵਾਂਗ ਕੋਈ ਕੱਲਾ-ਕਾਰਾ ਨਹੀਂ ਸੀ ਸਿਰਫ ਉਹੀ ਸੀ ਇਸ ਚਹਿਲ-ਪਹਿਲ ਭਰੇ ਮਾਹੌਲ ਵਿੱਚ ਓਹ ਫੇਰ ਉਦਾਸ ਹੋ ਗਿਆ। ਫੇਰ ਉਹ ਪਾਰਕ ਦੇ ਦੂਜੇ ਪਾਸੇ ਇੱਕ ਖਾਲੀ ਪਏ ਬੈਂਚ ਤੇ ਜਾ ਬੈਠ ਗਿਆ ਤੇ ਨਾਲ ਲਿਆਂਦੇ ਸਲਿੰਗ-ਬੈਗ ਵਿਚ ਰੱਖੇ ਬਿਸਕੁਟ ਤੇ ਪਾਣੀ ਦੀ ਬੋਤਲ ਬਾਹਰ ਕੱਢ ਕੇ ਰੱਖ ਲਈ ਤੇ ਇੱਧਰ-ਉੱਧਰ ਧਿਆਨ ਮਾਰਿਆ ਕਿ ਸ਼ਾਇਦ ਕੋਈ ਉਸ ਨੂੰ ਕੋਈ ਆਪਣੇ ਮੁਲਕ ਦਾ ਪੰਜਾਬੀ ਬਾਸ਼ਿੰਦਾ ਮਿਲ ਜਾਵੇ ਜਿਸ ਕੋਲ ਉਹ ਘੜੀ ਪਲ ਬੈਠ ਸਕੇ ਤੇ ਦਿਲ ਦਿਆਂ ਸਾਂਝੀਆਂ ਕਰ ਸਕੇ।

ਅਚਾਨਕ ਥੋੜੀ ਦੂਰ ਲੋਕਾਂ ਦੇ ਇਕੱਠ ਦੇ ਓਹਲੇ ਪਾਰਕ ਦੀ ਦੂਜੀ ਹਟਵੀਂ ਜਿਹੀ ਨੁੱਕਰ ਵਿੱਚ ਘਾਹ ਤੇ ਬੈਠੀ ਇੱਕ ਔਰਤ ਦਿਸੀ ਜਿਸ ਦੇ ਕੋਲ ਇੱਕ ਛੋਟੀ ਜਿਹੀ ਬੱਚੀ ਖੇਡ ਰਹੀ ਸੀ ਜੋ ਉਸਦੀ ਹਮ-ਉਮਰ ਹੀ ਸੀ। ਭਾਵੇਂ ਥੋੜੇ ਪੱਛਮੀ ਪਹਿਰਾਵੇ ਕਾਰਨ ਉਹ ਔਰਤ ਆਪਣੀ ਉਮਰ ਤੋਂ ਥੋੜੀ ਜਵਾਨ ਲੱਗਦੀ ਸੀ। ਉਹ ਹੌਲੀ-ਹੌਲੀ ਥੋੜੀ ਆਸ ਨਾਲ ਉਸ ਔਰਤ ਦੇ ਨਜਦੀਕ ਕਦੋਂ ਪਹੁੰਚ ਗਿਆ ਪਤਾ ਹੀ ਨਾ ਲੱਗਾ। ਉਹ ਪਹਿਲਾਂ ਤਾਂ ਝੱਕਿਆ ਕਿ ਉਹ ਉਸ ਨਾਲ ਕੀ ਗੱਲ ਕਰੇਗਾ ? ਅੱਗੋਂ ਉਹ ਕੀ ਸੋਚੇਗੀ ? ਅਜੇ ਉਹ ਏਸੇ ਸਵਾਲਾਂ ਜਵਾਬਾਂ ਦੇ ਘੇਰੇ ਵਿਚ ਗੋਤੇ ਖਾ ਹੀ ਰਿਹਾ ਸੀ ਕਿ ਉਹ ਔਰਤ ਖੁਦ ਬੋਲ ਪਈ “ਸਤਿ ਸ੍ਰੀ ਅਕਾਲ ਜੀ।” ਉਸਦਾ ਚੇਹਰਾ ਖਿੜ ਉੱਠਿਆ। ਉਹ ਖੁਸ਼ੀ-ਖੁਸ਼ੀ ਬੋਲਿਆ, “ਸਾ..ਸਾ.. ਸਾਸਰੀ ਕਾਲ ਜੀ, ਸਾਸਰੀ ਕਾਲ ਜੀ”। ਅੰਦਰੋਂ-ਅੰਦਰੀਂ ਉਸ ਦਾ ਮਨ ਖੁਸ਼ ਹੋ ਰਿਹਾ ਸੀ ਕਿ ਚਲੋ ਕੋਈ ਤਾਂ ਪੰਜਾਬੀ ਬੋਲਦਾ ਮਿਲਿਆ-ਸੁਣਿਆ ਏਸ ਅਣਜਾਣੇ ਮੁਲਕ ਵਿੱਚ। ਉਸ ਨੂੰ ਕਾਫੀ ਸਕੂਨ ਮਿਲਿਆ। ਫੇਰ ਹੋਰ ਹੌਸਲਾ ਜਿਹਾ ਕਰਦਿਆਂ ਉਹ ਬੇਝਿਜਕ ਬੋਲਿਆ, “ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਇਥੇ ਬੈਠ ਜਾਵਾਂ ਜੀ?, ਮੈਂ ਪਾਰਕ ਵਿਚ ਬੜੀ ਦੇਰ ਤੋਂ ਇਧਰ-ਉਧਰ ਦੇਖ ਰਿਹਾ ਸੀ ਪਰ ਮੈਨੂੰ ਆਪਣਾ ਕੋਈ ਦਿਸ ਨਹੀ ਰਿਹਾ ਸੀ, ਸੋ ਮੈਂ ਤੁਹਾਡੇ ਕੋਲ ਆ ਗਿਆ।” ਉਹ ਬੋਲੀ, “ਹਾਂਜੀ ਹਾਂਜੀ..ਬੈਠੋ..ਬੈਠੋ ਜੀ।” ਉਹ ਬੜਾ ਖੁਸ਼ ਹੋਇਆ ਤੇ ਬੈਠਦਿਆਂ-ਬੈਠਦਿਆਂ ਹੀ ਕਿੰਨੇ ਸਵਾਲ ਕੱਢ ਮਾਰੇ, “ਏਹ ਬੱਚੀ ਬੜੀ ਪਿਆਰੀ ਹੈ, ਪੋਤੀ ਹੈ ਤੁਹਾਡੀ?, ਤੁਸੀ ਕਿੱਥੋਂ ਹੋ ? ਕੀ ਪੰਜਾਬੋਂ ਤੋਂ ਹੋ?,” ਉਸਨੇ ਉਤਰ ਦਿੱਤਾ, “ਏਹ ਮੇਰੀ ਦੋਹਤੀ ਹੈ, ਰਾਬੀਆ, ਮੈਨੂੰ ਮਸਾਂ ਪੰਜ ਦਿਨ ਹੀ ਹੋਏ ਨੇ ਏਥੇ ਆਇਆਂ ਨੂੰ, ਅਸੀਂ ਜਲੰਧਰ ਤੋਂ ਹਾਂ।” ਕੁਝ ਦੇਰ ਚੁੱਪ ਰਹਿਣ ਤੋਂ ਬਾਦ ਉਹ ਫੇਰ ਧੀਮੀ ਜਿਹੀ ਆਵਾਜ ਵਿੱਚ ਬੋਲੀ , “ਬੇਟਾ ਮੇਰਾ ਪੰਜ ਸਾਲ ਪਹਿਲਾਂ ਏਧਰ ਸਟੱਡੀ ਬੇਸ ਤੇ ਆਇਆ ਸੀ, ਫੇਰ ਏਧਰ ਹੀ ਉਸ ਨੇ ਵਿਆਹ ਕਰ ਲਿਆ ਤੇ ਏਧਰ ਦਾ ਹੀ ਹੋ ਕੇ ਰਹਿ ਗਿਆ। “ਉਸ ਹੋਰ ਅੱਗੇ ਪੁੱਛਣਾ ਸ਼ੁਰੂ ਕੀਤਾ, “ਫੇਰ ਕਿਵੇਂ ਦਾ ਲੱਗਿਆ ਏਧਰ ਆ ਕੇ, ਪੁੱਤ-ਨੂੰਹ ਕੋਲ?” ਉਹ ਥੋੜੀ ਉਦਾਸ ਜਿਹੇ ਲਹਿਜੇ ਵਿੱਚ ਬੋਲੀ, “ਲੱਗਣਾ ਕਾਹਦਾ, ਨੂੰਹ-ਪੁੱਤ ਨੂੰ ਦੋਹਤੀ ਨੂੰ ਮਿਲ ਕੇ ਖੁਸ਼ ਹੋ ਜਾਣੀ ਹਾਂ, ਪਰ ਜਦੋਂ ਉਹ ਕੰਮ-ਧੰਦੇ ਨੂੰ ਚਲੇ ਜਾਂਦੇ ਨੇ, ਫੇਰ ਮੈਂ ਇਕੱਲੀ ਰਹਿ ਜਾਣੀ ਹਾਂ ਤੇ ਬੋਰ ਹੋਣ ਲੱਗ ਜਾਂਦੀ ਹਾਂ ਤੇ ਕੁਝ ਦਿਨ ਤੋਂ ਪਾਰਕ ਵਿੱਚ ਆ ਰਹੀ ਹਾਂ ਪਰ ਇੱਥੇ ਵੀ ਕੋਈ ਆਪਣਾ ਦਿਸਦਾ ਨਹੀਂ ਸੋ ਇੱਥੇ ਵੀ ਉਹੋ ਬੋਰੀਅਤ ਤੇ ਕੱਲਾਪਣ ਸਤਾਉਣ ਲੱਗ ਜਾਂਦਾ ਹੈ, ਏਥੋਂ ਨਾਲੋਂ ਤਾਂ ਆਪਣਾ ਪਿੰਡ ਹੀ ਸਹੀ ਸੀ, ਪਤੀ ਦੇ ਸਵਰਗਵਾਸ ਤੋਂ ਬਾਦ ਤਾਂ ਬਸ ਪੁੱਤ ਹੀ ਕੋਲ ਸੀ, ਸਭ ਖੁਸ਼ੀਆਂ ਕੋਲ ਸਨ, ਹੁਣ ਤਾਂ ਪੁੱਤ ਵੀ ਕੋਲ ਨਹੀ ਤੇ ਖੁਸ਼ੀ ਵੀ ਨਹੀ, ਨੂੰਹ-ਪੱਤ ਕੰਮਾਂ-ਧੰਦਿਆਂ ਵਿੱਚ ਬਿਜੀ ਰਹਿੰਦੇ ਨੇ ਤੇ ਮੈਂ ਦੋਹਤੀ ਨੂੰ ਸੰਭਾਲਦੀਂ ਰਹਿੰਦੀ ਹਾਂ, ਮਨ ਪਿੱਛੇ ਪਿੰਡ ਵੱਲੇ ਭੱਜਿਆ ਰਹਿੰਦੈਂ ।” ਮੁਖਤਾਰ ਸਿੰਘ ਹੱਸ ਪਿਆ…(ਹਾ..ਹਾਹਾ)..। ਉਹ ਵੀ ਮੁਸਕਰਾਈ ਤੇ ਬੋਲੀ , “ਤੁਸੀਂ ਹੱਸੇ ਕਿਉਂ ?” ਮੁਖਤਾਰ ਸਿੰਘ ਬੋਲਿਆ, “ਹੱਸਿਆ, ਮੈਂ ਏਸ ਕਰਕੇ ਹਾਂ ਕਿ ਤੁਹਾਡਾ ਵੀ ਹਾਲ ਮੇਰੇ ਵਾਲਾ ਹੀ ਐ….ਮੈਂ ਵੀ ਏਹੋ ਜਿਏ ਹਾਲਾਤਾਂ ਵਿੱਚੋਂ ਲੰਘ ਰਿਹਾ ਹਾਂ।” ਹੁਣ ਦੋਵੇਂ ਉੱਚੀ-ਉੱਚੀ ਹੱਸਦੇ ਨੇ..” ..ਹਾਹਾ..।” ਉਸ ਔਰਤ ਨੇ ਘਰੋਂ ਲਿਆਂਦੀ ਚਾਹ ਦੀ ਥਰਮੋਸ ਅੱਗੇ ਵਧਾਈ ਤੇ ਮੁਖਤਾਰ ਸਿੰਘ ਨੇ ਬਿਸਕੁਟਾਂ ਦਾ ਪੈਕਟ ਅੱਗੇ ਵਧਾਇਆ। ਦੋਵੇਂ ਰਲ ਚਾਈਂ-ਚਾਈ ਚਾਹ ਪੀਤੀ ਤੇ ਬਿਸਕੁਟ ਖਾਦੇ। ਲੰਮਾ ਸਮਾਂ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਨੇ। ਦੋਵਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸ਼ਾਮ ਤੋਂ ਬਾਦ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਦੋਵਾਂ ਨੂੰ ਇੱਕ ਦੂਜੇ ਦਾ ਸਾਥ ਬੜਾ ਚੰਗਾ ਲੱਗਾ। ਅਗਲੇ ਦਿਨ ਫੇਰ ਸ਼ਾਮ ਨੂੰ ਮਿਲਣ ਦਾ ਤੈਅ ਕਰਕੇ ਉਹ ਚਲੇ ਜਾਂਦੇ ਨੇ।

ਮੁਖਤਾਰ ਸਿੰਘ ਅੱਜ ਬੜਾ ਖੁਸ਼ ਸੀ ਜਿਵੇਂ ਸਿਰੋਂ ਕੋਈ ਵੱਡਾ ਭਾਰ ਲੱਥ ਗਿਆ ਹੋਵੇ। ਇਨਸਾਨੀ ਹਮਦਰਦੀ ਦੀ ਸਾਂਝ ਕਿੰਨਾ ਸਕੂਨ ਤੇ ਸ਼ਾਂਤੀ ਦਿੰਦੀ ਹੈ ਇਹ ਉਸਦੇ ਚੇਹਰੇ ਦੀ ਖੁਸ਼ੀ ਤੋਂ ਸਾਫ ਝਲਕ ਰਹੀ ਸੀ। ਉਹ ਖੁਸ਼ੀ-ਖੁਸ਼ੀ ਕਦਮ ਪੁੱਟਦਾ ਵਾਪਸ ਘਰ ਨੂੰ ਤੁਰ ਪੈਂਦਾ ਹੈ। ਘਰ ਨੂੰ ਵਾਪਸ ਜਾਂਦਿਆਂ ਉਸ ਨੂੰ ਲੰਮਾ ਪੈਂਡਾ ਵੀ ਬੜਾ ਛੋਟਾ ਲੱਗਾ। ਘਰ ਆ ਕੇ ਕੀ ਵੇਖਦਾ ਹੈ ਕਿ ਉਸਦੇ ਨੂੰਹ-ਪੁੱਤ ਬੜੀ ਹੈਰਾਨੀ ਤੇ ਪਰੇਸ਼ਾਨੀ ਭਰੇ ਭਾਵਾਂ ਨਾਲ ਘਰ ਦੇ ਗੇਟ ਤੇ ਖੜੇ ਉਡੀਕ ਰਹੇ ਸਨ।” ਡੈਡੀ ਜੀ, ਤੁਸੀਂ ਕਿੱਥੇ ਚਲੇ ਗਏ ਸੀ ? ਤੁਹਾਨੂੰ ਪਤਾ ਹੈ ਅਸੀਂ ਕਿੰਨੇ ਪਰੇਸ਼ਾਨ ਸੀ ? ਤੁਹਾਨੂੰ ਘਰ ਵਿੱਚ ਨਾ ਲੱਭ ਕੇ।” ਉਸ ਨੇ ਕੋਲ ਖੜੇ ਪੋਤੇ ਨੂੰ ਚੁੱਕਿਆ, ਘੁੱਟ ਕੇ ਗਲੇ ਲਾ ਕੇ ਬੜੇ ਆਤਮ ਵਿਸ਼ਵਾਸ਼ ਨਾਲ ਬੋਲਿਆ, “ਮੈਨੂੰ ਕੋਈ ਆਪਣਾ ਮਿਲ ਗਿਆ ਸੀ।” ਉਹ ਪੋਤੇ ਨਾਲ ਲਾਡ ਲਡਾਉਂਦਾ ਸਿੱਧਾ ਘਰ ਦੇ ਅੰਦਰ ਚਲਾ ਗਿਆ ਤੇ ਉਸਦੇ ਨੂੰਹ-ਪੁੱਤ ਪਰਾਇਆਂ ਵਾਂਗ ਬੁੱਤ-ਬਣੀ ਖੜੇ ਕਦੇ ਇੱਕ-ਦੂਜੇ ਵੱਲ ਤੇ ਕਦੇ ਮੁਖਤਾਰ ਸਿੰਘ ਨੂੰ ਜਾਂਦਿਆਂ ਵੇਖੀ ਜਾ ਰਹੇ ਸਨ।

ਰਿਸ਼ਤੇ ਪ੍ਰਦੇਸੀਆਂ ਦੇ !

$
0
0

ਜਿਸ ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਜਾਵੇ,ਉਹ ਕਿਸੇ ਬਾਬੇ ਦੇ ਧਾਗਿਆਂ,ਤਬੀਤਾਂ ਨਾਲ ਨਹੀ ਉਤਰਦਾ।ਉਸ ਨੂੰ ਹਰ ਕੋਈ ਨਕਾਰੀ ਸਲਾਹ ਦੇਣ ਵਾਲਾ ਦੁਸ਼ਮਣ ਲਗਦਾ ਹੈ।ਇਹ ਵਿਦੇਸ਼ੀ ਭੂਤ(ਮਲਿੰਦਰ)”ਮੇਲੇ”ਨੂੰ ਵੀ ਚਿੰਬੜ ਚੁੱਕਿਆ ਸੀ।ਭਾਵੇਂ ਉਹ ਸ਼ਾਦੀ ਸ਼ੁਦਾ ਤੇ ਇੱਕ ਸਾਲ ਦੇ ਬੱਚੇ ਦਾ ਬਾਪ ਸੀ।ਪਰ ਉਸ ਦੀ ਵਿਦੇਸ਼ ਜਾਣ ਵਾਲੀ ਜਿੱਦ ਅੱਗੇ ਮਾਪੇ ਵੀ ਹਾਰ ਗਏ ਸਨ।”ਮੇਲੇ” ਦੇ ਪਿਤਾ ਨੇ ਉਧਾਰੇ ਤੇ ਕੁਝ ਵਿਆਜੂ ਪੈਸੇ ਫੜ੍ਹ ਕੇ ਏਜੰਟ ਨਾਲ ਭੇਜਣ ਦੀ ਗੱਲ ਕਰ ਲਈ।ਏਜੰਟ ਨੇ “ਮੇਲੇ” ਨੂੰ ਦਿੱਲੀ ਤੋਂ ਯੌਰਪ ਲਈ ਜਹਾਜ ਚੜ੍ਹਾ ਦਿੱਤਾ।ਪਰ ਉਸ ਨੂੰ ਯੌਰਪ ਦੀ ਵਜਾਏ ਕਿਸੇ ਨੇੜਲੇ ਦੇਸ ਜਾ ਲਾਹਿਆ।ਉਹ ਜੰਗਲ ਬੇਲੇ,ਨਹਿਰਾਂ ਤੇ ਬਰਫੀਲੇ ਪਹਾੜ੍ਹੀ ਇਲਾਕੇ ਪਾਰ ਕਰਦਾ ਯੌਰਪ ਪਹੁੰਚ ਗਿਆ।ਸਿਆਣੇ ਕਹਿੰਦੇ ਨੇ ਪ੍ਰਦੇਸ ਵਿੱਚ ਘਰ ਤੋਂ ਵਗੈਰ ਆਦਮੀ ਤੁਰਦੀ ਫਿਰਦੀ ਲਾਸ਼ ਵਰਗਾ ਹੁੰਦਾ।ਜੇ ਕਰ ਜੇਬ ਵੀ ਖਾਲੀ ਹੋਵੇ ਫੇਰ ਇਸ ਤੋਂ ਭੈੜੀ ਕਿਸਮਤ ਕਿਸੇ ਦੀ ਨਹੀ ਹੁੰਦੀ।ਇਹੀ ਹਾਲ “ਮੇਲੇ” ਦਾ ਸੀ।ਉਹ ਪਾਰਕਾਂ,ਰੇਲ ਦੇ ਡੱਬੇ ਅਤੇ ਪੁਲਾਂ ਥੱਲੇ ਰਾਤਾਂ ਗੁਜ਼ਾਰਦਾ।ਕਦੇ ਦਿਹਾੜ੍ਹੀ ਭਰ ਕੰਮ ਵੀ ਮਿਲ ਜਾਦਾਂ।ਉਸ ਦੇ ਸਿਰ ਚੜ੍ਹਿਆ ਕਰਜ਼ਾ ਅਮਰ ਵੇਲ ਵਾਂਗ ਵੱਧ ਰਿਹਾ ਸੀ।ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਰੱਬ ਹੁੰਦਾ ਹੈ।ਅਖੀਰ ਕਈ ਮਹੀਨੇ ਧੱਕੇ ਖਾਣ ਤੋਂ ਬਾਅਦ “ਮੇਲੇ” ਨੂੰ ਕਪੜ੍ਹੇ ਦੀ ਫੈਕਟਰੀ ਵਿੱਚ ਪਰੈਸ ਕਰਨ ਦਾ ਕੰਮ ਮਿਲ ਗਿਆ।ਅਰਬੀ ਦੀ ਕਹਾਵਤ ਹੈ,”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਉਹ ਮਿਹਨਤ ਤੇ ਲ਼ਗਨ ਨਾਲ ਕੰਮ ਕਰਦਾ,ਸਭ ਉਸ ਦੀ ਪ੍ਰਸੰਸਾ ਕਰਦੇ ਸਨ।ਭਾਵੇਂ “ਮੇਲੇ” ਨੂੰ ਵਿਦੇਸ਼ ਆਇਆਂ ਕਈ ਸਾਲ ਹੋ ਗਏ ਸਨ।ਪਰ ਹਾਲੇ ਵੀ ਸਿਰ ਚੜ੍ਹਿਆ ਕਰਜ਼ਾ ਬਾਕੀ ਸੀ।ਅੱਜ ਜਦੋਂ ਉਸ ਨੇ ਟੀ.ਵੀ.ਔਨ ਕੀਤਾ ਤਾਂ ਖਬਰਾਂ ਦੀ ਸੁਰਖੀ ਸੀ।ਪਹਿਲੀ ਅਗਸਤ ਤੋਂ ਕੋਈ ਵੀ ਵਿਦੇਸ਼ੀ ਵਰਕਰ ਕੰਪਨੀ ਨਾਲ ਇੱਕ ਸਾਲ ਦਾ ਕੰਨਟ੍ਰੈਕਟ ਫੋਰਮ ਭਰ ਕੇ ਇੰਮੀਗ੍ਰੇਸ਼ਨ ਅਪਲਾਈ ਕਰ ਸਕਦਾ ਹੈ।ਬੇ-ਸ਼ਰਤੇ ਕਿ ਉਸ ਨੇ ਕੋਈ ਘਿਨਾਉਣਾ ਅਪਰਾਧ ਨਾ ਕੀਤਾ ਹੋਵੇ।ਅਗਲੇ ਦਿੱਨ”ਮੇਲੇ” ਨੇ ਇਹ ਖਬਰ ਮਾਲਕਾਂ ਨੂੰ ਜਾ ਦੱਸੀ।ਕੰਪਨੀ ਵਾਲਿਆਂ ਨੇ ਬਿਨ੍ਹਾਂ ਝਿਜ਼ਕ ਹਾਂ ਕਰ ਦਿੱਤੀ।ਕਿਸਮਤ ਦੇ ਧਨ੍ਹੀ “ਮੇਲੇ” ਦੀ ਕੁਝ ਮਹੀਨਿਆ ਵਿੱਚ ਹੀ ਇੰਮੀਗ੍ਰੇਸ਼ਨ ਪਾਸ ਹੋ ਗਈ।ਪ੍ਰਦੇਸੀ ਦੀ ਅਸਲ ਜਿੰਦਗੀ ਇੰਮੀਗ੍ਰੇਸ਼ਨ ਮਿਲਣ ਤੋਂ ਬਾਅਦ ਸ਼ੁਰੂ ਹੁੰਦੀ ਹੈ।ਪਰ ਉਦੋਂ ਤੱਕ ਉਹ ਆਪਣੇ ਪ੍ਰਵਾਰ ਦੇ ਕਈ ਮੈਂਬਰ ਗੁਆ ਚੁੱਕਿਆ ਹੁੰਦਾ ਹੈ।ਕਈ ਤਾਂ ਮਾਪਿਆ ਦਾ ਸਿਵਾ ਹੀ ਵੇਖਦੇ ਨੇ।ਇਹ ਬੁਰਾ ਵਕਤ”ਮੇਲੇ” ਤੇ ਵੀ ਗੁਜ਼ਰਿਆ ਸੀ।ਉਸ ਦੇ ਵਿਦੇਸ਼ ਜਾਣ ਪਿਛੋਂ ਮਾਪੇ ਗਰੀਬੀ ਦਾ ਦੁੱਖ ਤੇ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰ ਸਕੇ।ਫਿਕਰਾਂ ਵਿੱਚ ਡੁੰਬੇ,ਆਖਰ ਉਹ ਵੀ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਏ ਸਨ।ਜਿਹਨਾਂ ਦਾ ਉਹ ਆਖਰੀ ਵਕਤ ਮੂੰਹ ਵੀ ਨਾ ਵੇਖ ਸਕਿਆ ਸੀ।ਉਹ ਹਜ਼ਾਰਾਂ ਮੀਲ ਦੂਰ ਬੈਠਾ ਮਜ਼ਬੂਰ ਸੀ।ਪਿੱਛੇ ਘਰਵਾਲੀ “ਮਿੰਦੋ”ਤੇ ਬੱਚਾ ਰਹਿ ਗਏ ਸਨ।ਜਿਹਨਾਂ ਦੀ ਦੇਖ ਭਾਲ ਪੇਕੇ ਪ੍ਰਵਾਰ ਕਰਦਾ ਸੀ।ਉਸ ਦਾ ਪੁੱਤ ਨੂੰ ਵੇਖਣ ਲਈ ਉੱਡ ਕੇ ਜਾਣ ਨੂੰ ਦਿੱਲ ਕਰ ਰਿਹਾ ਸੀ।ਪਰ ਕਰਜ਼ੇ ਤੇ ਗਰੀਬੀ ਨੇ ਉਸ ਦੇ ਪੈਰਾਂ ਨੂੰ ਜਕੜ੍ਹਿਆ ਹੋਇਆ ਸੀ।ਇਹ ਸੋਚ ਕੇ “ਮੇਲੇ” ਨੇ ਪਿੰਡ ਜਾਣ ਦੇ ਵਜਾਏ ਮਿੰਦੋ”ਨੂੰ ਕੋਲ ਸੱਦਣ ਵਾਸਤੇ ਪਾਸਪੋਰਟ ਬਣਾਉਣ ਲਈ ਕਹਿ ਦਿੱਤਾ।ਇਹ ਖਬਰ “ਮਿੰਦੋ” ਦੀ ਵੱਡੀ ਭੈਣ “ਨਿੰਮੋ” ਨੂੰ ਮਿਲ ਗਈ ਸੀ।ਜਿਸ ਤੋਂ ਬਾਹਰ ਜਾਣ ਵੇਲੇ “ਮੇਲੇ” ਨੇ ਉਧਾਰੇ ਪੈਸੇ ਲਏ ਸਨ।ਉਹ ਅਗਲੇ ਹੀ ਦਿੱਨ ਆਪਣੇ ਬੇਟੇ(ਮਨਜੀਤ)”ਮਾਟੂ”ਨੂੰ ਲੈਕੇ ਛੋਟੀ ਭੈਣ ਕੋਲ ਆ ਗਈ।”ਸੁਣ ਭੈਣੇ, ਸਾਨੂੰ ਤਾਂ

ਬਹੁਤ ਖੁਸ਼ੀ ਹੋਈ ਆ,ਸੁਖ ਨਾਲ ਤੁਸੀ ਸਾਰੇ ਬਾਹਰ ਜਾ ਰਹੇ ਹੋ”!”ਨਾਲ ਮੇਰੇ ਮੁੰਡੇ “ਮਾਟੂ” ਦਾ ਵੀ ਬਣਾ ਲਓ”?ਮਿੰਦੋ ਬੋਲੀ,”ਭੈਣੇ ਓਹ ਕਿਵੇਂ ਜਾ ਵੜੂ”?”ਤੁਸੀ ਪੁੱਤ ਬਣਾ ਕੇ ਲੈਜਿਓ”!”ਨਹੀ ਭੈਣੇ ਇਹ ਤਾਂ ਗਲਤ ਕੰਮ ਹੋਇਆ”!” ਨ੍ਹੀ ਬਾਹਰ ਭਲਾ ਮੋਏ ਜਾਣਦੇ ਨੇ”!ਕਾਗਜ਼ਾਂ ‘ਚ ਹੀ ਅਦਲਾ ਬਦਲੀ ਕਰਨੀ ਆ”?”ਨਿੰਮੋ” ਇਕੋ ਸਾਹ ਬੋਲ ਗਈ।ਅੱਜ ਕੱਲ ਤਾਂ ਲੋਕੀਂ ਪੁੱਠੇ ਸਿੱਧੇ ਰਿਸ਼ਤੇ ਬਣਾ ਕੇ ਲੈ ਜਾਂਦੇ ਨੇ!”ਇਹ ਤਾਂ ਤੇਰੀ ਸਕੀ ਭੈਣ ਦਾ ਮੁੰਡਾ”!”ਜਦੋਂ “ਮਲਿੰਦਰ” ਬਾਹਰ ਗਿਆ,ਓਦੋਂ ਇਹੋ ਭੈਣ ਕੰਮ ਆਈ ਸੀ”!ਓਸ ਨੇ ਉਧਾਰ ਦਿੱਤੇ ਪੈਸਿਆ ਦੀ ਟਕੋਰ ਕਰ ਦਿੱਤੀ।”ਮਿੰਦੋਂ” ਚੁੱਪ ਹੋ ਗਈ।ਸਿਆਣੇ ਕਹਿੰਦੇ ਨੇ ਜਿਥੇ ਦੂਰ ਅਦੇਸ਼ੀ ਨਹੀ ਉਥੇ ਬਰਬਾਦੀ ਨਿਸਚਿੰਤ ਹੈ।”ਮਾਟੂ” ਦੀ ਵੀ ਤਿਆਰੀ ਵੀ ਹੋ ਗਈ।”ਮੇਲੇ” ਨੇ “ਮਿੰਦੋਂ” ਦਾ ਦੋਵਂੇ ਬੱਚਿਆਂ ਸਮੇਤ ਵੀਜ਼ਾ ਅਪਲਾਈ ਕਰ ਦਿੱਤਾ।ਉਹ ਤਿੰਨੇ ਜਾਣੇ ਕੁਝ ਮਹੀਨਿਆਂ ਵਿੱਚ “ਮੇਲੇ” ਕੋਲ ਪਹੁੰਚ ਗਏ।ਦੋਵੇਂ ਬੱਚੇ ਸਕੂਲ ਜਾਣ ਲੱਗ ਪਏ ਸਨ।ਕਹਿੰਦੇ ਨੇ ਵੇ-ਵਤਨ ਹੋਇਆ ਇਨਸਾਨ ਖੁਸ਼ੀ ਦੇ ਗੀਤ ਨਹੀ ਗਾ ਸਕਦਾ।ਇੱਕਲੇ “ਮੇਲੇ” ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਣਾ ਮੁਸ਼ਕਲ ਹੋ ਗਿਆ ਸੀ।ਹੱਥ ਤੰਗ ਹੋਣ ਕਰਕੇ “ਮੇਲੇ” ਨੇ “ਮਿੰਦੋ” ਨੂੰ ਆਪਣੇ ਕੋਲ ਹੀ ਕੰਮ ਤੇ ਲਵਾ ਲਿਆ।ਸਮਾਂ ਗੁਜ਼ਰਦਾ ਗਿਆ ਬੱਚੇ ਪ੍ਰਇਮਰੀ ਤੋਂ ਹਾਈ ਸਕੂਲ ਚਲੇ ਗਏ।ਦੋਵਾਂ ਨੇ ਥੋੜ੍ਹੀ ਪੂੰਜ਼ੀ ਜੋੜ ਕੇ ਘਰ ਵੀ ਮੁੱਲ ਲੈ ਲਿਆ ਸੀ।ਜਿੰਦਗੀ ਦਾ ਪਹ੍ਹੀਆ ਘੁੰਮਦਾ ਰਿਹਾ।ਦੋਵੇਂ ਪੁੱਤ ਗਭਰੂ ਹੋ ਗਏ ਸਨ।”ਮੇਲੇ” ਨੇ ਪੁਤਰਾਂ ਨਾਲ ਮਿਲ ਕੇ ਇੱਕ ਰੈਸਟੋਰੈਂਟ ਖੋਲ ਲਿਆ।”ਮਾਟੂ” ਨੂੰ ਉਸ ਦਾ ਮਾਲਕ ਤੇ ਛੋਟੇ ਬੇਟੇ ਨੂੰ ਮਨੈਜ਼ਰ ਬਣਾ ਦਿੱਤਾ।ਹੁਣ “ਮੇਲਾ” ਤੇ “ਮਿੰਦੋਂ”ਬੁੰਢਾਪੇ ਵਾਲੀ ਪਾਉੜ੍ਹੀ ਚੜ੍ਹ ਚੁੱਕੇ ਸਨ।”ਮਾਟੂ” ਬਾਹਰ ਦਾ ਤੇ ਛੋਟਾ ਰੈਸਟੋਰੈਂਟ ਦੇ ਅੰਦਰ ਦਾ ਕੰਮ ਸੰਭਾਲਦਾ।ਦੋਵਾਂ ਦੀ ਮਿਹਨਤ ਰੰਗ ਲਿਆਈ ਪੂਰੇ ਇਲਾਕੇ ਵਿੱਚ ਨਾਮਵਰ ਹੋ ਗਏ।”ਨਿੰਮੋ” ਕਦੇ ਕਦੇ ਫੋਨ ਕਰਕੇ “ਮਾਟੂ” ਦਾ ਹਾਲ ਚਾਲ ਪੁੱਛਦੀ ਰਹਿੰਦੀ।ਪੰਜਾਬ ਵਿੱਚ ਚਿੱਟੇ ਦੀ ਭਰਮਾਰ ਹੋ ਗਈ ਸੀ।”ਨਿੰਮੋਂ”ਕੋਲ ਰਹਿ ਰਿਹਾ ਦੂਸਰਾ ਲੜਕਾ ਨਸ਼ੇ ਦੇ ਜਾਲ ਵਿੱਚ ਫਸ ਗਿਆ।ਉਹ ਨਸ਼ੇ ਵਿੱਚ ਪੈ ਕੇ ਕਮਾਊ ਘੱਟ ਤੇ ਗਵਾਊ ਜਿਆਦਾ ਬਣ ਚੁੱਕਿਆ ਸੀ।ਚਿੱਟੇ ਨੇ ਉਸ ਦੀ ਜਿੰਦਗੀ ਗਲਤਾਨ ਕਰ ਦਿੱਤੀ ਸੀ।ਨਸ਼ੇ ਦੀ ਪੂਰਤੀ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸੀ।”ਨਿੰਮੋ” ਨੇ ਇੱਕ ਦਿੱਨ ਦੁਖੀ ਮਨ ਨਾਲ “ਮਾਟੂ” ਨੂੰ ਫੋਨ ਤੇ ਪੂਰੀ ਸਚਾਈ ਬਿਆਨ ਕਰ ਦਿੱਤੀ।”ਪੁੱਤ ਮੈ ਤੇਰੀ ਅਸਲੀ ਮਾਂ ਹਾਂ”!ਜਿਸ ਨੇ ਨੌਂ ਮਹੀਨੇ ਢਿੱਡ ਚ’ ਰੱਖ ਕੇ ਦੁੱਧ ਚੁਗਾਇਆ”!”ਮਾਂ ਦਾ ਕਰਜ਼ਾ ਤਾਂ ਸੱਤ ਜਨਮ ਨਹੀ ਉਤਰਦਾ”!ਸਾਨੂੰ ਭੁੱਲ ਨਾ ਜਾਂਈ!”ਮਾਂ ਨੂੰ ਭੁੱਲਿਆ ਨਰਕਾਂ ਦਾ ਭਾਗੀ ਹੁੰਦਾ”!ਤਰਕ ਭਰੇ “ਨਿੰਮੋ” ਦੇ ਬੋਲਾਂ ਨੇ,ਉਸ ਦਾ ਸੁਖ ਚੈਨ ਖੋਹ ਲਿਆ ਸੀ।ਕਹਿੰਦੇ ਨੇ ਪੁੱਤ ਕਪੁੱਤ ਹੋ ਸਕਦੇ ਨੇ ਪਰ ਕੁਮਾਪੇ ਨਹੀ ਹੁੰਦੇ।ਹੁਣ ਉਸ ਦਾ ਮਨ ਵੀ ਡਗਮਗਾਉਣ ਲੱਗ ਪਿਆ ਸੀ।ਜਿਵੇਂ ਕਹਿੰਦੇ ਨੇ ਪਿਆਰ ਤੇ ਗਮ ਛੁਤੀ ਮੁੱਕ ਜਾਂਦੇਂ ਨੇ!ਉਸ ਦੇ ਅੰਦਰ ਆਪਣੇ ਤੇ ਪਰਾਏ ਵਾਲੀ ਲਕੀਰ ਖਿੱਚੀ ਗਈ।ਉਹ ਸੋਚਾਂ ਦੀ ਦਲ ਦਲ ਵਿੱਚ ਫਸਿਆ ਰਹਿੰਦਾ।ਅੱਜ ਅਚਾਨਕ ਪੁਲਿਸ, ਹੈਲਥ ਵਿਭਾਗ ਅਤੇ ਇਨਕਮ ਟੈਕਸ ਵਾਲਿਆਂ ਨੇ ਰੈਸਟੋਰੈਂਟ ਵਿੱਚ ਆ ਛਾਪਾ ਮਾਰਿਆ।ਉਹਨਾਂ ਨੇ ਤਲਾਸ਼ੀ ਦੌਰਾਨ ਇੱਕ ਗੈਰ ਕਨੂੰਨੀ ਲੜਕਾ ਜੋ ਕੁਝ ਦਿੱਨਾਂ ਪਹਿਲਾਂ ਹੀ ਆਰਜੀ ਤੌਰ ਤੇ ਕੰਮ ਲਈ ਰੱਖਿਆ ਸੀ,ਗ੍ਰਿਫਤਾਰ ਕਰ ਲਿਆ ਗਿਆ।ਹੈਲਥ ਵਾਲਿਆ ਨੇ ਅਣਗਹਿਲੀ ਵਰਤਣ ਤੇ ਬੇਤੁਕੇ ਪਏ ਸਮਾਨ ਨੂੰ ਵੀ ਜ਼ਬਤ ਕਰ

ਲਿਆ।ਰੈਸਟੋਰੈਂਟ ਦਾ ਮਾਲਕ ਹੋਣ ਦੇ ਨਾਤੇ”ਮਾਟੂ” ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਅਗਲੇ ਦਿੱਨ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਈ।ਜੱਜ ਨੇ ਤਿੰਨ ਦਿੱਨ ਕਸਟੱਡੀ ਵਿੱਚ ਰੱਖਣ ਦਾ ਹੁਕਮ ਸੁਣਾ ਦਿੱਤਾ।ਹਵਾਲਾਤ ਵਿੱਚ ਬੰਦ “ਮਾਟੂ” ਦੇ ਕੰਨਾਂ ਵਿੱਚ ਮਾਂ ਦੇ ਬੋਲ,”ਪੁੱਤ ਖੂਨ ਕਦੇ ਚਿੱਟਾ ਨਹੀ ਹੁੰਦਾ”!”ਕਾਗਜ਼ ਕਾਲੇ ਕਰਨ ਨਾਲ ਖੂਨ ਨਹੀ ਬਦਲਦਾ”ਬੈਚੇਨ ਕਰ ਰਹੇ ਸੀ।”ਕੇਸ ਵੀ ਮੇਰੇ ਉਤੇ,ਜੇਲ੍ਹ ਵੀ ਮੈਂ ਜਾਵਾਂ” ਨਾਲੇ ਮੁਸੀਬਤਾਂ ਵੀ ਝੱਲਾਂ,ਇਹ ਸਭ ਕਿਊਂ?ਮੈਂ ਮੁੰਤਬੰਨਾ ਜਿਊਂ ਹੋਇਆ…?ਉਸ ਦੇ ਦਿਮਾਗ ਵਿੱਚ ਪੁੱਠੇ ਸਿੱਧੇ ਸਵਾਲ ਆਉਣ ਲੱਗ ਪਏ ਸਨ।ਯੌਰਪ ਦੇ ਕਨੂੰਨ ਮੁਤਾਬਕ, ਕਿਸੇ ਗੈਰ ਕਨੂੰਨੀ ਨੂੰ ਕੰਮ ਤੇ ਰੱਖਣਾ ਜੁਰਮ ਹੈ।ਇਸ ਜੁਰਮ ਤਹਿਤ ਇੱਕ ਸਾਲ ਦੀ ਕੈਦ ਅਤੇ ਭਾਰੀ ਜੁਰਮਾਨਾ ਦੀ ਸਜ਼੍ਹਾ ਹੈ।”ਮੇਲਾ” ਇਸ ਡਰ ਤੋਂ “ਮਾਟੂ” ਨੂੰ ਛਡਾਉਣ ਲਈ ਵਕੀਲਾਂ ਦੇ ਦਰ ਖੜਕ੍ਹਾ ਰਿਹਾ ਸੀ।ਚੌਵੀ ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਮਾਨਯੋਗ ਜੱਜ ਨੇ ਅਗਲੀ ਪੇਸ਼ੀ ਤੱਕ ਜਮਾਨਤ ਤੇ ਰਿਹਾ ਕਰ ਦਿੱਤਾ।ਉਹ ਚੁੱਪ ਚੁੱਪ ਰਹਿੰਦਾ,ਉਸ ਨੂੰ ਘਰ ਵੀ ਪਰਾਇਆ ਲੱਗਣ ਲੱਗ ਪਿਆ ਸੀ।ਉਸਦਾ ਪ੍ਰਵਾਰ ਪ੍ਰਤੀ ਮੋਹ ਭੰਗ ਹੋ ਚੁੱਕਿਆ ਸੀ।ਉਹ ਇੱਕ ਦਿੱਨ ਬਿਨ੍ਹਾਂ ਦੱਸੇ ਘਰ ਛੱਡ ਕੇ ਚਲਿਆ ਗਿਆ।”ਮੇਲੇ” ਨੇ ਉਸ ਦੀ ਭਾਲ ਵਿੱਚ ਸਭ ਪਾਸੇ ਫੋਨ ਘੁੰਮਾਏ ਪਰ ਸਭ ਬੇ-ਅਰਥ ਸੀ।ਉਹ ਗੁੰਮ ਸ਼ੁਦਾ ਹੋਣ ਦੀ ਰੀਪੋਰਟ ਦਰਜ਼ ਕਰਵਾਉਣ ਵਾਰੇ ਸੋਚਣ ਲੱਗ ਪਿਆ।ਸਵੇਰੇ ਜਦੋਂ ਉਸ ਨੇ ਲੈਟਰ ਬਾਕਸ ਖੋਲਿਆ,”ਮਾਟੂ” ਦਾ ਵਕੀਲ ਰਾਂਹੀ ਭੇਜਿਆ ਹੋਇਆ ਨੋਟਿਸ ਵੇਖ ਕੇ ਪੈਰਾਂ ਥੱਲਿਓ ਜਮੀਨ ਖਿਸਕ ਗਈ।ਜਿਸ ਵਿੱਚ ਜਾਇਦਾਦ ਵਿੱਚੋਂ ਆਪਣਾ ਹਿੱਸਾ ਲੈਣ ਲਈ ਜਤਾਇਆ ਸੀ।ਬਲੱਡ ਪ੍ਰਸ਼ੈਰ ਤੇ ਸੂਗਰ ਦੇ ਮਰੀਜ਼ “ਮੇਲੇ” ਦਾ ਬਲੱਡ ਹਾਈ ਹੋ ਗਿਆ ਸੀ।ਚਿੰਤਾ ਵਿੱਚ ਡੁੱਬਿਆ “ਮੇਲਾ” ਹੱਥੀ ਲਾਏ ਪੇੜ੍ਹ ਦੀ ਛਾਂ ਤੋਂ ਸੱਖਣਾ ਹੋ ਗਿਆ ਸੀ।ਇੱਕ ਕਾਲੀ ਰਾਤ ਆਈ ਦਿੱਨ ਚੜ੍ਹਣ ਤੋਂ ਪਹਿਲਾਂ ਹੀ “ਮੇਲੇ” ਨੂੰ ਆਪਣੇ ਨਾਲ ਲੈ ਗਈ।”ਮਿੰਦੋਂ”ਉਸ ਦੇ ਜਾਣ ਤੋਂ ਬਾਅਦ ਫ਼ਿਕਰਾਂ ਵਿੱਚ ਪੈ ਕੇ ਡੈਪਰ੍ਰੈਂਸ਼ਨ ਵਿੱਚ ਚਲੀ ਗਈ।ਉਹ ਪਾਗ਼ਲਾਂ ਵਾਂਗ ਗੱਲਾਂ ਕਰਨ ਲੱਗ ਪਈ ਸੀ।ਡਾਕਟਰ ਦੇ ਕਹਿਣ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।”ਮਿੰਦੋ” ਜਾਇਦਾਦ ਵਾਲੀ ਵੰਡ ਦਾ ਦੁੱਖ ਦਿੱਲ ਨੂੰ ਲਾ ਬੈਠੀ ਸੀ।ਅਦਾਲਤ ਨੇ “ਮਿੰਦੋਂ” ਦੇ ਡੈਪਰ੍ਰੈਂਸ਼ਨ ਤੋਂ ਬਾਹਰ ਆਉਣ ਤੱਕ ਫੈਸਲਾ ਰਾਖਵਾਂ ਰੱਖ ਲਿਆ।”ਮੇਲੇ” ਤੇ “ਮਿੰਦੋਂ ਦੇ ਨਾਮ ਕਾਗ਼ਜਾਤ ਹੋਣ ਕਾਰਨ ਘਰ ਅੰਦਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀ ਸੀ।ਅਦਾਲਤ ਵਿੱਚ ਕੇਸ ਚੱਲਣ ਲੱਗ ਪਿਆ।ਮੁੰਕੱਦਮੇ ਬਾਜ਼ੀ ਦੌਰਾਨ ਕਲਾਇੰਟ ਸੁੰਗੜਦੇ ਨੇ ਤੇ ਵਕੀਲ ਮੋਟੇ ਹੋ ਜਾਂਦੇ ਨੇ।ਵਕੀਲਾਂ ਦੀ ਲੁੱਟ ਸ਼ੁਰੂ ਹੋ ਚੁੱਕੀ ਸੀ।ਘਰ ਦੇ ਮਾਲਕ ਬੇਘਰ ਹੋਏ ਫਿਰਦੇ ਸਨ।ਕਈ ਦਿੱਨਾਂ ਤੋਂ ਬੇਹੋਸ਼ ਪਈ”ਮਿੰਦੋਂ” ਨੇ ਅੱਜ ਆਖਰੀ ਸਾਹ ਲਏ ਤੇ ਉਹ ਵੀ “ਮੇਲੇ” ਦੀ ਆਤਮਾ ਨਾਲ ਲੀਨ ਹੋ ਗਈ।ਘਰ ਤੇ ਰੈਸਟੋਰੈਂਟ ਨੂੰ ਤਾਲੇ ਲੱਗ ਚੁੱਕੇ ਸਨ।ਬੰਦ ਪਏ ਦਰਵਾਜ਼ਿਆਂ ਨੂੰ ਵੇਖ ਕੇ ਅਰਸ਼ਾਂ ਵਿੱਚੋਂ ਦੋਵਾਂ ਦੀ ਆਤਮਾ ਲਾਹਨਤਾਂ ਪਾ ਰਹੀ ਸੀ।ਲੋਕੀਂ ਕਹਿੰਦੇ ਨੇ ਚੰਗੇ ਨਾਲ ਹਰ ਕੋਈ ਚੰਗਾ ਹੁੰਦਾ ਪਰ ਇਹ ਕਹਾਵਤ ਝੂਠੀ ਸਾਬਤ ਹੋ ਰਹੀ ਸੀ।

ਤੱਪਦੀਆਂ ਰੁੱਤਾਂ ਦੇ ਜਾਏ

$
0
0

“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ। ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ। “ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, ਫਿਰ ਆਪੇ ਹੀ ਦਾਲ ਰਿੱਝਦੀ ਰਹੂ”, ਸਿਆਮੋ ਨੇ ਥਾਲ ‘ਚ ਮੂੰਗੀ ਪਾ ਕੇ ਲਿਫ਼ਾਫਾ ਹਾਰੇ ਦੇ ਗੋਹਿਆਂ ‘ਤੇ ਸੁੱਦਿਆਂ ਕਿਹਾ। “ਨੀ ਆ ਨਾਲੇ ਕਹਿੰਦੇ ਨਵੀਂ ਸਰਕਾਰ … ਇਨਕਲਾਬ ਲੈ ਕੇ ਆਈ, ਜੂਨ ਬਦਲੂ ਲੋਕਾਂ ਦੀ”, ਰਤਨੋ ਨੇ ਪੀੜੀ ‘ਤੇ ਬੈਠਦਿਆਂ ਕਿਹਾ।

“ਨੀ ਕਿਹੜੀਆਂ ਆਪਣੀਆਂ ਜੂਨਾਂ ਬਦਲਣਿਆਂ ਨੇ, ਮੈਂ ਦਾਦੇ ਪੜਦਾਦੇ ਵਾਲਿਆਂ ਤੋਂ ਇਹੀ ਹਾਲ ਹੀਲੇ ਦੇਖਦੀ-ਸੁਣਦੀ ਆਈਂ ਆਂ। ਜੋ ਕਬੀਲਦਾਰੀ ਦੇ ਹੂਲੇ ੳਹ ਫੱਕਦੇ ਰਹੇ……ਆਪਾਂ ਫੱਕੀ ਜਾਨੇਂ ਆਂ। ਦੱਸ ਕੀ ਇਨਕਲਾਬ…ਨੋਟ ਅਸਮਾਨੋ ਸਿੱਟੂ ਜਾਂ……ਭੜੋਲੇ ਭਰੇ ਜਾਣੇ ਬੈਠੇ-ਬੈਠਇਆਂ ਦੇ। ਅੇਵੈਂ ਨਾ ਇਹਨਾਂ ਲੀਡਰਾਂ ਦੀਆਂ ਫੂਕਾਂ ‘ਚ ਆ ਕੇ ਭੁੱਖੇ ਮਰਜਿਓ। ਆਪਾਂ ਤਾਂ ਤੱਪਦੀਆਂ ਰੁੱਤਾਂ ਦੇ ਜਾਏ ਆਂ…ਆਪਣੇ ਨਸੀਬੀ ਸੁੱਖਾਂ ਦੀਆਂ ਹਵਾਵਾਂ ਕਿੱਥੇ। ਕੀ ਬਦਲ ਗਿਆ, ਦੁਕਾਨ ਤੇ ਸੌਦਾ ਪੱਤਾ ਲੈਣ ਜਾਹ…ਰੁਪਈਆ ਧੇਲੀ ਮਖਾਂ ਮਹਿੰਗੀ ਭਵਾਂ ਹੋ ਜੇ। ਦੁਕਾਨਦਾਰ ਅੱਧ ਮੁੱਲ ਦੇਵੇ ਤਾਂ ਇਨਕਲਾਬ ਆਪਣੇ ਭੜੋਲੇ ਪਿਆ ਜਾਣੀ। ਜੇਕਰ ਦਿਹਾੜੀ ਦੀ ਅੱਧ ਤੋਂ ਵੱਧ ਕਮਾਈ ਬਚੇ…ਰੱਜ ਕੇ ਖਾ, ਹੰਢਾ ਵੀ ਲਈਏ ਤਾਂ ਇਨਕਲਾਬ ਜਾਣੀਏ। ਧੀਆਂ ‘ਕੱਲੀਆਂ ਪੜ੍ਹਨ ਤੋਰ, ਮਾਪੇ ਬੇਫਿਕਰ ਹੋਣ ਤਾਂ ਇਨਕਲਾਬ ਹੋਊਗਾ। ਆਪਾਂ ਨੂੰ ਲੱਪ ਦਾਣਿਆਂ ਖਾਤਿਰ ਬੱਲੀਆਂ ਚੁੱਗਦੀਆਂ ਨੂੰ ਉਹੀ ਵੱਟਾਂ ਤੋਂ ਹੋਕਰੇ ਵੱਜਣੇ, ਉਹੀ ਆਪਣੇ ਕੌਲ਼ੇ ਤਾਂ…ਜੱਟਾਂ ਦੀਆਂ ਖੁਰਲੀਆਂ ਤੇ ਹੀ ਟਿਕਾਣੇ। ਕਾਹਦਾ ਇਨਕਲਾਬ, ਜ਼ਮੀਨਾਂ ਵੇਚ ਲੋਕ ਬਾਹਰ ਫਿਰਦੇ ਗੋਰਿਆਂ ਦਾ ਗੋਲਾ ਧੰਦਾ ਕਰਦੇ। ਕਿੱਥੇ ਐ ਇਨਕਲਾਬ…ਕਿਤੇ ਦੀਂਹਦਾ ਤਾਂ ਹੈਨੀ। ਚਾਰੇ ਪਾਸੇ ਉਹੀ ਕਬੀਲਦਾਰੀਆਂ ‘ਚ ਜੂਲਦੇ, ਭੁੱਖ ਨੰਗ ਨਾਲ ਘੁਲਦੇ ਲੋਕ। ਬੇਬਸੀ ‘ਤੇ ਮਜ਼ਬੂਰੀਆਂ ਦਿਸਦੀਆਂ……ਆ ਸਟੇਜ਼ਾਂ ਤੇ ਢਿੱਡਾਂ ਖਾਤਿਰ ਅਧ-ਨੰਗੀਆਂ ਹੁੰਦੀਆਂ ਧੀਆਂ , ਨਸ਼ੇ ‘ਚ ਰੁਲਦੇ ਪੁੱਤ ਨੂੰ ਤੜਫਦੀਆਂ ਮਾਵਾਂ ਦਿਸਦੀਆਂ…ਦਿਸਦਾ ਕਿਉਂ ਨਹੀਂ ਇਨਕਲਾਬ। ਆ ਮੇਰਾ ਪੁੱਤ ਸੀਰਾ, ਬਥੇਰਾ ਲਾਈਕ ਤੀ, ਬਥੇਰਾ ਪੜ੍ਹਿਆ…ਚੰਦਰੀ ਨੌਕਰੀ ਨ੍ਹੀਂ ਮਿਲੀ। ਹਾਰ ਕੇ ਦਿਹਾੜੀ ਜਾਂਦਾ। ਹੁਣ ਐਨੀ ਖੁਰਾਕ ਘਰੇ ਨ੍ਹੀਂ, ਦੁੱਧ-ਘਿਓ ਤਾਕਤ ਬਿਨਾਂ ਹੱਢ ਭੰਨਵੀਂ ਦਿਹਾੜੀ ਵੀ ਨਹੀਂ ਹੁੰਦੀ। ਦੋ ਚਮਚੇ ਭੁੱਕੀ ਖਾਣ ਲੱਗ ਗਿਆ, ਹੁਣ ਨਸ਼ਾ ਵਧਦਾ ਜਾਂਦਾ। ਦਿਹਾੜੀ ਦੇ ਪੈਸਿਆਂ ਨਾਲ ਨਸ਼ਾ ਖਰੀਦੇ ਜਾਂ……ਘਰ ਤੋਰੇ। ਮਾਵਾਂ ਦੇ ਹੀਰੇ ਪੁੱਤ  ਮਿੱਟੀ ‘ਚ ਰੋਲਤੇ ਮਜ਼ਬੂਰੀਆਂ ਨੇ”, ਸਿਆਮੋ ਦਾ ਬੋਲਦਿਆਂ ਦਾ ਗਲਾ ਭਰ ਆਇਆ।

ਰਤਨੋ ਨੇ ਸਿਆਮੋ ਦੇ ਮੋਢੇ ‘ਤੇ ਧਰਵਾਸ ਦਾ ਹੱਥ ਰੱਖਿਆ ਤੇ ਅੱਖਾਂ ਭਰ ਲਈਆਂ। ਸਿਆਮੋ ਜਿਵੇਂ ਨੀਂਦ ‘ਚੋਂ ਜਾਗੀ, “ਮੈਂ ਵੀ ਰੋਣੇ-ਧੋਣੇ ਲੈ ਕੇ ਬਹਿਗੀ…ਚਲ ਮੂੰਗੀ ਆਪੀਂ ਰਿੱਝੀ ਜਾਊ, ਕੇਰਾਂ ਧਰੀ……ਚਲ.ਲ.ਲ. ਬੱਲੀਆਂ ਨੂੰ ਚੱਲੀਏ”, ਸਿਆਮੋ ਨੇ ਪਤੀਲਾ ਹਾਰੇ ‘ਤੇ ਧਰ ਕੇ ਖਾਲੀ ਗੱਟਾ ਚੁੱਕਦਿਆਂ ਕਿਹਾ।

ਘੂਰੀਆਂ (ਯਾਦਾਂ)

$
0
0

ਬੇਰਿੰਕ ਕਾਲਜ਼ ਬਟਾਲੇ ਕੋਈ ਸੈਮੀਨਾਰ ਸੀ , ਕੇਂਦਰੀ ਲੇਖਕ ਸਭਾ ਵਲੋਂ । ਭਰਵੀਂ ਹਾਜ਼ਰੀ , ਉਹਨਾਂ ਵਰ੍ਹਿਆਂ ‘ਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਅਪਣਾ ਫ਼ਰਜ਼ ਸਮਝਦਾ ਸੀ । ਸਭਾ ਦੀ ਕਾਰਜਕਰਨੀ ਦੇ  ਮੈਂਬਰ ਤਾਂ ਵਿਸ਼ੇਸ਼ ਕਰਕੇ । ਮੈਂ , ਸੈਮੀਨਾਰ ਹਾਲ ਤੋਂ ਥੋੜਾ ਕੁ ਹਟਵੇਂ ਲੱਗੇ ਚਾਹ-ਟੇਬਲਾਂ ਵਲ੍ਹ ਨੂੰ ਦੋ ਜਣੇ ਆਉਂਦੇ ਦੇਖੇ । ਨੀਵੀਆਂ ਪਾਈ ਗੱਲਾਂ ਕਰਦੇ । ਇਹਨਾਂ ‘ਚੋਂ ਇਕ ਜਣਾ ਹਰਭਜਨ ਸਿੰਘ ਹੁੰਦਲ ਸੀ । ਹੱਥ ‘ਚ ਦਰਮਿਆਨਾ ਜਿਹਾ ਬੈਗ । ਨਾ ਛੋਟਾ , ਨਾ ਬਹੁਤਾ ਵੱਡਾ । ਇਹ ਮੋਢੇ ਨਾਲ ਲਟਕਾਇਆ ਜਾ ਸਕਦਾ ਸੀ , ਹੱਥੀ ਤੋਂ ਫੜਿਆ ਵੀ ਜਾ ਸਕਦਾ ਸੀ ।ਚਾਹ ਪੀਦਿਆਂ ਨੂੰ ਅਗਲਵਾਂਡੀ ਹੋ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਈ – “ਜੀ ਈ,….. ਮੈਂ ਲਾਲ ਸਿੰਘ । “ ਹੁੰਦਲ ਤੇ ਚਾਹ ਦਾ ਕੱਪ ਮੇਜ਼ ਤੇ ਰੱਖ ਕੇ ਮੈਨੂੰ ਹੇਠੋਂ ਉੱਪਰ ਤੱਕ ਦੇਖਿਆ – “ਅੱਛਾ ਤੂੰ ਐਂ ਲਾਲ ਸੂੰਹ ….! “ ਏਨਾਂ ਆਖ ਉਹ ਚਾਹ ‘ਚ ਰੁੱਝੇ ਅਪਣੇ ਸਾਥੀ ਨਾਲ ਮੁੜ ਗੱਲੀਂ ਲੱਗ ਗਿਆ । ਮੈਂ ਨਾ ਚਾਹ ਪੀਣ ਜੋਗਾ ਰਿਹਾ , ਨਾ ਛੱਡਣ ਜੋਗਾ । ਮੈਂ ਸੋਚਾਂ ਇਹ ਕੀ ਹੋਇਆ – ਮੈਂ ਤਾਂ ਬੜੀ ਸੁਖਾਵੀਂ ਤਸਵੀਰ ਉਲੀਕੀ ਬੈਠਾ ਸੀ ਅਪਣੇ ਅੰਦਰ – “ ਹੁੰਦਲ ਸਾਹਿਬ ਜਿੱਡੇ ਵੱਡੇ ਸ਼ਾਇਰ ਨੇ ਓਨੇ ਮਿਲਾਪੜੇ ਵੀ ਹੋਣਗੇ । ਮੈਨੂੰ ਹੱਸ ਕੇ ਮਿਲਣਗੇ , ਹੋਰ ਨਹੀਂ ਮੇਰੀ ਕਾਰਗੁਜ਼ਾਰੀ ਲਈ ਛੋਟੀ-ਮੋਟੀ ਥਾਪੀ ਵੀ ਦੇਣਗੇ’ । ਪਰ , ਇਵੇਂ ਦਾ ਕੁਝ ਨਹੀਂ ਸੀ ਵਾਪਰਿਆ , ਅਸੀਂ ਅਪਣੇ ਹਿਸਾਬ –ਕਿਤਾਬ ਨਾਲ ਸੈਮੀਨਾਰ ਹਾਲ ‘ਚ ਬੈਠੇ ਰਹੇ । ਸੈਮੀਨਰ ਮੁਕਣ ਵੇਲੇ ਤੱਕ ਵੀ ।

ਸ਼ਾਮੀ ਮੁਕੇਰੀਆਂ ਵਾਪਿਸ ਮੁੜਦਿਆਂ ਮੈਂ ਕਿਆਫੇ ਲਾਉਂਦਾ ਰਿਹਾ –‘ ਹੋ ਸਕਦਾ ਹੁੰਦਲ ਦਾ ਸੁਭਾ ਹੀ ਐਹੋ ਜਿਹਾ ਹੋਵੇ , ਜਾਂ ਉਸ ਵੇਲੇ ਨਾਲ ਦੇ ਸਾਥੀ ਦੀ ਬਾਤ-ਚੀਤ ਮੇਰੀ ਮਿਲਣੀ ਨਾਲੋਂ ਵੱਧ ਮਹੱਤਵ ਵਾਲੀ ਹੋਵੇ । ਜਾਂ ਉਸਨੂੰ ਮੇਰੇ ਮੁਕੇਰੀਆਂ ਵਾਲੇ ‘ਚਾਲ-ਚਲਣ’ ਬਾਰੇ ਪਤਾ ਲੱਗ ਗਿਆ ਹੋਵੇ ‘ । ਭਾਵੇਂ ਮੈਂ ਮੁਕੇਰੀਆਂ ਲਾਗੇ ਦੇ ਪਿੰਡ ਖਾਨਪੁਰ , ਅਪਣੇ ਰਿਹਾਇਸ਼ੀ ਮਕਾਨ ਤੱਕ ਪੁੱਜਣ ਤੱਕ ਕੋਈ ਨਿਰਨਾ ਨਹੀਂ ਸੀ ਕਰ ਸਕਿਆ , ਤਾਂ ਵੀ ਮੈਨੂੰ ਬਹੁਤੀ ਸ਼ੱਕ ਅਪਣੀ ਮੁਕੇਰੀਆਂ ਦੇ  ਆਸ-ਪਾਸ ਦੀ ਆਪਣੀ ਦੌੜ-ਭੱਜ ਤੇ ਸੀ , ਐਉਂ ਲੱਗਦਾ ਸੀ ਇਹ ਸਾਰਾ ਰੀਕਾਰਡ ਉਸ ਤੱਕ ਪੁੱਜ ਚੁੱਕਾ ਸੀ , ਰੀਕਾਰਡ ਸੀ ਵੀ ਟੇਡਾ-ਮੇਡਾ ਜਿਹਾ – ‘ ਸੰਨ ’58 ਤੋਂ ’62 ਤੱਕ ਦੀ ਭਾਖੜਾ ਡੈਮ ਦੀ ਚਾਰ ਕੁ ਸਾਲ ਦੀ ਨੌਕਰੀ ਸਮੇਂ ਤੱਕ, ਮੈਨੂੰ ਸੱਜੀਆਂ –ਖੱਬੀਆਂ ਪਾਰਟੀਆਂ ਦੀ ਕੋਈ ਸਮਝ ਨਹੀਂ ਸੀ । ਬੱਸ , ਗੁਰਦਵਾਰਿਆਂ ਅੰਦਰ ਪੜੀ ਜਾਣ ਵਾਲੀ ‘ਕਵਿਤਾਕਾਰੀ ‘ ਤੱਥ ਸੀਮਤ ਸੀ , ਜਾਂ ਵਿਚ-ਵਾਰ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਪ੍ਰਸੰਸਾਕਾਰੀ ਤੱਕ । ਸੱਜੀ ਵੱਖੀ ‘ਚ ਲੱਗੀ ਗੰਭੀਰ ਸੱਟ ਦਾ ਇਲਾਜ਼ ਕਰਵਾਉਣ ਲਈ ਸੰਨ ’63 ‘ਚ ਜਲੰਧਰ ਪੁੱਜ ਕੇ  ਇਕ ਫੈਕਟਰੀ ‘ਚ ਸੋਟਰ-ਕੀਪਰੀ ਵੀ ਕਰਨੀ ਪਈ , ਮੇਰਾ ਕੰਮਕਾਰੀ ਸਥਾਨ ਮੇਰਾ ਰੈਣ-ਬਸੈਰਾ ਵੀ । ਦਿਨ ਵੇਲੇ ਮੰਜਾ ਬਾਹਰ , ਰਾਤ ਵੇਲੇ ਟੂਟੀਆਂ ਦੇ ਖਿੱਲਰ-ਖਲਾਰੇ ਉੱਪਰ । ਦਿਨ ਵੇਲੇ ਪਾਣੀ-ਟੂਟੀਆਂ ਦੀ ਸਾਫ਼-ਸਫਾਈ ਪੈਕਿੰਗ-ਬੁੰਕਿਗ ਵਾਲੀ ਘੁਟਣ ਤੋਂ ਛੇਤੀ ਹੀ ਤੰਗ ਪੈ ਗਿਆ । ਫੈਕਟਰੀ ਬਦਲਨੀ ਪਈ । ਥੋੜਾ ਕੁ  ਸਾਹ ਸੌਖਾ ਹੋਇਆ , ਕਿਉਂ ਜੋ ਰਿਹਾਇਸ਼ੀ ਕਮਰਾ ਵੱਖਰਾ ਸੀ  ਹੁਣ । ਸਟੋਰ –ਕੀਪਰ  ਵਾਲੀ ਡਿਊਟੀ ਪਹਿਲੋਂ ਵਾਲੀ ਹੀ  ਸੀ , ਫੈਕਟਰੀ ਮਾਲਕਾਂ ਨੂੰ ਮੇਰੀ ਕੰਮ-ਕਾਜ਼ੀ ਲਗਨ ਤੇ ਪੜਾਈ –ਲਿਖਾਈ ਵਾਲੀ ਰੁਚੀ ਸ਼ਾਇਦ ਪਸੰਦ ਆ ਗਈ ਸੀ । ਮੈਂ ਚੁੱਪ-ਚਪੀਤੇ ਗਿਆਨੀ ਪਾਸ ਕਰਕੇ ਬੀ.ਏ. ਕਰਨ ਵਾਲੀ ਵਿਧੀ ਵੀ ਅਪਨਾਈ ਰੱਖੀ ਸੀ , ਫੈਕਟਰੀ ਮਾਲਕਾਂ ਨੇ  ਦੂਜੇ ਕਾਮਿਆਂ ਤੋਂ ਵੱਖਰੀ ਤਰਾਂ ਦਾ ਕਾਮਾ ਜਾਂਚ ਕੇ ਉਹਨਾਂ ਮੈਨੂੰ ਦੇਸ਼ ਭਰ ਵੱਡੇ ਸ਼ਹਿਰਾਂ ਚੋਂ ਫੈਕਟਰੀ ਅੰਦਰ ਬਣਦੇ  ਮਾਲ ਲਈ ਆਡਰ-ਬੁੱਕ ਕਰਨ ਲਈ ਸੇਲਜ਼ਮੈਨ ਦੀ ਜੁੰਮੇਵਾਰੀ ਸੋਂਪ ਦਿੱਤੀ । ਪੰਜ-ਛੇ ਸਾਲਾਂ ਅੰਦਰ ਲਾਈਆਂ ਫੇਰੀਆਂ ਸਮੇਂ ਮੈਨੂੰ ਭਾਰਤ ਮਹਾਨ ਦੀ ਧਰਾਤਲ ਤੇ ਵਿਚਰਲੀ ਅਸਲ ‘ਮਹਾਨਤਾ’ ਨੂੰ ਅੱਖੀਂ ਵੇਖਣ ਦਾ ਮੌਕਾ ਮਿਲਿਆ । ਯੂ.ਪੀ. ,  ਬਿਹਾਰ ਤੇ ਵਿਸ਼ੇਸ਼ ਕਰਕੇ ਦੱਖਣ ਭਾਰਤ ਦੇ ਬੱਸ –ਅੱਡਿਆਂ ਰੇਲਵੇ ਸਟੇਸ਼ਨਾਂ ਤੇ ਮੰਗਤਿਆਂ ਦਾ ਤਰਾਂ ਸਕੂਲੀ-ਵਿਦਿਆਰਥੀਆਂ  ਤੱਕ ਪਲੇਟਫ਼ਰਾਮਾਂ ਜਾਂ ਹੋਰਨਾਂ ਜਨਤੱਕ ਥਾਵਾਂ ਤੇ ਖਾਂਦੇ –ਪੀਂਦੇ ਲੋਕਾਂ ਵਲੋਂ ਖਾਧੇ  ਪਕੌੜਿਆਂ-ਸਮੋਸਿਆਂ ਦੀ ਖਟਿਆਈ ਨਾਲ ਲਿਬੜੇ ਡੂਨੇ ਤੱਕ ਵੀ ਹੇਠੋਂ ਚੁੱਕਦੇ ਚਟਦੇ ਦੇਖ ਕੇ ਮੇਰਾ ਅੰਦਰ –ਬਾਹਬ ਬੁਰੀ ਤਰਾਂ ਜ਼ਖ਼ਮੀ ਹੁੰਦਾ ਰਿਹਾ । ਇਹ ਸਾਰਾ ਕੁਝ ਮੇਰੀ ਸਮਝ-ਸੂਝ ਦਾ ਹਿੱਸਾ ਬਣਿਆ , ਬੀ.ਐਡ. ਕਰਦਿਆਂ ਕਵਿਤਾਕਾਰੀ ਅੰਦਰ ਵੀ ਪ੍ਰਵੇਸ਼ ਕਰ ਗਿਆ ਸੀ । ( ਫੈਕਟਰੀ ਮਾਲਕ ਸ੍ਰੀ ਮਦਨ ਲਾਲ ਹਾਂਡਾ ਨੇ  ਆਪ ਬੀ.ਐਸ.ਸੀ. ਪਾਸ ਕੀਤੀ ਹੋਣ ਕਰਕੇ ਮੈਨੂੰ ਬੀ.ਐਡ. ਕਰਨ ਦੀ ਆਗਿਆ ਇਸ ਸ਼ਰਤ ਤੇ  ਦੇ ਦਿੱਤੀ ਸੀ ,ਕਿ ਮੈਂ ਅੱਧਾ ਦਿਨ ਸ਼ਾਮ ਵੇਲੇ ਫੈਕਟਰੀ ਦਾ ਕੰਮ ਵੀ ਕਰਨਾ ਹੈ ) ।

ਬੀ.ਐਡ. ਦੀ ਪੜ੍ਹਾਈ ਸਮੇਂ ਮੇਰੇ ਅੰਦਰ ਭਾਰਤੀ ਜਨ ਸਾਧਾਰਨ ਨੂੰ ਬਰਦਾਸ਼ਤ ਕਰਨੀਆਂ ਪੈ ਰਹੀਆਂ ਤਲਖੀਆਂ ਕਵਿਤਾਵਾਂ ਰਾਹੀਂ ਪ੍ਰਗਟ ਹੁੰਦੀਆਂ , ਕੁਝ ਇਕ ‘ਵਿਸ਼ੇਸ਼’ ਹਮਜਮਾਤੀਆਂ ਰਾਹੀਂ ਅਗਾਂਹ ਇਕ ਵਿਸ਼ੇਸ਼ ਪਾਰਟੀ ਤੱਕ ਵੀ ਪਹੁੰਚਦੀਆਂ ਰਹੀਆਂ । ਹੁਣ ਤਿੰਨ ਕੰਮ ਨਾਲੋਂ ਨਾਲ ਚੱਲਣ ਲੱਗੇ। ਤੀਜਾ ਕੰਮ ਰਾਤਾਂ ਨੂੰ ਕਈ ਕਈ ਘੰਟੇ ਤੱਕ ਦੀ ਸਕੂਲਿੰਗ ਹੁੰਦੀ । ਇਹ ਸਕੂਲਿੰਗ ਬੀ.ਐਡ. ਪਾਸ ਕਰਨ ਪਿਛੋਂ ਇਕ ਪ੍ਰਾਈਵੇਟ ਸਕੂਲ ਵਿੱਚ ਮਿਲੀ ਨੌਕਰੀ ਦੇ ਪਿੱਛੇ ਪਿੱਛੇ ਪਹੁੰਚ ਗਈ ।  ’67 ਸੰਨ ‘ਚ ਹੋਈ ਖੱਬੀ ਧਿਰ ਦੀ ਤੀਜੀ ਟੁੱਟ-ਭੱਜ ਕਾਰਨ ਹੋਂਦ ਵਿਚ ਆਏ ਐਸ.ਐਨ. ਗਰੁੱਪ ਦੇ ਸਕੂਲਿੰਗ ਲਈ ਕਈ ਅੱਡੇ  ਸਨ , ਇਕ ਭੰਗਾਲੇ ਵੀ ਸੀ , ਮੇਰੇ ਸਕੂਲ ਦੇ ਹੀ ਇਕ ਅਧਿਆਪਕ ਦੇ ਕਰਾਏ ਦੇ ਕਮਰੇ ‘ਚ । ਇਸ ਕਮਰੇ ਲਾਗੇ ਮਾ: ਸਵਿੰਦਰ ਸਿੰਘ ਦਾ ਆਪਣੇ ਮਕਾਨ ਸੀ । ਉਹਨੂੰ ਸੂੰਹ ਲੱਗਦੀ ਗਈ । ਮਾਮਲਾ ਸੀ.ਪੀ.ਐਮ. ਦੀ ਹਾਈ ਕਮਾਂਡ ਤੱਕ ਅੱਪੜਪਦਾ ਹੁੰਦਾ ਗਿਆ ।ਹਾਈ ਕਮਾਂਡ ਨੇ ਸਵਿੰਦਰ ਸਿੰਘ- ਯੋਧ ਸਿੰਘ – ਪਿਆਰਾ ਸਿੰਘ ਪਰਖ ਰਾਹੀਂ ਮੈਨੂੰ ਐਸ.ਐਨ. ਗਰੁੱਪ ਨਾਲੋਂ ਤੋੜ  ਕੇ ਸੀ.ਪੀ.ਐਮ. ਲਾਲ ਜੋੜਨ ਦਾ  ਕਾਰਜ ਸੋਂਪ ਦਿੱਤਾ । ਮੈਨੂੰ ਦਸੂਹਾ ਚੋਣ ਅਸੈਂਬਲੀ ਲਈ ਚੰਨਣ ਸਿੰਘ ਧੂਤ ਲਈ ਅਪਣਾ ਖਾਲੀ ਮਕਾਨ ਸੋਂਪਣ ਲਈ ਆਖਿਆ ਗਿਆ  ।ਮੈਂ ਕੋਈ ਉੱਜਰ ਨਾ ਕੀਤਾ  ।ਮਾ: ਸਵਿੰਦਰ ਸਿੰਘ – ਜੋਧ ਸਿੰਘ ਦੇ ਯਤਨਾਂ ਨੂੰ ਸਫ਼ਲ ਹੋਏ ਯਤਨਾਂ ਵਜੋਂ ਪ੍ਰਵਾਨ ਕੀਤਾ ਗਿਆ । ਉਹਨੀ ਦਿਨੀਂ ਦੇਸ਼ ਭਗਤ ਯਾਦਗਾਰੀ ਹਾਲ ਵਿਚ ਹੋਈ ਕਿਸੇ ਕਾਨਫਰੰਸ ਸਮੇਂ ਮਿਲੇ ਹਰਭਜਨ ਸਿੰਘ ਹੁੰਦਲ ਨੇ ਮੈਨੂੰ ਦੂਰੋਂ ‘ਵਾਜ਼ ਮਾਰਕੇ ਆਪਣੇ ਲਾਗੇ ਸੱਦਿਆਂ ਸੀ ਤੇ ਹੋਲੀ ਜਿਸੇ ਆਖਿਆ ਸੀ – ‘ਲਾਲ ਸਿਆਂ ਹੁਣ ਠੀਕ ਐ …..!’

ਸੱਚ-ਮੁੱਚ ਮੈਨੂੰ ਉਸ ਦਿਨ ਹੁੰਦਲ ਦੀ ਬਟਾਲੇ ਬੇਰਿੰਗ ਕਾਲਜ ਵਿਚ ਚਾਹ ਪੀਂਦਿਆ ,ਮਾਰੀ-ਵੱਟੀ ਘੁਰਰਕੀ ਦੀ ਸਮਝ ਪਈ ਸੀ ।

ਅਗਲੀ ਘੂਰੀ ਲੁਧਿਆਣੇ ਕੇਂਦਰੀ ਲੇਖਕ ਸਭਾ ਦੀ ਸਲਾਨਾ ਚੋਣ ਸਮੇਂ ਵੱਜੀ । ਖੱਬੀਆਂ ਦੋਨੋਂ ਧਿਰਾਂ ਨੇ ਆਹੁਦੇਦਾਰਾਂ ਲਈ ਚੋਣ ਲਈ ਨਾਂਮ ਭਰ ਦਿੱਤੇ , ਬਿਨਾਂ ਆਪਸੀ ਸਾਂਝੇ ਸੁਲਾਹ-ਮਸ਼ਵਰੇ ਦੇ । ਮੈਨੂੰ ਉਪ-ਪ੍ਰਧਾਨ ਲਈ ਨਾਂ ਭਰਨ ਲਈ ਕਿਹਾ ਗਿਆ । ਮੈਂ ਹੁੰਦਲ ਜੀ ਨੂੰ ਕਿਹਾ – ਮੈਂ ਕਦੇ ਚੋਣ ਨਹੀਂ ਲੜੀ , ਨਾ ਹੀ ਮੈਨੂੰ ਇਸਦਾ ਕੋਈ ਸ਼ੌਕ ਐ , ਨਾ ਚੋਣ ਲੜਨ ਦਾ ਇਲਮ । ਕੋਈ  ਨਾ ਕੋਈ ਤਾਂ ਢੰਗ-ਤਰੀਕਾ ਆਉਣਾ ਚਾਹੀਦਾ । ਨਾ ਮੈਥੋਂ ਵੋਟ ਲਈ ਤਰਲੇ ਹੁੰਦੇ ਐ  , ਨਾ ਕੋਈ ਚੁਸਤੀ –ਚਲਾਕੀ ਵਰਤਣੀ ਆਉਂਦੀ । ਅੱਗੋਂ ਹੁੰਦਲ ਨੇ ਤਿੱਖੀ ਸੁਰ ‘ਚ ਕਿਹਾ – “ ਤੈਨੂੰ ਕੌਂਣ ਕਹਿੰਦਾ ਤਰਲੇ ਕਰਨ ਲਈ ਵੋਟਰ ਦੇ । ਤੂੰ ਬੱਸ ਹਸ਼ਤਾਖਰ ਕਰ, ਆਪਣੀ ਵੋਟ ਪਾ ਤੇ ਚਲਾ ਜਾ ।“ ਮੈਂ ਸੱਚ-ਮੁਚ ਇਵੇਂ ਹੀ ਕੀਤਾ । ਦੂਜੇ ਦਿਨ ਖ਼ਬਰ ਪੜ੍ਹੀ ਤਾਂ ਮੈਨੂੰ ਵੀ ਚਾਰ ਸੋ ਤੋਂ ਵਧ ਵੋਟਾਂ ਮਿਲੀਆਂ ਸਨ । ਮੈਂ ਪੂਰਾ ਖੁਸ਼ । ਇਸ ਲਈ ਵੀ ਕਿ ਮੈਥੋਂ ਬਿਨਾਂ ਸਾਡੀ ਟੋਲੀ ਵੀ ਚੋਣ ਜਿੱਤ ਗਈ ਸੀ , ਤੇ ਇਸ ਲਈ ਵੀ ਕਿ – ਕਿ ਚਲੋ ਘੱਟੋ-ਘੱਟ ਚਾਰ ਕੁ ਸੋ ਲੇਖਕ –ਪਾਠਕ ਮੈਨੂੰ ਕਹਾਣੀ-ਲੇਖਕ ਵਜੋਂ ਜਾਣਕੇ ਈ ਸਨ । ਹੁੰਦਲ ਹੋਰਾਂ ਦੀ ਇਸ ਵਾਰ ਦੀ ਘੂਰੀ ਆਸਰੇ ਮੈਂ  ਅਗਲੀ ਚੋਣ ਵੀ ਲੜੀ, ਪਰ ਮੇਰੇ ਜਾਣਕਾਰ ਓਨੇ ਦੇ ਓਨੇ  ਹੀ ਰਹੇ ਸਨ । ਜਿਹੋ ਜਿਹਾ ਮੇਰੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਐ , ਮੇਰੇ ਰਹਿੰਦੇ ਦਮਾਂ ਤੱਥ ਮੇਰੇ ਪਾਠਕ ਜੇ ਵਧਣਗੇ ਨਹੀਂ ਤਾਂ ਘਟਣਗੇ ਵੀ ਨਹੀਂ , ਏਨਾ ਕੁ ਮੈਨੂੰ ਸਹਿ-ਸੁਭਾ ਹੀ ਵਿਸ਼ਵਾਸ਼ ਹੋ ਗਿਆ ਐ, ਹਾਲਾਤਾਂ ਦੇ ਮੁਢੋਂ-ਸੁਢੋਂ ਬਦਲ ਜਾਣ ਦੇ ਬਾਵਜੂਦ ।

ਮੈਂ ਗੁਰਚਰਨ ਸਿੰਘ ਸਹਿੰਸਰਾ ਜੀ ਦੀ ਕੇਂਦਰੀ ਲੇਖਕ ਪੰਜਾਬੀ ਸਭਾ ਦੀ ਜਨਰਲ-ਸਕੱਤਰੀ ਤੋਂ ਲੈ ਕੇ  ਡਾ: ਸਰਬਜੀਤ ਸਿੰਘ ਦੀ ਸਕੱਤਰੀ ਤੱਕ ਕਰੀਬ 32 ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਰਨੀ ਦਾ ਮੈਂਬਰ ਰਿਹਾ ਹਾਂ । ਸਾਹਿਤ ਸਭਾ  ਮੁਕੇਰੀਆਂ , ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਲਗਾਤਾਰ ਕਈ ਵਰ੍ਹੇ ਕਾਰਜ ਭਾਗ ਸਿੱਧਾ ਸੰਭਾਲੀ ਰੱਖਣ ਤੋਂ ਉਪਰੰਤ, ਸਾਹਿਤ ਸਭਾ ਤਲਵਾੜਾ, ਸਾਹਿਤ ਸਭਾ ਬੁਲੋਵਾਲ, ਸਾਹਿਤ ਆਸ਼ਰਮ ਟਾਂਡਾ ਦੀ ਬਣਤਰ ਦੀ ਜੁਮੇਂਵਾਰੀ ਅਪਣੀ ਸਮਝਦਾ ਰਿਹਾ ਹਾਂ । ਸਾਹਿਤਕ ਸਮਾਗਮ ਭਾਵੇਂ ਚੰਡੀਗੜ੍ਹ ਹੋਣ , ਅਮ੍ਰਿੰਤਸਰ ਹੋਣ , ਜਾਂ ਬਠਿੰਡੇ –ਬਰਨਾਲੇ – ਸੰਗਰੂਰ ਮੈਂ ਕਿਧਰੇ ਵੀ ਗੈਂਰ-ਹਾਜ਼ਰ ਨਹੀਂ ਰਿਹਾ । ਕੇਂਦਰੀ ਲੇਖਕ ਸਭਾ ਦੀ ਤ੍ਰੈ-ਮਾਸਿਕ ਇਕਤੱਰਤਾ ਵਿਚ ਕਿਧਰੇ ਨਾ ਜਾਇਆ ਗਿਆ ਹੋਵੇ , ਕਹਿ ਨਹੀਂ ਸਕਦਾ । ਮੈਂ ਹੁੰਦਲ ਸਾਹਿਬ ਦੀ ਕਾਰਜਸ਼ੈਲੀ ਤੋਂ ਵਿਚ-ਵਾਰ ਨਿਰਾਸ਼ ਵੀ ਹੋ ਜਾਂਦਾ ਸੀ । ਉਹ ਇਸ ਲਈ , ਕਿ ਉਹ ਆਪਣੇ ਸਟੈਂਡ ਤੋਂ ਰਤੀ ਭਰ ਵੀ ਐਧਰ –ਓਧਰ  ਨਹੀਂ ਸੀ ਹੁੰਦੇ। ਤਾਂ ਵੀ ,ਮੇਰੇ ਸਮੇਤ ਕਿਸੇ ਵੀ ਮੈਂਬਰ ਦੀ ਲਗਾਤਾਰਤਾ ਨੂੰ ਉਹਨਾਂ ਰੋਕਿਆ-ਟੋਕਿਆ ਨਹੀਂ ਸੀ ।ਇਸ ਦਾ ਲਾਭ ਮੈਨੂੰ ਇਹ ਹੋਇਆ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਕੋਰ ਕਮੇਟੀ ਨੇ ਸਾਲ 2007 ਦਾ ਕਰਤਾਰ ਸਿੰਘ ਧਾਰੀਵਾਲ ਅਵਾਰਡ , ਹਰਭਜਨ ਸਿੰਘ ਹੁੰਦਲ ਦੇ ਹਮਾਇਤਿਆਂ ‘ਚੋਂ ਕਿਸੇ ਇਕ ਦੀ ਝੋਲੀ ਪਾਉਣ ਲਈ ਸਾਰੇ  ਜੁਮੇਦਾਰੀ ,ਹੁੰਦਲ ਹੋਰਾਂ ਨੂੰ ਸੋਂਪ ਦਿੱਤੀ । ਮੈਨੂੰ ਨਹੀ ਪਤਾ ਹੁੰਦਲ ਹੋਰਾਂ ਕਿੱਸ-ਕਿੱਸ ਦੇ ਨਾਂ ਤੇ ਵਿਚਾਰ ਕੀਤੀ ਹੋਵੇਗੀ । ਪਰ ਮੇਰਾ ਨਾਂਮ ਉਸ ਵਾਰ ਪਹਿਲੇ ਨੰਬਰ ਤੇ  ਸੀ । ਅਕਾਡਮੀ ਵਲੋਂ ਦਿੱਤੇ ਜਾਂਦੇ ਵਕਾਰੀ ਅਵਾਰਡ ਦੀ ਸੂਚੀ ‘ਚ ਲਾਲ ਸਿੰਘ ਨਾਂਮ ਦਰਜ ਹੋਣਾ ਆਪਣੇ ਆਪ ਵਿਚ , ਮੇਰੀ ਕਾਰਜ਼ਕੁਸ਼ਲਤਾ ਨੂੰ ਪ੍ਰਵਾਨਗੀ ਮਿਲਣਾ ਸੀ । ਇਹ ਵੱਖਰੀ ਗੱਲ ਐ  ਕਿ ਇਹ ਅਵਾਰਡ ਮਿਲਿਆ ਕਈ ਵਰ੍ਹੇ ਪਛੜ ਕੇ । ਅਮਰੀਕਾ ਵੱਸਦੇ ਅਵਾਰਡ ਦੇਣ ਵਾਲੇ ਘਰਾਣੇ ਨੇ ਅਵਾਰਡ ਇਸ ਲਈ ਬੰਦ ਕਰ ਦਿੱਤਾ ਸੀ  ਸ਼ਾਇਦ , ਕਿ ਸਭਾ ਦੇ ਅਤੇ ਅਵਾਰਡ ਪ੍ਰਦਾਨ ਕਰਨ ਵਾਲੇ ਘਰਾਣੇ ਦੇ ਸਿਆਸੀ ਵਿਚਾਰ ਇਕ ਨਹੀਂ ਸਨ । ਭਾਵੇਂ , ਬਹਾਨਾ ਕੰਮਕਾਰ ਵਿਚ ਆਈ ਖੜੋਤ ਦਾ ਲਾਇਆ ਗਿਆ , ਤਾਂ ਵੀ ਉਸ ਘਰਾਣੇ ਨੂੰ ਕਦੇ ਕਿਸੇ ਨੇ ਭੰਡਿਆ ਨਾ । ਅਜਿਹੇ ਘਰਾਣੇ ਅਮਰੀਕਾ-ਕਨੇਡਾ ਵਿਚ ਪਟੈਟੋ –ਐਪਲ – ਬੋਠੀ ਹੇਠਲੀ ਅਪਣੀ ਮਾਲਕੀ ਕਾਰਨ ਕਿੰਗ ਗਿਣੇ ਜਾਂਦੇ ਹਨ । ਵਿਚ-ਵਾਰ ਨਹੀਂ ਆਮ ਕਰਕੇ ਨਾਂਮ- ਨਿਹਾਦ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ  । ਪੰਜਾਬੋ ਸੱਦੇ ਗਾਇਕ ਕਲਾਕਾਰਾਂ ਨੂੰ ਸਟੇਜਾਂ ਤੇ ਕੰਜਰੀ- ਨਾਚ ਨਚਦੇ ਦੇਖਦੇ ਐਨੇ ਡਾਲਰ ਉਹਨਾਂ ਦੇ ਸਿਰਾਂ ਉੱਪਰ ਦੀ ਵਾਰਦੇ ਹਨ ,ਜਿਹਨਾਂ ਨੂੰ ਹੱਥਾਂ ਨਾਲ ਨਹੀਂ ਤੰਗਲੀਆਂ ਨਾਲ ਇਕਠਿਆਂ ਕੀਤਾ ਜਾਂਦਾ ਹੈ । ਪੈਰ ਅਵਾਰਡ ( ਧਾਲੀਵਾਲ )ਬੰਦ ਕਰਨ ਜਾਂ ਚਾਲੂ ਰੱਖਣ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ  ਸਕਦਾ ਸੀ  , ਤਾਂ ਵੀ ਇਸ ਅਵਾਰਡ ਦੇ ਬੰਦ ਹੋਣ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ  ਵਕਾਰ ਨੂੰ ਠੇਸ ਜ਼ਰੂਰ ਪੁੱਜੀ  ।

ਬਸ, ਇਕ ਘੂਰੀ ਹੋਰ – ਮੈਂ ਡਾ: ਅਤਰ ਸਿੰਘ ਤੇ ਡਾ: ਰਘਵੀਰ ਸਿੰਘ ਦੀ ਅਗਵਾਈ ‘ਚ ਪੀ.ਐਚ.ਡੀ. ਦੀ ਰਜਿਸ਼ਟਰੇਸ਼ਨ ਲੈ ਲਈ । ਵਿਸ਼ਾ ਸੀ – ‘ਉਸ ਦਹਾਕੇ ਦੀ ਪੰਜਾਬੀ ਕਹਾਣੀ’ । ਵਿਸ਼ਾ ਵੱਡਾ, ਮੇਰੀ ਪੜ੍ਹਨ-ਲਿਖਣ ਦੀ ਸਮਰੱਥਾ ਘੱਟ । ਬਹੁਤੀਆਂ ਪੁਸਤਕਾਂ ਛੱਡ ਕੇ ਮੈਂ ਮਾਸਿਕ , ਤ੍ਰੈ-ਮਾਸਿਕ ਮੈਗਜ਼ੀਨਾਂ ਤੇ ਟੇਕ ਰੱਖ ਲਈ । ਕੰਮ ਰਿੜ ਵੀ ਪਿਆ । ਪਰ , ਕੀਤਾ – ਕਰਾਇਆ ਇਕ ਦਿਨ ਗਾਇਬ਼ ਹੋ ਗਿਆ । ਅਸੀਂ ਸਥਾਨਕ ਸਭਾ ਦੀ ਮਾਸਿਕ-ਇਕਤਰੱਤਾ ‘ਚ ਦੇਵੀ ਤਲਾਬ ਦੀ ਪੌੜੀਆਂ ਤੇ  ਬੈਠੇ ਰੁੱਝੇ ਰਹੇ । ਉੱਪਰ ਥੋੜਾ ਕੁ ਹਟਵੇ ਖੜੇ ਮੈਂ ਸਾਈਕਲ ਤੇ ਰੱਖੇ ਕਿੰਨੇ ਸਾਰੇ ਰਸਾਲੇ ਤੇ ਹੋਰ ਅੱਗੜ-ਦੁੱਗੜ ਜਿਹੇ ਕਾਗਜ਼ ਨੂੰ ਕਿਸੇ ਕਬਾੜੀਏ ਨੇ ਰੱਦੀ-ਮਾਲ ਸਮਝ ਕੇ ਆਪਣੀ ਬੋਰੀ ਵਿਚ ਸੁੱਟ ਲਿਆ ਸੀ ਸ਼ਾਇਦ । ਇਕਤੱਰਤਾ ਮੁੱਕੀ ਤੇ ਪੌੜੀਆਂ ਤੇਂ ਉੱਪਰ ਆ ਕੇ ਦੇਖਿਆ , ਸਾਇਕਲ ਖਾਲੀ । ਮੈਨੂੰ ਨਿਰਾਸ਼ਾ ਵੀ ਹੋਈ ਤੇ ਖੁਸ਼ੀ ਵੀ , ਖੁਸ਼ੀ ਇਸ ਗੱਲ ਦੀ ਕਿ ਗਲੋਂ ਬਲ੍ਹਾ ਲੱਥੀ । ਕੀ ਲੈਣਾ ਸੀ ਮੈਂ ਡਾਕਦਾਰ ਬਣਕੇ । ਚੰਗੀ ਭਲੀ ਮਾਸਟਰੀ ਕਰੀ ਜਾਂਦਾ ਸੀ ਤੇ ਨਾਲ ਹੀ ਸਭਾਵਾਂ ਦੀ ਹਾਜ਼ਰੀ ਵੀ ਭਰ ਹੋਈ ਜਾਂਦੀ ।

ਤਾਂ ਵੀ ਇਸ ਵਰਤਾਰੇ ਅੰਦਰ ਵਿਚਰਦਿਆਂ , ਜਿਹੜਾ ਤੱਥ ਮੈਨੂੰ ਕਸ਼ਟਮਈ ਜਾਪਿਆ ਸੀ , ਉਹ ਉਹਨਾਂ ਪੱਤਰਾਕਾਵਾਂ ਵਿਚ ਛਪੀ ਕਹਾਣੀ ਦੀ ਇਕ ਨਿਵੇਕਲੀ ਜਿਹੀ ਵੰਨਗੀ ਸੀ  ।ਇਸ  ਵੰਨਗੀ ਨੇ ਮੈਨੂੰ ਅੰਦਰ ਤੱਕ ਪ੍ਰੇਸ਼ਾਨ ਕੀਤਾ । ਇਸ ਦੀ ਅੰਤਰੀਵ ਰੂਹ ਕਿਸੇ ਵਿਚਾਰਧਾਰਕ ਪ੍ਰੀਖੇਪ ਦੀ ਹਾਮੀਂ ਨਹੀਂ ਸੀ ਭਰਦੀ ।  ਇਸ ਵੰਨਗੀ ਨੇ ਘਰ-ਪ੍ਰੀਵਾਰਕ , ਸਮਾਜਿਕ –ਸੱਭਿਆਚਾਰਕ ਰਿਸ਼ਤਿਆਂ ਨੂੰ ਜ਼ੀਰੋ ਦੀ ਹੱਦ ਤੱਕ ਮਨਫੀ ਕਰਨ ਵੱਲ ਕਦਮ ਵਧਾਏ ਸਨ । ਮਾਨੁੱਖ ਦੇ  ਅਚਾਰ –ਵਿਹਾਰ  ਨੂੰ ਪੁਸ਼ੂ-ਪੁਣੇ ਵੱਲ ਨੂੰ ਧੱਕ ਦਿੱਤਾ ਸੀ । ਇਸ ਲਈ ਵਿਆਹ ਪ੍ਰੰਪਰਾ ਕੋਈ ਅਰਥ ਨਹੀਂ ਸੀ ਰੱਖਦੀ । ਇਸ ਲਈ ਸਰੀਰਾਂ ਦੀ ਅਹਿਮੀਅਤ ਸਦਾਚਾਰਰਿੱਕ ਪ੍ਰੰਪਰਾਵਾਂ ਨਾਲੋਂ ਕਿਧਰੇ ਵੱਧ ਸੀ ਤੇ  ਇਸਤਰੀ –ਪੁਰਸ਼ ਦੇ ਸੰਬੰਧ , ਲਿਵ-ਇਨ-ਰੀਲੇਸ਼ਨਸ਼ਿਭ ਤੱਕ ਸੀਮਤ । ਹੋਰ ਵੀ ਕਈ ਸਾਰੀਆਂ ਉੱਲਝਣਾ ਸਨ ਇਸ  ਦੀਆਂ ।

ਬਹੁਤੀ ਰੜਕਵੀਂ ਗੱਲ ਜਾਤਾਂ-ਜਮਾਤਾਂ –ਵਰਗਾਂ-ਵਰਣਾਂ ਨੂੰ ਪਹਿਲ ਦੇਣਾ ਸੀ  ।

ਮੈਂ ਅਪਣੀ ਇਹ ਪ੍ਰੇਸ਼ਾਨੀ ‘ਚਿਰਾਗ਼’ ਦੇ ਸੰਪਾਦਕ ਹਰਭਜਨ ਸਿੰਘ ਹੁੰਦਲ ਸਾਹਮਣੇ ਰੱਖੀ । ਹੁੰਦਲ ਮੈਥੋਂ ਵੀ ਵੱਧ ਪ੍ਰੇਸ਼ਾਨ । ਕਹਿਣ ਲੱਗਾ-ਡਰ ਨਾ ‘ਚਿਰਾਗ਼ ‘ ਅਜੇ ਪੈਰੀਂ ਹੋਇਆ ਈ ਐ । ਤੇਰੀਆਂ ਹਾਅ , ਸਾਰੀਆਂ ਪੱਤਰਕਾਵਾਂ ਨੂੰ ਚੈਲਿੰਗ ਕਰੇਗਾ । ਹੁਣ ਤੱਕ ਇਹ ਤੇਰੇ ਦੱਸੇ ਐਬਾਂ ਤੋਂ ਬਚਿਆ ਰਿਹਾ , ਅਗਾਂਹ ਵੀ ਬੱਚੇਗਾ । ਪਰ , ਤੇਰੀਆਂ ਹਾਅ  ਪਤਰਕਾਵਾਂ ਤਾਂ ਵੱਧਦੀਆਂ-ਫੁੱਲਦੀਆਂ ਹੀ ਮਾੜੇ –ਚੰਗੇ ਲੇਖਣ ਆਸਰੇ ਐ । ਇਹ ਤਾਂ ਸ਼ੁਰੂਆਤ ਕੀਤੀ ਐ ਇਹਨਾਂ । ਇਹ ਤਾਂ ਦੂਰ ਤੱਕ ਜਾਣਗੀਆਂ । ਪੂੰਜੀਵਾਦ ਦੀ ਪੂਜਾ ਕਰਨ ਤੱਕ ਅਪਣੀ ਲੇਖਣੀ ਨੂੰ ਨਿਗ਼ਰਦਾ ਕਰ ਲੈਣਗੀਆਂ । ਇਹਨਾਂ ਅੰਦਰ ਛੱਪਦੀ ਬਹੁਤੀ ਸਮੱਗਰੀ ਕਹਾਣੀ ਸਮੇਤ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ ਤੇ ਇਹ ਮਾਨੁਖੀ ਸਰੀਰਾਂ ਖਾਸ ਕਰ ਇਸਤਰੀ ਦੇ  ਅੰਦਰਲੇ –ਬਾਹਰਲੇ ਅੰਗਾਂ-ਪੈਰਾਂ ਦੀ ਫੀਤਾ ਲੈ  ਕੇ ਮਿਣਤੀ –ਗਿਣਤੀ ਕਰਨ ਤੱਕ ਅਪਣੇ ਲਿਖਣ-ਕਲਾ ਨੂੰ ਸੀਮਤ ਕਰ ਲੈਣਗੀਆਂ ।

ਤੇ ਸੱਚ-ਮੁੱਚ ਹੁੰਦਲ ਹੋਰਾਂ ਦੀ ਕਈ ਸਾਲ ਪਹਿਲਾਂ ਆਖੀ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ਼-ਸਪਸ਼ਟ ਦੇਖਣ-ਪੜ੍ਹਨ ਨੂੰ ਮਿਲਦੀ ਐ । ਕਾਰਪੋਰੇਟ ਅਪਣੇ ਸਮਾਜਿਕ ਮਾਡਲ ਨੂੰ ਲਾਗੂ ਕਰਨ ਵਿਚ ਸਫ਼ਲ ਰਿਹਾ ਹੈ ।

ਮੇਰੀ ਜਾਂਚ ਇਹ ਉਜਾੜੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ । 2022 ਦੀ ਨੋਬਲ ਸਾਹਿਤ ਪੁਰਸਕਾਰ ਜੇਤੂ ਫ਼ਰਾਸੀਸੀ ਲੇਖਕਾ ਐਨੀ ਅਰਨੋ ਦਾ ਕਥਨ ਹੈ – “ਸਾਹਿਤ ਸਾਵੇਂ-ਪੱਤਰਾਂ ਦੀ ਕਥਾ ਨਹੀਂ ਹੁੰਦਾ । ਇਹ ਇਕ ਰਾਜਨੀਤਕ ਹਥਿਆਰ ਹੈ । ਇਸ ਦੀ ਭਾਸ਼ਾ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੁੰਦੀ ਹੈ । ਹੁਣ ਸਿਰਫ਼ ਤੇ ਸਿਰਫ਼ ਸਾਹਿਤ ਦੀ ਤਾਕਤ ਹੀ ਦੁਨੀਆਂ ਨੂੰ ਬਦਲ ਸਕਦੀ ਹੈ ।“  ਗੁਰਮੱਤਿ ਵਿਚਾਰਧਾਰਾ , ਅੰਬੇਦਕਰਵਾਦ ਤੇ ਮਾਰਕਸਵਾਦ ਵਰਗੀਆਂ ਨਿੱਗਰ ਵਿਚਾਰ-ਧਾਰਵਾਂ ਨੂੰ ਤਰਕਸ਼ੀਲਤਾ ਦੀ ਪਾਣ ਦੇ ਕੇ , ਇਹਨਾਂ ਫਲਸਫਿਆਂ ਨੂੰ ਨਵੇਂ ਕੋਣ ਤੋਂ ਲਾਗੂ ਕਰਨਾ ਕੋਈ ਔਖਾ ਕਾਰਜ ਨਹੀਂ ।  ਧਰਾਤਲ ਸਾਨੂੰ ਉੱਪਲਭਦ ਹੈ । ਸਿਰਫ਼ ਤੇ ਸਿਰਫ਼ ਅਪਣਾ ਨਾਂ ਚਮਕਦਾ ਰੱਖਣ ਲਈ ਲਿਖਣ ਕਾਰਜ ਕਰੀ ਜਾਣ ਦਾ ਕੋਈ ਅਰਥ ਨਹੀ ।

ਮੇਰੇ ਇਹ ਵਿਚਾਰ ਹਰਭਜਨ ਸਿੰਘ ਹੁੰਦਲ ਦੀਆਂ ਘੂਰੀਆਂ ਕਾਰਨ ਹੀ ਬਣੇ ਅਤੇ ਉੱਸਰੇ ਹਨ ।


ਮਿੱਟੀ ਵਾਲਾ ਰਿਸ਼ਤਾ

$
0
0

(ਜਿੰਦਗੀ ਦੇ ਵਰਕਿਆਂ ਤੋਂ)

ਲੌਕਡਾਊਨ ਕਾਰਨ ਮੈਨੂੰ ਭਾਰਤ ਲੰਬਾ ਸਮਾਂ ਰਹਿਣਾ ਪੈ ਗਿਆ। ਮੈਨੂੰ ਇਸ ਮਹਾਂਮਾਰੀ ਦੇ ਸਮੇਂ ਵਿੱਚ ਰਿਸ਼ਤਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ!
ਗਲੀ ਦੇ ਚੌਥੇ ਘਰ ਦੇ ਬੂਹੇ ਮੂਹਰੇ ਬੁੱਢੀ ਰੱਜੋ ਅੰਮਾ ਆਪਣੀ ਸੋਟੀ ਨਾਲ ਹੌਲੀ-ਹੌਲੀ ਜ਼ਮੀਨ ਦੀ ਮਿੱਟੀ ਨੂੰ ਖੁਰਚ ਰਹੀ ਸੀ…ਬਹੁਤ ਖ਼ਾਮੋਸ਼…ਦੁਖੀ….ਇੱਕਲੀ!
ਕਰੋਨਾ ਟੀਮ ਨੇ ਆ ਕੇ ਘਰ ਵਿੱਚ ਭੜਥੂ ਪਾ ਦਿੱਤਾ, “ਮਰਨ ਵਾਲੇ ਦਾ ਨਾਮ ਨੰਦੂ ਹੈ?..ਕਿੱਥੇ ਹੈ ਲਾਸ਼?…ਵੇਰਵੇ ਦੇ ਕਾਗਜ਼ ਦੇਵੋ?…..ਪ੍ਰੀਵਾਰ ਦੇ ਸਾਰੇ ਲੋਕ ਮ੍ਰਿਤਕ ਨਾਲ ਨਹੀਂ ਜਾਣੇ…ਜਿਸ ਨੇ ‘ਲਾਂਬੂ’ ਲਾਣਾ, ਉਹ ਹੀ ਬਾਹਰ ਆਵੇ…ਦੋ ਹੋਰ ਜਣੇ ਨਾਲ ਜਾ ਸਕਦੇ ਨੇ, ਬੱਸ …!” ਕਰੋਨਾ ਟੀਮ ਵਾਲੇ ਆਪਣਾ ਕੰਮ ਪੂਰਾ ਕਰਦੇ ਹੋਏ ਅਵਾ-ਤਵਾ ਜ਼ਰੂਰੀ ਗੱਲਾਂ ਦੀ ਸੂਚਨਾ ਦੇ ਰਹੇ ਸਨ।
ਰੱਜੋ ਅੰਮਾ ਰੋ-ਰੋ ਬੇਹਾਲ ਹੋਈ, ਜ਼ਮੀਨ ਉੱਤੇ ਪਈ, ਵੇਹੜੇ ਵਿੱਚ ਬਣੇ ਕਮਰਿਆਂ ਦੇ ਬੂਹਿਆਂ ਵੱਲ ਬੜੀ ਆਸ ਨਾਲ ਤੱਕ ਰਹੀ ਸੀ….
ਰੱਜੋ ਅੰਮਾ ਦੇ ਦੋ ਪੁੱਤ ਨੰਦੂ ਅਤੇ ਬੰਟੀ ਸਨ। ਇੱਕ ਧੀ, ਜੋ ਵਿਆਹ ਕੇ ਆਪਣੇ ਘਰ ਚਲੀ ਗਈ ਸੀ। ਦੋਵੇਂ ਪੁੱਤ ਵੀ ਵਿਆਹੇ ਗਏ ਸਨ। ਦੋਹਾਂ ਦਾ ਭਰਿਆ-ਪੂਰਿਆ ਪ੍ਰੀਵਾਰ ਸੀ। ਇਸ ਵੇਹੜੇ ਵਿੱਚ ਆਪਣੀ-ਆਪਣੀ ਹੱਦ ਬਣਾ ਕੇ, ਅੰਮਾ ਦੇ ਦੋਵੇਂ ਪੁੱਤਾਂ ਦੇ ਪ੍ਰੀਵਾਰ ਆਪਣੀਆਂ-ਆਪਣੀਆਂ ਰੋਟੀਆਂ ਸੇਕ ਰਹੇ ਸਨ। ਰੱਜੋ ਦਾ ਪਤੀ ਸੂਰਜ ਮੱਲ ਵੇਹਲੜ ਸੁਭਾਅ ਦਾ ਸੀ ਅਤੇ ਆਪਣੀ ਜਿ਼ੰਮੇਵਾਰੀ ਨਹੀਂ ਸੀ ਸਮਝਦਾ। ਇਸ ਲਈ ਰੱਜੋ ਅੰਮਾ ਤਿੰਨੋ ਨਿਆਣਿਆਂ ਨੂੰ ਪਾਲਣ ਲਈ ਕੋਠੀਆਂ ਵਿੱਚ ਕੰਮ ਕਰ, ਜਵਾਨੀ ਵਿੱਚ ਆਪਣੀਆਂ ਹੱਡੀਆਂ ਨੂੰ ਰਗੜਦੀ ਰਹੀ। ਬੱਚੇ ਜਦੋਂ ਆਪਣੀ ਕਮਾਈਆਂ ਵਾਲੇ ਹੋ ਗਏ ਤਾਂ ਰੱਜੋ ਦੀਆਂ ਕਮਜ਼ੋਰ ਪੈ ਰਹੀਆਂ ਹੱਡੀਆਂ ਨੇ ਸੁੱਖ ਦਾ ਸਾਹ ਲਿਆ। ਸਾਲ 2020 ਵਿੱਚ ਆਏ ‘ਕਰੋਨਾ’ ਨੇ ਰੱਜੋ ਦੇ ਪਤੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ…!
“ਘਰ ਵਿੱਚ ਛੋਟੇ ਬੱਚੇ ਹਨ, ਅੰਮਾ..! ਇਸ ਨੂੰ ਕਹਿ ਕੇ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਵਾ ਲੈ…ਹਰ ਵੇਲੇ ਖਊ-ਖਊਂ ਕਰਦਾ ਰਹਿੰਦਾ ਹੈ…!” ਰੱਜੋ ਦੇ ਵੱਡੇ ਪੁੱਤਰ ਨੰਦੂ ਨੇ ਰੋਸ ਕੀਤਾ। ਕੱਲ੍ਹ ਹੀ ਹਜੇ ਛੋਟਾ ਬੇਟਾ ਬੰਟੀ ਪਿਉ ਨਾਲ ਉਲਝ ਕੇ ਹਟਿਆ ਸੀ। ਰੱਜੋ ਦਾ ਪਤੀ ਸੂਰਜ ਮੱਲ ਬਿਮਾਰ ਹੋ ਗਿਆ ਸੀ।
“…ਮੈਂ ਕੋਠੀ ਵਾਲਿਆਂ ਨੂੰ ਪੁੱਛ ਕੇ ਆਈ ਹਾਂ, ਤੂੰ ਜਾਹ ਸਰਕਾਰੀ ਹਸਪਤਾਲ..! ਉਥੇ ਕੀਰਤ ਸਿੰਘ ਕੰਮ ਕਰਦਾ ਹੈ, ਕੋਠੀ ਵਾਲੇ ਦਾ ਨਾਮ ਲੈ ਦੇਵੀਂ..ਆਪੇ ਤੇਰਾ ਦਾਖਲਾ ਹੋਜੂ…!” ਘਰ ਵਿੱਚ ਮੱਚਦੇ ਕਲੇਸ਼ ਨੂੰ ਠੱਲ੍ਹ ਪਾਣ ਲਈ, ਰੱਜੋ ਨੇ ਆਪ ਹੀ ਭੱਜ-ਨੱਠ ਕਰ ਕੇ ਬਿਮਾਰ ਪਤੀ ਸੂਰਜ ਮੱਲ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਲੋਕਾਂ ਦਾ ਮਿੰਨਤ-ਤਰਲਾ ਕਰ ਲਿਆ। ‘ਕਰੋਨਾ’ ਹੋਣ ਦੇ ਸ਼ੱਕ ਕਾਰਣ ਘਰੋਂ ਦੋਂਵੇ ਪੁੱਤਰ, ਆਪਣੇ ਪਿਉ ਸੂਰਜ ਮੱਲ ਨਾਲ ਹਸਪਤਾਲ ਲਈ ਨਾ ਟੁਰੇ। ‘ਪਤਨੀ ਧਰਮ’ ਨਿਭਾਉਂਣ ਲਈ ਰੱਜੋ ਨੇ ਪਤੀ ਨਾਲ ਜਾਣਾ ਹੀ ਆਪਣਾ ‘ਫ਼ਰਜ਼’ ਸਮਝਿਆ…..
“…ਹਾਏ ਵੇ! ਤੇਰੇ ਬਾਪੂ ਨੂੰ ‘ਕਰੋਨਾ’ ਹੋ ਗਿਆ…ਉਨ੍ਹਾਂ ਤੇਰੇ ਬਾਪੂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਹੈ…!” ਘਰ ਦੇ ਬੂਹੇ ਤੋਂ ਹੀ ਹਾਕ ਜਹੀ ਮਾਰ ਕੇ ਰੱਜੋ ਅੰਮਾ ਨੇ ਪ੍ਰੀਵਾਰ ਨੂੰ ਸੂਚਨਾ ਦਿੱਤੀ।
“………ਤੇਰਾ ਦਿਮਾਗ ਖਰਾਬ ਹੋ ਗਿਆ ਹੈ..? ਜਦ ਪਤਾ ਸੀ ਕਿ ‘ਬੁੱਢਾ’ ਖੰਘ ਰਿਹਾ ਹੈ, ਤਾਂ ਨਾਲ ਜਾਣਾ ਕਿੰਨਾ ਕੁ ਜ਼ਰੂਰੀ ਸੀ? …ਇਹ ਘਾਤਕ ਮਹਾਂਮਾਰੀ ਹੈ, ਇਸ ਵਿੱਚ ਰਿਸ਼ਤਿਆਂ ਦਾ ਨਹੀਂ, ਆਪਣੀ ਜਾਨ ਦਾ ਫਿ਼ਕਰ ਕਰੋ.. ਅੰਮਾ..!” ਵੱਡੇ ਪੁੱਤ ਨੰਦੂ ਨੇ ਦਹਾੜ ਮਾਰੀ। ਜਦੋਂ ਮਾਂ ਕੋਲੋਂ ਪਤਾ ਚੱਲਿਆ ਕਿ ਬਾਪੂ ਹਸਪਤਾਲ ਦੀ ਰਿਪੋਰਟ ਵਿੱਚ ‘ਕਰੋਨਾ’ ਪੌਜ਼ੀਟਿਵ ਆਇਆ ਹੈ।
“…….!” ਰੱਜੋ ਅੰਮਾ ਦਾ ਸਰੀਰ ਕੰਬ ਗਿਆ ਅਤੇ ਅੱਖਾਂ ਛੱਲ-ਛੱਲ ਬਰਸ ਪਈਆਂ। ਰੱਜੋ ਸਹਾਨਭੂਤੀ ਦੀ ਆਸ ਕਰ ਰਹੀ ਸੀ। ਪ੍ਰੰਤੂ ਪਤੀ ਦਾ ਸਾਥ ਦੇਣ ਕਾਰਨ ਪੁੱਤਾਂ ਨੇ ਜਿਵੇਂ ਉਸ ਨੂੰ ਅਪਰਾਧੀ ਘੋਸਿ਼ਤ ਕਰ ਦਿੱਤਾ ਹੋਵੇ।
“ਘਰ ਵਿੱਚ ਸਾਡੇ ਬੱਚੇ ਨੇ…. ਅੰਮਾ ਤੂੰ ਹੁਣ ਦਸ ਦਿਨ ਆਪਣੇ ਕਮਰੇ ਵਿੱਚ ਹੀ ਰਹੀਂ, ਉਥੇ ਹੀ ਤੇਰੀ ਰੋਟੀ ਪਹੁੰਚ ਜਾਏਗੀ..!” ਛੋਟੇ ਪੁੱਤ ਬੰਟੀ ਨੇ ਵੱਡੇ ਭਰਾ ਦਾ ਸਾਥ ਦਿੱਤਾ। ਆਪਣੇ ਚੁੰਨੀ ਦੇ ਪੱਲੇ ਨੂੰ ਅੱਖਾਂ ‘ਤੇ ਰੱਖ ਰੱਜੋ ਚੁੱਪ ਚਾਪ ਭਾਰੀ ਕਦਮਾਂ ਨਾਲ ਆਪਣੇ ਕਮਰੇ ‘ਚ ਚਲੀ ਗਈ, ਬਿਮਾਰ ਪਤੀ ਦਾ ਸਾਥ ਦੇਣ ਦੀ ਸਜ਼ਾ ਭੁਗਤਣ ਲਈ!
ਹਰ ਦਿਨ ਆਪਣੇ ਪਤੀ ਸੂਰਜ ਮੱਲ ਦੀ ਚੰਗੀ ਸਿਹਤ ਦੀ ਅਰਦਾਸ ਕਰਦੀ, ਅਤੇ ਘਰ ਮੁੜ ਆਉਣ ਦੀਆਂ ਔਸੀਆਂ ਪਾ ਰਹੀ ਸੀ, ਪ੍ਰੰਤੂ ਦੋਵੇ ਪੁੱਤਰ ਨਿਸ਼ਚਿੰਤ ਜਿਹੇ ਹੋ ਗਏ ਸੀ, ਕਿ ਜੋ ਹੋਣਾ ਉਹ ਤਾਂ ਹਸਪਤਾਲ ਦੀ ਹੀ ਡਿਊਟੀ ਸੀ। ਚਾਰ ਕੁ ਦਿਨ ਬਾਅਦ ਹੀ ਹਸਪਤਾਲ ਤੋਂ ਸੂਚਨਾ ਆ ਗਈ ਕਿ ਸੂਰਜ ਮੱਲ ਕਰੋਨਾ ਦੀ ਬਿਮਾਰੀ ਕਾਰਨ ਮਰ ਗਿਆ ਹੈ। ਲਾਸ਼ ਘਰ ਨਹੀਂ ਆਉਣੀ ਸੀ ਅਤੇ ਘਰੋਂ ਹਸਪਤਾਲ ਕੋਈ ਗਿਆ ਨਹੀਂ ਸੀ, ਨਾਂ ਹੀ ਰੱਜੋ ਨੂੰ ਜਾਣ ਦਿੱਤਾ ਸੀ….“ਕੀ ਕਰਨਾ ਜਾ ਕੇ? ਉੱਥੇ ਕਿਹੜਾ ਮ੍ਰਿਤਕ ਦਾ ਮੂੰਹ ਵੇਖਣ ਦਿੰਦੇ ਨੇ, ਉਲਟਾ ਤੂੰ ਹੋਰ ਕੋਈ ਬਿਮਾਰੀ ਚਮੇੜ ਲਿਆਏਂਗੀ!”
…..ਰੱਜੋ ਦਿਨ ਵਿੱਚ ਕਈ ਵਾਰ ਆਪਣੇ ਪਤੀ ਨੂੰ ਯਾਦ ਕਰ ਰੋ ਲੈਂਦੀ। ਰੱਜੋ ਨੂੰ ਇਸ ਗੱਲ ਦਾ ਸੰਤੋਖ ਅਤੇ ਸੰਤੁਸ਼ਟੀ ਸੀ ਕਿ ਬਿਮਾਰ ਪਤੀ ਦੀ ਬਾਂਹ ਫ਼ੜ ਆਪ ਹਸਪਤਾਲ ਇਲਾਜ਼ ਲਈ ਲੈ ਗਈ ਸੀ। ਜਦੋਂ ਨਰਸ ਸੂਰਜ ਮੱਲ ਨੂੰ ਵੀਲ-ਚੇਅਰ ‘ਤੇ ਬਿਠਾ ਕੇ ਲਿਜਾਣ ਲੱਗੀ ਸੀ, ਤਾਂ ਬਿਮਾਰੀ ਨਾਲ ਨਿਰਬਲ ਪਤੀ ਨੇ ਰੱਜੋ ਦਾ ਹੱਥ ਫ਼ੜ ਲਿਆ….. ਸੂਰਜ ਮੱਲ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਉਸ ਦੇ ਮਨ ਦੇ ਦਰਦ ਨੂੰ ਪ੍ਰਗਟ ਕਰ ਰਹੀਆਂ ਸੀ.. “ਰੱਜੋ, ਜਵਾਨ ਪੱੁਤ ਘਰ ਹੋਣ ਦੇ ਬਾਵਜ਼ੂਦ ਤੇਰੇ ਬੁੱਢੇ ਸਰੀਰ ਨੇ ਹੀ ਮੇਰਾ ਸਾਥ ਦਿੱਤਾ… ਤੇਰੇ ‘ਪਤਨੀ-ਧਰਮ’ ਨੂੰ ਮੇਰਾ ਪ੍ਰਣਾਮ ਹੈ! ਠੀਕ ਹੋ ਕੇ ਜਦ ਵਾਪਸ ਘਰ ਮੁੜਿਆ, ਤਾਂ ਤੇਰੀ ਖੂਬ ਸੇਵਾ ਕਰੂੰਗਾ!!” ਸੂਰਜ ਮੱਲ ਦਾ ਹਿਰਦਾ ਪਾਰੇ ਵਾਂਗ ਪਿਘਲ ਰਿਹਾ ਸੀ। ਪਤੀ ਦਾ ਦਰਦ ਰੱਜੋ ਦੀਆਂ ਅੱਖਾਂ ‘ਚੋਂ ਚੋਅ ਰਿਹਾ ਸੀ। ਨਰਸ ਨੇ ਰੱਜੋ ਨੂੰ ਹੋਲ-ਰੂਮ ਤੋਂ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਨਰਸ ਸੂਰਜ ਮੱਲ ਨੂੰ ਧੀਰੇ-ਧੀਰੇ ਹਸਪਤਾਲ ਦੇ ‘ਵਾਰਡ’ ਵਿੱਚ ਲੈ ਜਾ ਰਹੀ ਸੀ। ਦੇਖਦੇ-ਦੇਖਦਿਆਂ ਰੱਜੋ ਦਾ ਪਤੀ ਉਸ ਦੀਆਂ ਅੱਖਾਂ ‘ਤੋਂ ਓਝਲ ਹੋ ਗਿਆ ਅਤੇ ਚਾਰ ਦਿਨ ਬਾਅਦ ਇਸ ਦੁਨੀਆਂ ‘ਤੋਂ ਹੀ ਸਦਾ ਲਈ ਅਲੋਪ ਹੋ ਗਿਆ….
……ਖ਼ਬਰਾਂ ਨੇ ਘੜਮੱਸ ਪੱਟੀ ਹੋਈ ਸੀ ਕਿ ਇਹ ਬਿਮਾਰੀ ਕੁਝ ਮਹੀਨੇ ਹੋਰ ਰਹੇਗੀ, ਫ਼ੇਰ ਸਭ ਠੀਕ ਹੋ ਜਾਏਗਾ…. ਪ੍ਰੰਤੂ ਸਾਲ 2021 ਚੜ੍ਹ ਆਇਆ ਅਤੇ ‘ਕਰੋਨਾ’ ਦੀ ਦੂਸਰੀ ਲਹਿਰ ਨੇ ਹੋਰ ਵੀ ਭਿਆਨਕ ਰੂਪ ਧਾਰ ਲਿਆ। ਇਸ ਵਾਰ ਜਵਾਨ ਮੌਤਾਂ ‘ਕਾਲ਼’ ਦਾ ਰੂਪ ਧਰ ਨੱਚ ਰਹੀਆਂ ਸਨ। ਰੱਜੋ ਅੰਮਾ ਉੱਤੇ ਕੁਦਰਤ ਦਾ ਕਹਿਰ ਹਜੇ ਬਾਕੀ ਸੀ….
“…..ਅੰਮਾ…ਆਉ..ਦੇਖੋ ਇਹਨਾਂ ਦਾ ਬੁਖਾਰ ਤਾਂ ਸਿਰ ਨੂੰ ਚੜ੍ਹ ਗਿਆ ਲੱਗਦਾ..?” ਘਬਰਾਈ ਵੱਡੇ ਪੁੱਤ ਨੰਦੂ ਦੀ ਘਰਵਾਲੀ ਚੰਪਾ ਨੇ ਆਪਣੀ ਸੱਸ ਰੱਜੋ ਨੂੰ ਹਾਕ ਮਾਰੀ।
ਰੱਜੋ ਨੇ ਦੌੜ ਕੇ ਆਣ ਆਪਣੇ ਪੁੱਤ ਨੰਦੂ ਨੂੰ ਵੇਖਿਆ, ਜੋ ਬੁਖਾਰ ਨਾਲ ਬੇਸੁੱਧ ਹੋਇਆ ਪਿਆ ਸੀ। ਉਸ ਦੀ ਖੰਘ ਤਾਂ ਘਟ ਗਈ ਸੀ। ਪਰ ਬੁਖਾਰ ਨੇ ਢਾਹਿਆ ਹੋਇਆ ਸੀ। ‘ਕਰੋਨਾ’ ਦੇ ਚੱਲਦਿਆਂ ਨੰਦੂ ਨੂੰ ਵੱਖਰੇ ਕਮਰੇ ਵਿੱਚ ਪਾਇਆ ਹੋਇਆ ਸੀ। ਸਾਰਾ ਪ੍ਰੀਵਾਰ ਬਿਮਾਰ ਨੰਦੂ ਨੂੰ ਹਸਪਤਾਲ ਦਾਖਲ ਨਹੀਂ ਸੀ ਕਰਵਾਉਣਾ ਚਾਹੁੰਦਾ।
“….ਬਾਪੂ ਹਸਪਤਾਲ ਗਿਆ ਚਾਰ ਦਿਨਾਂ ਵਿੱਚ ਮਾਰ ਕੇ ਫੂਕ ਵੀ ਦਿੱਤਾ….ਨੰਦੂ ਦੀ ਘਰੇ ਹੀ ਖੰਘ ਅਤੇ ਬੁਖਾਰ ਦੀ ਦਵਾਈ ਲੈ ਆਉ… ਖੌਰੇ ਕੀ-ਕੀ ਕਰੀ ਜਾਂਦੇ ਨੇ ਹਸਪਤਾਲ ਵਾਲੇ..? ਸੁਣਿਆਂ ਅੰਗ ਕੱਢ ਕੇ ਵੇਚ ਰਹੇ ਨੇ..? ਨਕਲੀ ਟੀਕੇ ਲਾਈ ਜਾ ਰਹੇ ਨੇ…? ਬੁੱਢਿਆਂ ਨੂੰ ਬਿਨਾ ਇਲਾਜ਼ ਮਾਰੀ ਜਾ ਰਹੇ ਨੇ..?” ‘ਕਰੋਨਾ’ ਦੀ ਦਹਿਸ਼ਤ ਨੇ ਮਨੁੱਖਤਾ ਦੀ ਸੋਚਣ ਸ਼ਕਤੀ ਨੂੰ ਹੀ ਬੌਣੀ ਅਤੇ ਸ਼ੱਕੀ ਕੀਤਾ ਹੋਇਆ ਸੀ। ਜਿੰਨੇ ਲੋਕ ਉਤਨੀਆਂ ਖ਼ਬਰਾਂ। ਭਾਂਤ-ਭਾਂਤ ਦੇ ਕਿਆਫ਼ੇ।
….ਨੰਦੂ ਦਾ ਬਿਮਾਰ ਹੋਣਾ ਰੱਜੋ ਲਈ ਕਿਸੇ ਹੋਣੀ ਤੋਂ ਘੱਟ ਨਹੀਂ ਸੀ। ਅੰਮਾ ਦਾ ਛੋਟਾ ਪੁੱਤ ਬੰਟੀ ਆਪਣੇ ਬਿਮਾਰ ਵੱਡੇ ਭਰਾ ਨੰਦੂ ਦੇ ਨੇੜੇ ਨਹੀਂ ਸੀ ਲੱਗਦਾ। ਰੱਜੋ ਅੰਮਾ ਦੇ ਵੇਖਦੇ-ਵੇਖਦੇ ਹੀ ਨੰਦੂ ਦੀ ਬੇਹੋਸ਼ੀ ਗਹਿਰੀ ਹੋ ਗਈ ਅਤੇ ਅਚਾਨਕ ਇੱਕ ਹਾਉਕੇ ਜਹੇ ਨਾਲ ਸਾਹ ਥੰਮ੍ਹ ਗਏ।
“ਨ…ਨਹੀਂ..ਮੇਰੇ ਪੁੱਤ…ਇੰਜ ਨਾ ਜਾਈਂ..ਵੇ ਮੇਰੇ ਸ਼ੇਰਾ..!!” ਚੀਕਾਂ ਮਾਰਦੀ ਰੱਜੋ ਜ਼ਮੀਨ ਉੱਤੇ ਡਿੱਗ, ਪਿੱਟਣ ਲੱਗ ਪਈ। ਮ੍ਰਿਤਕ ਨੰਦੂ ਦੀ ਪਤਨੀ ਚੰਪਾ ਨੇ ਜਦੋਂ ਆਪਣੀ ਸੱਸ ਦਾ ਵਿਰਲਾਪ ਸੁਣਿਆਂ ਤਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ “ਸੈਨੇਟਾਇਜ਼” ਕਰ ਕਮਰੇ ਵਿੱਚ ਸਪਰੇਅ ਕਰ, ਬੂਹਾ ਮਾਰ ਲਿਆ….
…..‘ਕਰੋਨਾ ਟੀਮ’ ਨੂੰ ਮੌਤ ਦੀ ਸੂਚਨਾ ਦਿੱਤੀ ਗਈ। ਆ ਕੇ ਟੀਮ ਨੇ ਫ਼ੇਰ ਪੁੱਛਿਆ..“ਕੌਣ ਜਾਏਗਾ ਨਾਲ ਮੁਰਦਘਾਟ?”
ਰੱਜੋ ਅੰਮਾ ਨੇ ਵੇਖਿਆ ਖਿੜਕੀਆਂ ਵਿੱਚੋਂ ਕੁਝ ਅੱਖਾਂ ਝਾਕ ਰਹੀਆਂ ਸਨ। ਪਰ ਬੂਹਿਆਂ ‘ਤੇ ਕੋਈ ਹਲ-ਚਲ ਨਹੀਂ ਸੀ, ਬੂਹੇ ਅੰਦਰੋਂ ਬੰਦ ਸਨ….ਵਿਹੜੇ ਵਿੱਚ ਸੰਨਾਟਾ ਛਾ ਗਿਆ।
ਰੱਜੋ ਅੰਮਾ ਨੇ ਆਪਣੀ ਸੋਟੀ ਚੁੱਕੀ ਅਤੇ ਆਪਣੇ ਘਰਵਾਲੇ ਦੀਆਂ ‘ਚੱਪਲਾਂ’ ਆਪਣੇ ਪੈਰਾਂ ਵਿੱਚ ਪਾ, ਗੱਡਾ ਬਣੇ ਕਦਮਾਂ ਨੂੰ ਜ਼ੋਰ ਲਾ ਕੇ ਘਸੀਟਦੀ ਹੋਈ, ਘਰ ਦੇ ਬੂਹਿਉਂ ਬਾਹਰ ਤੁਰ ਪਈ। ਸਦੀਵੀ ਖ਼ਾਮੋਸ਼ ਪਏ ਮ੍ਰਿਤਕ ਪੁੱਤ ਨੰਦੂ ਦੇ ਕਹੇ ਬੋਲਾਂ ਨੇ ਰੱਜੋ ਦੇ ਦਿਮਾਗ ‘ਚ ਕਟਾਰ ਮਾਰੀ….“ਇਸ ਮਹਾਂਮਾਰੀ ਵਿੱਚ ਰਿਸ਼ਤੇ ਨਿਭਾਣ ਦਾ ਨਹੀਂ…ਆਪਣੇ-ਆਪ ਨੂੰ ਬਚਾਣ ਦਾ ਸਮਾਂ ਹੈ!!” ……..ਰੱਜੋ ਨੇ ਪਰਤ ਕੇ ਨਹੀਂ ਵੇਖਿਆ ਕਿ ਨੰਦੂ ਦੀ ਪਤਨੀ, ਬੱਚਿਆਂ ਜਾਂ ਭਰਾ ਵਿੱਚੋਂ ਕਿਸੇ ਰਿਸ਼ਤੇ ਨੇ ਨੰਦੂ ਦੀ ਆਖਰੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਹੁੰਗਾਰਾ ਭਰਿਆ ਜਾਂ ਨਹੀਂ। ਲੜਖੜਾਉਂਦੇ ਕਦਮ ਪੁੱਟਦੀ ਰੱਜੋ ਅੰਮਾ ਗਲੀ ਪਾਰ ਕਰ, ‘ਕਰੋਨਾ’ ਵਾਲਿਆਂ ਦੀ ਗੱਡੀ ਕੋਲ ਜਾ ਖੜੀ ਹੋਈ। ਰੱਜੋ ਅੰਮਾ ਦਾ ਅੰਦਰ ਨਿਸ਼ਬਦ ਚੀਖਾਂ ਮਾਰ ਚਿਤਕਾਰ ਕਰ ਰਿਹਾ ਸੀ….
…….ਮੈਂ ਮੂੰਹ ‘ਤੇ ‘ਮਾਸਕ’ ਲਾ, ਰੱਜੋ ਅੰਮਾ ਕੋਲ ਜਾ ਪੁੱਜੀ। ਰੱਜੋ ਨੇ ਆਪਣੀ ਸੋਟੀ ਨਾਲ ਮਿੱਟੀ ਖੁਰਚਣੀ ਰੋਕ ਕੇ ਕਿਹਾ….“ਆ ਧੀਏ,…ਦੋਸ਼ ਤੇ ਰੋਸ ਕਿਸੇ ‘ਤੇ ਨਹੀਂ ਹੈ…ਜਿਸ ‘ਮਿੱਟੀ’ ਨੂੰ ਮੈਂ ਆਪਣੀ ‘ਮਿੱਟੀ’ ਨਾਲ ਬਣਾਇਆ ਸੀ..ਉਸ ‘ਮਿੱਟੀ’ ਦੀ ਜਿ਼ੰਮੇਵਾਰ ਵੀ ਮੈਂ ਹੀ ਸੀ….!!”
ਰੱਜੋ ਅੰਮਾ ਸ਼ਾਇਦ ਮੋਏ ਪੁੱਤ ਦੀਆਂ ਕਹਾਣੀਆਂ ਨਹੀਂ ਸੀ ਪਾਉਣਾ ਚਾਹੁੰਦੀ, ਇਸ ਲਈ ਇੱਕ ਮਾਂ ਆਪਣੀਆਂ ਆਦਰਾਂ ਦੇ ਪ੍ਰਤੀ ਆਪਣਾ ਫ਼ਰਜ਼ ਸਿਰਫ਼ ਇੱਕ ਵਾਕ ਵਿੱਚ ਬਿਆਨ ਕਰ, ਸ਼ਾਂਤ ਹੋ ਗਈ। ਮੈਂ ਨਿਰੁੱਤਰ ਹੋ ਸੋਚ ਰਹੀ ਸੀ..“ਇਤਨੀ ਮਹਾਨ ਅਤੇ ਸਹਿਣਸ਼ੀਲ ਸਿਰਫ਼ ‘ਤੇ ਸਿਰਫ਼ ਇੱਕ ਮਾਂ ਹੀ ਹੋ ਸਕਦੀ ਹੈ!….ਦੁਨੀਆਂ ਵਿੱਚ ਹਰ ਰਿਸ਼ਤਾ ਆਪਣੀਂ ਹੋਂਦ ਬਦਲ ਸਕਦਾ ਹੈ, ਪ੍ਰੰਤੂ ‘ਮਿੱਟੀ’ ਦੇ ਰਿਸ਼ਤੇ ਦੀ ਪੈਰਵੀ ਮਾਂ ਦੇ ਹੱਥ ਹੋਣ ਕਾਰਣ ‘ਕੁੱਖ’ ਤੋਂ ਉਪਜ ਕੇ ਮਿੱਟੀ, ਮਰ-ਮੁੱਕ ਜਾਣ ਤੋਂ ਬਾਅਦ, ਧਰਤੀ ਮਾਂ ਦੀ ਆਗੋਸ਼ ਵਿੱਚ ਸਮਾਅ ਫੇਰ ਮਿੱਟੀ ਵਿੱਚ ਜਾ ਰਲਦੀ ਹੈ। ਇੱਕ ਮਾਂ ਆਪਣੀ ਮਿੱਟੀ ਨੂੰ, ਦੂਜੀ ਮਾਂ ਨੂੰ ਸੌਂਪ ਨਿਸ਼ਚਿੰਤ ਹੋ ਜਾਦੀਂ ਹੈ।

ਅੰਗਰੇਜ਼ੀ ਰੋਣਾ

$
0
0

ਸਾਡੇੇ ਗੁਆਂਢੀ ਕੋਈ ਵੀਹ ਸਾਲ ਪਹਿਲੋਂ ਆਪਣੇ ਪਿੰਡੋਂ ਆ, ਸ਼ਹਿਰ, ਸਾਡੇ ਨਾਲ ਦੇ ਪਲਾਟ ਵਿੱਚ ਕੋਠੀ ਉਸਾਰ ਕੇ ਰਹਿਣ ਲੱਗੇ। ਦੋ ਬੱਚੇ ਸਨ ਉਹਨਾਂ ਦੇ। ਇੱਕ ਮੁੰਡਾ ਤੇ ਉਸ ਤੋਂ ਛੋਟੀ ਕੁੜੀ। ਦੋਵਾਂ ਦਾ ਫ਼ਰਕ ਕੋਈ ਦੋ ਕੁ ਸਾਲ ਦਾ ਹੀ ਹੋਵੇਗਾ। ਸੋ ਕੁੜੀ ਪਹਿਲੋਂ ਵਿਆਹ ਦਿਤੀ ਲਾਗਲੇ ਸ਼ਹਿਰ ਕਿਸੇ ਡਾਕਟਰ ਨਾਲ। ਸਾਲ ਵਿਚ ਹੀ ਕੁੜੀ ਦੇ ਮੁੰਡਾ ਹੋ ਗਿਆ। ਦੋਵੇਂ ਪਰਿਵਾਰ ਖੁਸ਼ ਸਨ। ਹਾਲਾਂਕਿ ਸਾਡੇ ਗੁਆਂਢੀਆਂ ਦਾ ਕਪੜੇ ਦੇ ਥੋਕ ਦਾ ਚੰਗਾ ਕਾਰੋਬਾਰ ਸੀ ਪਰ ਦੇਖੋ—ਦੇਖੀ ਮੁੰਡਾ ਆਪਣੀ ਪਤਨੀ ਅਤੇ ਆਪਣੇ ਦੋ ਨਿੱਕੇ—ਨਿੱਕੇ ਬੱਚਿਆਂ ਨਾਲ  ਕੈਨੇਡਾ ‘ਸੈੱਟ’ ਹੋ ਗਿਆ। ਮੁੰਡਾ, ਉਸਦੀ ਪਤਨੀ ਅਤੇ ਬੱਚਿਆਂ ਨਾਲ ਗੁਆਂਢੀ ‘ਫੇਸ—ਟਾਈਮ’ ਉੱਤੇ ਲੰਮਾ ਲੰਮਾ ਸਮਾਂ ਗੱਲਾਂ ਕਰਦੇ ਰਹਿੰਦੇ। ਜਦੋਂ ਪੋਤਰਾ ਪੋਤਰੀ ਉਹਨਾਂ ਨੂੰ ਤੋਤਲੀ ਜ਼ੁਬਾਨ ਵਿਚ ਦਾਦੂ—ਦਾਦੂ, ਦਾਮਾ—ਦਾਮਾ ਕਹਿੰਦੇ ਤਾਂ ਸਾਡੇ ਗੁਆਂਢੀ ਬੜੇ ਖੁਸ਼ ਹੁੰਦੇ। ਭਾਵੇਂ ਪਿੰਡੋਂ ਆਇਆਂ ਨੂੰ ਵੀਹ ਸਾਲ ਹੋ ਗਏ ਸਨ ਪਰ ਗੁਆਂਢੀ ਸਾਡੇ ਆਪਣਾ ਪੇਂਡੂ ਖਾਸਾ ਨਹੀਂ ਸਨ ਛਡਦੇ। ਕਣਕ, ਮੱਕੀ, ਸਰੋਂ ਅੱਜ ਵੀ ਉਹਨਾਂ ਦੇ ਪਿੰਡੋਂ ਹੀ ਆਉਂਦੀ।

ਉਧਰ ਗੁਆਂਢੀਆਂ ਦਾ ਦੋਹਤਾ ਵੀ ਸੁੱਖ ਨਾਲ ਢਾਈ—ਤਿੰਨ ਵਰਿਆਂ ਦਾ ਹੋ ਗਿਆ ਸੀ। ਕੁੜੀ ਉਹਨਾਂ ਦੀ ਕਿਸੇ ਪ੍ਰਾਈਵੇਟ ਸਕੂਲ ਵਿਚ ਟੀੱਚਰ ਲਗ ਗਈ। ਐਵੇਂ ਮਸ਼ਰੂਫ ਰਹਿਣ ਲਈ। ਹਾਲਾਂਕਿ ਜਵਾਈ ਦੀ ਡਾਕਟਰੀ ਚੰਗੀ ਚਲਦੀ ਸੀ। ਕਿਉਂਕਿ ਦੋਹਤਾ ਹਾਲੇ ਕਾਫ਼ੀ ਛੋਟਾ ਸੀ ਅਤੇ ਸਕੂਲ ਨਹੀਂ ਸੀ ਜਾਣ ਲੱਗਿਆ, ਉਸਦੀ ਮਾਂ ਅਕਸਰ ਉਸਨੂੰ ਉਸਦੇ ਨਾਨਕੇ ਛੱਡ ਜਾਂਦੀ। ਬੜਾ ਹੀ ਪਿਆਰਾ ਬੱਚਾ ਸੀ। ਗੋਗਲੂ ਜਿਹਾ। ਘੁੰਗਰਾਲੇ ਵਾਲ, ਮੋਟੀਆਂ ਅੱਖਾਂ ਤੇ ਗੋਰਾ ਰੰਗ। ਉਸਦੇ ਨਾਲ ਹੀ ਸਾਡੇ ਗੁਆਂਢੀਆਂ ਦੀ ਕੁੜੀ ਨੇ ਆਪਣੇ ਕੋਲ ਰੱਖੀ ‘ਆਇਆ’ ਨੂੰ ਵੀ ਛਡ ਜਾਣਾ। ਲੱਗਭਗ ਸਾਰਾ ਹੀ ਦਿਨ ਦੋਹਤਰਾ ਅਤੇ ਉਸਦੀ ਮੋਨਾ ਆਂਟੀ ਸਾਡੇ ਗੁਆਂਢ ਰਹਿੰਦੇ। ਸ਼ਾਮ ਨੂੰ  ਗੁਆਂਢੀਆਂ ਦੀ ਧੀ ਜਾਂ ਜਵਾਈ ਆ ਕੇ ਅੰਕੁਰ ਅਤੇ ਮੋਨਾ ਨੂੰ ਵਾਪਿਸ ਲੈ ਜਾਂਦੇ।

ਬੱਚਾ ਸਾਰਾ ਦਿਨ ਗਵਾਂਢ ਵਿਚ ਰੋਣਕ ਲਾਈ ਰਖਦਾ। ਨਾਨਾ—ਨਾਨੀ ਦਾ ਵੀ ਦਿਲ ਪਰਚਿਆ ਰਹਿੰਦਾ। ਪਰ ਧੀ—ਜੁਆਈ ਵੱਲੋਂ ਇਕ ਬੜੀ ਸਖ਼ਤ ਹਿਦਾਇਤ ਸੀ ਨਾਨੇ—ਨਾਨੀ ਅਤੇ ਮੋਨਾ ਨੂੰ। ਬੱਚੇ ਨਾਲ ਪੰਜਾਬੀ ’ਚ ਗਲ ਨੀ ਕਰਨੀ। ਅਵਲ ਤਾਂ ਅੰਗਰੇਜ਼ੀ ਵਿਚ ਬੋਲੋ, ਨਹੀਂ ਤਾਂ ਹਿੰਦੀ। ਡਾਕਟਰ ਪਾਪਾ ਤੇ ਟੀਚਰ ਮੰਮੀ ਭਾਵੇਂ ਆਪਸ ਵਿਚ ਪੰਜਾਬੀ ’ਚ ਗੱਲਾਂ ਕਰਦੇ ਪਰ ਅੰਕੁਰ ਸਾਹਮਣੇ ਸਿਰਫ਼ ਅੰਗਰੇਜ਼ੀ ਵਿਚ ਹੀ ਬੋਲਦੇ।ਪੇਂਡੂ ਨਾਨਾ—ਨਾਨੀ ਅਤੇ ਬਿਹਾਰਨ ਮੋਨਾ ਵਾਹ ਲੱਗਦੀ ਜੁਆਕ ਨਾਲ ਅੰਗਰੇਜ਼ੀ ਵਿਚ ਗੱਲਾਂ ਕਰਦੇ, ਜਿੰਨੀ ਕੁ ਉਹਨਾਂ ਨੂੰ ਸਿਖਾਈ ਗਈ ਜਾਂ ਆਉਂਦੀ ਹੁੰਦੀ।

“ਵੋਹ ਦੇਖੋ ਟਰੀ ਪਰ ਕਰੋਅ”

“ਅੰਕੁਰ ਬਾਬਾ, ਵਹਾਂ ਨਹੀਂ ਯਹਾਂ ਸਿੱਟ”

“ਉਰੇ ਆਓ, ਕਮ—ਕਮ, ਸਲੋਅ, ਰੰਨ ਮਤ ਕਰੋ”

“ਵੋਹ ਦੇਖੋ, ਸਕਾਈ ਮੈਂ ਐਰੋਪਲੇਨ”

“ਅੰਕੁਰ ਪੋਟੀ ਆਈ ਤੋਂ ਬਤਾ ਦੇਣਾ, ਕਲੋਥਜ਼ ਮੈਂ ਨਹੀਂ ਕਰਨੀ”

“ਚਲੋ ਅੰਕੁਰ ਪੁੱਤ ਸਲੀਪੀ ਸਲੀਪੀ ਕਰੋ”

ਨਾਨਕੇ ਘਰ ਅੰਕੁਰ ਅਜਿਹੇ ਵਾਕ  ਡੋਰ—ਭੋਰ ਹੋਇਆ ਸੁਣਦਾ ਰਹਿੰਦਾ ਤੇ ਵਿੱਚੇ ਹੀ ਆਪਣੀਆਂ ਤੋਤਲੀਆਂ ਮੋਤਲੀਆਂ ਕਹਿ ਛਡਦਾ।

ਪਰ ਅੱਜ ਤਾਂ ਅੰਕੁਰ ਨੇ ਜਿਵੇਂ ਸਾਰਾ ਨਾਨਕਾ ਘਰ ਹੀ ਸਿਰ ਉੱਤੇ ਚੁੱਕਿਆ ਹੋਇਆ ਸੀ। ਪਤਾ ਨੀ ਕਿਹੜੀ ਗਲੋਂ ਉਹ ਜਿਉਂ ਰੋਣ ਲੱਗਿਆ, ਜਿਉਂ ਰੋਣ ਲੱਗਿਆ ਕਿ ਹਟਣ ਦਾ ਨਾਂ ਹੀ ਨਾ ਲਵੇ।

“ਨੋ, ਨੋ ਕਰਾਈ… ਨੋ” ਨਾਨਾ—ਨਾਨੀ ਅੰਕੁਰ ਨੂੰ ਚੁੱਪ ਕਰਵਾਉਣ ਦੀ ਅਸਫ਼ਲ ਕੋਸਿ਼ਸ ਕਰ ਰਹੇ ਸਨ।

ਹੁਣ ਉਸਦੇ ਲਗਾਤਾਰ ਰੋਣ ਦੀ ਅਵਾਜ਼ ਆਲੇ ਦੁਆਲੇ ਦੀ ਸ਼ਾਂਤੀ ਭੰਗ ਕਰਨ ਲੱਗੀ। ਮੈਥੋਂ ਰਿਹਾ ਨਾ ਗਿਆ। ਬੰਨੇਰੇ ਤੋਂ ਹੀ ਗੁਆਂਢੀਆਂ ਨੂੰ ਪੁੱਛਿਆ, “ਕੀ ਗੱਲ ਭਾਈ ਸਾਹਿਬ… ਕੀ ਹੋਇਆ ਅੱਜ ਅੰਕੁਰ ਨੂੰ? ਤਬੀਅਤ ਤਾਂ ਠੀਕ ਹੈ… ਅੱਗੇ ਤਾਂ ਕਦੇ ਐਨਾ ਚਿਰ ਨੀ ਰੋਇਆ।”

“ਕੀ ਦੱਸੀਏ ਜੀ.. ਇਹਦਾ ਕਿਤੇ ਟੁਆਏ ਟੁਟ ਗਿਆ। ਲੱਗ ਗਿਆ ਰੋਣ। ਧੀ—ਜੁਆਈ ਨੇ ਕਿਹੈ ਬਈ ਇਹਦੇ ਨਾਲ ਅੰਗਰੇਜ਼ੀ ’ਚ ਹੀ ਗਲ ਕਰਨੀ ਹੈ। ਜੇ ਨਾ ਕਰੀਏ ਤਾਂ ਮੋਨਾ ਸਿ਼ਕਾਇਤਾਂ ਕਰਦੀ ਹੈ। ਆਪਣੇ ਤਰੀਕੇ ਅਸੀਂ ਬਥੇਰਾ ਜ਼ੋਰ ਲਾ ਲਿਆ ਇਹਨੂੰ ਚੁਪ ਕਰਵਾਉਣ ਲਈ। ਗਲ ਨਹੀਂ ਬਣੀ…। ਹੁਣ ਸਾਨੂੰ ਇਹ ਨੀ ਪਤਾ ਬਈ ਇਹਨੂੰ ਅੰਗਰੇਜ਼ੀ ’ਚ ਕਿਵੇਂ ਬਰਾਈਐ।”

ਗੁਆਂਢੀ ਮੇਰੇ, ਅੰਕੁਰ ਦੇ ਅੰਗਰੇਜ਼ੀ ਰੋਣੇ ਮੂਹਰੇ ਜਿਵੇਂ ਰੋਣਹਾਕੇ ਹੋਏ ਖੜੇ ਸਨ।

ਏਥੇ ਕੀਹਨੇ ਰਹਿਣੈ ਹੈ..ਜੀ?

$
0
0

ਅੱਜ ਦਫਤਰੋਂ ਬੱਸ ਫੜਕੇ ਘਰ ਜਾਣਾ ਪੈਣਾ ਸੀ, ਬਰਾਂਚ ਦੇ ਸੇਵਾਦਾਰ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੱਕ ਛੱਡ ਆਵੀਂ। ਬੱਸ ਸਟੈਂਡ ਆਇਆ ਤਾਂ ਵੇਖ ਹੈਰਾਨੀ ਹੋਈ ਕਿ ਸਭ ਘਰਾਂ ਵਿੱਚ ਆਵਾਜਾਈ ਦੇ ਬਥੇਰੇ ਸਾਧਨ ਹੋਣ ਦੇ ਬਾਵਜੂਦ ਵੀ ਕਾਫੀ ਲੋਕ ਬੱਸ ਦੀ ਉਡੀਕ ਵਿੱਚ ਸਨ ਸ਼ਾਇਦ ਔਰਤਾਂ ਦੇ ਅਧਾਰ ਕਾਰਡ ਤੇ ਮੁਫਤ ਸਫਰ ਵਾਲੀ ਸਕੀਮ ਵਾਲੀਆਂ ਸਵਾਰੀਆਂ ਜਿਆਦਾ ਗਿਣਤੀ ਵਿੱਚ ਹੋਣ ਕਾਰਨ ਭੀੜ ਵੱਧ ਲੱਗੀ। ਚਲੋ ਬੱਸ ਆਈ ਧੱਕਾ ਮੁੱਕੀ ਹੋਣੀ ਲਾਜਮੀ ਸੀ, ਔਖੇ ਸੌਖੇ ਇਕ ਨੁੱਕਰੀ ਸੀਟ ਮਿਲ ਹੀ ਗਈ। ਗਰਮੀਂ ਪਸੀਨੇ ਤੇ ਹੁੰਮਸ ਦੇ ਕਾਰਨ ਬੱਸ ਬੱਦ ਹਵਾਸੀ ਤੇ ਪਰੇਸ਼ਾਨੀ ਦੇ ਆਲਮ ਵਾਲੀ ਹਾਲਤ ਸੀ।  ਹੈਰਾਨਗੀ ਤੇ ਤਰਸ ਵੀ ਆ ਰਿਹਾ ਸੀ ਕਿ ਅਜੇ ਵੀ ਸਾਡੇ ਸਿਸਟਮ ਵਿੱਚ ਸੁਧਾਰ ਦੀ ਲੋੜ ਸੀ ਜੋ ਕਿ ਵਿੰਗਾ-ਟੇਡਾ ਜਿਹਾ ਸੁਪਨਾ ਹੈ। ਚਲੋ ਇੱਕ ਬੇਸੁਰੇ ਤੇ ਬੇਮੌਕੇ-ਮੇਲ ਜਿਹਾ, ਸਿਰ ਖਾਣ ਵਾਲਾ ਗਾਣਾ ਵੀ ਸ਼ੁਰੂ ਹੋ ਗਿਆ ਸੀ। ਲੋਕ ਹਰ ਅੱਡੇ ਤੇ ਖਾਲੀ ਹੋਣ ਵਾਲੀ ਸੀਟ ਨੂੰ ਬੜੀ ਸ਼ਿੱਦਤ ਨਾਲ ਤੱਕ ਰਹੇ ਤੇ ਕਾਹਲੀ ਕਾਹਲੀ ਮੱਲ ਰਹੇ ਸਨ।

ਛੋਟੇ ਅੱਡਿਆਂ ਤੋ ਬਾਦ ਬੱਸ ਸ਼ਹਿਰ ਦੇ ਬਾਹਰ ਵਾਲੀ ਸੜਕ ਰਾਹੀਂ ਆਈਲਟਸ ਸੈਂਟਰਾਂ ਮੂਹਰਿਓ ਗੁਜਰੀ ਤਾਂ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਦਿਖੇ ਜੋ ਕੁਝ ਤਾਂ ਅੰਦਰ ਲੰਘ ਆਏ ਤੇ ਬਹੁਤੇ ਬੱਸ ਦੀਆਂ ਬਾਰੀਆਂ ਰਾਹੀਂ ਬਾਹਰ ਹੀ ਲਮਕ ਗਏ ਸਨ। ਦੋ ਲੜਕੇ ਮੇਰੀ ਸੀਟ ਦੇ ਨਜਦੀਕ ਆ ਖੜ ਗਏ। ਮੈਂ ਪੁੱਛਿਆ, ” ਕਾਕੇ, ਕਿਹੜੀ ਕਲਾਸ ਵਿੱਚ ਪੜਦੇ ਹੋ ?”

” ਸਰ, ਅਸੀ ਪਲਸ ਟੂ ਕਰੀ ਹੈ ਜੀ, ਹੁਣ ਆਈਲੈਟਸ ਕਰ ਰਹੇ ਹਾਂ। “  ” ਅੱਛਾ, ਬਾਹਰ ਜਾਣੈ ਫਿਰ ਤੁਸੀਂ ? ”

” ਹਾਂਜੀ ਸਰ, ਬਾਹਰ ਜਾਣੈ ਐ ਜੀ, ਏਥੇ ਰੱਖਿਆ ਵੀ ਕੀ ਹੈ ? ਏਥੇ ਕੀਹਨੇ ਰਹਿਣੈ ਹੈ..ਜੀ ?”

ਮੈਂ ਉਸ ਲੜਕੇ ਦਾ ਜੁਆਬ ਸੁਣ ਕੇ ਬੜਾ ਹੈਰਾਨ ਹੋ ਰਿਹਾ ਸੀ ਭਾਵੇਂ ਕਿ ਇਹ ਮਸਲਾ ਤੇ ਵਿਚਾਰ ਹੈਰਾਨਗੀ ਵਾਲਾ ਬਹੁਤਾ ਹੈ ਨਹੀਂ ਸੀ, ਸ਼ਾਇਦ ਉਹ ਲੜਕੇ ਉਨਾਂ ਦੀ ਸੋਚ ਮੁਤਾਬਕ ਕਾਫੀ ਹੱਦ ਤੱਕ ਠੀਕ ਸਨ। ਪਰ ਫੇਰ ਵੀ ਇੰਨੀ ਜਿਆਦਾ ਲਾਲਸਾ ਤੇ ਪਲਾਇਨਵਾਦੀ ਰੁਚੀ ਤੇ ਆਪਣੀ ਜੰਮਣ ਭੌਂ ਨਾਲ ਏਨੀ ਬੇਰੁਖੀ ਕਿਉਂ ਸੀ। ਫੇਰ ਵੀ ਮੈਂ ਉਹਨਾ ਨੂੰ ਹੋਰ ਟੋਹਣ ਲਈ ਪੁੱਛਣਾ ਚਾਹਿਆ, ” ਪਰ, ਕਾਕਾ ਏਥੇ ਕਿਸ ਚੀਜ ਦੀ ਕਮੀ ਹੈ, ਸਭ ਕੁਝ ਤਾਂ ਹੈ ਏਥੇ। ”

ਦੂਜਾ ਮੁੰਡਾ ਬੋਲਿਆ, ” ਕਿੱਥੇ ਸਰ, ਕੀ ਕਹਿਣੈ ਪਏ ਓ ਤੁਸੀਂ, ਏਥੇ ਕੰਮ ਹੈਨੀ ਜੀ, ਨੌਕਰੀਆਂ ਕਿੱਥੇ ਨੇ, ਪ੍ਰਾਈਵੇਟ ਪੰਜ-ਛੇ ਹਜਾਰ ਤੋਂ ਵੱਧ ਕੋਈ ਪੈਸਾ ਨਹੀਂ ਭਰਦਾ, ਏਨਾ ਪੜ ਕੇ ਏਥੇ ਰੁਲਣ ਦਾ ਕੀ ਫਾਇਦਾ, ਵਾਤਾਵਰਨ ਏਥੇ ਖਰਾਬ, ਬਿਮਾਰੀਆਂ, ਮਿਲਾਵਟਾਂ ਏਥੇ, ਸਰਕਾਰੇ ਦਰਬਾਰੇ ਕਿਸੇ ਦੇ ਕੋਈ ਕੰਮ ਨਹੀਂ ਹੁੰਦੇ, ਕਿਸੇ ਵੀ ਦਫਤਰ ਚਲੇ ਜਾਓ, ਗੇੜੇ ਤੇ ਗੇੜੇ ਲਵਾਉਂਦੇ ਨੇ, ਰਿਸ਼ਵਤ ਭਾਵੇਂ ਬੰਦ ਹੋ ਗਈ ਹੈ ਪਰ ਕੰਮ ਅਜੇ ਵੀ ਕਿਸੇ ਦੇ ਨਹੀਂ ਹੁੰਦੇ, ਮਹਿੰਗਾਈ ਏਥੇ ਵਧਦੀ ਜਾ ਰਹੀ ਹੈ, ਪਾਣੀ ਧਰਤੀ ਦੇ ਮੁੱਕ ਰਹੇ, ਖੇਤੀ ਵੀ ਘਾਟੇ ਦੀ ਹੋ ਗਈ ਹੈ, ਹਰ ਥਾਂ ਧਰਨੇ, ਹਰ ਥਾਂ ਲੁੱਟ ਖੋਹ ਤੇ ਕਤਲੇਆਮ ਹੋ ਰਹੇ ਨੇ। ”

ਮੈਂ ਫੇਰ ਕਿਹਾ, ” ਕਾਕਾ, ਪਰ ਤੁਹਾਡੇ ਮਾਂ ਪਿਓ ਕੌਣ ਸਾਂਭੂ ਤੇ ਖੇਤ ਕੌਣ ਦੇਖੂਗਾ। ”

“ਸਰ ਜੀ, ਖੇਤਾਂ ਚ ਕੌਣ ਸਿਰ ਮਾਰੇ, ਹੁਣ ਨੀ ਹੁੰਦੀ ਖੇਤੀ, ਖੇਤੀ ਤਾਂ ਅਜਕਲ ਠੇਕੇ ਤੇ ਦੇ ਦਈਦੀ ਹੈ ਤੇ ਸਾਡੇ ਵਿੱਚ ਇਕ ਭਰਾ ਮਾਂ ਪਿਓ ਕੋਲ ਰਹੂੰਗਾ ਤੇ ਇੱਕ ਕਮਾਈ ਲਈ ਬਾਹਰ ਜਾਊਗਾ ਤੇ ਜਦ ਪੱਕੇ ਹੋ ਗਏ, ਸੈਟ ਹੋ ਗਏ ਤਾਂ ਮਾਂ ਪਿਓ ਨੂੰ ਵੀ ਨਾਲ ਲੈ ਜਾਵਾਂਗੇ। ਸਾਡੇ ਲਗਭਗ ਸਾਰੇ ਰਿਸ਼ਤੇਦਾਰ ਬਾਹਰ ਹੀ ਨੇ, ਰਹਿਣ ਦਾ ਜੁਗਾੜ ਹੋ ਹੀ ਜਾਣਾ ਤੇ ਕੰਮ ਦਾ ਵੀ ਤੇ ਨਾਲੇ ਸਰ ਦੋ ਸਾਲ ਟਿਕ ਕੇ ਲਾ ਲਊ ਏਥੇ ਦੇ ਦਸ ਸਾਲ ਜਿੰਨੀ ਕਮਾਈ ਕਰ ਲਈਦੀ ਹੈ। ਤੁਹਾਨੂੰ ਪਤੈ ਸਾਡੇ ਨਾਲਦੇ ਦੋ ਮੁੰਡੇ ਪਿਛਲੇ ਦੋ ਸਾਲ ਪਹਿਲਾਂ ਸਟੱਡੀ ਤੇ ਗਏ ਨੇ, ਕਨੇਡਾ ਤੋਂ ਅਮਰੀਕਾ ਟਰਾਲਾ ਚਲਾਉਂਦੇ ਨੇ ਬਾਹਲੇ ਨਹੀਂ ਤਾਂ ਤਿੰਨ ਚਾਰ ਲੱਖ ਮਹੀਨੇ ਦਾ ਅਰਾਮ ਨਾਲ ਕਮਾ ਲੈਂਦੇ ਨੇ, ਹੁਣ ਤਾਂ ਉਨਾਂ ਨੇ ਬੀ.ਐਮ.ਡਬਲਯੂ ਵੀ ਲੈ ਲਈ ਹੈ। ਤੁਸੀਂ ਦੱਸੋ ਹੁਣ ਭਵਿੱਖ ਏਥੇ ਵਧੀਆ ਹੈ ਜਾਂ ਬਾਹਰ, ਏਥੇ ਤਾਂ ਬੰਦਾ ਸਿਰਫ ਸੁਪਨੇ ਹੀ ਲੈ ਸਕਦਾ, ਪੂਰੇ ਕਰਨੇ ਨੂੰ ਜਿੰਦਗੀ ਲੰਘ ਜਾਣੀ ਹੈ। ”

ਲੜਕੇ ਵਲੋਂ ਗਿਣਾਏ ਸਾਰੇ ਕਾਰਨ ਲਗਭਗ ਸਹੀ ਲੱਗ ਰਹੇ ਸਨ। ਮੈਂ ਫੇਰ ਪੁੱਛਿਆ ਬਈ, ਕਾਕੇ, ” ਜੋ ਕੰਮ ਤੁਸੀਂ ਉੱਥੇ ਕਰਨੈ ਨੇ, ਉਹ ਏਥੇ ਵੀ ਤਾਂ ਹੋ ਸਕਦੇ ਨੇ, ਸਾਡੇ ਸਾਰੇ ਕੰਮ ਪਰਵਾਸੀ ਮਜਦੂਰ ਪੰਜਾਬ ਆ ਕੇ ਕੰਮ ਕਰਕੇ ਹਜਾਰਾਂ-ਲੱਖਾਂ ਕਮਾ ਰਹੇ ਨੇ, ਕਿਤੇ ਨਾ ਕਿਤਿਓਂ ਤਾਂ ਸੁਰੂਆਤ ਕਰਨੀ ਹੀ ਪਊਗੀ। ”

ਉਹ ਫੇਰ ਬੋਲਿਆ, ” ਸਰ, ਕਿਹੜੇ ਕੰਮ ਜੀ? ਬਈਏ.. ਜੋ ਰੇੜੀਆਂ ਤੇ ਕਰਦੇ ਨੇ, ਝੋਨਾ ਲਾਉਂਦੇ ਨੇ, ਕਣਕਾਂ ਵੱਢਦੇ ਨੇ, ਲੇਬਰ ਕਰਦੇ ਨੇ, ਅਸੀਂ ਏਨਾ ਪੜਕੇ, ਡਿਗਰੀਆਂ ਤੇ ਲੱਖਾਂ ਹਜਾਰਾਂ ਖਰਚ ਕੇ ਪੰਜ ਸੌ, ਚਾਰ ਸੌ ਦੀ ਦਿਹਾੜੀ ਕਰੀਏ, ਲੋਕ ਕੀ ਕਹਿਣਗੇ ਬਈ ਜਿੰਮੀਦਾਰਾਂ ਦੇ ਮੁੰਡੇ ਏਨਾ ਪੜ ਕੇ ਦਿਹਾੜੀਆਂ ਕਰਦੇ ਫਿਰਦੇ ਨੇ, ਨਾਲੇ ਬਈਆਂ ਦਾ ਗੁਜਾਰਾ ਹੋ ਜਾਂਦੈ ਏਨੇ ਕੁ ਵਿੱਚ, ਸਾਡਾ ਨੀ ਹੋਣਾ ਜੀ। ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਅਵਲ ਤਾਂ ਹੈ ਨੀ, ਜੇ ਪ੍ਰਾਈਵੇਟ ਸੈਕਟਰ ਨੂੰ ਜਾਵਾਂਗੇ ਤਾਂ ਪੰਜ ਦਸ ਹਜਾਰ ਤੋਂ ਵੱਧ ਕਿਤੇ ਕੋਈ ਸੈਲਰੀ ਨਹੀ ਹੈ। ਸਰ, ਸਰਕਾਰ ਨੂੰ ਵੱਧ ਤੋਂ ਵੱਧ ਨੌਕਰੀਆਂ ਕੱਢਨੀਆਂ ਚਾਹੀਦੀਆਂ ਨੇ ਉਹ ਵੀ ਪੱਕੀਆਂ, ਪੈਨਸ਼ਨ ਸਰਕਾਰੀ ਨੌਕਰੀਆਂ ਚਂ ਵੈਸੇ ਵੀ ਨਹੀ ਹੈਗੀ, ਤਿੰਨ-ਤਿੰਨ ਸਾਲ ਦਾ ਪਰੋਬੇਸ਼ਨ ਕਾਲ ਦਾ ਵਧਾ ਦਿੱਤਾ, ਬੇਸਿਕ ਸੈਲਰੀ ਤੇ ਕੋਈ ਭੱਤਾ ਨਹੀਂ, ਗੁਜਾਰੇ ਬੱਚਿਆਂ ਤੇ ਬੁੱਢੇ ਮਾਂ-ਪਿਓਆਂ ਦੇ ਕਿਵੇਂ ਕਰਨਗੇ, ਰਹਿੰਦੀ-ਖੂੰਹਦੀ ਕਸਰ ਤਾਂ ਪਿੰਡਾਂ ਦੇ ਜਵਾਨਾਂ ਦੀ ਅਗਨੀਵੀਰ ਨਾਂ ਦੀ ਸਕੀਮ ਨੇ ਕੱਢ ਲਈ ਹੈ। ਸਾਰੀ ਉਮਰ ਭਰ ਦੀ ਰੋਟੀ ਖੋਹ ਲਈ ਅਗਨੀਵੀਰ ਬਣਾ ਕੇ ਫੌਜੀਆਂ ਨੂੰ, ਦੱਸੋ ਕੌਣ ਕਰੂੰ ਹੁਣ, ਚਾਰ ਸਾਲ ਫੌਜ ਦੀ ਨੌਕਰੀ ਹੁਣ।”

ਮੈਂ ਉਨਾਂ ਨੂੰ ਫੇਰ ਹਲੂੰਨਣਾ ਚਾਹਿਆ, ” ਕਾਕੇ, ਸਰਕਾਰ ਐਨੀ ਵੀ ਮਾੜੀ ਨੀ, ਲੋਕਾਂ ਦੀ ਸਹੂਲਤ ਲਈ ਕਈ ਕੰਮ ਕਰ ਹੀ ਰਹੀ ਹੈ ਨਾ। ”

ਉਹ ਬੋਲਿਆ, ” ਸਰ, ਛੱਡੋ ਪਰੇ, ਕਿਹੜੇ ਕੰਮ,, ਤੁਸੀ ਆਪ ਸਿਆਣੇ ਓ, ਛੋਟੀ ਜਿਹੀ ਉਦਾਹਰਨ ਹੈ,,ਕਿਸੇ ਵੀ ਦਫਤਰ ਚਲੇ ਜਾਓ, ਗੇੜਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਜੀ, ਥਾਣੇ ਚਲੇ ਜਾਓ, ਕੰਮ ਤਾਂ ਦੂਰ ਪਹਿਲੀ ਤਾਂ ਗੱਲ ਤੁਹਾਨੂੰ ਕੋਈ ਬੈਠਣ ਲਈ ਹੀ ਨੀ ਕਹੇਗਾ, ਫੇਰ ਤੁਹਾਡਾ ਐ ਕਾਗਜ ਘੱਟ ਹੈ ਔਹ ਕਾਗਜ ਨਹੀ ਹੈਗਾ। ਛੇਤੀ ਤਾਂ ਸ਼ਿਕਾਇਤ, ਕੇਸ ਹੀ ਦਰਜ ਨਹੀ ਕਰਦੇ। ਰਿਸ਼ਵਤ ਦਿਓਗੇ ਤਾਂ ਫੇਰ ਹੀ ਤੁਹਾਡੀ ਗੱਲ ਨੂੰ ਕੋਈ ਕੰਨ ਕਰੂਗਾ ਜੀ। ”

ਦੂਜਾ ਮੁੰਡਾ ਬੋਲਿਆ, ” ਮੇਰੇ ਇੱਕ ਦੋਸਤ ਦੀ ਮਾਤਾ ਨੂੰ ਸਿਵਲ ਹਸਤਪਤਾਲ ਦਾਖਲ ਕਰਵਾਉਣਾ ਪਿਆ ਉਹ ਘਰੋਂ ਥੋੜਾ ਹੌਲਾ ਸੀ, ਮੈਂ ਦੇਖਿਆ ਜੀ, ਸਿਵਲ ਹਸਪਤਾਲ ਬਾਥਰੂਮਾਂ ਵਿੱਚ ਨੱਕ ਨਹੀ ਦੇ ਸਕਦੇ ਤੁਸੀਂ, ਬੈੱਡ ਗੰਦੇ, ਕੁਰਸੀਆਂ ਹੈਨੀ, ਪਰਿਵਾਰਾਂ ਦੇ ਮੈਂਬਰ ਭੂੰਜੇ ਹੀ ਲੰਮੇ ਪਏ ਦੇਖੇ ਮੈਂ, ਨਾ ਫਰਸ਼ ਸਾਫ ਨਾ ਉੱਥੋਂ ਦੇ ਛੋਟੇ ਮੁਲਾਜਮਾਂ ਦਾ ਲਹਿਜਾ ਸਾਫ ਹੈ, ਜਨਰਲ ਵਾਰਡ ਵਿੱਚ ਜਗਾ ਥੋੜੀ ਹੈ ਮਰੀਜ ਜਿਆਦਾ ਭਰਤੀ ਕੀਤੇ ਪਏ ਨੇ, ਮਸ਼ੀਨਾਂ ਦੀ, ਦਵਾਈਆਂ ਦੀ ਘਾਟ ਹੈ, ਟੈਸਟ ਬਾਹਰੋਂ ਕਰਵਾਉਣੇਂ ਪੈਂਦੇ ਨੇ।”

ਸਰ, ਤੁਸੀਂ ਜਾਣਦੇ ਹੋ, ਅੱਜ ਪੰਜਾਬ ਨੂੰ ਸਭ ਤੋਂ ਵੱਧ ਖੋਖਲਾ ਨਸ਼ਾ ਕਰ ਰਿਹਾ ਹੈ। ਇੱਥੇ ਨਸ਼ਾਂ ਪੰਜਾਬ ਦੀ ਨਸ-ਨਸ ਵਿੱਚ ਵੜ ਚੁੱਕਾ ਹੈ। ਨੌਜਵਾਨ ਪੀੜੀ ਬੇਰੁਜਗਾਰੀ ਕਾਰਨ ਤਨਾਓ ਦਾ ਸ਼ਿਕਾਰ ਹੋ ਕੇ ਨਸ਼ਾ ਕਰਦੀ ਹੈ, ਤੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਉਤੋਂ ਲੁੱਟਾਂ ਖੋਹਾਂ ਤੇ ਉਤਾਰੂ ਹੋ ਜਾਂਦੀ ਹੈ। ਇਸ ਤੋਂ ਵੱਧ ਅੱਜ ਗੈਂਗਸਟਰਾਂ ਨੇ ਵੀ ਪੰਜਾਬ ਦੀ ਆਬੋ-ਹਵਾ ਖਰਾਬ ਹੋ ਚੁੱਕੀ ਹੈ। ਅਖਬਾਰਾਂ ਵੀ ਲੁੱਟਾਂ-ਖੋਹਾਂ ਤੇ ਮਾਰ ਕੱਟ ਨਾਲ ਭਰੀਆਂ ਮਿਲਦੀਆਂ ਨੇ ਰੋਜ। ਜਿਸ ਕੋਲ ਚਾਰ ਪੈਸੇ ਹੁੰਦੇ ਹਨ, ਉਸਨੂੰ ਧਮਕੀਆਂ ਮਿਲਣੀਆਂ ਸੁਰੂ ਹੋ ਜਾਂਦੀਆਂ ਨੇ ਜੀ। ਸਰ ਜੀ, ਮੁੱਕਦੀ ਗੱਲ਼, ਏਥੇ ਨਾ ਕੋਈ ਰੱਜ ਕੇ ਕਮਾ ਸਕਦਾ, ਨਾ ਹੰਢਾ ਸਕਦਾ ਤੇ ਨਾ ਹੀ ਕਮਾਈ ਲੁਕਾ ਕੇ ਰੱਖ ਸਕਦਾ।”

ਹੋਰ ਸੁਣੋ, ਕੱਲ਼ ਮੇਰੇ ਮਾਮੇ ਦੇ ਮੁੰਡੇ ਨੇ ਫੋਨ ਕੀਤਾ ਤੇ ਦੱਸਿਆ ਕਿ ਉਨੇ ਕਨੇਡਾ ਵਿੱਚ ਆਪਣੇ ਮੰਮੀ ਡੈਡੀ ਨੂੰ ਸੂਪਰ ਵੀਜੇ ਤੇ ਬੁਲਾਇਆ ਸੀ ਉਹ ਪੱਕੇ ਹੋ ਗਏ ਤੇ ਹੁਣ ਦੋਵਾਂ ਦੀ ਪੈਂਤੀ ਸੌ ਡਾਲਰ ਮਹੀਨਾ ਪੈਨਸ਼ਨ ਲੱਗ ਗਈ ਹੈ, ਇਧਰ ਦੇ ਲਗਭਗ ਦੋ-ਸਵਾ ਦੋ ਲੱਖ ਰੁਪਏ ਤਾਂ ਬੁਢਾਪਾ ਪੈਨਸ਼ਨ ਲੱਗੀ ਆ, ਇੱਧਰ ਵੇਖੋ ਪਹਿਲਾਂ ਤਾਂ ਬੁਢਾਪਾ ਪੈਨਸ਼ਨ ਦਾ ਫਾਰਮ ਹੀ ਛੇਤੀ ਕੰਪਲੀਟ ਨਹੀਂ ਹੁੰਦਾ, ਪਤਾ ਨੀ ਕਿੰਨੀਆਂ ਰਿਪੋਟਾਂ ਲੱਗਦੀਆਂ ਨੇ, ਨੰਬਰਦਾਰ, ਸਰਪੰਚ, ਪਟਵਾਰੀ, ਕਾਨੂੰਗੋ, ਤਸੀਲਦਾਰ, ਫੇਰ ਜੇ ਫਾਰਮ ਭਰ ਵੀ ਲਈਏ ਤਾਂ ਸੇਵਾ ਕੇਂਦਰਾਂ ਦੀਆਂ ਲੰਮੀਆਂ ਲੰਮੀਆਂ ਲਾਇਨਾਂ ਤੇ ਉੱਤੋਂ ਫੇਰ ਨੁਕਸ ਨਿਕਲ ਆਵੇ, ਕੋਈ ਕਾਗਜ ਘੱਟ ਵੱਧ ਹੋਜੇ ਤਾਂ ਫੇਰ ਦਫਤਰਾਂ ਦੇ ਚੱਕਰ, ਚਲੋ ਜੇ ਰਿੜ-ਪੁੜ ਕੇ ਬੁਢਾਪਾ ਪੈਨਸ਼ਨ ਲੱਗ ਹੀ ਗਈ ਤਾਂ ਫੇਰ ਪਿੰਡ ਦੀ ਪਾਰਟੀਬਾਜੀ ਨਾਲ ਮੱਥਾ ਲੱਗ ਜਾਂਦੈ,,ਜੇ ਤਾਂ ਸਰਪੰਚ ਤੁਹਾਡੀ ਪਾਰਟੀ ਦਾ ਹੈ ਤਾਂ ਪੈਨਸ਼ਨ ਚੱਲਦੀ ਰਹੂ,. ਪਰ ਜੇ ਵਿਰੋਧੀ ਪਾਰਟੀ ਦਾ ਹੈ ਤਾਂ ਜਦੋਂ ਉਹ ਪਾਵਰ ਵਿੱਚ ਆਉਂਦੇ ਨੇ, ਪੈਨਸ਼ਨ ਹੀ ਕੱਟੀ ਜਾਂਦੀ ਐ,,ਜੇ ਏਸ ਮੁਸ਼ਕਲ ਤੋਂ ਬਚ ਗਏ ਤਾਂ ਸਰਕਾਰ ਦਾ ਬਜਟ-ਫੰਡ ਘੱਟ ਜਾਂਦੈ ਜਾਂ ਲੇਟ ਪਹੁੰਚਦਾ ਦਫਤਰਾਂ ਕੋਲ ਤਿੰਨ-ਤਿੰਨ ਮਹੀਨੇ ਪੈਨਸ਼ਨ ਰੁਕੀ ਰਹਿੰਦੀਹੈ। ਦੱਸੋ ਏਹੋ ਬਜੁਰਗਾਂ ਦਾ ਸਹਾਰਾ ਹੁੰਦੈ ਜੇ ਉਹ ਵੀ ਨਾ ਸਮੇਂ ਸਿਰ ਬਹੁੜੇ ਤਾਂ ਡਾਹਢੀ ਮੁਸ਼ਕਲ ਆਉਂਦੀ ਹੈ। ਸਿਵਲ ਹਸਪਤਾਲ ”

ਮੈਨੂੰ ਲੱਗਾ ਜਿਵੇਂ ਉਹ ਮੁੰਡੇ ਬਿਲਕੁਲ ਠੀਕ ਹੀ ਕਹਿ ਰਹੇ ਸਨ। । ਉਮਰ ਪੱਖੋਂ ਭਾਵੇਂ ਅਲੂੰਏ ਜਿਹੇ ਸਨ, ਪਰ ਉਨਾਂ ਦੀ ਸੋਚ, ਵਿਚਾਰ ਤੇ ਤਜਰਬੇ ਗਹਿਰੇ ਸਨ।

ਫੇਰ ਕੁਝ ਮਹੀਨੇ ਪਹਿਲਾਂ ਇੱਕ ਅਖਬਾਰ ਦੀ ਹੈੱਡਲਾਇਨ ਮੇਰੇ ਜਿਹਨ ਵਿੱਚ ਘੁੰਮਣ ਲੱਗੀ ਜਿਸ ਵਿੱਚ ਕਿਹਾ ਗਿਆ ਸੀ ਵਈ, ਭਾਰਤ ਵਿੱਚ ਪਹਿਲੇ ਸੱਤ ਸੂਬਿਆਂ ਵਿੱਚ ਪੰਜਾਬ ਦਾ ਵੀ ਨਾਮ ਆਉਂਦਾ ਹੈ ਜਿੱਥੇ ਸਾਲ 2023 ਦੌਰਾਨ ਸਭ ਤੋਂ ਜਿਆਦਾ ਪਾਸਪੋਰਟ ਬਣੇ ਹਨ। ਸਭ ਤੋਂ ਪਹਿਲੇ ਨੰਬਰ ਤੇ ਕੇਰਲਾ ਦਾ ਨਾਮ ਆਉਂਦਾ ਹੈ। ਪੰਜਾਬ ਦੇ ਹਰ ਪਰਿਵਾਰ ਵਿੱਚ ਹਰ ਬੱਚੇ ਦਾ ਪਾਸਪੋਰਟ ਬਨਣਾ ਅੱਜਕਲ ਲਾਜਮੀ ਹੋ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਬਾਹਰ ਜਾਣ ਤੇ ਵੱਸਣ ਦਾ ਰੁਝਾਨ ਕਿੰਨਾ ਵੱਧ ਗਿਆ ਹੈ। ਇਕ ਵਿਦੇਸ਼ੀ ਨਿਊਜ ਏਜੰਸੀ ਹੀਨਲੇ ਅਤੇ ਪਾਰਟਨਰਜ ਮੁਤਾਬਕ ਲਗਭਗ 5100 ਭਾਰਤੀ ਕਰੋੜਪਤੀ ਸਾਲ 2023 ਵਿੱਚ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਲਈ ਪਾਲਇਨ ਕਰ ਚੁੱਕੇ ਹਨ ਲਗਭਗ 4300 ਕਰੋੜਪਤੀ ਲੋਕ ਹੋਰ ਇਸ ਸਾਲ ਜਾ ਸਕਦੇ ਅਜਿਹਾ ਅਨੁਮਾਨਿਤ ਹੈ। ਇਨਾਂ ਲੋਕਾਂ ਦੇ ਪਲਾਇਨ ਕਰਨ ਦਾ ਮੁੱਖ ਉਦੇਸ਼, ਵਧੀਆਂ ਭਵਿੱਖ ਤੇ ਖੁਸ਼ਹਾਲ ਜੀਵਨ, ਸਾਫ ਸੁੱਥਰੇ ਵਾਤਾਵਰਨ ਤੇ ਸਿਹਤ ਸੇਵਾਵਾਂ, ਬੱਚਿਆਂ ਦੀ ਵਧੀਆ ਪੜਾਈ ਆਦਿ ਮੁੱਖ ਹਨ। ਇਨਾਂ ਲੋਕਾਂ ਦੀ ਮੁੱਖ ਤਰਜੀਹ ਵਿੱਚ ਪਹਿਲੇ ਨੰਬਰ ਤੇ ਦੁਬਈ ਨੂੰ ਮੁੱਖ ਰੂਪ ਵਿੱਚ ਤੇ ਅਮਰੀਕਾ, ਆਸਟਰੇਲਿਆ ਤੇ ਕਨੇਡਾ ਆਦਿ ਦੂਜੇ ਨੰਬਰ ਤੇ ਆਉਂਦੇ ਹਨ।

ਹੁਣ, ਅੱਗੇ ਮੇਰੇ ਪਿੰਡ ਦਾ ਬਸ ਅੱਡਾ ਆ ਰਿਹਾ ਸੀ।

ਮੈਂ ਬਾਹਰ ਤਾਕੀ ਵਿੱਚੋਂ ਵੇਖਿਆ, ਬੱਸ ਦੇ ਤੇਜ ਭੱਜਣ ਨਾਲ ਬਾਹਰਲੇ ਦਿਸਦੇ ਹਰਿਆਲੀ ਭਰਪੂਰ ਖੇਤ, ਰੁੱਖ-ਝਾੜੀਆਂ ਪਿੱਛੇ ਲੰਘਦੇ ਏਵੇਂ ਲੱਗ ਰਹੇ ਸਨ ਜਿਵੇਂ ਪੰਜਾਬ ਦੀ ਨਵੀਂ ਪੀੜੀ ਦੇ ਨੌਜੁਆਨ, ਪੁਰਾਣੀ ਨੂੰ ਲਿਤਾੜ ਤੇ ਪੰਜਾਬ ਦੇ ਸਭਿਆਚਾਰ, ਪਿਆਰ ਸਭ ਨੂੰ ਰੌਂਦਦੇ ਦੌੜੇ ਜਾ ਰਹੇ ਸਨ ਪਤਾ ਨੀ ਕਿਹੜੇ ਅਣਦਿਸਹੱਦਿਆਂ ਦੀ ਦੌੜ ਦੌੜਦੇ। ਸ਼ਾਇਦ ਇਹ ਨੌਜਵਾਨ ਪੀੜੀ ਵੀ ਠੀਕ ਦਿਸ਼ਾ ਵੱਲ ਨੂੰ  ਦੌੜ ਰਹੀ ਸੀ।

ਪਿੰਡ ਦਾ ਬੱਸ ਅੱਡਾ ਆਇਆ, ਮੈਂ ਉੱਤਰਿਆ ਤੇ ਉਹ ਦੋਵੇਂ ਮੁੰਡੇ ਬਸ ਅੰਦਰੋਂ ਮੈਨੂੰ ਦੇਖ ਰਹੇ ਸਨ, ਸ਼ਾਇਦ ਉਨਾਂ ਨੂੰ ਵੀ ਅੱਜ ਆਪਣੇ ਅੰਦਰਲੇ ਆਪੇ ਨੂੰ ਬਿਆਨ ਕਰਨ ਦਾ ਪੂਰਾ ਮੌਕਾ ਮਿਲ ਗਿਆ ਸੀ ਤੇ ਉਨਾਂ ਦੇ ਆਪਣੇ ਭਵਿੱਖ ਨੂੰ ਲੈ ਕੇ ਇਰਾਦੇ-ਨਿਸ਼ਾਨੇ ਬਿਲਕੁਲ ਸਹੀ ਸਨ, ਏਹ ਉਨਾਂ ਦੇ ਆਤਮ ਵਿਸ਼ਵਾਸ਼ ਨਾਲ ਭਰੇ ਚੇਹਰੇ ਤੇ ਅੱਖਾਂ ਸਾਫ ਦੱਸ ਰਹੀਆਂ ਸਨ।
ਉਨਾਂ ਮੁੰਡਿਆਂ ਨੇ ਮੇਰੇ ਨਾਲ ਹਲਕੀ ਜਿਹੀ ਮੁਸਕਰਾਹਟ ਦੀ ਸਾਂਝ ਪਾਈ ਤੇ ਨਾਲ ਹੀ ਬਸ ਚੱਲ ਪਈ।

ਮੈਂ ਅਜੇ ਵੀ ਉੱਥੇ ਹੀ ਖਲੋਤਾ ਸੀ, ਹੌਲੀ-ਹੌਲੀ ਬੱਸ ਨਜਰੋਂ ਉਹਲੇ ਹੋ ਗਈ। ਹੁਣ ਮੇਰੇ ਤੇ ਉਨਾਂ ਬਸ ਵਾਲੇ ਮੁੰਡਿਆਂ ਵਿਚਾਲੇ ਦੂਰੀ ਬਹੁਤ ਵੱਧ ਗਈ ਸੀ ਜਿਵੇਂ ਪੰਜਾਬ ਤੇ ਉਸਦੀ ਅਜੋਕੀ ਨੋਜਵਾਨ ਪੀੜੀ ਵਿਚਾਲੇ।

ਮਿੱਟੀ ਦੇ ਦੀਵੇ

$
0
0

ਰਤਨੋ ਨੇ ਭਾਂਡੇ ਮਾਂਜ ਕੇ ਤੂਤ ਦੀਆਂ ਛਿਟੀਆਂ ਦੀ ਬਣੀ ਇੱਕ ਟੋਕਰੀ ‘ਚ ਰੱਖਿਆਂ ਸੋਚਿਆ, ‘ਕੀ ਦਾਲ-ਭਾਜੀ ਬਣਾਵਾਂ…!’ ਇੰਨੇ ਨੂੰ ਉਸਦੀ ਨਿਗ੍ਹਾ ਹਾਰੇ ਕੋਲ ਬੋਹੀਏ ਰੱਖੇ ਚਿੱਬੜ ਤੇ ਮਿਰਚਾਂ ਵੱਲ ਪਈ। ‘ਚਲ…ਚਿਬੜਾਂ ਤੇ ਮਿਰਚਾਂ ਦੀ ਚੱਟਣੀ ਹੀ ਕੁੱਟ ਲੈਨੀਂ ਆਂ’। ਚੁੱਲ੍ਹੇ ਕੋਲੋਂ ਕੂੰਡਾ-ਸੋਟ ਚੁੱਕ ਰਤਨੋ ਨੇ ਚੱਟਣੀ ਕੁੱਟ ਕੇ ਬਾਟੀ ‘ਚ ਕੱਢੀ ‘ਤੇ ਚੁੱਲ੍ਹੇ ਤੇ ਰੋਟੀ ਲਾਹੁਣ ਲੱਗੀ। ‘ਇਹ ਗਿੱਲੇ ਗੋਹੇ ਵੀ ਮਨਾਂ ਸਾਡੇ……ਗਰੀਬਾਂ…ਦੇ ਨਸੀਬਾਂ ਵਾਂਗੂ ਧੁੱਖਦੇ ਈ ਰਹਿੰਦੇ ਐ, ‘ਫੂਕਣੀ ਚੁੱਕ ਕੇ ਰਤਨੋ ਬੁੜ-ਬੁੜਾਉਂਦੀ ਚੁੱਲ੍ਹੇ ‘ਚ ਫੂਕਾਂ ਮਰਨ ਲੱਗੀ। ਇੰਨੇ ਨੂੰ ਬਾਹਰ ਗਲੀ ਵਿੱਚ ਰੌਲਾ ਜਿਹਾ ਸੁਣਿਆ। ਰਤਨੋ ਬੂਹੇ ਵੱਲ ਨੂੰ ਹੋ ਤੁਰੀ। ਦੀਵਾਲੀ ਦੇ ਤਿਉਹਾਰ ਖਾਤਰ ਲਾਈਟਾਂ ਵਾਲੇ ਲਾਟੂ ਵੇਚਣ ਵਾਲਾ ਆਇਆ ਹੋਇਆ ਸੀ। ਸਾਰੇ ਲੋਕ ਉਸ ਦੇ ਆਲੇ-ਦੁਆਲੇ ਇੱਕਠੇ ਹੋ-ਹੋ ਖੜ ਰਹੇ ਸੀ।

“ਨੀਂ ਰਤਨੋ ਆਜਾ…ਤੂੰ ਵੀ ਖ਼ਰੀਦ ਲੈ ਲਾਈਟਾਂ ਵਾਲੀਆਂ ਲੜੀਆਂ”, ਗੁਆਂਢਣ ਨੇ ਕਿਹਾ।

“ਨਾ ਭਾਈ…ਤੁਸੀਂ ਖਰੀਦੋ, ਆਪਾਂ ਨੂੰ ਤਾਂ ਦਿਖਾਏ ਨਹੀਂ, ਮਿੱਟੀ ਦੇ ਦੀਵੇ ਹੀ ਸੁਖਾਂਦੇ। ਇਨ੍ਹਾਂ ਲੜੀਆਂ ਦੇ ਚਾਨਣ ਵਿੱਚ ਉਹ ਨਿੱਘ ਕਿੱਥੇ…ਜੋ ਮਿੱਟੀ ਦੇ ਦੀਵੇ ਵਿੱਚ ਤੇਲ ਪਾ ਕੇ, ਬੱਤੀ ਡੁਬੋ ਕੇ… ਦੀਵੇ ਬਾਲ ਕੇ ਕੰਧਾਂ-ਬਨੇਰਿਆਂ ‘ਤੇ ਪਾਲ਼ੋ-ਪਾਲ਼ ਧਰਨਾ ‘ਤੇ ਫਿਰ ਚਾਨਣ ਨੂੰ ਨਿਹਾਰਦੇ ਰਹਿਣਾ। ਨਾਲੇ ਮੇਹਨਤ ਨਾਲ ਕਰੇ ਚਾਨਣ ਵਿੱਚ ਜੋ ਸਕੂਨ ਹੁੰਦਾ…ਉਹ ਇਹਨਾਂ ਰੰਗ-ਬਰੰਗੀਆਂ ਲਾਈਟਾਂ ਦੀ ਸੁੱਚ ਦੱਬਣ ‘ਚ ਕਿੱਥੇ…”, ਕਹਿ ਕੇ ਰਤਨੋ ਘਰ ਅੰਦਰ ਆ ਕੇ ਮਿੱਟੀ ਦੇ ਦੀਵਿਆਂ ਨੂੰ ਦੇਖ ਕੇ ਇਵੇਂ ਖੁਸ਼ ਹੋਈ ਜਿਵੇਂ ਕਿ ਪੂਰੀ ਦੁਨੀਆਂ ਦੀ ਅਮੀਰੀ ਉਸਦੇ ਕੱਚੇ ਜਿਹੇ ਵਿਹੜੇ ‘ਚ ਆ ਢੁੱਕੀ ਹੋਵੇ।

ਇਕ ਕੰਢੇ ਵਾਲਾ ਦਰਿਆ

$
0
0

ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ ।  ਕੁਮਾਰ ਜੀ ਦਾ ਹੁਕਮ ਸੀ – ‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘
ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ ਹੋ ਉੱਠਿਆ । ਬਿਨਾਂ ਕਿਸੇ ਨਿੱਜੀ ਅੰਗ-ਰਾਖੇ ਦੇ ਕਰਮੇ ਦੀ ਕੁੱਲੀ ਸਾਹਮਣੇ ਆ ਭੱਬਕਿਆ – “ਓਏ ਕਰਮੂੰ ਕੇ ਬੱਚੇ,ਬਾਹਰ ਆ ਜ਼ਰਾ…..।“
ਕਰਮਾ ਅਜੇ ਆਇਆ ਈ ਸੀ ਕੰਮ ਤੋਂ । ਥ੍ਰੀ-ਵੀਲਰ ਖੜ੍ਹਾ ਕਰਕੇ ਅਜੇ ਗਿਆ ਈ ਸੀ ਅੰਦਰ । ਉਸ ਦੀ ਚੀਕ ਜਿਹੀ ਸੁਣ ਕੇ , ਝੱਟ ਬਾਹਰ ਆ ਗਿਆ । ਬਿਨਾਂ ਕਿਸੇ ਡਰ-ਭੈਅ ਦੇ ਉਹ ਵਰਮੇ ਦੀ ਗੱਡੀ ਸਾਹਮਣੇ ਆ ਖੜ੍ਹਾ ਹੋਇਆ ।
ਵਰਮੇ ਦੀਆਂ ਅੱਖਾਂ ਜਿਵੇਂ ਲਹੂ ਡੋਲ੍ਹ ਰਹੀਆਂ ਹੋਣ ।ਬਿਨਾਂ ਬੋਲੇ ਜਿਵੇਂ ਉਹ ਵਿੰਡ-ਗਲਾਸ ਵਿਚੋਂ ਦੀ ਕਰਮੇ ਦੀ ਮਾਂ ਦੀ , ਧੀ ਦੀ ਕਰ ਰਹੀਆਂ ਹੋਣ ।
ਉਸਦੀ ਬਿਫ਼ਰੀ-ਬਿਗੜੀ ਹਾਲਤ ਦੇਖ ਕੇ ਕਰਮਾ ਕੁਝ ਡਰਿਆ । ਪਰ, ਆਂਡ-ਗੁਆਂਢ ਤੋਂ ਉਸ ਵੱਲ, ਸਰਕ ਆਈ ਕਿੰਨੀ ਸਾਰੀ ਭੀੜ ਦੇਖ ਕੇ ਮੁੜ ਹੌਸਲਾ ਫੜ ਗਿਆ – “ ਆ ਓਏ ਬਾਊ…ਉਤਰ ਆ ਬੱਲੇ ।…..ਦੱਸ ਕੀ ਹੁਕਮ ਆਂ ? “
ਬਾਉ ਵੀ ਕਰਮਾ ਉਸ ਨੂੰ ਕਿਸੇ ਦੇ ਸਾਹਮਣੇ ਈ ਕਿਹਾ ਕਰਦਾ ਸੀ , ਨਹੀਂ ਕੱਲੇ ਨੂੰ ਉਹ ਉਸ ਨੂੰ ਬਰਮੂੰ ਆ ਕੇ ਬੁਲਾਉਂਦਾ ਜਾਂ ਸ਼ਰਮਾ। ਥਾਂ ਘਰ ਥਾਂ ਛੇਕ ਕਰਨ ਵਾਲਾ ਜੰਤਰ ।ਕੁਮਾਰ ਬਾਬੂ ਦਾ ਹੱਥ-ਠੋਕਾ । ਉਂਝ ਵਰਮੇ ਦਾ ਅਸਲ ਨਾਂ ਵੀ ਕਰਮੇ ਨੂੰ ਨਹੀਂ ਸੀ ਪਤਾ ।ਪਤਾ ਕਰਨ ਦੀ ਲੋੜ ਈ ਨਹੀਂ ਸੀ ਪਈ । ਉਨ੍ਹਾਂ ਦੇ ਕੰਮਕਾਰ ਦੀ ਸਾਂਝ ਵੀ ਰਹੀ, ਥਾਂ-ਟਿਕਾਣੇ ਦੀ ਵੀ । ਜਿੰਨਾ ਕੁ ਵਰਮੇ ਨੇ ਦੱਸਿਆ , ਪਹਿਲੀ ਵਾਰ ਮਿਲਣ ‘ਤੇ , ਉਸੇ ਨਾਲ ਹੀ ਚਲਦੀ ਰਹੀ ਗੱਡੀ ।
ਵਰਮਾ ਉਸ ਨੂੰ ਵੀਹ ਕੁ ਵਰ੍ਹੇ ਪਹਿਲਾਂ ਟੱਕਰਿਆ ਸੀ, ਵੱਡੀ ਮਸੀਤ ਸਾਹਮਣੇ । ਤੰਗ ਜਿਹੇ ਫੁੱਟ-ਪਾਥ ‘ਤੇ ।ਸ਼ਾਮੀ ਮੂੰਹ-ਹਨੇਰੇ ਜਿਹੇ । ਉੱਚੇ ਜੰਗਲੇ ਦੀ ਓਟ ‘ਚ । ਜਿਥੇ ਕਰਮਾ ਹਰ ਰੋਜ਼ ਰਾਤੀ ਆ ਟਿਕਦਾ ।….ਇਕ ਦਿਨ ਉਸ ਤੋਂ ਪਹਿਲਾਂ ਹੀ ਕੋਈ ਓਪਰਾ ਮੁੰਡਾ ਉਸਦੀ ਥਾਂ ਮੱਲੀ ਪਿਆ ਸੀ । ਉਸ ਨੇ ਆਉਂਦੇ ਨੇ ਉਹਨੂੰ ਉੱਥੋਂ ਹਟ ਜਾਣ ਲਈ ਕਿਹਾ । ਉਹ ਅੱਗੁਂ ਪੈਂਦੀ ਸੱਟੇ ਕਰਮੇ ਦੇ ਗਲ਼ ਪੈ ਗਿਆ । ਗਾਲੀ-ਗਲੋਚ ਤੋਂ ਵਧਦੀ ਗੱਲ ਹੱਥੋਪਾਈ ਤਕ ਅੱਪੜ ਗਈ ।ਉਨ੍ਹਾਂ ਦੇ ਲਾਗੇ ਪਾਸੇ ਪਏ-ਸੁੱਤੇ ਕਈਆਂ ਨੇ ਪੈ-ਪੁਆ ਕੇ ਝਗੜਾ ਮੁੱਕਦਾ ਕਰ ਲਿਆ । ਕਰਮੇ ਨੂੰ ਉਸਦੀ ਪਹਿਲੀ ਥਾਂ ਮਿਲ ਗਈ, ਪਰ ਦੂਜੀ ਮੁੰਡਾ ਵੀ ਕਿਧਰੇ ਦੂਰ-ਪਾਰ ਨਾ ਗਿਆ ।ਉਹ ਵੀ ਲਾਗੇ ਹੀ ਪਿਆ ਰਹਿਣ ਲਈ ਰਾਜ਼ੀ ਹੋ ਗਿਆ, ਥੋੜ੍ਹਾ ਕੁ ਹਟਵਾਂ। ਸਵੇਰੇ ਉੱਠਦਿਆਂ ਦੋਨਾਂ ਦੀਆਂ ਅੱਖਾਂ ‘ਚ ਨਾ ਗਿਆ ਸੀ ,ਨਾ ਗੁੱਸਾ । ਥੋੜ੍ਹੀ ਬਓਤ ਅਪਣੱਤ ਜ਼ਰੂਰ ਸੀ ਜਾਂ ਜ਼ਰਾ ਕੁ ਜਿੰਨੀ ਨਮੋਸ਼ੀ-ਫੁੱਟਪਾਥੀ ਹੋਣ ਦੀ ਨਮੋਸ਼ੀ ।
“ ਮੈਂ ਕਰਮਾ ਆਂ…ਤੇਰੇ ਨਾਂ ਕੀ ਆ….” ਕਰਮੇ ਨੇ ਉਸ ਨੂੰ ਆਪਣਾ ਨਾਂ ਦੱਸ ਕੇ ਗੱਲ ਤੋਰਨ ਲਈ ਗੱਲ ਤੋਰੀ ਸੀ ।
“  ਜੇ ਤੂੰ ਕਰਮਾ ਤਾਂ ਮੈਂ ਵਰਮਾ…,” ਉਸ ਨੇ ਜਿਵੇਂ  ਨਹਿਲੇ ‘ਤੇ ਦਹਿਲਾ ਮਾਰਨ ਲਈ ਤਰ੍ਹਾਂ-ਮਿਸਰਾ ਜੋੜ ਦਿੱਤਾ ਹੋਵੇ।
ਫਿਰ ਕਿੰਨੇ ਹੀ ਦਿਨ ਵਰਮਾ, ਨਵੀਂ ਲੱਭੀ ਥਾਂ ‘ਤੇ ਆ ਟਿਕਦਾ ਰਿਹਾ ।
ਗਈ ਰਾਤ ਤਕ, ਉਹ ਆਪਣੇ ਕਾਰ-ਕਿੱਤੇ ਦੇ ਗੱਫੇ-ਤਰਾਰੇ ਕਰਮੇ ਨੁੰ ਦੱਸਦਾ, ਉਸਨੂੰ ਕੁਲੀ-ਗੀਰੀ ਦੇ ਭਾਰ-ਬੋਝ ਤੋਂ ੳਚਾਟ ਕਰਦਾ ਰਿਹਾ ….ਤੇ ਇਕ ਦਿਨ ਉਹ ਵੱਡੀ ਮਸੀਤ ਸਾਹਮਣਲੇ ‘ਰਿਹਾਇਸ਼ੀ-ਅੱਡੇ’ ਤੋਂ ਫਿਰ  ਗਾਇਬ ਸੀ,ਕਰਮੇ ਸਮੇਤ।
ਅਸਲ ‘ਚ ਵਰਮਾ ਕਿਸੇ ਵੀ ਇਕ ਥਾਂ ਬਓਤਾ ਚਿਰ ਟਿਕਿਆ ਨਹੀਂ ਸੀ ਰਿਹਾ ਸਕਿਆ ।
ਇਥੇ ਵੀ ਉਸਨੇ ਅੱਠ-ਸੱਤ ਵਰ੍ਹੇ ਹੀ ਕੱਟੇ ਸਨ, ਇਸ ਬਸਤੀ ‘ਚ । ਜਿਥੇ ਹੁਣ ਉਸਦੀ ਗੱਡੀ ਆ ਧਮਕੀ ਸੀ , ਬਿਨਾਂ ਕਿਸੇ ਅੰਗ-ਰਾਖੇ ਦੇ । ਬਿਨਾਂ ਕਿਸੇ ਭੈਅ-ਡਰ ਦੇ । ਇਥੋਂ ਦੇ ਸਾਰੇ ਲੋਕ ਤਾਂ ਉਸਦੇ ਦੇਣਦਾਰ ਸਨ। ਅਤਿ ਦੇ ਅਹਿਸਾਨਮੰਦ । ਨਹੀਂ ਤਾਂ ਇਨ੍ਹਾਂ ‘ਚ ਕਿਸੇ ਦੀ ਕੀ ਹਿੰਮਤ ਸੀ । ਐਨੀ ਉੱਚੀ, ਐਨੀ ਖੁੱਲ੍ਹੀ ਥਾਂ ਘੇਰ ਕੇ ਬੈਠਣ ਦੀ । ਮੁਫ਼ਤੋ-ਮੁਫ਼ਤ । ਧੁੱਸੀ-ਬੰਨ੍ਹ ਦੇ ਅੰਦਰ । ਇਨ੍ਹਾਂ ਤਾਂ ਮਹਾਂਨਗਰ ਦੇ ਅੰਦਰਲੇ-ਬਾਹਰਲੇ ਫੁੱਟ-ਪਾਥਾਂ ਤੇ  ਰੁੜ੍ਹ-ਖੁੜ੍ਹ ਕੇ ਮਰ-ਮੁੱਕ ਜਾਣਾ ਸੀ ਹੁਣ ਨੂੰ । ਇਹ ਤਾਂ ਭਲਾ ਹੋਵੇ ਉੱਚੇ-ਉੱਚੇ ਮਹਿਲਾਂ ਵਰਗੇ ਬੰਗਲਿਆਂ-ਵਿੱਲਿਆਂ ਅੰਦਰ ਰਸਣ-ਵਸਣ ਵਾਲੀ ਨਰਮ-ਨਾਜ਼ੁਕ ਲਗਰ-ਪੂੰਗ ਦਾ , ਜਿਨ੍ਹਾਂ ਦੀ ਕਮਸਿਨ ਮਹਿਲਾ-ਸੰਮਤੀ ਦੀ ਸਭ ਤੋਂ ਮਾਡਰਨ-ਮਾਡਲ ਕੁਰਸੀ ਰਾਣੀ ਤੋਂ ਅਛੋਪਲੇ ਜਿਹੇ ਉਸਦੇ ਰਮਾਂਚਿਤ ਸੁਭਾਅ ਦੇ ਰਾਜ-ਕੁਮਾਰ ਦੇ ਮੂੰਹ-ਕੰਨ ਨਾਲ ਮੂੰਹ ਜੋੜ ਕੇ ਬੱਸ ਐਨੀ ਕੁ ਗੱਲ ਆਖੀ ਸੀ – “ ਡੀਅਰ ਹਮੇਂ ਫੁੱਟ-ਪਾਥੋਂ, ਸੜਕੋਂ-ਬਾਜ਼ਾਰੋਂ ਪਏ ਸੋਤੇ-ਘੂੰਮਤੇ , ਗੰਦੇ-ਮੰਦੇ ਲੋਕ ਬਿਲਕੁਲ ਅੱਛੇ ਨਹੀ ਲਗਤੇ….ਜੀਆ ਮਤਲਾ ਜਾਤਾ ਹੈਅ  ਹਮਰਾ ਉਨ ਪਏ ਨਜ਼ਰ ਗਿਰਤੇ ਹੀ ….। ਕੁਝ ਕਰੋ ਨਾ, ਡਾਰਲਿੰਗ …ਪਲੀਜ਼….! “
ਬੱਸ , ਉਸ ਦੇ ਫੁੱਲ-ਪੱਤੀਆਂ ਵਰਗੇ ਰੰਗ-ਬਿਰੰਗੇ ਬੁੱਲ੍ਹਾਂ ‘ਚੋਂ ਐਨੇ ਕੁ ਬੋਲ ਕਿਰਨ ਦੀ ਦੇਰ ਸੀ ਕਿ ਯੁਵਾ-ਵਿੰਗ ਦੇ ਸਰਵੇ-ਸਰਵਾ ਨੇ ਝੱਟ ਅਗਲਾ ਕਾਰਜ ਆਰੰਭ ਦਿੱਤਾ । …ਕੁਰਸੀ ਰਾਣੀ ਦੇ ਰੋਕਦਿਆਂ-ਟੋਕਦਿਆਂ ।
ਕੁਰਸੀ ਰਾਣੀ ਨੇ ਬਥੇਰਾ ਕਿਹਾ, ਬਥੇਰਾ ਸਮਝਾਇਆ – “ ਬੇਟਾ ਜੀ , ਯਹ ਤੋਂ ਸ਼ਕਤੀ –ਸਥੱਲ , ਰਾਜ-ਸਥੱਲ ਹੈਅ  ਹਮਾਰ ਲੋਗੋਂ ਕਾ, ਯਹ ਤੋਂ ਸੰਘਸ਼ਣ-ਖੜਾਮ ਹੈਅ ਹਮਰੇ ਖਾਨਦਾਨ ਕੀ ….। ਇਨ ਕੋਅ ਊਚਾ ਉਠਾਨੇ ਕੇ ਲੀਏ ਤੋਂ ਲਾਏ ਹੈਅ ਯਹਾਂ, ਦੂਰ-ਦਰਾਜ਼ ਖੇਤੋਂ –ਜੰਗਲੋਂ ਮੇਂ ਸੇ ਉਠਾ ਕਰਕੇ ….।“
ਪਰ, ਇਸ਼ਕੀ-ਮੁਸ਼ਕੀ ਯੁਵਾ-ਨੇਤਾ , ਯੁਵਕੀ-ਸ਼ਕਤੀ ਦੀ ਨਿਕਾਰੀ ਜਿਹੀ ‘ਮੰਗ ’ ਨਜ਼ਰ-ਅੰਦਾਜ਼ ਕਰ  ਕਿਵੇਂ ਸਕਦਾ ਸੀ ।
ਅਗਲੇ ਹੀ ਦਿਨ ਸਾਰਾ ਪ੍ਰਸ਼ਾਸ਼ਨ, ਉਸਦੀਆਂ ਫ਼ਰਮਾਇਸ਼ ਸ਼ੁਦਾ ਆਖੀਆਂ ਦੱਸੀਆਂ ਥਾਵਾਂ ਦੀ ਪੂਰਨ-ਸਫਾਈ ਕਰਨ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।
ਰੇਲ-ਪੁਲ ਹੇਠਲੇ ਪਹਿਲੇ ਥਮਲੇ ਦੀ ਢੋਅ ਨਾਲ ਘੁਰਨਾ ਬਣਾਈ ਬੈਠੇ ਕਰਮੇ-ਵਰਮੇ ਦੇ ਮੌਰਾਂ ‘ਚ ਵੀ ਪੁਲਸੀ  ਡਾਂਗਾਂ ਆ ਵਰ੍ਹੀਆਂ ।
ਅੱਠ-ਦਸ ਦਿਨ ਇਧਰ-ਉਧਰ ਟੱਕਰਾਂ ਮਾਰਦੇ, ਆਖਿਰ ਉਹ ਇਸ ਥਾਂ ਅੱਪੜ ਗਏ, ਜਿਥੇ  ਹੁਣ ਵਰਮੇ ਦੀ ਮਰਸੀਡੀਜ਼ ਆ ਖੜ੍ਹੀ ਸੀ ਤੇ ਕਾਲੇ ਤਰਪਾਲ ਦੇ ਓਟਣੇ ਹੇਠ ਸਾਹ ਲੈਣ ਲਈ ਆ ਰੁਕਿਆ ਕਰਮੇ ਦਾ ਥ੍ਹੀ—ਵੀਲਰ ।
ਵਰਮੇ ਦੇ ਮਨ ‘ਚ ਆਈ ਕਿ ਸਟੇਰਿੰਗ –ਸੀਟ ਤੋਂ ਉਤਰ ਕੇ ਉਹ ਕਰਮੇ ਨੂੰ ਜੂੜਿਓਂ ਫੜ ਲਏ । ਖੱਬੇ-ਸੱਜੇ ਹੱਥ ਦੇ ਦੋ-ਚਾਰ ਲੱਫੜ ਮਾਰਕੇ ਉਦ੍ਹਾ ਬੁਥਾੜ ਭੰਨ ਕੇ ਪੁੱਛੇ…ਹਰਾਮਦੀਏ ਜਿਣਸੇ ,ਤੇਰੇ ਕੋਈ  ਹੱਡ-ਚੰਮ ਲੱਗਦੀ ਵੀ ਆ ਕਿ ਨਈਂ ,ਮੰਗ-ਖਾਣੀ ਜਾਤ ਦੇਏ ….। ਵਾਹਲਾ ਈ ਸੰਨਿਆਸੀ ਬਣਿਆ ਫਿਰਦਾ….ਜੂਠ ਕਿਸੇ ਥਾਂ ਦੀ ….।“
ਪਰ, ਝੱਟ ਹੀ ਉਸ ਨੂੰ ਕੁਮਾਰ ਜੀ ਦੀ ਹੁਣੇ-ਹੁਣੇ ਕੀਤੀ ਹਦਾਇਤ ਚੇਤੇ ਆ ਗਈ – “ ਛੋੜੋ…ਛੋੜੋ ਉਸੇ ….ਏਕ ਦਮ ਦਫਾ ਕਰੋ …ਖੁਆਜ਼ਾ ਨਗਰ ਦਾ ਸਾਰਾ ਕਾਮ ਅੱਬ ਗੋਪੀ ਕੇ ਸੌਪ ਦੋ, ਗੋਪੀ ਕੋਅ ….।“
ਝੱਟ ਉਸਨੇ ਸਾਰੇ ਦਾ ਸਾਰਾ ਗੁੱਸਾ ਇਕੋ ਡੀਕੇ ਨਿਘਾਰ ਲਿਆ । ਕਰਮੇ ਨਾਲ਼ ਹੂਰਾ-ਮੁੱਕੀ ਹੋਣ ਦੀ ਬਜਾਏ ਉਹ ਗੋਪੀ ਨੂੰ ਇਕ ਪਾਸੇ ਲੈ ਤੁਰਿਆ ।ਇਕੱਲ-ਵੰਨ੍ਹੇ । ਨੱਕ-ਮੂੰਹ ‘ਤੇ  ਰੁਮਾਲ ਰੱਖ ਕੇ ।….ਨਾ ਚਾਹੁੰਦਾ ਹੋਇਆ ਵੀ ।
ਕਰਮੇ ਨੂੰ ਉਹ ਐਵੇਂ ਕਿਵੇਂ ‘ਸੁੱਟਣਾ ’ ਨਹੀਂ ਸੀ ਚਾਹੁੰਦਾ । ਹੁਣ ਇਸ ਤੋਂ ਬਿਨਾਂ ਚਾਰਾ ਕੋਈ ਨਹੀਂ ਸੀ ਉਸ ਪਾਸ ।
-“ ਕੀ ਹਾਲ  ਐ ਠੱਠੀ ਦਾ , ਗੋਪੀ ਸ਼ਾਹ….? ਬੜੇ ਢਿੱਲੇ-ਮੱਠੇ ਚਲਦੇ ਓਂਅ ਐਤਕੀ…? “
“ਨਈਂ ਜਨਾਬ ਬਿਲਕੁਲ ਨਈਂ ….ਐਹੋ ਜੇਈ ਕੋਈ ਗੱਲ ਨਈਂ….ਊਂ ਥੂਆਨੂੰ ਪਤਾ , ਢਿੱਲ-ਮੱਠ ਵੀ ਤਾਂ ਤੁਹੀ ਈ ਦੂਰ ਕਰਨੀ …..। ਬਾਕੀ ਤੁਹੀਂ ਫਿਕਰ ਨਾ ਕਰੋ , ਅਹੀਂ ਸਭ ਤਿਆਰ ਆਂ, ਪੱਕੇ-ਠੱਕੇ ।…..ਆਪਾਂ ਬਓਤ ਸੁਲਝੈ ਬੰਦੇ ਆਂ….।“
‘ਬਾਕੀ ਤਸੀਂ ਫਿਕਰ ਨਾ ਕਰੋ , ਅਹੀ ਸਭ ਤਿਆਰ ਆਂ, ਪੱਕ-ਠੱਕ’, ਵਾਲੀ ਗੱਲ ਗੋਪੀ ਨੇ ਆਪਣੇ ਵੱਲੋਂ ਪੂਰੇ ਜ਼ੋਰ ਨਾਲ ਉਭਾਰੀ , ਜਿਵੇਂ ਪਿਛਾਂਹ ਗੱਡੀ ਲਾਗੇ ਖੜ੍ਹੇ ਆਂਢ-ਗੁਆਂਢ ਨੁੰ ਸੁਣਾ ਕੇ ਆਖ ਰਿਹਾ ਹੋਵੇ । ਨਾਲ ਹੀ ਉਸ ਨੇ ਵਰਮੇ ਨਾਲ ਬਣੀ ‘ਨੇੜਤਾ ’ ਦਾ ਲਾਹਾ ਲੈਂਦਿਆਂ, ਕਰਮੇ ਦੀ ਅਲਗਰਜ਼ੀ ਵੀ ਉਸ ਤਕ ਅੱਪੜਦੀ ਕਰ ਛੱਡੀ । ਥੋੜ੍ਹਾ ਹੋਰ ਪਰ੍ਹਾਂ ਸਰਕ ਕੇ – “…ਹੋਰ ਤਾਂ ਸਭ ਠੀਕ ਆ ਬਾਊ ਬੈਬ ਜੀ ….ਥੁਆਨੂੰ ਪਤਆ ਆਪਾਂ ਬਓਤ ਸੁਲਝੇ ਬੰਦੇ ਆਂ …..। ਤੁਹੀਂ ਮੇਰੇ ਨਾਲ ਕਰਨੀਂ ਸੀ ਸਾਰੀ ਗੱਲ….।“
“ ਅੱਛਾ….ਊਂ  ਮਿਲੇ ਕਿੰਨੇ-ਕਿੰਨੇ ਆਂ ? ਅੱਧ-ਪੁਚੱਧ ਤਾਂ ਮਿਲ ਈ ਗਿਆ ਹੋਊ ….।“ ਅਣਜਾਣ ਬਣਦੇ ਵਰਮੇ ਨੇ ਗੋਪੀ ਦੇ ਮੋਢੇ ‘ਤੇ ਧਰਿਆ ਹੱਥ ਰਤਾ ਕੁ ਉਸਦੀ ਕੰਡ ਵੱਲ ਨੂੰ ਹੋਰ ਸਰਕਦਾ ਕਰ ਦਿੱਤਾ ।
“ ਓ ਕਿੱਥੇ ਬਾਊ ਜੀ ….! ਚਲੋ ਛੱਡੋ,ਅਹੀਂ ਸਮਝਾਂਗੇ ਸਾਰੇ ਈ ਮਿਲ੍ਹ ਗਏ । ਊਂ ਥੁਆਨੂੰ ਪਤਾ ਈ ਆ , ਆਪਾਂ ਬਓਤ ਸੁਲਝੇ ਬੰਦੇ ਆਂ…” ਤੈਅ ਹੋਏ ਸੌਦੇ ਦਾ ਸੱਚ-ਝੂਠ ਦੱਸ-ਪੁੱਛ ਕੇ ਵਾਪਸ ਮੁੜਦੇ ਗੋਪੀ ਨੇ ਨੀਵੀਂ ਕੀਤੀ ਸੁਰ ਮੁੜ ਪਹਿਲਾਂ ਵਾਂਗ ਉੱਚੀ ਕਰ ਲਈ – “ ਬਾਕੀ ਤੁਹੀ ਫਿਕਰ ਨਾ ਕਰੋ ….। ਮਜਾਆਲ ਆ ਇਕ ਵੀ ਬੰਦਾ ਠੱਗੀ-ਠੋਰੀ ਮਾਰੇ ਸਾਡੇ ‘ਚੋਂ….ਆਪਾਂ ਬਓਤ ਸੁਲਝੇ ਬੰਦੇ ਆਂ……”
ਗੋਪੀ ਤੋਂ ਦੋ ਕਦਮ ਹਟਵੇਂ ਮੁੜਦੇ ਵਰਮੇ ਨੇ ਇਕ ਵਾਰ ਫਿਰ ਕਰਮੇ ਨੂੰ ਗਹਿਰੀ ਨਜ਼ਰੇ ਘੂਰਿਆ । ਜਿਵੇਂ ਆਖ ਰਿਹਾ ਹੋਵੇ- “ ਜੇ ਨਈਂ ਸੀ ਕਰਨਾ –ਮਰਨਾ  ਕੁਛ ਵੀ , ਤਾਂ ਫੜ ਕਾਨੂੰ ਲਿਆ ਸੀ , ਲਿਫਾਫਾ……! “
… ਹੁਣ ਤਕ ਉਸਨੇ ਐਹੋ ਜਿਹੇ ਅਨੇਕਾਂ ‘ਡੀਲ’ ਨਪੇੜੇ ਚਾੜ੍ਹੇ ਸਨ ।ਏਥੇ ਇਸ ਬਸਤੀ ‘ਚ ਰਹਿੰਦਿਆਂ ਵੀ ਤੇ ਕੁਮਾਰ ਜੀ ਦੇ ਕੁਆਟਰ ‘ਚ ਪੁੱਜ ਕੇ ਵੀ । ਕਰਮਾ ਵੀ ਉਸਦਾ ਭਾਈਵਾਲ ਰਿਹਾ ਸੀ ਹਰ ਥਾਂ । ਉਹਨਾਂ ਸਭਨਾਂ ਦਾ ਇਕੋ-ਇਕ ਨਿਯਮ ਚੇਤੇ ਸੀ ਉਸਨੂੰ – ‘ਅੱਧੀ ਰਕਮ ਅਡਵਾਂਸ,ਅੱਧੀ ਕੰਮ ਹੋਏ ਤੇਏ…..।‘ ਹੁਣ ਤੱਕ ਉਸਦੇ ਕਿਸੇ ਵੀ ‘ਬਾਸ ‘ ਨੇ ਧੋਖਾ-ਦੇਹੀ ਨਹੀਂ ਸੀ ਕੀਤੀ ਉਸ ਨਾਲ , ਨਾ ਹੀ ਉਸਨੇ ਅਗਾਂਹ ਕੀਤੀ ਸੀ , ਕਿਸੇ ਵੀ ‘ਕਾਰੋਬਾਰੀ ’ ਬੰਦੇ ਨਾਲ ।
ਪਰ ਹੁਣ ਉਸਦਾ ਕਾਰੋਬਾਰੀ ਬੰਦਾ ਈ ਅੜ ਖਲੋਤਾ ਸੀ – ਉਹ ਵੀ ਉਸਦੀ ਆਪਣੀ ‘ਰਿਆਸਤ ’ ‘ਚ । ਜਿਥੇ ਦਾ ਉਹ ਆਪ ‘ਰਾਜਾ ’ ਹੁੰਦਾ ਸੀ ਕਦੀ । ਪੱਤਾ ਨਹੀਂ ਸੀ ਹਿੱਲ ਸਕਦਾ ਉਸਦੇ ਕਹਿਣਾ –ਆਖਣ ਤੋਂ ਬਿਨਾਂ । ….ਹਿੱਲਣਾ ਵੀ ਕਿਵੇਂ । ਹੋਰ ਕਿਸੇ  ਦੀ ਹਿੰਮਤ ਕਿੱਥੇ ਸੀ ਐਹੋ ਜਿਹੀ ਉੱਚੀ-ਪੱਧਰੀ ਥਾਂ ਸਾਭ ਕੇ ਬੈਠਣ ਦੀ ।
ਮਹਾਂ-ਨਗਰ ਦੀ ਸਫਾਈ-ਅਭਿਆਨ ‘ਚ ਉਜੜੇ-ਪੁਜੜੇ ਲੋਕ ਤਾਂ ਕਿੰਨਾ-ਕਿੰਨਾ ਚਿਰ ਊਈਂ ਤਾਬੇ ਨਹੀਂ ਸਨ ਆਏ । ਉਂਝ ਦੇ ਉਂਝ ਹੀ ਘੁੰਮਦੇ-ਭਟਕਦੇ ਰਹੇ ਸਨ, ਕਿਸੇ ਵੀ ਠਾਹਰ-ਅੱਡੇ ਦੀ ਢੂੰਡ-ਭਾਲ ‘ਚ । ਪਰ ਵਰਮੇ-ਕਰਮੇ ਦੇ ਪੈਰਾਂ ਹੇਠਾਂ ਜਿਵੇਂ ਝੱਟ ਦੇਣੀ ਮੋਟਾ-ਤਾਜ਼ਾ ਬਟੇਰਾ ਨੱਪਿਆ ਗਿਆ । ….ਨਵੇਂ ਪੁਲ ਤੇ ਮਟਰ-ਗਸ਼ਤੀ ਕਰਦਿਆਂ ਇਹ ਟਿੱਬੀ ਉਨ੍ਹਾਂ ਦੇ ਸਹਿਵਲ ਹੀ ਨਜ਼ਰੀ ਪੈ ਗਈ ਸੀ –ਕੱਖਾਂ ਕਾਨਿਆਂ ਦੀਆਂ ਉੱਜੜੀਆਂ –ਪੁਜੜੀਆਂ ਕਈ ਸਾਰੀਆਂ ਕੁੱਲੀਆਂ ਵਾਲੀ ਉੱਚੀ –ਰੇਤਲੀ ਟਿੱਬੀ ।
ਉਸੇ ਵਕਤ ਉਨ੍ਹਾਂ ਇਸ ਨਵੀਂ-ਲੱਭੀ ਠਾਹਰ ਤੇ ਇਕ ਕੁੱਲੀ ਆ ਸੁਆਰੀ । ਉਨ੍ਹਾਂ ਰੀਸੇ ਅਨੇਕਾਂ ਹੋਰਨਾਂ ਥਾਂ-ਥਾਂ ਆਪਣੇ-ਆਪਣੇ ਤਰਪਾਲ ਤਾਣ ਲਏ ।
ਗੋਡੇ-ਗੋਡੇ ਡੂੰਘੀਆਂ, ਛੋਟੀਆਂ-ਵੱਡੀਆਂ ਕਈ ਸਾਰੀਆਂ ਖਾਲਾਂ-ਵੱਟਾਂ ਢਾਹ-ਪੂਰ ਕੇ ।
ਬਰਸਾਤ ਮੁਕਦੇ ਹੀ ਅਰਾਈ ਟੱਬਰ ਇਸ ਰੇਤ ਸਾਗਰ ‘ਚ ਖੇਲ੍ਹਾਂ ਆ ਪੁੱਟਦੇ । ਸ਼ਹਿਰ ਲਾਗਲੇ ਗੰਦ-ਢੇਰਾਂ ਦਾ ਗੰਦ-ਕੂੜਾਂ ਇਨ੍ਹਾਂ ਅੰਦਰ ਲਿਆ ਖਿਲਾਰਦੇ ।
ਪੁਗਾਰਾ ਰੁੱਤ ‘ਚ ਬੀਜੀਆਂ ਵੱਲਾਂ,ਪਿੰਡਾਂ ਲੂੰਹਦੀ ਗਰਮੀ ਦਾ ਤਾਅ ਸਹਿੰਦਿਆਂ-ਸਹਾਰਦਿਆਂ ਆਖਰ ਸੁੱਕ-ਸੜ ਜਾਂਦੀਆਂ ਤੇ ਸਬਜ਼ੀ ਭਾਜੀ ਨਾਲ ਰਸਦਾ ਝੂੰਗੀ-ਝੂੰਡ ਮੁੜ ਆਉਦੇ ਸਿਆਲੇ ਤਕ ਉਜਾੜ ਦਿਸਣ ਲੱਗਦਾ ।
ਪਰ, ਵਰਮੇ-ਕਰਮੇ ਦੀ ਖੋਜ ਪਹਿਲ ਸਦਕਾ, ਇਕ ਵਾਰ ਵਸਿਆ ‘ਪਿੰਡ’ ਮੁੜ ਕਦੀ ਨਾ ਉੱਜੜਿਆ । ਆਸ-ਪਾਸ ਦੇ ਵੰਨ-ਸੁਵੰਨੇ ਬਹੁ-ਮੰਜ਼ਲੇ ਵਿਹਾਰਾਂ-ਪਾਰਕਾਂ ਦੇ ਡਰ-ਡਰਾਵੇ ‘ਤੇ ਵੀ ਨਹੀਂ । ਉਹਨਾਂ ਦੇ ਆਸ-ਪਾਸ ਸਜੇ-ਉਸਰੇ ਵਿਹਾਰਾਂ-ਪਾਰਕਾਂ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ । ਇਕ ਵਾਰ ਨਈਂ  ਕਈ ਵਾਰ ਡੈਪੂਟੇਸ਼ਨ ਲੇ ਕੇ ਵੀ ਮਿਲੇ । ਮੂੰਹ ਜ਼ੁਬਾਨੀ ਵੀ ਗਿਲੇ ਪ੍ਰਗਟ ਕੀਤੇ ਕਿ – “ ਵਿੰਨਡੋਪੈਨਾਂ, ਵੈਨਟੀਲੇਟਰਾਂ ਦੇ ਅਪਾਰਦਰਸ਼ੀ ਸ਼ੀਸ਼ਿਆਂ-ਪਰਦਿਟਾ ਰਾਹੀਂ ਵੀ ਖੁਆਜਾ-ਨਗਰੀ ਦੇ ਗੰਦੇ-ਮੰਦੇ ਲੋਕਾਂ ਦੀ ਭੈੜੀ-ਚਿੱਬੀ ਦਿੱਖ, ਉਹਨਾਂ ਦੇ ਡਰਾਇੰਗ-ਰੂਮਾਂ , ਬੈੱਡ-ਰੂਮਾਂ, ਬਾਥਰੂਮਾਂ ਤਕ ਪੁੱਜਣੋਂ ਬਾਜ਼ ਨਈਂ ਆਉਂਦੀ । ਇਨ੍ਹਾਂ ਨੂੰ ਹਰ ਹੀਲੇ ਹਟਾਇਆ ਜਾਏ ਇਸ ਥਾਂ ਤੋਂ …..।“
ਇਹ ਤਾਂ ਭਲਾ ਹੋਵੇ ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਹੁਣਾਂ ਦਾ, ਉਹ ਨਾ ਮਲਟੀ-ਸਟੋਰੀ-ਦਬਾ ਅੱਗੇ ਝੁਕੇ, ਨਾ ਹਾਈ-ਪਾਵਰ-ਸੁਝਾਅ ਅੱਗੇ । ਉਹਨਾਂ ਹਰ-ਮੈਜਸਟੀ ਮੈਡਮ ਜੀ ਤੋਂ ਸਿੱਧੀ ਪ੍ਰਵਾਨਗੀ ਲੈ ਲਈ ਬਾਹਰੋ-ਬਾਹਰ ਪਣੇ ਦੋਨਾਂ ਮੱਤਾਂ ਲਈ । ਕੁਮਾਰ ਜੀ ਦਾ ਪਹਿਲਾ ਮੱਤ ਸੀ – ‘ਹਵਾ ਦੀ ਛੱਤ ਤੇ ਦੂਰ-ਉੱਪਰ ਤਕ ਖਿਲਰੇ-ਬਿਖਰੇ ਕੱਲੇ-ਕੱਲੇ ਪੈਕਟਾਂ ਨਾਲੋਂ, ਇਕ ਥਾਂ ਜੰਮਘਟਾ ਬਣੀ ਵੋਟ-ਪੌਕਿਟ ਦੀ ਤਰੱਕੀ ਭਲਾਈ ਕਰਨੀ ਆਸਾਨ ਹੀ ਨਹੀਂ, ਅਤਿਅੰਤ ਸੌਖੀ ਵੀ ਐ । ਉਨ੍ਹਾਂ ਦਾ ਦੂਜਾ ਮੱਤ ਸੀ ਕਿ ਅਕਾਸ਼ ਛੂੰਹਦੀਆਂ ਬਹੁਮੰਜਲੀ ਇਮਾਰਤਾਂ ‘ਚ ਰਸਦੀ ਵਸਦੀ ਦਸ ਕੁ ਫੀਸਦੀ ਆਬਾਦੀ ਦੀ ਨੱਬੇ ਫੀਸਦੀ ਅਕਲ-ਸੂਝ ਆਪਣੀ ਹੁੰਦੀ,ਉਹਦੇ ਨਾਲ ਕੌਣ ਮੱਥਾ ਮਾਰੇ ।…..ਤੇ ਇਧਰ ਐਸ ਥਾਂ, ਵਰਮੇ-ਕਰਮੇ ਵੰਨੀ, ਐਨ ਉਸਦੇ ਉਲਟ । ਸੋ, ਜਿੰਨੀ ਵਾਰ ਵੀ ਉਨ੍ਹਾਂ ਦੀ ਹਾਈ ਪਾਵਰ ਕਮੇਟੀ ਤੇ ਉਨ੍ਹਾਂ ਦੀ ਜਿੰਦ ਜਾਨ ਨਾਲੋਂ ਪਿਆਰੀ ਵੋਟ-ਨਗਰੀ ਨੂੰ ਢਹਿ-ਢੇਰੀ ਕਰਨ ਲਈ ਵਿਹਾਰਾਂ-ਪਾਰਕਾਂ ਦਾ ਦਬਾ ਵਧਿਆ, ਉਨੀ ਵਾਰ ਹੀ ਉਹ ਬੁਲਡੋਜ਼ਰ ਅੱਗੇ ਸਿੱਧੇ ਲੰਮੇ ਪੈ ਕੇ ਖੁਆਜਾ-ਨਗਰੀ ਦਾ ਬਚਾ ਕਰਦੇ ਰਹੇ ।
ਵਰਮੇ-ਕਰਮੇ ਦੀ ‘ਇੱਜ਼ਤ-ਆਰਬੂ’ ਦਾ ਵੀ ।
ਅੱਗੋਂ ਵਰਮੇ-ਕਰਮੇ ਨੇ ਵੀ ਕੁਮਾਰ ਜੀ ਦੀ ਕਿਸੇ ਗੱਲੇ ਪਿੱਠ ਨਹੀਂ ਸੀ ਲੱਗਣ ਦਿੱਤੀ । ਨਾ ਉਹਨਾਂ ਦੇ ਗੰਗਾ ਤਟ ਲਾਗਲੇ ਫਾਰਮ ‘ਤੇ , ਨਾ ਉਹਨਾਂ ਦੀ ਰਾਜਧਾਨੀ ਅੰਦਰਲੀ ਚੋਣ-ਅਸਟੇਟ ਅੰਦਰ ।
ਕੁਮਾਰ ਜੀ ਦੀ ਜੱਦੀ-ਪੁਸ਼ਤੀ ਫਾਰਮ ਲੇਬਰ ਚੰਗੀ-ਭਲੀ ‘ਖਾਂਦੀ-ਪੀਦੀ’ ਐਮੇਂ ਈ ‘ਸਮਾਨ ਨੂੰ ਛੜਾਂ ਮਾਰਨ ਲੱਗ ਪੈਂਦੀ ਸੀ ,ਵਿਚ-ਵਿਚਾਲੇ ’ । ਉਂਝ ਤਾਂ ਕੁਮਾਰ ਜੀ ਹਰ ਫ਼ਸਲੇ ਉਹਨਾਂ ਦੇ ਢਿੱਡ ਭਰਨ ਜੋਗਾ ਦਾਲ-ਭਾਤ ਛੱਡ ਵੀ ਆਉਂਦੇ ਸਨ, ਪਿੱਛੇ । ਪਰ,ਉਹ ਪੇਟੂ ਕਿਸਮ ਦੇ ਜਿੰਨ-ਜਨੌਰ ਰੱਖਣ ਦਾ ਨਾਂ ਈ ਨਹੀਂ  ਸੀ ਲੈਂਦੇ । ਐਨ ਵਿਚਕਾਰ ਜਿਹੇ ਆ ਕੇ ਅੜ ਖਲੋਂਦੇ ਸਨ ਢੀਠ ਜਿਹੇ ਬਣਕੇ । ਅਖੇ – ‘ਇੱਤੇ ਸੇ ਹਮਰਾ ਘਰ-ਬਾਰ ਨਾਹੀ ਚਲਤ ਹੈ ਬਾਬੂ ਸਾਬ੍ਹ ਜੀਈ….ਹਮਾਰ ਬਾਲ-ਬੱਚਾ ਭੂਕਾ ਰਹਿਤ ਹੋ …..।‘
ਦਰਿਆ ਦਿਲ ਕੁਮਾਰ ਜੀ ਨੇ ਉਹਨਾਂ ਦੀ ਅੜੀ-ਥੁੜੀ ਲੋੜ-ਮੰਗ ਪੂਰੀ ਵੀ ਕੀਤੀ ਕਈ ਵਾਰ, ਪਰ ਉਹਨਾਂ ਨੇ ਜਿਵੇਂ ਸ਼ਰਮ-ਹਯਾ ਘੋਟ ਕੇ ਪੀ ਰੱਖੀ  ਹੋਵੇ ।
ਆਏ ਸੀਜ਼ਨ ਫਿਰ ਉਹੀ ਅਪਲ-ਟਪਲੀਆਂ….।
ਇਹ ਤਾਂ ਵਰਮੇ-ਕਰਮੇ ਦੇ ਖੁਆਜਾ ਨਗਰੀ ਜੁੱਟ ਨੇ ਬੱਸ ਤਿੰਨ ਕੁ ‘ਵਿਜ਼ਟਾਂ ’ ਪਾਈਆਂ ਉੱਪਰੋਂ-ਥਲੀ ਕੁਮਾਰ  ਜੀ ਦੇ ‘ਗੰਗਾ-ਤੱਟ ਫਾਰਮ ’ ਤੇ ਕਿ ਮੁੜ ਸੁੱਕੇ-ਸੜੇ ਜਿਹੇ ਕੰਮੀਂ-ਕਮੀਣ ਹੁਣ ਤੱਕ ਕੰਨ ‘ਚ ਪਾਇਆਂ ਨਹੀਂ ਸੀ ਰਕੜਕੇ ।
ਪਿਛਲੀ ਵਾਰ ਦਾ ਕੁਮਾਰ ਜੀ ਦੀ ਜਮਨਾ-ਤਟ ਪਾਰਲੀ ਚੋਣ-ਅਸਟੇਟ ਵਾਲਾ ਕਾਰਜ ਤਾਂ ਕਰਮੇ-ਵਰਮੇ ਨੇ ਏਨੇ ਚਾਅ ਨਾਲ ਸੰਪੰਨ ਕੀਤਾ , ਐਨੀ ਸਫ਼ਲਤਾ ਨਾਲ ਨੇਪੜੇ ਚਾੜ੍ਹਿਆ ਕਿ ਕੁਮਾਰ ਜੀ ਦਾ ਨੰਬਰ  ਕਿਤੋਂ ਹੇਠੋਂ ਚੁੱਕ ਹੋ ਕੇ ਕਿਤੇ ਉਤਾਂਹ ਚੜ੍ਹ ਗਿਆ ਸੀ ਉਹਨਾਂ ਦੀ ‘ਜਨ-ਕਲਿਆਣ-ਸਭਾ ’ ‘ਚ ।ਨਾਲ਼ ਹੀ ਉਹਨਾਂ ਦੀ ਸੀਟ-ਟਿਕਟ ਇਕ-ਦਮ ਪੱਕੀ-ਠੱਕੀ ਨੱਥੀ-ਗੰਢੀ ਗਈ ਸੀ ਦਰਿਆਉਂ ਪਾਰਲੇ ਚੋਣ ਹਲਕੇ ਨਾਲ ।
ਕੰਮ ਸੀ ਵੀ ਵਰਮੇ-ਕਰਮੇ ਦੇ ਸੁਭਾਅ ਦੇ ਪੂਰਾ ਫਿੱਟ ।
…ਇਕ ਸ਼ਾਮੀਂ ਹਨੇਰੇ ਜਿਹੇ ਕੁਮਾਰ ਜੀ ਨੇ ਵਰਮੇ-ਕਰਮੇ ਨੂੰ ‘ਕੁਮਾਰ-ਕੁਟੀਰ ’ ਬੁਲਾ ਕੇ ਦੱਸਿਆ – “ ਹਾਈ ਪਾਵਾਰ ਕਮੇਟੀ ਦੀ ਰੂਹੇ ਰਵਾਂ, ਸਭ ਤੋਂ ਵੱਡੀ ਕੁਰਸੀ ਨੂੰ ਬੜੇ ਭੈੜੇ ਭੈੜੇ ਸੁਪਨੇ ਆਉਂਦੇ, ਬੱਸ ਥੋੜ੍ਹੇ ਕੁ ਦਿਨੋਂ ਤੋਂ….ਚੋਣ ਮਿਆਦ ਪੁੱਗਣ ਕੰਢੇ ਆਈ ਤੋਂ । ਰਾਤੀਂ ਸੁੱਤੀ-ਸੁੱਤੀ ਉਹ ਅਬੜਬਾਹੇ ਉੱਠ ਬੈਠਦੀ ਆ, ਬੁੜ-ਬੁੜਾ ਕੇ । …..ਏ ਤੋਂ ਲੈ ਕੇ ਜ਼ੈੱਡ ਕਿਸਮ ਦੀ ਸੁਰੱਖਿਆ  ਉਲੰਘ ਕੇ ਵੀ ਕੋਈ ਜਿੰਨ-ਭੂਤ ਉਹਦੀ ਛਾਤੀ ‘ਤੇ ਆ ਚੜ੍ਹਦਾ । ਉਹ ਇੰਨੂ ਵਰਚਾਉਂਦਾ, ਭਰਮਾਉਂਦਾ ।ਪਰ ਨਾਲ ਦੀ ਨਾਲ ਆਉਂਦੀਆਂ ਚੋਣਾਂ ‘ਚ ਚਿੱਤ ਕਰਨ ਦੀ ਧਮਕੀ ਵੀ ਮਾਰਦਾ । ਕਦੀ ਉਹਦੇ ਹੱਥ  ‘ਚ ਕਲਮ ਹੁੰਦੀ , ਕਦੀ ਖੰਜਰ । ਕਦੀ ਉਹਦੇ ਕੋਲ ਸੰਖ ਹੁੰਦਾ ਕਦੀ ਇੱਕਤਾਰਾ । ……ਆਪਾਂ ਉਦ੍ਹਾ ਉਪਾਅ ਕਰਨ ….।“
ਅੰਨ੍ਹਾ ਕੀ ਭਾਲੇ ਦੋ ਅੱਖਾਂ ।
ਐਹੋ ਜਿਹੇ ਉਪਾਅ ਕਰਨਾ ਉਹਨਾਂ ਦੇ ਸੱਜੇ-ਖੱਬੇ ਹੱਥ ਦਾ ਕੰਮ ਸੀ । ਉਹਨਾਂ ਦੇ ਅੰਗਾਂ-ਪੈਰਾਂ ਨੂੰ ਗਰਮੀਂ-ਸਰਗਰਮੀਂ ਪ੍ਰਦਾਨ ਕਰਨ ਵਾਲੇ ਰੰਗੀਨ ਅਵਸਰ । ਇਸ ਵਾਰ ਦਾ ਰੰਗੀਨ-ਕਾਰਜ ਕਰਨਾ ਵੀ ਕੁਮਰ ਜ ਨਾਲ ਮਿਲ਼ ਕੇ ਸੀ ,ਉਹਨਾਂ ਦੀ ਛਤਰ-ਛਾਇਆ ਹੇਠ । ਕਰਮੇ-ਵਰਮੇ ਨੂੰ ਮਨ-ਭਾਉਂਦਾ ਕੰਮ ਮਿਲਦਿਆਂ ਸਾਰ, ਸਿਰੇ ਦਾ ਚਾਅ ਚੜ੍ਹ ਗਿਆ । ਕੁਮਾਰ ਜੀ ਦੇ ਦੱਸੇ ਊਲ-ਜਲੂਲ ਜਿਹੇ ਸ਼ਬਦ, ਕਲਮ-ਸ਼ੋਖ-ਤੂੰਬੀ , ਉਹਨਾਂ ਲਈ ਕੋਈ ਅਰਥ ਨਹੀਂ ਸਨ ਰੱਖਦੇ ਤੇ ਛੁਰਿਆਂ-ਖੰਜਰਾਂ ਤੋਂ ਹੁਣ ਉਹੀ ਕਦੀ ਡਰੋ-ਘਾਬਰੇ ਨਹੀਂ ਸਨ ।
ਨਾ ਫੁੱਟ-ਪਾਥ ‘ਤੇ ਰਹਿੰਦੇ ਵਿਚਰਦੇ, ਨਾ ਖੁਆਜਾ-ਨਗਰੀ ਪਹੁੰਚ  ਕੇ ।….ਥੋੜ੍ਹਾ ਕੁ ਜਿੰਨ ਨੋਰ ‘ਚ ਹੋਇਆਂ ਨੂੰ ਕੁਮਾਰ ਜੀ ਨੇ ਉਹਨਾਂ ਨੂੰ ,ਉਸ ਬੇ-ਹਯਾ, ਬੇ-ਸ਼ਰਮ ਭੂਤ-ਪਰੇਤ ਦੀ ਥੋੜ੍ਹੀ ਕੁ ਜਿੰਨੀ ਜਾਣਕਾਰੀ ਵੀ ਦੇ ਛੱਡੀ – ‘ਭਰਵਾਂ ’ ਡਰਾਉਣਾ ਜੁੱਸਾ , ਲਾਲ ਗਹਿਰੀਆਂ ਅੱਖਾਂ ਤੇ ਮੂੰਹ-ਸਿਰ ‘ਤੇ ਲੰਮੇ-ਲੰਮੇ ਵਾਲ …..।‘
ਫਿਰ ਪਤਾ ਨਈ ਉਹ ਦੋ-ਦੋ ਪੈਗ ਹੋਰ ਚਾੜ੍ਹ ਕੇ, ਉਸ ਵਿਕੋਲਿੱਤਰੀ ਇੱਲਬਲਾ ਦੀ ਪਛਾਣ ਕਰਨੀ ਈ ਭੁੱਲ ਗਏ, ਜਾਂ ਕੁਮਾਰ ਜੀ ਨੇ ਉਹਨਾਂ ਦੀ ਅਰਥ-ਬੇਹੋਸ਼ੀ ਦਾ ਯੋਗ ਲਾਹਾ ਲੈਂਦਿਆਂ, ਉਹਨਾਂ ਦੇ ਕੰਨਾਂ ਵਿਚ ਕਸੇ ਹੋਰ ਢੰਗ ਦੀ ਫੂਕ ਮਾਰ ਛੱਡੀ ।….ਅਗਲੇ ਦਿਨ ਦਾ ਸਾਰਾ ਆਕਾਸ਼ , ਭਰਵੇਂ ਜੁੱਸੇ , ਲਾਲ-ਗਹਿਰੀਆਂ ਅੱਖਾਂ ਤੇ ਲੰਮੇ-ਲੇੰਮੇ ਵਾਲਾਂ ਵਾਲੀ ਓਪਰੀ-ਸ਼ੈਅ ਦੀ ਅੰਸ਼-ਵੰਨਸ਼ੀ ਸਾੜ-ਫੂਕ ਨਾਲ ਕਾਲਾ-ਸਿਆਹ ਹੋਇਆ ਪਿਆ ਸੀ ।
ਨਾ ਕੋਈ ਬਿਰਧ ਬਚਿਆ ਸੀ , ਨਾ ਜੁਆਨ , ਨਾ ਕੋਈ ਵੋਟਰ ਬਚਿਆ ਸੀ ,ਨਾ ਉਮੀਦਵਾਰ ।
ਅਗਲੇ ਦਿਨ ਵੀ ਉਹ ਕੁਝ ਹੋਇਆ , ਉਸ ਤੋਂ ਅਗਲੇ ਦਿਨ ਵੀ ।
ਤਿੰਨ ਕੁ ਦਿਨ ਤਾਂ ਕੁਮਾਰ ਜ ਆਪਣੇ ਬੰਗਲੇ ਦੀ ਧੁਰ ਉੱਪਰਲੀ ਬਾਲਕੋਨੀ ‘ਚ ਬੈਠੇ , ਸਾਰੇ ਦਾ ਸਾਰਾ ਹੋ-ਹੱਲਾ ਬੜ ਅਨੰਦ ਨਾਲ਼ ਦੇਖਦੇ ਮਾਣਦੇ ਰਹੋ । ਵਿੱਚਵਾਰ ਕਿਸੇ ਰਹਿ ਗਏ , ਬਚ ਗਏ ਏਰੀਏ ਮੁਹੱਲੇ ਨੂੰ ‘ਪੂਰਾ-ਟਰੀਟ ’ ਕਰਨ ਲਈ ਹਦਾਇਤਾਂ ਵੀ ਜਾਰੀ ਕਰਦੇ ਰਹੇ , ਪਰ ਠੀਕ ਚੌਥੇ ਦਿਨ ਉਹਨਾਂ ਨੂੰ ਆਪਣਾ ਨਰਮ-ਨਾਜ਼ੁਕ ਮੰਨਵਾ ਥੋੜ੍ਹਾ ਕੁ ਬਦਲਣਾ ਪੈ ਗਿਆ । ਲਹੂ-ਲੁਹਾਣ ਹੋਏ ਬਾਜ਼ਾਰਾਂ-ਵਿਹਾਰਾਂ, ਕੁੰਜਾਂ-ਐਵੇਨਿਉਆਂ, ਪਾਰਕਾਂ-ਨਗਰਾਂ ਤੇ ਢੇਰ ਸਾਰੀ  ਦਇਆ ਕਰਨ ਪੈ ਗਈ ।
ਕਰਮੇ ਦੀ ‘ਨਲਾਇਕੀ ’ ਕਾਰਨ ।
ਕਰਮੇ ਦੇ ਵਿੱਟਰ ਬੈਠਣ ‘ਤੇ ਕੁਮਾਰ ਜੀ ਫਿਕਰਮੰਦ ਤਾਂ ਹੋਏ ਸਨ, ਪਰ ਘਬਰਾਏ ਨਹੀਂ । ਅੱਗ-ਭਬੂਕਾ ਨਹੀਂ ਸੀ ਹੋਏ। ਜਿਵੇਂ ਵਰਮਾ ਹੋਇਆ ਪਿਆ ਸੀ , ਹੁਣ । ਕੁਮਾਰ ਜੀ ਦਾ ਨੰਬਰ-ਦੋ ।  ਮਰਸੀਡੀਜ਼ ‘ਚੋਂ ਉਤਰਿਆ । ਕਰਮੇ ਦੀ ਢਾਰੀ ਸਾਹਮਣੇ । ਇਕੱਲਾ , ਬਿਨਾਂ ਕਿਸੇ ‘ਨਿੱਜੀ ’ ਅੰਗ-ਰਾਖੇ ਦੇ ।
ਆਏ ਕੁਮਾਰ ਜੀ ਵੀ ਇਕਲੇ ਈ ਸਨ, ਉਸ ਦਿਨ । ਕਾਰ ਉਹਨਾਂ ਵੀ ਕਰਮੇ ਦੀ ਢਾਰੀ ਸਾਹਮਣੇ ਈ ਖੜ੍ਹੀ ਕੀਤੀ ਸੀ । ਪਰ, ਉਹਨਾਂ ਦੀਆਂ ਅੱਖਾਂ ਵਿੱਚ ਲਹੂ ਨਹੀਂ ਜਾਣੋਂ ਨਮੀਂ ਸਿੰਮਦੀ ਸੀ , ਨਮੀਂ ।ਹਲਕੀ-ਪੇਤਲੀ ਸਿੱਲ੍ਹ, ਜਿਹੜੀ ਕਿਸੇ ਵੀ ਤਰ੍ਹਾਂ ਅੱਥਰੂ-ਤੁਪਕੇ ਦਾ ਰੂਪ ਨਹੀਂ ਸੀ ਧਾਰਨ ਕਰ ਸਕੀ –ਪੂਰਾ ਯਤਨ ਕਰਨ ‘ਤੇ ਵੀ ਨਹੀਂ ।
ਆਉਂਦਿਆਂ ਸਾਰ ਉਹਨਾਂ ਕਰਮੇ-ਵਰਮੇ ਸਮੇਤ ਸਾਰੇ ਖੁਆਜਾ ਨਗਰ ਦੀ ਚੰਗੀ-ਚੋਖੀ ‘ਝਾੜ-ਝੰਬ ’ ਕੀਤੀ ਸੀ – ਯਹ ਕਿਆ ਕਰ ਦੀਆ ਤੁਮ ਨੇ , ਕਿਆ ਕਰ ਦੀਆ….ਹਰਾਮੀਓਂ, ਬਦਮਾਸ਼ੋ.! ‘….ਐਸਾ ਤੋਂ, ਐਸਾ ਤੋਂ ਕਿਸੀ ਅਬਦਾਲੀ ਨੇ ਵੀ ਨਹੀਂ ਕੀਆ ਥਾ, ਕਿਸੀ ਚੰਗੇਜ਼ ਨੇ ਵੀ ਨਹੀਂ ….। ਯਹ ਤੋਂ ਥੇ ਹੀ ਤੁਮ ਕੇ ਹਮਵਤਨੀ, ਭਾਈ-ਬੰਧੂ ,ਮਿੱਤਰ-ਦੋਸਤ । ਉਏ….ਹੋਏ ਬਓਤਾ ਬੁਰਾ ਕੀਆ , ਬਓਤ ਬੁਰਾ ਕੀਆ ….ਤੁਮ ਲੋਗੋਂ ਨੇ ।…ਨਹੀਂ ਦੇਖ ਜਾਤ, ਹਮ ਸੇਏ….ਬਿਲਕੁਲ ਨਹੀਂ ਦੇਖ ਜਾਤ । ….ਬੰਦ ਕਰੋ , ਬੰਦ ਕਰੋ ,…..ਯਹ ਸਭ ….।‘
ਕੁਮਾਰ ਜੀ ਬੁੱਲੇ ਵਾਂਗ ਆਏ ਸਨ ਤੇ ਹਨ੍ਹੇਰੀ ਵਾਂਗ  ਵਾਪਸ ਮੁੜਦੇ ਹੋਏ ਸਨ । ਬਦਲਵੇਂ ਆਦੇਸ਼ ਜਾਰੀ ਕਰਕੇ ।
ਵਰਮਾ ਤਾਂ ਖੈਰ ਚਾਲੂ ਬੰਦਾ ਸੀ । ਸਭ ਕੁਝ ਚੁੱਪ-ਚਾਪ  ਸੁਣਦਾ ਰਿਹਾ ।ਪਰ , ਕਰਮੇ ਨੂੰ ਕੁਮਾਰ ਜੀ ਦੀ ਖੇਖਨਬਾਜ਼ੀ ਹੋਰ ਵੀ ਤਪਦਾ ਕਰ ਗਈ । …..ਘਾਇਲ ਤਾਂ ਉਹ ਪਹਿਲਾਂ ਹੀ ਹੋਇਆ ਪਿਆ ਸੀ । ਉਹ ਤਾਂ ਅਜੇ ਉਵੇਂ ਦਾ ਉਵੇਂ ਤੜਪ ਰਿਹਾ ਸੀ , ਪਿਛਲੇ ਕੱਲ੍ਹ ਦੀ ਘਟਨਾ ਕਾਰਨ । ਸੁੰਦਰ-ਨਗਰ ਦੀ ਵਿਚਕਾਰਲੀ ਗਲੀ ਦੇ ਅਖੀਰਲੇ ਘਰ ਵਿਚ ਹੋਈ-ਵਾਪਰੀ ਅਲੋਕਾਰੀ ਘਟਨਾ ਕਾਰਨ।…..ਤੀਜੇ ਦਿਨ ਦੇ ਕਾਮਯਾਬ ਅਭਿਆਨ ਪਿੱਛੋਂ , ਸ਼ਾਮੀਂ ਜਿਹੇ ਖੁਆਜਾ ਨਗਰ ਵੱਲ ਨੂੰ ਵਾਪਸ ਮੁੜਕੇ ਕਰਮੇ ਨੁੰ ਕੁਮਾਰ ਜੀ  ਦੇ ਨਿੱਜੀ –ਗਾਰਡ ਵਗਰੀ ਸੁਰੱਖਿਆ ਟੋਲੀ ਲੇ ਉਸਦੇ ਨੇੜੇ ਜਿਹੇ ਰੁਕਦਿਆਂ ਦੱਸਿਆ – “ਇਕ ਸ਼ਿਕਾਰ ਉੱਥੇ ਵੀ ਐ, ਅੰਦਰ ਜਿਹੇ ਨੂੰ….।“
ਉਸੇ ਵਕਤ ਕਰਮਾ ਪੂਰੀ ਗੈਂਗ ਨਾਲ ਉਸ ਘਰ ‘ਤੇ  ਜਾ ਚੜ੍ਹਿਆ । ਬਾਹਰਲਾ ਲੱਕੜ ਦਾ ਦਰਵਾਜ਼ਾ ਉਸਦੇ ਬੰਦਿਆਂ ਇਕੋ ਧੱਕਾ ਮਾਰ ਕੇ ਡੇਗ-ਸੁੱਟ ਦਿੱਤਾ ।ਫਿਰ ਦੋ ਕੁ ਮੰਜੀਆਂ  ਦੇ ਕੱਲੇ-ਕਹਿਰੇ ਕਮਰੇ ਵਿਚ ਸਹਿਮੇ –ਦੜੇ ਘਰ ਦੇ ਤਿੰਨਾਂ ਜਾਂ ਜੀਆਂ ਵਿੱਚੋਂ ਉਹ ਕਰਮੇ ਕੁ ਦੀ ਉਮਰ ਦੇ ਮਾੜਚੂ ਜਿਹੇ ਬੰਦੇ ਨੂੰ ਜੂੜਿਓਂ ਫੜ ਕੇ ਬਾਹਰ ਧੂਹ ਲਿਆਏ, ਵਿਹੜੇ ‘ਚ ।
ਅਗਲੇ ਹੀ ਪਲ ਸਰੀਆਂ-ਰਾਡਾਂ ਦੀ ਮਾਰ ਹੇਠ ਤੜਫਦੇ-ਸਿਸਕਦੇ ਘਰ ਦੇ ਮਾਲਕ ਦੀਆਂ ਖੁਸ਼ਕ ਡੂੰਘੀਆਂ ਅੱਖਾਂ, ਉਸਦੇ ਡਰੇ –ਸਹਿਮੇਂ ਕੋਇਆ ‘ਚ ਬਾਰਰ ਟੱਡੀਆਂ ਗਈਆਂ । ਉਸ ਨੂੰ ਬੇ-ਤਹਾਸ਼ਾ ਮਾਰ  ਤੋਂ ਬਚਾਉਂਦੀ ਉਸਦੀ ਘਰ ਵਾਲੀ ਵੀ ਇਕ-ਦੋ ਸੱਟਾਂ ਖਾ ਕੇ ਬੇਹੋਸ਼ ਜਿਹੀ ਹੋਈ ਪਾਸੇ ਲੁੜਥ ਗਈ , ਪਰ ਵਿਹੜੇ ਦੇ ਕਹਿਰ ਅੰਦਰ ਘਿਰੀ ਉਹਨਾਂ ਦੀ ਤਿੰਨਾਂ ਕੁ ਸਾਲਾਂ ਦੀ ਬਲੂਰ ਜਿਹੀ ਬਾਲੜ੍ਹੀ ਲੇਹਲੜਾਂ ਕੱਢਦੀ ਇਕ-ਸਾਰ ਬੇੱਸ ਇਕੋ ਤਰਲਾ ਕਰਦੀ ਰਹੀ  – ‘ਨਾ ਮਾਲੋ ਪਾਪਾ ਨੂੰ , ਨਾ ਮਾਲ ਆਮਾਂ ਨੂੰ ਮਆਮਾ, ਮਾਮਾ ਜੀ ਈ …ਨਾ ਮਾਲੋ ।“
ਕਰਮੇ ਨੇ ਪਿਛਲੇ ਤਿੰਨ ਦਿਨਾਂ ਵਿਚ ਮਾਮਾ ਸ਼ਬਦ ਕਿਸੇ ਮੂੰਹੋਂ ਨਹੀਂ ਸੀ ਸੁਣਿਆ, ਨਾ ਈ ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿਸੇ ਵੀ ਬਾਲ-ਬਾਲਕੀ ਨੇ ਉਸ ਨੂੰ ਮਾਮਾ ਕਹਿ ਕੇ ਬੁਲਾਇਆ ਸੀ । ਅੰਕਲ, ਅੰਕਲ ਜੀ ਵਰਗੇ ਸ਼ਬਦ ਤਾਂ ਅਨੇਕਾਂ ਵਾਰ ਉਸਦੇ ਕੰਨੀਂ ਪਏ ਸਨ । ਭਰਾ ,ਭਾਈ, ਵੀਰ ਤਾਂ ਕਰੀਬ ਹਰ ਘਰ ਦੀ ਸੁਆਣੀ , ਉਸ ਨੂੰ ਬਣਿਆ ਲੋਚਦੀ ਸੀ – ਲੁੱਟ ਹੁੰਦੇ ਘਰ ਦੀ ਇੱਜ਼ਤ ਆਬਰੂ ਨੂੰ ਬਚਿਆ ਰੱਖਣ ਲਈ , ਪਰ ਇਹਨਾਂ ਸ਼ਬਦਾਂ ਦੇ ਚਾਲੂ ਜਿਹੇ  ਅਰਥਾਂ ਨੇ ਉਸਦੇ ਹੱਥਾਂ-ਪੈਰਾਂ ਦੀ ਗਤੀਵਿਧੀ ਰਤਾ ਮਾਸਾ ਵੀ ਕਿਧਰੇ ਮੱਠੀ ਨਹੀਂ ਸੀ ਪੈਣ ਦਿੱਤੀ ।
…ਇਸ ਘਰ ਦੀ ਨਿੱਕੀ ਜਿਹੀ ਬੱਚੀ ਦੀ ਤੋਤਲੀ ਜਿਹੀ ਲੇਅਰ-ਚੀਕ ‘ਨਾ ਮਾਲੋ, ਪਾਪਾ ਨੂੰ , ਆਮਾਂ ਨੂੰ ਮਾਮਾ, ਮਾਮਾ ਜੀ …..’  ਤਾਂ ਜਿਵੇਂ ਉਸਦਾ ਸੀਨਾ ਚੀਰਦੀ ਧੁਰ ਉਸਦੇ ਅੰਦਰ ਤਕ ਧੱਸ ਗਈ ਸੀ ।
ਉਸਦੀਆਂ ਲਾਲ-ਲਾਲ ਡੋਰੇ ਉਗਲਦੀਆਂ ਅੱਖਾਂ ਬੱਗੀ-ਚਿੱਟੀ ਬਾਲੜੀ  ਦੀ ਡਰੀ-ਸਹਿਮੀ ਨਿਗਾਹ ਸਾਹਮਣੇ ਚੌੜ-ਚਪੱਟ ਚਿੱਤ ਹੋ ਗਈਆਂ । ਪੂਰੇ ਜ਼ੋਰ ਦਾ ਦਬਕਾ ਮਾਰ ਕੇ ਉਸਨੇ ਆਪਣੀ ਕੁਮਾਂਡ ਹੇਠਲੀ ਗੈਂਗ ਨੂੰ ਅਗਲੀ ਕਾਰਵਾਈ ਕਰਨੋਂ ਰੋਕ ਦਿੱਤਾ ।
ਘਰ ਦੇ ਪੱਕੇ ਫਰਸ਼ ਤੇ ਥ੍ਰੀ-ਵੀਲਰ ਉਲਟਾ ਕੇ ਡੋਲ੍ਹਿਆ ਉਸੇ ਘਰ ਦਾ ਪੈਟਰੋਲ, ਉਸੇ ਤਰ੍ਹਾਂ ਰੁੜ੍ਹਿਆ ਛੱਡ ਕੇ ਉਹ ਆਪਣੀ ਢਾਰੀ ‘ਚ ਆ ਡਿੱਗਿਆ , ਖੁਆਜ਼ਾ-ਨਗਰ ।
ਰਾਤ ਭਰ ਉਸਦੀ ਹਾਰੀ-ਥੱਕੀ ਦੇਹ , ਉਸਦੇ ਸਾੜੇ-ਫੂਕੇ ਘਰਾਂ ‘ਚੋਂ ਉੱਠਦੀਆਂ ਲਾਟਾਂ ਵਾਂਗ ਸੜਦੀ-ਭਖ਼ਦੀ ਰਹੀ ।ਅਗਲਾ ਸਾਰਾ ਦਿਨ ੳਹ ਵੀ ਉਵੇਂ ਦਾ ਉਵੇਂ ਪਿਆ ਰਿਹਾ , ਟੁੱਟਿਆ-ਬਿਖ਼ਰਿਆ, ਸਾਹ-ਸੱਤ ਹੀਣ ।
ਵਰਮੇਂ ਦਾ ਕਿਹਾ-ਸੁਣਿਆ, ਅਣਸੁਣਿਆ ਕਰਕੇ । ਉਸ ਨੂੰ ‘ਮਾਮਾ ਜੀ’ ਦੇ ਰਿਸ਼ਤੇ ‘ਚ ਗੰਢਣ ਵਾਲੀ ਬੱਗੀ-ਚਿੱਟੀ ਬਾਲੜੀ ਤਾ ਉਸਨੂੰ ਖੁਆਜਾ-ਨਗਰ ‘ਚ ਉਠਾਲ,ਉਂਗਲੀ ਲਾਈ ਦੂਰ ਪਿਛਾਂਹ ਛੱਡ ਆਈ ਸੀ । ਉਸਦੇ ਪਿੰਡ ।
ਪਿੰਡ ਦੇ ਕੱਚੇ-ਪਿੱਲੇ ਘਰ ‘ਚ ।
ਉਸਦੇ ਮਾਂ-ਬਾਪ ਕੋਲ ।…..ਦੋ ਹੀ ਭੈਣ-ਭਰਾ ਸਨ ਉਹ । ਉਸ ਤੋਂ ਕਈ ਵਰ੍ਹੇ ਵੱਡੀ ਭੈਣ ਦਾ ਲੋਗੜੂ ਜਿਹਾ ਨਿੱਕਾ, ਨਾਨਕੇ ਘਰ ਹੀ ਜੰਮਿਆ ਤੇ ਬਓਤਾ ਸਮਾਂ ਕਰਮੇ ਕੋਲ ਹੀ ਰਿਹਾ ।
ਉਸਦੇਂ ਕੋਲ ਵਿਹਲ ਹੀ ਕਿੱਥੇ ਹੀ ਕਿੱਥੇ ਸੀ , ਉਹਨੂੰ ਸਾਂਭਣ ਦੀ  ।…..ਸਹੁਰੇ ਪਿੰਡ ਦੇ ਠਾਕੁਰ ਮਾਲਕਾਂ ਦੀ ਕੋਠੀ-ਹਵੇਲੀ ਦਾ ਕੂੜਾ-ਗੋਹਾ ਈ ਸਾਹ ਨਹੀਂ ਸੀ ਲੈਣ ਦਿੰਦਾ ਉਸਨੂੰ ।ਉੱਪਰੋਂ ਬਹੂ-ਠਾਕਰਨੀ ਨੇ ਮੁੜ ਅਗਲਾ ਪੂਰ ਝੋਲੀ ਪਾ ਲਿਆ । ਪਹਿਲਾਂ ਵੀ ਕਰਮੀ ਛੋਟੀ-ਬਹੂ ਦਾ ਜੋੜਾ ਜਣੇਪਾ ਸਾਂਭ ਚੁੱਕੀ ਸੀ ,ਪਿਛਲੇ ਤੋਂ ਪਿਛਲੇ ਸਾਲ । ਉਦੋਂ ਉਹ ਆਪ ‘ਕੇੱਲੀ ਸੀ , ਇਕੱਲੀ-ਕਹਿਰੀ । ਨਿੱਕਾ ਅਜੇ ਉਸਦੀ ਕੁੱਖ ‘ਚੋਂ ਨਿਕਲ ਕੇ ਗੋਦੀ ਨਹੀਂ ਸੀ ਚੜ੍ਹਿਆ ।‘
ਪਰ,ਹੁਣ…..ਉਹ ਵਾੜੇ –ਢਾਰੋ ਦੀ ਹੱਦ-ਹਦੂਦ ਅੰਦਰ ਰਿੜ੍ਹਦਾ ਘੁੰਮਦਾ ਨਾ ਕਰਮੀਂ ਦਾ ਅੰਦਰਲਾ ਕੰਮ ਮੁੱਕਣ ਦਿੰਦਾ ਸੀ, ਨਾ ਬਾਹਰਲਾ ।
ਲੈ ਦੇ ਕੇ ਕਰਮੀਂ ਦੀ ਓਟ, ਉਸਦੀ ਮਾਂ ਭੰਤੀ ਸੀ ,ਜਾਂ ਉਦਾ ਪਿਓ ਰੁਲੀਆ ।
ਉਹ ਭਲਾ ਕਿਵੇਂ ਧੱਕਾ ਦਿੰਦੇ ਆਪਣੀ ਇਕੋ-ਇਕ ਧੀ ਦੀ ਪਹਿਲੀ-ਪਠੇਲੀ ਆਂਦਰ ਨੂੰ ।
ਦਿਹਾੜੀ-ਦੱਪਾ ਕਰਦੇ ਕਦੀ ਉਹ ਨਿੱਕੇ ਨੂੰ ਢੱਕੀਂ ਚੁੱਕ ਖੜ੍ਹਦੇ, ਕਦੀ ਗਲੀ-ਮੁਹੱਲੇ ਦੀ ਛੋਟੀ-ਵੱਡੀ ਮੁਢੀਰ ਨਾਲ਼ ਕੌਡ-ਕਬੱਡੀ ਖੇਲਦੇ ਕਰਮੇ ਦੇ ਹਵਾਲੇ ਕਰ ਜਾਂਦੇ ।
ਕੁਛੜੋਂ ਲਾਹੇ ਬੋਟ ਦਾ ਹੇਰਵਾ ਕਰਦੀ ਕਰਮੀਂ ਪੰਦਰੀਂ-ਵੀਹੀਂ ਦਿਨੀ ਉਸਨੂੰ ਜ਼ਰੂਰ ਆ ਚਿੰਮੜਦੀ । ਨਿੱਕਾ ਵੀ ਉਸਦੀ ਹਿੱਕ-ਛਾਤੀ ਨਾਲ਼ ਚਿਪਕਿਆ, ਉਸਦੀਆਂ ਢੱਕਾਂ ਤੋਂ ਉਤਰਨ ਦਾ ਨਾਂ ਨਾ ਲੈਂਦਾ । ਕਰਮਾ ਉਸ ਨੂੰ ਖਿੱਚਦਾ-ਧੂੰਹਦਾ । ਜਾਣ ਲੱਗੀ ਕਰਮੀਂ ਨਾਲੋਂ ਖਿੱਚਣ-ਤੋੜਨ ਲਈ ਧੌਲ-ਧੱਫਾ ਵੀ ਕਰਦਾ ।
ਡਰੇ-ਸਹਿਮੇ ਰੀਂ-ਰੀਂ ਕਰਦੇ ਨਿੱਕੇ ਨੂੰ ਘਰ ਦੇ ਅੰਦਰਲੇ –ਬਾਹਰਲੇ ਵਰਤਾਰੇ ਦੀ ਰੱਤੀ ਭਰ ਸਮਝ ਨਾ ਲੱਗਦੀ । ਉਹ ਤਾਂ ਬੱਸ ਡਿੱਡੋ-ਲਿੱਕਾ ਜਿਹਾ ਹੋਇਆ – ‘ ਨਾ ਮਾਲ, ਨਾ ਮਾਲ , ਮਾਮਾ , ਮਾਮਾ ਜੀ ਈ ਕਰਦਾ ਥੋੜ੍ਹੇ ਕੁ ਚਿਰ ਪਿੱਛੋਂ ਸੁੰਨ ਜਿਹਾ ਹੋ ਜਾਂਦਾ , ਇਕ ਦਮ ਚੁੱਪ । ….ਨਾਨੀ ਦੀ ਬੁੱਕਲ ਵਿੱਚ ਲੁਕ ਦੇ ਜਾਂ ਉਸਦੇ ਢਿੱਡ-ਛਾਤੀ ਨਾਲ ਘੁੱਟ ਹੋ ਕੇ ।
ਪਰ ਬੇ-ਸੁੱਧ ਹੋਈ ਅੰਮੀ ਦੀਆਂ ਲੱਤਾਂ ਨਾਲ ਚਿਮੜੀ ਸੁੰਦਰ ਨਗਰ ਦੀ ਬਾਲੜੀ ਨਾ ਸੁੰਨ ਹੋਈ ਸੀ , ਨਾ ਚੁੱਪ । ਉਸਦੇ ਤੋਤਲੇ ਜਿਹੇ ਬੋਲਾਂ ਨਾਲ ਸਿਸਕਦੀ ਹਰ ਡਰੀ-ਸਹਿਮੇ ਲੇਰ-ਚੀਕ ਤਾਂ ਜਿਵੇਂ ਕਰਮੇ ਦੇ ਲੋਗੜੂ ਜਿਹੇ ਭਾਜਣੇ ਨੂੰ । ਉਸਦੇ ਲਾਗੇ ਹੋਰ ਲਾਗੇ ਵੱਲ ਨੂੰ ਖਿੱਚਦੀ  ਲਿਆਈ ਸੀ ।…..ਆਪਣੇ ਵੱਲੋਂ ਲੱਖ ਯਤਨ ਕੀਤੇ ਸਨ ਉਸਨੇ । ਸਟੇਸ਼ਨਾਂ ਬੱਸ-ਅੱਡਿਆਂ,ਮੰਦਰਾਂ , ਦੁਆਰਿਆਂ ਸਾਹਮਣੇ ਹੱਥ-ਅੱਡੀ , ਲੇਹਲੜੀਆਂ ਕੱਢਦੇ ਅਨੇਕਾਂ ਬਾਲ, ਬੜੀ ਲੀਝ ਲਾ ਕੇ ਦੇਖੇ-ਵਾਚੇ ਸਨ  ਉਸਨੇ । ਪਰ , ਕਿਧਰੇ ਵੀ ਕਰਮੇ ਨੂੰ ਨਿੱਕੇ ਦੀ ਆਲੀ-ਭੋਲੀ ,ਬੀਬੀ ਰਾਣੀ ਸੂਰਤ-ਮੂਰਤ ਨਜ਼ਰੀਂ ਨਹੀਂ ਸੀ ਪਈ ।
ਮਹਾਂ-ਨਗਰ ਦੇ ਕਿਸੇ ਵੀ ਹਿੱਸੇ ‘ਚ ।
ਜਿਥੇ ਕੁ ਦਕ ਉਸਦੇ ਨੰਗੇ ਪੈਰ ਚੱਲ-ਫਿਰ ਸਕੇ ਸਨ । ਕਈ ਵਾਰ ਤਾਂ ਉਸਦੇ ਸੁੱਤ-ਉਨੀਂਦਰੇ ਕੰਨਾਂ ਤਕ ‘ਮਾਮਾ….ਮਾਮਾ ਜੀ ਈ….’ ਦੀ ਲੰਮੀ ਵਿਲਕਵੀਂ ਹੇਕ ਅੱਪੜਦੀ ਮਹਿਸੂਸ ਵੀ ਹੁੰਦੀ, ਪਰ ਹਰ ਵਾਰ ਇਹ ਭੁਲਾਵਾ ਝੱਟ ਅੱਗੋਂ ਓਝਲ ਹੋ ਕੇ ,ਉਸ ਨੂੰ ਹੋਰ ਵੀ ਉਦਾਸ ਕਰ ਜਾਂਦਾ । ਘਰ ਦੇ ਪਿੰਡ ਦੇ ਕਿਸੇ ਵੀ ਜੀਅ ਦਾ ਮੂੰਹ-ਚਿਹਰਾ ਦੇਖਣ ਨੂੰ ਤਰਸਦੀ ਉਸਦੀ ਹਾਰੀ-ਥੱਕੀ ਨਿਗਾਹ ਘੰਟਿਆਂ ਬੱਧੀ ਸੜਕਾਂ-ਚੌਕਾਂ ਦੀ ਭੀੜ-ਉਜਾੜ ਵਿੱਚ ਗੁਆਚੀ ਡੁਸਕਦੀ ਰਹਿੰਦੀ ।
ਹੰਭ-ਥੱਕ ਕੇ , ਉਹ ਮੁੜ ਉਸੇ ਥਾਂ ਜਾ ਟਿਕਦਾ – ਰੇਲ ਸਟੇਸ਼ਨ ਬਾਹਰਲੀ ਖੁੱਲ੍ਹੀ ਸ਼ੈਂਡ ਹੇਠਾਂ ।ਜਿਥੇ ਮਹਿੰਦੀ-ਰੰਗੀਆਂ ਕੰਨ-ਪਟੀਂਆਂ ਵਾਲਾ ਮੰਗਤਾ ਬਾਬਾ ਉਸਨੂੰ ਬੈਠਦਾ ਕਰਕੇ ਗਿਆ ਸੀ , ਗੱਡੀਊਂ ਉਤਾਰ ਕੇ । ਬਾਹਰਲੇ ਗੇਟ ਵੱਲ ਨੂੰ , ਨਿੱਕੇ ਸਮੇਤ ।ਉਸ ਲਈ ਚੀਜ਼ੀ ਲੈਣ । ‘ਇਸ ਚੀਜ਼ ਖਾਣ ਦੀ ਲਾਲਸਾ ਨੇ ਹੀ ਓਸਦੀ ਇਹ ਬਾਬ ਕੀਤੀ ਸੀ ‘, ਪੱਕੇ ਬੈਂਚ ਤੇ ਬੈਠਾ ਉਹ ਆਪਣੇ ਆਪ ਨੂੰ ਕੋਸਦਾ । ‘ਨਹੀਂ ਹੋਰ ਵੀ ਕਈ ਸਾਰੇ ਬਾਲ-ਬੱਚੇ ਸਨ ਹੀ । ਉਸ ਤੋਂ ਵੱਡੇ ਵੀ, ਕਈ ਉਸ ਤੋਂ ਛੋਟੇ । ਉਹ ਮੰਗਤੇ ਤੋਂ ਮਿਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਖਾ ਕੇ ਵੀ ਘਰਾਂ ਨੂੰ ਦੌੜ ਜਾਂਦੇ ,ਤੇ ਉਹ ….ਉਹ ‘ …ਕੁਬੜੇ ਜਿਹੇ ਸਾਈਂ-ਬਾਬੇ ਦੇ ਮੋਢੇ ਲੱਗਾ ਨਿੱਕਾ, ਪਿਛਾਂਹ ਪੱਕੇ ਬੈਂਚ ‘ਤੇ ਬੈਠ ਰਹੇ ਕਰਮੇ ਵੱਲ ਨੁੰ ਦੇਖਦਾ, ਉਸ ਨੂੰ ਥੋੜ੍ਹਾ ਕੁ ਚਿਰ ਹੋਰ ‘ਦਿਸਦਾ ’ ਰਿਹਾ ਉਹ ਉਸਦੇ ਵੱਡੀ ਮਸੀਤ ਸਾਹਮਣੇ ਅੱਡੇ ਤਕ ਵੀ ਉਸਦੇ ਪਿੱਛੇ-ਪਿੱਛੇ ‘ਆਇਆ ’ ਰਿੜ੍ਹਕਾ-ਲੁੜ੍ਹਕਦਾ ।ਪਰ , ਵਰਮੇ ਨਾਲ਼ ਜੋਟੀ ਬਣ ਜਾਣ ਪਿੱਛੋਂ ਨਿੱਕਾ ਉਸ ਤੋਂ ਦੂਰ , ਬਓਤ ਦੂਰ ਪਿਛਾਂਹ ਰਹਿ ਗਿਆ । ਮੁੜ ਜੇ ਕਦੀ ਕਿਧਰੇ ਉਸਦੇ ਚੇਤੇ ਦੀ ਦਹਿਲੀਜ਼ ਤੇ ਨਿੱਕੇ ਦੀ ਯਾਦ ਦੀ ਹਲਕੀ-ਪਤਲੀ ਲਿਸ਼ਕੋਰ ਪਈ ਈ ਪਈ ਤਾਂ ਉਸਨੇ ਉਸੇ ਵੇਲੇ ਛੰਡ ਝੰਜੋੜ ਕੇ ਪਰ੍ਹਾਂ ਵਗਾਹ ਮਾਰੀ –‘..ਮਰ ਖਪ ਗਿਆ ਹੋਣਾ ਕਿਧਰੇ…ਲੂਲਾ ਲੰਗੜਾ ਬਣਾ ਕੇ ਵੇਚ-ਵੱਟ ਛੱਡਿਆ ਹੋਣਾ, ਉਸ ਹਰਾਮ ਦੀ ਬਾਬਾ ਜਿਣਸ ਨੇ ….। ‘ ਫਿਰ…. ਫਿਰ ਉਸਨੂੰ ਬੱਸ ਆਪਣਾ ਆਪ ਚੇਤੇ ਸੀ ਜਾਂ ਚਿੱਬ –ਖੜਿੱਬੀ ਦਿੱਖ ਵਾਲੇ ਗੰਦੇ-ਮੰਦੇ ਲੋਕਾਂ ਵਰਗਾ ਹਮ-ਉਮਰ ਵਰਮਾ ।
ਮਹਾਂ-ਨਗਰ ਦੀ ਸਫਾਈ ਮੁਹਿੰਮ ਤਾਂ ਜਿਵੇਂ ਉਹਨਾਂ ਦੋਨਾਂ ਦੀ ਕੁੱਬੀ ਹੋਈ ਪਿੱਠ ਵਿੱਚ ਲੱਤ ਵੱਜਣ ਵਾਂਗ ਆ ਵੱਜੀ ।
ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਨੇ ਤਾਂ ਜਾਣੋਂ ਉਹਨਾਂ ਨੂੱ ਹੱਥਾਂ ‘ਤੇ ਹੀ ਚੁੱਕ ਲਿਆ ।ਉਹਨਾਂ ਦੀ ਉੱਨਤੀ-ਤਰੱਕੀ ਕਰਨ ਲਈ ।ਉਹਨਾਂ ਦੀ ਹਰ ਔਖ-ਮੁਸ਼ਕਲ ਦੂਰ ਕਰਨ ਲਈ ਜਾਂ,ਵਿਚ-ਵਿਚ ਕਿਧਰੇ ਆਪਣੀ ਜਾਂ ਆਪਣੇ  ਕਿਸੇ ਹਿੱਤੂ-ਹਿਤੈਸ਼ੀ ਦਾ ਦੁਖ-ਕਸ਼ਟ ਹਰਨ ਲਈ ।
ਇਸ ਵਾਰ ਵੀ ਉਹਨਾਂ ਕੁਮਾਰ ਜੀ ਦਾ ਹਾਈ-ਪਾਵਰ ਕਮੇਟੀ ਦੀ ਸਭ ਤੋਂ ਵੱਡੀ ਕੁਰਸੀ ਦਾ ਦੁਖ –ਕਸ਼ਟ ਹਰਨ ਲਈ ਹੀ ਲਹੂ –ਪਾਣੀ ਇਕ ਕੀਤਾ ਸੀ , ਪੂਰੇ ਤਿੰਨ ਦਿਨ ਲਗਾਤਾਰ ।
ਇਹ ਤਾਂ ਪਤਾ ਨਹੀਂ ਸੁੰਦਰਨਗਰ ਦੀ ਵਿਚਕਾਰਲੀ ਗਲੀ ਵਾਲੇ ਆਖਰੀ ਘਰ ਨੇ ਕਰਮੇ ਦੇ ਕਿਹੋ ਜਿਹਾ ਡੰਗ ਮਾਰਿਆ , ਕਿਹੋ ਜਿਹਾ ਝਟਕਾ ਦਿੱਤਾ, ਕਿ ਚੌਥੇ ਦਿਨ ਦੀ ਸਵੇਰ ਨੂੰ ਉਸਨੇ ਵਰਮੇ ਦੀ ਦੱਸੀ ਸਮਝਾਈ ਦਿਸ਼ਾ ਵੱਲ ਨੂੰ ਜਾਣੋਂ ਅਸਲੋਂ ਨਾਂਹ ਕਰ ਦਿੱਤੀ ।
ਵਰਮੇ ਤੋਂ ੳਸਦੀ ‘ਹੁਕਮ-ਅਦੂਲੀ ’ ਬਰਦਾਸ਼ਤ ਨਾ ਹੋਈ – “ ਏਹ ਸਾਲਾ ਖਾਂਦਾ –ਪੀਦਾ ਸਮਾਨ ਨੂੰ ਛੜਾਂ ਮਾਰਦਾ….ਹੁਕਮ ਹੋਵੇ ਤਾਂ….”, ਖਿਝੇ-ਖਪੇ ਨੇ ਉਸਨੇ ਉਸੇ ਵੇਲੇ ਕੁਮਾਰ ਜੀ ਤੋਂ ਅਗਲੀ ਕਾਰਵਾਈ ਕਰਨ ਦੀ ਆਗਿਆ ਜਾ ਮੰਗੀ ।
“ ਨਹੀਂ ਨਹੀਂ ……ਨਹੀਂ ਨਹੀਂ…ਐਸੇ ਨਾਜ਼ੁਕ ਸਮੇਂ ਪੇ ਐਸੀ ਕਠੋਰ ਕਾਰਵਾਈ ਕਦਾਚਿੱਤ ਨਹੀਂ,ਕਦਾਚਿੱਤ ਨਹੀਂ ।….ਰੈਹਨੇ ਦੀ ਜੀਏ ਉਸੇ , ਰੈਹਨੇ ਦੀ ਜੀਏ, ਜੈਸਾ ਵੀ ਹੈਠ , ਜੈਸਾ ਵੀ ਹੈਅ, ….ਅਪਨੇ ਆਪ ਮੇਂ ਗੁੰਮ…..ਗੁੰਮ ਅਰ ਵਿਅਸਤ…..।“
ਤੇ ਆਪਣੇ ਆਪ ਅੰਦਰ ਗੁੰਮ ਹੋਇਆ ਕਰਮਾ, ਸਵੇਰੇ ਦਾ ਨਿਕਲਿਆ ਕਿਧਰੇ ਸ਼ਾਮੀ ਹਨ੍ਹੇਰੇ ਪਏ ਘਰ ਮੁੜਦਾ ।
ਨਵੇਂ ਪੁਲ ਲਾਗਲੇ ਟੈਂਪੂ ਸਟੈਂਡ ਤੋਂ ।
ਪੂਰੇ ਤਿੰਨ ਮਹੀਨੇ ਨਾ ਉਸਨੇ ਕਿਸੇ ਨਾਲ ਹਾਸੇ-ਠੱਠੇ ਦੀ ਗੱਲ ਕੀਤੀ , ਨਾ ਕਿਸੇ ਕੋਲ ਉੱਠਣ-ਬੈਠਣ ਦੀ ।
ਸਾਰਾ-ਸਾਰਾ ਦਿਨ ਉਸਦੀ ਦੌੜ-ਦੁੜਕੀ ਲੱਗੀ ਰਹਿੰਦੀ । ਕਦੀ ਕਿਸੇ ਬੰਨੇ , ਕਦੀ ਕਿਸੇ ਪਾਸੇ ।…….ਅੰਦਰ ਸੰਘਣੇ ਸ਼ਹਿਰ ਵੱਲ ਨੂੰ , ਜਾਂ ਬਾਹਰ ਖੁੱਲ੍ਹੇ-ਮੋਕਲੇ ਵਿਹਾਰਾਂ-ਪਾਰਕਾਂ ਵੱਲ ਨੂੰ ।
ਪਰ , ਸੁੰਦਰ ਨਗਰ ਮੁਹੇੱਲੇ ਦੀ ਵਿਚਕਾਰਲੀ ਗਲੀ ਸਾਹਮਣਿਓਂ ਲੰਘਦਿਆਂ ਤਾਂ ਉਸਦੀ ਰੂਹ-ਜਾਨ ਨਵੇਂ ਸਿਰਿਉਂ ਪੱਛੀ ਜਾਂਦੀ । …..ਵੱਡੀ ਗਲੀ ਵੱਲੋਂ ਦੌੜਦੀ ਆਈ ਬੱਗੀ-ਚਿੱਟੀ ਬਾਲੜੀ,ਹਰ ਵਾਰ ਉਸਦੇ ਨਿੱਕੇ ਨੂੰ ਗਲਵੱਕੜੀ ਪਾਈ ਉਸਨੂੰ ਬਾਹਰ ਚੁਰਾਹੇ ਵਿੱਚ ਆਈ ਖੜੀ ਦਿਸਦੀ ।
ਐਨ ਉਸਦੇ ਸਾਹਮਣੇ ।
ਉਸਦੇ ਥ੍ਰੀ-ਵੀਲ੍ਹਰ ਦੇ ਅਗਲੇ ਪਹੀਏ ਲਾਗੇ ….ਪਹੀਏ ਹੇਠਾਂ……।
ਝੱਟ ੳਸਦੇ ਬੇਸੁਰਤ ਹੋਏ ਅੰਗ-ਪੈਰ ਸੁਰਤ ਸਿਰ ਹੋ ਉੱਠਦੇ ।
ਤੇਜ਼  ਦੌੜਦਾ ਥ੍ਰੀ-ਵੀਲਰਾ ਥਾਏਂ ਰੁਕ ਜਾਂਦ –ਸਫ਼ਰ ਕਰਦੀ ਹਰ ਸਵਾਰੀ ਨੂੰ ਤਕੜਾ ਝਟਕਾ ਦੇ ਕੇ ।
-“ ਕਿਆ ਹੂਆ ਭਈਆ…? ਕਿਆ ਬਾਤ ਹੂਈ….?” ਕਦੀ ਕੋਈ ਸਿਆਣੀ ਦਿੱਖ ਵਾਲਾ ਯਾਤਰੂ , ਉਸਨੂੰ ਬਿਨਾਂ ਕਾਰਨ ਲਾਈ ਬਰੇਕ ਦਾ ਕਾਰਨ ਪੁੱਛ ਵੀ ਲੈਂਦਾ । ਪਰ ,ਬਓਤੀ ਵਾਰ ਉਸਨੂੰ – ‘ ਸਾਲਾ ਅਮਲੀ ,ਬੇਵਕੂਫ, ਬੇਹੂਦਾ ਡਰੈਵਰ ‘ਵਰਗੇ ਵਿਸ਼ੇਸ਼ਣ ਹੀ ਪ੍ਰਾਪਤ ਕਰਨੇ ਪੈਂਦੇ ।
ਹਥਲਾ ਗੇੜਾ ਮਸਾਂ ਪੂਰਾ ਕਰਕੇ , ਉਹ ਉਸੇ ਵੇਲੇ ਬਸਤੀ ਪਰਤ ਆਉਂਦਾ । ਡਿੱਗਦਾ-ਡੋਲਦਾ,ਤੁਰੰਡਿਆ-ਹਿਲੂਣਿਆ….ਦੋ ਨੰਨੇ-ਮੁੰਨੇ ਬਾਲਾਂ ਦਾ ‘ਖੂਨ ’ ਕਰ ਦੇਣ ਦੇ ਅਹਿਸਾਸ ਨਾਲ ਜ਼ਖ਼ਮੀ ਹੋਇਆ ।
ਫਿਰ ਕਈ ਦਿਨ ਉਸਦੀ ਹੰਭੀ-ਹਾਰੀ ਦੇਹ ਕਿਸੇ ਵੀ ਨਿੱਕੇ ਮੋਟੇ ਫੇਅਰੇ ਲਈ ਰਾਜ਼ੀ ਨਾ ਹੁੰਦੀ ।
ਉਸਦੀ ਉਲਝੀ-ਵਿਗੜੀ ਹਾਲਤ ਦੇਖਦੇ ਵਰਮੇ ਨੇ ਉਸਨੂੰ ਕਈ ਵਾਰ ਸਮਝਾਇਆ –ਵਰਚਾਇਆ ਵੀ – “ ਸਾਰੀ ਉਮਰ ਆਹ ਭੂੰਡ ਜਿਹਾ ਈ ਘੁਮਾਈ ਜਾਏਂਗਾ ਕਿ ਹੋਰ ਵੀ ਕਰੇਗਾ ਕੋਈ ਕੰਮ ਦੀ ਸਵਾਰੀ …..। ਆ ਬੈਠ ਮੇਰੇ ਨਾ, ਤੈਨੂੰ ਸ਼ੀਸ਼-ਮਹਿਲੀਂ ਘੁਮਾ –ਫਿਰਾ ਲਿਆਵਾਂ…..।“
ਸ਼ੀਸ਼ –ਮਹਿਲ ਵਰਮਾ ਰੰਗ-ਬਰੰਗੇ ਹੋਟਲਾਂ-ਰੈਸਟੋਰੈਂਟਾਂ ਨੂੰ ਕਿਹਾ ਕਰਦਾ ਸੀ ।
ਸ਼ੀਸ਼-ਮਹਿਲੀਂ ਕਰਮਾ ਉਸ ਨਾਲ ਗਿਆ ਵੀ ਕਈ ਵਾਰ ।ਉਹਨਾਂ ਥਾਂਵਾਂ ਦਾ ਰੰਗ-ਰੋਸ਼ਨ ਉਸਦੇ ਮਾਣਿਆ-ਚਖਿਆ ਵੀ । ਪਰ, ਉਹਨਾਂ ਥਾਵਾਂ ਤੋਂ ਮੁੜਦੇ ਆਏ ਵੀ ਉਸਦੇ ਚਿਹਰੇ ਦੀ ਆਭਾ ਰਹਿੰਦੀ ਵੀ ਹਾਰੀ-ਮਧੋਲੀ ਜਾਂਦੀ ।
ਹਾਰੀ-ਮਧੋਲੀ ਤੇ ਗ਼ਮਗੀਨ ।…..ਬੈਰ੍ਹਿਆਂ ਵੇਟਰਾਂ ਜਾਂ ਨਾਚ-ਗਾਣਾ ਕਰਦੀਆਂ ਕੁੜੀਆਂ-ਕੰਜਕਾਂ ਦੇ ਗੱਭਰੂ ਹੋਏ ਚਿਹਰਿਆਂ ‘ਚੋਂ ਕਿਸੇ ਥਾਂ ਉਸਨੂੰ ਬੱਗੀ-ਚਿੱਟੀ ਬਾਲੜੀ ਦੇ ਨੈਣ ਨਕਸ਼ ਝਲਕਦੇ ਦਿਸਣ ਲੱਗਦੇ, ਕਿਸੇ ਥਾਂ ਗੋਭਲੇ ਜਿਹੇ ਨਿੱਕੇ ਦੇ ।ਨਿੱਕੇ ਦੇ ਗੁੰਮਣ-ਗੁਆਚਣ ਦਾ ਕੁੱਲ ਦੋਸ਼ ਉਸਨੇ ਮੁੜ ਤੋਂ ਆਪਣੇ ਸਿਰ ਆਪਣੇ ਮੱਥੇ ‘ਤੇ ਸਾਫ਼-ਸਾਫ਼ ਮੜ੍ਹਦਾ ਕਰ ਲਿਆ ਸੀ – ‘ਓਹਨੇ ਭਲਾ ਪੈਰ ਈ ਕਿਉਂ ਪੁੱਟੇ ਸੀ ਘਰੋਂ ਬਾਹਰ , ਬੀਬੀ-ਭਾਪੇ ਦੇ ਦਿਹਾੜੀ ਗਿਆਂ ?….ਉਹ ਭਲਾ ਆਇਆ ਈ ਕਿਉਂ ਸੀ , ਸਾਧੜੇ ਜੇਹੇ ਦੀਆਂ ਗੱਲਾਂ ਵਿੱਚ ਮੋਮੋਠੱਗਣੀਆਂ ‘ਚ ??…. ਓਹਨੇ ਭਲਾ ਨਿੱਕੇ ਨੂੰ ਜਾਣ ਈ ਕਿਉਂ ਦਿੱਤਾ ਸੀ ਕੱਲੇ ਨੂੰ ਉਹਦੇ ਨਾਲ ‘ਟੇਸ਼ਣੋਂ ਬਾਹਰ ??? ….ਖ਼ਬਰੇ ਕੇੜ੍ਹੇ ਹਾਲੀਂ ਜੀਉਂਦਾ ਭਟਕਦਾ ਪਊਂ ਉਸਦੀ ਭੈਣ ਦਾ ਮਾਸੂਮ ਜਿਹਾ ਬੋਟ…..।“
‘ਨਾ ਮਾਲ, ਆਮਾਂ ਨੂੰ ਪਾਪਾ ਨੂੰ ,ਨਾ ਮਾਲ ਮਾਮਾ …..ਮਾਮਾ ਜੀ ਈ ….’ , ਸੰਖੇਪ ਜਿਹੇ ਵਾਕ ਨੇ ਉਸ ਅੰਦਰ , ਮਰ ਮੁੱਕ ਚੁੱਕੇ ਸਾਰੇ ਰਿਸ਼ਤੇ ਜਿਵੇਂ ਸਿਰਿਉਂ ਜਾਗਦੇ ਕਰ ਛੱਡੇ । ਮਾਂ, ਬਾਪੂ, ਭੈਣ , ਦੇ ਭੁੱਲੇ –ਵਿਸਰੇ ਚਿਹਰੇ ਵਾਰ-ਵਾਰ ਉਸਦੀਆਂ ਬੁਝੀਆਂ –ਬੁਝੀਆਂ ਅੱਖਾਂ ਸਾਹਮਣੇ ਸਾਖਸ਼ਾਤ ਖੜੋਣ ਲੱਗ ਪਏ ।
ਕਰੀਬ ਵੀਹ ਵਰ੍ਹੇ ਪਹਿਲਾਂ ਉਸ ਨਾਲ ਥੋੜ੍ਹਾ ਕੁ ਚਿਰ ਖੇਲਿਆ –ਵਰਚਿਆ ਨਿੱਕਾ ਤਾਂ ਹੁਣ ਉਸਦੀ ਘੁਨੇੜੀਓਂ ਉਤਰਨ ਦਾ ਨਾਂ ਈ ਨਹੀ ਸੀ ਲੈਂਦਾ ।
ਵਰਮੇ ਦੇ , ਕੁਮਾਰ ਜੀ ਦੇ ਵੰਨ-ਸੁਵੰਨੇ ਯਤਨਾਂ ਦੇ ਬਾਵਜੂਦ ।
ਹਾਰ ਕੇ ਕੁਮਾਰ ਜੀ ਨੇ ਵਰਮੇ ਨੂੰ ਬਦਲਵੀਂ ਹਦਾਇਤ ਜਾਰੀ ਕਰ ਦਿੱਤੀ – “ ਛੋੜੋ, ਛੋੜੋ ਉਸੇ , ਏਕ ਦਮ ਦਫਾ ਕਰੋ ,ਦਫਾ ਕਰੋ ਗੰਦੇ-ਲੋਕ ਕੋਅ ।….ਖੁਆਜਾ ਨਗਰ ਕਾ ਸਾਰਾ ਕਾਮ ਅੱਬ ਗੋਪੀ ਕੋ ਸੌਂਪ ਦੋ , ਗੋਪੀ ਕੋਆ …ਆਹ ਹੀ , ਆਜ ਹੀ ਇਸੀ ਵਕਤ । ….ਫੀਸ ਦੁੱਗਨੀ ਕਰਦੋ ਸਭ ਕੀ ਦੁੱਗਨੀ ।…..ਆਖਿਰ ਹਮਰੀ ਇੱਜ਼ਤ…..।“
ਵੱਡੀ ਕੁਰਸੀ ਦਾ ਸੁਪਨ-ਭੈਅ ਉੱਡ-ਪੁੱਡ ਜਾਣ ਤੇ ਪੂਰੇ ਸੌਵੇਂ ਦਿਨ ਕੀਤੀ ਜਾਣ ਵਾਲੀਂ ‘ਚੋਣ ਸਫ਼ਲਤਾ ਰੈਲੀ ’ ਦੀ ਗਿਣਤੀ-ਮਿਣਤੀ ਨਾਲ ਹੀ ਤਾਂ ਕੁਮਾਰ ਜੀ ਦੀ ਇੱਜ਼ਤ ਆਬਰੂ …..।
ਪਰ, ਠੀਕ ਚਾਰ ਦਿਨ ਪਹਿਲਾਂ ਕਰਮੇ ਨੂੰ ਸੌਂਪਿਆ ਰੈਲੀ –ਫੰਡ , ਅਜੇ ਤੱਕ ਖੁਆਜਾ-ਨਗਰ ਦੀ ਕਿਸੇ ਵੀ ਛੱਪਰੀ ਤਕ ਅੱਪੜਦਾ ਨਹੀਂ ਸੀ ਹੋਇਆ ।
ਅੱਧ-ਪਚੱਧ ਵੀ ਨਹੀਂ ।
ਖੁਆਜਾ ਨਗਰ ਤੋਂ ਛੇ-ਸੱਤ ਟਰੱਕ ਤਾਂ ਕਦੀ ਵੀ ਘਟਣ ਨਹੀਂ ਸੀ ਦਿੱਤੇ ਕਰਮੇ ਨੇ – ਕਿਸੇ ਓਪਰੇ-ਪਰਾਏ ਨਾਲ਼ ਭੇਜਣ-ਤੋਰਨ ਲਈ ,ਇਹ ਤਾਂ ਭਲਾ ।
ਕੁਮਾਰ ਜੀ ਨੂੰ ਸੱਚਮੁੱਚ ਦੀ ਚਿੰਤਾ ਆ ਚਿਮੜੀ ।
ਵਰਮੇ ਨੂੰ ਉਸ ਤੋਂ ਵੱਧ …..।
ਉਸੇ ਵਰਤ ਵਰਮਾ , ਕਰਮੇਂ ਦੀ ਢਾਰੀ ਸਾਹਮਣੇ ਆ ਰੁਕਿਆ , ਇਕੱਲਾ ।
ਅੱਗ-ਭਬੂਕਾ ਹੋਇਆ ।
ਗੋਪੀ ਨੂੰ ਇਕੱਲੇਵੰਝੇ ਕਰਕੇ ਉਸਨੂੰ ਥੋੜ੍ਹਾ ਕੁ ਜਿੰਨਾ ਹੋਰ ਪਰਖਿਆ ।
ਉਹ ਤਾਂ ਚਿਰਾਂ ਤੋਂ ਠਿੱਬੀ ਲਾਊ ਸੀ , ਕਰਮੇ ਨੂੰ – “ ਬਾਕੀ ਤੁਹੀ ਫਿਕਰ ਨਾ ਕਰੋ ….ਆਪਾਂ ਬਓਤ ਸੁਲਝੇ ਬੰਦੇ ਆਂ …ਮਜਾਲ ਆ ਇਕ ਵੀ ਬੰਦਾ ਠੰਗੀ-ਠੋਰੀ । “
ਗੋਪੀ ਤੋਂ ਦੋ ਕੁ ਕਦਮ ਹਟਵੇਂ ਮੁੜਦੇ ਆਏ ਵਰਮੇ ਨੂੰ ਕਰਮੇ ਨੇ ਬਗ਼ਲ ਹਠ ਨੱਪਿਆ ਵੱਡਾ ਖਾਕੀ ਲਿਫਾਫਾ ਲੰਮੀ ਬਾਂਹ ਕਰਕੇ ਵਾਪਸ ਕਰਦਿਆਂ ਬੇਹੱਦ ਠਰ੍ਹੰਮੇ ਨਾਲ਼ ਕਿਹਾ – “ ਆਹ ਫੜ ਲਾਆ …ਏਨੂੰ ਦੇ ਜਾਂ ਆਪੇ ਈ ਵੰਡ ਲਾਅ…..। ਮੈਥੋਂ ਨਹੀਂ ਹੁੰਦੇ ਐਹੇ ਜਏ ਗੰਦੇ-ਕੰਮ , ਗੰਦੇ-ਲੋਕਾਂ ਦੇ ਏ….।“ ਪਤਾ ਨਈਂ ਉਸਦੇ ਗੰਦੇ-ਕੰਮਾਂ ਵਾਲੇ ਗੰਦ ਲੋਕ ਕਿਸ ਨੂੰ ਕਿਹਾ ਸੀ – ਕੁਮਾਰ ਜੀ ਨੂੰ , ਵਰਮੇ ਨੂੰ , ਆਪਣੇ ਆਪ ਨੂੰ ਜਾਂ ਉਸਦੀ ਢਾਰੀ ਲਾਗੇ ਜੁੜੀ ਖੁਆਜਾ ਨਗਰ ਦੀ ਗੋਪੀ-ਨੁਮਾ ਸਾਰੀ ਦੀ ਸਾਰੀ ਭੀੜ ਨੂੰ ……..।

Viewing all 80 articles
Browse latest View live